ਗੁਰਦੁਆਰੇ ਵਾਲੀ ਬੀਹੀ ਦੇ ਸਾਹਮਣੇ ਪਿੱਪਲ ਦੇ ਹੇਠਾਂ ਬਣੇ ਤਖਤਪੋਸ਼ 'ਤੇ ਪਿੰਡ ਦੀ ਪੰਚਾਇਤ ਇਕੱਠੀ ਹੋ ਗਈ ਸੀ। ਪੰਚ ਸਾਹਿਬ ਤਖਤਪੋਸ਼ 'ਤੇ ਬਿਰਾਜਮਾਨ ਹੋ ਚੁੱਕੇ ਸਨ। ਪਿੰਡ ਦੇ ਕੁਝ ਸਿਆਣੇ ਮੈਂਬਰ ਉਨ੍ਹਾਂ ਦੇ ਲਾਗੇ ਬੈਠ ਗਏ। ਇੱਕ ਪਾਸੇ ਦੋਸ਼ੀ ਜੋਗਿੰਦਰ ਸਿਹੁੰ ਨੂੰ ਖੜਾਇਆ ਗਿਆ ਤੇ ਦੂਸਰੇ ਪਾਸੇ ਸ਼ਿਕਾਇਤਕਾਰ ਨਿੱਛਰ ਬੱਲੀ ਨੂੰ। ਨਿੱਛਰ ਬੱਲੀ ਨੇ ਦੋਸ਼ੀ ਜੋਗਿੰਦਰ ਸਿਹੁੰ ਵੱਲ ਇਸ਼ਾਰਾ ਕਰਦੇ ਕਿਹਾ, ‘‘ਸਰਪੈਂਚ ਸਾਹਬ ਇਸ ਪਤੰਦਰ ਨੇ ਮੈਨੂੰ ਗਾਲ੍ਹਾਂ ਕੱਢੀਆਂ ਨੇ, ਉਹ ਵੀ ਅਸ਼ਲੀਲ। ਇਸ ਮੂਰਖ ਨੇ ਸ਼ਰੀਕਾਂ ਸਾਹਮਣੇ ਮੇਰੀ ਪੱਗੜੀ ਉਛਾਲ ਦਿੱਤੀ। ਮੈਨੂੰ ਮੂੰਹ ਦਿਖਾਉਣ ਜੋਗਾ ਨੀ ਛੱਡਿਆ।’’
ਹੁੱਕੇ ਦਾ ਇੱਕ ਲੰਬਾ ਕੱਸ਼ ਅੰਦਰ ਖਿੱਚਦਾ ਪੰਚ ਬੋਲਿਆ, ‘‘ਕਿਉਂ ਬਈ ਜੋਗਿੰਦਰ ਸਿਹੁੰ ਇਹ ਸਭ ਸੱਚ ਕਹਿੰਦਾ ਏ....?’’
‘‘ਜੀ.... ਹਾਂ....’’ ਉਹ ਖ਼ੁਰਦਰੀ ਜਿਹੀ ਅਵਾਜ਼ ਵਿਚ ਬੋਲਿਆ ਤੇ ਨੀਵੀਂ ਪਾ ਲਈ।
ਪੰਚ ਨੇ ਨਾਲ ਬੈਠੇ ਮੈਂਬਰਾਂ ਨਾਲ ਕੁਝ ਖੁਸਰ-ਮੁਸਰ ਕੀਤੀ ਤੇ ਫਿਰ ਉਹ ਬੋਲਿਆ, ‘‘ਨਿੱਛਰ ਬੱਲੀ ਗਿਣਤੀ ਕਰਕੇ ਦੱਸ ਇਸਨੇ ਤੈਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਨੇ।’’
‘‘ਬਾਈ ਸਰਪੈਂਚਾ ਦਸ....ਬਾਰ੍ਹਾਂ ਤਾਂ ਕੱਢ ਹੀ ਦਿੱਤੀਆਂ ਹੋਣਗੀਆਂ’’ ਨਿੱਛਰ ਬੱਲੀ ਨੇ ਜਵਾਬ ਦਿੱਤਾ।
‘‘ਚੱਲ ਫਿਰ ਤੂੰ ਇੰਝ ਕਰ ਦੋ ਦੀ ਇਸਨੂੰ ਤੂੰ ਛੋਟ ਦੇ-ਦੇ, ਸੋ ਰੁਪਏ ਦੇ ਹਿਸਾਬ ਨਾਲ ਦਸ ਗਾਲ੍ਹਾਂ ਦਾ ਇਸ ਤੋਂ ਇੱਕ ਹਜ਼ਾਰ ਨਗਦ
ਫੜ ਲੈ। ਇਹ ਇਸ ਦੀ ਸਜਾ ਏ ਤੈਨੂੰ ਗਾਲ੍ਹਾਂ ਕੱਢਣ ਦੀ! ਪੰਚਾਇਤ ਵਿੱਚ ਤਾੜੀਆਂ ਦੀ ਗੂੰਜ ਸ਼ੁਰੂ ਹੋ ਗਈ। ਪੰਚ ਨੇ ਫੈਸਲਾ ਸੁਣਾ ਦਿੱਤਾ ਸੀ। ਬਿਨ੍ਹਾਂ ਕੁਝ ਜਾਣੇ, ਸੁਣਾਏ ਗਏ ਪੰਚ ਦੇ ਇਸ ਫੈਸਲੇ ਤੋਂ ਅਸੰਤੁਸ਼ਟ ਜੋਗਿੰਦਰ ਸਿੰਹੁ ਨੂੰ ਭਰੀ ਮਹਿਫਲ ‘ਚ ਆਪਣੀ ਬੇਇੱਜਤੀ ਮਹਿਸੂਸ ਹੋਈ। ਉਸਨੇ ਨਹਿਲੇ ਤੇ ਦਹਿਲਾ ਸੁੱਟਣ ਦਾ ਫੈਸਲਾ ਕਰ ਲਿਆ। ਕੁੜਤੇ ਦੇ ਜੇਬ ਵਿੱਚੋਂ ਉਸਨੇ ਬਟੂਆ ਕੱਢਿਆ ਤੇ ਕੜਕਦੇ-ਕੜਕਦੇ ਪੰਜ-ਪੰਜ ਸੋ ਦੇ ਨੋਟਾਂ ਚੋਂ ਤਿੰਨ ਹਜ਼ਾਰ ਕੱਢ ਲਿਆ ਤੇ ਪੰਚ ਦੇ ਲਾਗੇ ਰੱਖ ਦਿੱਤਾ ਤੇ ਆਪ ਚਾਲੂ ਹੋ ਗਿਆ। ਲੰਬੀਆਂ-ਲੰਬੀਆਂ, ਖਰੀਆਂ-ਖਰੀਆਂ, ਤਿੱਖੀਆਂ-ਤਿੱਖੀਆਂ ਅਜਿਹੀਆਂ ਗਾਲ੍ਹਾਂ ਜੋ ਉਸਨੇ ਨਿੱਛਰ ਬੱਲੀ ਨੂੰ ਵੀ ਨਹੀ ਸਨ ਕੱਢੀਆਂ, ਉਹ ਸਭ ਉਸਨੇ ਸਭ ਪੰਚ ਨੂੰ ਕੱਢ ਕੇ ਆਪਣੀ ਅੰਦਰਲੀ ਸਾਰੀ ਗੁੱਭਗੁਭਾਟ ਕੱਢੀ। ਥੱਕ ਹਾਰ ਕੇ ਉਸਨੇ ਪੰਚ ਨੂੰ ਕਿਹਾ, ‘‘ਦਸ ਗਾਲ੍ਹਾਂ ਦੇ ਹਿਸਾਬ ਨਾਲ ਇੱਕ ਹਜ਼ਾਰ ਨਿੱਛਰ ਬੱਲੀ ਦਾ, 'ਤੇ ਬਾਕੀ ਬਚੇ ਦੌਂ ਹਜ਼ਾਰ ਦੀਆਂ ਗਾਲ੍ਹਾਂ ਮੈਂ ਸਰਪੈਂਚਾ ਤੈਂਨੂੰ ਕੱਢ ਦਿੱਤੀਆਂ ਨੇ, ਕਿਸੇ ਦਾ ਸਤਾਇਆ, ਅੱਕਿਆ ਹੀ ਗਾਲ੍ਹਾਂ ਕੱਢਦਾ ਏ, ਇਹ ਤਾਂ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ। ਸਰਪੈਂਚਾ ਤੂ ਅਸਲੀਅਤ ਨਾ ਪੁੱਛ ਕੇ ਉਸ ਦੀ ਖ਼ਲਾਸੀ ਨਹੀ ਕਰਵਾਈ। ਗੱਲ ਦੀ ਤਹਿ ਤੱਕ ਨਾ ਜਾਕੇ ਤੁਸੀ ਆਪਣਾ ਫੈਸਲਾ ਸੁਣਾ ਦਿੱਤਾ ਸੀ। ਲੋਕ ਤੁਹਾਨੂੰ ਇਨਸਾਫ਼ ਦਾਤਾ ਮੰਨਦੇ ਨੇ, ਪਰ ਅੱਜ ਸਰਪੈਂਚਾ ਤੂ ਇਨਸਾਫ਼ ਠੀਕ ਨਹੀ ਸੀ ਕੀਤਾ। ਮੈਂ ਅੱਜ ਤੈਂਨੂੰ ਗਾਲਾਂ ਕੱਢ ਇਨਸਾਫ਼ ਖੁਦ ਕਰ ਲਿਆ ਏ’’ਹੁਣ ਪੰਚਾਇਤ ਵਿੱਚ ਖਾਮੋਸ਼ੀ ਛਾ ਚੁੱਕੀ ਸੀ।
****