ਜਗਣ ਦੀ ਭਰੀ.......... ਕਹਾਣੀ / ਭੁਪਿੰਦਰ ਸਿੰਘ

“ਕੋਈ ਫਿਕਰ ਈ ਨੀਂ।”
“ਮੇਰੇ ਬਾਦ ‘ਚ ਇਹ ਜਨਾਨੀ ਖਰੇ ਕੀ ਕਰਦੀ ਰਹਿੰਦੀ ਐ!.......ਲਗਦਾ, ਇਹ ਨਿਆਣਿਆਂ ਦੀ ਜ਼ਿੰਦਗੀ ਖ਼ਰਾਬ ਕਰੂ.......ਨਿੱਕੇ ਨੂੰ, ਇੱਲ ਦੀ ਥਾਂ ਕੁੱਕੜ ਨਈਂ ਆਉਂਦਾ.......’ਤੇ ਵੱਡੇ ਦਾ ਤਾਂ ਜਮਾ ਈ ਬੇੜਾ ਗਰਕਿਆ ਪਿਆ। ਉਹਦੀ ਮਟਕ-ਗਸ਼ਤੀ ਤੇ ਪਤੰਗ-ਬਾਜੀ ਈ ਸੂਤ ਨੀਂ ਆਉਂਦੀ ....ਸਾਰਾ ਦਿਨ। ਸਕੂਲ ਆਲੇ ਮਾਹਟਰ ਬੀ....ਪਤਾ ਨੀ ਕੀ ਕਰਦੇ ਰਹਿੰਦੇ ਐ.....ਸਕੂਲੇ?”
 “ਪ੍ਰਸ਼ਾਦੇ ਛਕੋ.....ਤੇ ਚਲੋ ਘਰਾਂ ਨੂੰ।”
“ਚਲ ਮੇਰੇ ਭਾਈ।”
ਜਗਣ ਫੌਜੀ ਪੱਠੇ ਵੱਢਦਿਆਂ, ਸੋਚੀਂ ਪਿਆ ਮੂੰਹ ਵਿਚ ਬੁੜਬੁੜਾ ਰਿਹਾ ਸੀ। ਮਨੋਂ ਸੋਚਾਂ ਅਤੇ ਫਿਕਰਾਂ ਦੇ ਬੱਦਲਾਂ ਵਿਚ ਘਿਰਿਆ  ਉਹ ਦਾਤਰੀ ਇਸ ਤਰਾਂ ਤੇਜ ਚਲਾ ਰਿਹਾ ਸੀ ਜਿਵੇਂ ਕੋਈ, ਕਣਕ ਦੀ ਵਾਢੀ ਕਰ ਰਿਹਾ ਹੋਵੇ। ਹਾਲਾਂਕਿ ਉਸ ਦੇ ਹੱਥ ਠੰਡ ਨਾਲ ਸੁੰਨ ਹੋਈ ਜਾ ਰਹੇ ਸਨ। ਫਿਰ ਅਚਾਨਕ ਉਸਦੀ ਲਿਵ ਟੁੱਟੀ ਅਤੇ ਪਿੱਛੇ ਧਿਆਨ ਮਾਰਕੇ ਉਹ ਹੈਰਾਨ ਰਹਿ ਗਿਆ । ਛਟਾਲਾ ਵੱਢ-ਵੱਢ ਕੇ ਉਸਨੇ ਸੱਥਰਾਂ ਦੇ ਸੱਥਰ ਵਿਛਾ ਦਿੱਤੇ ਸਨ।
“ਓ ਤੇਰਾ ਭਲਾ ਹੋ ਜੇ।” 
ਉਹ ਫਟਾਫਟ ਉਠਿਆ ਅਤੇ ਭਰੀ ਪਾਉਣ ਲੱਗ ਪਿਆ। ਰਾਤ ਵਾਲੇ ਛੜਾਕੇ ਨਾਲ ਛਟਾਲਾ ਤ੍ਰੇਲਿਆ ਹੋਣ ਕਰਕੇ ਭਰੀ ਕੁਝ ਜਿਆਦਾ ਭਾਰੀ ਹੋ ਗਈ। ਹੱਥ ਲੁਆਉਣ ਲਈ ਆਸ-ਪਾਸ ਖੇਤਾਂ ਵਿੱਚ ਕੋਈ ਜੀਅ-ਪਰਿੰਦਾ ਨਹੀਂ ਸੀ ਦਿਸ ਰਿਹਾ ਇਸ ਲਈ ਉਹ ਭਰੀ ਨੂੰ ਆਪ ਹੀ ਚੁੱਕਣ ਦੀ ਕੋਸ਼ਿਸ਼ ਕਰਨ ਲੱਗਾ।
“ਉਪਲੇ...।...ਓ ਤੇਰੀ!”
ਭਰੀ ਨੂੰ ਸੱਜੇ ਗੋਡੇ ਉੱਪਰ ਰੱਖ ਕੇ ਉਸਨੇ ਮੋਢੇ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਭਰੀ ਖਿਸਕ ਕੇ ਭੁੰਜੇ ਡਿਗ ਪਈ। ਜਗਣ ਲਾਲ-ਪੀਲਾ ਹੋ ਗਿਆ। ਦੋ-ਤਿੰਨ ਵਾਰ ਘੋਲ ਕਰਨ ਦੇ ਬਾਦ ਜਾ ਕੇ ਇਹ ਸਿਰ ਤੇ ਟਿਕੀ। ਸਿਰ ਉਤੇ ਭਰੀ ਟਿਕਾਉਂਦਿਆਂ ਸਾਰ ਹੀ ਉਹ ਕਾਹਲੀ-ਕਾਹਲੀ ਪਿੰਡ ਵੱਲ ਪੈਰ ਪੁੱਟਣ ਲੱਗਾ।
ਪਿੰਡ, ਖੇਤ ਤੋਂ ਕੋਈ ਦੋ ਕੁ ਮੀਲਾਂ ਦੀ ਵਿੱਥ ਤੇ ਸੀ। ਵੱਟ-ਬੰਨਿਆਂ ਅਤੇ ਵੱਡੇ ਪਹੇ ਦੀ ਤਿਲਕਣ ਤੋਂ ਬਚਣ ਲਈ ਉਹ ਪੈਰਾਂ ਨੂੰ ਦਬਾ-ਦਬਾ ਕੇ ਰੱਖਦਾ। ਭਰੀ ਨੂੰ ਉਸ ਨੇ ਕੱਸ ਕੇ ਜਕੜੀ ਰੱਖਿਆ ਸੀ । ਪਰ ਫਿਰ ਵੀ ਘਰ ਤਕ ਬੰਨਾ ਲੈਂਦਿਆਂ-ਲੈਂਦਿਆਂ, ਭਰੀ ਢਿੱਲੀ ਹੋ ਕੇ ਉਸ ਦੇ ਗਲ ਵਿੱਚ ਪੈ ਹੀ ਗਈ। ਉਸਨੂੰ ਦਿਸਣੋ ਬੰਦ ਹੋ ਗਿਆ। ਭਰੀ ਹੇਠਾਂ ਉਸਦੇ ਪਸੀਨੇ ਛੁੱਟ ਰਹੇ ਸਨ। ਇਉਂ ਜਾਪ ਰਿਹਾ ਸੀ ਜਗਣ ਜਿਵੇਂ “ਬੁਝਣ” ਵਾਲਾ ਹੋ ਗਿਆ ਹੋਵੇ। ਆਖਰ, ਪਿੰਡ ਦੀਆਂ ਗਲੀਆਂ ਵਿਚਲੇ ਕੰਧਾਂ-ਕੌਲਿਆਂ ਦਾ ਸਹਾਰਾ ਲੈਂਦਿਆਂ ਉਹ ਘਰ ਪਹੁੰਚਿਆ।
“ਹਾਅ! …ਜੱਗ ਪੁੱਤ….ਥੋੜੇ ਵੱਢ ਲੈਂਦਾ।” ਵੇਹੜੇ ਵਿੱਚ ਧੁੱਪ ਸੇਕਦੀ, ਜਗਣ ਦੀ ਬੇਬੇ ਨੇ ਐਨਕਾਂ ਥਾਣੀ ਝਾਕਦਿਆਂ ਆਖਿਆ ।
“ਪੱਠਾਕ.........!” ਜਗਣ ਨੇ ਭਰੀ ਵਗਾਹ ਕੇ ਜਦ ਟੋਕੇ ਦੇ ਪਿਛਲੇ ਪਾਸੇ ਮਾਰੀ ਤਾਂ ਪੱਲਾ ਫਟਣ ਦੀ ਆਵਾਜ਼ ਨਾਲ ਡਰਾਕਲ ਝੋਟੀ ਨੇ ਸੰਗਲ਼ ਤੁੜਾ ਲਿਆ। ਭੱਜ ਕੇ ਉਹ ਖੁਰਲੀ ਦੇ ਦੂਏ ਪਾਸੇ ਬੱਝੀ ਸਿੰਗਲ਼ ਮੱਝ ਦੇ ਓਹਲੇ ਜਾ ਖੜੀ ਹੋਈ ਅਤੇ ਕੰਨ ਤਾੜ ਕੇ ਭਰੀ ਵਿਚਲੇ ਛਟਾਲੇ ਵੱਲ ਝਾਕਦਿਆਂ ਲਾਡ ਨਾਲ ਹਲਕਾ ਜਿਹਾ ਅੜਿੰਗੀ। 
“ਲੈ! ਚਾਰ ਦਿਨ ਛੁਟੀ ਲੈ ਕੇ ਇਹ ਘਰ ਕੀ ਆ ਜਾਂਦਾ,......ਸਾਡੇ ਭਾਅ ਦੀ ਤਾਂ ਸਾੜ੍ਹਸਤੀ ਆ ਜਾਂਦੀ ਐ । ਅਖੇ, ਰਫ਼ਲ ਤੇ ਅਕਲ.............।” ਝੋਟੀ ਨੂੰ ਪਤਿਆ ਕੇ ਟੁੱਟੇ ਸੰਗਲ ਤੋਂ ਫੜਦਿਆਂ ਜਗਣ ਦੀ ਘਰਵਾਲੀ ਧੰਨਵਤੀ ਨੇ ਅਧੂਰਾ ਜਿਹਾ ਵਿੰਗ ਮਾਰਿਆ। ਇਕ ਮੱਝ, ਇਕ ਝੋਟੀ ਅਤੇ ਇਹਨਾਂ ਦੇ ਦੋ ਕਟਰੂਆਂ ਵਾਲਾ ਏਨਾ ਕੁ ਲਾਣਾ ਉਹ ਜਗਣ ਦੇ ਬਾਦ ਆਪ ਹੀ ਬੜੇ ਆਰਾਮ ਨਾਲ ਸਾਂਭ ਲੈਂਦੀ। ਚਿੱਕੂ ਅਤੇ ਘੀਟੂ ਪੱਠਾ-ਦੱਥਾ ਕਰ ਦੇਂਦੇ। ਬਾਹਰੋਂ ਪੱਠੇ ਲੈ ਆਉਂਦੇ ਅਤੇ ਕੁਤਰ ਕੇ ਪਸ਼ੂਆਂ ਨੂੰ ਪਾ ਵੀ ਛੱਡਦੇ। 
“ਓ! ਪਾਣੀ ਦਾ ਗਿਲਾਸ ਫੜਾ ‘ਕੱ...ਐਂਮੇ ਗੱਲਾਂ ਦੇ ਘਟੂਰੇ ਜਏ ਨਾ ਮਾਰ।” ਤਪੇ ਹੋਏ ਜਗਣ ਨੇ ਸਿਰ ਤੇ ਬੱਧੇ ਮੜਾਸੇ ਨੂੰ ਘੂਮੇਟਾ ਜਿਹਾ ਦੇਂਦਿਆਂ ਆਖਿਆ।
ਸਰਦੀਆਂ ਵਿਚਲੀ ਠੰਡ ਹੋਰ ਵੀ ਵਧ ਰਹੀ ਸੀ। ਜਿਉਂ-ਜਿਉਂ ਜਗਣ ਦੀ ਛੁੱਟੀ ਲੰਘ ਰਹੀ ਸੀ ਤਿਉਂ-ਤਿਉਂ ਹੀ ਉਸਨੂੰ ਵਧੇਰੇ ਕਾਹਲੀਆਂ ਪੈਣ ਲੱਗੀਆਂ ਸਨ। ਉਹ ਘਰ ਦੇ ਸਾਰੇ ਪਏ ਕੰਮ ਆਪਣੀ ਛੁੱਟੀ ਵਿੱਚ ਹੀ ਮੁਕਾਉਣਾ ਚਾਹੁੰਦਾ ਸੀ। ਘਰ ਦੀ ਥੋੜੀ ਜਿਹੀ ਜ਼ਮੀਨ ਸੀ। ਜਿਸ ਵਿੱਚ ਉਸ ਨੇ ਛੁੱਟੀ ਆਉਂਦਿਆਂ ਸਾਰ ਹੀ ਕਣਕ ਬਿਜਾ ਲਈ। ਹੁਣ ਕਈ ਹੋਰ ਛੋਟੇ-ਮੋਟੇ ਕੰਮਾਂ ਤੋਂ ਇਲਾਵਾ ਪਸ਼ੂਆਂ ਵਾਲੇ ਬਰਾਂਡੇ ਦੇ ਮੂਹਰਲੇ ਪਾਸੇ ਦਾ ਢਕਾਅ ਅਤੇ ਉਪਰ ਕਾਹਨਿਆਂ ਵਾਲੇ ਛੱਤ ਦੀ ਮੁਰੰਮਤ ਮੁੱਖ ਸਨ।
ਉਸ ਦੀ ਸਭ ਤੋਂ ਵੱਡੀ ਚਿੰਤਾ ਸੀ ਵੇਹੜੇ ਫਿਰਦੀ ਜੁਆਨ ਧੀ, ਵਿੰਬੋ ਦਾ ਵਿਆਹ। ਅਜਾਈਂ ਖਰਚੇ ਪੈਣ ਕਰਕੇ ਅਜੇ ਉਹ ਏਨੇ ਪੈਸੇ ਜਮਾ ਨਹੀਂ ਸੀ ਕਰ ਸਕਿਆ ਕਿ ਏਸ ਬਾਬਤ  ਕੋਈ ਕਦਮ ਪੁੱਟ ਸਕੇ। ਉਂਝ ਕਦੇ-ਕਦੇ ਉਹ ਧੰਨਵਤੀ ਨਾਲ ਦਿਲ ਦੀ ਗੱਲ ਫੋਲ ਲੈਂਦਾ ਕਿ ਉਹ ਰਿਸ਼ਤਾ ਪੱਕਾ ਕਰ ਲੈਣਗੇ ਅਤੇ ਵਿਆਹ ਸਾਲ ਕੁ ਹਟ ਕੇ ਦੇ ਦੇਣਗੇ। ਤਦ ਤਾਈਂ ਉਹ ਕੁੜੀ ਦਾ ਦਾਜ਼-ਦਖਣ ਵੀ ਬਣਾ ਲੈਣਗੇ। ਅੱਗਿਓਂ ਧੰਨਵਤੀ ਵੀ ਕੁਝ ਜਿਆਦਾ ਗੰਭੀਰ ਲਹਿਜੇ ਨਾਲ ਉਸਦੀ ਹਾਂ ਵਿੱਚ ਹਾਂ ਮਿਲਾਉਣ ਲਗਦੀ। ਸ਼ਾਇਦ ਉਸ ਨੂੰ ਜਗਣ ਨਾਲੋਂ ਆਪਣੀ ਧੀ ਦੀ ਚਿੰਤਾ ਜਿਆਦਾ ਹੋਣ ਲੱਗੀ ਸੀ। ਏਸੇ ਗੱਲ ਨੂੰ ਲੈ ਕੇ ਕਈ ਵਾਰ ਉਹਨਾਂ ਵਿੱਚ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ। ਜਗਣ, ਧੰਨਵਤੀ ਦੇ ਫਾਲਤੂ ਖਰਚਿਆਂ ਦੇ ਵੱਤੋਂ ਬਾਹਰ ਹੋਣ ਤੋਂ ਲੜਦਾ ਅਤੇ ਧੰਨਵਤੀ ਉਸ ਨੂੰ ਉਸਦੇ ਮਾਪਿਆਂ ਅਤੇ ਭੈਣ-ਭਰਾਵਾਂ ਨੂੰ “ਪਾਲਣ” ਦੇ ਮਿਹਣੇ ਮਾਰਦੀ। ਫੇਰ ਏਸ ਤਕਰਾਰ ਦਾ ਅੰਤ ਵਿੰਬੋ ਦੇ ਰੋਸੇ ਨਾਲ ਹੁੰਦਾ। ਜਦੋਂ ਉਹ ਬੇ-ਜ਼ੁਬਾਨਿਆਂ ਵਾਂਗ ਰੋਣ ਲੱਗ ਪੈਂਦੀ ਤਾਂ ਦੋਨੋਂ ਜੀਅ ਆਪੇ ਹੀ ਚੁੱਪ ਕਰ ਜਾਂਦੇ।    
“ਜੁਆਨ ਕਿੱਥੇ ਐ.....ਆ ਗਏ ਸਕੂਲੋਂ?” ਪਾਣੀ ਵਾਲਾ ਗਿਲਾਸ ਫੜਦਿਆਂ ਉਸਨੇ ਚਿੱਕੂ ਅਤੇ ਘੀਟੂ ਬਾਰੇ ਧੰਨਵਤੀ ਨੂੰ ਪੁੱਛਿਆ। 
“ਬਸ ਆਉਂਦੇ ਈ ਹੋਣੇ…..ਰਸਤੇ ਚ ਹੋਣੇ ਐ ਕਿਤੇ।”
“ਅੱਜ ਮੈਂ ਸੁਆਰਦਾਂ ਭੁਗਤ,...ਦੋਵਾਂ ਦੀ…..ਜੇ ਏਹੋ ਹਾਲ ਰਿਹਾ ਤਾਂ ਮੈਂ ਸਕੂਲੋਂ ਢਾਹ ਕੇ ਦਿਹਾੜੀ-ਧੱਪਿਆਂ ਤੇ ਲਾ ਦੇਉਂ ਕਿਤੇ ।…….ਮੈਨੂੰ ਕੋਈ ਲੋੜ ਨੀਂ ਏਹੋ ਜਿਹੀ ਨਲੈਕ ‘ਲਾਦ ‘ਤੇ ਥੱਬਿਆਂ-ਦੇ-ਥੱਬੇ ਰਪਈਏ ਖਰਚਣ ਦੀ।” ਜਗਣ ਨੇ ਆਪਣਾ ਤਾਪ ਰਤਾ ਕੁ ਹਲਕਾ ਕੀਤਾ।
ਏਧਰ ਸਕੂਲ ਵਿੱਚ ਚਿੱਕੂ ਅਤੇ ਘੀਟੂ ਘਰ ਨੂੰ ਭੱਜਣ ਲਈ ਪੂਰੀ ਛੁੱਟੀ ਵਾਲੀ ਘੰਟੀ ਦੀ ਤਾਕ ਵਿੱਚ ਇੰਝ ਕਾਹਲੇ ਸਨ ਜਿਵੇਂ ਦੌੜਾਕ ਰੈਫ਼ਰੀ ਦੀ ਸੀਟੀ ਵੱਜਣ ਵਿੱਚ ਹੁੰਦੇ ਹਨ। ਘੰਟੀ ਵਜਦਿਆਂ ਸਾਰ ਹੀ ਦੋਹਾਂ ਨੇ ਹੋਰ ਮੁੰਡੀਰ ਵਾਂਗ ਘਰ ਵੱਲ ਸੂਟਾਂ ਵੱਟ ਲਈਆਂ। ਉਹ ਦੋਨੋਂ ਪਿੰਡ ਦੇ ਬਾਹਰ-ਵਾਰ ਵੱਡੇ ਸਕੂਲ ਵਿੱਚ ਹੀ ਪੜਦੇ ਸਨ। ਰਸਤੇ ਵਿੱਚ ਆਉਂਦਿਆਂ ਉਹ ਦੋਨੋਂ ਗੱਲਾਂ-ਗੱਲਾਂ ਵਿੱਚ ਹੀ ਫਸ ਪਏ।
“ਆਹ ਕੀ....ਓਏ ਟਰਾਲੀ?” ਮਜ਼ਾਕ ਵਿੱਚ ਨਿੱਕੇ ਘੀਟੂ ਨੇ ਵੱਡੇ ਚਿੱਕੂ ਦੀ ਛੇੜ ਨਾਲ ਉਸਦੇ ਝੋਲੇ ਦੀ ਇੱਕ ਤਣੀ ਖਿੱਚ ਦਿੱਤੀ।
“ਰੇਹੜੂਆ ਹੁਣ?” ਚਿੱਕੂ ਨੇ ਅੱਗੋਂ ਚਿੜ ਕੇ ਉਸਦੇ ਲੱਕ ਵਿੱਚ ਮੁੱਕਾ ਕੱਢ ਮਾਰਿਆ।
“ਅਈ.....ਆਂ!” ਘੀਟੂ ਨੇ ਨਿੱਸਲ ਮੌਰ ਨੂੰ ਫੜ ਕੇ ਇਕ ਡਾਡ ਜਿਹੀ ਮਾਰੀ। ਫਿਰ ਉਹ ਗੁੱਸੇ ਨਾਲ ਉਠਿਆ ਅਤੇ ਸੜਕ ਤੇ ਪਿਆ ਪੱਥਰ ਚੁੱਕ ਕੇ ਉਸ ਨੇ ਵਗਾਹਵਾਂ ਚਿੱਕੂ ਵੱਲ ਮਾਰਿਆ। ਪਰ ਚਿੱਕੂ ਦੇ ਉਹ ਲੱਗਿਆ ਨਾ। ਉਹ ਨਿੱਕੀ ਜਿਹੀ ਦੌੜ ਲਾ ਕੇ ਬਚ ਗਿਆ।
“ਚੱਲਖਾਂ ਬੱਚੂ....ਅੱਜ ਭਾਪੇ ਕੋਲੋਂ ਵੱਜਣੀਆਂ ਤੇਰੇ...ਜੋੜ ਦੇ ਸਵਾਲਾਂ ਤੋਂ। .....ਨਾਲੇ ਭਾਪੇ ਨੂੰ ਮੈਂ ਇਹ ਵੀ ਦੱਸੂੰ,.....ਸਾਲੇ ਟਰਾਲੀ ਨੇ ਮੁੱਕਾ ਮਾਰਿਆ ਮੇਰੇ।” ਘੀਟੂ ਨੇ ਨਿਸ਼ਾਨਾ ਚੁਕਣ ਕਰਕੇ ਆਪਣੀ ਰੋਣਹਾਕੀ ਬੇਬਸੀ ਨਾਲ ਉਸ ਨੂੰ ਡਰਾਉਣਾ ਚਾਹਿਆ।
“ਤੈਨੂੰ ਕੇਹੜੀਆਂ ਨਈਂ ਪੈਣੀਆਂ ਅੱਜ ਪੰਜਾਬੀ ‘ਚੋ.....ਰੇੜੂ?”
ਪੜਾਈ ਵਿੱਚ ਉਹ ਦੋਨੋਂ ਨਾਲਾਇਕ ਸਨ। ਜਗਣ ਨੂੰ ਹੋਰ ਚਿੰਤਾਵਾਂ ਦੇ ਨਾਲ-ਨਾਲ ਇਹਨਾਂ ਦੇ ਭਵਿੱਖ ਦੀ ਚਿੰਤਾ ਵੀ ਸੀ। ਛੋਟਾ ਤਾਂ ਅਜੇ ਕਿਵੇਂ ਨਾ ਕਿਵੇਂ ਪਾਸ ਹੋਈ ਜਾਂਦਾ, ਪਰ ਵੱਡੇ ਨੂੰ ਅੱਠਵੀਂ ਕਲਾਸ ਵਿੱਚ ਹੀ ਤੀਸਰਾ ਸਾਲ ਹੋ ਚੁੱਕਿਆ ਸੀ। ਸਕੂਲੋਂ ਆਉਂਦਿਆਂ ਹੀ ਉਹ ਆਪਣੇ ਬਸਤੇ ਘਰ ਸੁੱਟ ਕੇ ਬਾਹਰ ਆਪਣੇ ਹਾਣੀਆਂ ਨਾਲ ਮਟਕ-ਗਸ਼ਤੀਆਂ ਲਾਉਣ ਵਿੱਚ ਜਿਆਦਾ ਖੁਸ਼ ਰਹਿੰਦੇ। ਪਰ ਜਦੋਂ ਜਗਣ ਛੁੱਟੀ ਆਇਆ ਹੁੰਦਾ ਤਾਂ ਉਹਨਾਂ ਦੇ ਉਂਝ ਹੀ ਸਾਹ ਸੁੱਕੇ ਰਹਿੰਦੇ। ਉਸ ਵੇਲੇ ਜਦੋਂ ਉਹ ਕਦੇ ਲੜਦੇ ਵੀ ਤਾਂ ਉਹਨਾਂ ਦੀ ਸਿਰਫ਼ ਘੁਸਰ-ਮੁਸਰ ਹੀ ਸੁਣਦੀ।
ਜਗਣ ਹਰ ਰੋਜ਼ ਸਕੂਲ ਟਾਇਮ ਦੇ ਬਾਦ ਇਹਨਾਂ ਦੀ ਕਲਾਸ ਲਾਉਂਦਾ। ਬਸ, ਉਸ ਦੀ ਇਹੀ ਕੋਸ਼ਿਸ਼ ਹੁੰਦੀ ਕਿ ਉਹ ਸਾਰੀ ਪੜ੍ਹਾਈ ਉਸ ਦੀ ਛੁੱਟੀ ਵਿੱਚ ਹੀ ਖ਼ਤਮ ਕਰ ਲੈਣ। ਇਸ ਤੋਂ ਇਲਾਵਾ, ਉਹ ਉਹਨਾਂ ਕੋਲੋਂ ਘਰ ਦੇ ਛੋਟੇ-ਮੋਟੇ ਕੰਮ ਵੀ ਕਰਾਇਆ ਕਰਦਾ। ਉਹ ਚਾਹੁੰਦਾ ਕਿ ਇਹ ਜਲਦ-ਤੋਂ-ਜਲਦ ਹੀ ਹਰ ਕੰਮ ਵਿੱਚ ਮੁਹਾਰਤ ਹਾਸਲ ਕਰ ਲੈਣ।
“ਚਲੋ ਜੁਆਨ! ਖਾਣਾ ਖਾ ਕੇ ਫ਼ੌਰਨ ਬਸਤੇ ਲੈ ਕੇ ਮੇਰੇ ਪਾਸ ਆਉ।”
ਜਗਣ ਨੇ ਦੋਹਾਂ ਨੂੰ ਗੇਟੋਂ ਘਰ ਵੜਦਿਆਂ ਹੀ ਫੌਜ ਵਾਲਾ ਆਡਰ ਮਾਰਿਆ। ਆਡਰ ਸੁਣ ਕੇ ਉਹ ਆਪੋ-ਵਿਚਲੇ ਗਿਲੇ-ਸ਼ਿਕਵੇ ਭੁੱਲ ਗਏ ਅਤੇ ਮੁੰਹ-ਹੱਥ ਧੋ ਕੇ ਖਾਣਾ ਖਾਣ ਦੇ ਬਾਦ ਭਾਰੇ ਮਨ ਨਾਲ ਆਪੋ-ਆਪਣੇ ਬਸਤਿਆਂ ਵੱਲ ਵਧੇ।
“ਵੱਡੇ ਤੂੰ ਸਾਬ੍ਹ ਦੀ ਕਤਾਬ ਕੱਢ...ਤੇ ਨਿੱਕਿਆ, ਚਲ ਤੂੰ ਕਹਾਣੀ ਸੁਣਾ ਪਿਆਸੇ ਕਾਂ ਦੀ।”
 ਦੋਹਾਂ ਨੇ ਹੁਕਮ ਦੇ ਮੁਤਾਬਿਕ ਆਪੋ-ਆਪਣੀਆਂ ਕਿਤਾਬਾਂ ਕੱਢੀਆਂ ਅਤੇ ਸ਼ੁਰੂ ਹੋ ਗਏ। ਚਿੱਕੂ ਹਿਸਾਬ ਦੀ ਕਾਪੀ ਉਪਰ ਪੈੱਨ ਘਸਾਉਣ ਲੱਗਾ ਅਤੇ ਘੀਟੂ ਨੇ ਪਿਆਸੇ ਕਾਂ ਵਾਲੀ ਕਹਾਣੀ ਪੜ੍ਹਨੀ ਸ਼ੁਰੂ ਕੀਤੀ।
“ਇਕ ਵਾਰ ਦੀ ਗੱਲ ਹੈ.....ਇਕ.......ਪੱਪੇ ਨੂੰ ਵਿਆਰੀ.....ਐੜੇ ਕੰਨਾ ਆ.......ਅਈ!” ਕਾਹਲੀ-ਕਾਹਲੀ ਵਿੱਚ ਸਿਹਾਰੀ ਨੂੰ ਵਿਹਾਰੀ ਪੜ੍ਹਦਿਆਂ ਸੁਣ ਕੇ ਜਗਣ ਨੇ ਕਚੀਚੀ ਵੱਟ ਕੇ ਘੀਟੂ ਦੇ ਹੱਥ ਤੇ ਸੋਟੀ ਮਾਰੀ ਤਾਂ ਉਸ ਦੀ ਚੀਖ ਨਿਕਲ ਗਈ।
“ਖੋਤਿਆ!...ਏ ਸਿਹਾਰੀ ਐ ਕਿ ਬਿਹਾਰੀ?” ਨਾਲ ਉਸ ਨੇ ਦਬਕਾ ਮਾਰਿਆ। ਹੁਣ ਉਸ ਦਾ ਸਾਰਾ ਧਿਆਨ ਘੀਟੂ ਵੱਲ ਹੋ ਗਿਆ ਸੀ। ਪੰਜ-ਛੇ ਹੋਰ ਕੱਸਵੀਆਂ-ਕੱਸਵੀਆਂ ਵੱਜਣ ਕਰਕੇ ਘੀਟੂ ਉੱਚੀ-ਉੱਚੀ ਰੋਣ ਲੱਗ ਪਿਆ।
“ਖਸਮਾਂ-ਖਾਣਿਆਂ!....ਅੱਗ ਲੱਗੇ ਏਹੋ ਜਿਹੀ ਪੜ੍ਹਾਈ ਨੂੰ.....ਹੈਂਅ......ਅੱਜ ਈ ਗਲਿਸਤੇ ਪਾਸ ਕਰਾਉਣ ਲੱਗਾ ਏਹ।” ਚੌਂਕੇ ਵਿੱਚ ਬੈਠੀ ਸਾਗ ਚੀਰਦੀ ਹੋਈ ਧੰਨਵਤੀ ਦੀ ਮਮਤਾ ਜਾਗੀ ਅਤੇ ਉਠ ਕੇ ਘੀਟੂ ਨੂੰ ਬਾਂਹੋਂ ਫੜ ਕੇ ਆਪਣੇ ਨਾਲ ਲਾਉਂਦੀ ਹੋਈ ਉਹ ਜਗਣ ਉਤੇ ਵਰ੍ਹਨ ਲੱਗੀ।
“ਆਹੋ...ਹੇਖਾਂ...ਸਾਹ ਨੀ ਆਉਂਦਾ...ਵੱਡੀ ਸਗਾਤ ਨੂੰ!....‘ਲੱਦ-ਖਲੱਕ ਨਾ ਹੋਵੇ ਤਾਂ ਕਿਹ ਥਾਂ ਦਾ।...ਲੈ ਜਾ ਏਨੂੰ..ਮੇਰੀ ਨਜ਼ਰ ਤੋਂ ਪਰਾਂ...ਅੱਜ ਤੋਂ ਬਾਦ ਸਕੂਲ ਜਾਣਾਂ ਬੰਦ ਏਦਾ।...ਖ਼ਬਰਦਾਰ!” ਜਗਣ ਤਪਿਆ।
“ਚਲ ਆ ਮੇਰਾ ਲਾਡ...ਆਪਾਂ ਚਲੀਏ!” ਧੰਨਵਤੀ ਉਸ ਨੂੰ ਵਰਾਉਣ ਲੱਗੀ।
ਛੋਟੇ ਨੂੰ ਖੜਕਦੀਆਂ ਵੇਖ ਕੇ ਚਿੱਕੂ ਦੀ ਰਫਤਾਰ ਤੇਜ਼ ਹੋ ਗਈ। ਸੋਟੀ ਉਸ ਨੂੰ ਸਿਰ ਤੇ ਲਟਕਦੀ ਤਲਵਾਰ ਵਾਂਗੂ ਜਾਪ ਰਹੀ ਸੀ। ਹੁਣ ਵੀ ਪਈ ਕਿ ਹੁਣ ਵੀ ਪਈ। ਡਰਿਆ ਹੋਇਆ ਉਹ ਹਿਸਾਬ ਦੀ ਕਿਤਾਬ ਦੇ ਵਰਕਿਆਂ ਦੀ ਉਥਲ-ਪੁਥਲ ਕਰਦਿਆਂ ਆਸ-ਪਾਸ ਕਿਸੇ “ਘਟਨਾ” ਦੇ ਵਾਪਰਨ ਦੀ ਕਲਪਨਾ ਕਰਨ ਲੱਗਾ। ਉਸ ਦੀ ਸਾੜ੍ਹਸਤੀ ਉਦੋਂ ਖਤਮ ਹੋਈ ਜਦੋਂ ਪਾਰ ਵਾਲੀ ਭੂਆ ਧਰਮੋਂ ਨੇ ਵਿਹੜੇ ਵੜਦਿਆਂ ਹੀ ਚਾਅ ਨਾਲ ਰੌਲਾ ਪਾਉਣਾ ਸ਼ੁਰੂ ਕੀਤਾ।
“ਨੀਂ  ਮੇਰੀ ਮਾਂ….ਮੱਥਾ ਟੇਕਦੀਂ ਬੀਬੀ........ਹੋਰ ਸੁਖ-ਸਾਂਦ ਸੁਖਨਾ!” ਬੇਬੇ ਦੇ ਗਲ ਲੱਗ ਕੇ ਉਹ ਧੰਨਵਤੀ ਵੱਲ ਵਧੀ।
“ਕੀ ਹਾਲ ਐ! ਮੇਰੀ ਭਾਬੋ-ਰਾਣੀ ਦਾ….ਸੁਖਨਾ..ਵਾਹਗੁਰੂ ਕਰੇ, ਸੁਖ ਦੀ ਲੋਹੜੀ ਆਊ ਐਤਕਾਂ...ਮੇਰੇ ਮਾਂ-ਜਾਇਆਂ ਨੂੰ?”
“ਨੀਂ ਮਾਂ ਸਦਕੇ...ਨੀਂ ਭੂਆ ਵਾਰੀ ਨੀ।” ਧੰਨਵਤੀ ਨੂੰ ਮਿਲ ਕੇ ਉਸ ਨੇ ਵਿੰਬੋ ਦਾ ਸਿਰ ਪਲੋਸਿਆ, ਚਿੱਕੂ ਅਤੇ ਘੀਟੂ ਦੋਹਾਂ ਨੂੰ ਗਲ ਲਾ ਕੇ ਵਾਰੀ-ਵਾਰੀ ਪਿਆਰ ਕੀਤਾ। ਭੂਆ ਦਾ ਅਨੋਖਾ ਜਿਹਾ ਨਿੱਘ ਪਾ ਕੇ ਇਹਨਾਂ ਦੇ ਚਿਹਰਿਆਂ ਤੇ ਮੁੜ ਰੌਣਕਾਂ ਦੀਆਂ ਝੜੀਆਂ ਲੱਗਣ ਲੱਗੀਆਂ।
“ਲੈ ਦੇਖਾਂ!...ਵੀਰਿਆ...ਨਾ ਤੂੰ ਕਾਸਤੋਂ ਮੁੰਹ ਫਲਾਈ ਬੈਠਾਂ?....ਉਠ ਮੂੰਹ ਮਿੱਠਾ ਕਰਾ....ਮੈਂ ਆਪਣੀ ਵਿੰਬੋ ਦਾ ਸਾਕ ਲੇ ਕੈ ਆਈਂ ਐਂ...ਸੁਖਨਾ...ਲੈ ਹੋਰ ਸੁਣ....ਆਪਣੀ ਵਿੰਬੋ ਰਾਜ ਕਰੂ ਰਾਜ...ਏਡਾ ਵੱਡਾ ਘਰਾਣਾ ਲੱਭਿਆ ਮੈਂ ਲਾਗਲੇ ਪਿੰਡ!...ਅਗਲੇ ਕਹਿੰਦੇ, ਬੀਬੀ ਕੁੜੀ ਸਾਨੂੰ ਤਿੰਨੀ ਕੱਪੜੀਂ ਚਾਈਦੀ ਐ। ਰਜਵਾੜੇ ਜੂੰ ਹੋਏ...ਹੋਰ ਤਾਂ ਹੋਰ ਮੁੰਡਾ ‘ਮਰੀਕਾ ਤੋਂ ਪੱਕਾ ਹੋ ਕੇ ਆਇਆ...ਹੁਣੇ-ਹੁਣੇ।...ਬਸ ਵਿੰਬੋ ਨੂੰ ਉਹ ਪਸੰਦ ਕਰ ਲਵੇ ਇਕ ਵਾਰਾਂ।...ਕਰੂ ਵੀ ਕਿਉਂ ਨਾ...ਸੁਖਨਾ ਮੇਰੀ ਵਿੰਬੋ ਵਰਗੀ ਹੋਰ ਕਿਹੜੀ ਜਣੀ ਐ ਕਿਸੇ?” ਜਗਣ ਦੀ ਪਿੱਠ ਤੇ ਪਿਆਰ ਦੇਂਦਿਆਂ ਉਹ ਬੋਲਦੀ ਗਈ। ਉਸ ਦੀਆਂ ਗੱਲਾਂ ਸੁਣ, ਵਿੰਬੋ ਸ਼ਰਮਾ ਕੇ ਚਾਹ ਧਰਨ ਲਈ ਨਲਕੇ ਤੋਂ ਪਤੀਲੀ ‘ਚ ਪਾਣੀ ਲੈਣ ਚਲੀ ਗਈ ਅਤੇ ਧੰਨਵਤੀ ਨੇ ਗੰਭੀਰ ਹੋ ਕੇ ਗੱਲਾਂ ਸੁਣਦਿਆਂ ਚਿੱਕੂ ਅਤੇ ਘੀਟੂ ਨੂੰ ਪੱਠੇ ਕੁਤਰਨ ਦਾ ਇਸ਼ਾਰਾ ਕੀਤਾ। 
“ਪੈਰੀਂ ਪੈਨਾ ਭੈਣ...ਹੋਰ...ਕੀ ਦੱਸਾਂ ਫਿਕਰਾਂ ਨੇ ਖਾ ਲਿਆ? ਨਾ ਬਾਹਰ ਟਕਾਈ ਐ,...ਨਾ ਘਰ। ਆ ਜੁਆਕਾਂ ਦੀ ਚਿੰਤਾ ਨੀ ਸਾਹ ਆਉਣ ਦੇਂਦੀ।...ਖਰੇ ਕੀ ਬਣੂ ਏਹਨਾਂ ਦਾ....ਆ ਵੱਡੇ ਨੂੰ ਦੇਖ ਲੈ ਤਿੰਨ ਸਾਲ ਹੋ ਗਏ, ਇੱਕੋ ਜਮਾਤ ‘ਚ ਫਸਿਆ ਪਿਆ?.....ਸੋਚਦਾਂ....ਜੇ ਇਹ ਦਸ ਜਮਾਤਾਂ ਕਰ ਲੈਂਦਾ....ਮੈਂ ਕਹਿ-ਕੁਹਾ ਕੇ ਇਸ ਨੂੰ ਫੌਜ ‘ਚ ਹੀ ਕਰਾ ਦੇਂਦਾ।...ਪਰ ਕਿੱਥੇ?”                                                                                                                                                                                                        
ਉਂਝ ਵਿੰਬੋ ਦੇ ਰਿਸ਼ਤੇ ਬਾਰੇ ਸੁਣ ਕੇ ਜਗਣ ਦੀਆਂ ਅੱਖਾਂ ਵਿੱਚ ਰਤਾ ਕੁ ਚਮਕ ਜਿਹੀ ਆ ਗਈ ਸੀ। ਉਹ ਉਸ ਦੀਆਂ ਗੱਲਾਂ ਹੁਣ ਹੋਰ ਵੀ ਦਿਲਚਸਪੀ ਨਾਲ ਸੁਣਨ ਲੱਗਾ। ਏਧਰ ਚਿੱਕੂ ਅਤੇ ਘੀਟੂ ਦੋਨੋਂ ਭਰੀ ਨਾਲ ਘੁਲਣ ਲੱਗ ਪਏ। ਭਰੀ ਸਿੱਧਿਆਂ ਨਾ ਹੁੰਦੀ ਵੇਖ ਘੀਟੂ ਟੋਕਾ ਗੇੜਨ ਲਗਿਆ ਅਤੇ ਚਿੱਕੂ ਫਟੇ ਹੋਏ ਪੱਲੇ ਦੇ ਦੁਫਾੜ ਵਿੱਚੋਂ ਛਟਾਲੇ ਦਾ ਰੁੱਗ-ਰੁੱਗ ਧੂਹ ਕੇ ਪਿੱਛੇ ਪਰਨਾਲੇ ਵਿੱਚ ਰੱਖਣ ਲੱਗ ਪਿਆ।
“ਲੈ ਵੀਰ...ਇਹ ਕਿਹੜੀ ਗੱਲ ਕੀਤੀ...ਛੱਡ ਨੌਕਰੀਆਂ ਦਾ ਖੈਹੜਾ।...ਲਾਹ ਫਿਕਰਾਂ ਨੂੰ ਗਲੋਂ...ਬਸ ਸਾਰੇ ਕੰਮ ਸੌਰ ਜਾਣੇ ਹੌਲੀ-ਹੌਲੀ।...ਤੂੰ ਦੇਖਦਾ ਜਾ ਭੈਣ ਕਿਵੇਂ ਕੰਮ ਸੁਆਰਦੀ ਹੁਣ...ਬਸ ਇਕ ਵਾਰ ਰਿਸ਼ਤਾ ਹੋ ਜਾਵੇ...ਦੋਵਾਂ-ਤਿੰਨਾ ਮਹੀਨਿਆਂ ਵਿੱਚ-ਵਿੱਚ ਮੈਂ ਵਿਆਹ ਦੀ ਤਰੀਕ ਲੈ ਲੈਣੀ ਐ।....ਫੇਰ ਵੇਖੀਂ ਸਾਲ-ਛੇਈਂ ਮਹੀਨੀਂ ਵਿੰਬੋ ‘ਮਰੀਕਾ ਚਲੀ ਜਾਉ....ਤੇ ਪਿੱਛੇ-ਪਿੱਛੇ ਤੁਸੀਂ ਵੀਂ ਸਾਰਾ ਟੱਬਰ!” ਧਰਮੋਂ ਨੇ ਸੌਖਾਲ ਭਰਿਆ ਮਿੱਠਾ ਜਿਹਾ ਇਕ ਸੁਪਨਾ ਦਿਖਾਇਆ।
ਉਸ ਦੀਆਂ ਗੱਲਾਂ ਸੁਣ ਕੇ ਜਗਣ ਦੇ ਮਨ ਵਿੱਚ ਹੁਣ ਇੱਕ ਅਨੋਖਾ ਜਿਹਾ ਵਿਸ਼ਵਾਸ ਭਰਨ ਲੱਗਾ। ਉਹ ਬੈਠਾ ਬਸ ਉਸ ਦੀਆਂ ਗੱਲਾਂ ਹੀ ਸੁਣੀ ਜਾ ਰਿਹਾ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੇ ਨੇੜਲੇ ਭਵਿੱਖ ਵਿਚਲੇ ਹਨੇਰੇ ਵਿੱਚੋਂ ਕਿਤੇ ਇਕ ਲੋਅ ਸਾਰੇ ਪਾਸੇ ਉਜਾਲਾ ਬਿਖੇਰਣ ਲੱਗੀ ਹੋਵੇ ਅਤੇ ਉਸਦੀ ਗ੍ਰਹਿਸਤੀ ਵਾਲੀ ਭਰੀ ਦੀਆਂ ਸੋਚਾਂ ਅਤੇ ਹਨੇਰੇ ਦੇ ਬੱਦਲ ਹੁਣ ਚਿੱਕੂ ਦੇ ਹੱਥਾਂ ਵਿਚਲੇ ਨਿੱਕੇ-ਨਿੱਕੇ ਰੁੱਗਾਂ ਵਾਂਗ ਇੱਕ-ਇੱਕ ਕਰਕੇ ਖਿੰਡਣ ਲੱਗੇ ਸਨ। 
 ****