ਪੋਤੀ ਦੀ ਜੀਪ ਵਾਲਾ ਬਾਬਾ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਚਾਹੇ ਜ਼ਮਾਨੇ ਦੀ ਸੋਚ ਬਹੁਤ ਅੱਗੇ ਲੰਘ ਗਈ ਹੈ ਪਰ ਸਾਡੀ  ਮਾਨਸਿਕਤਾ ਅਜੇ ਵੀ ਸੌ ਸਾਲ ਪਿਛੇ ਖੜੀ ਹੈ ।ਕੁੜੀ ਜੰਮ ਪੈਂਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੁਣ ਤਾਂ ਵੱਡੇ ਘਾਟੇ ਦੀ ਸ਼ੁਰਆਤ ਹੋ ਗਈ  ।ਦੂਜੀ ਵਾਰ  ਕੁੜੀ ਹੋ ਜਾਵੇ ਤਾਂ ਜਾਣੋ ਰਹਿੰਦਾ ਹੀ ਫੱਕਾ ਨਹੀਂ । ਪਰ ਇਹ ਨਹੀਂ ਸੋਚਦੇ ਇਨ੍ਹਾਂ ਨੇ ਹੀ ਮਾਵਾਂ ਬਣਨਾ ਤੇ ਸੰਸਾਰ ਨੂੰ ਅੱਗੇ ਤੋਰਨਾ ।ਬਹੁਤੇ ਤਾਂ ਕੁੜੀ ਦੇ ਜੰਮਣਸਾਰ ਹੀ ਆਉਣ ਵਾਲੇ ਵੀਹ ਸਾਲਾਂ ਦੇ ਫਿਕਰ ਨੂੰ ਲੈ ਬੈਠਦੇ ਤੇ ਵੱਡੇ ਝੋਰਿਆਂ ‘ਚ ਪਾ ਕੇ ਪਾਰੇ ਵਧਾ ਲੈਂਦੇ ਹੌਂਅਕਾ ਜੇਹਾ ਖਿੱਚ ਕੇ ਆਪਣੀ ਚੰਗੀ ਭਲੀ ਦੁਨੀਆਂ ਉਦਾਸ  ਕਰ ਲੈਂਦੇ  ।

ਪਿੰਡਾਂ ‘ਚ ਅੱਜ ਤੋਂ ਚਾਲੀ ਪੰਜਾਹ ਸਾਲ  ਪਹਿਲਾਂ ਕੁੜੀ ਜੰਮ ਪੈਂਦੀ ਤਾਂ ਉਸ ਨੂੰ  ਅਫੀਮ ਘੋਲ ਕੇ ਜਾਂ  ਜ਼ਹਿਰ ਚਟਾ ਕੇ ਜਾਂ ਭੋਰਾ ਭਰ ਨੂੰ  ਠੰਡੇ ਠੁਰਕ ਪਾਣੀ ਨਾਲ ਈ ਨੁਹਾ ਕੇ ਅਗਾਂਹ ਤੋਰ ਦਿੰਦੇ ।ਪਰ ਤਰੱਕੀ ਕਰ ਲਈ  ਆਪਣੇ ਆਪ ਨੂੰ ਰੱਬ ਦਾ ਰੂਪ ਕਹਾਉਣ ਵਾਲੇ  ਲੋਕਾਂ ਨੂੰ ਜ਼ਿਦਗੀ ਬਖਸ਼ਣ ਵਾਲੇ ਡਾਕਟਰ ਈ ਜੰਮਣ ਤੋਂ ਪਹਿਲੇ ਭਰੂਨ ਦਾ  ਈ ਮਾਮਲਾ  ਸਾਫ ਕਰ ਦਿੰਦੇ।

ਮਾਝੇ ਵਾਲੇ  ਬਾਬੇ  ਸੱਗੜ  ਸਿੰਹੁ (ਫਰਜ਼ੀ ਨਾਂ) ਦੇ ਇਕੋ ਇਕ  ਮੁੰਡੇ ਦੇ ਚੌਹਾਂ ਕੁੜੀਆਂ ਪਿਛੌਂ ਜਦ ਪੰਜਵਾਂ ਨਿੱਕਾ ਨਿਆਣਾ ਹੋਣ ਵਾਲਾ ਸੀ ਤਾਂ ਉਸ ਵੇਲੇ ਬਾਬੇ ਦੀ ਨੂੰਹ ਤੇ ਮੁੰਡੇ ਨੂੰ ਤਾਂ ਬਹੁਤਾ ਫਿਕਰ ਨਹੀਂ ਸੀ ਪਰ ਦਾਦੀ ਅੰਮਾਂ ਨੂੰ  ਦੁਨੀਆਂ ਭਰ ਦੀ ਚਿੰਤਾ ਹੋ ਗਈ ਬਈ ;  ਜੇ ਕਿਧਰੇ ਇਸ ਵਾਰ ਫਿਰ ਉਸ ਦੇ  ਪੁੱਤ ਦੇ   ਕੁੜੀ ਜੰਮ ਪਈ ਤਾਂ ਉਸ ਦਾ ਪੁੱਤ  ਸਾਰੀ ਉਮਰ ਕੁੜੀਆਂ ਦੇ ਕਾਰਜ ਕਰਨ ਵਿੱਚ  ਖਾਧਾ ਜਾਊੂ  ।ਪਰ ਹੋਇਆ ਉਹੋ ਹੀ ਪੰਜਵੀਂ ਵੀ  ਕੁੜੀ ਪੈਦਾ ਹੋ ਗਈ ।ਦਾਦੀ ਅੰਮਾ ਨੇ ਦਾਈ ਨੂੰ ਲਾਲਚ ਦਿੰਦੇ ਹੋਏ ਹਰੀ ਝੰਡੀ ਦੇ ਦਿਤੀ ਬਈ ਪੁੰਨ ਪਾਪ ਕਿਸ ਨੇ ਵੇਖੇ ਇਸ ਨੂੰ ਕਿਵੇਂ ਨਾ ਕਿਵੇਂ ਬਿਲੇ ਲਾ ਦੇ। ਦਾਈ ਬਹੁਤ ਹੀ ਡਰੂ  ਉਹ  ਨਾ ਮੰਨੀ । ਪਿੰਡ ਵਿੱਚ ਇਕ ਹੋਰ ਬਦਨਾਮ ਜੇਹੀ ਬੁੜੀ ਸੀ ਉਹ ਵੀ ਦਾਈਪੁਣੇ ਦਾ ਕੰਮ ਕਰਦੀ ਸੀ ਜੋ ਇਸ ਤਰਾਂ ਦੇ ਪੁੱਠੇ ਕੰਮ ਕਰਨ ‘ਚ ਬੜੀ ਚਾਲੂ  ਸੀ ।ਦਾਦੀ ਅੰਮਾ  ਨੇ ਉਸ ਨੂੰ ਘਰੇ ਸੱਦਿਆ ਤੇ ਚਾਲੀ ਪੰਜਾਹਾਂ ਰਪੱਈਆਂ ਵਿੱਚ  ਗੰਢ ਤੁਪ ਕਰ ਲਈ।ਬਦਨਾਮ ਦਾਈ ਨੇ ਦੋ ਦਿਨਾਂ ਬਾਅਦ  ਕੰਮ ਕਰਨ ਦਾ ਵਾਅਦਾ ਕਰ ਲਿਆ ।ਬਾਬੇ ਸੱਗੜ ਸਿਹੁੰ  ਨੂੰ ਘਰ ਵਿੱਚ ਹੁੰਦੀ ਘੁਸਰ ਮੁਸਰ ਜੇਹੀ ਤੋਂ ਬਿੜਕ ਪੈ ਗਈ ।ਉਹ ਇਸ ਬਦਨਾਮ ਦਾਈ ਦੀਆਂ ਕਰਤੂਤਾਂ ਤੋਂ  ਜਾਣੂ  ਸੀ।  ਬਦਨਾਮ ਦਾਈ ਮਿਥੇ ਦਿਨ ਤੇ ਜਦ  ਪੱਲਾ ਜੇਹਾ ਕਰਕੇ ਪਰਦੇ ਨਾਲ ਘਰ ਵਿੱਚ ਵੜਨ ਲੱਗੀ ਤਾਂ ਬਾਬਾ  ਦਲਾਨ ਵਿੱਚ ਮੰਜੀ ਡਾਹੀ ਬੈਠਾ ਸੀ। ਸ਼ੱਕ ਤਾਂ ਉਸ ਨੂੰ ਪਹਿਲਾਂ ਹੀ ਸੀ ਉਸ ਨੇ ਬੈਠੇ ਨੇ ਰੋਕਣ ਲਈ ਦਬਕਾ ਜੇਹਾ ਮਾਰਦਿਆਂ ਕਿਹਾ - ਸਿਖਰ ਦੁਪੈਹਰੇ ਤੂੰ ਐਧਰ ਕੀ ਕਰਨ ਆਈ ਆਂ । ਤੈਨੂੰ ਕੀਹਨੇ ਸੱਦਿਆ ਦੱਸ ਹਾਅ  ਲੁਕੋ ਕੇ ਕੀ ਲੈ ਚੱਲੀ ਹੈਂ ? ਖਬਰ ਦਾਰ ਹੈਥੌਂ  ਹਿੱਲੀ ;ਡਾਂਗ ਮਾਰ ਕੇ ਪੁੱਠੀ ਕਰਦੂੰ -।ਸੁਣ ਕੇ  ਦਾਈ ਡੋਲ ਗਈ ਤੇ ਡਰਦੀ ਦਾ  ਜ਼ਹਿਰ ਵਾਲਾ ਕਾਕੜਾ ਜੇਹਾ ਹੇਠਾਂ ਡਿੱਗ ਪਿਆ । ਉਹ ਕੰਬਦੀ ਹੋਈ ਬੋਲੀ -ਮੈਂ ਕੇਹੜਾ ਆਪਣੇ ਆਪ  ਆਈ ਆਂ ਜੀ ਵੱਡੀ ਬੇਬੇ ਜੀ ਮੇਰੇ ਮਗਰ ਪਈ ਸੀ - ।ਬਾਬਾ ਸੁਣਕੇ ਘਰਵਾਲੀ   ਦੇ ਦੁਆਲੇ ਹੋ ਗਿਆ – ਹੈਅ ਤੇਰਾ ਨਰਕਾਂ ‘ਚ ਵਾਸਾ ਹੋਵੇ ਕਿਥੇ ਦੇਣ ਦੇਂਵੇਂਗੀ ਪਾਪਣੇ; ਤੁਸੀਂ ਵੀ ਪੰਜ ਜਾਣੀਆਂ ਸੀ  ਭੁੱਖੀਆਂ ਤਾ ਨੀ ਮਰਗੀਆਂ ? ਤੈਨੂੰ ਪੰਜਵੀਂ ਨੂੰ ਨਾ ਮਰਵਾਤਾ ।ਬਣੀ ਫਿਰਦੀ ਪੁੱਤ ਦੀ ਵੱਡੀ ਹੇਜ਼ਲੀ –।ਇਸ ਤਰਾਂ ਮਝੈਲ ਬਾਬੇ  ਨੇ ਦਿਨਾਂ ਦੀ  ਕੁੜੀ ਨੂੰ ਬਚਾ ਲਿਆ ਨਹੀਂ ਤਾਂ ਬੁੜੀਆਂ ਨੇ ਗੱਲ ਦੀ ਭਾਫ ਨਹੀਂ ਸੀ ਨਿਕਲਣ ਦੇਣੀ   ਪਲ ‘ਚ ਟੋਆ ਪੱਟ ਕੇ ਘਰੇ ਈ ਦੱਬ ਦੇਣੀ ਸੀ ।

ਮੋਠੂ ਮਲੰਗਾ ! ਫਿਰ ਕੀ ਪਹਿਲੀਆਂ ਚੌਹਾਂ  ਵਾਂਗ ਉਹ ਬੱਚੀ ਵੀ ਨੱਚਦੀ ਟੱਪਦੀ ਵੱਡੀ ਹੁੰਦੀ ਗਈ ।ਜਿਥੇ ਦੂਜੀਆਂ ਨੂੰ ਦਾਲ ਰੋਟੀ ਮਿਲੀ ਜਾਂਦੀ ਉਸ ਦਾ ਵੀ ਪੇਟ ਭਰੀ ਜਾਂਦਾ ।ਜਿਥੇ ਦੂਸਰੀਆਂ ਦੀਆ ਮੀਢੀਆਂ ਗੁੰਦੀ ਦੀਆਂ ਉਸ ਦਾ ਵੀ ਪੰਜਵਾ ਨੰਬਰ ਆ ਜਾਂਦਾ । ਜਿਥੇ ਦੂਸਰੀਆਂ ਬਸਤਾ ਫੱਟੀ ਚੁੱਕ ਕੇ ਸਕੂਲ ਵੱਲ ਤੁਰੀਆਂ ਜਾਂਦੀਆਂ ਉਹ ਵੀ ਉਨਾਂ ਸੰਗ ਤੁਰੀ ਜਾਂਦੀ ।ਗੱਲ ਕੀ ਸਮੇਂ ਦੇ ਨਾਲ ਨਾਲ ਉਹ ਵੀ ਪੜ੍ਹਦੀ ਪੜ੍ਹਦੀ ਜਵਾਨ ਹੋ ਗਈ । ਤੇ ਉਹ ਨੇੜੇ ਹੀ ਇਕ ਕਾਲਜ ਵਿੱਚ ਜਾਣ ਲੱਗ ਪਈ  ।ਪਿੰਡ ਤੋਂ ਸ਼ਹਿਰ ਜਾਣ ਲਈ ਅਕਸਰ ਟੈਂਪੂ ਹੀ ਸਵਾਰੀਆਂ ਲੈ ਕੇ ਜਾਂਦੇ ਸੀ । ਇਕ ਦਿਨ ਉਹ  ਕਾਲਜ ਜਾ ਰਹੀ ਸੀ ।ਉਸ ਦੇ ਸਾਫ ਸੁਥਰੇ ਕੱਪੜੇ ਪਾਏ ਹੋਏ ਤੇ ਸਿਰ   ਚੁੰਨੀ ਨਾਲ ਢਕਿਆ ਸੀ   । ਉਹ ਦੋ ਕੁ ਕਿਤਾਬਾਂ ਹਿੱਕ ਨਾਲ ਲਾਈ ਹੋਰਨਾਂ ਕੁੜੀਆਂ ਦੇ ਨਾਲ ਟੈਂਪੂ ਵਿੱਚ ਬੈਠੀ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੀ  ਸੀ ਤਾਂ  ਉਸ ਦੇ  ਸਾਮਣੇ ਵਾਲੀ ਸੀਟ ‘ਤੇ ਬੈਠੀਆਂ ਦੋ ਸਿਆਣੀਆਂ ਔਰਤਾਂ ਦੀ ਨਜ਼ਰ ਪੈ ਗਈ  । ਉਨਾਂ ਨੂੰ ਕੁੜੀ ਦੇ ਨੈਣ ਨਕਸ਼ ਰੰਗ ਰੂਪ ਚੰਗਾ ਲੱਗਾ ਤੇ ਬੋਲ ਚਾਲ ਬਹੁਤ ਹੀ ਸੋਹਣਾ  ਲੱਗਾ ।ਉਨਾਂ ਨੇ ਕੁੜੀ ਨੂੰ  ਪੁੱਛ ਲਿਆ - ਬੇਟੇ ਤੂੰ ਕਿਨ੍ਹਾਂ ਦੀ ਕੁੜੀ ਏਂ ?ਕਿਹੜੀ ਜਮਾਤ ਵਿੱਚ ਪੜਦੀ ਏਂ -?।ਤਾਂ ਕੁੜੀ ਨੇ ਸੰਗਦੀ ਸੰਗਦੀ ਨੇ ਦੱਸਿਆ-ਆਂਟੀ ! ਮੈਂ ਸੱਗੜ  ਸਿੰਹੁ ਦੀ ਪੋਤੀ ਹਾਂ ਪਲੱਸ ਟੂ ਵਿੱਚ  ਹਾਂ-। ਕੁੜੀ ਦਾ ਕਾਲਜ ਆ ਗਿਆ ਤੇ ਉਹ ਉਥੇ ਉਤਰ ਗਈ ।ਤੇ ਉਹ ਦੋਨੋਂ ਔਰਤਾਂ ਘੁਸਰ ਮੁਸਰ ਜੇਹੀ ਕਰਦੀਆਂ ਹੋਈਆਂ ਤੇ ਅੱਗੇ ਚਲੀਆਂ ਗਈਆਂ। 

ਅਗਲੇ ਦਿਨ ਉਹ ਦੋਨੋਂ ਹੀ ਔਰਤਾਂ , ਘਰ ਬੰਨਾ ਪੁੱਛ ਕੇ ਬਾਬੇ ਸੱਗੜ ਸਿੰਹੁ ਦੇ ਘਰ ਆ ਗਈਆਂ ।ਕੁੜੀ ਵੀ ਘਰੇ ਸੀ ।ਉਨਾਂ ਗੱਲ ਤੋਰੀ -ਸਾਡਾ ਭਣੇਵਾਂ ਲੰਮਾ ਲੰਝਾ ਬਹੁਤ ਹੀ ਸੋਹਣਾ ਬਾਹਰਲੇ ਦੇਸ਼ੋਂ  ਵਿਆਹ ਕਰਾਉਣ ਆਇਆ   । ਬਹੁਤ ਮੱਥਾ ਮਾਰਿਆ ਬਹੁਤ ਵੇਖੀਆਂ ਪਰ ਢੰਗ ਦੀ ਕੁੜੀ ਨਹੀਂ  ਮਿਲੀ।ਭਾਈ ਸੱਚੀ ਗੱਲ ਇਹ ਹੈ ਕਿ ਕੱਲ ਥੋਡੀ ਕਾਲਜ  ਪੜਨ ਜਾਂਦੀ ਕੁੜੀ ਟੈਂਪੂ ਵਿੱਚ ਬੈਠੀ ਵੇਖੀ  ਤਾਂ ਸਾਨੂੰ ਬਹੁਤ ਹੀ ਪਿਆਰੀ ਲੱਗੀ।ਜੇ ਤੁਹਾਡਾ ਵਿਚਾਰ ਹੋਵੇ ਲੈਣ ਦੇਣ ਵਾਲੀ ਕੋਈ ਗਲ ਨਹੀਂ ਅਸੀਂ ਤਾਂ ਤਿੰਨਾਂ ਲ਼ੀੜਿਆ ‘ਚ ਲਿਜਾਣ ਲਈ ਰਾਜ਼ੀ ਹਾਂ -।


ਬਈ ਪਹਿਲਾਂ ਤਾਂ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ- ਹੈਂਅ ਬਾਹਰਲੇ ਦੇਸ਼  ਦਾ ਸਾਕ!-। ਫੇਰ ਕੁਝ ਸੋਚੀਂ ਜੇਹੇ ਪੈ ਗਏ । ਵੱਡੀਆਂ ਕੁੜੀਆਂ ਨੂੰ ਛੱਡ ਕੇ ਸੱਭ ਤੋਂ ਛੋਟੀ ਦਾ ਕਿਵੇਂ ਕਰੀਏ ? ਪਰ ਦੂਜੇ ਪਲ ਹੀ-ਚੌਲੀਂ ਵਿਆਹ ਹੋ ਰਿਹਾ  ਉਹ ਵੀ ਬਾਹਰਲੇ ਦੇਸ਼ ਦਾ-। ਇਹ ਸੋਚ ਕੇ ਉਨਾਂ  ਹਾਂ ਕਰ ਦਿੱਤੀ । ਬੱਸ ਫੇਰ ਕੀ ਵਿਆਹ ਹੋ ਗਿਆ ਪਾਸਪੋਰਟ ਬਣ ਗਿਆ; ਛੀਆਂ ਕੁ ਮਹੀਨਿਆਂ ‘ਚ ਕੁੜੀ ਬਾਹਰ ਚਲੀ ਗਈ ।ਫੋਨਾਂ ਤੇ ਗੱਲਾਂ ਹੁੰਦਿਆਂ  ਪਤਾ ਨਹੀਂ ਚਲਿਆ ਕਿ ਢਾਈ  ਸਾਲ ਬੀਤ ਗਏ ਤੇ  ਉਸ ਨੇ  ਸਾਰੇ ਪਰਵਾਰ ਨੂੰ ਫੈਮਲੀ ਵੀਜ਼ੇ ਤੇ ਬਾਹਰ ਬੁਲਾ ਲਿਆ।ਕੁੜੀ ਨੇ  ਆਵਦੇ ਬਾਬੇ ਸੱਗੜ ਸਿੰਹੁ  ਨੂੰ ਆਪਣੇ ਕੋਲ  ਲਿਜਾਣ ਲਈ  ਬਹੁਤ ਜ਼ੋਰ ਲਾਇਆ ਪਰ ਉਹ ਨਹੀਂ ਮੰਨਿਆ।

ਐਸ ਵੇਲੇ ਮੋਠੂਆ! ਬਾਕੀ ਸਾਰਾ ਪਰਵਾਰ ਬਾਹਰ ਤੇ ਕੁੜੀ ਦਾ ਬਾਬਾ ਸੱਗੜ  ਸਿੰਹੁ ਤੇ ਉਸ ਦੀ ਦਾਦੀ  ਐਧਰ  ਪਿੰਡ ‘ਚ  ਹੈ ।ਮਹੀਨਾ ਕੁ ਹੋਇਆ ਉਹ ਹੁੰਦੜ ਹੇਲ ਕੁੜੀ ਬਾਹਰੋਂ ਮਿਲਣ ਆਈ ਸੀ ।ਛੋਟਾ ਜੇਹਾ ਬਬਲੂ ਜੇਹਾ ਉਸ ਕੋਲ ਮੁੰਡਾ ਸੀ ।ਉਸ ਨੇ ਆਉਣ ਸਾਰ ਸ਼ਹਿਰੋਂ ਇਕ ਏ.ਸੀ. ਫਿਟ ਕਰਵਾ ਦਿਤਾ ਤੇ ਇਕ ਨਵੀਂ ਬਲੇਰੋ ਜੀਪ  ਸਪੈਸਲੀ ਬਾਬੇ  ਵਾਸਤੇ ਲਿਆ ਕੇ ਖੜੀ ਕਰ ਦਿੱਤੀ  ਤੇ ਪੱਕੇ ਤੌਰ ਤੇ ਸੇਵਾ ਭਾਵ ਲਈ ਬਾਬੇ ਵਾਸਤੇ ਇਕ ਨੌਕਰ ਰੱਖ ਗਈ । ਬਾਬੇ ਨੇ ਬਹੁਤ ਆਖਿਆ – ਕੁੜੀਏ! ਕਿਉਂ ਖਰਚਾ ਕਰੀ ਜਾਨੀ ਏਂ ਅਸੀਂ ਤਾਂ ਖਾਈ ਹੰਢਾਈ ਬੈਠੇ ਹਾਂ ਇਹ ਚੀਜ਼ਾਂ ਸਾਡੇ ਕੀ ਕੰਮ –। ਤਾਂ ਕੁੜੀ ਦੇ ਬੋਲ ਸੀ  -ਬਾਬਾ ਤੂੰ ਕੁਝ ਨਹੀਂ ਬੋਲਣਾ ; ਜੋ ਤੂੰ ਮੈਨੂੰ ਦਿੱਤਾ ਮੈਂ ਤੇਰੇ ਉਸ ਬਰੋਬਰ  ਕੁਝ ਦੇ ਹੀ ਨਹੀਂ ਸਕਦੀ ।

ਮੋਠੂ ਮਲੰਗਾ ! ਨਾ ਚਾਹੰਦੇ ਹੋਏ ਬਾਬੇ ਦੇ ਅੱਜਕਲ ਚਿੱਟੇ ਦੁੱਧ ਧੋਤੇ ਕਪੜੇ ਪਾਏ ਹੁੰਦੇ ; ਹੱਥ ਵਿੱਚ ਛੋਟੀ ਜੇਹੀ ਖੂੰਡੀ । ਸੋਹਣੇ ਫਰੇਮ ਵਾਲੀ ਐਨਕ ਲਾਈ ਉਹ ਜੀਪ ‘ਚ ਮੂਹਰਲੀ ਸੀਟ ਤੇ ਬੈਠਾ ਹੁੰਦਾ ਕੁੜੀ ਨੂੰ ਦਾਈ ਕੋਲੋਂ ਮਰਵਾਉਣ ਵਾਲੀ ਉਸ ਦੀ ਦਾਦੀ ਵੀ ਨਾਲ ਹੀ ਹੁੰਦੀ ਹੈ।ਬਾਬਾ ਸਾਕ ਸਕੀਰੀ ਜਾਂ ਹੋਰ ਕਿਸੇ ਯਾਰ ਮਿਤਰ ਨੂੰ  ਮਿਲਣ ਜਾਂ ਕਿਸੇ ਕੱਠ ਵੱਠ ਤੇ ਜਾਂਦਾ ਹੈ ਤਾਂ  ਜਦ ਡਰਾਈਵਰ ਖੱਬੇ ਪਾਸੇ ਦੀ ਹੋ ਕੇ ਪਹਿਲਾਂ ਬਾਰੀ ਖੋਹਲ ਕੇ ਬਾਬੇ ਨੂੰ ਉਤਾਰਦਾ  ਤਾਂ ਵੇਖ ਕੇ ਲੋਕਾਂ ਦੇ ਮੂੰਹੋਂ ਇਹ ਨਿਕਲਦਾ- ਇਹ ਆ ਪੋਤੀ ਦੀ ਜੀਪ ਵਾਲਾ ਬਾਬਾ ; ਇਹ ਉਹ ਬਾਬਾ ਬਈ ਜਿਸ ਨੇ ਪੋਤੀ ਨੂੰ ਜਹਾਨ ਦਿਖਾਇਆ ਮਰਨੋ ਬਚਾਇਆ ਸੀ ।ਇਹ ਆ ਪੋਤੀ ਦੀ ਜੀਪ ਵਾਲਾ ਬਾਬਾ  ।

****