ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ


ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ  ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ   ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ  । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।