ਅੱਮਾਂ.......... ਕਹਾਣੀ / ਲਾਲ ਸਿੰਘ ਦਸੂਹਾ

ਕੜੀ ਵਰਗਾ ਜੁਆਨ ਸੀ, ਲੰਬੜ । ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ, ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ, ਫੈਲਸੂਫੀਆਂ ਵੱਧ । ਛੇ-ਕੁੜੀਆਂ ਖੁੰਬਾਂ ਵਾਂਗ ਉਠੀਆਂ ਤੇ ਕੌੜੀ ਵੇਲ ਵਾਂਗ ਵਧੀਆ ਸਨ ।
ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂ ‘ਤੇ ਹਾਸਾ ਪਸਰ ਗਿਆ ਸੀ । ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ । ਭੈਣਾਂ ਨੂੰ ਕੱਪੜੇ-ਗਹਿਣੇ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ । ਘਰ ਵਿੱਚ ਅਖੰਡ ਪਾਠ, ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ, ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ । ਇਸ ਸਾਰੇ ਖ਼ਰਚ-ਖ਼ਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾੜ ਕਟਣੀ ਪਈ ।
ਅਠਵਾਂ ਤੇ ਨੌਵਾਂ ਮੁੰਡਾ ਜੰਮੇ । ਲੰਬੜਨੀ ਨੇ ਭਾਵੇਂ ਕਾਫ਼ੀ ਸੰਕੋਚ ਵਰਤਿਆ ਪਰ ਉਹ ਆਪ ਡਿੱਗ ਪਈ । ਸਾਰੇ ਟੱਬਰ ਦਾ ਧੁਰਾ, ਲੰਬੜਨੀ ਨੂੰ ਬਚਾਉਣਾ ਬੜਾ ਜ਼ਰੂਰੀ ਸੀ । ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਇਆ ਗਿਆ । ਮਹਿੰਗੀ ਤੋਂ ਮਹਿੰਗੀ ਦੁਆਈ ਵਰਤੀ ਗਈ । ਉਹ ਮੌਤ ਦੇ ਮੂੰਹੋਂ ਤਾਂ ਬਚ ਗਈ ਪਰ ਦੂਜਾ ਖੇਤ ਹੱਥੋਂ ਜਾਣ ਤੋਂ ਨਾ ਬਚਿਆ । ਲੰਬੜਨੀ ਨੇ ਰਾਜ਼ੀ ਹੁੰਦਿਆ ਹੀ ਘਰ ਸਾਂਭ ਲਿਆ । ਲੰਬੜ ਨੇ ਪਹਿਲਾਂ ਵਾਂਗ ਬੇਫਿ਼ਕਰ ਹੋ ਫਿ਼ਰ ਘਰੋਂ ਬਾਹਰ ਪੈਰ ਧਰ ਲਿਆ । ਉਹਨੇ ਖੋਲ੍ਹੇ ਹੋਇਆਂ ਪਿੰਡ ਦੀਆਂ ਗਲੀਆਂ ਦਾ ਫਿ਼ਕਰ ਕੀਤਾ । ਚਿਕੜ ਹੋਏ ਰਾਹਾਂ ਬਾਰੇ ਸੋਚਿਆ । ਉਹ ਸਰਪੰਚ ਬਣ ਗਿਆ ।ਉਹਦੇ ਘਰ ਆਓ-ਗਸ਼ਤ ਹੋਰ ਵਧ ਗਈ । ਚਾਹ ਦੀ ਪਤੀਲੀ ਚੁਲ੍ਹੇ ‘ਤੇ ਚੜ੍ਹੀ ਹੀ ਰਹਿੰਦੀ ਸੀ । ਆਇਆ-ਗਿਆ ਰਾਤ ਵੀ ਠਹਿਰਦਾ ਸੀ । ਦਾਰੂ-ਪਾਣੀ ਵੀ ਚਲਦਾ ਸੀ ।

ਜ਼ੁਬਾਨ.......... ਕਹਾਣੀ / ਤਰਸੇਮ ਬਸ਼ਰ

     ਇਹ ਤਕਰੀਬਨ ਓਹੀ ਸਮਾਂ ਸੀ ਜਦੋਂ ਮੈਂ ਮੋਟਰਸਾਇਕਲ ਤੇ ਜਾਂਦਿਆਂ ਬੀਵੀ ਨਾਲ ਹੋਈ ਵਾਰਤਾਲਾਪ ਦਰਅਸਲ ਬਹਿਸ ਦੇ ਬਾਰੇ ਸੋਚ ਰਿਹਾ ਸੀ ।
 ਮੁੱਦਾ ਉਸ ਦਾ ਕਿਸੇ ਵੀ ਵਿਸ਼ੇ ਤੇ ਬਹੁਤ ਘੱਟ ਬੋਲਣਾ ਸੀ ।
     ਮੈਂ ਕਿਹਾ ਸੀ ,''ਬੰਦੇ ਨੂੰ ਜ਼ੂਬਾਨ ਇਸੇ ਵਾਸਤੇ ਦਿੱਤੀ ਐ ਰੱਬ ਨੇ ਕਿ ਉਹ ਆਪਣੇ ਖ਼ਿਆਲ ਪ੍ਰਗਟ ਕਰ ਸਕੇ , ਹਸਤੀ ਸਾਬਤ ਕਰ ਸਕੇ ।''
     ਤੇ ਉਹਦਾ ਕਹਿਣਾ ਸੀ ਕਿ ਹਰ ਭਾਵਨਾ ਬੋਲ ਕੇ ਹੀ ਕਹੀ ਜਾਵੇ , ਇਹਦੇ ਵਾਸਤੇ ਸਾਹਮਣੇ ਵਾਲਾ ਵੀ ਦੋਸ਼ੀ ਐ... ਹਰ ਭਾਵਨਾ ਤੇ ਭਾਸ਼ਣ ਦਿੱਤਾ ਜਾਵੇ ਥੋਡੇ ਵਾਂਗੂੰ ਇਹ ਜਰੂਰੀ ਨਹੀਂ ।
       ਮੈਂ ਸੋਚਾਂ ਦੀ ਤਾਣੀ ਬਾਣੀ 'ਚ ਉਲਝਿਆ ਆਪਣੀ ਰਫ਼ਤਾਰ ਨਾਲ ਜਾ ਰਿਹਾ ਸੀ । ਇਸੇ ਸਮੇਂ ਹੀ ਮੇਰੀ ਨਿਗਾਹ ਉਸ ਮੁੰਡੇ ਤੇ ਪਈ ਸੀ, ਲੰਮਾ ਕੱਦ, ਬਿਖਰੇ ਵਾਲ, ਬੇਤਰਤੀਬੇ ਕੱਪੜੇ  ਤੇ 17-18 ਸਾਲਾਂ, ਅੱਧੇ ਖੁਲ੍ਹੇ ਮੂੰਹ ਵਾਲੇ ਚਿਹਰੇ ਤੇ ਛਾਏ ਗਹਿਰੇ ਭੋਲੇਪਣ ਨੇ ਮੈਨੂੰ ਆਕਰਸਿ਼ਤ ਕਰ ਲਿਆ ਸੀ । ਉਹ ਸੜਕ ਤੇ ਦੂਜੇ ਪਾਸੇ ਖੜ੍ਹਾ ਆਉਂਦੇ ਜਾਂਦੇ ਸਵਾਰੀਆਂ ਨੂੰ ਲਿਫਟ ਵਾਸਤੇ ਹੱਥ ਦੇ ਰਿਹਾ ਸੀ । ਮੈਂ ਭਾਵੇਂ ਉਸ ਨੂੰ ਗਹੁ ਨਾਲ ਤੱਕਿਆ ਪਰ ਅੱਗੇ ਨਿਕਲ ਗਿਆ, ਮੈਂ ਦਵਾਈ ਲੈਣੀ ਸੀ । ਮੈਂ ਵਾਪਸ ਆਇਆ ਤਾਂ ਵੀ ਖ਼ਿਆਲਾਂ ਵਿੱਚ ਗੁੰਮ ਸੀ... ਅਚਾਨਕ ਮੈਨੂੰ ਖਿਆਲ ਆਇਆ ਖੁਲ੍ਹੇ ਮੂੰਹ ਵਾਲਾ ਚਿਹਰਾ ਹੁਣੇ ਹੀ ਕੋਲੋ ਲੰਘਿਆ ਹੈ । ਮੈਂ ਪਿੱਛੇ ਮੁੜ ਕੇ ਦੇਖਿਆ  ਓਹ ਹਾਲੇ ਵੀ ਖੜ੍ਹਾ ਸੀ, ਹਰ ਇੱਕ ਨੂੰ ਹੱਥ ਦੇ ਰਿਹਾ ਸੀ । ਸ਼ਾਇਦ ਉਸ ਨੇ ਹੱਥ ਮੈਨੂੰ ਵੀ ਦਿੱਤਾ ਸੀ ਪਰ ਮੈਨੂੰ ਪਤਾ ਹੀ ਨਈ ਲੱਗਾ ਸੀ... ਮੈਂ ਵਾਪਸ ਮੁੜ ਕੇ ਉਹਦੇ ਕੋਲ ਪਹੁੰਚ ਗਿਆ ।
“ਕਿੱਥੇ ਜਾਣੈ?”