ਪਰਦਾ ਫਾਸ਼……… ਮਿੰਨੀ ਕਹਾਣੀ / ਬਲਜਿੰਦਰ ਸਿੰਘ ਬੜੈਚ

ਕਾਲਜ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅੱਜ ਸੁਰਜੀਤ ਕਈ ਮਹੀਨਿਆਂ ਬਾਅਦ ਮਿਲਿਆ ਸੀ। ਜਦੋਂ ਹੱਥ ਮਿਲਾਇਆ ਤਾਂ ਮੈਂ ਦੇਖਿਆ ਉਹ ਤਿੰਨ ਉਂਗਲਾਂ ਵਿੱਚ ਲਾਲ, ਨੀਲਾ, ਕਾਲਾ ਨਗ ਪਾਈ ਫਿਰਦਾ ਸੀ।
ਮੈ ਕਿਹਾ, “ਸੁਰਜੀਤ ਆਹ ਕੀ ਇੰਨੇ ਨਗ ਜਿਹੇ ਪਾਏ ਨੇ?”
ਸੁਰਜੀਤ ਕਹਿੰਦਾ, “ਯਾਰ ਨੌਕਰੀ  ਨਹੀਂ ਲਗਦੀ ਸੀ, ਘਰ ‘ਚ ਵੀ ਕਲੇਸ਼ ਜਿਹਾ ਰਹਿੰਦਾ ਤੇ ਵਿਆਹ ਦਾ ਵੀ ਚੱਕਰ  ਬਣਦਾ ਨਹੀਂ ਪਿਆ ਸੀ। ਜੋਤਸ਼ੀ ਨੂੰ ਹੱਥ ਦਿਖਾਇਆ ਤਾਂ ਉਹਨੇ ਕਿਹਾ ਨਗ ਪਾ ਲੈ, ਸਾਰੇ ਕੰਮ ਬਣ ਜਾਣਗੇ, ਤਾਂ ਪਾ ਲਏ।”
ਮੈਂ ਸਮਝਾਇਆ, “ਤੂੰ ਪੜ੍ਹਿਆ ਲਿਖਿਆ ਇਨਸਾਨ ਏਂ । ਮਿਹਨਤ ਕਰ, ਇਹਨਾਂ ਵਹਿਮਾਂ
ਭਰਮਾਂ ‘ਚ ਨਾ ਪੈ । ਜੋਤਸ਼ੀ ਤਾਂ ਠੱਗ ਹੁੰਦੇ”। ਪਰ ਉਹ ਕਹਿਣ ਲੱਗਾ “ਚਲ ਯਾਰ ਦੁਨੀਆਂ ਪਾਈ ਫਿਰਦੀ ਐ, ਮੈਂ ਪਾ ਲਏ ਫਿਰ ਕੀ ਹੋ ਗਿਆ?”
ਗੱਲ ਮੰਨਦਾ ਨਾ ਦੇਖ ਕੇ ਮੈਂ ਕਿਹਾ, “ਚਲ ਸੁਰਜੀਤ ਅੱਜ ਤੈਨੂੰ ਜੋਤਸ਼ੀ ਦੇ ਕੋਲ ਚਲ ਕੇ ਹੀ ਪਰਦਾ ਫਾਸ਼ ਕਰ ਕੇ ਦਿਖਾਉਣਾ ਵੀ ਜੋਤਸ਼ੀ ਝੂਠੇ ਤੇ ਠੱਗ ਹੁੰਦੇ ਐ।”
ਅਸੀਂ ਜੋਤਸ਼ੀ ਦੀ ਦੁਕਾਨ ਵੱਲ ਚੱਲ ਪਏ। ਮੈਂ ਆਪਣੇ ਦੋਸਤ ਅਮਰੀਕ ਨੂੰ ਵੀ ਰਸਤੇ ਵਿਚ ਫੋਨ ਕਰ ਦਿੱਤਾ ਤੇ ਸਾਰੀ ਗੱਲ ਦੱਸ ਦਿੱਤੀ। ਉਹ ਤਰਕਸ਼ੀਲ ਵਿਚਾਰਾਂ ਵਾਲਾ ਸੀ ਤੇ ਬੋਲਿਆ “ਤੁਸੀਂ ਪਹੁੰਚੋ ਜੋਤਸ਼ੀ ਕੋਲ, ਮੈਂ ਵੀ ਦਸ ਮਿੰਟ ‘ਚ ਆ ਗਿਆ ਤੁਹਾਡੇ ਕੋਲ।”
ਅਸੀਂ ਜੋਤਸ਼ੀ ਦੇ ਕੋਲ ਪਹੁੰਚ ਗਏ ਤੇ ਅਮਰੀਕ ਵੀ ਆ ਗਿਆ। ਜੋਤਸ਼ੀ ਅਮਰੀਕ ਨੂੰ ਬੋਲਿਆ “ਹਾਂ ਬੱਚਾ ਬੋਲੋ ਕੀ ਸਮੱਸਿਆ ਹੈ?”
ਅਮਰੀਕ ਕਹਿੰਦਾ “ਜੀ ਮੇਰਾ ਵਿਆਹ ਨਹੀਂ ਹੋ ਰਿਹਾ, ਅੜਚਣ ਪੈ ਜਾਂਦੀ ਹਰ ਵਾਰ । ਗੱਲ ਸਿਰੇ ਨਹੀਂ ਚੜ੍ਹਦੀ।”
ਜੋਤਸ਼ੀ ਕਹਿੰਦਾ “ਬੱਚਾ ਲਿਆ ਹੱਥ ਦਿਖਾ।” ਹੱਥ ਦੇਖਦੇ ਹੋਏ ਕਹਿਣ ਲੱਗਾ “ਬੱਚਾ ਰਾਹੂ ਕੇਤੂ ਦੀ ਦਸ਼ਾ ਠੀਕ ਨਹੀਂ ਏ, ਉਪਾਅ ਕਰਨਾ ਪਵੇਗਾ।”
“ਕਰੋ ਕੋਈ ਉਪਾਅ” ਅਮਰੀਕ ਬੋਲਿਆ।
“ਬੱਚਾ ਇਕਵੰਜਾ ਸੌ ਭੇਟਾ ਲੱਗੇਗੀ । ਮੈਂ ਹਵਨ ਕਰ ਦੇਵਾਂਗਾ, ਅੜਚਨ ਖਤਮ ਹੋ ਜਾਵੇਗੀ ਤੇ ਤੇਰਾ ਵਿਆਹ ਹੋ ਜਾਵੇਗਾ” ਜੋਤਸ਼ੀ ਨੇ ਕਿਹਾ।
“ਚੰਗਾ ਫਿਰ ਪੰਡਿਤ ਜੀ ਕੱਲ੍ਹ ਇਕਵੰਜਾ ਸੌ ਲੈ ਕੇ ਆਂਵਾਗਾ, ਹਵਨ ਕਰ ਦੇਣਾ” ਇੰਨੀ ਗੱਲ ਕਹਿ ਕੇ ਅਸੀਂ ਬਾਹਰ ਆ ਗਏ। ਬਾਹਰ ਆ ਕੇ ਮੈਂ ਤੇ ਅਮਰੀਕ ਹੱਸ ਹੱਸ ਦੂਹਰੇ ਹੋ ਗਏ। ਸੁਰਜੀਤ ਸਾਡੇ ਮੂੰਹ ਵੱਲ ਦੇਖੇ ਤੇ ਬੋਲਿਆ “ਯਾਰ ਕੀ ਹੋਇਆ? ਹੱਸੀ ਕਿੳਂ ਜਾਂਦੇ ਓਂ?”
ਮੈਂ ਕਿਹਾ “ਅਮਰੀਕ ਦੇ ਦੋ ਜਵਾਕ ਨੇ, ਪੰਜ ਸਾਲ ਇਹਦੇ ਵਿਆਹ ਨੂੰ ਹੋ ਗਏ।” ਇੰਨੀ ਗੱਲ ਸੁਣ ਕੇ ਸੁਰਜੀਤ ਵੀ ਹੱਸ ਪਿਆ। ਮੈ ਕਿਹਾ “ਦੇਖ ਲੈ ਪੰਡਿਤ ਨੇ ਇਕਵੰਜਾ ਸੌ ਠੱਗ ਲੈਣਾ ਸੀ, ਹੁਣ ਆ ਗਈ ਸਮਝ ਠੱਗੀ ਦੀ। ਸੁਰਜੀਤ ਨੇ ਨਗ ਜਿਹੇ ਉਂਗਲਾਂ ‘ਚੋਂ ਲਾਹ ਦਿੱਤੇ ਤੇ ਬੋਲਿਆ “ਹਾਂ ਯਾਰ ਮੈਨੂੰ ਸਮਝ ਆ ਗਈ, ਇਹ ਜੋਤਸ਼ੀ ਲੋਕਾਂ ਨੂੰ ਵਹਿਮਾਂ ‘ਚ ਪਾ ਕੇ ਪੈਸੇ ਬਟੋਰਦੇ ਨੇ, ਯਾਰ ਧੰਨਵਾਦ, ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ।”
****
ਬਲਜਿੰਦਰ ਸਿੰਘ ਬੜੈਚ (ਰਾਜਾ ਬੜੈਚ)
ਪਿੰਡ ਬੜੈਚ, ਡਾਕਖਾਨਾ ਦਾਖਾ
ਜਿਲ੍ਹਾ ਲੁਧਿਆਣਾ।
ਮੋ:9914488265