ਉੁਮਰ ਪਰਖਾਂ ਕਰਨ ‘ਚ ਹੀ ਲੰਘਾਤੀ......... ਵਿਅੰਗ / ਗੱਜਣਵਾਲਾ ਸੁਖਮੰਦਰ

ਧਾਰਮਿਕ ਸੰਸਾਰ  ਵਿੱਚ  ਸਾਰੇ ਹੀ ਦਾਰੂ ਦੇ ਇਸਤੇਮਾਲ ਦੇ ਬਰ-ਖਿਲਾਫ  ਹਨ ਤੇ ਦੁਹਾਈਆਂ ਪਾਉਂਦੇ ਹੋਏ ਕਹਿ  ਰਹੇ ਹਨ ਕਿ ਇਹ ਅਕਲ ਤੇ ਪਰਦਾ ਪਾ ਦਿੰਦੀ ਹੈ ਸਾਰੀਆਂ ਤਬਾਹੀਆਂ ਦਾ ਕਾਰਨ ਇਹ ਹੀ ਹੈ । ਪਰ ਫਿਰ ਵੀ  ਦੁਨੀਆਂ ਇਸ ਪਿਛੇ   ਪਾਗਲ ਹੋਈ ਭੱਜੀ ਫਿਰਦੀ ਹੈ ।

ਸਾਡਾ ਫਰੀਦਕੋਟੀਆ ਮਾਸੜ   ਪੈਂਹਠਾਂ  ਨੂੰ ਅੱਪੜ ਗਿਆ  ਪਰ ਆਥਣ ਵੇਲੇ ਨਾਂਗਾ ਨਹੀਂ ਪੈਣ ਦਿੰਦਾ  ।ਪਤਾ ਨਹੀਂ ਕਿੰਨੇ  ਡਰੱਮ ਕੈਨੀਆ ਖਾਲੀ ਕਰ ਗਿਆ  ਪਰ ਸਬਰ ਨਹੀਂ ਆਇਆ ।ਮੂੰਹ ਮੱਥੇ ਤੋਂ ਐਂ ਲੱਗਦਾ ਜਿਵੇਂ ਬਲਾਕ ਸੰਤੀ ਦਾ ਚੇਅਰਮੈਨ ਰਿਹਾ ਹੁੰਦਾ ।ਦਾਰੂ ਬਾਰੇ ਉਸ ਦੀ ਰਾਏ ਜਿਵੇਂ ਜਿਵੇਂ ਸੁਰਜ ਅੱਗੇ ਵਧਦਾ ਜਾਂਦਾ ਨਾਲ ਦੀ ਨਾਲ ਬਦਲਦੀ ਜਾਂਦੀ ਹੈ।  ਸਵੇਰੇ ਸਵੇਰੇ ਉਸ ਦੀ ਰਾਏ ਹੋਰ ,ਦੁਪੈਹਰ ਵੇਲੇ ਹੋਰ ਤੇ ਫਿਰ ਜਿਉਂ ਜਿਉਂ ਦਿਨ ਢਲਦਾ ਜਾਂਦਾ ਹੈ ਤੇ ਸ਼ਾਮ ਹੋ ਜਾਂਦੀ ਹੈ ਤਾਂ ਉਸਦਾ ਫਲਸਫਾ ਬਦਲਦਾ ਬਦਲਦਾ ਬਦਲ ਹੀ ਜਾਂਦਾ।
 
ਦਿਨ ਚੜ੍ਹਦਾ  ਉਹ ਸੱਥ ਵਿੱਚ ਦਾਰੁ ਦੇ ਬਹੁਤਾ ਹੀ ਉਲਟ ਭੁਗਤਦਾ।ਬੜੀ ਜ਼ਹਿਰ ਉਗਲਦਾ , ਪੂਰਾ ਭੰਡਦਾ , ਜਿਵੇਂ ਦਾਰੂ ਨੂੰ ਉਸ ਨੇ ਚੱਖ ਕੇ, ਸੁੰਘ ਕੇ ਵੀ ਨਾ ਵੇਖਿਆ ਹੋਵੇ ।ਨਵੇਂ ਬੰਦੇ ਨੂੰ ਤਾਂ ਇਉਂ ਲੱਗਦਾ ਜਿਵੇਂ ਦਾਰੂ ਨੇ ਇੁਸ ਦਾ ਘਰ ਪੱਟ ਦਿੱਤਾ ਹੋਏਗਾ।ਉਹ ਸਵਖਤੇ ਹੀ ਬੰਦ ਹੋ ਚੁੱਕੇ ਖੂਹ ਦੀ ਮੌਣ ਤੇ ਬੈਠਾ ਗੋਡੇ ਤੇ ਲੱਤ ਰੱਖੀ ,  ਇਉਂ ਮੱਤਾਂ ਛੱਡ  ਰਿਹਾ ਹੁੰਦਾ-ਬਈ ਬਾਈ! ਪਤਾ ਨਹੀਂ ਇਹ ਕਿਸ ਨੇ ਬਣਾਤੀ।ਇਸ ਤੋਂ ਗੰਦੀ ਚੀਜ਼ ਦੁਨੀਆ ‘ਚ ਹੈਨੀ । ਬਹੁਤ ਗੰਦੀ ਸ਼ੈਅ ਐ ।ਜਿਸ ਘਰ ਵਿੱਚ ਇਹ ਵੜ ਗਈ ,ਸਮਝ ਲੋ ਉਹ ਘਰ ਤਬਾਹ । ਇਸ ਨੇ ਤਾਂ ਬਈ ਵੱਡੀਆ ਵੱਡੀਆਂ  ਢੇਰੀਆਂ  ਵਾਲੇ ਮਾਂਜ ਤੇ ।  ਪੰਜਾਹ ਪੰਜਾਹ ਕਿੱਲਿਆਂ ਵਾਲੇ ਰੋਲ ਕੇ ਰੱਖਤੇ ਤੇ  ।ਜੱਟਾਂ ਨਾਲ ਤਾਂ ਪਤਾ ਨ੍ਹੀਂ ਇਸਦਾ ਕੀ ਰਿਸ਼ਤਾ ; ਖਹਿੜਾ ਹੀ ਨਹੀਂ ਛੱਡਦੀ।ਜੰਮਦੇ ਮਗਰੋਂ ਹਨ ਦਾਰੂ ਵੱਲ ਪਹਿਲਾਂ ਝਾਕਣ ਲੱਗ ਪੈਂਦੇ  ।ਅੱਜਕੱਲ ਦੇ ਛੋਕਰੇ ਇਸ ਨੂੰ ਟੁੱਟ ਟੁੱਟ ਪੈਂਦੇ ।ਬਈ ਬਾਈ ! ਜੇ ਕੋਈ ਮੇਰੀ ਸੁਲਾਹ ਮੰਨੇ ਜੱਟ ਨੂੰ ਤਾਂ ਦਾਰੂ ਘਰੇ ਨਹੀਂ ਵੜਨ ਦੇਣੀ ਚਾਹੀਦੀ।ਅੱਜ ਦੀ ਤਰੀਕ ਵਿੱਚ ਜੇ ਕੋਈ ਚੀਜ਼ ਇਸਦੀ ਦੁਸ਼ਮਣ ਹੈ ਤਾਂ ਉਹ ਹੈ  ਦਾਰੂ। ਉਏ   ਬਚ ਜੋ ! ਉਏ ਬਾਜ ਆ ਜੋ! ਇਹ  ਹੱਥਾਂ ਵਿੱਚ ਠੂਠੇ ਫੜਾ ਦੂ ਗੀ।ਬਈ ਭਰਾਵੋ !ਸਾਰੀ ਉਮਰ ਪੀ ਕੇ ਵੇਖ ਲਈ ਇਹਦੇ ‘ਚ  ਕੋਈ ਲੱਭਤਾ ਨਹੀਂ  ।ਬਚ ਜੋ  ਬਚ ਜੋ ।ਇਸ ਵਿਚੋਂ  ਕੱਢਣ  ਪਾਉਣ ਨੂੰ  ਹੈਨੀ ਕੁਛ ਵੀ।”

ਦੂਪੈਹਰ ਵੇਲੇ ,ਜਦ ਦੋ-ਢਾਈ ਵੱਜ ਜਾਂਦੇ ਹਨ ਤਾਂ  ਦਾਰੂ ਪ੍ਰਤੀ ਉਸ ਦੀ ਭਾਸ਼ਾ ‘ਚ ਥੋੜੀ ਜੇਹੀ ਨਰਮੀ ਆ ਜਾਂਦੀ ਹੈ । ਉਹ  ਦੱਬਵੀਂ ਸੁਰ ਵਿੱਚ ਕਹਿਣ ਲੱਗ ਪੈਂਦਾ - ਬਈ!ਦਾਰੂ ਹੈ ਤਾਂ ਬਹੁਤ ਮਾੜੀ ਚੀਜ਼ ।ਪੀ ਕੇ  ਬਹੁਤ ਵੇਖ ਲਈ  । ਫਾਇਦਾ ਤਾਂ ਏਹਦੇ ਵਿੱਚ ਕੋਈ ਹੈ ਨੀ : ਪਰ ਕਿਸੇ ਖਾਸ ਦਿਨ ਸੁਦ ਤੇ ਕੋਈ ਵਿਆਹ ਮੰਗਣਾ ਹੋਵੇ, ਬੰਦਾ ਬੰਦਿਆਂ ‘ਚ ਰਲਿਆ ਬੈਠਾ ਹੋਵੇ ਤਾਂ  ਜੇ  ਦੋ ਬੂੰਦਾਂ ਇਸ ਦੀਆਂ  ਲਾ ਵੀ ਲਵੇ ਤਾਂ ਕੋਈ ਹਰਜ਼ੇ ਵਾਲੀ ਵੀ  ਗੱਲ ਨਹੀ ।ਬਹਾਨੇ ਨਾਲ ਖੁਸ਼ੀਆਂ ਜੇਹੀਆਂ  ਸਾਂਝੀਆਂ ਹੋ ਜਾਂਦੀਆਂ । ਇਕ ਅੱਧੀ ਗਲਾਸੀ ਨਾਲ ਬਾਹਲਾ ਫਰਕ ਨਹੀਂ ਪੈਂਦਾ । ਚੰਗੇ ਮੌਕਿਆਂ ਤੇ ਬੰਦਾ ਮਹੌਲ ਦਾ ਹਿੱਸਾ ਜੇਹਾ ਬਣ ਜਾਂਦਾ।ਬਈ ਬਾਈ! ਬੰਦਾ ਦੁਆਈ ਵਾਂਗੂੰ   ਹਿਸਾਬ ‘ਚ ਰਹੇ  ਤਾਂ ਇਹ ਮੂਲੋਂ ਈ ਮਾੜੀ ਚੀਜ਼ ਨਹੀਂ ,ਬੱਸ ਇਸ ਨੂੰ ਰੁਟੀਨ ਨਹੀਂ ਬਣਾਉਣਾ ਚਾਹੀਦਾ ।ਦਿਨ ਦੀ ਹੈ ਮਾੜੀ ; ਦਿਨੇ ਪੀ ਕੇ ਸਾਰਾ ਦਿਨ ਹੀ ਖਰਾਬ ਹੋ ਜਾਂਦੈ  ।ਨਾ ਬੰਦਾ ਐਧਰ ਜੋਗਾ ਨਾ ਓਧਰ ਜੋਗਾ ।ਰਾਤ ਦੀ ਰੋਟੀ ਵੀ ਦੁੱਬਰ ਹੋ ਜਾਂਦੀ ਹੈ ।

ਮੋਠੂ ਮਲੰਗਾ ! ਜਦ ਦਿਨ ਢਲ ਰਿਹਾ ਹੁੰਦਾ ਤੇ ਸੂਰਜ ਛਿਪੂੰ ਛਿਪੁੰ ਕਰ ਰਿਹਾ ਹੁੰਦਾ ਹੈ ਤੇ   ਧਰਤੀ ਤੇ ਲੰਬੀ ਜੇਹੀ ਛਾਂ  ਪਸਰ ਚੁੱਕੀ ਹੁੰਦੀ ਹੈ ਅਤੇ ਫਿਰਨੀਆਂ ,ਵੀਹਾਂ  ਦੀ  ਮਿੱਟੀ ਠੰਡੀ  ਹੋ ਗਈ ਹੁੰਦੀ ਹੈ ਤਾਂ ਉਸ  ਵੇਲੇ  ਬਲੌਰ ਸਿਹੁੰ  ਦਾ  ਰਵੱਈਆ ਬਿਲਕੁੱਲ ਹੀ ਬਦਲਿਆ ਹੁੰਦਾ – ਉਏ  ਮੁੰਡਿਓ! ਲਿਆਉ ਉਏ ਜੇ ਇਕ ਅੱਧੀ ਘੁੱਟ ਕਿਸੇ ਗੁੱਠ ,ਖੂੰਜੇ  ਵਿੱਚ ਪਈ ਐ ਤਾ ?”।ਦਿਨ ਭਰ ਦਾ ਥਕੇਵਾਂ ਜੇਹਾ ਲਾਹ ਲਈਏ ।ਪੀ ਕੇ -ਕੰਮ ਧੰਦੇ ਤੋਂ ਬਾਅਦ ਬੰਦਾ ਮੂੰਹ ਕਰਾਰਾ ਜੇਹਾ ਕਰ ਲਵੇ ਤਾਂ ਚਿੱਤ ਨੂੰ ਧਰਵਾਸ ਜੇਹਾ ਮਿਲ ਜਾਂਦਾ । ਬੰਦਾ ਹਲਕਾ ਫੁਲਕਾ ਜੇਹਾ ਮਸੂਸ ਕਰਨ ਲੱਗ ਪੈਂਦਾ । ਦਿਨ ਵੇਲੇ ਤਾਂ ਪੀਣੀ ਹੀ ਗੁਨਾਹ  ।ਆਪਣੇ ਘਰੇ ਬੈਠ ਕੇ ਰਾਤ ਨੂੰ ਬਿਸਤਰੇ ‘ਚ ਜਾਣ ਤੋਂ ਪਹਿਲਾਂ ਜੇ ਭੋਰਾ ਲਾ ਲਵੇ  , ਬੰਦੇ ਨੂੰ ਨੀਂਦ ਬਹੁਤ ਸੋਹਣੀ ਆ ਜਾਂਦੀ ਆ-। ਸ਼ਾਮ ਨੂੰ ਜਦ ਉਹ ਸ਼ੁਰੂ ਕਰ ਲੈਂਦਾਂ ਹੈ ਤਾਂ ਪਹਿਲੇ ਪੈਗ ਨਾਲ ਹੀ -ਬਈ ਬਾਈ!  ਕੋਈ ਲੱਖ ਕਹੀ ਜਾਵੇ;  ਪਰ ਹੈ ਇਹ  ਬੜੀ  ਕਮਾਲ ਦੀ  ਚੀਜ਼। ਵੇਖੋ  ਕੌੜੀ ਹੋਣ ਦੇ ਬਾਵਯੂਦ ਇਹ ਭੋਰਾ ਵੀ ਕੌੜੀ ਨਹੀਂ ਲੱਗਦੀ । ਜੇ ਕਿਤੇ   ਲੈਚੀਆਂ  ਮਸਾਲੇ ਪਾਏ ਹੋਣ  ਫਿਰ ਤਾਂ ਇਸ ਦੇਸੀ ਦੇ ਕਿਆ ਕਹਿਣੇ !  ਜਿਵੇਂ ਜਿਵੇਂ ਸੰਘ  ਵਿਚ ਦੀ  ਥੱਲੇ ਉਤਰਦੀ ਜਾਂਦੀ  ਹੈ  ਰੂਹ ਨੂੰ ਈ ਪਰਸੰਨ ਜੇਹਾ ਕਰੀ ਜਾਂਦੀ ਐ -।ਤੇ ਇਕ ਹੋਰ ਲਾਉਣ ਪਿਛੌਂ -ਬਈ ਬਾਈ ! ਅਸਲ ਵਿੱਚ ਇਹ ਸਿਆਣੇ ਸਮਝਦਾਰ ਲੋਕਾਂ  ਦੇ ਪੀਣ ਵਾਸਤੇ ਬਣੀ ਸੀ। ਹੁਣ ਤਾਂ ਹਰੇਕ ਲੰਡੀ ਬੁੱਚੀ  ਹੀ ਸੂਤੀ ਜਾਂਦੈ । ਮੂਰਖ ਬੰਦਿਆਂ ਨੂੰ ਕੀ ਪਤਾ ਇਸਦੇ ਗੁਣਾਂ ਦਾ।ਕਈ ਤਾਂ ਬੇ ਹਿਸਾਬੀ ਪੀਕੇ ਆਪਣੇ ਆਪ  ਨੂੰ ਈ ਭੁੱਲ ਜਾਂਦੇ । ਅਵਾ-ਤਵਾ ਬੋਲਣ ਲੱਗ ਪੈਂਦੇ ਆ ।ਬਹੁਤ ਗਲਤ ਗੱਲ ਹੈ ਜੇ ਨਹੀਂ ਪੀਣੀ ਆਉਂਦੀ ਤਾਂ ਨਾ ਪੀਓ । ਬੰਦੇ ਨੂੰ ਪੀਣ ਦਾ ਚੱਜ ਹੋਣਾ ਚਾਹੀਦਾ  ।ਕਈ ਕਹੀ ਜਾਂਦੇ ਆ ਇਹ ਰਾਕਸ਼ ਬੁੱਧੀ ਕਰ ਦਿੰਦੀ ਹੈ; ਵੇਖ ਲੋ  ਸਾਡੀ ਤਾਂ ਅਜੇ ਤੱਕ ਨਹੀਂ ਹੋਈ ।

ਮੋਠੂ ਮਲੰਗਾ!  ਇਕ ਸ਼ਾਮ  ਜਦ ਉਹ ਦੋ ਕੁ ਹਾੜੇ ਲਾਕੇ ਦਾਰੂ ਦੀਆਂ ਸਿਫਤਾ ਦੇ ਐਂ ਹੀ ਪਿੜ ਬੰਨ੍ਹੀ ਜਾਵੇ ਤਾਂ ਸਾਡੇ ਮਾਝੇ ਵਾਲਾ ਭੁੱਲਰ  ਆਂਹਦਾ- ਮਾਸੜਾ ਤੂੰ ਇਕੋ ਟੱਕ ਛੱਡੀ ਜਾਣ ਡਿਹਾਂ - ਦਿਨ ਦੀ ਮਾੜੀ ਹੁੰਦ੍ਹੀ ਆ ਰਾਤ ਦੀ ਚੰਗੀ ਹੁੰਦ੍ਹੀ ਆ-ਇਹ ਦੱਸ ਤੁੰ ਇਹਦੇ ਚੋਂ ਖੱਟਿਆ ਕੀ ਏ –ਜੇਹੜੇ ਨਹੀਂ ਪੀਂਦੇ ਉਹ ਰਾਤ ਨੂੰ ਸੌਣ ਦੀ ਬਜਾਏ ਗਲੀਆਂ ‘ਚ ਤੁਰੇ ਫਿਰਦੇ  ਨੇ ।ਤੂੰ ਕਹਿਣ ਡਿਹਾਂ  -ਥਕੇਵਾਂ ਲੱਥ ਜਾਂਦਾ- ਜੇਹੜੇ ਨਹੀਂ ਪੀਂਦੇ ਉਨ੍ਹਾ ਦੇ  ਅੰਗ ਖਲੋ ਗਏ  ਨੇ ।ਤੂੰ ਕਹਿਨਾਂ ਰਾਤੀ ਪੀਕੇ ਧਰਵਾਸ ਜੇਹਾ ਮਿਲ ਜਾਂਦਾ ਕੀ ਦੂਸਰੇ ਸਾਰੇ ਝੱਲੇ ਬੇਚੈਨ ਹੋਏ ਤੁਰੇ ਫਿਰਦੇ ਨੇ ।ਫੇਰ ਤੂੰ ਕਹਿਨਾਂ ਬੰਦਾ ਹਲਕਾ ਫੁਲਕਾ ਜੇਹਾ ਹੋ ਜਾਂਦਾ ਤੇਰਾ ਖਿਆਲ ਦੂਸਰਿਆਂ ਦੇ ਸਰੀਰ ਬੱਜਰ ਹੋ ਜਾਂਦੇ । ਇਹ ਦੱਸ ਤੇਰੇ ਨਾਲ ਦੇ ਸਕਿਆਂ ਨੇ ਚਾਰ ਚਾਰ ਸਿਆੜ ਨਾਲ ਰਲਾ ਲਏ ਤੂੰ ਹਰ  ਸਾਲ ਕਿੱਲਾ ਉਡਾ ਦਿੰਨ੍ਹਾ ਤੂੰ ਖੱਟਿਆਂ ਕੀ ਜੇ ।ਛੱਡ ਕੇ ਵੇਖ ਜੇ ਆਵਦੇ ਮੂੰਹੋ ਹੀ ਨਾ ਕਹਿਣ ਲੱਗ ਪਿਆ - ਪਤਾ ਹੀ ਹੁਣ ਲੱਗਿਆ ; ਸੋਫੀ ਰਹਿਣ ਦਾ ਤਾਂ ਅਨੰਦ ਈ ਕਮਾਲ ਦਾ ਏ, ਐਂਵੇ ਸਾਰੀ ਉਮਰ ਪਰਖਾਂ ਕਰਨ ‘ਚ ਹੀ ਲੰਘਾਤੀ ;ਨ੍ਹੇਰੇ ‘ਚ ਹੀ ਟੱਕਰਾਂ ਹੀ ਮਾਰਦੇ ਰਹੇ । 
****