" ਜੀ ਸੁਣਦੇ ਅੋ ...ਅੱਜ ਬੰਤੋ ਆਈ ਸੀ..ਦੱਸ ਕੇ ਗਈ ਐ ਕਿ ਭਲਾਈਆਣੇ ਪਿੰਡ ਇੱਕ ਕੁੜੀ ਐ ਸਤਾਰਾਂ ਕੂ ਸਾਲ ਦੀ...ਸੁੱਖ ਨਾਲ ਅਗਲੇ ਸਾਲ ਤੱਕ
ਵਿਆਉਣ ਆਲੀ ਹੋ ਜੂ.....ਮੇਰੀ ਸਲਾਹ ਮੰਨੋ ਤਾਂ ਇੱਕ ਵਾਰੀ ਗੱਲ ਕਰਕੇ ਆਵੋ....ਗੱਲ ਕਰਨ 'ਚ ਕੀ ਇਤਰਾਜ ਏ......ਕੀ ਪਤਾ ਕੋਈ ਗੱਲ ਸਿਰ ਟਿਕਾਣੇ ਪੁੱਜ
ਜੇ.........ਆਪਣਾ ਜੀਤਾ ਕਦੋਂ ਦਾ ਵਿਆਉਣ ਆਲਾ ਹੋਇਆ ਪਿਆ...ਹੁਣ ਤਾਂ ਲੋਕੀ ਵੀ ਗੱਲਾਂ ਕਰਦੇ ਆ......"
" ਬੰਤੋ ਦੇ ਪਿੱਛੇ ਕਿਉਂ ਲੱਗਦੀ ਐ ਤੂੰ...ਉਹ ਇੱਕ ਨੰਬਰ ਦੀ ਠੱਗ ਔਰਤ ਐ ..ਪਤਾ ਨੀ ਕਿੰਨਿਆਂ ਕੂ ਨਾਲ ਧੋਖਾ ਕੀਤਾ ਉਹਨੇ....."
" ਜੀਹਦੇ ਨਾਲ ਕੀਤਾ ਹੋਊ ਕੀਤਾ ਹੋਊ....ਮੇਰੀ ਤਾਂ ਪੱਕੀ ਸਹੇਲੀ ਐ ਉਹ ....ਨਾਲੇ ਸਾਡਾ ਤਾਂ ਦਾਦਕਾ ਪਿੰਡ ਵੀ ਇੱਕ ਐ....ਮੇਰੇ ਨਾਲ ਲੋਕਾਂ ਵਾਲੀ ਗੱਲ ਨੀ
ਉਹਦੇ ਨਾਲ...ਮਾਮਲਾ ਰਿਸ਼ਤੇਦਾਰੀ ਦਾ ਜੋ ਐ....."
" ਚੱਲ ਠੀਕ ਐ ਤੇਰੇ ਕਹਿਣ ਤੇ ਮੈਂ ਜਾ ਆਉਣਾ....ਮੁੜਕੇ ਮੈਨੂੰ ਨਾ ਕਹੀਂ ਕਿ............."
" ਤੁਸੀ ਕੱਲ ਨੂੰ ਬੰਤੋ ਦੇ ਨਾਲ ਜਾ ਆਉ.....ਕੱਲ ਦਾ ਹੀ ਟਾਈਮ ਦਿੱਤਾ ਕੁੜੀ ਆਲਿਆਂ ਨੇ..ਮੈਂ ਉਹਨੂੰ ਵੀ ਸੁਨੇਹਾ ਘੱਲ ਦਿੰਨੀ ਆ....."
ਅਗਲੇ ਦਿਨ ਚੜਤ ਸਿੰਘ ਬੰਤੋਂ ਨਾਲ ਭਲਾਈਆਣੇ ਪਿੰਡ ਗਿਆ । ਕੁੜੀ ਦੇ ਘਰ ਮੁਹਰੇ ਰੁਕੇ ਤਾਂ ਕਈ ਮੋਟਰ-ਕਾਰਾਂ ਪਹਿਲਾਂ ਤੋਂ ਹੀ ਖੜੀਆਂ ਸਨ । ਘਰ
ਅੰਦਰ ਵੜਦੇ ਸਾਰ ਬਾਹਰ ਵਿਹੜੇ ਵਿੱਚ ਤਿੰਨ ਚਾਰ ਮੰਜੇ ਡਾਹੇ ਹੋਏ ਸਨ । ਜਿੰਨਾਂ ਤੇ ਪਹਿਲਾਂ ਹੀ ਦੱਸ ਪੰਦਰਾ ਕੁ ਦੇ ਕਰੀਬ ਲੋਕ ਬੈਠੇ ਸਨ । ਚੜਤ ਸਿੰਘ
ਤੇ ਬੰਤੋਂ ਵੀ ਉੱਥੇ ਬੈਠ ਗਏ ।
" ਜੀ ਤੁਸੀਂ ਕੁੜੀ ਦੇਖਣ ਆਏ ਅੋ ਆਪਣੇ ਕਾਕੇ ਲਈ...?" ਇੱਕ ਅਮਲੀ ਜਿਹਾ ਨੋਜੁਆਨ ਚੜਤ ਹੋਰਾਂ ਦੇ ਕੋਲ ਆਉਦਾ ਬੋਲਿਆ ।
" ਹਾਂ ਪੁੱਤ ..." ਚੜਤ ਸਿੰਘ ਨੇ ਜਵਾਬ ਦਿੱਤਾ ।
" ਅੰਕਲ ਜੀ ..ਤੁਸੀਂ ਪਰਚੀ ਕਟਵਾ ਲੋ ...ਵਾਰੀ ਸਿਰ ਅੰਦਰ ਜਾਇਉ....."
ਚੜਤ ਸਿੰਘ ਇੱਕ ਵਾਰ ਤਾਂ ਹੈਰਾਨ ਹੋਇਆ । ਪਰ ਫਿਰ ਉਸ ਨੇ ਪਰਚੀ ਕਟਵਾ ਲਈ । ਬਾਹਰਵਾਂ ਨੰਬਰ ਉਸ ਦਾ ਸੀ ।ਇੱਕ ਇੱਕ ਨੰਬਰ ਤੇ ਅੱਧਾ ਘੰਟਾ
ਲੱਗ ਰਿਹਾ ਸੀ । ਬੰਤੋਂ ਦੀ ਥੋੜੀ ਬਹੁਤ ਉੱਥੇ ਜਾਣ-ਪਹਿਚਾਣ ਕੰਮ ਆਈ ।ਸੱਤਵੇ ਨੰਬਰ ਤੋਂ ਬਾਅਦ ਈ ਉਸਨੇ ਚੜਤ ਸਿੰਘ ਤੇ ਆਪਣੀ ਇੰਟਰੀ ਕਮਰੇ ਅੰਦਰ
ਕਰਵਾ ਲਈ ।ਅੰਦਰ ਇੱਕ ਗਰੀਬ ਜਿਹਾ ਬਜੁਰਗ ਤੇ ਉਹਦੀ ਵਿਆਉਣ ਵਾਲੀ ਧੀ ਬੈਠੇ ਸਨ ਤੇ ਨਾਲ ਹੀ ਇੱਕ ਵਕੀਲ ਬੈਠਾ ਸੀ । ਵਕੀਲ ਨੇ ਚੜਤ ਸਿੰਘ
ਦੇ ਅੰਦਰ ਆਉਂਦੇ ਸਾਰ ਸਵਾਲਾਂ ਦੀ ਝੜੀ ਲਾ ਦਿੱਤੀ।
" ਮੁੰਡਾ ਕੀ ਕਰਦਾ.?" "ਜੀ ਟੀਚਰ ਐ" " ਤਨਖਾਹ ਕਿੰਨੀ ਐ...?" "ਪੰਜਾਹ ਹਜਾਰ" "ਕਿੰਨੀ ਪੈਲੀ ਐ...?" "ਜੀ ਪੈਲੀ ਹੈਨੀ ਪਰ ਆਪਣਾ ਘਰ ਐ
..?" "ਮੁੰਡੇ ਦੀ ਉਮਰ ਕਿੰਨੀ ਐ.....?" "ਜੀ ਛੱਬੀ ਸਾਲ..." " ਚੱਲੋ ਮੁੰਡਾ ਤਾਂ ਠੀਕ ਐ...ਪਰ ਕੋਈ ਪੈਲੀ-ਪੂਲੀ ਹੈਨੀ.... ਕੋਈ ਗੱਲ ਨੀ...ਤੁਸੀ ਹੁਣ
ਇਹ ਦੱਸੋ ਕੁੜੀ ਆਲਿਆ ਨੂੰ ਕਿੰਨਾਂ ਦਹੇਜ ਦੇ ਸਕਦੇ ਹੋ......?"
" ਜੀ ਦੱਸ ਲੱਖ ਰੁਪਏ ਤੱਕ ਅਸੀਂ ਦੇ ਸਕਦੇ ਹਾਂ............."
" ਹਾ ਹਾ ਹਾ...ਕੀ ਗੱਲ ਕਰ ਰਹੇ ਉਹ ਮਾਸਟਰ ਸਾਹਬ...ਕੁੜੀ ਅੱਜ-ਕੱਲ ਮਿਲਦੀ ਐ ਕੋਈ..? ਤੁਸੀ ਤਾਂ ਦੋ ਹਜਾਰ ਬਾਰਾਂ ਦੀ ਗੱਲ ਕਰ ਰਹੇ ਹੋ......ਹੁਣ
ਤੁਸੀ ਦੋ ਹਜਾਰ ਪੰਜਾਹ ਵਿੱਚ ਔ.....ਵੀਹ ਲੱਖ ਰੁਪਿਆ ਤਾਂ ਡਾਕਟਰ ਮੁੰਡਾ ਲਗਾ ਗਿਆ...ਜੇ ਵੀਹ ਤੋਂ ਉਪਰ ਕੁਝ ਲਗਾ ਸਕਦੇ ਅੋ ਤਾਂ ਗੱਲ ਕਰੋ....."
ਚੜਤ ਨੇ ਬੰਤੋਂ ਨਾਲ ਕੁਝ ਸਲਾਹ ਮੱਸ਼ਵਰਾ ਕੀਤਾ ਤੇ ਪੰਜ ਕੂ ਮਿੰਟਾਂ ਬਾਅਦ ਇੱਕੀ ਲੱਖ ਰੁਪਿਆ ਲਾ ਦਿੱਤਾ ।
ਵਕੀਲ ਨੇ ਇੱਕ ਐਗਰੀਮੈਂਟ ਤੇ ਸਾਈਨ ਕਰਵਾਏ ਤੇ ਬਾਹਰ ਰਿਜਲਟ ਦੀ ਉਡੀਕ ਕਰਨ ਲਈ ਕਿਹਾ । ਤੇ ਨਾਲ ਕੁੜੀ ਵੀ ਦਿਖਾ ਦਿੱਤੀ । ਕੁੜੀ ਸਾਦੀ ਜਿਹੀ
ਸਾਂਵਲੇ ਰੰਗ ਦੀ ਸੀ ਤੇ ਪੈਰੋਂ ਵੀ ਥੌੜਾ ਜਿਹਾ ਲੰਗ ਮਾਰ ਤੁਰਦੀ ਸੀ ।ਪਰ ਭਾਰਤ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਮੁਕਾਬਲੇ ਬਹੁਤ ਹੀ ਜਿਆਦਾ ਘੱਟ ਹੋਣ
ਕਾਰਣ ਕੋਈ ਵੀ ਕੁੜੀ ਮਿਲ ਨਹੀਂ ਰਹੀ ਸੀ ।ਕਈ ਲੱਖਾਂ ਮੁੰਡੇ ਜੋ ਗਰੀਬ ਸਨ ਛੜੇ ਰਹਿਣ ਲਈ ਮਜਬੂਰ ਸਨ ਅਤੇ ਇਸ ਤਰਾਂ ਕਈਆਂ ਦੇ ਵੰਸ਼ ਬਿਲਕੁੱਲ
ਹੀ ਖਤਮ ਹੋ ਚੁੱਕੇ ਸਨ ।ਸੋ ਚੜਤ ਨੇ ਨਾ ਚਾਹੁੰਦੇ ਹੋਏ ਵੀ ਇਸ ਲੰਗੜੀ ਕੁੜੀ ਲਈ ਵੀ ਹਾਮੀ ਭਰ ਦਿੱਤੀ । ਕਈ ਹੋਰ ਲੋਕ ਅੰਦਰ ਇੰਟਰਵਿਊ ਦੇਣ ਗਏ ।
ਤੇ ਅੰਤ ਰਾਤ ਨੌ ਵਜੇ ਰਿਜਲਟ ਆਇਆ ਡੀਲ ਪੰਜਾਹ ਲੱਖ ਤੇ ਫਾਈਨਲ ਹੋਈ ।ਇੱਕ ਤੱਕੜਾ ਬਿਜਨੈਸ ਮੈਨ ਇਹ ਬੋਲੀ ਲਾ ਗਿਆ ਸੀ । ਚੜਤ ਬੰਤੋਂ ਨਾਲ
ਵਾਪਸ ਮੁੜ ਆਇਆ ਤੇ ਘਰ ਆਉਂਦੇ ਸਾਰ ਹੀ ਆਪਣੀ ਘਰ ਵਾਲੀ ਛਿੰਦੀ ਦੇ ਗੱਲ ਲੱਗ ਉੱਚੀ ਸਾਰੀ ਰੋ ਪਿਆ । ਛਿੰਦੀ ਵੀ ਸਮਝ ਗਈ ਅੱਜ ਫਿਰ ਗੱਲ
ਨਹੀਂ ਬਣੀ ਤੇ ਛਿੰਦੀ ਦਲਾਸਾ ਦਿੰਦੀ ਹੋਈ ਬੋਲੀ
" ਕੋਈ ਗੱਲ ਨੀ ਜੀ...ਤੁਸੀ ਇੰਝ ਨਾ ਰੋਵੋ .... ਜੇ ਆਪਣੇ ਪੁੱਤ ਦੇ ਕਰਮਾਂ ਵਿੱਚ ਵਿਆਹ ਲਿਖਿਆ ਹੋਇਆ ਤਾਂ ਉਸ ਨੂੰ ਕੋਈ ਨਹੀਂ ਟਾਲ ਸਕਦਾ...ਤੁਸੀ ਐਂ
ਕਰੋ ਮੇਰੇ ਸਾਰੇ ਗਹਿਣੇ ਵੇਚ ਦਵੋ...ਕੀਤੇ ਹੋਰ ਗੱਲ ਕਰੋ....ਇਸ ਵਾਰ ਜਿੱਥੇ ਵੀ ਹੁੰਦੀ ਹੋਈ ਡੀਲ ਫਾਈਨਲ ਕਰ ਦਿਉ....." ਤੇ ਖੁਦ ਵੀ ਛਿੰਦੀ ਇੰਨੀ ਗੱਲ
ਕਰ ਉੱਚੀ ਉੱਚੀ ਰੋ ਪਈ ।ਹੁਣ ਚੜਤ ਦੇ ਦਿਮਾਗ ਵਿੱਚ ਇੱਕ ਗੱਲ ਆ ਰਹੀ ਸੀ " ਕਾਸ਼ ਮੈਂ ਵੀ ਇੱਕ ਧੀ ਜੰਮੀ ਹੁੰਦੀ.....ਜਿਸ ਦਾ ਮੈਂ ਵਿਆਹ ਤਾਂ ਕਰ
ਸਕਦਾ....ਸ਼ਾਇਦ ਉਸ ਦੇ ਭਾਗਾਂ ਨਾਲ ਮੇਰੇ ਪੁੱਤ ਦਾ ਵਿਆਹ ਤਾਂ ਸਿਰੇ ਚੜਦਾ....ਕਾਸ਼ਸ਼ਸ਼ਸ਼ਸ਼ਸ਼
****