ਪਾਸਵਰਡ.......... ਕਹਾਣੀ / ਤਰਸੇਮ ਬਸ਼ਰ

ਸਰੀਆਂ ਦਾ ਜੰਗਲ.... ਜੀਵਨ ਸਾਹਮਣੇ ਬਣ ਰਹੇ ਮਾਲ ਨੂੰ ਵੇਖ ਕੇ ਜਿਵੇਂ ਡਰ ਗਿਆ ਸੀ । ਉਸਨੂੰ ਲੱਗਿਆ ਸੀ ਕਿ ਜਿਵੇਂ ਇਹ ਸਰੀਏ ਸਾਰੀ ਦੁਨੀਆਂ ਨੂੰ ਆਪਣੀ ਵਲਗਣ 'ਚ ਲੈ ਲੈਣਗੇ ਤੇ ਧਰਤੀ ਨੂੰ ਸੰਤਰੇ ਵਾਗੂੰ ਨਿਚੋੜ ਕੇ ਸੁੱਟ ਦੇਣਗੇ । ਜੀਵਨ ਪਤਾ ਨਹੀਂ ਇੰਨੀਂ ਦਿਨੀਂ ਇਸ ਤਰ੍ਹਾਂ ਕਿਉਂ ਹੋ ਗਿਆ ਸੀ । ਇਹ ਉਹੀ ਜੀਵਨ ਹੈ ਜੋ ਜਿੰਦਗੀ ਵਿੱਚ ਕੁਝ ਬਣਨਾ ਚਾਹੁੰਦਾ ਸੀ । ਉਸ ਨੇ ਬੜੀ ਲਗਨ ਨਾਲ ਪੜ੍ਹਾਈ ਕੀਤੀ ਸੀ ਤੇ ਆਪਣੀ ਕਾਬਲੀਅਤ ਵੀ ਸਾਬਤ ਕਰਦਾ ਰਿਹਾ ਸੀ । ਇਸੇ ਕਾਬਲੀਅਤ ਦੇ ਸਿਰ ਤੇ ਉਸਨੇ ਚੰਗੀ ਤਨਖਾਹ ਤੇ ਨੌਕਰੀ ਵੀ ਪ੍ਰਾਪਤ ਕਰ ਲਈ ਸੀ । ਅੱਜ ਵੀ ਤਾਂ ਉਸਨੇ ਚੰਗਾ ਸੂਟ, ਚੰਗੇ ਬੂਟ ਪਹਿਨੇ ਹੋਏ ਸਨ । ਟਾਈ ਵੀ ਤਾਂ ਲਾਈ ਹੋਈ ਸੀ ਪਰ ਉਹ ਬੈਠਾ ਸੀ ਭੁੰਜੇ, ਜਿਵੇਂ ਕੋਈ ਹਾਰਿਆ ਜਰਨੈਲ ਆਪਣੀਆਂ ਸੋਚਾਂ ਵਿੱਚ ਗੁੰਮ ਹੁੰਦਾ ਹੈ । ਹਰ ਚੀਜ਼ ਤੋਂ ਬੇਨਿਆਜ਼ ਤੇ ਆਪਣੇ ਹੀ ਖਿਆਲਾਂ ਵਿੱਚ ਗੁੰਮ । ਉਸ ਦੇ ਅਫਸਰ ਵੀ ਤਾਂ ਅੱਜ ਕੱਲ੍ਹ ਬਹੁਤੇ ਖੁਸ਼ ਨਹੀਂ ਸਨ । ਉਹ ਵੀ ਉਹਨੂੰ ਕਹਿੰਦੇ ਰਹਿੰਦੇ ਸਨ ਕਿ ਉਹ ਹਰ ਚੀਜ਼ ਦਾ ਯੂਜ਼ਰ ਨੇਮ ਅਤੇ ਪਾਸਵਰਡ ਭੁੱਲ ਜਾਂਦਾ ਹੈ । ਇੱਥੋਂ ਤੱਕ ਕਿ ਉਹ ਪਿਛਲੇ ਮਹੀਨੇ ਆਪਣੇ ਤਨਖਾਹ ਵਾਲੇ ਖਾਤੇ ਦਾ ਪਾਸਵਰਡ ਵੀ ਭੁੱਲ ਗਿਆ ਸੀ । ਉਹ ਇਸ ਤਰ੍ਹਾਂ ਕਿਉਂ ਹੋ ਗਿਆ ਸੀ ? ਪਤਾ ਨਹੀਂ ਤਾਂ ਇਹ ਜਿੰਦਗੀ ਦੀ ਨਾ ਮੁੱਕਣ ਵਾਲੀ ਭੱਜ ਦੌੜ ਦਾ ਥਕੇਵਾਂ ਸੀ ਜਾਂ ਫਿਰ ਪਾਸਵਰਡਾਂ ਦੇ ਜਾਲ ਵਿੱਚ ਉਲਝੀ ਉਸਦੀ ਮਾਨਸਿਕਤਾ ਪਰ ਉਹ ਹੌਲੀ ਹੌਲੀ ਰੁਕਦਾ ਹੀ ਜਾ ਰਿਹਾ ਸੀ । ਲੈਪਟਾਪ ਨੂੰ ਹੱਥ ਲਾਉਂਦਿਆਂ ਵੀ ਉਸਨੂੰ ਡਰ ਲੱਗਦਾ ਸੀ, ਜਿਵੇਂ ਉਹ ਕੋਈ ਜ਼ਹਿਰੀਲਾ ਸੱਪ ਹੋਵੇ। ਇਹ ਉਹੀ ਲੈਪਟਾਪ ਹੈ ਜਿਸ ਨੂੰ ਉਸਨੇ ਬੜੇ ਚਾਵਾਂ ਨਾਲ ਖਰੀਦਿਆ ਸੀ ਤੇ ਬੜੇ ਪਿਆਰ ਨਾਲ ਸੰਭਾਲਦਾ ਸੀ । ਕਿਉਂਕਿ ਇਸੇ ਨਾਲ ਤਾਂ ਉਸਦੀ ਜਿੰਦਗੀ ਅੱਗੇ ਤੁਰਨੀ ਸੀ ।

ਜੀਵਨ ਭੁੰਜੇ ਬੈਠਾ ਸੀ ਹਰ ਚੀਜ਼ ਤੋਂ ਬੇਖਬਰ । ਆਉਂਦੇ ਜਾਂਦੇ  ਲੋਕ ਉਸਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸਨ ਪਰ ਉਸਨੂੰ ਜਿਵੇਂ ਆਸੇ ਪਾਸੇ ਦਾ ਪਤਾ ਈ ਨਹੀਂ, ਉਸਨੂੰ ਕੁਝ ਯਾਦ ਆਇਆ ਉਸਨੇ ਏ. ਟੀ. ਐਮ. ਜਾਣਾ ਹੈ, ਗੈਸ ਦੇ ਪੈਸੇ ਭਰਨੇ ਹਨ ਪਰ ਪਾਸਵਰਡ... ਉਹ ਉਸਨੂੰ ਯਾਦ ਨਹੀ ਆਏ । ਫਿਰ ਉਸਨੂੰ ਯਾਦ ਆਇਆ ਕਿ ਕੋਈ ਕੰਮ ਕਰਨਾ ਸੀ ਪਰ ਕੀ ? ਇਹ ਯਾਦ ਨਹੀ ਆਇਆ । ਬੇਧਿਆਨੀ ਵਿੱਚ ਹੀ ਉਸਨੇ ਲੈਪਟਾਪ ਦਾ ਬੈਗ ਚੱਕਿਆ ਖੋਲ੍ਹਿਆ ਤੇ ਲੈਪਟਾਪ ਨੂੰ ਹੱਥ ਪਾਉਂਦਿਆ ਹੀ ਜਿਵੇਂ ਉਸਨੂੰ ਕਰੰਟ ਲੱਗਆ ਤੇ ਝਟਕੇ ਨਾਲ ਪਿੱਛੇ ਸੁੱਟ ਦਿੱਤਾ । ਉਸਨੂੰ ਇਉਂ ਲੱਗਿਆ ਸੀ ਕਿ ''ਪਾਸਵਰਡ''। ਬਿੱਛੂ ਬਣ ਕੇ ਉਸਦੇ ਹੱਥਾਂ ਤੇ ਚੜ੍ਹ ਗਏ ਹਨ । ਉਸਨੂੰ ਪਸੀਨਾ ਆ ਗਿਆ ਸੀ ਤੇ ਸਾਹ ਚੜ੍ਹ ਗਿਆ ਸੀ । ਪਸੀਨੇ ਨਾਲ ਭਰਿਆ ਚਿਹਰਾ ਲਾਲ ਸੁਰਖ਼ ਸੀ । ਅਚਾਨਕ ਉਸਨੂੰ ਲੱਗਿਆ ਜਿਵੇਂ ਸਰੀਆਂ ਦੇ ਜੰਗਲ ਵਿੱਚ ਕੁਝ ਹਿੱਲ-ਜੁਲ ਹੋਈ ਹੈ । ਉਸਨੇ ਦੇਖਿਆ ਕਿ ਜਿਵੇਂ ਸਰੀਏ ਮੁੜਣ ਲੱਗ ਪਏ ਹਨ ਤੇ ਉਸ ਵੱਲ ਚੱਲ ਪਏ ਹਨ । ਅਚਾਨਕ ਉਸਨੂੰ ਲੱਗਿਆ ਕਿ ਉਸਦੇ ਪੈਰਾਂ ਤੇ ਵੀ ਸੈਂਕੜੇ ਬਿੱਛੂ ਰੇਂਗ ਰਹੇ ਹਨ । ਉਹ ਭੱਜ ਪਿਆ ਸੀ ਤੇ ਰੌਲਾ ਪਾ ਰਿਹਾ ਸੀ, ''ਓਏ ਸਰੀਏ ਆ ਗਏ... ਬਿੱਛੂ ਆ ਗਏ... ਪਾਸਵਰਡ ਆ ਗਏ... ਉਹ ਭੱਜਿਆ ਜਾ ਰਿਹਾ ਸੀ । ਇੰਨੀ ਤੇਜ਼ੀ ਨਾਲ ਜਿਵੇਂ ਉਸਨੇ ਇੱਕੋ ਸਾਹ ਹੀ ਧਰਤੀ ਨੂੰ ਪਾਰ ਕਰ ਲੈਣਾ ਹੈ ।
                                   
****