ਸ਼ੋ ਪੀਸ……… ਮਿੰਨੀ ਕਹਾਣੀ / ਵਿਵੇਕ ਕੋਟ ਈਸੇ ਖਾਂ

“ਮੈਨੂੰ ਤਾਂ ਇਹੀ ਦੁਕਾਨ ਲੱਗਦੀ ਏ”, ਕੁੜੀ ਨੇ ਕਿਹਾ ਸੀ ।

“ਬਜ਼ਾਰ ਵੜਦੇ ਪੰਜਵੀਂ ਦੁਕਾਨ ਹੈ ਲਹਿੰਦੇ ਵੱਲ ਨੂੰ”, ਜਗਤੇ ਨੇ ਬਜ਼ਾਰ ‘ਚ ਇਧਰ ਉਧਰ ਵੇਖਦੇ ਹੋਏ ਮਨ ਹੀ ਮਨ ਕਿਹਾ।ਇੱਕ ਪੈਕਟ ਘੁੱਟ ਕੇ ਉਸ ਨੇ ਹੱਥ ਵਿੱਚ ਫੜ੍ਹਿਆ ਹੋਇਆ ਸੀ।ਬਜ਼ਾਰ ‘ਚ ਖੜੇ ਇੱਕ ਮੁੰਡੇ ਨੂੰ ਸ਼ਿੰਦੇ ਮੁਨਿਆਰੀ ਵਾਲੇ ਦੀ ਦੁਕਾਨ ਪੁੱਛ ਆਪਣੇ ਆਪਨੂੰ ਹੋਰ ਵੀ ਪੱਕਾ ਕਰ ਲਿਆ ਤੇ ਦੁਕਾਨ ਦੇ ਅੰਦਰ ਵੜ ਗਿਆ।

“ਬਾਊ ਜੀ ਆਹ ਚੀਜ਼ ਵਾਪਸ ਕਰ ਲਵੋ, ਕੱਲ ਮੇਰੀ ਗੁੱਡੀ ਲੈ ਗਈ ਸੀ ਤੁਹਾਡੇ ਕੋਲੋਂ”

ਦੁਕਾਨ ਵਾਲੇ ਨੇ ਪੈਕਟ ਵੇਖ ਪਛਾਣ ਕੇ ਕਾਊਂਟਰ ਤੇ ਰੱਖ ਲਿਆ ਪਰ ਮੱਥੇ ਤੇ ਕੁਝ ਤਿਊੜੀ ਜਿਹੀ ਪਾ ਕੇ ਬੋਲਿਆ, ““ਹਾਂ ਕੀ ਗੱਲ ਹੋਈ, ਕੁੜੀ ਤਾਂ ਬਹੁਤ ਚਾਅ ਨਾਲ ਲੈ ਕੇ ਗਈ ਸੀ। ਇਹ ਤਾਂ ਉਸ ਨੂੰ ਪਸੰਦ ਹੀ ਬਹੁਤ ਸੀ, ਹੁਣ ਕੀ ਹੋਇਆ?”, ਦੁਕਾਨਦਾਰ ਦੇ ਬੋਲਾਂ ਚ ਕਾਹਲ ਸੀ। ਸ਼ਾਇਦ ਉਹ ਵੇਚੀ ਹੋਈ ਚੀਜ਼ ਦੀ ਵਾਪਸੀ ਤੋਂ ਟਲਦਾ ਜਿਹਾ ਲੱਗਦਾ ਸੀ। ਅਜੇ ਉਹ ਕੁਝ ਹੋਰ ਬੋਲਣ ਹੀ ਲੱਗਾ ਸੀ ਕਿ ਜਗਤੇ ਨੇ ਕਿਹਾ, “ਵੇਖੋ ਬਾਊ ਜੀ! ਗਰੀਬ ਨੇ ਕੀ ਲੈਣਾ ਸਜਾਵਟੀ ਚੀਜ਼ਾਂ ਤੋਂ ? ਅੱਜ ਚੌਥਾ ਦਿਨ ਹੈ… ਹਰ ਰੋਜ਼ ਸ਼ਹਿਰ ਦੇ ਚੌਂਕ ਵਿੱਚ ਖੜ੍ਹ ਜਾਈਦਾ ਹੈ ਦਿਹਾੜੀ ਲਈ, ਪਰ ਦਿਹਾੜੀ ਨਹੀ ਮਿਲਦੀ । ਆਹ ਰੋਟੀ ਵਾਲਾ ਡੱਬਾ ਲੈ ਕੇ ਆਈਦਾ, ਉਥੇ ਖੜ ਖੜ ਲੱਤਾਂ ਦੁਖਣ ਲੱਗ ਪੈਂਦੀਆ ਨੇ ਪਰ ਕੋਈ ਨਹੀਂ ਪੁੱਛਦਾ, ਪੱਲਿਓਂ ਰੋਟੀ ਖਾ ਕੇ ਮੁੜ ਜਾਈਦਾ। ਅਸਲੀ ਸ਼ੋ ਪੀਸ ਤਾਂ ਅਸੀਂ ਹਾਂ ਸ਼ਹਿਰ ਦੇ ਚੌਂਕ ਵਿੱਚ ਖੜੇ ਹੋਏ। ਹੇੜ ਦੀ ਹੇੜ ਪਿੰਡਾਂ ਚੋਂ ਸ਼ਹਿਰ ਕੰਮ ਕਰਨ ਆ ਤਾਂ ਜਾਂਦੀ ਹੈ ਪਰ ਕੰਮ ਕਿਸੇ ਨੂੰ ਮਿਲਦਾ ਨਹੀਂ ।ਇਹ ਚੀਜ਼ ਮੋੜੋ ਤੇ ਪੈਸੇ ਵਾਪਸ ਕਰੋ। ਘਰੇ ਤਾਂ ਰੋਟੀ ਦੇ ਲਾਲੇ ਪਏ ਨੇ ਤੇ ਇਹਨਾਂ ਕੁੜੀਆਂ ਨੂੰ ਖੇਖਣ ਸੁੱਝਦੇ ਨੇ”, ਜਗਤਾ ਆਪਣੀ ਹੀ ਲੈਅ ਵਿੱਚ ਬੋਲੀ ਜਾ ਰਿਹਾ ਸੀ।

ਦੁਕਾਨਦਾਰ ਨੇ ਅਣਮੰਨੇ ਮਨ ਨਾਲ ਗੱਲੇ ਚੋਂ ਨੱਬੇ ਰੁਪੈ ਕੱਢੇ ਤੇ ਜਗਤੇ ਅੱਗੇ ਕਰ ਦਿੱਤੇ। “ਬਾਊ ਜੀ ! ਕੁੜੀ ਤਾਂ ਕਹਿੰਦੀ ਸੀ, ਭਾਈ ਨੇ ਸੌ ਰੁਪੈ ਲਏ ਨੇ”, ਜਗਤਾ ਹੌਲੀ ਜਿਹੇ ਬੋਲਿਆ।
 “ਗੱਲ ਤਾਂ ਤੇਰੀ ਠੀਕ ਹੈ ਪਰ ਮੋੜ ਮੜਾਈ ਦੇ ਦਸ ਤਾਂ ਕੱਟੇ ਹੀ ਜਾਣੇ ਨੇ, ਨੱਬੇ ਫੜ ਜਾਂ ਚੁੱਕ ਆਪਣੀ ਚੀਜ਼”, ਦੁਕਾਨ ਵਾਲਾ ਰੁੱਖਾ ਜਿਹਾ ਬੋਲਿਆ। ਜਗਤਾ ਨੱਬੇ ਰੁਪੈ ਚੁੱਕ ਦੁਕਾਨ ਤੋਂ ਬਾਹਰ ਆ ਗਿਆ।

****