ਤਿੰਨਾਂ ਘੰਟਿਆਂ ‘ਚ ਆਪਣੇ ਆਪ ਨੂੰ ਲੁਟਾਉਣ ਵਾਲਾ ਦਿਨ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਇਕ ਇਕ ਕਰਕੇ ਦੁਆਬੀਏ ਮਾਸੜ  ਦੇ  ਚੌਥੇ  ਨੰਬਰ ਵਾਲੇ ਸੱਭ ਤੋਂ ਛੋਟੇ ਮੁੰਡੇ ਦੇ ਮੂੰਹ ਨੂੰ ਛੁਹਾਰਾ  ਛੁਹਾਉਣ ਵਾਲਾ ਦਿਨ ਵੀ ਆ ਗਿਆ । ਟੈਂਟ ਵਾਲੀਆਂ ਕੁਰਸੀਆਂ ਤੇ ਬੈਠੇ ਆਏ ਗਏ ਜੁਆਈ ਭਾਈ ਫੂਫੜਾਂ ਮੇਲੀਆਂ  ਨਾਲ ਭੁਜੀਏ ਬਦਾਨੇ ਨਾਲ ਘੁਟਾਂ ਵੱਟੀ ਚਾਹ ਪੀਂਦੇ  ਦੋ ਕੁ ਮਹੀਨਿਆਂ ਨੂੰ ਹੋ ਰਹੀਆਂ ਅਸੰਬਲੀ ਚੋਣਾਂ ਤੇ ਮਗਜ਼ ਮਾਰੀ ਕਰ ਰਹੇ ਸਾਂ ਕਿ ਅਚਾਨਕ ਹੀ ਵੱਡੇ ਗੇਟ ਥਾਣੀ ਇਕ ਪੇਟੀਆਂ ਅਲਮਾਰੀਆਂ ਨਾਲ ਭਰੇ ਕੈਂਟਰ ਨੇ ਆ ਮੂੰਹ ਕੱਢਿਆ। ਅਜੇ ਡਾਲਾ ਲਾਹਿਆ ਹੀ ਸੀ ਕਿ ਘਰਵਾਲੇ   ਸਮਾਨ ਨੂੰ ਐਂ ਲਾਹੁਣ ਪੈ ਗਏ  ਜਿਵੇ ਪੱਲੇਦਾਰ ਮੰਡੀ’ਚ ਆਈ ਝੋਨੇ ਦੀ ਟਰਾਲੀ ਨੂੰ ਚੌਹਾਂ ਪਾਸਿਆਂ ਤੋਂ ਘੇਰ ਲੈਂਦੇ ਹੁੰਦੇ  ।ਬੜੀ ਜੁਗਤ ਨਾਲ ਰੱਸਿਆਂ ਨਾਲ ਬੰਨ੍ਹੈ ਹੋਏ ਲੱਦੇ ਹੋਏ ਹੋਏ  ਸਮਾਨ ਨੂੰ ਵੇਖਿਆ ਤਾਂ ਬੜੀ ਹੈਰਾਨੀ ਹੋਈ ; ਐਨੀ ਦਸ ਕੁਅੰਟਲ ਲੱਕੜ ਨੂੰ ਮਾਸੀ  ਹੁਰੀਂ ਸਾਂਭਣਗੇ ਕਿਵੇਂ। ਮੁੰਡਿਆਂ ਨੂੰ ਤਾਂ ਚੱਜ ਨਾਲ ਸੌਣ ਲਈ ਇਕ ਇਕ ਕਮਰਾ ਵੀ ਨਹੀਂ ਆਉਂਦਾ। ਮੀਂਹ ਕਣੀ ਆ ਜੇ ਤਾਂ , ਕੋਈ ਦਲਾਨ ‘ਚ ਕੋਈ ਬਰਾਂਡੇ ‘ਚ ਕੋਈ ਵਾੜੇ ‘ਚ  ਸੌਂ ਕੇ ਬੁੱਤਾ ਸਾਰਦਾ  ।ਸੱਭ ਤੋਂ ਪਹਿਲਾਂ ਕੈਂਟਰ ਤੋਂ ਇਕ ਡਾਈਨਿੰਗ ਟੇਬਲ ਹੋਰ ਉਤਰਦਾ ਵੇਖਿਆ ਤਾਂ ਖਿਆਲ ਆਇਆ ਪਹਿਲੇ ਜੋ ਤਿੰਨ ਆਏ ਸੀ ਸਾਰੇ ਸੁੱਚੇ ਦੇ ਸੁੱਚੇ ਅਣਲੱਗ ਪਏ ਹਨ ; ਉਨਾਂ ‘ਤੇ ਕਿਸੇ ਨੇ ਇਕ ਦਿਨ ਵੀ  ਬੈਠ ਕੇ ਰੋਟੀ ਨਹੀਂ ਖਾਧੀ । ਇਕ ਦਾ ਮੇਜ਼ ਵਰਤੋਂ ‘ਚ ਹੈ ਜਿਸ ਤੇ ਡਿਨਰ ਲੰਚ ਕਰਨ ਦੀ ਬਜਾਏ ਖੇਸ ਵਿਛਾਇਆ ਹੈ ਤੇ ਕੱਪੜੇ ਪਰੈਸ ਕੀਤੇ ਜਾਂਦੇ ਹਨ  ।ਬਾਕੀ ਦੇ ਐਸ ਵੇਲੇ  ਘੁਣ ਖਾਧੀਆਂ ਕੁਰਸੀਆਂ ਸਣੇ ਪੁਰਾਣੀ  ਸਵਾਤ ‘ਚ ਹੇਠ ਉਤੇ ਐਂ ਪਏ ਆ ਜਿਵੇਂ ਐਜੁਕੇਸ਼ਨ ਬੋਰਡ ਦੀ ਰਿਕਾਰਡ ਬਰਾਂਚ ‘ਚ  ਪੁਰਾਣਾ ਫਰਨੀਚਰ ਪਿਆ ਹੋਵੇ।ਫਿਰ ਜਦ ਪੰਜਾਂ ਜਾਣਿਆ ਨੇ  ਹਾਥੀ ਵਰਗਾ  ਸੋਫਾ ਥੱਲੇ ਲਾਹ ਕੇ ਰੱਖਿਆ ਤਾਂ  ਵੇਖ ਕੇ ਲੱਗਿਆ ਇਹ ਕਿੰਨੇ ਕੁ ਦਿਨ ਚੱਲੂ ; ਜੁਆਕਾਂ ਨੇ ਚਾਅ ਚਾਅ ‘ਚ ਪੁੱਠੀਆਂ ਛਾਲਾਂ ਮਾਰ ਮਾਰ ਕੇ ਸਪਰਿੰਗ ਐ ਬਾਹਰ ਦਿਸਣ ਲਾ ਦੇਣੇ ਜਿਵੇਂ ਬਟਿੰਡੇ ਵਾਲੇ ਥਰਮਲ ਦੀਆਂ ਚਿਮਨੀਆਂ  ਦੂਰੋਂ  ਦਿਸਦੀਆਂ ਹੁੰਦੀਆਂ ।ਫਿਰ ਜਦ ਦੋ ਜਣੇ  ਡਰੈਸਿੰਗ ਟੇਬਲ ਲਾਹੁਣ ਲੱਗੇ ਤਾਂ ਉਸ ਦੇ ਮਾੜੇ ਬੰਦੇ ਦੇ ਕੱਦ  ਜਿਡੇ  ਸ਼ੀਸ਼ੇ ਦੀਆਂ    ਤਿੰਨ ਫਾਕੜਾਂ ਹੋ ਗਈਆਂ ।ਵੇਖ ਕੇ ਲੱਗਿਆ ਨਾ ਕਿਸੇ ਨੇ ਨਵਾਂ  ਸ਼ੀਸਾਂ ਪਆਉਣਾ ਘਰਦਿਆਂ ਤੋਂ ਮੈਲ ਨਾਲ ਭਰਿਆਂ ਕੰਘਿਆਂ ‘ਚ ਫਸੇ ਸਿਰਾਂ ਦੇ ਵਾਲ ਤਾਂ ਕੱਢ ਕੇ ਸਿੱਟੇ ਨਹੀਂ ਜਾਂਦੇ ;  ਕਰੀਮਾਂ ਪਾਲਸ਼ਾਂ ਰੱਖਣ ਦੀ ਥਾਂ  ਬਕਸੇ ‘ਚ ਹੋਰ ਚੌਹਾਂ ਮ੍ਹੀਨਿਆਂ ਨੂੰ ਖੰਘ ਦੀਆਂ ਸ਼ੀਸ਼ੀਆਂ ਪਈਆਂ ਦਿਸਣਗੀਆਂ ।ਕੁਲ ਮਿਲਾ ਕੇ ਐਂ ਲੱਗਿਆ  ਬਈ  ਕੁੜੀਆਂ ਵਾਲੇ ਰੀਸੋ ਰੀਸ ਦੇਈ ਜਾਂਦੇ ਆ ਤੇ ਮੁੰਡੇ ਵਾਲੇ ਲੋੜ ਹੈ ਜਾਂ ਨਹੀਂ ਅੱਗਾ ਨਹੀਂ ਵੇਖਦੇ ਪਿੱਛਾ ਨ੍ਹੀ ਵੇਖਦੇ ਘੁੰਨੇ ਜੇਹੇ ਹੋ ਕੇ ਲਈ ਜਾਂਦੇ ਆ।

ਮੋਠੂ ਮਲੰਗਾ ਫਿਰ ਇਸ ਤੋਂ ਇਲਾਵਾ ਵਿਆਹਵਾਂ ਤੇ ਜੋ ਫਜ਼ੂਲ ਖਰਚੀ ਕਪੜਿਆਂ ਦੇ ਲੈਣ ਦੇਣ ਤੇ ਹੁੰਦੀ; ਸਮਝੋ ਰੁਪਈਏ ਪਾੜ ਪਾੜ ਕੇ ਸਿੱਟਣ ਵਾਲੀ ਗੱਲ ਈ ਹੁੰਦੀ ਹੈ  ।ਇਕਾਹਟ  ਸੌ ਦਾ ਸੂਟ ; ਘੱਤਰ ਸੌ ਦਾ ਕਢਾਈ ਵਾਲਾ ਸੂਟ   ।ਜਿਸ ਦਿਨ ਵਰੀ ਬਣਾਉਣੀ ਹੁੰਦੀ  ਉਸ ਦਿਨ ਬੁੜੀਆਂ ਭੂਆ ਮਾਸੀਆਂ  ਢਾਣ੍ਹਾ  ਬੰਨ੍ਹ ਕੇ  ਬਜਾਜੀ ਵਾਲੀ ਦੁਕਾਨ ਤੇ ਐਂ ਜਾ ਬੈਠਦੀਆਂ ਜਿਵੇਂ ਦੁਕਾਨ ਆਵਦੀ ਹੁੰਦੀ ।  ਕੋਈ ਪਤਾ ਨੀਂ ਸੁਰ ਨ੍ਹੀ ਹੁੰਦਾ  ਖਰੀਦੋ ਫਰੋਖਤ ਵੇਲੇ ਬਹੁਤ ਹੀ  ਨਿਰਦਈ ਹੋਕੇ ਮਹਿੰਗੇ ਤੋਂ ਮਹਿੰਗੇ ਤੇ ਥਾਨ ਤੇ ਹੱਥ ਰੱਖਦੀਆਂ ਜਿਵੇਂ ਬਦਲਾ ਲੈਣ ਦਾ ਉਨਾਂ ਨੁੰ ਹੁਣ ਮਸਾਂ ਈ ਮੌਕਾ ਮਿਲਿਆ ਹੋਵੇ ।ਜਿਵੇਂ ਬਾਪੂ ਅੱਜ ਈ ਜਾੜ੍ਹ ਥੱਲੇ ਆਇਆ ਹੋਵੇ।ਤੇ ਫਿਰ ਦੁਕਾਨ ਤੇ ਈ ਬੈਠੀਆਂ  ਕੁੜਮਣੀ ਨੂੰ  ਮੋਬਾਈਲ ਤੇ ਆਪਣਾਪਣ ਨੇੜਤਾ ਜੇਹਾ ਵਖਾਂਉਂਦੀਆਂ ਕਹਿ ਰਹੀਆਂ ਹੁੰਦੀਆਂ  -ਭੈਣੇ! ਸੱਸ ਦਾ, ਨਣਾਨ ਦਾ,  ਪਤੀਸ ਦਾ ਤੇ  ਦਦੀਸ ਦਾ  ਸਾਰਿਆਂ  ਦੇ  ਨਾਲ ਦੀ ਚੁੰਨੀ ਸਣੇ ਸਾਰੇ ਪੜਵਾ ਲੈ ਲਏ ਨੇ ;ਭੈਣ ਜੀ !ਜੇ ਕਿਸੇ ਹੋਰ ਲਈ ਭਨ੍ਹਾਉਣਾ  ਹੈ ਤਾਂ ਦੱਸ ਦਿਉ ; ਉਸ ਵੇਲੇ ਐਂ ਖੁਲਦਿਲੀ  ਸ਼ੋਅ ਕਰਦੀਆਂ ਕਹਿ ਰਹੀਆਂ ਹੁੰਦੀਆਂ  ਜਿਵੇਂ ਸਰਪਲੱਸ ਰਿਜ਼ਰਵ ਫੰਡ ਚੋਂ ਪੈਸੇ ਲਾ ਰਹੀਆਂ ਹੋਣ  ।
 
ਫੇਰ ਦਾਰੂ ਵਰਤਾਉਣ ਲਈ ਘਰੇ  ਪੇਟੀਆਂ ਦੀਆਂ ਧਾਕਾਂ ਲੱਗ ਜਾਂਦੀਆਂ ।ਮੁੰਡੇ ਵਾਲੇ ਆਪਣੇ ਜਾਣੇ  ਅਹਿਸਾਨ ਜੇਹਾ ਕਰਦੇ ਹੋਏ ਆਖਦੇ - ਬੱਸ ਬਰਾਤੀਆਂ ਦੀ ਟਹਿਲ ਸੇਵਾ ਚੰਗੀ  ਕਰ ਦੇਣੀ-। ਮੋਠੂ ਮਲੰਗਾ !ਧਿਆਨ ਨਾਲ ਵੇਖੀ! ਜਦ ਮੈਰਜ਼ ਪੇਲਸ  ਭਰ ਜਾਂਦਾ ਤੇ ਪਤਵੰਤੇ ਸੱਜਣ ਕੁਰਸੀਆਂ ਗੋਲ ਮੇਜ਼ਾਂ ਤੇ ਜਚ ਜਾਂਦੇ ਤੇ ਦਾਰੂ ਵਰਤਾਉਣ ਦੀ  ਹਰੀ ਝੰਡੀ ਹੋ ਜਾਂਦੀ ਹੈ ਤਾਂ ਉਦੋਂ ਮੋਹਤਵਾਰ ਨਿਗਰਾਨੀ ਰੱਖਣ ਵਾਲੇ ਐਂ ਵੇਖਦੇ ਹੁੰਦੇ ਜਿਵੇਂ  ਕਮਾਂਡੋਆਂ ਨੇ ਮੰਤਰੀ  ਦੇ ਸੱਜੇ ਖੱਬੇਹ ਬਾਜ਼ ਵਾਂਗੂੰ ਝਾਕੀ ਜਾਣਾ ਹੁੰਦਾ ।ਉਨਾਂ ਦੀ  ਸਾਰੀ ਇਕਾਗਰਤਾ ਇਸ ਗੱਲ ਤੇ ਹੋ ਚੱਕੀ ਹੁੰਦੀ  ਕਿਧਰੇ ਦਾਰੂ ਘਟ ਨਾ ਜਾਵੇ ; ਵਧੀ ਦਾ ਭੋਰਾ  ਦੁਖ ਨਹੀਂ । ਖਾਲੀ ਬੋਤਲ ਦਿਸਣ ਸਾਰ  ਉਹਨੀਂ ਪੈਰੀ ਦੂਜੇ ਨੂੰ ਇਸ਼ਾਰਾ ਕਰਦੇ ਹਨ ਜਾਂ ਆਪ ਖਾਲੀ ਚੁੱਕ ਕੇ ਡੱਟ ਖੋਲ੍ਹ ਕੇ ਭਰੀ ਰੱਖ ਦਿੰਦੇ।ਕਿਤੇ ਕੋਈ ਇਉਂ ਨਾ ਕਹਿ ਦੇਵੇ ਸਰਵਿਸ ਬੜੀ ਪੂਅਰ (ਮਾੜੀ) ਸੀ ।ਕਈ ਤਾਂ  ਇਕ ਕੱਛ ‘ਚ ਦੋ  ਹੱਥਾਂ  ਲੈ ਕੇ ਐਂ ਗੇੜਾ ਦਿੰਦੇ  ਜਿਵੇਂ ਕੋਈ ਮੇਲੀ -ਮੈਨੂੰ ਨਹੀਂ ਮਿਲੀ - ਕਹਿ ਕੇ ਮੈਰਜ ਪੈਲਸ ਚੋਂ ਭੱਜ ਈ ਨਾ ਜਾਵੇ । ਕੋਈ ਵੇਲਾ ਹੁੰਦਾ ਸੀ ਜਦ ਲਾਵਾਂ ਹੋ ਜਾਂਦੀਆਂ ਸੀ ਉਸ ਪਿਛੌਂ ਹੀ ਪੀਣ ਲਈ ਹਰੀ ਝੰਡੀ ਮਿਲਦੀ ਸੀ। ਹੁਣ ਤਾਂ ਉਨਾਂ ਦੇ ਮੁੜਨ ਤੋਂ ਪਹਿਲਾਂ ਹੀ ਖੌਰੂ  ਪੈਣ ਲੱਗ ਪੈਂਦਾ , ਅਸਥੀਆਂ (ਸੈਂਖੀਆਂ) ਦੇ ਥਾਂ ਥਾਂ ਢੇਰ ਲੱਗ ਜਾਂਦੇ ਆਂ।
    
ਕੋਈ ਮੰਗ ਕਰਦਾ ਹੈ  ਜਾਂ ਨਹੀਂ  ,ਅੱਜਕਲ ਬਾਹਲਿਆਂ ਨੇ ਦਾਜ ਦੇਣਾ ਆਪਣਾ ਧਰਮ ਹੀ ਸਮਝ  ਲਿਆ! ਜਿਸ ਦਿਨ ਜੀਹਦੇ ਕੁੜੀ ਜੰਮ ਪੈਂਦੀ  ਜਾਣੋ ਮਾਂ ਨੂੰ ਤਾਂ ਉਸ ਦਿਨ ਤੋਂ ਹੀ ਉਸ ਦੇ ਵਿਆਹ ਦੇ ਤਾਣੇ ਪੇਟੇ ਦਾ ਫਿਕਰ ਪੈ ਜਾਂਦਾ ।  ਮਾਂ ਨੂੰ ਜੋ ਉਸ ਦੇ ਮਾਪਿਆਂ ਨੇ ਜੋ ਵੀਹ ਕੁ ਸਾਲ ਪਹਿਲਾਂ  ਕਾਂਟੇ ਕੰਗਣੀਆਂ  ਵੰਗਾਂ ਗਜ਼ਰੇ ਜੇਹੇ ਪਾਏ ਹੁੰਦੇ ਉਹ ਤਾਂ ਉਸ ਦਿਨ ਤੋਂ ਸੋਚ ਲੈਂਦੀ  ਉਹ ਸਾਰੇ ਗਹਿਣੇ ਉਹ ਸਾਰਾ ਸੋਨਾ ਤਾਂ  ਬੱਸ ਉਸ ਭੋਰਾ ਭਰ  ਜੰਮਣ ਵਾਲੀ ਦਾ ਹੀ ਗਿਆ  ।

ਫਿਰ ਵਿਆਹ ਵਾਲੇ ਦਿਨ  ਜੋ ਮੈਰਜ ਪੈਲਸਾਂ ‘ਚ ਮਹੌਲ ਸਿਰਜਦਾ ਉਸ ਦੀਆਂ ਕਿਆ ਬਾਤਾਂ ।ਡਾਇਨਾਸੋਰਾਂ ਜਿਡੇ ਵੱਡੇ ਵੱਡੇ ਕੰਨਾਂ ਦੀ ਮੈਲ ਪੱਟਦੇ  ਸਪੀਕਰ ਇਹ ਕਹਿ ਰਹੇ ਹੁੰਦੇ ਤੁਸੀ ਹੁਣ ਗੱਲ ਕਿਵੇਂ ਕਰ ਸਕਦੇ ਹੋ ।ਲੋਕੀਂ ਬੜੇ ਚਾਅ ਨਾਲ ਜਾਂਦੇ ਹਨ ਬਈ ਵਿਆਹ ‘ਚ ਫਲਾਨਾ ਪੁਰਾਨਾ ਬੇਲੀ ਆਊਗਾ  ਫਲਾਨੇ ਸਬੰਧੀ ਨੂੰ ਮਿਲਾਂਗੇ   ਬੈਠ ਕੇ ਦੁਖ ਸੁਖ ਕਰਾਂਗੇ ।ਪਰ ਨਹੀਂ ਤੁਸੀਂ ਉਥੇ ਇਕ ਦੂਜੇ ਦਾ ਮੂੰਹ ਹੀ ਵੇਖ ਸਕਦੇ ਹੋ ਗੱਲਾਂ ਨਹੀਂ ਕਰ ਸਕਦੇ । ਮਹੌਲ ਐਂ ਹੀ ਹੋ ਜਾਂਦਾ   ਚੁਪ ਚਾਪ  ਛਕੀ ਜਾਉ  ਪੀ ਜਾਉ ਤੇ ਜੋ ਵਜਦਾ ਸੁਣੀ ਜਾਉ ।ਦੋ ਢਾਈ ਘੰਟਿਆਂ ਵਿੱਚ ਸਭਿਆਚਾਰ ਗਰੁੱਪ ਵਾਲੇ ਉਹ ਨਜ਼ਾਰੇ ਬੰਨ੍ਹ ਦਿੰਦੇ ਜੋ ਕਦੇ ਚਿਤਵਿਆ  ਵੀ ਨਹੀਂ ਹੁੰਦਾ । ਲੱਚਪਹੁ ਦੀ ਉਹ ਨੇਰ੍ਹੀ ਪੱਟਦੇ ਅਸੀਂ ਵੇਖੀ ਜਾਨੇ ਆਂ ਤੇ ਉਹ ਵਿਖਾਈ ਜਾਂਦੇ ਹਨ ।ਜੋ ਸੋਲਾਂ  ਹਜ਼ਾਰ ‘ਚ ਕੀਤੇ ਹੁੰਦੇ ; ਜੇਬ੍ਹਾਂ ਚੋਂ ਛੱਤੀ ਹਜ਼ਾਰ ਕਢਵਾ ਲੈਂਦੇ ਆਵਦਾ ਸਿਰ ਤੇ ਆਵਦੀਆਂ ਜੁੱਤੀਆਂ ।ਉਹੇ ਸਭਿਆਚਾਰ ਦੀਆਂ ਹੈਰਾਨੀਜਨਕ ਵੰਨਗੀਆਂ ਪੇਸ਼ ਕਰਕੇ ਅਗਲੀਆਂ ਪਿਛਲੀਆਂ ਸਾਰੀਆ ਕਸਰਾਂ ਕੱਢ ਦਿੰਦੇ । ਚਾਲੀ ਪੰਜਾਹ ਭਈਏ ਵਰਦੀਆਂ ਜੇਹੀਆਂ ਪਾ ਕੇ ਜਦ  ਸਪਰਿੰਗ ਰੋਲ , ਮੰਚੁਰੀਅਨ ,ਚਿੱਲੀ ਚਿਕਨ ਨੂਡਲਾਂ ਪੇਸ਼ ਕਰਦੇ ਤਾਂ ਅਸੀਂ ਨਖਰੇ ਨਾਲ ਡੱਕਾ ਜੇਹਾ ਘਬੋ ਕੇ ਐਂ ਚੁਕਦੇ ਆਂ ਜਿਵੇਂ ਸਾਡੀ ਫੇਵਰਟ ਡਿਸ਼ ਆ ਗਈ ਹੋਵੇ ਤੇ ਐਂ ਸ਼ੋਅ ਕਰਦੇ ਆਂ   ਡੱਕੇ ਚਮਚੇ ਬਗੈਰ  ਕਦੇ ਖਾਧਾਂ ਹੀ ਨਾ ਹੋਵੇ । ਇਕ ਪਾਸੇ ਕੌਫੀਆਂ ,ਕੋਕੇ ,ਫੈਂਟੇ, ਜੂਸਾਂ ਤੇ ਸੁੱਕੇ ਮੇਵੇ ਪਾਕੇ ਦੁਧ ਦੇ ਗਲਾਸ ਜੇਹੇ ਮੇਲੀਆਂ ਬਰਾਤੀਆਂ ਨੂੰ ਧੱਕੀ ਜਾਂਦੇ ਹੁੰਦੇ  ਜਿੰਨਾਂ ਦੀ ਨਾ ਤਾਂ ਲੋੜ ਹੀ  ਹੁੰਦੀ ਤੇ ਨਾ ਹੀ ਕੋਈ ਲੱਭਤਾ ਹੁੰਦੀ । ਹੋਰ ਵੇਖ ਬਹਿਰੇ ਬਿਨਾ ਕਿਸੇ ਲੋੜ ਤੋਂ ਪੇਸਟਰੀਆਂ ਡੋਸੇ   ਨਾਸਾਂ ‘ਚ ਵਾੜਨ ਤੀਕ ਜਾਂਦੇ ਜਿਨ੍ਹਾਂ ਬਾਰੇ ਨਾ ਕਿਸੇ ਨੂੰ ਇਹ ਨਹੀਂ ਪਤਾ ਇਨ੍ਹਾਂ ਨੂੰ ਹੱਥ ਕੇਹੜੇ ਪਾਸਿਉਂ ਪਾਉਣਾ । ਵੇਖ ਕੇ ਬਾਹਲੇ ਉਸਸ ਵੱਲ ਵੇਖਦੇ ਹੀ ਨਹੀਂ ਤੇ ਬਹਿਰੇ ਕੱਚੇ ਜੇਹੇ ਹੋਏ ਅੱਗੇ ਪਿਛੇ ਤੁਰ ਫਿਰਦੇ  ।
 
ਮੋਠੂਆ ! ਇਹ ਸਾਰਾ ਲਟਰਮ ਪਟਰਮ ਜੋ ਵਰਤਾਇਆ ਜਾਂਦਾ ਇਸ ਵਿੱਚ ਨੱਬੇ ਫੀ ਸਦੀ ਤਾਂ ਉਹ ਊਲ ਜਲੂ ਜੇਹਾ ਹੁੰਦਾ ਜੋ ਸਾਡੀ  ਖੁਰਾਕ  ਦਾ ਸਾਡੇ ਕਲਚਰ ਦਾ ਹਿੱਸਾ ਹੀ ਨਹੀਂ ਹੁੰਦਾ ਬੱਸ ਨਿਰਾ  ਡਰਾਮਾ ਈ ਡਰਾਮਾ ? ਦੋ ਤਿੰਨ ਕਿਸਮ ਦੀ ਮੱਛੀ, ਕਈ ਤਰਾਂ  ਦੇ ਮੁਰਗੇ ਮਟਨ   ਸਾਰਾ ਰੀਸੋ ਰੀਸ ਦਾ ਢਕਵੰਜਵਾਦ ਲੋਕ ਉਤਨਾ ਖਾਂਦੇ ਨਹੀ ਜਿੰਨੀ ਜੂਠ ਛੱਡ ਦਿੰਦੇ  ।ਹੋਰ ਸੁਣ ਬਈ  ਮੈਰਜ਼ ਪੇਲਸਾਂ ;ਚ  ਦਾਰੂ ਵਰਤਦੀ ਵੇਖਣ ਵਾਲੀ ਹੁੰਦੀ । ਕਿਤੇ ਕਿਤੇ ਤਾਂ ਐ ਲਗਦਾ ਹੁੰਦਾ ਲੋਕ ਪੀਂਦੇ ਘੱਟ ਹੋਣ ਤੇ ਖਰਾਬ ਬਾਹਲੀ ਕਰਦੇ ਹੋਣ । ਪੌਣੇ ਪੌਣੇ ਗਲਾਸ ਦਾਰੂ ਦੇ ਵਿੱਚੇ ਛੱਡੇ ਪਏ ਹੁੰਦੇ ।ਤੇ ਘਰੇ ਖਾਲੀ ਬੋਤਲਾਂ ਨੂੰ ਧੋ ਕੇ ਪੀਣ ਤਾਈ ਜਾਂਦੇ ।ਉਸ ਦਿਨ ਕੁੜੀ ਵਾਲੇ ਸਾਰੇ  ਟੱਬਰ ਨੇ  ਸਾਰੀ ਉਮਰ ‘ਚ  ਐਨੀ ਦਾਰੂ ਸਾਰੀ ਜ਼ਿੰਦਗੀ ‘ਚ ਮੁਲ ਲੈ ਕੇ ਖਰੀਦ ਕੇ ਪੀਤੀ ਨਹੀਂ ਹੁੰਦੀ ਜਿੰਨੀ ਦਾਰੂ ਤਿੰਨਾਂ ਘੰਟਿਆਂ ‘ਚ ਬੇ ਰਹਿਮੀ ਨਾਲ ਮਧਿਆ ਦਿੱਤੀ ਜਾਂਦੀ ।

ਮੋਠੂ ਮਲੰਗਾ ! ਫੇਰ ਕੀ ਹੁੰਦਾ   ਪੀਣ ਵਾਲੇ ਤਾਂ ਪੇਟੀਆ ਦੀਆਂ ਪੇਟੀਆਂ ਡੱਫ ਕੇ ਤਿੰਨ ਚਾਰ ਵਾਰ ਪਿਸ਼ਾਬ ਜੇਹਾ ਕਰਕੇ ਨਿਕਲ ਜਾਂਦੇ ॥ ਰੱਜ ਪੁੱਜ ਕੇ ਰਬੜੀ ਰਸਗੁੱਲਿਆਂ ਤੇ ਮੂੰਹ ਜੇਹਾ ਮਾਰ ਕੇ ; ਦੰਦਾਂ ‘ਚ  ਡੱਕਾ ਜੇਹਾ ਫੇਰਦੇ ਹੋਏ  ਫੁੱਲਾਂ ਵਾਲੇ ਗੇਟ ਥਾਣੀ  ਮੈਰਜ ਪੈਲਸ ਚੋਂ ਬਾਹਰ ਨਿਕਲ ਜਾਂਦੇ ਆ ਤੇ ਮਗਰੋਂ  ਜਦ ਘਰ ਵਾਲੇ ਹਿਸਾਬ ਕਰਦੇ  ਤਾਂ ਅੱਖਾਂ ਟੱਡੀਆਂ ਰਹਿ ਜਾਂਦੀਆਂ- ਹੈਂ ! ਸੋਚਦੇ ਸ਼ਗਨ ਦੇਣ ਵਾਲਿਆ ਦੀ ਤਾਂ ਲਾਈਨ ਈ ਟੁੱਟਣ ‘ਚ ਮੁਕਣ ‘ਚ ਨਹੀਂ ਸੀ ਆਉਂਦੀ । ਇਕੱਠਾ ਹੋਇਆ ਸਾਰਾ ਸਾਲਾ ਠਾਰਾਂ ਹਜ਼ਾਰ ਈ ਸੌ ਸੌ ਦਾ ਤਾਂ ਨੋਟ ਈ ਨਹੀਂ ਦੀਂਹਦਾ । ਮੂਵੀ ਕੈਮਰੇ ਵਾਲਾ ਆਹਦਾ ਸੀ  ਚਾਲੀ ਹਜ਼ਾਰ ‘ਚ ਸਰ ਜੂ ਉਹ  ਸੱਤਰ ਹਜ਼ਾਰ ਦਾ ਬਿੱਲ ਬਣਾਈ ਫਿਰਦਾ ।ਫਰੂਟ ਚਾਟ ਵਾਲਾ ਅਲੈਹਦਾ ਪਰ/ਪਲੇਟ ਦੇ ਹਿਸਾਬ ਪੰਜਾਹਾਂ ਨਾਲ ਗੁਣਾਂ ਕਰਕੇ ਦੂਣਾ ਕਰੀ ਫਿਰਦਾ  । ਇਕੱਠ ਤਾਂ ਐਨਾ ਹੈ ਨਹੀਂ ਸੀ ,ਕੇਟਰਿੰਗ ਵਾਲਾ ਪੰਜ ਸੌ ਦੀ ਥਾਂ ਸਾਢੇ ਸੱਤ ਸੌ ਪਲੇਟਾਂ ਦੀ ਢੇਰੀ ਲਾਈ  ਬੈਠਾ  -।

ਮੋਠੂ ਮਲੰਗਾ ! ਮੈਨੂੰ ਤਾਂ ਕਿਤੇ ਕਿਤੇ ਇਹ ਸਾਰੀ ਉਮਰ ਦੀ ਕਿਰਤ ਕਮਾਈ ਗੁਆਉਣ , ਪਾਈ ਪਾਈ ਪੈਸਾ ਪੈਸਾ ਕਰਕੇ ਜੋੜੀ ਪੂੰਜੀ ਦੇ ਛਿੱਟੇ ਦੇਣ ਦਾ ਦਿਨ ਈ ਲੱਗਦਾ ।ਤਿੰਨਾ ਘੰਟਿਆਂ ‘ਚ ਪੈਸਿਆਂ ਨੂੰ ਅੱਗ ਲਾਉਣ ਵਾਲਾ ਜਾਂ ਇਹ ਕਹਿ ਲੈ ਵਿਆਹ ਸ਼ਾਦੀ ਨਹੀਂ ਲੁੱਟੇ ਜਾਣ ਵਾਲਾ , ਆਪਣੇ ਆਪ ਨੂੰ ਲੁਟਾਉਣ ਵਾਲਾ ਦਿਨ  ।

*****