ਬੁੱਢੀ ਮਮਤਾ........... ਕਹਾਣੀ / ਬਲਜੀਤ ਮੌਜੀਆ

ਕੀ ਕਰਾਂ, ਕੀ ਨਾ ਕਰਾਂ ? ਇਹ ਸਵਾਲ ਜਿਵੇਂ ਗੀਤਾ ਦੀ ਜਿੰਦਗੀ ਦੇ ਦੁਆਲੇ ਕੰਡਿਆਲੀ ਤਾਰ ਵਾਗੂੰ ਵਿਛ ਗਏ ਸਨ । ਰਾਮ ਦਿਨੋਂ ਦਿਨ ਜਿਵੇਂ ਬਿਖਰਦਾ ਜਾਂਦਾ ਸੀ, ਅੱਜ ਕੱਲ੍ਹ ਹਾਲਤ ਕੁਝ ਜਿ਼ਆਦਾ ਹੀ ਖ਼ਰਾਬ ਹੋ ਗਈ ਸੀ । ਨਾ ਕਿਸੇ ਨਾਲ ਮਿਲਣਾ ਜੁਲਣਾ । ਨਾ ਕਦੇ ਘਰੇ ਹੀ ਹੱਸਣਾ ਖੇਡਣਾ । ਸ਼ਕਲ ‘ਤੇ ਹੀ ਜਿਵੇਂ ਪਲਿੱਤਣ ਦਾ ਲੇਪ ਹੀ ਹੋ ਗਿਆ ਹੋਵੇ । ਉਹ ਉਸਦੀ ਸਰੀਰਕ ਹਾਲਤ ਤੋਂ ਤਾਂ ਇੰਨੀ ਚਿੰਤਤ ਨਹੀਂ ਸੀ, ਜਿੰਨੀ ਉਸ ਦੇ ਮਨ ਦੀ ਟੁੱਟ ਭੱਜ ਤੋਂ... । ਘਰ ਦੇ ਕੰਮ ਕਰਾਂ ਜਾਂ ਮਮਤਾ ਨੂੰ ਸੰਭਾਲਾਂ ਕਿ ਨੌਕਰੀ ਦਾ ਕੰਮ ਕਰਾਂ ? ਉਹ ਰਾਮ ਨੂੰ ਇਕੱਲਾ ਵੀ ਨਹੀਂ ਛੱਡਣਾ ਚਾਹੁੰਦੀ । ਡਰਦੀ ਸੀ ਕਿ ਡਾਕਟਰ ਨੇ ਕਿਹਾ ਹੈ ਕਿ ਇਹ ਜਜ਼ਬਾਤੀ ਬੰਦਾ ਹੈ । ਕਿਤੇ ਕੁਝ ਗਲਤ ਨਾ ਕਰ ਬੈਠੇ । ਮਾਂ ਘਰ ਵਿੱਚ ਹੈ ਪਰ ਉਸਦਾ ਆਸਰਾ ਕੁਝ ਨਹੀਂ ਸੀ ਬਲਕਿ ਅੱਜ ਕੱਲ੍ਹ ਤਾਂ ਰਾਮ ਦੀ ਜੋ ਹਾਲਤ ਹੈ, ਉਹ ਹੋਈ ਹੀ ਉਸਦੀ ਵਜ੍ਹਾ ਨਾਲ ਹੈ । ਗੀਤਾ ਸ਼ੁਰੂ ਤੋਂ ਹੀ ਸੱਸ ਨੂੰ ਮਾਂ ਸਮਝਦੀ ਰਹੀ ਸੀ ਪਰ ਅੱਜ ਕੱਲ੍ਹ ਉਸਦੇ ਮਨ ਵਿੱਚ ਵੀ ਖਟਾਸ ਆ ਗਈ ਹੈ ਕਿ ਮਾਂ ਨੂੰ ਆਪਣੇ ਬੱਚੇ ਨਾਲ ਕੋਈ ਮਤਲਬ ਨਹੀਂ, ਬਲਕਿ ਹਰ ਰੋਜ਼ ਉਸਦੇ ਵਤੀਰੇ ਕਾਰਨ ਰਾਮ ਹੋਰ ਬਿਮਾਰ ਹੁੰਦਾ ਜਾ ਰਿਹਾ ਹੈ । ਦੁਖੀ ਹੋ ਕੇ ਜਦੋਂ ਦਾਰੂ ਪੀ ਲੈਂਦਾ ਹੈ ਤਾਂ ਮਾਂ ਦੂਜੇ ਦਿਨ ਆਂਢੀਆਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਵਿੱਚ ਇਹ ਪ੍ਰਚਾਰ ਕਰਨ ਤੇ ਟਾਇਮ ਨਹੀਂ ਲਾਉਂਦੀ ਕਿ ਹੁਣ ਤਾਂ ਦਾਰੂ ਖੂਨ 'ਚ ਰਚ ਗਈ ਹੈ । ਗੀਤਾ ਭਾਵੇਂ ਬਹੁਤੀ ਬੁੱਧੀਜੀਵੀ ਸਖਸ਼ੀਅਤ ਦੀ ਮਾਲਕਣ ਨਹੀਂ ਪਰ ਇੰਨਾਂ ਜ਼ਰੂਰ ਸਮਝਦੀ ਸੀ ਕਿ ਲਗਾਤਾਰ ਰਾਮ ਨਾਲ ਚੰਗਾ ਨਹੀਂ ਹੁੰਦਾ ਆ ਰਿਹਾ । 
 
ਪਿਉ ਪਹਿਲੇ ਦਿਨ ਤੋਂ ਹੀ ਸਿਰ ਤੇ ਨਹੀਂ ਸੀ ।  ਭਰਾ ਨੇ ਦੁਤਕਾਰ ਦਿੱਤਾ । ਯਤੀਮੀ ਦਾ ਜੀਵਨ ਜੀਵਿਆ ਤੇ ਉਤੋਂ ਮਾਂ ਨੇ ਵੀ ਪੈਸੇ ਵਾਲੇ ਪੁੱਤ ਦਾ ਸਾਥ ਦਿੱਤਾ । ਹੋਈਆਂ ਵਧੀਕੀਆਂ ਤੇ ਚੁੱਪ ਰਹੀ। ਉਹ ਰਾਮ ਦੇ ਦੁੱਖ ਨੂੰ ਜਾਣਦੀ ਸੀ, ਉਹ ਪਿਆਰ ਦਾ ਭੁੱਖਾ ਸੀ ਤੇ ਦੁਖੀ ਹੋਣ ਦੇ ਬਾਵਜੂਦ ਦੋਹਾਂ ਮਾਂ ਪੁੱਤਾਂ ਤੋਂ ਪਿਆਰ ਦੇ ਦੋ ਸ਼ਬਦ ਵੀ ਨਹੀਂ ਸੀ ਨਿੱਕਲੇ ।ਸ਼ਾਇਦ ਰਾਮ ਦੇ ਗ੍ਰਹਿ ਹੀ ਸਹੀ ਨਹੀਂ ਚੱਲ ਰਹੇ । ਗੀਤਾ ਪੰਡਤ ਕੋਲੇ ਗਈ । ਪੰਡਤ ਨੇ ਕੁਝ ਉਪਾਅ ਦੱਸੇ ਤੇ ਉਸ ਨੇ ਕਰਨੇ ਵੀ ਸ਼ੁਰੂ ਕਰ ਦਿੱਤੇ । ਉਸ ਨੇ ਆਪਣੇ ਘਰ ਨੂੰ ਬਚਾਉਣਾ ਸੀ, ਘਰ ਵਾਲੇ ਨੂੰ ਬਚਾਉਣਾ ਸੀ ਪਰ ਦੂਜੇ ਦਿਨ ਹੀ ਸਭ ਪਾਸੇ ਗੱਲ ਫੈਲ ਗਈ ਕਿ ਹੁਣ ਇਹ ਧਾਗੇ ਤਵੀਤ ਵੀ ਕਰਦੀ ਤੇ ਕਰਵਾਉਂਦੀ ਹੈ । ਉਸਦਾ ਵਿਤ ਏਨਾ ਨਹੀਂ ਸੀ ਕਿ ਉਹ ਇਸ ਸਭ ਦਾ ਜਵਾਬ ਦੇ ਸਕੇ । ਹਾਰ ਕੇ ਬਹਿ ਗਈ ਪਰ ਇੰਨੀ ਦਿਨੀਂ ਜੋ ਹੋ ਰਿਹਾ ਸੀ, ਉਸ ‘ਤੇ ਚੁੱਪ ਰਹਿਣਾ ਉਸਨੂੰ ਔਖਾ ਸੀ । ਰਾਮ ਦੀ ਹਾਲਤ ਬਹੁਤ ਖ਼ਰਾਬ ਸੀ । ਉਹ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਸੀ । ਕਿਵੇਂ ਹੋਊਗਾ ? ਕੀ ਹੋਊਗਾ ? ਬੇਟੀ ਵੱਡੀ ਹੋ ਰਹੀ ਹੈ, ਮੇਰੇ ਵੱਸ ਤਾਂ ਕੁਝ ਨਈਂ । ਮੈਨੂੰ ਮਰ ਜਾਣਾ ਚਾਹੀਦਾ ਹੈ, ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ । ਗੀਤਾ ਨੂੰ ਕੁਝ ਨਹੀਂ ਸੁੱਝ ਰਿਹਾ ਸੀ  । ਉਹ ਘੰਟਿਆਂ ਬੱਧੀ ਕੋਲ ਬੈਠ ਕੇ ਉਸਨੂੰ ਹੌਸਲਾ ਦਿੰਦੀ । ਬਾਹਰ ਜਾਂਦਾ ਤਾਂ ਨਾਲ ਜਾਂਦੀ ।  ਉਹ ਹੁਣ ਬੇਟੀ ਮਮਤਾ ਤੋਂ ਵੀ ਛੋਟੇ ਬੱਚਿਆਂ ਦੀ ਤਰ੍ਹਾਂ ਹੋ ਗਿਆ ਸੀ ਪਰ ਉਸ ਸਮੇਂ ਖ਼ੁਦ ਉਸਦਾ ਦਿਲ ਵੀ ਮਰਨ ਵਾਸਤੇ ਕੀਤਾ ਸੀ, ਜਦੋਂ ਆਂਢ ਗੁਆਂਢ ਵਿੱਚੋਂ ਇਹ ਮਸ਼ਕਰੀਆਂ ਸੁਣਨ ਨੂੰ ਮਿਲੀਆਂ ਕਿ ਦੇਖੋ ਨਵੀਂ ਜਵਾਨੀ ਚੜ੍ਹੀ ਐ, ਸਾਰਾ ਸਾਰਾ ਦਿਨ ‘ਕੱਠੇ ਈ ਚੁੰਬੜੇ ਫਿਰਦੇ ਰਹਿੰਦੇ ਐ । ਗੀਤਾ ਸਮਝ ਗਈ ਸੀ ਕਿ ਇਹ ਗੱਲ ਕਿੱਥੋਂ ਚੱਲੀ ਹੋਣੀ ਐ । ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਖੂਨ ਸਫ਼ੈਦ ਹੋਣ ਦੇ ਇਸ ਵਰਤਾਰੇ ਬਾਰੇ ਲੋਕਾਂ ਨੂੰ ਕਿਵੇਂ ਸਮਝਾਵੇ । ਜਦੋਂ ਨਾ ਰਿਹਾ ਗਿਆ ਤਾਂ ਨੇੜੇ ਰਹਿੰਦੇ ਇੱਕ ਰਿਸ਼ਤੇਦਾਰ ਦੇ ਘਰ ਚਲੀ ਗਈ । ਉਹ ਸੁਲਝਿਆ ਬੰਦਾ ਸੀ । ਵਿਥਿਆ ਧਿਆਨ ਨਾਲ ਸੁਣੀ । ਗੀਤਾ ਨੇ ਕਿਹਾ, “ਮਾਮਾ ਜੀ ! ਤੁਸੀਂ ਦੱਸੋ ਕਿ ਮਾਂ ਇਸ ਤਰ੍ਹਾਂ ਕਿਉਂ ਕਰਦੀ ਹੈ ?''

''ਪੁੱਤਰ ! ਓਹਨੂੰ ਆਪਣੇ ਪੁੱਤ ਨਾਲ ਨਾ ਤਾਂ ਵੈਰ ਐ, ਨਾ ਮੋਹ । ਓਹਦੀ ਖੁੰਦਕ ਤਾਂ ਤੇਰੇ ਨਾਲ ਹੈ ।'', ਉਸ ਦਾ ਉਤਰ ਸੀ ।

''ਪਰ ਮਾਮਾ ਜੀ ! ਦਿਨੋਂ ਦਿਨ ਓਹਦੇ ਪੁੱਤ ਦਾ ਹੀ ਘਰ ਉਜੜ ਰਿਹਾ ਹੈ, ਉਹ ਬਿਮਾਰ ਹੋ ਰਿਹਾ ਹੈ । ਓਹਨੂੰ ਤਾਂ ਵੀ ਸਮਝ ਨਹੀਂ ਆਉਂਦੀ'', ਗੀਤਾ ਨੇ ਅੱਗੋਂ ਕਿਹਾ ਸੀ ।

“ਪੁੱਤ ! ਏਸ ਉਮਰ 'ਚ ਆ ਕੇ ਬੰਦਾ ਅੜੀਅਲ ਹੋ ਜਾਂਦਾ ਹੈ ।”

“ਮਮਤਾ ਵੀ ਬੁੱਢੀ ਹੋ ਜਾਂਦੀ ਹੈ, ਮਾਮਾ ਜੀ ?”

''ਹਾਂ ਭਾਈ ! ਸ਼ਾਇਦ ਮਮਤਾ ਵੀ ਬੁੱਢੀ ਹੋ ਗਈ ਹੈ ।”

ਤੇ ਗੀਤਾ ਵਾਪਸ ਘਰ ਨੂੰ ਚੱਲ ਪਈ ਸੀ ਕਿਉਂਕਿ ਬੇਟੀ ਮਮਤਾ ਘਰੇ ਕੱਲੀ ਸੀ । ਰਸਤੇ ਵਿੱਚ ਉਦੋਂ ਉਸ ਦੇ ਹੰਝੂ ਕਿਰ ਆਏ, ਜਦੋਂ ਉਸਨੂੰ ਯਾਦ ਆਇਆ ਕਿ ਰਾਮ ਨੇ ਬੇਟੀ ਦਾ ਨਾਂ ਮਮਤਾ ਬਹੁਤ ਸੋਚ ਸਮਝ ਕੇ ਰੱਖਿਆ ਸੀ ।

****