ਸੂਟ ਕਿਹੜਾ ਪਾਵਾਂ........... ਵਿਅੰਗ / ਰਮੇਸ਼ ਸੇਠੀ ਬਾਦਲ

“ਬਾਈ ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ। ਇਸ ਤੋਂ ਵੱਧ ਤਾਂ ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ ਬਹੁਤ ਹਨ ਪਰ ਇਕ ਸਮੱਸਿਆ ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।”, ਉਸ ਨੇ ਮੇਰੇ ਕੋਲ ਆ ਕੇ ਕਿਹਾ। 

“ਤੂੰ ਦੱਸ ਕਿਹੜੀ ਸਮੱਸਿਆ ਹੈ”, ਮੈਂ ਉਸ ਵੱਲ ਦਿਲਚਸਪੀ ਜਿਹੀ ਲੈ ਕੇ ਕਿਹਾ। ਮੈਨੂੰ ਲੱਗਿਆ ਇਹ ਦੁਖਿਆਰਾ ਜੀਵ ਹੈ। ਹੋ ਸਕਦਾ ਹੈ ਮੇਰੀ ਰਾਇ ਨਾਲ ਇਸ ਦਾ ਕੁਝ ਸੰਵਰ ਜਾਏ ।

“ਬਾਈ ਜੀ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਹੈ। ਕਿਸੇ ਗੱਲ ਦੀ ਤੰਗੀ ਨਹੀਂ । ਬੱਸ ਗੱਲ ਇਹ ਹੈ ਜਦੋਂ ਵੀ ਉਸਨੇ ਕੱਪੜੇ ਪਾਉਣੇ ਹੂੰਦੇ ਹਨ ਤਾਂ ਪੁੱਛਦੀ ਹੈ ਕਿਹੜਾ ਸੂਟ ਪਾਵਾਂ। ਆਹ ਨਹੀਂ... ਆਹ ਨਹੀਂ... ਇਸ ਦਾ ਰੰਗ ਠੀਕ ਨਹੀਂ... ਇਸ ਦੀ ਫਿਟਿੰਗ ਠੀਕ ਨਹੀਂ । ਇਹ ਮੈਂ ਉਸ ਦਿਨ ਪਾਇਆ ਸੀ। ਆਹ ਸੂਟ ਪਾ ਕੇ ਮੈਂ ਕਿਵੇਂ ਜਾਵਾਂ, ਇਹ ਤਾਂ ਸਾਰਿਆਂ ਨੇ ਦੇਖਿਆ ਹੋਇਆ ਹੈ। ਮੇਰੇ ਨਾਲ ਦੀਆਂ ਨੇ ਕਹਿਣਾ ਹੈ ਕਿ ਤੂੰ ਫਿਰ ਉਹੀ ਸੂਟ ਪਾ ਕੇ ਆ ਗਈ। ਪਿਛਲੀ ਵਾਰ ਜਦੋਂ ਮੈਂ ਵਿਆਹ ਤੇ ਗਈ ਸੀ ਤਾਂ ਸਾਰਿਆਂ ਨੇ ਹੀ ਵੇਖਿਆ ਸੀ। ਵਿਆਹ ‘ਤੇ ਏਨੇ ਹਲਕੇ ਰੰਗ ਦਾ ਸੂਟ ਅੱਛਾ ਨਹੀਂ ਲੱਗਣਾ । ਲੋਕ ਕੀ ਕਹਿਣਗੇ। ਲੈ ਹੁਣ ਮਰਗ ਤੇ ਜਾਣਾ ਹੈ... ਗੁਲਾਬੀ ਸੂਟ ਕਿਵੇਂ ਪਾਵਾਂ । ਇਹਦਾ ਤਾਂ ਰੰਗ ਗੂੜ੍ਹਾ ਹੈ । ਉਥੇ ਇਹ ਸੂਟ ਸ਼ੋਭਦਾ ਨਹੀਂ” ।

ਘਪਲੇਬਾਜੀ ਜ਼ਿੰਦਾਬਾਦ……… ਵਿਅੰਗ / ਪਰਸ਼ੋਤਮ ਲਾਲ ਸਰੋਏ

“ਮੇਰੇ ਦੇਸ ਦੇ ਇਨਸਾਨੋਂ ਜਾਗ ਉਠੋ ! ਕਿਉਂ ਐਵੇਂ ਮੇਹਨਤਾਂ ਕਰ ਕੇ ਮਰ ਰਹੇ ਹੋ?  ਮੇਹਨਤ ਕਰ ਕੇ ਤੁਸੀਂ ਕੀ ਦਾਖੂ ਦਾਣਾ ਭਾਲਦੇ ਹੋ?  ਏਥੇ ਤਾਂ ਕਦਰ ਭਾਈ ਲੁੱਟ-ਖੋਹਾਂ ਕਰਨ ਵਾਲਿਆਂ ਤੇ ਘਪਲੇਬਾਜਾਂ ਦੀ ਹੁੰਦੀ ਏ ਭਾਈ” ਇੱਕ ਸੱਥ ਵਿੱਚ ਬੈਠੇ ਹੋਏ ਬਜ਼ੁਰਗ ਨੇ ਬੜੇ ਵਿਅੰਗਾਤਮਕ ਤਰੀਕੇ ਨਾਲ ਕਿਹਾ ਤਾਂ ਬਾਕੀ ਸਾਰੇ ਉਸਦੇ ਮੂੰਹ ਵੱਲ ਤੱਕਣ ਲੱਗ ਗਏ । ਉਹ ਬਜ਼ੁਰਗ ਦੀ ਕਹੀ ਹੋਈ ਗੱਲ ਨੂੰ ਭਾਂਪ ਨਹੀਂ ਸਨ ਸਕੇ। ਫਿਰ ਬਜ਼ੁਰਗ ਨੇ ਆਪਣੀ ਗੱਲ ਦਾ ਹਵਾਲਾ ਦਿੰਦਿਆਂ ਹੋਇਆਂ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ;

“ਭਾਈ ਆਹ ਸਵੇਰੇ ਹੀ ਮੇਰਾ ਪੋਤਾ ਅਖ਼ਬਾਰ ਪੜ੍ਹ ਰਿਹਾ ਸੀ ਤੇ ਸੁਣਾ ਰਿਹਾ ਸੀ ਕਿ ਆਪਣੇ ਰਾਜ ਦਾ ਮੁੱਖ ਮੰਤਰੀ ਐ ਨਾ!”

“ਤਾਇਆ ਕਿਹੜਾ ਨਵਾਂ ਵਾਲਾ ਜਾਂ ਪੁਰਾਣਾ ਵਾਲਾ?”

ਮੀਮੂ........... ਕਹਾਣੀ / ਜਸ ਸੈਣੀ, ਪਰਥ

ਪਿੰਡ ਵਿੱਚ ਹਮੀਦ ਨਾਈ ਪਰਿਵਾਰ ਸਮੇਤ ਰਹਿੰਦਾ ਸੀ । ਪਰਿਵਾਰ ਵਿੱਚ ਉਸ ਦੀ ਪਤਨੀ ਸਮੀਨਾ ਤੇ ਪੰਜ 'ਕੁ ਸਾਲ ਦਾ ਮੁੰਡਾ ਸ਼ੇਖੂ ਸੀ । ਹਮੀਦ ਨਾਈ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ । ਉਹਨਾਂ ਨੇ ਘਰ ਵਿੱਚ ਇਕ ਬੱਕਰੀ ਪਾਲੀ ਹੋਈ ਸੀ, ਜਿਸ ਦਾ ਕੁਝ ਦੁੱਧ ਉਹ ਆਪ ਪੀ ਲੈਂਦੇ ਤੇ ਕੁਝ ਗਵਾਢੀਆਂ ਨੂੰ ਵੇਚ ਦਿੰਦੇ । ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ । ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਹਮੀਦ ਸ਼ੇਖੂ ਨੂੰ ਸਕੂਲ ਨਹੀਂ ਭੇਜ ਸਕਿਆ । ਸ਼ੇਖੂ ਸਾਰਾ ਦਿਨ ਖੇਡਦਾ ਰਹਿੰਦਾ ਜਾਂ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਚਲਾ ਜਾਂਦਾ । ਇਕ ਦਿਨ ਘਰ ਪਾਲੀ ਹੋਈ ਬੱਕਰੀ ਨੇ ਬੜੇ ਹੀ ਸੋਹਣੇ ਮੇਮਣੇ ਨੂੰ ਜਨਮ ਦਿੱਤਾ । ਡੱਬ ਖੜੱਬਾ ਮੇਮਨਾ ਦੇਖ ਕੇ ਸ਼ੇਖੂ ਬਹੁਤ ਖੁਸ਼ ਸੀ । ਉਸ ਨੂੰ ਲੱਗ ਰਿਹਾ ਸੀ ਕਿ ਜਿਵੇ ਉਸ ਨੂੰ ਕੋਈ ਖੇਡਣ ਵਾਲਾ ਹਾਣੀ ਮਿਲ ਗਿਆ ਹੋਵੇ । ਉਹ ਆਪਣੀ ਤੋਤਲੀ ਜੁਬਾਨ ਨਾਲ ਉਸਨੂੰ ਮੇਮਣਾ ਕਹਿਣ ਦੀ ਵਜਾਏ  "ਮੀਮੂ- ਮੀਮੂ" ਕਹਿੰਦਾ । ਘਰ ਵਾਲੇ ਵੀ ਉਸ ਨੂੰ ਮੀਮੂ ਕਹਿਣ ਲੱਗੇ । ਸ਼ੇਖੂ ਹਰ ਰੋਜ ਉਸ ਨਾਲ ਖੇਡਦਾ, ਮੇਮਣੇ ਦੇ ਗਲ ਵਿੱਚ ਰੱਸੀ ਪਾ ਕੇ ਦੌੜਦਾ, ਸ਼ੇਖੂ ਮੀਮੂ ਦੇ ਕੰਨ ਪੁੱਟਦਾ ਰਹਿੰਦਾ ਤੇ ਮੀਮੂ ਉਸਦਾ ਮੂੰਹ ਚੱਟਦਾ ਰਹਿੰਦਾ । ਖੇਡਦਾ ਖੇਡਦਾ ਸ਼ੇਖੂ ਅਕਸਰ ਇਹ ਨਾਅਰਾ ਲਗਾਇਆ ਕਰਦਾ, "ਸਾਡਾ ਮੀਮੂ ਜਿੰਦਾਬਾਦ ... ਸਾਡਾ ਮੀਮੂ ਜਿੰਦਾਬਾਦ"। ਉਹ ਜਦ ਵੀ ਹਮੀਦ ਨੂੰ ਦੁਕਾਨ ਤੇ ਚਾਹ ਦੇਣ ਜਾਂਦਾ ਤੇ ਮੇਮੂ ਨੂੰ ਵੀ ਨਾਲ ਲੈ ਜਾਂਦਾ । ਦੋਵੇ ਜਣੇ ਹੁਣ ਪੱਕੇ ਦੋਸਤ ਬਣ ਗਏ ਸਨ ।

ਚੀਕ-ਬੁਲਬਲੀ.......... ਕਹਾਣੀ / ਲਾਲ ਸਿੰਘ ਦਸੂਹਾ

ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ – ‘ ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ‘ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ ‘ । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ – ‘ ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ‘ ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ ਦੀ । ਨਈਂ , ਅੱਗੇ ਨਈਂ ਹਿੱਲੀ ਸਰਪੰਚੀ ! ਜਦ ਦੀ ਮੈਂ ਆਈ ਆਂ , ਪਹਿਲਾਂ ਏਨਾਂ ਦੇ ਬਾਪੂ ਜੀ ਹੁੰਦੇ ਸੀ ਸਰਪੰਚ । ਫੇਏ  ਏਹ ਆਪੂੰ ਰਏ ਐਨੀ ਫੇਰਾਂ । ਏਹ ਤਾਂ ਆਹ ਪੂਰੇ-ਪਰਾਰ ਜਏ ਪਤਆ ਨਈਂ ਕੀ ਪਾਇਆ ਏਸ ਖੇਹ-ਪੈਣੇ ਨੇ ਸਾਰੇ ਪਿੰਡ ਦੇ ਸਿਰ ‘ਚ , ਪਤਾ ਨਈਂ ਕੀ ਟੂਣਾ ਕੀਤਾ , ਸਾਰਾ ਪਿੰਡ ਈ ਏਦੇ ਪਿੱਛੇ ਲੱਗ ਤੁਰਿਆ । ਉਹ ਲੰਙੀ ਜੇਈ ਬਣਾਤੀ ਸਰਪੰਚਣੀ । ਕੀ ਨਾਂ ਓਦ੍ਹਾ ਈਸਰੀ-ਈਸਰੀ । ਸਾਡੇ ਏਹ ਤਾਂ ਓਦੋਂ ਮੀਂ ਹੈਦਾਂ ਈ ਆਖੀ ਜਾਣ ਮੈਨੂੰ । ਕਹਿਣ-‘ਛੱਡ ਪਰ੍ਹਾਂ

ਤਰਕੀਬ……… ਕਹਾਣੀ / ਹਰਪ੍ਰੀਤ ਸਿੰਘ

ਧੀ ਵੱਲੋਂ ਪਿਓ ਨੂੰ ਹਲੂਣਾ

“ਤੈਨੂੰ ਸੁਣਿਆਂ ਨੀਂ… ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ ਤੇ ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ…, ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਫਿੱਟੀ ਪਈ ਏਂ ਖਾ ਖਾ ਕੇ, ਗੰਦੇ ਖਾਨਦਾਨ ਦੀ…” । ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।

ਉਸ ਦੀ ਪਤਨੀ ਰੂਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ, “ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਏ, ਬਾਰ੍ਹਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕਦੀ, ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਏ, ਜੇ ਇਸੇ ਤਰ੍ਹਾਂ ਪੀਂਦੇ ਰਹੇ, ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ ਇਸ ਕਲਮੂੰਹੀ ਸ਼ਰਾਬ ਨੂੰ” ।

ਇੱਕ ਮੇਰਾ ਇੱਕ ਤੇਰਾ ਸੱਜਣਾ, ਇੱਕ ਮੇਰਾ ’ਤੇ ਤੇਰਾ……… ਕਹਾਣੀ / ਰਵਿੰਦਰ ਸਿੰਘ ਕੁੰਦਰਾ, ਯੂ ਕੇ

ਹਸਪਤਾਲ ਦੇ ਮੈਟੱਰਨਟੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜਨਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਉਡੀਕ ਵਿੱਚ ਸੀ ਜਿਸ ਨੇ ਹਾਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ। ਪ੍ਰਸੂਤ ਦੀਆਂ ਪੀੜਾਂ ਨਾਲ ਜੂਝਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ ਹੀ ਸਮਝ ਸਕਦੀ ਸੀ, ਹੋਰ ਕੋਈ ਨਹੀਂ। ਉਹ ਉਸ ਘੜੀ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਹੀ ਸੀ ਜਦੋਂ ਹਰਚਰਨ ਉਸ ਨੂੰ ਅਤੇ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰੇਗਾ। ਕਲਪਨਾਵਾਂ ਦੀਆਂ ਲਹਿਰਾਂ ਵਿੱਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ ਚਿਤਵ ਰਹੀ ਸੀ, ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ।

‘ਮੇਰੇ ਪਿਆਰੇ ਹਰਚਰਨ, ਜੋ ਤੇਰੀ ਛੋਟੀ ਜਿਹੀ ਨਿਸ਼ਾਨੀ ਮੇਰੇ ਸਾਹਮਣੇ ਹੈ, ਇਸ ਨੇ ਸਾਡੀ ਜ਼ਿੰਦਗੀ ਵਿੱਚ ਆਕੇ ਸੱਜਣਾ! ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾਕੇ ਪੂਰੀ ਹੋਈ ਹੈ। ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਨਮਾਂਤਰਾਂ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ ਵਿੱਚ ਆਉਂਦੇ ਅਤੇ ਜਾਂਦੇ ਹਨ ਅਤੇ ਫ਼ੇਰ ਵੀ ਉਨ੍ਹਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਊਣੇ ਮਹਿਸੂਸ ਕਰਦੇ ਹਨ। ਪਤਾ ਨਹੀਂ ਉਨ੍ਹਾਂ ਦੀ ਭੁੱਖ ਇੰਨੀ ਕਿਉਂ ਹੁੰਦੀ ਹੈ। ਪਤਾ ਨਹੀਂ ਉਨ੍ਹਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ। ਕੀ ਇਹ ਉਨ੍ਹਾਂ ਦੇ ਪੂਰਵ ਲੇਖਾਂ ਦਾ ਫ਼ਲ ਹੈ? ਕੀ ਇਹ ਉਨ੍ਹਾਂ ਦਾ ਨਿੱਜੀ ਕਸੂਰ ਹੈ? ਕੀ ਉਹ ਬੇਵੱਸ ਹਨ? ਕੀ ਉਹ ਬੇਸਬਰੇ ਹਨ?

ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?........ ਵਿਅੰਗ / ਪਰਸ਼ੋਤਮ ਲਾਲ ਸਰੋਏ

ਦੇਖੋ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ ’ਚ ਕਈ ਤਰ੍ਹਾਂ ਦੇ ਪਾਲਤ ਜਾਨਵਰ ਰੱਖ ਲੈਂਦੇ ਹਾਂ ਤੇ ਇਨ੍ਹਾਂ ਜਾਨਵਰਾਂ ’ਚੋਂ ਸਭ ਤੋਂ ਮਨਪਸੰਦ ਜਾਨਵਰ ਕੁੱਤਾ ਹੈ। ਇਹ ਵੀ ਧਾਰਨਾ ਹੈ ਕਿ ਕੁੱਤਾ ਸਾਡਾ ਇੱਕ ਵਫ਼ਦਾਰ ਜਾਨਵਰ ਹੈ। ਦੁਨੀਆਂ ’ਤੇ ਕੁੱਤਿਆਂ ਦੀਆਂ ਵੀ ਕਈ ਕਈ ਨਸਲਾਂ ਪਾਈਆਂ ਜਾਂਦੀਆਂ ਹਨ। ਕਈ ਲੋਕ ਤਾਂ ਆਪਣੇ ਕੁੱਤੇ ਨੂੰ ਦੁਨੀਆਂ ’ਤੇ ਕਿਸ ਤਰ੍ਹਾਂ ਜਿਉਣਾ ਹੈ, ਦਾ ਸਬਕ ਵੀ ਯਾਦ ਕਰਾ ਦਿੰਦੇ ਹਨ। ਫਿਰ ਉਹ ਕੁੱਤਾ ਮਾਲਕ ਦੀ ਇੱਕ ਇੱਕ ਕਥਨੀ ’ਤੇ ਅਮਲ ਕਰਦਾ ਹੋਇਆ ਦਿਖਾਈ ਦਿੰਦਾ ਹੈ।

ਕਈ ਕੁੱਤਿਆਂ ਨੂੰ ਤਾਂ ਆਪਣੇ-ਪਰਾਏ ਦੀ ਪਛਾਣ ਹੁੰਦੀ ਹੈ, ਕਈਆਂ ਨੂੰ ਨਹੀਂ ਹੁੰਦੀ।  ਸਾਡੇ ਭਾਰਤ ਦੇ ਕੁੱਤਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਕਿਆ ਈ ਕਹਿਣੇ ਬਈ। ਏਥੇ ਤਾਂ ਕੁੱਤਾ ਆਪਣੇ ਮਾਲਕ ਦੀ ਨਕਲ ਵੀ ਕਰ ਲੈਂਦਾ ਹੈ। ਸਾਡੇ ਭਾਰਤ ਦੇ ਲੋਕ ਵਿੱਚ ਆਮ ਤੌਰ ਇੱਕ ਬਿਰਤੀ ਦੇਖਣ ਨੂੰ ਆਮ ਹੀ ਮਿਲ ਜਾਏਗੀ। ਅਖੇ “ਇਨਸਾਨ ਬਣ ਕੇ ਪੀ, ਤੇ ਕੁੱਤਾ ਬਣ ਕੇ ਜੀਅ” । ਕਹਿਣ ਦਾ ਭਾਵ ਜੇਕਰ ਇੱਕ ਖੂਹ ’ਚ ਛਾਲ ਮਾਰਦਾ ਹੈ ਤਾਂ ਦੂਸਰਾ ਆਪਣੇ ਆਪ ਹੀ ਉਸੇ ਖੂਹ ’ਚ ਛਾਲ ਮਾਰਨ ਲਈ ਤਿਆਰ ਹੋ ਜਾਂਦਾ ਹੈ। ਜਿਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਲਿਆ ਬਈ ਕਰ ਪਾਰਟੀ........... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਸੁਰਜਣ ਸਿੰਘ ਨੇ ਨਵਾਂ ਮੋਟਰਸਾਇਕਲ ਲੈ ਉਤਨਾ ਸਮਾਂ ਮੋਟਰਸਾਇਕਲ ਘਰ ਤੋਂ ਬਾਹਰ ਨਾ ਕੱਢਿਆ ਜਿਨ੍ਹਾਂ ਚਿਰ ਮੋਟਰਸਾਇਕਲ ਦੇ ਸਾਰੇ ਕਾਗਜ਼ ਪੱਤਰ ਪੂਰੇ ਨਾ ਹੋਏ। ਕੱਢਦਾ ਵੀ ਕਿਉਂ ? 31 ਮਾਰਚ ਨੇੜੇ ਆਉਣ ਕਰਕੇ ਇੱਕ ਤਾਂ ਠੇਕੇ ਟੁੱਟਣ ਦੀ ਖੁਸ਼ੀ ਵਿੱਚ ਨਵਾਂ ਲਿਆ ਸੀ ਤੇ ਦੂਜਾ ਪੁਲਿਸ ਵਾਲੇ ਥਾਂ ਥਾਂ ਨਾਕੇ ਲਾ ਕੇ ਚਲਾਣ ਕੱਟ ਕੇ ਝੱਟ ਹੱਥ ਫੜਾ ਦਿੰਦੇ ਸਨ। ਉਸਨੇ ਮਨ ਹੀ ਮਨ ਧਾਰ ਲਿਆਂ, “ਲੈ !  ਜੇ ਅਜੇ ਕੁਝ ਸਮਾਂ ਹੋਰ ਨਾ ਲੈਂਦਾ ਤਾਂ ਕਿਹੜਾ ਜਾਨ ਨਿਕਲ ਜਾਣੀ ਸੀ।”

ਕਹਿੰਦੇ ਸਮਾਂ ਚੰਗਾ ਆਉਣ ਨੂੰ ਵੀ ਬਹੁਤੀ ਦੇਰ ਨਹੀਂ ਲਗਦੀ। ਮੋਟਰਸਾਇਕਲ ਏਜੰਸੀ ਵਾਲਿਆਂ ਨੇ ਪੈਂਦੇ ਹੱਥ ਹੀ ਕਾਗਜ਼ ਤਿਆਰ ਕਰਵਾ ਕੇ ਉਸਦੇ ਘਰ ਪੁੱਜਾ ਦਿੱਤੇ। ਹੁਣ ਤਾਂ ਸੁਰਜਣ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। 31 ਮਾਰਚ ਆਉਣ ਚ 2 ਕੁ ਦਿਨ ਹੀ ਹੋਰ ਰਹਿੰਦੇ ਸਨ। ਉਹ ਫੁੱਲਿਆ ਨਹੀਂ ਸਮਾ ਰਿਹਾ ਸੀ ਤੇ ਆਖ ਰਿਹਾ ਸੀ, “ਲਉ ਜੀ ! ਜਦ ਰੱਬ ਦਿੰਦਾ, ਛੱਪੜ ਪਾੜ ਕੇ ਦਿੰਦਾ । ਹੁਣ ਕੋਈ ਡਰ ਨਹੀਂ, ਨਾ ਚਲਾਨ ਦਾ ਤੇ ਨਾ ਜਾਨ ਦਾ, ਆਪਾਂ ਕਿਹੜਾ ਤੇਜ਼ ਚਲਾਉਣਾ” ।

ਵੱਖਰੇ ਹੰਝੂ……… ਕਹਾਣੀ / ਅਨਮੋਲ ਕੌਰ

ਆਈਂ ਜ਼ਰੂਰ। ਟਾਈਮ ਨਾਲ ਪਹੁੰਚ ਜਾਈਂ ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ

ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਾਰੋਹ ਵਿਚ ਤਾਂ ਮੈਂ ਜ਼ਰੂਰ ਭਾਗ ਲਵਾਂਗੀ।  ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣ ਸਾਰ ਹੀ ਗੁਣਵੰਤ ਦਾ ਦਿਮਾਗ ਉਹਨਾਂ ਗੱਲਾਂ ਵੱਲ ਚਲਾ ਗਿਆ, ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ। ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀਂ ਅੱਗੇ ਵੀ ਇਹ ਹੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ ਗੁਆਚ ਜਾਂਦਾ ਰਵੀ ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ ਏ ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ ਏ ਵਿਚ ਛੱਡ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰ੍ਹਾਂ ਤਿੰਨ ਸਾਲ ਫੋਟੋ ਚਿੱਠੀਆਂ ਵਿਚ ਚਲੇ ਗਏ। ਜਦੋਂ ਗੁਣਵੰਤ ਨੇ ਐਮ ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾਂ ਦੀ ਫੋਨ ਉੱਪਰ ਗੱਲ-ਬਾਤ ਹੁੰਦੀ ਹੀ ਰਹਿੰਦੀ।

ਮੋਬਲੈਲ - ਇਕ ਪਰਾਬਲਮ.......... ਵਿਅੰਗ / ਰਮੇਸ਼ ਸੇਠੀ ਬਾਦਲ

“ਬਾਊ ਜੀ ਕਹਾਣੀ ਲਿਖ ਰਹੇ ਹੋ ?” ਆਉਂਦੇ ਨੇ ਹੀ ਮੈਨੂੰ ਪੁੱਛਿਆ । 

“ਦਸੋ...”

“ਬਾਊ ਜੀ... ਮੇਰੀ ਇਕ ਪਰਾਬਲਮ ਹੈ।”

“ਹਾਂ...!  ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।

“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”,  ਤੇ ਉਹ ਬੈਠ ਗਿਆ।  “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ ਤਾਂ ਕੰਮ ਹੀ ਨਹੀਂ ਕਰਨ ਦਿੰਦਾ । ਅਗਲਾ ਘੰਟੀਆਂ ਮਾਰ-ਮਾਰ ਕੇ ਬੰਦੇ ਨੂੰ ਬੌਂਦਲਾ ਦਿੰਦਾ ਹੈ। ਕੰਮ ਕੀ ਸੁਆਹ ਹੋਣਾ ਹੈ। ਇੱਕ ਕੰਮ ਨੂੰ ਹੱਥ ਪਾਉਦੇ ਹਨ, ਚਾਰ ਹੋਰ ਕੰਮਾਂ ਦਾ ਬੁਲਾਵਾ ਆ ਜਾਂਦਾ ਹੈ।”

ਸਬਕ……… ਮਿੰਨੀ ਕਹਾਣੀ / ਹਰਪ੍ਰੀਤ ਸਿੰਘ

(ਧੀ ਵਲੋਂ ਪਿਓ ਨੂੰ ਹਲੂਣਾ)

ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ ।ਜਦੋਂ ਉਹ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜ਼ਬਰਦਸਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ।

ਯਮਰਾਜ ਦਾ ਫੈਸਲਾ..........ਮਿੰਨੀ ਕਹਾਣੀ / ਰਿੰਕੂ ਸੈਣੀ, ਫਰੀਦਕੋਟ

"ਅਗਲਾ ਬੰਦਾ ਹਾਜਿਰ ਕਰੋ..."
“ਯਮਰਾਜ ਜੀ .. ਇਹ ਹੈ ਬਚਨ ਸਿੰਘ, ਭਾਰਤ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ.... ਅੱਜ ਤੜਕੇ ਹੀ ਇਹਨੇ ਪ੍ਰਾਣ ਤਿਆਗੇ ਨੇ.. ਇਹਦੀ ਫਾਈਲ ਤੁਹਾਡੇ ਟੇਬਲ ‘ਤੇ ਈ ਪਈ ਐ....."
"ਹੂੰ... ਬਚਨੇ ਦੀ ਉਮਰ ਤਾਂ ਹਜੇ ਪੰਦਰਾਂ ਸਾਲ ਹੋਰ ਪਈ ਸੀ... ਫਾਈਲ ‘ਤੇ ਤਾਂ ਦੋ ਹਜ਼ਾਰ ਸਤਾਈ 'ਚ ਇਹਦੀ ਮੌਤ ਹੋਣੀ ਲਿਖੀ ਐ.....?"
"ਹਾਂ ਜੀ.. ਹਾਂ ਜੀ ਯਮਰਾਜ ਜੀ... ਉਮਰ ਤਾਂ ਇਹਦੀ ਉਨੀ ਹੀ ਸੀ... ਪਰ ਇਹਨੇ ਅਾਪਣੇ ਪੁੱਤਾਂ ਦੇ ਤਸੀਹਿਆਂ ਤੋਂ ਤੰਗ ਆ ਕੇ ਖੁਦ ਹੀ ਆਤਮ ਹੱਤਿਆ ਕਰ ਲਈ ਐ ...."
"ਅੋ ਕੇ.. ਅੋ ਕੇ... ਬਹੁਤ ਮਾੜੀ ਗੱਲ ਹੋਈ......  ਬਚਨਿਆਂ ਹੁਣ ਤੇਰੇ ਪੁੰਨ ਅਤੇ ਪਾਪਾਂ ਦਾ ਹਿਸਾਬ ਕਿਤਾਬ ਕਰਨਾ ਹੈ.. ਦੱਸ ਤੈਨੂੰ ਪਹਿਲਾਂ ਤੇਰੇ ਪੁੰਨਾਂ ਬਾਰੇ ਦੱਸਿਆ ਜਾਵੇ ਜਾਂ ਪਾਪਾਂ ਬਾਰੇ......?"
"ਮਹਾਰਾਜ ਜੀ... ਮੈਂ ਤਾਂ ਸਿੱਧਾ ਸਾਧਾ ਬੰਦਾ ਹਾਂ... ਪਾਪ ਤਾਂ ਸ਼ਾਇਦ ਹੀ ਮੇਰੇ ਕੋਈ ਹਿੱਸੇ ਹੋਵੇ... ਚੱਲੋ ਪਹਿਲਾਂ ਮੇਰੇ ਪੁੰਨ ਚੈੱਕ ਕਰ ਲਉ...."
"ਜਿਵੇਂ ਤੇਰੀ ਮਰਜੀ... ਲੈ ਪਹਿਲਾਂ ਆਪਾਂ ਤੇਰੇ ਪੁੰਨ ਚੈੱਕ ਕਰਦੇ ਲ਼ੈਂਦੇ ਆ....... ਵਾਹ ਬਚਨਿਆਂ ਵਾਹ..ਤੇਰਾ ਕ੍ਰਮ ਕਹਿੰਦਾ ਹੈ ਕਿ ਤੂੰ ਗੁਰਦੁਆਰਾ ਘਰ ਬੜੀ ਸੇਵਾ ਕੀਤੀ ਐ... ਪੰਜ ਸਾਲ ਗੁਰਦੁਆਰਾ ਘਰ 'ਚ ਪ੍ਰਧਾਨਗੀ ਵੀ ਕੀਤੀ ਐ..... ਚੰਗਾ ਕੰਮ ਕੀਤਾ ਤੂੰ ਇਹ..."
"ਧੰਨਵਾਦ ਮਹਾਰਾਜ..."

ਉੱਚੇ ਰੁੱਖਾਂ ਦੀ ਛਾਂ.......... ਕਹਾਣੀ / ਲਾਲ ਸਿੰਘ ਦਸੂਹਾ

ਪੋਹ ਮਹੀਨਾ, ਲੋਹੜੇ ਦੀ ਠੰਡ ਸੀ, ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ, ਨਾ ਇੱਟਾਂ, ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾਅ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁੱਟੀ ਦੀ ਟੇਲੈਕਸ ਕੀਤੀ ਸੀ ਪਰ ਮਨਜ਼ੂਰ ਇਕੋ ਦੀ ਹੋਈ ਸੀ ।
ਕੁਝ ਆਟਾ ਦਲੀਆ ਕਰ ਕੇ ਸੋਚਿਆ, ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ’  ਨੇ ਰਾਤੀਂ ਰੋਕ ਲਿਆ, ਉਨ੍ਹਾਂ ਨੂੰ ‘ਵੱਡੇ ਸੰਤਾਂ’ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।
ਅਗਲੇ ਦਿਨ ਸਵੇਰੇ-ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ; ਆਟਾ,  ਚੌਲ, ਘਿਉ, ਦਾਲਾਂ, ਵੇਸਣ, ਸਬਜ਼ੀਆਂ, ਚਾਦਰਾਂ, ਪੱਗਾਂ, ਤੌਲੀਏ, ਤੇਲ, ਸਾਬਣ, ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ । ਤੌਲੀਆ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ, ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ-ਵਿਆਹੀਆਂ ਸੰਤਾਂ ਦਾ ਦੁੱਧ-ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ, ਕਿਉਂਕਿ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ, ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ-ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।

ਕਤਲ........... ਕਹਾਣੀ / ਅਵਤਾਰ ਸਿੰਘ ਬਸਰਾ, ਮੈਲਬੌਰਨ

“ਜਦੋਂ ਵਕੀਲ ਕਹਿੰਦਾ, ਮੈਂ ਅਦਾਲਤ ਵਿਚ ਸਾਬਤ ਕਰ ਦੇਵਾਂਗਾ ਕਿ ਕਤਲ ਵੇਲੇ ਮੁਜ਼ਰਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ।  ਫਿਰ ਤੂੰ ਮੰਨਦਾ ਕਿਉਂ ਨਹੀਂ? ਉਸਨੇ ਕਿਸੇ ਡਾਕਟਰ ਨਾਲ ਗੱਲ ਵੀ ਕੀਤੀ ਹੈ। ”
“ਬਾਪੂ ਸਮਝਾ ਇਹਨੂੰ! ਹੁਣ ਕੁਝ ਨਹੀਂ ਹੋਣ ਵਾਲਾ।  ਕਤਲ ਕੀਤਾ ਮੈਂ ਹੈ, ਤਾਂ ਸਜ਼ਾ ਤੋਂ ਕਾਹਦਾ ਡਰਨਾ”, ਇਹ ਕਹਿੰਦਿਆਂ ਰਵੀ ਨੇ ਆਪਣੇ ਪਿਉ ਨੂੰ ਆਪਣੀ ਬੇਬੇ ਨੂੰ ਜੇਲ੍ਹ ਵਿਚੋਂ ਲੈ ਜਾਣ ਲਈ ਇਸ਼ਾਰਾ ਕੀਤਾ।  ਡੂਢ ਸਾਲ ਪਹਿਲਾਂ ਪਿੰਡ ਦੇ ਸਰਪੰਚਾਂ ਦੀ ਨੂੰਹ ਦੀ ਲਾਸ਼ ਹੱਡਾਂ-ਰੋੜੀ ਵਿਚ ਬੋਰੀ ਵਿਚ ਨਿੱਕੀਆਂ-ਨਿੱਕੀਆਂ ਬੋਟੀਆਂ ਦੇ ਰੂਪ ਵਿਚ ਬਰਾਮਦ ਹੋਈ ਸੀ।  ਪੂਰੀ ਵਾਹ ਲਾ ਕੇ ਵੇਖ ਲਈ ਸੀ ਪੁਲਿਸ ਨੇ ਪਰ ਕਾਤਲ ਦਾ ਕੋਈ ਖੁਰਾ-ਖੋਜ ਨਹੀਂ ਲੱਭ ਸਕੀ ਸੀ।  ਕੁੜੀ ਦੇ ਪੇਕਿਆਂ ਸਹੁਰਿਆਂ ਨੂੰ ਇਕ-ਦੂਸਰੇ ਤੇ ਪੂਰਾ ਭਰੋਸਾ ਸੀ ਤੇ ਬਾਹਰ ਦਾ ਕੌਣ ਹੋ ਸਕਦਾ ਸੀ ਪਤਾ ਨਹੀਂ ਲੱਗਾ।  ਹਾਲਾਤ ਐਸੇ ਬਣੇ ਕਿ ਰਵੀ ਨੇ .ਖੁਦ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ।  ਉਸਨੂੰ ਆਪਣੇ ਕੀਤੇ ‘ਤੇ ਰਤਾ ਵੀ ਪਛਤਾਵਾ ਨਹੀਂ ਸੀ। ਉਸਨੇ ਸਭ ਕੁਝ ਪੁਲਿਸ ਨੂੰ ਦੱਸ ਦਿਤਾ ਕਿ ਕਿਉਂ ਅਤੇ ਕਿਵੇਂ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਅੱਜ ਅਦਾਲਤ ਵਿਚ ਉਸਦੇ ਕੇਸ ਦੀ ਸੁਣਵਾਈ ਸੀ। ਉਸਦਾ ਵਕੀਲ ਤੇ ਘਰ ਵਾਲੇ ਉਸਨੂੰ ਬਚਾਉਣ ਲਈ ਹਰ ਹੀਲਾ ਕਰ ਰਹੇ ਸਨ। ਪਰ ਰਵੀ ਆਪਣੇ-ਆਪ ਨੂੰ ਬਚਾਉਣ ਲਈ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ ਸੀ। ਦੂਜੇ ਪਾਸੇ ਕੁੜੀ ਦੇ ਮਾਪੇ ਅਤੇ ਸਕੇ-ਸੰਬੰਧੀ ਰਵੀ ਨੂੰ ਮੌਤ ਦੇ ਤਖਤੇ ‘ਤੇ ਚੜਾਉਣ ਲਈ ਜ਼ੋਰ ਲਗਾ ਰਹੇ ਸਨ।

ਵਿਧਵਾ ਰਾਤ......... ਮਿੰਨੀ ਕਹਾਣੀ / ਬਾਜਵਾ ਸੁਖਵਿੰਦਰ

ਕਿੰਨੀ ਸੋਹਣੀ ਏ ਤੂੰ, ਤੇਰਾ ਸ਼ਿੰਗਾਰ ਮੱਥੇ ਦਾ ਟਿੱਕਾ ਚੰਨ, ਤੇਰੀ ਚੁੰਨੀ ਤੇ ਟਿਮ-ਟਿਮਾਉਂਦੇ ਤਾਰੇ...

ਠੰਡੀ ਤੇ ਮਸਤ-ਮਸਤ ਵਗਦੀ ਹਵਾ ਦੇ ਬੁੱਲੇ ਮੇਰੇ ਕੰਨਾਂ ‘ਚ ਤੇਰੀ ਹੀ ਸਿਫ਼ਤ ਕਰਦੇ ਨੇ, ਕਿ ਤੇਰੇ ਵਰਗਾ ਹੋਰ ਕੋਈ ਨਹੀਂ । ਪਰ ਪਹਿਲਾਂ ਤਾਂ ਮੈਂ ਡਰਦਾ ਸਾਂ, ਤੇਰੇ ਹਨੇਰਿਆਂ ਤੋਂ, ਤੇਰੀ ਚੁੱਪ ਤੋਂ... ਖੌਰੇ ਕਿਉਂ ? ਮੈਂ ਰਾਤ ਸੰਗ ਗੱਲਾਂ ਕਰ ਰਿਹਾ ਸਾਂ ਤੇ ਰਾਤ ਹੰਘੂਰਾ ਭਰ ਰਹੀ ਸੀ । ਜਦੋਂ ਤੂੰ ਭਰ ਜੋਬਨ ‘ਤੇ ਹੁੰਦੀ ਏਂ ਤਾਂ ਮੈਂ ਵੀ ਤੇਰੇ ਸੰਗ ਜਾਗਦਾ, ਤੇਰੀ ਖੂਬਸੂਰਤੀ ਨੂੰ ਨਿਹਾਰਦਾ, ਕਿੰਨਾਂ ਸਕੂਨ ਮਿਲਦਾ ਜਦੋਂ ਰੂਹਾਂ ਨੂੰ ਰੂਹਾਂ ਦਾ ਸਾਥ ਨਸੀਬ ਹੁੰਦਾ ।

ਤੂੰ ਕੁਝ ਬੋਲਦੀ ਕਿਉਂ ਨਹੀਂ ?

ਰਾਤ ਨੇ ਆਪਣੀਆਂ ਬੰਦ ਮੁੱਠੀਆਂ ਨੂੰ ਖੋਲ ਹੱਥਾਂ ਦੀਆਂ ਲਕੀਰਾਂ ਨੂੰ ਤੱਕ ਮੇਰੇ ਚਿਹਰੇ ਤੇ ਨਿਗ੍ਹਾ ਟਿਕਾ ਲਈ । ਰਾਤ ਦੀਆਂ ਅੱਖਾਂ ‘ਚ ਹੰਝੂ ਸਨ ।

ਭੂਤ ਜਲਸਾ.......... ਵਿਅੰਗ / ਜਸ ਸੈਣੀ, ਪਰਥ (ਆਸਟ੍ਰੇਲੀਆ)

ਅੱਜ ਜੰਗਲ ਦੇ ਭੂਤਾਂ ਦਾ ਸਲਾਨਾ ਜਲਸਾ ਹੋ ਰਿਹਾ ਸੀ । ਸਾਰੇ ਭੂਤ ਨਿਰਾਸ਼ ਤੇ ਕਮਜੋਰ ਦਿਸ ਰਹੇ ਸਨ । ਚਿੰਤਾ ਦਾ ਵਿਸ਼ਾ ਸੀ, ਇਨਸਾਨ ਦੇ ਮਨ ਵਿਚੋਂ ਭੂਤਾਂ ਦਾ ਡਰ ਘਟਣਾ, ਇਨਸਾਨ ਦਾ ਖੂਨ ਕੌੜਾ ਹੋਣਾ, ਜਿਸ ਨੂੰ ਚੂਸ ਕੇ ਕਈ ਭੂਤ ਕਈ ਦਿਨ ਬਿਮਾਰ ਰਹੇ । ਸਭਾ ਦੇ ਵਿੱਚ ਬੈਠਾ ਬੜਾ ਹੀ ਭਾਰਾ ਭੂਤਾਂ ਦਾ ਲੀਡਰ ਉਠਿਆ ਅਤੇ ਤਕਰੀਰ ਕਰਨ ਲੱਗਾ “ਮੇਰੇ ਸਾਥੀਉ ! ਕੋਈ ਸਮਾਂ ਹੁੰਦਾ ਸੀ, ਜਦੋਂ ਸਾਡੀ ਪੂਰੀ ਦਹਿਸ਼ਤ ਹੁੰਦੀ ਸੀ । ਅਸੀਂ ਜਿਸ ਨੂੰ ਚੁੰਬੜ ਜਾਂਦੇ ਸੀ, ਟੱਬਰਾਂ ਦੇ ਟੱਬਰ ਉਜੜ ਜਾਂਦੇ ਸੀ । ਲੋਕਾਂ ਨੂੰ ਭਾਜੜਾਂ ਪੈ ਜਾਦੀਆਂ ਸਨ । ਡੇਢ ਦੋ ਮਹੀਨੇ ਵਿੱਚ ਬੰਦਾ ਪੂਰੀ ਤਰ੍ਹਾਂ ਰੱਦੀ ਕਰ ਦੇਈਦਾ ਸੀ । ਹੁਣ ਇਨਸਾਨ ਇਸ ਸਾਇੰਸ ਦੇ ਯੁੱਗ ਵਿੱਚ ਬਹੁਤ ਸਿਆਣਾ ਹੋ ਗਿਆ ਹੈ । ਜਿਸ ਨੂੰ ਵੀ ਅਸੀਂ ਚੁੰਬੜਦੇ ਹਾਂ,  ਉਹ ਤਾਂਤਰਿਕਾਂ ਦੇ ਚਮਟੇ ਖਾਣ ਦੀ ਥਾਂ ਡਾਕਟਰ ਦੀਆਂ ਅੰਗਰੇਜ਼ੀ ਦਵਾਈਆਂ ਖਾਂਦਾ ਹੈ । ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹਨ । ਸਾਡੇ ਕਈ ਵੀਰ ਤੇ ਭੈਣਾਂ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ । ਮਜ਼ਬੂਰਨ ਇਨਸਾਨ ਦੇ ਸਰੀਰ 'ਚੋਂ ਨਿਕਲਣਾ ਪੈਂਦਾ ਹੈ । ਸੋ, ਮੈਂ ਆਪ ਸਭ ਦੀ ਰਾਏ ਸ਼ੁਮਾਰੀ ਨਾਲ ਕੋਈ ਹੱਲ ਲੱਭਣਾ ਚਾਹੁੰਦਾ ਹਾਂ ਤਾਂ ਕਿ ਸਾਡਾ ਭਵਿੱਖ ਵੀ ਸੁਰੱਖਿਅਤ ਹੋ ਸਕੇ । ਧੰਨਵਾਦ  !”
ਲੀਡਰ ਦੀਆ ਗੱਲਾਂ ਸੁਣ ਕੇ ਇਕ ਟੁੱਟੇ ਛਿੱਤਰ ਵਰਗਾ ਭੂਤ  ਉੱਠ ਖੜਾ ਹੋਇਆ ਤੇ ਕਹਿਣ ਲੱਗਾ “ਲੀਡਰ ਸਾਹਬ ! ਮੈਂ ਇਕ 700 ਸਾਲ ਪੁਰਾਣੇ ਬਜ਼ੁਰਗ ਭੂਤ ਨੂੰ ਜਾਣਦਾ ਹਾਂ । ਉਸ ਨੂੰ ਇਸ ਫੀਲਡ ਦਾ ਬਹੁਤ ਤਜ਼ਰਬਾ ਹੈ । ਮੈਨੂੰ ਆਸ ਹੈ ਕਿ ਉਹ ਸਾਡੀ ਮੱਦਦ ਜਰੂਰ ਕਰੇਗਾ । ਉਹ ਜੰਗਲ ਦੇ ਇਕ ਪੁਰਾਣੇ ਪਿੱਪਲ ‘ਤੇ ਰਹਿੰਦਾ ਹੈ ।”
ਸਾਰੇ ਭੂਤ-ਚੁੜੇਲਾਂ ਨੂੰ ਉਸ ਦੀ ਗੱਲ ਭਾ ਗਈ । ਲੀਡਰ ਸਮੇਤ ਸਾਰੇ ਭੂਤ ਉਸ ਬਜ਼ੁਰਗ ਭੂਤ ਦੇ ਨਿਵਾਸ ਸਥਾਨ ਵੱਲ ਚੱਲ ਪਏ । ਪਿੱਪਲ ਦੇ ਕੋਲ ਪਹੁੰਚ ਕੇ ਸਾਰਿਆਂ ਨੇ ਜੋਰ ਨਾਲ ਭੂਤ ਸਭਾ ਦਾ ਨਾਅਰਾ ਮਾਰਿਆ । ਪੁਰਾਣੇ ਭੂਤ ਨੇ ਅੱਖਾਂ ਖੋਲ਼ੀਆਂ ਤੇ ਕਹਿਣ ਲੱਗਾ “ਬੱਲਾ.. ਬੱਲਾ.. ਬੱਲਾ.. ਕਿਧਰ ਚੱਲੀਆਂ ਫੌਜਾਂ” ।

ਕਾਰਤੂਸ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਪਾਕਿਸਤਾਨ ਤੋਂ ਛਪਦੇ ਇੱਕ ਮੈਗਜ਼ੀਨ ਵਿੱਚ ਮੇਰੀ ਰਚਨਾ ‘ਕਾਰਤੂਸ’ ਪ੍ਰਕਾਸਿ਼ਤ ਹੋਈ । ਇਸ ਬਾਰੇ ਜਦੋਂ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ;

“ਹੋਰ ਭੇਜ ਯਾਰ ! ਪਾਕਿਸਤਾਨ ਨੂੰ ਤਾਂ ਅਜਿਹੀਆਂ ਕਹਾਣੀਆਂ ਦੀ ਲੋੜ ਹੈ । ਉਥੇ ਹਰ ਰੋਜ਼ ਕੋਈ ਨਾ ਕੋਈ ਮਨੁੱਖੀ ਬੰਬ ਧਮਾਕਾ ਤੇ ਕਾਰਤੂਸ ਚਲਦਾ ਹੀ ਰਹਿੰਦਾ...।”

ਉਹ ਲਗਾਤਾਰ ਬੋਲਦਾ ਜਾ ਰਿਹਾ ਸੀ ਤੇ ਮੇਰੇ ਕੰਨਾਂ ਵਿਚ ਪਾਕਿਸਤਾਨ ਵਿਚ ਹੋ ਰਹੇ ਮਨੁੱਖੀ ਬੰਬ ਧਮਾਕਿਆਂ ਦੀ ਆਵਾਜ਼ ਦੀ ਗੂੰਜ ਲਗਾਤਾਰ ਵਧਦੀ ਜਾ ਰਹੀ ਸੀ ।

****

ਪਰਛਾਵਾਂ.......... ਕਹਾਣੀ / ਤਰਸੇਮ ਬਸ਼ਰ

ਜਿੰਦਗੀ ਦਾ ਹਿਸਾਬ... 12 ਸਾਲਾਂ ਕਾਲੀ ਨੂੰ ਇਸ ਲੰਬੇ ਚੌੜੇ ਗੋਰਖ ਧੰਦੇ ਦੇ ਬਾਰੇ ਕੋਈ ਇਲਮ ਨਹੀਂ ਸੀ । ਉਸਦੇ ਦੇ ਦਿਲੋ ਦਿਮਾਗ ਵਿੱਚ ਸੀ ਤਾਂ ਸਕੂਲ ਦੀ ਕਲਾਸ ਦਾ ਹਿਸਾਬ । ਇਹ ਹਿਸਾਬ ਨਾ ਤਾਂ ਉਸਨੂੰ ਕਦੇ ਚੰਗਾ ਲੱਗਿਆ ਤੇ ਨਾ ਹੀ ਆਇਆ । ਹਿਸਾਬ ਦਾ ਪੀਰੀਅਡ ਆਉਂਦਿਆਂ ਹੀ ਉਸਨੂੰ ਲੱਗਦਾ ਕਿ ਸਕੂਲ ਜੇਲ੍ਹ ਹੈ । ਕਲਾਸ ਦਾ ਕਮਰਾ ਫਾਂਸੀ ਘਰ ਤੇ ਅੱਖੜ ਮਾਸਟਰ ਜੱਲਾਦ । ਇੰਨੀ ਦਿਨੀਂ ਮਾਸਟਰ ਉਸਨੂੰ ਜਿਆਦਾ ਹੀ ਨਫਰਤ ਕਰਨ ਲੱਗ ਪਿਆ ਸੀ ਤੇ ਕਾਲੀ ਨੂੰ ਮਹਿਸੂਸ ਹੁੰਦਾ ਕਿ ਉਹ ਮਾਸਟਰ ਉਸਦੇ ਪਿਛਲੇ ਜਨਮ ਦਾ ਵੈਰੀ ਹੈ ਤੇ ਹੁਣ ਬਦਲੇ ਲੈ ਰਿਹਾ ਹੈ । ਅੱਜ... ਅੱਜ ਪਤਾ ਹੀ ਨਹੀਂ ਕਦੋਂ ਉਹ ਸਟੇਸ਼ਨ ਤੇ ਪਹੁੰਚ ਕੇ ਗੱਡੀ ਵਿੱਚ ਬੈਠ ਗਿਆ । ਉਸਨੂੰ ਨਾ ਤਾਂ ਆਪਣੀ ਮਾਂ ਦੇ ਫਿਕਰ ਦਾ ਖਿਆਲ ਸੀ ਤੇ ਨਾ ਯਾਰਾਂ ਦੋਸਤਾਂ ਦਾ ਧਿਆਨ । ਉਹ ਤਾਂ ਬੱਸ ਹਿਸਾਬ ਤੇ ਇਸ ਚੱਕਰ ਤੋਂ ਦੂਰ ਜਾਣਾ ਚਾਹੁੰਦਾ ਸੀ...।

ਸੰਨ 2050........... ਮਿੰਨੀ ਕਹਾਣੀ / ਰਿੰਕੂ ਸੈਣੀ, ਫਰੀਦਕੋਟ

" ਜੀ ਸੁਣਦੇ ਅੋ ...ਅੱਜ ਬੰਤੋ ਆਈ ਸੀ..ਦੱਸ ਕੇ ਗਈ ਐ ਕਿ ਭਲਾਈਆਣੇ ਪਿੰਡ ਇੱਕ ਕੁੜੀ ਐ ਸਤਾਰਾਂ ਕੂ ਸਾਲ ਦੀ...ਸੁੱਖ ਨਾਲ ਅਗਲੇ ਸਾਲ ਤੱਕ
ਵਿਆਉਣ ਆਲੀ ਹੋ ਜੂ.....ਮੇਰੀ ਸਲਾਹ ਮੰਨੋ ਤਾਂ ਇੱਕ ਵਾਰੀ ਗੱਲ ਕਰਕੇ ਆਵੋ....ਗੱਲ ਕਰਨ 'ਚ ਕੀ ਇਤਰਾਜ ਏ......ਕੀ ਪਤਾ ਕੋਈ ਗੱਲ ਸਿਰ ਟਿਕਾਣੇ ਪੁੱਜ
ਜੇ.........ਆਪਣਾ ਜੀਤਾ ਕਦੋਂ ਦਾ ਵਿਆਉਣ ਆਲਾ ਹੋਇਆ ਪਿਆ...ਹੁਣ ਤਾਂ ਲੋਕੀ ਵੀ ਗੱਲਾਂ ਕਰਦੇ ਆ......"
" ਬੰਤੋ ਦੇ ਪਿੱਛੇ ਕਿਉਂ ਲੱਗਦੀ ਐ ਤੂੰ...ਉਹ ਇੱਕ ਨੰਬਰ ਦੀ ਠੱਗ ਔਰਤ ਐ ..ਪਤਾ ਨੀ ਕਿੰਨਿਆਂ ਕੂ ਨਾਲ ਧੋਖਾ ਕੀਤਾ ਉਹਨੇ....."
" ਜੀਹਦੇ ਨਾਲ ਕੀਤਾ ਹੋਊ ਕੀਤਾ ਹੋਊ....ਮੇਰੀ ਤਾਂ ਪੱਕੀ ਸਹੇਲੀ ਐ ਉਹ ....ਨਾਲੇ ਸਾਡਾ ਤਾਂ ਦਾਦਕਾ ਪਿੰਡ ਵੀ ਇੱਕ ਐ....ਮੇਰੇ ਨਾਲ ਲੋਕਾਂ ਵਾਲੀ ਗੱਲ ਨੀ
ਉਹਦੇ ਨਾਲ...ਮਾਮਲਾ ਰਿਸ਼ਤੇਦਾਰੀ ਦਾ ਜੋ ਐ....."

ਜਗਣ ਦੀ ਭਰੀ.......... ਕਹਾਣੀ / ਭੁਪਿੰਦਰ ਸਿੰਘ

“ਕੋਈ ਫਿਕਰ ਈ ਨੀਂ।”
“ਮੇਰੇ ਬਾਦ ‘ਚ ਇਹ ਜਨਾਨੀ ਖਰੇ ਕੀ ਕਰਦੀ ਰਹਿੰਦੀ ਐ!.......ਲਗਦਾ, ਇਹ ਨਿਆਣਿਆਂ ਦੀ ਜ਼ਿੰਦਗੀ ਖ਼ਰਾਬ ਕਰੂ.......ਨਿੱਕੇ ਨੂੰ, ਇੱਲ ਦੀ ਥਾਂ ਕੁੱਕੜ ਨਈਂ ਆਉਂਦਾ.......’ਤੇ ਵੱਡੇ ਦਾ ਤਾਂ ਜਮਾ ਈ ਬੇੜਾ ਗਰਕਿਆ ਪਿਆ। ਉਹਦੀ ਮਟਕ-ਗਸ਼ਤੀ ਤੇ ਪਤੰਗ-ਬਾਜੀ ਈ ਸੂਤ ਨੀਂ ਆਉਂਦੀ ....ਸਾਰਾ ਦਿਨ। ਸਕੂਲ ਆਲੇ ਮਾਹਟਰ ਬੀ....ਪਤਾ ਨੀ ਕੀ ਕਰਦੇ ਰਹਿੰਦੇ ਐ.....ਸਕੂਲੇ?”
 “ਪ੍ਰਸ਼ਾਦੇ ਛਕੋ.....ਤੇ ਚਲੋ ਘਰਾਂ ਨੂੰ।”
“ਚਲ ਮੇਰੇ ਭਾਈ।”
ਜਗਣ ਫੌਜੀ ਪੱਠੇ ਵੱਢਦਿਆਂ, ਸੋਚੀਂ ਪਿਆ ਮੂੰਹ ਵਿਚ ਬੁੜਬੁੜਾ ਰਿਹਾ ਸੀ। ਮਨੋਂ ਸੋਚਾਂ ਅਤੇ ਫਿਕਰਾਂ ਦੇ ਬੱਦਲਾਂ ਵਿਚ ਘਿਰਿਆ  ਉਹ ਦਾਤਰੀ ਇਸ ਤਰਾਂ ਤੇਜ ਚਲਾ ਰਿਹਾ ਸੀ ਜਿਵੇਂ ਕੋਈ, ਕਣਕ ਦੀ ਵਾਢੀ ਕਰ ਰਿਹਾ ਹੋਵੇ। ਹਾਲਾਂਕਿ ਉਸ ਦੇ ਹੱਥ ਠੰਡ ਨਾਲ ਸੁੰਨ ਹੋਈ ਜਾ ਰਹੇ ਸਨ। ਫਿਰ ਅਚਾਨਕ ਉਸਦੀ ਲਿਵ ਟੁੱਟੀ ਅਤੇ ਪਿੱਛੇ ਧਿਆਨ ਮਾਰਕੇ ਉਹ ਹੈਰਾਨ ਰਹਿ ਗਿਆ । ਛਟਾਲਾ ਵੱਢ-ਵੱਢ ਕੇ ਉਸਨੇ ਸੱਥਰਾਂ ਦੇ ਸੱਥਰ ਵਿਛਾ ਦਿੱਤੇ ਸਨ।
“ਓ ਤੇਰਾ ਭਲਾ ਹੋ ਜੇ।” 

ਬੇਨਾਮ ਰਿਸ਼ਤਾ……… ਕਹਾਣੀ / ਨਿਸ਼ਾਨ ਸਿੰਘ ਰਾਠੌਰ

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਇਹ ਮਹਿਲ ਛੱਤ ਲਿਆ?
ਗਲੀ ਵਿਚੋਂ ਲੰਘਦੇ ਇਕ ਮੁੰਡੇ ਨੂੰ ਉਸ ਨੇ ਪੁੱਛਿਆ, ‘ਕਾਕਾ, ਬਾਵਰ ਦਾ ਘਰ ਆਹ ਹੀ ਹੈ?’
ਮੁੰਡਾ ਇਕਦਮ ਰੁੱਕ ਗਿਆ ਅਤੇ ਜਗਬੀਰ ਨੂੰ ਉ¤ਪਰ ਤੋਂ ਲੈ ਕੇ ਪੈਰਾਂ ਤੀਕ ਧਿਆਨ ਨਾਲ ਦੇਖਣ ਲੱਗਾ। ਕੁੱਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ, ‘ਕੀ ਤੁਸੀਂ ਬਾਪੂ ਬਾਵਰ ਸਿੰਘ ਤੇ ਘਰ ਬਾਰੇ ਪੁੱਛ ਰਹੇ ਹੋ?’
ਆਪਣੇ ਛੋਟੇ ਭਰਾ ਬਾਵਰ ਦੇ ਨਾਂ ਨਾਲ ‘ਬਾਪੂ’ ਸ਼ਬਦ ਸੁਣ ਕੇ ਜਗਬੀਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲਾਂ ਬਾਅਦ ਆਪਣੇ ਪਿੰਡ, ਆਪਣੇ ਘਰ ਆਇਆ ਹੈ। ਜਗਬੀਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਅਤੇ ਆਪ ਯਾਦਾਂ ਦੇ ਸੰਸਾਰ ਵਿਚ ਗੁਆਚ ਗਿਆ।
ਉਸ ਨੂੰ ਯਾਦ ਆਈ ਆਪਣੀ ਜਵਾਨੀ..., ਆਪਣੇ ਹਾਣੀ..., ਆਪਣਾ ਸਕੂਲ..., ਆਪਣੇ ਬਾਪੂ ਦੀਆਂ ਝਿੜਕਾਂ..., ਮਾਂ ਦਾ ਪਿਆਰ..., ਭਰਜਾਈਆਂ ਦੇ ਸ਼ੁਗਲ..., ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ। ਜਗਬੀਰ ਨੂੰ ਵਿਸ਼ਵਾਸ ਨਾ ਹੋਇਆ ਕਿ ਹੁਣ ਉਹ ਵੀ ‘ਬਾਬਾ’ ਹੋ ਗਿਆ ਹੈ।

ਪਾਪ ਜਾਂ ਪੁੰਨ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਉਸਨੇ ਆਪਣੀ ਗੱਡੀ ਵਿੱਚੋਂ ਕੇਲੇ, ਸੇਬ ਅਤੇ ਅੰਗੂਰ ਬਾਂਦਰਾਂ ਲਈ ਬਾਹਰ ਸੜਕ ਤੇ ਸੁੱਟੇ ਤਾਂ ਬਾਂਦਰਾਂ ਦੇ ਇੱਕ ਟੋਲੇ ਨੇ ਤੁਰੰਤ ਝਪਟ ਮਾਰੀ । ਪਿੱਛੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਮੌਕੇ ਤੇ ਹੀ ਪੰਜ ਛੇ ਬਾਂਦਰਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ । ਮੈਂ ਸੜਕ ਦੇ ਇੱਕ ਕਿਨਾਰੇ ਖੜ੍ਹਾ ਸੋਚ ਰਿਹਾ ਸਾਂ ਕਿ ਇਹ ਪਾਪ ਹੈ ਜਾਂ ਪੁੰਨ.....?

****