ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ.........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਕ੍ਰਿਸਮਿਸ ‘ਤੇ ਵਿਸ਼ੇਸ਼

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।


ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ। 
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ। 
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ। 
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ। 
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ.... ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ। 
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ। 
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ। 
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

**** 

ਮੋ: 0044 (0) 75191 12312

ਬਗ਼ਾਵਤ .......... ਕਹਾਣੀ / ਭਿੰਦਰ ਜਲਾਲਾਬਾਦੀ


ਗਰੀਬੂ ਨਾਂ ਦਾ ਹੀ 'ਗਰੀਬੂ' ਨਹੀਂ ਸੀ, ਸਗੋਂ ਉਹ ਘਰੋਂ ਵੀ ਬਹੁਤ ਗ਼ਰੀਬ ਸੀ। ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਅਤੇ ਆਪਣਾ ਪੇਟ ਭਰ ਲੈਣਾ! ਵਿਆਹ ਦੀ ਨਾ ਤਾਂ ਉਸ ਨੂੰ ਕੋਈਆਸ ਸੀ ਅਤੇ ਨਾ ਹੀ ਉਸ ਨੇ ਵਿਆਹ-ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ। ਉਸ ਦੀ ਆਰਥਿਕ ਹਾਲਤ ਇਤਨੀ ਮਾੜੀ ਸੀ ਕਿ ਜਦ ਉਸ ਨੂੰ ਕਦੇ ਦਿਹਾੜੀ ਨਾ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖਿਆਂ ਹੀਸੌਣਾਂ ਪੈਂਦਾ। ਗਰੀਬੂ ਦੀ ਮਾਂ ਬੜੀ ਸਬਰ-ਸੰਤੋਖ ਵਾਲੀ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਸਤਿਯੁਗੀ ਔਰਤ! ਜਦ ਉਹਨਾਂ ਨੂੰ ਰਾਤੀਂ ਕੁਝ ਖਾਣ ਨੂੰ ਨਾ ਮਿਲ਼ਦਾ ਤਾਂ ਉਹ ਆਪਣੇ ਪੁੱਤ ਗਰੀਬੂ ਨੂੰ ਕੁਝ ਭੁੱਜੇਛੋਲੇ ਅਤੇ ਗੁੜ ਦੀ ਰੋੜੀ ਦੇ ਨਾਲ ਗੁਆਂਢੀਆਂ ਦੇ ਨਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਂ-ਪੁੱਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌਂ ਜਾਂਦੇ। ਸਰਕਾਰ ਦੀ ਆਟਾ-ਦਾਲ ਦੀਚਲਾਈ ਸਕੀਮ ਤਾਂ ਉਹਨਾਂ ਤੱਕ ਪਹੁੰਚੀ ਹੀ ਨਹੀਂ ਸੀ। ਸਰਕਾਰੀ ਅਦਾਰਿਆਂ ਦੀਆਂ ਫ਼ਾਈਲਾਂ ਵਿਚ ਹੀ ਪ੍ਰਾਣ ਤਿਆਗ ਗਈ ਸੀ। ਇੰਨਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ-ਕੀ ਲਿਖ ਕੇ ਲੈ ਗਏ ਸਨ? ਜਦਉਹਨਾਂ ਨੇ ਗਰੀਬੂ ਦੀ ਮਾਂ ਨੂੰ ਪੁੱਛਿਆ, "ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ?" ਤਾਂ ਬੇਬੇ ਨੇ ਇੱਕੋ ਉਤਰ ਦਿੱਤਾ ਸੀ, "ਪੁੱਤ ਸਾਡੇ ਕੋਲ ਤਾਂ ਆਹ ਦੋ ਸਰੀਰ ਐ, ਇਕ ਮੇਰਾ ਤੇ ਇਕ ਮੇਰੇ ਪੁੱਤ ਦਾ, ਤੇ ਜਾਂ ਆਹਗਿੱਠ ਕੁ ਦਾ ਕੱਚਾ ਕੋਠੜਾ ਐ, ਹੋਰ ਸਾਡੇ ਕੋਲੇ ਪੁੱਤ ਡੱਕਾ ਨੀ!" ਤੇ ਇੰਨਕੁਆਰੀ ਵਾਲੇ ਲਿਖ ਕੇ ਲੈ ਗਏ ਸਨ। ਪਰ ਅਜੇ ਤੱਕ ਉਹਨਾਂ ਨੂੰ ਇਸ ਸਕੀਮ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ। ਇਹਨਾਂ ਲਈ ਤਾਂ ਗੱਲ ਮੰਤਰੀਆਂਦੇ ਬਿਆਨਾਂ ਅਤੇ ਅਖ਼ਬਾਰਾਂ ਵਿਚ ਹੀ ਲਾਟ ਵਾਂਗ ਬਲ ਕੇ ਹੇਠ ਬੈਠ ਗਈ ਸੀ। ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ, "ਬੇਬੇ, ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ? ਮਿਲੂ ਕੁਛ ਆਪਾਂ ਨੂੰ ਵੀ?" ਤਾਂ ਬੇਬੇ ਘੋਰ ਉਦਾਸੀਵਿਚੋਂ ਬੋਲਦੀ, "ਪੁੱਤ, ਜਦੋਂ ਆਪਣਾ ਰੱਬ ਈ ਬਿਗਾਨਾ ਹੋ ਗਿਆ, ਫ਼ੇਰ ਗੌਰਮਿੰਟ ਕੀਹਦੇ ਮਿੱਤ? ਜਦੋਂ ਸਾਡਾ ਰੱਬ ਨਹੀਂ ਸਾਡੀ ਸੁਣਦਾ ਤਾਂ ਗੌਰਮਿੰਟ ਕਿੱਥੋਂ ਸੁਣੂੰ? ਦੜ ਵੱਟ ਕੇ ਈ ਜ਼ਮਾਨਾ ਕੱਟ ਪੁੱਤ! ਆਪਾਂ ਨੂੰ ਤਾਂ ਕਰ ਕੇ ਈਖਾਣਾ ਪੈਣੈਂ!" 
ਬੇਬੇ ਦੀਆਂ ਸੱਚੀਆਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ!
ਇਕ ਦਿਨ ਗਰੀਬੂ ਨਾਲ ਅੱਤ ਭੈੜ੍ਹੀ ਵਾਰਦਾਤ ਹੋਈ। ਕਦੇ ਕਿਸੇ ਨਾਲ ਹੋਈ ਨਾ ਬੀਤੀ! ਗਰੀਬੂ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਸ ਦੇ ਸਰੀਰ ਦੇ ਅੰਗਾਂ ਨੇ ਉਸ ਵਿਰੁੱਧ 'ਬਗਾਵਤ' ਕਰ ਦਿੱਤੀ। ਉਹਨਾਂ ਦੀ ਹੁੰਦੀ"ਜ਼ਿੰਦਾਬਾਦ-ਮੁਰਦਾਬਾਦ" ਤੋਂ ਗਰੀਬੂ ਨੇ ਕਸੀਸ ਵੱਟ ਲਈ। ਸਿਆਸੀ ਪਰਾਟੀਆਂ ਦੇ ਲੋਕ 'ਬਾਗ਼ੀ' ਹੁੰਦੇ ਉਸ ਨੇ ਦੇਖੇ ਸਨ, ਧੀ-ਪੁੱਤਰ ਮਾਂ ਬਾਪ ਤੋਂ ਬਾਗ਼ੀ ਹੁੰਦੇ ਵੇਖੇ ਸਨ। ਅਦਾਲਤਾਂ ਤੋਂ ਮੁਜ਼ਰਮ ਭਗੌੜੇ ਹੁੰਦੇ ਸੁਣੇ ਸਨ। ਪਰਗਰੀਬੂ 'ਤੇ ਤਾਂ ਅਜੀਬ ਹੀ ਭਾਵੀ ਬੀਤ ਚੱਲੀ ਸੀ। ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ-ਝਗੜਨ ਲੱਗ ਪਏ ਅਤੇ ਹੰਗਾਮੇ 'ਤੇ ਉਤਰ ਆਏ ਸਨ। ਅੰਗਾਂ ਨੇ ਤਾਂ ਜਿਹੜਾ ਲੜਨਾ ਸੀ, ਉਹ ਤਾਂ ਲੜਨਾ ਹੀਸੀ। ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿਚ ਕੰਡੇਰਨਿਆਂ ਵਾਂਗ ਖੜ੍ਹੇ ਹੋ ਗਏ।
"ਤੂੰ ਸਾਨੂੰ ਕਦੇ ਧੋਂਦਾ ਨਹੀਂ? ਸਾਡੀ ਹਾਲਤ ਤਾਂ ਦੇਖ ਲੈ! ਕਿਉਂ ਏਡਾ ਬੇਸ਼ਰਮ ਤੇ ਨਿਰਦਈ ਹੈਂ ਤੂੰ?" ਸਿਰ ਦੇ ਵਾਲਾਂ ਨੇ ਅਵਾਜ਼ ਉਚਾਰੀ।
"ਪੰਜਾਬ 'ਚ ਪਾਣੀ ਦੀ ਕਿੱਲਤ ਹੈ, ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਐ, ਜ਼ਹਿਰੀਲਾ ਪਾਣੀ ਪੀ-ਪੀ ਕੇ ਕੈਂਸਰ ਦਾ ਸ਼ਿਕਾਰ ਹੋਈ ਜਾਂਦੇ ਐ, ਸੌ-ਸੌ ਹੋਰ ਭਿਆਨਕ ਬਿਮਾਰੀਆਂ ਲੱਗੀ ਜਾਂਦੀਐਂ, ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰਦੇ ਪਾਣੀ ਨਾਲ ਧੋ ਲਿਆਇਆ ਤਾਂ ਹੋ ਸਕਦੈ ਤੁਹਾਨੂੰ ਵੀ ਕੈਂਸਰ ਹੋ ਜਾਵੇ ਤੇ ਤੁਸੀਂ ਵੀ ਝੜ ਜਾਵੋਂ, ਫ਼ੇਰ ਮੈਂ ਕੀਹਦੀ ਜਾਨ ਨੂੰ ਰੋਊਂਗਾ? ਮੈਂ ਤਾਂ ਤੁਹਾਡਾ ਭਲਾ ਸੋਚ ਕੇ ਈ ਚੁੱਪ ਐਂ! ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਐ ਤੇਤੁਸੀਂ ਧੋਣ ਦੀ ਗੱਲ ਕਰਦੇ ਓ! ਦੜ ਵੱਟ ਕੇ ਜ਼ਮਾਨਾ ਕੱਟੋ ਬਈ! ਅੱਜ ਕੱਲ੍ਹ ਪਾਣੀਆਂ 'ਚ ਕਹਿੰਦੇ 'ਓਹ' ਐ ਜੀਹਨੂੰ ਪਤਾ ਨੀ 'ਕੀ' ਕਹਿੰਦੇ ਐ!" ਆਖ ਕੇ ਗਰੀਬੂ ਨੇ ਵਾਲਾਂ 'ਤੇ ਤਾਂ ਕਾਬੂ ਪਾ ਲਿਆ। ਪਰ ਨਾਲ ਦੀ ਨਾਲਬੇਸਬਰੀਆਂ ਅੱਖਾਂ ਚੀਕ ਉਠੀਆਂ!
"ਸਾਡੀ ਵੀ ਸਫ਼ਾਈ-ਸਫ਼ੂਈ ਕਰਵਾ ਦਿਆ ਕਰ! ਕਦੇ ਬਾਤ ਈ ਨੀ ਪੁੱਛੀ? ਕਿਉਂ ਐਨਾਂ ਬੇਰਹਿਮ ਐਂ ਤੂੰ? ਅਸੀਂ ਕਿੰਨਾਂ ਤੇਰਾ ਸਾਥ ਦਿੱਤੈ?"
"ਉਏ ਗੱਲ ਸੁਣੋਂ! ਮੈਂ ਮੁਨੱਕਰ ਆਂ? ਤੁਸੀਂ ਮੇਰਾ ਬਥੇਰਾ ਸਾਥ ਦਿੱਤੈ, ਕੋਈ ਸ਼ੱਕ ਨਹੀਂ! ਇੱਕ ਗੱਲ ਦੱਸੋ, ਮੈਂ ਤੁਹਾਡੇ ਵਿਚ ਦੀ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਐ? ਨਹੀਂ ਨਾ ਦੇਖਿਆ?"
"ਨਹੀਂ ਦੇਖਿਆ, ਪਰ ਸਾਡੇ ਵੀ ਕਦੇ ਦੁਆਈ ਪੁਆ ਲਿਆਇਆ ਕਰ! ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗਾਂ ਲਾ-ਲਾ ਕੇ ਪ੍ਰਦੂਸ਼ਣ ਫ਼ੈਲਾ ਕੇ ਸਾਡਾ ਬੁਰਾ ਹਾਲ ਕਰੀ ਰੱਖਦੇ ਐ!" 
"ਲੋਕਾਂ ਨੂੰ ਕੌਣ ਸਮਝਾਵੇ..? ਬਈ ਇਹਦੇ ਨਾਲ 'ਕੱਲੀਆਂ ਤੁਸੀਂ ਹੀ ਨਹੀਂ ਖ਼ਰਾਬ ਹੁੰਦੀਆਂ! ਹੋਰ ਸਾਹ-ਦਮੇਂ ਦੀਆਂ ਬਿਮਾਰੀਆਂ ਵੀ ਆ ਚੁੰਬੜਦੀਐਂ! ਤੇ ਨਾਲੇ ਜਿਹੜੇ ਅੱਜ ਕੱਲ੍ਹ ਝੋਲਾ ਛਾਪ ਡਾਕਦਾਰ ਪਿੰਡਾਂ 'ਚ ਬੈਠੇ ਐ,ਉਹਨਾਂ ਨੂੰ ਇੱਲ੍ਹ ਤੋਂ ਕੁੱਕੜ ਨਹੀਂ ਆਉਂਦਾ! ਅਵਲੇ-ਸਵਲੇ ਟੀਕੇ ਲਾ ਕੇ ਲੋਕਾਂ ਨੂੰ ਪਾਰ ਬੁਲਾਈ ਜਾਂਦੇ ਐ! ਗਰਭ 'ਚ ਕੁੜੀਆਂ ਮਾਰਨਾ ਸਰਕਾਰ ਨੇ ਬੰਦ ਕੀਤਾ ਹੋਇਐ, ਪਰ ਇਹ ਅਜੇ ਵੀ ਦੱਬੀ ਜਾਂਦੇ ਐ ਕੰਮ ਨੂੰ! ਅੱਗੇ ਫ਼ੀਸਹਜ਼ਾਰ-ਦੋ ਹਜ਼ਾਰ ਸੀ ਤੇ ਹੁਣ ਦਸ-ਦਸ ਹਜ਼ਾਰ ਕਰਤੀ! ਅਖੇ ਅਸੀਂ ਵੀ ਰਿਸਕ ਲੈਨੇ ਆਂ! ਐਹੋ ਜੇ ਦੁਸ਼ਟ ਡਾਕਦਾਰਾਂ ਕੋਲੋਂ ਮੈਂ ਤੁਹਾਡਾ ਇਲਾਜ਼ ਕਰਵਾਊਂ? ਜਿਹੜੇ ਜੀਵ ਹੱਤਿਆ ਕਰਨ ਲੱਗੇ ਵੀ ਰੱਬ ਤੋਂ ਈ ਨੀ ਡਰਦੇ? ਨਾਮੈਂ ਤੁਹਾਨੂੰ ਉਹਨਾਂ ਬੇਈਮਾਨ ਡਾਕਦਾਰਾਂ ਕੋਲ ਲੈ ਕੇ ਜਾਊਂ, ਜਿਹੜੇ ਲੋਕਾਂ ਦਾ ਲਹੂ ਪੀਂਦੇ ਐ, ਤੇ ਜੀਵ ਹੱਤਿਆ ਧੜਾ ਧੜ ਕਰੀ ਜਾਂਦੇ ਐ?" ਭਾਸ਼ਨ ਦੇ ਕੇ ਗਰੀਬੂ ਨੇ ਅੱਖਾਂ ਦਾ ਮੂੰਹ ਵੀ ਬੰਦ ਕਰ ਦਿੱਤਾ।
ਕੰਨ ਤਾਂ ਉਸ ਤੋਂ ਅੱਗੇ ਹੀ ਅੱਕੇ ਪਏ ਸੀ।
ਹੁਣ ਉਹਨਾਂ ਨੇ ਵਾਰੀ ਲਈ!
"ਸਾਡਾ ਕੀ ਹਾਲ? ਸਾਡੀ ਵੀ ਮੈਲ-ਮੂਲ ਕਢਵਾ ਲਿਆਇਆ ਕਰ ਕਿਤੇ? ਨਿੱਤ ਦੇ ਲਾਰੇ ਸੁਣ-ਸੁਣ ਕੇ ਅਸੀਂ ਥੱਕ ਗਏ ਹਾਂ!"
"ਕੋਈ ਮਾਰ ਕੇ ਸੂਆ ਤੁਹਾਡਾ ਪੜਦਾ ਦਿਊਗਾ ਪਾੜ! ਤੁਸੀਂ ਸਮਝਦੇ ਓਂ ਕਿ ਮੈਂ ਤੁਹਾਡਾ ਵੈਰੀ ਆਂ? ਕਿੰਨੇ ਵਾਰੀ ਤੁਹਾਨੂੰ ਕਥਾ ਸੁਣਾ ਕੇ ਲਿਆਈਦੀ ਐ? ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਹੋਣ, ਉਥੇ ਮੈਂ ਤੁਹਾਨੂੰ ਲੈ ਕੇ ਈ ਨੀਜਾਂਦਾ! ਗੰਦ-ਪਿੱਲ ਸੁਣਨ ਨਾਲ ਬੰਦਾ ਮੈਲਾ ਹੁੰਦੈ! ਚੰਗੀਆਂ ਗੱਲਾਂ ਸੁਣ ਕੇ ਤੁਸੀਂ ਮੈਲੇ ਨਹੀਂ ਹੁੰਦੇ! ਹੋਂਦ ਦੀ ਮੈਲ ਬਾਰੇ ਨਾ ਸੋਚੋ, ਆਤਮਾ ਦੀ ਮੈਲ ਮਾੜੀ ਹੁੰਦੀ ਐ! ਅਗਲੇ ਹਫ਼ਤੇ ਤੁਹਾਨੂੰ ਸਤਿਸੰਗ ਕਰਵਾ ਕੇ ਲਿਆਊਂ, ਚੁੱਪਕਰ ਜਾਓ!"
"ਤੇ ਮੇਰੇ ਬਾਰੇ ਤਾਂ ਤੂੰ ਕਦੇ ਸੋਚਿਆ ਵੀ ਨਹੀਂ ਹੋਣਾਂ?" ਦਿਲ ਉਦਾਸੀ ਵਿਚ ਬੋਲ ਉਠਿਆ। ਉਹ ਕਦੋਂ ਦਾ ਲਾਈਨ ਵਿਚ ਲੱਗਿਆ ਵਾਰੀ ਦੀ ਉਡੀਕ ਕਰ ਰਿਹਾ ਸੀ।
"ਤੂੰ ਤਾਂ ਚੰਗਾ ਈ ਬਹੁਤ ਐਂ! ਮੈਨੂੰ ਘੱਟੋ ਘੱਟ ਤੇਰੇ ਤੋਂ ਆਹ ਉਮੀਦ ਨੀ ਸੀ! ਤੂੰ ਮੈਨੂੰ ਇਹ ਦੱਸ, ਬਈ ਤੂੰ ਹੁਣ ਤੱਕ ਕਿਸੇ ਦਾ ਮਾੜਾ ਕੀਤਾ?"
"ਨਹੀਂ!"
"ਮਾੜੀ ਕਰਨ ਬਾਰੇ ਸੋਚਿਆ?"
"ਕਦੇ ਵੀ ਨਹੀਂ! ਤੇ ਨਾ ਕਦੇ ਸੋਚਾਂ!"
"ਫ਼ੇਰ ਤੂੰ ਐਨਾਂ ਚੰਗਾ ਹੋ ਕੇ ਮੈਨੂੰ ਉਲਾਂਭੇ ਕਾਹਤੋਂ ਦੇਈ ਜਾਨੈਂ?" ਉਸ ਦੀ ਚਾਪਲੂਸੀ ਵਾਲੀ ਗੱਲ ਸੁਣ ਕੇ ਦਿਲ ਤਾਂ ਚੁੱਪ ਕਰ ਗਿਆ। ਪਰ ਭੁੱਖਾ ਪੇਟ ਕੁਰਲਾ ਉਠਿਆ।
"ਉਏ ਮੇਰੇ ਅੰਦਰ ਵੀ ਸੁੱਟ ਕੁਛ! ਕਦੋਂ ਦਾ ਘੁਰੜ-ਘੁਰੜ ਕਰੀ ਜਾਨੈਂ! ਤੂੰ ਮੇਰੀ ਬਾਤ ਈ ਨਹੀਂ ਸੁਣਦਾ? ਜਦੋਂ ਮੈਂ ਅਵਾਜ਼ ਮਾਰਦੈਂ, ਤੂੰ ਢੀਠ ਹੀ ਹੋ ਰਹਿੰਨੈ?"
"ਜਿਹੜਾ ਕੁਛ ਕਮਾਉਨੈਂ, ਉਹ ਤੇਰੇ Ḕਚ ਈ ਤਾਂ ਪਾਈ ਜਾਨੈਂ, ਤੇਰਾ ਮੂੰਹ ਮੈਂ ਸਾਰੀ ਉਮਰ ਨਹੀਂ ਭਰ ਸਕਿਆ! ਹੋਰ ਤਾਂ ਹੋਰ, ਤੈਨੂੰ ਨੀ ਸੀ ਬੋਲਣਾ ਚਾਹੀਦਾ! ਤੇਰੇ ਤੋਂ ਮੈਨੂੰ ਇਹ ਉਮੀਦ ਹੈਨੀ ਸੀ! ਤੂੰ ਤਾਂ ਖਾਂਦਾ ਪੀਂਦਾ ਈ ਟੀਟਣੇਮਾਰਦੈਂ!"
"ਜੇ ਤੂੰ ਮੇਰੇ 'ਚ ਪਾਉਨੈਂ ਤਾਂ ਮੈਂ ਇਹਨਾਂ ਨੂੰ ਵੀ ਵੰਡਵੀਂ ਤਾਕਤ ਦਿੰਨੈਂ, ਮੈਂ ਕਿਹੜਾ 'ਕੱਲਾ ਈ ਹਜ਼ਮ ਕਰ ਜਾਨੈਂ? ਕਾਣੀਂ ਵੰਡ ਤਾਂ ਮੈਂ ਵੀ ਨਹੀਂ ਕਰਦਾ?" ਉਸ ਨੇ ਦੂਜੇ ਅੰਗਾਂ ਵੱਲ ਇਸ਼ਾਰਾ ਕਰ ਕੇ ਗਰੀਬੂ ਨੂੰ ਝੂਠਾ ਕਰਦਿਆਂਕਿਹਾ।
ਪੇਟ ਦੇ ਉਤਰ ਨਾਲ ਗਰੀਬੂ ਰੁਲ ਗਿਆ। ਉਸ ਦੀ ਸੋਚ ਬੰਦ ਹੋ ਗਈ। ਦਿਮਾਗ ਦੇ ਫ਼ਾਟਕ ਲੱਗ ਗਏ।
"ਹੁਣ ਮੇਰੇ ਵਿਚ ਪਾ ਕੁਛ! ਸਵੇਰ ਦਾ ਖਾਲੀ ਖੜਕੀ ਜਾਨੈਂ! ਤੂੰ ਤਾਂ ਹੱਦ ਦੀ ਬੇਸ਼ਰਮੀ ਧਾਰ ਰੱਖੀ ਐ! ਜਿੰਨਾਂ ਚਿਰ ਮੈਂ ਬੂ-ਕਲਾਪ ਨਹੀਂ ਕਰਦਾ, ਤੂੰ ਕਿਹੜਾ ਕੁਛ ਪਾਉਨੈਂ ਮੇਰੇ 'ਚ?"
ਗਰੀਬੂ ਨਿਰੁੱਤਰ ਸੀ।
"ਜੇ ਮੈਂ ਖਾਲੀ ਹੋ ਗਿਆ ਤਾਂ ਤੇਰੇ ਆਹ ਸਾਰੇ ਕਿਸੇ ਕੰਮ ਦੇ ਨਹੀਂ! ਸਭ ਜਵਾਬ ਦੇ ਜਾਣਗੇ! ਇਹ ਮੇਰੇ ਸਿਰ 'ਤੇ ਈ ਜਿਉਂਦੇ ਐ!"
ਗਰੀਬੂ ਕੋਲ ਹੁਣ ਵੀ ਕੋਈ ਉਤਰ ਨਹੀਂ ਸੀ। ਉਸ ਦੀ ਦਲੀਲਾਂ ਵਾਲੀ ਪਟਾਰੀ ਖਾਲੀ ਹੋ ਚੁੱਕੀ ਸੀ।
"ਤੂੰ ਬੋਲਦਾ ਨੀ ਕੁਛ?" ਪੇਟ ਨੇ ਫ਼ਿਰ ਜਵਾਬ ਮੰਗਿਆ।
"ਲੈ...! ਤੂੰ ਮੈਨੂੰ ਈ ਖਾ ਲੈ, ਹੋਰ ਤਾਂ ਮੇਰੇ ਕੋਲੇ ਕੁਛ ਹੈ ਨਹੀਂ! ਜਦੋਂ ਦਿਹਾੜੀ ਈ ਨਹੀਂ ਮਿਲੀ, ਤੈਨੂੰ ਕਿੱਥੋਂ ਹੱਡ ਵੱਢ ਕੇ ਦੇ ਦਿਆਂ? ਲੈ, ਮੈਨੂੰ ਈ ਖਾ ਲੈ ਤੂੰ!" ਗਰੀਬੂ ਵੀ ਮੁਜ਼ਾਹਰਾ ਕਰਨ ਵਾਲਿਆਂ ਵਾਂਗ ਉਚੀ-ਉਚੀ ਬਿਲਕਉਠਿਆ।
"ਵੇ ਕੀਹਦੇ ਨਾਲ ਲੜੀ ਜਾਨੈਂ?" ਮਾਂ ਨੇ ਸੁੱਤੇ ਪਏ ਗਰੀਬੂ ਨੂੰ ਆ ਹਲੂਣਿਆਂ।
ਗਰੀਬੂ ਨੇ ਆਸਾ ਪਾਸਾ ਦੇਖਿਆ ਅਤੇ ਮਾਯੂਸੀ ਦੀ ਮੁਸਕਾਨ ਉਸ ਦੇ ਬੁੱਲ੍ਹਾਂ 'ਤੇ ਫ਼ੈਲ ਗਈ।
"ਗਰੀਬਾਂ ਨੇ ਕੀਹਦੇ ਨਾਲ ਲੜਨੈਂ ਬੇਬੇ? ਗਰੀਬ ਦੇ ਤਾਂ ਸੁਪਨੇ ਵੀ ਅਵੱਲੇ ਹੀ ਹੁੰਦੇ ਐ!" ਤੇ ਉਹ ਬਿਨਾ ਚਾਹ ਪੀਤੀ ਦਿਹਾੜੀ ਚੌਂਕ ਵੱਲ ਨੂੰ ਤੁਰ ਪਿਆ।
ਬੇਬੇ ਵੀ ਲੰਬਾ ਉਦਾਸ ਸਾਹ ਲੈ ਕੇ ਅੰਦਰ ਵੜ ਗਈ ।