ਕੁੱਤੇ ਦੀ ਪੂਛ........... ਵਿਅੰਗ / ਰਵੇਲ ਸਿੰਘ, ਇਟਲੀ

ਰੱਬ ਜਾਣੇ, ਕੁੱਤੇ ਨੂੰ ਧੁਰੋਂ ਹੀ ਕੋਈ ਵਰ ਹੈ ਜਾਂ ਸਰਾਪ, ਇਸ ਦੀ ਪੂਛ ਸਿੱਧੀ ਨਹੀਂ ਰਹਿੰਦੀ । ਏਨਾ ਹੀ ਨਹੀਂ ਸਗੋਂ ਕਈ ਕੁੱਤਿਆਂ ਦੀ ਪੂਛ ਉਪਰੋਂ ਵਾਹਵਾ ਛੱਲੇਦਾਰ ਹੁੰਦੀ ਹੈ ਅਰਥਾਤ ਕੁੱਤੇ ਵੀ ਅੱਜਕੱਲ ਦੇ ਕਈ ਸ਼ੌਕੀਨਾਂ ਵਾਂਗ ਪੂਛ ਖੜੀ ਰੱਖਣ ਦੇ ਕਈ ਸਟਾਈਲ ਬਣਾ ਕੇ ਰੱਖਦੇ ਹਨ । ਬੇਸ਼ਕ ਡਰ ਵੇਲੇ ਕਿਸੇ ਤਗੜੇ ਕੁੱਤੇ ਕੋਲੋਂ ਆਪਣੀਆਂ ਪਿਛਲੀਆਂ ਲੱਤਾਂ ਵਿਚ ਕੁੱਤਾ ਪੂਛ ਦਬਾ ਕੇ ਜਦੋਂ ਕਿਤੇ ਨੱਠਦਾ ਹੈ ਤਾਂ ਪੂਛ ਦੀ ਤਾਂ ਗੱਲ ਵੱਖਰੇ ਸੁਆਲ ਜਾਨ ਬਚਾਉਣ ਦਾ ਵੀ ਹੁੰਦਾ ਹੈ । ਆਦਮੀ ਤੋਂ ਸਿਵਾ ਦੁਨੀਆਂ ਵਿਚ ਹੋਰ ਵੀ ਕਈ ਜਾਨਵਰ ਪੂਛ ਵਾਲੇ ਹੁੰਦੇ ਹਨ, ਜਿਨ੍ਹਾਂ ਦੀ ਪੂਛ ਦਾ ਸਟਾਈਲ ਵੱਖਰਾ ਵੱਖਰਾ ਹੁੰਦਾ ਹੈ । ਹਾਥੀ ਵਰਗੇ ਵੱਡੇ ਜਾਨਵਰ ਨੂੰ ਨਿੱਕੀ ਜਿਹੀ ਪੂਛ ਕੁਦਰਤ ਨੇ ਦਿੱਤੀ ਪਰ ਕੁੱਤੇ ਨੂੰ ਵੱਖਰੀ ਹੀ ਕਿਸਮ ਦੀ ਲੰਮੀ ਪੂਛ ਦੇ ਕੇ ਰੱਬ ਨੇ ਨਿਹਾਲ ਕਰ ਦਿੱਤਾ ਜਾਪਦਾ ਹੈ । ਕੁੱਤੇ ਦੀ ਪੂਛ ਦੀ ਗੱਲ ਕਈਆਂ ਗ੍ਰੰਥਾਂ, ਕਹਾਵਤਾਂ, ਚੁਟਕਲਿਆਂ ਵਿਚ ਬੜੇ ਬੜੇ ਕਮੇਡੀਅਨਾਂ ਤੇ ਕਲਾਕਾਰਾਂ ਵਲੋਂ ਵੀ ਵੇਖਣ ਸੁਨਣ ਨੂੰ ਮਿਲਦੀ ਹੈ, ਜੋ ਕੁੱਤੇ ਲਈ ਬੜੇ ਮਾਣ ਵਾਲੀ ਗੱਲ ਜਾਪਦੀ ਹੈ । ਕਹਿੰਦੇ ਹਨ ਆਦਮੀ ਦੀ ਕਦੇ ਪੂਛ ਹੁੰਦੀ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ  ਓਦੋ ਆਦਮੀ ਦੀ ਪੂਛ ਦਾ ਸਟਾਈਲ ਕਿਸ ਤਰ੍ਹਾਂ ਦਾ ਹੋਵੇਗਾ ।

ਕਹਿੰਦੇ ਹਨ ਜਦੋਂ ਕਿਤੇ ਕੁੱਤਾ ਹਲਕਾਇਆ ਜਾਵੇ ਤਾਂ ਇਸ ਵਿਚਾਰੇ ਦੀ ਪੂਛ ਸਿੱਧੀ ਹੇਠਾਂ ਵੱਲ ਨੂੰ ਹੋ ਜਾਂਦੀ ਹੈ ਭਾਵ ਇਸ ਦਾ ਪੂਛ ਦਾ ਮਾਣ ਹੰਕਾਰ ਟੁੱਟ ਜਾਂਦਾ ਹੈ । ਐਸੇ ਵੇਲੇ ਉਸ ਨੂੰ ਆਪਣੇ ਪਰਾਏ ਦੀ ਪਛਾਣ ਵੀ ਭੁੱਲ ਜਾਂਦੀ ਹੈ । ਐਸੇ ਵੇਲੇ ਇਸ ਦੀ ਪੂਛ ਦਾ ਖਿਆਲ ਨਾ ਰੱਖਦੇ ਹੋਏ ਇਸ ਤੋਂ ਬਚਣਾ ਹੀ ਚੰਗਾ ਹੁੰਦਾ ਹੈ । ਨਹੀਂ ਤਾਂ ਇਸ ਦੇ ਕੱਟੇ ਹੋਏ ਦਾ ਨਤੀਜਾ ਭੁਗਤਣਾ ਬੜਾ ਔਖਾ ਹੁੰਦਾ ਹੈ । ਧੁੰਨੀ ਵਿਚ ਟੀਕੇ ਜਾਂ ਥਾਂ ਥਾਂ ਟੂਣੇ ਟੰਬਰ ਕਰਵਾਉਣੇ ਮੁਫ਼ਤ ਦੀ ਬਲਾ ਗਲ ਪੈਣ ਵਾਲੀ ਗੱਲ ਵਾਂਗ ਹੀ ਹੈ ਪਰ ਇਸ ਕੁੱਤੇ ਵਿਚਾਰੇ ਜਾਂ ਉਸ ਦੀ ਪੂਛ ਦਾ ਵੀ ਕੋਈ ਕਸੂਰ ਨਹੀਂ ਹੈ, ਕਿਉਂ ਜੋ ਉਸ ਵਿਚਾਰੇ ਨੂੰ ਵੀ ਤਾਂ ਜਾਣ ਤੋਂ ਹੱਥ ਧੋਣੇ ਪੈਂਦੇ ਹਨ ।

ਕੁੱਤਾ ਵਫਾਦਾਰ ਜਾਨਵਰ ਹੈ । ਲਾਡ ਪਿਆਰ ਕਰਦੇ ਸਮੇਂ ਜਦੋਂ ਆਪਣੇ ਮਾਲਕ ਦੇ ਬਾਹਰੋਂ ਕੰਮ ਤੋਂ ਥੱਕੇ ਟੁੱਟੇ ਘਰ ਆਏ ਨੂੰ ਜਦੋਂ ਪਿਆਰ ਲਾਡ ਨਾਲ ਦੁੰਮ ਹਿਲਾ ਕੇ ਪੈਰ ਚੱਟਦਾ, ਉਸ ਦੀ ਥਕਾਵਟ ਲਾਹੁੰਦਾ ਹੈ ਤਾਂ ਉਸ ਦੀ ਪੂਛ ਹਿਲਾਉਣ ਦੀ ਨਜ਼ਾਕਤ ਵੀ ਵੇਖਣ ਯੋਗ ਹੁੰਦੀ ਹੈ । ਕਹਿੰਦੇ ਹਨ ਕੁੱਤਾ ਆਪਣੀ ਗਲੀ ਵਿਚ ਸ਼ੇਰ ਹੁੰਦਾ ਹੈ ਪਰ ਮਾਲਕ ਜਦ ਨਾਲ ਹੋਵੇ ਤਾਂ ਇਸ ਦੀ ਪੂਛ ਦੀ ਸ਼ਾਨ ਵੀ ਵੱਖਰੇ ਹੀ ਹੁੰਦੀ ਹੈ ।
 
ਵੱਸ ਲਗਦਿਆਂ ਕੁੱਤਾ ਆਪਣੀ ਪੂਛ ਨੂੰ ਡਿੰਗੀ ਨਹੀਂ ਹੋਣ ਦਿੰਦਾ । ਤਾਂਹੀਓਂ ਤਾਂ ਜਿਹੜਾ ਬੰਦਾ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਏ, ਉਸ ਨੂੰ ਕੁੱਤੇ ਦੀ ਪੂਛ ਕਹਿ ਕੇ ਗਰਦਾਨਿਆ ਜਾਂਦਾ ਹੈ । ਅੱਜਕੱਲ ਕਈ ਲੋਕ ਆਪਣੇ ਕੁੱਤੇ ਦੀ ਪੂਛ ਜੰਮਦੇ ਦੀ ਹੀ ਕੱਟ ਕੇ ਉਸ ਹੁਲੀਆ ਵਿਗਾੜ ਕੇ ਵਧੀਆ ਨਸਲ ਦਾ ਕੁੱਤਾ ਰੱਖਣ ਦਾ ਭਰਮ ਪਾਲਦੇ ਹਨ, ਪਰ ਇਹ ਕੁੱਤੇ ਦੀ ਨਸਲ ਨਾਲ ਸਰਾਸਰ        ਨਾ ਇਨਸਾਫੀ ਹੈ । ਜਦ ਕੁਦਰਤ ਨਾਲ ਛੇੜ ਛਾੜ ਕਰਨੀ ਚੰਗੀ ਨਹੀਂ ਤਾਂ ਇਸ ਵਿਚਾਰੇ ਨੂੰ ਅੰਗਹੀਣ ਕਰਨਾ ਕਿੱਥੋਂ ਦਾ ਇਨਸਾਫ ਹੈ ? ਕੁਦਰਤ ਦੀ ਕੁੱਤੇ ਨੂੰ ਬਖਸ਼ੀ ਦਾਤ ਵਾਧੂ ਨਹੀਂ ਹੁੰਦੀ । ਕੁੱਤੇ ਦੀ ਪੂਛ ਉਸ ਨੂੰ ਮੱਛਰ ਮੱਖੀਆਂ ਤੋਂ ਛੁਟਕਾਰਾ ਪਾਉਣ ਦੇ ਕੰਮ ਹੀ ਨਹੀਂ ਆਉਂਦੀ, ਸਗੋਂ ਬੈਠਣ ਲਗਿਆਂ ਜ਼ਮੀਨ ਸਾਫ਼ ਕਰਨ ਦੇ ਕੰਮ ਵੀ । ਹਾਂ ! ਜੇ ਕਿਤੇ ਅਚਾਨਕ ਕਿਸੇ ਕੁੱਤੇ ਦੀ ਪੂਛ ਕੱਟੀ ਜਾਵੇ ਤਾਂ ਉਸ ਨੂੰ ਲੰਡਾ ਕੁੱਤਾ ਕਹਿਣਾ ਕੋਈ ਬਹੁਤਾ ਮਾੜਾ ਨਹੀਂ । ਕਈ ਹੋਰ ਪਸ਼ੂ ਵੀ ਤਾਂ ਇਸ ਤਰ੍ਹਾਂ ਲੰਡੇ ਹੋ ਹੀ ਜਾਂਦੇ ਹਨ, ਜਿਨ੍ਹਾਂ ਨੂੰ ਲੰਡਾ ਬਲਦ, ਲੰਡੀ ਗਾਂ, ਲੰਡੀ ਚੂਹੀ ਕਹਿ ਕੇ ਬਲਾਉਂਦੇ ਹਨ । ਉਹ ਬੇਜ਼ੁਬਾਨ ਗੁੱਸਾ ਨਹੀੰ ਕਰਦੇ । ਇਹ ਉਨ੍ਹਾਂ ਦੀ ਬੇਬਸੀ ਹੈ । ਜਦ ਲਾਡ ਨਾਲ ਕੁੱਤਾ ਬੜੇ ਸਟਾਈਲ ਨਾਲ ਖਾਣ ਲਈ ਕੁਝ ਮੰਗਦਾ ਹੈ ਤਾਂ ਉਸ ਦੀ ਪੂਛ ਦਾ ਨਜ਼ਾਰਾ ਵੀ ਵੇਖਣ ਵਾਲਾ ਨੁੰਦਾ ਹੈ ।
ਆਪਣੇ ਮਾਲਕ ਦੀ ਵਫ਼ਾਈ ‘ਤੇ ਕੁੱਤੇ ਨੂੰ ਮਾਣ ਹੈ । ਤਾਂਹੀੳਂ ਉਹ ਬੜੀ ਸ਼ਾਨ ਨਾਲ ਹਰ ਵੇਲੇ ਬਾਹਰ ਅੰਦਰ ਪੂਛ ਹਿਲਾਉਂਦਾ  ਠੁਮਕ ਠੁਮਕ ਕਰਦਾ ਨੱਚਦਾ ਟੱਪਦਾ ਅੱਗੇ ਪਿੱਛੇ ਗੇੜੀਆਂ ਲਾਉਂਦਾ ਹੈ ।
 
ਕੁੱਤੇ ਦਾ ਹੈ ਕੁੱਤਾ ਵੈਰੀ
ਕੁੱਤਾ ਕੁਤੇ ਵੱਲ ਵੇਖੇ
ਤਦੋਂ ਕਰੇ ਅੱਖ ਕੈਰੀ
ਸਦਾ ਪੂਛ ਰੱਖੇ ਵਿੰਗੀ
ਇਹ ਨਾ ਹੁੰਦੀ ਕਦੇ ਸਿੱਧੀ
ਜਿੰਨਾ ਮਰਜ਼ੀ ਸਿਖਾਈਏ
ਭਾਂਵੇਂ ਜਿੰਨਾ ਟਿੱਲ ਲਾਈਏ
ਕੁੱਤਾ ਬੜਾ ਵਫਾ ਦਾਰ
ਇਹਦੀ ਪੂਛ ਹੈ ਸਿ਼ੰਗਾਰ
ਜਦੋਂ ਮਾਲਕ ਬਲਾਉਂਦਾ
ਆਉਂਦਾ ਪੂਛ ਨੂੰ ਹਿਲਾਉਂਦਾ
ਕਦੇ ਛੱਡੋ ਨਾ ਅਵਾਰਾ
ਨਾ ਹੀ ਛੱਡੋ ਬੇ ਸਹਾਰਾ
ਕਿਤੇ ਗਿਆ ਹਲਕਾਇਆ
ਜੇਹੜਾ ਕਾਬੂ ਇਹਦੇ ਆਇਆ
ਏਹਤੋਂ ਜਾਣਾ ਨਾ ਬਚਾਇਆ
ਜੇਹੜਾ ਲੱਭਾ ਓਹਨੋਂ ਢਾਇਆ
ਪੂਛ ਕੁੱਤੇ ਦਾ ਸਿ਼ੰਗਾਰ
ਗੋਲ ਹੁੰਦੀ ਛੱਲੇ ਦਾਰ
ਸਦਾ ਰਖਦਾ ਹੈ ਖੜੀ
ਪੂਰੀ ਰੱਖਦਾ ਹੈ ਤੜੀ
 
****