ਐਤਵਾਰ ਦੀ ਛੁੱਟੀ ਹੋਣ ਕਾਰਣ ਮੈਂ ਘਰੇ ਬੈਠਾ ਅਖ਼ਬਾਰ ਪੜ ਰਿਹਾ ਸੀ। ਮੇਰੇ ਨਾਲ ਦੀ ਕੁਰਸੀ ਤੇ ਬੈਠਾ ਮੇਰਾ 4 ਸਾਲਾਂ ਦਾ ਬੇਟਾ ਅਸ਼ਨੂਰ ਆਪਣੇ ਸਕੂਲ ਦਾ ਕੰਮ ਕਰਨ ਵਿਚ ਮਸਤ ਸੀ ਜਾਂ ਫਿਰ ਮੇਰੇ ਡਰ ਨਾਲ ਉਹ ਪੜਾਈ ਦਾ ‘ਨਾਟਕ’ ਕਰ ਰਿਹਾ ਸੀ। ਉਹ ਆਪਣੀ ਗਰਦਨ ਹੇਠਾਂ ਸੁੱਟੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇ ਕੋਈ ਲੀਡਰ ਹੁਣੇ-ਹੁਣੇ ਚੋਣ ਹਾਰਿਆ ਹੋਵੇ। ਪਰ ਇਹ ਸੱਚ ਹੈ ਕਿ ਹਰ ਐਤਵਾਰ ਉਸ ਲਈ ਕਿਸੇ ‘ਮਾੜੇ ਦਿਨ’ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਇਸ ਦਿਨ ਮੇਰੀ ਛੁੱਟੀ ਹੁੰਦੀ ਹੈ।
ਅਸਲ ਵਿਚ ਹਫ਼ਤੇ ਦਾ ਇਹੋ ਉਹ ਦਿਨ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਘਰ ਬੈਠਾ ਹੁੰਦਾ ਹੈ ਨਹੀਂ ਤਾਂ ਬਾਕੀ ਦਿਨ ਤਾਂ ਉਹ ਘਰ ਨਾਲ ਲੱਗਦੇ ਪਾਰਕ ਵਿੱਚ ਕ੍ਰਿਕਟ ਟੀਮ ਦਾ ਕੈਪਟਨ ਬਣਿਆ ਹੁੰਦਾ ਹੈ।
ਮੇਰੀ ਪਤਨੀ ਚਰਨਜੀਤ ਚਾਹ ਦਾ ਕੱਪ ਫੜੀ ਆਈ ਤਾਂ ਅਸ਼ਨੂਰ ਨੂੰ ਪੜਦਿਆਂ ਦੇਖ ਕੇ ਹੈਰਾਨ ਹੁੰਦਿਆਂ ਬੋਲੀ, ‘ਹੈਂ..., ਅੱਜ ਕਿੱਧਰੋਂ ਦਿਨ ਚੜਿਆ ਏ?’
‘ਕਿਉਂ ਕੀ ਗੱਲ ਹੋਈ...?’ ਮੈਂ ਅਖ਼ਬਾਰ ਤੋਂ ਨਜ਼ਰ ਹਟਾਉਂਦਿਆਂ ਕਿਹਾ।