ਬਾਬਾ ਜੀ ਸੁਣਦੇ ਪਏ ਹੋ ਕਿ ਦੇਖਦੇ ਪਏ ਹੋ ਕਿ ਕਿਵੇਂ ਗੋਰਖਧੰਦਾ ਚੱਲ ਰਿਹਾ ਹੈ, ਤੁਹਾਡੇ ਨਾਮ ਤੇ ? ਕੋਈ ਤੁਹਾਡਾ ਨਾਮ ਜਪਾ ਰਿਹਾ ਹੈ ਤੇ ਕੋਈ ਤੁਹਾਡੇ ਦਰਸ਼ਨ ਕਰਵਾ ਰਿਹਾ ਹੈ । ਕੁਝ ਇਹ ਕੰਮ ਮੁਫਤ ਵਿਚ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਿਟ ਕਾਰਡ ਤੋਂ ਵੀ ਪੇਮੈਂਟ ਲੈ ਰਹੇ ਹਨ । ਤੁਸੀਂ ਤਾਂ ਆ ਕੇ ਦੁਨੀਆ ਤਾਰਨ ਦੀ ਕੋਸ਼ਿਸ ਕੀਤੀ ਤੇ ਤੁਹਾਡੇ ਨਾਮ ਤੇ ਕੁਝ ਭਗਤ ਦੁਨੀਆਂ ਨੂੰ ਫਿਰ ਤੋਂ ਅੰਧਵਿਸ਼ਵਾਸ ਵਿਚ ਵਾੜਨ ‘ਤੇ ਲੱਗੇ ਹੋਏ ਹਨ । ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ ? ਪਰ ਸਾਡੇ ਬਾਬਾ ਸ਼ਿੰਦਾ ਤੜਥੱਲੀ ਜੀ ਐਸੇ ਮਹਾਰਾਜ ਹਨ ਕਿ ਐਸੀਆਂ ਮਿੱਠੀਆਂ ਗੱਲਾਂ ਦੇ ਚੱਕਰਾਂ ਵਿਚ ਪਾਉਂਦੇ ਹਨ ਕਿ ਲੋਕ ਆਏ ਕੁਝ ਲੈਣ ਹੁੰਦੇ ਹਨ, ਪਰ ਦੇ ਕੇ ਹੀ ਜਾਂਦੇ ਨੇ । ਬਾਬਾ ਜੀ ਤੁਹਾਡੇ ਨਾਮ ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖੜੀਆਂ ਕਰ ਦਿੱਤੀਆ ਕਿ ਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਿਚ ਸਾਡੇ ਵਰਗੇ ਆਮ ਲੋਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ, ਕਿਉਂਕਿ ਸਾਡੇ ਕੱਪੜੇ ਵਧੀਆ ਨਹੀਂ ਪਾਏ ਹੁੰਦੇ । ਅਸੀਂ ਵੇਖਣ ਨੂੰ ਨੀਵੀਂ ਜਾਤ ਦੇ ਹਾਂ । ਹੋਰ ਤਾਂ ਹੋਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੋਂ ਲੈ ਕੇ ਜਾਣੇ ਪੈਂਦੇ ਹਨ ਕਿ ਸਾਡੇ ਖਾਣ ਨਾਲ ਕਿਤੇ ਗੁਰੂਘਰ ਦੇ ਭਾਂਡੇ ਹੀ ਨਾ ਭ੍ਰਿਸ਼ਟ ਹੋ ਜਾਣ । ਬੜੇ ਬੜੇ ਆਪੋ ਬਣੇ ਬੁੱਧੀਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਿਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆਂ ਦੀ ਨਜ਼ਰ ਵਿਚ ਸਾਨੂੰ ਤੁਹਾਡੇ ਨਾਲ ਜੋੜ ਰਹੇ ਹਨ ਪਰ ਗਲ ਦੇ ਵਿਚ ਲੌਕਟ ਆਪਣੇ ਪਵਾ ਰਹੇ ਹਨ । ਸੱਚ ਬੋਲਣ ਦੀ ਮਨਾਹੀ ਹੈ, ਤੁਹਾਡੇ ਨਾਮ ਤੇ ਬਣੇ ਗੁਰੂਘਰਾਂ ਵਿਚ ।
ਸਾਡੀ ਔਕਾਤ ਨਹੀਂ ਹੈ ਕਿਸੇ ਚੀਜ਼ ਬਾਰੇ ਸੋਚਣ ਦੀ, ਪਰ ਬਾਬਾ ਸ਼ਿੰਦਾ ਜੀ ਦੇ ਡੇਰੇ ਤੇ ਸਭ ਬਰਾਬਰ ਹਨ । ਬਾਬਾ ਜੀ ਸਭ ਨੂੰ ਬਹੁਤ ਪਿਆਰ ਕਰਦੇ ਹਨ, ਖਾਸ ਕਰ ਕੇ ਨੌਜਵਾਨ ਬੀਬੀਆਂ ਨੂੰ । ਇਹ ਬੀਬੀਆਂ 24 ਘੰਟੇ ਬਾਬਾ ਜੀ ਦੀ ਸੇਵਾ ਵਿਚ ਲੱਗੀਆਂ ਰਹਿੰਦੀਆ ਹਨ । ਰਾਤ ਨੂੰ ਆਰਾਮ ਵੀ ਬਾਬਾ ਜੀ ਦੇ ਨਾਲ ਹੀ ਭੌਰਾ ਸਾਹਿਬ ਵਿਚ ਕਰਦੀਆਂ ਹਨ, ਪਰ ਬਾਬਾ ਜੀ ਸਭ ਨੂੰ ਕਹਿੰਦੇ ਨੇ ਕਿ ਇਹ ਉਹਨਾਂ ਦੀਆਂ ਧੀਆਂ ਭੈਣਾਂ ਹਨ । ਸੱਚੀਂ ਬਾਬਾ ਜੀ ਤਾਂ ਤੁਹਾਡੇ ਹੀ ਭੇਜੇ ਹੋਏ ਲੱਗਦੇ ਨੇ । ਜਦੋਂ ਗੁਰੂਘਰਾਂ ਵਿਚ ਦੁਤਕਾਰ ਕੇ ਕੱਢ ਦਿੱਤਾ ਜਾਂਦਾ ਹੈ ਤਾਂ ਲੋਕ ਆ ਕੇ ਬਾਬਾ ਜੀ ਦੀ ਚਰਨੀਂ ਡਿੱਗ ਪੈਂਦੇ ਹਨ । ਹੁਨਰਮੰਦ ਲੋਕਾਂ ਨਾਲ ਬਾਬਾ ਜੀ ਦਾ ਖਾਸ ਲਗਾਵ ਹੈ ਕਿਉਂਕਿ ਡੇਰੇ ਦੇ ਆਸਪਾਸ ਜਮੀਨਾਂ ਤੇ ਨਜਾਇਜ਼ ਕਬਜ਼ਾ ਕਰਨਾ, ਉਸਾਰਨੀਆਂ ਕਰਨੀਆਂ, ਫਰਨੀਚਰ ਬਣਾਉਣਾਂ ਤੇ ਹੋਰ ਬੜੇ ਕੰਮ ਹਨ, ਜੋ ਕਿ ਇਹ ਬਾਬਾ ਜੀ ਦੇ ਪਿਆਰ ਵਿਚ ਮੁਫ਼ਤ ਕਰਦੇ ਹਨ ਤੇ ਸਾਡੀ ਵੀ ਕਈ ਵਾਰ ਸੇਵਾ ਲੱਗਦੀ ਹੈ । ਜਿੰਨੇ ਕੁ ਘੰਟੇ ਅਸੀਂ ਸੇਵਾ ਕਰ ਸਕੀਏ, ਕਰਦੇ ਹਾਂ ਕਿਉਂਕਿ ਬਾਬਾ ਜੀ ਨੇ ਸੱਚਖੰਡ ਦੀ ਇਮਾਰਤ ਨੂੰ ਹੋਰ ਵੱਡਾ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਤੁਹਾਡੇ ਦਰਸ਼ਨ ਕਰਵਾ ਸਕਣ । ਅਜੇ ਦਸਮ ਦੁਆਰ ਤੱਕ ਅਸੀਂ ਪਹੁੰਚੇ ਨਹੀਂ ਪਰ ਲੱਗੇ ਹੋਏ ਹਾਂ । ਤੁਹਾਡੇ ਥਾਪੇ ਹੋਏ ਜਾਂ ਆਪੇ ਬਣੇ ਹੋਏ ਬਾਬਾ ਸ਼ਿੰਦਾ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਮਿਲਾਂਗੇ । ਅੱਜ ਤੱਕ ਕਿਸੇ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਸਾਡੇ ਨਾਲ ਬਾਬਾ ਸ਼ਿੰਦਾ ਜੀ ਦੇ ਡੇਰੇ ਵਿਚ । ਬਾਬਾ ਜੀ ਦਾ ਸਖਤ ਹੁਕਮ ਹੈ, ਜਿੰਨੀ ਦੇਰ ਡੇਰੇ ਵਿਚ ਰਹਿਣਾ ਹੈ, 551 ਮਣਕਿਆਂ ਵਾਲੀ ਮਾਲਾ ਫੇਰੀ ਜਾਣੀ । ਹਰ ਇੱਕ ਨੂੰ ਬੰਦੇ ਨੂੰ ਭਾਈ ਸਾਹਿਬ ਜੀ ਤੇ ਬੀਬੀ ਨੂੰ ਭੈਣ ਜੀ ਕਹਿਣਾ ਹੈ ਤੇ ਆਪਸ ਵਿਚ ਪਿਆਰ ਨਾਲ ਰਹਿਣਾ ਹੈ ਕੋਈ ਗਲਤੀ ਕਰੇ ਤਾਂ ਮਾਫ ਕਰਨਾ ਹੈ । ਦੇਖੋ ਤੁਹਾਡੇ ਦਿਖਾਏ ਰਸਤੇ ‘ਤੇ ਹੀ ਬਾਬਾ ਜੀ ਚੱਲ ਰਹੇ ਨੇ । ਬਾਬਾ ਜੀ ਨੇ ਚਾਰ ਵਿਆਹ ਕੀਤੇ ਹਨ । ਚੌਥੇ ਵਿਆਹ ਦਾ ਤਾਂ ਮੈਂ ਵੀ ਖੂਬ ਆਨੰਦ ਮਾਣਿਆ ਸੀ । ਹੋਇਆ ਇੰਝ ਕਿ ਤੁਹਾਨੂੰ ਤਾਂ ਪਤਾ ਹੀ ਹੈ ਬਾਬਾ ਜੀ ਅੰਤਰਜਾਮੀ ਹਨ । ਲੋਕ ਪਰਲੋਕ ਦਾ ਹਾਲ ਜਾਣਦੇ ਹਨ । ਇਕ ਦਿਨ ਜਦ ਬਾਬਾ ਜੀ ਦੀ ਤੁਹਾਡੇ ਨਾਲ ਦਸਮ ਦੁਆਰ ਦੇ ਜਰੀਏ ਗੱਲਬਾਤ ਚੱਲ ਰਹੀ ਸੀ ਤਾਂ ਇੱਕ ਬੰਦਾ ਆਪਣੀ ਘਰ ਵਾਲੀ ਨਾਲ ਡੇਰੇ ਤੇ ਮੱਥਾ ਟੇਕਣ ਆਇਆ । ਜਦੋਂ ਬੀਬੀ ਨੇ ਪੈਰਾਂ ਨੂੰ ਹੱਥ ਲਾਇਆ ਤਾਂ ਬਾਬਾ ਜੀ ਇਕਦਮ ਚੌਂਕ ਗਏ ਤੇ ਬੜੇ ਹੀ ਪਿਆਰ ਨਾਲ ਕਿਹਾ,
“ਕਮਲੀਏ ਹੁਣ ਆਈ ਹੈ, ਮੈਂ ਤਾਂ ਐਨੇ ਯੁੱਗਾਂ ਤੋਂ ਤੇਰਾ ਇੰਤਜਾਰ ਕਰ ਰਿਹਾ ਸੀ ।”
ਸਾਰੇ ਇਕਦਮ ਹੈਰਾਨ ਹੋ ਗਏ । ਬਾਬਾ ਜੀ ਨੇ ਬੀਬੀ ਨੂੰ ਆਪਣੇ ਨਾਲ ਬਿਠਾ ਲਿਆ ਤੇ ਦੱਸਿਆ ਕਿ ਇਹ ਬੀਬੀ ਮੇਰੀ ਪਿਛਲੇ ਪੰਦਰਾਂ ਜਨਮਾਂ ਤੋਂ ਮੇਰੀ ਘਰਵਾਲੀ ਸੀ ਤੇ ਹੁਣ ਵੀ ਮੇਰੀ ਘਰਵਾਲੀ ਰਹੇਗੀ । ਬਾਬਾ ਜੀ ਨੇ ਬੀਬੀ ਜੀ ਨੂੰ ਸਾਡੀ ਚੌਥੀ ਰਾਜਮਾਤਾ ਦਾ ਦਰਜਾ ਦੇ ਦਿੱਤਾ । ਬੀਬੀ ਜੀ ਦਾ ਘਰ ਵਾਲਾ ਵੀ ਰਾਜਮਾਤਾ ਦੇ ਪੈਰਾਂ ਤੇ ਡਿੱਗ ਕੇ ਰੋਇਆ ਕਿ ਉਹਨੂੰ ਪਹਿਲਾਂ ਕਿਉਂ ਨਹੀਂ ਪਤਾ ਚੱਲਿਆ ਰਾਜਮਾਤਾ ਬਾਰੇ । ਬਾਬਾ ਜੀ ਨੇ ਘਰਵਾਲੇ ਨੂੰ ਆਪਣਾ ਨਿੱਜੀ ਸੇਵਕ ਬਣਾ ਲਿਆ । ਬਾਦ ਵਿਚ ਬੜੇ ਜਸ਼ਨ ਮਨਾਏ ਗਏ । ਬੜਾ ਵੱਡਾ ਸਮਾਗਮ ਕੀਤਾ ਗਿਆ, ਜਿਸ ਵਿਚ ਸੰਤ ਮੇਖਾਂ ਵਾਲੇ, ਸੰਤ ਘੋਟਨੇ ਵਾਲੇ, ਸੰਤ ਯਾਹ ਵਾਹ ਅੰਨੇਵਾਹ ਵਾਲੇ ਤੇ ਹੋਰ ਬੜੇ ਸੰਤ ਪਹੁੰਚੇ । ਪ੍ਰਸਿੱਧ ਗਾਇਕ ਜੂੰਦਾ ਕਲਿੱਕੜ, ਪਾਰੋ ਡੁੱਬਮਰਨੀ, ਪੰਡਪੁਰੀਆ ਰੇਲਾ ਨੇ ਵੀ ਆਪਣੇ ਗੀਤਾਂ ਨਾਲ ਸਭ ਨੂੰ ਨਿਹਾਲ ਕਰ ਦਿੱਤਾ । ਬਾਬਾ ਜੀ ਨੇ ਕਰੋੜਾਂ ਰੁਪਏ ਵਾਰ ਕੇ ਸੁੱਟ ਦਿੱਤੇ, ਕਲਾਕਾਰਾਂ ਤੋਂ । ਨਾਲ ਨਾਲ ਸਾਡੇ ਮੁਲਕ ਦੇ ਵੱਡੇ ਲੀਡਰ ਯੱਬਲ ਪ੍ਰਧਾਨ, ਕਲਿੰਦਰ ਮੂਲਾ ਆਦਿ ਨੇ ਵੀ ਬਾਬਾ ਜੀ ਨੂੰ ਵਧਾਈਆਂ ਦੇ ਨਾਲ ਨਾਲ 5-5 ਕਰੋੜ ਰੁਪਏ ਦਿੱਤੇ ਤਾਂ ਕਿ ਬਾਬਾ ਜੀ ਧਰਮ ਦਾ ਹੋਰ ਵੀ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਵਿਚ ਕਰ ਸਕਣ ਤੇ ਦਸਤਾਰ ਦੀ ਸ਼ਾਨ ਨੂੰ ਹੋਰ ਵਧਾਉਣ । ਵੈਸੇ ਅਸਲ ਗੱਲ ਇਹ ਹੈ ਕਿ ਬਾਬਾ ਜੀ ਦੇ ਆਪਣੇ ਵਾਲ ਕੱਟੇ ਹੋਏ ਹਨ । ਮੁੱਛਾਂ ਦਾੜੀ ਦੇ ਨਵੇਂ ਨਵੇਂ ਸਟਾਇਲ ਬਾਬਾ ਜੀ ਅਜ਼ਮਾਉਂਦੇ ਰਹਿੰਦੇ ਹਨ ਕਿਉਂਕਿ ਬਾਬਾ ਜੀ ਦਾ ਮੰਨਣਾ ਹੈ ਕਿ ਫੋਕੀ ਬਨਾਵਟ ਨਾਲ ਰੱਬ ਨੂੰ ਪਾਇਆ ਨਹੀਂ ਜਾ ਸਕਦਾ । ਪੰਜ ਦਸ ਬੀਬੀਆਂ ਤਾਂ ਬਾਬਾ ਜੀ ਨਾਲ ਐਨਾ ਪਿਆਰ ਕਰਦੀਆਂ ਹਨ ਕਿ ਹਰ ਸਮੇਂ ਕੱਪੜਿਆਂ ਤੇ ਕਢਾਈ ਕਰਦੀਆਂ ਰਹਿੰਦੀਆਂ ਹਨ ਤਾਂ ਕਿ ਬਾਬਾ ਜੀ ਦੇ ਸੁੰਦਰ ਬਸਤਰ ਤਿਆਰ ਕੀਤੇ ਜਾਣ ਤੇ ਬਾਬਾ ਜੀ ਹੋਰ ਵੀ ਸੋਹਣੇ ਲੱਗਣ ।
ਜਿੰਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਤਾਂ ਐਨਾ ਕੁਝ ਭੇਂਟ ਕਰ ਜਾਂਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕੌਣ ਕੀ ਦੇ ਕੇ ਗਿਆ । ਕਰੋੜ ਕਰੋੜ ਦੀਆਂ ਕਾਰਾਂ ਗੁਪਤ ਨਾਮ ਤੇ ਡੇਰੇ ਵਿਚ ਆਉਂਦੀਆਂ ਹਨ, ਸੀਮੇਂਟ ਬੱਜਰੀ ਦੇ ਟਰੱਕ ਦਾਨ ਵਿਚ ਆਉਂਦੇ ਹਨ ਤੇ ਮਾਇਆ ਗਿਣਨ ਦੇ ਲਈ ਤਾਂ 10 ਮਸ਼ੀਨਾਂ ਲਗਾ ਰੱਖੀਆਂ ਹਨ, ਨਹੀਂ ਤਾਂ ਸੰਗਤਾਂ ਦੇ ਹੱਥ ਦੁਖਣ ਲੱਗ ਜਾਂਦੇ ਹਨ । ਬਾਬਾ ਜੀ ਵਾਕਿਆ ਹੀ ਮਹਾਂਪੁਰਖ ਹਨ । ਤੁਸੀਂ ਡੇਰੇ ਵਿਚ ਨਹੀਂ ਹੁੰਦੇ ਪਰ ਬਾਬਾ ਜੀ ਸਾਨੂੰ ਦੱਸਦੇ ਨੇ ਕਿ ਤੁਸੀਂ ਸਾਡੇ ਨਾਲ ਹੀ ਹੋ । ਅੱਜ ਤੱਕ ਕਦੇ ਵੀ ਕਿਸੇ ਗੱਲ ਤੇ ਵਾਦ ਵਿਵਾਦ ਨਹੀਂ ਹੋਇਆ । ਡੇਰੇ ਵਿਚ ਗੁਰੂ ਘਰ ਵਾਂਗ ਨਾ ਹੀ ਪੱਗਾਂ ਲੱਥੀਆਂ ਕਿਉਂਕਿ ਕੋਈ ਪ੍ਰਧਾਨ ਨਹੀਂ ਕੋਈ ਖਜਾਨਚੀ ਨਹੀਂ ਤੇ ਦੂਜੀ ਧਿਰ ਵੀ ਕੋਈ ਨਹੀਂ, ਜਿਹੜੀ ਉਲਟੀ ਸਿੱਧੀ ਗੱਲ ਕਰੇ । ਹਰ ਰੋਜ ਦੀਵਾਨ ਸਜਦੇ ਹਨ । ਬਾਬਾ ਜੀ ਦੇ ਕੋਲ ਸਾਰੀ ਟੀਮ ਹੈ, ਜੋ ਕਿ ਗਾਉਣ ਵਜਾਉਣ ਵਿਚ ਮਾਹਿਰ ਹੈ । ਕਈ ਵਾਰ ਬਾਬਾ ਜੀ ਖੁਦ ਵੀ ਨੱਚਦੇ ਹਨ, ਨਾਲ ਹੀ ਸੰਗਤਾਂ ਨੂੰ ਵੀ ਕਹਿੰਦੇ ਹਨ ਕਿ ਨੱਚੋ ਤੇ ਗਾਓ । ਕਈਆਂ ਨੂੰ ਉਸ ਸਮੇਂ ਵੀ ਤੁਹਾਡਾ ਦੀਦਾਰ ਹੋਇਆ ਹੈ । ਤੁਹਾਡੀ ਸੂਰਤ ਯਾਦ ਨਹੀਂ ਰਹਿੰਦੀ । ਐਨਾ ਯਾਦ ਰਹਿੰਦਾ ਹੈ ਕਿ ਚਾਨਣ ਦਿਖਿਆ । ਬੱਸ ! ਫਿਰ ਬਾਬਾ ਸ਼ਿੰਦਾ ਜੀ ਨੂੰ ਹੀ ਉਹ ਰੱਬ ਮੰਨ ਲੈਂਦੇ ਹਨ । ਕਈਆਂ ਦੇ ਵਿਚ ਉਸ ਸਮੇਂ ਸ਼ੈਤਾਨ ਵੀ ਆ ਜਾਂਦਾ ਹੈ, ਭੂਤ ਚੁੜੇਲਾਂ ਦੇ ਰੂਪ ਵਿਚ । ਪਰ ਬਾਬਾ ਜੀ ਅੱਗੇ ਕਿਥੋਂ ਟਿਕੇ ? ਬਾਬਾ ਜੀ ਕੋਲ ਸੋਨੇ ਦਾ ਚਿਮਟਾ ਤੇ ਸੰਗਲ ਹਨ, ਜਿਸ ਨਾਲ ਉਹ ਭੂਤ ਦੀ ਐਸੀ ਗੱਤ ਬਣਾਉਂਦੇ ਹਨ ਕਿ ਉਹ ਦੁਬਾਰਾ ਕਿਸੇ ਵਿਚ ਨਹੀਂ ਵੜਦਾ । ਬਾਬਾ ਜੀ ਕੋਲ ਖੇਤੀ ਦੀ ਜਮੀਨ ਵੀ ਹੈ, ਪਰ ਉੱਥੇ ਖਾਸ ਖਾਸ ਹੀ ਜਾਂਦੇ ਨੇ ਜਿਨਾਂ ਨੂੰ ਖੇਤੀ ਦਾ ਕੰਮ ਆਉਂਦਾ ਹੈ । ਮੈਨੂੰ ਪਤਾ ਚੱਲਿਆ ਉੱਥੇ ਡੋਡੇ ਉਗਾਏ ਜਾਂਦੇ ਹਨ । ਲੋਕ ਜੋ ਮਰਜੀ ਸੋਚਣ ਪਰ ਉਹ ਤਾਂ ਉਗਾਏ ਜਾਂਦੇ ਹਨ ਤਾਂ ਕਿ ਦਵਾਈਆਂ ਬਣਾਈਆਂ ਜਾ ਸਕਣ ਤੇ ਗਰੀਬਾਂ ਨੂੰ ਮੁਫਤ ਵਿਚ ਵੰਡੀਆਂ ਜਾ ਸਕਣ ।
ਬਾਬਾ ਜੀ ਖੁਦ ਵੀ ਗੁਰੂ ਦੀ ਉਪਮਾ ਲਿਖਦੇ ਹਨ । ਇਸੇ ਲਈ ਕਵੀ ਮਸ਼ਹੂਰ ਲੇਖਕ ਮਕਰੰਦੀ ਮੱਲ ਕਰੂੰਬਲ ਜੀ ਬਾਬਾ ਜੀ ਦੀ ਮਦਦ ਕਰ ਰਹੇ ਹਨ ਤਾਂ ਕਿ ਇਕ ਗ੍ਰੰਥ ਬਣਾਇਆ ਜਾ ਸਕੇ ਤੇ ਬਾਬਾ ਜੀ ਦੀ ਯਾਦਾਂ ਸਾਡੇ ਨਾਲ ਹਮੇਸ਼ਾ ਰਹਿਣ । ਹਰੇਕ ਸ਼ਨੀਵਾਰ ਨੂੰ ਬਾਬਾ ਜੀ ਸਿਰਫ ਬੀਬੀਆਂ ਦੇ ਲਈ ਹੀ ਕਥਾ ਕਰਦੇ ਹਨ, ਜਿਸ ਵਿਚ ਕਿ ਨਾਮ ਅਭਿਆਸ ਦੇ ਨਾਲ ਨਾਲ ਤੁਹਾਡੇ ਦਰਸ਼ਨ ਕਰਵਾਏ ਜਾਂਦੇ ਹਨ । ਜਿਹੜੀਆਂ ਪੰਜ ਬੀਬੀਆਂ ਪੂਰੇ ਵੇਗ ਵਿਚ ਬਾਬਾ ਜੀ ਦਾ ਨਾਮ ਜਪਦੀਆਂ ਹਨ, ਉਹ ਹੀ ਬਾਬਾ ਜੀ ਦੇ ਭੌਰਾ ਸਾਹਿਬ ਵਿਚ ਜਾਂਦੀਆ ਹਨ । ਸਵੇਰੇ ਤੁਹਾਡੀ ਜੈ ਜੈ ਕਾਰ ਕਰਦੀਆਂ ਬਾਹਰ ਆਉਂਦੀਆਂ ਹਨ ਕਿ ਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ । ਐਨਾ ਵੱਡਾ ਡੇਰਾ ਹੋਣ ਦੇ ਬਾਵਜੂਦ ਤੁਸੀਂ ਕਿਤੇ ਵੀ ਗੰਦ ਨਹੀਂ ਵੇਖ ਸਕਦੇ, ਕਿਉਂਕਿ ਬਾਬਾ ਜੀ ਦੇ ਅਮਰੀਕਾ ਵਾਲੇ ਭਗਤ ਬਤੰਗੜ ਸਿੰਘ ਫਿਲੌਰ ਨੇ ਆਟੌਮੈਟਿਕ ਸਫਾਈ ਵਾਲੀਆਂ 10 ਮਸ਼ੀਨਾਂ ਦਿੱਤੀਆਂ ਹੋਈਆਂ ਹਨ । ਬਤੰਗੜ ਸਿੰਘ ਦੇ ਘਰ 10 ਸਾਲ ਤੋਂ ਔਲਾਦ ਨਹੀਂ ਸੀ । ਬਸ ਇਕ ਵਾਰ ਆਪ ਆਇਆ ਤੇ ਦੂਜੀ ਵਾਰ ਉਹਦੀ ਘਰਵਾਲੀ । ਹੁਣ ਬਤੰਗੜ ਸਿੰਘ ਜੀ ਹੋਰਾਂ ਦੇ ਦੋ ਬੱਚੇ ਹਨ । ਬਾਬਾ ਸਿ਼ੰਦਾ ਥੜਥੱਲੀ ਜੀ ਹੁਣ ਇਕ ਸੌਲਾਂ ਚੁੰਡੇ ਵਿਸ਼ਾਲ ਤਲਾਅ ਦਾ ਨਿਰਮਾਣ ਵੀ ਕਰਵਾ ਰਹੇ ਹਨ, ਜਿੱਥੇ ਕਿ ਇਕ ਪਾਸੇ ਠੰਡਾ ਪਾਣੀ ਹੋਵੇਗਾ, ਇਕ ਪਾਸੇ ਗਰਮ ਪਾਣੀ । ਦੇਖੋ ਧੰਨ ਹੈ ਸੇਵਾ ਭਗਤਾਂ ਦੀ, ਜਿਹੜੇ ਤੁਹਾਨੂੰ ਪਾਉਣ ਦੇ ਚਾਅ ਵਿਚ ਐਨੀ ਸੇਵਾ ਕਰਦੇ ਹਨ ।
ਡੇਰੇ ਦੇ ਲੰਗਰ ਵਿਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ । ਬਾਬਾ ਜੀ ਦਾ ਖਾਸ ਹੁਕਮ ਹੈ ਕਿ ਦੋ ਦਾਲਾਂ, ਇਕ ਸਬਜ਼ੀ, ਰਾਇਤਾ, ਸਲਾਦ ਦੇ ਨਾਲ ਨਾਲ ਖੀਰ ਜਾਂ ਪਰਸ਼ਾਦ ਰੋਜ਼ ਬਣਾਇਆ ਜਾਵੇ । ਬੜੇ ਚਾਅ ਨਾਲ ਸੰਗਤ ਸੇਵਾ ਕਰਦੀ ਹੈ । ਐਨਾ ਪਿਆਰ ਹੈ ਸੰਗਤ ਦਾ ਕਿ ਭਾਂਡੇ ਧੋਣ ਲਈ ਵੀ ਜਿ਼ਦ ਕਰਦੇ ਹਨ ਕਿ ਹੁਣ ਸਾਨੂੰ ਧੋ ਲੈਣ ਦਿਉ ਭਾਂਡੇ, ਪਰ ਕੋਈ ਵੀ ਸੇਵਾ ਨਹੀਂ ਛੱਡਦਾ । ਐਨਾ ਪਿਆਰ ਮੈਂ ਕਿਸੇ ਥਾਂ ਤੇ ਨਹੀਂ ਵੇਖਿਆ ਇਹ ਸਭ ਤੁਸੀਂ ਹੀ ਕਰਵਾ ਰਹੇ ਹੋ ਬਾਬਾ ਸ਼ਿੰਦਾ ਜੀ ਨੂੰ ਕਹਿ ਕੇ ।
ਅੱਜ ਦੇ ਸਮੇਂ ਵਿਚ ਜਿੱਥੇ ਗੁਰੂ ਘਰਾਂ ਵਿਚ ਲੋਕ ਪ੍ਰਧਾਨਗੀ ਲਈ ਲੜਦੇ ਨੇ, ਅਦਾਲਤਾਂ ਵਿਚ ਜਾਂਦੇ ਹਨ ,ਇਕ ਦੂਜੇ ਨੂੰ ਕਿਰਪਾਨਾਂ ਕੱਢ ਕੇ ਡਰਾਉਂਦੇ ਹਨ, ਇਕ ਦੂਜੇ ਦੀਆਂ ਦਸਤਾਰਾਂ ਉਤਾਰਦੇ ਨੇ, ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਹਨ । ਉੱਥੇ ਹੀ ਬਾਬਾ ਜੀ ਦੇ ਡੇਰੇ ਵਿਚ ਭਾਂਡੇ ਮਾਂਜਣ ਲਈ ਪਿਆਰ ਨਾਲ ਲੜਦੇ ਨੇ । ਹੁਣ ਤੁਸੀਂ ਆਪ ਹੀ ਦੱਸੋ, ਜਿੰਨੀ ਦੇਰ ਇਹ ਫੋਕੀ ਸ਼ੋਹਰਤ ਵਾਲੇ ਲੋਕ ਆਪਸ ਵਿਚ ਇਸੇ ਤਰਾਂ ਗੁਰੂ ਘਰ ਵਿਚ ਲੜਦੇ ਰਹਿਣਗੇ, ਉਨੀਂ ਦੇਰ ਲੋਕ ਡੇਰਿਆਂ ਤੇ ਹੀ ਜਾਣਗੇ, ਤੁਹਾਨੂੰ ਮਿਲਣ ਲਈ । ਲੋਕਾਂ ਦਾ ਤੁਹਾਡੇ ਤੋਂ ਮਨ ਉਚਾਟ ਘੜੰਮ ਚੌਧਰੀਆਂ ਨੇ ਕੀਤਾ ਹੈ ਨਾ ਕਿ ਬਾਬਿਆਂ ਤੇ ਸੰਤਾਂ ਨੇ । ਲੋਕ ਘਰ ਵਿਚੋਂ ਦੁਖੀ ਹੋਏ ਤੁਹਾਡੇ ਕੋਲ ਆਪਣੀ ਵਿਥਿਆ ਸੁਣਾਉਣ ਗੁਰੂਘਰ ਆਉਂਦੇ ਹਨ ਪਰ ਉੱਥੇ ਚੌਧਰੀਆਂ ਦੀ ਬਿਆਨਬਾਜੀ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਦਿੱਤਾ । ਪਿਛਲੀ ਕਮੇਟੀ ਪੈਸੇ ਖਾ ਗਈ ਸੀ ਪਰ ਅਸੀਂ ਨਹੀਂ ਖਾ ਰਹੇ । ਬੰਦਾ ਸਿਰ ਖੁਰਕਦਾ ਲਾਗੇ ਦੇ ਡੇਰੇ ਵਿਚ ਜਾ ਵੜਦਾ ਹੈ ਕਿ ਸ਼ੁਕਰ ਹੈ ਇੱਥੇ ਆਹ ਖਲਜੱਗਣ ਨਹੀਂ ਹੈ । ਬਾਬਾ ਜੀ ਗੱਲਾਂ ਹੋਰ ਵੀ ਬਹੁਤ ਨੇ ਤੁਹਾਨੂੰ ਦੱਸਣ ਲਈ ਪਰ ਬਾਬਾ ਸ਼ਿੰਦਾ ਤੜਥੱਲੀ ਜੀ ਦੇ ਭੋਰਾ ਸਾਹਿਬ ਵਿਚ ਜਾਣ ਦਾ ਟਾਇਮ ਹੋ ਗਿਆ ਤੇ ਮੇਰੀ ਡਿਊਟੀ ਹੈ ਦਰਵਾਜੇ ਤੇ ਖੜਨ ਦੀ ਸੋ ਹੁਣ ਮੈਂ ਚੱਲਦਾਂ ਹਾਂ ਤੁਸੀ ਕੋਈ ਰੇਖ ਵਿਚ ਮੇਖ ਮਾਰ ਕੇ ਦੇਖ ਲਿਓ ਜੇ ਅੱਜ ਦੇ ਚੌਧਰੀ ਆਪਣੀ ਹੈਸੀਅਤ ਨੂੰ ਭੁੱਲ ਕੇ ਸਿਰਫ ਸੇਵਾ ਕਰ ਸਕਣ । ਵੈਸੇ ਹੈ ਇਹ ਅਨਹੋਣੀ ਗੱਲ ਪਰ ਤੁਹਾਡੇ ਲਈ ਸ਼ਾਇਦ ਆਸਾਨ ਹੋਵੇ । ਬਾਬਾ ਜੀ ਸੁਣ ਰਹੇ ਹੋ ਨਾ …?
****