ਮੀਮੂ........... ਕਹਾਣੀ / ਜਸ ਸੈਣੀ, ਪਰਥ

ਪਿੰਡ ਵਿੱਚ ਹਮੀਦ ਨਾਈ ਪਰਿਵਾਰ ਸਮੇਤ ਰਹਿੰਦਾ ਸੀ । ਪਰਿਵਾਰ ਵਿੱਚ ਉਸ ਦੀ ਪਤਨੀ ਸਮੀਨਾ ਤੇ ਪੰਜ 'ਕੁ ਸਾਲ ਦਾ ਮੁੰਡਾ ਸ਼ੇਖੂ ਸੀ । ਹਮੀਦ ਨਾਈ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ । ਉਹਨਾਂ ਨੇ ਘਰ ਵਿੱਚ ਇਕ ਬੱਕਰੀ ਪਾਲੀ ਹੋਈ ਸੀ, ਜਿਸ ਦਾ ਕੁਝ ਦੁੱਧ ਉਹ ਆਪ ਪੀ ਲੈਂਦੇ ਤੇ ਕੁਝ ਗਵਾਢੀਆਂ ਨੂੰ ਵੇਚ ਦਿੰਦੇ । ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ । ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਹਮੀਦ ਸ਼ੇਖੂ ਨੂੰ ਸਕੂਲ ਨਹੀਂ ਭੇਜ ਸਕਿਆ । ਸ਼ੇਖੂ ਸਾਰਾ ਦਿਨ ਖੇਡਦਾ ਰਹਿੰਦਾ ਜਾਂ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਚਲਾ ਜਾਂਦਾ । ਇਕ ਦਿਨ ਘਰ ਪਾਲੀ ਹੋਈ ਬੱਕਰੀ ਨੇ ਬੜੇ ਹੀ ਸੋਹਣੇ ਮੇਮਣੇ ਨੂੰ ਜਨਮ ਦਿੱਤਾ । ਡੱਬ ਖੜੱਬਾ ਮੇਮਨਾ ਦੇਖ ਕੇ ਸ਼ੇਖੂ ਬਹੁਤ ਖੁਸ਼ ਸੀ । ਉਸ ਨੂੰ ਲੱਗ ਰਿਹਾ ਸੀ ਕਿ ਜਿਵੇ ਉਸ ਨੂੰ ਕੋਈ ਖੇਡਣ ਵਾਲਾ ਹਾਣੀ ਮਿਲ ਗਿਆ ਹੋਵੇ । ਉਹ ਆਪਣੀ ਤੋਤਲੀ ਜੁਬਾਨ ਨਾਲ ਉਸਨੂੰ ਮੇਮਣਾ ਕਹਿਣ ਦੀ ਵਜਾਏ  "ਮੀਮੂ- ਮੀਮੂ" ਕਹਿੰਦਾ । ਘਰ ਵਾਲੇ ਵੀ ਉਸ ਨੂੰ ਮੀਮੂ ਕਹਿਣ ਲੱਗੇ । ਸ਼ੇਖੂ ਹਰ ਰੋਜ ਉਸ ਨਾਲ ਖੇਡਦਾ, ਮੇਮਣੇ ਦੇ ਗਲ ਵਿੱਚ ਰੱਸੀ ਪਾ ਕੇ ਦੌੜਦਾ, ਸ਼ੇਖੂ ਮੀਮੂ ਦੇ ਕੰਨ ਪੁੱਟਦਾ ਰਹਿੰਦਾ ਤੇ ਮੀਮੂ ਉਸਦਾ ਮੂੰਹ ਚੱਟਦਾ ਰਹਿੰਦਾ । ਖੇਡਦਾ ਖੇਡਦਾ ਸ਼ੇਖੂ ਅਕਸਰ ਇਹ ਨਾਅਰਾ ਲਗਾਇਆ ਕਰਦਾ, "ਸਾਡਾ ਮੀਮੂ ਜਿੰਦਾਬਾਦ ... ਸਾਡਾ ਮੀਮੂ ਜਿੰਦਾਬਾਦ"। ਉਹ ਜਦ ਵੀ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਜਾਂਦਾ ਤੇ ਮੇਮੂ ਨੂੰ ਵੀ ਨਾਲ ਲੈ ਜਾਂਦਾ । ਦੋਵੇ ਜਣੇ ਹੁਣ ਪੱਕੇ ਦੋਸਤ ਬਣ ਗਏ ਸਨ ।

ਚੀਕ-ਬੁਲਬਲੀ.......... ਕਹਾਣੀ / ਲਾਲ ਸਿੰਘ ਦਸੂਹਾ

ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ – ‘ ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ‘ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ ‘ । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ – ‘ ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ‘ ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ ਦੀ । ਨਈਂ , ਅੱਗੇ ਨਈਂ ਹਿੱਲੀ ਸਰਪੰਚੀ ! ਜਦ ਦੀ ਮੈਂ ਆਈ ਆਂ , ਪਹਿਲਾਂ ਏਨਾਂ ਦੇ ਬਾਪੂ ਜੀ ਹੁੰਦੇ ਸੀ ਸਰਪੰਚ । ਫੇਏ  ਏਹ ਆਪੂੰ ਰਏ ਐਨੀ ਫੇਰਾਂ । ਏਹ ਤਾਂ ਆਹ ਪੂਰੇ-ਪਰਾਰ ਜਏ ਪਤਆ ਨਈਂ ਕੀ ਪਾਇਆ ਏਸ ਖੇਹ-ਪੈਣੇ ਨੇ ਸਾਰੇ ਪਿੰਡ ਦੇ ਸਿਰ ‘ਚ , ਪਤਾ ਨਈਂ ਕੀ ਟੂਣਾ ਕੀਤਾ , ਸਾਰਾ ਪਿੰਡ ਈ ਏਦੇ ਪਿੱਛੇ ਲੱਗ ਤੁਰਿਆ । ਉਹ ਲੰਙੀ ਜੇਈ ਬਣਾਤੀ ਸਰਪੰਚਣੀ । ਕੀ ਨਾਂ ਓਦ੍ਹਾ ਈਸਰੀ-ਈਸਰੀ । ਸਾਡੇ ਏਹ ਤਾਂ ਓਦੋਂ ਮੀਂ ਹੈਦਾਂ ਈ ਆਖੀ ਜਾਣ ਮੈਨੂੰ । ਕਹਿਣ-‘ਛੱਡ ਪਰ੍ਹਾਂ

ਤਰਕੀਬ……… ਕਹਾਣੀ / ਹਰਪ੍ਰੀਤ ਸਿੰਘ

ਧੀ ਵੱਲੋਂ ਪਿਓ ਨੂੰ ਹਲੂਣਾ

“ਤੈਨੂੰ ਸੁਣਿਆਂ ਨੀਂ… ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ ਤੇ ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ…, ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ…” । ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।

ਉਸ ਦੀ ਪਤਨੀ ਰੂਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ, “ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰ੍ਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਏ, ਜੇ ਇਸੇ ਤਰ੍ਹਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੂੰਹੀ ਸ਼ਰਾਬ ਨੂੰ” ।

ਇੱਕ ਮੇਰਾ ਇੱਕ ਤੇਰਾ ਸੱਜਣਾ, ਇੱਕ ਮੇਰਾ ’ਤੇ ਤੇਰਾ……… ਕਹਾਣੀ / ਰਵਿੰਦਰ ਸਿੰਘ ਕੁੰਦਰਾ, ਯੂ ਕੇ

ਹਸਪਤਾਲ ਦੇ ਮੈਟੱਰਨਟੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜਨਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਉਡੀਕ ਵਿੱਚ ਸੀ ਜਿਸ ਨੇ ਹਾਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ। ਪ੍ਰਸੂਤ ਦੀਆਂ ਪੀੜਾਂ ਨਾਲ ਜੂਝਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ ਹੀ ਸਮਝ ਸਕਦੀ ਸੀ, ਹੋਰ ਕੋਈ ਨਹੀਂ। ਉਹ ਉਸ ਘੜੀ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਹੀ ਸੀ ਜਦੋਂ ਹਰਚਰਨ ਉਸ ਨੂੰ ਅਤੇ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰੇਗਾ। ਕਲਪਨਾਵਾਂ ਦੀਆਂ ਲਹਿਰਾਂ ਵਿੱਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ ਚਿਤਵ ਰਹੀ ਸੀ, ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ।

‘ਮੇਰੇ ਪਿਆਰੇ ਹਰਚਰਨ, ਜੋ ਤੇਰੀ ਛੋਟੀ ਜਿਹੀ ਨਿਸ਼ਾਨੀ ਮੇਰੇ ਸਾਹਮਣੇ ਹੈ, ਇਸ ਨੇ ਸਾਡੀ ਜ਼ਿੰਦਗੀ ਵਿੱਚ ਆਕੇ ਸੱਜਣਾ! ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾਕੇ ਪੂਰੀ ਹੋਈ ਹੈ। ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਨਮਾਂਤਰਾਂ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ ਵਿੱਚ ਆਉਂਦੇ ਅਤੇ ਜਾਂਦੇ ਹਨ ਅਤੇ ਫ਼ੇਰ ਵੀ ਉਨ੍ਹਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਊਣੇ ਮਹਿਸੂਸ ਕਰਦੇ ਹਨ। ਪਤਾ ਨਹੀਂ ਉਨ੍ਹਾਂ ਦੀ ਭੁੱਖ ਇੰਨੀ ਕਿਉਂ ਹੁੰਦੀ ਹੈ। ਪਤਾ ਨਹੀਂ ਉਨ੍ਹਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ। ਕੀ ਇਹ ਉਨ੍ਹਾਂ ਦੇ ਪੂਰਵ ਲੇਖਾਂ ਦਾ ਫ਼ਲ ਹੈ? ਕੀ ਇਹ ਉਨ੍ਹਾਂ ਦਾ ਨਿੱਜੀ ਕਸੂਰ ਹੈ? ਕੀ ਉਹ ਬੇਵੱਸ ਹਨ? ਕੀ ਉਹ ਬੇਸਬਰੇ ਹਨ?

ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?........ ਵਿਅੰਗ / ਪਰਸ਼ੋਤਮ ਲਾਲ ਸਰੋਏ

ਦੇਖੋ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ ’ਚ ਕਈ ਤਰ੍ਹਾਂ ਦੇ ਪਾਲਤ ਜਾਨਵਰ ਰੱਖ ਲੈਂਦੇ ਹਾਂ ਤੇ ਇਨ੍ਹਾਂ ਜਾਨਵਰਾਂ ’ਚੋਂ ਸਭ ਤੋਂ ਮਨਪਸੰਦ ਜਾਨਵਰ ਕੁੱਤਾ ਹੈ। ਇਹ ਵੀ ਧਾਰਨਾ ਹੈ ਕਿ ਕੁੱਤਾ ਸਾਡਾ ਇੱਕ ਵਫ਼ਦਾਰ ਜਾਨਵਰ ਹੈ। ਦੁਨੀਆਂ ’ਤੇ ਕੁੱਤਿਆਂ ਦੀਆਂ ਵੀ ਕਈ ਕਈ ਨਸਲਾਂ ਪਾਈਆਂ ਜਾਂਦੀਆਂ ਹਨ। ਕਈ ਲੋਕ ਤਾਂ ਆਪਣੇ ਕੁੱਤੇ ਨੂੰ ਦੁਨੀਆਂ ’ਤੇ ਕਿਸ ਤਰ੍ਹਾਂ ਜਿਉਣਾ ਹੈ, ਦਾ ਸਬਕ ਵੀ ਯਾਦ ਕਰਾ ਦਿੰਦੇ ਹਨ। ਫਿਰ ਉਹ ਕੁੱਤਾ ਮਾਲਕ ਦੀ ਇੱਕ ਇੱਕ ਕਥਨੀ ’ਤੇ ਅਮਲ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਕਈ ਕੁੱਤਿਆਂ ਨੂੰ ਤਾਂ ਆਪਣੇ-ਪਰਾਏ ਦੀ ਪਛਾਣ ਹੁੰਦੀ ਹੈ, ਕਈਆਂ ਨੂੰ ਨਹੀਂ ਹੁੰਦੀ।  ਸਾਡੇ ਭਾਰਤ ਦੇ ਕੁੱਤਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਕਿਆ ਈ ਕਹਿਣੇ ਬਈ। ਏਥੇ ਤਾਂ ਕੁੱਤਾ ਆਪਣੇ ਮਾਲਕ ਦੀ ਨਕਲ ਵੀ ਕਰ ਲੈਂਦਾ ਹੈ। ਸਾਡੇ ਭਾਰਤ ਦੇ ਲੋਕ ਵਿੱਚ ਆਮ ਤੌਰ ਇੱਕ ਬਿਰਤੀ ਦੇਖਣ ਨੂੰ ਆਮ ਹੀ ਮਿਲ ਜਾਏਗੀ। ਅਖੇ “ਇਨਸਾਨ ਬਣ ਕੇ ਪੀ, ਤੇ ਕੁੱਤਾ ਬਣ ਕੇ ਜੀਅ” । ਕਹਿਣ ਦਾ ਭਾਵ ਜੇਕਰ ਇੱਕ ਖੂਹ ’ਚ ਛਾਲ ਮਾਰਦਾ ਹੈ ਤਾਂ ਦੂਸਰਾ ਆਪਣੇ ਆਪ ਹੀ ਉਸੇ ਖੂਹ ’ਚ ਛਾਲ ਮਾਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਲਿਆ ਬਈ ਕਰ ਪਾਰਟੀ........... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਸੁਰਜਣ ਸਿੰਘ ਨੇ ਨਵਾਂ ਮੋਟਰਸਾਇਕਲ ਲੈ ਉਤਨਾ ਸਮਾਂ ਮੋਟਰਸਾਇਕਲ ਘਰ ਤੋਂ ਬਾਹਰ ਨਾ ਕੱਢਿਆ ਜਿਨ੍ਹਾਂ ਚਿਰ ਮੋਟਰਸਾਇਕਲ ਦੇ ਸਾਰੇ ਕਾਗਜ਼ ਪੱਤਰ ਪੂਰੇ ਨਾ ਹੋਏ। ਕੱਢਦਾ ਵੀ ਕਿਉਂ ? 31 ਮਾਰਚ ਨੇੜੇ ਆਉਣ ਕਰਕੇ ਇੱਕ ਤਾਂ ਠੇਕੇ ਟੁੱਟਣ ਦੀ ਖੁਸ਼ੀ ਵਿੱਚ ਨਵਾਂ ਲਿਆ ਸੀ ਤੇ ਦੂਜਾ ਪੁਲਿਸ ਵਾਲੇ ਥਾਂ ਥਾਂ ਨਾਕੇ ਲਾ ਕੇ ਚਲਾਣ ਕੱਟ ਕੇ ਝੱਟ ਹੱਥ ਫੜਾ ਦਿੰਦੇ ਸਨ। ਉਸਨੇ ਮਨ ਹੀ ਮਨ ਧਾਰ ਲਿਆਂ, “ਲੈ !  ਜੇ ਅਜੇ ਕੁਝ ਸਮਾਂ ਹੋਰ ਨਾ ਲੈਂਦਾ ਤਾਂ ਕਿਹੜਾ ਜਾਨ ਨਿਕਲ ਜਾਣੀ ਸੀ।”

ਕਹਿੰਦੇ ਸਮਾਂ ਚੰਗਾ ਆਉਣ ਨੂੰ ਵੀ ਬਹੁਤੀ ਦੇਰ ਨਹੀਂ ਲਗਦੀ। ਮੋਟਰਸਾਇਕਲ ਏਜੰਸੀ ਵਾਲਿਆਂ ਨੇ ਪੈਂਦੇ ਹੱਥ ਹੀ ਕਾਗਜ਼ ਤਿਆਰ ਕਰਵਾ ਕੇ ਉਸਦੇ ਘਰ ਪੁੱਜਾ ਦਿੱਤੇ। ਹੁਣ ਤਾਂ ਸੁਰਜਣ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। 31 ਮਾਰਚ ਆਉਣ ਚ 2 ਕੁ ਦਿਨ ਹੀ ਹੋਰ ਰਹਿੰਦੇ ਸਨ। ਉਹ ਫੁੱਲਿਆ ਨਹੀਂ ਸਮਾ ਰਿਹਾ ਸੀ ਤੇ ਆਖ ਰਿਹਾ ਸੀ, “ਲਉ ਜੀ ! ਜਦ ਰੱਬ ਦਿੰਦਾ, ਛੱਪੜ ਪਾੜ ਕੇ ਦਿੰਦਾ । ਹੁਣ ਕੋਈ ਡਰ ਨਹੀਂ, ਨਾ ਚਲਾਨ ਦਾ ਤੇ ਨਾ ਜਾਨ ਦਾ, ਆਪਾਂ ਕਿਹੜਾ ਤੇਜ਼ ਚਲਾਉਣਾ” ।

ਵੱਖਰੇ ਹੰਝੂ……… ਕਹਾਣੀ / ਅਨਮੋਲ ਕੌਰ

ਆਈਂ ਜ਼ਰੂਰ। ਟਾਈਮ ਨਾਲ ਪਹੁੰਚ ਜਾਈਂ ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ

ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਾਰੋਹ ਵਿਚ ਤਾਂ ਮੈਂ ਜ਼ਰੂਰ ਭਾਗ ਲਵਾਂਗੀ।  ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣ ਸਾਰ ਹੀ ਗੁਣਵੰਤ ਦਾ ਦਿਮਾਗ ਉਹਨਾਂ ਗੱਲਾਂ ਵੱਲ ਚਲਾ ਗਿਆ, ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ। ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀਂ ਅੱਗੇ ਵੀ ਇਹ ਹੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ ਗੁਆਚ ਜਾਂਦਾ ਰਵੀ ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ ਏ ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ ਏ ਵਿਚ ਛੱਡ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰ੍ਹਾਂ ਤਿੰਨ ਸਾਲ ਫੋਟੋ ਚਿੱਠੀਆਂ ਵਿਚ ਚਲੇ ਗਏ। ਜਦੋਂ ਗੁਣਵੰਤ ਨੇ ਐਮ ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾਂ ਦੀ ਫੋਨ ਉੱਪਰ ਗੱਲ-ਬਾਤ ਹੁੰਦੀ ਹੀ ਰਹਿੰਦੀ।

ਮੋਬਲੈਲ - ਇਕ ਪਰਾਬਲਮ.......... ਵਿਅੰਗ / ਰਮੇਸ਼ ਸੇਠੀ ਬਾਦਲ

“ਬਾਊ ਜੀ ਕਹਾਣੀ ਲਿਖ ਰਹੇ ਹੋ ?” ਆਉਂਦੇ ਨੇ ਹੀ ਮੈਨੂੰ ਪੁੱਛਿਆ । 

“ਦਸੋ...”

“ਬਾਊ ਜੀ... ਮੇਰੀ ਇਕ ਪਰਾਬਲਮ ਹੈ।”

“ਹਾਂ...!  ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।

“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”,  ਤੇ ਉਹ ਬੈਠ ਗਿਆ।  “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ ਤਾਂ ਕੰਮ ਹੀ ਨਹੀਂ ਕਰਨ ਦਿੰਦਾ । ਅਗਲਾ ਘੰਟੀਆਂ ਮਾਰ-ਮਾਰ ਕੇ ਬੰਦੇ ਨੂੰ ਬੌਂਦਲਾ ਦਿੰਦਾ ਹੈ। ਕੰਮ ਕੀ ਸੁਆਹ ਹੋਣਾ ਹੈ। ਇੱਕ ਕੰਮ ਨੂੰ ਹੱਥ ਪਾਉਦੇ ਹਨ, ਚਾਰ ਹੋਰ ਕੰਮਾਂ ਦਾ ਬੁਲਾਵਾ ਆ ਜਾਂਦਾ ਹੈ।”

ਸਬਕ……… ਮਿੰਨੀ ਕਹਾਣੀ / ਹਰਪ੍ਰੀਤ ਸਿੰਘ

(ਧੀ ਵਲੋਂ ਪਿਓ ਨੂੰ ਹਲੂਣਾ)

ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ ।ਜਦੋਂ ਉਹ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜ਼ਬਰਦਸਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ।

ਯਮਰਾਜ ਦਾ ਫੈਸਲਾ..........ਮਿੰਨੀ ਕਹਾਣੀ / ਰਿੰਕੂ ਸੈਣੀ, ਫਰੀਦਕੋਟ

"ਅਗਲਾ ਬੰਦਾ ਹਾਜਿਰ ਕਰੋ..."
“ਯਮਰਾਜ ਜੀ .. ਇਹ ਹੈ ਬਚਨ ਸਿੰਘ, ਭਾਰਤ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ.... ਅੱਜ ਤੜਕੇ ਹੀ ਇਹਨੇ ਪ੍ਰਾਣ ਤਿਆਗੇ ਨੇ.. ਇਹਦੀ ਫਾਈਲ ਤੁਹਾਡੇ ਟੇਬਲ ‘ਤੇ ਈ ਪਈ ਐ....."
"ਹੂੰ... ਬਚਨੇ ਦੀ ਉਮਰ ਤਾਂ ਹਜੇ ਪੰਦਰਾਂ ਸਾਲ ਹੋਰ ਪਈ ਸੀ... ਫਾਈਲ ‘ਤੇ ਤਾਂ ਦੋ ਹਜ਼ਾਰ ਸਤਾਈ 'ਚ ਇਹਦੀ ਮੌਤ ਹੋਣੀ ਲਿਖੀ ਐ.....?"
"ਹਾਂ ਜੀ.. ਹਾਂ ਜੀ ਯਮਰਾਜ ਜੀ... ਉਮਰ ਤਾਂ ਇਹਦੀ ਉਨੀ ਹੀ ਸੀ... ਪਰ ਇਹਨੇ ਅਾਪਣੇ ਪੁੱਤਾਂ ਦੇ ਤਸੀਹਿਆਂ ਤੋਂ ਤੰਗ ਆ ਕੇ ਖੁਦ ਹੀ ਆਤਮ ਹੱਤਿਆ ਕਰ ਲਈ ਐ ...."
"ਅੋ ਕੇ.. ਅੋ ਕੇ... ਬਹੁਤ ਮਾੜੀ ਗੱਲ ਹੋਈ......  ਬਚਨਿਆਂ ਹੁਣ ਤੇਰੇ ਪੁੰਨ ਅਤੇ ਪਾਪਾਂ ਦਾ ਹਿਸਾਬ ਕਿਤਾਬ ਕਰਨਾ ਹੈ.. ਦੱਸ ਤੈਨੂੰ ਪਹਿਲਾਂ ਤੇਰੇ ਪੁੰਨਾਂ ਬਾਰੇ ਦੱਸਿਆ ਜਾਵੇ ਜਾਂ ਪਾਪਾਂ ਬਾਰੇ......?"
"ਮਹਾਰਾਜ ਜੀ... ਮੈਂ ਤਾਂ ਸਿੱਧਾ ਸਾਧਾ ਬੰਦਾ ਹਾਂ... ਪਾਪ ਤਾਂ ਸ਼ਾਇਦ ਹੀ ਮੇਰੇ ਕੋਈ ਹਿੱਸੇ ਹੋਵੇ... ਚੱਲੋ ਪਹਿਲਾਂ ਮੇਰੇ ਪੁੰਨ ਚੈੱਕ ਕਰ ਲਉ...."
"ਜਿਵੇਂ ਤੇਰੀ ਮਰਜੀ... ਲੈ ਪਹਿਲਾਂ ਆਪਾਂ ਤੇਰੇ ਪੁੰਨ ਚੈੱਕ ਕਰਦੇ ਲ਼ੈਂਦੇ ਆ....... ਵਾਹ ਬਚਨਿਆਂ ਵਾਹ..ਤੇਰਾ ਕ੍ਰਮ ਕਹਿੰਦਾ ਹੈ ਕਿ ਤੂੰ ਗੁਰਦੁਆਰਾ ਘਰ ਬੜੀ ਸੇਵਾ ਕੀਤੀ ਐ... ਪੰਜ ਸਾਲ ਗੁਰਦੁਆਰਾ ਘਰ 'ਚ ਪ੍ਰਧਾਨਗੀ ਵੀ ਕੀਤੀ ਐ..... ਚੰਗਾ ਕੰਮ ਕੀਤਾ ਤੂੰ ਇਹ..."
"ਧੰਨਵਾਦ ਮਹਾਰਾਜ..."

ਉੱਚੇ ਰੁੱਖਾਂ ਦੀ ਛਾਂ.......... ਕਹਾਣੀ / ਲਾਲ ਸਿੰਘ ਦਸੂਹਾ

ਪੋਹ ਮਹੀਨਾ, ਲੋਹੜੇ ਦੀ ਠੰਡ ਸੀ, ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ, ਨਾ ਇੱਟਾਂ, ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾਅ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁੱਟੀ ਦੀ ਟੇਲੈਕਸ ਕੀਤੀ ਸੀ ਪਰ ਮਨਜ਼ੂਰ ਇਕੋ ਦੀ ਹੋਈ ਸੀ ।
ਕੁਝ ਆਟਾ ਦਲੀਆ ਕਰ ਕੇ ਸੋਚਿਆ, ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ’  ਨੇ ਰਾਤੀਂ ਰੋਕ ਲਿਆ, ਉਨ੍ਹਾਂ ਨੂੰ ‘ਵੱਡੇ ਸੰਤਾਂ’ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।
ਅਗਲੇ ਦਿਨ ਸਵੇਰੇ-ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ; ਆਟਾ,  ਚੌਲ, ਘਿਉ, ਦਾਲਾਂ, ਵੇਸਣ, ਸਬਜ਼ੀਆਂ, ਚਾਦਰਾਂ, ਪੱਗਾਂ, ਤੌਲੀਏ, ਤੇਲ, ਸਾਬਣ, ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ । ਤੌਲੀਆ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ, ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ-ਵਿਆਹੀਆਂ ਸੰਤਾਂ ਦਾ ਦੁੱਧ-ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ, ਕਿਉਂਕਿ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ, ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ-ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।

ਕਤਲ........... ਕਹਾਣੀ / ਅਵਤਾਰ ਸਿੰਘ ਬਸਰਾ, ਮੈਲਬੌਰਨ

“ਜਦੋਂ ਵਕੀਲ ਕਹਿੰਦਾ, ਮੈਂ ਅਦਾਲਤ ਵਿਚ ਸਾਬਤ ਕਰ ਦੇਵਾਂਗਾ ਕਿ ਕਤਲ ਵੇਲੇ ਮੁਜ਼ਰਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ।  ਫਿਰ ਤੂੰ ਮੰਨਦਾ ਕਿਉਂ ਨਹੀਂ? ਉਸਨੇ ਕਿਸੇ ਡਾਕਟਰ ਨਾਲ ਗੱਲ ਵੀ ਕੀਤੀ ਹੈ। ”
“ਬਾਪੂ ਸਮਝਾ ਇਹਨੂੰ! ਹੁਣ ਕੁਝ ਨਹੀਂ ਹੋਣ ਵਾਲਾ।  ਕਤਲ ਕੀਤਾ ਮੈਂ ਹੈ, ਤਾਂ ਸਜ਼ਾ ਤੋਂ ਕਾਹਦਾ ਡਰਨਾ”, ਇਹ ਕਹਿੰਦਿਆਂ ਰਵੀ ਨੇ ਆਪਣੇ ਪਿਉ ਨੂੰ ਆਪਣੀ ਬੇਬੇ ਨੂੰ ਜੇਲ੍ਹ ਵਿਚੋਂ ਲੈ ਜਾਣ ਲਈ ਇਸ਼ਾਰਾ ਕੀਤਾ।  ਡੂਢ ਸਾਲ ਪਹਿਲਾਂ ਪਿੰਡ ਦੇ ਸਰਪੰਚਾਂ ਦੀ ਨੂੰਹ ਦੀ ਲਾਸ਼ ਹੱਡਾਂ-ਰੋੜੀ ਵਿਚ ਬੋਰੀ ਵਿਚ ਨਿੱਕੀਆਂ-ਨਿੱਕੀਆਂ ਬੋਟੀਆਂ ਦੇ ਰੂਪ ਵਿਚ ਬਰਾਮਦ ਹੋਈ ਸੀ।  ਪੂਰੀ ਵਾਹ ਲਾ ਕੇ ਵੇਖ ਲਈ ਸੀ ਪੁਲਿਸ ਨੇ ਪਰ ਕਾਤਲ ਦਾ ਕੋਈ ਖੁਰਾ-ਖੋਜ ਨਹੀਂ ਲੱਭ ਸਕੀ ਸੀ।  ਕੁੜੀ ਦੇ ਪੇਕਿਆਂ ਸਹੁਰਿਆਂ ਨੂੰ ਇਕ-ਦੂਸਰੇ ਤੇ ਪੂਰਾ ਭਰੋਸਾ ਸੀ ਤੇ ਬਾਹਰ ਦਾ ਕੌਣ ਹੋ ਸਕਦਾ ਸੀ ਪਤਾ ਨਹੀਂ ਲੱਗਾ।  ਹਾਲਾਤ ਐਸੇ ਬਣੇ ਕਿ ਰਵੀ ਨੇ .ਖੁਦ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ।  ਉਸਨੂੰ ਆਪਣੇ ਕੀਤੇ ‘ਤੇ ਰਤਾ ਵੀ ਪਛਤਾਵਾ ਨਹੀਂ ਸੀ। ਉਸਨੇ ਸਭ ਕੁਝ ਪੁਲਿਸ ਨੂੰ ਦੱਸ ਦਿਤਾ ਕਿ ਕਿਉਂ ਅਤੇ ਕਿਵੇਂ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਅੱਜ ਅਦਾਲਤ ਵਿਚ ਉਸਦੇ ਕੇਸ ਦੀ ਸੁਣਵਾਈ ਸੀ। ਉਸਦਾ ਵਕੀਲ ਤੇ ਘਰ ਵਾਲੇ ਉਸਨੂੰ ਬਚਾਉਣ ਲਈ ਹਰ ਹੀਲਾ ਕਰ ਰਹੇ ਸਨ। ਪਰ ਰਵੀ ਆਪਣੇ-ਆਪ ਨੂੰ ਬਚਾਉਣ ਲਈ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ ਸੀ। ਦੂਜੇ ਪਾਸੇ ਕੁੜੀ ਦੇ ਮਾਪੇ ਅਤੇ ਸਕੇ-ਸੰਬੰਧੀ ਰਵੀ ਨੂੰ ਮੌਤ ਦੇ ਤਖਤੇ ‘ਤੇ ਚੜਾਉਣ ਲਈ ਜ਼ੋਰ ਲਗਾ ਰਹੇ ਸਨ।

ਵਿਧਵਾ ਰਾਤ......... ਮਿੰਨੀ ਕਹਾਣੀ / ਬਾਜਵਾ ਸੁਖਵਿੰਦਰ

ਕਿੰਨੀ ਸੋਹਣੀ ਏ ਤੂੰ, ਤੇਰਾ ਸ਼ਿੰਗਾਰ ਮੱਥੇ ਦਾ ਟਿੱਕਾ ਚੰਨ, ਤੇਰੀ ਚੁੰਨੀ ਤੇ ਟਿਮ-ਟਿਮਾਉਂਦੇ ਤਾਰੇ...

ਠੰਡੀ ਤੇ ਮਸਤ-ਮਸਤ ਵਗਦੀ ਹਵਾ ਦੇ ਬੁੱਲੇ ਮੇਰੇ ਕੰਨਾਂ ‘ਚ ਤੇਰੀ ਹੀ ਸਿਫ਼ਤ ਕਰਦੇ ਨੇ, ਕਿ ਤੇਰੇ ਵਰਗਾ ਹੋਰ ਕੋਈ ਨਹੀਂ । ਪਰ ਪਹਿਲਾਂ ਤਾਂ ਮੈਂ ਡਰਦਾ ਸਾਂ, ਤੇਰੇ ਹਨੇਰਿਆਂ ਤੋਂ, ਤੇਰੀ ਚੁੱਪ ਤੋਂ... ਖੌਰੇ ਕਿਉਂ ? ਮੈਂ ਰਾਤ ਸੰਗ ਗੱਲਾਂ ਕਰ ਰਿਹਾ ਸਾਂ ਤੇ ਰਾਤ ਹੰਘੂਰਾ ਭਰ ਰਹੀ ਸੀ । ਜਦੋਂ ਤੂੰ ਭਰ ਜੋਬਨ ‘ਤੇ ਹੁੰਦੀ ਏਂ ਤਾਂ ਮੈਂ ਵੀ ਤੇਰੇ ਸੰਗ ਜਾਗਦਾ, ਤੇਰੀ ਖੂਬਸੂਰਤੀ ਨੂੰ ਨਿਹਾਰਦਾ, ਕਿੰਨਾਂ ਸਕੂਨ ਮਿਲਦਾ ਜਦੋਂ ਰੂਹਾਂ ਨੂੰ ਰੂਹਾਂ ਦਾ ਸਾਥ ਨਸੀਬ ਹੁੰਦਾ ।

ਤੂੰ ਕੁਝ ਬੋਲਦੀ ਕਿਉਂ ਨਹੀਂ ?

ਰਾਤ ਨੇ ਆਪਣੀਆਂ ਬੰਦ ਮੁੱਠੀਆਂ ਨੂੰ ਖੋਲ ਹੱਥਾਂ ਦੀਆਂ ਲਕੀਰਾਂ ਨੂੰ ਤੱਕ ਮੇਰੇ ਚਿਹਰੇ ਤੇ ਨਿਗ੍ਹਾ ਟਿਕਾ ਲਈ । ਰਾਤ ਦੀਆਂ ਅੱਖਾਂ ‘ਚ ਹੰਝੂ ਸਨ ।

ਭੂਤ ਜਲਸਾ.......... ਵਿਅੰਗ / ਜਸ ਸੈਣੀ, ਪਰਥ (ਆਸਟ੍ਰੇਲੀਆ)

ਅੱਜ ਜੰਗਲ ਦੇ ਭੂਤਾਂ ਦਾ ਸਲਾਨਾ ਜਲਸਾ ਹੋ ਰਿਹਾ ਸੀ । ਸਾਰੇ ਭੂਤ ਨਿਰਾਸ਼ ਤੇ ਕਮਜੋਰ ਦਿਸ ਰਹੇ ਸਨ । ਚਿੰਤਾ ਦਾ ਵਿਸ਼ਾ ਸੀ, ਇਨਸਾਨ ਦੇ ਮਨ ਵਿਚੋਂ ਭੂਤਾਂ ਦਾ ਡਰ ਘਟਣਾ, ਇਨਸਾਨ ਦਾ ਖੂਨ ਕੌੜਾ ਹੋਣਾ, ਜਿਸ ਨੂੰ ਚੂਸ ਕੇ ਕਈ ਭੂਤ ਕਈ ਦਿਨ ਬਿਮਾਰ ਰਹੇ । ਸਭਾ ਦੇ ਵਿੱਚ ਬੈਠਾ ਬੜਾ ਹੀ ਭਾਰਾ ਭੂਤਾਂ ਦਾ ਲੀਡਰ ਉਠਿਆ ਅਤੇ ਤਕਰੀਰ ਕਰਨ ਲੱਗਾ “ਮੇਰੇ ਸਾਥੀਉ ! ਕੋਈ ਸਮਾਂ ਹੁੰਦਾ ਸੀ, ਜਦੋਂ ਸਾਡੀ ਪੂਰੀ ਦਹਿਸ਼ਤ ਹੁੰਦੀ ਸੀ । ਅਸੀਂ ਜਿਸ ਨੂੰ ਚੁੰਬੜ ਜਾਂਦੇ ਸੀ, ਟੱਬਰਾਂ ਦੇ ਟੱਬਰ ਉਜੜ ਜਾਂਦੇ ਸੀ । ਲੋਕਾਂ ਨੂੰ ਭਾਜੜਾਂ ਪੈ ਜਾਦੀਆਂ ਸਨ । ਡੇਢ ਦੋ ਮਹੀਨੇ ਵਿੱਚ ਬੰਦਾ ਪੂਰੀ ਤਰ੍ਹਾਂ ਰੱਦੀ ਕਰ ਦੇਈਦਾ ਸੀ । ਹੁਣ ਇਨਸਾਨ ਇਸ ਸਾਇੰਸ ਦੇ ਯੁੱਗ ਵਿੱਚ ਬਹੁਤ ਸਿਆਣਾ ਹੋ ਗਿਆ ਹੈ । ਜਿਸ ਨੂੰ ਵੀ ਅਸੀਂ ਚੁੰਬੜਦੇ ਹਾਂ,  ਉਹ ਤਾਂਤਰਿਕਾਂ ਦੇ ਚਮਟੇ ਖਾਣ ਦੀ ਥਾਂ ਡਾਕਟਰ ਦੀਆਂ ਅੰਗਰੇਜ਼ੀ ਦਵਾਈਆਂ ਖਾਂਦਾ ਹੈ । ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹਨ । ਸਾਡੇ ਕਈ ਵੀਰ ਤੇ ਭੈਣਾਂ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ । ਮਜ਼ਬੂਰਨ ਇਨਸਾਨ ਦੇ ਸਰੀਰ 'ਚੋਂ ਨਿਕਲਣਾ ਪੈਂਦਾ ਹੈ । ਸੋ, ਮੈਂ ਆਪ ਸਭ ਦੀ ਰਾਏ ਸ਼ੁਮਾਰੀ ਨਾਲ ਕੋਈ ਹੱਲ ਲੱਭਣਾ ਚਾਹੁੰਦਾ ਹਾਂ ਤਾਂ ਕਿ ਸਾਡਾ ਭਵਿੱਖ ਵੀ ਸੁਰੱਖਿਅਤ ਹੋ ਸਕੇ । ਧੰਨਵਾਦ  !”
ਲੀਡਰ ਦੀਆ ਗੱਲਾਂ ਸੁਣ ਕੇ ਇਕ ਟੁੱਟੇ ਛਿੱਤਰ ਵਰਗਾ ਭੂਤ  ਉੱਠ ਖੜਾ ਹੋਇਆ ਤੇ ਕਹਿਣ ਲੱਗਾ “ਲੀਡਰ ਸਾਹਬ ! ਮੈਂ ਇਕ 700 ਸਾਲ ਪੁਰਾਣੇ ਬਜ਼ੁਰਗ ਭੂਤ ਨੂੰ ਜਾਣਦਾ ਹਾਂ । ਉਸ ਨੂੰ ਇਸ ਫੀਲਡ ਦਾ ਬਹੁਤ ਤਜ਼ਰਬਾ ਹੈ । ਮੈਨੂੰ ਆਸ ਹੈ ਕਿ ਉਹ ਸਾਡੀ ਮੱਦਦ ਜਰੂਰ ਕਰੇਗਾ । ਉਹ ਜੰਗਲ ਦੇ ਇਕ ਪੁਰਾਣੇ ਪਿੱਪਲ ‘ਤੇ ਰਹਿੰਦਾ ਹੈ ।”
ਸਾਰੇ ਭੂਤ-ਚੁੜੇਲਾਂ ਨੂੰ ਉਸ ਦੀ ਗੱਲ ਭਾ ਗਈ । ਲੀਡਰ ਸਮੇਤ ਸਾਰੇ ਭੂਤ ਉਸ ਬਜ਼ੁਰਗ ਭੂਤ ਦੇ ਨਿਵਾਸ ਸਥਾਨ ਵੱਲ ਚੱਲ ਪਏ । ਪਿੱਪਲ ਦੇ ਕੋਲ ਪਹੁੰਚ ਕੇ ਸਾਰਿਆਂ ਨੇ ਜੋਰ ਨਾਲ ਭੂਤ ਸਭਾ ਦਾ ਨਾਅਰਾ ਮਾਰਿਆ । ਪੁਰਾਣੇ ਭੂਤ ਨੇ ਅੱਖਾਂ ਖੋਲ਼ੀਆਂ ਤੇ ਕਹਿਣ ਲੱਗਾ “ਬੱਲਾ.. ਬੱਲਾ.. ਬੱਲਾ.. ਕਿਧਰ ਚੱਲੀਆਂ ਫੌਜਾਂ” ।

ਕਾਰਤੂਸ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਪਾਕਿਸਤਾਨ ਤੋਂ ਛਪਦੇ ਇੱਕ ਮੈਗਜ਼ੀਨ ਵਿੱਚ ਮੇਰੀ ਰਚਨਾ ‘ਕਾਰਤੂਸ’ ਪ੍ਰਕਾਸਿ਼ਤ ਹੋਈ । ਇਸ ਬਾਰੇ ਜਦੋਂ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ;

“ਹੋਰ ਭੇਜ ਯਾਰ ! ਪਾਕਿਸਤਾਨ ਨੂੰ ਤਾਂ ਅਜਿਹੀਆਂ ਕਹਾਣੀਆਂ ਦੀ ਲੋੜ ਹੈ । ਉਥੇ ਹਰ ਰੋਜ਼ ਕੋਈ ਨਾ ਕੋਈ ਮਨੁੱਖੀ ਬੰਬ ਧਮਾਕਾ ਤੇ ਕਾਰਤੂਸ ਚਲਦਾ ਹੀ ਰਹਿੰਦਾ...।”

ਉਹ ਲਗਾਤਾਰ ਬੋਲਦਾ ਜਾ ਰਿਹਾ ਸੀ ਤੇ ਮੇਰੇ ਕੰਨਾਂ ਵਿਚ ਪਾਕਿਸਤਾਨ ਵਿਚ ਹੋ ਰਹੇ ਮਨੁੱਖੀ ਬੰਬ ਧਮਾਕਿਆਂ ਦੀ ਆਵਾਜ਼ ਦੀ ਗੂੰਜ ਲਗਾਤਾਰ ਵਧਦੀ ਜਾ ਰਹੀ ਸੀ ।

****

ਪਰਛਾਵਾਂ.......... ਕਹਾਣੀ / ਤਰਸੇਮ ਬਸ਼ਰ

ਜਿੰਦਗੀ ਦਾ ਹਿਸਾਬ... 12 ਸਾਲਾਂ ਕਾਲੀ ਨੂੰ ਇਸ ਲੰਬੇ ਚੌੜੇ ਗੋਰਖ ਧੰਦੇ ਦੇ ਬਾਰੇ ਕੋਈ ਇਲਮ ਨਹੀਂ ਸੀ । ਉਸਦੇ ਦੇ ਦਿਲੋ ਦਿਮਾਗ ਵਿੱਚ ਸੀ ਤਾਂ ਸਕੂਲ ਦੀ ਕਲਾਸ ਦਾ ਹਿਸਾਬ । ਇਹ ਹਿਸਾਬ ਨਾ ਤਾਂ ਉਸਨੂੰ ਕਦੇ ਚੰਗਾ ਲੱਗਿਆ ਤੇ ਨਾ ਹੀ ਆਇਆ । ਹਿਸਾਬ ਦਾ ਪੀਰੀਅਡ ਆਉਂਦਿਆਂ ਹੀ ਉਸਨੂੰ ਲੱਗਦਾ ਕਿ ਸਕੂਲ ਜੇਲ੍ਹ ਹੈ । ਕਲਾਸ ਦਾ ਕਮਰਾ ਫਾਂਸੀ ਘਰ ਤੇ ਅੱਖੜ ਮਾਸਟਰ ਜੱਲਾਦ । ਇੰਨੀ ਦਿਨੀਂ ਮਾਸਟਰ ਉਸਨੂੰ ਜਿਆਦਾ ਹੀ ਨਫਰਤ ਕਰਨ ਲੱਗ ਪਿਆ ਸੀ ਤੇ ਕਾਲੀ ਨੂੰ ਮਹਿਸੂਸ ਹੁੰਦਾ ਕਿ ਉਹ ਮਾਸਟਰ ਉਸਦੇ ਪਿਛਲੇ ਜਨਮ ਦਾ ਵੈਰੀ ਹੈ ਤੇ ਹੁਣ ਬਦਲੇ ਲੈ ਰਿਹਾ ਹੈ । ਅੱਜ... ਅੱਜ ਪਤਾ ਹੀ ਨਹੀਂ ਕਦੋਂ ਉਹ ਸਟੇਸ਼ਨ ਤੇ ਪਹੁੰਚ ਕੇ ਗੱਡੀ ਵਿੱਚ ਬੈਠ ਗਿਆ । ਉਸਨੂੰ ਨਾ ਤਾਂ ਆਪਣੀ ਮਾਂ ਦੇ ਫਿਕਰ ਦਾ ਖਿਆਲ ਸੀ ਤੇ ਨਾ ਯਾਰਾਂ ਦੋਸਤਾਂ ਦਾ ਧਿਆਨ । ਉਹ ਤਾਂ ਬੱਸ ਹਿਸਾਬ ਤੇ ਇਸ ਚੱਕਰ ਤੋਂ ਦੂਰ ਜਾਣਾ ਚਾਹੁੰਦਾ ਸੀ...।

ਸੰਨ 2050........... ਮਿੰਨੀ ਕਹਾਣੀ / ਰਿੰਕੂ ਸੈਣੀ, ਫਰੀਦਕੋਟ

" ਜੀ ਸੁਣਦੇ ਅੋ ...ਅੱਜ ਬੰਤੋ ਆਈ ਸੀ..ਦੱਸ ਕੇ ਗਈ ਐ ਕਿ ਭਲਾਈਆਣੇ ਪਿੰਡ ਇੱਕ ਕੁੜੀ ਐ ਸਤਾਰਾਂ ਕੂ ਸਾਲ ਦੀ...ਸੁੱਖ ਨਾਲ ਅਗਲੇ ਸਾਲ ਤੱਕ
ਵਿਆਉਣ ਆਲੀ ਹੋ ਜੂ.....ਮੇਰੀ ਸਲਾਹ ਮੰਨੋ ਤਾਂ ਇੱਕ ਵਾਰੀ ਗੱਲ ਕਰਕੇ ਆਵੋ....ਗੱਲ ਕਰਨ 'ਚ ਕੀ ਇਤਰਾਜ ਏ......ਕੀ ਪਤਾ ਕੋਈ ਗੱਲ ਸਿਰ ਟਿਕਾਣੇ ਪੁੱਜ
ਜੇ.........ਆਪਣਾ ਜੀਤਾ ਕਦੋਂ ਦਾ ਵਿਆਉਣ ਆਲਾ ਹੋਇਆ ਪਿਆ...ਹੁਣ ਤਾਂ ਲੋਕੀ ਵੀ ਗੱਲਾਂ ਕਰਦੇ ਆ......"
" ਬੰਤੋ ਦੇ ਪਿੱਛੇ ਕਿਉਂ ਲੱਗਦੀ ਐ ਤੂੰ...ਉਹ ਇੱਕ ਨੰਬਰ ਦੀ ਠੱਗ ਔਰਤ ਐ ..ਪਤਾ ਨੀ ਕਿੰਨਿਆਂ ਕੂ ਨਾਲ ਧੋਖਾ ਕੀਤਾ ਉਹਨੇ....."
" ਜੀਹਦੇ ਨਾਲ ਕੀਤਾ ਹੋਊ ਕੀਤਾ ਹੋਊ....ਮੇਰੀ ਤਾਂ ਪੱਕੀ ਸਹੇਲੀ ਐ ਉਹ ....ਨਾਲੇ ਸਾਡਾ ਤਾਂ ਦਾਦਕਾ ਪਿੰਡ ਵੀ ਇੱਕ ਐ....ਮੇਰੇ ਨਾਲ ਲੋਕਾਂ ਵਾਲੀ ਗੱਲ ਨੀ
ਉਹਦੇ ਨਾਲ...ਮਾਮਲਾ ਰਿਸ਼ਤੇਦਾਰੀ ਦਾ ਜੋ ਐ....."

ਜਗਣ ਦੀ ਭਰੀ.......... ਕਹਾਣੀ / ਭੁਪਿੰਦਰ ਸਿੰਘ

“ਕੋਈ ਫਿਕਰ ਈ ਨੀਂ।”
“ਮੇਰੇ ਬਾਦ ‘ਚ ਇਹ ਜਨਾਨੀ ਖਰੇ ਕੀ ਕਰਦੀ ਰਹਿੰਦੀ ਐ!.......ਲਗਦਾ, ਇਹ ਨਿਆਣਿਆਂ ਦੀ ਜ਼ਿੰਦਗੀ ਖ਼ਰਾਬ ਕਰੂ.......ਨਿੱਕੇ ਨੂੰ, ਇੱਲ ਦੀ ਥਾਂ ਕੁੱਕੜ ਨਈਂ ਆਉਂਦਾ.......’ਤੇ ਵੱਡੇ ਦਾ ਤਾਂ ਜਮਾ ਈ ਬੇੜਾ ਗਰਕਿਆ ਪਿਆ। ਉਹਦੀ ਮਟਕ-ਗਸ਼ਤੀ ਤੇ ਪਤੰਗ-ਬਾਜੀ ਈ ਸੂਤ ਨੀਂ ਆਉਂਦੀ ....ਸਾਰਾ ਦਿਨ। ਸਕੂਲ ਆਲੇ ਮਾਹਟਰ ਬੀ....ਪਤਾ ਨੀ ਕੀ ਕਰਦੇ ਰਹਿੰਦੇ ਐ.....ਸਕੂਲੇ?”
 “ਪ੍ਰਸ਼ਾਦੇ ਛਕੋ.....ਤੇ ਚਲੋ ਘਰਾਂ ਨੂੰ।”
“ਚਲ ਮੇਰੇ ਭਾਈ।”
ਜਗਣ ਫੌਜੀ ਪੱਠੇ ਵੱਢਦਿਆਂ, ਸੋਚੀਂ ਪਿਆ ਮੂੰਹ ਵਿਚ ਬੁੜਬੁੜਾ ਰਿਹਾ ਸੀ। ਮਨੋਂ ਸੋਚਾਂ ਅਤੇ ਫਿਕਰਾਂ ਦੇ ਬੱਦਲਾਂ ਵਿਚ ਘਿਰਿਆ  ਉਹ ਦਾਤਰੀ ਇਸ ਤਰਾਂ ਤੇਜ ਚਲਾ ਰਿਹਾ ਸੀ ਜਿਵੇਂ ਕੋਈ, ਕਣਕ ਦੀ ਵਾਢੀ ਕਰ ਰਿਹਾ ਹੋਵੇ। ਹਾਲਾਂਕਿ ਉਸ ਦੇ ਹੱਥ ਠੰਡ ਨਾਲ ਸੁੰਨ ਹੋਈ ਜਾ ਰਹੇ ਸਨ। ਫਿਰ ਅਚਾਨਕ ਉਸਦੀ ਲਿਵ ਟੁੱਟੀ ਅਤੇ ਪਿੱਛੇ ਧਿਆਨ ਮਾਰਕੇ ਉਹ ਹੈਰਾਨ ਰਹਿ ਗਿਆ । ਛਟਾਲਾ ਵੱਢ-ਵੱਢ ਕੇ ਉਸਨੇ ਸੱਥਰਾਂ ਦੇ ਸੱਥਰ ਵਿਛਾ ਦਿੱਤੇ ਸਨ।
“ਓ ਤੇਰਾ ਭਲਾ ਹੋ ਜੇ।” 

ਬੇਨਾਮ ਰਿਸ਼ਤਾ……… ਕਹਾਣੀ / ਨਿਸ਼ਾਨ ਸਿੰਘ ਰਾਠੌਰ

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ?
ਗਲੀ ਵਿਚੋਂ ਲੰਘਦੇ ਇਕ ਮੁੰਡੇ ਨੂੰ ਉਸ ਨੇ ਪੁੱਛਿਆ, ‘ਕਾਕਾ, ਬਾਵਰ ਦਾ ਘਰ ਆਹ ਹੀ ਹੈ?’
ਮੁੰਡਾ ਇਕਦਮ ਰੁੱਕ ਗਿਆ ਅਤੇ ਜਗਬੀਰ ਨੂੰ ਉ¤ਪਰ ਤੋਂ ਲੈ ਕੇ ਪੈਰਾਂ ਤੀਕ ਧਿਆਨ ਨਾਲ ਦੇਖਣ ਲੱਗਾ। ਕੁੱਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ, ‘ਕੀ ਤੁਸੀਂ ਬਾਪੂ ਬਾਵਰ ਸਿੰਘ ਤੇ ਘਰ ਬਾਰੇ ਪੁੱਛ ਰਹੇ ਹੋ?’
ਆਪਣੇ ਛੋਟੇ ਭਰਾ ਬਾਵਰ ਦੇ ਨਾਂ ਨਾਲ ‘ਬਾਪੂ’ ਸ਼ਬਦ ਸੁਣ ਕੇ ਜਗਬੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ, ਆਪਣੇ ਘਰ ਆਇਆ ਹੈ। ਜਗਬੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿਚ ਗੁਆਚ ਗਿਆ।
ਉਸ ਨੂੰ ਯਾਦ ਆਈ ਆਪਣੀ ਜਵਾਨੀ..., ਆਪਣੇ ਹਾਣੀ..., ਆਪਣਾ ਸਕੂਲ..., ਆਪਣੇ ਬਾਪੂ ਦੀਆਂ ਝਿੜਕਾਂ..., ਮਾਂ ਦਾ ਪਿਆਰ..., ਭਰਜਾਈਆਂ ਦੇ ਸ਼ੁਗਲ..., ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ। ਜਗਬੀਰ ਨੂੰ ਵਿਸ਼ਵਾਸ ਨਾ ਹੋਇਆ ਕਿ ਹੁਣ ਉਹ ਵੀ ‘ਬਾਬਾ’ ਹੋ ਗਿਆ ਹੈ।

ਪਾਪ ਜਾਂ ਪੁੰਨ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਉਸਨੇ ਆਪਣੀ ਗੱਡੀ ਵਿੱਚੋਂ ਕੇਲੇ, ਸੇਬ ਅਤੇ ਅੰਗੂਰ ਬਾਂਦਰਾਂ ਲਈ ਬਾਹਰ ਸੜਕ ਤੇ ਸੁੱਟੇ ਤਾਂ ਬਾਂਦਰਾਂ ਦੇ ਇੱਕ ਟੋਲੇ ਨੇ ਤੁਰੰਤ ਝਪਟ ਮਾਰੀ । ਪਿੱਛੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਮੌਕੇ ਤੇ ਹੀ ਪੰਜ ਛੇ ਬਾਂਦਰਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ । ਮੈਂ ਸੜਕ ਦੇ ਇੱਕ ਕਿਨਾਰੇ ਖੜ੍ਹਾ ਸੋਚ ਰਿਹਾ ਸਾਂ ਕਿ ਇਹ ਪਾਪ ਹੈ ਜਾਂ ਪੁੰਨ.....?

****

ਢੁੱਕਵਾਂ ਵਾਕ.......... ਮਿੰਨੀ ਕਹਾਣੀ / ਭੁਪਿੰਦਰ ਸਿੰਘ

ਸਟੋਰ ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ। ਅੱਜ ਸਵੇਰੇ ਇਕ ਤੀਹ-ਬੱਤੀ ਕੁ ਸਾਲ ਦੀ ਔਰਤ ਸਟੋਰ ਵਿੱਚ ਸੌਦਾ ਖਰੀਦਣ ਲਈ ਆਈ। ਲਾਈਨ ਵਿੱਚ ਖੜੀ ਉਹ ਮੈਨੂੰ ਕੁਝ ਅਜੀਬ ਜਿਹੀ ਲੱਗ ਰਹੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਸਟੋਰ ਵਿੱਚੋਂ ਇਕੱਠਾ ਕੀਤਾ ਸਾਰਾ ਸਾਮਾਨ ਉਸ ਨੇ ਕਾਊਂਟਰ ਤੇ ਰੱਖ ਦਿੱਤਾ।

“ਗੁੱਡ-ਮੌਨਿੰਗ... ਹਊ ਯੂ ਡੂ?” ਮੈਂ ਉਸ ਨਾਲ ਸਵੇਰ ਵਾਲੀ ਔਪਚਾਰਿਕਤਾ ਕੀਤੀ।

“ਗੁੱਡ-ਮੌਨਿੰਗ... ਆਮ ਗੁਡ ਥੈਂਕਿਉ... ਆਹ ਸਾਰਾ ਫੂਡ ਸਟੈਂਪ ਤੇ ਐ... ਪਲੀਜ਼...” ਪਰਸ ਵਿੱਚੋਂ ਫੂਡ ਸਟੈਂਪ ਕੱਢ ਕੇ ਮੇਰੇ ਵੱਲ ਵਧਾਉਂਦਿਆਂ ਉਸ ਨੇ ਆਖਿਆ।

ਰਜਿਸਟਰ ਤੇ ਸਾਰਾ ਸਾਮਾਨ ਰਿੰਗ ਕਰਕੇ ਮੈਂ ਸਟੈਂਪ ਨੂੰ ਮਸ਼ੀਨ ਵਿੱਚੋਂ ਲੰਘਾਉਣ ਹੀ ਲੱਗਿਆਂ ਸੀ ਕਿ ਅਚਾਨਕ ਮੇਰੀ ਨਜ਼ਰ ਸਟੈਂਪ ਵਾਲੀ ਫ਼ੋਟੋ ਤੇ ਪਈ।

ਮਿੰਨੀ ਕਹਾਣੀਆਂ.......... ਮਿੰਨੀ ਕਹਾਣੀ / ਲਾਲ ਸਿੰਘ ਦਸੂਹਾ

ਈਡੀਅਟ

ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – “ ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ... ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ...ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।
ਬਹਿਰੇ ਨੇ ਦੋਨਾਂ ਹੱਥਾਂ ਚ ਸੰਭਾਲ ਦੇ ਫੜੀ ਚਾਹ ਵਾਲੀ ਟਰੇ ਮੇਜ਼ ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ਚੋਂ ਸਰਦਾਰ ਹੋਰਾਂ ਦਾ ਉੱਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ – “ ਟੀ...  ਚਾਹ...  ਨਾਨਸੈਂਨਸ...  ਅਭੀ ਨਹੀਂ... ਈਡੀਅਟ ।

****

ਨੀਲੀ ਸ਼ਾਹੀ 

ਮੰਡੀ ਵਿੱਚ ਕਣਕ ਛਾਣਦੀ ਹਾਰੀ ਥੱਕੀ ਸ਼ੰਕਰੀ ਨੇ, ਘੁੰਡੀਆਂ ਦੀ ਪੰਡ ਜੀ ਟੀ ਰੋਡ ਦੀ ਪੱਕੀ ਪੱਟੜੀ ਤੇ ਲਿਆ ਸੁੱਟੀ । ਆਪ ਝੁਲਕਾ ਪਾਣਲਈ ਸਫੈਦਿਆਂ ਦੀ ਡੱਬ-ਖੜੱਬੀ ਛਾਂ ਵਿੱਚ ਢੋ ਲਾ ਕੇ ਬੈਠ ਗਈ । ਛੇਂਵੀ ਜਮਾਤ ਵਿਚ ਪੜ੍ਹਦਾ ਉਸ ਦਾ ਤੀਜਾ ਪੁੱਤਰ ਕਿਸ਼ਨਾ ਸਕੂਲੋਂ ਰੋਂਦਾ ਡੁਸਕਦਾ ਆਇਆ – “ ਮਾਂ ਦਸੀ ਦਈਂ...  ਨੀਲੀ ਸ਼ਾਹੀ ਲੈਣੀ । ਗੁਰੇ ਦੀ ਦਵਾਤ ਚੋਂ ਡੋਕੇ ਲਏ...  ਉਹਨੇ ਮਾਰਿਆ , ਮਾਸਟਰ ਹੋਰਾਂ ਕਾਪੀ ਦੇਖੀ...  ਤਾਂ ਚਪੇੜਾਂ ਮਾਰੀਆਂ ।

ਗੰਢਿਆਂ ਦੀ ਚਟਣੀ ਚੰਗੀ …ਗੋਭੀਆਂ ਤੋਂ ਕੀ ਲੈਣਾ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਤੁਹਾਡੇ ਤਾਂ ਬਈ ਬਾਹਰ ਵਾਲਿਓ ਹਰ ਚੀਜ਼ ਸ਼ੁਧ  ਤੇ ਅਸਰ ਦਾਇਕ ਵਾਲੀ ਮਿਲਦੀ ਹੈ ਚਾਹੇ ਅੱਖਾਂ ਮੀਟ ਕੇ ਲੌ ਲਵੋ ।ਪਰ ਸਾਡੇ ਤਾਂ ਐਧਰ ਹਰ ਪਾਸੇ ਬਾਂ ਬਾਂ ਹੋਈ ਪਈ ਹੈ । ਰੰਗਲੇ ਪੰਜਾਬ ਦੀ ਪੌਣ ਜ਼ਹਿਰੀਲੀ ਹੋ ਗਈ ਐ ।ਉਤਲਾ ਹੇਠਲਾ ਪਾਣੀ  ਗੰਦਲਾ ਹੋ ਗਿਆ ਤੇ  ਸਬਜ਼ੀ ਵਨਾਸਪਤੀ ਚਾਰੇ ਪੱਠੇ ਵਿਹੁ ਨਾਲ ਭਰੇ ਪਏ ਹਨ ।ਜਿਸ ਚੀਜ਼ ਨੂੰ ਤੱਕੋ ;ਜਿਸ ਨੂੰ ਹੱਥ ਲਾਉ  ਨਿਰੀ ਜ਼ਹਿਰ ਦਿਸ ਰਹੀ ਹੈ ।ਮੰਡੀ ‘ਚ ਸਬਜ਼ੀ ਲੈਣ ਜਾਈਦਾ ਤਾਂ ਸ਼ਿੰਗਾਰ ਕੇ ਰੱਖੀਆਂ ਪਈਆਂ ਨੂੰ ਵੇਖ ਡਰ ਆਉਂਦਾ ਕਿਧਰੇ ਤਾਜ਼ੀ ਛਿੜਕੀ ਦੁਆਈ ਵਾਲੀ ਜਾਂ ਟੀਕੇ ਲਾਇਆਂ ਵਾਲੀ ਜੁਆਕਾਂ ਦੇ ਮੁੰਹ ‘ਚ ਨਾ ਪੈ ਜੇ  ਅਗਲੇ ਦਿਨ ਸਾਰਿਆਂ ਦੀਆਂ ਵਰਾਛਾਂ ਚਮਲਾਈ ਜਾਣਗੀਆਂ।ਮੰਡੀ ‘ਚ ਪੀਲੇ ਰੰਗ ਦੀ ਮੂਲੀਆਂ ਤੇ ਚੌੜੇ ਪੱਤਿਆਂ ਵਾਲਾ ਮੱਲਿਆ ਹਾਥੀ ਦੇ ਕੰਨਾਂ ਵਰਗਾ ਚੌੜਾ  ਪਾਲਕ ਦਿਸਦਾ ਹੈ ਤਾਂ ਲੱਗਣ ਲੱਗ ਪੈਂਦਾ ਇਨਾਂ ਤੇ  ਗੰਦੇ ਨਾਲੇ ਦੇ ਪਾਣੀ ਦੀ ਕਿਰਪਾ ਹੋਈ ਹੈ   ॥ਸਜਾ ਕੇ ਚਮਕਾ ਕੇ ਰੱਖੇ ਕੂਲੇ ਕੂਲੇ ਚਿਕਣੇ ਵੈਂਗਣ ਰੇੜੀਆਂ ਤੇ ਪਏ  ਐਂ ਲਗਦੇ ਜਿਵੇਂ ਜ਼ਹਿਰ ਦੇ ਗੋਲੇ ਟਿਕਾ ਕੇ ਰੱਖੇ ਹੋਣ । ਦੁਆਈ ਛਿੜਕੇ ਬਗੈਰ ਤਾਂ  ਮੰਡੀ ਲਿਉਣ ਜੋਗੇ ਹੀ ਨਹੀਂ ਸੀ ਹੋਣੇ ਸੁੰਡਾਂ ਨੇ ਅੰਦਰ ਸੁੰਰਗਾਂ ਬਣਾ ਲੈਣੀਆਂ  ਸੀ ।ਇੰਨਾਂ ਬਤੂਆਂ ਦਾ ਭੁੜਥਾ ਖਾ ਲੋ ਜਾਂ ਸਣੇ ਪੂਛਾਂ ਵਾਲੇ ਬਣਾ ਲਉ ਘੰਟੇ ਬਾਅਦ ਜਵਾੜੇ ਪੱਕ ਜਾਂਦੇ ਹਨ।ਕਿਸੇ ਵੇਲੇ ਦੁੱਧ ਪਾ ਕੇ ਬਣਾਏ ਕੱਦੂ ਦੀ ਸਬਜ਼ੀ ਮੂੰਹੋਂ ਨਹੀਂ ਸੀ ਲਹਿੰਦੀ ਹੁਣ ਚਾਹੇ ਮਲਾਈਆਂ ਪਾ ਲੋ  ਸੁਆਦ ਈ ਕਸੈਲਾ ਹੋ ਗਿਆ  ਫੋਕੜ ਜੇਹੀ ਬਣਦੀ ਹੈ । ਸਬਜ਼ੀਆਂ ਦੀ ਪਰਧਾਨ ਸਬਜ਼ੀ ਫੁੱਲਗੋਭੀ ਜਿਸ ਨੂੰ ਖਾਧਿਆਂ ਮੂੰਹ ਨਹੀਂ ਸੀ ਅੱਕਦਾ ਅੱਜ ਪਹਿਲੀ ਬੁਰਕੀ ਪਾੲਦੀ ਹੈ ਤਾਂ ਹੋਰ ਈ ਬਕ ਬਕੀ ਜੇਹੀ  ਜ਼ਾਇਕਾ ਹੀ ਖਤਮ ਹੋ ਗਿਆ  ।

ਪੌੜੀ........... ਕਹਾਣੀ / ਲਾਲ ਸਿੰਘ ਦਸੂਹਾ

ਉਸਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲਂ ਨਾ ਖਾਂਦੇ ।
‘ਕਿੱਥੇ ਜਾਣਾ ਬਾਊ ...। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ ।
ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ ਦਾ ਨਾਂ “ਫਤੇਪੁਰ “ ਪਤਾ ਨਹੀਂ ਉਸ ਤੱਕ ਪੁੱਜਾ ਵੀ ਸੀ ਕਿ ਨਹੀਂ, ਪਰ ਇੱਕ ਛੀਂਟਕੜਾ ਜਿਹਾ ਮੁੰਡਾ ਖੱਬੇ ਹੱਥ ਦੀ ਤਾਕੀ ਖੋਲ੍ਹ ਕੇ ਝੱਟ ਮੇਰੇ ਸਾਹਮਣੇ ਆ ਖੜੋਇਆ – “ ਐਹੋ ਜਿਹੀ ਨਿੱਕੀ ਸ਼ੈਅ ਕੋਈ ਨਈਂ ਖੜਦਾ , ਮੋਟੇ ਭਾੜੇ ਨੂੰ ਪੈਂਦੇ ਆ ਸਾਰੇ ...। “
ਅਗਲੇ ਹੀ ਪਲ ਉਸਨੇ ਮੇਰੇ ਪੈਰਾਂ ਲਾਗੇ ਪਈ ਪੌੜੀ ਪਹਿਲਾਂ ਟਰੱਕ-ਬਾਡੀ ਨਾਲ ਢੋਅ ਲਾ ਕੇ ਖੜ੍ਹੀ ਕਰ ਲਈ । ਫਿਰ ਡਾਲੇ ਵੰਨੀਉਂ ਉੱਪਰ ਚੜ੍ਹ ਕੇ ਇਸ ਅੰਦਰ ਭਰੀ ਬੱਜਰੀ ‘ਤੇ ਟਿਕਦੀ ਕਰ ਲਈ ।
“ ਤੁਸੀਂ ਅੰਦਰ ਆ ਜਾਓ ਐਥੇ , ਮੇਰੇ ਲਾਗੇ , “ ਕਲੱਚ – ਰੇਸ ਦੀ ਤਰਤੀਬ ਮੁੜ ਤੋਂ ਜੋੜ ਕੇ ਸਹਿਜ ਚਾਲੇ ਤੁਰਨ ਲੱਗੇ

ਮੋਮਬੱਤੀਆਂ.......... ਮਿੰਨੀ ਕਹਾਣੀ / ਲਾਲ ਸਿੰਘ ਦਸੂਹਾ

ਕਿਲ੍ਹੇ-ਮਹੱਲੇ ਦੀ ਘਾਟੀ ਵਰਗੀ ਗਲੀ ਬੀਰੂ ਨੇ ਡਰਦੇ ਡਰਦੇ ਚੜ੍ਹੀ, ਤੇ ਡਰਦੇ ਡਰਦੇ ਹੀ ਸੇਠ ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ, ਡਿਊੜੀ ਤੇ ਬੂਹੇ ਤੇ ਹੱਥ ਰੱਖ ਕੇ ਉਹਨੇ ਸਹਿਮੀ ਜਹੀ ਵਾਜ਼ ਮਾਰੀ – “ਵੱਡੇ ਬਾਊ ਜੀ”  । ਘੜੀ ਪਲ ਖ਼ੜਾ ਰਹਿਣ ਤੇ ਅੰਦਰੋਂ ਕੋਈ ਬਿੜਕ ਨਾ ਆਉਂਦੀ ਦੇਖ ਕੇ , ਉਸ ਨੇ ਬੂਹੇ ਤੇ ਹਲਕਾ ਜਿਹਾ ਹੱਥ ਮਾਰ ਕੇ ਫਿਰ ਕਿਹਾ – “ਛੋਟੇ ਬਾਬੂ ਜੀ ।
ਹਵਾ ਦੇ ਫੱਟਾਏ ਵਾਂਗ ਦਰਵਾਜ਼ਾ ਖੁਲ੍ਹਿਆ ਤੇ ਅੰਦਰੋਂ ਫੁਲਝੜੀ ਦੇ ਚੰਗਿਆੜਿਆਂ ਵਾਂਗ ਚਿੜ-ਚਿੜ ਕਰਦੀ ਇਕ ਮੂੰਹ-ਜ਼ੋਰ ਛੋਕਰੀ ਨੇ ਆਉਂਦਿਆਂ ਹੀ ਦੋ ਚਾਰ ਗਾਲ੍ਹਾਂ ਵਗਾਹ ਮਾਰੀਆਂ – “ਨਾਨਸੈਂਸ, ਈਡਇਟ, ਗੰਵਾਰ ਕਹੀਂ ਕਾ... ਪਾਪਾ ਔਰ ਭਈਆ ਅੰਦਰ ਲਕਸ਼ਮੀ ਪੂਜਾ ਕਰਤੇ ਹੈਂ... ਕਿਆ ਸ਼ੋਰ ਮਚਾ ਰੱਖਾ ਹੈ ਤੂਨੇ ਬਾਹਰ... ਕਿਆ ਕਾਮ ਹੈ ਉਨ ਸੇ... ਬੇਵਕੂਫ਼ ਕਹੀਂ ਕਾ... ਬੱਕ, ਕਿਆ ਬਾਤ ਹੈ ?”
ਸਹਿਮੀ ਜਿਹੀ ਆਵਾਜ਼ ਵਿਚ ਬੀਰੂ ਨੇ ,ਸਾਰੀ ਝਿੜਕ ਝੰਭ ਅਣਸੁਣੀ ਕਰ ਕੇ ਕਿਹਾ – “ਬੇਟਾ... ਵੱਡੇ ਬਾਬੂ ਜੀ ਨਾਲ ਕੰਮ ਆਂ, ਥੋੜ੍ਹਾਂ ਜਿਹਾ...।

ਕਰਨੀ ਕੱਖ ਦੀ ਗੱਲ ਲੱਖ-ਲੱਖ ਦੀ.......... ਵਿਅੰਗ / ਹਰਦੀਪ ਕੌਰ ਸੰਧੂ (ਡਾ.), ਸਿਡਨੀ

ਇੱਕ ਦਿਨ ਇੰਟਰਨੈਟ ਦੇ ਬਗੀਚੇ 'ਚ ਪੰਜਾਬੀ ਸਾਹਿਤਕ ਮੰਚ (ਪ.ਸ.ਮ.) ਤੇ ਹਿੰਦੀ ਸਾਹਿਤਕ ਮੰਚ (ਹ.ਸ.ਮ) ਘੁੰਮਦੇ-ਘੁੰਮਾਉਂਦੇ ਟੱਕਰ ਪਏ। ਇੱਕ ਦੂਜੇ ਨੂੰ ਦੇਖ ਕੇ ਓਹ ਬਾਗੋ-ਬਾਗ ਹੋ ਗਏ। ਹਾਸੇ-ਠੱਠੇ 'ਚ ਗੱਪੋ-ਗੱਪੀ ਹੁੰਦੇ ਉਹ ਸੁਆਲੋ-ਸੁਆਲੀ ਵੀ ਹੁੰਦੇ ਰਹੇ। ਇਧਰਲੀਆਂ-ਓਧਰਲੀਆਂ ਤੇ ਖੱਟੀਆਂ-ਮਿੱਠੀਆਂ ਮਾਰਦੇ ਮਾਰਦੇ ਤਿੱਖੀਆਂ 'ਤੇ ਉੱਤਰ ਆਏ।

ਹ.ਸ.ਮ -  ਬਾਈ ਥੋਨੂੰ ਹੁਣ ਆਵਦੀ ਰਾਏ ਬਦਲਣੀ ਪਊ।
ਪ.ਸ.ਮ. -  ਕਿਉਂ ਬਦਲੀਏ ? ਨਾਲ਼ੇ ਕਿਹੜੀ ਰਾਏ ?

ਧੀਆਂ - ਅਣਮੁੱਲਾ ਸਰਮਾਇਆ……… ਗੱਜਣਵਾਲਾ ਸੁਖਮਿੰਦਰ

ਬਾਈ ਜੀਉ! ਕੋਈ ਵੇਲਾ ਹੁੰਦਾ ਸੀ ਜਦ ਸਰਮਾਏਦਾਰ ਲੋਕ ਪੁੰਨ ਦਾ ਕੰਮ ਸਮਝ ਕੇ ਤੀਰਥ ਅਸਥਾਨਾਂ ਤੇ ਧਰਮਸ਼ਾਲਾ ਬਣਾਉਂਦੇ ਸਨ  ਤਾਂ ਜੋ ਰਾਹੀ ਪਾਂਧੀ ਬਿਸਰਾਮ ਕਰ ਸਕਣ ਰਾਤਾਂ ਕੱਟ ਸਕਣ । ਪਰ ਅੱਜਕੱਲ ਵੱਡੇ ਵੱਡੇ ਸ਼ਹਿਰਾਂ ਡੇਰਿਆਂ ‘ਚ ਬਿਰਧ ਆਸ਼ਰਮ ਬਣਾਉਣਾ ਵੱਡਾ ਪੁੰਨ ਦਾ ਕਾਰਜ ਸਮਝਿਆ ਜਾਣ ਲੱਗਾ ਹੈ ਤਾਂ ਜੋ ਘਰਾਂ ਚੋਂ ਕੱਢੇ , ਦੁਰਕਾਰੇ  ਬੇਸਹਾਰੇ ਬਜ਼ੁਰਗਾਂ ਨੂੰ ਰਹਿਣ ਲੲ ਿਛੱਤ ਮਿਲ ਸਕੇ।ਦੁਨਿਆਵੀ ਵਰਤਾਰੇ ਨੂੰ ਵੇਹਦਿਆਂ ਐਂ ਲਗਦਾ  ਇਨਾਂ ਦੀ ਲੋੜ ਦਿਨੋ ਦਿਨ ਹੋਰ ਵਧ ਜਾਣੀ ਹੈ ।ਬਿਰਧ ਆਸ਼ਰਮਾਂ ਜਿਨ੍ਹਾਂ ਨੂੰ ਆਪਾਂ ਓਲਡ ਏਜ਼ ਹੋਮ ਵੀ ਕਹਿੰਦੇ ਹਾਂ ਉਥੇ ਜਾ ਕੇ ਵੇਖੀਦਾ ਤਾਂ ਪਤਾ ਲਗਦਾ  ਉਥੇ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਆਏ ਬਹੁਤੇ ਬਜ਼ੁਰਗ ਉਹ ਹੁੰਦੇ ਜੋ ਪੁੱਤਰਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਔਲਾਦ ਨੇ ਸਿਆਣਿਆਂ  ਨਹੀਂ ਹੁੰਦਾ  ਜਿਨ੍ਹਾਂ  ਨੂੰ ਉਨ੍ਹਾਂ ਦੇ ਪੁੱਤ  ਸਾਂਭ ਨਹੀਂ ਸਕੇ ਹੁੰਦੇ । ਪਰ ਉੇਥੇ  ਕੋਈ ਵੀ ਅਜਿਹਾ  ਬਜ਼ੁਰਗ ਨਹੀਂ ਸੀ ਦਿਸਿਆ ਜੋ ਧੀ ਵਾਲਾ ਹੋਵੇ  ਜਿਸ ਨੂੰ  ਉਸ ਦੀ ਧੀ ਸਾਂਭਣ ਤੋਂ ਨਾਬਰ ਜਾਂ ਮੁਨਕਰ ਹੋ ਗਈ  ਹੋਵੇ ।

ਡੋਲੀ ਚੜ੍ਹਨ ਵੇਲੇ ਕੁੜੀਆਂ ਰੋਣੋ ਹਟ ਗਈਆਂ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਬਈ ਸਾਡੇ ਰੋਣ ਦੇ ਵੱਖ ਵੱਖ  ਰੂਪ  ਹੁੰਦੇ ਹਨ । ਜਦ ਕੋਈ ਮਰ ਮੁੱਕ ਜਾਂਦਾ ਹੈ ਤਾਂ ਉਸ ਵੇਲੇ ਦਾ ਰੋਣਾ ਹੋਰ ਹੁੰਦਾ । ਧੂੰਏ ਦੇ ਪੱਜ ਦਾ ਰੋਣ ਦੀਆਂ ਗੱਲਾਂ ਹੋਰ ਹੋਇਆ ਕਰਦੀਆਂ। ਡੂਢ  ਡੂਢ ਲੀਟਰ ਦਾਰੂ ਡੱਫਣ ਪਿਛੋਂ ਸ਼ਰਾਬੀਆਂ ਦਾ ਵਿੱਛੜ ਗਿਆਂ ਨੂੰ ਚੇਤੇ ਕਰਦੇ ਹੋਏ ਰੋ ਰੋ ਨਲੀਆਂ ਦੀਆਂ ਨਦੀਆਂ ਵਹਾ ਦੇਣੀਆਂ ਤੇ ਅੰਦਰੋਂ ਪੱਟ ਪੱਟ ਕੇ ਘੰਗਾਰਾਂ ਨਾਲ ਨਾਲਦਿਆਂ  ਦੀਆਂ ਲੋਈਆਂ  ਲਵੇੜ ਦੇਣਾ, ਇਸ ਰੋਣ ਦੇ  ਮੈਅਨੇ ਹੋਰ ਹੁੰਦੇ  । ਪਰ ਇਕ ਰੋਣਾ ਹੋਰ ਹੁੰਦਾ  ਜੋ ਸਾਰਿਆਂ ਦੇ ਸਾਂਝੇ ਸੱਚ ਨਾਲ ਜੁੜਿਆ ਹੁੰਦਾ ।ਜੋ ਸਭ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੰਦਾ ਹੈ । ਮਾਪਿਆ ਦੇ ਘਰੋਂ ਜਦ ਕਿਸੇ ਧਿਆਣੀ ਦੀ ਡੋਲੀ ਦੇ ਤੁਰਦੀ ਹੈ ਤਾਂ ਉਸ ਵੇਲੇ ਜੋ ਆਪ ਮੁਹਾਰੇ ਅੱਖਾਂ ਚੋਂ ਅੱਥਰੂ ਪਰਲ ਪਰਲ ਵਗ ਤੁਰਦੇ ਹਨ ਤਾਂ ਉਨਾਂ  ਹੰਝੂਆਂ ਹਉਂਕਿਆਂ  ਦੇ ਅਰਥ ਹੀ ਬੜੇ ਵੱਡੇ ਅਥਾਹ ਹੁੰਦੇ ਹਨ  ।

ਸੁਹਾਗਰਾਤ……… ਕਹਾਣੀ / ਅਵਤਾਰ ਸਿੰਘ ਬਸਰਾ ਮੈਲਬੌਰਨ

“ਹੌਲੀ ਬੋਲੋ! ਕਿਸੇ ਨੇ ਸੁਣ ਲਿਆ ਤਾਂ ਕੀ ਮੂੰਹ ਵਿਖਾਵਾਂਗੇ। ਸਵੇਰ ਦੀ ਰੋਈ ਜਾਂਦੀ ਸੀ। ਹਾਉਕੇ ਲੈਂਦੀ-ਲੈਂਦੀ ਹੁਣੇ ਮਸਾਂ ਸੁੱਤੀ ਆ।ਦਿਨ ਚੜਦਾ ਤਾਂ ਵਿਚੋਲਿਆਂ ਨੂੰ ਪਿੱਟਦੀ ਆਂ ਮੈਂ। ਰੱਬ ਨਰਕਾਂ ਵਿਚ ਢੋਈ ਨਾ ਦੇਵੇ ਇਹਨਾਂ ਕੰਜਰਾਂ ਨੂੰ। ਮੈਂ ਤਾਂ ਕਹਿੰਦੀ ਇਹਦੀ ਧੀ ਰੰਡੀ ਹੋਵੇ ਫਿਰ ਪਤਾ ਲੱਗੂ ।” ਹਰਲੀਨ ਦੀ ਮਾਂ ਉਸਦੇ ਪਿਉ ਨੂੰ ਚੁੱਪ ਰਹਿਣ ਲਈ ਵਾਸਤੇ ਪਾ ਰਹੀ ਸੀ। ਪਰ ਖ਼ੁਦ ਆਪਣੀ ਭੈਣ ਦਾ ਸਿਆਪਾ-ਪਿੱਟਣਾ ਕਰ ਰਹੀ ਸੀ। ਅੱਜ ਪੂਰਾ ਦਿਨ ਕਲੇਸ਼ ਹੁੰਦਾ ਰਿਹਾ। ਦੋਸ਼ੀ ਕੌਣ ਸੀ? ਉਸਦੇ ਕਰਮ ਜਾਂ ਵਿਚੋਲਾ? ਪਤਾ ਨਹੀ। ਸਜ਼ਾ ਭੁਗਤ ਰਹੀ ਸੀ, ਹਰਲੀਨ ਤੇ ਉਸਦੇ ਮਾਪੇ। ਪੇਟੀਆਂ ਵਾਲੇ ਕਮਰੇ ਦੀ ਇਕ ਨੁੱਕਰੇ ਰਜਾਈ ਵਿਚ ਮੂੰਹ ਲੁਕਾਈ ਹਰਲੀਨ ਸਭ ਕੁਝ ਸੁਣ ਰਹੀ ਸੀ। ਮਾਂ-ਪਿਉ ਦੇ ਲੱਖ ਵਾਸਤੇ ਪਾਉਣ ਦੇ ਬਾਵਜੂਦ ਵੀ ਸੀਤਾ ਆਪਣੀ ਭੈਣ ਨੂੰ ਅੱਜ ਲੈ ਆਇਆ। ਉਸਤੋਂ ਆਪਣੀ ਭੈਣ ਦੀ ਪਿਛਲੇ ਛੇ ਮਹੀਨਿਆਂ ਤੋਂ ਹੋ ਰਹੀ ਬੁਰੀ ਹਾਲਤ ਵੇਖੀ ਨਾ ਗਈ। ਸੁਹਾਗਰਾਤ ਤੋਂ ਲੈ ਕੇ ਅਜ ਤੱਕ ਛੇਆਂ ਮਹੀਨਿਆਂ ਵਿਚ ਹਰਲੀਨ ਨਿੱਤ ਘੁੱਟ-ਘੁੱਟ ਮਰਦੀ ਰਹੀ। ਉਸਦੇ ਸਹੁਰੇ ਪਿੰਡ ਤੋਂ ਆਂਢੀ-ਗੁਆਂਢੀ ਦੂਜੇ-ਚੌਥੇ ਉਸਦੇ ਪੇਕੇ ਆ ਦਸਦੇ ਕਿ ਤੁਹਾਡੀ ਕੁੜੀ ਨਰਕ ਭੋਗ ਰਹੀ ਹੈ। ਬਥੇਰੀ ਕੁੱਟ-ਮਾਰ ਵੀ ਹੋਈ, ਪਰ ਹਰਲੀਨ ਨੂੰ ਆਪਣੇ ਮਾਪਿਆਂ ਦੀ ਹਾਲਤ ਬਾਰੇ ਪਤਾ ਸੀ। ਇਸ ਲਈ ਉਹ ਚੁੱਪ ਰਹੀ।ਸੀਤਾ ਪਲਾਟ ਤਾਂ ਨਾ ਲੈ ਸਕਿਆ, ਪਰ ਹਰਲੀਨ ਨੂੰ ਲੈ ਆਇਆ।

ਫਿਕਰ ........ ਮਿੰਨੀ ਕਹਾਣੀ / ਲਾਲ ਸਿੰਘ ਦਸੂਹਾ

ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ ,ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾੜੀਦਾਰਾਂ ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।

ਦੂਰ ਹਟਵੇਂ ਛੱਪੜ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ । ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜੀ ‘ਚੋਂ ਟੋਟੋ ਵਿਚ ਇਕ ਸਾਲ ਦੇ

ਬਿਜੜਿਆਂ ਦੇ ਆਲ੍ਹਣੇ.......... ਕਹਾਣੀ / ਰਵੀ ਸਚਦੇਵਾ

ਅੰਤਾਂ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਂਤ ਪਿੰਡ ਦੀਆਂ ਗਲੀਆਂ, ਸੱਪ ਵਾਂਗ ਛੂਕ ਰਹੀਆਂ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੁੱਲਾ ਪੂਰੇ ਜਿਸਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜਿਹੀ ਚੁੱਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ ਸੀ। ਪਿੰਡ ਦੀ ਸੱਥ ਵਿੱਚ ਪੱਸਰਿਆ ਸੰਨਾਟਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ ਸੀ। ਇੱਕ ਦੋ ਘਰਾਂ 'ਚ ਪੈਂਦਾ ਵੈਣ ਪਿੰਡ ਦੀ ਚੁੱਪੀ ਨੂੰ ਤੋੜਣ ਦੀ ਕੋਸ਼ਿਸ ਕਰ ਰਿਹਾ ਸੀ। ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ । ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਪਿੰਡ ਵਾਸੀਆਂ ‘ਤੇ ਛੂਤ ਦਾ ਕਹਿਰ ਹੈ, ਜੋ ਭੂਰੇ ਕਣਕਵੰਨੇ ਰੰਗ ਦੇ ਫਕੋਸਾਇਨੀ ਜਾਤੀ ਦੇ ਛੋਟੇ ਜਿਹੇ ਪੰਛੀ ਬਿਜੜਿਆਂ ਦੇ ਮਰਨ ਕਾਰਨ ਪੈਦਾ ਹੋਇਆ ਹੈ। ਪਤਾ ਨਹੀਂ ਕਿਉਂ... ?  ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਬਿਜੜੇ ਅਚਾਨਕ ਮਰ ਰਹੇ ਸਨ। ਪੜ੍ਹੇ ਲਿਖੇ ਤਬਕੇ ਦੇ ਕੁਝ ਸਿਆਣੇ ਲੋਕ, ਪਿੰਡ ਦੀ ਫ਼ਿਰਨੀ  ‘ਤੇ ਸ਼ਹਿਰ ਜਾਂਦੀ ਸੜਕ ਵਾਲੇ ਪਾਸੇ, ਬਾਹਰ-ਬਾਹਰ ਲੱਗੇ ਕਾਰਖਾਨੇ ਦੀ ਚਿਮਨੀ 'ਚੋਂ ਨਿਕਲਦੇ ਧੂੰਏ ਨੂੰ ਇਸਦਾ ਕਾਰਨ ਮੰਨ ਰਹੇ ਸਨ। 'ਤੇ ਕੁਝ ਕਾਰਖਾਨੇ ਕਾਰਨ ਛੱਪੜ, ਨਦੀ ਦੇ ਲਗਾਤਾਰ ਦੂਸ਼ਿਤ ਹੁੰਦੇ ਪਾਣੀ ਨੂੰ ਮੰਨ ਰਹੇ ਸਨ। ਪਰ…ਇੱਕ ਡਰ ਕਾਰਨ ਚੁੱਪ ਸਨ। ਕਿਉਂਕਿ ਕਾਰਖਾਨਾ ਪਿੰਡ ਦੇ ਬਹੁਤੇ ਲੋਕਾਂ ਦਾ ਦਾਲ-ਫੁਲਕਾ ਤੋਰਕੇ, ਉਨ੍ਹਾਂ ਦਾ ਪੇਟ ਭਰਦਾ ਸੀ। ਚਿਮਨੀ 'ਚੋਂ ਨਿਕਲਦਾ ਇਹ ਧੂੰਆਂ ਪਾਪੀ ਪੇਟ ਦੀ ਹਸਤ ਰੇਖਾ ਹੈ। ਇਸਦੇ ਬੁਝਣ ਨਾਲ ਬਹੁਤੇ ਘਰਾਂ ਦੇ ਚੁੱਲੇ ਠੰਢੇ ਪੈ ਜਾਣੇ ਸਨ। 

ਜਿਉਂਦਾ ਦੁਸਮਣ- ਮਰਿਆ ਦੋਸਤ……… ਕਹਾਣੀ / ਦਰਸ਼ਨ ਸਿੰਘ ਪ੍ਰੀਤੀਮਾਨ

ਰੰਗ-ਬਰੰਗੀ ਦੁਨੀਆ ਦੇਵਿੱਚ ਵਿਚਾਰਾ ਦਾ ਦੋਸਤ ਲੱਭਣਾ ਕੋਈ ਸੌਖਾ ਕਾਰਜ਼ ਨਹੀਂ ਹੈ। ਬੰਦੇ ਦੀ ਪਰਖ ਨਾ ਤਾਂ ਉਸ ਦੇ ਭੇਸ ਤੋਂ ਆਉਂਦੀ ਹੈ ਅਤੇ ਨਾ ਹੀ ਉਸਦੇ ਸਰੀਰ ਤੋਂ। ਕਈ ਵਾਰ ਤਾਂ ਅਸੀਂ ਗੁਣਾ ਦੇ ਗੁਧਲੇ (ਖਜਾਨੇ) ਨੂੰ ਵੀ ਅਣਡਿੱਠਾ ਕਰ ਦਿੰਦੇ ਹਾਂ, ਕਿਉਂਕਿ ਸਾਡੇ ਅਸਲੀ, ਸੱਚੀ ਪਾਰਖੂ ਅੱਖ ਨਹੀਂ ਹੈ। ਉਸ ਸਖਸ ਬਾਰੇ ਕਈ ਗੱਲਾਂ ਅਜਿਹੀਆਂ ਵੀ ਸੁਨਣ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਨਾਲ ਉਸ ਦਾ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕਾਰਨ ਸਪੱਸ਼ਟ ਹੈ ਕਿ ਵੋਟ ਰਾਜ ਹੈ, ਤੱਕੜੇ ਦੀ ਵਹੁਟੀ ਬੀਬੀ ਜੀ, ਮਾੜੇ ਦੀ ਵਹੁਟੀ ਭਾਬੀ ਵਾਲਾ। ਦੂਜਾ ਦੁਨੀਆਂ ਦੇ ਬੰਦਾ ਹੀ ਡੇਢ ਹੈ, ਹਰ ਵਿਅਕਤੀ ਇਹੋ ਸੋਚਦਾ ਹੈ ਕਿ ਮੈਂ ਪੂਰਾ ਹਾਂ, ਅੱਗੇ ਖੜਾ ਦੂਜਾ ਬੰਦਾ ਅੱਧਾ ਹੀ ਹੈ। ਕਈ ਵਿਅਕਤੀ ਸਮਾਜ ਪ੍ਰਤੀ ਮੋਹ ਰੱਖਦੇ ਹਨ ਅਤੇ ਚੰਗੇ ਕੰਮ ਕਰਕੇ ਆਪਣੀ ਇੱਜਤ ਬਣਾਉਂਦੇ ਹਨ ਪਰ ਕਈ ਅਗਾਂਹ-ਵਧੂ ਬੰਦੇ ਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਿਨ੍ਹਾਂ ਕੁਝ ਕੀਤੇ ਆਪਣੇ ਫੋਕੇ ਨੰਬਰ ਬਣਾਉਂਦੇ ਹਨ। ਹੈਰਾਨ ਹੋਈ ਦਾ ਹੈ, ਇਹੋ ਜਿਹੇ ਇਨਸਾਨਾ ਦੀ ਵਿਚਾਰਧਾਰਾ ਬਾਰੇ ਜਾਣਕੇ।

ਬੇਲਿਬਾਸ ਮੁਹੱਬਤ.......... ਕਹਾਣੀ / ਬਲਰਾਜ ਸਿੱਧੂ, ਯੂ. ਕੇ.

ਡੋਨਾ ਪਾਉਲਾ ਦੀ ਅਮਰ ਪ੍ਰੇਮ ਕਥਾ
 
ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.

ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ। ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ ਹਨ।

ਤਿੰਨਾਂ ਘੰਟਿਆਂ ‘ਚ ਆਪਣੇ ਆਪ ਨੂੰ ਲੁਟਾਉਣ ਵਾਲਾ ਦਿਨ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਇਕ ਇਕ ਕਰਕੇ ਦੁਆਬੀਏ ਮਾਸੜ  ਦੇ  ਚੌਥੇ  ਨੰਬਰ ਵਾਲੇ ਸੱਭ ਤੋਂ ਛੋਟੇ ਮੁੰਡੇ ਦੇ ਮੂੰਹ ਨੂੰ ਛੁਹਾਰਾ  ਛੁਹਾਉਣ ਵਾਲਾ ਦਿਨ ਵੀ ਆ ਗਿਆ । ਟੈਂਟ ਵਾਲੀਆਂ ਕੁਰਸੀਆਂ ਤੇ ਬੈਠੇ ਆਏ ਗਏ ਜੁਆਈ ਭਾਈ ਫੂਫੜਾਂ ਮੇਲੀਆਂ  ਨਾਲ ਭੁਜੀਏ ਬਦਾਨੇ ਨਾਲ ਘੁਟਾਂ ਵੱਟੀ ਚਾਹ ਪੀਂਦੇ  ਦੋ ਕੁ ਮਹੀਨਿਆਂ ਨੂੰ ਹੋ ਰਹੀਆਂ ਅਸੰਬਲੀ ਚੋਣਾਂ ਤੇ ਮਗਜ਼ ਮਾਰੀ ਕਰ ਰਹੇ ਸਾਂ ਕਿ ਅਚਾਨਕ ਹੀ ਵੱਡੇ ਗੇਟ ਥਾਣੀ ਇਕ ਪੇਟੀਆਂ ਅਲਮਾਰੀਆਂ ਨਾਲ ਭਰੇ ਕੈਂਟਰ ਨੇ ਆ ਮੂੰਹ ਕੱਢਿਆ। ਅਜੇ ਡਾਲਾ ਲਾਹਿਆ ਹੀ ਸੀ ਕਿ ਘਰਵਾਲੇ   ਸਮਾਨ ਨੂੰ ਐਂ ਲਾਹੁਣ ਪੈ ਗਏ  ਜਿਵੇ ਪੱਲੇਦਾਰ ਮੰਡੀ’ਚ ਆਈ ਝੋਨੇ ਦੀ ਟਰਾਲੀ ਨੂੰ ਚੌਹਾਂ ਪਾਸਿਆਂ ਤੋਂ ਘੇਰ ਲੈਂਦੇ ਹੁੰਦੇ  ।ਬੜੀ ਜੁਗਤ ਨਾਲ ਰੱਸਿਆਂ ਨਾਲ ਬੰਨ੍ਹੈ ਹੋਏ ਲੱਦੇ ਹੋਏ ਹੋਏ  ਸਮਾਨ ਨੂੰ ਵੇਖਿਆ ਤਾਂ ਬੜੀ ਹੈਰਾਨੀ ਹੋਈ ; ਐਨੀ ਦਸ ਕੁਅੰਟਲ ਲੱਕੜ ਨੂੰ ਮਾਸੀ  ਹੁਰੀਂ ਸਾਂਭਣਗੇ ਕਿਵੇਂ। ਮੁੰਡਿਆਂ ਨੂੰ ਤਾਂ ਚੱਜ ਨਾਲ ਸੌਣ ਲਈ ਇਕ ਇਕ ਕਮਰਾ ਵੀ ਨਹੀਂ ਆਉਂਦਾ। ਮੀਂਹ ਕਣੀ ਆ ਜੇ ਤਾਂ , ਕੋਈ ਦਲਾਨ ‘ਚ ਕੋਈ ਬਰਾਂਡੇ ‘ਚ ਕੋਈ ਵਾੜੇ ‘ਚ  ਸੌਂ ਕੇ ਬੁੱਤਾ ਸਾਰਦਾ  ।ਸੱਭ ਤੋਂ ਪਹਿਲਾਂ ਕੈਂਟਰ ਤੋਂ ਇਕ ਡਾਈਨਿੰਗ ਟੇਬਲ ਹੋਰ ਉਤਰਦਾ ਵੇਖਿਆ ਤਾਂ ਖਿਆਲ ਆਇਆ ਪਹਿਲੇ ਜੋ ਤਿੰਨ ਆਏ ਸੀ ਸਾਰੇ ਸੁੱਚੇ ਦੇ ਸੁੱਚੇ ਅਣਲੱਗ ਪਏ ਹਨ ; ਉਨਾਂ ‘ਤੇ ਕਿਸੇ ਨੇ ਇਕ ਦਿਨ ਵੀ  ਬੈਠ ਕੇ ਰੋਟੀ ਨਹੀਂ ਖਾਧੀ । ਇਕ ਦਾ ਮੇਜ਼ ਵਰਤੋਂ ‘ਚ ਹੈ ਜਿਸ ਤੇ ਡਿਨਰ ਲੰਚ ਕਰਨ ਦੀ ਬਜਾਏ ਖੇਸ ਵਿਛਾਇਆ ਹੈ ਤੇ ਕੱਪੜੇ ਪਰੈਸ ਕੀਤੇ ਜਾਂਦੇ ਹਨ  ।ਬਾਕੀ ਦੇ ਐਸ ਵੇਲੇ  ਘੁਣ ਖਾਧੀਆਂ ਕੁਰਸੀਆਂ ਸਣੇ ਪੁਰਾਣੀ  ਸਵਾਤ ‘ਚ ਹੇਠ ਉਤੇ ਐਂ ਪਏ ਆ ਜਿਵੇਂ ਐਜੁਕੇਸ਼ਨ ਬੋਰਡ ਦੀ ਰਿਕਾਰਡ ਬਰਾਂਚ ‘ਚ  ਪੁਰਾਣਾ ਫਰਨੀਚਰ ਪਿਆ ਹੋਵੇ।ਫਿਰ ਜਦ ਪੰਜਾਂ ਜਾਣਿਆ ਨੇ  ਹਾਥੀ ਵਰਗਾ  ਸੋਫਾ ਥੱਲੇ ਲਾਹ ਕੇ ਰੱਖਿਆ ਤਾਂ  ਵੇਖ ਕੇ ਲੱਗਿਆ ਇਹ ਕਿੰਨੇ ਕੁ ਦਿਨ ਚੱਲੂ ; ਜੁਆਕਾਂ ਨੇ ਚਾਅ ਚਾਅ ‘ਚ ਪੁੱਠੀਆਂ ਛਾਲਾਂ ਮਾਰ ਮਾਰ ਕੇ ਸਪਰਿੰਗ ਐ ਬਾਹਰ ਦਿਸਣ ਲਾ ਦੇਣੇ ਜਿਵੇਂ ਬਟਿੰਡੇ ਵਾਲੇ ਥਰਮਲ ਦੀਆਂ ਚਿਮਨੀਆਂ  ਦੂਰੋਂ  ਦਿਸਦੀਆਂ ਹੁੰਦੀਆਂ ।ਫਿਰ ਜਦ ਦੋ ਜਣੇ  ਡਰੈਸਿੰਗ ਟੇਬਲ ਲਾਹੁਣ ਲੱਗੇ ਤਾਂ ਉਸ ਦੇ ਮਾੜੇ ਬੰਦੇ ਦੇ ਕੱਦ  ਜਿਡੇ  ਸ਼ੀਸ਼ੇ ਦੀਆਂ    ਤਿੰਨ ਫਾਕੜਾਂ ਹੋ ਗਈਆਂ ।ਵੇਖ ਕੇ ਲੱਗਿਆ ਨਾ ਕਿਸੇ ਨੇ ਨਵਾਂ  ਸ਼ੀਸਾਂ ਪਆਉਣਾ ਘਰਦਿਆਂ ਤੋਂ ਮੈਲ ਨਾਲ ਭਰਿਆਂ ਕੰਘਿਆਂ ‘ਚ ਫਸੇ ਸਿਰਾਂ ਦੇ ਵਾਲ ਤਾਂ ਕੱਢ ਕੇ ਸਿੱਟੇ ਨਹੀਂ ਜਾਂਦੇ ;  ਕਰੀਮਾਂ ਪਾਲਸ਼ਾਂ ਰੱਖਣ ਦੀ ਥਾਂ  ਬਕਸੇ ‘ਚ ਹੋਰ ਚੌਹਾਂ ਮ੍ਹੀਨਿਆਂ ਨੂੰ ਖੰਘ ਦੀਆਂ ਸ਼ੀਸ਼ੀਆਂ ਪਈਆਂ ਦਿਸਣਗੀਆਂ ।ਕੁਲ ਮਿਲਾ ਕੇ ਐਂ ਲੱਗਿਆ  ਬਈ  ਕੁੜੀਆਂ ਵਾਲੇ ਰੀਸੋ ਰੀਸ ਦੇਈ ਜਾਂਦੇ ਆ ਤੇ ਮੁੰਡੇ ਵਾਲੇ ਲੋੜ ਹੈ ਜਾਂ ਨਹੀਂ ਅੱਗਾ ਨਹੀਂ ਵੇਖਦੇ ਪਿੱਛਾ ਨ੍ਹੀ ਵੇਖਦੇ ਘੁੰਨੇ ਜੇਹੇ ਹੋ ਕੇ ਲਈ ਜਾਂਦੇ ਆ।

ਗਾਂਧੀ ਜੀ ਬਿਮਾਰ ਪੁਰਸੀ ਲਈ ਆਏ.......... ਕਹਾਣੀ / ਮੁਹਿੰਦਰ ਸਿੰਘ ਘੱਗ

ਜ਼ਿੰਦਗੀ ਦੇ ਅਠਵੇਂ ਦਹਾਕੇ ਦੀ ਸਰਦਲ ਤੇ ਪੈਰ ਕਾਹਦਾ ਧਰਿਆ ਕਿ ਆਏ ਦਿਨ ਕੋਈ ਨਾ ਕੋਈ ਚੂਲ ਵਿੰਗੀ ਹੋਣ ਲਗ ਪਈ। ਚੀਸਾਂ ਦਰਦਾਂ ਦੇ ਖੁਲੇ ਗੱਫੇ ਮਿਲ ਗਏ।  ਦਿਨ ਭਰ ਭੱਜਾ ਫਿਰਨ ਵਾਲਾ ਬੰਦਾ ਬਸ ਆਰੀ ਹੋ  ਕੇ ਰਹਿ ਗਿਆ। ਮਾਯੂਸੀ ਦਿਲ ਦਿਮਾਗ ਤੇ ਹਾਵੀ ਹੋਣ ਲੱਗੀ। ਕਿਸੇ ਭੱਖੜੇ ਦੀਆਂ ਪਿੰਨੀਆਂ ਦਾ ਸੁਝਾ ਦਿਤਾ, ਕੋਈ ਅੱਲਸੀ ਦੀ ਵਰਤੋਂ ਕਰਨ ਨੂੰ ਕਹਿੰਦਾ। ਭਾਰ ਘਟਾਉਣ ਲਈ ਮੀਲ ਦੋ ਮੀਲ ਤੁਰਿਆ ਕਰ ਦੇ ਸੁਝ੍ਹਾ ਆਏ। ਗੋਡੇ ਤਾਂ ਪੰਜਾਲੀ ਸੁਟ ਬੈਠੇ, ਤੁਰਾਂ ਤੇ ਕਿਦਾਂ ਤੁਰਾਂ। ਦੇਸੀ ਦਵਾਈਆਂ ਦਾ ਓਹੜ ਪੋਹੜ ਕੀਤਾ, ਐਲੋਪੈਥਕ ਕੈਪਸੂਲ ਵਰਤੇ, ਲੇਪਾਂ ਕੀਤੀਆਂ ਪਰ ਮਕਰੇ ਬਲਦ ਵਾਂਗ ਠਰਿਆ ਗੋਡਾ ਬਸ ਨਾਂਹ ਹੀ ਕਰ ਗਿਆ। ਮੇਰੇ ਡਾਕਟਰ ਨੇ ਸਰਜਰੀ ਦਾ ਸੁਝ੍ਹਾ ਦਿਤਾ ਤਾਂ ਨਾ ਚਾਹੂੰਦਿਆਂ ਹੋਇਆਂ ਵੀ ਮਰਦਾ ਕੀ ਨਾ ਕਰਦਾ ਦੇ ਅਖਾਣ ਅਨੁਸਾਰ ਡਾਕਟਰ ਦੀ ਛੁਰੀ ਅਗੇ ਧੌਣ ਸੁਟ ਦਿਤੀ ।

ਸਬਕ……… ਕਹਾਣੀ / ਤਨੀਸ਼ਾ ਗੁਲਾਟੀ

ਪਿਆਰੇ ਤੇ ਸਤਿਕਾਰਿਤ ਪਾਠਕ ਵੀਰੋ !
ਇਹ ਕਹਾਣੀ ਐਡੀਲੇਡ ਵਿਖੇ ਛੇਵੀਂ ਜਮਾਤ ‘ਚ ਪੜ੍ਹਦੀ ਮੇਰੀ ਬੇਟੀ ਤਨੀਸ਼ਾ ਨੇ ਲਿਖੀ ਹੈ । ਉਸਨੇ ਇਹ ਕਹਾਣੀ ਅੰਗ੍ਰੇਜ਼ੀ ‘ਚ ਲਿਖੀ ਸੀ ਪਰ ਕੁਝ ਸਨੇਹੀਆਂ ਵੱਲੋਂ ਇਸਨੂੰ ਪੰਜਾਬੀ ‘ਚ ਤਰਜ਼ਮਾ ਕਰਨ ਦੀ ਸਲਾਹ ਮਿਲੀ ਹੈ । ਸੋ, ਆਪ ਜੀ ਦੀ ਕਚਿਹਰੀ ‘ਚ ਇਹ ਕਹਾਣੀ ਹਾਜ਼ਰ ਹੈ । “ਹਰਮਨ ਰੇਡੀਓ”, ਅਮਨਦੀਪ ਸਿੱਧੂ ਤੇ ਮਿੰਟੂ ਬਰਾੜ ਹੋਰਾਂ ਦਾ ਹਾਰਦਿਕ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਰੇਡੀਓ ‘ਤੇ ਪ੍ਰੋਗਰਾਮ “ਦਿਲ ਵਾਲੀ ਗੱਲ” ‘ਚ ਤਨੀਸ਼ਾ ਨਾਲ਼ ਗੱਲਬਾਤ ਕਰਕੇ ਉਸਦਾ ਹੌਸਲਾ ਵਧਾਇਆ ਹੈ । ਇਹ ਗੱਲਬਾਤ ਵੀ ਪੇਸ਼ ਹੈ ।

ਰਿਸੀ ਗੁਲਾਟੀ
 


ਇੱਕ ਦਿਨ ਸਿ਼ਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ ਬੜੀ ਨਿਮਰਤਾ ਨਾਲ਼ ਬੋਲਿਆ...

ਪੋਤੀ ਦੀ ਜੀਪ ਵਾਲਾ ਬਾਬਾ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਚਾਹੇ ਜ਼ਮਾਨੇ ਦੀ ਸੋਚ ਬਹੁਤ ਅੱਗੇ ਲੰਘ ਗਈ ਹੈ ਪਰ ਸਾਡੀ  ਮਾਨਸਿਕਤਾ ਅਜੇ ਵੀ ਸੌ ਸਾਲ ਪਿਛੇ ਖੜੀ ਹੈ ।ਕੁੜੀ ਜੰਮ ਪੈਂਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੁਣ ਤਾਂ ਵੱਡੇ ਘਾਟੇ ਦੀ ਸ਼ੁਰਆਤ ਹੋ ਗਈ  ।ਦੂਜੀ ਵਾਰ  ਕੁੜੀ ਹੋ ਜਾਵੇ ਤਾਂ ਜਾਣੋ ਰਹਿੰਦਾ ਹੀ ਫੱਕਾ ਨਹੀਂ । ਪਰ ਇਹ ਨਹੀਂ ਸੋਚਦੇ ਇਨ੍ਹਾਂ ਨੇ ਹੀ ਮਾਵਾਂ ਬਣਨਾ ਤੇ ਸੰਸਾਰ ਨੂੰ ਅੱਗੇ ਤੋਰਨਾ ।ਬਹੁਤੇ ਤਾਂ ਕੁੜੀ ਦੇ ਜੰਮਣਸਾਰ ਹੀ ਆਉਣ ਵਾਲੇ ਵੀਹ ਸਾਲਾਂ ਦੇ ਫਿਕਰ ਨੂੰ ਲੈ ਬੈਠਦੇ ਤੇ ਵੱਡੇ ਝੋਰਿਆਂ ‘ਚ ਪਾ ਕੇ ਪਾਰੇ ਵਧਾ ਲੈਂਦੇ ਹੌਂਅਕਾ ਜੇਹਾ ਖਿੱਚ ਕੇ ਆਪਣੀ ਚੰਗੀ ਭਲੀ ਦੁਨੀਆਂ ਉਦਾਸ  ਕਰ ਲੈਂਦੇ  ।

ਪਿੰਡਾਂ ‘ਚ ਅੱਜ ਤੋਂ ਚਾਲੀ ਪੰਜਾਹ ਸਾਲ  ਪਹਿਲਾਂ ਕੁੜੀ ਜੰਮ ਪੈਂਦੀ ਤਾਂ ਉਸ ਨੂੰ  ਅਫੀਮ ਘੋਲ ਕੇ ਜਾਂ  ਜ਼ਹਿਰ ਚਟਾ ਕੇ ਜਾਂ ਭੋਰਾ ਭਰ ਨੂੰ  ਠੰਡੇ ਠੁਰਕ ਪਾਣੀ ਨਾਲ ਈ ਨੁਹਾ ਕੇ ਅਗਾਂਹ ਤੋਰ ਦਿੰਦੇ ।ਪਰ ਤਰੱਕੀ ਕਰ ਲਈ  ਆਪਣੇ ਆਪ ਨੂੰ ਰੱਬ ਦਾ ਰੂਪ ਕਹਾਉਣ ਵਾਲੇ  ਲੋਕਾਂ ਨੂੰ ਜ਼ਿਦਗੀ ਬਖਸ਼ਣ ਵਾਲੇ ਡਾਕਟਰ ਈ ਜੰਮਣ ਤੋਂ ਪਹਿਲੇ ਭਰੂਨ ਦਾ  ਈ ਮਾਮਲਾ  ਸਾਫ ਕਰ ਦਿੰਦੇ।

ਪਿੜੀਆਂ.......... ਕਹਾਣੀ / ਲਾਲ ਸਿੰਘ ਦਸੂਹਾ

ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗੜ੍ਹਕ ਸੁਣਾਈ ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖੜਾਕ – “ ਕ੍ਹੇੜਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ....।“ ਇਹ ਦੁਰਗਾ ਸੀ ,ਢੱਕਾਂ ‘ਤੇ ਹੱਥ ਰੱਖੀ ਦਰਵਾਜ਼ੇ ਵਿਚ ਖੜ੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ‘ਚ ਘੁੱਟੀ ਰੱਖਦਾ ਸੀ , ਕਿੰਨੇ ਸਾਰੇ ਨਿੱਘ ਸਨੇਹ ਨਾਲ । ਖੜ੍ਹੇ ਖੜੋਤੇ ਉਹ ਅੱਖਾਂ ‘ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹੜੇ ‘ਚ  ਡਿੱਠੀ ਮੰਜੀ ‘ਤੇ  । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਿਨ੍ਹਾਂ ‘ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ । ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ , ਮਿੱਟੀ-ਘੱਟੇ ਨਾਲ

ਰੇਪ.........ਕਹਾਣੀ / ਕੇ. ਸੀ. ਮੋਹਨ

ਜਰਨੈਲ ਫੈਕਟਰੀ ਤੋਂ ਲੇਟ ਡਿਊਟੀ ਭੁਗਤਾ ਕੇ ਪਰਤਿਆ ਹੈ। ਉਹਦੇ ਹੱਥ ਵਿੱਚ ਸ਼ਾਮ ਦਾ ਅਖਬਾਰ ਹੈ।

ਨਿਆਣੇ ਸੌਂ ਗਏ ਹਨ। ਨਸੀਬ ਕੌਰ ਅੱਧ ਸੁੱਤੀ ਪਈ ਹੈ। ਉਹ ਵੀ ਛੇ ਵਜੇ ਹੀ ਕੰਮ ਤੋਂ ਮੁੜੀ ਹੈ। ਇਹ ਵੀ ਪਹਿਲਾਂ ਇਸ ਕਰਕੇ ਕਿ ਅੱਜ ਕੋਈ ਓਵਰ ਟਾਈਮ ਨਹੀਂ ਸੀ। ਨਸੀਬ ਕੌਰ ਨੇ ਘਰ ਆ ਕੇ ਰੋਟੀ ਟੁੱਕ ਬਣਾਇਆ ਹੈ, ਬੱਚਿਆਂ ਨੇ ਖਾ ਲਿਆ ਹੈ। ਨਸੀਬ ਕੌਰ ਸੋਫੇ ’ਤੇ ਪਿੱਠ ਸਿੱਧੀ ਕਰ ਰਹੀ ਹੈ। ਉਹ ਥੱਕੀ ਪਈ ਹੈ। ਚਕਨਾਚੂਰ , ਆਦਮੀਆਂ ਦੇ ਬਰਾਬਰ ਦਾ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ। ਦਾਲਾਂ , ਸਬਜੀਆਂ, ਸਫਾਈ, ਸਿਲਾਈ, ਧੁਲਾਈ ਤੇ ਕੀ ਨਾ ਕੀ। ਉਹਨੂੰ ਜੋਰਾਂ ਦੀ ਨੀਂਦ ਆ ਰਹੀ ਹੈ ਪਰ ਜਰਨੈਲ ਨੇ ਅਜੇ ਰੋਟੀ ਖਾਣੀ ਹੈ।

ਬਾਬਾ ਜੀ ਸੁਣਦੇ ਪਏ ਹੋ......... ਵਿਅੰਗ / ਯੁੱਧਵੀਰ ਸਿੰਘ, ਆਸਟ੍ਰੇਲੀਆ

ਬਾਬਾ ਜੀ ਸੁਣਦੇ ਪਏ ਹੋ ਕਿ ਦੇਖਦੇ ਪਏ ਹੋ ਕਿ ਕਿਵੇਂ ਗੋਰਖਧੰਦਾ ਚੱਲ ਰਿਹਾ ਹੈ, ਤੁਹਾਡੇ ਨਾਮ ਤੇ ? ਕੋਈ ਤੁਹਾਡਾ ਨਾਮ ਜਪਾ ਰਿਹਾ ਹੈ ਤੇ ਕੋਈ ਤੁਹਾਡੇ ਦਰਸ਼ਨ ਕਰਵਾ ਰਿਹਾ ਹੈ । ਕੁਝ ਇਹ ਕੰਮ ਮੁਫਤ ਵਿਚ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਿਟ ਕਾਰਡ ਤੋਂ ਵੀ ਪੇਮੈਂਟ ਲੈ ਰਹੇ ਹਨ । ਤੁਸੀਂ ਤਾਂ ਆ ਕੇ ਦੁਨੀਆ ਤਾਰਨ ਦੀ ਕੋਸ਼ਿਸ ਕੀਤੀ ਤੇ ਤੁਹਾਡੇ ਨਾਮ ਤੇ ਕੁਝ ਭਗਤ ਦੁਨੀਆਂ ਨੂੰ ਫਿਰ ਤੋਂ  ਅੰਧਵਿਸ਼ਵਾਸ ਵਿਚ ਵਾੜਨ ਤੇ ਲੱਗੇ ਹੋਏ ਹਨ । ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ ? ਪਰ ਸਾਡੇ ਬਾਬਾ ਸ਼ਿੰਦਾ ਤੜਥੱਲੀ ਜੀ ਐਸੇ ਮਹਾਰਾਜ ਹਨ ਕਿ ਐਸੀਆਂ ਮਿੱਠੀਆਂ ਗੱਲਾਂ ਦੇ ਚੱਕਰਾਂ ਵਿਚ ਪਾਉਂਦੇ ਹਨ ਕਿ ਲੋਕ ਆਏ ਕੁਝ ਲੈਣ ਹੁੰਦੇ ਹਨ, ਪਰ ਦੇ ਕੇ ਹੀ ਜਾਂਦੇ ਨੇ । ਬਾਬਾ ਜੀ ਤੁਹਾਡੇ ਨਾਮ ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖੜੀਆਂ ਕਰ ਦਿੱਤੀਆ ਕਿ ਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਿਚ ਸਾਡੇ ਵਰਗੇ ਆਮ ਲੋਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ, ਕਿਉਂਕਿ ਸਾਡੇ ਕੱਪੜੇ ਵਧੀਆ ਨਹੀਂ ਪਾਏ ਹੁੰਦੇ । ਅਸੀਂ ਵੇਖਣ ਨੂੰ ਨੀਵੀਂ ਜਾਤ ਦੇ ਹਾਂ । ਹੋਰ ਤਾਂ ਹੋਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੋਂ ਲੈ ਕੇ ਜਾਣੇ ਪੈਂਦੇ ਹਨ ਕਿ ਸਾਡੇ ਖਾਣ ਨਾਲ ਕਿਤੇ ਗੁਰੂਘਰ ਦੇ ਭਾਂਡੇ ਹੀ ਨਾ ਭ੍ਰਿਸ਼ਟ ਹੋ ਜਾਣ । ਬੜੇ ਬੜੇ ਆਪੋ ਬਣੇ ਬੁੱਧੀਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਿਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆਂ ਦੀ ਨਜ਼ਰ ਵਿਚ ਸਾਨੂੰ ਤੁਹਾਡੇ ਨਾਲ ਜੋੜ ਰਹੇ ਹਨ ਪਰ ਗਲ ਦੇ ਵਿਚ ਲੌਕਟ ਆਪਣੇ ਪਵਾ ਰਹੇ ਹਨ । ਸੱਚ ਬੋਲਣ ਦੀ ਮਨਾਹੀ ਹੈ, ਤੁਹਾਡੇ ਨਾਮ ਤੇ ਬਣੇ ਗੁਰੂਘਰਾਂ ਵਿਚ ।

ਉੁਮਰ ਪਰਖਾਂ ਕਰਨ ‘ਚ ਹੀ ਲੰਘਾਤੀ......... ਵਿਅੰਗ / ਗੱਜਣਵਾਲਾ ਸੁਖਮੰਦਰ

ਧਾਰਮਿਕ ਸੰਸਾਰ  ਵਿੱਚ  ਸਾਰੇ ਹੀ ਦਾਰੂ ਦੇ ਇਸਤੇਮਾਲ ਦੇ ਬਰ-ਖਿਲਾਫ  ਹਨ ਤੇ ਦੁਹਾਈਆਂ ਪਾਉਂਦੇ ਹੋਏ ਕਹਿ  ਰਹੇ ਹਨ ਕਿ ਇਹ ਅਕਲ ਤੇ ਪਰਦਾ ਪਾ ਦਿੰਦੀ ਹੈ ਸਾਰੀਆਂ ਤਬਾਹੀਆਂ ਦਾ ਕਾਰਨ ਇਹ ਹੀ ਹੈ । ਪਰ ਫਿਰ ਵੀ  ਦੁਨੀਆਂ ਇਸ ਪਿਛੇ   ਪਾਗਲ ਹੋਈ ਭੱਜੀ ਫਿਰਦੀ ਹੈ ।

ਸਾਡਾ ਫਰੀਦਕੋਟੀਆ ਮਾਸੜ   ਪੈਂਹਠਾਂ  ਨੂੰ ਅੱਪੜ ਗਿਆ  ਪਰ ਆਥਣ ਵੇਲੇ ਨਾਂਗਾ ਨਹੀਂ ਪੈਣ ਦਿੰਦਾ  ।ਪਤਾ ਨਹੀਂ ਕਿੰਨੇ  ਡਰੱਮ ਕੈਨੀਆ ਖਾਲੀ ਕਰ ਗਿਆ  ਪਰ ਸਬਰ ਨਹੀਂ ਆਇਆ ।ਮੂੰਹ ਮੱਥੇ ਤੋਂ ਐਂ ਲੱਗਦਾ ਜਿਵੇਂ ਬਲਾਕ ਸੰਤੀ ਦਾ ਚੇਅਰਮੈਨ ਰਿਹਾ ਹੁੰਦਾ ।ਦਾਰੂ ਬਾਰੇ ਉਸ ਦੀ ਰਾਏ ਜਿਵੇਂ ਜਿਵੇਂ ਸੁਰਜ ਅੱਗੇ ਵਧਦਾ ਜਾਂਦਾ ਨਾਲ ਦੀ ਨਾਲ ਬਦਲਦੀ ਜਾਂਦੀ ਹੈ।  ਸਵੇਰੇ ਸਵੇਰੇ ਉਸ ਦੀ ਰਾਏ ਹੋਰ ,ਦੁਪੈਹਰ ਵੇਲੇ ਹੋਰ ਤੇ ਫਿਰ ਜਿਉਂ ਜਿਉਂ ਦਿਨ ਢਲਦਾ ਜਾਂਦਾ ਹੈ ਤੇ ਸ਼ਾਮ ਹੋ ਜਾਂਦੀ ਹੈ ਤਾਂ ਉਸਦਾ ਫਲਸਫਾ ਬਦਲਦਾ ਬਦਲਦਾ ਬਦਲ ਹੀ ਜਾਂਦਾ।
 

ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ


ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ  ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ   ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ  । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।

ਜੰਬੋ-ਬੋਨ......... ਕਹਾਣੀ / ਰਤਨ ਰੀਹਲ (ਡਾ:)


ਰਾਬਰਟ ਦਾ ‘ਨਿੱਕ ਨੇਮ’ ‘ਰੌਬ’ ਹੈ। ਉਹ ਸਕਾਟਲੈਂਡ ਤੋਂ ਆਣ ਕੇ ਇੰਗਲੈਂਡ ਦੇ ਇਲਾਕੇ ਵੈਸਟ ਮਿੱਡਲੈਂਡ ਵਿੱਚ ਵਸਿਆ ਹੋਇਆ ਹੈ। ਰੌਬ ਦਾ ਐਲਮੀਨੀਅਮ ਦੇ ਕਾਰਾਂ ਦੇ ਪੁਰਜੇ ਬਣਾਉਣ ਦਾ ਡਾਈ-ਕਾਸਟਿੰਗ’ ਦਾ ਇੱਕ ਤਕੜਾ ਕਾਰਖਾਨਾ ਹੈ। ਜਿਸ ਵਿੱਚ ਸੌ ਕੁ ਤੋਂ ਉੱਪਰ ਗੋਰੇ ਕਾਲੇ ਕਰਮਚਾਰੀ ਕੰਮ ਕਰ ਰਹੇ ਹਨ। ਰੌਬ ਦਾ ਕੁੱਤਾ ਅੱਜ ਸਵੇਰ ਦਾ ਹੀ ਭੌਂਕਣੋ ਨਹੀਂ ਹਟਿਆ। ਰੌਬ ਕੱਲ੍ਹ ਰਾਤੀਂ ਘਰ ਜਾਣ ਲੱਗਿਆ ਹੀ ਦਫਤਰ ਦੇ ਸਾਰੇ ਕਲਰਕਾਂ ਨੂੰ ਦੱਸ ਗਿਆ ਸੀ ਕਿ ਉਹ ਕੁੱਤੇ ਵਾਸਤੇ ਸਵੇਰ ਦਾ ਖਾਣਾ ਰੱਖ ਚੱਲਿਆ ਹੈ ਅਤੇ ਉਸਨੇ ਕੁੱਤੇ ਦੇ ਖਾਣੇ ਬਾਰੇ ‘ਡੇਵ’ ਨੂੰ ਸਭ ਸਮਝਾ ਦਿੱਤਾ ਹੈ। ਉਹ ਸਵੇਰੇ ਸਿੱਧਾ ਹੀ ਮੀਟਿੰਗ ਉਪਰ ਚਲਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹੀ ਦਫਤਰ ਆਵੇਗਾ। ਉਸਨੇ ਸਾਰੇ ਕਲਰਕਾਂ ਨੂੰ ਕਾਮਿਆਂ ਦੀ ਹੜਤਾਲ ਬਾਰੇ ਸਮਝਾਉਂਦਿਆਂ ਹੋਇਆ ਕਿਹਾ ਸੀ ਕਿ ਸੇਲਜ਼-ਮੈਨੇਜਰ ਕਹਿੰਦੇ ਹਨ ਕਿ ਕੰਪਨੀ ਨਾਲ ਮੀਟਿੰਗ ਵੇਲੇ ਮੇਰਾ ਉਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਉਸਨੂੰ ਸਵੇਰੇ ਕਾਰ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਵਿੱਚ ਜਾਣਾ ਜ਼ਰੂਰੀ ਹੈ ਜਿਸ ਵਿੱਚ ਉਹ ਹੜਤਾਲੀਆਂ ਵਾਸਤੇ ਪੁਰਜ਼ੇ ਬਣਾਉਣ ਵਾਸਤੇ ਵਾਧੂ ਕੀਮਤ ਮਨਜੂਰ ਕਰਵਾ ਸਕੇ। ਅੱਜ ਦਫਤਰ ਦੇ ਸਾਰੇ ਵਿਹਲੇ ਕਰਮਚਾਰੀ ਉੱਠ ਉੱਠ ਉਸਦੇ ਭੌਂਕ ਰਹੇ ਕੁੱਤੇ ਵੱਲ ਵੇਖ ਰਹੇ ਹਨ। ਕੁੱਤਾ ਰੌਬ ਦੇ ਦਫਤਰ ਦੀਆਂ ਤਾਕੀਆਂ ਨੂੰ ਪੈਰਾਂ ਦੇ ਪੰਜਿਆਂ ਨਾਲ ਝਰੀਟੀ ਜਾ ਰਿਹਾ ਹੈ ਅਤੇ ਉੱਚੀ ਉੱਚੀ ਭੌਂਕ ਰਿਹਾ ਹੈ। ਕੁੱਤਾ ਕਦੇ ਬਾਹਰ ਹੜਤਾਲ ਉਪਰ ਖੜ੍ਹੇ ਕਾਮਿਆਂ ਵੱਲ ਮੂੰਹ ਚੁੱਕ ਚੁੱਕ ਭੌਂਕ ਰਿਹਾ ਹੈ ਅਤੇ ਕਦੇ ਦਫਤਰ ਵਿੱਚ ਖਿੱਲੀਆਂ ਉਡਾਉਂਦੇ ਕਾਮਿਆਂ ਵੱਲ ਝਈਆਂ ਲੈ ਲੈ ਪੈ ਰਿਹਾ ਹੈ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।

ਲੀਰਾਂ ਵਾਲੀ ਖਿੱਦੋ.......... ਕਹਾਣੀ / ਰਵੀ ਸਚਦੇਵਾ


ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ, ਮੈਲੇ ਕੁਚੈਲੇ ਕੱਪੜਿਆਂ ‘ਚ, ਲੀਰੋਂ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ  ਲਕਾਉਣ ਦੀ ਕੋਸ਼ਿਸ਼ ਕਰਦੀ, ਪੱਬਾਂ ਦੇ ਭਾਰ ਬੈਠੀ ਲਾਜੋ, ਹਵਾਈ ਅੱਡੇ ‘ ਚੋਂ ਉੱਡਦੇ ਲਹਿੰਦੇ ਜਹਾਜ਼ਾਂ ਵੱਲ ਤੱਕ ਰਹੀ ਸੀ।  ਆਪਣੀ ਲੁੱਟ ਚੁੱਕੀ ਪਤ ਤੇ ਸਦਾ ਲਈ ਵਿਛੋੜਾ ਦੇ ਗਈ, ਰੱਬ ਵਰਗੀ ਮਾਂ ਦੇ ਵਿਯੋਗ ਵਿੱਚ। ਸਰਹੱਦ ਦੇ ਦੂਜੇ ਪਾਸੇ ਨਵੇਂ ਰਾਹਾਂ ਦੀ ਭਾਲ ਵਿੱਚ ਨਿਕਲ ਚੁੱਕੇ ਆਪਣੇ ਸਾਥੀ ਦੇ ਵਿਯੋਗ ਵਿੱਚ। ਲਾਜੋ ਦਾ ਸਾਥੀ ਉੱਚਾ-ਲੰਮਾ, ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ, ਮੁੱਛ ਫੁੱਟ ਗੱਬਰੂ, ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸੀ, ਜੋ ਪਿੰਡ ਦੀ ਸੱਥ ‘ਚ ਸੌਦੇ ਦੀ ਦੁਕਾਂ ਕਰਦਾ ਸੀ। ਭੋਲਾ ਸੀ। ਲਾਜੋ ਦੇ ਪਿਆਰ ‘ਚ ਉਸਨੇ ਦੁਕਾਂ ਅੱਧੀ ਕਰ ਲਈ ਸੀ। ਅਸਲ ਵਿੱਚ ਉਸਦੇ ਬਾਹਰ ਜਾਣ ਦੀ ਵਜ੍ਹਾ ਹੀ ਲਾਜੋ ਸੀ। ਜਦ ਲਾਜੋ  ਗੁੱਡੇ-ਗੁੱਡੀਆਂ ਦੀ ਖੇਡ ‘ਚੋਂ ਬਾਹਰ ਨਿਕਲੀ ਤਾਂ ਉਸਨੂੰ ਹੋਸ਼ ਆਇਆ। ਬਹੁਤ ਵਿਲਕੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਸਲ ਵਿੱਚ, ਕਾਲਜ ਦੇ ਦਿਨਾਂ ‘ਚ ਲਾਜੋ ਦਾ ਕੱਚਾ ਹੁਸਨ, ਫੁੱਲਾਂ ਦੇ ਨਾਲ ਲਟਕਦੀ ਕਲੀ ਦੀ ਡੋਡੀ ਵਰਗਾ ਸੀ। ਜੋ ਖੁੱਲ ਕੇ ਖਿਲਣਾ ਚਾਹੁੰਦੀ ਸੀ। ਜਵਾਨੀ ਦੇ ਜੋਸ਼ ਕਾਰਨ  ਲਾਜੋ ਨੂੰ ਆਪਾ ਪਾਣੀ ਦੇ ਉਛਾਲ ਵਾਂਗ ਕੰਢਿਆਂ ਤੋਂ ਬਾਹਰ ਹੁੰਦਾ ਪ੍ਰਤੀਤ ਹੁੰਦਾ ਸੀ। ਉਸਦੀ ਉਪਜਾਊ ਦੇਹੀ ਤੇ ਕਈ ਜਵਾਲਾਮੁਖੀ ਫੱਟਦੇ ਸਨ।  ਜਵਾਲਾਮੁਖੀ ਦੀ ਤਪਨ ਨੂੰ ਠੰਢਾ ਕਰਨ ਦੇ ਲਈ ਉਸ ਨੂੰ  ਡੂੰਘੀ ਸਾਂਝ ਦੀ ਲੋੜ ਸੀ। ਇੱਕ ਦਿਨ ਨਾਲ ਪੜ੍ਹਦੇ ਦਲੀਪੇ ਨੇ ਲਾਜੋ ਨੂੰ ਆਪਣੇ  ਪਿਆਰ ਦਾ ਇਜ਼ਹਾਰ ਕਰਦੇ ਹੋਏ, ਉਸਨੂੰ ਜੀਵਨ ਸਾਥੀ ਬਣਨ ਦਾ ਨਿਮੰਤ੍ਰਣ ਦਿੱਤਾ।  ਲਾਜੋ ਨੇ ਇਸ ਨਿਮੰਤ੍ਰਣ ਨੂੰ ਖੁਸ਼ੀ ਨਾਲ ਕਬੂਲਿਆ। ਦਲੀਪੇ ਦਾ ਪਿਆਰ ਸੱਚਾ ਸੀ। ਪਰ ਲਾਜੋ ਨੂੰ ਤਾਂ ਉਸਦੇ ਝਾਂਸੇ ‘ਚ ਖੁਦ-ਬ-ਖੁਦ ਫਸੇ ਮੁਰਗੇ ਤੋਂ ਸੋਨੇ ਦੇ ਆਂਡੇ ਘਰ ਆਉਂਦੇ ਨਜ਼ਰ ਆਉਣ ਲੱਗੇ ਸਨ।  

ਅਰਥ........ ਮਿੰਨੀ ਕਹਾਣੀ / ਭਿੰਦਰ ਜਲਾਲਾਬਾਦੀ

ਮਘਦੀ ਦੁਪਿਹਰੇ ਚਿੰਤ ਕੌਰ ਵਿਹੜੇ ਵਿਚ ਪਏ 'ਚੱਕਵੇਂ ਚੁੱਲ੍ਹੇ' ਨੂੰ ਤਪਾਉਣ ਲਈ ਲੱਕੜਾਂ ਡਾਹ ਕੇ ਫ਼ੂਕਾਂ ਮਾਰ ਰਹੀ ਸੀ। ਫ਼ੂਕਾਂ ਮਾਰ ਮਾਰ ਉਸ ਦਾ ਮਗਜ਼ ਖੋਖਲਾ ਹੋ ਗਿਆ ਸੀ ਅਤੇ ਬਿਰਧ ਬਲਹੀਣ ਸਰੀਰ ਦੀ ਸੱਤਿਆ ਸੂਤੀ ਗਈ ਸੀ। ਕਦੇ ਉਹ ਚੁੱਲ੍ਹੇ ਵਿਚ ਕਾਗਜ਼ ਡਾਹੁੰਦੀ ਅਤੇ ਕਦੇ ਛਿਟੀਆਂ ਡਾਹ ਕੇ ਫ਼ੂਕਾਂ ਮਾਰਨ ਲੱਗਦੀ। ਪਰ ਜਿ਼ੱਦੀ ਅੱਗ ਬਲਣ 'ਤੇ ਨਹੀਂ ਆ ਰਹੀ ਸੀ। ਫ਼ੂਕਾਂ ਮਾਰ ਮਾਰ ਕੇ ਚਿੰਤ ਕੌਰ ਅੱਕਲਕਾਨ ਹੋਈ ਪਈ ਸੀ। ਸਲ੍ਹਾਬੀਆਂ ਲੱਕੜਾਂ ਦੇ ਕੌੜੇ ਧੂੰਏਂ ਕਾਰਨ ਉਸ ਦੀਆਂ ਜੋਤਹੀਣ ਅੱਖਾਂ 'ਚੋਂ ਪਾਣੀ ਪਰਨਾਲੇ ਵਾਂਗ ਵਗ ਰਿਹਾ ਸੀ। ਸਿਰ ਦੀਆਂ ਪੁੜਪੁੜੀਆਂ ਵੀ 'ਟੱਸ-ਟੱਸ' ਕਰਨ ਲੱਗ ਪਈਆਂ ਸਨ। ਅਜੇ ਉਹ ਪਿਛਲੇ ਹਫ਼ਤੇ ਹੀ ਅੱਖਾਂ ਦੇ ਲੱਗੇ 'ਮੁਫ਼ਤ ਕੈਂਪ' 'ਚੋਂ ਅੱਖਾਂ ਬਣਵਾ ਕੇ ਆਈ ਸੀ। ਉਸ ਦੇ ਨੂੰਹ-ਪੁੱਤ ਤਾਂ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ ਸਨ। ਉਹਨਾਂ ਦੇ ਭਾਅ ਦਾ ਤਾਂ ਬੁੱਢੀ ਉਹਨਾਂ ਨੂੰ ਇਕ ਤਰ੍ਹਾਂ ਨਾਲ 'ਦੱਦ' ਲੱਗੀ ਹੋਈ ਸੀ ਅਤੇ ਉਹ ਉਸ ਤੋਂ 'ਛੁੱਟਕਾਰੇ' ਲਈ ਰੱਬ ਅੱਗੇ ਹੱਥ ਵੀ ਜੋੜਦੇ! ਅੱਧੋਰਾਣੇ ਸਰੀਰ ਵਾਲੀ ਚਿੰਤ ਕੌਰ ਮੰਜੇ 'ਤੇ ਬੈਠੀ ਹੀ ਚੂਕੀ ਜਾਂਦੀ। ਨਾਂ ਤਾਂ ਉਸ ਨੂੰ ਕੋਈ ਪਾਣੀ ਦਾ ਗਿਲਾਸ ਦਿੰਦਾ ਅਤੇ ਨਾ ਹੀ ਕੋਈ ਦੁਆਈ ਬੂਟੀ! ਇਹ ਤਾਂ ਚਿੰਤ ਕੌਰ ਦੇ ਚੰਗੇ ਕਰਮਾਂ ਨੂੰ ਉਹਨਾਂ ਦੇ ਪਿੰਡ ਅੱਖਾਂ ਦਾ 'ਮੁਫ਼ਤ ਕੈਂਪ' ਆ ਲੱਗਿਆ ਸੀ ਅਤੇ ਚਿੰਤ ਕੌਰ ਦੀਆਂ ਅੱਖਾਂ ਬਣ ਗਈਆਂ ਸਨ। ਉਸ ਨੂੰ ਗੁਜ਼ਾਰੇ ਜੋਕਰਾ ਦਿਸਣ ਲੱਗ ਪਿਆ ਸੀ।

ਅਦਾਕਾਰਾ.......... ਕਹਾਣੀ / ਨਿਸ਼ਾਨ ਸਿੰਘ ਰਾਠੌਰ

ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ ਦਾਅ ਦੀ ਗੱਲ ਕਰ ਦਿੰਦਾ ਸੀ।
ਦੂਜੇ ਪਾਸੇ ਉਹ ਛੋਟਾ ਬੱਚਾ ਅਜੇ ਵੀ ਜ਼ਮੀਨ ਤੇ ਪਿਆ ਤੜਪ ਰਿਹਾ ਸੀ ਅਤੇ ਉਸ ਦੀ ਮਾਂ ਉੱਚੀ ਉੱਚੀ ਰੋਣ ਦਾ ‘ਡਰਾਮਾ’ ਕਰ ਰਹੀ ਸੀ ਪਰ ਦੇਖਣ ਵਾਲਿਆਂ ਨੂੰ ਉਹ ਹਕੀਕਤ ਜਾਪ ਰਿਹਾ ਸੀ ਅਤੇ ਭੀੜ ਵਿੱਚੋਂ ਕਈ ਗਰਮ ਖੂਨ ਦੇ ਨੌਜਵਾਨ ਤਾਂ ਰਹਿਮਤ ਅਲੀ ਨੂੰ ਕੁਟਾਪਾ ਚਾੜਣ ਦੀਆਂ ਸਕੀਮਾਂ ਵੀ ਬਣਾ ਰਹੇ ਸਨ। ਪਰ ਸ਼ਾਇਦ ਰਹਿਮਤ ਅਲੀ ਦੀ ਚਿੱਟੀ ਦਾੜੀ ਉਹਨਾਂ ਦੇ ਇਸ ਇਰਾਦੇ ਵਿੱਚ ‘ਰੋੜਾ’ ਬਣੀ ਹੋਈ ਸੀ।
“ਜਨਾਬ, ਤੁਸੀਂ ਬੁਰੀ ਤਰ੍ਹਾਂ ਫੱਸ ਗਏ ਹੋ..., ਭਲਾ ਇਸੇ ਵਿੱਚ ਹੈ ਕਿ ਤੁਸੀਂ 200-400 ਰੁਪਏ ਲੈ-ਦੇ ਕੇ ਗੱਲ ਮੁਕਾਓ।” ਇੱਕ ਬਜ਼ੁਰਗ ਵਿਅਕਤੀ ਨੇ ਰਹਿਮਤ ਅਲੀ ਨੂੰ ਨਸੀਹਤ ਦਿੰਦਿਆਂ ਕਿਹਾ।
“ਕੀ ਸੋਚ ਰਹੇ ਹੋ ਭਾਈ ਸਾਹਬ, ਜੇਕਰ ਪੁਲਿਸ ਆ ਗਈ ਤਾਂ ਗੱਲ ਜਿਆਦਾ ਵੱਧ ਜਾਏਗੀ ਅਤੇ ਤੁਹਾਨੂੰ ਜ਼ੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ।” ਟਾਈ ਅਤੇ ਚਸ਼ਮਾ ਲਾਈ ਖੜੇ ਇੱਕ ਸਿੱਖ ਨੌਜ਼ਵਾਨ ਨੇ ਰਹਿਮਤ ਅਲੀ ਨੂੰ ਸਮਝਾਉਂਦਿਆਂ ਕਿਹਾ।

ਬੱਕਰੇ ਦੀ ਜੂਨ........... ਕਹਾਣੀ / ਚਰਨਜੀਤ ਸਿੰਘ ਪੰਨੂ


ਸਵੇਰੇ ਘਰ ਤੋਂ ਬਾਹਰ ਨਿਕਲਦੇ ਇਨਸਪੈਕਟਰ ਜਾਨੀ ਦਾ ਮਨ ਜਰਾ ਕੁ ਘਬਰਾਇਆ। ਅਖ਼ਬਾਰ ਦੀਆਂ ਸੁਰਖ਼ੀਆਂ ਲੁੱਟ, ਮਾਰ, ਬੈਂਕ ਡਾਕੇ, ਕਤਲੇਆਮ, ਪੁਲਸ ਮੁਕਾਬਲਾ, ਇਹ ਤਾਂ ਇਕ ਰੁਟੀਨ ਮਾਮਲਾ ਬਣ ਕੇ ਰਹਿ ਗਈਆਂ ਸਨ। ਘਰ ਤੋਂ ਦਫ਼ਤਰ, ਤੇ ਦਫ਼ਤਰ ਤੋਂ ਘਰ, ਬੱਸ ਇਹੀ ਦੋ ਚਾਰ ਕਿਲੋਮੀਟਰ ਦਾ ਫਾਸਲਾ ਮਿੰਟ ਗਿਣ-ਗਿਣ ਕੇ ਲੰਘਦਾ ਸੀ। ਜਿਹੜੀ ਘੜੀ ਲੰਘ ਗਈ ਉਹੀ ਸੁਲਖਣੀ, ਅੱਗੇ ਕੀ ਹੋਣ ਵਾਲਾ ਹੈ ਕਿਸੇ ਨੂੰ ਪਤਾ ਨਹੀ ਸੀ। ਦਫ਼ਤਰ ਪਹੁੰਚ ਕੇ ਉਸ ਨੂੰ ਖ਼ਬਰ ਮਿਲੀ ਕਿ ਤਰਨਤਾਰਨ ਤੇ ਭਿਖੀਵਿੰਡ ਇਲਾਕਿਆਂ ਵਿਚ ਫਿਰ ਉਸ ਦੀ ਡਿਊਟੀ ਲਗੀ ਹੈ ਦੋਬਾਰਾ, ਤੇ ਦਿਲੀ ਦੇ ਹੁਕਮਾਂ ਅਨੁਸਾਰ ਇਸ ਤੇ ਜਲਦੀ ਅਮਲ ਕਰਾਉਣ ਦੀ ਤਾਕੀਦ ਕੀਤੀ ਗਈ ਸੀ। ਥਾਂ ਥਾਂ ਤੇ ਲੱਗੀਆਂ ਪੁਲਿਸ ਰੋਕਾਂ ਤੇ ਪੈਰ ਪੈਰ, ਟਾਹਣੀ ਟਾਹਣੀ ਤੇ ਲਗੇ ਖਾੜਕੂਆਂ ਦੇ ਡੂਮਣੇ ਪਲ ਵਿਚ ਹੀ ਉਸ ਦੀਆਂ ਨਜ਼ਰਾਂ ਚੋ ਗੁਜਰ ਗਏ। ਖਾੜਕੂ ਉਸ ਨੇ ਸੁਣੇ ਤਾਂ ਸਨ, ਉਹਨਾਂ ਦੇ ਕਾਰਨਾਮੇ ਤੇ ਕਰਤੂਤਾਂ ਜਾਨੀ ਹਰ ਰੋਜ ਟੀ ਵੀ ਰੇਡੀਓ ਤੇ ਅਖ਼ਬਾਰਾਂ ਰਾਹੀ ਬੜਾ ਕੰਨ ਲਾ ਕੇ ਸਰਵਣ ਕਰਦਾ ਸੀ, ਪਰ ਖਾੜਕੂਆਂ ਦੀ ਕਦੇ ਸ਼ਕਲ ਨਹੀਂ ਸੀ ਵੇਖੀ ਉਸਨੇ। ਕਿਦਾਂ ਦੇ ਹੁੰਦੇ ਨੇ, ਉਹ ਬੇਕਿਰਕੋ। ਜਿਹੜੇ ਬਿਨਾਂ ਕਿਸੇ ਦੁਆ ਦਵੈਤ ਦੇ ਏ ਕੇ ਸੰਤਾਲੀ ਦਾ ਘੋੜਾ ਨੱਪ ਕੇ ਕਈ ਵਸਦੇ ਰਸਦੇ ਘਰਾਂ ਵਿੱਚ ਲਹੂ ਦੀ ਪਰਤ ਵਿਛਾ ਦਿੰਦੇ ਹਨ।

ਮੈਂ ਤਾਂ ਪੁੱਤ ਕੱਲੀ ਰਹਿ ਜੂੰ......... ਕਹਾਣੀ / ਵਕੀਲ ਕਲੇਰ


ਹਰਮੀਤ ਨੇ ਬੈੱਡਰੂਮ ਦੀ ਵਿੰਡੋ ਦਾ ਪਰਦਾ ਹਟਾਕੇ ਬਾਹਰ ਨਿਗ੍ਹਾ ਮਾਰੀ । ਰਾਤ ਅਪਣੇ ਜਲੌਅ ਵਿੱਚ ਆਈ ਹੋਈ ਸੀ । ਚੰਦ ਬੱਦਲਾਂ ਨਾਲ ਹਾਈਡ ਐਂਡ ਸੀਕ ਦੀ ਖੇਡ ਖੇਡ ਰਿਹਾ ਸੀ । ਤਾਰਿਆਂ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ । ਉਸਨੇ ਹਾਉਕਾ ਭਰਿਆ ਤੇ ਪਰਦਾ ਫਿਰ ਖਿਸਕਾ ਕੇ ਬੰਦ ਕਰ ਦਿੱਤਾ । ਵਾਸ਼ਰੂਮ ਵਿੱਚ ਜਾ ਕੇ ਆਪਣੇ ਰੂਪ ਨੂੰ ਨਿਹਾਰਨ ਲੱਗੀ । ਜੂੜਾ ਖੋਲ ਕੇ ਵਾਲਾਂ ਨੂੰ ਆਪਣੀ ਹਿੱਕ ਉੱਪਰ ਖਿਲਾਰ ਲਿਆ । ਫਿਰ ਡਰਾਇਰ ਵਿੱਚੋਂ ਰਬੜ ਚੱਕ ਕੇ ਵਾਲਾਂ ਨੂੰ ਪਿਛਲੇ ਪਾਸੇ ਕਰਕੇ ਬੰਨ੍ਹ ਲਿਆ । ਵਾਸ਼ਰੂਮ ਵਿੱਚੋਂ ਨਿੱਕਲ ਕੇ ਹੇਠਾਂ ਲਿਵਿੰਗ ਰੂਮ ਵਿੱਚ ਆ ਕੇ ਟੀਵੀ ਔਨ ਕਰ ਲਿਆ । ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ । ਏ ਐਮ ਸੀ ਚੈਨਲ ਉੱਪਰ ਟਾਈਟੈਨਕ ਮੂਵੀ ਦਾ ਉਹ ਸੀਨ ਆ ਰਿਹਾ ਸੀ, ਜਿਸ ਵਿੱਚ ਫਿਲਮ ਦਾ ਹੀਰੋ ਅਤੇ ਹੀਰੋਇਨ ਜਹਾਜ਼ ਦੇ ਬਿਲਕੁੱਲ ਅਗਲੇ ਪਾਸੇ ਅਖੀਰ ਤੇ ਖੜੇ ਸਨ । ਉਸਤੋਂ ਅੱਗੇ ਬੱਸ ਸਾਗਰ ਸੀ ਜਾਂ ਜਲ ਪਰੀਆਂ ਗੀਤ ਗਾਉਂਦੀਆਂ ਗਾਉਂਦੀਆਂ ਜਾ ਰਹੀਆਂ ਸਨ । ਮੂਵੀ ਦੇ ਹੀਰੋ ਨੇ ਹੀਰੋਇਨ ਦੀਆ ਬਾਹਾਂ ਫੜਕੇ ਹੰਸ ਵਾਂਗੂੰ ਫੈਲਾਈਆਂ ਹੋਈਆਂ ਸਨ । ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਨੀਲੇ ਕਾਲੇ ਸਾਗਰ ਉੱਪਰ ਦੀ ਉਡਾਨ ਭਰਨ ਦੀ ਤਿਆਰੀ ਵਿੱਚ ਹੋਣ । ਹਰਮੀਤ ਦਾ ਚਿੱਤ ਕਾਹਲਾ ਪੈ ਗਿਆ । ਉਹ ਕਿਚਨ ਵਿੱਚ ਗਈ, ਗਿਲਾਸ ਪੂੁਰਾ ਭਰਕੇ ਪਾਣੀ ਪੀਤਾ । ਫਿਰ ਸੋਫੇ ਤੇ ਬੈਠਕੇ ਮੂਵੀ ਵੇਖਣ ਲੱਗ ਪਈ । ਹੁਣ ਹੀਰੋ ਤੇ ਹੀਰੋਇਨ ਜਹਾਜ਼ ਵਿੱਚ ਲੱਦੀਆਂ ਕਾਰਾਂ ਵਿੱਚੋਂ ਇੱਕ ਕਾਰ ਵਿੱਚ ਬੈਠਕੇ ਇਸ ਜਹਾਨ ਤੋ਼ ਬੇ ਖਬਰ ਕਿਸੇ ਹੋਰ ਦੁਨੀਆਂ ਵਿੱਚ ਗਵਾਚੇ ਹੋਏ ਸਨ ।