ਢਲਦੇ ਪਰਛਾਵੇਂ.......... ਕਹਾਣੀ / ਰਵੀ ਸਚਦੇਵਾ


ਪਟੇਲ ਨਗਰ ਵਿੱਚ ਕਿਰਾਏ ਦੇ ਇੱਕ ਮਕਾਨ 'ਚ ਦੋ ਛੜੇ ਰਹਿੰਦੇ ਸਨ। ਹਫ਼ਤੇ 'ਚ ਇੱਕ ਦੋ ਸ਼ਿਫਟਾਂ, ਬਾਕੀ ਪੰਜੋ ਦਿਨ ਗਲੀਆਂ 'ਚ



ਖਾਕ  ਛਾਣਦੇ ਕੁੜੀਆਂ ਮਗਰ। ਦੋ ਦਿਨ ਦੀ ਖੱਟੀ ਉਨ੍ਹਾਂ ਲਈ ਊਠ ਤੋਂ ਚਾਨਣੀ ਲਾਉਂਣ ਨੂੰ ਕਾਫ਼ੀ ਸੀ। ਥੋੜੇ ਨਾਲ ਵੀ ਉਹ ਦਾਲ ਫੁਲਕਾ ਵਧੀਆਂ ਤੋਰੀ ਰੱਖਦੇ। ਪਰ ਇਸ ਵਾਰ ਤਾਂ ਖੂਹ ਵੀ ਨਿਖੁੱਟਦਾ ਜਾਂਦਾ ਸੀ। ਹਫ਼ਤੇ ਤੋਂ ਉੱਪਰ ਹੋ ਗਿਆ ਸੀ, ਉਨ੍ਹਾਂ ਨੂੰ ਵਿਹਲੇ ਬੈਠਿਆਂ।  ਜਿਸ ਫੈਕਟਰੀ 'ਚ ਉਹ ਕੰਮ ਕਰਦੇ ਸਨ, ਉਨ੍ਹੀਂ ਦਿਨੀ ਉੱਥੇ ਸਫ਼ਾਈ ਅਭਿਆਨ ਚੱਲ ਰਿਹਾ ਸੀ। ਸੱਤਾਂ-ਅੱਠਾਂ ਮਹੀਨਿਆਂ ਬਾਅਦ ਐਨ.ਆਰ.ਆਈ. ਬੋਸ ਨੇ ਇੰਡੀਆ ਫੇਰੀ ਪਾਉਣ ਜੋ ਆਉਣਾ ਸੀ। ਪਾਪੜੀ ਲੱਥੀਆਂ  ਕੰਧਾਂ ਨੂੰ ਰੰਗ-ਰੋਗਣ ਨਾਲ ਦਰੁਸਤ ਕਰਨਾ, ਕਾਲਸ ਜੰਮੀਆਂ ਮਸ਼ੀਨਾਂ ਨੂੰ ਲਿਸ਼ਕਾਉਣਾ 'ਤੇ ਬਾਹਰਲੇ ਬੰਨੀ ਘਾਹ ਦੀ ਕੱਟ-ਵੱਢ ਕਰਨਾ, ਕਾਰ ਪਾਰਕਿੰਗ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਕਰਨਾ, ਖੱਡਿਆਂ ਨੂੰ ਪੂਰਨਾ। 'ਤੇ ਹੋਰ ਵੀ ਅਜਿਹੇ ਬਹੁਗੁਣੇ ਕੰਮ ਮੈਨੇਜਰ ਦਾ ਸਿਰ ਦਰਦ ਬਣੇ ਹੋਏ ਸਨ। ਚੱਲਦੇ ਇਸ ਮਹਾ ਸਫਾਈ ਅਭਿਆਨ ਕਾਰਨ ਫੈਕਟਰੀ ਦੀਆਂ  ਚੰਦ ਮਸ਼ੀਨਾਂ  ਚੰਦ ਦਿਨਾਂ ਵਾਸਤੇ ਬੰਦ ਕਰਨੀਆਂ ਪਈਆਂ। ਸਟਾਫ਼ ਅੱਧਾ ਵਿਹਲਾ ਹੋ ਗਿਆ। ਮਜ਼ਬੂਰੀ ਵੱਸ ਕੁਝ ਮੁਲਾਜ਼ਮਾਂ ਨੂੰ ਛੁੱਟੀਆਂ ਕਰਨੀਆਂ ਪਈਆਂ। ਇਹ ਦੋਨੋਂ ਵੀ ਇਸ ਲਿਸਟ 'ਚ ਆ ਗਏ। ਪੰਜ ਦਿਨ ਉਨ੍ਹਾਂ ਨੇ ਗਲੀਆਂ 'ਚ ਠਰਕ ਭੋਰਦੇ ਖੂਬ ਲਫੈਡ ਆਸ਼ਕੀ ਕੀਤੀ। 'ਤੇ ਛੇਵੇਂ  ਦਿਨ ਬੰਦ ਕਮਰੇ 'ਚ ਫੈਸ਼ਨ ਟੀ.ਵੀ. ਤੇ ਪਰੋਸੀਆਂ ਜਾ ਰਹੀਆਂ ਤਕਰੀਬਨ ਬੇਨਕਾਬ ਵਿਦੇਸ਼ੀ ਮਾਡਲ ਨੱਢੀਆਂ ਨੂੰ ਜਗਿਆਸੀ 'ਤੇ ਅਭਿਲਾਸ਼ੀ ਅੱਖਾਂ ਨਾਲ ਤੱਕਦੇ ਕੱਢਿਆ।