ਆਤਮਦਾਹ……… ਕਹਾਣੀ / ਬਲਵੀਰ ਜਸਵਾਲ

ਮਿਸਟਰ ਸ਼ਰਮਾ-ਮੁਰਦਾਬਾਦ
ਮਿਸਟਰ ਸ਼ਰਮਾ-ਮੁਰਦਾਬਾਦ
ਸ਼ਰਮਾ ਨੂੰ ਮੁਅੱਤਲ ਕਰੋ, ਮੁਅੱਤਲ ਕਰੋ, ਮੁਅੱਤਲ ਕਰੋ।


ਦਫ਼ਤਰ ਅੱਗੇ ਸਵੇਰ ਦੀ ਇਹ ਨਾਅਰੇਬਾਜ਼ੀ ਹੋ ਰਹੀ ਸੀ। ਹਾਲੇ ਅੱਠ ਕੁ ਹੀ ਵਜੇ ਸਨ ਕਿ ਇਹ ਮੁਲਾਜ਼ਮ ਕੱਲ ਦੀ ਤਰ੍ਹਾਂ ਦਫ਼ਤਰ ਅੱਗੇ ਇਕੱਠੇ ਹੋ ਗਏ ਸਨ। ਇਹਨਾਂ ਦੀ ਅਗਵਾਈ ਹਰੀਦਰਸ਼ਨ ਕਰ ਰਿਹਾ ਸੀ, ਉਹ ਹੀ ਇਸ ਸਰਕਲ ਦੀ ਯੂਨੀਅਨ ਸ਼ਾਖ ਦਾ ਪ੍ਰਧਾਨ ਸੀ। ਉਸ ਨਾਲ ਯੂਨੀਅਨ ਦੇ ਕੁਝ ਦੂਜੇ ਅਹੁਦੇਦਾਰ ਵੀ ਸਨ, ਕੁਝ ਇਸ ਦਫ਼ਤਰ ਦੇ ਮੁਲਾਜ਼ਮ ਵੀ ਸਨ, ਜਦ ਕਿ ਬਾਕੀ ਚਿਹਰੇ ਅਨਜਾਣ ਸਨ। ਇਹ ਬੰਦੇ ਕੱਲ ਨਹੀਂ ਸਨ। ਇਨ੍ਹਾਂ ਨੂੰ ਸ਼ਾਇਦ ਹਰੀਦਰਸ਼ਨ ਨੇ ਆਪਣਾ ਪੱਲੜਾ ਭਾਰੀ ਕਰਨ ਲਈ ਬੁਲਾਇਆ ਸੀ। ਇਨ੍ਹਾਂ ਤੋਂ ਬਿਨਾਂ ਦਫ਼ਤਰ ਦੇ ਬਾਹਰ ਕੁਝ ਲੋਕ ਵੀ ਖੜ੍ਹੇ ਸਨ। ਉਹ ਦਰਸ਼ਕਾਂ ਵਾਂਗ, ਵਿਛਾਈ ਦਰੀ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਨੂੰ ਦੇਖ ਰਹੇ ਸਨ। ਕਈਆਂ ਦੇ ਚਿਹਰੇ ’ਤੇ ਮਾਯੂਸੀ ਸੀ ਤੇ ਉਹ ਵਾਰ-ਵਾਰ ਆਪਣੀ ਘੜੀ ਵੱਲ ਦੇਖ ਰਹੇ ਸਨ। ਉਹ ਕਦੀ-ਕਦੀ ਮੁਜ਼ਾਹਰਾਕਾਰੀਆਂ ਦੇ ਕਿਸੇ ਨਾਅਰੇ ਜਾਂ ਕਿਸੇ ਹਰਕਤ ’ਤੇ ਮੁਸਕਰਾ ਵੀ ਛੱਡਦੇ। ਉਂਜ ਉਹ ਅੱਕੇ ਬਹੁਤ ਸਨ। ਜਿਨ੍ਹਾਂ ਲੋਕਾਂ ਦਾ ਸਰਕਾਰੀ ਦਫ਼ਤਰਾਂ ਨਾਲ ਅਕਸਰ ਵਾਹ ਪੈਂਦਾ ਸੀ, ਉਹ ਕਾਫੀ ਸਹਿਜ ਹੋਏ ਖੜ੍ਹੇ ਸਨ। ਉਨ੍ਹਾਂ ਨੂੰ ਇਸ ਗੱਲ ਦੀ ਏਨੀ ਪ੍ਰਵਾਹ ਨਹੀਂ ਸੀ ਕਿ ਮੁਲਾਜ਼ਮ ਨਾਅਰੇਬਾਜ਼ੀ ਛੱਡ ਕੇ ਕੰਮ ਕਦੋਂ ਸ਼ੁਰੂ ਕਰਦੇ ਹਨ। ਉਹ ਤਾਂ ਇਸ ਸਭ ਕਾਸੇ ਦੇ ਆਦੀ ਹੋ ਚੁੱਕੇ ਸਨ।
ਜਦੋਂ ਦਫ਼ਤਰ ਦਾ ਸਟਾਫ਼ ਆਉਣਾ ਸ਼ੁਰੂ ਹੋਇਆ ਸੀ, ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਹੋਰ ਤੇਜ਼ ਕਰ ਦਿੱਤੀ। ਸਭ ਤੋਂ ਪਹਿਲਾਂ ਕਲਰਕ ਰਾਮ ਕਿਸ਼ਨ ਆਇਆ। ਆਪਣਾ ਸਾਈਕਲ ਖੜ੍ਹਾ ਮਗਰੋਂ ਉਹ ਮੁਜ਼ਾਹਰਾਕਾਰੀਆਂ ਵੱਲ ਮੁਸਕਰਾ ਕੇ ਵੇਖਦਾ ਦਫ਼ਤਰ ਵੱਲ ਤੁਰ ਪਿਆ ਸੀ। ਹਰੀ ਦਰਸ਼ਨ ਅਤੇ ਉਸਦੇ ਸਾਥੀਆਂ ਨੂੰ ਜਿਵੇਂ ਆਪਣੀ ਹਾਰ ਹੁੰਦੀ ਜਾਪੀ, ਨਾਅਰੇ ਲਾਉਂਦੇ ਮੁਲਾਜ਼ਮ ਦਫ਼ਤਰ ਵੱਲ ਦੌੜੇ ਅਤੇ ਕਮਰਿਆਂ ਨੂੰ ਤਾਲਾ ਮਾਰ ਕੇ ਮੁੜ ਆਪਣੀ ਥਾਂ ਆ ਬੈਠੇ ਸਨ। ਇਸ ਤੋਂ ਬਾਅਦ ਜਿਹੜਾ ਮੁਲਾਜ਼ਮ ਆਉਂਦਾ ਗਿਆ, ਬਾਹਰ ਖੜ੍ਹਦਾ ਗਿਆ। ਨੌਂ ਕੁ ਵਜੇ ਸ਼ਰਮਾ ਜੀ ਦਫ਼ਤਰ ਪੁੱਜੇ ਤਾਂ ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਮੁੜ ਉੱਚੀ ਕਰ ਦਿੱਤੀ। ਸ਼ਰਮਾ ਜੀ ਇੱਕ ਨਜ਼ਰ ਉਹਨਾਂ ਵੱਲ ਵੇਖ ਕੇ ਆਪਣੇ ਦਫ਼ਤਰ ਵਿਚ ਜਾ ਬੈਠੇ ਸਨ। 
ਬੇਸ਼ੱਕ ਅੱਜ ਵੀ ਉਹਨਾਂ ਨੂੰ ਇਸ ਹੁੱਲੜਬਾਜ਼ੀ ਦੀ ਉਮੀਦ ਸੀ, ਪਰ ਹਰੀਦਰਸ਼ਨ ਇਸ ਮਾਮਲੇ ਨੂੰ ਹੋਰ ਦਾ ਹੋਰ ਬਣਾ ਕੇ ਉਹਨਾਂ ਨੂੰ ਮੁਲਾਜ਼ਮ ਵਿਰੋਧੀ ਅਤੇ ਅੜੀਅਲ ਸਿੱਧ ਕਰ ਦੇਵੇਗਾ, ਇਸ ਦਾ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ। ਉਹਨਾਂ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਕੱਲ ਵੀ ਸਮਝਾਇਆ ਸੀ ਕਿ ਇਸ ਮਾਮਲੇ ਵਿੱਚ ਸਰਾਸਰ ਗ਼ਲਤੀ ਹਰੀਦਰਸ਼ਨ ਦੀ ਹੈ, ਉਸਨੂੰ ਗ਼ਲਤੀ ਮੰਨ ਲੈਣੀ ਚਾਹੀਦੀ ਹੈ, ਇਸ ਨਾਲ ਕੋਈ ਤੂਫ਼ਾਨ ਨਹੀਂ ਆਉਣ ਲੱਗਾ। ਉਹਨਾਂ ਕਈ ਦਲੀਲਾਂ ਦੇ ਕੇ ਸਮਝਾਇਆ ਵੀ ਸੀ ਆਪਣੀ ਗ਼ਲਤੀ ਲੁਕਾਉਣ ਲਈ ਹਰੀਦਰਸ਼ਨ ਉਹਨਾਂ ਨੂੰ ਮੁਲਾਜ਼ਮ ਵਿਰੋਧੀ ਦੱਸ ਰਿਹਾ ਹੈ। ਏਨਾ ਸਮਝਾਉਣ ਮਗਰੋਂ ਉਹਨਾਂ ਨੂੰ ਉਮੀਦ ਸੀ ਕਿ ਸਵੇਰ ਨੂੰ ਹਰੀਦਰਸ਼ਨ ਇਕੱਲਾ ਰਹਿ ਜਾਵੇਗਾ। ਕੋਈ ਚਾਰਾ ਨਾ ਚੱਲਦਾ ਵੇਖ ਦਫ਼ਤਰ ਵਿੱਚ ਆ ਕੇ ਮੰਨ ਲਵੇਗਾ ਕਿ ਉਸ ਨੇ ਜਾਣ ਬੁੱਝ ਕੇ ਉਸ ਬੁੱਢੀ ਔਰਤ ਨੂੰ ਪ੍ਰੇਸ਼ਾਨ ਕੀਤਾ ਸੀ।
ਜਿਸ ਕਾਸੇ ਦੀ ਸ਼ਰਮਾ ਜੀ ਨੂੰ ਉਮੀਦ ਸੀ, ਉਹੋ ਜਿਹਾ ਕੁਝ ਨਹੀਂ ਸੀ ਹੋਇਆ। ਕੱਲ ਨਾਲੋਂ ਵੱਧ ਬੰਦੇ ਉਹਨਾਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਇਸ ਗੱਲ ਨੇ ਸ਼ਰਮਾ ਜੀ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਉਹਨਾਂ ਖਿੜਕੀ ਰਾਹੀਂ ਬਾਹਰ ਵੇਖਿਆ, ਕੰਮ ਕਰਾਉਣ ਆਏ ਲੋਕਾਂ ਦੀ ਗਿਣਤੀ ਵਧ ਗਈ ਸੀ। ਕਈ ਕੱਲ ਵੀ ਆਏ ਸਨ ਅਤੇ ਅੰਤ ਉਡੀਕ ਕੇ ਵਾਪਸ ਚਲੇ ਗਏ। ਇਹਨਾਂ ਵਿੱਚ ਉਹ ਬੁੱਢੀ ਔਰਤ ਵੀ ਸ਼ਾਮਿ ਲ ਸੀ ਜੋ ਕੁਝ ਚਿਰ ਤਾਂ ਨਾਅਰੇ ਲਾਉਂਦੇ ਮੁਲਾਜ਼ਮਾਂ ਨੂੰ ਵੇਖਦੀ ਰਹੀ, ਫਿਰ ਇੱਕ ਕੰਧ ਨਾਲ ਢਾਸਣਾ ਲਾ ਕੇ ਭੁੰਜੇ ਹੀ ਬੈਠ ਗਈ। ਸਧਾਰਨ ਤੇ ਪੇਂਡੂ ਦਿੱਖ ਵਾਲੀ ਇਸ ਔਰਤ ਦੇ ਹੱਥ ਵਿੱਚ ਇੱਕ ਮੈਲਾ ਜਿਹਾ ਝੋਲਾ ਸੀ ਜਿਸ ਵਿੱਚ ਉਸਦੇ ਪਤੀ ਦੀ ਪੈਨਸ਼ਨ ਦੇ ਕਾਗ਼ਜ਼ ਸਨ। ਇਸੇ ਔਰਤ ਦੇ ਕੰਮ ਨੂੰ ਲੈ ਕੇ ਇਸ ਦਫ਼ਤਰ ਵਿੱਚ ਇਹ ਵਿਵਾਦ ਖੜ੍ਹਾ ਹੋਇਆ ਸੀ।
ਇਸ ਬੁੱਢੀ ਔਰਤ ਅਨੁਸਾਰ ਉਹ ਆਪਣਾ ਕੰਮ ਕਰਾਉਣ ਲਈ ਇਸ ਦਫ਼ਤਰ ਦੇ ਪੰਜ ਗੇੜੇ ਕੱਢ ਚੁੱਕੀ ਹੈ। ਪੈਨਸ਼ਨ ਦੇ ਕਾਗ਼ਜ਼ ਹਰੀਦਰਸ਼ਨ ਦੀ ਸੀਟ ਤੋਂ ਅੱਗੇ ਚੱਲਣੇ ਸਨ। ਜਦੋਂ ਉਹ ਪਹਿਲੀ ਵਾਰੀ ਦਫ਼ਤਰ ਆਈ ਤਾਂ ਹਰੀ ਦਰਸ਼ਨ ਨੇ ਬਿਨਾਂ ਕੋਈ ਕਾਰਣ ਦੱਸੇ ਉਸਨੂੰ ਅਗਲੇ ਦਿਨ ਆਉਣ ਲਈ ਕਿਹਾ ਸੀ। ਉਹ ਬੁੱਢੀ ਔਰਤ ਹਰੀਦਰਸ਼ਨ ਦੀ ਖਰਵੀਂ ਆਵਾਜ਼ ਤੋਂ ਬੇਸ਼ਕ ਦਹਿਲ ਗਈ ਸੀ, ਪਰ ਉਸਨੇ ਕਮਜ਼ੋਰ ਸਰੀਰ ਅਤੇ ਘੱਟ ਨਜ਼ਰ ਦਾ ਵਾਸਤਾ ਪਾਉਂਦਿਆਂ ਕਿਹਾ ਸੀ, “ਵੇ ਪੁੱਤਾ! ਰੋਜ਼ ਬੱਸਾਂ ਵਿੱਚ ਧੱਕੇ ਖਾਣ ਜੋਗਾ ਸਰੀਰ ਹੁਣ ਰਿਹਾ ਨੀ।”
“ਤਾਂ ਮਾਈ, ਮੈਨੂੰ ਆਪਣਾ ਪਿੰਡ ਦੱਸ ਦੇ, ਮੈਂ ਆ ਜਾਊਂਗਾ।” ਉਸੇ ਖਰ੍ਹਵੀਂ ਆਵਾਜ਼ ਵਿੱਚ ਹਰੀਦਰਸ਼ਨ ਬੋਲਿਆ ਸੀ।
ਦਹਿਲੀ ਹੋਈ ਮਾਈ ਕਲਰਕ ਦੇ ਇਸ ਵਿਅੰਗ ਭਰੇ ਵਾਕ ਦਾ ਅਰਥ ਦਾ ਪੂਰੀ ਤਰ੍ਹਾਂ ਸਮਝ ਗਈ ਸੀ। ਉਹ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀ, ਪਰ ਇਸ ਰੁੱਖੇ ਵਰਤਾਉ ਤੇ ਮਾਹੌਲ ਨੂੰ ਦੇਖਦਿਆਂ ਉਹ ਚੁੱਪ-ਚਾਪ ਵਾਪਸ ਚਲੀ ਗਈ। 
ਦੋ ਦਿਨਾਂ ਬਾਅਦ ਬਾਅਦ ਉਹ ਦੂਜੀ ਵਾਰ ਦਫ਼ਤਰ ਆਈ। ਹਰੀਦਰਸ਼ਨ ਸੀਟ ’ਤੇ ਨਹੀਂ ਸੀ। ਦਫ਼ਤਰ ਦੇ ਬਾਹਰ ਬੈਠ ਕੇ ਉਸਨੇ ਘੰਟਾ ਭਰ ਉਸਨੂੰ ਉਡੀਕਿਆ ਵੀ, ਪਰ ਹਰੀਦਰਸ਼ਨ ਨਹੀਂ ਸੀ ਆਇਆ। ਉਸਨੇ ਨਾਲ ਦੇ ਕਲਰਕਾਂ ਤੋਂ ਹਰੀਦਰਸ਼ਨ ਬਾਰੇ ਪੁੱਛਿਆ ਵੀ, ਪਰ ਸ਼ਾਇਦ ਦਫ਼ਤਰ ਵਿਚ ਕਿਸੇ ਨੂੰ ਹਰੀਦਰਸ਼ਨ ਦੇ ਆਉਣ ਜਾਂ ਨਾ ਆਉਣ ਵਾਰੇ ਪਤਾ ਨਹੀਂ ਸੀ, ਜਾਂ ਕੋਈ ਦੱਸਣਾ ਨਹੀਂ ਸੀ ਚਾਹੁੰਦਾ। ਦੂਜੀ ਵਾਰ ਵੀ ਇਹ ਬੁੱਢੀ ਔਰਤ ਨਿਰਾਸ਼ਾ ਲੈ ਕੇ ਵਾਪਸ ਮੁੜ ਗਈ ਸੀ। 
ਉਸ ਫ਼ੈਸਲਾ ਕੀਤਾ ਕਿ ਮੋਏ ਆਜ਼ਾਦੀ ਘੁਲਾਟੀਏ ਪਤੀ ਦੀ ਪੈਨਸ਼ਨ ਆਪਣੇ ਨਾਂ ਕਰਾਉਣ ਲਈ ਉਹ ਮੁੜ ਉਸ ਦਫ਼ਤਰ ਨਹੀਂ ਜਾਵੇਗੀ, ਸਗੋਂ ਆਪਣੀ ਪੰਚਾਇਤ ਨੂੰ ਕਹੇਗੀ ਕਿ ਉਹਦੀਆਂ ਦੋ ਰੋਟੀਆਂ ਦਾ ਵਸੀਲਾ ਕਰੇ, ਪਿੰਡ ਦੀ ਡਿਸਪੈਂਸਰੀ ਦਾ ਨਾਮ ਬੇਸ਼ਕ ਉਹ ਉਸਦੇ ਪਤੀ ਦੀ ਥਾਂ ਕਿਸੇ ਹੋਰ ਦੇ ਨਾਂ ’ਤੇ ਰੱਖ ਲਵੇ। ਪਰ ਜਦੋਂ ਅਗਲੀ ਸਵੇਰ ਹੋਈ ਤਾਂ ਉਹ ਸਰਪੰਚ ਕੋਲ ਜਾਣ ਦੀ ਥਾਂ ਉਹੀ ਝੋਲਾ ਚੁੱਕ ਦਫ਼ਤਰ ਜਾ ਪੁੱਜੀ।
ਹਰੀਦਰਸ਼ਨ ਨੂੰ ਸੀਟ ’ਤੇ ਬੈਠਿਆਂ ਦੇਖ ਕੇ ਦਫ਼ਤਰੀ ਬੇਰੁਖ਼ੀ ਤੋਂ ਡਰੀ ਬੁੱਢੀ ਔਰਤ ਦੇ ਸਾਹ ਵਿੱਚ ਸਾਹ ਆਇਆ। ਕੁਝ ਚਿਰ ਉਹ ਖੜ੍ਹੀ ਰਹੀ, ਜਦੋਂ ਹਰੀਦਰਸ਼ਨ ਨੇ ਹੱਥਲੇ ਕਾਗ਼ਜ਼ਾਂ ਤੋਂ ਨਜ਼ਰਾਂ ਨਾ ਚੁੱਕੀਆਂ ਤਾਂ ਉਹ ਕੁਰਸੀ ’ਤੇ ਬੈਠ ਗਈ। ਦਸ ਮਿੰਟ ਕੁ ਮਗਰੋਂ ਹਰੀਦਰਸ਼ਨ ਨੇ ਬੁੱਢੀ ਔਰਤ ਨਾਲ ਬਿਨਾਂ ਅੱਖ ਮਿਲਾਏ ਪੁੱਛਿਆ,“ਹਾਂ ਮਾਈ, ਕੀ ਕੰਮ ਆ?”
“ਵੇ ਪੁੱਤਾ, ਆਪਣੇ ਸਾਈਂ ਦੀ ਪੈਨਸ਼ਨ ਆਪਣੇ ਨਾਂ ਕਰਾਉਣੀ ਆਂ।” ਆਖਦਿਆ ਉਸ ਨੇ ਝੋਲੇ ਵਿਚੋਂ ਕਾਗ਼ਜ਼ਾਂ ਦਾ ਪੁਲੰਦਾ ਕੱਢ ਕੇ ਹਰੀਦਰਸ਼ਨ ਦੇ ਅੱਗੇ ਕਰ ਦਿੱਤਾ।
ਸ਼ਿਕਾਰੀ ਨਜ਼ਰਾਂ ਨਾਲ ਕਾਗ਼ਜ਼ਾਂ ਨੂੰ ਵਾਚਦਿਆਂ ਹਰੀ ਦਰਸ਼ਨ ਨੇ ਦੋ ਕਾਗ਼ਜ਼ ਅਲੱਗ ਕੱਢਦਿਆਂ ਕਿਹਾ,“ਮਾਈ, ਕਾਗ਼ਜ਼-ਪੱਤਰ ਤਾਂ ਪੂਰੇ ਕਰ ਲਿਆ ਕਰੋ, ਆਹ ਇਕ ਕਾਗ਼ਜ਼ ’ਤੇ ਸਰਪੰਚ ਤੇ ਦੂਜੇ ਦੇ ਪਿੰਡ ਦੇ ਪਟਵਾਰੀ ਦੇ ਦਸਤਖ਼ਤ ਹੋਣੇ ਰਹਿੰਦੇ ਨੇ।”
ਬੁੱਢੀ ਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਪਰ ਹਰੀਦਰਸ਼ਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਬਿਨਾਂ ਕੁੱਝ ਸੋਚੇ ਸਮਝੇ ਉਸ ਦੂਜੇ ਕਾਗ਼ਜ਼ਾਂ ’ਤੇ ਨਜ਼ਰਾਂ ਗੱਡ ਲਈਆਂ। ਬੁੱਢੀ ਔਰ ਚੁੱਪ-ਚਾਪ ਦਫ਼ਤਰ ਵਿਚੋਂ ਨਿਕਲ ਗਈ ਸੀ।
ਕਾਗ਼ਜ਼ ਪੱਤਰ ’ਤੇ ਦਸਤਖ਼ਤ ਕਰਾਉਣ ਨੂੰ ਸਰਪੰਚ ਤਾਂ ਜਲਦੀ ਮਿਲ ਗਿਆ, ਪਰ ਪਟਵਾਰੀ ਲੱਭਣ ਵਾਸਤੇ ਉਸਨੂੰ ਪੂਰੇ ਦਸ ਦਿਨ ਮਿਹਨਤ ਕਰਨੀ ਪਈ ਸੀ। ਜਦ ਪਟਵਾਰਖਾਨੇ ਜਾਂਦੀ ਤਾਂ ਉੱਤੇ ਤਾਲਾ ਲੱਗਾ ਹੁੰਦਾ। ਉਹ ਭਾਰੇ ਕਦਮੀਂ ਮੁੜ ਘਰ ਵੱਲ ਤੁਰ ਪੈਂਦੀ।
ਹਰੀਦਰਸ਼ਨ ਵੱਲੋਂ ਦੱਸੇ ਕਾਗ਼ਜ਼ਾਂ ’ਤੇ ਦਸਤਖ਼ਤ ਕਰਾਉਣ ਮਗਰੋਂ ਜਦੋਂ ਇਹ ਬੁੱਢੀ ਔਰਤ ਚੌਥੀ ਵਾਰ ਦਫ਼ਤਰ ਪੁੱਜੀ ਤਾਂ ਉਥੇ ਸੁੰਨ-ਸਾਨ ਪਈ ਸੀ। ਚਪੜਾਸੀ ਨੇ ਦੱਸਿਆ ਕਿ ਕੱਲ ਇੱਕ ਮੰਤਰੀ ਜੀ ਇੱਥੇ ਆ ਰਹੇ ਹਨ, ਸਾਰਾ ਸਟਾਫ਼ ਜਲਸੇ ਦੀਆਂ ਤਿਆਰੀਆਂ ਵਿੱਚ ਰੁੱਝਾਂ ਹੋਇਆ ਹੈ।
ਜਦੋਂ ਇਹ ਬੁੱਢੀ ਪੰਜਵੀਂ ਵਾਰ ਦਫ਼ਤਰ ਆਈ ਤਾਂ ਉਸਨੂੰ ਦਫ਼ਤਰ ਵਿੱਚ ਸਭ ਕੁਝ ਠੀਕ-ਠਾਕ ਲੱਗਾ ਸੀ। ਸਭ ਆਪਣੀ ਥਾਂ ’ਤੇ ਬੈਠੇ ਕੰਮ ਕਰ ਰਹੇ ਸਨ। ਉਸ ਪਤੀ ਦੀ ਪੈਨਸ਼ਨ ਦੇ ਕਾਗ਼ਜ਼ ਹਰੀਦਰਸ਼ਨ ਨੂੰ ਜਾ ਫੜਾਏ।
“ਮਾਈ, ਕਾਹਦੀ ਪੈਨਸ਼ਨ ਲੁਆਉਣ ਲੱਗੀ ਏਂ?” ਹਰੀਦਰਸ਼ਨ ਦੀ ਖਰਵ੍ਹੀਂ ਆਵਾਜ਼ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬੁੱਢੀ ਨੂੰ ਦਹਿਲਾ ਗਈ।
“ਵੇ ਪੁੱਤਾ, ਮੇਰਾ ਮਾਲਕ ਅਜ਼ਾਦ ਹਿੰਦ ਫ਼ੌਜ ਵਿਚ ਸੀ, ਉਸਨੂੰ ਪੂਰਾ ਹੋਏ ਤਿੰਨ ਮਹੀਨੇ ਹੋ ਗਏ ਨੇ, ਉਹਦੀ ਪੈਨਸ਼ਨ ਏ।”
“ਕੋਈ ਧੀ ਪੁੱਤ ਨਹੀਂ ਤੇਰਾ?” ਹਰੀਦਰਸ਼ਨ ਦੀ ਆਵਾਜ਼ ਵਿੱਚ ਥਾਣੇਦਾਰਾਂ ਵਾਲਾ ਦਬਕਾ ਸੀ। ਸਾਮੀ ਫਸਾਉਣ ਲਈ ਅਕਸਰ ਇਹ ਦਬਕਾ ਵਰਤਣ ਵਿਚ ਉਹ ਬਹੁਤ ਮਸ਼ਹੂਰ ਸੀ।
“ਪੁੱਤ ਤਾਂ ਸੀ ਵੇ ਕਾਕਾ, ਉਹ ਪਾਕਿਸਤਾਨ ਨਾਲ ਹੋਈ ਲੜਾਈ ਮਗਰੋਂ ਘਰ ਨਹੀਂ ਪਰਤਿਆ।” ਬੁੱਢੀ ਨੇ ਉਦਾਸ ਲਹਿਜ਼ੇ ਵਿਚ ਕਿਹਾ ਸੀ ਪਰ ਉਸ ਅੱਖਾਂ ਨੂੰ ਗਿੱਲੀਆਂ ਨਹੀਂ ਸੀ ਹੋਣ ਦਿੱਤਾ। ਦੇਸ਼ ਦੀ ਰੱਖਿਆ ਕਰਦਿਆਂ ਪੁੱਤ ਦੀ ਮੌਤ ’ਤੇ ਉਸਨੂੰ ਅਥਾਹ ਮਾਣ ਸੀ।
“ਦੇਖ ਮਾਈ, ਸਾਨੂੰ ਤਾਂ ਵਿਚੋਂ ਕੁਝ ਮਿਲਣਾ ਨਹੀਂ, ਪਰ ਕਈ ਤੇਰੇ ਵਰਗੀਆਂ ਝੂਠੀਆਂ-ਸੱਚੀਆਂ ਪੈਨਸ਼ਨਾਂ ਲੁਆ ਜਾਂਦੀਆਂ ਹਨ ਤੇ ਬਾਅਦ ਵਿਚ ਅਸੀਂ ਇਨਕੁਆਰੀਆਂ ਭੁਗਤਦੇ ਰਹਿ ਜਾਂਦੇ ਹਾਂ।” ਹਰੀਦਰਸ਼ਨ ਨੇ ਸਾਮੀ ਫਸਾਉਣ ਲਈ ਆਖਰੀ ਤੀਰ ਛੱਡਿਆ ਸੀ।
ਜਿਵੇਂ ਕਿਸੇ ਨੇ ਸਾਧ ਨੂੰ ਚੋਰ-ਉਚੱਕਾ ਕਹਿ ਦਿੱਤਾ ਹੋਵੇ, ਬੁੱਢੀ ਹਰਖ਼ੀ ਹੋਈ ਰੋਣ ਲੱਗ ਪਈ।
“ਦੇਖ ਮਾਈ, ਬਹੁਤੇ ਖੇਖਣ ਨਾ ਕਰ, ਕਾਗ਼ਜ਼ ਇੱਥੇ ਛੱਡ ਜਾ, ਸਰਕਾਰੀ ਕਾਰਵਾਈ ਹੁੰਦੇ ਟਾਈਮ ਲੱਗਦਾ ਹੈ।”
ਬੁੱਢੀ ਸੀ ਕਿ ਰੋਈ ਹੀ ਜਾ ਰਹੀ ਸੀ। ਬੁੱਢੀ ਜੋ ਪੁੱਤਰ ਦੇ ਸ਼ਹੀਦ ਹੋਣ ’ਤੇ ਵੀ ਨਹੀਂ ਸੀ ਰੋਈ, ਬੁੱਢੀ ਜਿਸਨੇ ਪਤੀ ਦੇ ਬਰਮਾ ਵਿੱਚ ਦਸ ਸਾਲ ਲਾਪਤਾ ਰਹਿਣ ਦੌਰਾਨ ਵੀ ਦਿਲ ਨਹੀਂ ਸੀ ਛੱਡਿਆ, ਬੁੱਢੀ ਜਿਸਨੂੰ ਆਪਣੇ ਪਤੀ ਅਤੇ ਪੁੱਤ ਦੀ ਕਮਾਈ ਦੀ ਕਮਾਈ ’ਤੇ ਅਥਾਹ ਮਾਣ ਸੀ, ਉਹ ਜਾਰੋ-ਜਾਰ ਰੋਈ ਜਾ ਰਹੀ ਸੀ। ਦਫ਼ਤਰ ਵਿਚ ਬੈਠੀ ਟਾਈਪਿਸਟ ਰੇਨੂੰ ਤੇ ਕਲਰਕ ਮਨਜੀਤੇ ਦੋਵੇਂ ਬੁੱਢੀ ਔਰਤ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਰਹੀਆਂ ਸਨ, ਦਫ਼ਤਰ ਦੇ ਦੂਜੇ ਮੁਲਾਜ਼ਮਾਂ ਨੇ ਵੀ ਇਕ ਨਜ਼ਰ ਉਸ ਵੱਲ ਵੇਖਿਆ ਜੋ ਕੁਰਸੀ ਤੋਂ ਉੱਠ ਕੇ ਅੱਖਾਂ ਪੂੰਝਦੀ ਦਫ਼ਤਰ ਵਿਚੋਂ ਬਾਹਰ ਨਿਕਲ ਗਈ ਸੀ।
ਇਸ ਘਟਨਾ ਦੀ ਖ਼ਬਰ ਜਦੋਂ ਸ਼ਰਮਾ ਜੀ ਕੋਲ ਪੁੱਜੀ ਤਾਂ ਉਹ ਬੇਚੈਨ ਹੋ ਉੱਠੇ ਸਨ। ਹਰੀਦਰਸ਼ਨ ਦੀਆਂ ਜ਼ਿਆਦਤੀਆਂ ਬਾਰੇ ਉਹਨਾਂ ਨੂੰ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ, ਪਰ ਉਹਨਾਂ ਖ਼ਾਸ ਤੌਰ ’ਤੇ ਉਸਨੂੰ ਕਦੀ ਕੁਝ ਨਹੀਂ ਸੀ ਕਿਹਾ। ਹਾਂ, ਸਾਰਿਆਂ ਨੂੰ ਇਕੋ ਨਸੀਹਤਨੁਮਾ ਚਿਤਾਵਨੀ ਜ਼ਰੂਰ ਦਿੰਦੇ ਕਿ ਕਿਸੇ ਨੂੰ ਵੀ ਦਫ਼ਤਰ ਵਿਚ ਰਹਿੰਦੇ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਮੇਰਾ ਜਾਂ ਤੁਹਾਡਾ ਅਪਮਾਨ ਹੋਵੇ। ਕਦੀ ਵੀ ਕਿਸੇ ਦੀ ਜੇਬ ਕੱਟਣ ਦੀ ਕੋਸ਼ਿਸ਼ ਨਾ ਕਰੋ।
ਇਸ ਘਟਨਾ ਨੇ ਸ਼ਰਮਾ ਜੀ ਨੂੰ ਅੱਚਵੀ ਜਿਹਾ ਲਾ ਦਿੱਤੀ। ਉਹਨਾਂ ਦਾ ਦਿਲ ਕੀਤਾ ਕਿ ਉਹ ਚਪੜਾਸੀ ਨੂੰ ਬੱਸ ਅੱਡੇ ਤੱਕ ਭੇਜਣ ਅਤੇ ਉਸ ਔਰਤ ਨੂੰ ਵਾਪਸ ਬੁਲਾ ਲੈਣ ਲਈ ਕਹਿਣ। ਕਈ ਚਿਰ ਉਹ ਦਫ਼ਤਰ ਵਿੱਚ ਟਹਿਲਦੇ ਰਹੇ। ਆਖਿਰ ਉਹਨਾਂ ਘੰਟੀ ਵਜਾਈ। ਚਪੜਾਸੀ ਆਇਆ। ਉਹਨਾਂ ਹਰੀਦਰਸ਼ਨ ਨੂੰ ਬੁਲਾਉਣ ਲਈ ਕਿਹਾ।
ਹਰੀਦਰਸ਼ਨ ਆਇਆ ਸੀ।
“ਸਾਅਬ ਮੈਨੂੰ ਬੁਲਾਇਆ?”
“ਹਾਂ, ਉਸ ਬੁੱਢੀ ਔਰ ਦੇ ਸੰਬੰਧ ਵਿਚ ਤੈਨੂੰ ਬੁਲਾਇਆ ਏ।”
ਉਹ ਸਮਝ ਗਿਆ ਕਿ ਉਸ ਘਟਨਾ ਦੀ ਖ਼ਬਰ ਸ਼ਰਮਾ ਜੀ ਤੱਕ ਪੁੱਜ ਗਈ ਏ।
“ਜੀ ਕਾਗ਼ਜ਼ ਲੈ ਕੇ ਰੱਖ ਲਏ ਨੇ।” ਹਰੀਦਰਸ਼ਨ ਅੱਧੀ ਕੁ ਗੱਲ ਦੱਸ ਕੇ ਚੁੱਪ ਕਰ ਗਿਆ।
“ਦੇਖ ਬਈ ਹਰੀਦਰਸ਼ਨ! ਜਿਨ੍ਹਾਂ ਨੇ ਕੌਮ ਨੂੰ ਰੌਸ਼ਨੀ ਦੇਣ ਲਈ ਆਪਣੀ ਚਰਬੀ ਬਾਲੀ ਹੋਵੇ, ਉਹਨਾਂ ਨੂੰ ਹੁਣ ਹਨੇਰੇ ਵਿੱਚ ਰੱਖੀਏ ਤਾਂ ਇਹ ਇਨਸਾਫ਼ ਨਹੀਂ ਹੋਵੇਗਾ।” ਸ਼ਰਮਾ ਜੀ ਕਹਿੰਦੇ-ਕਹਿੰਦੇ ਭਾਵੁਕ ਹੋ ਗਏ ਸਨ। ਉਹਨਾਂ ਦੀਆਂ ਅੱਖਾਂ ਵਿਚੋਂ ਪਾਣੀ ਚਮਕ ਪਿਆ।
“ਉਹ ਬੁੱਢੀ ਔਰਤ ਰੋਂਦੀ ਕਾਹਤੋਂ ਗਈ ਆ?” ਸ਼ਰਮਾ ਜੀ ਨੇ ਸਿੱਧੇ ਘਟਨਾ ਬਾਰੇ ਪੁੱਛਣਾ ਹੀ ਠੀਕ ਸਮਝਿਆ।
“ਸਾਅਬ, ਹੈ ਤਾਂ ਜ਼ਨਾਨੀ ਆਖਰ, ਕੀ ਹੋਇਆ ਜੇ ਅਜ਼ਾਦੀ ਘੁਲਾਟੀਏ ਦੀ ਪਤਨੀ ਹੈ।” ਹਰੀਦਰਸ਼ਨ ਬਾਰੇ ਉਹਨਾਂ ਬਹੁਤ ਕੁਝ ਸੁਣ ਰੱਖਿਆ ਸੀ, ਪਰ ਉਹ ਦੇਖ ਪਹਿਲੀ ਵਾਰ ਰਹੇ ਸਨ। ਉਹਨਾਂ ਨੂੰ ਉਮੀਦ ਸੀ ਕਿ ਹਰੀਦਰਸ਼ਨ ਆਪਣੀ ਗ਼ਲਤੀ ਮੰਨ ਲਵੇਗਾ ਪਰ ਉਹ ਇੰਜ ਕਰਦਾ ਨਹੀਂ ਸੀ ਜਾਪਦਾ।
“ਦੇਖ ਬਈ ਹਰੀਦਰਸ਼ਨ, ਇੰਜ ਇਸ ਦਫ਼ਤਰ ਵਿਚ ਨਹੀਂ ਚੱਲਣਾ।” ਸ਼ਰਮਾ ਜੀ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਜਿਸਦਾ ਅਰਥ ਸੀ ਕਿ ਜੇ ਹਰੀਦਰਸ਼ਨ ਨਾ ਸੁਧਰਿਆ ਤਾਂ ਉਸ ਵਿਰੁੱਧ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇੱਥੇ ਆ ਕੇ ਹਰੀਦਰਸ਼ਨ ਦੇ ਹਉਂ ਨੂੰ ਸੱਟ ਵੱਜੀ ਸੀ ਤੇ ਉਹ ਭਰਿਆ-ਪੀਤਾ ਦਫ਼ਤਰ ਵਿਚੋਂ ਬਾਹਰ ਨਿਕਲ ਗਿਆ ਸੀ।
ਸ਼ਰਮਾ ਜੀ ਨੂੰ ਇਸ ਦਫ਼ਤਰ ਵਿੱਚ ਇਹ ਅਹੁਦਾ ਸੰਭਾਲੇ ਨੂੰ ਸਾਲ ਕੁ ਹੋਣ ਵਾਲਾ ਸੀ। ਪੜ੍ਹਾਈ ਮਗਰੋਂ ਇਹ ਉਹਨਾਂ ਦੀ ਪਹਿਲੀ ਨੌਕਰੀ ਸੀ। ਉਹਨਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਸ਼ਰਮਾ ਜੀ ਨੂੰ ਚੰਗਾ ਵਿਭਾਗ ਮਿਲ ਗਿਆ ਹੈ, ਜਿੰਨੀ ਮਰਜ਼ੀ ਕਮਾਈ ਕਰ ਲਵੋ। ਪਰ ਇਹ ਗੱਲ ਸ਼ਰਮਾ ਜੀ ਦੇ ਸੋਚ ਤੋਂ ਬਾਹਰ ਸੀ। ਉਹਨਾਂ ਕਦੀ ਤਨਖਾਹ ਤੋਂ ਉਪਰ ਇੱਕ ਪੈਸਾ ਵੀ ਨਹੀਂ ਸੀ ਕਮਾਇਆ। ਕੰਮ ਕਰਾਉਣ ਆਏ ਬੰਦਿਆਂ ਤੋਂ ਜਾਂ ਹੇਠਲੇ ਮੁਲਾਜ਼ਮਾਂ ਤੋਂ ਮੂੰਹ ਪਾੜ ਕੇ ਹਿੱਸਾ ਕਿੰਜ ਮੰਗੀਦਾ ਹੈ, ਇਸਦੀ ਉਹਨਾਂ ਨੂੰ ਜਾਚ ਨਹੀਂ ਸੀ, ਇਹ ਜਾਚ ਉਹ ਸਿੱਖਣਾ ਵੀ ਨਹੀਂ ਸਨ ਚਾਹੁੰਦੇ। ਬੱਸ ਉਹਨਾਂ ਨੂੰ ਇੰਜ ਹੀ ਤਸੱਲੀ ਸੀ। ਸ਼ਰਮਾ ਜੀ ਦੇ ਸਾਥੀ ਉਹਨਾਂ ਨੂੰ ਪੁਰਾਣੇ ਖ਼ਿਆਲਾਂ ਵਾਲਾ ਆਖਦੇ ਸਨ।
ਸ਼ੁਰੂ ਤੋਂ ਹੀ ਸ਼ਰਮਾ ਜੀ ਦਾ ਸੁਭਾਅ ਇਹੋ ਜਿਹਾ ਸੀ। ਉਹਨਾਂ ਕਦੇ ਲੋੜ ਪੈਣ ’ਤੇ ਵੀ ਝੂਠ ਨਹੀਂ ਸੀ ਬੋਲਿਆ। ਕਾਲਜ ਦੇ ਦਿਨਾਂ ਦੀ ਗੱਲ ਹੈ, ਜਦੋਂ ਵੋਟਾਂ ਪੈ ਰਹੀਆਂ ਸਨ। ਵੋਟਾਂ ਲਈ ਕਾਲਜ ਦੇ ਦੋਵੇਂ ਧੜੇ ਆਪੋ ਆਪਣਾ ਜ਼ੋਰ ਲਾ ਰਹੇ ਸਨ। ਚੋਣਾਂ ਵਾਲੇ ਦਿਨ ਕਾਲਜ ਵਿੱਚ ਕਾਫ਼ੀ ਤਨਾਅ ਸੀ। ਅੰਦਰ ਵੋਟਾਂ ਪੈ ਰਹੀਆਂ ਸਨ ਤੇ ਗੇਟ ਦੇ ਬਾਹਰ ਦੋਵੇਂ ਧੜੇ ਨਤੀਜੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਰ ਧੜੇ ਦੇ ਮੁੰਡੇ ਵੋਟ ਪਾ ਕੇ ਨਿਕਲ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਵੋਟ ਬਾਰੇ ਪੁੱਛ ਰਹੇ ਸਨ। ਜਦ ਸ਼ਰਮਾ ਜੀ ਆਏ ਤਾਂ ਇੱਕ ਧੜੇ ਦੇ ਮੁੰਡਿਆਂ ਵਿਚੋਂ ਕਿਸੇ ਇੱਕ ਨੇ ਸੁਆਲ ਕੀਤਾ ਸੀ,“ਕਿਉਂ ਸ਼ਰਮਾ ਜੀ, ਵੋਟ ਕਿਸਨੂੰ ਪਾਈ ਆ?”
ਸ਼ਰਮਾ ਜੀ ਨੇ ਵੋਟ ਦਾ ਇਸਤੇਮਾਲ ਉਹਨਾਂ ਮੁੰਡਿਆਂ ਦੇ ਵਿਰੋਧੀ ਧੜੇ ਦੇ ਹੱਕ ਵਿਚ ਕੀਤਾ ਸੀ। ਉਹਨਾਂ ਇਸ ਬਾਰੇ ਮੁੰਡਿਆਂ ਨੂੰ ਦੱਸ ਦਿੱਤਾ। ਜੁਆਬ ਸੁਣਕੇ ਮੁੰਡਿਆਂ ਦੀ ਭੀੜ ਵਿਚੋਂ ਗੁੱਸੇ ਵਿਚ ਆਏ ਕਿਸੇ ਨੇ ਤਾੜ ਕਰਦਾ ਥੱਪੜ ਸ਼ਰਮਾ ਜੀ ਦੇ ਮੂੰਹ ’ਤੇ ਜੜ ਦਿੱਤਾ। ਉਹਨਾਂ ਦੇ ਥੱਪੜ ਖਾਣ ਦੀ ਘਟਨਾ ਕਈ ਦਿਨ ਕਾਲਜ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਅਖੀਰ ਵਿਚ ਥੱਪੜ ਮਾਰਨ ਵਾਲਾ ਮੁੰਡਾ ਮੁਆਫ਼ੀ ਮੰਗ ਕੇ ਛੁੱਟਿਆ ਸੀ।
ਇਸ ਘਟਨਾ ਨੂੰ ਵੇਖਦਿਆਂ ਸ਼ਰਮਾ ਜੀ ਦੇ ਦੋਸਤਾਂ ਨੇ ਕਿਹਾ ਸੀ ਕਿ ਤਨਾਅ ਵਿਚ ਖੜ੍ਹੇ ਮੁੰਡਿਆਂ ਅੱਗੇ ਸੱਚ ਬੋਲਣ ਦੀ ਕੋਈ ਲੋੜ ਨਹੀਂ ਸੀ। ਪ੍ਰੋਫ਼ੈਸਰ ਫੁੱਲ ਹੁਰਾਂ ਵੀ ਕਿਹਾ ਸੀ ਕਿ ਥੋੜ੍ਹਾ ਜਿਹਾ ਝੂਠ ਬੋਲਣ ਨਾਲ ਇਹ ਘਟਨਾ ਟਾਲੀ ਜਾ ਸਕਦੀ ਸੀ। ਪਰ ਸ਼ਰਮਾ ਜੀ ਦਾ ਕਹਿਣਾ ਸੀ ਕਿ ਕਿਉਂਕਿ ਉਹਨਾਂ ਉਸ ਦੇ ਵਿਰੋਧੀ ਧਿਰ ਨੂੰ ਵੋਟ ਪਾਈ ਸੀ, ਇਸ ਲਈ ਉਹਨਾਂ ਸਪੱਸ਼ਟ ਦੱਸ ਦਿੱਤਾ ਸੀ।
ਸ਼ਰਮਾ ਜੀ ਦੀ ਆਦਤ ਨੂੰ ਵੇਖਦਿਆਂ ਉਹਨਾਂ ਦੇ ਕਈ ਸਾਥੀ ਆਖਦੇ,“ਸ਼ਰਮਾ ਜੀ, ਲੰਘ ਚੁੱਕੇ ਵਕਤ ਦੀਆਂ ਗੱਲਾਂ ਛੱਡੋ, ਸਮੇਂ ਦੀ ਤੋਰ ਪਛਾਣੋ।”
ਸਾਥੀ ਬਹਿਸਣ ਦੀ ਰੌਂਅ ਵਿਚ ਹੁੰਦੇ ਪਰ ਸ਼ਰਮਾ ਜੀ ਕਦੀ ਨਾ ਬਹਿਸਦੇ। ਨਾ ਉਹ ਇਸਨੂੰ ਬਹਿਸਣ ਵਾਲਾ ਮਸਲਾ ਸਮਝਦੇ ਸਨ। ਉਹਨਾਂ ਮੁਤਾਬਿਕ ਬਹਿਸ ਸਿਰਫ਼ ਉਸ ਗੱਲ ’ਤੇ ਹੁੰਦੀ ਹੈ ਜਿਸ ਪ੍ਰਤੀ ਸ਼ੰਕੇ ਜਾਂ ਭੁਲੇਖੇ ਹੋਣ। ਇਸ ਲਈ ਉਹ ਗੱਲ ਸਿਰਫ਼ ਇਸ ਇਕ ਕਥਨ ਨਾਲ ਹੀ ਖ਼ਤਮ ਕਰ ਦਿੰਦੇ,“ਮਿੱਤਰੋ, ਤੁਸੀਂ ਦੱਸੋ, ਝੂਠ ਕਦੀ ਸੱਚ ਬਣਿਆ?”
ਸ਼ਰਮਾ ਜੀ ਦਾ ਇਹੋ ਸੁਭਾਅ ਨੌਕਰੀ ਵੇਲੇ ਵੀ ਬਣਿਆ ਰਿਹਾ। ਜਦੋਂ ਉਹਨਾਂ ਇਥੇ ਆ ਕੇ ਅਹੁਦਾ ਸੰਭਾਲਿਆ ਤਾਂ ਚਾਰਜ ਦੇਣ ਵਾਲੇ ਅਫ਼ਸਰ ਨੇ ਆਪਣੇ ਤਜਰਬੇ ਦੀਆਂ ਗੱਲਾਂ ਦੱਸਦਿਆਂ ਸ਼ਰਮਾ ਜੀ ਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਉਹ ਪੰਜ-ਸੱਤ ਸਾਲ ਇਸ ਦਫ਼ਤਰ ਵਿਚ ਅਰਾਮ ਨਾਲ ਕੱਟਣਾ ਚਾਹੁੰਦੇ ਹਨ ਤਾਂ ਉਹ ਦਫ਼ਤਰ ਦੇ ਦੋ ਬੰਦਿਆਂ ਹਰੀਦਰਸ਼ਨ ਅਤੇ ਇੰਦਰ ਤੋਂ ਸੁਚੇਤ ਰਹਿਣ ਅਤੇ ਹਰ ਹੀਲੇ ਇਹਨਾਂ ਨਾਲ ਬਣਾ ਕੇ ਰੱਖਣ। ਇਹ ਦੋ ਬੰਦੇ ਸਨ ਜਿਹੜੇ ਅਫ਼ਸਰ ਦੇ ਪੇਰ ਨਹੀਂ ਸਨ ਲੱਗਣ ਦਿੰਦੇ। ਦੋਵੇਂ ਯੂਨੀਅਨ ਦੇ ਲੀਡਨ ਸਨ ਅਤੇ ਉਹਨਾਂ ਦੀ ਪਹੁੰਚ ਅਤੇ ਸੰਬੰਧ ਦੂਰ ਤੱਕ ਸਨ।
ਸ਼ਰਮਾ ਜੀ ਖ਼ੁਦ ਕਿਸੇ ਨਾਲ ਵਿਗਾੜਣਾ ਨਹੀਂ ਸਨ ਚਾਹੁੰਦੇ ਬਸ਼ਰਤੇ ਕਿ ਹਰ ਕੰਮ ਇਮਾਨਦਾਰੀ ਨਾਲ ਹੁੰਦਾ ਰਹੇ। ਉਹਨਾਂ ਨੂੰ ਨੌਕਰੀ ਲੱਗਿਆ ਚਾਰ ਕੁ ਮਹੀਨੇ ਹੀ ਹੋਏ ਸਨ ਜਦੋਂ ਵੱਡੇ ਅਫ਼ਸਰ ਨੇ ਇਕ ਮੀਟਿੰਗ ਮਗਰੋਂ ਉਹਨਾਂ ਨੂੰ ਰੋਕ ਲਿਆ ਸੀ।
“ਹੋਰ ਬਈ ਸੁਣਾ, ਕੀ ਹਾਲ ਹੈ ਤੇਰੇ ਦਫ਼ਤਰ ਦਾ?”
“ਠੀਕ ਹੈ ਜੀ।” 
“ਕਦੀ ਲੋੜ ਪਈ ਤਾਂ ਦੱਸੀਂ, ਘਬਰਾਈਂ ਨਾ।” ਵੱਡੇ ਅਫ਼ਸਰ ਦੀ ਹੱਲਾਸ਼ੇਰੀ ਨਾਲ ਸ਼ਰਮਾ ਜੀ ਕੁਝ ਹੋਰ ਦ੍ਰਿੜ੍ਹ ਹੋ ਗਏ।
“ਅੱਛਾ ਇੰਜ ਕਰੀਂ, ਤੇਰੇ ਦਫ਼ਤਰ ਦੇ ਨੇੜੇ ਦੁਕਾਨ ਹੈ ਨਾ, ਉਥੋਂ ਇਕ ਕੱਪੜੇ ਧੋਣ ਵਾਲੀ ਮਸ਼ੀਨ ਸਾਡੇ ਘਰ ਭਿਜਵਾ ਦੇਵੀਂ।”
“ਜੀ।” ਕਹਿਣ ਨੂੰ ਤਾਂ ਸ਼ਰਮਾ ਜੀ ਕਹਿ ਗਏ ਸਨ ਪਰ ਮਸ਼ੀਨ ਲੈਣ ਲਈ ਸੱਤ-ਅੱਠ ਹਜ਼ਾਰ ਰੁਪਏ ਦੀ ਲੋੜ ਸੀ। ਸ਼ਰਮਾ ਜੀ ਦੇ ਦਫ਼ਤਰ ਲਾਗੇ ਕੋਈ ਦੁਕਾਨ ਹੈ ਵੀ ਕਿ ਨਹੀਂ, ਇਸਦਾ ਉਹਨਾਂ ਨੂੰ ਨਹੀਂ ਸੀ ਪਤਾ। ਇਸ ਗੱਲ ਨੂੰ ਹਫ਼ਤਾ ਕੁ ਹੋ ਗਿਆ। ਉਹ ਕਾਫੀ ਪ੍ਰੇਸ਼ਾਨ ਰਹੇ। ਉਸ ਦਿਨ ਪਤਾ ਨਹੀਂ ਹਰੀਦਰਸ਼ਨ ਕਿਸ ਕੰਮ ਲਈ ਉਹਨਾਂ ਕੋਲ ਬੈਠਾ ਸੀ ਤਾਂ ਉਹ ਦਫ਼ਤਰ ਦੇ ਦੂਜੇ ਮੁਲਾਜ਼ਮਾਂ ਦੇ ਸੁਭਾਅ ਬਾਰੇ ਗੱਲਾਂ ਕਰਨ ਲੱਗ ਪਿਆ। ਚੱਲਦੀ-ਚੱਲਦੀ ਗੱਲ ਵੱਡੇ ਅਫ਼ਸਰ ਤੱਕ ਪੁੱਜ ਗਈ। ਹਰੀਦਰਸ਼ਨ ਨੇ ਦੱਸਿਆ ਕਿ ਉਸ ਅਫ਼ਸਰ ਨੇ ਪਿਛਲੇ ਥੋੜ੍ਹੇ ਜਿੰਨੇ ਅਰਸੇ ਵਿਚ ਲੱਖਾਂ ਰੁਪਏ ਇਕੱਠੇ ਕੀਤੇ ਹਨ।
ਸ਼ਰਮਾ ਜੀ ਨੂੰ ਉਸ ਦੀਆਂ ਗੱਲਾਂ ’ਤੇ ਯਕੀਨ ਨਹੀਂ ਸੀ ਆ ਰਿਹਾ।
“ਇਕ ਗੱਲ ਹੋਰ, ਵੱਡੇ ਸਾਅਬ ਨੇ ਅਸਲ ਵਿਚ ਤੁਹਾਡੇ ਕੋਲੋਂ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ ਮੰਗੀ ਸਗੋਂ ਪਿਛਲੇ ਚਾਰ ਮਹੀਨਿਆਂ ਵਿਚ ਤੁਹਾਡੇ ਵੱਲੋਂ ਕੀਤੀ ਉਪਰਲੀ ਕਮਾਈ ਵਿਚੋਂ ਆਪਣਾ ਹਿੱਸਾ ਮੰਗਿਆ ਹੈ।” ਹਰੀਦਰਸ਼ਨ ਨੇ ਦੱਸਿਆ ਸੀ।
ਸ਼ਰਮਾ ਜੀ ਹੈਰਾਨ ਸਨ ਕਿ ਉਸ ਗੱਲ ਦਾ ਹਰੀਦਰਸ਼ਨ ਨੂੰ ਕਿਵੇਂ ਪਤਾ ਲੱਗ ਗਿਆ। ਪਹਿਲਾਂ ਤਾਂ ਉਹਨਾਂ ਨੂੰ ਉਮੀਦ ਸੀ ਕਿ ਵੱਡਾ ਅਫ਼ਸਰ ਮਸ਼ੀਨ ਦੇ ਪੈਸੇ ਚਪੜਾਸੀ ਹੱਥ ਭਿਜਵਾ ਦੇਵੇਗਾ ਪਰ ਹਰੀਦਰਸ਼ਨ ਦੀ ਗੱਲ ਸੁਣਨ ਮਗਰੋਂ ਉਹਨਾਂ ਨੂੰ ਇਹ ਆਸ ਖ਼ਤਮ ਹੋ ਗਈ ਸੀ। ਉਹਨਾਂ ਸੋਚਿਆ ਸੀ ਕਿ ਉਹ ਵੱਡੇ ਅਫ਼ਸਰ ਨੂੰ ਸਾਫ਼ ਕਹਿ ਦੇਣਗੇ ਕਿ ਉਹਨਾਂ ਲੋਕਾਂ ਤੋਂ ਕੋਈ ਰਿਸ਼ਵਤ ਨਹੀਂ ਲਈ ਅਤੇ ਨਾ ਉਹ ਲੈਣਗੇ। ਇਸ ਲਈ ਉਹ ‘ਹਿੱਸਾ ਪੱਤੀ’ ਦੇਣ ਦੇ ਸਮਰੱਥ ਨਹੀਂ।
ਉਹ ਬੜੀ ਉਲਝਣ ਵਿਚ ਸਨ, ਜਦੋਂ ਵੱਡੇ ਅਫ਼ਸਰ ਨੇ ਚਪੜਾਸੀ ਭੇਜ ਕੇ ਉਹਨਾਂ ਨੂੰ ਬੁਲਾਇਆ ਸੀ। ਉਹ ਗਏ ਸਨ। ਵੱਡੇ ਅਫ਼ਸਰ ਨੇ ਦਫ਼ਤਰ ਦੇ ਹਾਲ ਬਾਰੇ ਪੁੱਛਿਆ ਸੀ ਅਤੇ ਤਾਕੀਦ ਕੀਤੀ ਸੀ ਕਿ ਉਹ ਦਫ਼ਤਰ ਵਿਚ ਅਨੁਸ਼ਾਸਨ ਕਾਇਮ ਰੱਖਣ। ਕੱਪੜੇ ਧੋਣ ਵਾਲੀ ਮਸ਼ੀਨ ਬਾਰੇ ਉਹਨਾਂ ਕੋਈ ਗੱਲ ਨਹੀਂ ਸੀ ਕੀਤੀ। ਸ਼ਰਮਾ ਜੀ ਖ਼ੁਦ ਇਸ ਬਾਰੇ ਗੱਲ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਵੱਡੇ ਅਫ਼ਸਰ ਦਾ ਵਤੀਰਾ ਪਹਿਲਾਂ ਨਾਲੋਂ ਰੁੱਖਾ ਲੱਗਾ ਸੀ। ਇਸ ਲਈ ਉਹ ਗੱਲ ਕਰਨ ਦਾ ਹੌਂਸਲਾ ਨਹੀਂ ਸਨ ਕਰ ਸਕੇ। ਦਫ਼ਤਰ ਵਿਚ ਕਿਸ ਅਨੁਸ਼ਾਸਨਹੀਣਤਾ ਵੱਲ ਵੱਡੇ ਅਫ਼ਸਰ ਦਾ ਇਸ਼ਾਰਾ ਸੀ, ਉਹ ਸਮਝ ਨਹੀਂ ਸਨ ਸਕੇ।
ਜਦੋਂ ਸ਼ਰਮਾ ਜੀ ਆਪਣੇ ਦਫ਼ਤਰ ਪੁੱਜੇ ਤਾਂ ਹਰੀਦਰਸ਼ਨ ਉਹਨਾਂ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਸ਼ਰਮਾ ਜੀ ਨਾਲ ਹੋਈ ਬੀਤੀ ਬਾਰੇ ਸਭ ਕੁਝ ਜਾਣਦਾ ਹੋਵੇ। ਭਾਵੇਂ ਉਹਨਾਂ ਕੋਈ ਕਸੂਰ ਨਹੀਂ ਸੀ ਕੀਤਾ ਪਰ ਫਿਰ ਵੀ ਉਹ ਨੀਵੀਂ ਪਾ ਕੇ ਦਫ਼ਤਰ ਵਿਚ ਜਾ ਬੈਠੇ ਸਨ।
ਇਸ ਤੋਂ ਬਾਅਦ ਵੱਡੇ ਅਫ਼ਸਰ ਦਾ ਵਤੀਰਾ ਦਿਨ-ਬ-ਦਿਨ ਰੁੱਖਾ ਅਤੇ ਵਧੇਰੇ ਸਖ਼ਤ ਹੁੰਦਾ ਗਿਆ ਸੀ। ਹਰੀਦਰਸ਼ਨ ਨੇ ਕਈ ਵਾਰ ਸਲਾਹ ਵੀ ਦਿੱਤੀ ਕਿ ਸ਼ਰਮਾ ਜੀ ਥੋੜ੍ਹੀ ਜਿਹੀ ਰਕਮ ਲਿਫ਼ਾਫ਼ੇ ਵਿਚ ਪਾ ਕੇ ਵੱਡੇ ਅਫ਼ਸਰ ਦੇ ਮੇਜ਼ ’ਤੇ ਰੱਖ ਆਉਣ, ਪਰ ਸ਼ਰਮਾ ਜੀ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸਨ ਕਿ ਆਖਦੇ ਸਨ ਕਿ ਇੰਜ ਕਰਦਿਆਂ ਉਹ ਆਤਮ-ਗਿਲਾਨੀ ਮਹਿਸੂਸ ਕਰਦੇ ਹਨ।
ਸ਼ਰਮਾ ਜੀ ਨੂੰ ਇਸ ਗੱਲ ਤੋਂ ਹੋਰ ਵੀ ਪ੍ਰੇਸ਼ਾਨੀ ਸੀ ਕਿ ਉਹਨਾਂ ਪ੍ਰਤੀ ਵੱਡੇ ਅਫ਼ਸਰ ਦੇ ਰੁੱਖੇ ਵਤੀਰੇ ਤੋਂ ਹਰੀਦਰਸ਼ਨ ਤੇ ਉਸਦੇ ਸਾਥੀ ਚੰਗੀ ਤਰ੍ਹਾਂ ਜਾਣੂ ਸਨ। ਇਸ ਤਰ੍ਹਾਂ ਉਹਨਾਂ ਨੂੰ ਦਫ਼ਤਰ ਵਿਚ ਅਨੁਸ਼ਾਸਨ ਕਾਇਮ ਰੱਖਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰੀ ਉਹ ਵਕਤੀ ਤੌਰ ’ਤੇ ਹੌਂਸਲਾ ਵੀ ਛੱਡ ਜਾਂਦੇ ਪਰ ਫਿਰ ਵੀ ਉਹ ਕਦੇ ਸੱਚ ਝੂਠ ਦੀ ਪਛਾਣ ਨਹੀਂ ਸੀ ਭੁੱਲੇ।
ਉਸ ਦਿਨ ਤਾਂ ਹਰੀਦਰਸ਼ਨ ਨੇ ਹੱਦ ਹੀ ਕਰ ਦਿੱਤੀ। ਮ੍ਰਿਤਕ ਅਜ਼ਾਦੀ ਘੁਲਾਟੀਏ ਦੀ ਬੁੱਢੀ ਪਤਨੀ ਤੋਂ ਵੀ ਅਸਿੱਧੇ ਢੰਗ ਨਾਲ ‘ਮਿਹਨਤਾਨਾ’ ਮੰਗ ਲਿਆ ਸੀ। ਇਸ ਮਸਲੇ ਨੂੰ ਲੈ ਕੇ ਦਫ਼ਤਰ ਵਿਚ ਵਿਵਾਦ ਖੜ੍ਹਾ ਹੋ ਗਿਆ ਅਤੇ ਹਰੀਦਰਸ਼ਨ ਅਤੇ ਉਸਦੇ ਸਾਥੀਆਂ ਨੇ ਸ਼ਰਮਾ ਜੀ ਦੇ ਪੱਖ ਨੂੰ ਹੋਰ ਦਾ ਹੋਰ ਦਾ ਹੋਰ ਬਣਾ ਕੇ ਯੂਨੀਅਨ ਤੱਕ ਪੁਚਾ ਦਿੱਤਾ ਸੀ ਅਤੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਅੱਜ ਹੜਤਾਲ ਦਾ ਤੀਜਾ ਦਿਨ ਸੀ। ਬਾਹਰ ਮੁਲਾਜ਼ਮ ਸ਼ਰਮਾ ਜੀ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਵੀ ਸਨ, ਕਮਰਿਆਂ ਨੂੰ ਤਾਲੇ ਮਾਰ ਕੇ ਉਹਨਾਂ ਨੂੰ ਵੀ ਬਾਹਰ ਹੀ ਡੱਕ ਲਿਆ। 
ਸ਼ਰਮਾ ਜੀ ਖਿੜਕੀ ਵਿਚੋਂ ਬਾਹਰ ਹੁੰਦੀ ਹੁੱਲੜਬਾਜ਼ੀ ਨੂੰ ਦੇਖ ਰਹੇ ਸਨ ਜਦੋਂ ਵੱਡੇ ਅਫ਼ਸਰ ਦਾ ਫ਼ੋਨ ਆਇਆ। ਉਹਨਾਂ ਕਿਹਾ ਕਿ ਇਸ ਇਸ ਮਾਮੂਲੀ ਮਸਲੇ ਨੂੰ ਏਨਾ ਵੱਡਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਜਿਵੇਂ ਨਾ ਕਿਵੇਂ ਮੁਲਾਜ਼ਮਾਂ ਨੂੰ ਮਾਨ ਕੇ ਕੰਮ ਸ਼ੁਰੂ ਕੀਤਾ ਜਾਵੇ।
ਸ਼ਰਮਾ ਜੀ ਤਾਂ ਆਪ ਇਹੋ ਚਾਹੁੰਦੇ ਸਨ ਕਿ ਮੁਲਾਜ਼ਮ ਕੰਮ ਸ਼ੁਰੂ ਕਰਨ ਪਰ ਮੁਲਾਜ਼ਮ ਮੰਗ ਕਰ ਰਹੇ ਸਨ ਕਿ ਸ਼ਰਮਾ ਜੀ ਹਰੀਦਰਸ਼ਨ ਨਾਲ ਕੀਤੇ ਦੁਰਵਰਤਾਉ ਦੀ ਮੁਆਫ਼ੀ ਮੰਗਣ। ਸ਼ਰਮਾ ਜੀ ਨੇ ਕਿਸ ਨਾਲ ਕਦੋਂ ਮਾੜਾ ਵਰਤਾਉ ਕੀਤਾ ਹੈ, ਇਹ ਉਹਨਾਂ ਨੂੰ ਖ਼ੁਦ ਨਹੀਂ ਸੀ ਪਤਾ।
ਆਪੋ ਆਪਣੇ ਕੰਮ ਕਰਾਉਣ ਆਏ ਲੋਕ ਦੁਪਹਿਰ ਤੱਕ ਉਡੀਕ ਕੇ ਘਰੋ-ਘਰੀ ਵਾਪਸ ਚਲੇ ਗਏ, ਉਹ ਬੁੱਢੀ ਔਰਤ ਵੀ ਬੜੀ ਮੁਸ਼ਕਿਲ ਨਾਲ ਕਮਰ ’ਤੇ ਹੱਥ ਰੱਖ ਕੇ ਤੁਰਦੀ ਚਲੀ ਗਈ ਸੀ।
ਸ਼ਾਮ ਦੇ ਤਿੰਨ ਕੁ ਵਜੇ ਦਾ ਸਮਾਂ ਸੀ ਜਦੋਂ ਵੱਡੇ ਅਫ਼ਸਰ ਦਾ ਫ਼ੋਨ ਆਇਆ ਸੀ। ਬਾਹਰ ਸ਼ਰਮਾ ਜੀ ਵਿਰੁੱਧ ਨਾਅਰੇਬਾਜ਼ੀ ਹੋ ਰਹੀ ਸ।ਿ ਉਹਨਾਂ ਖਿੜਕੀ ਬੰਦ ਕਰਕੇ ਫ਼ੋਨ ਚੁੱਕਿਆ। ਵੱਡੇ ਅਫ਼ਸਰ ਦੀ ਅਵਾਜ਼ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਸੀ, ਉਹਨਾਂ ਕਿਹਾ ਸੀ ਕਿ ਹਰ ਹਾਲਤ ਵਿਚ ਹੜਤਾਲ ਅੱਜ ਹੀ ਖ਼ਤਮ ਕੀਤੀ ਜਾਵੇ। ਇਸ ਵਾਰ ਵੱਡੇ ਅਫ਼ਸਰ ਨੇ ਸਲਾਹ ਨਹੀਂ ਸਗੋਂ ਹੁਕਮ ਦਿੱਤਾ ਸੀ।
ਅਜੀਬ ਸਨ ਇਹ ਹਾਲਾਤ ਜਿਸ ਵਿਚ ਸ਼ਰਮਾ ਜੀ ਢੁਕਵੇਂ ਨਹੀਂ ਸੀ ਬੈਠ ਰਹੇ। ਉਹ ਕਾਫੀ ਪ੍ਰੇਸ਼ਾਨ ਸਨ। ਹੜਤਾਲ ਖ਼ਤਮ ਕਰਨ ਲਈ ਗੱਲਬਾਤ ਕਰਨ ਲਈ ਉਹ ਕਿਸਦੇ ਹੱਥ ਸੱਦਾ ਭੇਜਣ, ਦਫ਼ਤਰ ਵਿਚ ਤਾਂ ਕੋਈ ਵੀ ਨਹੀਂ ਸੀ। ਹਰੀਦਰਸ਼ਨ ਹੁਰਾਂ ਨੇ ਚਪੜਾਸੀ ਨੂੰ ਵੀ ਦਫ਼ਤਰ ਵਿਚ ਨਹੀਂ ਸੀ ਆਉਣ ਦਿੱਤਾ। ਉਪਰੋਂ ਵੱਡੇ ਅਫ਼ਸਰ ਦਾ ਹੁਕਮ ਕਿ ਹੜਤਾਲ ਹੁਣੇ ਹੀ ਖ਼ਤਮ ਕਰਵਾਈ ਜਾਵੇ। ਇਧਰ ਬਿਨਾਂ ਸਾਹ ਲਏ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਮੁਲਾਜ਼ਮ! ਇਹ ਪਹਿਲਾ ਮੌਕਾ ਸੀ ਜਦੋਂ ਉਹਨਾਂ ਦਾ ਉਤਸ਼ਾਹ ਖਤਮ ਹੋ ਗਿਆ। ਉਹ ਨਿਰਾਸ਼ ਹੋ ਗਏ, ਬਹੁਤ ਹੀ ਨਿਰਾਸ਼! ਪਹਿਲੀ ਵਾਰ ਉਹਨਾਂ ਨੂੰ ਆਪਣਾ ਵਜੂਦ ਖ਼ਤਮ ਹੁੰਦਾ ਜਾਪਿਆ।
ਅਚਾਨਕ ਉਹ ਉੱਠ ਕੇ ਬਾਹਰ ਵੱਲ ਤੁਰ ਪਏ ਜਿੱਥੇ ਮੁਲਾਜ਼ਮ ਹੜਤਾਲ ’ਤੇ ਬੈਠੇ ਨਾਅਰੇਬਾਜ਼ੀ ਕਰ ਰਹੇ ਸਨ। ਹਰੀਦਰਸ਼ਨ ਤੇ ਦੂਜੇ ਸਾਰੇ ਸ਼ਰਮਾ ਜੀ ਵੱਲ ਦੇਖਣ ਲੱਗ ਪਏ ਸਨ। ਸਾਰੇ ਚੁੱਪ ਸਨ। ਸ਼ਰਮਾ ਜੀ ਹੁਣ ਕੀ ਕਹਿਣਗੇ, ਇਹ ਜਾਣਨ ਲਈ ਉਤਸੁਕ ਸਨ। ਕੋਈ ਵੀ ਨਹੀਂ ਬੋਲ ਰਿਹਾ ਸੀ।
“ਮਿਸਟਰ ਸ਼ਰਮਾ-ਮੁਰਦਾਬਾਦ।” ਖ਼ਲਾਅ ਵਿੱਚ ਸਿਰਫ਼ ਇਕ ਨਾਅਰਾ ਗੂੰਜਿਆ ਸੀ......
ਇਹ ਆਵਾਜ਼ ਸ਼ਰਮਾ ਜੀ ਦੀ ਆਪਣੀ ਸੀ..........

-0-