“ਆਈਂ ਜ਼ਰੂਰ। ਟਾਈਮ ਨਾਲ ਪਹੁੰਚ ਜਾਈਂ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”।
“ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਾਰੋਹ ਵਿਚ ਤਾਂ ਮੈਂ ਜ਼ਰੂਰ ਭਾਗ
ਲਵਾਂਗੀ।” ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣ ਸਾਰ ਹੀ ਗੁਣਵੰਤ ਦਾ ਦਿਮਾਗ
ਉਹਨਾਂ ਗੱਲਾਂ ਵੱਲ ਚਲਾ ਗਿਆ, ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ।
ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀਂ ਅੱਗੇ ਵੀ ਇਹ ਹੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ
ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ
ਗੁਆਚ ਜਾਂਦਾ ਰਵੀ ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ ਏ
ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ ਏ ਵਿਚ ਛੱਡ ਬ੍ਰਿਟਿਸ਼
ਕੋਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ
ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ
ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰ੍ਹਾਂ ਤਿੰਨ ਸਾਲ
ਫੋਟੋ ਚਿੱਠੀਆਂ ਵਿਚ ਚਲੇ ਗਏ। ਜਦੋਂ ਗੁਣਵੰਤ ਨੇ ਐਮ ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ
ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਤਾਂ
ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ
ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾਂ ਦੀ ਫੋਨ ਉੱਪਰ ਗੱਲ-ਬਾਤ ਹੁੰਦੀ
ਹੀ ਰਹਿੰਦੀ।
ਫਿਰ ਗੁਣਵੰਤ ਦਾ ਪ੍ਰੀਵਾਰ ਵੀ ਸਰੀ ਮੂਵ ਹੋ ਗਿਆ।ਬੱਸ
ਹੁਣ ਤਾਂ ਦੋਨਾਂ ਸਹੇਲੀਆਂ ਲਈ ਬਿੱਲੀ ਭਾਣੇ ਛਿੱਕਾ ਟੁੱਟੇ ਵਾਲੀ ਗੱਲ ਹੋਈ । ਦੋਨਾਂ ਸਹੇਲੀਆਂ ਦਾ
ਆਪਸੀ ਮਿਲਵਰਤਨ ਭੈਣਾਂ ਵਰਗਾ ਸੀ। ਜਦੋਂ ਰਵੀ ਦੀ ਗੁੱਡੀ ਪੰਜ ਸਾਲ ਦੀ ਹੋਈ ਤਾਂ ਉਸ ਨੇ ਗੁਣਵੰਤ
ਨੂੰ ਫੋਨ ਤੇ ਦੱਸਿਆ,
“ਮੇਰੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ, ਲੱਗਦਾ ਹੈ ਮੈਂ ਪਰੈਗਨੈਂਟ ਹੋ ਗਈ ਹਾਂ ।”
“ਅੱਛਾ, ਸਗੋਂ ਚੰਗਾ,
ਹੁਣ ਤੈਨੂੰ ਹੋਣਾ ਵੀ ਚਾਹੀਦਾ ਸੀ, ਰਮੀ ਪੰਜ ਸਾਲ ਦੀ ਤਾਂ ਹੋ ਗਈ ।”
“ਇਸ ਵਾਰੀ ਜੇ ਕਾਕਾ ਹੋ ਜਾਵੇ ਤਾਂ ਮੈਂ ਅਪਰੇਸ਼ਨ ਕਰਵਾ
ਲੈਣਾ ਹੈ”
“ਪਹਿਲਾ ਡਾਕਟਰ ਦੇ ਤਾਂ ਜਾ ਆ ।”
“ਉਹ ਤਾਂ ਮੈਂ ਤਿੰਨ ਵਜੇ ਦੀ ਅਪੌਇੰਟਮਿੰਟ ਬਣਾਈ ਹੈ।”
ਉਸ ਦਿਨ ਵੀ ਰਵੀ ਭਾਂਵੇ ਫੋਨ ਬੰਦ ਕਰ ਗਈ ਸੀ। ਗੁਣਵੰਤ
ਫਿਰ ਵੀ ਉਸ ਬਾਰੇ ਹੀ ਸੋਚਦੀ ਰਹੀ ਕਿ ਅਸੀ ਭਾਂਵੇ ਅਗਾਂਹਵਧੂ ਦੇਸ਼ਾਂ ਵਿਚ ਆ ਗਏ, ਜਿੱਥੇ ਕੁੜੀ-ਮੁੰਡੇ ਵਿਚ ਕੋਈ ਫਰਕ ਨਹੀਂ ਹੁੰਦਾ। ਪਰ ਸਾਡੀ ਸੋਚ ਸਾਡੇ ਨਾਲ ਹੀ
ਇਹਨਾਂ ਦੇਸ਼ਾਂ ਵਿਚ ਆ ਗਈ, ਜਾਂ ਅਸੀ ਇੰਨੇ ਅੜਬ ਹਾਂ ਕਿ ਆਪਣੀ ਸੋਚ
ਬਦਲਣਾ ਨਹੀਂ ਚਾਹੁੰਦੇ ਜਾਂ ਜਿਸ ਮਾਹੌਲ ਵਿਚ ਅਸੀਂ ਆ ਗਏ ਹਾਂ, ਉਸ ਵਿਚ ਰਚਣਾ ਨਹੀਂ ਚਾਹੁੰਦੇ। ਇਹੋ ਅਜਿਹੀਆਂ ਹੋਰ ਅਨੇਕਾਂ ਗੱਲਾਂ ਸਾਰਾ ਦਿਨ
ਗੁਣਵੰਤ ਦੇ ਮਨ ਵਿਚ ਆਉਂਦੀਆ ਰਹੀਆਂ ਕਿ ਕਿਹੜਾ ਜ਼ਮਾਨਾ ਆ ਗਿਆ ਪਰ ਕੁੜੀਆਂ ਦੇ ਜਨਮ ਹੋਣ ‘ਤੇ ਅਜੇ ਵੀ ਦਿਲਾਂ ਵਿਚ ਫਰਕ ਹੈ।ਇਹ ਗੱਲਾਂ ਸੋਚਦਿਆਂ ਗੁਣਵੰਤ ਨੂੰ ਆਪਣਾ ਵੇਲਾ
ਵੀ ਯਾਦ ਆ ਗਿਆ ਸੀ। ਜਦੋਂ ਉਹ ਥੋੜ੍ਹੀ ਜਿਹੀ ਵੱਡੀ ਹੋਈ ਤਾਂ ਉਸ ਦੇ ਖੁਲ੍ਹੇ-ਆਮ ਬਾਹਰ ਆਣ-ਜਾਣ
ਤੇ ਰੋਕਾਂ ਲੱਗਣ ਲੱਗ ਪਈਆਂ। ਜਦੋਂ ਕਿ ਉਸ ਦਾ ਭਰਾ ਮੁੰਡਿਆਂ ਨਾਲ ਬਾਹਰ ਸਾਰੀਆਂ ਥਾਵਾਂ ‘ਤੇ ਆ ਸਕਦਾ ਸੀ। ਉਹ ਥੋੜ੍ਹਾ ਜਿਹਾ ਵੀ ਉਚੀ ਹੱਸ ਪਵੇ ਤਾਂ ਦਾਦੀ ਜੀ ਝੱਟ ਰੋਕ
ਦਿੰਦੇ ਸਨ; “ਕੁੜੀਆਂ ਇਸ ਤਰ੍ਹਾਂ ਹਿੜ ਹਿੜ ਕਰਦੀਆਂ
ਚੰਗੀਆਂ ਨਹੀਂ ਲੱਗਦੀਆ। ਹੌਲੀ ਹੱਸਿਆ ਕਰ ।”
ਉਸ ਦਾ ਭਰਾ ਉੱਚੀ ਉੱਚੀ ਬੋਲਦਾ ਵੀ ਤੇ ਹੱਸਦਾ ਵੀ। ਪਰ
ਉਸ ਨੂੰ ਕੋਈ ਨਾ ਰੋਕਦਾ। ਪਰ ਇਕ ਗੱਲ ਗੁਣਵੰਤ ਨੂੰ ਆਪਣੇ ਦਾਦੀ ਜੀ ਦੀ ਸਮਝ ਨਹੀਂ ਸੀ ਪੈਂਦੀ,
ਜਦੋਂ ਉਸ ਦਾ ਭਰਾ ਨਵਾਂ ਕੱਪੜਾ ਪਾਉਣ ਲੱਗਦਾ ਤਾਂ ਦਾਦੀ
ਜੀ ਕਹਿ ਦੇਂਦੇ; “ਕੱਪੜਾ ਭੈਣ ਦੇ ਪੈਰਾਂ ਨੂੰ ਛੁਹਾ ਕੇ ਪਾ,
ਧੀਆਂ ਧਿਆਣੀਆਂ ਹੁੰਦੀਆਂ ਨੇ।”
ਖੈਰ ! ਉਹ ਤਾਂ ਦਾਦੀ ਜੀ ਦੇ ਵੇਲੇ ਦਾ ਸਮਾਂ ਸੀ,
ਪਰ ਹੁਣ ਵੀ ਪਰਨਾਲਾ ਥਾਂ ਦਾ ਥਾਂ ਹੈ।ਬੇਸ਼ੱਕ ਵਿਦਵਾਨ,
ਪ੍ਰਚਾਰਕ ਅਤੇ ਸੁਲਝੇ ਹੋਏ ਇਨਸਾਨ ਰੌਲਾ ਪਾ ਰਹੇ ਨੇ ਕਿ
ਲੜਕੀ ਨੂੰ ਲੜਕੇ ਦੇ ਤੁਲ ਹੀ ਸਮਝੋ।
ਡਾਕਟਰ ਦੇ ਜਾ ਆਉਣ ਤੋਂ ਬਾਅਦ ਰਵੀ ਨੇ ਗੁਣਵੰਤ ਨੂੰ
ਫਿਰ ਫੋਨ ਕੀਤਾ, “ਗੁਣਵੰਤ, ਮੈਂ ਤਾਂ ਸੱਚਮੁਚ ਹੀ ਐਕਸਪੈਕਟਿੰਗ ਹਾਂ ।”
“ਚਲੋ, ਫਿਰ ਤਾਂ ਵਧੀਆ
ਹੋਇਆ।”
“ਹੋਇਆ ਤਾਂ ਵਧੀਆ ਹੈ, ਪਰ ਨਾਲ ਇਕ ਪਰੋਬਲਮ ਵੀ ਹੋ ਗਈ ਹੈ।”
“ਕੀ ਹੋਇਆ?”
“ਮੈਰੀ ਮਦਰ ਇਨ-ਲਾਅ ਕਹਿੰਦੀ ਹੈ ਕਿ ਸਕੈਨ ਕਰਵਾ ਲੈ,
ਪਤਾ ਲਗ ਜਾਵੇਗਾ ਕਿ ਕੁੜੀ ਹੈ ਜਾਂ ਮੁੰਡਾ।”
“ਮੇਰੇ ਖਿਆਲ ਤਾਂ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ
ਚਾਹੀਦਾ, ਕੁਦਰਤ ਜੋ ਵੀ ਕਰਦੀ ਹੈ ਉਹ ਹਮੇਸ਼ਾ ਚੰਗਾ ਹੀ
ਹੁੰਦਾ ਹੈ।” ਗੁਣਵੰਤ ਨੇ ਕਿਹਾ, “ਸਕੈਨ ਕਰਵਾ ਕੇ ਜੇ ਪਤਾ ਵੀ ਕਰ ਲਿਆ ਕਿ ਮੁੰਡਾ ਹੈ ਜਾਂ ਕੁੜੀ ਫਿਰ ਤੁਸੀ ਕੀ ਕਰ
ਲੈਣਾ ਹੈ, ਉਹ ਜੋ ਹੈ ਸੋ ਹੈ।”
“ਬੀਜੀ ਕਹਿੰਦੀ ਹੈ, ਜੇ ਕੁੜੀ ਹੋਈ ਤਾਂ ਅਬੌਰਸ਼ਨ ਕਰਵਾ ਲਈ।”
“ਹੈਂ।”, ਇਹ ਗੱਲ ਸੁਣ ਕੇ
ਗੁਣਵੰਤ ਨੇ ਹੈਰਾਨ-ਪਰੇਸ਼ਾਨ ਹੁੰਦਿਆ ਪੁੱਛਿਆ, “ਕੀ ਤੂੰ ਵੀ ਬੀਜ਼ੀ
ਨਾਲ ਹੀ ਸਹਿਮਤ ਹੈ?”
“ਮੈਂ ਵਿਚੋਂ ਤਾਂ ਨਹੀਂ ਚਾਹੁੰਦੀ, ਪਰ ਕਦੀ ਕਦੀ ਬੀਜੀ ਦੀ ਗੱਲ ਠੀਕ ਵੀ ਲੱਗਣ ਲੱਗ ਪੈਂਦੀ ਹੈ”
“ਅਸੀਂ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ਾਂ ਵਿਚ ਆ ਗਏ
ਹਾਂ।” ਗੁਣਵੰਤ ਨੇ ਸਿਧਾ ਹੀ ਕਹਿ ਦਿੱਤਾ, “ਪਰ ਸੋਚ ਸਾਡੀ ਅਜੇ ਵੀ ਪਿਛਾਹ ਖਿਚੂ ਹੈ।”
“ਬੀਜੀ ਦਾ ਮਤਲਬ ਹੈ ਤੁਸੀਂ ਦੋ ਤਾਂ ਬੱਚੇ ਰੱਖਣੇ ਆ।”
ਰਵੀ ਨੇ ਦੱਸਿਆ, “ਉਹਨਾਂ ਦਾ ਭਾਵ ਹੈ ਕਿ ਜੇ ਮੁੰਡਾ ਨਾ ਹੋਇਆ ਤਾਂ ਵੰਸ਼ ਦਾ ਨਾਮ ਅੱਗੇ ਕਿਵੇ
ਚੱਲੇਗਾ।”
“ਤੂੰ ਆਪਣੇ ਹਸਬੈਂਡ ਨੂੰ ਇਸ ਬਾਰੇ ਦੱਸਿਆ।”
“ਉਹ ਤਾਂ ਕਹਿੰਦੇ ਆ ਜੋ ਮਰਜ਼ੀ ਕਰਦੀਆਂ ਫਿਰੋ, ਮੈਨੂੰ ਨਾ ਇਸ ਬਾਰੇ ਕੁੱਝ ਪੁੱਛੋ।”
“ਹੱਦ ਹੋ ਗਈ।” ਗੁਣਵੰਤ ਨੇ ਕਿਹਾ, “ਪਰ ਮੈਂ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ
ਨਹੀਂ ਹਾਂ, ਖੈਰ ਤੁਹਾਡੇ ਘਰ ਦਾ ਮਾਮਲਾ ਹੈ।”
“ਦਿਲ ਤਾਂ ਮੇਰਾ ਵੀ ਨਹੀਂ ਕਰਦਾ, ਅੱਗੇ ਜੋ ਰੱਬ ਨੂੰ ਭਾਵੇ।”
“ਰੱਬ ਵੀ ਉਹ ਹੀ ਕਰਦਾ ਹੈ ਜੋ ਇਨਸਾਨ ਨੂੰ ਭਾਉਂਦਾ ਹੈ।”
ਗੁਣਵੰਤ ਨੇ ਗੁੱਸੇ ਵਿਚ ਕਿਹਾ, “ਜੇ ਤੂੰ ਆਪਣਾ ਇਰਾਦਾ ਦ੍ਰਿੜ ਰੱਖੇ ਤਾਂ ਕਿਵੇ ਤੇਰੀ ਅਬੌਰਸ਼ਨ ਹੋ ਜਾਵੇਗੀ।”
“ਚਲੋ ਦੇਖਦੇ ਹਾਂ।”, ਰਵੀ ਨੇ ਗੱਲ ਨੂੰ ਖਤਮ ਕਰਨ ਦੇ ਢੰਗ ਨਾਲ ਇਹ ਗੱਲ ਕਹੀ, “ਪਹਿਲਾਂ ਸਕੈਨ ਤਾਂ ਕਰਵਾ ਲਈਏ ।”
ਸਕੈਨ ਕਰਵਾਉਣ ਤੋਂ ਬਾਅਦ ਫਿਰ ਰਵੀ ਦਾ ਫੋਨ ਆਇਆ,
ਬਹੁਤ ਹੀ ਉਦਾਸ ਅਤੇ ਧੀਮੀ ਅਵਾਜ਼ ਵਿਚ ਉਸ ਨੇ ਕਿਹਾ, “ਗੁਣਵੰਤ, ਕੱਲ ਸਕੈਨ ਕਰਵਾੳਣ ਗਈ ਸਾਂ।”
“ਗੁੱਡੀ ਆ?”, ਗੁਣਵੰਤ ਨੇ ਉਸ ਦੇ ਕਹਿਣ ਦੇ ਹਿਸਾਬ ਤੋਂ ਅੰਦਾਜ਼ਾ ਲਾਉਂਦੇ ਕਿਹਾ, “ਤੇਰੀ ਉਦਾਸ ਆਵਾਜ਼ ਤੋਂ ਪਤਾ ਲੱਗ ਗਿਆ।”
“ਨਹੀਂ।” ਰਵੀ ਨੇ ਦੱਸਿਆ,
“ਸਕੈਨ ਟਕਨੀਸ਼ਨ ਨੇ ਕਿਹਾ ਕਿ ਪਤਾ ਨਹੀਂ ਲੱਗ ਰਿਹਾ ਕੀ
ਹੈ।”
“ਇਸ ਦਾ ਮਤਲਵ ਹੈ।” ਗੁਣਵੰਤ ਨੇ ਲੰਮਾ ਸਾਹ ਖਿੱਚਦੇ ਕਿਹਾ, “ਕੁਦਰਤ ਨਹੀਂ ਚਾਹੁੰਦੀ ਜੋ ਤੁਸੀਂ ਕਰਨਾ ਚਾਹੁੰਦੇ ਹੋ, ਉਹ ਕਰ ਸਕੋ।”
“ਨਹੀਂ ਨਹੀਂ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ।” ਰਵੀ ਨੇ ਜ਼ਵਾਬ ਦਿੱਤਾ, “ਥੋੜ੍ਹੇ ਚਿਰ ਬਾਅਦ ਫਿਰ ਸਕੈਨ ਕਰਨਗੇ।”
“ਮੈਨੂੰ ਤਾਂ ਸਮਝ ਨਹੀਂ ਲੱਗਦੀ।” ਗੁਣਵੰਤ ਨੇ ਫਿਰ ਕਿਹਾ, “ਇੰਨੇ ਪੈਸੇ ਲਾ ਰਹੀ ਏ ਵਾਰ ਵਾਰ ਸਕੈਨ
ਕਰਵਾਉਣ ਤੇ, ਜਾਣਾ ਵੀ ਅਮਰੀਕਾ ਦੇ ਬਾਡਰ ਤੇ ਪੈਂਦਾ ਹੈ।”
“ਚੱਲ ਕੋਈ ਨਹੀਂ , ਇਕ ਵਾਰੀ ਫਿਰ ਟਰਾਈ ਕਰ ਲੈਂਦੇ ਹਾਂ।”
ਗੁਣਵੰਤ ਨੂੰ ਉਸ ਦਾ ਜਵਾਬ ਸੁਣ ਕੇ ਗੁੱਸਾ ਤਾਂ ਚੜ੍ਹਿਆ,
ਪਰ ਉਸ ਨੇ ਕੁਝ ਨਾ ਕਿਹਾ। ਉਸ ਦਾ ਅਗਾਂਹ ਗੱਲ ਕਰਨ ਨੂੰ
ਦਿਲ ਵੀ ਨਾ ਕੀਤਾ ਤੇ ਉਸ ਨੇ ਬਹਾਨੇ ਨਾਲ ਕਿਹਾ, “ਕੰਮ ਤੇ ਜਾਣ ਦਾ
ਟਾਈਮ ਹੋ ਚਲਿਆ ਫਿਰ ਗੱਲ ਕਰਾਂਗੇ।
ਗੁਣਵੰਤ ਨੇ ਮੁੜ ਰਵੀ ਨੂੰ ਕੋਈ ਫੋਨ ਨਾ ਕੀਤਾ। ਕੁਝ
ਦਿਨਾਂ ਬਾਅਦ ਰਵੀ ਨੇ ਆਪ ਹੀ ਫੋਨ ਕੀਤਾ, “ਕੀ ਗੱਲ ਤੂੰ ਫੋਨ
ਹੀ ਨਹੀਂ ਕਰਦੀ।”
“ਜਦੋਂ ਤੂੰ ਮੇਰੀ ਗੱਲ ਮੰਨ ਹੀ ਨਹੀਂ ਰਹੀ ਤਾਂ ਫੋਨ ਕੀ
ਕਰਨਾ।”
“ਹੁਣ ਤੇਰੀ ਗੱਲ ਹੀ ਮੰਨਣੀ ਪੈਣੀ ਹੈ।”
“ਇਰਾਦਾ ਕਿਵੇ ਬਦਲ ਗਿਆ?”
“ਕੀ ਦੱਸਾਂ।” ਰਵੀ ਨੇ ਕਿਹਾ, “ਜਦੋਂ ਐਤਕੀ ਵੀ ਸਕੈਨ ਕਰਵਾਉਣ ਗਏ ਤਾਂ ਵੀ
ਪਤਾ ਨਹੀਂ ਲੱਗਾ ਕਿ ਗਰਭ ਵਿਚ ਕੀ ਹੈ।”
“ਇਸ ਦਾ ਨਤੀਜਾ ਇਹ ਹੀ ਹੋਇਆ ਕਿ ਸਾਇੰਸ ਜਿੱਥੇ ਮਰਜ਼ੀ
ਪਹੁੰਚ ਜਾਵੇ, ਪਰ ਕੁਦਰਤ ਨੂੰ ਦਬਾ ਨਹੀਂ ਸਕਦੀ।”
“ਕੁਦਰਤ ਨੂੰ ਕੀ ਦਬਾਉਣਾ।” ਰਵੀ ਨੇ ਦੱਸਿਆ, “ਜਦੋਂ ਵੀ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਬੱਚਾ
ਘੁੰਮ ਜਾਂਦਾ ਹੈ ਅਤੇ ਬੱਚੇ ਦੀ ਪਿੱਠ ਹੀ ਸਾਹਮਣੇ ਆਉਂਦੀ ਹੈ।”
“ਅੱਛਾ ! ਇਸ ਕਰਕੇ ਇਰਾਦਾ ਬਦਲ ਲਿਆ।” ਗੁਣਵੰਤ ਨੇ ਮਨ ਵਿਚ ਹੀ ਕੁਦਰਤ ਨੂੰ ਸਜਦਾ ਕਰਦੇ ਰਵੀ ਨੂੰ ਕਿਹਾ, “ਚਲੋ ਦੇਰ ਆਏ ਦਰੁਸਤ ਆਏ।”
ਰਵੀ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਗੁਣਵੰਤ ਸੋਚ
ਰਹੀ ਸੀ ਕਿ ਪੰਜਾਬ ਵਿਚ ਤਾਂ ਕੁੜੀਆਂ ਬਾਰੇ ਗੱਲ ਕਰੀਏ ਤਾਂ ਸੌ ਸੌ ਕਾਰਨ ਦੱਸਦੇ ਨੇ, ਦਾਜ ਦੀ ਪਰੋਬਲਮ, ਸਹੁਰਿਆਂ ਦਾ ਮਾੜਾ ਵਿਵਹਾਰ, ਪਰ ਬਾਹਰ ਤਾਂ ਅਜਿਹੀਆਂ ਕੋਈ ਮੁਸ਼ਕਲਾਂ ਨਹੀਂ ਹਨ, ਫਿਰ ਵੀ ਕੁੜੀਆਂ ਤੋਂ ਕਿਉਂ ਡਰਦੇ ਨੇ। ਕੁੜੀਆਂ ਹੀ ਤਾਂ ਹਨ ਜੋ ਇਕ ਚੰਗਾ ਪਰਿਵਾਰ
ਪੈਦਾ ਕਰ ਸਕਦੀਆਂ ਨੇ, ਸਮਾਜ ਸੁਧਾਰ ਸਕਦੀਆਂ ਨੇ, ਕੌਮਾਂ ਦੀ ਤਕਦੀਰ ਬਦਲ ਸਕਦੀਆਂ ਹਨ, ਪਰ ਸ਼ਰਤ ਹੈ ਕਿ ਉਹ ਪਹਿਲਾਂ ਆਪ ਚੰਗੀਆਂ ਮਾਵਾਂ ਹੋਣ।ਗੁਣਵੰਤ ਨੂੰ ਮਹਾਨ ਸਿਕੰਦਰ
ਦੀ ਕਹੀ ਹੋਈ ਗੱਲ ਵੀ ਯਾਦ ਆਈ ਜੋ ਉਸ ਨੇ ਉਸ ਵੇਲੇ ਦੇ ਸਮਾਜ ਨੂੰ ਕਹੀ ਸੀ ਕਿ “ਵਧੀਆ ਮਾਂਵਾਂ ਹੀ ਵਧੀਆ ਕੌਮਾਂ ਨੂੰ ਜਨਮ ਦੇ ਸਕਦੀਆਂ ਹਨ ।” ਪਰ ਸਾਡਾ ਸਮਾਜ ਤਾਂ ਪਤਾ ਨਹੀਂ ਕਿਧਰ ਨੂੰ ਤੁਰ ਪਿਆ।
ਅਜਿਹੀਆਂ ਗੱਲਾਂ ਵਿਚੋਂ ਅਜੇ ਵੀ ਬਾਹਰ ਨਾ ਨਿਕਲਦੀ ਜੇ
ਦਰਵਾਜ਼ੇ ਦੀ ਘੰਟੀ ਨਾ ਵਜਦੀ।ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਸ ਦਾ ਹਸਬੈਂਡ ਕਮਲ ਹੀ ਨਾ ਹੋਵੇ,
ਕਿਉਂਕਿ ਉਹ ਸਵੇਰੇ ਘਰ ਦੀ ਚਾਬੀ ਲਿਜਾਣਾ ਭੁੱਲ ਗਿਆ
ਸੀ। ਦਰਵਾਜ਼ੇ ਤੇ ਕਮਲ ਦੇ ਦੋਸਤ ਬਿੰਦਰ ਦੇ ਮਾਤਾ ਜੀ ਖਲੋਤੇ ਸਨ, ਜੋ ਆਪਣੇ ਪੋਤੇ ਹੋਣ ਦੀ ਖੁਸ਼ੀ ਵਿਚ ਲੱਡੂ ਵੰਡ ਰਿਹੇ ਸਨ।
“ਮਾਤਾ ਜੀ, ਅੰਦਰ ਆ ਜਾਉ।” ਗੁਣਵੰਤ ਨੇ ਮਾਤਾ ਜੀ ਤੋਂ ਡੱਬਾ ਫੜ੍ਹਦੇ
ਕਿਹਾ, “ਤੁਹਾਡੀ ਸਿਹਤ ਠੀਕ ਆ।”
“ਕੁੜੇ ਗੁਣਵੰਤ ! ਆਹ ਜਦੋਂ ਦਾ ਪੋਤਾ ਆਇਆ, ਉਦੋਂ ਦੀ ਤਾਂ ਮੈਂ ਨੋ ਬਰ ਨੋ ਹੋ ਗਈ।” ਮਾਤਾ ਜੀ ਨੇ ਲਿਵਇੰਗ ਰੂਮ ਦੇ ਸੋਫੇ ਤੇ ਬੈਠਦਿਆਂ ਕਿਹਾ ।
“ਮਾਤਾ ਜੀ, ਤੁਹਾਡੇ ਮਨ ਤੇ ਬੋਝ ਹੋਣਾ ਏ ਕਿ ਮੇਰੇ ਦੋ ਪੋਤੀਆਂ ਹਨ, ਪੋਤਾ ਹੈ ਨਹੀਂ, ਹੁਣ ਤੁਹਾਡਾ ਮਨ ਖੁਸ਼ ਹੋ ਗਿਆ ਤੇ ਰੋਗ ਵੀ
ਦੂਰ ਹੋ ਗਿਆ।”
“ਸੱਚੀ ਗੁਣਵੰਤ, ਖੋਰੇ ਆ ਹੀ ਗੱਲ ਸੀ।”
“ਦੇਖਿਆ ਮਾਤਾ ਜੀ, ਤੁਸੀਂ ਆਪ ਹੀ ਆਪਣੇ-ਆਪ ਨੂੰ ਬਿਮਾਰ ਕੀਤਾ ਹੋਇਆ ਸੀ।”
“ਪੁੱਤ, ਹੁਣ ਮੈਨੂੰ
ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਨ ਬਾਰੇ ਨਾ ਦੱਸਣ ਲਗ ਪਈ, ਕਿਉਂਕਿ ਅੱਗੇ ਵੀ ਤੂੰ ਇਹੀ ਦੱਸਦੀ ਰਹਿੰਦੀ ਆ।”
“ਜਿੰਨਾ ਚਿਰ ਤੁਹਾਡੀ ਸੋਚ ਬਦਲਦੀ ਨਹੀਂ, “ਗੁਣਵੰਤ ਨੇ ਹੱਸਦਿਆਂ ਕਿਹਾ, “ਮੈਂ ਉਨਾ ਚਿਰ
ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨੋ ਨਹੀਂ ਹੱਟਣਾ।”
“ਸੋਚ ਇਸ ਜਨਮ ਵਿਚ ਤਾਂ ਕੀ ਬਦਲਨੀ ਅਗਾਂਹ ਭਾਂਵੇ ਬਦਲ
ਜਾਊਗੀ।”
“ਹੁਣ ਤੁਸੀ ਮੇਰੇ ਘਰ ਆਏ ਹੋ।” ਗੁਣਵੰਤ ਨੇ ਗੱਲ ਮੁਕਾਉਂਦੇ ਹੋਏ ਮੁਸਕਰਾ ਕੇ ਕਿਹਾ, “ਇਸ ਲਈ ਮੈਂ ਤੁਹਾਡੇ ਨਾਲ ਬਹਿਸ ਵਿਚ ਨਹੀਂ ਪੈਣਾ, ਪਰ ਇਕ ਦਿਨ…।”
“ਉਸ ਤਰ੍ਹਾਂ ਤਾਂ ਕਈ ਗੱਲਾਂ ਤੇਰੀਆਂ ਠੀਕ ਵੀ ਹੁੰਦੀਆਂ
ਨੇ। ਜਿਸ ਤਰਾਂ ਤੂੰ ਕਹਿੰਦੀ ਰਹਿੰਦੀ ਆ ਕਿ ਕੁੜੀਆਂ ਮੁੰਡਿਆਂ ਨਾਲੋ ਜ਼ਿਆਦਾ ਪੜ੍ਹਦੀਆਂ ਵਾ।”
“ਚਲੋ, ਕੁੱਝ ਗੱਲਾਂ ਨੂੰ
ਤਾਂ ਠੀਕ ਮੰਨਦੇ ਹੋ।” ਗੁਣਵੰਤ ਨੇ ਜੂਸ ਦਾ ਗਿਲਾਸ ਮਾਤਾ ਜੀ ਨੂੰ
ਫੜਾਉਂਦੇ ਕਿਹਾ, “ਹੌਲੀ ਹੌਲੀ ਬਾਕੀ ਵੀ ਮੰਨ ਜਾਉਂਗੇ।”
ਮਾਤਾ ਜੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਹੋਰ
ਗੱਲ ਤੋਰਦਿਆਂ ਕਿਹਾ, “ਆ ਬਾਹਰਲੇ ਮੁਲਕ ਵਿਚ ਤਾਂ ਕੁੜੀਆਂ ਤੋਂ ਹੋਰ
ਵੀ ਜ਼ਿਆਦਾ ਡਰ ਲੱਗਦਾ ਆ।”
“ਉਹ ਕਿਉਂ?” ਗੁਣਵੰਤ ਨੇ ਹੈਰਾਨ ਹੁੰਦਿਆ ਕਿਹਾ, “ਇੱਥੇ ਤਾਂ ਕੁੜੀਆਂ ਬਾਹਰ ਵੀ ਕੰਮ ਕਰਦੀਆਂ ਤੇ ਘਰ ਵੀ।”
“ਤੂੰ ਤਾਂ ਪੰਜਾਬ ਦੀਆਂ ਜੰਮੀਆਂ ਦੀ ਗੱਲ ਕਰਦੀ ਏ।”
ਮਾਤਾ ਜੀ ਨੇ ਜੂਸ ਦਾ ਘੁੱਟ ਭਰਦਿਆਂ ਕਿਹਾ, “ਮੈਂ ਤਾਂ ਇਧਰ ਦੀਆਂ ਦੀ ਗੱਲ ਕਰਦੀ ਪਈ ਵਾ।”
“ਉਹਨਾਂ ਕੀ ਕਰ ਦਿੱਤਾ?”
“ਮਿਹਰ ਦੇ ਵਿਆਹ ਦੀ ਪਾਰਟੀ ਤੇ ਕਿੰਨੀਆਂ ਕੁੜੀਆਂ ਸ਼ਰਾਬ
ਪੀਂਦੀਆਂ ਵੇਖੀਆਂ।”
“ਮਾਤਾ ਜੀ ਉਹ ਤਾਂ ਸੰਸਕਾਰਾਂ ਦੀ ਗੱਲ ਹੈ। ਜਿੰਨਾਂ
ਕੁੜੀਆਂ ਨੂੰ ਘਰੋਂ ਚੰਗੇ ਸੰਸਕਾਰ ਮਿਲ ਜਾਂਦੇ ਨੇ ਉਹ ਇਧਰ ਦੀਆਂ ਹੋਣ ਜਾਂ ਉਧਰ ਦੀਆਂ, ਉਹ ਗਲਤ ਆਦਤਾਂ ਤੋਂ ਬਚੀਆਂ ਰਹਿੰਦੀਆਂ ਹਨ।”
“ਹਾਂ ਆ ਵੀ ਠੀਕ ਆ, ਹੁਣ ਮੈਂ ਸਮਝ ਗਈ ਤੇਰੀ ਗੱਲ ਜੈਸੀ ਕੋਕੋ ਤੈਸੇ ਬੱਚੇ। ਨਿਆਣੇ ਦੀ ਪਹਿਲੀ ਅਧਿਆਪਕ
ਮਾਂ ਹੀ ਹੁੰਦੀ ਆ, ਪਰ ਜੇ ਮਾਂ ਹੀ …।” ਮਾਤਾ ਜੀ ਨੇ ਸਾਹਮਣੇ ਖਿੜਕੀ ਵੱਲ ਬਾਹਰ
ਦੇਖਦਿਆਂ ਕਿਹਾ, “ਲੈ ਕੁੜੇ ਬਿੰਦਰ ਤਾਂ ਹੋਰ ਲੱਡੂ ਲੈ ਕੇ ਮੁੜ
ਵੀ ਆਇਆ, ਚੰਗਾ ਹੁਣ ਮੈਂ ਚੱਲਦੀ ਹਾਂ।”
ਮਾਤਾ ਜੀ ਦੇ ਜਾਣ ਤੋਂ ਬਾਅਦ ਗੁਣਵੰਤ ਨੇ ਪੰਜਾਬ ਤੋਂ
ਨਵਾਂ ਆਇਆ ਸੂਟ ਕੱਢ ਕੇ ਪਰੈਸ ਕੀਤਾ ਜੋ ਉਸ ਨੇ ਪ੍ਰਿਆ ਦੇ ਸਕੂਲ ਵਿਚ ਹੋਣ ਵਾਲੇ ਫੰਕਸ਼ਨ ਤੇ
ਪਾਉਣਾ ਸੀ।ਫੰਕਸ਼ਨ ਵਿਚ ਭਾਵੇਂ ਇਕ ਦਿਨ ਪਿਆ ਸੀ, ਪਰ ਗੁਣਵੰਤ ਇਸ
ਸਮਾਰੋਹ ਨੂੰ ਦੇਖਣ ਲਈ ਬਹੁਤ ਹੀ ਉਤਾਵਲੀ ਹੋਈ ਪਈ ਸੀ। ਉਸ ਨੂੰ ਇਕ ਫਿਕਰ ਵੀ ਸੀ ਕਿ ਖੜ੍ਹੇ ਪੈਰ
ਕੰਮ ਵਾਲੇ ਛੁੱਟੀ ਦੇਣਗੇ ਕਿ ਨਹੀਂ। ਉਸ ਨੇ ਆਪਣੇ ਨਾਲ ਕੰਮ ਕਰਦੀ ਗੋਰੀ ਨੂੰ ਫੋਨ ਕੀਤਾ ਤਾਂ
ਨੀਅਤ ਨੂੰ ਮੁਰਾਦਾਂ ਵਾਲੀ ਗੱਲ ਹੋਈ, ਗੋਰੀ ਗੁਣਵੰਤ ਨਾਲ ਸ਼ਿਫਟ ਬਦਲਨ ਲਈ ਮੰਨ ਗਈ।
ਅੱਜ ਸਕੂਲ ਦਾ ਜਿੰਮ-ਹਾਲ ਸਾਰੀਆਂ ਕਮਿਉਨਿਟੀਆਂ ਦੇ ਲੋਕਾਂ ਨਾਲ ਭਰਿਆ ਪਿਆ ਸੀ।
ਰਵੀ ਦਾ ਪੂਰਾ ਪ੍ਰੀਵਾਰ ਮੂਹਰਲੀਆਂ ਕਾਤਰਾਂ ਵਿਚ ਬੈਠਾ ਸੱਜ ਰਿਹਾ ਸੀ। ਛੇਤੀ ਹੀ ਫੰਕਸ਼ਨ ਸ਼ੁਰੂ ਹੋ
ਗਿਆ। ਜੋ ਵੀ ਭਾਸ਼ਨ ਕਰਦਾ ਉਹ ਪ੍ਰੀਆ ਦੇ ਨਾਮ ਦਾ ਜ਼ਰੂਰ ਜ਼ਿਕਰ ਕਰ ਰਿਹਾ ਸੀ, ਕਿਉਂਕਿ ਉਸ ਨੇ ਸੂਬੇ ਵਿਚੋਂ ਪੜ੍ਹਾਈ ਵਿਚ ਪਹਿਲਾ ਦਰਜ਼ਾ ਪ੍ਰਾਪਤ ਕੀਤਾ ਸੀ। ਉਸ
ਨੇ ਪਿਛਲਾ ਰਿਕਾਰਡ ਵੀ ਮਾਤ ਪਾ ਦਿੱਤਾ ਸੀ। ਇਨਾਮ ਦੇਣ ਲਈ ਸਕੂਲ ਟਰਸਟੀ ਨੇ ਜਦੋਂ ਉਸ ਨੂੰ ਸਟੇਜ਼
ਤੇ ਬੁਲਾਇਆ ਤਾਂ ਖੁਸ਼ੀ ਵਿਚ ਸਾਰੇ ਪ੍ਰੀਵਾਰ ਦੀਆਂ ਅੱਖਾਂ ਨਮ ਹੋ ਗਈਆਂ। ਰਵੀ ਦੇ ਹੰਝੂ ਤਾਂ ਆਪ
ਮੁਹਾਰੇ ਛੁੱਟ ਦੇ ਹੋਏ ਉਸ ਦੇ ਚਿਹਰੇ ਤੇ ਫੈਲ ਰਿਹੇ ਸਨ। ਉਸ ਨੇ ਗੁਣਵੰਤ ਵੱਲ ਵੇਖਿਆ ਤਾਂ ਖੁਸ਼ੀ
ਵਿਚ ਉਸ ਦੀਆਂ ਅੱਖਾਂ ਵੀ ਤਰਲ ਸਨ। ਰਵੀ ਉਸ ਨੂੰ ਕੁਝ ਕਹਿਣਾ ਚਾਹੁੰਦੀ ਸੀ, ਪਰ ਧੀ ਦੀ ਹੋ ਰਹੀ ਪ੍ਰਸੰਸਾ ਵਾਲੀ ਖੁਸ਼ੀ ਨੇ ਉਸ ਨੂੰ ਦੱਬਿਆ ਪਿਆ ਸੀ। ਗੁਣਵੰਤ
ਦੇ ਕੰਨ ਕੋਲ ਜਾ ਕੇ ਹੌਲੀ ਜਿਹੀ ਕਹਿਣ ਲੱਗੀ, “ਜੇ ਮੈਂ ਉਦੋਂ
ਅਬੋਰਸ਼ਨ ਕਰਵਾ ਲੈਂਦੀ ਤਾਂ ਆ ਏਨੀ ਲਾਈਕ ਅਤੇ ਰੌਸ਼ਨ ਦਿਮਾਗ ਵਾਲੀ ਧੀ ਨੂੰ ਗੁਆ ਬਹਿੰਦੀ ।”
“ਕੁਦਰਤ ਦਾ ਸ਼ੁਕਰ ਕਰ ਜਿਸ ਨੇ ਤੈਨੂੰ ਇਸ ਭੈੜੇ ਹਾਦਸੇ
ਤੋਂ ਬਚਾ ਲਿਆ।” ਗੁਣਵੰਤ ਨੇ ਉਸ ਨੂੰ ਪਰਸ ਵਿਚੋਂ ਟਿਸ਼ੂ ਪੇਪਰ
ਦਿੰਦੇ ਆਖਿਆ, “ਹੁਣ ਦੇਖ ਤੇਰੀ ਬੀਜੀ ਵੀ ਕਿਵੇਂ ਟਹਿਕਦੀ ਹੋਈ
ਲੋਕਾਂ ਨੂੰ ਦੱਸ ਰਹੀ ਹੈ ਕਿ ਪ੍ਰੀਆ ਮੇਰੀ ਪੋਤੀ ਹੈ।ਜਿਹੜੀ ਪਹਿਲਾਂ ਪ੍ਰੀਆ ਨੂੰ ਘਰ ਵਿਚ ਲਿਆਉਣਾ
ਵੀ ਨਹੀਂ ਸੀ ਚਾਹੁੰਦੀ।”
“ਸਕੈਨ ਕਰਾਉਣ ਸਮੇਂ ਕਿਵੇਂ ਪ੍ਰੀਆ ਦੀ ਪਿੱਠ ਅੱਗੇ ਆ
ਜਾਂਦੀ ਸੀ।” ਰਵੀ ਨੇ ਠੰਡਾ ਜਿਹਾ ਹਾਉਕਾ ਭਰਦੇ ਕਿਹਾ,
“ਜੇ ਮੈਂ ਇਹ ਗੱਲ ਅੱਜ ਦੇ ਸਾਇੰਸ ਯੁੱਗ ਵਿਚ ਕਿਸੇ ਨੂੰ
ਦੱਸਾਂ ਤਾਂ ਸ਼ਾਇਦ ਕੋਈ ਯਕੀਨ ਹੀ ਨਾ ਕਰੇ ਕਿਵੇ ਕੁਦਰਤ ਨੇ ਕ੍ਰਿਸ਼ਮਾ ਕਰਕੇ ਮੇਰੀ ਲਾਈਕ ਧੀ ਨੂੰ
ਬਚਾ ਲਿਆ।”
“ਪਰ ਮੈਨੂੰ ਤਾਂ ਪਤਾ ਹੈ ਇਹ ਸਭ ਸੱਚ ਹੈ।” ਗੁਣਵੰਤ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, “ਸਾਇੰਸ ਨੇ ਭਾਵੇ ਪੂਰਾ ਜੋਰ ਲਾਇਆ ਹੋਇਆ ਕੁਦਰਤ ਨੂੰ ਪਿਛਾੜਨ ਦਾ, ਪਰ ਕੁਦਰਤ ਨੂੰ ਜਿੱਤ ਨਹੀਂ ਸਕਦੀ।”
ਫੰਕਸ਼ਨ ਸਮਾਪਤ ਹੋ ਗਿਆ ਸੀ। ਗੁਣਵੰਤ ਅਤੇ ਰਵੀ ਅਜੇ ਵੀ
ਗੱਲਾਂ ਵਿਚ ਰੁੱਝੀਆਂ ਹੋਈਆਂ ਸਨ।ਰਵੀ ਗੁਣਵੰਤ ਨੂੰ ਕਹਿ ਰਹੀ ਸੀ, “ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੀਆ ਨੂੰ ਬਚਾਉਣ ਵਿਚ ਤੇਰਾ ਵੀ ਹੱਥ ਹੈ,
ਤੂੰ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਮੈਂ…।”
“ਜਦੋਂ ਆਪਾਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ,
ਉਦੋਂ ਆਪਾਂ ਧੁਰ ਅੰਦਰੋਂ ਉਹਦੀ ਖੈਰ ਮੰਗਦੇ ਹਾਂ।”
ਗੁਣਵੰਤ ਨੇ ਕਿਹਾ, “ਮੈਂ ਨਹੀਂ ਸੀ ਚਾਹੁੰਦੀ ਤੂੰ ਕੋਈ ਉਹੋ ਜਿਹਾ ਸਟੈਪ ਚੁੱਕੇ, ਜਿਸ ਨੂੰ ਸੂਝਵਾਨ ਲੋਕ ਘਟੀਆ ਕਹਿੰਦੇ ਨੇ।”
“ਤੇਰੀ ਪੋਜ਼ਟਿਵ ਅਨੈਰਜ਼ੀ ਨੇ ਹੀ ਬਚਾ ਲਿਆ।”
“ਪੋਜ਼ਟਿਵ ਅਨੈਰਜ਼ੀ ਕਹਿ ਲਾ ਜਾਂ ਅਰਦਾਸ ਇਕ ਹੀ ਗੱਲ ਹੈ।
“ਚਲੋ ਉੱਠੋ ਰਵੀ, ਗੁਰੂ ਘਰ ਨੂੰ ਚੱਲੀਏ।” ਥੋੜ੍ਹਾ ਜਿਹਾ ਪਰੇ ਬੈਠੀ ਪ੍ਰੀਆ ਦੀ ਦਾਦੀ ਨੇ
ਕਿਹਾ, “ਜਾ ਕੇ ਸਤਿਗੁਰਾਂ ਦਾ ਸ਼ੁਕਰ ਕਰੀਏ ਜਿਸਦੀ ਬਖਸ਼ਿਸ਼ ਨਾਲ
ਏਡੀ ਲਾਈਕ ਧੀ ਸਾਡੇ ਘਰ ਜੰਮੀ।”
“ਤੇਰੀ ਸੱਸ ਗੁਰੂ ਦਾ ਸ਼ੁਕਰ ਕਰਨ ਜਾ ਰਹੀ ਜਾਂ ਆਪਣੀ
ਭੁੱਲ ਬਖਸ਼ਾਉਣ ਜਾ ਰਹੀ ਏ।” ਗੁਣਵੰਤ ਨੇ ਹੌਲੀ ਅਜਿਹੀ ਰਵੀ ਦੇ ਕੰਨ ਵਿਚ
ਕਿਹਾ, “ਲੱਗਦਾ ਹੈ ਪ੍ਰੀਆ ਦੀ ਅਕਲ ਨੇ ਆਪਣੀ ਦਾਦੀ ਨੂੰ ਵੀ
ਰੌਸ਼ਨੀ ਦੇ ਦਿਤੀ ।”
ਰਵੀ ਉਸ ਦੀ ਗੱਲ ਸੁਣ ਕੇ ਮੁਸਕ੍ਰਾਉਂਦੀ ਹੋਈ ਆਪਣੀ
ਕੁਰਸੀ ਤੋਂ ਉੱਠਦੀ ਗੁਣਵੰਤ ਨੂੰ ਕਹਿਣ ਲੱਗੀ, “ਤੂੰ ਵੀ ਸਾਡੇ ਨਾਲ
ਚੱਲ।”
“ਹਾਂ ਹਾਂ ਗੁਣਵੰਤ ਪੁੱਤ, ਤੂੰ ਵੀ ਚੱਲ, “ਕੋਲ ਆਉਂਦੀ ਬੀਜੀ ਨੇ ਕਿਹਾ, “ਤੂੰ ਹਮੈਂਸ਼ਾ ਹੀ ਰਵੀ ਨੂੰ ਚੰਗੀ ਸਲਾਹ ਦੇਂਦੀ ਆ, ਸਾਡੀ ਅਕਲ ਤੇ ਹੀ ਪਰਦਾ ਪੈ ਜਾਂਦਾ ਏ, ਜੋ ਕਈ ਵਾਰੀ ਤੇਰੀ ਸਲਾਹ ਨੂੰ
ਅਣਗੋਲਿਆ ਕਰ ਦੇਂਦੇ ਹਾਂ।”
ਗੱਲ ਸੁਣ, ਹੈਰਾਨ ਹੁੰਦੀ ਗੁਣਵੰਤ ਨੇ ਰਵੀ ਵੱਲ ਦੇਖਿਆ ਤਾਂ ਉਹ ਆਪਣੇ ਬੁੱਲਾਂ ਵਿਚ ਹੀ
ਮੁਸਕਰਾ ਰਹੀ ਸੀ। ਇਹ ਸੱਬਬ ਸੀ ਜਾਂ ਕੋਈ ਰੱਬ ਦੀ ਰਜ਼ਾ ਕਿਉਂਕਿ ਉਹ ਜਿਉਂ ਹੀ ਗੁਰੂ ਦੇ ਦਰਬਾਰ ਅੰਦਰ ਦਾਖਲ ਹੋਏ ਕਥਾਕਾਰ
ਸਾਹਮਣੇ ਹੀ ਸਟੇਜ਼ ਤੇ ਬੈਠਾ ਕਥਾ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਲਾਈਨਾਂ ਬੋਲ ਰਿਹਾ
ਸੀ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ
ਉਸ ਨੇ ਵਿਸਥਾਰ ਸਹਿਤ ਇਹਨਾ ਤੁਕਾਂ ਦੇ ਅਰਥ ਸੰਗਤ ਨੂੰ
ਸਮਝਾਏ, ਨਾਲ ਹੀ ਉਚਕੋਟੀ ਦੀਆਂ ਵਿਦਵਾਨ ਇਸਤਰੀਆਂ ਅਤੇ ਇਤਹਾਸਕ
ਔਰਤਾਂ ਦਾ ਜ਼ਿਕਰ ਕੀਤਾ, ਜਿਹਨਾਂ ਨੇ ਦੇਸ਼ ਦੀਆਂ ਉਨਤੀਆ ਅਤੇ ਕੌਮਾਂ
ਦੀਆਂ ਤਰੱਕੀਆਂ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਕੇ ਕੌਮ ਅਤੇ ਦੇਸ਼ ਨੂੰ ਬਲੁੰਦੀਆਂ ਤੇ
ਪਹੁੰਚਾਇਆ।ਕਥਾ ਸੁਣਦੀ ਗੁਣਵੰਤ ਨੇ ਰਵੀ ਤੇ ਉਸ ਦੀ ਸੱਸ ਵੱਲ ਦੇਖਿਆ।ਦੋਨਾਂ ਦੀਆਂ ਬੰਦ ਅੱਖਾਂ
ਵਿਚੋਂ ਹੁੰਝੂ ਲਾਈਨ ਬੰਨ ਤੁਰ ਰਹੇ ਸਨ, ਇਹ ਨਹੀਂ ਪਤਾ ਕਿ ਉਸ ਪਛਤਾਵੇ ਵਿਚ ਸਨ ਜੋ ਉਹ
ਕਰਨ ਜਾ ਰਹੀਆਂ ਸਨ ਜਾਂ ਪਰਮਾਤਮਾ ਦੇ ਧੰਨਵਾਦ ਵਿਚ, ਜਿਸ ਨੇ ਉਹਨਾਂ ਨੂੰ ਇਕ ਕਲੰਕ ਤੋਂ ਬਚਾ ਲਿਆ ਸੀ, ਕਿਉਂਕਿ ਇਹ ਹੰਝੂ ਖੁਸ਼ੀ ਦੇ ਹੰਝੂਆਂ ਨਾਲੋ ਵੱਖਰੇ ਸਨ, ਇਹਨਾ ਦਾ ਰੰਗ ਹੋਰ ਵੀ ਸ਼ੁੱਧ ਅਤੇ ਪਵਿੱਤਰ ਲਗ ਰਿਹਾ ਸੀ।
****