…ਲੈ ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ……… ਵਿਅੰਗ / ਸੁਮੀਤ ਟੰਡਨ (ਆਸਟ੍ਰੇਲੀਆ)


ਪਿਆਰੇ ਪਾਠਕੋ, ਜੇ ਕੋਈ ਵਿਅਕਤੀ ਮੈਨੂੰ ਪ੍ਰਸ਼ਨ ਕਰੇ ਕਿ ਉਹ ਕਿਹੜੀਆਂ ਚੀਜ਼ਾਂ ਹਨ, ਜਿਹੜੀਆਂ ਮੇਰੇ ਦਿਲ ਨੂੰ ਸੱਭ ਤੋਂ ਵੱਧ ਸਕੂਨ ਦਿੰਦੀਆਂ ਹਨ ਜਾਂ ਹਰ ਸਮੇਂ ਵਿੱਚ ਮੇਰੇ ਦਿਲ ਨੂੰ ਭਾਉਂਦੀਆਂ ਹਨ ਤਾਂ ਬੇ-ਝਿਜਕ ਮੇਰਾ ਜਵਾਬ ਹੈ ਮੇਰੇ ਪਿੰਡ ਦੀਆਂ ਗੱਲਾਂ ਜਾਂ ਉਹ ਗੱਲਾਂ ਜਿਨ੍ਹਾਂ ਦੀ ਛਾਂ ਹੇਠ ਜ਼ਿੰਦਗ਼ੀ ਦੇ ਅਣਭੋਲ ਵਰ੍ਹੇ ਗੁਜ਼ਾਰੇ ਹਨ। ਗੱਲ ਭਾਵੇਂ ਪੜ੍ਹਨ ਦੀ ਕਰਾਂ ਜਾਂ ਲਿਖਣ ਦੀ ਪਰ ਮੈਨੂੰ ਉਹੀ ਪੜ੍ਹਨਾ ਲਿਖਣਾ ਚੰਗਾ ਲੱਗਦਾ ਹੈ, ਜਿਸ ਵਿੱਚ ਮੇਰਾ ਪੇਂਡੂ ਝਲਕਾਰਾ ਪੇਸ਼ ਹੁੰਦਾ ਹੋਵੇ!
ਕਈ ਗੱਲਾਂ ਜ਼ਿੰਦਗ਼ੀ ਵਿੱਚ ਆਂਵਲੇ ਦੇ ਮੁਰੱਬੇ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਚੱਖਣ ਤੋਂ ਬਾਅਦ ਭਾਵ ਸੁਣਨ ਤੋਂ ਬਾਅਦ ਹੀ ਉਨ੍ਹਾਂ ਦੀ ਠੰਢਕ ਅਤੇ ਸਵਾਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਕਈ ਗੱਲਾਂ ਜ਼ਿੰਦਗ਼ੀ ਵਿੱਚ ਅਜਿਹੀਆਂ ਹਨ ਕਿ ਜਿਨ੍ਹਾਂ ਦੇ ਜਵਾਬ ਸ਼ਾਇਦ ਸਵਾਲਾਂ ਕੋਲ ਵੀ ਨਹੀਂ ਹੁੰਦੇ ! ਅਜਿਹੇ ਸਵਾਲ ਜ਼ਿਆਦਾਤਰ ਪਿੰਡਾਂ ਦੀਆਂ ਸੱਥਾਂ ‘ਚੋਂ ਫੁੱਟਦੇ ਸਨ, ਅਜਿਹੇ ਸਵਾਲਾਂ ਦਾ, ਸਵਾਲ ਪੁੱਛਣ ਵਾਲੇ ‘ਤੇ ਵਧੇਰੇ ਨਿਰਭਰ ਕਰਦਾ ਸੀ ਕਿ ਪੁੱਛਣ ਵਾਲੇ ਦਾ ਸੁਭਾਅ ਕਿਹੋ ਜਿਹਾ ਹੈ, ਉਸਦੀ ਦਿੱਖ, ਭਾਸ਼ਾ ਸ਼ੈਲੀ ਜਾਂ ਫਿਰ ਉਸਦਾ ਰੁਤਬਾ ਸਮਾਜ ਵਿੱਚ ਕਿਸ ਤਰ੍ਹਾਂ ਦਾ ਹੈ। ਪਿੰਡਾਂ ਦੀਆਂ ਸੱਥਾਂ ਦੇ ਸ਼ਿੰਗਾਰ ਮੰਨੇ ਜਾਂਦੇ ਅਮਲੀ, ਵਿਹਲੜ, ਜਾਂ ਬਜ਼ੁਰਗ ਲੋਕ ਜਾਂ ਕੁਝ ਹੋਰ, ਅਜਿਹੇ ਕਿਰਦਾਰ ਬਾਖ਼ੂਬ ਨਿਭਾਉਂਦੇ ਸਨ। ਆਮ ਗੱਲਾਂ ਨੂੰ ਮਸਾਲਾ ਜੜ ਕੇ ਕਰਨ ਨਾਲ ਇਨ੍ਹਾਂ ਵਿੱਚੋਂ ਜੋ ਮਜ਼ਾ ਆਉਂਦਾ ਸੀ, ਨੂੰ ਸ਼ਾਇਦ ਹੀ ਭੁਲਾਉਣਾ ਔਖਾ ਹੈ ! ਇਹ ਗੱਲਾਂ ਆਮ ਤੌਰ ‘ਤੇ ਊਠ ਦੇ ਵਾਵਰੋਲੇ ਵਰਗੀਆਂ ਹੀ ਹੁੰਦੀਆਂ ਸਨ, ਕਈ ਵਾਰ ਤਾਂ ਗੱਲ ਬਾਤ ਨਤੀਜਾ ‘ਖੋਦਿਆ ਪਹਾੜ ਨਿਕਲਿਆ ਚੂਹਾ’ ਵਾਂਗ ਹੀ ਹੁੰਦਾ ਸੀ। ਅਜਿਹੇ ਲੋਕਾਂ ਵੱਲੋਂ ਛੱਡੀਆਂ ਜਾਂਦੀਆਂ ਸ਼ੁਰਲੀਆਂ ਸੱਥਾਂ ਵਿੱਚ ਕਿੰਨੇ-ਕਿੰਨੇ ਦਿਨ ਸੁਲਗਦੀਆਂ ਰਹਿੰਦੀਆਂ।ਪੇਂਡੂ ਮਾਹੌਲ ‘ਚ ਪਲੇ ਲੋਕਾਂ ਲਈ ਇਹ ਆਮ ਗੱਲਾਂ ਹਨ ਕਿ ਖੁੰਢ ਚਰਚਾ ਕੀ ਹੁੰਦੀ ਹੈ? ਪਰ ਅਜੋਕੇ ਸਮੇਂ ਵਿੱਚ ਪਿੰਡਾਂ ਦੇ ਵੀ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਕੋਲ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣ ਲਈ ਸਮੇਂ ਦੀ ਥੋੜ੍ਹ ਨੇ ਜ਼ਿੰਦਗ਼ੀ ਵਿੱਚੋਂ ਹਾਸੇ ਠੱਠੇ ਘਟਾ ਦਿੱਤੇ ਹਨ। ਕਿੱਥੇ ਤਾਂ ਦਿਨ ਭਰ ਦੀ ਥਕਾਨ ਮਿਟਾਉਣ ਲਈ, ਸੁੱਖ-ਸਾਂਦ ਪੁੱਛਣ ਲਈ ਜਾਂ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਸੱਥਾਂ ਹੀ ਸਾਧਨ ਹੁੰਦੀਆਂ ਸਨ ਪਰ ਹੁਣ ਸਮੇਂ ਨੇ ਇਹ ਥਾਂ ਟੈਲੀਵਿਜ਼ਨ ਨੂੰ ਦੇ ਦਿੱਤੀ ਹੈ। ਜਿਸ ਨਾਲ ਇਨਸਾਨ ਦੀ ਬੁੱਧੀ ਤਾਂ ਬੇਸ਼ੱਕ ਵਿਕਸਿਤ ਹੋਈ ਹੈ ਪਰ ਬੁੱਲੀਆਂ ‘ਤੇ ਹਾਸੇ ਸੀਮਿਤ ਹੋ ਕੇ ਰਹਿ ਗਏ ਹਨ। ਸਮੇਂ ਦੀ ਤੇਜ ਰਫ਼ਤਾਰ ਨੇ ਭਾਵੇਂ ਸੱਥਾਂ ਨੂੰ ਪਿੰਡਾਂ ਵਿੱਚੋਂ ਲਗਭਗ ਗ਼ਾਇਬ ਕਰ ਦਿੱਤਾ ਹੈ ਪਰ ਫਿਰ ਵੀ ਇਨ੍ਹਾਂ ਦੀ ਛਾਪ ਰਹਿੰਦੀ ਦੁਨੀਆ ਤੱਕ ਅਮਿੱਟ ਰਹੇਗੀ। ਖੁੰਢ ਚਰਚਾ ਜਾਂ ਅਮਲੀਆਂ ਦੇ ਕਿੱਸੇ ਜਿਨ੍ਹਾਂ ਲੋਕਾਂ ਨੇ ਹਕੀਕਤ ‘ਚ ਦੇਖੇ ਸੁਣੇ ਹੋਣ ਉਨ੍ਹਾਂ ਨੂੰ ਤਾਂ ਅਜਿਹੀਆਂ ਗੱਲਾਂ ਦੀਵੇ ਨੂੰ ਲੋਅ ਦਖਾਉਣ ਬਰਾਬਰ ਹਨ ਪਰ ਜਿਨ੍ਹਾਂ ਨਹੀਂ ਸੁਣੇ ਉਹ ਹੁਣ; ‘ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ’ ਤੁਸੀਂ ਆਪ ਹੀ ਪੜ੍ਹ ਲਵੋ :-
ਸਿਖ਼ਰ ਦੁਪਿਹਰ, ਜੇਠ ਦਾ ਮਹੀਨਾ, ਦੀਪਾ ਅਤੇ ਘੋਲਾ ਬਰੋਟੇ ਹੇਠਾਂ ਬੈਠੇ ਆਪਸ ‘ਚ ‘ਗੱਪਾਂ’ ਕੁੱਟ ਰਹੇ ਸਨ ਕਿ ਕੋਲੋਂ ਦੀ ਅਚਾਨਕ ਉਨ੍ਹਾਂ ਦਾ “ਬਾਂਦਰ ਕੀਲੇ” ਵੇਲੇ ਦਾ ਪੁਰਾਣਾ ਬੇਲੀ ‘ਕਰਮਾ’ ਸਾਇਕਲ ਉੱਤੋਂ ਦੀ ਲੰਘਣ ਲੱਗਿਆ; (ਜੋ ਪੜ੍ਹ ਲਿਖ ਕੇ ਹੁਣ ਨੇੜਲੇ ਪਿੰਡ ਦੇ ਸਕੂਲ ‘ਚ ਮਾਸਟਰ ਲੱਗ ਗਿਆ ਹੈ ਅਤੇ ਉਹ ਦੋਵੇਂ ਅਮਲ ਦੇ ਪੱਟੇ ਥੜ੍ਹੇ ਜੋਗੇ ਹੀ ਰਹਿ ਗਏ ) ਤਾਂ ਦੀਪੇ ਨੇ ਬਿਨਾ ਦੇਰ ਕੀਤਿਆਂ ਹਾਕ ਮਾਰ ਲਈ । ਕਰਮਾ, ਦੀਪੇ ਦੀ ਆਵਾਜ਼ ਸੁਣ ਸਾਇਕਲ ਨੂੰ ਸਟੈਂਡ ੳੁੱਤੇ ਲਾ ਉਨ੍ਹਾਂ ਕੋਲ ਆ ਖੜ੍ਹਾ ਹੋਇਆ ਤੇ ਅੱਖਾਂ ਤੋਂ ਐਨਕ ਉਤਾਰ ਮੂਕੇ ਨਾਲ ਪਸੀਨੇ ਨਾਲ ਭਿੱਜਿਆ ਮੂੰਹ ਪੂੰਝਣ ਲੱਗ ਪਿਆ। ਘੋਲੇ ਨੇ ਬਿਨਾ ਮੌਕਾ ਗਵਾਉਂਦਿਆਂ ਕਰਮੇ ‘ਤੇ ਵਿਅੰਗ ਜੜ ਦਿੱਤਾ : “ਕਰਮਿਆ ਤੂੰ ਐਨਾ ਪੜ੍ਹ ਲਿਖ ਗਿਐਂ, ਬਾਈ ਮਾਸਟਰ ਲੱਗ ਗਿਐਂ, ਸਾਰੇ ਪਿੰਡ ‘ਚ ਤੇਰੀ ਟੋਰ੍ਹ ਐ, ਲੈ ਮੈਨੂੰ ਇੱਕ ਗੱਲ ਦੀ ਸਮਝ ਨੀ ਆਈ ਕਿ ਤੇਰੇ ਆਹ ਊਠ ਖੋਪੇ ਕਿਹੜੀ ਗੱਲੋਂ ਲੱਗ ਪਏ ਯਾਰਾ? ਵਿਹਲੜਾਂ ਦੇ ਤਾਂ ਚੱਲ ਮੰਨਿਆ ਕਿ ਆਹ ਊਠ ਖੋਪੇ ਲੱਗ ਜਾਂਦੇ ਆ ਪਰ ਤੇਰੇ ਕਜ ਕਾਸਤੋਂ ਪੈ ਗਿਆ ਬਾਈ ਸਿਆਂ” ! ਊਂ ਗੱਲ ਹਰਾਨੀ ਆਲੀ ਤੇ ਸੋਲਾਂ ਆਨੇ ਸੱਚੀ ਐ ਬਾਈ ਘੋਲੇ ਦੀ , ਦੀਪੇ ਨੇ ਵੀ ਘੋਲੇ ਦੀ ਹਾਂ-ਚ-ਹਾਂ ਮਲਾਉਂਦਿਆਂ ਕਿਹਾ ! ਕਰਮਾ ਇੱਕ ਤਾਂ ਗਰਮੀ ਦਾ ਸਤਾਇਆ ਸੀ ਜਿਸਨੇ ਵੀਹ ਕੋਹ ਤੱਕ ਸਾਇਕਲ ਦੇ ਪੈਡਲ ਘਸਾ ਕੇ ਸਕੂਲ ਤੋਂ ਪਿੰਡ ਤੱਕ ਦੀ ਵਾਟ ਮੁਕਾਈ ਸੀ ਅਤੇ ਉੱਤੋਂ ਪਿੰਡ ‘ਚ ਵੜਨ ਤੋਂ ਪਹਿਲਾਂ ਹੀ ਪਿੰਡ ਦੇ ਸ਼ੁਭਚਿੰਤਕ ਜਾਂ ਅਰਦਲੀ (ਪਹਿਰੇਦਾਰ) ਮੂਹਰੇ ਟੱਕਰ ਗਏ, ਜਿਨ੍ਹਾਂ ਕੋਲ ਕਿਸੇ ਦਾ ਹਾਲ-ਚਾਲ ਪੁੱਛਣ ਲਈ ਸਮਾਂ ਨਹੀਂ ਪਰ ਨਜ਼ਰ ਦੀ ਐਨਕ ਲਗਾਉਣ ਦਾ ਕਜ (ਨੁਕਸ) ਪੈਣ ਦਾ ਫਿਕਰ ਹੈ।
ਕਰਮੇ ਨੇ ਦੋਹਾਂ ਵੱਲ ਡੌਰ-ਭੌਰ ਝਾਖ ਕੇ, ਬਰੋਟੇ ਦੀ ਸੰਘਣੀ ਛਾਂ ਹੇਠ ਥੜ੍ਹਾ ਮੱਲਦਿਆਂ ਪਹਿਲਾਂ ਤਾਂ ਫਤਿਹ ਬੁਲਾਈ ਅਤੇ ਫਿਰ ਸਫ਼ਾਈ ਦਿੰਦਿਆਂ ਕਹਿਣ ਲੱਗਾ, ਬੇਲੀਓ ਮੈਂ ਕਿਹੜਾ ਭੀਮਸੈਨ ਸੁਰਮਚੀ ਦੀ ਹੱਟੀ ‘ਤੇ ਸੁਰਮੇਦਾਨੀਆਂ ਭਰਦਾਂ ! ਜਿਹੜੀਆਂ ਮੇਰੇ ਐਨਕਾਂ ਨਾ ਲੱਗਣ, ਬਾਈ ਮੈਂ ਤਾਂ ਸਾਰਾ ਦਿਨ ਕਤਾਬਾਂ ‘ਚ ਮੱਥਾ ਮਾਰ-ਮਾਰ ਕੇ ਦੂਹਰਾ ਹੁੰਨਾਂ, ਇਸੇ ਲਈ ਨਿਗ੍ਹਾ ਟਕਾਉਣ ਨੂੰ ਲੋਆਏ ਨੇ ਆਹ ਖੋਪੇ, ਨਾਲੇ ਹੋਰ ਕਿਹੜਾ ਇਹਨਾਂ ਦੀ ਮੈਂ ਟੋਹਰ ਮਾਰਨੀ ਆ ਪਿੰਡ ‘ਚ ।ਊਂ ਵੀ ਖੋਪੇ ਉਨ੍ਹਾਂ ਦੇ ਹੀ ਲੱਗਦੇ ਆ ਜਿਹੜੇ ਕੋਈ ਦਮਾਗ਼ੀ ਘਸਾਈ ਜਾਂ ਅੱਖਾਂ ਨਾਲ ਬਾਰੀਕੀ ਦਾ ਕੰਮ ਕਰਨ! ਵਿਹਲੜਾਂ ਨੂੰ ਕੀ ਭਾਉਂਦੇ ਨੇ ਇਹ ਖੋਪੇ? ਖੋਪੇ ਲੋੜ ਨੂੰ ਚੜ੍ਹਾਏ ਨੇ ਟੋਹਰ ਨੂੰ ਨੀ! ਦੱਸੋ ਸਵਾਲ ਵੀ ਕੀ ਪੁੱਛਦੇ ਆ ਅਖੇ ਤੇਰੇ ਐਨਕਾਂ ਕਿਊਂ ਲੱਗ ਗਈਆਂ ? ਠੇਡੇ ਖਾ ਕੇ ਗਿਰਨ ਤੋਂ ਚੰਗਾ ਈ ਐ ਕਿ ਬੰਦਾ ਕਜ ਹੀ ਪਾ ਲਵੇ।
ਦੀਪੇ ਨੇ ਕਰਮੇ ਨੂੰ ਵਿੱਚੋਂ ਟੋਕਦਿਆਂ ਅਗਲੀ ਗੱਲ ਛੇੜ ਲਈ ….”
“ਲੈ ਬਾਈ ਸਿਆਂ ਆਹ ਨਾਲ ਦੇ ਪਿੰਡ ਆਲਿਆਂ, ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ, ਦੇਖ ਕਿੰਨੀ ਪੈਲੀ ਆ ਸਹੁਰਿਆਂ ਦੀ, ਕਹਿੰਦੇ ਸਿਡਣੀ ਤੱਕ ਨਾਓਂ ਵੱਜਦਾ ਡਾਹਡਿਆਂ ਦਾ। ਰੱਬ ਨੇ ਵਾਹਵਾ ਦਿੱਤਾ; ਘਰ ‘ਚ ਕਿਸੇ ਚੀਜ਼ ਦਾ ਅੰਤ ਨੀ,ਚੌਥੇ ਦਿਨ ਮੀਂਹ ਪੈਂਦੈ ਕਰਮਾਂ ਆਲਿਆਂ ਦੇ; ਮੈਂ ਤਾਂ ਸੁਣਿਆ ਬਾਈ ਕੋਈ ਮੀਂਹ ਸੁੱਕਾ ਨੀ ਜਾਣ ਦਿੰਦੇ, ਜਿੱਦੇ ਸਰਦਾਰਨੀ ਗੁਲਗੁਲੇ ਨਾ ਪਕਾਉਂਦੀ ਹੋਵੇ ! ਰੱਜ ਕੇ ਰਜਾਏ ਦਾਤੇ ਨੈ ਪਰ ਫੇਰ ਵੀ ਤੂੰ ਡਾਹਢਾ ਏ ਵਾਗਰੂ, ਤੇਰੀਆਂ ਤੂੰ ਹੀ ਜਾਣੇ …ਸੱਚਿਆ ਪਾਛਾ ! ਲੈ ਹੁਣ ਇਨ੍ਹਾਂ ਦੇ ਜੁਆਕਾਂ ਦੀ ਹੀ ਸੁਣ ਲੈ, “ਕਹਿੰਦੇ ਭਾਈ ਛੀਆਂ ਸਾਲਾਂ ਦੇ ਮੁੰਡੇ ਦੇ ਦੰਦਾਂ ਨੂੰ ਕੀੜਾ ਲੱਗ ਗਿਆ !” ਲੈ ਭਲਾ, ਜੇ ਅਮੀਰਾਂ ਦਾ ਹਾਹ ਹਾਲ ਐ ਤਾਂ ਭਾਈ ਸਾਡੇ ਸਰੀਰਾਂ ‘ਚਂ ਤਾਂ ਸੱਪ ਕਦੇ ਵੀ ਬਰਮੀਆਂ ਬਣਾ ਲੈਣ ! ਸਾਨੂੰ ਕੌਣ ਬਚਾਊ …?”
ਕਰਮੇ ਨੇ ਦੀਪੇ ਨੂੰ ਵਿੱਚੋਂ ਰੋਕ ਕੇ ਕਿਹਾ, ਦੀਪਿਆ ਦੰਦਾਂ ਨੂੰ ਕੀੜੇ ਨਾਲ ਅਮੀਰੀ ਗ਼ਰੀਬੀ ਦਾ ਕੀ ਲੈਣਾ ਹੋਇਆ ? ਥੋਡੀ ਗੱਲ ਦਾ ਕੋਈ ਸਿਰ ਪੈਰ ਵੀ ਹੁੰਦੈ ਕਦੇ! ਜੁਆਕਾਂ ਦੇ ਦੰਦਾਂ ਨੂੰ ਕੀੜਾ ਖੰਡ ਦੇ ਫੱਕਿਆ ਨਾਲ ਲੱਗਦੈ ਨਾ ਕਿ ਅਮੀਰੀ ਗ਼ਰੀਬੀ ਕਰਕੇ। ਤੁਸੀਂ ਵੀ ਬੱਸ ਐਵੇਂ ਹੀ ਜੋ ਮੂੰਹ ਆਉਂਦੀ ਸੁੱਟ ਦਿੰਦੇ ਓ। ਗੱਲ ਦਾ ਸਿਰਾ ਵੀ ਦੇਖਿਆ ਕਰੋ , ਬੱਸ ਊਂ ਈ ਸਿਰਾ ਲਾ ਦਿੰਦੇ ਓ ।
ਕਰਮੇ ਦੀ ਤਲਖੀ ਨਾਲ ਇੱਕ ਵਾਰ ਬਰੋਟੇ ਹੇਠ ਚੁੱਪ ਛਾ ਗਈ।ਘੋਲੇ ਨੇ ਹੌਲੀ ਜਹੀ ਖੰਗੂਰਾ ਜਿਹਾ ਮਾਰ ਕੇ ਕਰਮੇ ਨੂੰ ਸਾਇਕਲ ਨਾਲ ਲਮਕਦੇ ਝੋਲੇ ਬਾਰੇ ਪੁੱਛਿਆ: ਕੀ ਗੱਲ ਸ਼ਹਿਰੀਆ, ਹੁਣ ਸ਼ਹਿਰ ਦਾ ਮਾਲ ਚੋਰੀ-ਚੋਰੀ ਖਾਏਂਗਾ ਸਾਥੋਂ? ਸਾਨੂੰ ਵੀ ‘ਪੰਜਰਤਨੀ’ ਚਖਾ ਦੇ ਕਦੇ ਸ਼ਹਿਰ ਦੀ ! ਅਸੀਂ ਵੀ ਤੇਰੇ ਪੁਰਾਣੇ ਬੇਲੀ ਆਂ ਕੁਹੜੀਆ । ਕਰਮੇ ਨੇ ਘੋਲੇ ਨੂੰ ਤਾੜਦਿਆਂ ਝੋਲੇ ਨੂੰ ਸਾਇਕਲ ਨਾਲੋਂ ਲਾਹ ਲਿਆ ਤੇ ਖੱਬੀ ਲੱਤ ਨਾਲ ਦੂਹਰਾ ਕਰ ਕੇ ਧਰ ਲਿਆ। ਸ਼ਹਿਰ ਤੋਂ ਖਰੀਦ ਕੇ ਲਿਆਂਦੀ ਅਖ਼ਬਾਰ ਨੂੰ ਝੋਲੇ ‘ਚੋਂ ਕੱਢ, ਦੋਹਾਂ ਮੂਹਰੇ ਵਿਛਾ ਦਿੱਤਾ ਤੇ ਕਿਹਾ ਆਹ ਹੈ “ਪੰਜਤਾਰਨੀ” , ਲਓ ਵੰਡ ਲਓ ਦੋਵੇਂ ਜਣੇ। ਦੀਪੇ ਨੇ ਮੱਲਕ ਦੇਣੀ ਅਖ਼ਬਾਰ ‘ਚੋਂ ਪਰਚਾ ਖਸਕਾਇਆ ਤੇ ਆਵਦੇ ਜਣੇ ਗਹੁ ਨਾਲ ਫਰੋਲਣ ਲੱਗ ਪਿਆ। ਦੋ ਪੰਨੇ ਫਰੋਲਣ ਤੋਂ ਬਾਅਦ ਕੋਈ ਤਸਵੀਰ ਦੇਖ ਕੇ ਉੱਭੜਵਾਹਾ ਜਿਹਾ ਬੋਲਿਆ; ਘੋਲਿਆ ਆਹ ਤਾਂ ਆਪਣਾ ਮਿੰਟੂ… ਐ। ਬਾਈ ਦੀ ਆਏ ਦਿਨ ਫੋਟੋ ਆਉਂਦੀ ਐ ! ਲੈ ਹੁਣ ਐਤਕਾਂ ਲੱਗਦਾ ਬਾਈ ਕੋਈ ਹੋਰ ਮੱਲ੍ਹ ਮਾਰੂ। ਲਾਊ ਕੋਈ ਸਿਰਾ, ਲੱਗ ਰਿਹੈ ਫ਼ੋਟੋ ਦੇਖ ਕੇ ! ਮੈਨੂੰ ਤਾਂ ਪੂਰਾ ਜਕੀਨ ਐ, ਇਹ ਬਾਈ ਮਿੰਟੂ ਈ ਐ, ਘੋਲੇ ਨੇ ਵੀ ਹਾਂ-ਚ-ਹਾਂ ਦੇ ਮਾਰੀ । ਮੈਂ ਤਾਂ ਕਹਿੰਦਾ ਬਾਈ ਨੂੰ “ਅਰਜਣ ਵਾਰਡ” ਦੁਆਈਏ। ਹੋਰ ਤਾਂ ਬਾਈ ਨੇ ਸਾਰੇ ਹੂੰਝ ਲੇ, ਹਾ-ਹੀ ਬਚਿਆ, ਕੇਰਾਂ ਬਣਾਉਂਦੇ ਆਂ ਕੋਈ ਜੁਗਤ ਬਾਈ ਆਸਤੇ !
ਕਰਮਾ : ਹੈਂ…….ਅਰਜੁਨ ਐਵਾਰਡ ! ਥੋਨੂੰ ਪਤਾ ਵੀ ਹੈ ਕਿ ਕਿਹੜਾ ਐਵਾਰਡ ਕਿਸ ਲਈ ਬਣਿਆ ਅਮਲੀਓ? ਬੱਸ ਗੱਲ ਫੁਰਨੀ ਚਾਹੀਦੀ ,ਫਹੁੜਾ ਜਿੱਥੇ ਮਰਜ਼ੀ ਜੜ ਦਿਓ! ਕਰਮੇ ਨੇ ਦੋਹਾਂ ਵੱਲ ਦੇਖ ਕੇ ਚੁੱਪ ਵੱਟ ਲਈ ਤੇ ਨਾਸ੍ਹਾਂ ਥਾਣੀ ਸਾਹ ਦੇ ਲੰਬੇ-ਲੰਬੇ ਫੁਂਕਾਰੇ ਮਾਰਨ ਲੱਗ ਗਿਆ। ਦੀਪਾ ਫੇਰ ਵੀ ਨਾ ਬੋਲਣੋ ਹਟਿਆ ਤੇ ਕਹਿਣ ਲੱਗਾ; ਘੋਲਿਆ ਲੈ ਐਂ ਦੇਖ, ਬਾਈ ਦਾ ਊਂ ਸਾਰਾ ਕੁੱਝ ਸੂਤ ਆ ਪਰ ਹਾਹ ਰੱਬ ਦੇ ਰੰਗ ਦੇਖ ਲਓ, ਜੇ ਛੱਪੜ ਫਾੜ ਕੇ ਦਿੰਦੈ ਤਾਂ ਚੂੰਡੀ ‘ਚ ਖੋਹ ਵੀ ਲੈਂਦੇ ! ਕਰਮੇ ਨੂੰ ਲੱਗਿਆ ਕਿ ਹੁਣ ਦੀਪਾ ਕੋਈ ਸਿਆਣੀ ਗੱਲ ਕਰੂ ! ਪਰ….
…ਲੈ ਤੂੰ ਹੁਣ ਐਂ ਦੇਖ ਲੈ ਆਹ ਬਾਈ ਕਿੱਡਾ ਵੱਡਾ ਲਖਾਰੀ ਐ, ਸਾਰੇ ਮੰਨਦੇ ਆ! ਪਰ ਹੁਣ ਜੇ ਰੱਬ ਨੇ ਕਲਮ ਨੂੰ ਬਲ ਬਖਛਿਆ ਤਾਂ ਨਾਲ ਦੀ ਨਾਲ ਸਿਰ ‘ਤੇ ‘ਗੰਜ’ ਪਾ ਤਾ ! ਹੁਣ ਤੂੰ ਆਪ ਦੇਖ ਘੋਲਿਆ ਬਾਈ ਹੈ ਨਾ ਰੱਬ ਡਾਹਡਾ, ਵਾਗਰੂ-ਵਾਗਰੂ, ਤੂੰ ਜਾਣੀ ਜਾਣ ਮਾਰਾਜ- ਸੱਚਿਆ ਪਾਛਾ । ਡਰੀਏ ਤੇਰੀ ਡਾਂਗ ਤੋਂ। ਆਪਾਂ ਫੇਰ ਚੰਗੇ ਆਂ ਘੋਲਿਆ; ਜ਼ਮਾਨਾ ਬੜਾ ਕੈੜਾ ਬਾਈ ਸਿਆਂ, ਡਰੀਏ ਰੱਬ ਕੋਲੋਂ । ਹੈਂ……….ਰੱਬ…ਗੰਜ….ਲਖਾਰੀ ….ਆਹ ਕੀ ਕਮਲਿਓ? ਕਰਮੇ ਨੇ ਆਹ ਗੱਲ ਸੁਣਦੇ ਸਾਰ ਮੂਹਰਲੀਆਂ ਦੋ ਉਂਗਲੀਆਂ ਦੀ ਗੁਲੇਲ ਬਣਾ ਕੇ ਡੇਲਿਆਂ ‘ਤੇ ਧਰ ਲਈ। ਓਏ ਇਨ੍ਹਾਂ ਗੱਲਾਂ ਦਾ ਆਪਸ ‘ਚ ਕੀ ਲੈਣ ਦੇਣ ਐ ਪਤੰਦਰੋ ! ਲਖਾਰੀ ਹੋਣਾ ਅੱਡ ਗੱਲ ਐ ਤੇ ਸਿਰ ਤੋਂ ਵਾਲ ਝੜਨੇ ਅੱਡ। ਨਾਲੇ ਮੈਂ ਪੜ੍ਹਿਆ ਸੀ ਕਿ ਵਾਲਾਂ ਦੇ ਝੜਨ ਦਾ ਕਾਰਨ ਜ਼ਿਆਦਾਤਰ ਦਮਾਗ਼ੀ ਬੋਝ ਹੁੰਦਾ, ਜਿਸ ਲਈ ਵਾਲ ਝੜ ਜਾਂਦੇ ਹਨ। ਘੋਲੇ ਨੇ ਕਰਮੇ ਨੂੰ ਵਿੱਚੋਂ ਬੋਚਦਿਆਂ ਕਿਹਾ, ਲੈ ਬਾਈ ਸਿਆਂ ਤੂੰ ਹਰ ਗੱਲ ਨੂੰ ਡਮਾਕ ਨਾ ਜੋੜ ਦਿੰਨੈ, ਤੈਨੂੰ ਕੀ ਲੱਗਦਾ ਸਾਡੇ ਕੋਲੇ ਹੈ ਨੀ…..ਡਮਾਕ ? ਊਂ ਵੀ ਲਿਖਣ ਨਾਲੋਂ ਪੜ੍ਹਨ ਨੂੰ ਬਾਹਲਾ ਡਮਾਕ ਚਾਹੀਦੈ…ਹੱਲਾ । ਬਾਈ ਇਹ ਸਾਰੇ ਰੱਬ ਦੇ ਰੰਗ ਐ, ਤੂੰ ਮੰਨ ਭਾਵੇਂ ਨਾ ਮੰਨ। ਸਾਨੂੰ ਤਾਂ ਜਕੀਨ ਐ। ਉਹ ਬੈਠਾ ਲੀਲੀ ਛਤਰੀ ਆਲਾ।
ਇਸ ਵਾਰ ਵੀ ਕਰਮੇ ਨੂੰ ਮੱਥਾ ਫਿੱਟਣ ਦੀ ਬਜਾਇ ਹੋਰ ਕੁੱਝ ਨਹੀਂ ਸੁੱਝਿਆ। ਦੋਹਾਂ ਦੀਆਂ ਗੱਲਾਂ ਤੋਂ ਉਕਤਾਇਆ ਕਰਮਾ ਜਦੋਂ ਜਾਣ ਲਈ ਖੜ੍ਹਾ ਹੋਇਆ ਤਾਂ ਦੀਪੇ ਨੇ ਬਾਂਹ ਤੋਂ ਫੜ ਕੇ ਕਰਮੇ ਨੂੰ ਫੇਰ ਬਿਠਾਲ ਲਿਆ ਤੇ ਪੁੱਛਣ ਲੱਗਾ: ਕਰਮਿਆਂ ਐਂ ਦੱਸ “ਪਹਿਲਾਂ ਮੁਰਗੀ ਬਣੀ ਜਾਂ ਆਂਡਾ” । 

ਕਰਮੇ ਨੇ ਦੋਹਾਂ ਤੋਂ ਖਹਿੜਾ ਛੁਡਾਣ ਲਈ ਹੱਥ ਜੋੜ ਕਿਹਾ ਬਾਈ ਦੋਨੋਂ ਕੱਠੇ ਹੀ ਆਏ ਸਨ। ਥੋਡੇ ਘਰੇ ਮੁਰਗੀ ਗਿਰ੍ਹੀ ਸੀ ਤੇ ਘੋਲੇ ਕੇ ਘਰੇ ਆਂਡਾ। ਮੈਨੂੰ ਬਖ਼ਸ਼ੋ ! ਤਿੰਨੇ ਜਣੇ ਠਹਾਕੇ ਨਾਲ ਹੱਸ ਪਏ।
ਕਰਮਿਆਂ ਲੈ ਐਂ ਦੇਖ ਆਪਣੇ ਪਿੰਡ ਆਲਾ ਬੋਪਾਰਾਏ ਕਿੱਡਾ ਸੁਲਝਿਆ ਬੰਦੈ, ਸਾਰੇ ਮੰਨਦੇ ਵੀ ਆ ਬਾਈ ਦੀ ਗੱਲ-ਬਾਤ ਨੂੰ, ਲੈ ਤੂੰ ਹੁਣ ਐਂ ਦੇਖ ਲੈ ਸੌਰ੍ਹਾ ਗੱਲ ਕਰਦਾ ਕਰਦਾ ਵਿੱਚੇ ਭੁੱਲ ਜਾਂਦੈ, ਕਿ ਕੀਹਨੂੰ ਕੀ ਕਿਹਣਾ ਸੀ….ਕੇਰਾਂ ਮੈਨੂੰ ਕਹਿੰਦਾ ਘੋਲਿਆ ਬਾਈ ਸਾਡੇ ਘਰੇ ਮੁੰਡੇ ਦੇ ਵਿਆਹ ਨੂੰ ਸੀਰਨੀ ਤੈਂ ਬਣਾਉਣੀ, ਆਹ ਹੁਣ ਤੇਰੀ ਜੁੰਮੇਆਰੀ ਆ ਮੇਰਾ ਵੀਰ, ਹੈਂ…ਮੇਰਾ ਵੀਰ ! ਚੰਗਾ ਮੇਰਾ ਵੀਰ, ਹੁਣ ਫੇਰ ਨਾ ਕਹੀਂ, ਹੈਂ, ਲੈ ਅੱਜ ਈ ਦੱਸ ਤਾ ਤੈਨੂੰ।
ਲੈ ਭਾਈ ਮੈਂ ਸਾਰਾ ਅੱਲੜ ਜੁੱਲੜ ਕੱਠਾ ਕਰ ਲਿਆ। ਮੰਗ ਮਗਾ ਕੇ ਝਰਨੀ ਦਾ ਜਗਾੜ ਵੀ ਬਣਾ ਲਿਆ।ਜਿੱਦੈਂ ਮੈਂ ਘਰੇ ਗਿਆ ਮੈਨੂੰ ਕਹਿੰਦਾ ਕਿੱਧਰ ਅਮਲੀਆ।….ਕਿੱਧਰ ਮੂੰਹ ਚੱਕਿਐ ?
ਲੈ ਮੈਂ ਕਿਹਾ ਬਾਈ ਤੈਂ ਆਪ ਹੀ ਤਾਂ ਸੱਦਿਆ ਸੀ ਸੀਰਨੀ ਬਣਾਉਣ ਨੂੰ, ਲੈ ਆਪਾਂ ਤਾਂ ਆ ਗੇ ਲਾਣਾ ਬਾਣਾ ਲੈ ਕੇ, ਦੱਸ ਕੇਰਾਂ ਕਿੱਥੇ ਪੱਟੀਏ ਭੱਠੀ ? ਜਦੋਂ ਮੈਂ ਐਨੀ ਗੱਲ ਕਹੀ ਉਹ ਤਾਂ ਪਤੰਦਰ ਮੇਰੇ ਪਿੱਛੇ ਜੁੱਤੀ ਲੈ ਕੇ ਪੈ ਗਿਆ। ਕਹਿੰਦਾ ਬਣਾਉਂਦਾ ਤੈਥੋਂ ਸੀਰਨੀ ਨਾਲ ਸੱਕਰਪਾਰੇ ….ਵਗ ਜਾ ਐਥੋਂ ਲੱਗਦਾ ਸੀਰਨੀ ਦਾ। ਸਾਡੇ ਘਰੇ ਕਿਹੜੀ ਬੂਰੀ ਮੱਝ ਸੂਈ ਆ ਜਿਹੜੀਆਂ ਸੀਰਨੀਆ ਭਾਲਦਾ! ਲਓ ਜੀ ਆਹ ਤਾਂ ਮੇਰੇ ਨਾਲ ਕੀਤੀ ! ਉਹ ਤਾਂ ਬਾਅਦ ‘ਚ ਪਤਾ ਚੱਲਿਆ ਕਿ ਉਹ ਤਾਂ ਮੇਰੇ ਨਾਲ ਗੱਲ ਕਰਦਾ- ਕਰਦਾ ਭੁੱਲ ਗਿਆ ਸੀ ਕਿ ਵਿਆਹ ਦੀ ਭਾਜੀ ਉਹ ਆਵਦੇ ਮੁੰਡੇ ਦੀ ਨੀਂ, ਗਰਚਿਆਂ ਦੇ ਟੱਬਰ ਦੇ ਬਣਾਉਣ ਨੂੰ ਕਹਿੰਦਾ ਸੀ ! ਨਾਲੇ ਉਹਦੇ ਤਾਂ ਕੋਈ ਮੁੰਡਾ ਵੀ ਹੈ ਨੀਂ, ਹਾਹ ਤਾਂ ਮੈਂ ਫੇਰ ਡਮਾਕ ਲਾ ਕੇ ਸੋਚਿਆ !
ਉਹ ਹੋ ਘੋਲਿਆ; ਤੈਨੂੰ ਦੇਖਣਾ ਚਾਹੀਦਾ ਸੀ ਬਾਈ ਫੇਰ ਐਂਵੇ ਥੋੜ੍ਹੋ ਮੂੰਹ ਚੱਕ ਕੇ ਤੁਰ ਜਾਈਦੈ ਕਿਸੇ ਦੇ ਘਰੇ। ਨਾਲੇ ਉਸਨੇ ਤੈਨੂੰ ਮੁੰਡੇ ਦੇ ਵਿਆਹ ਤੇ ਸੱਦਿਆ ਸੀ ਮੱਝ ਦੇ ਜਣੇਪੇ ‘ਤੇ ਥੋੜ੍ਹੀ, ਕਰਮੇ ਨੇ ਦੀਪੇ ਨੂੰ ਹਲੂਣਦਿਆਂ ਟਿੱਚਰ ਨਾਲ ਗੱਲ ਆਖੀ, ਤਿੰਨਾਂ ਵਿੱਚ ਹਾਸਾ ਫਿਰ ਛਿੜ ਪਿਆ।
ਸੰਝ ਦਾ ਵੇਲਾ ਨੇੜੇ ਆਉਣ ਲੱਗਿਆ, ਸੂਰਜ ਦੀਆਂ ਕਿਰਣਾਂ ‘ਚ ਲਾਲੀ ਦਾ ਰੰਗ ਗੂੜ੍ਹਾ ਜਾਪਣ ਲੱਗ ਪਿਆ, ਦੀਪਾ ਤੇ ਘੋਲੇ ਨੇ ਹੌਲੀ-ਹੌਲੀ ਪੈਰਾਂ ਵਿੱਚ ਖੁੱਸੇ ਅੜਾਉਣੇ ਸ਼ੁਰੂ ਕਰ ਦਿੱਤੇ ਅਤੇ ਤੰਬੇ ਝਾੜਦੇ ਖੜ੍ਹੇ ਹੋ ਗਏ। ਕਰਮਾ ਉਨ੍ਹਾਂ ਦੇ ਇਸ ਵਰਤਾਰੇ ਨੂੰ ਗਹੁ ਨਾਲ ਤੱਕਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ ! ਅਖੀਰ ਦੋਏ ਖੜ੍ਹੇ ਹੋਏ ਤੇ ਕਰਮੇ ਨੂੰ ਆਖਣ ਲੱਗੇ; ਲੈ ਬਈ ਕਰਮਿਆ ਅੱਜ ਦਾ ਦਿਨ ਤਾਂ ਵਧੀਆ ਲੰਘ ਗਿਆ ਬੇਲੀਆ, ਤੂੰ ਠਹਿਰਿਆ ਸ਼ਹਿਰੀ ਬੰਦਾ, ਘਰੇ ਕੰਮ ਕਾਰ ਤਾਂ ਤੇਰੇ ਕੋਈ ਹੈ ਨੀ ਤੈਨੂੰ, ਹਾਹ ਕਤਾਬਾਂ ‘ਚ ਮੱਥਾ ਖਪਾਈ ਕਰੀ ਜਾਨਾਂ ਹਾਹ ਕੋਈ ਖਾਸ ਕੰਮ ਤਾਂ ਹੈਂ ਨੀਂ ਸਾਡੇ ਜਣੇ, ਲੈ ਆਪਾਂ ਚੱਲੇ ਘਰਾਂ ਨੂੰ, ਜਾ ਕੇ ਕੱਖ ਕੂੜਾ ਵੀ ਕਰਨੈ। ਲੈ ਤੂੰ ਸਾਂਭ ਆਵਦੀ ਜਿਣਸ(ਅਖ਼ਬਾਰ) ਸਾਨੂੰ ਛੁੱਟੀਆਂ ਬਖ਼ਸ਼।
ਦੋਹਾਂ ਨੇ ਪੈਰਾਂ ‘ਚ ਖੁੱਸੇ ਅੜਾਏ, ਤੰਬੇ ਝਾੜੇ, ਮੋਢੇ ਤੇ ਪਰਨੇ ਸੰਵਾਰੇ ਅਤੇ ਥੜ੍ਹੇ ਤੋਂ ਉਤਰ ਪਹੀ ਵੱਲ ਹੋ ਪਏ…..।
ਕਰਮਾ ਜਿਹੜਾ ਸਕੂਲ਼ ਵਿੱਚ ਪੜ੍ਹਾ ਕੇ, ਸਾਰਾ ਦਿਨ ਮਗ਼ਜ ਖਪਾਈ ਕਰਵਾ ਕੇ, ਅਤੇ ਅੰਤ ਦੀ ਗਰਮੀ ‘ਚ ਸਾਇਕਲ ਦੀਆਂ ਚੀਕਾਂ ਘਡਾ ਕੇ ਘਰ ਨੂੰ ਮੁੜ ਰਿਹਾ ਸੀ, ਇੱਕ ਪਲ ਲਈ ਹੈਰਾਨ ਹੁੰਦਾ ਸੋਚਦਾ ਰਿਹਾ, ਬਾਹਲੇ ਕੰਜਰ ਨਿਕਲੇ ਦੋਵੇਂ,! ਇੱਕ ਤਾਂ ਮੈਨੂੰ ਆਵਾਜ਼ ਮਾਰ ਕੇ ਬੁਲਾਇਆ, ਦੂਜਾ ਮੈਥੋਂ ਗੱਲਾਂ ਸੁਣੀਆਂ ਤੇ ਤੀਜਾ ਮੈਨੂੰ ਜਾਂਦੇ ਜਾਂਦੇ ਨੂੰ ਵਿਹਲੜ ਕਹਿ ਗਏ ? ਕਮਾਲ ਐ ਯਾਰ ! ਐਦਾਂ ਦੇ ਵੀ ਲੋਕ ਦੁਨੀਆ ‘ਚ ਹੁੰਦੇ ਨੇ… ?
ਇੱਕ ਮਿੰਟ ਲਈ ਉਸੇ ਥਾਂ ‘ਤੇ ਖੜ੍ਹਾ ਕਰਮਾ ਸਕੂਲ ਤੋਂ ਨਿਕਲਣ ਵੇਲੇ ਦੇ ਬੋਲਾਂ ਨੂੰ ਯਾਦ ਕਰਨ ਲੱਗਾ, ਜਿਹੜੇ ਉਸਨੇ ਸਕੂਲ ਦੀ ਕੰਧ ਨਾਲ ਲੱਗੇ ਕਿਸੇ ਧਾਰਮਿਕ ਦੀਵਾਨ ਵਿੱਚ ਸੁਣੇ ਸਨ; ਕੋਈ ਡੱਡਣੀਆਂ ਵਾਲਾ ਬਾਬਾ ਸੰਗਤ ਦੇ ਭਰੇ ਪੰਡਾਲ ਵਿੱਚ, ਕਿਸੇ ਗਾਇਕ ਦੇ ਵਿਰੋਧ ਵਿੱਚ, ਬਾਂਹ ਲੰਮੀ ਕਰ-ਕਰ ਸੰਗਤ ਨੂੰ ਮਨਘੜਤ ਕਹਾਣੀ ਨਾਲ ਉਕਸਾ ਰਿਹਾ ਸੀ, ਕਿ ਸਾਧ ਸੰਗਤ ਸਮਾਂ ਬਾਹਲਾ ਖ਼ਰਾਬ ਆ ਗਿਐ, ਹੁਣ ਤਾਂ ਜੇ ਅਸੀਂ ਵੀ ਜੂਸ ਪੀਂਦੇ ਹਾਂ ਤਾਂ ਵੀ ਕਈ ਲੋਗ ਅਤਰਾਜ਼ ਕਰਦੇ ਨੇ, ਕਹਿੰਦੇ ਨੇ :… ਤੁਸੀਂ ਵੀ ਜੂਸ ਪੀਨੇਂ ਓ… ?
ਕਰਮੇ ਦਾ ਮੱਥਾ ਠਣਕਿਆ, ਤੇ ਆਪਣੇ ਆਪ ਨੂੰ ਕਹਿਣ ਲੱਗਾ, ਮਨਾ ਤੂੰ ਦੀਪੇ ਅਤੇ ਘੋਲੇ ਦੀਆਂ ਗੱਲਾਂ ਦਾ ਬੁਰਾ ਮਨਾ ਗਿਆ, ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸੱਚੀਂ ਸਮਝ ਨਹੀਂ ਪਰ ਆਹ ਦੇਖ ਅਜਿਹੇ ਲੋਕ ਜਿਹੜੇ ਸੱਭ ਜਾਣ ਬੁੱਝ ਲੋਕਾਂ ਨੂੰ ਉਕਸਾਉਂਦੇ ਹਨ , ਬੇਤੁਕੀਆਂ ਗੱਲਾਂ ਨਾਲ ਦੁਨੀਆ ਨੂੰ ਗ਼ੁਮਰਾਹ ਕਰਦੇ ਹਨ, ਜਨਤਾ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ, ਭੋਲ਼ੀ ਭਾਲੀ ਜਨਤਾ ਦਾ ਬੇ-ਵਜਾਹ ਸਮਾਂ ਬਰਬਾਦ ਕਰਦੇ ਹਨ ਅਤੇ ਅਖੀਰ ਉਨ੍ਹਾਂ ਨੂੰ ਧੂੜ ਦੇ ਟੱਟੂ ਤੇ ਬਿਠਾ ਆਪ ਬੱਤੀ ਵਾਲੀ ਕਾਰ ‘ਤੇ ਫੁਰਰਰ ਹੋ ਜਾਂਦੇ ਨੇ। ਇਨ੍ਹਾਂ ਦਾ ਗ਼ੁਮਰਾਹ ਹੋਇਆ ਬੰਦਾ ਤਾਂ ਕਿਧਰੇ ਦਾ ਵੀ ਨਹੀਂ ਰਹਿੰਦਾ, “ਘਰ ਦਾ ਵੀ ਨਹੀਂ ਤੇ ਘਾਟ ਦਾ ਵੀ ਨਹੀਂ”।
ਅਜਿਹੇ ਸਮਾਗਮਾਂ ਤੋਂ ਤਾਂ ਚੰਗਾ ਹੈ ਕਿ ਬੰਦਾ ਪਿੰਡ ਦੀ ਸੱਥ ‘ਚ ਇਨ੍ਹਾਂ ਰੌਣਕੀ ਬੰਦਿਆਂ ਨਾਲ ਹਾਸਾ-ਠੱਠਾ ਕਰਕੇ ਸਮਾਂ ਖ਼ਰਾਬ ਕਰੇ, ਜਿਨ੍ਹਾਂ ਨਾਲ ਦਿਲ ਅਤੇ ਦਿਮਾਗ਼ ਤੰਦਰੁਸਤ ਰਹਿੰਦੇ ਹਨ ।
ਕਰਮਾ ਇਸੀ ਦੁਚਿੱਤੀ ‘ਚ ਫਸਿਆ ਸਾਇਕਲ ਅਤੇ ਝੋਲੇ ਨੂੰ ਸਾਂਭਦਾ, ਜਿਹੜੀ ਪਹੀ ਤੋਂ ਉਤਰਿਆ ਸੀ, ਉਸੇ ਤੇ ਫੇਰ ਹੋ ਲਿਆ।
****

ਮੁੰਡੇ ਦੇਣ ਵਾਲਾ ਬਾਬਾ..........ਕਹਾਣੀ / ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

ਮੈ ਕਾਲਜ ਵਿੱਚ ਪੜ੍ਹਦਾ ਜਰੂਰ ਸੀ ਪਰ ਕਾਲਜ ਵਿੱਚ ਪੜ੍ਹਾਈ ਕਰਨ ਨੂੰ ਉੱਕਾ ਦਿਲ ਨਹੀਂ ਸੀ ਕਰਦਾ। ਬੱਸ ਦੂਜਿਆਂ ਨੂੰ ਦੇਖ ਦੇਖ ਕੇ ਪੜ੍ਹਨਾਂ ਪੈਦਾ। ਮੈ ਸੋਚਦਾ ਸੀ ਪੜ੍ਹਕੇ ਕਿਹੜਾ ਮੈਂ ਡੀ. ਸੀ. ਲੱਗ ਜਾਊਂਗਾ ? ਜੱਟ ਦੇ ਪੁੱਤ ਨੂੰ ਸਰਕਾਰੀ ਨੌਕਰੀ ਤਾਂ ਮਿਲਨੋਂ ਰਹੀ ਤੇ ਪ੍ਰਾਈਵੇਟ ਨੌਕਰੀ ਨਾਲ ਬਣਦਾ ਕੁਛ ਨਹੀਂ। ਧੱਕ ਧਕਾ ਕੇ ਬੀ. ਏ. ਫਾਈਨਲ ਤੱਕ ਪਹੁੰਚ ਗਿਆ। ਮੇਰੇ ਨਾਲ ਮੇਰਾ ਇੱਕ ਯਾਰ ਹੁੰਦਾ ਸੀ । ਧਰਮ ਪਾਲ ਬਾਣੀਆ ਦਾ ਮੁੰਡਾ ਸੀ ਪਰ ਦੋਸਤੀ ਜੱਟਾਂ ਨਾਲ਼ ਰਖਦਾ ਸੀ। ਇਸਨੂੰ ਕੋਈ ਮਹਾਜਨ ਨਹੀਂ ਸੀ ਕਹਿੰਦਾ, ਕਿਉਂਕਿ ਇਹ ਪਿੰਡ ਵਿੱਚੋਂ ਸ਼ਹਿਰ ਆਇਆ ਸੀ। ਕਾਲਜ ਵਿੱਚ ਸਾਰੇ ਧਰਮਾਂ ਕਹਿੰਦੇ ਸਨ। ਮੇਰੇ ਨਾਲ ਧਰਮੇ ਦੀ ਚੰਗੀ ਬਹਿਣੀ ਉੱਠਣੀ ਸੀ। ਸ਼ਹਿਰ ਵਿੱਚ ਹੀ ਘਰ ਸੀ। ਕਿਉਂਕਿ ਪਿੰਡ ਵਾਲੀ ਜ਼ਮੀਨ ਪਤਾ ਨਹੀ ਵੇਚ ਆਏ ਸਨ ਕਿ ਕਿਸੇ ਨੂੰ ਠੇਕੇ ਹਿੱਸੇ ਤੇ ਦੇ ਆਏ ਸਨ ਇਸ ਬਾਰੇ ਮੈਂ ਕਦੇ ਨਹੀਂ ਸੀ ਪੁੱਛਿਆ।

‘ਚੱਲ ਅੱਜ ਮੇਰੇ ਘਰ ਚੱਲ ਕੇ ਚਾਹ ਪਾਣੀ ਪੀਂਦੇ ਆਂ’ ਧਰਮੇ ਨੇ ਮੈਨੂੰ ਕਿਹਾ।
‘ਨਈ ਯਾਰ ਫਿਰ ਕਿਸੇ ਦਿਨ ਸਈ’ ਮੈਂ ਟਾਲ ਦਿੱਤਾ ਕਿਉਂਕਿ ਮੈਂ ਘਰ ਜਾਕੇ ਖੇਤ ਮੋਟਰ ਵੀ ਚਲਾਉਣੀ ਸੀ। ਹੋਰ ਵੀ ਘਰ ਦੇ ਕੰਮ ਸਨ, ਇਸ ਬਾਣੀਏ ਨੂੰ ਕਿਹੜਾ ਕੋਈ ਕੰਮ ਸੀ।
‘ਮੈ ਕਿਹੜਾ ਰੋਜ਼ ਚਾਹ ਨੂੰ ਆਖਣਾਂ ? ਅੱਜ ਹੜਤਾਲ ਕਰਕੇ ਕਹਿਨਾਂ ਚੱਲ ਤੁਰ’ ਧਰਮਾਂ ਮੇਰੀ ਬਾਂਹ ਫੜਕੇ ਆਵਦੇ ਘਰ ਵੱਲ ਲੈ ਗਿਆ।ਕਿਉਕਿ ਕਾਲਜ ਵਿੱਚ ਅਚਾਨਕ ਹੜਤਾਲ ਹੋ ਗਈ ਸੀ।ਅਸੀ ਸਾਈਕ਼ਲਾਂ ਤੇ ਸੀ ਘਰ ਪਹੁੰਚ ਗਏ।
‘ਅੱਜ ਛੇਤੀ ਆ ਗਿਆ ਪੁੱਤ’ ਧਰਮੇ ਦੀ ਮਾਂ ਨੇ ਦਰਵਾਜ਼ਾ ਖੋਲਦੀ ਹੋਈ ਨੇ ਕਿਹਾ ਹੱਥ ਵਿੱਚ ਗੁਟਕਾਂ ਸੀ ਲਗਦਾ ਸੀ ਸੁਖਮਨੀ ਸਹਿਬ ਦਾ ਪਾਠ ਕਰ ਰਹੀ ਸੀ। ਮੈ ਝੁਕ ਪੈਰੀ ਹੱਥ ਲਾਇਆ।
‘ਜਿਊਦਾ ਰਹਿ ਪੁੱਤ’ਮਾਂ ਨੇ ਮੇਰਾ ਸਿਰ ਪਲੋਸਦੀ ਹੋਈ ਨੇ ਕਿਹਾ। ਤੇ ਪਾਣੀ ਦੇ ਦੋ ਗਲਾਸ ਦੇ ਕੇ ਚਾਹ ਬਨਾਉਣ ਲੱਗ ਪਈ।ਅਸੀ ਦੋਵੇ ਇੱਕ ਕਮਰੇ ਵਿੱਚ ਬੈਠੇ ਸੀ। ਕਮਰੇ ਵਿੱਚ ਵੱਢੀਆਂ ਵੱਢੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਲਾਈਆਂ ਸਨ ਤੇ ਧੂਫ ਬੱਤੀ ਕੀਤੀ ਹੋਈ ਸੀ ਧੂਫ ਦੀ ਖੁਸਬੋ ਨਾਲ ਕਮਰਾ ਮਹਿਕ ਰਿਹਾ ਸੀ। ਘਰ ਛੋਟਾ ਸੀ ਮੈ ਸੋਚਦਾ ਸੀ ਕਿ ਐਡੇ ਛੋਟੇ ਘਰ ਵਿੱਚ ਗੁਜ਼ਾਰਾ ਕਿਵੇ ਕਰਦੇ ਹੋਣਗੇ?ਪਰ ਇਹਨਾਂ ਦੇ ਕਿਹੜਾ ਮਹੀਆਂ ਗਾਈਆਂ ਹਨ ਜਿਹਨਾਂ ਵਾਸਤੇ ਵੱਢਾ ਘਰ ਚਾਹੀਦਾ ਹੈ।
‘ਤੂੰ ਪੁੱਤ ਧਰਮੇ ਨਾਲ ਪੜਦੈ? ਧਰਮੇ ਦੀ ਮਾਂ ਨੇ ਮੈਨੂੰ ਪੁੱਛਿਆ।
‘ਹਾਂ ਬੇਬੇ ਅਸੀ ਤਿੰਨਾਂ ਸਾਂਲਾਂ ਤੋ ਕੱਠੇ ਈ ਪੜਦੇ ਆਂ'
‘ਪਰ ਘਰ ਤਾਂ ਏਹ ਅੱਜ ਈ ਲੇਕੈ ਆਇਆ’ ਮਾਂ ਨੇ ਕਿਹਾ।
‘ਏਹ ਤਾਂ ਅੱਜ ਵੀ ਨੀ ਸੀ ਆਉਦਾ ਕ੍ਹੈਦਾ ਮੈ ਛੇਤੀ ਘਰ ਜਾਣਾਂ ਖੇਤ ਜਾ ਕੇ ਮੋਟਰ ਚਲਾਉਣੀ ਆ’ ਧਰਮੇ ਨੇ ਕਿਹਾ।
‘ਕੀ ਗੱਲ ਪੁੱਤ ਹੋਰ ਕੋਈ ਘਰ ਨੀ?’ ਮਾਂ ਨੇ ਕਿਹਾ।
‘ਨਈ’ਮੈ ਕਿਹਾ।
‘ਤੇਰਾ ਬਾਪੂ ਘਰ ਨੀ ਕਿਤੇ ਗਿਆ?’
‘ਹਾਂ’
‘ਕਿੱਥੇ?’
‘ਉਹ ਤਾਂ ਮੈਨੁੰ ਦੋ ਸਾਲ ਦੇ ਨੂੰ ਛੱਡ ਕੇ ਇਸ ਦੁਨੀਆਂ ਤੋ ਕੂਚ ਕਰ ਗਿਆ ਸੀ'
‘ਤੇ ਮਾਂ'?
‘ਊਸਨੂੰ ਸਾਲ ਕੁ ਹੋ ਮਰੀ ਨੂੰ ਡੈਡੀ ਦਾ ਫਿਕਰ ਕਰਕੇ ਬੀਮਾਰ ਰਹਿੰਦੀ ਸੀ’ ਇਹ ਆਖ ਕੇ ਮੈ ਨੀਵੀ ਪਾ ਲਈ।
‘ਇਹ ਹੁਣ ਦਾਦਾ ਦਾਦੀ ਕੋਲ ਰਹਿੰਦਾ ਮਾਂ’ ਧਰਮੇ ਨੇ ਵਾਕ ਪੂਰਾ ਕੀਤਾ।
‘ਗਲਤੀ ਹੋਗੀ ਪੁੱਤ! ਪਰ ਧਰਮੇ ਨੇ ਤਾਂ ਕਿਤੇ ਤੇਰੇ ਬਾਰੇ ਕੋਈ ਗੱਲ ਨੀ ਦੱਸੀ’
‘ਮੈ ਕੀ ਦਸਦਾ?’
‘ਤੇਰਾ ਕੋਈ ਹੋਰ ਭਰਾ ਭੈਣ?’ਮਾਂ ਨੇ ਪੁੱਛਿਆ।
‘ਬੇਬੇ ਸਵਾ ਲੱਖ ਈ ਆਂ' 
‘ਹੈ!’ਬੇਬੇ ਸੁਣਕੇ ਸੁੰਨ ਹੋ ਗਈ ਬੇਬੇ ਦਿਲ ਵਿੱਚ ਸੋਚ ਰਹੀ ਸੀ ਕਿ ਇਸ ਗੌਰਮਿੰਟ ਨੇ ਫੈਮਲੀ ਪਲਾਨਿਗ ਬਣਾਂ ਕੇ ਘਰਾਂ ਦੇ ਘਰ ਉਜਾੜ ਦਿੱਤੇ ਸਾਰਿਆਂ ਦੇ ਇੱਕ ਇੱਕ ਟਿੰਗ!ਜਿਹਨਾਂ ਦਾ ਇੱਕੋ ਸੀ ਮਰ ਗਿਆ ਤੋ ਹੋਰ ਹੋਣ ਦੀ ਆਸ ਨੀ ਉਹ ਕਿੱਧਰ ਜਾਊ?ਦੀਵਾ ਗੁੱਲ ਚੁੱਲਾ ਠੰਢਾ!ਮੈ ਤਾਂ ਧਰਮੇ ਨੂੰ ਆਖ ਦੇਣਾਂ ਪੁੱਤ ਮੈਨੂੰ ਤਾਂ ਚਾਰ ਪੰਜ ਪੋਤੇ ਪੋਤੀਆਂ ਚਾਹੀਦੇ ਹਨ। ਦੱਸੋ ਇਹ ਵਿਚਾਰਾ ਇਕੱਲਾ ਕੀ ਕਰੂਗਾ ਮਾ ਬਾਪ ਤੁਰ ਗਏ ਦਾਦਾ ਦਾਦੀ ਕਦੋ ਕੁ ਤੱਕ ਬੈਠੇ ਰਹਿਣਗੇ। ਜੇ ਕੰਨ ਪਾਟੀ ਚੰਗੀ ਆ ਗਈ ਤਾਂ ਠੀਕ ਨਹੀ ਤਾਂ ਝੁੱਗਾ ਚੌੜ!ਬੇਬੇ ਸੋਚਾਂ ਵਿੱਚ ਗੋਤੇ ਖਾ ਰਹੀ ਸੀ।
‘ਮਾਂ ਕੀ ਸੋਚਣ ਲੱਗਪੀ’ਧਰਮੇ ਨੇ ਕਿਹਾ।
‘ਕੁਛ ਨੀ ਪੁੱਤ ਚੱਲ ਏਹਨੂੰ ਜਾਣ ਦੇ,ਪੁਤ ਕਦੇ ਕਦਾਈ ਆ ਕੇ ਰੋਟੀ ਖਾ ਜਾਇਆ ਕਰ’ ਮਾਂ ਨੇ ਕਿਹਾ ਮੈ ਚਾਹ ਪੀ ਕੇ ਸਤਿ ਸ੍ਰੀ ਅਕਾਲ ਬਲਾ ਕੇ ਪਿੰਡ ਆ ਗਿਆ।ਕਦੇ ਕਦਾਈ ਧਰਮੇ ਦੀ ਮਾਂ ਮੇਰੇ ਵਾਸਤੇ ਕੁਛ ਨਾਂ ਕੁਛ ਖਾਂਣ ਨੂੰ ਬਣਾਂ ਕੇ ਭੇਜ ਦਿੰਦੀ। ਮੈ ਖੇਤੋ ਕਦੇ ਗੰਨੇ ਕਦੇ ਸਾਗ ਦੇ ਦਿੰਦਾ। ਮਜਬੀਆਂ ਦਾ ਮੁੰਡਾ ਸਾਡੇ ਪੁਸ਼ਤੋ ਪੁਸ਼ਤੀੰ ਰੱਖਿਆ ਸੀ ਤਿੰਨ ਪੀਹੜੀਆਂ ਇਸ ਟੱਬਰ ਨੂੰ ਸਾਡੇ ਘਰ ਹੋ ਗਈਆਂ ਸਨ।ਇਸ ਕਰਕੇ ਇਸਨੂੰ ਕੰਮ ਦੱਸਣ ਦੀ ਲੋੜ ਨਹੀ ਸੀ। ਕਿਉਕਿ ਇਸਨੂੰ ਅਸੀ ਕਦੇ ਨੌਕਰ ਨਹੀ ਸੀ ਸਮਝਿਆ ਇਹ ਰਾਤ ਨੂੰ ਸੌਦਾ ਵੀ ਸਾਡੇ ਘਰ ਹੀ ਸੀ। ਖੇਤ ਇਸਦੇ ਸੌਕ ਨਾਲ ਕਬੂਤਰ ਵੀ ਰੱਖੇ ਹੋਏ ਸਨ।ਮੈ ਬਥੇਰਾ ਕਹਿਣਾਂ ਕਿ ਕਬੂਤਰਾਂ ਦੀ ਬਜਾਏ ਕੁੱਕੜ ਰੱਖ ਆਂਡੇ ਖਾ ਲਿਆ ਕਰ।ਪਰ ਉਹ ਕਹਿੰਦਾ ਨਹੀ 
‘ਬਾਈ ਕੁੱਕੜ ਪਸੂਆਂ ਦੀਆਂ ਖੁਰਨੀਆਂ ਵਿੱਚ ਬਿੱਠਾਂ ਕਰ ਦਿੰਦੇ ਹਨ ਨਾਲੇ ਪੱਠੇ ਖਿਲਾਰ ਕੇ ਖੁਰਨੀਆਂ ਵਿੱਚ ਬਾਹਰ ਮਾਰਦੇ ਹਨ,ਕਬੂਤਰਾਂ ਦਾ ਕੋਈ ਦੁੱਖ ਨਹੀ ਸਵੇਰੇ ਉਡਕੇ ਤੇ ਸ਼ਾਂਮ ਨੂੰ ਆ ਜਾਦੇ ਆ ਮੈਨੂੰ ਕਬੂਤਰਾਂ ਨਾਲ ਪਿਆਰ ਆ’
ਕਦੇ ਕਦੇ ਸਾਂਥੋ ਚੋਰੀ ਸ਼ਰਾਬ ਵੀ ਕੱਢ ਲੈਦਾ ਪਰ ਆਦੀ ਨਹੀ ਸੀ ਬੱਸ ਝੋਨੇ ਤੇ ਕਣਕ ਵੇਲੇ ਕੰਬਾਈਨ ਵਾਲਿਆਂ ਨੁੰ ਖੁਸ਼ ਕਰਨ ਵਾਸਤੇ।ਕਦੇ ਕਦਾਈ ਮੇਰਾ ਮਾਮਾ ਆਉਦਾ ਹੁੰਦਾ ਸੀ ਉਸਨੂੰ ਘਰ ਦੀ ਸ਼ਰਾਬ ਪਿਆ ਕੇ ਨਿਹਾਲ ਕਰ ਦਿੰਦਾ,ਪਰ ਜਦੋ ਦੀ ਮੇਰੀ ਮੰਮੀ ਸਵ੍ਰਗਵਾਸ ਹੋ ਗਈ ਉਦੋ ਦਾ ਮਾਮਾ ਵੀ ਨਹੀ ਆਉਦਾ। ਮੈ ਕਈ ਵਾਰ ਸੋਚਦਾ ਕਿ ਵਾਹੀ ਛੱਡ ਦੇਈਏ ਤੇ ਪੈਲੀ ਠੇਕੇ ਤੇ ਦੇ ਦੇਈਏ ਪਰ ਸੀਰੀ ਕਹਿ ਦਿੰਦਾ ਵਾਹੀ ਤਾਂ ਮੈ ਕਰਨੀ ਹੈ ਤੁਸੀ ਨਹੀ ਜੇ ਘਾਟਾ ਪੈ ਗਿਆ ਤਾ ਦੱਸੋ ਵੈਸੈ ਸੀਰੀ ਠੀਕ ਹੀ ਕਹਿੰਦਾ ਸੀ ਲੋਕਾਂ ਦੇ ਪੈਸੈ ਸਿਰ ਟੁਟਦੇ ਸਨ ਪਰ ਸਾਡਾ ਹਿਸਾਬ ਪੂਰਾ ਹੋ ਕੇ ਚਾਰ ਪੇਸੈ ਬਚ ਜਾਦੇ ਸਨ ਬਚੇ ਪੈਸਿਆਂ ਦੇ ਸਾਡਾ ਸੀਰੀ ਦੋ ਤਿੰਨ ਕਿੱਲੇ ਠੇਕੇ ਤੇ ਲੈ ਲੈਦਾ। ਫਾਈਨਲ ਦਾ ਸਾਲ ਸੁਰੂ ਹੀ ਹੋਇਆ ਸੀ। ਸਾਨੂੰ ਦੋਹਾਂ ਦੋਸਤਾਂ ਨੂੰ ਮਿਲੇ ਬਗੈਰ ਚੈਨ ਨਹੀ ਸੀ ਆਉਦਾ। ਜਦੋ ਕਿਤੇ ਮੈ ਦੋ ਕੁ ਦਿਨ ਨਾਂ ਕਾਲਜ ਆਉਦਾ ਤਾਂ ਧਰਮਾਂ ਸਾਡੇ ਪਿੰਡ ਮੇਰਾ ਪਤਾ ਕਰਨ ਜਾਂਦਾ।ਕਈ ਜੋ ਸਾਨੂੰ ਨਹੀ ਜਾਣਦੇ ਸਨ ਉਹ ਸਾਨੂੰ ਸਕੇ ਭਰਾ ਸਮਝਦੇ। ਅਸੀ ਕੰਟੀਨ ਵਿੱਚ ਚਾਹ ਪੀ ਰਹੇ ਸੀ।
‘ਯਾਰ ਆਹ ਨਵੀ ਆਈ ਕੁੜੀ ‘ਨੀਲੀ’ ਆਪਣੇ ਦੋਹਾਂ ਵੱਲ ਬੌਤ ਜਾਦਾ ਦੇਖਦੀ ਆ’ਧਰਮੇ ਨੇ ਮੈਨੂੰ ਕਿਹਾ। 
‘ਯਾਰ ਏਹ ਗੱਲ ਮੈ ਵੀ ਨੋਟ ਕੀਤੀ ਸੀ ਕਿ ਨਵੀ ਆਈ ਕੁੜੀ ਸਾਡੇ ਦੋਹਾਂ ਵੱਲ ਬਹੁਤ ਦੇਖਦੀ ਆ ਹਾਏ ਹੈਲੋ ਵੀ ਕਰਦੀ ਆ ਪਰ ਪੰਜਾਬੀ ਪੰਜਾਬ ਦੀ ਪੰਜਾਬੀ ਨਹੀ’
‘ਚੱਲ ਯਾਰ ਆਪਾਂ ਕੀ ਲੈਣਾਂ’ਮੈ ਕਿਹਾ।
‘ਕਿਤੇ ਆਪਾਂ ਨੂੰ ਪਿਆਰ ਨਾਂ ਕਰਦੀ ਹੋਵੇ’ਧਰਮੇ ਨੇ ਉਸ ਵੱਲ ਚੋਰੀ ਅੱਖ ਨਾਲ ਦੇਖਦੇ ਹੋਏ ਨੇ ਕਿਹਾ। ਨੀਲੀ ਵੀ ਸਾਡੇ ਵੱਲ ਚੋਰੀ ਅੱਖ ਨਾਲ ਦੇਖ ਰਹੀ ਸੀ ।
‘ਨਾਂ ਭਰਾਵਾ ਪ੍ਰੇਮ ਪਰੂਮ ਦਾ ਚੱਕਰ ਆਪਾਂ ਨੀ ਪੈਣਾਂ’
‘ਕਿਓ ਜੱਟ ਹੋ ਕੇ ਡਰਦੈ’
‘ਭਰਾਵਾ ਡਰ ਈ ਠੀਕ ਆ’
‘ਮੈ ਬਾਣੀਆ ਹੋ ਕੇ ਨੀ ਡਰਦਾ’
‘ਜੱਟ ਕਰਕੇ ਤਾਂ ਡਰਦਾ ਕਿ ਜੇ ਇਸ ਨਾਲ ਗੱਲ ਕਰ ਲਈ ਫਿਰ ਮੇਰੇ ਕੋਲੋ ਮਹਾਜਨਾਂ ਵਾਂਗੂੰ ਪਿੱਛੇ ਨੀ ਹਟਿਆ ਜਾਂਣਾਂ’
‘ਲੈ ਚੀਜ ਚੰਗੀ ਲਗੇ ਰੱਖ ਲੋ ਨਈ ਤਾਂ ਬਦਲੀ’
‘ਹਾਂ! ਏਹ ਕੋਈ ਗੁੜ ਚਾਹ ਨਾਂ'
‘ਅੱਜ ਕੱਲ ਏਵੇ ਚਲਦਾ’
‘ਨਾਂ ਭਰਾਵਾ ਲਾਊਗਾ ਤਾਂ ਤੋੜ ਨਿਭਾਊਗਾ ਨਈ ਤਾਂ ਦੂਰੋ ਸਾਸਰੀਕਾਲ’
‘ਆ ਗਿਆ ਵੱਢਾ ਰਾਂਝਾਂ’
‘ਧਰਮਿਆ ਲੋਕਾਂ ਨੇ ਐਵੈ ਨੀ ਕਿਹਾ 
“ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨੀ ਵਿਚਾਲਿਓ ਟੁਟਦੇ”
ਮੈ ਕਿਹਾ ਤੇ ਕਲਾਸ ਵਿੱਚ ਬੈਠ ਗਏ ਨੀਲੀ ਦਾ ਧਿਆਨ ਪੜਨ ਵਿੱਚ ਘੱਟ ਤੇ ਮੇਰੇ ਵੱਲ ਜਿਆਦਾ ਸੀ।ਕੁੜੀ ਬਹੁਤ ਸੋਹਣੀ ਸੀ ਪਰ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਅੰਦਰੋ ਦੁਖੀ ਲਗਦੀ ਸੀ। ਕਾਲਜ ਵਿੱਚ ਛੁੱਟੀ ਹੋ ਗਈ। ਮੈ ਸਾਈਕਲ ਤੇ ਪਿੰਡ ਆ ਗਿਆ ਉਸ ਕੁੜੀ ਦੀ ਸ਼ਕਲ ਮੇਰੇ ਮਨ ਤੋ ਨਹੀ ਸੀ ਉਤਰ ਰਹੀ।ਮੈ ਬਥੇਰਾ ਮਨ ਨੂੰ ਸਮਝਾਇਆ। ਪਰ ਮਨ ਬਾਂਦਰ ਹੈ ਟਪੂਸੀਆਂ ਮਾਰਨੋ ਨਹੀ ਹਟਦਾ।ਪਰ ਕੁੜੀ ਤਾਂ ਆਪ ਹੀ ਮੇਰੇ ਵੱਲ ਵੇਖਦੀ ਰਹਿੰਦੀ ਆ ਮੈ ਤਾਂ ਕਦੇ ਕਿਸੇ ਕੁੜੀ ਵੱਲ ਦੇਖਿਆ ਕਿਉਕਿ ਮੈ ਪਿਆਰ ਵਿਆਰ ਦੇ ਚੱਕਰ ਤੋ ਡਰਦਾ ਸੀ। ਕਿਉਕਿ ਮੇਰੇ ਸਿਰ ਤੇ ਕਿਹੜਾ ਪਿਓ ਦਾ ਹੱਥ ਸੀ ਕਿ ਜੇ ਹਵੀ ਨਵੀ ਹੋ ਗਈ ਤਾਂ ਬਾਪ ਸੰਭਾਲ ਲਵੇਗਾ। ਇਸ ਕਰਕੇ ਮੈ ਦੂਜੇ ਮੁੰਡਿਆ ਦੀ ਨਕਲ ਕਰਕੇ ਕੁੜੀਆਂ ਪਿੱਛੇ ਕੁੱਤਿਆਂ ਵਾਂਗੂੰ ਨਹੀ ਸੀ ਫਿਰਦਾ। ਯਾਰੀ ਲਾਕੇ ਜੇ ਨਾਂ ਨਿਭੀ ਥਾ ਫਿਰ ਕੀ ਹੋਓ ਕਿਉਕਿ-
‘ਬੂਹੇ ਮਾਰ ਕੱਲੇ ਪਏ ਰੋਦੇ ਦੁੱਖ ਭੈੜੈ ਯਾਰੀਆਂ ਦੇ’
ਇਕ ਦਿਨ ਧਰਮਾਂ ਬੀਮਾਰ ਹੋਣ ਕਰਕੇ ਕਾਲਜ ਨਹੀ ਆਇਆ। ਪੀਰਡ ਖਤਮ ਹੋਣ ਤੋ ਬਾਅਦ ਨੀਲੀ ਨੇ ਮੇਰੇ ਵੱਲ ਦੇਖਕੇ ਹੱਸਕੇ ਨੀ ਵੀ ਪਾ ਲਈ। ਮੈ ਹਾਸੇ ਦਾ ਜਵਾਬ ਹਾਸੇ ਵਿੱਚ ਦੇ ਦਿੱਤਾ।ਕੁੜੀ ਦਾ ਮੂੰਹ ਲਾਲ ਹੋ ਗਿਆ।ਉਸਦੇ ਦਿਲ ਵਿੱਚ ਜਿਵੇ ਕੋਈ ਭੁਚਾਲ ਆ ਗਿਆ ਹੋਵੇ।ਉਸਨੇ ਫਿਰ ਮੇਰੇ ਵੱਲ ਵੇਖਿਆ ਮੈ ਹੱਥ ਗਲਾਸ ਵਾਂਗੁੰ ਬਣਾਂ ਕੇ ਮੂੰਹ ਨਾਲ ਲਾਇਆ ਜਿਸਦਾ ਮਤਲਬ ਸੀ ਚਾਹ ਇਕੱਠੇ ਪੀਵਾਂਗੇ। ਪੀਰਡ ਖਤਮ ਹੋਣ ਤੋ ਬਾਅਦ ਅਸੀ ਚਾਹ ਪੀਣ ਕੰਟੀਨ ਤੇ ਚਲੇ ਗਏ।ਦੋ ਕੱਪ ਚਾਹ ਦੇ ਲੈਕੇ ਪੀਣ ਲੱਗ ਪਏ ਦੋਨੋ ਚੁੱਪ ਚਾਪ ਚਾਹ ਪੀ ਰਹੇ ਸੀ ਕੋਈ ਗੱਲ ਸੁਰੂ ਕਰਨ ਨੂੰ ਤਿਆਰ ਨਹੀ ਸੀ।ਆਖਰ ਮੈ ਹੀ ਚੁੱਪ ਤੋੜੀ।
‘ਨੀਲੀ ਨਾਂ ਬੌਤ ਸ੍ਹੋਣਾਂ’
‘ਕਰਨ’ ਨਾਂ ਵੀ ਮਾੜਾ ਨੀ ਮਹਾਂਭਾਰਤ ਵਿੱਚ ‘ਕਰਨ’ ਸਭ ਤੋ ਸ਼ਕਤੀਸ਼ਾਲੀ ਸੀ'
‘ਮੈ ਮਹਾਂਭਾਰਤ ਵਾਲਾ ਕਰਨ ਨੀ’
‘ਵੈਸੈ ਤੁਹਾਡਾ ਨਾਂ ‘ਜਸਕਰਨ’ ਹੈ ਏਹ ਵੀ ਮਾੜਾ ਨੀ’
‘ਤੁਸੀ ਕਿੱਥੋ ਦੇ ਰਹਿਣ ਵਾਲੇ ਹੋ ਤੁਹਾਡੀ ਜ਼ਬਾਨ ਪੰਜਾਬ ਵਾਲੀ ਪੰਜਾਬੀ ਨੀ’
‘ਏਹ ਇੱਕ ਲੰਬੀ ਕਹਾਣੀ ਹੈ'
‘ਕਿੰਨੀ ਕੁ ਲੰਮੀ?’ਮੈ ਪੁੱਛਿਆ ਤਾਂ ਅਗਲੇ ਪੀਰਡ ਸੁਰੂ ਹੋ ਗਿਆ ਅਸੀ ਕਲਾਸ ਵਿੱਚ ਆ ਗਏ। ਕਾਲਜ ਤੋ ਛੁੱਟੀ ਹੋ ਗਈ ਉਹ ਆਵਦੇ ਘਰ ਤੇ ਮੈ ਆਵਦੇ ਘਰ ਆ ਗਿਆ।ਮੈ ਰਾਤ ਭਰ ਨੀਲੀ ਬਾਰੇ ਸੋਚਦਾ ਰਿਹਾ ਕਿ ਕੀਤਾ ਜਾਵੇ।ਰਾਂਝੇ ਵਾਂਗੂੰ ਇਸ਼ਕ ਕਰਨਾਂ ਮੇਰੇ ਵੱਸ ਦੀ ਗੱਲ ਨਹੀ ਸੀ ਕਿਉਕਿ ਘਰ ਕੰਮ ਕਰਨ ਨੂੰ ਮੇਰੇ ਚਾਰ ਪੰਜ ਭਰਾ ਨਹੀ ਸਨ ਤੇ ਨਾਂ ਹੀ ਨੀਲੀ ਕੋ ਹੀਰ ਵਾਂਗੂੰ ਮਹੀਆਂ ਸਨ ਕਿ ਮੈ ਮੋੜਾਂ ਤੇ ਖੜਕੇ ਆਸ਼ਕ ਬਣਾਂ।ਪਰ ਲਗਦਾ ਸੀ ਕਿ ਨੀਲੀ ਮੈਨੂੰ ਜਰੂਰ ਆਸ਼ਕ ਬਣਾਊਗੀ।
ਦੂਜੇ ਦਿਨ ਧਰਮਾਂ ਵੀ ਆ ਗਿਆ ਮੈ ਸਾਰੀ ਗੱਲ ਧਰਮੇ ਨੂੰ ਦੱਸੀ।
‘ਜਾ ਓਏ ਜੱਟ ਹੋਕੇ ਬਾਣੀਆਂ ਵਾਲੀਆਂ ਗੱਲਾਂ ਕਰਦਾ ਜੇ ਨੀਲੀ ਤੇਰੇ ਤੇ ਆਸ਼ਕ ਹੈ ਫਿਰ ਝੱਟ ਮੰਗਣੀ ਪੱਟ ਸ਼ਾਦੀ! ਪੜਕੇ ਆਪਾਂ ਕੇੜਾ ਜੱਜ ਲੱਗ ਜਾਣਾ ਤੂੰ ਟ੍ਰੈਕਟਰ ਤੇ ਮੈ ੱਤੱਕੜੀ ਫੜ ਲੈਣੀ ਆ’
‘ਨਾਂ ਭਰਾਵਾ ਮੇਰੇ ਵਿੱਚ ਆਪ ਗੱਲ ਕਰਨ ਦੀ ਹਿੰਮਤ ਨੀ ਜੇ ਤੂੰ ਆਵਦੀ ਭਾਬੀ ਬਨਾਉਣੀ ਆ ਜਾਂ ਬਹੂ ਬਨਾਉਣੀ ਆ ਤਾਂ ਤੂੰ ਗੱਲ ਕਰ’
‘ਯਾਰ ਗੱਲ ਠੀਕ ਆ ਜੇ ਜੱਟਾਂ ਦੀ ਹੋਈ ਤਾਂ ਮੇਰੀ ਜੇ ਬਾਣੀਆਂ ਦੀ ਹੋਈ ਤਾਂ ਤੇਰੀ’
‘ਚੱਲ ਆਪਾਂ ਕੰਟੀਨ ‘ਚ’ ਗੱਲ ਕਰਾਂਗੇ’ਆਖਕੇ ਅਸੀ ਦੋਵੇ ਕੰਟੀਨ ਵਿੱਚ ਚਲੇ ਗਏ ਨੀਲੀ ਨੂੰ ਮੈ ਇਸ਼ਾਰਾ ਕਰਕੇ ਬੁਲਾ ਲਿਆ।
‘ਸਾਸਰੀ ਕਾਲ ਜੀ'ਅਸੀ ਦੋਵਾਂ ਨੇ ਖੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਉਸਨੇ ਸਿਰ ਹਿਲਾ ਕੇ ਜਵਾਬ ਦਿੱਤਾ।
‘ਏਹ ਮੇਰਾ ਦੋਸਤ ਧਰਮਾਂ’ਮੈ ਜਾਣ ਪਛਾਂਣ ਕਰਾਉਣ ਵਾਸਤੇ ਜਾਂ ਗੱਲ ਸੁਰੂ ਕਰਨ ਵਾਸਤੇ ਕਿਹਾ।
‘ਜਾਣਦੀ ਆਂ'ਨੀਲੀ ਨੇ ਕਿਹਾ।
‘ਤੁਸੀ ਕੁਛ ਦੱਸਣ ਵਾਸਤੇ ਕਹਿ ਰਹੇ ਸੀ’ਮੈ ਕਿਹਾ।
‘ਹਾਂ ਪਰ ਮੇਰੀ ਸਟੋਰੀ ਸੁਣਨ ਵਾਸਤੇ ਪੀਰਡ ਮਿੱਸ ਕਰਨਾਂ ਪਵੇਗਾ’
‘ਠੀਕ ਆ ਕੋਈ ਗੱਲ ਨੀ'ਧਰਮੇ ਨੇ ਕਿਹਾ ਦਿਲ ਵਿੱਚ ਕਿਹਾ ਤੇਰੇ ਵਾਸਤੇ ਸਾਲ ਮਿੱਸ ਕਰ ਦੇਈਏ ਪੀਰਡ ਕੀ ਚੀਜ਼ ਆ। ਉਸਨੇ ਲੰਮਾਂ ਸਾਹ ਲੈਕੇ ਗੱਲ ਸੁਰੂ ਕੀਤੀ।
‘ ਮੈ ਚੰਡੀਗੜ ਆਵਦੇ ਮਾਮੇ ਕੋਲ ਪੜਨ ਆਈ ਆ। ਮੇਰੀ ਮਾਂ ਹਿੰਦੂ ਸੀ ਪਰ ਪਿਓ ਸਿੱਖ।ਮੇਰਾ ਡੇਡੀ ਫੌਜ ਵਿੱਚ ਸੀ। ਮੇਰੇ ਡੈਡੀ ਜੀ ਦੀ ਬਦਲੀ ਕਸ਼ਮੀਰ ਵਿੱਚ ਹੋ ਗਈ ਕਾਫੀ ਚਿਰ ਕਸ਼ਮੀਰ ਵਿੱਚ ਰਹੇ ਉਥੇ ਹੀ ਸ਼ਾਦੀ ਕਰ ਲਈ। ਮੈ ਉਹਨਾਂ ਦੀ ਇਕਲੌਤੀ ਬੇਟੀ ਹਾਂ।
‘ਮਤਲਬ ਤੁਸੀ ਗੁਰੂ ਕੇ ਸਿੱਖ ਹੋ’ਮੈ ਪੁੱਛਿਆ।
‘ਹਾਂ ਵੈਸੈ ਵੀ ਮੇਰੇ ਮਾਮਾ ਮਾਮੀ ਸਰਦਾਰ ਹਨ ਓਹ ਹਮੇਸਾ ਗੁਰਦਵਾਰੇ ਜਾਂਦੇ ਹਨ’
‘ਲੈ ਵਈ ਤੇਰਾ ਨੰਬਰ ਕੱਟ’ਮੈ ਹੌਲੀ ਦੇਣੇ ਧਰਮੇ ਵੱਲ ਦੇਖਕੇ ਵੱਖੀ ਵਿੱਚ ਕੂੰਹਣੀ ਮਾਰਕੇ ਧਰਮੇ ਨੂੰ ਕਿਹਾ।
‘ਤੁਸੀ ਮੈਨੂੰ ਕੁਛ ਕਿਹਾ’ਨੀਲੀ ਨੇ ਫਟਾ ਫਟ ਪੁੱਛਿਆ।
‘ਨਈ ਨਈ ਵੈਸੈ ਈ ਤੁਸੀ ਅੱਗੇ ਦੱਸੋ’ਮੈ ਛੇਤੀ ਗੱਲ ਨੂੰ ਮੋੜਾ ਦਿੱਤਾ।
‘ਮੇਰੇ ਡੈਡੀ ਫੌਜ ਵਿੱਚੋ ਮੇਜਰ ਸਾਹਬ ਦੀ ਪਿਨਸ਼ਨ ਲੈਕੇ ਦਿੱਲੀ ਆ ਗਏ,ਦਿੱਲੀ ਆਕੇ ਗੱਡੀਆਂ ਦੇ ਸਪੇਅਰ ਪਾਰਟਾਂ ਦੀ ਦੁਕਾਨ ਖੋਲ ਲਈ ਦੁਕਾਨ ਉਤੇ ਹੀ ਸਾਡਾ ਘਰ ਸੀ।ਮਾਂ ਕੈਸਰ ਦੀ ਬੀਮਾਰੀ ਨਾਲ ਮਰ ਗਈ। ਮੈ ਤੇ ਡੈਡੀ ਇਕੱਲੇ ਰਹਿ ਗਏ। ਡੈਡੀ ਕੋਲ ਦੋ ਤਿੰਨ ਸੌ ਪੰਦਰਾਂ ਬੋਰ ਰਫਲਾਂ ਤੇ ਇੱਕ ਪੰਤਾਲੀ ਬੋਰ ਦਾ ਪਿਸਟਲ ਸੀ,ਹਾ਼ਲਾਂ ਕਿ ਪੰਤਾਲੀ ਬੋਰ ਦਾ ਪਿਸਟਲ ਰੱਖਣ ਦਾ ਹੱਕ ਨਹੀ ਸੀ ਪਰ ਫੌਜੀ ਹੋਣ ਕਰਕੇ ਮੇਰੇ ਡੈਡੀ ਕੋਲ ਸੀ ਡੈਡੀ ਦਸਦੇ ਹੁੰਦੇ ਸਨ ਕਿ ਇਹ ਪਿਸਟਲ ਮੇਰਾ ਪੜਦਾਦਾ ਜਰਮਨ ਵਿੱਚੋ ਲੈਕੇ ਆਇਆ ਸੀ’
‘ਪੰਤਾਲੀ ਬੋਰ ਪਿਸਤੌਲ ਕਿਹੋ ਜਿਆ ਹੁੰਦਾ?’ ਧਰਮੇ ਨੇ ਪੁੱਛਿਆ।
‘ਪੰਤਾਲੀ ਬੋਰ ਦੀ ਗੋਲੀ ਬੱਤੀ ਬੋਰ ਨਾਲੋ ਮੋਟੀ ਹੁੰਦੀ ਆ ਜੇ ਵੱਜ ਜਾਵੇ ਤਾਂ ਪਾੜ ਪਾ ਦਿੰਦੀ ਆ’ਨੀਲੀ ਨੇ ਕਿਹਾ।
‘ਹੋਰ ਪੰਤਾਲੀ ਬੋਰ ‘ਚ’ਕੀ ਫਰਕ ਹੁੰਦਾ ਬੱਤੀ ਬੋਰ ਨਾਲੋ’ ਮੈ ਪੁੱਛਿਆ।
‘ਬੱਤੀ ਬੋਰ ਚਰਖੀ(ਗਰਾਰੀ) ਵਾਲਾ ਹੁੰਦਾ ਇਸਨੂੰ ਰੀਵਾਲਵਰ ਕੈਦੇ ਆ ਤੇ .ਪੰਤਾਲੀ ਬੋਰ ਦੇ ਮੈਗਜੀਨ ਲੱਗਾ ਹੁੰਦਾ ਇਸਨੂੰ ਪਿਸਟਲ ਕੇਦੇ ਆ’
‘ਚਲ ਆਪਾਂ ਕੀ ਲੈਣਾਂ ਤੁਸੀ ਗੱਲ ਅੱਗੇ ਤੋਰੋ’ ਧਰਮੇ ਨੇ ਕਿਹਾ।
‘ਮੈ ਵੀ ਅਵਾਦੇ ਡੈਡੀ ਨੂੰ ਇਵੇ ਹੀ ਕਹਿੰਦੀ ਹੁੰਦੀ ਸੀ ਜਦੋ ਮੇਰਾ ਡੈਡੀ ਹਥਿਆਰਾਂ ਬਾਰੇ ਦਸਦੇ ਹੁੰਦੇ ਸੀ,ਪਰ ਇਸ ਜੁੱਗ ਵਿੱਚ ਹਥਿਆਂਰਾਂ ਬਾਰੇ ਜਾਣਕਾਰੀ ਹੋਣੀ ਜਰੂਰੀ ਆ ਮੇਰੇ ਨਾਂ ਚਾਹੁੰਦੇ ਹੋਏ ਵੀ ਮੇਰੇ ਡੈਡੀ ਨੇ ਮੈਨੂੰ ਸਹੀ ਨਿਸ਼ਾਂਨਾਂ ਲਗਦਉਣਾਂ ਸਖਾਇਆ,1984 ਵਿੱਚ ਅਸੀ ਆਵਦੇ ਘਰ ਸੁਖੀ ਵਸਦੇ ਸੀ ਇੰਦਰਾ ਗਾਂਧੀ ਮਰਨ ਤੋ ਬਾਅਦ ਸਾਰੇ ਸ੍ਹੈਰ ਦੇ ਭਈਏ ਸਿੱਖਾਂ ਨੂੰ ਮਾਰ ਰਹੇ ਸਨ ਦੱਸਣ ਦੀ ਲੋੜ ਨੀ ਭਈਆ ਨੇ ਸਾਡੀ ਦੁਕਾਨ ਤੋੜਨੀ ਸੁਰੂ ਕਰ ਦਿੱਤੀ ਮੇਰੇ ਡੈਡੀ ਦੇਖਦੇ ਰਹੇ।ਸਾਡੇ ਦੇਖਦਿਆਂ ਦੇਖਦਿਆਂ ਦੁਕਾਨ ਲੁੱਟ ਲਈ ਗਈ ਫਿਰ ਵਿੱਚੋ ਇੱਕ ਭਈਆ ਬੋਲਿਆ।
‘ਅਰੇ ਸਰਦਾਂਰ ਉਪਰ ਰਹਿਤਾ ਹੈ ਸਰਦਾਰਨੀਆਂ ਹੋਤੀ ਭੀ ਖੂਬਸੂਰਤ ਹੈਂ ਚਲੋ ਉਪਰ ਚੜਤੇ ਹੈ ਤਾਂ ਕੁਛ ਭਈਏ ਪਾਟੀਪਾਂ ਦੇ ਰਸਤੇ ਬਾਂਦਰਾਂ ਵਾਂਗੂੰ ਸਾਡੇ ਘਰ ਵੱਲ ਨੂੰ ਆ ਰਹੇ ਸਨ।ਜਦੋ ਮੇਰੇ ਡੈਡੀ ਨੇ ਦੇਖਿਆ ਤਾਂ ਬੋਲੇ।
‘ਖੜ ਜੌ ਥੌਡੀ ਭੈਣ ਂਨੂੰ ………’
ਭਈਏ ਫਿਰ ਵੀ ਨਾਂ ਰੁਕੇ ਤਾਂ ਮੇਰਾ ਡੈਡੀ ਅੰਦਰੋ ਤਿੰਨ ਸੌ ਪੰਦਰਾਂ ਬੋਰ ਰਾਈਫਲ ਚੱਕ ਲਿਆਏ ਜਿਹੜੇ ਭਈਏ ਚੜੇ ਆ ਰਹੇ ਸਨ ਡੈਡੀ ਨੇ ਫਾਇਰ ਮਾਰ ਕੇ ਡੇਗ ਲਏ ਦੂਜੇ ਸਾਰੇ ਭਈਏ ਭੱਜ ਗਏ,ਏਨੇ ਨੂੰ ਡੈਡੀ ਨੇ ਮੈਂਨੂੰ ਪਿਸਟਲ ਲਿਆ ਕੇ ਦੇ ਦਿੱਤਾ ਇੱਕ ਬੈਗ ਗੋਲੀਆਂ ਦਾ ਭਰ ਕੇ ਦੇ ਦਿੱਤਾ।
‘ਲੈ ਹੁਣ ਸੀਹਣੀ ਬਣ ਕੋਈ ਵੀ ਅੱਗੇ ਆਏ ਸੁੱਕਾ ਨਾ ਜਾਏ’ਡੈਡੀ ਨੇ ਹਦਾਇਤ ਕੀਤੀ। ਮੈ ਪਿਸਟਲ ਫੜ ਲਿਆ।ਉਧਰੋ ਹੋਰ ਭਈਆਂ ਦੀ ਫੌਜ ਵੀ ਆ ਗਈ।ਮੇਰੇ ਡੈਡੀ ਨੇ ਕਿਹਾ ਸੀ ਕਿ ਭਲਾਂ ਕਿੰਨੇ ਵੀ ਆਦਮੀ ਹੋਣ ਡਰਨਾ ਨਹੀ ਇਹਨਾਂ ਵਿੱਚੋ ਇੱਕ ਵੀ ਮਰ ਗਿਆ ਸਾਰੇ ਭੱਜ ਜਾਣਗੇ। ਉਚੀ ਉਚੀ ਬੋਲ ਰਹੇ ਸਨ ‘
ਨਿਕਲ ਬਾਹਰ ਹਰਾਮੀ ਤੁਮ ਲੋਗੋ ਨੇ ਹਮਾਰੀ ਮਾਂ ਮਾਰਦੀ’ਮੇਰੇ ਡੈਡੀ ਫਿਰ ਰਾਈਫਲ ਲੈਕੇ ਬਾਹਰ ਆ ਗਏ।
‘ਖੜ ਜੋ ਥੋਡੀ ਮਾਂ ਨੂੰ………ਆਖਕੇ ਇੱਕ ਭਈਆ ਜੋ ਅਗਵਾਈ ਕਰ ਰਿਹਾ ਸੀ ਉਸਦੀ ਹਿੱਕ ਵਿੱਚ ਗੋਲੀ ਮਾਰੀ ਉਹ ਮੱਛੀ ਵਾਂਗੂੰ ਤੜਫਨ ਲੱਗ ਪਿਆ ਨਾਲਦੇ ਉਸਨੂੰ ਚੱਕ ਕੇ ਲੈ ਗਏ ਡੈਡੀ ਨੇ ਦਿੱਕ ਦੋ ਹੋਰ ਭਈਆਂ ਦੇ ਗੋਲੀਆਂ ਮਾਰੀਆਂ ਦੇਖਦੇ ਦੇਖਦੇ ਸਾਰੇ ਭੱਜ ਗਏ।ਮਹੌਲ ਸਾਂਤ ਹੋ ਗਿਆ ਫਿਰ ਪੁਲੀਸ ਆ ਗਈ । ਉ ਹਨਾਂ ਛੋਟੇ ਸਪੀਕਰ ਵਿੱਚ ਬੋਲ ਦਿੱਤਾ।ਪੁਲੀਸ ਦੇ ਨਾਲ ਭਈਆਂ ਦੀ ਫੌਜ ਵੀ ਸੀ ਜਿਹਨਾਂ ਕੋਲ ਗੰਡਾਸੇ ਟਕੂਏ ਤੇ ਤਰਸੂਲ ਸਨ।
‘ਸਰਦਾਰ ਜੀ ਹਥਿਆਰ ਫੈਕ ਦੋ ਔਰ ਅਪਨੇ ਆਪ ਕੋ ਹਮਾਰੇ ਹਵਾਲੇ ਕਰ ਦੋ’
‘ਕੈਸੈ ਫੈਕੇ ਹਥਿਆਰ ਯੇ ਲੋਗ ਹਮੇ ਮਾਰ ਦੇਗੇ ਪਹਿਲੇ ਇਨਕੇ ਹਥਿਆਰ ਜ਼ਬਤ ਕਰੋ’ਡੈਡੀ ਨੇ ਕਿਹਾ।
‘ਜਬ ਆਪ ਹਥਿਆਰ ਫੈਕੋਗੇ ਤਭੀ ਤੋ ਹਮ ਇਨ ਪਰ ਭੀ ਕਾਰਵਾਈ ਕਰੇਗੇ’
‘ਨਹੀ ਯੇ ਨਹੀ ਹੋ ਸਕਤਾ ਮੈ ਹਥਿਆਰ ਨਹੀ ਫੈਕ ਸਕਤਾ’ਡੈਡੀ ਨੇ ਕਿਹਾ।
‘ਫਿਰ ਹਮਕੋ ਪੁਲੀਸ ਕੀ ਕਾਰਵਾਈ ਕਰਨੀ ਪੜੇਗੀ ਅਬ ਤੋ ਮੈ ਆਪਕੋ ਅਪਨਾਂ ਭਾਈ ਸਮਝ ਕਰ ਆਪਕੀ ਮੱਦਦ ਕਰ ਰਹਾ ਹੂੰ' ਬਹੁੱਤ ਤਰਲੇ ਮਿੰਨਤਾ ਤੋ ਬਾਅਦ ਡੈਡੀ ਨੇ ਆਵਦੀ ਰਾਈਫਲ ਥੱਲੇ ਸਿੱਟ ਦਿੱਤੀ। ਇੱਕ ਪੁਲੀਸ ਵਾਲੇ ਂਨੇ ਭੱਜ ਕੇ ਰਾਈਫਲ ਚੱਕ ਲਈ ਜਿਵੇ ਸਾਰੀ ਗੱਲ ਪਹਿਲਾ ਹੀ ਮਿਥੀ ਹੋਵੇ। ਉਧਰੋ ਪੁਲੀਸ ਇੰਸਪੈਕਟਰ ਨੇ ਇਸ਼ਾਰਾ ਕੀਤਾ ਤਾਂ ਸਾਰੇ ਭਈਏ ਸਾਨੂੰ ਮਾਰਨ ਵਾਸਤੇ ਫਿਰ ਪੌੜੀਆਂ ਦਾ ਦਰਵਾਜਾ ਤੋੜਨ ਲੱਗ ਪਏ ਪੁਲੀਸ ਖੜੀ ਤਮਾਸਾ ਦੇਖਦੀ ਰਹੀ ਡੈਡੀ ਵੀ ਫੌਜੀ ਸਨ ਘਾਟ ਘਾਟ ਦਾ ਪਾਣੀ ਪੀਤਾ ਸੀ ਡੈਡੀ ਦੂਜੀ ਰਾਈਫਲ ਅੰਦਰੋ ਕੱਢ ਲਿਆਏ ਸਭ ਤੋ ਪਹਿਲਾਂ ਪੁਲਸ ਤੇ ਫਾਇਰ ਖੋਲ ਦਿੱਤਾ। ਤੇ ਇੰਨਸਪੈਕਟਰ ਮਾਰਿਆ ਜਿਸਨੇ ਧੋਖੇ ਨਾਲ ਡੈਡੀ ਕੋਲੋ ਰਾਈਫਲ ਸਿਟਵਾਈ ਸੀ। ਇੰਸਪੈਕਟਰ ਦੀ ਵਾਇਰਲੈਸ ਥੱਲੇ ਡਿੱਗ ਪਈ ਡੈਡੀ ਨੇ ਨਿਸ਼ਾਂਨਾ ਲਾਕੇ ਇੱਕ ਫਾਇਰ ਵਾਇਲੈਸ ਤੇ ਮਾਰਿਆ ਵਾਇਰਲੈਸ ਖਿਲਾਰ ਦਿੱਤੀ।ਪੁਲੀਸ ਵਿੱਚ ਅਫਰਾ ਤਫਰੀ ਮੱਚ ਗਈ। ਡੇਡੀ ਨੇ ਚਾਰ ਪੰਜ ਪੁਲੀਸ ਵਾਲੇ ਵੀ ਮਾਰ ਦਿੱਤੇ। ਭਈਏ ਸਾਰੇ ਭੱਜ ਗਏ ਡਰਦੀ ਪੁਲਸ ਵੀ ਡਰਦੀ ਭੱਜ ਗਈ। ਮੈਨੂੰ ਡੈਡੀ ਨੇ ਕਿਹਾ -
‘ਤੂੰ ਪਿਛਲੇ ਰਸਤੇ ਉਤਰ ਕੇ ਚੰਡੀਗੜ ਚਲੀ ਜਾਵੀ ਮੈ ਇਹਨਾਂ ਨਾਲ ਨਿਪਟ ਕੇ ਜੇ ਜਿਊਦਾ ਰਿਹਾ ਤਾਂ ਚੰਡੀਗੜ ਆਉੂਗਾ ਨਹੀ ਮੇਰਾ ਫਿਕਰ ਨਾਂ ਕਰੀ ਮੈ ਲਾਸ਼ਾਂ ਦੇ ਢੇਰ ਲਾਕੇ ਮਰੂੰਗਾ,ਰਾਈਫਲ ਵੀ ਖੂਨ ਦੀ ਧਿਆਈ ਹੈ ਜਿੰਨੇ ਭਈਏ ਮੈ ਮਾਰੂੰਗਾ ਕਿਉਕਿ ਜੇ ਏਹ ਬਚ ਗਏ ਤਾਂ ਏ੍ਹਨਾਂ ਸਿੱਖਾਂ ਨੂੰ ਹੀ ਮਾਰਨਾਂ ਹੈ’
‘ਨਈ ਡੈਡੀ ਤੁਸੀ ਵੀ ਨਾਲ ਚੱਲੋ’ਮੈ ਤਰਲਾ ਮਾਰਿਆ।
‘ਮੈ ਮਦਾਨ ਛੱਡਕੇ ਮੈ ਨੀ ਭੱਜਣਾਂ ਮੇਰੀ ਪੱਚੀ ਸਾਲ ਦੀ ਨੌਕਰੀ ਖੂਹ ਵਿੱਚ ਪਾਉਣੀ ਡਰਕੇ ਭੱਜਕੇ ਓਹ ਵੀ ਏਹਨਾਂ ਬਾਂਦਰਾਂ ਤੋ“ਡੱਬ ਜਾਣਾ ਮੱਛੀਆਂ ਨੂੰ ਭੱਜ ਜਾਣਾਂ ਮਰਦਾ ਨੂੰ ਮਿਹਣਾਂ”

‘………’
‘ਚੱਲ ਜਾ ਛੇਤੀ ਭੱਜ’ਡੈਡੀ ਨੇ ਲਾਲ ਅੱਖਾਂ ਕਰਕੇ ਕਿਹਾ ਐਨਾਂ ਭਿਆਨਕ ਚਿਹਰਾ ਡੈਡੀ ਦਾ ਮੈ ਕਦੇ ਹੀ ਸੀ ਦੇਖਿਆ ਡੈਡੀ ਦੀਆਂ ਅੱਖਾਂ ਵਿੱਚੋ ਜਿਵੇ ਖੂਨ ਚੋ ਰਿਹਾ ਸੀ।ਮੈ ਜਦੋ ਪਤਲੀ ਗਲੀ ਨਿਕਲੀ ਤਾਂ ਫਿਰ ਅੱਗੋ ਭਈਏ ਲਲਕਾਰੇ ਮਾਰਦੇ ਆ ਗਏ ‘ਪਕੜੋ ਸਿੱਖਣੀ ਕੋ ਪਕੜੋ ਸਰਦਾਰਨੀ ਕੋ’ ਮੈਨੂੰ ਤਜਰਬਾ ਹੋ ਚੁੱਕਿਆ ਸੀ ਕਿ ਜੇ ਇੱਕ ਭਈਆ ਮਰ ਜਾਵੇ ਫੇਰ ਕੋਈ ਕੋਲ ਨੀ ਖੜਦਾ ਸੋ ਮੈ ਫਾਇਰ ਖੋਲ ਦਿੱਤਾ ਦੋ ਤਿੰਨ ਭਈਏ ਢੇਰੀ ਕਰ ਦਿੱਤੇ ਸਾਰੀ ਗਲੀ ਵਿੱਚ ਕੋਈ ਨਹੀ ਸੀ ਮੈ ਭੱਜ ਕੇ ਜੀਟੀ ਰੋਡ ਤੇ ਆ ਗਈ। ਇੱਕ ਪੰਜਾਬੀ ਟਰੱਕ ਡਰਾਈਵਰ ਨੇ ਮੈਨੂੰ ਚੰਡੀਗੜ ਪਹੁੰਚਾਇਆ। ਮੇਰੇ ਡੈਡੀ ਫੌਜ ਵਿੱਚੋ ਸਹੀਦੀ ਨਹੀ ਹਾਸਲ ਕਰ ਸਕਿਆ ਪਰ ਆਵਦੇ ਘਰ ਜਿੳੇੁਦੇ ਜੀ ਕਿਸੇ ਨੂੰ ਨੇੜੇ ਨਹੀ ਲੱਗਣ ਦਿੱਤਾ ਨਾਲੇ ਡੈਡੀ ਫਾਇਰ ਕਰ ਰਹੇ ਸਨ ਨਾਲੇ ਗਾਲਾਂ ਕੱਢ ਰਹੇ ਸਨ ਕਿ ਅਸੀ ਤਾਂ ਦੇਸ ਵੀ ਮਿੱਟੀ ਵਿੱਚ ਇੱਕ ਇੰਚ ਦੁਸਮਣ ਨਾਂ ਵਧਣ ਦੇਈਏ ਏਹ ਤਾਂ ਮੇਰਾ ਘਰ ਹੈ।ਸੋ ਆਖਰ ਗੋਲੀਆਂ ਖਤਮ ਹੋਣ ਤੋ ਬਾਅਦ ਪੁਲੀਸ ਦੀ ਗੋਲੀ ਦਾ ਸਿਕਾਰ ਹੋ ਗਏ!
ਮੈ ਚੰਡੀਗੜ ਪੜਨ ਲੱਗ ਪਈ,ਮੈਨੂੰ ਮੇਰੇ ਮਾਮੇ ਨੇ ਪੁੱਤਾਂ ਵਾਂਗੂੰ ਪਾਲਿਆ ਹੈ।ਹੁਣ ਮਾਮਾਂ ਤੇ ਮਾਮੀ ਹੀ ਮੇਰੇ ਮਾਂ ਬਾਪ ਹਨ’
‘ਤੁਸੀ ਚੰਡੀਗੜ ਤੋ ਮੋਗੇ ਕਿਵੇ?’ ਮੈ ਪੁੱਛਿਆ।
‘ਮਾਮਾ ਜੀ ਦਾ ਪੱਕਾ ਟਿਕਾਣਾਂ ਚੰਡੀਗੜ ਹੈ ਉਹ ਇੰਜਨੀਅਰ ਹੈ ਮੋਗੇ ਫੌਜੀਆਂ ਦੀਆਂ ਬੈਰਕਾਂ ਬਨਾਉਣ ਦਾ ਠੇਕਾ ਲਿਆ ਹੈ ਜੋ ਕਿ ਪੰਜ ਛੇ ਸਾਲ ਦਾ ਹੈ ਅਸੀ ਆਵਦੀ ਕੋਠੀ ਕਿਰਾਏ ਤੇ ਦੇਕੇ ਮੋਗੇ ਆ ਗਏ’ ਨੀਲੀ ਨੇ ਕਿਹਾ।ਉਹ ਗੱਲ ਸੁਣਾਂ ਰਹੀ ਸੀ ਮੇਰਾ ਧਿਆਨ ਉਸ ਵੱਲ ਖਿੱਚਿਆ ਚਲਿਆ ਜਾ ਰਿਹਾ ਸੀ।ਕਿਉਕਿ ਉਹ ਗੱਲ ਘੱਟ ਕਰਦੀ ਸੀ ਤੇ ਮੇਰੇ ਵੱਲ ਜਿਆਦਾ ਦੇਖਦੀ ਸੀ। ਬੰਦਾ ਅਕਸਰ ਬੰਦਾ ਹੈ ਉਹ ਵੀ ਚੜਦੀ ਜਵਾਨੀ ਤੇ ਕੋਲ ਜਵਾਨ ਕੁੜੀ। ਬਗੈਰ ਰਾਖੇ ਤੋ ਖਰਬੂਜਿਆਂ ਦੇ ਵਾੜੇ ਵਿੱਚ ਕੋਈ ਖਾਲੀ ਕਿਵੇ ਨੰਘ ਜਾਊਗਾ?ਮੁਸ਼ਕਲ ਹੈ ਬਹੁਤ ਮੁਸ਼ਕਲ!! ਗੱਲਾਂ ਬਾਤਾਂ ਕਰਦੇ ਤੀਜੇ ਪੀਰਡ ਦਾ ਵਕਤ ਖਤਮ ਹੋ ਗਿਆ ਚੌਥਾ ਪੀਰਡ ਸੁਰੂ ਹੋ ਗਿਆ। ਛੁੱਟੀ ਤੋ ਬਾਅਦ ਨੀਲੀ ਚਲੀ ਗਈ।
‘ਯਾਰ ਹੁਣ ਕੀ ਕਰੀਏ’ ਧਰਮੇ ਨੇ ਕਿਹਾ।
‘ਕੀ ਗੱਲ ਹੋ ਗੀ'ਮੈ ਪੁੱਛਿਆ।
‘ਤੈਨੂੰ ਪਤਾ ਨੀ ਰਿਹਾ ਜੱਟ ਦਾ ਜੱਟ,ਆਪਾਂ ਏਹ ਕਿਹਾ ਸੀ ਕਿ ਜੇ ਜੱਟੀ ਹੋਈ ਤੇਰੀ ਤੇ ਬਾਣੀਆਂ ਦੀ ਕੁੜੀ ਹੋਈ ਮੇਰੀ ਇਹ ਤਾਂ ਦੋਗਲੀ ਨਿਕਲਗੀ’
‘ਉਸਤੋ ਵੀ ਪੁੱਛਿਆ ਕਿ ਤੂੰ ਕੀਹਨੂੰ ਪਸੰਦ ਕਰਦੀ ਏ ਕਿ ਐਵੈ ਈ ਸੇਹਰੇ ਬੰਨਣ ਨੂੰ ਤਿਆਰ ਹੋਇਆ ਨਾਲੇ ਨਾਂ ਏਹ ਜੱਟੀ ਤਾ ਨਾਂ ਕਰਾੜੀ ਨੀ ਕਰਾੜਾ ’ ਮੈ ਕਿਹਾ।
‘ਯਾਰ ਤੂੰ ਮੈਨੂੰ ਕਰਾੜ ਕਰੂੜ ਜਿਆ ਨਾਂ ਕਿਆ ਕਰ’
‘ਚੱਲ ਕਰਾੜ ਨੀ ਮ੍ਹਾਜਨ ਸਹੀ’
‘ਓਹਨੂੰ ਕੀ ਪੁੱਛਣਾਂ ਓਹ ਤਾਂ ਤਿਆਰ ਆ’ ਧਰਮੇ ਨੇ ਕਿਹਾ।
‘ਕੀਹਦੇ ਨਾ?’ ਮੈ ਪੁੱਛਿਆ
‘ਕਿਸੇ ਨਾਲ ਵੀ'
‘ਤੈਨੂੰ ਕਿਵੇ ਪਤਾ’
‘ਕੁਆਰੀ ਕੁੜੀ ਚੁੱਲੇ ਚੜਿਆ ਦੁੱਧ ਹੁੰਦਾਂ ਆ ਕੀ ਪਤਾ ਕਦੋ ਉਵਾਲਾ ਖਾ ਜੇ’ਮੈ ਕਿਹਾ।
‘ਚੱਲ ਕੱਲ ਨੂੰ ਪੁਛਾਂਗੇ ਕਿ ਤੈਨੂੰ ਕੌਣ ਪਸੰਦ ਆ’ਧਰਮੇ ਨੇ ਕਿਹਾ ਅਸੀ ਚਲੇ ਗਏ। ਮੈਨੂੰ ਰਾਤ ਨੂੰ ਨੀਦ ਨਾਂ ਆਈ ਤੇ ਛੇਤੀ ਦਿਨ ਚੜਨ ਦੀ ਉਡੀਕ ਕਰਨ ਲੱਗਾ। ਸਵੇਰੇ ਚਾਰ ਵਜੇ ਪਾਠੀ ਲੱਗ ਗਿਆ।ਮੈ ਛੇਤੀ ਉਠ ਕੇ ਗੁਰਦਵਾਰੇ ਮੱਥਾ ਟੇਕ ਕੇ ਆਇਆ ਇਸਦੇ ਦੋ ਮਤਲਬ ਸੀ ਇੱਕ ਟਾਈਮ ਪਾਸ ਵਾਸਤੇ ਦੂਜਾ ਨੀਲੀ ਵਾਸਤੇ ਅਰਦਾਸ। ਕਾਲਜ ਜਾਕੇ ਮੈ ਕੰਟੀਨ ਵਿੱਚ ਚਾਹ ਪੀਣ ਆਇਆ ਅੱਜ ਨੀਲੀ ਬਹੁਤ ਸਜ ਧਜ ਕੇ ਕਾਲਜ ਆਈ ਸੀ ਪਹਿਲਾਂ ਵਾਂਗੂੰ ਰੁਲੀ ਨਹੀ ਸੀ। ਮੂੰਹ ਤੇ ਹਲਕੀ ਲਾਲੀ ਸੀ।ਅੱਖਾਂ ਵਿੱਚ ਮਾੜਾ ਜਿਹਾ ਸ਼ਰਮ ਸੀ। ਧਰਮਾਂ ਕਿਸੇ ਨਾਲ ਗੱਲੀ ਲੱਗ ਗਿਆ ਨੀਲੀ ਮੇਰੇ ਕੋਲ ਆ ਗਈ ਮੈ ਨੀਲੀ ਨੁੰ ਸਤਿ ਸ੍ਰੀ ਅਕਾਲ ਬਲਾ ਕੇ ਜੱਫੀ ਵਿੱਚ ਲੈ ਲਿਆ ਕਿਉਕਿ ਕੰਟੀਨ ਵਿੱਚ ਕੋਈ ਨਹੀ ਸੀ ਇੱਥੋ ਤੱਕ ਕੰਟੀਨ ਵਾਲਾ ਵੀ ਅੰਦਰੋ ਕੁਛ ਲੈਣ ਵਾਸਤੇ ਗਿਆ ਸੀ। ਜੱਫੀ ਵਿੱਚ ਲੈਦਿਆ ਹੀ ਮੇਰੇ ਜਿਸਮ ਅੰਦਰ ਝਰਨਾਟਾਂ ਛਿੜ ਪਈਆਂ ਲੂੰ ਕੰਡੇ ਖੜੇ ਹੋ ਗਏ।ਨੀਲੀ ਜਿਵੇ ਮੇਰੀ ਹਿੱਕ ਨਾਲ ਲੱਗਣ ਨੂੰ ਮੈਥੋ ਵੀ ਕਾਹਲੀ ਸੀ ਉਹ ਚੁੰਬਕ ਵਾਗੂੰ ਮੇਰੇ ਨਾਲ ਚਿੰਬੜ ਗਈ। ਉਸਦਾ ਕੋਮਲ ਸਰੀਰ ਮੇਰੇ ਨਾਲ ਚਿਪਕ ਗਿਆ। ਮੇਰਾ ਮੂੰਹ ਬਾਹਰ ਵੱਲ ਨੂੰ ਸੀ ਮੈਨੂੰ ਧਰਮਾਂ ਆਉਦਾ ਦਿਸਿਆ ਮੈ ਨੀਲੀ ਛੇਤੀ ਨਾਲ ਨੂੰ ਆਵਦੇ ਨਾਲੋ ਅਲੱਗ ਕੀਤਾ,ਜਦੋ ਕਿ ਮੇਰਾ ਦਿਲ ਅਲੱਗ ਹੋਣ ਨੂੰ ਨਹੀ ਸੀ ਕਰਦਾ। ਅਸੀ ਚਾਹ ਪੀਣ ਬੈਠ ਗਏ।
‘ਸਾਸਰੀ ਕਾਲ ਜੀ'ਧਰਮੇ ਨੇ ਨੀਲੀ ਨੂੰ ਸਤਿ ਸ੍ਰੀ ਅਕਾਲ ਬਲਾਈ।ਨੀਲੀ ਨੇ ਸ਼ਰਮਾਂ ਕੇ ਜਵਾਬ ਦਿੱਤਾ।
‘ਨੀਲੀ ਤੂੰ ਮੈਨੂੰ ਬੌਤ ਚੰਗੀ ਲਗਦੀ ਆ,ਤੈਨੂੰ ਮੈ ਸਦਾ ਵਾਸਤੇ ਆਵਦੀ ਬਨੌਣਾਂ ਚਾਹੁੰਦਾ’ ਧਰਮੇ ਨੇ ਪੈਦੀ ਸੱਟ ਆਖ ਦਿੱਤਾ ਮੈਨੂੰ ਗੁੱਸਾ ਜਿਆ ਆਇਆ ਕਿ ਸਾਲਾ ਕਰਾੜ ਕਰਦਾ ਕੀ ਆ।
‘ਤੂੰ ਕਰਾੜ ਮੈ ਜੱਟੀ ਏਹ ਕਿਵੇ ਹੋ ਸਕਦਾ?’ਨੀਲੀ ਨੇ ਫਟਾ ਫਟ ਜਵਾਬ ਦਿੱਤਦ ਕਰਾੜ ਸੁਣਕੇ ਧਰਮੇ ਦਾ ਮੂੰਹ ਹੋਰ ਹੋ ਗਿਆ ਜਿਵੇ ਕੁਨੈਨ ਪੀਤੀ ਹੋਵੇ।
‘ਜੇ ਮ੍ਹਾਜਨ ਆ ਤਾਂ ਫੇਰ ਕੀ ਆ ਮੈ ਤੇਰੇ ਵਾਸਤੇ ਅੱਜ ਈ ਅੰਬਰਸਰੋ ਅੰਬਰਤ ਛਕ ਲੈਨਾਂ’
‘ਂਨਈ ਮੈ ਤੈਨੂੰ ਐਨੀ ਤਲਲੀਫ ਨੀ ਦੇਣਾਂ ਚਾਹੁੰਦੀ’
‘ਲੈ ਤਕਲੀਫ ਕ੍ਹਾਦੀ ਆ ਰਾਂਝੇ ਨੇ ਬਾਰਾਂ ਸਾਲ ਮਹੀਆਂ ਚਾਰੀਆ ਸੀ ਮੈ ਤੇਰੀ ਖਾਤਰ ਘੁੱਟ ਅੰਬਰਤ ਨੀ ਛਕ ਸਕਦਾ’
‘ਤੈਨੂੰ ਸਿੱਖ ਬਣਨ ਦੀ ਲੋੜ ਨੀ ਮੇਰੇ ਕੋਲ ਰੈਡੀਮੇਡ ਹੈ' ਨੀਲੀ ਆਖਕੇ ਹੱਸ ਪਈ।
‘ਰੈਡੀਮੇਡ!ਸਮਝ ਗਿਆ’ਧਰਮੇ ਨੇ ਕਿਹਾ।
‘ਹੁਣ ਏਹ ਤੇਰੀ ਭਾਬੀ ਆ’ਮੈ ਖੁਸ਼ੀ ਨਾਲ ਕਿਹਾ।
‘ਚਲ ਏਹ ਵੀ ਚੰਗਾ ਘਰ ਦੀ ਕੰਧ ਘਰ ‘ਚ’ਡਿੱਗੀ,ਪਰ ਆਪਾਂ ਕਿਹਾ ਸੀ ਜਿਸ ਜਾਤ ਦੀ ਹੋਈ ਉਸ ਨਾਲ ਰਹੂਗੀ’ਧਰਮੇ ਨੇ ਕਿਹਾ।
‘ਤੇ ਫੇਰ ਏਹ ਜੱਟੀ ਆ ਤੂੰ ਕਰਾੜ’
‘ਦੇਖ ਜੱਟਾ ਏਹ ਜੱਟੀ ਨਹੀ ਏਸ ਦੀ ਮਾਂ ਮ੍ਹਾਜਨਾਂ ਦੇ ਖਾਨਦਾਨ ਚੋ ਸੀ ਏਸ ਵਾਸਤੇ ਏਹ ਮੇਰੀ ਆ’
‘ਨਈ ਏਹ ਜੱਟੀ ਆ ਏਹ ਮੇਰੀ ਆ ਏਹਦਾ ਪਿਓ ਜੱਟ ਆ ਓਹ ਵੀ ਢਿੱਲੋ’ਮੈ ਨੀਲੀ ਦੀ ਬਾਂਹ ਫੜਕੇ ਕਿਹਾ।
‘ਤੁਹਾਡੇ ਕ੍ਹੈਣ ਨਾਲ ਕੁਛ ਨੀ ਹੋਵੇਗਾ ਮੇਰੇ ਜੀਵਨ ਸਾਥੀ ਦਾ ਫੈਸਲਾ ਮੇਰਾ ਮਾਮਾ ਕਰੂਗਾ’ਨੀਲੀ ਨੇ ਸਾਡੀਆਂ ਗੱਲਾਂ ਤੋ ਹਸਦੀ ਹੋਈ ਨੇ ਕਿਹਾ।
‘ਹੈ'! ਅਸੀ ਦੋਨਾਂ ਨੇ ਹੈਰਾਨ ਹੋ ਕੇ ਕਿਹਾ। ਦਿਲ ਵਿੱਚ ਸੋਚਿਆ ਅਸੀ ਤਾਂ ਐਵੈ ਕੁੱਕੜਾਂ ਵਾਂਗੂੰ ਲੜੀ ਜਾਂਦੇ ਸੀ ਫੈਸਲਾ ਤਾਂ ਮਾਮੇ ਦੇ ਹੱਥ ਹੈ।
‘ਚੰਗੀਆਂ ਕੁੜੀਆਂ ਆਵਦੇ ਘਰਦਿਆਂ ਦੇ ਕ੍ਹੈਣੇ ਤੋ ਬ੍ਹਾਰ ਨੀ ਹੁੰਦੀਆਂ’ ਧਰਮੇ ਨੇ ਕਿਹਾ।ਨੀਲੀ ਨੇ ਸ਼ਰਮਾਂ ਕੇ ਨੀਵੀ ਪਾ ਲਈ।
‘ਫਿਰ ਮਾਮਾ ਜੀ ਕਦੋ ਦਰਸਣ ਦੇਣਗੇ?’ਮੈ ਕਾਹਲੀ ਕਾਹਲੀ ਪੁੱਛਿਆ।
‘ਮੈ ਅੱਜ ਈ ਘਰ ਜਾਕੇ ਗੱਲ ਕਰੂੰਗੀ ਤੇ ਕੱਲ ਨੂੰ ਦੱਸੂੰਗੀ’
‘ਵੈਸੈ ਤੁਹਾਡਾ ਇਰਾਦਾ ਕਿਸਦੇ ਭਾਗ ਖ੍ਹੋਲਣ ਦਾ?’ਧਰਮੇ ਨੇ ਬਾਣੀਏ ਦਿਮਾਗ ਨਾਲ ਪੁੱਛਿਆ।
‘ਜੇ ਗੁੱਸਾ ਨਾਂ ਕਰੋ ਤਾ ਮੈਨੂੰ ਤੁਸੀ ਦੋਵੇ ਈ ਬੌਤ ਚੰਗੇ ਲਗਦੇ ਓ ‘ਜਸਕਰਨ’ਚੰਗਾ ਲਗਦਾ,ਨਾਲੇ ਏ੍ਹਦਾ ਗੋਤ ਵੀ ‘ਸੰਧੂ’ ਆ ਅੱਗੇ ਮੇਰੇ ਮਾਮੇ ਦੇ ਵੱਸ’ਨੀਲੀ ਨੇ ਮੇਰੇ ਵੱਲ ਪਿਆਰ ਭਰੀ ਨਿਗਾਹ ਨਾਲ ਦੇਖ ਕੇ ਕਿਹਾ। ਮੇਰੇ ਦਿੱਲ ਅੰਦਰ ਫੁੱਲਝੜੀਆਂ ਚੱਲਣ ਲੱਗ ਪਈਆਂ।ਚਾਅ ਨਾਲ ਮੇਰਾ ਦੋ ਕਿੱਲੋ ਭਾਰ ਵਧ ਗਿਆ।
‘ਹਾਂ ਜੇ ਤੁਸੀ ਮੇਰੇ ਵਾਸਤੇ ਇੱਕ ਦੂਜੇ ਦੇ ਫਿਲਮਾਂ ਵਾਂਗੂੰ ਦੁਸ਼ਮਨ ਬਣ ਜਾਵੋਗੇ ਤਾ ਮੈ ਤੁਹਾਡੇ ਦੋਵਾਂ ਵਿੱਚੋ ਕਿਸੇ ਨਾਲ ਵੀ ਸ਼ਾਦੀ ਨੀ ਕਰਨੀ ਤੇ ਮੈ ਵਾਪਸ ਚੰਡੀਗੜ ਚਲੀ ਜਾਵਾਂਗੀ’ ਨੀਲੀ ਨੇ ਰੋਦੀ ਆਵਾਜ਼ ਵਿੱਚ ਕਿਹਾ।
‘ਨੀਲੀ ਅਸੀ ਦੋਵੇ ਭਰਾ ਭਰਾ ਈ ਆਂ ਤੇ ਭਰਾ ਭਰਾ ਕੁੜੀ ਵਾਸਤੇ ਬਦਲੇ ਦੀ ਭਾਵਨਾਂ ਨੀ ਰਖਦੇ’ ਧਰਮੇ ਨੇ ਕਿਹਾ।
ਦੂਜੇ ਦਿਨ ਧਰਮਾਂ,ਮੈ ਤੇ ਨੀਲੀ ਇੱਕ ਰੈਸਟੂਰੈਟ ਵਿੱਚ ਬੈਠ ਗਏ ਮਾਮਾ ਵੀ ਆ ਗਿਆ ਚੰਗਾ ਰੋਅਬ ਚੰਗਾ ਸੀ। ਪੂਰਾ ਗੁਰਸਿੱਖ ਸੀ ਲੰਮਾਂ ਕੱਦ ਦਾਹੜੀ ਤੇ ਠਾਠਾ ਬੱਧਾ ਢਿੱਡ ਢੋਲ ਵਾਂਗੂੁੰ ਕਮੀਜ ਵਿੱਚੋ ਬੋਰੀ ਵਾਂਗੂੰ ਬਾਹਰ ਨਿਕਲਿਆ ਸ਼ਕਲ ਤੋ ਭਾਪਾ ਜਿਹਾ ਲਗਦਾ ਸੀ।ਅਸੀ ਉਸਨੂੰ ਦੇਖਕੇ ਖੜੇ ਹੋ ਗਏ।
‘ਬੈਠੋ! ਬੈਠੋ!!’ਮਾਮੇ ਹੱਥ ਮਿਲਾ ਕੇ ਬੈਠ ਗਿਆ ਤੇ ਦਾਹੜੀ ਤੇ ਬੱਧਾ ਠਾਠਾ ਖੋਹਲ ਲਿਆ ਜਿਵੇ ਫੌਜੀ ਬੈਠਣ ਬਿਲਟ ਖੋਹਲਦਾ ਹੈ । ਦਾਹੜੀ ਤੇ ਫਿਕਸੋ ਡੋਹਲੀ ਹੋਈ ਸੀ। ਤਿੰਨ ਕੱਪ ਚਾਹ ਦੇ ਤੇ ਨਾਲ ਕੁਛ ਖਾਣ ਨੂੰ ਬੈਹਰਾ ਆਡਰ ਤੋ ਬਗੈਰ ਹੀ ਰੱਖ ਗਿਆ ਕਿੳੇੁਕਿ ਇਹ ਰੋਜ਼ ਦੇ ਗਾਹਕ ਸਨ।
‘ਕੀ ਨਾਂ ਕਾਕਾ’ਮਾਮੇ ਨੇ ਮੇਰੇ ਵੱਲ ਬਾਜ ਵਾਂਗੂੰ ਦੇਖਕੇ ਕਿਹਾ।
‘ਜੀ ਜਸਕਰਨ ਸਿੰਘ ‘ਸੰਧੂ’
‘ਤੇਰੇ ਸਾਰੇ ਪ੍ਰਵਾਰ ਬਾਰੇ ਨੀਲੀ ਨੇ ਦੱਸ ਦਿੱਤਾ ਕਾਕਾ ਤੇਰੇ ਕੋਲ ਪੈਲੀ ਕਿੰਨੀ ਆ’ ਮਾਮੇ ਨੇ ਮੇਰੇ ਵੱਲ ਡਰਾਉਣੀਆਂ ਅੱਖਾਂ ਨਾਲ ਪੁੱਛਿਆ ਜਿਵੇ ਠਾਂਣੇਦਾਰ ਕਿਸੇ ਡੋਡਿਆ ‘ਚ’ਫੜੇ ਅਮਲੀ ਨੂੂੰ ਪੁਛਦਾ ਹੈ। ਮੈਨੂੰ ਗੁੱਸਾ ਵੀ ਆਇਆ ਕਿ ਵਿਆਹ ਮੇਰੇ ਨਾਲ ਕਰਨਾਂ ਕਿ ਪੈਲੀ ਨਾਲ ਜਿਆਦਾ ਪੈਲੀ ਵਾਲੇ ਕਾਲਜ ਵਿੱਚ ਬਥੇਰੇ ਨਸ਼ਾ ਕਰਨ ਵਾਲੇ ਹਨ। ਦਿਲ ਕਰਦਾ ਆਖ ਦਿਆ ਕਿ ਮੇਰੇ ਕੋਲ ਤਾਂ ਓਰਾ ਨੀ ਪਰ ਫਿਰ ਨੀਲੀ ਬਾਰੇ ਸੋਚਿਆ ਕਿ ਉਸਦਾ ਦਿਲ ਟੁੱਟ ਜਾਵੇਗਾ ਤੇ ਮੈ ਕਿਹਾ।
‘ਜੀ ਪੰਦਰਾ ਕਿੱਲੇ’
‘ਸਾਬਾਸ’ਮਾਮੇ ਨੇ ਖੁਸ਼ੀ ਨਾਲ ਕਿਹਾ।ਸਾਡਾ ਪੱਕ ਠੱਕ ਹੋ ਗਿਆ ਧਰਮਾਂ ਵਿਚੋਲਾ ਬਣ ਗਿਆ।ਫਾਈਨਲ ਦੇ ਪੇਪਰ ਖਤਮ ਹੋਏ ਤਾਂ ਸਾਡਾ ਵਿਆਹ ਹੋ ਗਿਆ। ਬੀ ਏ ਦੋਵੇ ਪਾਸ ਕਰ ਗਏ।ਨੀਲੀ ਨੂੰ ਪਿੰਡ ਵਿੱਚ ਰਹਿਣਾਂ ਪਸੰਦ ਨਹੀ ਸੀ। ਮੈ ਕਿਹਾ ਜਿੰਨਾ ਚਿਰ ਦਾਦਾ ਦਾਦੀ ਹਨ ਉਨਾਂ ਚਿਰ ਮੈ ਕਿਤੇ ਨੀ ਜਾ ਸਕਦਾ।ਦੋ ਕੁ ਸਾਲ ਬਾਅਦ ਦਾਦਾ ਦਾਦੀ ਨੂੰ ਬੁਲਾਵਾ ਆ ਗਿਆ।ਉਹ ਅੱਗੜ ਪਿੱਛੜ ਚੱਲ ਵਸੇ ਨੌਕਰੀ ਵਾਸਤੇ ਅਸੀ ਦੋਵਾਂ ਨੇ ਅਪਲਾਈ ਕੀਤਾ ਸੀ। ਚੰਡੀਗੜ ਵਿੱਚ ਮੈਨੂੰ ਰੇਲਵੇ ‘ਲੋਕੋ ਸੈਡ’ ਵਿੱਚ ਇੱਕ ਕਲਰਕ ਦੀ ਤੇ ਨੀਲੀ ਨੂੰ ਬੈਕ ਵਿੱਚ ਨੌਕਰੀ ਮਿਲ ਗਈ। ਸੀਰੀ ਨੂੰ ਵਾਹੀ ਕਰਨ ਵਾਸਤੇ ਛੱਡ ਦਿੱਤਾ ਉਹ ਆਵਦਾ ਟੱਬਰ ਟ੍ਹੀਰ ਲੈਕੇ ਸਾਡੇ ਘਰ ਆ ਗਿਆ ਅਸੀ ਮਾਮੇ ਦੀ ਕੋਠੀ ਵਿੱਚ ਡੇਰੇ ਲਾ ਲਏ। ਪੰਜ ਸਾਲ ਅਸੀ ਮੌਜ ਮਸਤੀ ਵਿੱਚ ਗੁਜ਼ਾਰ ਦਿੱਤੇ ਕਿ ਐਡੀ ਛੇਤੀ ਔਲਾਦ ਕੀ ਕਰਨੀ ਹੈ ਤੇ ਪੰਜ ਸਾਲ ਸਾਡੇ ਚਾਹੂੰਦਿਆ ਹੋਇਆਂ ਵੀ ਔਲਾਦ ਨਾਂ ਹੋਈ।ਦਸਾਂ ਸਾਲਾਂ ਬਾਅਦ ਇਕ ਇਕ ਕਰਕੇ ਸਾਡੇ ਦੋ ਕੁੜੀਆਂ ਹੋਈਆਂ। ਨੀਲੀ ਨੂੰ ਮੁੰਡੇ ਦੀ ਬਹੁਤ ਚਾਹ ਸੀ ਜੋ ਕਿ ਹਰ ਇੱਕ ਨੂੰ ਹੁੰਦੀ ਹੈ।
‘ਆਪਾਂ ਕਿਸੇ ਸਾਧ ਸੰਤ ਕੋਲ ਚੱਲੀਏ’ ਨੀਲੀ ਨੇ ਮੈਨੂੰ ਐਤਵਾਰ ਵਾਲੇ ਦਿਨ ਕਿਹਾ।
‘ਕ੍ਹਾਦੇ ਆਸਤੇ’
‘ਕੁੜੀਆਂ ਈ ਕੁੜੀਆਂ ਹੋਈ ਜਾਂਦੀਆਂ ਕੋਈ ਲਾਜ ਕਰੀਏ’
‘ਸਾਧ ਕ੍ਹੇੜਾ ਮੁੰਡੇ ਲਈ ਬੈਠੈ ਆ’
‘ਸਾਡੀ ਬੈਕ ਦੀ ਮਨੇਜਰ ਆ ਬਲਜੀਤ ਕੌਰ ਉਸਦੇ ਚਾਰ ਕੁੜੀਆਂ ਸੀ ਇੱਕ ਸਿਆਣੇ ਕੋਲ ਗਏ ਹੁਣ ਉਸ ਕੋਲ ਮੁੰਡਾ’
‘ਮੈ ਸਾਧਾਂ ਸੰਤਾਂ ਨੂੰ ਨੀ ਮੰਨਦਾ ਮੈ ਗੁਰੂ ਕਾ ਸਿੱਖ ਆ’
‘ਅੰਬਰਧਾਰੀ ਸੀ ਓ੍ਹਦੇ ਘਰ ਆਲਾ ਪਰ ਇਕ ਬਾਬੇ ਕੋਲ ਚਲੇ ਗਏ ਬੱਸ ਬਾਬੇ ਨੇ ਮੇਹਰਾਂ ਕਰ ਦਿੱਤੀਆ’
‘ਤੂੰ ਕੱਲੀ ਚਲੀ ਜਾ ਮੈ ਕਿਸੇ ਬਾਬੇ ਬੁੂਬੇ ਕੋਲ ਜਾਣਾਂ’
‘ਮੈਨੂੰ ਮਨੇਜਰ ਕੈਦੀ ਸੀ ਕਿ ਬਾਬਾ ਬੁੜੀਆਂ ਨਾਲ ਘੱਟ ਹੀ ਗੱਲ ਕਰਦੇ ਹਨ ਮੁੰਡੇ ਵਾਸਤੇ ਸਿਰਫ ਆਦਮੀ ਨਾਲ ਈ ਗੱਲ ਕਰਦੇ ਆ’
‘ਤਾਂ ਮੈਨੂੰ ਜਾਣਾਂ ਪਊ'?’
‘ਹਾਂ ਜੇ ਮੁੰਡਾ ਚਾਈਦਾ’
‘ਮੈ ਨੀ ਜਾਣਾਂ ਮੈਨੂੰ ਸੰਗ ਆਉਦੀ ਆ’
‘ਸੰਗ ਸੰਗ ‘ਚ’ਕਿਸੇ ਨੇ ਢਿੱਡ ਕਰਾ ਲਿਆ ਸੀ ਓਹ ਗੱਲ ਆਪਣੀ ਹੋਣੀ ਆ ਕੁੜੀਆਂ ਜੰਮ ਜੰਮ ਕੇ ਮੈ ਬੁੜੀ ਹੋਜੂਗੀ ਫਿਰ ਚੱਕੀ ਫਿਰੀ ਸ਼ਰਮ ਨੂੰ'ਨੀਲੀ ਨੇ ਅੱਖਾਂ ਵਿੱਚ ਹੰਝੂ ਭਰਕੇ ਕਿਹਾ। ਮੇਰੇ ਮੋਢੇ ਤੇ ਸਿਰ ਰੱਖਕੇ ਰੋਣ ਲੱਗ ਪਈ। ਮੈ ਸਾਧਾਂ ਸੰਤਾਂ ਦੇ ਉਲਟ ਨਹੀ ਸੀ ਪਰ ਕਿਤੇ ਕਿਤੇ ਅਖਬਾਰਾ ਵਿੱਚ ਖਬਰਾ ਛਪਦੀਆ ਹੁੰਦੀਆ ਕਿ ਮੁੰਡੇ ਦੀ ਖਾਤਰ ਬਾਬਾ ਇਲਾਜ ਕਰਦਾ ਕਰਦਾ ਉਸਦੇ ਘਰਵਾਲੀ ਨੂੰ ਭਜਾ ਕੇ ਲੇ ਗਿਆ। ਨੀਲੀ ਕਿਸੇ ਨਾਲ ਭੱਜ ਤਾਂ ਨਹੀ ਸੀ ਸਕਦੀ ਯਕੀਨ ਸੀ ਪਰ ਬਾਬਿਆ ਤੇ ਭਰੋਸਾ ਨਹੀ ਸੀ। ਪਰ ਕੀ ਪਤਾ ਬਾਬਾ ਕੀ ਗੁਲ ਖਿਲਾਵੇ ਕਿਉਕਿ ਪੁੱਤਰ ਵਾਸਤੇ ਔਰਤ ਕਿਸੇ ਦਾ ਖੂਨ ਤੱਕ ਵੀ ਕਰ ਸਕਦੀ।ਕਿੳਕਿ ਪੁੱਤਰ ਦਾਤ ਹੀ ਐਸੀ ਹੈ। ਤੇ ਪੁੱਤਰ ਵੱਢਾ ਹੋ ਕੇ ਭਾਂਵੇ ਮਾਂ ਬਾਪ ਦੇ ਜੁੱਤੀਆਂ ਮਾਰੇ ਪਰ ਫਿਰ ਵੀ ਮਾਂ ਬਾਪ ਪੁੱਤ ਬਗੈਰ ਪਾਗਲ ਹੋ ਜਾਦੇ ਹਨ। ਸੋ ਬਹੁਤ ਮਗਜ ਖਪਾਈ ਤੋ ਬਾਅਦ ਮੈ ਸੰਤ ਅੰਬਾਲੇ ਵਾਲੇ ਕੋਲ ਜਾਣ ਵਾਸਤੇ ਮੰਨ ਗਿਆ।ਅਗਲੇ ਐਤਵਾਰ ਅਸੀ ਅੰਬਾਲੇ ਚਲੇ ਗਏ। ਇਹ ਸੰਤਾਂ ਦਾ ਡੇਰਾ ਸ਼ਹਿਰੋ ਕਾਫੀ ਦੂਰ ਦਿੱਲੀ ਹਾਈ ਵੇ ਤੇ ਸੀ ਡੇਰੇ ਦੇ ਦੁਆਲੇ ਜਿਆਦਾ ਦੁਕਾਨਾਂ ਨਹੀ ਸਨ। ਉਹਨਾਂ ਦੁਕਾਂਨਾਂ ਤੇ ਚਾਹ ਪਾਣੀ ਤੇ ਧੂਫ ਬੱਤੀ ਦਾ ਸਮਾਨ ਸੀ। 
ਡੇਰੇ ਦਾ ਨਾਂ ਸੀ ‘ਬਾਬਾ ਕੁੰਢੇ ਸਾਹ ਦਾ ਡੇਰਾ’ ਪਿੱਪਲ ਤੇ ਬੋਹੜ ਦੇ ਵੱਢੇ ਵੱਢੇ ਦ੍ਰਖਤਾਂ ਵਿੱਚ ਇੱਕ ਬੈਰਕ ਸੀ । ਤੇ ਬੈਰਕ ਤਿੰਨ ਹਿੱਸਿਆਂ ਵਿੱਚ ਵੰਡੀ ਸੀ ਇੱਕ ਕਮਰੇ ਵਿੱਚ ਗੁਰੁ ਗ੍ਰੰਥ ਸਹਿਬ ਪ੍ਰਕਾਸ ਸੀ,ਇਕ ਕਮਰਾ ਖਾਲੀ ਸੀ ਤੇ ਨਾਲ ਦੇ ਕਮਰੇ ਵਿੱਚ ਇੱਕ ਲੰਮੇ ਕਾਲੇ ਤੇ ਚਿੱਟੇ ਦਾਹੜੇ ਵਾਲਾ ਬਾਬਾ ਬੈਠਾ ਸੀ।ਬਾਬੇ ਦੇ ਚਿੱਟਾ ਬਰਫ ਵਰਗਾ ਚੋਲਾ ਪਾਇਆ ਸੀ ਚੋਲੇ ਦੇ ਥੱਲੇ ਦੀ ਗਾਤਰਾ ਦਿਸਦਾ ਸੀ ਪਤਾ ਨਹੀ ਉਹ ਕ੍ਰਿਪਾਨ ਸੀ ਜਾਂ ਪਸਤੌਲ। ਬਾਬੇ ਦੇ ਗੋਲ ਪੱਗ ਬੰਨੀ ਸੀ।ਕਮਰੇ ਦੀ ਬਾਹਰੋ ਸਜਾਵਟ ਜਿਆਦਾ ਨਹੀ ਸੀ।ਪਰ ਅੰਦਰੋ ਬਹੁਤ ਸਾਫ ਸਫਾਈ ਸੀ ਧੂਫ ਬੱਤੀ ਦੀ ਮਨ ਨੂੰ ਮੋਹ ਲੈਣ ਵਾਲੀ ਖੁਸਬੋ ਆ ਰਹੀ ਸੀ। ਬਾਬੇ ਕੋਲ ਬੀਬੀਆਂ ਦੀ ਗਿਣਤੀ ਜਿਆਦਾ ਤੇ ਬੰਦਿਆਂ ਦੀ ਘੱਟ ਸੀ।ਕੋਈ ਵੀਹ ਪੰਚੀ ਬੰਦੇ ਬੁੜੀਆਂ ਸਨ ਤੇ ਹੋਰ ਵੀ ਆ ਰਹੇ ਸਨ।ਮੈ ਤੇ ਨੀਲੀ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਕੇ ਸੰਗਤ ਵਿੱਚ ਬੈਠ ਗਏ।ਮੈ ਸੋਚ ਰਿਹਾ ਸੀ ਕਿ ਅੱਜ ਸ਼ਾਂਮ ਤੱਕ ਵਾਰੀ ਆਉਣੀ ਮੁਸ਼ਕਲ ਹੈ।ਕਿਉਕਿ ਬਾਬਾ ਜੀ ਇਸ ਮਸ਼ੀਨੀ ਯੁੱਗ ਵਿੱਚ ਬਹੁਤ ਧੀਮੀ ਰਫਤਾਰ ਨਾਲ ਚੱਲ ਰਹੇ ਸਨ। ਇੱਕ ਮੈਨੂੰ ਹੋਰ ਬਹੁਤ ਹੈਰਾਨੀ ਹੋਈ ਕਿ ਕਈ ਅੰਮ੍ਰਿਤਧਾਰੀ ਸਿੰਘ ਤੇ ਸਿੰਘਣੀਆਂ ਸਨ ਜਦੋ ਕਿ ਸਿੱਖ ਕੋਈ ਸਿਆਣੇ ਨੂੰ ਨਹੀ ਮੰਨਦਾ।ਸੇਵਾਦਾਰ ਨੇ ਸਾਨੂੰ ਚਾਹ ਦੇ ਦਿੱਤੀ। ਚਾਹ ਪੀਕੇ ਮੈ ਬਾਬਾ ਜੀ ਸਾਡੇ ਵੱਲ ਦੇਖਿਆ ਪਰ ਮੈਨੂੰ ਯਕੀਨ ਨਹੀ ਸੀ ਹੋ ਰਿਹਾ ਕਿਉਕਿ ਇਹ ਚਿਹਰਾ ਜਾਣਿਆ ਪਛਾਣਿਆ ਲਗਦਾ ਸੀ। ਪਰ ਸਮਝੋ ਬਾਹਰ ਸੀ ਕਿੱਥੇ ਦੇਖਿਆ ਹੋਊ ਮੈ ਦਿਲ ਵਿੱਚ ਸੋਚ ਰਿਹਾ ਸੀ।ਜੋ ਵੀ ਕੋਈ ਆਉਦਾ ਸੇਵਾਦਾਰ ਉਸਨੂੰ ਨੰਬਰ ਦਾ ਟੋਕਨ ਦੇ ਦਿੰਦਾ।ਪਰ ਮੈਨੂੰ ਕੋਈ ਟੋਕਨ ਨਹੀ ਦਿੱਤਾ ਇਸ ਕਰਕੇ ਮੇਰੀ ਬੇਚੈਨੀ ਹੋਰ ਵਧ ਗਈ।ਬਾਬਿਆ ਦੇ ਦਰਬਾਰ ਵਿੱਚ ਟੋਕਨ ਮੰਗ ਕੇ ਗਲਤੀ ਵੀ ਨਹੀ ਸੀ ਕਰਨਾਂ ਚਾਹੁੰਦਾ,ਸੇਵਾਦਰ ਮੈਥੋ ਬਾਅਦ ਵਿੱਚ ਆਏ ਨੂੰ ਟੋਕਨ ਦੇ ਗਿਆ ਤਾਂ ਨੀਲੀ ਨੇ ਮੈਨੂੰ ਹਲੂਣਿਆ ਤੇ ਕੰਨ ਵਿੱਚ ਕਿਹਾ 
‘ਤੂੰ ਆਪ ਟੋਕਨ ਮੰਗ ਨਹੀ ਤਾਂ ਮੈ ਮੰਗਦੀ ਆ’
ਮੈ ਮੂੰਹ ਤੇ ੳਗਲੀ ਰੱਖ ਕੇ ਸ਼ਾਂਤ ਰਿਹਣ ਵਾਸਤੇ ਕਿਹਾ ਪਰ ਨੀਲੀ ਟੋਕਨ ਲੈਣ ਵਾਸਤੇ ਤਰਲੋ ਮੱਛੀ ਹੋ ਰਹੀ ਸੀ। ਬਾਬਾ ਜੀ ਇੱਕ ਆਦਮੀ ਤੇ ਔਰਤ ਨਾਲ ਗੱਲ ਕਰ ਰਹੇ ਸਨ।ਬਾਬਾ ਜੀ ਨੇ ਮੇਰੇ ਵੱਲ ਥੋੜਾ ਜਿਹਾ ਦੇਖਿਆ ਤੇ ਆਦਮੀ,ਔਰਤ ਤੇ ਸੇਵਾਦਾਰ ਨੂੰ ਖਾਲੀ ਕਮਰੇ ਵਿੱਚ ਲੈ ਗਏ।
‘ਤੂੰ ਬੈਠਾ ਰਹਿ ਮਿੱਟੀ ਦਾ ਮਾਧੋ ਬਣਕੇ ਹੁਣ ਬਾਬਿਆਂ ਨੇ ਅੰਦਰੋ ਘੰਟਾ ਨੀ ਆਉਣਾ ਟੋਕਨ ਆਪਾਂ ਨੂੰ ਦਿੱਤਾ ਨੀ' ਨੀਲੀ ਨੇ ਮੈਨੂੰ ਗੁੱਸੇ ਨਾਲ ਕਿਹਾ।
‘ਲੈ ਆਪਾਂ ਨੂੰ ਕੀ ਆ ਬਾਬੇ ਜਾਣੀ ਜਾਣ ਆ ਆਪੇ ਸੱਦ ਲੈਣਗੇ ਰਾਮ ਨਾ ਬਹਿ ਜਾ’ ਮੈ ਮਜ਼ਾਕੀਆ ਲਹਿਜੇ ਨਾਲ ਕਿਹਾ।
‘ਬਾਬਿਆਂ ਨੁੰ ਟਿੱਚਰਾਂ ਨੀ ਕਰਨੀਆਂ ਚਾਈਦੀਆਂ’ ਨੀਲੀ ਨੇ ਕਿਹਾ ਏਨੇ ਨੂੰ ਸੇਵਾਦਾਰ ਨੇ ਇੱਕ ਕਾਗਜ਼ ਦਾ ਟੁਕੜਾ ਦੇ ਦਿੱਤਾ ਜਿਸ ਉਤੇ ਬਹੁਤ ਸੁੰਦਰ ਲਿਖਾਈ ਨਾਲ ਲਿਖਿਆ ਸੀ ਕਿ ਇਸੇ ਵੀਰਵਾਰ ਨੂੰ ਦੋਵੇ ਮੇਰੇ ਘਰ ਆਇਓ ਹੁਣ ਚਲੇ ਜਾਵੋ,ਬਾਬਾ ਜੀ ਦਾ ਘਰ ਤੇਰੇ ਦੇ ਪਿੱਛੇ ਹੀ ਸੀ।
‘ਵੇਖਿਆ ਬਾਬੇ ਜਾਣੀ ਜਾਣ’ ਮੈ ਕਿਹਾ ਅਸੀ ਦੋਵੇ ਵਾਪਸ ਆ ਗਏ ਤੇ ਵੀਰ ਵਾਰ ਨੁੰ ਨੀਲੀ ਤੜਕੇ ਹੀ ਉਠ ਗਈ ਘਰ ਕੰਮ ਕਰਨ ਵਾਲੀ ਨੂੰ ਸਮਝਾ ਕੇ ਅਸੀ ਦਸ ਕੁ ਵਜੇ ਡੇਰੇ ਤੇ ਪਹੁੰਚ ਗਏ ਤੇਰਾ ਬੰਦ ਸੀ ਅਸੀ ਡੇਰੇ ਦੇ ਪਿਛਲੇ ਪਾਸੇ ਚਲੇ ਗਏ ਉਥੇ ਬਾਬਾ ਜੀ ਦਾ ਘਰ ਸੀ। ਜਾ ਕੇ ਦਰਵਾਜਾ ਖੜਕਾਇਆ ਇੱਕ ਔਰਤ ਨੇ ਦਰਵਾਜਾ ਖ੍ਹੋਲਿਆ।
‘ਤੁਸੀ ਨੀਲੀ ਤੇ ਜਸਕਰਨ ਹੋ’ਉਸ ਔਰਤ ਨੇ ਖੁਸ਼ੀ ਨਾਲ ਕਿਹਾ ਤੇ ਅੰਦਰ ਲੈ ਗਈ ਤੇ ਉਸ ਔਰਤ ਨੇ ਨੀਲੀ ਨਾਲ ਜੱਫੀ ਪਾ ਲਈ।ਅੰਦਰ ਬੈਠਕ ਵਿੱਚ ਬਾਬਾ ਜੀ ਬੈਠੈ ਸਨ।
‘ਆ ਵਈ ਜੱਸ’ਉਸਨੇ ਆਖਕੇ ਮੈਨੂੰ ਜੱਫੀ ਵਿੱਚ ਲੈ ਲਿਆ।ਮੈ ਵੀ ਆਵਾਜ਼ ਤੇ ਚਿਹਰਾ ਪਛਾਂਣ ਲਿਆ।
‘ਯਾਰ ਤੂੰ ਧਰਮਾ ਤਾਂ ਨੀ?’
‘ਹਾਂ! ਯਾਰ ਨੂੰ ਯਾਰ ਕਦੇ ਭੁੱਲ ਸਕਦਾ,ਨੀਲੀ ਦੱਸ ਤੇਰਾ ਕੀ ਹਾਲ ਆ’
‘ਠੀਕ ਆ ਬਾਬਾ ਜੀ'ਨੀਲੀ ਸਿਰ ਤੇ ਚੁੰਨੀ ਠੀਕ ਕਰਦੀ ਹੋਈ ਨੇ ਕਿਹਾ।
‘ਬਾਬਾ ਮੈ ਲੋਕਾਂ ਵਾਸਤੇ ਆਂ ਥੋਡਾ ਤਾਂ ਧਰਮਾਂ ਈ ਆਂ,ਏਸੇ ਕਰਕੇ ਮੈ ਡੇਰੇ ਵਿੱਚ ਨੀ ਬੁਲਾਇਆ ਦੱਸੋ ਕੀ ਸੇਵਾ ਕਰਾ’ ਧਰਮੇ ਨੇ ਪੁੱਛਿਆ।ਅਸੀ ਐਧਰ ਓਧਰ ਦੀਆਂ ਗੱਲ ਕਰਦੇ ਰਹੇ।
‘ਯਾਰ ਤੂੰ ਮੋਗੇ ਤੋ ਅੰਬਾਲੇ ਕਿਵੇ’
‘ਲੱਡੂ ਖਾਓ ਅਸਲੀ ਘਿਓ ਦੇ ਆ’ ਧਰਮੇ ਦੀ ਧਰਮ ਪਤਨੀ ਸੀਤਲ ਨੇ ਕਿਹਾ ਸਾਰੇ ਚਾਹ ਪੀਣ ਤੇ ਲੱਡੂ ਖਾਂਣ ਲਗ ਪਏ,ਲੱਡੂ ਵਾਕਿਆ ਅਸਲੀ ਘਿਓ ਦੇ ਸਨ ਬਹੁਤ ਹੀ ਸੁਆਦ।
‘ਕੀ ਲੋਈ ਵਿਆਹ ਵੂਹ ਸੀ’ ਮੈ ਲੱਡੂ ਖਾਂਦੇ ਨੇ ਕਿਹਾ।
‘ਐਥੇ ਰੋਜ ਈ ਵਿਆਹ’ ਧਰਮੇ ਨੇ ਖੁਸੀ ਨਾਲ ਕਿਹਾ।
‘ਕਿਵੇ’ ਨੀਲੀ ਨੇ ਪੁੱਛਿਆ।
‘ਕਦੇ ਕਿਸੇ ਦੇ ਮੁੰਡਾ ਹੋ ਗਿਆ ਕਿਸੇ ਦੀ ਬਮਾਰੀ ਠੀਕ ਹੋਗੀ’
‘ਕੀ ਤੁਸੀ ਮੁੰਡੇ ਵੀ ਦਿੰਦੇ ਹੋ’ਨੀਲੀ ਨੇ ਧਰਮੇ ਦੇ ਕੋਲ ਹੋ ਕੇ ਪੁੱਛਿਆ ਤੇ ਦਿਲ ਵਿੱਚ ਸੋਚਿਆ ਬਾਬਾ ਕਿੰਨਾ ਜਾਣੀ ਜਾਣ ਹੈ ਜਿਸ ਕੰਮ ਵਾਸਤੇ ਅਸੀ ਆਏ ਹਾਂ ਆਪ ਹੀ ਆਖ ਰਿਹਾ ਹੈ ਦੱਸਣ ਦੀ ਲੋੜ ਨੀ,ਕੱਲ ਦਾ ਧਰਮਾਂ ਕਿੰਨਾਂ ਕਰਨੀ ਆਲਾ ਬਣ ਗਿਆ ਮੇਰੇ ਆਲਾ ਰਿਹਾ ਬੁੱਧੂ ਦਾ ਬੁੱਧੂ।
‘ਹਾਂ ਕਿਓ ਨੀ ਕਿੰਨੇ ਚਾਈਦੇ ਆ ਮੈ ਤਾਂ ਲਾਦੂ ਮੁੰਡਿਆਂ ਦੀ ਲੈਣ’ ਧਰਮੇ ਨੇ ਪੂਰੇ ਵਿਸਾਵਾਸ ਨਾਲ ਕਿਹਾ,ਨੀਲੀ ਦੇ ਦਿਲ ਦੀ ਧੜਕਨ ਤੇਜ਼ ਹੋ ਗਈ ਤੇ ਧਾਗਾ ਤਵੀਤ ਪੁੱਛਣ ਨੂੰ ਕਾਹਲੀ ਸੀ।
‘ਤਾਂ ਫਿਰ ਸਾਨੁੰ ਵੀ ਕੋਈ ਜਾਦੂ ਮੰਤਰ ਦੱਸੋ’ ਨੀਲੀ ਨੇ ਛੇਤੀ ਪੁੱਛਿਆ ਨੀਲੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਨੀਲੀ ਹੁਣੇ ਹੀ ਮੁੰਡਾ ਗੋਦੀ ਵਿੱਚ ਚੱਕਣ ਨੂੰ ਫਿਰਦੀ ਸੀ।
‘ਨਈ ਯਾਰ ਅਸੀ ਤਾ ਵੈਸੇ ਈ ਆਏ ਸੀ’ ਮੈ ਸਰਮਿੰਦਾ ਹੋਕੇ ਕਿਹਾ ਤੇ ਸੋਚਿਆ ਕਿ ਨੀਲੀ ਕਰ ਕੀ ਰਹੀ ਹੈ ਧਰਮਾਂ ਆਪਣਾਂ ਬੰਦਾ ਹੈ ਹੌਲੀ ਹੌਲੀ ਇਸਨੂੰ ਮੈ ਦੱਸ ਦੇਊਗਾ। ਨੀਲੀ ਤਾਂ ਸੌ ਦੀ ਸਪੀਡ ਦੀ ਕਿੱਲੀ ਦੱਬੀ ਜਾ ਰਹੀ ਸੀ।
‘ਤੂੰ ਚੁੱਪ ਕਰ ਏਹ ਕ੍ਹੇੜਾ ਬਗਾਨਾਂ ਘਰ ਦਾ ਬਾਬਾ ਇਸ ਤੋ ਕੀ ਸੰਗਣਾਂ’ ਨੀਲੀ ਨੇ ਖੁਸ਼ੀ ਨਾਲ ਝੂੰਮਦੀ ਹੋਈ ਨੇ ਕਿਹਾ।
‘ਕੋਈ ਨੀ ਫਿਕਰ ਨਾਂ ਕਰੋ ਐਥੇ ਮੁੰਡਿਆ ਵਾਸਤੇ ਬੌਤ ਆਉਦੇ ਆ ਤੇ ਮੁਰਾਦਾਂ ਲੈਕੇ ਚਲੇ ਜਾਦੇ ਪ੍ਰਮਾਂਤਮਾਂ ਸਭ ਠੀਕ ਕਰੂਗਾ’ ਧਰਮੇ ਨੇ ਬਹੁਤ ਵੱਢੇ ਗਿਆਨੀਆਂ ਵਾਂਗੂੰ ਤਸੱਲੀ ਨਾਲ ਕਿਹਾ।
‘ਯਾਰ ਤੂੰ ਬਾਬਾ ਕਿਵੇ ਬਣਿਆ’ ਮੈ ਗੱਲ ਨੂੰ ਮੋੜਾ ਦਿੱਤਾ।ਇਸ ਗੱਲ ਤੇ ਨੀਲੀ ਫਿਰ ਖਿਝ ਗਈ ਕਿ ਅਸੀ ਕੀ ਲੈਣਾਂ ਇਸਦੀ ਹਿਸਟਰੀ ਤੋ ਅਸੀ ਤਾਂ ਮੁੰਡਾ ਵਾਸਤੇ ਕੋਈ ਜਾਦੂ ਟੂਣਾ ਪੁੱਛਣ ਆਏ ਆਂ ਤੇ ਪੁੱਛ ਕੇ ਡੰਡੀ ਪਈਏ। ਹੁਣ ਏਹਸ ਸਟੋਰੀ ਤੇ ਘੰਟਾ ਲਾਊਗਾ।ਨੀਲੀ ਦਾ ਦਿਲ ਕਰਦਾ ਸੀ ਕਿ ਧਰਮੇ ਨੂ ਕਹਾਂ ਪਹਿਲਾਂ ਸਾਡਾ ਕੰਮ ਕਰ ਫਿਰ ਦੱਸੀ ਜਾਵੀ ਸਟੋਰੀਆਂ ਪਰ ਬੋਲ ਨਹੀ ਸੀ ਸਕਦੀ ਪਤਾ ਸੀ ਕਿ ਜੇ ਇਹ ਛਿੜ ਪਿਆ ਤਾਂ ਭੂਸਰੇ ਸਾਨ ਵਾਂਗੂੰ ਸੰਭਾਲਿਆ ਨੀ ਜਾਣਾਂ ਸੋ ਚੁੱਪ ਹੀ ਬਿਹਤਰ ਸਮਝੀ।ਤੇ ਧਰਮੈ ਦੀ ਗੱਲ ਮਜਬੂਰਨ ਸੁਨਣ ਲੱਗ ਪਈ। 
‘ਪੁੱਛ ਨਾ ਭਰਾਵਾ ਤੈਨੂੰ ਦੱਸਿਆ ਸੀ ਨਾਂ ਕਿ ਮੇਰੀ ਮਨੇਜਰ ਨੇ ਤਰੱਕੀ ਰੋਕੀ ਰੱਖੀ, ਮੇਥੋ ਜੂਨੀਅਰ ਤਰੱਕੀ ਕਰਗੇ ਇਸੇ ਗੱਲ ਤੇ ਮੇਰਾ ਮਨੇਜਰ ਨਾਲ ਤੂੰ ਤੂੰ ਮੈ ਮੈ ਹੋਗੀ ਸਾਲੇ ਮੇਰੇ ਨੇ ਮੈਨੂੰ ਨੌਕਰੀਓ ਕੱਢਤਾ’
‘ਕਿਓ ਅਣਬਣ ਹੋਗੀ?’ਮੈ ਪੁੱਛਿਆ।
‘ਪੁੱਛ ਨਾਂ ਭਰਾਵਾ ਲੋਕ ਅਖਬਾਰਾਂ ‘ਚ’ ਇਸਤਿਹਾਰ ਦੇਣਗੇ ਵਿਾਅਹ ਵਸਾਤੇ ਸੁੰਦਰ ਸੋਹਣੀ ਕੁੜੀ ਚਾਹੀਦੀ ਹੈ’
‘ਂਨਾ ਹੋਰ ਲਿਖਣ ਕਿ ਭੈੜੀ ਸ਼ਕਲ ਚਾਈਦੀ ਆ’ਮੈ ਕਿਹਾ।
‘ਭੈੜੀ ਸ਼ਕਲ ਤਾਂ ਨੀ ਬੱਸ ਆਮ ਕੁੜੀਆਂ ਵਰਗੀ ਹੋਵੇ’ਧਰਮੇ ਕਿਹਾ।
‘ਲੋਕ ਤਾਂ ਸ੍ਹੋਣੀਆਂ ਕੁੜੀਆਂ ਮਰਦੇ ਤੇ ਸ੍ਹੋਣੀਆਂ ਕੁੜੀਆਂ ‘ਚ’ ਖਰਾਬੀ ਵੀ ਕੀ ਆ’
‘ਭਰਾਵਾ ਮੇਰੇ ਠੂਠੇ ਡਾਂਗ ਤਾਂ ਮੇਰੀ ਸੋਹਣੀ ਵਹੁਟੀ ਸੀਤਲ ਪੈਰੋ ਵੱਜੀ ਆ’
‘ਓਹ ਕਿਵੇ’ ਮੈ ਨੇੜੇ ਹੋ ਕੇ ਪੁੱਛਿਆ।
‘ਭਰਾਵਾ ਸੱਚ ਸੁਣ ਬੰਦੇ ਦੀ ਆਵਦੀ ਘਰਵਾਲੀ ਭਾਂਵੇ ਕਿੰਨੀ ਵੀ ਸੋਹਣੀ ਕਿਓ ਨਾਂ ਹੋਵੇ ਪਰ ਕਈ ਬੰਦੇ ਬਿਗਾਨੀਆਂ ਖੁਰਨੀਆਂ ਵਿੱਚ ਮੂੰਹ ਮਾਰਨੋ ਬਾਜ ਨੀ ਔਦੇ।ਸਾਡੇ ਮਨੇਜਰ ਨੂੰ ਹਰ ਹਫਤੇ ਕੋਈ ਂਨਾ ਕੋਈ ਤਰੱਕੀ ਵਾਸਤੇ ਆਵਦੇ ਘਰ ਸਦਦਾ ਹੀ ਰਹਿੰਦਾ ਸੀ ਮੈ ਕਿਤੇ ਘਰ ਨਹੀ ਸੀ ਸੱਦਿਆ ੳੇੁਹ ਮੇਰੀ ਸੋਹਣੀ ਸੀਤਲ ਤੇ ਲੀਕ ਮਾਰ ਨੂੰ ਫਿਰਦਾ ਸੀ। ਨਾਂ ਘਰ ਸੱਦਣ ਤੇ ਉਸਨੂੰ ਚਿੜ ਸੀ ਬੱਸ ਇੱਕ ਦਿਨ ਤੂੰ ਤੂੰ ਮੈ ਮੈ ਹੋ ਗਈ ਮੈਂਨੂੰ ਨੌਕਰੀਓ ਕੱਢ ਦਿੱਤਾ ਤੇ ਮੈਥੋ ਜੂਨੀਅਰ ਅਫਸਰ ਬਣ ਗਏ ਇਸ ਕਰਕੇ ਸੋਹਣੀ ਕੁੜੀ ਨਾਲ ਕਦੇ ਵਿਆਹ ਨਾਂ ਕਰਵਾਵੋ ਨਈ ਤਾਂ ਮੇਰੇ ਵਾਂਗੂੰ ਬਾਬਾ ਬਣਨਾਂ ਪਊਗਾ ਕਾਲੀਆਂ ਪੀਲੀਆਂ ਈ ਠੀਕ ਆ’
‘ਫੇਰ ਕੀ ਹੋਇਆ ਯਾਰ ਸੋਹਣੀ ਤਾ ਤੇਰੀ ਭਾਬੀ ਵੀ ਹੈ ’ ਮੈ ਨੀਲੀ ਵੱਲ ਦੇਖਕੇ ਕਿਹਾ ਨੀਲੀ ਵੱਲ ਕੌੜ ਗਾਂ ਵਾਂਗੂੰ ਝਾਕੀ।
‘ਫੇਰ ਕੀ ਮੈ ਨੌਕਰੀ ਦੀ ਭਾਲ ਵਿੱਚ ਇੱਕ ਦਿੱਨ ਇਸ ਡੇਰੇ ਤੇ ਆਇਆ ਸੰਤ ਦੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ,ਬੱਸ ਮੈ ਹਰਰੋਜ ਆਉਣਾਂ ਸੁਰੂ ਕਰ ਦਿੱਤਾ। ਬਾਬਾ ਜੀ ਸਿਰਫ ਬਾਣੀ ਦਾ ਉਪਦੇਸ ਦਿੰਦੇ ਬਾਬਾ ਜੀ ਹਕੀਮ ਵੀ ਸਨ,ਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਵਹਿਮਾਂ ਭਰਮਾਂ ਵਿੱਚ ਕਢਦੇ,ਜੇ ਕੋਈ ਔਰਤ ਆਕੇ ਕਹਿੰਦੀ ਕਿ ਸਾਡੇ ਘਰ ਵਾਧਾ ਨਹੀ ਹੁੰਦਾ। ਤਾਂ ਬਾਬਾ ਜੀ ਕਹਿੰਦੇ ਕਿ ਕੋਈ ਭੂਤ ਪ੍ਰੇਤ ਨਹੀ ਹੁੰਦਾ ਜਦੋ ਬੰਦਾ ਪਾਠ ਨਹੀ ਕਰਦਾ,ਗੁੱਸਾ ਕਰਦਾ ਹੈ,ਬਗੈਰ ਮਤਲਬ ਤੋ ਲੜਾਈ ਕਰਦਾ ਹੈ ਉਹ ਭੂਤ ਹੈ,ਬੱਸ ਬਾਬਾ ਜੀ ਨਾਮ ਦਾ ਦਾਨ ਦਿੰਦੇ ਬਾਣੀ ਦੇ ਅਸਰ ਨਾਲ ਜੋ ਆਖਦੇ ਉਹ ਵਾਕ ਪੂਰਾ ਹੋ ਜਾਦਾ,ਬੀਮਾਰੀਆ ਦੇ ਨੁਕਸੇ ਮੈਨੂੰ ਵੀ ਦੱਸ ਦਿੱਤੇ ਜਿਵੇ ਸੱਪ ਦਾ ਇਲਾਜ,ਰੀਹ ਦਾ ਇਲਾਜ ਤੇ ਖਾਸ ਕਰ ਮੁੰਡਾ ਪੈਦਾ ਕਰਨ ਦਾ ਤਰੀਕਾ’
‘ਬਾਕੀ ਗੱਲਾਂ ਛੱਡੋ ਸਾਨੂੰ ਬੱਸ ਮੁੰਡਾ ਚਾਈਦਾ ਜੇ ਕ੍ਰਿਪਾ ਕਰ ਦਿਓ ਤਾ’ ਨੀਲੀ ਨੇ ਫਟਾ ਫਟ ਕਿਹਾ ਕਿਉਕਿ ਉਹ ਉਡੀਕ ਰਹੀ ਸੀ ਕਿ ਇਹ ਮੁੰਡੇ ਦਾ ਨਾਂ ਲਵੇ ਤੇ ਮੈ ਛੇਤੀ ਕਹਾਂ।
‘ਓਹ ਵੀ ਮਿਲ ਜੂ ਗੱਲ ਤਾਂ ਪੂਰੀ ਕਰਨ ਦੇ’ਮੈ ਨੀਲੀ ਨੂੰ ਕਿਹਾ ਧਰਮਾਂ ਹੱਸ ਪਿਆ।
‘ਬਾਬਾ ਜੀ ਗੱਲ ਛੇਤੀ ਸਿਰੇ ਜਾਵੋ’ ਨੀਲੀ ਨੇ ਕਿਹਾ।
‘ਨੀਲੀ ਮੈਨੂੰ ਫਿਰ ਬਾਬਾ ਨਾਂ ਕਹੀ ਥੋਡੇ ਆਸਤੇ ਤਾਂ ਮੈ ਧਰਮਾਂ ਈਆ ਮੈ ਕੋਈ ਬਾਬਾ ਬੂਬਾ ਨੀ ਨਾਂ ਮੇਰੇ ਕੋਲ ਕੋਈ ਗੈਬੀ ਸ਼ਕਤੀ ਆ’ ਧਰਮੇ ਨੇ ਕਿਹਾ, ਇਹ ਸੁਣਕੇ ਨੀਲੀ ਢਿੱਲੀ ਜੀ ਹੋਗੀ।
‘ਚੱਲ ਅੱਗੇ ਤੁਰ’ ਮੈ ਧਰਮੇ ਕਿਹਾ।
‘ਮੈ ਇੱਕ ਹਫਤਾ ਡੇਰੇ ਤੇ ਨਾਂ ਸਕਿਆ ਕਿਉਕਿ ਮੈ ਚੰਡੀਗੜ ਇੰਟਰਵਿਊ ਵਾਸਤੇ ਗਿਆ ਸੀ ਇੱਕ ਹਫਤੇ ਬਾਅਦ ਆਇਆ ਤਾਂ ਬਾਬਾ ਜੀ ਬਹੁਤ ਬੀਮਾਰ ਸਨ। ਮੈ ਬਾਬਾ ਜੀ ਕੋਲ ਬੈਠ ਗਿਆ ਬਾਬਾ ਜੀ ਬੋਲੇ।
‘ਧਰਮਿਆਂ ਲਗਦਾ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ, ਮੈ ਤੈਨੂੰ ਹੀ ਉਡੀਕਦਾ ਸੀ ਸੋ ਤੂੰ ਆ ਗਿਆ, ਬੇਟਾ ਮੈਥੋ ਬਾਅਦ ਤੂੰ ਇਸ ਡੇਰੇ ਦੀ ਜਵਾਬਦਾਰੀ ਤੇਰੇ ਸਿਰ ਤੇ ਹੈ, ਇਹ ਡੇਰਾ ਮੇਰਾ ਮੁੱਲ ਲਿਆ ਹੈ। ਇੱਕ ਕਿੱਲੇ ਤੋ ਵੱਧ ਆ। ਕਿਸੇ ਕਮੇਟੀ ਜਾਂ ਸੁਸਾਇਟੀ ਦਾ ਨਹੀ, ਸਾਰਾ ਕੰਮ ਤੂੰ ਸਮਝ ਹੀ ਗਿਆ ਹੈ ਕਿ ਕਿਵੇ ਕਿਸ ਬੀਮਾਰੀ ਦਾ ਇਲਾਜ ਕਰਨਾਂ, ਲਾਲਚ ਨਹੀ ਕਰਨਾਂ। ਮੇਰਾ ਵਿਆਹ ਹੋ ਗਿਆ ਸੀ। ਪਰ ਛੱਡ ਛਡਾਈ ਹੋ ਗਈ ਇਸਤੋ ਬਾਅਦ ਮੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾਂ ਸੁਰੂ ਕਰ ਦਿੱਤਾ। ਮੈ ਬੀ ਏ ਤੱਕ ਪੜਿਆ ਹਾਂ, ਮੈ ਅੱਜ ਤੱਕ ਇਕ ਪੈਸਾ ਨਹੀ ਜਮਾਂ ਕੀਤਾ ਸਾਰਾ ਪੈਸਾ ਲੋੜ ਵੰਦਾਂ ਨੂੰ ਦਿੱਤਾ, ਕਿਉਕਿ ਕਈਆ ਦੇ ਚਾਰ ਚਾਰ ਕੁੜੀਆਂ ਸਨ ਇੱਥੋ ਪੁੱਤਰ ਮਿਲੇ, ਜੋ ਰੀੜ ਦੀ ਹੱਡੀ ਦੇ ਮਰੀਜ਼ ਸਨ ਉਹ ਠੀਕ ਹੋਏ, ਲੋਕਾਂ ਨੇ ਪੈਸਿਆਂ ਦੇ ਢੇਰ ਲਾ ਦਿੱਤੇ,ਮੈ ਲਾਲਚ ਨੀ ਕੀਤਾ, ਸੋ ਤੂੰ ਵੀ ਲਾਲਚ ਨੀ ਕਰਨਾਂ ਗਰੀਬਾਂ ਦੀ ਮੱਦਦ ਕਰਨੀ ਲੋਕਾਂ ਨੂੰ ਧਾਗੇ ਤਵੀਤਾਂ ਤੋ ਮੁਕਤ ਕਰਨਾਂ’ਇਹ ਆਖਕੇ ਬਾਬਾ ਜੀ ਚੱਲ ਵਸੇ ਤੇ ਮੈ ਬਾਬਾ ਬਣ ਗਿਆ।
‘ਹੁਣ ਤੂੰ ਡੇਰੇ ਦਾ ਮਾਲਕ ਹੈ ਤੇ ਤੂੰ ਕਿਵੇ ਕੰਮ ਕਰਦਾ ਹੈ ਮੈਨੂੰ ਸਮਝਾ’ ਮੈ ਕਿਹਾ।
‘ਕੰਮ ਕੀ ਹੈ ਕਦੇ ਕੋਈ ਜਨਾਨੀ ਆਉਦੀ ਹੈ ਕਹਿੰਦੀ ਹੈ ਮੇਰੇ ਘਰ ਵਾਲਾ ਵੱਸ ‘ਚ’ਕਰਨਾਂ ਮੈ ਸਮਝਾ ਦਿੰਦਾ ਹਾਂ ਕਿ ਜਿੰਨਾ ਹੋ ਸਕੇ ਪਾਠ ਕਰਿਆ ਕਰੋ ਨਾਲ ਮੈ ਗੁਟਕਾ ਵੀ ਦੇ ਦਿੰਦਾ ਹਾਂ, ਬਾਣੀ ਪੜਨ ਵਿੱਚੋ ਬਹੁਤ ਕੁਛ ਮਿਲਦਾ ਹੈ ਕਿਉਕਿ ਮੈ ਹਰ ਗੁਟਕਾ ਸਟੀਕ ਵਿੱਚ ਦਿੰਦਾ ਹਾਂ ਤਾਂ ਕਿ ਪਾਠ ਕਰਨ ਵਾਲਾ ਅਰਥ ਸਮਝ ਸਕੇ’
‘ਹੋਰ ਕੀ ਲੋਕਾਂ ਦਾ ਫੈਦਾ ਕਰਦਾਂ?’
‘ਹੋਰ ਕੀ ਦੁਨੀਆ ਦੁੱਖਾਂ ਦਾ ਘਰ ਹੈ,ਨਸ਼ਾਂ ਛਡਾਉਦਾ ਹਾਂ ਕਿਉਕਿ ਇੱਕ ਵਕੀਲ ਮੇਰਾ ਸਰਧਾਲੂ ਹੈ ਉਸਨੂੰ ਇੱਸੇ ਡੇਰੇ ‘ਚੋ’ ਮੁੰਡਾ ਹੋਇਆ ਸੀ ਉਸਦਾ ਭਰਾ ਡਾਕਟਰ ਹੈ ਮੈ ਕੋਈ ਅਮਲੀ ਐਥੋ ਭੇਜਦਾ ਹਾਂ ਤਾਂ ਡਾਕਟਰ ਆਵਦੀ ਫੀਸ ਨਹੀ ਲੈਦਾ ਸਿਰਫ ਦਵਾਈ ਦੇ ਪੈਸੈ ਲੈਦਾ ਹੈ ਉਹ ਪੈਸੈ ਵੀ ਮੈ ਦਿੰਦਾ ਹਾਂ ਤੇ ਅਮਲੀ ਬਗੈਰ ਕਿਸੇ ਖਰਚੇ ਤੋ ਨਸੇ ਤੋ ਮੁਕਤ ਜਾਂਦਾ ਹੈ ਤੇ ਇਸ ਡੇਰੇ ਦਾ ਹੋ ਜਾਂਦਾ ਹੈ’ ਧਰਮੇ ਨੇ ਕਿਹਾ।
‘ਯਾਰ ਤੂੰ ਤਾਂ ਕਲਯੁੱਗ ਵਿੱਚ ਸਤਯੁਗੀ ਬੰਦਾ ਕਿੱਥੋ ਆ ਗਿਆ’
‘ਜਦੋ ਮੇਰਾ ਗੁਜਾਰਾ ਚੱਲੀ ਜਾਦਾ ਹੈ ਫਿਰ ਮੈ ਕਿਓ ਕੁੱਤਿਆਂ ਵਾਂਗੂੰ ਹਰਲ ਹਰਲ ਕਰਾਂ’ ਹੁਣ ਤੂੰ ਦੱਸ ਕਿਵੇ ਦਰਸਣ ਦਿੱਤੇ?’
‘ਤੈਨੂੰ ਤੇਰੀ ਭਾਬੀ ਨੇ ਦੱਸ ਤਾਂ ਦਿੱਤਾ’
‘ਹਾਂ ਕਿੰਨੀਆਂ ਕੁੜੀਆਂ’
‘ਦੋ’ 
‘ਠੀਕ ਆ ਤੂੰ ਚੰਡੀਗੜ ਜਾਵੀ ਤੇ ਇੱਕ ਕਿਤਾਬ ਲਵੀ ਜਿਸਤੇ ਲਿਖਿਆ ਹੋਓ
“HOW TO CHOOSE THE SEX OF YOUR BABY:-BY ‘LANDRUM B. SHETTLES’  ਇਹ ਕਿਤਾਬ ਤੋ ਜਾਣਕਾਰੀ ਲਵੀ ਸ਼ਰਤੀਆ ਮੁੰਡਾ ਹੋਊਗਾ’
‘ਬੱਸ ਐਨਾਂ ਈ ਕੰਮ ਸੀ’ ਮੈ ਕਾਹਲੀ ਨਾਲ ਪੁੱਛਿਆ।
‘ਹਾਂ’ਧਰਮੇ ਤੇ ਤਸੱਲੀ ਨਾਲ ਕਿਹਾ।
‘ਪਰ ਇਹ ਕਿਤਾਬ ਤੇ ਬਹੁਤ ਸਾਲ ਅਮਰੀਕਾ ਨੇ ਪਾਬੰਦੀ ਪਾਈ ਰੱਖੀ ਸੀ’
‘ਕਿਓ’
‘ਕਿਊਕਿ ਅਮਰੀਕਾ ਨੇ ਡਾਕਟਰ ਨੂੰ ਕਿਹਾ ਕਿ ਇਸ ਕਿਤਾਰਬ ਤਾਂ ਮੁੰਡੇ ਹੀ ਮੁੰਡੇ ਹੋਣਗੇ ਫਿਰ ਕੁੜੀਆਂ ਨਹੀ ਹੋਣਗੀਆਂ ਤਾਂ ਵਿਆਹ ਖੋਤੀਆ ਨਾਲ ਕਰਨਗੇ? ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਨੇ ਕਿਹਾ ਕਿ ਇਸ ਵਿੱਚ ਕੁੜੀ ਪੇਦਾ ਕਰਨ ਵਾਸਤੇ ਜਾਣਕਾਰੀ ਹੈ ਪਤੀ ਪਤਨੀ ਜੇ ਚਾਹੁੰਣ ਤਾਂ ਇੱਕ ਮੁੰਡਾ ਇੱਕ ਕੁੜੀ ਪੈਦਾ ਕਰ ਸਕਦੇ ਹਨ ਫੇਰ ਕਿਤੇ ਜਾਕੇ ਅਮਰੀਕਾ ਨੇ ਪਾਬੰਦੀ ਉਠਾਈ’
‘ਇਸ ਕਿਤਾਬ ਦੀ ਜਾਣਕਾਰੀ ਨਾਲ ਸੌ ਫੀ ਸਦੀ ਮੁੰਡਾ ਹੋਊਗਾ’ਨੀਲੀ ਨੇ ਕਾਹਲੀ ਕਾਹਲੀ ਪੁੱਛਿਆ ਤੇ ਸੋਚਿਆ ਮੈ ਤਾਂ ਬਣਾਂ ਦੂਗੀ ਹਾਕੀ ਦੀ ਟੀਮ।
‘ਨਈ ਭਾਬੀ ਸੌ ਫੀ ਸਦੀ ਚੀਜ਼ ਕੋਈ ਵੀ ਨੀ ਹੁੰਦੀ ਇਸ ਕਿਤਾਬ ਦੇ ਲੇਖਕ ਡਾਕਟਰ ਨੇ ਕਿਹਾ ਹੈ ਕਿ ਇਹ ਕਿਤਾਬ ਦੀ ਜਾਣਕਾਰੀ ਨਾਲ 75% ਮੁੰਡਾ ਹੋਊਗਾ ਤੇ 25% ਰੱਬ ਆਸਰੇ’ਧਰਮੇ ਨੇ ਕਿਹਾ।ਇਹ ਗੱਲ ਸੁਣਕੇ ਢਿੱਲੀ ਪੈ ਗਈ। 
‘ਫਿਰ ਤਾਂ ਪਾਠ ਵੀ ਕਰਨਾਂ ਪਊ’ਮੈ ਨੀਝ ਲਾਕੇ ਪੁੱਛਿਆ।
‘ਪਾਠ ਤਾਂ ਮੁੰਡੇ ਆਸਤੇ ਨੀ ਵੈਸੇ ਈ ਕਰਨਾਂ ਚਾਈਦਾ।ਪਾਠ ਮਨ ਦੀ ਮੈਲ ਦੂਰ ਕਰਨ ਵਾਸਤੇ ਆ ਨਾ ਕਿ ਮੁੰਡਿਆਂ ਵਾਸਤੇ। ਜਿਹਨਾਂ ਨੇ ਇਹ ਕਿਤਾਬ ਵਰਤੀ ਹੈ ਉਹ ਕ੍ਹੈਦੇ ਆ ਕਿ ਇਹ ਕਿਤਾਬ 90% ਸਹੀ ਹੈ’ਧਰਮੇ ਨੇ ਛੱਤ ਵੱਲ ਦੇਖਦੇ ਹੋਏ ਕਿਹਾ।
‘ਲੋਕ ਤਾਂ ਮੁੰਡੇ ਲੈਣ ਵਾਸਤੇ ਖੰਡ ਪਾਠ ਕਰਾਉਦੇ ਆ’ਮੈ ਕਿਹਾ।
‘ਖੰਡ ਪਾਠ ਨਾਲ ਮੁੰਡੇ ਕੁੜੀ ਹੋਣ ਦਾ ਕੋਈ ਲੈਣਾਂ ਦੇਣਾਂ ਨੀ,ਜਾਨਵਰਾਂ ਦੇ ਬੱਚੇ ਹੁੰਦੇ ਆ ਕਦੇ ਨਰ ਕਦੇ ਮਾਦਾ ਓਹ ਖੰਡ ਪਾਠ ਕਰਾਉਦੇ ਆ’
‘ਹਾਂ ਯਾਰ ਬੱਕਰਾ-ਬੱਕਰੀ,ਕੱਟਾ-ਕੱਟੀ,ਵੱਛਾ-ਵੱਛੀ ਇਹ ਕੇੜਾ ਪਾਠ ਕਰਦੇ ਆ’ਮੈ ਕਿਹਾ।
‘ਨਾਲੇ ਪਾਠੀ ਸਾਰੀ ਦਿਹਾੜੀ ਪਾਠ ਕਰਦੇ ਆ ਕੁੜੀਆਂ ਓ੍ਹਨਾਂ ਦੇ ਵੀ ਹੁੰਦੀਆਂ, ਬੱਸ ਇਹੀ ਸਮਝਣ ਵਾਲੀ ਗੱਲ ਆ ਜੋ ਕਿਤਾਬ ‘ਚ’ਲਿਖੀ ਆ, ਜਿਹੜਾ ਅੰਗਰਜ਼ੀ ਜਾਣਦਾ ਹੈ ਉਸਨੂੰ ਮੈ ਫੋਟੋ ਕਾਪੀ ਦੇ ਦਿੰਦਾ ਹਾਂ ਤੇ ਅਨਪੜ ਨੂੰ ਮੈ ਵੈਸੈ ਸਮਝਾ ਦਿੰਦਾ ਹਾਂ'
‘ਹੋਰ ਡੇਰੇ ਵਿੱਚ ਤੂੰ ਕੀ ਕਰਦਾ’
‘ਸਵੇਰੇ ਪੰਜ ਵਜੇ ਜਾ ਕੇ ਨਿੱਤਨੇਮ ਵਾਕ ਦੇ ਅਰਥ, ਫਿਰ ਕੋਈ ਨਾਂ ਕੋਈ ਆਇਆ ਰੈਦਾ ਮੈ ਤਕਲੀਫਾਂ ਸੁਣਕੇ ਵਹਿਮਾਂ ਭਰਮਾਂ ਤੋ ਦੂਰ ਕਰਦਾ ਹਾ’
‘ਕੋਈ ਤੇਰੇ ਕੋਲ ਭੂਤ ਪ੍ਰੇਤ ਵੀ ਆ’
‘ਨਈ ਯਾਰ ਮੇਰੇ ਕੋਲ ਕੋਈ ਭੂਤ ਭਾਤ ਨੀ ਇੱਕ ਭੁਤਨੀ ਆ’ਧਰਮੇ ਨੇ ਸੀਤਲ ਵੱਲ ਟੇਢੀ ਅੱਖ ਨਾਲ ਦੇਖਦੇ ਹੋਏ ਨੇ ਕਿਹਾ। ਭੂਤਨੀ ਦਾ ਨਾਂ ਸੁਣਕੇ ਸੀਤਲ ਚਾਰੇ ਚੱਕ ਕੇ ਪੈ ਗਈ। 
‘ਹੁਣ ਮੈ ਤੈਨੂੰ ਭੂਤਨੀ ਦਿਸਦੀ ਆ ਓਦੋ ਤਾਂ ਕ੍ਹੈਦਾ ਸੀ ਜੇ ਤੂੰ ਮੇਰੇ ਨਾਲ ਵਿਆਹ ਨਾਂ ਕੀਤਾ ਤਾਂ ਮੈ ਕੁਛ ਖਾਕੇ ਮਰਜੂੰਗਾ’
‘ਓਹ ਤਾਂ ਮੈ ਝੂਠ ਬੋਲਦਾ ਸੀ’
‘ਹਾਂ ਚੋਰਾਂ ਯਾਰਾਂ ਅਸ਼ਕਾਂ ਕਸਮਾਂ ਨਾਲ ਵਿਹਾਰ’ ਸੀਤਲ ਘੂਰੀ ਜੀ ਵੱਟ ਕੇ ਕਿਹਾ।
‘ਚੱਲ ਠੀਕ ਆ ਬੈਠਾ ਉਠਿਆ ਦੇਖ ਲਈਦਾ ਹੁੰਦਾ’
‘ਦੇਖਣ ਨੂੰ ਏਹ ਕਿਤੇ ਓਪਰੇ ਆ’ਸੀਤਲ ਨੇ ਕਿਹਾ।
,ਚੱਲ ਹੁਣ ਚੁੱਪ ਦਾ ਦਨ ਬਖਸ’ ਸੀਤਲ ਨੂੰ ਆਖਕੇ ਧਰਮੇ ਨੇ ਦੱਸਣਾ ਸੁਰੂ ਕੀਤਾ।
‘ਮੇਰੇ ਕੋਲ ਤਾਂ ਕੀ ਕਿਸੇ ਕੋਲ ਵੀ ਗੈਬੀ ਸ਼ਕਤੀ ਨੀ, ਸਿਆਣੇ ਗਰੀਬਾਂ ਤੇ ਦੁਖੀਆਂ ਦੀ ਮਜਬੂਰੀ ਦਾ ਗਲਤ ਫੈਦਾ ਉਠਾਉਦੇ ਆ,ਮੈ ਇਹੋ ਜਿਹੇ ਪਖੰਡ ਨੀ ਕਰਦਾ ਸਗੋ ਮੈ ਤਾਂ ਵਹਿਮਾਂ ਭਰਮਾਂ ਤੋ ਮੁਕਤ ਕਰਦਾ ਹਾਂ'ਅੱਜ ਕੱਲ ਦੇ ਬਾਬਿਆਂ ਤੋ ਥਾ ਰੱਬ ਡਰਿਆ ਇਹ ਬੁੱਢੇ ਲੋਕਾਂ ਦੀਆਂ ਜਵਾਨ ਕੁੜੀਆਂ ਕੁੜੀਆਂ ਭਜਾ ਕੇ ਪਹਾੜਾ ‘ਚ’ ਲੈ ਜਾਂਦੇ ਆ ਤੇ ਉ੍ਹਨਾਂ ਦੇ ਚੇਲੇ ਬਾਲਕੇ ਆਖ ਦਿੰਦੇ ਆ ਕਿ ‘ਬਾਬੇ ਤੀਰਥ ਯਾਤਰਾ’ ਤੇ ਗਏ ਆ ਏਹ ਨੀ ਪਤਾ ਬਾਬੇ ਗਰਮੀ ਦੇ ਮਹੀਨੇ ਸਿ਼ਮਲੇ ਵਿੱਚ ‘ਸਿ਼ਕਾਰੇ’ ‘ਚ’ ਹਨੀ ਮੂੰਨ ਮਨਾ ਰਹੇ ਹੁੰਦੇ ਆ ਫੜਲੋ ਪੂਛ’
‘ਏਹ ਬਾਬੇ ਵੀ ਬੀਬੀਆਂ ਨੇ ਚਮਲਾਏ ਆ’ਮੈ ਕਿਹਾ ਤਾਂ ਨੀਲੀ ਮੇਰੇ ਵੱਲ ਔਖੀ ਔਖੀ ਝਾਕਣ ਲੱਗ ਪਈ।
‘ਮੇਰੇ ਕੋਲ ਵੀ ਬੀਬੀਆਂ ਆਊਦੀਆਂ ਪਰ ਮੈ ਤਾਂ ਸਭ ਨੂੰ ਧੀਆਂ ਭੈਣਾਂ ਸਮਝਦਾ’
‘ਤੂੰ ਕਿਸੇ ਵੱਲ ਗਲਤ ਵੇਖ ਤਾਂ ਸਈ ਵੱਢਾ ਆ ਗਿਆ ‘ਭੀਸਮ ਪਿਤਾਂਮਾਂ’ਸੀਤਲ ਨੇ ਅਜੀਬ ਅਕਾਸਬਾਣੀ ਕੀਤੀ।
‘ਚੰਗਾ ਧਰਮਿਆਂ ਹੁਣ ਤਾ ਮੁੰਡਾ ਲੈਕੇ ਈ ਤੇਰੇ ਕੋਲ ਆਵਾਂਗੇ’ ਮੈ ਉਸਤੋ ਵਿਦਾ ਲਈ ਕਿਊਕਿ ਘਰ ਬੱਚੇ ਵੀ ਉਡੀਕਦੇ ਸਨ,ਘਰ ਨੂੰ ਜਾਣ ਵਾਸਤੇ ਨੀਲੀ ਬਹੁਤ ਕਾਹਲ ਕਰ ਰਹੀ ਸੀ ਕਿਊਕਿ ਨੀਲੀ ਨੂੰ ਮੇਰੇ ਨਾਲੋ ਛੇਤੀ ਮੁੰਡਾ ਚਾਹੀਦਾ ਸੀ। ਅਸੀ ਘਰ ਆ ਗਏ। ਪਰ ਚੰਡੀਗੜੋ ਕਿਤਾਬ ਨਹੀ ਮਿਲੀ ਮੈ ਫਿਰ ਧਰਮੇ ਕੋਲੋ ਕਿਤਾਬ ਦੇ ਚੈਪਟਰ ਦੀ ਫੋਟੋ ਕਾਪੀ ਲੈ ਆਇਆ ਉਸ ਕਿਤਾਬ ਤੋ ਜਾਣਕਾਰੀ ਼ਲਈ ਤੇ ਰੱਬ ਨੇ ਮੁੰਡਾ ਦੇ ਦਿੱਤਾ ਭੈਣਾਂ ਨੂੰ ਭਰਾ ਮਿਲ ਗਿਆ ਮੈਨੂੰ ਤੇ ਨੀਲੀ ਨੂੰ ਮੁੰਡਾ ਮਿਲ ਗਿਆ ਅਸੀ ਛੇਤੀ ਤੋ ਛੇਤੀ ਧਰਮੇ ਕੋਲ ਜਾਕੇ ਧੰਨਵਾਦ ਕਰਕੇ ਆਉਣਾਂ ਚਾਹੁੰਦਾ ਸੀ ਪਰ ਫਿਰ ਵੀ ਜਾਂਦਿਆਂ ਜਾਂਦਿਆਂ ਨੂੰ ਡੇੜ ਸਾਲ ਲੱਗ ਗਿਆ ਡੇੜ ਸਾਲ ਬਾਅਦ ਅਸੀ ਸਿੱਧੇ ਧਰਮੇ ਦੇ ਡੇਰੇ ਤੇ ਗਏ ਡੇਰੇ ਤੇ ਘਰ ਵਾਲੀ ਥਾਂ ਦੋ ਮੰਜਲੀ ਕੋਠੀ ਪਾਈ ਹੋਈ ਸੀ।ਅਸੀ ਅਮਝਿੳਆ ਕਿ ਅਸੀ ਭੁੱਲ ਗਏ ਹਾਂ। ਹਾਰ ਕੇ ਅਸੀ ਸੜਕੇ ਤੇ ਵਾਪਸ ਆ ਗਏ ਉਥੇ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ ਸੀ। ਜਿਸ ਦੇ ਬੋਰਡ ਤੇ ਲਿਖਿਆ ਸੀ-
‘ਚਾਹ ਖੋਖੇ ਦੀ,ਬੈਟਰੀ ਮੋਖੇ ਦੀ' ਅਸੀ ਉਥੇ ਬੈਠ ਕੇ ਚਾਹ ਪੀਣ ਵਾਸਤੇ ਬੈਠ ਗਏ।
‘ਬਾਈ ਸ੍ਹਾਮਣੇ ਡੇਰੇ ‘ਚ’ ‘ਮੁੰਡੇ ਦੇਣ ਵਾਲਾ ਬਾਬਾ’ ਹੁੰਦਾ ਸੀ ਓ੍ਹਦਾ ਕੋਈ ਅਤਾ ਪਤਾ’ ਮੈ ੳੇੁਸ ਕੋਲੋ ਧਰਮਾਂ ਬਾਬੇ ਬਾਰੇ ਖੋਖੇ ਵਾਪੇ ਕੋਲੋ ਪਤਾ ਕੀਤਾ। ਤਾਂ ਉਸਨੇ ਦੱਸਿਆ ਕਿ।
‘ਪੁੱਛ ਨਾਂ ਭਰਾਵਾ ਬਾਬਾ ਜੀ ਨੇ ਜਾਕੇ ਚੰਗਾ ਨੀ ਕੀਤਾ ਮੇਰੇ ਕੋਲ ਹਰਰੋਜ ਕੋਈ ਨਾ ਕੋਈ ਆ ਕੇ ਪੁਛਦਾ ਈ ਰ੍ਹੈਦਾ’
‘ਪਰ ਓਹ ਕਿੱਧਰ ਤੇ ਕਿਓ ਚਲਾ ਗਿਆ?’ ਮੈ ਕਾਹਲੀ ਕਾਹਲੀ ਪੁੱਛਿਆ।ਉਸ ਕੋਲ ਹੋਰ ਵੀ ਗਾਹਕ ਆਕੇ ਚਾਹ ਪੀਣ ਬੈਠ ਗਏ ਸ਼ਾਇਦ ਓਹ ਵੀ ਬਾਬੇ ਦੀ ਭਾਲ ਵਿੱਚ ਆਏ ਸੀ। ਓਹਨਾਂ ਨੇ ਵੀ ਕੰਨ ਚਾਹ ਬਨੌਣ ਵਾਲੇ ਵੱਲ ਕਰ ਲਏ। ਖੋਖੇ ਵਾਲੇ ਨੇ ਪੱਖਾ ਚਲਾ ਦਿੱਤਾ ਢੀਚਕ,ਢੀਚਕ ਕਰਕੇ ਪੱਖਾ ਆਲੂਆਂ ਵਾਲੀ ਮਸ਼ੀਨ ਵਾਂਗੂੰ ਹੌਲੀ ਹੌਲੀ ਚੱਲਣ ਲੱਗ ਪਿਆ। ਮੈ ਡਰਦਾ ਪੱਖੇ ਤੋ ਦੂਰ ਹੋ ਗਿਆ ਕਿ ਪੱਖਾ ਖੁੱਲ ਕੇ ਉਤੇ ਹੀ ਨਾਂ ਡਿੱਗ ਪਏ। ਉਹ ਹੱਥ ਨਾਲ ਮੱਖੀਆਂ ਉਡਾ ਕੇ ਅੰਦਰੋ ਤੇ ਬਾਹਰੋ ਕਾਲੇ ਤੇ ਚਿੱਬੇ ਜੇ ਸਗਲੇ ਵਿੱਚ ਚਾਹ ਧਰ ਦਿੱਤੀ,ਸਟੋਵ ਨੁੰ ਪੰਪ ਮਾਰਕੇ ਮੂੰ੍ਹਹ ਵਿੱਚ ਬੀੜੀ ਲਾ ਲਾਈ , ਚਾਹ ਛੇਤੀ ਬਣ ਗਈ।ਮੂਤ ਵਰਗੀ ਚਾਹ ਬਣਾਂ ਕੇ ਮੈਲੇ ਜੇ ਕੱਚ ਦੇ ਛੋਟੇ ਛੋਟੇ ਗਲਾਸਾਂ ਵਿੱਚ ਪਾ ਕੇ ਚਾਹ ਸਾਡੇ ਅੱਗੇ ਰੱਖ ਦਿੱਤੀ।ਪੀਣ ਨੂੰ ਤਾਂ ਨਹੀ ਸੀ ਕਰਦਾ ਪਰ ਬਾਬਾ ਜੀ ਦਾ ਅਤਾ ਪਤਾ ਪੁਛਣ ਵਾਸਤੇ ਕੌੜੀ ਜ਼ਹਿਰ ਵਰਗੀ ਚਾਹ ਪੀਣੀ ਪਈ। ਬੀੜੀ ਦਾ ਲੰਮਾਂ ਕਸ ਲੈਕੇ ਤੇ ਧੂਆ ਹਵਾ ਵਿੱਚ ਛਡਦੇ ਹੋਏ ਨੇ ਗੱਲ ਸੁਰੂ ਕੀਤੀ।
‘ਉਸ ਕੋਲ ਔਰਤਾਂ ਦੀ ਗਿਣਤੀ ਜਿਆਦਾ ਤੇ ਬੰਦਿਆ ਦੀ ਗਿਣਤੀ ਘੱਟ ਹੋ ਗਈ ਸੀ। ਇੱਕ ਔਰਤ ਨੇ ਉਸ ਨਾਲ ਅੱਖ ਮਿਲਾਉਣੀ ਚਾਹੀ ਪਰ ਉਹ ਸਤਯੁਗੀ ਬਾਬਾ ਸੀ ਪੂਰੇ ਜਤ ਸਤ ਵਾਲਾ ਸੀ।ਦੂਜਾ ਸੀਤਲ ਤੋ ਬਹੁਤ ਡਰਦਾ ਸੀ ਸੀਤਲ ਨੂੰ ਦੇਖਕੇ ਤਾਂ ਮੂਤਣ ਲੱਗ ਪੈਦਾ ਸੀ। ਉਸ ਨੇ ਔਰਤ ਨੂੰ ਝਿੜਕ ਦਿੱਤਾ,ਝਿੜਕਣਾਂ ਈ ਸੀ ਕਿਉਕਿ ਸੀਤਲ ਦੀ ਬਾਰਾਂ ਬੋਰ ਵਾਂਗੁੰ ਤਾਣੀ ਹੋਈ ਬਰਸ਼ੀ ਦਿਸਦੀ ਸੀ।ਓਹ ਔਰਤ ਕੋਈ ਬਦਮਾਸ ਟੈਪ ਦੀ ਔਰਤ ਸੀ। ਉਸਨੇ ਨੇ ਪੁਲਸ ਰਪੋਟ ਕਰ ਦਿੱਤੀ,ਚੰਗੇ ਘਰਾਣੇ ਦੀ ਹੁੰਦੀ ਤਾਂ ਗੱਲ ਤੇ ਪਰਦਾ ਪਾਉਦੀ।ਪਰ ਓਹ ਤੀਵੀ ਨੇ ਖੰਭਾਂ ਦੀਆਂ ਡਾਰਾਂ ਬਣਾਂਤੀਆਂ।ਬਾਬਾ ਜੀ ਅਲੱਗ ਕਮਰੇ ਵਿੱਚ ਗੱਲ ਬਾਤ ਕਰਦਾ ਹੁੰਦੇ ਸੀ ਬਾਬਾ ਜੀ ਨੂੰ ਪੁਲਸ ਫੜ ਕੇ ਲੈ ਗਈ। ਸਵੇਰ ਨੂੰ ਖਵਾਰਾਂ ਵਾਲਿਆਂ ਵਾਲਿਆਂ ਨੇ ਰੱਸੀਆਂ ਦੇ ਸੱਪ ਬਣਾਂਤੇ, ਅਸੀ ਸਾਰੇ ਠਾਂਣੇ ਗਏ ਕਿ ਬਾਬਾ ਭਲਾਮਾਣਸ ਬਾਬਾ ਹੈ। ਏ੍ਹਦੀ ਆਵਦੀ ਤੀਵੀ ਮੂਰਤ ਅਰਗੀ ਆ ਫੇਰ ੲਹਨੇ ਐਵੈ ਬਿਗਾਨੀਆਂ ਖੁਰਨੀਆਂ ‘ਚ’ ਮੂੰਹ ਮਾਰਨਾ, ਇਹ ਇਹੋ ਜਿਹਾ ਕੰਮ ਸੋਚ ਵੀ ਨਹੀ ਸਕਦਾ। ਬਾਬਾ ਜੀ ਵੀ ਮਿੰਨਤਾਂ ਕਰਦੇ ਸਨ ਕਿ ਮਿੱਟੀ ਪਾਵੋ।ਪਰ ਪੁਲਸ ਵਾਲੇ ਨਾਂ ਮੰਨੇ। ਪਰ ਬਾਬਾ ਜੀ ਵੀ ਬਹੁਤ ਚਲਾਕ ਸਨ ਉਹਨਾਂ ਨੇ ਕਮਰੇ ਵਿੱਚ ਛੁਪਾ ਕੇ ਵੀਡੀਓ ਕੈਮਰਾ ਲਾਇਆ ਸੀ। ਤਾਂ ਬਾਬਾ ਜੀ ਨੇ ਸਾਰਿਆਂ ਸਾਹਮਣੇ ਵੀਡੀਓ ਰੀਲ ਚਲਾ ਦਿੱਤੀ ਉਸ ਔਰਤ ਨੂੰ ਜਮੀਨ ਵੇਲ ਨਾਂ ਦੇਵੇ,ਪੁਲਸ ਨੇ ਉਲਟਾ ਔਰਤ ਤੇ ਕੇਸ ਬਣਾਂ ਦਿੱਤਾ। ਪਰ ਬਾਬਾ ਤਾਂ ਬਾਬਾ ਸੀ ਕਿਸੇ ਦਾ ਬੁਰਾ ਕਰਨਾਂ ਤਾਂ ਦੂਰ ਦੀ ਗੱਲ ਉਹ ਕਿਸੇ ਦਾ ਬੁਰਾ ਸੋਚ ਵੀ ਨਹੀ ਸੀ ਸਕਦਾ,ਇਸ ਕਰਕੇ ਪੁਲਸ ਨੂੰ ਪਰਚਾ ਨਹੀ ਕੱਟਣ ਦਿੱਤਾ। ਪਰ ਪੁਲਸ ਆਲੇ ਕ੍ਹੈਦੈ ਜਾਂ ਤਾਂ ਪਰਚਾ ਕਟਾ ਨਈ ਦਸ ਹ਼ਜਾਰ ਰੁਪਈਆ ਦੇਹ। ਬਗੈਰ ਕਿਸੇ ਗੱਲ ਤੋ ਬਾਬਾ ਜੀ ਨੇ ਦਸ ਹਜ਼ਾਰ ਰੁਪਈਆ ਦਿੱਤਾ। ਬੱਸ ਬਾਬਾ ਜੀ ਨੂੰ ਪੁਲਸ ਤੇ ਤੀਵੀ ਦੀ ਨਮੋਸੀ ਮਾਰਗੀ ਕਿਉਕਿ ਓਹ ਸੱਚੇ ਸਾਧੂ ਸਨ। ਇਹੋ ਜੇ ਸੱਚੇ ਸਾਧੂ ਨੂੰ ਕੋਈ ਘਾਟਾ ਨੀ। ਬੱਸ ਨਮੋਸੀ ਨਾਂ ਸਹਾਰਦੇ ਹੋਏ ਨੇ ਡੇਰਾ ਵੇਚ ਦਿੱਤਾ ਤੇ ਆਪ ਪਤਾ ਨਹੀ ‘ਮੁੰਡੇ ਦੇਣ ਵਾਲਾ ਬਾਬਾ’ ਕਿੱਥੇ ਚਲ ਗਿਆ!
****

ਮਜ਼ਦੂਰ ਦਿਵਸ.......... ਕਹਾਣੀ / ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਹਾੜੀ ਦਾ ਜੋਰ ਕਰਕੇ ਚਿੰਤੋ ਛੇਤੀ-ਛੇਤੀ ਘਰ ਦਾ ਕੰਮ ਨਿਬੇੜਣ ਲੱਗੀ। ਚੁੱਲ੍ਹੇ ਚੌਂਕੇ ਦਾ ਚੱਕ-ਧਰ ਕਰਕੇ ਉਸ ਨੇ ਚਟਣੀ ਨਾਲ ਦੁਪਿਹਰ ਦੀਆ ਰੋਟੀਆਂ ਵੀ ਬੰਨ੍ਹ ਲਈਆਂ ਸੀ ਅਤੇ ਆਪਣਾ ਸਮਾਨ ਪੋਟਲੀ ਵਿਚ ਬੰਨ੍ਹ ਕੇ ਮੰਜੇ ਦੀ ਪੈਂਦ ਉਪਰ ਰੱਖਦੀ ਹੋਈ ਜੁਆਕਾਂ ਨੂੰ ਛੇਤੀ-ਛੇਤੀ ਖੇਤਾਂ ਵੱਲ ਜਾਣ ਲਈ ਆਵਾਜ਼ਾਂ ਮਾਰਨ ਲੱਗੀ। ਸਾਰੇ ਜਾਣੇ ਪੇਟ ਪਾਲਣ ਲਈ ਹਾੜੀ ਵਿਚੋਂ ਓੜ੍ਹ-ਪੋਹੜ ਕਰਕੇ ਚਾਰ ਦਾਣੇ 'ਕੱਠੇ ਕਰ ਲੈਂਦੇ।
ਚਿੰਤੋ ਨੇ ਬੂਹੇ ਨੂੰ ਜਿੰਦਰਾ ਮਾਰ ਕੇ ਜਦੋ ਦੋ ਕੁ ਪੁਲਾਂਘਾ ਪੁੱਟੀਆ ਤਾਂ ਉਸ ਨੇ ਪਿੱਛੇ ਮੁੜ ਕੇ ਵੇਖਿਆ:

"ਵੇ ਬੀਰਾ ਕਿਥੇ ਐ?" ਛੋਟੇ ਜੁਆਕਾਂ ਨੂੰ ਪੁੱਛਿਆ।
"ਮਾਂ ਉਹ ਤਾਂ ਅਜੇ ਅੰਦਰ ਹੀ ਖੜਾ ਸੀ!" ਨਿੱਕੇ ਨਿਆਣੇ ਬੋਲੇ।
"ਮੇਰਾ ਵੀ ਚੰਦਰਾ ਚੇਤਾ ਹੀ ਮਾੜਾ ਹੁੰਦਾ ਜਾਂਦਾ ਏ ਦਿਨੋ ਦਿਨ ! ਦਿਨ ਦਿਹਾੜੇ ਹੀ ਮੁੰਡੇ ਨੂੰ ਜਿੰਦਰਾ ਮਾਰ ਦਿੱਤਾ।" ਉਹ ਬੂਹਾ ਖੋਲ੍ਹਦੀ ਬੁੜਬੜਾਉਦੀ ਰਹੀ। ਬੂਹਾ ਖੁੱਲ੍ਹਦੇ ਸਾਰ ਹੀ ਉਸ ਨੇ ਫਿ਼ਰ ਹਾਕ ਮਾਰੀ, "ਵੇ ਬੀਰਿਆ ਕਿੱਥੇ ਐ? ਮੇਰਾ ਤਾਂ ਚੰਦਰਾ ਡਮਾਗ ਹੀ ਚੱਕਿਆ ਪਿਐ! ਤੂੰ ਵੀ ਨਹੀ ਬੋਲਿਆ!" ਉਹ ਬੋਲਦੀ ਬੋਲਦੀ ਬੀਰੇ ਦੇ ਮੰਜੇ ਕੋਲ ਚਲੀ ਗਈ।
ਬੀਰੇ ਨੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ।
ਉਹ ਚੁਪ ਚਾਪ ਮੰਜੇ ਤੇ ਹੀ ਪਿਆ ਰਿਹਾ।
"ਵੇ ਤੂੰ ਐਂਹ੍ਹ ਪਿਆ ! ਜਾਣਾ ਨਹੀ ਚਾਰ ਦਾਣੇ ਕੱਠੇ ਕਰਨ...? ਕੁਛ ਦੁੱਖਦਾ ਤਾਂ ਨੀ?" ਚਿੰਤੋ ਕਾਹਲੀ ਕਰਦੀ-ਕਰਦੀ ਫਿ਼ਕਰ ਨਾਲ ਵੀ ਬੋਲੀ।
"ਨਹੀ ਮਾਂ ਕੁਝ ਨਹੀ ਦੁਖਦਾ, ਪਰ ਮੈ ਤਾਂ ਨਹੀ ਜਾਣਾ!" ਉਸ ਨੇ ਸਾਫ਼ ਹੀ ਕਹਿ ਦਿੱਤਾ।
"ਕਿਓ ਨਹੀ ਜਾਣਾ? ਢਿੱਡ ਨਹੀ ਝੁਲਸਣਾ ਸਾਰਾ ਸਾਲ?" ਚਿੰਤੋ ਨੂੰ ਉਸ ਦੇ ਜਵਾਬ 'ਤੇ ਗੁੱਸਾ ਆਇਆ।
"ਨਹੀ ਮਾਂ ਤੂੰ ਸਮਝੀ ਨਹੀ, ਅੱਜ ਮਜਦੂਰ ਦਿਵਸ ਹੈ!" ਬੀਰੇ ਨੇ ਮਾਂ ਨੂੰ ਸਮਝਾਉਣ ਦੀ ਕੋਸਿ਼ਸ ਕੀਤੀ।
"ਮਜਦੂਰ ਦਿਵਸ? ਇਹ ਕੀ ਹੁੰਦੈ ਪੁੱਤ?" ਚਿੰਤੋ ਘਰੇ ਬੈਠਣ ਦਾ ਕਾਰਨ ਜਾਨਣਾ ਚਹੁੰਦੀ ਸੀ।
"ਮਾਂ ਮਜਦੂਰ ਦਿਵਸ ਦਾ ਮਤਲਬ ਹੈ ਕਿ ਅੱਜ ਦੇ ਦਿਨ ਸਾਰੇ ਮਜਦੂਰਾਂ ਨੂੰ ਛੁੱਟੀ ਹੁੰਦੀ ਹੈ, ਕੋਈ ਮਜਦੂਰ ਕੰਮ ਨਹੀ ਕਰਦਾ, ਸਾਰੇ ਵਿਹਲੇ ਹੀ ਮੌਜ ਮਨਾਉਂਦੇ ਹਾਂ, ਇਹ ਦਿਨ ਤਾਂ ਸਾਰੀ ਦੁਨੀਆ ਤੇ ਮਨਾਉਂਦੇ ਐ ਮਾਂ!" ਬੀਰੇ ਨੇ ਮਾ ਨੂੰ ਵਿਸਥਾਰ ਨਾਲ ਸਮਝਾਇਆ।
ਮਾਂ ਨੇ ਗੁੱਸੇ ਵਿਚ ਪੋਟਲੀ ਵਗਾਹ ਕੇ ਵਿਹੜੇ ਵਿਚ ਮਾਰੀ!
"ਅੱਛਾ ਇਹ ਮਜਦੂਰ ਦਿਵਸ ਹੈ!" ਉਹ ਗੁੱਸੇ ਨਾਲ ਲਾਲ ਪੀਲੀ ਹੁੰਦੀ ਹੋਈ ਬੋਲੀ, "ਗੱਲ ਸੁਣ ਵੇ..! ਸਾਰੇ ਸਾਲ 'ਚ ਕੰਮ ਕਰਦੇ ਕਿੰਨੇ ਦਿਨ ਆਂ? ਹੁਣ ਕੋਈ ਮਾਰਦਾ ਏ ਆਵਾਜ ਆਪਾ ਨੂੰ ਕੰਮ 'ਤੇ? ਸਾਰੇ ਸਾਲ 'ਚ ਇਕ ਵਾਰੀ ਹਾੜ੍ਹੀ ਆਉਂਦੀ ਹੈ, ਜਿਥੋਂ ਅਸੀ ਚਾਰ ਦਾਣੇ 'ਕੱਠੇ ਕਰਦੇ ਆਂ, ਉਹ ਤਾਂ ਭਲਾ ਹੋਵੇ ਮਸ਼ੀਨਾਂ ਵਾਲਿਆਂ ਦਾ, ਜਿਹੜੇ ਅੱਧਾ ਖਿਲਾਰ ਦੇਂਦੇ ਐ ,ਚੋਗੇ ਵਾਂਗੂੰ ਚੁਗ-ਚੁਗ ਕੇ ਅਸੀ ਆਪਣੇ ਢਿੱਡ ਵਿਚ ਪਾਉਦੇ ਹਾਂ!" ਉਹ ਬੋਲਦੀ ਹਫ਼ ਗਈ ਸੀ। 
"ਮਜਦੂਰ ਦਿਵਸ ਤਾ ਪੁੱਤ ਭਈਆਂ ਦਾ ਏ, ਉਹ ਮਨਾਉਣ ਤੇ ਅਸੀ ਅੱਜ ਦੇ ਦਿਨ ਦਾ ਲਾਹਾ ਲਈਏ!"
"ਵੇ ਮੇਰਿਆ ਕਮਲਿਆ ਪੁੱਤਾਂ! ਅਸੀ ਤਾਂ ਇਕ-ਇਕ ਦਿਹਾੜੀ ਲਾਉਣ ਨੂੰ ਤਰਸਦੇ ਹਾਂ। ਸਾਡੇ ਲਈ ਭਈਆ ਨੇ ਕੰਮ ਰਹਿਣ ਹੀ ਕਿੱਥੇ ਦਿੱਤਾ ਏ? ਹਰ ਖੇਤ ਵਿਚ ਨਜ਼ਰ ਆਉਦੇ ਐ ਭਈਏ। ਤੇ ਜੱਟਾਂ ਨੂੰ ਵੀ ਚੰਗੇ ਉਹੀ ਲੱਗਦੇ ਐ, ਜਦੋ ਮੂੰਹ 'ਚ ਬੀੜੀ ਪਾ ਕੇ ਕੰਮ ਕਰਦੇ ਐ ,ਨਾਲੇ ਤਾਂ ਪਰਨੇ ਨਾਲ ਨੱਕ ਬੰਦ ਕਰਨਗੇ ਨਾਲੇ ਕਹਿਣਗੇ: ਓ ਬੱਈਆ ਉਧਰ ਹੋ ਕੇ ਬੀੜੀ ਪੀ! ਹੁਣ ਤਾਂ ਜੱਟਾਂ ਦੇ ਖੇਤ ਵਿਚ ਏਨੀ ਖਾਦ ਨਹੀ ਪੈਦੀ, ਜਿੰਨੀਆ ਭਈਏ ਬੀੜੀਆਂ ਕੇਰਦੇ ਐ! ਝਾੜ ਵੀ ਪੁੱਤ ਫੇਰ ਉਹੋ ਜਿਹਾ ਹੀ ਨਿਕਲਣੈ। ਮਜਦੂਰ ਦਿਵਸ ਆਪਣਾ ਨਹੀ ਪੁੱਤ, ਆਪਾ ਤਾਂ ਮਜਦੂਰੀ ਕਰਕੇ ਖਾਣੀ ਹੈ। ਮਨਾਉਣ ਭਈਏ, ਜਿਹੜੇ ਸਾਰਾ ਦਿਨ ਖੇਤਾਂ 'ਚ ਮਨ ਮਰਜੀਆ ਕਰਦੇ ਐ ਤੇ ਇਹਨਾ ਦੀਆ ਭੱਈਆ ਰਾਣੀਆ ਨੇ ਕੋਈ ਘਰ ਨਹੀ ਛੱਡਿਆ ! ਸਾਰੇ ਘਰਾਂ ਤੇ ਕਬਜਾ ਕਰੀ ਬੈਠੀਐਂ ਭਈਆ ਰਾਣੀਆ, ਤੇ ਖੇਤਾਂ ਵਿਚ ਭੱਈਏ! ਪੁੱਤ ਆਪਣਾ ਮਜਦੂਰਾਂ ਦਾ ਤਾ ਹੁਣ ਰੱਬ ਹੀ ਰਾਖਾ ਏ! ਲੋਕਾਂ ਨੇ ਵੀ ਕੋਠੀਆ ਛੱਤ ਕੇ ਰੱਬ 'ਨਾ ਲਾਤੀਆ! ਘਰੇ ਖੜੇ ਟਰੈਕਟਰ ਭੱਈਏ ਚਲਾਉਂਦੇ ਐ , ਭਈਆ-ਰਾਣੀਆ ਕੋਠੀਆ ਸਾਂਭਦੀਐ! ਸਾਂਭਣ ਵੀ ਭਾਈ ਕਿਉ ਨਾ? ਜਦੋਂ ਆਪ ਤਾਂ ਚੜਕੇ ਜਹਾਜਾ 'ਤੇ ਉਡਗੇ!"
"ਉਠ ਮੇਰਾ ਪੁੱਤ! ਚੱਲ ਚਾਰ ਦਾਣੇ 'ਕੱਠੇ ਕਰੀਏ, ਆਪਾ ਨੂੰ ਕਿਹੜਾ ਕੋਈ ਆਥਣੇ ਪੱਕੀ-ਪਕਾਈ ਲਿਆਦੂ? ਇਹ ਚੋਜ ਕਰਕੇ ਤਾਂ ਆਪਾ ਆਪਣੇ ਪੇਟ ਤੇ ਹੀ ਲੱਤ ਮਾਰਾਂਗੇ।" ਚਿੰਤੋ ਨੇ ਪੁੱਤ ਨੂੰ ਸਮਝਾਉਦੀ ਨੇ ਆਪਣਾ ਸਾਰਾ ਗੁੱਸਾ ਬਾਹਰ ਕੱਢ ਦਿੱਤਾ।
****

ਹੁਣ ਸਾਡਾ ਮੋਗਾ ‘ਚਾਹ ਜੋਗਾ’ ਨਹੀਂ ਰਿਹਾ......... ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਮੋਗਾ ਕਿਸੇ ਲੱਲੀ ਛੱਲੀ ਸ਼ਹਿਰ ਦਾ ਨਾਂ ਨਹੀਂ ਹੈ। ਸਗੋਂ ਆਪਣੇ ਆਪ ‘ਚ ਇੱਕ ਇਤਿਹਾਸ ਹੈ ਮੋਗਾ! ਕਾਮਾਗਾਟਾ ਮਾਰੂ (ਗੁਰੁ ਨਾਨਕ ਜਹਾਜ਼) ਦੇ ਮੁਸਾਫਰਾਂ ਵਿੱਚ ਇਕੱਲੇ ਮੋਗੇ ਜਿਲ੍ਹੇ ਦੇ ਲੱਗਭਗ ਚਾਰ ਦਰਜ਼ਨ ਮੁਸਾਫਰਾਂ ਦਾ ਹੋਣਾ ਵੀ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਮੋਗੇ ਦੇ ਲੋਕਾਂ ਦੇ ਖੂਨ ‘ਚ ਇਨਕਲਾਬ ਦੀ ਲਾਲੀ ਪਹਿਲਾਂ ਤੋਂ ਹੀ ਚਮਕਾਂ ਮਾਰਦੀ ਆ ਰਹੀ ਹੈ। ਲਾਲਾ ਲਾਜਪਤ ਰਾਏ ਜੀ ਦਾ ਵੀ ਇਸ ਜਿਲ੍ਹੇ ਨਾਲ ਗਹਿ ਗੱਡਵਾਂ ਸੰਬੰਧ ਹੋਣਾ ਇਸ ਦੇ ਰੱਜੇ- ਪੁੱਜੇ ਇਤਿਹਾਸ ਤੇ ਮੋਹਰ ਲਾਉਂਦਾ ਹੈ। ਮੁਜਾਰਾ ਲਹਿਰ ਹੋਵੇ, ਖੁਸ਼ ਹੈਸੀਅਤ ਮੋਰਚਾ ਹੋਵੇ ਜਾਂ ਫਿਰ ਬਿਰਲਾ ਪਟਾ ਮੋਰਚਾ ਹੋਵੇ, ਮੋਗੇ ਜਿਲ੍ਹੇ ਦੀ ਸ਼ਮੂਲੀਅਤ ਨੂੰ ਕਿਸੇ ਵੀ ਪੱਖੋਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀਆਂ ਕੁੜੀਆਂ ਦੇ ਚਾਵਾਂ ਮਲ੍ਹਾਰਾਂ ਦਾ ਗਵਾਹ ਤਿਉਹਾਰ ਤੀਆਂ ਵੀ ਇਸੇ ਮੋਗੇ ਦੀਆਂ ਮਸ਼ਹੂਰ ਸਨ। ਕਦੇ ਇਹੀ ਮੋਗਾ 'ਰੀਗਲ ਸਿਨੇਮਾਂ ਕਾਂਡ' ਕਰਕੇ ਇਨਕਲਾਬੀ ਸਫ਼ਾਂ ‘ਚ ਲਾਲ ਰੰਗ ਵਾਂਗ ਚਮਕਿਆ। ਕਦੇ ਗਾਇਕ ਸਰਦੂਲ ਸਿਕੰਦਰ ਨੇ ਆਪਣੇ ‘ਰੋਡਵੇਜ਼ ਦੀ ਲਾਰੀ’ ਗੀਤ ‘ਚ ਅਥਾਹ ਪਿਆਰ ਨਾਲ ਮੋਗੇ ਦਾ ਨਾਂ ਲਿਆ: 
“ਆਗੀ ਰੋਡਵੇਜ਼ ਦੀ ਲਾਰੀ,
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,
ਇਹਦੀ ਕੇਹੜੇ ਰੂਟ ਦੀ ਤਿਆਰੀ,
ਕੇਹੜੇ ਰਸਤੇ ਪੈਣੀ ਐ...।
ਬੀਬੀ ਹੁਣੇ ਕਿਵੇਂ ਮੈਂ ਕਹਿ ਦਿਆਂ 
ਕਿ ਇਹ ਮੋਗੇ ਜਾਣੀ ਐ...।”
ਇਸ ਗੀਤ ਨਾਲ ਇੱਕ ਵਾਰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਰੋਡਵੇਜ਼ ਦਾ ਇੱਕ ਡਿਪੂ ਮੋਗਾ ਵੀ ਹੈ। ਅੱਜ ਵੀ ਜਦੋਂ ਕਿੱਧਰੇ ਕਾਮਿਆਂ ਦੇ ਸੰਘਰਸ਼ ਦੀ ਗੱਲ ਛਿੜਦੀ ਹੈ ਤਾਂ ਮੋਗੇ ਦੇ ਰੋਡਵੇਜ਼ ਕਾਮਿਆਂ ਦਾ ਨਾਂ ਉਂਗਲਾਂ ਦੇ ਪੋਟਿਆਂ ਤੇ ਗਿਣਿਆ ਜਾਂਦਾ ਹੈ। ਇਹ ਤਾਂ ਸੀ ਉਸ ਪੁਰਾਣੇ ਮੋਗੇ ਦੀ ਧੁੰਦਲੀ ਜਿਹੀ ‘ਫੋਟੂ’ ਜਿਸ ਨੂੰ ਲੋਕ ਕਿਸੇ ਵੇਲੇ ਪਿਆਰ ਨਾਲ ‘ਮੋਗਾ ਚਾਹ ਜੋਗਾ’ ਕਿਹਾ ਕਰਦੇ ਸਨ। 
ਹੁਣ ਗੱਲ ਕਰੀਏ ਓਸ ਮਾਡਰਨ ਮੋਗੇ ਦੀ, ਜੋ ਹੁਣ ਚਾਹ ਜੋਗਾ ਨਹੀਂ ਰਿਹਾ। ਜਦੋਂ ਪੋਤੜੇ ਫਰੋਲਣ ਬੈਠ ਹੀ ਗਏ ਹਾਂ ਤਾਂ ਪਹਿਲਾਂ ਸੂਈ ਧਰਦੇ ਆਂ ‘ਮੋਗਾ ਸੈਕਸ ਕਾਂਡ’ ‘ਤੇ...। ਭਾਵੇਂ ਤੁਹਾਨੂੰ ਯਕੀਨ ਨਾ ਹੋਵੇ ਯਾਰ ਆਪਾਂ ਵੀ ਫਿੱਟਣੀਆਂ ਦੇ ਫੇਟ ਆਂ। ਉਹ ਸੁਣ ਲਓ ਕਿ ਕਿਵੇਂ? ਆਹ ਸੈਕਸ ਕਾਂਡ ਪਤਾ ਨਹੀਂ ਕਿੰਨਿਆਂ ਦੇ ਹੋਰ ਪੁਲਸੀਆ ਘੋਟਾ ਲੁਆ ਦਿੰਦਾ, ਪਤਾ ਨਹੀਂ ਕਿੰਨੇ ਕੁ ਸ਼ਰੀਫ ਲੋਕਾਂ ਨੂੰ ‘ਨਾਲੇ ਦੇ ਢਿੱਲੇ’ ਬਣਾ ਕੇ ਦਿਖਾ ਦਿੰਦਾ, ਪਤਾ ਨਹੀਂ ਕਿੰਨਿਆਂ ਕੁ ਦੀਆਂ ਜੇਬਾਂ ਨੂੰ ਥੁੱਕ ਲੁਆ ਦਿੰਦਾ....ਜੇ ਥੋਡਾ ਫਿੱਟਣੀਆਂ ਦਾ ਫੇਟ ਆਹ ਛੋਟਾ ਵੀਰ ਇਸ ਖਿਲਾਫ ਪਹਿਲੀ ਖਬਰ ਨਾ ਲਿਖਦਾ। ਇਸ ਕਾਂਡ ਦੇ ਬਖੀਏ ਉਧੇੜਨ ਵਾਲਾ ਰਣਜੀਤ ਸਿੰਘ ਭਾਗੀਕੇ ਸਾਡੇ ਬਜ਼ੁਰਗ ਦੋਸਤ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਦਾ ਲੜਕਾ ਹੈ। ਇੱਕ ਦਿਨ ਮੈਨੂੰ ਤੇ ਮੇਰੇ ਪੱਤਰਕਾਰ ਦੋਸਤ ਰਣਜੀਤ ਬਾਵਾ ਜੀ ਨੂੰ ਜਥੇਦਾਰ ਜੀ ਨੇ ਜਰੂਰੀ ਮਿਲਣ ਲਈ ਸੁਨੇਹਾ ਭੇਜਿਆ। ਅਸੀਂ ਗਏ ਤਾਂ ਉਹਨਾਂ ਦੇ ਬੇਟੇ ਰਣਜੀਤ ਨੇ ਇੱਕ ਥਾਣੇਦਾਰ ਦੀ ਰਿਕਾਰਡ ਕੀਤੀ ਹੋਈ ਆਵਾਜ ਦੀ ਸੀ. ਡੀ. ਸਾਨੂੰ ਸਬੂਤ ਵਜੋਂ ਦਿੰਦਿਆਂ ਖਬਰ ਲਾਉਣ ਲਈ ਕਿਹਾ। ਬੇਸ਼ੱਕ ਇਹ ਮਸਲਾ ਬਹੁਤ ਨਾਜੁਕ ਤੇ ਗਿਣਿਆ ਮਿਥਿਆ ਸੀ ਜਿਸ ਵਿੱਚ ਆਮ ਲੋਕ, ਨੇਤਾ ਲੋਕ ਇੱਥੋਂ ਤੱਕ ਕਿ ਇੱਕ ਪੱਤਰਕਾਰ ਵੀ ਲਪੇਟ ਲਿਆ ਗਿਆ ਸੀ। ਗੱਲ ਸ਼ੁਰੂਆਤ ਕਰਨ ਤੇ ਆ ਗਈ ਕਿ ਜੇ ਕਿਸੇ ਨੇ ਵੀ ਇਸ ਖਿਲਾਫ ਬੋਲਣ ਲਿਖਣ ਦੀ ਜੁਅਰਤ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਇਸ ਘੁਲਾੜ੍ਹੀ ‘ਚ ਮੇਰੀ ਜਾਂ ਤੁਹਾਡੀ ਬਾਂਹ ਵੀ ਆ ਸਕਦੀ ਸੀ। ਮੈਂ ਉਸ ਸੀ. ਡੀ. ਦੀ ਸੱਚਾਈ ਦੇ ਸੰਬੰਧ ਵਿੱਚ ਜਾਨਣ ਬਾਰੇ ਜਦ ਉਸ ਥਾਣੇਦਾਰ ਸਾਬ੍ਹ ਨਾਲ ਗੱਲ ਕੀਤੀ ਤਾਂ ਮਾਂ ਦਾ ਬੀਬਾ ਪੁੱਤ ਇਹੀ ਕਹੀ ਜਾਵੇ ਕਿ “ਬਾਈ ਜੀ, ਮੈਂ ਖੁਦ ਪੈਸੇ ਨਹੀਂ ਲਏ ਸਗੋਂ ਮੈਂ ਤਾਂ ਬਰਸਾਲਾਂ ਵਾਲੀ ਕੁੜੀ ਨਾਲ ਇਹਨਾਂ ਦਾ ਨਿਬੇੜਾ ਕਰਾਉਣ ਲਈ ਕਿਹਾ ਸੀ ਕਿ ਉਹਨੂੰ ਪੰਜਾਹ ਕੁ ਹਜਾਰ ਦੇ ਕੇ ਆਵਦਾ ਖਹਿੜਾ ਛੁਡਾ ਲਵੋ।” ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਹ ਬਰਸਾਲਾਂ ਵਾਲੀ ਬੀਬੀ ਕੌਣ ਹੋਈ...? ਤੇ ਥਾਣੇਦਾਰ ਸਾਬ੍ਹ ਕਿਵੇਂ ਵਿਚੋਲਪੁਣਾ ਕਰਨ ਲੱਗ ਗਏ? ਲਓ ਇਹ ਵੀ ਸੁਣੋ ਕਿ ਬਰਸਾਲਾਂ ਵਾਲੀ ਬੀਬੀ ਉਹ ਸੀ ਜਿਸ ਵੱਲੋਂ ਲੋਕਾਂ ਉੱਪਰ ਬਲਾਤਕਾਰ ਦੇ ਦੋਸ਼ ਲਾਏ ਜਾਂਦੇ ਸਨ ਤੇ ਥਾਣੇਦਾਰ ਸਾਬ੍ਹ ਵਰਗੇ ਇਸੇ ਤਰ੍ਹਾਂ ਹੀ ਖਹਿੜਾ ਛੁਡਾਉਣ ਦੀ ਰਾਇ ਦੇ ਕੇ ਸ਼ਾਇਦ ‘ਫਿਫਟੀ-ਫਿਫਟੀ’ ਦੀ ਖੇਡ ਖੇਡ ਰਹੇ ਸਨ। ਦਾਸ ਨੇ ਖਬਰ ‘ਚ ਰਣਜੀਤ ਦਾ ਥਾਣੇਦਾਰ ਵੱਲੋਂ ਝੂਠਾ ਫਸਾਉਣ ਤੇ ਪੈਸੇ ਮੰਗਣ ਦਾ ਦੋਸ਼ ਅਤੇ ਇਸ ਦੇ ਨਾਲ ਹੀ ਥਾਣੇਦਾਰ ਸਾਬ੍ਹ ਦਾ ਵਿਚਾਰ ਵੀ ਇਕੋ ਖਬਰ ‘ਚ ਹੀ ਗੁੰਦ ਕੇ ‘ਅਜੀਤ’ ਨੂੰ ਭੇਜ ਦਿੱਤੇ। ਖਬਰ ਛਪੀ, ਮੁਅੱਤਲੀਆਂ ਹੋਈਆਂ, ਕੇਸ ਦੀਆਂ ਤਹਿਆਂ ਫਰੋਲੀਆਂ ਗਈਆਂ ਤੇ ਗੱਲ ਥੋਡੇ ਸਭ ਦੇ ਸਾਹਮਣੇ ਆਈ ਪਈ ਐ ਕਿ ਹੁਣ ਮੋਗਾ ਸੈਕਸ ਕਾਂਡ ਕਿਸ ਚੁਰਾਹੇ ‘ਤੇ ਆਣ ਖੜ੍ਹਾ ਹੈ। 
ਹੁਣ ਗੱਲ ਕਰੀਏ ਮੋਗੇ ਦੀ ਪ੍ਰਸ਼ਾਸਨਿਕ ‘ਉੱਚ’ ਕਾਰਗੁਜ਼ਾਰੀ ਦੀ..! ਪਤਾ ਨਹੀਂ ਵਿਚਾਰੇ ਅਫਸਰ ਲੋਕ ਕੀ ਖਾ ਕੇ ਕੁਰਸੀਆਂ ਤੇ ਬਹਿੰਦੇ ਨੇ ਕਿ ਹਰ ਕੋਈ ਹਾਏ ਪੈਸਾ ਹਾਏ ਪੈਸਾ ਦੀ ਮੁਹਾਰਨੀ ਹੀ ਰਟੀ ਜਾਂਦੈ। ਰਾਜ ਵੀ ਓਸੇ ਬਾਦਲ ਸਾਬ੍ਹ ਦਾ ਹੀ ਹੈ, ਜਿਸਨੇ ਆਪਣੇ ਪਿਛਲੇ ਰਾਜ ਵੇਲੇ ਲੰਡੂ-ਫੰਡੂ ਰਿਸ਼ਵਤਖੋਰ ਮੁਲਾਜ਼ਮ ਨੂੰ ਰੰਗੇ ਹੱਥੀਂ ਫੜਾਉਣ ਵਾਲੇ ਨੂੰ 25 ਹਜਾਰ ਤੇ ਗਜਟਿਡ ਰਿਸ਼ਵਤਖੋਰ ਫੜਾਉਣ ਵਾਲੇ ਨੂੰ 50 ਹਜਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ। ਓਹੀ ਸਰਕਾਰ, ਓਹੀ ਅਫਸਰਸ਼ਾਹੀ ਤੇ ਓਹੀ ਰਿਸ਼ਵਤਖੋਰਾਂ ਨੂੰ ਫੜ੍ਹਨ ਵਾਲੇ। ਪਰ ਲੋਕ ਤਾਂ ਫਿਰ ਉਸੇ ਹੀ ਢੰਗ ਨਾਲ ਲੁੱਟੇ ਜਾ ਰਹੇ ਹਨ ਕਿ ਕੋਈ 'ਚੂੰ' ਨਹੀਂ ਕਰਦਾ। ਇਸੇ ਗੱਲ ਨਾਲ ਜੁੜੀਆਂ ਥੋਕ ਦੇ ਭਾਅ ਤਿੰਨ ਕੁ ਉਦਾਹਰਣਾਂ ਪੇਸ਼ ਕਰਨ ਦੀ ਇਜ਼ਾਜਤ ਚਾਹਾਂਗਾ। ਆਪਾਂ ਹਰ ਗੱਲ ਆਪਣੇ ਤੇ ਹੀ ਢਾਲ ਕੇ ਇਸ ਲਈ ਕਰੀਦੀ ਐ ਕਿ ਕੱਲ੍ਹ ਨੂੰ ਥੋਡੇ ‘ਚੋਂ ਹੀ ਕੋਈ ਪੀਤੀ ਖਾਧੀ ‘ਚ ਨਾ ਕਹਿ ਦੇਵੇ ਕਿ, “ਐਵੇਂ ਗਪੌੜ ਛੱਡੀ ਗਿਐ।” ਪਹਿਲੀ ਗੱਲ ਇਹ ਕਿ ਇੱਕ ਤਹਿਸੀਲਦਾਰ ਨੇ ਜਿਲ੍ਹੇ ਦੇ ਉੱਘੇ ਕਿਸਾਨ ਆਗੂ ਦੇ ਪੁੱਤਰ ਤੋਂ 5 ਹਜਾਰ ਰੁਪਏ ਜ਼ਮੀਨ ਦੀ ਰਜਿਸਟਰੀ ਬਦਲੇ ਦਾਨ ਦੱਛਣਾ ਵਜੋਂ ਲੈ ਲਏ। ਮੈਂ ਫਿੱਟਣੀਆਂ ਦੇ ਫੇਟ ਨੇ ਫਿਰ ਫੋਨ ਕਰ ਲਿਆ ਕਿ “ਮਾਲਕੋ ਕਿਸੇ ਨੂੰ ਤਾਂ ਬਖਸ਼ ਦਿਆ ਕਰੋ।” ਵੱਡੀ ਕੁਰਸੀ ਦੇ ਮਾਲਕ ਤਹਿਸੀਲਦਾਰ ਸਾਬ੍ਹ ਦਾ ਜਵਾਬ ਸੀ ਕਿ, “ਕੱਲ੍ਹ ਜਿਹੜਾ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਸੀ, ਉਹਦੇ ਬਾਰੇ 20 ਹਜਾਰ ਦੀ ਵਗਾਰ ਡੀ. ਸੀ. ਸਾਬ੍ਹ ਨੂੰ ਦਿੱਤੀ ਆ, ਅਸੀਂ ਵੀ ਕਿਤੋਂ ਨਾ ਕਿਤੋਂ ਤਾਂ ਪੂਰੇ ਕਰਨੇ ਈ ਆ।” ਹੁਣ ਇਹ ਗੱਲ ਮੇਰੇ ਜਿਉਣ ਜੋਗੇ ਫੋਨ ‘ਚ ਰਿਕਾਰਡ ਸੀ। ਆਪਾਂ ਸੀ. ਡੀ. ਬਣਾ ਕੇ ਉਸ ਆਦਮੀ ਨੂੰ ਦੇ ਦਿੱਤੀ ਕਿ, “ਲੈ ਬਈ ਮਿੱਤਰਾ ਤੂੰ ਆਹ ਸਬੂਤ ਡੀ. ਸੀ. ਸਾਬ੍ਹ ਨੂੰ ਪੇਸ਼ ਕਰ ਤੇ ਅਸੀਂ ਖਬਰ ਰਾਹੀਂ ਤੁਣਕਾ ਮਾਰਦੇ ਆਂ।” ਸਭ ਕੁਝ ਸੀਸ਼ੇ ਵਾਂਗ ਸਾਫ ਸੀ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ। ਉਮੀਦ ਹੈ ਕਿ ਅਫ਼ਸਰ ਸਾਹਿਬਾਨ ਨਿਰੰਤਰ ਲੋਕਾਂ ਦੀ ‘ਸੇਵਾ’ ਕਰ ਰਹੇ ਹੋਣਗੇ। 
ਹੁਣ ਸੁਣੋ ਦੂਜੀ ਉਦਾਹਰਣ, ਇਹ ਉਹਨਾਂ ਦਿਨਾਂ ਦੀ ਐ ਜਦੋਂ ਮੇਰੇ ਪਿਤਾ ਜੀ ਜਹਾਨੋਂ ਕੂਚ ਕਰ ਗਏ ਸਨ। ਰੋਡਵੇਜ ਮਹਿਕਮੇ ਵੱਲੋਂ ਉਹਨਾਂ ਨੂੰ ਮਿਲਣ ਵਾਲੇ ਬਕਾਇਆਂ ਬਾਰੇ ਭੱਜ ਦੌੜ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਕਿਵੇਂ ਇਸ ਹੇਠਲੇ ਪੱਧਰ ਤੇ ਵੀ ਮਰਿਆਂ ਦੇ ਕੱਫਣ ਲਾਹੁਣ ਲਈ ਹਰ ਕੋਈ ਮੁੱਠੀਆਂ ‘ਚ ਥੁੱਕੀ ਫਿਰਦਾ ਹੈ। ਜਦ ਵੀ ਬਕਾਇਆਂ ਨਾਲ ਸੰਬੰਧਤ ਦਫਤਰ ਜਾਵਾਂ ਤਾਂ ਜਵਾਬ ਮਿਲੇ ਕਿ “ਤੁਹਾਡੇ ਕਾਗਜ ਠੀਕ ਨਹੀਂ ਸੀ, ਪਤਾ ਨਹੀਂ ਕਿੰਨਾ ਟੈਮ ਲੱਗੇ।” ਕਦੇ ਕਹਿਣ ਕਿ “ਅਸੀਂ ਤਾਂ ਬੈਂਕ ਵਾਲਿਆਂ ਨੂੰ ਭੇਜ ਚੁੱਕੇ ਆਂ, ਉਹ ਕੁਛ ਭਾਲਦੇ ਹੋਣਗੇ।” ਮੇਰੇ ਪਿੰਡ ਦੀ ਬੈਂਕ ਵਾਲਾ ਦਰਵੇਸ਼ ਸਟਾਫ ਮੇਰਾ ਦੋਸਤ ਸੀ। ਉਹਨਾਂ ਪਿਆਰ ਦੇ ਭੁੱਖਿਆਂ ਨੇ ਕੀ ਭਾਲਣਾ ਸੀ ਮੈਥੋਂ? ਸਗੋਂ ਅਸਲ ਗੱਲ ਤਾਂ ਉਦੋਂ ਸਾਹਮਣੇ ਆਈ ਜਦ ਇੱਕ ਕਰਮਚਾਰੀ ਬੀਬੀ ਮੈਨੂੰ ਪਾਸੇ ਕਰਕੇ ਮੱਤ ਦੇਣ ਲੱਗੀ, “ਕਿੰਨੇ ਦਿਨ ਹੋਗੇ ਥੋਨੂੰ ਪੈਸੇ ਖਰਚਦਿਆਂ ਤੇ ਦਿਹਾੜੀਆਂ ਭੰਨਦਿਆਂ ਨੂੰ, ਜੇ ਉਦੋਂ ਦੀ ਮੇਰੇ ਨਾਲ ‘ਗੱਲ’ ਨਿਬੇੜੀ ਹੁੰਦੀ ਤਾਂ ਤੁਹਾਡੇ ਪਿਤਾ ਜੀ ਦੇ ਬਕਾਏ ਦਾ ਚੈੱਕ ਥੋਡੇ ਹੱਥ ‘ਚ ਹੋਣਾ ਸੀ।” ਮੈਂ ਉਸ ਬੀਬੀ ਨੂੰ ਸਹਿਜ ਮਤੇ ਨਾਲ ਉਹਦੀ ਕੁਰਸੀ ਤੇ ਬਿਠਾ ਕੇ ਆਪਣੇ ਅਖਬਾਰ ਤੇ ਟੈਲੀਵਿਜਨ ਪੱਤਰਕਾਰੀ ਵਾਲੇ ਪਛਾਣ ਪੱਤਰ ਦਿਖਾਏ ਤਾਂ ਠੰਢ ਦੇ ਦਿਨਾਂ ‘ਚ ਉਹਦਾ ਮੁੜ੍ਹਕਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ। 
ਹੁਣ ਤੁਸੀਂ ਵੀ ਸੋਚ ਸਕਦੇ ਹੋ ਕਿ ਸਾਡੇ ਮੋਗੇ ‘ਚ ਵੀ ਰੱਬ ਨਾਲੋਂ ਘਸੁੰਨ ਨੂੰ ਹੀ ਨੇੜੇ ਮੰਨਿਆ ਜਾਂਦੈ। ਜਿਹੜਾ ਘਸੁੰਨ ਦਿਖਾਵੇ ਉਹਤੋਂ ਹਰ ਕੋਈ ਪਾਸਾ ਵੱਟਦੈ, ਫਿਰ ਵਿਚਾਰੇ ਆਮ ਲੋਕ ਕੀਹਦੀ ਮਾਂ ਨੂੰ ਮਾਸੀ ਕਹਿਣ? ਹੁਣ ਰਹਿਗੀ ਤੀਜੀ ਉਦਾਹਰਣ, ਇਹ ਉਦਾਹਰਣ ਲੋਕਾਂ ਦੀ ਜਾਨ ਤੇ ਮਾਲ ਦੀ ਰਖਵਾਲੀ ਕਰਨ ਵਾਲੇ ਉਸ ਮਹਿਕਮੇ ਨਾਲ ਸੰਬੰਧਤ ਹੈ, ਜਿਸ ਨੂੰ ਸ਼ਾਇਦ ਇਹੀ ਫਿਕਰ ਰਹਿੰਦੈ ਕਿ ਪਤਾ ਨਹੀਂ ਲੋਕਾਂ ਦੀ ਜਾਨ ਕਦੋਂ ਨਿਕਲੂ? ਤੇ ਮਾਲ ਬਾਰੇ ਫਿਕਰ ਰਹਿੰਦੈ ਕਿ ਵਿਚਾਰੇ ਲੋਕਾਂ ਤੋਂ ਮਾਲ ਹੋਰ ਕੋਈ ਲੁੱਟ ਕੇ ਨਾ ਲੈ ਜਾਵੇ, ਇਸ ਕਰਕੇ ਇਹ ਮਾਲ ਪਹਿਲਾਂ ਹੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਹੱਥ ਹੇਠ ਕਰ ਲਵੋ। ਮਿੱਤਰੋ ਅਜੇ ਵੀ ਨਹੀਂ ਸਮਝੇ? ਓਏ ਆਪਾਂ ਗੱਲ ਖਾਕੀ ਵਰਦੀ ਵਾਲਿਆਂ ਦੀ ਕਰ ਰਹੇ ਹਾਂ। ਪਿਤਾ ਜੀ ਦੀ ਮੌਤ ਤੋਂ ਬਾਦ ਤਰਸ ਦੇ ਆਧਾਰ ‘ਤੇ ਨੌਕਰੀ ਮਿਲਣ ਦਾ ਸਬੱਬ ਬਣ ਗਿਆ। ਹੁਣ ‘ਮਹਿਕਮੇ’ ਵੱਲੋਂ ਸਾਡੇ ਚਾਲ ਚਲਣ ਦੀ ਇਨਕੁਆਰੀ ਕੀਤੀ ਜਾਣੀ ਸੀ। ਜਿਲ੍ਹੇ ਦੇ ਮੁੱਖ ਪੁਲਿਸ ਅਫਸਰ ਜੀ ਦੇ ਦਫਤਰ ਦੇ ਲਾਗੇ ਹੀ ਇੱਕ ਕਮਰਾ ਸੀ। ਜਿੱਥੇ ਬੈਠੇ ਇੱਕ ਹੱਥਾਂ ਨੂੰ ਲਾਉਣ ਵਾਲੀ ਮਹਿੰਦੀ ਨਾਲ ਲਾਲ ਜਿਹੀ ਕੀਤੀ ਦਾਹੜੀ ਵਾਲੇ ਮੁਲਾਜ਼ਮ ਨੇ ਸਾਡੇ ਸੱਤ ਜਣਿਆਂ ਨੂੰ ਇਹੋ ਜਿਹੀਆਂ ਦਲੀਲਾਂ ਦੇ ਕੇ ‘ਹਲਾਲ’ ਕੀਤਾ ਕਿ ਇਹੀ ਕਹਿਣ ਨੂੰ ਜੀਅ ਕਰਦੈ ਕਿ “ਸਦਕੇ ਜਾਈਏ ਸਾਡੇ ਮੋਗੇ ਦੀ...। 
ਲਓ ਅੱਗੇ ਸੁਣੋ, ਅਸੀਂ ਨਾ ਕੋਈ ਠੱਗੀ ਮਾਰੀ, ਨਾ ਕੋਈ ਕਤਲ ਕੀਤਾ ਪਰ ਸਾਬ੍ਹ ਜੀ ਨੇ ਮੇਰੇ ਸਾਥੀਆਂ ਲਈ ਐਨਾ ਡਰ ਪੈਦਾ ਕਰ ਦਿੱਤਾ ਕਿ ਪਲ ਦੇ ਪਲ ਸਭ ਨੂੰ ਇਉਂ ਲੱਗਣ ਲੱਗਾ ਕਿ ਜਿਵੇਂ ਬੱਕਰਾ ਖੁਦ ਹੀ ਕਸਾਈ ਕੋਲ ਆਣ ਖੜ੍ਹਾ ਹੋਵੇ। ਸਾਰਿਆਂ ਨੂੰ ਕਾਹਲ ਸੀ ਕਿ ਇਨਕੁਆਰੀ ਛੇਤੀ ਆਵੇ। ਕਿਸੇ ਨੂੰ ਇਸ ਜ਼ਮਾਨੇ ‘ਚ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ। ਇਸ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੋਇਆ ਕਿ ਇੱਕ ਸਰਕਾਰੀ ਮੁਲਾਜ਼ਮ ਨਵੇਂ ਬਣਨ ਜਾ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਹੀ ਕਿਵੇਂ ਚੂੰਡਣ ਦੀ ਨੀਅਤ ਰੱਖੀ ਬੈਠਾ ਸੀ। ਚਲੋ ਜੀ, ਕਿਵੇਂ ਨਾ ਕਿਵੇਂ ਗੱਲ ਤਣ-ਪੱਤਣ ਲੱਗੀ ਤਾਂ ‘ਗੁਲਾਬੀ ਦਾਹੜੀ’ ਵਾਲੇ ਸਾਬ੍ਹ ਨੇ ਰਾਇ ਦਿੱਤੀ, “ਦੇਖੋ ਬਈ ਮਿੱਤਰੋ, ਸਰਕਾਰੀ ਕੰਮ ਹੁੰਦੇ ਆ ਹੌਲ ਹੁੰਗਾਰੇ ਨਾਲ। ਜੇ ਫਾਈਲਾਂ ਨੂੰ ‘ਟਾਇਰ’ ਲਾਉਣੇ ਨੇ ਤਾਂ ਇੱਕ ਜਣੇ ਦੇ ਇੱਕ ਹਜਾਰ ਰੁਪਏ ਲੱਗਣਗੇ। ਇਨਕੁਆਰੀ ਇੱਕ ਹਫਤੇ ਦੇ ਅੰਦਰ ਅੰਦਰ ਲਿਆਉਣ ਦੀ ਜਿੰਮੇਵਾਰੀ ਮੇਰੀ ਰਹੀ।” ਰੇਟ ਦੀ ਟੁੱਟ ਭੱਜ ਹੁੰਦਿਆਂ ਗੱਲ 500 ਰੁਪਏ ਤੇ ਆਣ ਨਿੱਬੜੀ। ਸੱਤਾਂ ਜਣਿਆਂ ਨੇ ਪੈਂਤੀ ਸੌ ਰੁਪਏ ਸਾਬ੍ਹ ਨੂੰ ਦੇਣ ਲਈ ਮੇਰੇ ਸਪੁਰਦ ਕਰ ਦਿੱਤੇ। ਮੈਂ ਆਪਣੀ ਥੋੜ੍ਹੇ ਜਿਹੇ ਸਾਲਾਂ ਦੀ ਉਮਰ ‘ਚ ਕਦੇ ਰਿਸ਼ਵਤ ਦੇਣ ਬਾਰੇ ਸੁਪਨਾ ਵੀ ਨਹੀਂ ਸੀ ਲਿਆ। ਮੈਂ ਆਪਣੀ ਜ਼ਮੀਰ ਦਾ ਗਲ ਘੁੱਟਕੇ ਸਾਬ੍ਹ ਨੂੰ ਨੋਟ ਫੜ੍ਹਾ ਦਿੱਤੇ। ਪਰ ਮੈਂ ਆਪਣੇ ਅੰਦਰ ਬੈਠੇ ਪੱਤਰਕਾਰ ਨੂੰ ਘਤਿੱਤ ਕਰਨੋਂ ਨਾ ਰੋਕ ਸਕਿਆ। ਉਸ ਸਾਬ੍ਹ ਨਾਲ ਹੁੰਦੀ ਹਰ ਲੈਣ ਦੇਣ ਦੀ ਗੱਲ ਨੂੰ ਮੇਰਾ ਜਿਉਣ ਜੋਗਾ ਮੋਬਾਈਲ ਨਾਲੋ ਨਾਲ ਰਿਕਾਰਡ ਜੋ ਕਰਦਾ ਰਿਹਾ ਸੀ। ਮੋਏ ਪਿਉਆਂ ਦੀ ਨਿਸ਼ਾਨੀ ਵਜੋਂ ਮਿਲੀਆਂ ਨੌਕਰੀਆਂ ਵਾਲੇ ਦੋਸਤਾਂ ਦੀਆਂ ਮਜ਼ਬੂਰੀਆਂ ਨੇ ਮੈਨੂੰ ਇਸ ਕਦਰ ਠੰਢਾ ਜਿਹਾ ਕਰ ਦਿੱਤਾ ਕਿ ਮੈਂ ਉਸ ਸਾਬ੍ਹ ਨੂੰ ਚਾਹੁੰਦਿਆਂ ਹੋਇਆਂ ਵੀ ‘ਦੱਖੂਦਾਣਾ’ ਨਾ ਦੇ ਸਕਿਆ। ਮੈਂ ਇਸ ਕਰਕੇ ਚੁੱਪ ਰਹਿ ਗਿਆ ਕਿ ਜੇ ਇਨਕੁਆਰੀਆਂ ‘ਚ ਕੋਈ ਵਲ੍ਹਫੇਰ ਪਾ ਦਿੱਤਾ ਤਾਂ ਸਾਰੇ ਮੈਨੂੰ ਦੋਸ਼ ਦੇਣਗੇ। ਇਸ ਤੋਂ ਵੱਖਰੀ ਗੱਲ ਹੋਰ ਕਿ ਵਿਚਾਰਾ ਇਹ ਮਹਿਕਮਾ ਤਾਂ ਹੁਣ ‘ਮਹੰਤਾਂ’ ਵਾਲੇ ਕੰਮ ਵੀ ਕਰਨ ਲੱਗ ਪਿਐ ਕਿਉਂਕਿ ਕਿਸੇ ਦੇ ਨਵੇਂ ਬਣਨ ਜਾ ਰਹੇ ਪਾਸਪੋਰਟ ਦੀ ਇਨਕੁਆਰੀ ਦਾ ਮਾਮਲਾ ਹੋਵੇ ਤਾਂ ਇਨਕੁਆਰੀ ਕਰਨ ਗਏ ਮੁਲਾਜ਼ਮ ‘ਵਧਾਈ’ ਲੈਣਾ ਨਹੀਂ ਭੁੱਲਦੇ।
ਚਲੋ ਛੱਡੋ ਜੀ ਇਹਨਾਂ ਪੁਰਾਣੀਆਂ ਗੱਲਾਂ ਨੂੰ, ਆਪਾਂ ਗੱਲ ਕਰਦੇ ਆਂ ਨਵੇਂ ਮੋਗੇ ਦੀ। ਜਿੱਥੇ ਅੱਜ ਕੱਲ੍ਹ ਪਾਸਪੋਰਟ ਦਫਤਰ ਵੀ ਖੁੱਲ੍ਹ ਗਿਐ! ਕਿਓਂ ਹੋਗੇ ਨਾ ਹੈਰਾਨ...? ਹੁਣ ਹੋਰ ਹੈਰਾਨ ਹੋਵੋਂਗੇ ਕਿ ਪਾਸਪੋਰਟ ਬਣਾਉਂਦੇ ਵੀ ਆਪਣੇ ਖਾਕੀ ਵਰਦੀ ਵਾਲੇ ਵੀਰ ਈ ਆ! ਜੇ ਯਕੀਨ ਨਹੀਂ ਆਉਂਦਾ ਤਾਂ ਅਖਬਾਰਾਂ ਰਾਹੀਂ ਚਰਚਾ ‘ਚ ਆਏ ਹੌਲਦਾਰ ਗੁਰਦਿਆਲ ਸਿੰਘ, ਹੌਲਦਾਰ ਰਣਜੀਤ ਸਿੰਘ ਜਾਂ ਹੌਲਦਾਰ ਜਸਵਿੰਦਰ ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਜੋ ਪਾਸਪੋਰਟ ‘ਜਾਰੀ’ ਕਰਨ ਬਦਲੇ ਤੀਹ ਹਜਾਰ ਤੋਂ ਤਿੰਨ ਲੱਖ ਤੱਕ ‘ਫੀਸ’ ਵਜੋਂ ਲੈਂਦੇ ਦੱਸੇ ਜਾਂਦੇ ਸਨ। ਪਰ ਅੱਜ ਕੱਲ੍ਹ ਉਕਤ ਤਿੰਨੋਂ ਹੌਲਦਾਰ-ਕਮ-ਪਾਸਪੋਰਟ ਅਧਿਕਾਰੀ ਜੇਲ੍ਹ ਦੇ ਦਾਲ-ਚੌਲ ਛਕ ਰਹੇ ਹਨ। ਇੱਥੇ ਹੀ ਬੱਸ ਨਹੀਂ ਇੱਕ ਹੋਰ ਖਾਕੀ ਵਰਦੀ ਵਾਲੇ ਥਾਣੇਦਾਰ ਸਾਹਿਬ ਦੀ ਕਰਤੂਤ ਵੀ ਸੁਣ ਲਓ...! ਉਹ ਇਹ ਕਿ ਜਿਲ੍ਹੇ ਦੇ ਇੱਕ ਅਡੀਸ਼ਨਲ ਐੱਸ. ਐੱਚ. ਓ. ਅਜਮੇਰ ਸਿੰਘ ਖਿਲਾਫ ਪਰਚਾ ਦਰਜ ਹੋਇਐ ਕਿ ਉਹ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਦਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦ ਪਿੰਡ ਤਲਵੰਡੀ ਮੰਗੇ ਖਾਂ ਦੀ ਬੈਂਕ ਲੁੱਟਣ ਆਏ ਲੁਟੇਰੇ ਦਬੋਚੇ ਗਏ। ਉਹਨਾਂ ਨੇ ਇਕਬਾਲ ਕੀਤਾ ਕਿ ਉਹਨਾਂ ਨੰ ਹਥਿਆਰ ‘ਵੱਡੇ ਸਾਬ੍ਹ’ ਨੇ ਦਿੱਤੇ ਸਨ। ਕਿਉਂ ਦੇਖਿਐ ਇਉਂ ਖਾ ਰਹੀ ਹੈ ਸਾਡੇ ਮੋਗੇ ‘ਚ ਖੇਤ ਨੂੰ ਵਾੜ। ਇੱਕ ਗੱਲ ਹੋਰ ਵੀ ਜਾਂਦੇ ਜਾਂਦੇ ਸੁਣ ਲਓ, ਬੇਸ਼ੱਕ ਇਸ ਕੇਸ ਬਾਰੇ ਵਾਹਵਾ ਚੀਕ ਚਿਹਾੜਾ ਜਿਹਾ ਪਈ ਜਾਂਦੈ ਪਰ ਕੋਈ ਪਤਾ ਨਹੀਂ ਲਗਦਾ ਸਾਡੇ ਮੋਗੇ ‘ਚ ਕਿਹੜਾ ਨਕਾਬਪੋਸ਼ ‘ਸਫੈਦਪੋਸ਼’ ਬਣ ਕੇ ਫੇਰ ਮੈਦਾਨ ‘ਚ ਆ ਡਟੇ....!
ਹੁਣ ਗੱਲ ਕਰੀਏ ਸਾਡੇ ਮੋਗੇ ‘ਚ ਜਿਉਂਦੇ ਜਾਗਦੇ ਪਰ ਘੁੱਗੂਬਾਟਾ ਬਣੇ ਲੋਕਤੰਤਰ ਦੀ। ਕਹਿਣ ਨੂੰ ਤਾਂ ਸਾਡੇ ਦੇਸ਼ ‘ਚ ਹਰ ਕਿਸੇ ਨੂੰ ਚੋਣ ਲੜਨ, ਪੱਤਰਕਾਰਾਂ ਨੂੰ ਲਿਖਣ ਜਾਂ ਆਪਣਾ ਦੁੱਖ ‘ਰੋਣ’ ਦੀ ਆਜਾਦੀ ਐ, ਪਰ ‘ਸਾਡੇ ਮੋਗੇ’ ‘ਚ ਜੋ ਆਲਮ ਪਿੱਛੇ ਜਿਹੇ ਲੰਘ ਕੇ ਗਈਆਂ ਲੰਡੂ ਜਿਹੀਆਂ ਚੋਣਾਂ ‘ਚ ਦੇਖਣ ਨੂੰ ਮਿਲਿਆ ਉਹ ਇੱਕ ਵਾਰ ਤਾਂ ਮੋਗੇ ਨੂੰ ਬਿਹਾਰ ਦੇ ਕਿਸੇ ਗੁੰਡਿਆਂ ਦੇ ਸ਼ਹਿਰ ਵਰਗਾ ਰੂਪ ਦੇ ਗਿਐ। ਹੈ ਨਾ ਕਮਾਲ ਕਿ ਇੱਕ ਚੋਟੀ ਦੇ ਧਾਰਮਿਕ ਆਗੂ ਜੀ ਦੇ ਜਵਾਈ ਰਾਜਾ ਨੂੰ ਜਿਤਾਉਣ ਲਈ ਕਿਵੇਂ ਲੱਠਮਾਰਾਂ ਦੀਆਂ ਟੋਲੀਆਂ ਨੇ ਦਿਨ ਦਿਹਾੜੇ ‘ਠੰਢ’ ਵਰਤਾਈ ਰੱਖੀ। ਕਿਸੇ ਪੱਤਰਕਾਰ ਨੂੰ ‘ਚੱਲ ਰਹੀ ਕਾਰਵਾਈ’ ਦੇ ਨੇੜੇ ਨਹੀਂ ਢੁੱਕਣ ਦਿੱਤਾ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਲਾ ਮਹਿਕਮਾ ਵੀ ਕਬੂਤਰ ਵਾਂਗ ਅੱਖਾਂ ਮੀਟੀ ਬੈਠਾ ਰਿਹਾ। ਜਿਹੜੇ ਬਾਹਲਾ ਟੱਪਦੇ ਜਿਹੇ ਸੀ ਉਹਨਾਂ ਦੇ ਹੱਡ ਸੇਕੇ ਗਏ। 
ਬੀਤੇ ਦਿਨੀਂ ਇੱਕ ਮੈਡੀਕਲ ਸਟੋਰ ਤੋਂ ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਫੜ੍ਹੇ ਜਾਣ ਦੀ ਵਾਹਵਾ ਚਰਚਾ ਹੁੰਦੀ ਰਹੀ। ਇਹੋ ਜਿਹੀਆਂ ਚਰਚਾਵਾਂ ਸੁਣਦੇ ਰਹਿਣਾ ਮੋਗੇ ਦੇ ਲੋਕਾਂ ਦੀ ਆਦਤ ਜਿਹੀ ਬਣ ਗਈ ਐ, ਕਿਉਂਕਿ ਥੋੜ੍ਹੇ ਕੁ ਦਿਨਾਂ ਬਾਦ ਹੀ ਉਕਤ ਮੈਡੀਕਲ ਸਟੋਰ ਤੋਂ ਦਵਾਈਆਂ ਫੜ੍ਹੀਆਂ ਜਾਂਦੀਆਂ ਨੇ, ਤੇ ਵਿਚਾਰੇ ਸਟੋਰ ਵਾਲੇ ਫੇਰ ਜ਼ੋਰਾਂ ਸ਼ੋਰਾਂ ਨਾਲ ਨਸ਼ਈ ਵੀਰਾਂ ਦੀ ‘ਸੇਵਾ’ ‘ਚ ਰੁੱਝ ਜਾਂਦੇ ਨੇ। ਕਿਸੇ ਤੋਂ ਗੱਲ ਲੁਕੀ ਨਹੀਂ ਰਹੀ। ਉਕਤ ਸਟੋਰਾਂ ਵਾਲੇ ਨਸ਼ੇ ਵਾਲੀਆਂ ਦਵਾਈਆਂ ਕਾਊਂਟਰ ਦੇ ਉੱਪਰ ਰੱਖ ਕੇ ਸ਼ਰੇਆਮ ਵੇਚਦੇ ਨੇ। ਸਭ ਅਫਸਰਸ਼ਾਹੀ ਅੱਖਾਂ ਮੀਟ ਕੇ ਲੰਘ ਜਾਂਦੀ ਐ। ਸੁਣਨ ‘ਚ ਤਾਂ ਇੱਥੋਂ ਤੱਕ ਵੀ ਆਇਐ ਕਿ ਇੱਕ ਮੈਡੀਕਲ ਸਟੋਰ ਵਾਲੇ ਤਾਂ ਇਸ ‘ਹੱਕ-ਹਲਾਲ ਦੀ ਕਮਾਈ’ ‘ਚੋਂ ਇੰਨਾ ਕਮਾ ਗਏ ਨੇ ਕਿ ਉਹਨਾਂ ਨੇ ਦਵਾਈਆਂ ਦੀ ਆਪਣੀ ਫੈਕਟਰੀ ਹੀ ਖੋਲ੍ਹ ਲਈ ਐ। ਕਿਉਂ ਹੈ ਨਾ ਕਮਾਲ ਕਿ ਮੋਗਾ ਕਿੰਨੀ ਤਰੱਕੀ ਕਰ ਗਿਐ? ਤੇ ਤੁਸੀਂ ਅਜੇ ਵੀ ਬਾਬੇ ਆਦਮ ਵੇਲੇ ਦੀਆਂ ਗੱਲਾਂ ਕਰਦੇ ਪਏ ਹੋਂ ਕਿ ਅਖੇ “ਮੋਗਾ ਚਾਹ ਜੋਗਾ।” ਮੋਗੇ ਦੀ ਕੀ ਰੀਸ ਕਰੂ ਕੋਈ? ਇੱਥੇ ਤਾਂ ਇਨਸਾਫ ਲੈਣ ਲਈ ਵੀ ਆਪਣੇ ‘ਫਾਰਮੂਲੇ’ ਵਰਤਣੇ ਪੈਂਦੇ ਆ, ਫੇਰ ਕਿਤੇ ਜਾ ਕੇ ਸਾਡੇ ਅਫਸਰ ਹਰਕਤ ‘ਚ ਆਉਂਦੇ ਆ। ਬਲਾਤਕਾਰ ਦੀ ਸਿ਼ਕਾਰ ਕਿਸੇ ਦਲਿਤ ਔਰਤ ਨੂੰ ਇਨਸਾਫ ਲੈਣ ਲਈ ਦਰ ਦਰ ਭਟਕਣ ਤੋਂ ਬਾਦ ਸ਼ਰੇਆਮ ਚੌਕ ‘ਚ ਨਗਨ ਹੋਣਾ ਪਿਆ ਸੀ, ਤਾਂ ਜਾ ਕੇ ਕਿਤੇ ਵਿਚਾਰੀ ਦੀ ਸੁਣਵਾਈ ਹੋਈ ਸੀ। ਲੋਕਾਂ ਦੇ ਰਾਖੇ ਵੀਰਾਂ ਦੀ ਇੱਕ ਰਾਖੀ ਦੀ ਗੱਲ ਜਾਂਦੇ ਜਾਂਦੇ ਹੋ ਸੁਣਲੋ, ਸਾਡੇ ਮੋਗੇ ‘ਚ ਰਾਜਸਥਾਨ ਦੀ ਰਹਿਣ ਵਾਲੀ ਇੱਕ ਗੂੰਗੀ ਦਰਵੇਸ਼ ਕੰਨਿਆ ਦੀ ਇੱਜਤ ਦੀ ਖੇਹ ਖਰਾਬੀ ਕਰਨ ਦੇ ਕੇਸ ‘ਚ ਵੀ ‘ਲਾਲ ਝਾਲਰ ਵਾਲੀ ਪੱਗ ਵਾਲੇ’ ਵੀਰਾਂ ਦਾ ਨਾਂ ਅਖਬਾਰਾਂ ਦਾ ਸਿ਼ੰਗਾਰ ਬਣਿਆ ਰਿਹਾ ਹੈ। ਜੇ ਅਜੇ ਵੀ ਕੋਈ ਘਾਟ ਰਹਿ ਗਈ ਐ, ਤਾਂ ਹੁਣੇ ਦੱਸ ਦਿਓ ਆਪਾਂ ਘਾਟ ਲਗਦੇ ਹੱਥ ਹੀ ਪੂਰੀ ਕਰ ਦਿੰਨੇ ਆਂ, ਪਰ ਹਾੜ੍ਹਾ ਮੇਰੇ ਵੀਰ ਮੁੜਕੇ ਮੇਰੇ ਤਰੱਕੀ ਦੇ ਰਾਹ ਪਏ ਮੋਗੇ ਨੂੰ ‘ਮੋਗਾ ਚਾਹ ਜੋਗਾ’ ਨਾ ਆਖਿਓ....!

****

ਠੇਕੇ ਤੇ ਭਰਤੀ…......ਸਾਧੂ ਰਾਮ ਲੰਗੇਆਣਾ (ਡਾ।) / ਵਿਅੰਗ

ਸਾਡੇ ਪਿੰਡ ਦੇ ਬਾਬੇ ਗਾਂਧੀ ਕੇ ਗਵਾੜ ਚੋਂ ਇੱਕ ਚੰਗਾ ਪੜਿਆ-ਲਿਖਿਆ ਜੱਟਾਂ ਦਾ ਮੁੰਡਾ ਸਰਬਜੀਤ ਸਕੂਲ ਵਿੱਚ ਠੇਕੇ ਤੇ ਟੀਚਰ ਭਰਤੀ ਹੋ ਗਿਆ ਸੀ ਕੁਝ ਦਿਨਾਂ ਬਾਅਦ ਉਹ ਮੋਟਰ ਸਾਈਕਲ ਤੇ ਆਪਣੇ ਘਰੋਂ ਨਿਕਲਣ ਹੀ ਲੱਗਾ ਸੀ ਕਿ ਪਿੰਡ ਦੇ ਦੂਸਰੇ ਪਾਸਿਓਂ ਵਾਲਾ ਤਾਇਆ ਨਰੈਂਣਾ ਅਚਾਨਕ ਉਨ੍ਹਾਂ ਦੇ ਬਾਰ ਮੂਹਰ ਦੀ ਲੰਘਦਿਆਂ ਉਸ ਨੂੰ ਸਾਹਮਣੇ ਟੱਕਰ ਪਿਆ ਤਾਂ ਉਸਨੇ ਤਾਏ ਦਾ ਮਾਣ ਕਰਦਿਆਂ ਨਿੰਮੋਝੂਣਾ ਜਿਹਾ ਹੋ ਸਤਿਕਾਰ ਨਾਲ ਕਿਹਾ ਕਿ… ਤਾਇਆ ਜੀ ਸਤਿ ਸ੍ਰੀ ਅਕਾਲ

ਅੱਗੋਂ ਤਾਇਆ:- ਸਤਿ ਸ੍ਰੀ ਅਕਾਲ, ਪੁੱਤ…ਸਤਿ ਸ੍ਰੀ ਅਕਾਲ… ਕੀ ਕਰਦੈਂ ਹੁੰਨੈ ਪੁੱਤ ਹੁਣ ਕਿਤਮੀਂ ਜਮਾਤ ਤੱਕ ਪੁੱਜ ਗਈ ਐ ਪੜਾਈ ਤੇਰੀ…
ਮਾਸਟਰ:- ਤਾਇਆ ਜੀ ਬੱਸ ਹੁਣੇ-ਹੁਣੇ ਸਰਕਾਰ ਨੇ ਠੇਕੇ ਤੇ ਭਰਤੀ ਖੋਲੀ ਸੀ ਮੇਰਾ ਨੰਬਰ ਆ ਗਿਆ ਤੇ ਹੁਣ ਮੇ ਠੇਕੇ ਤੇ ਮਾਸਟਰ ਲੱਗ ਗਿਆ ਹਾਂ
ਤਾਇਆ:- ਪੁੱਤਰਾ ਕਿਹੜੇ ਤੇ ਹੁੰਨੈਂ ਤੇ ਕਿੰਨੀ ਕੁ ਤਨਖਾਹ ਐ…
ਮਾਸਟਰ:- ਤਾਇਆ ਜੀ ਭੇਖੇ ਵਾਲੇ ਪਿੰਡ ਦੇ ਐਲੀਮੈਂਟਰੀ ਚ… ਤੇ ਪੰਜ ਹਜ਼ਾਰ ਤਨਖਾਹ
ਤਾਇਆ:- ਬਹੁਤ ਚੰਗਾ ਹੋ ਗਿਆ…, ਪੁੱਤ ਬਹੁਤ ਚੰਗਾ ਹੋ ਗਿਆ ਐ… ਅੱਗੇ ਤਾਂ ਸਹੁਰੇ ਦੇ ਭਈਏ ਜਿਹੇ ਕਿਸੇ ਨੂੰ ਗੱਲ ਨਹੀਂ ਸੀ ਕਰਨ ਦਿੰਦੇ ਤੇ ਹੁਣ ਸੁੱਖ ਨਾਲ ਆਪਣੇ ਜੱਟਾਂ ਦੇ ਮੁੰਡਿਆਂ ਨੂੰ ਹੀ ਸਰਕਾਰ ਨੇ ਮਾਲਕ ਬਣਾ ਤਾ, ਚੰਗੀ ਗੱਲ ਐ… ਊਂ ਪੁੱਤ ਕਿੰਨੇ ਕੁ ਵਜੇ ਵਾਪਸ ਆ ਜਾਨਾਂ ਹੁੰਨੈਂ ਪਿੰਡ ਨੂੰ… ਤਾਏ ਨੇ ਆਪਣੇ ਖੀਸੇ ਵਿੱਚ ਹੱਥ ਜਿਹਾ ਪਾਉਂਦਿਆਂ ਕਿਹਾ ਤੇ ਨਾਲੋ ਨਾਲ ਹੀ ਬਟੂਆ ਕੱਢ ਲਿਆ (ਅੱਗੋਂ ਬਟੂਆ ਦੇਖ ਕੇ ਮਾਸਟਰ ਨੇ ਸੋਚਿਆ ਕਿ ਬਈ ਤਾਇਆ ਜੀ ਉਸਨੂੰ ਖੁਸ਼ੀ ਚ ਜ਼ਰੂਰ ਸ਼ਗਨ ਵਗੈਰਾ ਦੇਵੇਗਾ)
ਮਾਸਟਰ:- ਤਾਇਆ ਜੀ ਬੱਸ ਸਹੀ 3।10 ਤੇ ਛੁੱਟੀ ਹੋ ਜਾਂਦੀ ਐ ਤੇ ਠੀਕ ਸਾਢੇ ਕੁ ਤਿੰਨ ਵਜੇ ਨੂੰ 15-20 ਮਿੰਟ ਚ ਪਿੰਡ ਪਹੁੰਚ ਜਾਈਦੈ…
ਤਾਇਆ:- ਫੇਰ ਤਾਂ ਪੁੱਤਰ ਤੂੰ ਜਮਾਂ ਈ ਟਾਈਮ ਨਾਲ ਘਰੇ ਮੁੜ ਆਊਨੈਂ, ਚੰਗਾ… ਚੱਲ ਆਹ ਫੜ, ਦੋ ਸੌ-ਸੌ ਦੇ ਨੋਟ, ਇੱਕ ਮੋਟਾ ਸੰਤਰਾ ਦੀ ਬੋਤਲ, ਇੱਕ ਵਧੀਆ ਜਿਹੀ ਠੰਡੀ ਬੀਅਰ ਆਉਣ ਲੱਗਾ ਲਈ ਆਵੀਂ… ਅਗਾਂਹ ਨੂੰ ਵੀ ਤੇਰੇ ਕੋਲੋ ‘ਕੱਠੀ ਪੇਟੀ ਹੀ ਮੰਗਵਾ ਲਿਆ ਕਰਾਂਗਾ, ਪਿੰਡ ਵਾਲੇ ਤਾਂ ਸਹੁਰੇ ਨਿਰਾ ਪਾਣੀ ਪਾ-ਪਾ ਦਿੰਦੇ ਐ, ਪਾਣੀ…
ਮਾਸਟਰ:- ਨਹੀਂ ਤਾਇਆ ਜੀ, ਮੈਂ ਉਸ ਠੇਕੇ ਦੀ ਗੱਲ ਨਹੀਂ ਕੀਤੀ, ਮੈਂ ਤਾਂ ਸਕੂਲ ਚ ਠੇਕੇ ਤੇ ਟੀਚਰ ਫੈਲੋਂ ਭਰਤੀ ਹੋਇਐਂ ਅਨਪੜ ਤਾਏ ਦੀਆਂ ਗੱਲਾਂ ਮੂਹਰੇ ਲਾਜਵਾਬ ਹੋਇਆ ਬੀ।ਏ।ਬੀ।ਐਡ। ਅਧਿਆਪਕ ਡਿਊਟੀ ਤੋਂ ਲੇਟ ਹੁੰਦਾ ਹੋਇਆ ਉਪਰੋਂ ਖਿੜ-ਖਿੜ ਅਤੇ ਅੰਦਰਲੇ ਮਨੋਂ ਦੰਦ ਕਿਰਚਦਾ ਹੋਇਆ ਚਾਲੇ ਪਾ ਗਿਆ
ਤਾਇਆ:- ਵਾਰੇ-ਵਾਰੇ ਜਾਣੀਏ ਵਈ ਇਨ੍ਹਾਂ ਸਰਕਾਰਾਂ ਦੇ… ਇੱਕ ਪਾਸੇ ਨਸ਼ੇ ਛੁਡਾਉਣ ਲਈ ਡੌਂਡੀ (ਢਡੋਰਾ) ਪਿੱਟੀ ਜਾਂਦੇ ਐ ਦੂਸਰੇ ਪਾਸੇ ਸਕੂਲਾਂ ਚ ਠੇਕੇ ਖੋਲ ਰੱਖੇ ਨੇ… ਮੈਂ ਵੀ ਆਖਦੈਂ ਆਪਣੇ ਪਿੰਡ ਵਾਲੇ ਸਰਪੰਚ ਨੂੰ ਕਿ ਆਪਣੇ ਪਿੰਡ ਦੇ ਸਕੂਲ ਚ ਤੂੰ ਠੇਕਾ ਕਦੋਂ ਖਿਲਵਾਉਣਾ ਐ ਬੁੜ-ਬੁੜ ਕਰਦਾ ਤਾਇਆ ਵੀ ਆਪਣੇ ਪੈਂਡੇ ਵੱਲ ਨੂੰ ਕਾਹਲੀ-ਕਾਹਲੀ ਵਹੀਰਾਂ ਘੱਤ ਗਿਆ 

****

ਮਿਰਜ਼ਾ.......... ਕਹਾਣੀ / ਹਰਜੀਤ ਅਟਵਾਲ

ਉਹ ਆਪਣੇ ਗਾਰਡਨ ਵਿਚ ਖੜਾ ਆਪਣੇ ਉਪਰੋਂ ਦੀ ਉੱਡ ਜਹਾਜ਼ਾਂ ਨੂੰ ਦੇਖ ਰਿਹਾ ਹੈ। ਇਹਨਾਂ ਵਿਚੋਂ ਹੀ ਇਕ ਜਹਾਜ਼ ਤੇਜੀ ਦਾ ਹੋਵੇਗਾ। ਤੇਜੀ, ਉਸ ਦੀ ਜਾਨ, ਉਸ ਦੀ ਮਹਿਬੂਬਾ, ਉਸ ਦੀ ਸਾਹਿਬਾਂ ਜਿਸ ਦਾ ਅਜ ਉਹ ਮਿਰਜ਼ਾ ਬਣਿਆ ਖੜਾ ਹੈ। ਪੈਂਤੀ ਸਾਲ ਬਾਅਦ ਹੀ ਸਹੀ ਪਰ ਹੈ ਤਾਂ ਉਹ ਹੁਣ ਮਿਰਜ਼ਾ। ਇੰਨੇ ਲੰਮੇ ਸਮੇਂ ਬਾਅਦ ਤੇਜੀ ਉਸ ਨੂੰ ਮਿਰਜ਼ਾ ਬਣਾਉਣ ਲਈ ਲੰਡਨ ਆਉਂਦੀ ਹੈ। ਉਸ ਦੇ ਮੂੰਹੋਂ ਨਿਕਲਦਾ ਹੈ-‘ਥੈਂਕਸ ਤੇਜੀ, ਥੈਂਕਸ ਫੋਰ ਕਮਿੰਗ!’ ਜੇ ਉਹ ਲੰਡਨ ਨਾ ਆਉਂਦੀ ਤਾਂ ਉਹ ਰਹਿ ਜਾਂਦਾ; ਮਜਨੂੰ, ਰਾਂਝਾ ਜਾਂ ਫਿਰ ਸਾਧਾਰਣ ਜਿਹਾ ਸੁੱਖਾ। ਤੇਜੀ ਦੀ ਫਲਾਈਟ ਅੱਠ ਵਜੇ ਦੀ ਹੈ ਤੇ 
ਹੁਣ ਵੱਜ ਗਏ ਹਨ ਸਾਢੇ ਅੱਠ, ਇਹਨਾਂ ਜਹਾਜ਼ਾਂ ਵਿਚੋਂ ਹੀ ਇਕ ਉਸ ਨੂੰ ਲੈ ਕੇ ਉਡਿਆ ਹੋਵੇਗਾ। ਉਸ ਨੂੰ ਯਕੀਨ ਆਉਣ ਲਗਦਾ ਹੈ ਕਿ ਹੁਣ ਤੇਜੀ ਗਈ। ਉਹ ਅੰਦਰ ਸਿਟਿੰਗ ਰੂਮ ਵਿਚ ਆ ਜਾਂਦਾ ਹੈ ਜਿਥੇ ਉਸ ਦੀ ਪਤਨੀ ਬੈਠੀ ਹੈ, ਪਤਨੀ ਦੀ ਮਾਂ ਤੇ ਪਿਤਾ ਹਨ ਜੋ ਉਹਨਾਂ ਕੋਲ ਪੱਕੇ ਤੌਰ ‘ਤੇ ਰਹਿੰਦੇ ਹਨ। ਉਹ ਕੁਝ ਦੇਰ ਉਹਨਾਂ ਕੋਲ ਬੈਠ ਆਪਣੇ ਕਮਰੇ ਵਿਚ ਕੰਪਿਊਟਰ ਨੂੰ ਜਾ ਲਗਦਾ ਹੈ। ਜਿਸ ਵਿਚੋਂ ਉਹ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਕਰੇਗਾ ਹਾਲੇ ਕਿ ਉਸ ਨੂੰ ਯਕੀਨ ਹੈ ਕਿ ਨੌਕਰੀ ਉਸ ਨੂੰ ਨਹੀਂ ਮਿਲਣ ਲਗੀ। ਨੌਕਰੀ ਲਈ ਤਾਂ ਹੁਣ ਜਵਾਨ ਵਿਹਲੇ ਤੁਰੇ ਫਿਰਦੇ ਹਨ ਉਸ ਦੀ ਉਮਰ ਵਾਲੇ ਨੂੰ ਕੌਣ ਕੰਮ ਦੇ ਦੇਵੇਗਾ।
ਤੇਜੀ, ਉਸ ਦੀ ਮਹਿਬੂਬਾ। ਖਾਲਸਾ ਕਾਲਜ ਜਲੰਧਰ ਸਮੇਂ ਦੀ ਮਹਿਬੂਬਾ। ਇਕੱਠੇ ਪੰਜਾਬੀ ਦੀ ਐਮ. ਏ. ਵਿਚ ਦਾਖਲ ਹੋਣ ਗਏ। ਸੁੱਖੇ ਦੇ ਲਾਠ ਵਰਗੇ ਸਰੀਰ ਵਿਚ ਤੇਜੀ ਨੂੰ ਕੁਝ ਨਜ਼ਰ ਆਇਆ ਕਿ ਉਸ ਵਲ ਖਿੱਚੀ ਚਲੇ ਗਈ। ਇਵੇਂ ਹੀ ਸੁੱਖੇ ਨੂੰ ਤੇਜੀ ਦਾ ਮਲੂਕ ਜਿਹਾ ਵਜੂਦ ਚੰਗਾ ਲਗਿਆ। ਸੁੱਖਾ ਨੇੜੇ ਦੇ ਕਿਸੇ ਕਾਲਜ ਵਿਚੋਂ ਆਇਆ ਸੀ ਪਰ ਤੇਜੀ ਇਸੇ ਕਾਲਜ ਦੀ ਵਿਦਿਆਰਥਣ ਸੀ, ਪੋਸਟ ਗਰੇਜੂਏਟ ਦੀਆਂ ਜਮਾਤਾਂ ਵਿਚ ਇਕੱਠੇ ਹੋਏ ਸਨ। ਤੇਜੀ ਦਾ ਪਿੰਡ ਸ਼ਹਿਰ ਦੇ ਨਜ਼ਦੀਕ ਹੀ ਸੀ। ਉਸ ਦੇ ਪਿਓ ਦਾ ਕੰਮ ਵਧੀਆ ਸੀ। ਸਬਜ਼ੀਆਂ ਬੀਜਦਾ ਤੇ ਟਰੈਕਟਰ ਭਰ ਕੇ ਸ਼ਹਿਰ ਸੁੱਟ ਦਿੰਦਾ। ਸ਼ਹਿਰ ਦੇ ਨੇੜੇ ਜਮੀਨ ਹੋਣ ਦਾ ਭਰਪੂਰ ਫਾਇਦਾ ਸੀ ਉਸ ਨੂੰ ਪਰ ਸੁੱਖੇ ਦੇ ਪਿਓ ਦਾ ਕੰਮ ਕੁਝ ਢਿਲਾ ਸੀ, ਸਧਾਰਣ ਜਿਹਾ ਕਿਸਾਨ ਜੋ ਬੜੀ ਮੁਸ਼ਕਲ ਨਾਲ ਸੁੱਖੇ ਨੂੰ ਪੜਾ ਰਿਹਾ ਸੀ। ਸੁੱਖੇ ਨੂੰ ਇਸ ਗੱਲ ਦਾ ਅਹਿਸਾਸ ਸੀ ਤੇ ਚਾਹੁੰਦਾ ਸੀ ਕਿ ਜਲਦੀ ਕਿਸੇ ਕੰਮ ‘ਤੇ ਲਗ ਕੇ ਪਿਓ ਲਈ ਸਹਾਰਾ ਬਣੇ ਪਰ ਤੇਜੀ ਦੀ ਚਿੰਤਾ ਸਿਰਫ ਵਧੀਆ ਪਤੀ ਲਭਣ ਦੀ ਹੀ ਸੀ। ਉਹਨਾਂ ਦੋਨਾਂ ਦਾ ਪਿਆਰ ਇਸ ਸਭ ਕਾਸੇ ਤੋਂ ਬੇਖਬਰ ਸੀ। 
ਕੰਟੀਨ ਵਿਚ ਬੈਠਦੇ ਤਾਂ ਸੁੱਖਾ ਉਸ ਵਲ ਦੇਖਦਾ ਰਹਿੰਦਾ ਤੇ ਕਹਿੰਦਾ,
“ਤੇਜੀ, ਤੂੰ ਏਨੀ ਸੁਹਣੀ ਐਂ ਕਿ ਮੇਰਾ ਮਿਰਜ਼ਾ ਬਣਨ ਨੂੰ ਦਿਲ ਕਰਦਾ।”
“ਸ਼ਾਇਦ ਏਹ ਦੀ ਲੋੜ ਈ ਨਾ ਪਵੇ, ਗੱਲ ਕਰ ਆਪਣੇ ਘਰਦਿਆਂ ਨਾਲ਼, ਉਹ ਕਰਨ ਮੇਰੇ ਘਰਦਿਆਂ ਨਾਲ ਤੇ ਬਣ ਜਾ ਮਿਰਜ਼ਾ।”
“ਏਦਾਂ ਤਾਂ ਸਾਲ਼ਾ ਹਰੇਕ ਈ ਕਰਦਾ ਫਿਰਦਾ, ਇਹ ਕਾਹਦਾ ਹੋਇਆ ਮਿਰਜ਼ਾ!”
“ਹੋਰ ਮਿਰਜ਼ਾ ਕਿੱਦਾਂ ਬਣਨਾਂ?”
“ਵਿਆਹ ਤੋਂ ਪਹਿਲਾਂ ਈ ਤੈਨੂੰ ਚੁੱਕ ਕੇ।”
ਤੇਜੀ ਹੱਸਣ ਲਗਦੀ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦਾ। ਹੋਰ ਸਾਲ ਨੂੰ ਪੜਾਈ ਖਤਮ ਹੋ ਜਾਵੇਗੀ, ਦੋਵਾਂ ਦੇ ਘਰ ਵਾਲੇ਼ ਸ਼ਾਇਦ ਹੀ ਇਤਰਾਜ਼ ਕਰਨ ਤੇ ਵਿਆਹ ਹੋ ਜਾਵੇਗਾ ਪਰ ਸੁੱਖਾ ਇਹ ਗੱਲ ਕਹਿੰਦਾ ਰਹਿੰਦਾ। ਸੁੱਖਾ ਸਿਨਮੇ ਹਾਲ ਵਿਚ ਫਿਲਮ ਦੇਖਦਿਆਂ ਉਸ ਦੇ ਜਿਸਮ ਨੂੰ ਮਿਣਨ ਲਗਦਾ, ਕੁਝ ਦੇਰ ਸੁੱਖੀ ਚੁੱਪ ਰਹਿੰਦੀ ਤੇ ਫਿਰ ਉਸ ਦਾ ਹੱਥ ਝਟਕਦੀ ਕਹਿੰਦੀ,
“ਵਿਆਹ ਤੋਂ ਬਾਅਦ।”
“ਮੈਂ ਮਿਰਜ਼ਾ, ਮੈਂ ਇੰਨੀ ਦੇਰ ਨਹੀਂ ਉਡੀਕ ਸਕਦਾ।”
...ਤੇ ਲੰਡਨ ਦੇ ਸਿਨਮੇ ਹਾਲ ਵਿਚ ਬੈਠੀ ਤੇਜੀ ਉਸ ਦੇ ਹੱਥ ਨੂੰ ਬਿਲਕੁਲ ਨਹੀਂ ਰੋਕਦੀ। ਸੁੱਖਾ ਹੈਰਾਨ ਹੋਇਆ ਕਹਿੰਦਾ ਹੈ,
“ਕਮਾਲ ਐ ਜਾਨ, ਨਾ ਤੇਰਾ ਢਿੱਡ ਵਧਿਆ ਤੇ ਨਾ ਈ ਛਾਤੀਆਂ ਢਿੱਲੀਆਂ ਪਈਆਂ, ਕੀ ਰਾਜ਼ ਐ?”
“ਯੋਗਾ।”
ਕਹਿ ਕੇ ਤੇਜੀ ਹੱਸਦੀ ਹੈ। ਸੁੱਖਾ ਧਿਆਨ ਨਾਲ ਦੇਖਦਾ ਹੈ ਕਿ ਤੇਜੀ ਉਪਰ ਪਿਛਲੇ ਪੈਂਤੀ ਸਾਲਾਂ ਨੇ ਕੋਈ ਖਾਸ ਅਸਰ ਨਹੀਂ ਛੱਡਿਆ ਜਦ ਕਿ ਉਹ ਮੋਟਾ ਵੀ ਹੋ ਗਿਆ ਹੈ, ਵਾਲ ਵੀ ਸਫ਼ੈਦ ਹੋ ਚਲੇ ਹਨ। ਚਾਲ ਵਿਚ ਵੀ ਉਹ ਤੇਜੀ ਨਹੀਂ ਰਹੀ। ਚਾਲ ਦਾ ਤਾਂ ਉਸ ਦਿਨ ਲੰਡਨ ਵਿਚ ਤੁਰਦਿਆਂ ਹੀ ਪਤਾ ਚਲ ਜਾਂਦਾ ਹੈ ਜਦ ਉਹ ਤੇਜੀ ਨਾਲੋਂ ਪਿੱਛੇ ਰਹਿਣ ਲਗਦਾ ਹੈ। 
ਦੋਵਾਂ ਨੇ ਪੜਾਈ ਖਤਮ ਕਰ ਲਈ। ਵਿਆਹ ਦੀ ਗੱਲ ਵੀ ਤੁਰ ਪਈ। ਦੋਵੇਂ ਨੌਕਰੀ ਦੀ ਤਲਾਸ਼ ਵਿਚ ਵੀ ਨਿਕਲ ਪਏ ਪਰ ਕਾਲਜ ਤੋਂ ਬਾਹਰ ਦੁਨੀਆ ਬਹੁਤ ਵਿਸ਼ਾਲ ਸੀ। ਬਹੁਤ ਸਾਰੇ ਸੁਫਨੇ ਕਾਲਜ ਦੀ ਇਮਾਰਤ ਵਿਚ ਰਹਿੰਦਿਆਂ ਦੇਖੇ ਜਾ ਸਕਦੇ ਹਨ ਪਰ ਬਾਹਰ ਆ ਕੇ ਹਕੀਕਤ ਕੁਝ ਹੋਰ ਹੁੰਦੀ ਹੈ। ਤੇਜੀ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੇ ਬੀ. ਐੱਡ ਵਿਚ ਦਾਖਲਾ ਲੈ ਲਿਆ ਤੇ ਸੁੱਖਾ ਕਿਸੇ ਪ੍ਰਾਈਵੇਟ ਸਕੂਲ ਵਿਚ ਥੋੜੇ ਜਿਹੇ ਪੈਸਿਆਂ ‘ਤੇ ਕੰਮ ਕਰਨ ਲਗਿਆ। ਉਹਨਾਂ ਦੇ ਵਿਆਹ ਦੀ ਗੱਲ ਵਿਚ ਅੜਿੱਕਾ ਆਣ ਲਗਿਆ ਇਕ ਤਾਂ ਅਮੀਰੀ-ਗਰੀਬੀ ਦਾ ਵੀ ਸੀ ਤੇ ਦੂਜਾ ਜੱਟ-ਸੈਣੀ ਦਾ ਵੀ। ਇਕ ਦਿਨ ਫਿਲਮ ਦੇਖਦਿਆਂ ਸੁੱਖੇ ਨੇ ਕਿਹਾ,
“ਤੇਜੀ, ਚਲ ਕੁਝ ਦਿਨਾਂ ਲਈ ਸਿ਼ਮਲੇ ਚੱਲੀਏ।”
“ਸਿ਼ਮਲੇ ਕੀ ਕਰਨਾ?”
“ਜੋ ਮਿਰਜ਼ਾ ਕਰਦਾ ਹੀ ਹੁੰਦਾ।”
ਤੇਜੀ ਹੱਸਣ ਲਗੀ ਤੇ ਬੋਲੀ,
“ਤੂੰ ਕੋਈ ਢੰਗ ਦੀ ਨੌਕਰੀ ਲੱਭ, ਕਿਸੇ ਕਾਲਜ ਵਿਚ, ਮੈਂ ਵੀ ਬੀ. ਐੱਡ ਕਰ ਲਵਾਂ, ਜ਼ਰਾ ਕੁ ਪੈਰਾਂ ‘ਤੇ ਖੜ ਕੇ ਆਪਾਂ ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਾ ਲੈਨੇਂ ਆਂ।”
ਸੁੱਖਾ ਟੱਕਰਾਂ ਮਾਰਦਾ ਰਿਹਾ ਪਰ ਕਾਲਜ ਵਿਚ ਪ੍ਰੋਫੈਸਰੀ ਉਸ ਨੂੰ ਨਾ ਮਿਲੀ। ਪੰਜਾਬੀ ਦੇ ਐਮ. ਏ. ਇੰਨੇ ਸਨ ਕਿ ਅਗੇ ਖਾਲੀ ਥਾਂਵਾਂ ਬਹੁਤ ਥੋੜੀਆਂ ਹੁੰਦੀਆਂ। ਪ੍ਰਾਈਵੇਟ ਸਕੂਲ ਦੀ ਨਿਗੂਣੀ ਤਨਖਾਹ ਤਾਂ ਉਸ ਨੂੰ ਟਿੱਚਰ ਜਿਹੀ ਹੀ ਮਹਿਸੂਸ ਹੁੰਦੀ ਪਰ ਜੇਬ੍ਹ ਖਰਚ ਵੀ ਤਾਂ ਚਾਹੀਦਾ ਸੀ। ਇਕ ਹੋਰ ਆਸ ਦੀ ਕਿਰਨ ਉਸ ਨੂੰ ਨਜ਼ਰ ਆਉਣ ਲਗ ਪਈ ਕਿ ਉਸ ਦਾ ਇੰਗਲੈਂਡ ਜਾਣ ਦਾ ਸਬੱਬ ਬਣਨ ਲਗਿਆ। ਓਧਰ ਤੇਜੀ ਨੇ ਬੀ. ਐੱਡ ਕਰ ਲਈ ਪਰ ਸਰਕਾਰੀ ਸਕੂਲ ਦੀ ਨੌਕਰੀ ਉਸ ਨੂੰ ਵੀ ਨਾ ਮਿਲੀ। ਜਲੰਧਰ ਦੇ ਇਕ ਪ੍ਰਾਈਵੇਟ ਸਕੂਲ ਜੋਗੀ ਉਹ ਰਹਿ ਗਈ। ਉਸ ਦੀ ਇਹ ਗੱਲ ਸੀ ਕਿ ਤਨਖਾਹ ਸੁੱਖੇ ਨਾਲੋਂ ਕੁਝ ਜਿ਼ਆਦਾ ਸੀ। ਸ਼ਹਿਰ ਹੋਣ ਦਾ ਵੀ ਫਰਕ ਸੀ ਤੇ ਸਕੂਲ ਦੇ ਸਟੈਂਡਰਡ ਦਾ ਵੀ ਪਰ ਸਰਕਾਰੀ ਅਧਿਆਪਕਾਂ ਨਾਲੋਂ ਇਹ ਤਨਖਾਹ ਅੱਧੀ ਤੋਂ ਵੀ ਘੱਟ ਸੀ। ਇਕ ਦਿਨ ਸੁੱਖਾ ਉਸ ਕੋਲ ਜਾ ਕੇ ਕਹਿਣ ਲਗਿਆ,
“ਹਾਂ, ਮੇਰੀ ਜਾਨ, ਕਿੱਦਾਂ ਕਰਨੀ ਹੁਣ?”
“ਜਿੱਦਾਂ ਕਹੇਂ।”
“ਚੱਲੀਏ ਸਿ਼ਮਲੇ?”
“ਵਿਆਹ ਤੋਂ ਬਾਅਦ।”
“ਚਲ, ਵਿਆਹ ਕਰਾ ਲਈਏ।”
“ਠੀਕ ਐ ਪਰ ਇੰਨੀ ਕੁ ਤਨਖਾਹ ਨਾਲ ਗੁਜ਼ਾਰਾ ਕਿਦਾਂ ਹੋਏਗਾ! ਜਦੋਂ ਘਰ ਦਿਆਂ ਨੂੰ ਛੱਡਿਆ ਤਾਂ ਕਿਸੇ ਨੇ ਕੋਈ ਹੈੱਲਪ ਨਹੀਂ ਕਰਨੀ, ਸੋਚ ਕੇ ਦੇਖ, ਕਿਰਾਏ ਦਾ ਘਰ, ਸਭ ਕੁਸ਼ ਮੁੱਲ ਦਾ ਤੇ ਸਾਡੀ ਦੋਨਾਂ ਦੀ ਤਨਖਾਹ! ਤੈਨੂੰ ਸ਼ਹਿਰਾਂ ਦੇ ਖ਼ਰਚਿਆਂ ਦਾ ਪਤੈ?”
“ਤਿੰਨ-ਚਾਰ ਸਾਲ ਦਾ ਇਸ਼ਕ ਸਾਡਾ, ਇਹਦਾ ਵੀ ਤਾਂ ਕੋਈ ਮੁੱਲ ਐ।”
“ਮੈਨੂੰ ਘਰ ਦੇ ਵਿਆਹ ਬਾਰੇ ਆਖਦੇ ਪਏ ਆ ਵੈਸੇ ਤਾਂ ਮੈਂ ਨਾਂਹ ਕਰ ਚੁੱਕੀ ਆਂ ਪਰ ਤੂੰ ਕਰ ਕੁਸ਼, ਤੇਰੀ ਤਨਖਾਹ ਤਾਂ ਚਪੜਾਸੀ ਦੀ ਤਨਖਾਹ ਤੋਂ ਵੀ ਘੱਟ ਐ।”
“ਇਕ ਹੋਰ ਬੂਹਾ ਖੁਲ੍ਹ ਰਿਹੈ।”
“ਉਹ ਕਿਹੜਾ?”
“ਮੇਰੇ ਇੰਗਲੈਂਡ ਜਾਣ ਦਾ।”
“ਇਹ ਠੀਕ ਐ।”
“ਚੱਲ, ਫੇਰ ਵਿਆਹ ਕਰਾ ਲਈਏ।”
“ਤੂੰ ਮੈਨੂੰ ਵਿਆਹ ਕੇ ਕਿਹਦੇ ਆਸਰੇ ਛੱਡ ਜਾਏਂਗਾ ਤੇ ਮੈਂ ਰਹਿ ਜਾਵਾਂਗੀ ਇਕੱਲੀ।”
ਸੁੱਖਾ ਸੋਚਾਂ ਵਿਚ ਪੈ ਗਿਆ। ਗੱਲ ਤਾਂ ਤੇਜੀ ਦੀ ਠੀਕ ਸੀ। ਇਹੋ ਵਧੀਆ ਸੀ ਕਿ ਇੰਗਲੈਂਡ ਜਾਵੇ ਤੇ ਤੇਜੀ ਨੂੰ ਉਥੇ ਸੱਦ ਲਵੇ। ਉਹ ਬੋਲਿਆ,
“ਚੱਲ, ਸਿ਼ਮਲੇ ਚੱਲੀਏ।”
“ਨਹੀਂ, ਵਿਆਹ ਤੋਂ ਬਾਅਦ।”
“ਇਹਦਾ ਮਤਲਬ ਤੂੰ ਸਾਹਿਬਾਂ ਨਹੀਂ ਤੇ ਮੈਂ ਮਿਰਜ਼ਾ ਨਹੀਂ?”
“ਤੂੰ ਸੁੱਖਾ ਹੋਣ ਨਾਲ਼ ਈ ਕੰਮ ਚਲਾ ਲੈ।”
ਤੇਜੀ ਹੱਸਦੀ ਹੋਈ ਬੋਲੀ।
ਸੁੱਖਾ ਇੰਗਲੈਂਡ ਆ ਗਿਆ। ਤੇਜੀ ਨੂੰ ਪ੍ਰੋਫੈਸਰ ਮੁੰਡਾ ਮਿਲ ਗਿਆ ਤੇ ਸੁੱਖੇ ਨੇ ਵੀ ਵਿਆਹ ਕਰਾ ਲਿਆ। ਮਿਰਜ਼ੇ ਵਾਲਾ ਸੁਫਨਾ ਜਾ ਪਿਆ ਕਿਸੇ ਖੱਡ ਵਿਚ। ਉਹ ਇੰਡੀਆ ਜਾਂਦਾ, ਤੇਜੀ ਨੂੰ ਮਿਲਣ ਉਸ ਦੇ ਸਕੂਲ ਚਲੇ ਜਾਂਦਾ। ਉਸ ਲਈ ਕੋਈ ਨਾ ਕੋਈ ਤੋਹਫ਼ਾ ਵੀ ਹੁੰਦਾ; ਕਦੇ ਕੋਈ ਕਪੜਾ, ਕਦੇ ਘੜੀ, ਇਕ ਵਾਰ ਮੁਬਾਈਬਲ ਫੋਨ ਵੀ। ਸੁੱਖਾ ਆਖਦਾ,
“ਹੁਣ ਤਾਂ ਬਹੁਤ ਵਕਤ ਲੰਘ ਗਿਆ, ਹੁਣ ਤਾਂ ਵਕਤ ਕੱਢ ਲੈ।”
ਤੇਜੀ ਉਸ ਦੇ ਦਿਤੇ ਤੋਹਫ਼ੇ ‘ਤੇ ਹੱਥ ਫੇਰਦੀ ਤੇ ਕਹਿੰਦੀ,
“ਦੇਖੋ, ਜੇ ਮੌਕਾ ਮੇਲ਼ ਹੋ ਗਿਆ ਤਾਂ ਪਰ ਮੈਨੂੰ ਪ੍ਰੋਫੈਸਰ ਸਾਹਿਬ ਦਾ ਵੀ ਤਾਂ ਸੋਚਣਾ ਪੈਂਦਾ।”
ਦੋ ਕੁ ਸਾਲ ਪਹਿਲਾਂ ਅਜਿਹਾ ਹੀ ਉਤਰ ਲੈ ਕੇ ਮੁੜੇ ਸੁੱਖੇ ਨੂੰ ਸਮਝ ਨਹੀਂ ਲਗ ਰਹੀ ਕਿ ਉਹ ਤੇਜੀ ਕੋਲ ਵਾਰ ਵਾਰ ਕਿਉਂ ਜਾਂਦਾ ਹੈ। ਹੁਣ ਉਹ ਮਿਰਜ਼ਾ ਨਹੀਂ ਰਿਹਾ। ਮਿਰਜ਼ਾ ਬਣਨ ਦਾ ਸੁਫਨਾ ਵੀ ਬਹੁਤ ਪਿੱਛੇ ਰਹਿ ਚੁੱਕਾ ਹੈ। ਹੁਣ ਉਸ ਨੂੰ ਨਵੀਂਆਂ ਰਾਹਾਂ ਉਪਰ ਤੁਰਦੇ ਕੁਝ ਲੱਭਣਾ ਚਾਹੀਦਾ ਹੈ। ਫਿਰ ਉਹ ਸੋਚਦਾ ਹੈ ਕਿ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਬੱਚੇ ਤੇ ਘਰ ਬੈਠੀ ਪਤਨੀ ਦੇ ਹੁੰਦੇ ਉਹ ਕਿਹੜੀਆਂ ਨਵੀਂ ਰਾਹਾਂ ਲੱਭ ਸਕੇਗਾ।
ਜਿਵੇਂ ਕਹਿੰਦੇ ਹਨ ਕਿ ਰੱਬ ਦੇ ਘਰ ਦਾ ਕੁਝ ਨਹੀਂ ਪਤਾ। ਪਤਾ ਨਹੀਂ ਕਿਹੜੇ ਵੇਲੇ ਸਮੇਂ ਨੇ ਕਰਵਟ ਲੈ ਕੇ ਤੁਹਾਡੇ ਮੂਹਰੇ ਕਿਹੜਾ ਤੋਹਫ਼ਾ ਪੇਸ਼ ਕਰ ਦੇਣਾ ਹੈ। ਇਵੇਂ ਹੀ ਸੁੱਖੇ ਨਾਲ ਹੁੰਦਾ ਹੈ। ਇਕ ਦਿਨ ਉਸ ਦੇ ਮੁਬਾਈਲ ਦੀ ਘੰਟੀ ਵਜਦੀ ਹੈ। ਫੋਨ ਇੰਡੀਆ ਤੋਂ ਹੈ। ਕੋਈ ਓਪਰਾ ਜਿਹਾ ਨੰਬਰ। ਉਹ ਸੋਚਦਾ ਹੋਇਆ ਕਿ ਕਿਸ ਦਾ ਹੋਵੇਗਾ ਫੋਨ ਔਨ ਕਰਦਾ ਹੈ। ਦੂਜੇ ਪਾਸਿਓਂ ਔਰਤਾਨਾ ਅਵਾਜ਼ ਕਹਿ ਰਹੀ ਹੈ,
“ਮਿਰਜਿ਼ਆ, ਕੀ ਹਾਲ ਐ?”
“ਹੁਣ ਮੈਂ ਕਾਹਦਾ ਮਿਰਜ਼ਾ ਰਹਿ ਗਿਆ, ਤੂੰ ਮਿਰਜ਼ਾ ਬਣਨ ਈ ਨਹੀਂ ਦਿਤਾ, ਅਜ ਕਿਦਾਂ ਯਾਦ ਆ ਗਈ?”
“ਪੁਰਾਣੀ ਮੁਹੱਬਤ ਨੇ ਛੱਲ ਮਾਰੀ ਤੇ ਯਾਦਾਂ ‘ਚੋਂ ਤੇਰਾ ਨੰਬਰ ਕੱਢਿਆ ਤੇ ਘੁਮਾ ਲਿਆ।”
“ਚੰਗਾ ਕੀਤਾ, ਸੁਣਾ ਕੀ ਹਾਲ ਐ ਤੇਰੇ ਟੱਬਰ ਦਾ, ਤੇਰੇ ਪ੍ਰੋਫੈਸਰ ਦਾ।”
“ਪ੍ਰੋਫੈਸਰ ਠੀਕ ਐ, ਮੇਰੀ ਕੁੜੀ ਦੇ ਮੁੰਡਾ ਐ ਤੇ ਮੇਰੇ ਮੁੰਡੇ ਦੇ ਕੁੜੀ, ਪ੍ਰੋਫੈਸਰ ਸਾਬ ਪਿਛਲੇ ਸਾਲ ਰਿਟਾਇਰ ਹੋ ਗਏ ਤੇ ਮੈਂ ਐਤਕੀਂ। ਤੂੰ ਸੁਣਾ ਆਪਣੀ ਕਹਾਣੀ।”
“ਮੁੰਡਾ ਕੁੜੀ ਪੜਦੇ ਆ ਤੇ ਮੇਰੀ ਜੌਬ ਛੁੱਟ ਗਈ ਤੇ ਵਿਹਲਾਂ।”
“ਫੇਰ ਤਾਂ ਰੋਜ਼ ਮਿਰਜ਼ਾ ਬਣਦਾਂ ਹੋਏਂਗਾ।”
“ਹੈ ਕਮਲ਼ੀ, ਭਲਾ ਘਰੇ ਵੀ ਕੋਈ ਮਿਰਜ਼ਾ ਬਣ ਸਕਦੈ!”
“ਅੱਛਾ, ਗੱਲ ਸੁਣ, ਮੇਰੀ ਭਾਣਜੀ ਦਾ ਵਿਆਹ ਐ, ਸਾਊਥਾਲ ਈ ਰਹਿੰਦੀ ਐ ਮੇਰੀ ਭੈਣ, ਆ ਜਾਵਾਂ ਵਿਆਹ ‘ਤੇ?”
“ਜਾਣੀ ਕਿ ਮਿਰਜ਼ਾ ਬਣਨ ਦਾ ਸੁਫਨਾ ਫਿਰ ਤੋਂ ਲੈਣਾ ਸ਼ੁਰੂ ਕਰ ਦੇਵਾਂ?”
ਸੁੱਖੇ ਦੀ ਗੱਲ ਸੁਣ ਤੇਜੀ ਹੱਸਣ ਲਗਦੀ ਹੈ ਤੇ ਕਹਿੰਦੀ ਹੈ,
“ਤੂੰ ਬੜਾ ਜ਼ਿੱਦੀ ਐਂ, ਗੱਲ ਸੁਣ, ਸਾਡਾ ਤਾਂ ਹੱਥ ਹੁਣ ਤੰਗ ਐ, ਟਿਕਟ ਖ਼ਰਚੇਂਗਾ?”
ਸੁਖਾ ਸੋਚਣ ਲਗ ਜਾਂਦਾ ਹੈ। ਤੇਜੀ ਫਿਰ ਕਹਿੰਦੀ ਹੈ,
“ਪਹਿਲੀ ਵਾਰੀ ਤੈਨੂੰ ਕੋਈ ਕੰਮ ਕਹਿ ਰਹੀ ਆਂ।”
“ਹਾਂ ਹਾਂ, ਕੋਈ ਗੱਲ ਨਹੀਂ ਆ ਜਾ।”
ਇਸ ਦਾ ਮਤਲਬ ਕਿ ਸੁੱਖੇ ਦੇ ਸੁਫਨੇ ਮੁੜ ਸ਼ੁਰੂ। ਉਹ ਨਵੇਂ ਉਤਸ਼ਾਹ ਨਾਲ ਭੱਜਾ ਫਿਰਦਾ ਹੈ। ਉਹ ਤੇਜੀ ਦੇ ਇੰਤਜ਼ਾਰ ਵਿਚ ਆਪਣੇ ਘਰ ਉਪਰ ਦੀ ਲੰਘਦੇ ਹਰ ਜਹਾਜ਼ ਨੂੰ ਨਿਹਾਰਨ ਲਗਦਾ ਹੈ। ਆਪਣੇ ਘਰ ਉਪਰ ਦੀ ਹਵਾਈ ਜਹਾਜ਼ਾਂ ਦਾ ਲਾਂਘਾ ਉਸ ਨੂੰ ਹਮੇਸ਼ਾ ਹੀ ਬੁਰਾ ਲਗਿਆ ਹੈ ਪਰ ਹੁਣ ਨਹੀਂ। ਤੇਜੀ ਦੇ ਆਉਣ ਦੀ ਤਰੀਕ ਆ ਜਾਂਦੀ ਹੈ। ਉਸ ਨੂੰ ਫਲਾਈਟ ਨੰਬਰ ਦਾ ਪਤਾ ਹੈ। ਉਹ ਇੰਟਰਨੈੱਟ ਤੇ ਉਸ ਬਾਰੇ ਪੜ੍ਹਦਾ ਰਹਿੰਦਾ ਹੈ। ਉਹ ਦੇਖਦਾ ਹੈ ਕਿ ਫਲਾਈਟ ਵਕਤ ਸਿਰ ਲਗ ਰਹੀ ਹੈ। ਉਸ ਨੂੰ ਕਾਹਲ ਪੈ ਰਹੀ ਹੈ ਕਿ ਪਤਾ ਨਹੀਂ ਤੇਜੀ ਨੂੰ ਲੈਣ ਉਸ ਦੀ ਭੈਣ ਗਈ ਵੀ ਹੋਵੇਗੀ ਕਿ ਨਹੀਂ। ਜੇ ਹਲਾਤ ਅਜਿਹੇ ਹੁੰਦੇ ਕਿ ਤੇਜੀ ਨੂੰ ਉਹ ਲਿਆ ਸਕਦਾ ਤਾਂ ਉਹ ਕਦੇ ਵੀ ਲੇਟ ਨਾ ਹੁੰਦਾ। ਉਹ ਘੜੀ ਦੇਖਦਾ ਹੈ। ...ਤੇਜੀ ਬਾਹਰ ਆ ਗਈ ਹੋਵੇਗੀ। ਉਹ ਆਪਣੀ ਭੈਣ ਨਾਲ ਕਾਰ ਵਿਚ ਜਾ ਰਹੀ ਹੋਵੇਗੀ। ਭੈਣ ਸਾਊਥਾਲ ਹੀ ਰਹਿੰਦੀ ਹੈ, ਹੰਸਲੋ ਤੋਂ ਦੋ ਤਿੰਨ ਮੀਲ ਦੂਰ। ਦਸ ਮਿੰਟ ਦਾ ਰਾਹ। ਉਸ ਨੂੰ ਆਸ ਹੈ ਕਿ ਘਰ ਪੁੱਜਦਿਆਂ ਹੀ ਤੇਜੀ ਉਸ ਨੂੰ ਫੋਨ ਕਰੇਗੀ। ਕਈ ਘੰਟੇ ਨਿਕਲ ਜਾਂਦੇ ਹਨ। ਸਵੇਰ ਦੀ ਲਗੀ ਫਲਾਈਟ ਤੇ ਹੁਣ ਸ਼ਾਮ ਹੋ ਰਹੀ ਹੈ। ਉਹ ਆਪਣੇ ਫੋਨ ਨੂੰ ਰਹਿ ਰਹਿ ਕੇ ਦੇਖਦਾ ਹੈ ਕਿ ਕਿਤੇ ਖਰਾਬ ਹੀ ਨਾ ਹੋਵੇ। ਅੰਤ ਅੱਠ ਕੁ ਵਜੇ ਉਸ ਦੇ ਫੋਨ ਘੰਟੀ ਵਜਦੀ ਹੈ। ਓਪਰਾ ਜਿਹਾ ਲੋਕਲ ਮੁਬਾਈਲ ਨੰਬਰ ਹੈ। ਉਹ ਹੈਲੋ ਕਹਿੰਦਾ ਹੈ। ਅਗੇ ਤੇਜੀ ਹੀ ਹੈ, ਫਤਿਹ ਤੋਂ ਬਾਅਦ ਦੱਸਣ ਲਗਦੀ ਹੈ,
“ਇਹ ਮੇਰਾ ਨੰਬਰ ਐ, ਮੇਰੇ ਭਾਣਜੇ ਨੇ ਆਪਣੇ ਇਕ ਫੋਨ ਵਿਚ ਸਿਮ ਕਾਰਡ ਪਾ ਦਿਤਾ ਤੇ ਹੁਣ ਮੈਂ ਜਿੰਨੇ ਦਿਨ ਰਹੀ ਇਹੋ ਵਰਤਾਂਗੀ।”
“ਮੈਨੂੰ ਘੰਟੀ ਕਰ ਕੇ ਛੱਡ ਦਿਆ ਕਰ, ਮੈਂ ਆਪੇ ਵਾਪਸ ਕਰ ਲਊਂ, ਹੁਣ ਕੀ ਪ੍ਰੋਗਰਾਮ ਐਂ, ਕਦੋਂ ਮਿਲ ਰਹੀ ਰਹੀ ਐਂ?
“ਪਰਸੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ, ਕੱਲ ਨੂੰ ਵਿਹਲ ਐ, ਵੈਸੇ ਮੈਂ ਤਾਂ ਵਿਹਲੀ ਈ ਆਂ ਸਿਰਫ਼ ਰਸਮਾਂ ਵਿਚ ਈ ਜਾਣਾਂ।”
ਅਗਲੇ ਦਿਨ ਗਿਆਰਾਂ ਕੁ ਵਜੇ ਸੁੱਖਾ ਤੇਜੀ ਨੂੰ ਸਾਊਥਾਲ ਦੀ ਇਕ ਰੋਡ ਤੋਂ ਚੁੱਕ ਲੈਂਦਾ ਹੈ। ਇਕ ਸੁੰਨੀ ਜਿਹੀ ਰੋਡ ‘ਤੇ ਕਾਰ ਖੜੀ ਕਰ ਉਸ ਵਲ ਵਧਦਾ ਹੈ। ਤੇਜੀ ਵੀ ਉਸ ਨੂੰ ਬਾਂਹਾਂ ਵਿਚ ਲੈ ਲੈਂਦੀ ਹੈ। ਇਕ ਭਰਵਾਂ ਜਿਹਾ ਚੁੰਮਣ! ਤੇਜੀ ਕਹਿੰਦੀ ਹੈ,
“ਕਿੰਨੇ ਸਾਲ ਉਡੀਕਣਾ ਪਿਆ ਇਸ ਪਲ ਨੂੰ ਮਾਣਨ ਲਈ।”
“ਹਾਂ, ਪੈਂਤੀ ਸਾਲ! ਪਰ ਹੁਣ ਮੈਂ ਆਪਣੀਆਂ ਸਾਰੀਆਂ ਸੱਧਰਾਂ ਪੂਰੀਆਂ ਕਰਨੀਆਂ।”
“ਮਿਰਜਿ਼ਆ, ਤੇਰੀਆਂ ਨਹੀਂ ਮੇਰੀਆਂ ਵੀ, ਕਿਦਾਂ ਵਕਤ ਨੇ ਸਾਨੂੰ ਦੂਰ ਰੱਖਿਆ! ਮੈਨੂੰ ਪਤਾ ਸੀ ਕਿ ਰੱਬ ਦੇ ਘਰ ਦੇਰ ਹੋ ਸਕਦੀ ਐ ਹਨੇਰ ਨਹੀਂ, ਦੇਖ ਰੱਬ ਨੇ ਕਿਦਾਂ ਮੌਕਾ ਮੇਲ ਬਣਾਇਆ ਹੁਣ।”
ਸਵਾਦ ਵਿਚ ਤੇਜੀ ਨੇ ਅੱਖਾਂ ਮੁੰਦੀਆਂ ਹੋਈਆਂ ਹਨ। ਸੁੱਖਾ ਵੀ ਕਿਸੇ ਹੋਰ ਹੀ ਦੁਨੀਆ ਵਿਚ ਹੈ। ਕਿੰਨਾ ਚਿਰ ਹੀ ਉਸ ਉਸੇ ਮੁਦਰਾ ਵਿਚ ਰਹਿੰਦੇ ਹਨ। ਫਿਰ ਤੇਜੀ ਨੇ ਆਖਦੀ ਹੈ,
“ਕਿਧਰ ਲੈ ਕੇ ਚੱਲੇਂਗਾ?”
“ਹਾਲੇ ਤਾਂ ਤੈਨੂੰ ਦੇਖਣ ਦੀ ਭੁੱਖ ਈ ਪੂਰੀ ਨਹੀਂ ਹੋਈ।”
ਸੁੱਖਾ ਕਾਰ ਨੂੰ ਨੇੜਲੀ ਇਕ ਪਹਾੜੀ ‘ਤੇ ਲੈ ਜਾਂਦਾ ਹੈ ਜਿਥੇ ਉਜਾੜ ਜਿਹੀ ਵਿਚ ਪ੍ਰੇਮੀ ਆਪਣੀਆਂ ਕਾਰਾਂ ਖੜੀਆਂ ਕਰ ਰਖਦੇ ਹਨ। ਚਾਰ ਘੰਟੇ ਉਹ ਉਥੇ ਗੱਲਾਂ ਕਰਦੇ ਬਿਤਾ ਦਿੰਦੇ ਹਨ। ਆਪੋ ਆਪਣੀਆਂ ਕਹਾਣੀਆਂ, ਆਪਣੇ ਪਰਿਵਾਰਾਂ ਦੀਆਂ ਕਹਾਣੀਆਂ, ਦੁੱਖ-ਸੁੱਖ ਵਿਚ ਬੀਤੇ ਪਲ। ਜਿ਼ੰਦਗੀ ਵਿਚ ਆਏ ਉਤਰਾ- ਚੜ੍ਹਾਅ। ਵਕਤ ਦਾ ਪਤਾ ਹੀ ਨਹੀਂ ਚਲਦਾ ਕਿ ਕਿਹੜੇ ਵੇਲੇ ਬੀਤ ਜਾਂਦਾ ਹੈ। ਤੇਜੀ ਘੜੀ ਦੇਖਦੀ ਹੋਈ ਕਹਿੰਦੀ ਹੈ,
“ਹੁਣ ਜਿੰਨੇ ਦਿਨ ਇਥੇ ਆਂ ਮੈਂ ਚਾਹੁਨੀ ਆਂ ਕਿ ਪਿਛਲੇ ਪੈਂਤੀ ਸਾਲਾਂ ਦੀ ਦੂਰੀ ਇਹਨਾਂ ਦੋ ਮਹੀਨਿਆਂ ਵਿਚ ਕੱਢ ਦੇਈਏ।”
“ਇਹੋ ਤਾਂ ਮੈਂ ਚਾਹੁੰਨਾ, ਤੂੰ ਦਸ ਕਿ ਲੰਡਨ ਦੀ ਕਿਹੜੀ ਜਗਾਹ ਤੂੰ ਦੇਖਣੀ ਚਾਹੁੰਨੀ ਐਂ ਦਿਖਾ ਦੇਵਾਂਗਾ।”
“ਮੈਂ ਤਾਂ ਲੰਡਨ ਦਾ ਇਹ ਥੰਮ ਦੇਖਣਾ ਚਾਹੁੰਨੀ ਆਂ, ਇਹ ਮੇਰੇ ਕੋਲ਼ ਬੈਠਾ, ਹੋਰ ਜੋ ਤੂੰ ਮਰਜ਼ੀ ਦਿਖਾਈ ਜਾਹ। ਮੈਂ ਭੈਣ ਦੇ ਘਰ ਤਾਂ ਉਸੇ ਦਿਨ ਠਹਿਰਨਾ ਜਿਸ ਦਿਨ ਕੋਈ ਰਸਮ ਹੋਵੇ ਨਹੀਂ ਤਾਂ ਮੈਂ ਸਾਰਾ ਦਿਨ ਵਿਹਲੀ। ਘਰ ਵਿਚ ਸਾਰੇ ਈ ਵਿਆਹ ਵਿਚ ਬੀਜ਼ੀ ਐ ਤੇ ਪਰਾਹੁਣਿਆਂ ਦੀ ਕਿਸ ਨੂੰ ਚਿੰਤਾ!”
ਇਵੇਂ ਹੀ ਹੁੰਦੀ ਹੈ। ਪਿਛਲੇ ਪੈਂਤੀ ਸਾਲ ਦੀ ਕਸਰ ਨਿਕਲਣ ਲਗਦੀ ਹੈ। ਕਦੇ ਲੰਡਨ ਦੀ ਕੋਈ ਜਗਾਹ ਤੇ ਕਦੇ ਹੋਟਲ ਦਾ ਕੋਈ ਕਮਰਾ। ਜਿਸ ਦਿਨ ਦਾ ਵੀ ਪ੍ਰੋਗਰਾਮ ਹੋਵੇ ਸੁੱਖਾ ਤੇਜੀ ਨੂੰ ਗਿਆਰਾਂ ਕੁ ਵਜੇ ਭੈਣ ਦੇ ਘਰ ਦੇ ਨੇੜਲੇ ਮੋੜ ਤੋਂ ਚੁੱਕ ਲੈਂਦਾ ਹੈ ਤੇ ਸ਼ਾਮ ਨੂੰ ਛੇ ਕੁ ਵਜੇ ਉਸੇ ਮੋੜ ‘ਤੇ ਉਤਾਰ ਜਾਂਦਾ ਹੈ। ਹੋਟਲ ਤਾਂ ਭਾਵੇਂ ਏਅਰਪੋਰਟ ਦੇ ਨੇੜੇ ਵੀ ਬਹੁਤ ਹਨ ਪਰ ਉਹ ਉਤਰੀ ਲੰਡਨ ਵਲ ਨਿਕਲਦੇ ਹਨ ਜਿਥੇ ਕੋਈ ਵਾਕਫ਼ ਮਿਲਣ ਦੀ ਆਸ ਨਹੀਂ ਹੁੰਦੀ। ਲੰਡਨ ਵਿਚ ਤਾਂ ਉਹ ਹੱਥ ਵਿਚ ਹੱਥ ਪਾਈ ਨਵੇਂ ਨਵੇਕਲੇ ਪ੍ਰੇਮੀਆਂ ਵਾਂਗ ਘੁੰਮਦੇ ਹਨ। ਉਹਨਾਂ ਨੂੰ ਆਲੇ ਦੁਆਲੇ ਦੀ ਜਿਵੇਂ ਕੋਈ ਖ਼ਬਰ ਹੀ ਨਾ ਹੋਵੇ। ਦੋ ਮਹੀਨੇ ਕਦੋਂ ਲੰਘ ਗਏ ਹਨ ਪਤਾ ਹੀ ਨਹੀਂ ਚਲਦਾ। ਸੁੱਖੇ ਨੂੰ ਇੰਨੀ ਕੁ ਖ਼ਬਰ ਹੈ ਕਿ ਉਸ ਦੇ ਕਰੈਡਿਟ ਕਾਰਡਾਂ ਦੀ ਲਾਲ ਲਕੀਰ ਦਿਨੋ ਦਿਨ ਉਚੀ ਹੁੰਦੀ ਜਾਂਦੀ ਹੈ ਪਰ ਉਹ ਅਨੰਦ ਦੇ ਇਸ ਆਲਮ ਵਿਚ ਬਹੁਤਾ ਸੋਚਣਾ ਨਹੀਂ ਚਾਹੁੰਦਾ। 
...ਹੁਣ ਤੇਜੀ ਦਾ ਜਹਾਜ਼ ਉਸ ਦੇ ਸਿਰ ਉਪਰੋਂ ਦੀ ਲੰਘ ਚੁੱਕਾ ਹੈ। ਉਹ ਵਾਪਸ ਆਪਣੀ ਕੁਰਸੀ ‘ਤੇ ਬੈਠ ਅੱਖਾਂ ਬੰਦ ਕਰ ਬੀਤੇ ਬਾਰੇ ਸੋਚਣ ਲਗਦਾ ਹੈ। ਉਹ ਪਿਛਲੇ ਪੈਂਤੀ ਵਰ੍ਹਿਆਂ ਬਾਰੇ ਨਹੀਂ ਸੋਚਦਾ ਉਸ ਨੂੰ ਤਾਂ ਇਹਨਾਂ ਦੋ ਮਹੀਨਿਆਂ ਨੂੰ ਦੀ ਯਾਦ ਹੀ ਕਰ ਸਵਾਦ ਸਵਾਦ ਕਰੀ ਜਾਂਦੀ ਹੈ। ਉਹ ਇਸ ਧਰਤੀ ‘ਤੇ ਪੁਜੀ ਤੇਜੀ ਦੀ ਫੋਨ ਉਪਰ ਪਹਿਲੀ ਅਵਾਜ਼ ਸੁਣਨ ਤੋਂ ਲੈ ਕੇ ਆਖਰੀ ਅਲਵਿਦਾ ਤਕ ਚੇਤੇ ਕਰਨਾ ਚਾਹੁੰਦਾ ਹੈ। ਅਚਾਨਕ ਉਹ ਕੀ ਦੇਖਦਾ ਹੈ ਕਿ ਇਸ ਸਭ ਕਾਸੇ ਵਿਚ ਇਕ ਕੰਕਰ ਹੈ, ਇਕ ਕੋਕੜੂ ਹੈ ਜੋ ਬੁਰੀ ਤਰ੍ਹਾਂ ਰੜਕਣ ਲਗਦਾ ਹੈ। ਉਹ ਅੱਖਾਂ ਖੋਹਲ ਆਲਾ ਦੁਆਲਾ ਦੇਖਦਾ ਹੈ। ਉਥੇ ਕੋਈ ਵੀ ਨਹੀਂ ਹੈ। ਉਸ ਦੀ ਪਤਨੀ ਤੇ ਹੋਰ ਸਾਰੇ ਦੂਜੇ ਕਮਰੇ ਵਿਚ ਹਨ। ਉਹ ਸੋਚਣ ਲਗਦਾ ਹੈ ਕਿ ਇਹ ਕੰਕਰ ਕੈਸਾ ਹੋਇਆ। ਇੰਨੇ ਵਿਸਮਾਦ ਵਿਚ ਇਹ ਕਿਥੋਂ ਆ ਗਿਆ। ਉਹ ਫਿਰ ਪਹਿਲਾਂ ਤੋਂ ਸਭ ਕੁਝ ਚੇਤੇ ਕਰਨ ਲਗਦਾ ਹੈ;
ਦੂਜੀ ਮੁਲਾਕਾਤ ‘ਤੇ ਉਹ ਤੇਜੀ ਨੂੰ ਲੰਡਨ ਲੈ ਜਾਂਦਾ ਹੈ ਤੇ ਤੀਜੀ ਮੁਲਾਕਾਤ ਸਮੇਂ ਉਤਰੀ ਲੰਡਨ ਦੇ ਪ੍ਰੀਮੀਅਰ ਹੋਟਲ ਵਿਚ ਇਕ ਕਮਰਾ ਬੁੱਕ ਕਰਾ ਲੈਂਦਾ ਹੈ। ਤੇਜੀ ਖੁਸ਼ ਹੈ। ਸੁੱਖਾ ਆਪਣੇ ਲਈ ਵਿਸਕੀ ਦੀ ਬੋਤਲ ਖਰੀਦਦਾ ਹੈ ਤੇ ਤੇਜੀ ਲਈ ਵੀ ਖਾਣ ਪੀਣ ਲਈ ਕਾਫੀ ਸਾਰਾ। ਆਪਣੇ ਕਮਰੇ ਵਿਚ ਪੁੱਜਦੇ ਹਨ। ਢੇਰ ਸਾਰੀਆਂ ਗੱਲਾਂ। ਸੁੱਖਾ ਪੈੱਗ ਤੇ ਪੈੱਗ ਚੁੱਕਦਾ ਜਾ ਰਿਹਾ ਹੈ ਪਰ ਤੇਜੀ ਤੇ ਚਿਹਰੇ ਤੇ ਕੁਝ ਕੁ ਤਣਾਓ ਹੈ। ਸੁੱਖਾ ਉਸ ਨੂੰ ਬਿਸਤਰ ਵਲ ਖਿੱਚਦਾ ਹੈ। ਸੁੱਖੀ ਕੁਝ ਨਹੀਂ ਕਹਿੰਦੀ। ਉਹ ਉਸ ਦੇ ਕਪੜੇ ਉਤਾਰਨ ਲਗਦਾ ਹੈ। ਤੇਜੀ ਚੁੱਪ ਚੁੱਪ ਹੈ ਪਰ ਇਤਰਾਜ਼ ਨਹੀਂ ਕਰਦੀ। ਸੁੱਖਾ ਹੋਰ ਅਗੇ ਵਧਦਾ ਹੈ। ਤੇਜੀ ਉਸ ਨੂੰ ਰੋਕ ਦਿੰਦੀ ਹੈ, ਕਹਿਣ ਲਗਦੀ ਹੈ,
“ਨਹੀਂ ਸੁੱਖੇ, ਨਹੀਂ, ਇਸ ਤੋਂ ਅਗੇ ਨਹੀਂ।”
“ਇਥੇ ਤਕ ਪੁੱਜ ਗਈ ਐਂ ਹੁਣ ਨਾਂਹ ਕਿਉਂ?”
“ਨਹੀਂ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਇਹੋ ਮੇਰੀ ਹੱਦ ਐ, ਮੈਂ ਤੇਜੀ ਵੀ ਆਂ ਪਰ ਇਕ ਪਤਨੀ, ਮਾਂ, ਸੱਸ ,ਦਾਦੀ, ਨਾਨੀ ਵੀ ਆਂ। ਮੈਂ ਆਪਣੀ ਹੱਦ ਵਿਚ ਰਹਿਣਾ ਚਾਹੁੰਨੀ ਆਂ।”
“ਨਹੀਂ ਤੇਜੀ, ਇਸ ਵੇਲੇ ਆਪਾਂ ਦੋ ਆਸ਼ਕ ਆਂ, ਸਭ ਰਿਸ਼ਤਿਆਂ ਤੋਂ ਮੁਕਤ।”
“ਨਹੀਂ ਸੁੱਖੇ, ਮੈਂ ਜੋ ਵੀ ਆਂ ਪਰ ਇਕ ਹੱਦ ਐ ਮੇਰੀ।”
“ਤੇਜੀ, ਉਹ ਹੱਦ ਤਾਂ ਬਹੁਤ ਪਿੱਛੇ ਰਹਿ ਗਈ, ਆਪਾਂ ਤਾਂ ਬਿਸਤਰ ਵਿਚ ਸਹਿਵਾਸ ਦੀ ਤਿਆਰੀ ਵਿਚ ਆਂ, ਜਿਹੜੀ ਹੱਦ ਦੀ ਗੱਲ ਤੂੰ ਕਰਦੀ ਐਂ ਉਹ ਇਸ ਬਿਸਤਰ ਤੋਂ ਬਹੁਤ ਦੂਰ ਹੁੰਦੀ ਐ।”
“ਕੁਸ਼ ਵੀ ਹੋਵੇ ਸੁੱਖੇ, ਮੈਂ ਇਸ ਤੋਂ ਅਗੇ ਨਹੀਂ ਜਾ ਸਕਦੀ, ਜੇ ਤੂੰ ਇਸ ਤੋਂ ਅਗੇ ਵਧੇਂਗਾ ਤਾਂ ਤੂੰ ਜਬਰਦਸਤੀ ਕਰ ਰਿਹਾ ਹੋਵੇਂਗਾ, ਮੇਰੀ ਆਤਮਾ ਕੁਰਲਾਵੇਗੀ ਤੇ ਤੈਨੂੰ ਕਦੇ ਮੁਆਫ਼ ਨਹੀਂ ਕਰੇਗੀ।”
ਸੁੱਖਾ ਇਕ ਦਮ ਪਿੱਛੇ ਹਟ ਜਾਂਦਾ ਹੈ ਪਰ ਉਹ ਤੇਜੀ ਨਾਲ ਕੋਈ ਗਿਲਾ ਨਹੀਂ ਕਰਦਾ, ਆਖਰ ਤੇਜੀ ਉਸ ਦੀ ਪਹਿਲੀ ਮੁਹੱਬਤ ਹੈ। ਉਹ ਉਸ ਨਾਲ ਗੁੱਸੇ ਕਿਵੇਂ ਹੋ ਸਕਦਾ ਹੈ। 
ਤੇਜੀ ਨੂੰ ਘਰ ਛੱਡ ਉਹ ਵਾਪਸ ਆ ਰਿਹਾ ਹੈ ਤੇ ਸੋਚ ਰਿਹਾ ਹੈ ਕਿ ਤੇਜੀ ਅਜਿਹੀ ਤਾਂ ਨਹੀਂ ਕਿ ਇੰਨਾ ਫਾਸਲਾ ਤਹਿ ਕਰਕੇ ਨਾਂਹ ਕਰ ਦੇਵੇ। ਕਿਤੇ ਨਾ ਕਿਤੇ ਕੁਝ ਗਲਤ ਜ਼ਰੂਰ ਹੈ। ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਾਫੀ ਦੇਰ ਸੋਚਣ ਤੋਂ ਬਾਅਦ ਵੀ ਉਸ ਨੂੰ ਸਮਝ ਨਹੀਂ ਪੈਂਦੀ। ਸੋਚ ਸੋਚ ਕੇ ਉਹ ਪਾਗਲ ਹੋ ਰਿਹਾ ਹੈ। ਫਿਰ ਅਚਾਨਕ ਉਸ ਨੂੰ ਇਲਹਾਮ ਹੋਣ ਵਾਂਗ ਪਤਾ ਚਲ ਜਾਂਦਾ ਹੈ। ਉਹ ਕਾਰ ਨੂੰ ਇਕ ਪਾਸੇ ਰੋਕ ਕੇ ਉਚੀ ਉਚੀ ਹੱਸਣ ਲਗਦਾ ਹੈ। ਆਪਣੇ ਆਪ ਨੂੰ ਕੋਸਣ ਲਗਦਾ ਹੈ।
ਅਗਲੇ ਦਿਨ ਉਹ ਤੇਜੀ ਨੂੰ ਫੋਨ ਕਰਦਾ ਹੈ ਤੇ ਪਹਿਲਾਂ ਵਾਂਗ ਗਿਆਰਾਂ ਵਜੇ ਮੋੜ ਤੋਂ ਚੁੱਕ ਲੈਂਦਾ ਹੈ। ਸੁੰਨੀ ਜਿਹੀ ਰੋਡ ‘ਤੇ ਰੋਕ ਕੇ ਪੁੱਛਦਾ ਹੈ,
“ਕਿੰਨਾ ਕਿਰਾਇਆ ਲਗਿਆ ਫੇਰ?”
“ਚਾਰ ਸੌ ਪੱਚੀ ਪੌਂਡ।”
ਸੁੱਖਾ ਜੇਬ ਵਿਚੋਂ ਚਾਰ ਸੌ ਪੱਚੀ ਪੌਂਡ ਕੱਢ ਕੇ ਉਸ ਨੂੰ ਦਿੰਦਾ ਹੋਇਆ ਕਹਿੰਦਾ ਹੈ,
“ਆਹ ਲੈ, ਜਿਦਾਂ ਮੈਂ ਪਰੌਮਿਜ਼ ਕੀਤਾ ਸੀ।”
“ਪਰ ਸੁੱਖੇ, ਤੇਰੇ ਕੋਲ਼ ਤਾਂ ਆਪ ਜੌਬ ਹੈ ਨਹੀਂ।”
“ਐਡੀ ਵੀ ਕਿਹੜੀ ਗੱਲ ਐ।”
“ਚੱਲ ਇਹ ਪੈਸੇ ਮੇਰ ਵਲ ਉਧਾਰੇ ਰਹੇ, ਮੈਂ ਮੋੜ ਦਿਆਂਗੀ, ...ਅਜ ਕਿਥੇ, ਉਸੇ ਹੋਟਲ ਚਲਣਾਂ ਜਾਂ ਕਿਤੇ ਹੋਰ?”

(ਸਮਾਪਤ)


ਉਦਘਾਟਨ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਅੱਜ ਪਿੰਡ ਵਿੱਚ ਬੜੀ ਖੁਸ਼ੀ ਦਾ ਮਾਹੌਲ ਸੀ। ਮੰਤਰੀ ਜੀ ਪਿੰਡ ਵਿੱਚ ਸਾਫ਼ ਤੇ ਸ਼ੁੱਧ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਨ ਆ ਰਹੇ ਸਨ। ਮੰਤਰੀ ਜੀ ਆਏ ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੰਮਾ ਚੌੜਾ ਭਾਸ਼ਣ ਦੇ ਕੇ ਪਿੰਡ ਦੇ ਨੇੜੇ ਹੀ ਇੱਕ ਫੈਕਟਰੀ ਵਿੱਚ ਜਾ ਪਧਾਰੇ। ਇਹ ਫੈਕਟਰੀ ਜੋ ਇਲਾਕੇ ਵਿੱਚ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਸੀ, ਦੇ ਨਵੇਂ ਯੂਨਿਟ ਦਾ ਉਦਘਾਟਨ ਵੀ ਮੰਤਰੀ ਜੀ ਨੇ ਹੀ ਕਰਨਾ ਸੀ।