ਯੇਹ ਕੰਬਖ਼ਤ ਇਸ਼ਕ.......... ਵਿਅੰਗ / ਮਿੰਟੂ ਬਰਾੜ

ਇਸ਼ਕ ਨੇ ਗ਼ਾਲਬ ਨਿਕੰਮਾ ਕਰ ਦੀਆ,
ਵਰਨਾ ਹਮ ਵੀ ਆਦਮੀ ਥੇ ਕਾਮ ਕੇ।
ਮਿਰਜ਼ਾ ਗ਼ਾਲਬ ਸਾਹਿਬ ਨੇ ਸ਼ਾਇਦ ਜਦੋਂ ਇਹ ਸ਼ੇਅਰ ਲਿਖਿਆ ਹੋਣਾ ਤਾਂ ਉਨ੍ਹਾਂ ਕਦੇ ਨਹੀਂ ਸੋਚਿਆ ਹੋਣਾ ਕੇ ਇਹ ਰਹਿੰਦੀ ਦੁਨੀਆ ਤੱਕ ਸਿਰ ਚੜ੍ਹ ਕੇ ਬੋਲਦਾ ਰਹੇਗਾ। ਉਂਜ ਤਾਂ ਕਹਿੰਦੇ ਹਨ ਕੇ ਚੰਗਾ ਸ਼ੇਅਰ ਉਹ ਹੁੰਦਾ ਜੋ ਹਰ ਇਕ ਨੂੰ ਆਪਣਾ-ਆਪਣਾ ਜਿਹਾ ਲੱਗੇ ਤੇ ਸੱਚ ਦੇ ਕਰੀਬ ਹੋਵੇ।

ਮੌਜੂਦਾ ਵਕਤ ਚ ਜੇ ਇਹ ਸ਼ੇਅਰ ਪੜ੍ਹਨ ਦਾ ਸਚਮੁਚ ਹੱਕਦਾਰ ਕੋਈ ਹੈ ਤਾਂ ਉਹ ਹੈ ਬਜ਼ੁਰਗ ਕਾਂਗਰਸੀ ਨੇਤਾ,ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਸਾਬਕਾ ਮੰਤਰੀ ਸ੍ਰੀਮਤੀ ਜਸਮਾ ਦੇਵੀ ਜੀ ਦਾ ਹੋਣਹਾਰ, ਸਭ ਤੋਂ ਵੱਡਾ ,ਕਾਲਕਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤਿਆ ਐਂਮ.ਐਂਲ.ਏ. ਤੇ ਭੂਪਿੰਦਰ ਸਿੰਘ ਹੁੱਡਾ ਸਰਕਾਰ ਦਾ ਉਪ ਮੁੱਖ ਮੰਤਰੀ ਜਨਾਬ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਹੀ ਹੈ।ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕਿਉਂ ਕਹਿਣਾ ਪਵੇ, ਕਿਉਂਕਿ ਜਨਾਬ ਹੋਰਾਂ ਦਾ ਇਸ਼ਕ ਹੁਣ ਕੋਈ ਲੁਕਿਆ ਨਹੀਂ। ਜੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖ਼ਬਰਾਂ ਵਾਲੇ ਚੈਨਲਾਂ ਕੋਲ ਕੋਈ ਮਸਾਲੇਦਾਰ ਖ਼ਬਰ ਹੈ ਤਾਂ ਉਹ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਤੇ ਅਨੁਰਾਧਾ ਬਾਲੀ ਉਰਫ਼ ਫਿਜ਼ਾ ਦੇ ਇਸ਼ਕ ਦੇ ਕਿੱਸੇ ਹੀ ਤਾਂ ਹਨ। ਤੇ ਹੋਵੇ ਵੀ ਕਿਉਂ ਨਾ, ਇਹੋ ਜਿਹੇ ਕਿੱਸੇ ਕੋਈ ਰੋਜ਼-ਰੋਜ਼ ਥੋੜ੍ਹਾ ਹੀ ਬਣਦੇ ਹਨ।ਸਦੀਆਂ ਲਗ ਜਾਂਦੀਆਂ ਇੰਨਾ ਨੂੰ ਹੋਂਦ ਚ ਆਉਂਦਿਆਂ।
ਤੁਸੀ ਹੁਣ ਆਪ ਹੀ ਦੇਖ ਲਓ ਪਤਾ ਨਹੀਂ ਕਿਹੜੇ ਯੁਗੜਿਆਂ ਦੀ ਗੱਲ ਹੈ ਜਦੋਂ ਰਾਂਝੇ ਨੇ ਤਖ਼ਤ ਹਜ਼ਾਰਾ ਛਡਿਆ ਵੀ ਸੀ ਕਿ ਨਹੀਂ? ਤੇ ਪਤਾ ਨਹੀਂ ਕਦੋਂ ਮਿਰਜ਼ੇ ਨੇ ਆਪਣਾ ਰਾਜ ਭਾਗ ਤਿਆਗਿਆ ਸੀ ਕਿ ਨਹੀਂ? ਮੇਰਾ ਇਥੇ ਸਾਡੇ ਮਹਾਨ ਕਿੱਸਾਕਾਰਾਂ ਤੇ ਸ਼ੱਕ ਕਰਨਾ ਜਾਂ ਕੋਈ ਉਂਗਲੀ ਉਠਾਉਣ ਦਾ ਮਕਸਦ ਨਹੀਂ, ਮੈਂ ਤਾਂ ਸਿਰਫ਼ ਇਹ ਹੀ ਜਤਾਉਣਾ ਚਾਹੁੰਦਾ ਹਾਂ ਕੇ ਜੋ ਆਪਾਂ ਅੱਖੀਂ ਨਹੀਂ ਦੇਖਿਆ ਉਸ ਤੇ ਥੋੜ੍ਹਾ ਬਹੁਤ ਤਾਂ ਕਿੰਤੂ-ਪ੍ਰੰਤੂ ਹੋ ਹੀ ਜਾਂਦਾ ।
ਪਰ ਇਥੇ ਤਾਂ ਅੱਜ ਦੇ ਇਸ ਇੰਦਰ ਨੇ ਸਚਮੁਚ ਹੀ ਆਪਣੀ ਬੇਗੋ ਲਈ ਆਪਣੀ ਹੱਟੀ ਨੂੰ ਅੱਗ ਲਾ ਲਈ ਹੈ।ਰਾਂਝੇ ਤੇ ਮਿਰਜ਼ੇ ਵਰਗੇ ਤਾਂ ਹਾਲੇ ਰਾਜ ਭਾਗ ਦੇ ਦਾਅਵੇਦਾਰ ਹੀ ਸਨ ਪਰ ਇਹ ਜਨਾਬ ਤਾਂ ਆਪਣੇ ਸਿਰੋਂ ਤਾਜ ਵਗਾਹ ਕੇ ਆਏ ਹਨ। ਇਸ ਨੂੰ ਕਹਿੰਦੇ ਹਨ - ਤਿਆਗ ਤੇ ਜਦੋਂ ਇਹੋ ਜਿਹੇ ਕਿੱਸੇ ਮੌਜੂਦਾ ਸਮੇਂ ਚ ਹੋ ਰਹੇ ਹੋਣ ਤਾਂ ਟੀ.ਵੀ. ਚੈਨਲਾਂ ਵਾਲੇ ਇਨ੍ਹਾਂ ਨੂੰ ਨਾ ਦਿਖਾਉਣ ਤਾਂ ਵਿਚਾਰੇ ਆਸ਼ਕ ਸਾਹਿਬ ਦੀ ਕੁਰਬਾਨੀ ਤਾਂ ਅਜਾਈਂ ਹੀ ਚਲੀ ਜਾਣੀ ਸੀ।
ਲਓ ਜੇ ਹੁਣ ਆਪਾਂ ਵਿਸਥਾਰ ਨਾਲ ਦੇਖਦੇ ਹਾਂ ਕਿ ਇਹ ਸਭ ਕੁਝ ਹੋਇਆ ਕਿੱਦਾਂ ਤੇ ਇਸ ਦੇ ਵਿਸਥਾਰ ਚ ਜਾਣ ਲਈ ਚਾਰ ਕੁ ਦਹਾਕੇ ਪਿੱਛੇ ਮੁੜਨਾ ਪਊ। ਇਹ ਗੱਲ ਸੱਠ ਦੇ ਦਹਾਕੇ ਦੀ ਹੈ ਜਦੋਂ ਹਾਲੇ ਨਵਾਂ-ਨਵਾਂ ਹਰਿਆਣਾ ਹੋਂਦ ਚ ਆਇਆ ਸੀ ਓਸ ਟਾਈਮ ਬਿਸ਼ਨੋਈ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇਕ ਪਰਵਾਰ ਜੋ ਕਿ ਵੰਡ ਸਮੇਂ ਜਿਲ੍ਹਾ ਬਹਾਵਲਪੁਰ ਪਾਕਿਸਤਾਨ ਤੋਂ ਉਂਠ ਕੇ ਓਦੋਂ ਦੇ ਸਾਂਝੇ ਪੰਜਾਬ ਦੇ ਹਿਸਾਰ ਜਿੱਲ੍ਹੇ ਦੀ ਆਦਮਪੁਰ ਮੰਡੀ ਵਿਚ ਆ ਵਸਿਆ ਸੀ ਤੇ ਹੌਲੀ-ਹੌਲੀ ਆਪਣੇ ਪੈਰ ਜਮਾਉਣ ਲਈ ਵਪਾਰ ਕਰਨ ਲੱਗਿਆ ਸੀ। ਇਸੇ ਪਰਵਾਰ ਦੇ ਇਕ ਅਣਥੱਕ ਤੇ ਮਿਹਨਤੀ ਨੌਜਵਾਨ ਨੇ ਵੱਡੀ ਮਿਹਨਤ ਕੀਤੀ। ਅੱਜ ਵੀ ਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਭਜਨ ਲਾਲ ਨਾ ਦਾ ਇਹ ਨੌਜਵਾਨ ਬੱਸਾਂ ਰਾਹੀਂ ਘਿਓ ਦੇ ਪੀਪੇ ਪੰਜਾਬ ਦੇ ਬਾਰਡਰ ਨਾਲ ਲਗਦੀ ਕਾਲਾਂ ਵਾਲੀ ਮੰਡੀ ਚ ਲਿਆ ਕੇ ਵੇਚਦਾ ਸੀ ਤੇ ਵਟਾਂਦਰੇ ਚ ਛੋਲੇ ਇਥੋਂ ਲੈ ਕੇ ਜਾਂਦਾ ਸੀ।(ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਜਨ ਲਾਲ ਸਾਈਕਲ ਉੱਤੇ ਪਿੰਡਾਂ ਵਿਚ ਕਪੜੇ ਵੇਚਿਆ ਕਰਦਾ ਸੀ।)
ਐਨੀ ਮਿਹਨਤ ਸਦਕਾ ਭਜਨ ਲਾਲ ਨੂੰ ਚੌਧਰੀ ਭਜਨ ਲਾਲ ਬਣਦੇ ਦੇਰ ਨਾ ਲੱਗੀ ਤੇ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਤਾਂ ਗ਼ੈਰ ਜਾਟ ਲੋਕਾਂ ਚ ਚੌਧਰੀ ਸਾਹਿਬ ਦੀ ਤੂਤੀ ਬੋਲਣ ਲੱਗ ਗਈ ਸੀ ਤੇ ਓਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੰਨ। 1979 ਚ ਆ ਕੇ ਉਹ ਹਰਿਆਣਾ ਦੇ ਪਹਿਲੀ ਵਾਰ ਮੁੱਖ ਮੰਤਰੀ ਬਣ ਗਏ। ਫੇਰ ਰਾਜੀਵ ਗਾਂਧੀ ਸਰਕਾਰ ਚ ਕੇਂਦਰੀ ਖੇਤੀ ਮੰਤਰੀ ਰਹੇ ਤੇ ਮੁੜ 1991 ਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਵਾਰੀ ਤਾਂ ਤੀਜੀ ਵੀ ਇਨ੍ਹਾਂ ਦੀ ਆ ਗਈ ਸੀ ਪਰ ਇਸ ਵਾਰ ਕਾਂਗਰਸ ਕਿਸੇ ਜਾਟ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ ਦੇਖਣਾ ਚਾਹੁੰਦੀ ਸੀ। ਸੋ ਬਾਜ਼ੀ ਮਾਰ ਗਿਆ ਭੂਪਿੰਦਰ ਸਿੰਘ ਹੁੱਡਾ। ਪਰ ਦੂਜੇ ਪਾਸੇ ਪੁਰਾਣੇ ਤੇ ਟਕਸਾਲੀ ਕਦਾ ਵਰ ਭਜਨ ਲਾਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਸੀ। ਸੋ ਇਥੇ ਕਿਸਮਤ ਨੇ ਗੇੜਾ ਖਾਧਾ ਤੇ ਸਾਡੀ ਅਜ ਦੀ ਕਹਾਣੀ ਦੇ ਮੁੱਖ ਪਾਤਰ ਯਾਨੀ ਕਿ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਦੇ ਹਿੱਸੇ ਹਰਿਆਣਾ ਦੇ ਉਪ ਮੁਖ ਮੰਤਰੀ ਦੀ ਕੁਰਸੀ ਆਈ।ਹੁਣ ਇਸ ਕਹਾਣੀ ਤੋਂ ਸਹਿਜੇ ਹੀ ਸਿੱਟਾ ਕੱਢਿਆ ਜਾ ਸਕਦਾ ਕਿ ਚਾਹੇ ਭਜਨ ਲਾਲ ਨੂੰ ਭਜਨੇ ਤੋਂ ਚੌਧਰੀ ਭਜਨ ਲਾਲ ਬਣਨ ਲਈ ਲੱਖ ਪਾਪੜ ਵੇਲਣੇ ਪਏ ਹੋਣ ਪਰ ਇਨ੍ਹਾਂ ਦੇ ਘਰ ਜੰਮੇ ਦੋਹਾਂ ਪੁੱਤਰਾਂ ਨੂੰ ਤਾਂ ਆਪਾਂ ਸਾਉਣ ਦੇ ਅੰਨ੍ਹੇ ਕਹਿ ਸਕਦੇ ਹਾਂ ਜਿਨ੍ਹਾਂ ਜਨਮ ਤੋਂ ਲੈ ਕੇ ਅੱਜ ਤੱਕ ਹਰਾ ਹੀ ਹਰਾ ਦੇਖਿਆ।
ਹੁਣ ਆਪਾਂ ਫੇਰ ਆਪਣੇ ਅਜ ਦੇ ਹੀਰੋ ਤੇ ਆਉਂਦੇ ਹਾਂ ਜਨਾਬ ਹੋਰਾਂ ਨੂੰ ਜੰਮਦਿਆਂ ਹੀ ਸਾਰੇ ਸੁਖ ਮਿਲੇ ਤੇ ਛੋਟੀ ਉਮਰੇ ਹੀ ਚੌਧਰ ਵੀ ਹੱਥ ਆ ਗਈ ਜਦੋਂ ਕਾਂਗਰਸ ਨੇ ਕਾਲਕਾ ਤੋਂ ਇਨ੍ਹਾਂ ਨੂੰ ਟਿਕਟ ਨਾਲ ਨਿਵਾਜ਼ ਦਿਤਾ। ਬਾਪ ਦੇ ਲਾਏ ਰੁੱਖ ਨੂੰ ਫਲ ਲੱਗਿਆ ਤੇ ਇਹ ਐਂਮ.ਐਂਲ.ਏ. ਜਿੱਤ ਗਏ। ਬੱਸ ਫੇਰ ਕੀ ਸੀ ਚੌਧਰ ਬਾਪ ਕੋਲੋਂ ਆਪ ਕੋਲ ਆਉਣ ਲੱਗ ਪਈ ਸੀ।ਬੱਸ ਇਸ ਤੋਂ ਬਾਅਦ ਹੀ ਕੋਈ ਘਾਲਾ ਮਾਲਾ ਹੋਇਆ ਜਦੋਂ ਇਕ ਵਕੀਲ ਕੁੜੀ 37 ਸਾਲਾ ਅਨੁਰਾਧਾ ਬਾਲੀ ਨੇ ਆ ਕੇ 43 ਸਾਲਾ ਜਨਾਬ ਚੰਦਰ ਮੋਹਨ ਸਾਹਿਬ ਹੋਰਾਂ ਦੇ ਦਿਲ ਤੇ ਦਸਤਕ ਦੇ ਦਿੱਤੀ ਤੇ ਪਤਾ ਨਹੀਂ ਕਦੋਂ ਜਨਾਬ ਬੱਬੂ ਮਾਨ ਹੋਰਾਂ ਦਾ ਗੀਤ “ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ” ਗੁਣ ਗੁਨ੍ਹਾਉਣ ਲਗ ਪਏ।ਲਉ ਜੀ ਜੇ ਹੁਣ ਚੋਰੀ ਦਾ ਗੁੜ ਬੁੱਕਲ ਵਿਚ ਭੰਨ ਕੇ ਖਾਈ ਜਾਂਦੇ ਤਾਂ ਕੀਹਨੂੰ ਇਤਰਾਜ਼ ਹੋਣਾ ਸੀ। ਪਰ ਜਦੋਂ ਦੋ ਜਵਾਕਾਂ ਦਾ ਪਿਓ ਤੇ 18 ਵਰ੍ਹਿਆਂ ਤੋਂ ਵਿਚਾਰੀ ਸੀਮਾ ਰਾਣੀ ਨਾਲ ਵਿਆਹਿਆ ਬੰਦਾ ਸ਼ਰ੍ਹੇਆਮ ਇਸ਼ਕ ਫਰਮਾਏਗਾ ਤਾਂ ਵੀਰ ਇਹ ਵਿਚਾਰਾ ਮੀਡੀਆ ਕਿਥੇ ਜਾਵੇਗਾ। ਇਕ ਦਿਨ ਕਿਸੇ ਪੱਤਰਕਾਰ ਵੀਰ ਦੀ ਨਿਗਾਹ ਪੈ ਗਈ ਕੇ ਕਿੰਨੇ ਦਿਨ ਹੋ ਗਏ ਉਪ ਮੁਖ ਮੰਤਰੀ ਸਾਹਿਬ ਨੂੰ ਆਪਣੇ ਦਫ਼ਤਰ ਆਇਆ। ਸ਼ੁਰੂ-ਸ਼ੁਰੂ ਚ ਤਾਂ ਲੋਕਾਂ ਜਿਆਦਾ ਧਿਆਨ ਨਹੀਂ ਦਿੱਤਾ ਇਨ੍ਹਾਂ ਖ਼ਬਰਾਂ ਵੱਲ ਪਰ ਜਦੋਂ ਵਕਤ ਗੁਜ਼ਰਦਾ ਗਿਆ ਤਾਂ ਹਰ ਇਕ ਦਾ ਧਿਆਨ ਇਸ ਪਾਸੇ ਨੂੰ ਗਿਆ। ਬੇਸ਼ੱਕ ਪਰਵਾਰ ਕੋਲੋਂ ਇਹ ਗੱਲ ਲੁਕੀ ਨਹੀਂ ਸੀ ਪਰ ਇਹ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਕ ਦਿਨ ਮਜਨੂੰ ਜੀ ਆਪਣੀ ਲੈਲਾ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆ ਗਏ ਤੇ ਕਹਿਣ ਲੱਗੇ “ਛੋੜ ਆਏ ਵੋ ਗਲੀਆਂ”
ਹੁਣ ਗੱਲ ਆ ਗਈ ਗਲੀਆਂ ਛੱਡਣ ਦੀ।ਘਰਦਿਆਂ ਤੋਂ ਬਿਨਾਂ ਕਿਸੇ ਨੂੰ ਕੀ ਇਤਰਾਜ਼ ਸੀ ਗਲੀਆਂ ਛੱਡਣ ਦਾ, ਬਾਕੀਆਂ ਲਈ ਤਾਂ ਮਸਾਲੇਦਾਰ ਖ਼ਬਰਾਂ ਹੀ ਸੀ ਇਹ ਕਾਂਡ, ਪਰ ਜਨਾਬ ਨੇ ਤਾਂ ਹੱਦ ਕਰ ਦਿੱਤੀ ਜਦੋਂ ਘਰ ਦੀਆਂ ਗਲੀਆਂ ਦੇ ਨਾਲ-ਨਾਲ ਆਪਣੇ ਧਰਮ ਦੀਆਂ ਗਲੀਆਂ ਵੀ ਛੱਡ ਦਿੱਤੀਆਂ, ਤੇ ਬੜੇ ਹੀ ਸ਼ਾਨ ਨਾਲ ਕੈਮਰਿਆਂ ਦੇ ਸਾਹਮਣੇ ਬੈਠ ਕੇ ਇਹ ਆਧੁਨਿਕ ਸੱਸੀ ਪੁੰਨੂੰ ਦੁਨੀਆ ਨੂੰ ਕਹਿ ਰਹੇ ਸੀ ਕੇ ਹੁਣ ਸਾਨੂੰ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਕਹਿ ਕੇ ਨਾ ਬੁਲਾਓ, ਅਸੀਂ ਤਾਂ ਹੁਣ ਇਸਲਾਮ ਧਾਰਨ ਕਰ ਲਿਆ ਤੇ ਚਾਂਦ ਮੁਹੰਮਦ ਤੇ ਫਿਜ਼ਾ ਬਣ ਗਏ ਹਾਂ।ਇਸ ਨੂੰ ਕਹਿੰਦੇ ਆ ਵਕਤ-ਵਕਤ ਦੇ ਰਾਗ। ਇਕ ਵਕਤ ਇਸ ਬਿਸ਼ਨੋਈ ਪਰਵਾਰ ਤੇ ਉਹ ਸੀ ਜਦੋਂ ਇੰਨਾ ਦੇ ਵਡੇਰਿਆਂ ਇਸਲਾਮ ਕਬੂਲਣ ਦੀ ਥਾਂ ਤੇ ਇਨ੍ਹਾਂ ਆਪਣੀ ਵਸੀ-ਵਸਾਈ ਦੁਨੀਆ ਛੱਡ ਦਿੱਤੀ ਸੀ ਤੇ ਗ਼ਰੀਬੀ ਨੂੰ ਗਲ ਲਾ ਲਿਆ ਸੀ। ਪਰ ਹੁਣ ਦੇਖੋ ਇਸ ਪੀੜ੍ਹੀ ਦਾ ਹਾਲ ! ਧਰਮ ਛੱਡ ਵੀ ਕੋਣ ਰਿਹਾ ਜਿਸ ਦੇ ਮੋਢਿਆਂ ਤੇ ਹਿੰਦੁਸਤਾਨ ਦੇ ਇਕ ਅਹਿਮ ਰਾਜ ਦਾ ਭਾਰ ਸੀ ਜੇ ਕੋਈ ਛੋਟਾ ਜੁਆਕ ਇੰਝ ਕਰਦਾ ਤਾਂ ਚਲੋ ਬਚਪਣਾ ਕਿਹਾ ਜਾ ਸਕਦਾ ਸੀ। ਹੁਣ ਇਸ ਨੂੰ ਤੁਸੀਂ ਕੀ ਕਹੋਗੇ? ਇਥੇ ਮੈਨੂੰ ਰਹਿ ਰਹਿ ਕੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਆ ਰਹੀਆਂ ਕਿ ਕਿਵੇਂ ਉਨ੍ਹਾਂ ਧਰਮ ਨੂੰ ਬਚਾਉਣ ਲਈ ਸਰਬੰਸ ਬਾਰ ਦਿਤਾ ਸੀ।ਵਾਰ-ਵਾਰ ਇਹ ਲਾਈਨਾਂ ਮੇਰੇ ਜਿਹਨ ਚ ਆ ਰਹੀਆਂ ਸੀ ਕਿ “ਨਾ ਕਹੂ ਅਬ ਕੀ ਨਾ ਕਹੂ ਤਬ ਕੀ, ਜੇ ਨਾ ਹੋਤੇ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ”ੇ। ਚਲੋ ਛੱਡੋ ਜੀ ਇਥੇ ਤਾਂ ਜਨਾਬ ਹੋਰਾਂ ਆਪਣੇ ਵੱਡ-ਵਡੇਰਿਆਂ ਦੀ ਲਾਜ ਨਹੀਂ ਰੱਖੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਤਾਂ ਇਹਨਾਂ ਲਈ ਦੂਰ ਦੀ ਗੱਲ ਹੈ।
ਇਹ ਕਹਾਣੀ ਇਥੇ ਹੀ ਖ਼ਤਮ ਹੋਣ ਵਾਲੀ ਨਹੀਂ, ਅਸਲੀ ਮੋੜ ਤਾਂ ਹੁਣ ਆਉਣੇ ਹਨ। ਲਓ ਜੀ ਜਦੋਂ ਜਨਾਬ ਹੋਰਾਂ ਮੀਡੀਆ ਸਾਹਮਣੇ ਗੱਲ ਖਿਲਾਰ ਹੀ ਦਿੱਤੀ ਤਾਂ ਬਾਕੀ ਪਰਵਾਰ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ। ਉਨ੍ਹਾਂ ਨੂੰ ਤਾਂ ਜਦੋਂ ਦੀਆਂ ਪਿਆਰ ਪੀਂਘਾ ਹੁਲਾਰੇ ਲੈ ਰਹੀਆਂ ਸਨ ਓਸੇ ਦਿਨ ਤੋਂ ਹੀ ਭਿਣਕ ਸੀ ਬੱਸ ਲੋਕ ਲੱਜੋਂ ਆਪਣੀ ਇੱਜ਼ਤ ਸਾਂਭੀ ਬੈਠੇ ਸਨ। ਫੇਰ ਕੀ ਸੀ ਬੁਲਾ ਲਈ ਚੌਧਰੀ ਭਜਨ ਲਾਲ ਜੀ ਨੇ ਵੀ ਪ੍ਰੈਂਸ ਕਾਨਫਰੰਸ ਆਪਣੇ ਛੋਟੇ ਮੁੰਡੇ ਕੁਲਦੀਪ ਬਿਸ਼ਨੋਈ ਨਾਲ ਮਿਲ ਕੇ ਤੇ ਕਰ ਦਿੱਤਾ ਬੇਦਖ਼ਲ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਹੁੱਡਾ ਸਾਹਿਬ ਨੇ ਵੀ ਕੁਰਸੀ ਖਿਸਕਾ ਲਈ ਉਪ ਮੁੱਖ ਮੰਤਰੀ ਵਾਲੀ, ਕਮਾਂਡੋ ਵਾਲੇ ਵੀ ਛੱਡ ਗਏ ਸਾਥ ਨਾਲ ਦੀ ਨਾਲ। ਪਰ ਜੇ ਹਾਲੇ ਸਾਥ ਸੀ ਤਾਂ ਫਿਜ਼ਾ ਦਾ ਜ਼ਰੂਰ ਸੀ। ਹੁਣ ਤੱਕ ਤਾਂ ਗੱਲਾਂ ਦੇ ਹਵਾਈ ਕਿਲ੍ਹੇ ਸਨ ਤੇ ਹੁਣ ਸ਼ੁਰੂ ਹੋ ਚੁੱਕਿਆ ਸੀ ਕੁਰਬਾਨੀਆਂ ਦਾ ਦੌਰ ਇਸ ਪ੍ਰੇਮੀ ਜੋੜੇ ਤੇ, ਫਿਜ਼ਾ ਤਾਂ ਚਲੋ ਜਿਵੇਂ ਤਿਵੇਂ ਇਕ ਮੱਧ ਵਰਗੀ ਜ਼ਿੰਦਗੀ ਚੋ ਦੀ ਲੰਘ ਕੇ ਆਈ ਸੀ। ਪਰ ਆਪਣੇ ਚਾਂਦ ਜੀ ਤਾਂ ਜਿਉਂ ਜੰਮੇ ਸੀ ਕਦੇ ਸੁੱਖ ਨਾਲ ਗ੍ਰਹਿਣ ਦੇਖਿਆ ਹੀ ਨਹੀਂ ਸੀ, ਹਾਲੇ ਤੱਕ ਹਵਾਵਾਂ ਰੁਮਕਦੀਆਂ ਰਹੀਆਂ ਸਨ ਝੱਖੜ ਤਾਂ ਪਹਿਲੀ ਬਾਰ ਝੁੱਲਿਆ ਸੀ ਜਨਾਬ ਹੋਰਾਂ ਦੀ ਜ਼ਿੰਦਗੀ ਚ, ਤੇ ਹੁਣ ਸੀ ਅਸਲੀ ਪਰਖ ਦੀ ਘੜੀ, ਇੱਕ ਰਾਜੇ ਮਹਾਰਾਜਿਆਂ ਜਿਹੀ ਜ਼ਿੰਦਗੀ ਜਿਉਣ ਵਾਲਾ ਇਕ ਦਮ ਇਕ ਛੋਟੇ ਜਿਹੇ ਫਲੈਟ ਚ ਬਿਨਾਂ ਕਿਸੇ ਜਾਇਦਾਦ ਦੇ ਇਕੱਲੇ ਪਿਆਰ ਰਸ ਚ ਡੁੱਬ ਕੇ ਦੇਖੋ ਕਿੰਨੇ ਦਿਨ ਲੰਘਾਉਂਦਾ? ਜਿਥੇ ਹੁਕਮ ਚਲਦੇ ਸੀ ਲੋਕਾਂ ਤੇ ਓਥੇ ਹੁਣ ਲੋਕਾਂ ਦੇ ਜ਼ਬਾਨੀ ਤੀਰ ਝੱਲਣੇ ਪੈਣੇ ਸੀ।
ਚਲੋ ਜੀ ਕਿਵੇਂ ਨਾ ਕਿਵੇਂ ਜ਼ਿੰਦਗੀ ਚੱਲਣ ਲੱਗ ਪਈ। ਜਨਾਬ ਲਗ ਪਏ ਆਪਣੇ ਵੋਟਰਾਂ ਨੂੰ ਭਰਮਾਉਣ ਤੇ ਕਹਿੰਦੇ ਇਸ ਬਾਰ ਤੁਹਾਡਾ ਚਾਂਦ ਫਿਜ਼ਾ ਨਾ ਦੀ ਬੱਦਲੀ ਦੇ ਓਹਲੇ ਬਹਿ ਕੇ ਤੁਹਾਡੀ ਸੇਵਾ ਕਰੇਗਾ ਤੇ ਆਉਣ ਵਾਲੇ ਵੋਟਾਂ ਚ ਤੁਸੀਂ ਫਿਜ਼ਾ ਨੂੰ ਜਿਤਾਉਣਾ ਹੈ। ਪਰ ਇਹ ਤਾਂ ਦੂਰ ਦੀਆਂ ਗੱਲਾਂ ਸੀ ਹਾਲੇ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ । ਇਥੇ ਮੈਂ ਕੁਝ ਦੋਸ਼ ਅੱਜ ਦੇ ਯੁੱਗ ਨੂੰ ਵੀ ਦੇਣਾ ਚਾਹਾਂਗਾ ਕਿਉਂਕਿ ਕੰਪਿਊਟਰ ਯੁੱਗ ਹੋਣ ਕਾਰਣ ਸਭ ਕੁਝ ਝੱਟ-ਪੱਟ ਹੋ ਜਾਂਦਾ ਸੋ ਰਾਂਝੇ ਨੇ ਤਾਂ ਕਹਿੰਦੇ ਆ ਕੇ ਬਾਰਾਂ ਸਾਲ ਮੱਝਾਂ ਚਰਾਉਣਾ ਚ ਹੀ ਲੰਘਾ ਦਿੱਤੇ ਸੀ। ਪਰ ਇਥੇ ਤਾਂ ਆਧੁਨਿਕ ਯੁੱਗ ਦੇ ਰਾਂਝੇ ਦੇ ਪੱਲੇ ਬਾਰਾਂ ਹਫ਼ਤੇ ਵੀ ਹੀਰ ਦੇ ਹੱਥ ਦੀ ਚੂਰੀ ਨਸੀਬ ਨਹੀਂ ਹੋਈ।ਜੱਗ-ਜਹਾਨ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇਕ ਬਾਰ ਫੇਰ ਕੈਮਰਿਆਂ ਮੂਹਰੇ ਫਿਜ਼ਾ ਆਈ ਬੈਠੀ ਸੀ ਬੱਸ ਫ਼ਰਕ ਇੰਨਾ ਸੀ ਕਿ ਇਸ ਬਾਰ ਉਹ ਇਕੱਲੀ ਸੀ ਤੇ ਇਸ ਦਾ ਪੁੰਨੂੰ ਇਸ ਨੂੰ ਛੱਡ ਕੇ ਤੁਰ ਗਿਆ ਸੀ । ਸੱਸੀ ਵਿਚਾਰੀ ਧਾਹਾਂ ਮਾਰ-ਮਾਰ ਕੇ ਪੁੰਨੂੰ ਦੇ ਅਗਵਾ ਹੋਣ ਦਾ ਰੌਲਾ ਪਾ ਰਹੀ ਸੀ ਤੇ ਆਖੀਰ ਅੱਠ ਘੰਟਿਆਂ ਦੇ ਵਿਰਲਾਪ ਪਿਛੋਂ ਇਕ ਚੈਨਲ ਤੇ ਪੁੰਨੂੰ ਦੀ ਆਵਾਜ਼ ਸੁਣਨ ਨੂੰ ਮਿਲੀ ਕਿ ਮੈਂ ਕੋਈ ਬੱਚਾ ਨਹੀਂ ਜਿਸ ਨੂੰ ਅਗਵਾ ਕਰ ਲਿਆ ਹੈ। ਮੈਂ ਆਪਣੀ ਮਰਜ਼ੀ ਨਾਲ ਹਰਿਦੁਆਰ ਆਇਆ ਹਾਂ। ਪਰ ਸੱਚ ਤਾਂ ਕੁਝ ਹੋਰ ਹੀ ਸੀ ਜਨਾਬ ਦਾ ਮੋਬਾਈਲ ਕੋਈ ਹੋਰ ਹੀ ਲੋਕੇਸ਼ਨ ਦਿਖਾ ਰਿਹਾ ਸੀ।ਤੇ ਮੀਡੀਆ ਕਹਿੰਦਾ ਕਿ ਅਖੀਰ ਸ਼ਾਮ ਨੂੰ ਦਿੱਲੀ ਦੇ ਬੱਸ ਅੱਡੇ ਤੇ ਪੁਲਿਸ ਨੇ ਇਕ ਸ਼ੱਕੀ ਢੰਗ ਨਾਲ ਭੱਜ ਰਹੇ ਬੰਦੇ ਨੂੰ ਫੜਿਆ ਤਾਂ ਉਹ ਵਿਚਾਰਾ ਆਪਣਾ ਚਾਂਦ ਹੀ ਸੀ । ਦੇਖੋ ਕਿਸਮਤ ਦੇ ਰੰਗ ਯਾਰੋ ਕਿ ਇਨ੍ਹਾਂ ਦੇ ਬਜ਼ੁਰਗਾਂ ਨੇ ਬੱਸਾਂ ਤੇ ਧੱਕੇ ਖਾ-ਖਾ ਕੇ ਆਪਣੀ ਅਕਲ ਨਾਲ ਆਪਣੀ ਔਲਾਦ ਨੂੰ ਜਹਾਜ਼ਾਂ ਤੇ ਚੜ੍ਹਨ ਦੇ ਕਾਬਿਲ ਬਣਾ ਦਿੱਤਾ ਸੀ।ਪਰ ਅੱਗੇ ਔਲਾਦ ਦੇ ਦਿਮਾਗ਼ ਦੇ ਵਾਰੇ-ਵਾਰੇ ਜਾਈਏ ਜੋ ਜਹਾਜ਼ਾਂ ਨੂੰ ਛੱਡ ਕੇ ਫੇਰ ਬਸ ਅੱਡਿਆ ਤੇ ਭੱਜੀ ਫਿਰਦੀ ਹੈ। ।
ਇਸ ਕਹਾਣੀ ਦਾ ਅੰਤ ਹਾਲੇ ਆ ਵੀ ਨਹੀਂ ਸਕਦਾ ਕਿਉਂਕਿ ਹਾਲੇ ਇਹ ਲੇਖ ਲਿਖੇ ਜਾਣ ਤੱਕ ਜਾਰੀ ਹੈ ਤੇ ਪਲ-ਪਲ ਨਵੇਂ ਮੋੜ ਲੈ ਰਹੀ ਹੈ ਜਿਵੇਂ ਕਿ ਵਿਚਾਰੀ ਫਿਜ਼ਾ ਨੀਂਦ ਦੀਆਂ ਗੋਲੀਆਂ ਜਿਆਦਾ ਮਾਤਰਾ ਚ ਖਾਣ ਕਰਕੇ ਚੌਵੀ ਘੰਟੇ ਹਸਪਤਾਲ ਚ ਗੁਜਾਰ ਕੇ ਆਈ ਹੈ ਤੇ ਵਿਚਾਰੀ ਆਸ ਲਾਈ ਬੈਠੀ ਸੀ ਕੇ ਕਦੋਂ ਮੇਰਾ ਚੰਦ ਚੜ੍ਹੇਗਾ ਤੇ ਕਦੋਂ ਮੈਂ ਉਸ ਨੂੰ ਅਰਘ ਦੇਵਾਂਗੀ। ਪਰ ਵਿਚਾਰੀ ਇਹ ਭੁਲੀ ਬੈਠੀ ਸੀ ਕੇ ਜੋ ਚੰਦਰ ਆਪਣੀ ਸੀਮਾ ਚ (ਕੋਲ) ਨਹੀਂ ਰਹਿ ਸਕਿਆ ਉਹ ਚਾਂਦ ਫਿਜ਼ਾ ਦਾ ਵਿਹੜਾ ਕਦੋਂ ਰੁਸ਼ਨਾਉਣ ਲੱਗਿਆ।ਥੋੜ੍ਹੇ ਦਿਨ ਸਦਮੇ ਚ ਰਹਿਣ ਤੋਂ ਪਿਛੋਂ ਫਿਜ਼ਾ ਜੀ ਦੇ ਸ਼ੁਭ ਚਿੰਤਕਾਂ ਨੇ ਫੇਰ ਅਜ ਦੀ ਇਸ ਹੀਰ ਸਲੇਟੀ ਨੂੰ ਹੌਸਲਾ ਦਿਤਾ ਕੇ ਹੱਥ ਤੇ ਹੱਥ ਧਰ ਕੇ ਬੈਠੇ ਤੋਂ ਕੁੱਝ ਨਹੀਂ ਮਿਲਣ ਵਾਲਾ ਤੇ ਕੁੱਝ ਨਾ ਕੁੱਝ ਕਰਦੇ ਰਹਿਣਾ ਚ ਹੀ ਹੁਣ ਤਾਂ ਭਲਾਈ ਹੈ। ਸੋ ਫੇਰ ਆਪਣੇ ਚੈਨਲਾਂ ਵਾਲੇ ਵੀਰ ਜੋ ਕਿ ਬੜੀ ਕੁਰਬਾਨੀ ਕਰ ਰਹੇ ਸਨ ਚੋਬੀ ਘੰਟੇ ਫਿਜ਼ਾ ਦੇ ਦਰਵਾਜ਼ੇ ਮੂਹਰੇ ਕੁੱਝ ਨਵਾ ਤੇ ਚਟਪਟਾ ਹਾਸਿਲ ਕਰਨ ਲਈ ਨੂੰ ਕੁੱਝ ਰਾਹਤ ਆਈ ਜਦੋਂ ਇਸ ਹੀਰ ਨੇ ਰਾਂਝੇ ਤੇ ਪਤਾ ਨਹੀਂ ਕਿਹੜੀ ਮਜਬੂਰੀ ਬਸ ਤੇ ਦਿਲ ਤੇ ਪੱਥਰ ਧਰ ਕੇ ਅਗਵਾ ਤੇ ਬਲਾਤਕਾਰ ਜਿਹੇ ਦੋਸ਼ ਲਾ ਦਿੱਤੇ ਤੇ ਉਂਧਰ ਜਨਾਬ ਚਾਂਦ ਜੀ ਨੂੰ ਜਦ ਲੱਗੀ ਪੁਲਿਸ ਲੱਭਣ ਤਾਂ ਲੰਡਨੋਂ ਇਕ ਫੈਕਸ ਆਈ ਕੇ ਅਸੀਂ ਤਾਂ ਆਪਣਾ ਇਲਾਜ ਕਰਾਉਣ ਇਥੇ ਆਏ ਹਾਂ। ਮੇਰੇ ਜਿਹੇ ਨਾ ਸਮਝ ਫੇਰ ਚਕਰਾ ਚ ਪੈ ਗਏ ਕੇ ਕੱਲ ਤਕ ਤਾਂ ਜਨਾਬ ਹੋਰਾਂ ਕੋਲ ਦੁਆਨੀ ਨਹੀਂ ਸੀ ਤੇ ਇਹ ਲੰਦਨ ਪਤਾ ਨਹੀਂ ਕਿੰਞ ਪਹੁੰਚ ਗਏ ਤੇ ਦੂਜੀ ਦੁਚਿੱਤੀ ਇਹ ਸੀ ਕੇ ਕੱਲ ਤਕ ਦੇਖਣ ਨੂੰ ਤਾਂ ਚਾਂਦ ਜੀ ਬੜੇ ਲਿਸ਼ਕਾਰੇ ਮਾਰ ਰਹੇ ਸਨ ਇਹ ਹੁਣ ਕਿਹੜੀ ਬਿਮਾਰੀ ਚੰਬੜ ਗਈ? ਸੋਚ ਸੋਚ ਕੇ ਸਾਡੀ ਛੋਟੇ ਬੰਦਿਆ ਦੀ ਛੋਟੀ ਸੋਚ ਇਸ ਨਤੀਜੇ ਤੇ ਪਹੁੰਚੀ ਕੇ ਇਹ ਬਿਮਾਰੀ ਜਰੂਰ ਕੀਤੇ ਦਿਮਾਗ਼ ਚ ਹੋਵੇਗੀ ਨਹੀਂ ਤਾਂ ਭੱਲਾਂ ਇਕ ਪਿੰਡ ਦਾ ਸਰਪੰਚ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਇਹ ਤਾਂ ਇਕ ਮੋਹਰੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੇ ਲੱਤ ਮਾਰ ਕੇ ਭੱਜੇ ਹਨ। ਤਾਹੀ ਤਾਂ ਸੋਚਦਾ ਕੇ ਦਰੁਸਤ ਦਿਮਾਗ਼ ਨਾਲ ਤਾਂ ਇੰਝ ਫੈਸਲਾ ਨਹੀਂ ਹੋ ਸਕਦਾ।
ਮੈਨੂੰ ਤਾਂ ਲਗਦਾ ਇਹ ਫ਼ਸਲੀ ਬਟੇਰ ਸੀ ਜੋ ਚੋਗ ਚੁਗ ਕੇ ਉਡਾਰੀ ਮਾਰ ਚੁੱਕਿਆ।ਪਰ ਇਹ ਤਾਂ ਮੇਰੀ ਸੋਚ ਹੈ ਹਾਲੇ ਪਤਾ ਨਹੀਂ ਵਕਤ ਦੇ ਗਰਭ ਵਿਚ ਕੀ ਸੱਚ ਲੁਕਿਆ ਪਿਆ ਪਰ ਹੁਣ ਤੱਕ ਜੋ ਇਤਿਹਾਸ ਹੋ ਚੁੱਕਿਆ ਉਹ ਤਾਂ ਕੋਈ ਸਨਮਾਨ ਵਧਾਉਣ ਵਾਲਾ ਨਹੀਂ ਤਾਂਹੀਓਂ ਤਾਂ ਮੇਰੇ ਜਿਹੇ ਨਾ ਸਮਝ ਨੂੰ ਵੀ ਵਿਅੰਗ ਕਰਨ ਦਾ ਮੌਕਾ ਮਿਲ ਗਿਆ ਨਹੀਂ ਤਾਂ ਮੇਰੀ ਕੀ ਜੁਰਅਤ ਸੀ ਕਿ ਚੌਧਰੀ ਭਜਨ ਲਾਲ ਦੇ ਪਰਵਾਰ ਤੇ ਵਿਅੰਗ ਲਿਖ ਸਕਦਾ।ਅਖੀਰ ਵਿਚ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਸਾਰੇ ਜਰੂਰੀ ਕੰਮ ਛੱਡ ਕੇ ਅੱਜ ਦੇ ਇਨ੍ਹਾਂ ਆਧੁਨਿਕ ਆਸ਼ਕਾਂ ਦੀਆਂ ਪ੍ਰੇਮ ਕਹਾਣੀਆਂ ਦਾ ਸਾਡੇ ਜਿਹੇ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਸਿੱਧਾ ਪ੍ਰਸਾਰਨ ਦਿਖਾ ਰਹੇ ਹਨ ਤੇ ਨਾਲ਼ੇ ਜਰੂਰੀ ਕੰਮਾਂ ਦਾ ਕੀ ਹੈ ਇਹ ਤਾਂ ਜਿੰਦਗੀ ਭਰ ਚਲਦੇ ਹੀ ਰਹਿਣੇ ਹਨ। ਭੱਲਾਂ ਕਦੇ ਇਹੋ ਜਿਹੇ ਆਸ਼ਕ ਰੋਜ-ਰੋਜ ਜੰਮਦੇ ਹਨ ?

ਮੈਨੂੰ ਕੀ ? ਤੇ ਤੈਨੂੰ ਕੀ ?.......... ਵਿਅੰਗ / ਸੁਰਿੰਦਰ ਭਾਰਤੀ ਤਿਵਾੜੀ

ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ ਤੇ ਵਾਰ ਕੇ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦਾ ਤੋਹਫਾ ਦੇਣ ਵਾਲੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾਂ ਕਰਦੇ ਚਲੇ ਗਏ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ’। ਆਜ਼ਾਦੀ ਦਾ ਅਰਥ 1947 ਤੋਂ ਬਾਦ ਹੀ ਬਦਲ ਗਿਆ ਲੱਗਦਾ ਹੈ। ਅਸੀਂ ਦੇਸ਼ ਦੇ ਆਜ਼ਾਦ ਨਾਗਰਿਕ, ਸਾਨੂੰ ਕੁਝ ਵੀ ਕਰਨ ਦੀ ਆਜ਼ਾਦੀ, ਦੁਬਾਰਾ ਗੁਲਾਮ ਹੋਣ ਦੀ ਵੀ।
ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਧਨ ਕਮਾਉਣ, ਸਿੱਖਿਆ ਪ੍ਰਾਪਤ, ਸਵੈਮਾਨ ਨਾਲ ਜਿਓਣ, ਸਵੈ-ਰੱਖਿਆ ਕਰਨ, ਸਮਾਨਤਾ ਤੇ ਤਰੱਕੀ ਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ......ਪਰ ਮੇਨੂੰ ਸਭ ਤੋਂ ਜਿ਼ਆਦਾ ਅਧਿਕਾਰ ਹਨ, ਸਭ ਤੋਂ ਜਿ਼ਆਦਾ ਆਜ਼ਾਦ ਮੈਂ। ਫਿਰ ਕੀ ਹੋ ਜੂ ਜੇਕਰ ਕਿਸੇ ਨਾਗਰਿਕ ਦਾ ਹੱਕ ਮਾਰਿਆ ਜਾਵੇਗਾ ਪਰ ਮੈਨੂੰ ਸਭ ਤੋਂ ਵੱਧ ਮਿਲਣਾ ਚਾਹੀਦਾ ਹੈ। ਬੱਸ ਮੇਰਾ ਖਿਆਲ ਰੱਖੋ ਬਾਕੀ ਦੁਨੀਆਂ ਜਾਵੇ ਭਾੜ ਵਿੱਚ। ਮੇਰੇ ਜ਼ਾਇਜ਼ ਨਾਜ਼ਾਇਜ਼ ਢੰਗ ਨਾਲ ਧਨ ਜੋੜੇ ਧਨ ਦਾ, ਰਾਜਨੀਤਿਕ ਪਹੁੰਚ ਅਤੇ ਨਿੱਜੀ ਅਸਰ ਰਸੂਖ ਦਾ ਕੀ ਲਾਭ ਹੋਇਆ ਜੇਕਰ ਮੈਨੂੰ ਦੂਸਰਿਆਂ ਤੋਂ ਵੱਧ ਹੀ ਨਾਂ ਮਿਲਿਆ? ਕਿਸੇ ਹੋਰ ਦਾ ਕੰਮ ਹੋਵੇ ਨਾਂ ਹੋਵੇ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਹੋਣੇ ਅਤਿ ਜ਼ਰੂਰੀ ਹਨ, ਇਹ ਪਰਵਾਹ ਨਾਂ ਕਰਨੀ ਕਿ ਦੇਸ਼ ਦਾ ਜਾਂ ਕਿਸੇ ਹੋਰ ਦਾ ਕਿੰਨ੍ਹਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਜੇਕਰ ਮੇਰੇ ਤੋਂ ਕੋਈ ਵੱਧ ਲੈ ਗਿਆ ਫਿਰ ਮੈਂ ਕਨੂੰਨ ਦੀ ਦੁਹਾਈ ਦੇਣ ਲਈ ਆਜ਼ਾਦ। ਮੇਰੇ ਸੁਆਰਥ ਦੇ ਰਾਹ ਵਿੱਚ ਰੋੜਾ ਨਾਂ ਬਣਿਓਂ, ਬਾਕੀ ਸਾਰਾ ਦੇਸ਼ ਲੱਟ ਕੇ ਖਾ ਲਵੋ ......... ਤਾਂ ਮੈਨੂੰ ਕੀ?
ਕਿਸੇ ਨੇ ਰਾਸ਼ਟਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਇਆ ......... ਤਾਂ ਮੈਨੂੰ ਕੀ? ਕੋਈ ਜਨਤਕ ਸਥਾਨ ਤੇ ਕੂੜਾ ਸੁੱਟ ਰਿਹਾ ......... ਤਾਂ ਮੈਂ ਕੀ ਕਰਾਂ? ਸਰਕਾਰ ਲੋਕ ਵਿਰੋਧੀ ਕੰਮ ਕਰ ਰਹੀ ਹੈ ......... ਤਾਂ ਮੈਨੂੰ ਕੀ? ਸਮਾਜ ਦੀ ਵੰਡ ਹੋ ਰਹੀ ਹੈ .......... ਤਾ ਮੈਨੂੰ ਕੀ? ਕੋਈ ਦੇਸ਼ ਵਿਰੋਧੀ ਵਿਅਕਤੀ ਨੂੰ ਜਨ-ਪ੍ਰਤੀਨਿਧੀ ਚੁਣ ਲਿਆ ......... ਤਾਂ ਮੈਂ ਫਿਰ ਕੀ ਕਰਾਂ। ਕੋਈ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ......... ਤਾਂ ਮੈਨੂੰ ਕੀ? ਕੋਈ ਦੇਸ਼ ਧ੍ਰੋਹ ਕਮਾ ਰਿਹਾ ਹੈ ......... ਤਾਂ ਮੈਨੂੰ ਕੀ? ਭ੍ਰਿਸ਼ਟਾਚਾਰ ਫੈਲ ਰਿਹਾ ਹੈ ......... ਤਾਂ ਮੈਨੂੰ ਕੀ? ਰਾਜਨੀਤੀ ਦਾ ਅਪਰਾਧੀਕਰਨ ਹੋ ਰਿਹਾ ਹੈ ......... ਤਾਂ ਮੈਂ ਕੀ ਕਰਾਂ? ਮੇਰੇ ਤੋਂ ਬਿਨਾਂ ਕਿਸੇ ਹੋਰ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਤਗੜੇ ਦਾ ਸੱਤੀਂ ਵਿਹੀ ਸੌ ......... ਤਾਂ ਮੈਨੂੰ ਕੀ ਹੋਣ ਦਿਓ। ਸੰਸਕ੍ਰਿਤੀ ਦਾ ਘਾਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ......... ਤਾਂ ਮੈਨੂੰ ਕੀ? ਆਰਥਿਕ ਸ਼ੋਸ਼ਣ ਜੋਰਾਂ ਤੇ ਹੈ ......... ਤਾਂ ਮੈਨੂੰ ਕੀ? ਇੱਕੋ ਗੱਲ ਪੁਛਦਾਂ ਦੱਸੋ ਬੱਸ ਮੈਨੂੰ ਕੀ? ਬਸ, ਬਸ, ਬਸ, ਮੈਂ ਆਜ਼ਾਦ, ਕੁਝ ਵੀ ਕਰਨ ਦੀ ਮਰਜ਼ੀ।
ਜੇਕਰ ਕਿਸੇ ਵੱਡੇ ‘ਦੇਸ਼ ਭਗਤ’ ਨੇ ਮੈਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਮੇਰਾ ਜਵਾਬ ਪਹਿਲਾਂ ਹੀ ਸੁਣ ਲਵੋ ........ ਓਏ ਤੈਨੂੰ ਕੀ? ਮੈਂ ਅਜਿਹਾ ਦੇਸ਼ ਭਗਤ ਬਣ ਗਿਆ ਹਾਂ ਕਿ ਆਪਣੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ। ਰਿਸ਼ਵਤ ਦੇ ਕੇ ਕੰਮ ਕਰਵਾਇਆ ਤਾਂ ਤੈਨੂੰ ਕੀ। ਜਨਤਕ ਸੜਕ ਤੋੜ ਰਿਹਾ ਹਾਂ ...... ਤਾਂ ਤੈਨੂੰ ਕੀ? ਕਿਸੇ ਹੋਰ ਨਾਲ ਠੱਗੀ ਮਾਰੀ ...... ਤਾਂ ਤੈਨੂੰ ਕੀ? ਰਾਜਨੀਤਿਕ ਸ਼ਕਤੀ ਨਾਲ ਨਾਜ਼ਾਇਜ਼ ਕੰਮ ਲਿਆ ...... ਤਾਂ ਤੈਨੂੰ ਕੀ? ਵੋਟ ਨਹੀਂ ਪਾਈ ...... ਤਾਂ ਪੁੱਛਣ ਵਾਲਾ ਤੂੰ ਕੌਣ? ਮੈਂ ਸਰਕਾਰੀ ਕਰਮਚਾਰੀ ਪਰ ਕੰਮ ਨਹੀਂ ਕਰਦਾ ...... ਤਾਂ ਤੈਨੂੰ ਕੀ? ਆਪਣੀ ਮਰਜ਼ੀ ਨਾਲ ਰਸਤਾ ਬੰਦ ਕਰ ਦਿੱਤਾ ......ਤਾਂ ਪੁੱਛਣ ਵਾਲਾ ਤੂੰ ਕੌਣ? ‘ਤੇਰੇ ਇਸ ਤਰਾਂ ਕਰਨ’ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ...... ਪਰ ਤੈਨੂੰ ਕੀ? ਕੋਈ ਸਰਕਾਰੀ ਪੈਸੇ ਦਾ ਦੁਰਉਪਯੋਗ ਕਰ ਰਿਹਾ ...... ਤਾਂ ਤੈਨੂੰ ਕੀ? ਮੇਰੇ ਤੋਂ ਬਿਨਾਂ ਕਿਸੇ ਨੂੰ ਚੂਨਾਂ ਲਾ ਰਿਹਾ ਹੈ ......ਤਾਂ ਪੁੱਛਣ ਵਾਲਾ ਤੂੰ ਕੌਣ?
ਸਾਂਝਾ ਕੰਮ ਕੋਈ ਹੋਵੇ, ਇੱਕੋ ਸਲੋਗਨ ...... ਮੈਨੂੰ ਕੀ ਜਾਂ ਤੈਨੂੰ ਕੀ। ਮੇਰੇ ਵਾਂਗ ਦੇਸ਼ ਦਾ ਹਰ ਨਾਗਰਿਕ ਅਜਿਹਾ ਬਣ ਗਿਆ ਹੈ ਕਿ ਉਸਨੂੰ ਕੇਵਲ ਆਪਣੇ ਸਵਾਰਥ ਦੇ ਚਸ਼ਮੇ ਵਿੱਚੋਂ ਹੀ ਦਿਸਦਾ ਹੈ। ਕੁਝ ਲੋਕ ਤਾਂ ਮੰਨਦੇ ਹਨ ਕਿ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਅੰਗ੍ਰੇਜਾਂ ਨੇ ਸਾਡੇ ਤੇ ਰਾਜ ਕੀਤਾ ਪਰ ਹੁਣ ਸਾਡੀ ‘ਮੈਨੂੰ ਕੀ ਤੇ ਤੈਨੂੰ ਕੀ’ ਦੀ ਨੀਤੀ ਦੇਸ਼ ਨੂੰ ਪੂਰੀ ਤਰਾਂ ਖੋਖਲਾ ਕਰ ਰਹੀ ਹੈ।ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।

ਮੋਮ ਦੇ ਖੰਭ……… ਕਹਾਣੀ / ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ, “ਜ਼ਜ਼ਮਾਨ ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ ਮੁਲਕ ਦਾ ਯੋਗ ਬਣਦੈ...।ਆਹ ਵੇਖ ਧਨ ਦੀ ਕੋਠੀ।ਸਮਝੋ ਫੁਰਰ ਹੋਈ...।ਸਰਦਾਰ ਜੀ ਫੰਗ ਬਣੇਗੀ,ਥੋਡੇ ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ ਅਮਰੀਕਾ ਦਾ ਧਨ ਲਿਖਿਐ।ਤੁਸੀਂ ਵੀ ਉੱਡ ਜਾਵੋਂਗੇ।ਜ਼ਜ਼ਮਾਨ ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ ਵਿਅੰਗ ਨਾਲ ਕਹਿੰਦੇ “ਪੰਡਿਤਾ ਟਿੱਚਰਾਂ ਤਾਂ ਨੀ ਕਰਦਾ।ਪਰਸੂ ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ ਆ ਲੈ ਫੜ ਦਸਾਂ ਦਾ ਨੋਟ।ਜੇ ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।ਕਦੇ ਕਦੇ ਮੰਮੀ ਆਖਦੀ “ਤੁਸੀਂ ਸਿਰ ਚੜ੍ਹਾ ਲੈਣੀ ਆਂ...।ਉਨਾਂ ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ ਕਹਿੰਦੇ “ਬਈ ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ ਉਨੀਂ ਤਿੰਨ ਭਰਾ ਸਨ।ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ “ਫੌਜੀ ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।ਪਿੰਡ ‘ਚ ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ ਵਾਲੇ ਕਿਤੇ ਲੱਛਣ ਨੇ ਏਹਦੇ...।ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।ਉਹ ਕਹਿੰਦੇ “ਸਕੂਟਰ ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।ਬੁੱਢੀਆਂ ਆਖਦੀਆਂ “ਭਾਈ ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ ਗੱਲ ਹੋ ਜੇ...”
ਇਹ ਆਲੇ ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ।ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ ਦੀ ਲਿਸਟ ਸੁਣਾ ਦਿੰਦੇ।ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ ਹਮੇਸ਼ਾਂ ਕਹਿੰਦੇ “ਜੇ ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ ਅੱਕ ਕੇ ਆਖ ਦਿੰਦੇ ਕਿ “ਚੱਲ ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ ਕੇ ਆਖਦੇ “ਕੱਲਾ ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।ਮੇਰਾ ਜਿਸਮ ਕੰਬਣ ਲੱਗ ਪਿਆ ਏ।ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ ‘ਇਹ ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ ਮੇਰੇ ਪਾਸ ਸਭ ਕੁੱਝ ਹੈ।ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।ਇਹ ਸ਼ਹਿਰ ਦਾ ਪੌਸ਼ ਏਰੀਆ ਹੈ।ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ ਆ ਕੇ ਵੀ ਉਹ ਟੈਲੀਵੀਯਨ,ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।ਉਹ ਆਉਣ ਸਾਰ ਕਹੂ “ਮਾਂ ਦਹੀਂ ਨਾਲ ਗਰੀਨ ਰੋਟੀ ਬਣਾ ਦੇ”।ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ ਜਦੋਂ ਸਾਗ ਮੱਕੀ ਦੀ ਰੋਟੀ,ਰਾਜ ਮਾਂਹ ਚੌਲ਼,ਛੋਲੇ ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ ਮੈਂ ਆਪੇ ਹੀ ਦੱਸ ਦਿੰਦੀ ਹਾਂ।ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।ਫੇਰ ਦੌੜ ਪਏ ਮੇਰੇ ਸਿਰ ‘ਚ ਖਿਆਲਾਂ ਦੇ ਘੋੜੇ।ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।ਡਾਕਟਰ ਕਹਿੰਦਾ ਹੈ,ਮਨ ਨਾਲ ਗੱਲਾਂ ਕਰਨੀਆਂ ਛੱਡ ਦੇ।ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।ਪਰ ਹੋਰ ਮੈਂ ਕਰਾਂ ਵੀ ਕੀ?ਮੇਰੀ ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ ਕਦੀ ਨਹੀਂ ਮਿਲਦਾ।ਕਹਿੰਦਾ ਮੈਂ ਉਸਦੀ ਮਨਹੂਸ ਭੈਣ ਹਾਂ।ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ ਉਹ ਖੰਭ ਵੀ ਟੁੱਟ ਗਏ।ਮਨਹੂਸ ਜੋ ਹੋਈ।ਖੰਭਾਂ ਹੀਣ ਚਿੜੀ।
ਮੇਰੇ ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ ਹੈ।ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾਂ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।ਪਰ ਉਹ ਲੜਨ ਰੋਕਣ ਤਾਂ,ਤਾਂਹੀ ਜੇ ਕਦੀ ਘਰ ਰਹਿਣ।ਜੀਵਨ ਬੇ ਰਸ ਹੈ,ਫਿੱਕਾ ਫਿੱਕਾ।ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।ਪਰ ਇਹ ਹਰ ਗੱਲ ‘ਚ ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ, “ਸਿੰਡੀ ਨੋ ਮੋਰ ਬੇਬੀ ਦੈਟਸ ਇਟ।ਟੇਕ ਕੇਅਰ ਕਰਨੀ ਮੁਸ਼ਕਲ ਹੋਵੇਗੀ।ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ।ਹੋਟਲ ਹੀ ਇਸਦਾ ਘਰ ਨੇ।ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ ਰਹੀ ਹੈ,ਸਿਹਤ ਡਿੱਗ ਰਹੀ ਹੈ।ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।ਕੀ ਕਰਨੀ ਹੈ ਏਨੀ ਮਾਇਆ?ਕਿੱਥੇ ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।ਪਰ ਮੇਰੇ ਮਨਹੂਸ ਦੇ ਕਰਮਾਂ ‘ਚ ਹੁਣ ਇਹ ਕਿੱਥੇ...।ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ ਨੂੰ ਅਖਬਾਰ ‘ਚੋਂ ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ ‘ਚੋਂ ਲੱਭਣਾ ਚਾਹੁੰਦੇ ਸੀ।ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।ਪਾਪਾ ਨੇ ਕਿਹਾ ‘ਬਾਹਰਲਾ ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।ਮਿਲਣ ਸਾਰ ਇਨਾਂ ਕਿਹਾ “ਐਹੋ ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ ਬੀ ਏ ਵੀ ਕਰਵਾ ਦਵਾਂਗਾ।ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ ਗੱਲ ਪੱਕੀ ਹੋ ਗਈ।ਬਗੈਰ ਕਿਸੇ ਵਿਚੋਲੇ ਦੇ।ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ ਢੋਇਆ ਜਾ ਰਿਹਾ ਸੀ।ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ ਵੇਖ ਰਹੇ ਸਨ।ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ ‘ਚ ਭੰਗ ਪੈ ਗਿਆ ਸੀ।ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ ਵਿੱਚ ਸਿਰਫ ਦੋ ਦਿਨ ਬਾਕੀ ਸਨ।ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।ਜੋ ਵੀ ਸੁਣਦਾ ਆਖਦਾ ‘ਰੱਬਾ ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।ਤੇ ਚਾਚੀਆਂ ਤਾਈਆਂ ਨੇ ਮਨਹੂਸ।ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ ਤੇ ਪਾਉਣੇ ਸਨ।ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।ਉਸ ਨੇ ਕਿਹਾ “ਵਿਆਹ ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ ਛੱਡ ਦੇ ਕੁੜੀ ਮਨਹੂਸ ਆ’।ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ “ਧੀਏ ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲੇਾਂ ਲੱਗੇ ਜ਼ਖਮ ਭਰ ਜਾਣੇ ਸੀ।ਮੈਂ ਰੋਂਦੀ ਕੁਰਲਾਂਦੀ ਰਹੀ।ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ ਨਾ ਨਿੱਕਲ ਸਕੀ।ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ ਮੇਰੇ ਖੰਭ ਬਣੇਗੀ।ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ ਉੱਡ ਜਾਂਦੇ ਨੇ।ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ ਦੇ ਜਨਮ ਦਿਨ ਮਨਾਉਣਗੇ।ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ ਥੋੜਾ ਗੁਟਕਦੀ ਚਹਿਕਦੀ ਵੀ ਹਾਂ।ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ ਗੱਲ ਤੇ ਆਖ ਦਿੰਦੀ ਆ “ਮੌਮ ਥੋਨੂੰ ਕੀ ਪਤੈ”?ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ ਬੱਸ ਉਹ ਹੀ ਸਮਝ ਲਵੋ।
ਸਭ ਤੋਂ ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,ਕਿਸੇ ਗੱਲੋਂ ਹੌਕਾ ਨਾਂ ਲਵੇ।ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ ਆ...।ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ।ਪਰ ਜਦ ਮਿਲਦੇ ਵਰਤਦੇ ਈ ਨੀ ਫੇਰ ਮੈਂਨੂੰ ਕਿਸੇ ਦਾ ਕੀ ਭਾਅ...?ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।ਉਲਟਾ ਮੈਨੂੰ ਕਹਿਣ ਗੇ “ਤੂੰ ਤਾਂ ਵਿਹਲੀ ਐਸ਼ਾਂ ਕਰਦੀ ਏਂ,ਸਾਡੇ ਕੋਲ ਟੈਮ ਕਿੱਥੇ ਆ”
ਹੁਣ ਤਾਂ ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ।ਮੁਸਲਮ ਕਹਾ ਕੇ ਰਾਜੀ ਨਹੀਂ।ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ।ਪਤਾ ਨਹੀਂ ਲੋਕ ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ ਬਾਲ ਵੀ ਨਹੀਂ ਖੇਡਦੇ।ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ ਵਿੱਚ ਆਪਣਾ ਮਾਣ ਸਮਝਦੇ ਨੇ।ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ ਇਨ੍ਹਾਂ ਪਛਤਾਉਣਾ ਏ।ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ ਨਾਲ ਹੀ ਪਰਚੀ ਰਹਿੰਦੀ ਆ।ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।ਜੇ ਮੈਂ ਡੋਰ ‘ਚ ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।ਤੇ ਉਹ ਵੀ ਮਾਈ ਹਨੀ,ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।ਇਹਦਾ ਪਤੀ ਤੇ ਨਿਆਣੇ ਸਭ ਏਹ ਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਪਸੰਦ ਕਰਦੀ ਸੀ।ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।ਪਰ ਉਸ ਦੇ ਡੈਡੀ ਨਹੀਂ ਮੰਨੇ।ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾਂ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ ਦੀ ਮਰੀਜ਼ ਨਾਂ ਬਣਦੀ।
ਸਾਡੇ ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ ਰਹੁ ਰੀਤਾਂ।ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ ਹੀ ਮਿਲੂ।
ੳੌਹ ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ੱਿਵਚ ਪੜਾਉਂਦੀ ਆ ਦੱਸ ਦੀ ਸੀ ਕਿ ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।ਸਕੂਲਾਂ ਕਾਲਜਾ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ ਨੇ।ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ।ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।ਏਥੇ ਇਹ ਗੱਲਾਂ ਆਮ ਨੇ।ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?ਉਹੋ ਤਾਂ ਹੁਣ ਮੇਰਾ ਆਸਰਾ ਹੈ।ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ ਨਾਤੇ ਝੂਠੇ ਨੇ।ਰੇਤ ਦੀਆਂ ਕੰਧਾਂ।ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ ਇਕੱਲਾ ਰਹਿ ਕਿਉਂ ਨਹੀਂ ਸਕਦਾ? ਮੈਂ ਸੋਚਦੀ ਹਾਂ।ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।ਮਾਪੇ ਪਤੀ ਪੁੱਤਰ ਭੈਣ ਭਰਾ,ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ ਹੈ।ਮੇਰਾ ਹੋਰ ਕੌਣ ਹੈ...?ਕੋਈ ਵੀ ਨਹੀਂ।
ਮੈ ਡੈਡੀ ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।ਮੈਂ ਰਹਿ ਗਈ ਬੇਜਾਨ ਚੀਜਾ ਨਾਲ ਮੱਥਾ ਮਾਰਨ ਲਈ।ਅੱਜ ਅਥਰੂ ਡੱਕੇ ਨਹੀਂ ਜਾ ਰਹੇ।ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।ਡੌਨਾ ਕੁੱਤਾ ਲਈ ਆ ਰਹੀ ਹੈ।ਹੱਸਦੀ ਮੁਸਕਰਾਂਉਦੀ ਹੋਈ।ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ।ਜੀਣ ਦਾ ਸਾਹਸ ਦਿੰਦੇ ਨੇ।ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।ਕਦੀ ਉਸ ਦੇ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ ਸਿੰਡੀ’ ਕਿਹਾ ਹੈ।ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।ਘਰ ਦੀਆਂ,ਸਟਰੀਟ ਦੀਆਂ,ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ
“ਡਾਰਲਿੰਗ ਕਿਉਂ ਐਨੀ ਉਦਾਸ ਏਂ?”
“ਮੇਰੇ ਵਲ ਵੇਖ ਮੇਰੇ ਮਾਂ ਬਾਪ ਪਤੀ,ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।ਮੈਂ ਫੇਰ ਵੀ ਖੁਸ਼ ਹਾਂ”।ਉਹ ਉੱਚੀ ਉੱਚੀ ਹੱਸੀ।“ਕੀ ਮੈਂ ਜੀਂਦੀ ਨਹੀਂ?ਤੂੰ ਵੀ ਮਜਬੂਤ ਹੋ”।
ਤੇ ਮੈਂ ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।ਮੇਰੇ ਡੈਡੀ ਵੀ ਕਹਿੰਦੇ ਸੀ
‘ਬੰਦੇ ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।ਰੇਤ ਦੀਆਂ ਕੰਧਾਂ।
ਮੈਂ ਆਲੇ ਦੁਆਲੇ ਵੇਖਿਆ।ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।ਡੌਨਾ ਮੁਸਕਰਾ ਰਹੀ।ਕੁੱਤਾ ਖੇਡ ਰਿਹਾ ਸੀ।ਫੇਰ ਮੈਂ ਕਿਉਂ ਉਦਾਸ ਸੀ?ਜੀ ਕਰਦਾ ਸੀ ਉੱਡ ਜਾਵਾਂ।ਜਿਵੇਂ ਪੰਛੀ ਖੁੱਲੇ ਅੰਬਰਾਂ ‘ਚ ਉੱਚੀ ਉਡਾਣ ਭਰਦੇ ਨੇ।ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਹੋਵੇ।

ਤਿੜਕੇ ਹੋਏ ਸ਼ੀਸ਼ੇ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇੱਕ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਚੱਲ ਰਿਹਾ ਸੀ . 'ਨਾਮਵਰ' ਕਵੀ ਆਪੋ - ਆਪਣੀਆਂ ਰਚਨਾਵਾਂ ਸੁਣਾ ਰਹੇ ਸਨ ਤੇ ਸਰੋਤੇ ਕਵੀਜਨਾਂ ਦੀਆਂ ਰਚਨਾਵਾਂ ਤੇ ਖ਼ਿਆਲਾਂ 'ਤੇ ਅਸ਼ - ਅਸ਼ ਕਰ ਰਹੇ ਸਨ . ਪਰ ... ਤਦੇ ਹੀ ਇੱਕ ' ਵਿਦਵਾਨ ' ਆਲੋਚਕ ਸਾਹਿਬਾਨ ਕਵੀ ਦਰਬਾਰ ਵਿੱਚ ਆਣ ਪਧਾਰੇ . ਕਵਿਤਾਵਾਂ ਦਾ ਚੱਲ ਰਿਹਾ ਅਖੰਡ ਪਾਠ ਜਿਵੇਂ ਖੰਡਿਤ ਹੋ ਗਿਆ . 'ਨਾਮਵਰ ' ਕਵੀ ਜਨ ਹੁਣ ਆਲੋਚਕ ਦੀ ਜੀ - ਹਜ਼ੂਰੀ ਕਰ ਰਹੇ ਸਨ . ਮੰਚ 'ਤੇ ਕਵਿਤਾ ਸੁਣਾ ਰਹੇ ਕਵੀ ਦੀ ਆਵਾਜ਼ ਇੱਕ 'ਸਾਹਿਤਕ ਸੂਝ' ਵਾਲੇ ਸ਼ੋਰ ਵਿੱਚ ਦਬ ਚੁੱਕੀ ਸੀ . ...............................ਤੇ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਮਾਜ ਨੂੰ ਉਸਦੀ ਅਸਲੀ ਤਸਵੀਰ ਵਿਖਾਉਣ ਵਾਲੇ ਸ਼ੀਸ਼ੇ ਤਿੜਕ ਗਏ ਹੋਣ

ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ.......... ਲੇਖ / ਰਿਸ਼ੀ ਗੁਲਾਟੀ

ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ ਲਘੂ ਉਦਯੋਗ ਤੋਂ ਲੈ ਕੇ ਬਹੁ-ਰਾਸ਼ਟਰੀ ਕੰਪਨੀਆਂ ਤੱਕ ਸਭ ਤੇ ਪਿਆ ਹੈ । ਜਿਸ ਕਾਰੋਬਾਰ ਬਾਰੇ ਜਿ਼ਕਰ ਕਰਨ ਜਾ ਰਿਹਾ ਹਾਂ, ਉਹ ਅਜੋਕੀ ਮੰਦੀ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਹੀ ਨਿਘਾਰ ਵੱਲ ਤੁਰ ਪਿਆ ਸੀ । ਕਰੀਬ ਪੰਦਰਾਂ ਸਾਲ ਪਹਿਲਾਂ ਆੜ੍ਹਤ ਦੇ ਕਾਰੋਬਾਰ ਦਾ ਬੜਾ ਬੋਲ-ਬਾਲਾ ਸੀ । ਛੋਟੀ ਤੋਂ ਛੋਟੀ ਮੰਡੀ ਵਿੱਚ ਵੀ ਕਈ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਉਸ ਸਮੇਂ ਕੋਟਕਪੂਰਾ (ਪੰਜਾਬ) ਏਸ਼ੀਆ ਦਾ, ਰੂੰ ਦੇ ਕਾਰੋਬਾਰ ਵਿੱਚ ਸਭ ਤੋਂ ਵੱਡਾ ਵਪਾਰਿਕ ਅਦਾਰਾ ਮੰਨਿਆ ਜਾਂਦਾ ਸੀ । ਗਲੀਆਂ ਵਿੱਚ ਨਰਮੇ ਤੇ ਕਪਾਹ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ । ਏਨਾਂ ਰਸ਼ ਹੁੰਦਾ ਸੀ ਕਿ ਟਰੈਕਟਰ, ਕਾਰ ਤਾਂ ਛੱਡੋ, ਸਕੂਟਰ ਲੈ ਕੇ ਨਿੱਕਲਣਾ ਵੀ ਮੁਸ਼ਕਿਲ ਹੁੰਦਾ ਸੀ । ਕਿਸਾਨਾਂ ਨੂੰ ਅੱਠ-ਦਸ ਦਿਨ ਮੰਡੀ ਵਿੱਚ ਹੀ ਰਹਿਣਾ ਪੈਂਦਾ ਸੀ, ਕਿਉਂ ਜੋ ਪਹਿਲੀ ਗੱਲ ਤਾਂ ਜਲਦੀ ਫਸਲ ਵਿਕਦੀ ਹੀ ਨਹੀਂ ਸੀ ਤੇ ਜੇ ਵਿਕ ਜਾਂਦੀ ਤਾਂ ਤੁਲਦੀ ਨਹੀਂ ਸੀ । ਮੰਡੀ ਵਿੱਚ ਰਹਿਣ ਦੀ ਤੰਗੀ ਭਾਵੇਂ ਕਿੰਨੀ ਵੀ ਸੀ ਪਰ ਲੱਗਦਾ ਹੈ ਕਿ ਨਰਮੇ ਦੇ ਵੱਡੇ ਸਾਰੇ ਢੇਰ ਤੇ ਬੈਠ ਕੇ ਘਰੋਂ ਲਿਆਂਦੀ ਰੋਟੀ ਖਾਣ ਦਾ ਆਪਣਾ ਹੀ ਸੁਆਦ ਸੀ । ਸ਼ਾਮ ਨੂੰ ਕਿਸਾਨ, ਨਾਲ਼ ਦੀਆਂ ਢੇਰੀਆਂ ਵਾਲਿਆਂ ਨਾਲ਼ ਜੁੰਡਲੀ ਬਣਾ ਕੇ ਗਿਲਾਸੀ ਭਿੜਾਉਂਦੇ ਸਨ ਤੇ ਮੁੜ ਆੜ੍ਹਤੀਆਂ ਦੀਆਂ ਦਿੱਤੀਆਂ ਮੁਸ਼ਕੀਆਂ ਰਜਾਈਆਂ ਸਿਰ ਤੀਕ ਲੈ ਕੇ ਘੁਰਾੜੇ ਇਉਂ ਮਾਰਦੇ ਜਿਕੂੰ ਆਰਾ ਚੱਲਦਾ ਹੋਵੇ । ਸਾਰੀ ਦਿਹਾੜੀ ਮੂੰਗਫਲੀਆਂ ਖਾਂਦਿਆਂ, ਨਿੱਘੀ ਧੁੱਪ ਦਾ ਨਿੱਘ ਮਾਣਦਿਆਂ ਤੇ ਮੁਨੀਮ ਦੇ ਮਗਰ ਗੇੜੇ ਮਾਰਦਿਆਂ ਨਿੱਕਲ ਜਾਂਦੀ ਤੇ ਸਰਦ ਰਾਤ ਨਰਮੇ ਦੀ ਢੇਰੀ ਉੱਤੇ ।

ਮੰਡੀ ਵਿੱਚ ਬੜੀ ਕਿਸਮ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਸਭ ਤੋਂ ਪਹਿਲਾਂ ਤਾਂ ਆੜ੍ਹਤੀਏ, ਜਿਨਾਂ ਨੂੰ ਕੱਚਾ ਆੜ੍ਹਤੀਆ ਵੀ ਕਿਹਾ ਜਾਂਦਾ ਹੈ । ਇਹਨਾਂ ਦਾ ਕੰਮ ਕਿਸਾਨ ਤੇ ਖਰੀਦਦਾਰ ਵਿੱਚ ਫਸਲ ਦਾ ਭਾਅ ਤੈਅ ਕਰਵਾਉਣਾ ਹੁੰਦਾ ਹੈ । ਟਰਾਲੀ ਮੰਡੀ ਵਿੱਚ ਆਉਣ ਤੋਂ ਬਾਦ ਫਸਲ ਦੀ ਤੁਲਾਈ ਤੱਕ ਸਾਂਭ ਸੰਭਾਲ ਕਰਨਾ ਆੜ੍ਹਤੀਏ ਦੀ ਜਿੰਮੇਵਾਰੀ ਹੁੰਦੀ ਹੈ । ਵੱਖ-ਵੱਖ ਖਰੀਦਦਾਰਾਂ ਨੂੰ ਫਸਲ ਵਿਕਰੀ ਲਈ ਦਿਖਾਉਣਾ, ਮੌਸਮ ਖਰਾਬ ਹੋਣ ਦੇ ਹਾਲਾਤਾਂ ਵਿੱਚ ਫਸਲ ਢਕਣਾ ਆਦਿ ਕੰਮ ਆੜ੍ਹਤੀਏ ਦੇ ਮੁਲਾਜ਼ਮ ਕਰਦੇ ਹਨ । ਫਸਲ ਤਾਂ ਹਾੜੀ-ਸਾਉਣੀ ਆਉਂਦੀ ਹੈ । ਇਨ੍ਹਾਂ ਦਿਨਾਂ ਵਿੱਚ ਕਿਸਾਨ ਵੀ ਸ਼ਾਹੂਕਾਰ ਹੁੰਦਾ ਹੈ । ਇਸ ਤੋਂ ਬਿਨਾਂ ਸਾਰਾ ਸਾਲ ਕਿਸਾਨ ਦੀਆਂ ਘਰੇਲੂ ਤੇ ਫਸਲ ਪਾਲਣ ਲਈ ਆਰਥਿਕ ਜ਼ਰੂਰਤਾਂ ਆੜ੍ਹਤੀਆ ਹੀ ਪੂਰੀਆਂ ਕਰਦਾ ਹੈ । ਆੜ੍ਹਤੀਏ ਦੀ ਆਮਦਨ ਦਾ ਜ਼ਰੀਆ ਕਿਸਾਨ ਨੂੰ ਦਿੱਤੇ ਗਏ ਰੁਪਏ ‘ਤੇ ਵਿਆਜ ਅਤੇ ਵਿਕੀ ਹੋਈ ਫਸਲ ਤੇ ਖਰੀਦਦਾਰ ਕੋਲੋਂ ਲਈ ਗਈ ਦਾਮੀ (ਕਮਿਸ਼ਨ) ਹੁੰਦੀ ਹੈ । ਆੜ੍ਹਤੀਏ ਤੇ ਕਿਸਾਨ ਦਾ ਰਿਸ਼ਤਾ ਨਹੁੰ-ਮਾਸ ਵਾਲਾ ਮੰਨਿਆ ਜਾਂਦਾ ਸੀ । ਦੋਹੇਂ ਇੱਕ ਦੂਜੇ ਦੇ ਪੂਰਕ ਹੁੰਦੇ ਸਨ । ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ,

ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ

ਦੋਹੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ । ਜਦੋਂ ਕਿਤੇ ਆੜ੍ਹਤੀ ਕਿਸਾਨ ਦੇ ਪਿੰਡ ਚਲਿਆ ਜਾਂਦਾ ਸੀ ਤਾਂ ਰੋਟੀ ਤੇ ਲੱਸੀ ਨਾਲ ਉਸਦੀ ਆਓ-ਭਗਤ ਕੀਤੀ ਜਾਂਦੀ ਸੀ । ਪੋਲੀ ਗੱਦੀ ਤੇ ਬੈਠਣ ਦਾ ਗਿੱਝਿਆ ਆੜ੍ਹਤੀਆ, ਵਾਣ ਵਾਲੇ ਮੰਜੇ ਤੇ ਲੱਤਾਂ ਨਿਸਾਰ ਕੇ ਬੈਠਾ ਵੀ ਏਨਾ ਮਾਣ ਮਹਿਸੂਸ ਕਰਦਾ ਸੀ ਜਿਵੇਂ ਆਪਣੇ ਘਰ ਬੈਠਾ ਹੋਵੇ ਤੇ ਕਿਸਾਨ ਵੀ ਸੀਰੀ ਨੂੰ ‘ਵਾਜ ਮਾਰਨ ਦੀ ਬਜਾਏ ਅੰਦਰੋਂ ਕੰਗਣੀ ਵਾਲੇ ਗਿਲਾਸ ਵਿੱਚ ਪਾਣੀ ਖੁਦ ਲੈ ਕੇ ਆਉਂਦਾ ਸੀ । ਨਾਲ਼ ਹੀ ਕਦੇ-ਕਦੇ ਉਨ੍ਹਾਂ ਨਿਆਣਿਆਂ ਨੂੰ ਵੀ ਲਲਕਰਾ ਮਾਰ ਦਿੰਦਾ ਸੀ ਜੋ ਘਰ ਦੇ ਦਰਵਾਜ਼ੇ ਵਿੱਚ ਖੜੇ ਆੜ੍ਹਤੀਏ ਦੇ “ਰਾਜਦੂਤ/ਯਜਦੀ” ਮੋਟਰਸਾਇਕਲ ਜਾਂ ਟੇਢਾ ਕਰਕੇ ਸਟਾਰਟ ਹੋਣ ਵਾਲੇ ਪੁਰਾਣੇ ਬਦਰੰਗ ਸਕੂਟਰ ਨਾਲ਼ ਛੇੜਖਾਨੀ ਕਰਦੇ ਸਨ । ਨਿਆਣੇ ਵੀ ਖੜੇ ਸਕੂਟਰ ਦੀਆਂ ਰੇਸਾਂ ਮਰੋੜੀ ਜਾਂਦੇ ਜਾਂ ਗੇਅਰ ਬਦਲ-ਬਦਲ ਕੇ ਵੇਖੀ ਜਾਂਦੇ ਤੇ ਕਲੱਚ ਤੇ ਬਰੇਕ ਨੱਪ-ਨੱਪ ਕੇ ਤਾਰਾਂ ਢਿੱਲੀਆਂ ਕਰ ਦਿੰਦੇ । “ਵਿਹੜੇ” ਵਾਲੇ ਜੁਆਕਾਂ ਲਈ ਮਤੇ ਇਹ ਅਲੋਕਾਰ ਚੀਜ਼ ਹੁੰਦੀ ਸੀ । ਆੜ੍ਹਤੀ ਉਮਰ ਵਿੱਚ ਭਾਵੇਂ ਛੋਟਾ ਹੁੰਦਾ ਜਾਂ ਵੱਡਾ, ਕਿਸਾਨ ਦੀ “ਸ਼ਾਹ ਜੀ- ਸ਼ਾਹ ਜੀ” ਕਹਿੰਦਿਆਂ ਜ਼ੁਬਾਨ ਨਾ ਥੱਕਦੀ । ਜੇ ਕਦੇ ਸ਼ਾਹ ਜੀ ਦਾ ਸਕੂਲ ਜਾਂ ਕਾਲਜ ਪੜ੍ਹਦਾ ਮੁੰਡਾ ਆ ਜਾਂਦਾ ਤਾਂ ਉਸਨੂੰ “ਛੋਟੇ ਸ਼ਾਹ ਜੀ” ਦੀ ਉਪਾਧੀ ਮਿਲ ਜਾਂਦੀ ।

ਹੁਣ ਤਾਂ ਹਾਲਾਤ ਹੀ ਬਦਲ ਗਏ ਨੇ । ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ । ਸੇਮ, ਸੁੰਡੀਆਂ ਤੇ ਮੌਸਮ ਦੀ ਮਾਰ ਹੇਠ ਆਈ ਕਿਰਸਾਨੀ, ਕਰਜਿ਼ਆਂ ਦੇ ਭਾਰ ਹੇਠਾਂ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ । ਨਕਲੀ ਦਵਾਈਆਂ, ਮਾੜੀਆਂ ਖਾਦਾਂ, ਫਸਲੀ ਚੱਕਰ ਤੇ ਧਰਤੀ ਦੀ ਘਟਦੀ ਉਪਜਾਊ ਸ਼ਕਤੀ ਕਾਰਨ ਫਸਲਾਂ ਜਿ਼ਆਦਾ ਮੁਨਾਫਾ ਨਹੀਂ ਦੇ ਰਹੀਆਂ । ਵਧਦੀ ਮਹਿੰਗਾਈ ਕਿਸਾਨ ਤਾਂ ਕੀ, ਹਰ ਤਬਕੇ ਦਾ ਲੱਕ ਤੋੜ ਰਹੀ ਹੈ । ਵਿਆਹਾਂ ਸ਼ਾਦੀਆਂ ਵਿੱਚ ਜ਼ਰੂਰਤ ਤੋਂ ਜਿ਼ਆਦਾ ਖ਼ਰਚ ਵੀ ਕਿਸਾਨ ਦੇ ਪਤਨ ਦਾ ਕਾਰਨ ਬਣ ਰਹੇ ਹਨ । ਜੇ ਵਿਆਹ ਵਿੱਚ “ਮਾਰੂਤੀ” ‘ਤੇ ਫੁਲਕਾਰੀ ਪਾਈ ਨਜ਼ਰ ਨਾ ਆਵੇ ਤਾਂ ਵਿਆਹ ਕਰਨ ਵਾਲੇ ਤੇ ਕਰਵਾਉਣ ਵਾਲੇ, ਕਿਸੇ ਨੂੰ ਸੁਆਦ ਨਹੀਂ ਆਉਂਦਾ । ਜੋ ਕਿਸਾਨ ਕਰਜਿ਼ਆਂ ਦੇ ਭਾਰ ਹੇਠ ਜਿ਼ਆਦਾ ਹੀ ਦੱਬੇ ਜਾਂਦੇ ਹਨ, ਉਨ੍ਹਾਂ ਨੂੰ ਮੁਸੀਬਤਾਂ ਤੋਂ ਖਹਿੜਾ ਛੁਡਾਉਣ ਲਈ ਖੁਦਕਸ਼ੀ ਤੋਂ ਸੌਖਾ ਰਾਹ ਨਜ਼ਰ ਨਹੀਂ ਆਉਂਦਾ । ਕਿੰਨੇ ਅਫਸੋਸ ਵਾਲੀ ਗੱਲ ਹੈ ਕਿ ਖੁਦਕਸ਼ੀ ਕਰਨੀ ਸੌਖੀ ਲੱਗਦੀ ਹੈ ਪਰ ਕਰਜ਼ੇ ਦਾ ਬੋਝ ਘਟਾਉਣ ਲਈ ਖ਼ਰਚ ਘੱਟ ਕਰਨੇ ਔਖੇ । ਕਈ ਕਿਸਾਨਾਂ ਦੀ ਸੋਚ ਹੈ ਕਿ “ਲਹਿਣਗੇ ਤਾਂ ਲਹਿਣਗੇ, ਨਹੀਂ ਤਾਂ ਵਹੀਆਂ ਨਾਲ ਖਹਿਣਗੇ ।” ਕਰਜ਼ਾ ਚਾਹੇ ਬੈਂਕ ਦੇ ਰਿਹਾ ਹੈ ਜਾਂ ਆੜ੍ਹਤੀਆ, ਇਹ ਕਰਜ਼ਦਾਰ ਨੂੰ ਦਿੱਤੀ ਜਾ ਰਹੀ ਇੱਕ ਸਹੂਲਤ ਹੈ, ਜਿਸ ਨਾਲ਼ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਨਾ ਕਿ ਉਸਦਾ ਅਧਿਕਾਰ, ਜਿਸਨੂੰ ਉਹ ਕਾਠ ਮਾਰ ਕੇ ਬੈਠ ਜਾਵੇ । ਪਿਛਲੇ ਦਿਨੀਂ ਇੰਟਰਨੈੱਟ ‘ਤੇ ਪੰਜਾਬ ਦੀ ਪ੍ਰਮੁੱਖ ਪੰਜਾਬੀ ਅਖ਼ਬਾਰ ਵਿੱਚ ਇੱਕ ਖਬਰ ਪੜ੍ਹ ਰਿਹਾ ਸਾਂ ਕਿ “ਬੈਂਕ ਵੱਲੋਂ ਘਰ ਦੀ ਕੁਰਕੀ ਕਰਨ ਤੇ ਮਕਾਨ ਮਾਲਕ ਵੱਲੋਂ ਖੁਦਕਸ਼ੀ ਕੀਤੀ ਗਈ ।” ਇਸ ਖਬਰ ਮੁਤਾਬਿਕ ਉਸ ਸਖ਼ਸ਼ ਨੇ ਖੁਦਕਸ਼ੀ ਨੋਟ ਵਿੱਚ ਬੈਂਕ ਮੈਨੇਜਰ ਤੇ ਮਕਾਨ ਦੇ ਖਰੀਦਦਾਰ ਉੱਪਰ ਜ਼ਬਰਦਸਤੀ ਦਾ ਦੋਸ਼ ਲਾਇਆ ਸੀ । ਜਦ ਕਿ ਇਸ ਕੁਰਕੀ ਬਾਰੇ ਬੈਂਕ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ । ਅਸਲ ਗੱਲ ਕੀ ਹੈ, ਉਹ ਤਾਂ ਸਬੰਧਿਤ ਧਿਰਾਂ ਨੂੰ ਹੀ ਪਤਾ ਹੋਵੇਗਾ ਪਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਜੇਕਰ ਕੋਈ ਵੀ ਕਰਜ਼ਦਾਰ ਸਮੇਂ ਸਿਰ ਆਪਣੇ ਕਰਜ਼ੇ ਦੀ ਅਦਾਇਗੀ ਕਰੇ ਤਾਂ ਕੀ ਕਰਜ਼ਾ ਲੈਣ ਤੇ ਦੇਣ ਵਾਲੇ ਵਿੱਚ ਕੋਈ ਫਿੱਕ ਪਏਗੀ ? ਸ਼ਾਇਦ ਨਹੀਂ । ਇਹ ਨਹੀਂ ਕਿ ਸਿਰਫ਼ ਪੰਜਾਬ ਵਿੱਚ ਹੀ ਕਈ ਕਰਜ਼ਦਾਰਾਂ ਦੀ ਅਜਿਹੀ ਸੋਚ ਹੈ, ਆਸਟ੍ਰੇਲੀਆ ਵਿੱਚ ਵੀ ਇੱਕ ਅਜਿਹੀ ਮਹਾਨ ਹਸਤੀ ਨੂੰ ਮਿਲਣ ਦਾ ਮੌਕਾ ਮਿਲਿਆ । ਜਨਾਬ ਹੋਰਾਂ ਦੀ ਤਨਖਾਹ 2500 ਡਾਲਰ ਪ੍ਰਤੀ ਮਹੀਨਾ ਹੈ ਤੇ ਤਿੰਨ ਕ੍ਰੈਡਿਟ ਕਾਰਡ ਬਣਵਾ ਕੇ 50000 ਡਾਲਰ ਕਰਜ਼ਾ ਚੁੱਕਿਆ ਹੋਇਆ ਹੈ । ਸੋਚ ਕੀ ਹੈ ? ਆਪਾਂ ਕਿਹੜਾ ਵਾਪਸ ਕਰਨੇ ਹਨ । ਹੁਣ ਦੱਸੋ ! ਜੇਕਰ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਸਖ਼ਤੀ ਕਰਨਗੀਆਂ ਤਾਂ ਉਹ ਮਾੜੀਆਂ ਹਨ ? ਇਹੀ ਹਾਲਾਤ ਕਿਸਾਨ ਤੇ ਆੜ੍ਹਤੀਏ ਦੇ ਹਨ । ਜੇਕਰ ਕਿਸਾਨ ਕਰਜੇ਼ ਦੀ ਅਦਾਇਗੀ ਹੀ ਨਹੀਂ ਕਰੇਗਾ ਤਾਂ ਆੜ੍ਹਤੀਏ ਦਾ ਕਾਰੋਬਾਰ ਕਿੱਦਾਂ ਚੱਲੇਗਾ । ਗੱਲ ਮੁੱਕਦੀ ਕਿਦਾਂ ਹੈ ? ਵਿਆਜ ਤੇ ਵਿਆਜ, ਕਰਜ਼ੇ ਤੋਂ ਕਰਜ਼ੇ ਦੀ ਪੰਡ, ਪੁਲਿਸ-ਕਚਿਹਰੀ, ਕੁਰਕੀ, ਧਰਨੇ-ਮੁਜ਼ਾਹਰੇ, ਰਾਜਨੀਤੀ, ਅਖ਼ਬਾਰਾਂ ਵਿੱਚ ਦੋਹਾਂ ਦੀ ਤੋਏ-ਤੋਏ ਤੇ ਅੰਤ ਖੁਦਕਸ਼ੀ । ਕਿਸਾਨ ਤੇ ਕਿਰਸਾਨੀ ਦੇ ਹਾਲਤਾਂ ਬਾਰੇ ਤਾਂ ਸਭ ਨੂੰ ਪਤਾ ਵੀ ਹੈ ਤੇ ਨਿੱਤ ਦਿਹਾੜੀ ਅਖ਼ਬਾਰਾਂ ਵਿੱਚ ਪੜ੍ਹਦੇ ਵੀ ਹਾਂ ਪਰ ਆੜ੍ਹਤੀਏ ਦੇ ਪੱਖ ਤੋਂ ਜੋ ਗੱਲਾਂ ਮਹਿਸੂਸ ਹੁੰਦੀਆਂ ਹਨ, ਉਹ ਇਹ ਹਨ ਕਿ ਜੇਕਰ ਉਹ ਵਿਆਜ ਲੈਂਦੇ ਹਨ ਤਾਂ ਆਪਣੇ ਦਿੱਤੇ ਗਏ ਰੁਪਏ ਉੱਪਰ ਤੇ ਜੋ ਕਮਿਸ਼ਨ ਲੈਂਦੇ ਹਨ ਉਹ ਕਿਸਾਨ ਤੋਂ ਨਹੀਂ । ਸੋ ਜੇਕਰ ਉਹ ਆਪਣੇ ਦਿੱਤੇ ਗਏ ਰੁਪਏ ਦੀ ਵਸੂਲੀ ਲਈ ਸਖ਼ਤੀ ਕਰਦੇ ਹਨ ਤਾਂ ਗ਼ਲਤ ਕਿੱਥੇ ਹਨ ? ਅਗਲੀ ਗੱਲ ਇਹ ਹੈ ਕਿ ਵੱਡੇ ਜਿ਼ਮੀਦਾਰ ਪਿੰਡਾਂ ਵਿੱਚ ਜੋ ਰੁਪਇਆ ਕਰਜ਼ ਵਜੋਂ ਦਿੰਦੇ ਹਨ, ਉਸਦੀ ਵਿਆਜ ਦਰ ਆੜ੍ਹਤੀਏ ਤੋਂ ਕਾਫ਼ੀ ਜਿ਼ਆਦਾ ਹੁੰਦੀ ਹੈ ਤੇ ਕਈ ਲੋਕ ਆਪਣੇ ਸੀਰੀਆਂ ਦਾ ਸੋ਼ਸ਼ਣ ਕਰਦੇ ਹਨ, ਮੰਦਾ ਬੋਲਦੇ ਹਨ, ਉਹ ਸਭ ਪਰਦੇ ਦੇ ਪਿੱਛੇ ਹੈ । ਲੋੜ ਅਜਿਹੇ ਲੋਕਾਂ ਤੇ ਨਕੇਲ ਪਾਉਣ ਦੀ ਵੀ ਹੈ । ਮੁਆਫ਼ ਕਰਨਾ, ਸ਼ਾਇਦ ਵਿਸ਼ੇ ਤੋਂ ਥੋੜਾ ਭਟਕ ਗਿਆ ਪਰ ਇਹ ਵੀ ਇਸੇ ਤਸਵੀਰ ਦਾ ਦੂਜਾ ਰੁਖ਼ ਹੈ ।

ਮੰਡੀ ਵਿੱਚ ਰੋਜ਼ਗਾਰ ਪਾਉਣ ਵਾਲੇ ਲੋਕਾਂ ਦੀ ਅਗਲੀ ਕਿਸਮ ਮੁਨੀਮ ਹੁੰਦੇ ਹਨ । ਇਹ “ਪੋਸਟ” ਪੰਜਾਬੀਆਂ ਨੂੰ ਬਹੁਤ ਘੱਟ ਮਿਲਦੀ ਸੀ, ਕਿਉਂ ਜੋ ਉਨ੍ਹਾਂ ਨੂੰ ਸ਼ਾਮ ਵੇਲੇ ਘਰ ਜਾਣ ਦੀ ਜਲਦੀ ਹੁੰਦੀ ਸੀ ਤੇ ਦੁਪਹਿਰੇ ਰੋਟੀ ਵੀ ਘਰ ਜਾ ਕੇ ਖਾਣਾ ਪਸੰਦ ਕਰਦੇ ਸਨ । ਇਸਦੇ ਉਲਟ ਹਰਿਆਣਾ ਜਾਂ ਰਾਜਸਥਾਨ ਤੋਂ ਆਏ ਮੁਨੀਮਾਂ ਨੂੰ ਕਿਹੜੀ ਝਾਂਜਰਾਂ ਵਾਲੀ ਉਡੀਕਦੀ ਸੀ ? ਉਨ੍ਹਾਂ ਨੂੰ ਸਮੇਂ ਨਾਲ਼ ਕੋਈ ਖਾਸ ਫ਼ਰਕ ਨਹੀਂ ਸੀ ਪੈਂਦਾ ਤੇ ਉਹ ਦੇਰ ਰਾਤ ਤੱਕ ਫਸਲ ਦੀ ਤੁਲਾਈ ਕਰਵਾਉਂਦੇ ਰਹਿੰਦੇ ਸਨ । ਇਸ ਕਰਕੇ ਉਨ੍ਹਾਂ ਨੂੰ ਕਦੀ-ਕਦੀ “ਛਿੱਟ” ਵੀ ਲਾਉਣ ਨੂੰ ਮਿਲ ਜਾਇਆ ਕਰਦੀ ਸੀ । ਮੁਨੀਮਾਂ ਦੀਆਂ ਦੋ ਕਿਸਮਾਂ ਹੁੰਦੀਆਂ ਸਨ । ਪਹਿਲੇ ਤਾਂ ਉਹ ਜੋ ਮੰਡੀ ਵਿੱਚ ਫਸਲ ਨਾਲ਼ ਸੰਬੰਧਿਤ ਕੰਮ ਤੇ ਦੂਜੇ ਉਹ ਜੋ ਦੁਕਾਨਾਂ ਤੇ ਬੈਠ ਕੇ ਵਹੀ-ਖਾਤਿਆਂ ਦਾ ਕੰਮ ਕਰਦੇ ਸਨ । ਆਧੁਨਿਕ ਭਾਸ਼ਾ ਵਿੱਚ ਉਹਨਾਂ ਨੂੰ “ਮੰਡੀ ਕਲਰਕ” ਜਾਂ “ਅਕਾਊਂਟੈਂਟ” ਵੀ ਕਿਹਾ ਜਾ ਸਕਦਾ ਹੈ ਪਰ ਕਹਿੰਦੇ ਸਭ ਮੁਨੀਮ ਹੀ ਹਨ । ਵਹੀ-ਖਾਤਿਆਂ ਵਾਲੇ ਮੁਨੀਮ ਦੀ ਤਾਂ ਵੱਖਰੀ ਹੀ ਟੌਹਰ ਹੁੰਦੀ ਸੀ । ਗ੍ਰਾਹਕ ਤਾਂ ਛੱਡੋ, ਲਾਲਿਆਂ ਨਾਲ਼ ਵੀ ਸਿੱਧੇ ਮੂੰਹ ਗੱਲ ਕਰਨਾ ਉਨ੍ਹਾਂ ਦੀ ਕਿਤਾਬ ਵਿੱਚ ਨਹੀਂ ਸੀ ਲਿਖਿਆ ਹੁੰਦਾ । ਮਾਰਵਾੜੀ ਬਾਣੀਏਂ ਖਾਸ ਤੌਰ ਤੇ ਇਸ ਗੱਦੀ ਦੇ ਹੱਕਦਾਰ ਮੰਨੇ ਜਾਂਦੇ ਸਨ । ਜੇ ਕਦੇ ਹਿਸਾਬ ਕਰਦਿਆਂ ਮਾੜਾ ਜੱਟ ਮੁਨੀਮ ਦੇ ਨੇੜੇ ਹੋ ਜਾਂਦਾ ਤਾਂ “ਬੇ-ਨਹਾਤੇ” ਜੱਟ ‘ਚੋਂ ਆਉਂਦੀ ਮੁਸ਼ਕ ਉਸਨੂੰ ਪ੍ਰੇਸ਼ਾਨ ਕਰ ਦਿੰਦੀ ਸੀ ।

“ਅਰੈ ! ਪੀਛਾ ਨੈਂ ਹੋ ਕਰ ਬੈਠ ਨਾ, ਸਰ ਪੈ ਬੈਠੇਗਾ ਕੇ ?”

ਤੇ ਜੇ ਕੋਈ ਜੱਟ ਕੋਈ ਕਲਮ (ਐਂਟਰੀ) ਦੋਬਾਰਾ ਪੁੱਛ ਲੈਂਦਾ....

“ਈਭੀ ਸੇਠ ਆਜੈਗਾ, ਉਸੀ ਨੈ ਪੂਛ ਲੀਓ । ਮੇਰੇ ਕਨੈਂ ਔਰ ਭੀ ਘਣੈਂ ਕਾਮ ਹਂੈ”

ਗੰਦੀ ਜਿਹੀ ਧੋਤੀ ਵਾਲੇ, ਬੀੜੀ ਪੀਣੇ ਮੁਨੀਮ ਨੂੰ ਕਰੋੜਾਂ ਦੀ ਜ਼ਮੀਨ ਦੇ ਮਾਲਕ ਜੱਟ ਤੇ ਬਹੁ-ਲੱਖੀ ਕਾਰੋਬਾਰ ਦੇ ਮਾਲਕ ਸੇਠ ਤੁੱਛ ਜਾਪਦੇ ਸਨ । ਪਰ ਦੋਹਾਂ ਧਿਰਾਂ ਲਈ ਮੁਨੀਮ ਦੀ “ਓਏ” ਸਹਿਣਾ ਮਜ਼ਬੂਰੀ ਸੀ । ਜੱਟ ਨੂੰ ਤਾਂ ਮੁਨੀਮ ਸਮਝਦਾ ਹੀ ਕੁਝ ਨਹੀਂ ਸੀ ਕਿਉਂ ਜੋ ਉਸ ਤੱਕ ਮੁਨੀਮ ਨੂੰ ਕੋਈ ਗੌਂ ਨਹੀਂ ਸੀ ਤੇ ਆੜ੍ਹਤੀਆ, ਇੱਕ ਤਾਂ ਮੁਨੀਮ ਦੇ ਵਿਆਜ ਲਗਾਉਣ ਦੀ ਕਲਾ ਦਾ ਕਾਇਲ ਹੁੰਦਾ ਸੀ, ਤੇ ਦੂਜੇ ਮੁਨੀਮ ਉਸਦਾ ਰਾਜ਼ਦਾਰ ਵੀ ਹੁੰਦਾ ਸੀ, ਇਸ ਲਈ ਉਹ ਵੀ ਮੁਨੀਮ ਦੇ ਅੱਗੇ ਨਹੀਂ ਬੋਲਦਾ ਸੀ । ਇਨ੍ਹਾਂ ਕਲਾਵਾਂ ਕਰਕੇ ਅੱਜ ਦੇ ਮੰਦੀ ਦੇ ਦੌਰ ਵਿੱਚ ਕਈ ਪੁਰਾਣੇ ਮੁਨੀਮ, ਸੇਠਾਂ ਕੋਲ “ਪੱਕੀਆਂ ਨੌਕਰੀਆਂ” ਤੇ ਲੱਗੇ ਹੋਏ ਹਨ, ਬਾਕੀ ਅੱਜ ਕੰਪਿਊਟਰ ਦਾ ਯੁੱਗ ਹੈ ਤੇ ਜੱਟ ਵੀ ਹਿਸਾਬ ਕਰਨ ਤੋਂ ਪਹਿਲਾਂ ਕੰਪਿਊਟਰ ਤੇ ਵਿਆਜ ਲਗਵਾ ਲੈਂਦਾ ਹੈ ਜਾਂ ਲਗਵਾ ਲੈਣਾ ਚਾਹੀਦਾ ਹੈ ।

ਮੰਡੀ ਵਿੱਚ ਕੰਮ ਕਰਨ ਵਾਲੀ ਅਗਲੀ ਧਿਰ ਮਜ਼ਦੂਰਾਂ ਦੀ ਹੁੰਦੀ ਸੀ । ਜਿਨ੍ਹਾਂ ਨੂੰ ਅੱਗੇ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ, ਜਿਵੇਂ ਕਿ ਫਸਲ ਦੀ ਤੁਲਾਈ ਕਰਨ ਵਾਲੇ, ਪੱਲੀ ਜਾਂ ਬੋਰੀ ਭਰਨ ਵਾਲੇ, ਕੰਡੇ ਤੋਂ ਪੱਲੀ ਉਤਾਰਨ ਵਾਲੇ ਜਾਂ ਫਸਲ ਦੀ ਸਾਂਭ ਸੰਭਾਲ ਕਰਨ ਵਾਲੇ । ਤੁਲਾਈ ਕਰਨ ਵਾਲਿਆਂ ਨੂੰ “ਤੋਲਾ”, ਪੱਲੀ ਭਰਨ ਵਾਲੇ ਨੂੰ “ਭਰਈਆ” ਤੇ ਪੱਲੀ ਕੰਡੇ ਤੋਂ ਉਤਾਰ ਕੇ ਬੰਨਣ ਵਾਲੇ ਨੂੰ “ਬਨੰਈਆ” ਕਿਹਾ ਜਾਂਦਾ ਸੀ । ਇਹਨਾਂ ਸਭਨਾਂ ਮਜ਼ਦੂਰਾਂ ਨੂੰ ਪ੍ਰਤੀ ਨਗ (ਪੱਲੀ ਜਾਂ ਬੋਰੀ) ਮਜ਼ਦੂਰੀ ਮਿਲਦੀ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰ ਆੜ੍ਹਤੀਏ ਦੇ ਪੱਕੇ ਤੌਰ ਤੇ ਕੰਮ ਕਰਦੇ ਸਨ ਤੇ ਬਾਕੀਆਂ ਨੂੰ ਜੋ ਆੜ੍ਹਤੀਆ ਚਾਹੇ ਬੁਲਾ ਸਕਦਾ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰਾਂ ਨੂੰ ਕਿਸਾਨ ਦੀ ਕੀਤੀ ਗਏ ਸੇਵਾ ਬਦਲੇ ਪੰਜ-ਸੱਤ ਕਿਲੋ ਦਾਣੇ ਜਾਂ ਨਰਮਾ ਆਦਿ ਮਿਲ ਜਾਂਦਾ ਸੀ, ਜੋ ਕਿ ਬਾਅਦ ਵਿੱਚ ਵੇਚ ਕੇ ਪੈਸੇ ਵੰਡ ਲਏ ਜਾਂਦੇ ਸਨ । ਕਈ ਵਾਰ ਇਸ ਧਿਰ ਦਾ ਮੁਖੀ ਕਿਸਾਨ ਦੇ ਪਿਆਲੇ ਦਾ ਸਾਂਝੀ ਵੀ ਬਣ ਜਾਂਦਾ ਸੀ, ਕਿਉਂ ਜੋ ਸਾਰੇ ਮਜ਼ਦੂਰ ਇਸਦੇ ਹੁਕਮ ਅਨੁਸਾਰ ਚੱਲਦੇ ਹਨ ਤੇ ਘੱਟੋ-ਘੱਟ ਫਸਲ ਦੀ ਸਾਂਭ ਸੰਭਾਲ ਤੇ ਤੁਲਾਈ ਵਿੱਚ ਮੁਖੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਇਹ ਧਿਰ ਕਈ ਵਾਰ ਮੁਨੀਮ ਨਾਲ਼ ਮਿਲਕੇ ਕਿਸਾਨ ਨੂੰ ਰਗੜਾ ਵੀ ਚਾੜ੍ਹ ਦਿੰਦੀ ਸੀ । ਹੰਢੀ ਵਰਤੀ ਉਮਰ ਵਾਲੇ ਕਿਸਾਨ ਤੁਲਾਈ ਦੇ ਮਾਮਲੇ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਸਨ । ਭਰੀਆਂ ਬੋਰੀਆਂ ਦੇ ਉੱਪਰ ਚੜ੍ਹਕੇ ਇੱਕ-ਇੱਕ ਬੋਰੀ ਤੇ ਪੈਰ ਧਰ ਕੇ ਗਿਣਤੀ ਕਰਦੇ ਸਨ ਤੇ ਉਸਦਾ ਕਾਲਜ ਪੜ੍ਹਦਾ ਮੁੰਡਾ ਕੀ ਕਰਦਾ ਹੈ, ਬਾਹਰ ਦੀ ਬੋਰੀਆਂ ਦੀ ਲਾਈਨ ਗਿਣ ਲਈ, ਦੇਖਿਆ ਦਸ ਦੀ ਲਾਈਨ ਹੈ । ਦੂਜੇ ਪਾਸੇ ਦੀ ਲਾਈਨ ਗਿਣ ਲਈ, ਬਾਰਾਂ ਹਨ । ਕੁੱਲ ਬੋਰੀਆਂ 10 ਗੁਣਾ 12=120 । ਬੋਰੀਆਂ ਦੀ ਤੀਜੀ ਲਾਈਨ ਤੇ ਚੜ੍ਹੇ ਫਿਰਦੇ ਬੁੜ੍ਹੇ ਨੂੰ ਦੇਖ ਮਨ ਹੀ ਮਨ ਹੱਸਦਾ ਹੈ ।

“ਲੈ, ਬੁੜ੍ਹਾ ਅਜੇ ਘੰਟਾ ਬੋਰੀਆਂ ਤੇ ਟਪੂਸੀਆਂ ਲਾਊ, ਆਪਾਂ ਗਿਣ ਕੇ ਅਹੁ ਮਾਰੀਆਂ”

ਹੁਣ “ਨੱਤੀਆਂ ਵਾਲੇ” ਨੂੰ ਕੌਣ ਸਮਝਾਏ ਕਿ ਵਿਚਾਲੇ ਕੋਈ ਲਾਈਨ ਦਸ ਦੀ ਬਜਾਏ ਗਿਆਰਾਂ ਦੀ ਹੋਈ ਤਾਂ ਫੇਰ ? ਲੱਗ ਗਈ ਨਾ ਇੱਕ ਬੋਰੀ ਦੀ ਕੁੰਡੀ । ਬੁੜ੍ਹਾ ਵਿਚਾਰਾ ਥੱਲੇ ਫਰਸ਼ ਤੇ ਨਰਮੇ ਦੀਆਂ ਫੁੱਟੀਆਂ ਚੁਗਦਾ ਫਿਰਦਾ ਹੈ ਤੇ ਮੁੰਡਾ, ਮਜ਼ਦੂਰਾਂ ਦੁਆਰਾ ਕੀਤੀ ਗਈ “ਕਾਕਾ ਜੀ” “ਕਾਕਾ ਜੀ” ਸੁਣ ਕੇ ਹੀ ਢਾਕਾਂ ਤੋਂ ਹੱਥ ਥੱਲੇ ਨਹੀਂ ਕਰਦਾ ।

ਅਗਲੀ ਧਿਰ ਜੋ ਮੰਡੀ ਵਿੱਚੋਂ ਕਮਾਈ ਕਰਦੀ ਸੀ, ਉਹ ਸੀ ਮੰਗਣ ਵਾਲੀਆਂ ਦੀ । ਫਸਲ ਆਉਣ ਦੀ ਖੁਸ਼ੀ ਆਉਣ ਦੀ ਖੁਸ਼ੀ ਵਿੱਚ ਨਸਿ਼ਆਇਆ ਜੱਟ ਇਹਨਾਂ ਨੂੰ ਰੁੱਗ ਭਰ ਕੇ ਦੇ ਵੀ ਦਿੰਦਾ ਸੀ । ਇਨ੍ਹਾਂ ਤੋਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਸੀ, ਕਿਉਂ ਜੋ ਢੇਰੀਆਂ ਵਿੱਚ ਤੁਰੇ ਜਾਂਦਿਆਂ ਜ਼ਰਾ ਝੁਕ ਕੇ ਰੁੱਗ ਭਰਨਾ ਤੇ ਆਪਣੀ ਝੋਲੀ ਜਾਂ ਬੋਰੀ ਵਿੱਚ ਸੁੱਟਣਾ, ਪਲਕ ਝਪਕਣ ਜੋਗੇ ਸਮੇਂ ਦਾ ਕੰਮ ਹੁੰਦਾ ਸੀ । ਕਈ ਵਾਰ ਤਾਂ ਤੜਕੇ ਪਤਾ ਚੱਲਦਾ ਕਿ ਵੱਡੇ ਢੇਰ ‘ਚੋਂ ਟੋਕਰੇ ਜਿੰਨ੍ਹਾਂ ਥਾਂ ਖਾਲੀ ਕੀਤਾ ਪਿਆ ਹੋਣਾ । ਕਈ ਵਾਰ “ਨੱਤੀਆਂ ਵਾਲੇ” ਵੀ ਸ਼ਾਮ ਨੂੰ ਝੋਲੀ ਨਰਮੇ/ਕਪਾਹ ਦੀ ਭਰਕੇ ਚੁੰਗ ਵਾਲੇ ਨੂੰ ਵੇਚਦੇ ਨਜ਼ਰ ਆਉਂਦੇ ਤਾਂ ਜੋ ਕੱਲੇ ਮੰਡੀ ‘ਚ ਹੋਣ ਦਾ ਫਾਇਦਾ ਉਠਾ ਸਕਣ । ਕਦੇ-ਕਦਾਈਂ ਕਿਸੇ ਢੇਰੀ ਤੇ ਰਜਾਈ ਹੇਠਾਂ ਮਹਿਸੂਸ ਹੁੰਦਾ ਜਿਵੇਂ ਕੁਸ਼ਤੀ ਚੱਲ ਰਹੀ ਹੋਵੇ । ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ । ਕਈਆਂ ਨੇ ਟੈਂਟ ਲਾ ਕੇ ਚਾਹ-ਰੋਟੀ ਦੇ ਢਾਬੇ ਬਣਾ ਰੱਖੇ ਹੁੰਦੇ । ਚਾਹ ਨਾਲ਼ ਬੇਸਣ ਵਾਲੀ ਬਰਫ਼ੀ ਹੁੰਦੀ ਤੇ ਮੁਨੀਮ ਚਾਹ ਦੀ ਥਾਂ ਦੁੱਧ ‘ਚ ਪੱਤੀ ਪੀ ਕੇ, ਦੋ ਕੱਪ ਚਾਹ ਦੀ ਪਰਚੀ ਢਾਬੇ ਵਾਲੇ ਨੂੰ ਦਿੰਦੇ ।

ਅੱਜ ਹਾਲਾਤ ਬਦਲ ਚੁੱਕੇ ਹਨ । ਆੜ੍ਹਤੀਆਂ ਦੇ ਮੁੰਡੇ ਆਪ ਹੋਰ ਕਾਰੋਬਾਰ ਲੱਭ ਰਹੇ ਹਨ । ਜੋ ਪੁਰਾਣੇ ਆੜ੍ਹਤੀਏ ਹਨ, ਉਹਨਾਂ ਨੂੰ ਚੱਤੋ-ਪਹਿਰ ਉਗਰਾਈ ਦਾ ਫਿਕਰ ਪਿਆ ਰਹਿੰਦਾ ਹੈ । “ਸੱਪ ਦੇ ਮੂੰਹ ਕੋਹੜ-ਕਿਰਲੀ” ਵਾਲਾ ਹਿਸਾਬ ਹੋਇਆ ਪਿਆ ਹੈ । ਨਾ ਛੱਡ ਸਕਦੇ ਹਨ ਨਾ ਨਿਗਲ ਸਕਦੇ ਹਨ ਭਾਵ ਜੇ ਆੜ੍ਹਤ ਛੱਡਦੇ ਹਨ ਤਾਂ ਉਗਰਾਈ ਮਰਦੀ ਹੈ, ਜੇ ਕਰਦੇ ਹਨ ਤਾਂ ਰੁਪਇਆ ਡੁੱਬਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ । ਜੇ ਉਗਰਾਈ ਲਈ ਜ਼ਬਰਦਸਤੀ ਕਰਦੇ ਹਨ ਤਾਂ ਅਗਲਾ ਯੂਨੀਅਨ ਦਾ ਘਰ ਦਿਖਾ ਦਿੰਦਾ ਹੈ । ਕਰਜ਼ੇ ਵਿੱਚ ਡੁੱਬਿਆ ਕਿਸਾਨ ਫਸਲ ਕਿਤੇ ਹੋਰ ਵੇਚ ਜਾਂਦਾ ਹੈ । ਜੇ ਆੜ੍ਹਤੀਆ ਕਚਿਹਰੀ ਦਾ ਆਸਰਾ ਤੱਕਦਾ ਹੈ ਤਾਂ ਦੁਕਾਨ ਅੱਗੇ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ । ਆੜ੍ਹਤੀਆਂ ਦੇ ਮੁੰਡੇ ਮੁਨੀਮੀ ਦਾ ਕੰਮ ਵੀ ਆਪ ਹੀ ਕਰਨ ਲੱਗ ਪਏ ਹਨ ਤਾਂ ਜੋ ਤਨਖਾਹ ਨਾ ਦੇਣੀ ਪਵੇ । ਹਰਿਆਣਵੀ ਜਾਂ ਰਾਜਸਥਾਨੀ ਮੰਡੀਆਂ ਦਾ ਰਸਤਾ ਜਿਵੇਂ ਭੁੱਲ ਹੀ ਗਏ ਹੋਣ । ਪੁਰਾਣੇ ਮੁਨੀਮ ਪਹਿਲੀ ਗੱਲ ਤਾਂ ਚੜ੍ਹਾਈ ਕਰ ਗਏ ਹਨ ਤੇ ਜੇ ਕੋਈ ਉਸ ਸਮੇਂ ਜਵਾਨੀ ਵਿੱਚ ਸੀ ਤਾਂ ਅੱਜ ਜਿਸ ਵੀ ਦੁਕਾਨ ਤੇ ਲੱਗਾ ਹੈ, ਆਪਣਾ ਟਾਈਮ ਪਾਸ ਕਰ ਰਿਹਾ ਹੈ । 31 ਮਾਰਚ ਨੂੰ ਮੁਲਾਜ਼ਮਾਂ ਦੀ ਹੋਣ ਵਾਲੀ ਉਥਲ ਪੁਥਲ ਤੇ ਤਨਖਾਹਾਂ ਦੇ ਵਾਧੇ ਜਾਂ ਵਾਧੇ ਦੇ ਲਾਰੇ ਬੀਤੇ ਸਮੇਂ ਦੀ ਗੱਲ ਬਣ ਚੁੱਕੇ ਹਨ । ਨਰਮੇ-ਕਪਾਹ ਦੀਆਂ ਫੈਕਟਰੀਆਂ ਅੱਵਲ ਤਾਂ ਬੰਦ ਹੋ ਚੁੱਕੀਆਂ ਹਨ ਤੇ ਜੋ ਹਨ, ਉਨ੍ਹਾਂ ਦੀ ਜਗ੍ਹਾ ਸ਼ੈਲਰਾਂ ਨੇ ਲੈ ਲਈ ਹੈ । ਕਾਰੋਬਾਰ ਖ਼ਤਮ ਹੋ ਰਹੇ ਹਨ । ਬਥੇਰੇ ਕਹਿੰਦੇ ਕਹਾਉਂਦੇ ਆੜ੍ਹਤੀਏ “ਉੱਡ” ਚੁੱਕੇ ਹਨ ਤੇ ਉਨ੍ਹਾਂ ਦੀਆਂ ਔਲਾਦਾਂ ਨੌਕਰੀ ਕਰ ਰਹੀਆਂ ਹਨ । ਕੱਲ ਤੱਕ ਜੋ ਫੈਕਟਰੀਆਂ ਦੇ ਮਾਲਕ ਸਨ, ਅੱਜ ਰੈਡੀਮੇਡ ਜਾਂ ਕਰਿਆਨੇ ਦੀਆਂ ਦੁਕਾਨਾਂ ਖੋਲੀ ਬੈਠੇ ਹਨ । ਮੰਡੀਆਂ ਤਾਂ ਵੱਡ-ਆਕਾਰੀ ਹਨ ਪਰ ਫਸਲਾਂ ਢੇਰ ਦੀ ਜਗ੍ਹਾ ਢੇਰੀਆਂ ਬਣ ਚੁੱਕੀਆਂ ਹਨ ।

ਖ਼ਬਰ ਮੰਗਤੇ.......... ਕਹਾਣੀ / ਰਿਸ਼ੀ ਗੁਲਾਟੀ

ਸ਼ਰਮਾਂ ਜੀ ਸ਼ਹਿਰ ਦੇ ਸਭ ਤੋਂ ਸੀਨੀਅਰ ਲੇਖਕ ਤੇ ਪੱਤਰਕਾਰ ਹਨ । ਕਿੱਤੇ ਵਜੋਂ ਉਹ ਮੁਨਿਆਰੀ ਦੀ ਦੁਕਾਨ ਕਰਦੇ ਹਨ । ਜੱਦੀ ਮਕਾਨ ਵਿੱਚੋਂ ਏਨੀ ਕੁ ਜਗਾ ਨਿੱਕਲ ਆਈ ਸੀ ਕਿ ਘਰੇ ਹੀ ਦੁਕਾਨ ਬਣਾਈ ਜਾ ਸਕੇ । ਬਾਹਰਲੀ ਬੈਠਕ ਵਿੱਚ ਹੀ ਬੀਬੀ ਦੇ ਗਹਿਣੇ ਵੇਚ ਕੇ ਪੱਚੀ-ਤੀਹ ਹਜ਼ਾਰ ਦਾ ਸਮਾਨ ਪਾ ਲਿਆ । ਸ਼ਰਮਾਂ ਜੀ ਵੈਸੇ ਤਾਂ ਚੰਗੇ ਪੜ੍ਹੇ ਲਿਖੇ ਸਨ ਤੇ ਕਾਲਜ ਟਾਈਮ ਕਵਿਤਾਵਾਂ ਤੇ ਵਾਦ-ਵਿਵਾਦ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ ਸਨ । ਕਾਲਜ ਵਿੱਚੋਂ ਨਿੱਕਲਦੀ ਪੱਤ੍ਰਿਕਾ ਦੇ ਸੰਪਾਦਕ ਰਹੇ ਤੇ ਕਈ ਇਨਾਮ ਵੀ ਜਿੱਤੇ । ਕਾਲਜ ਵਿੱਚ ਰਹਿੰਦਿਆਂ ਹੋਇਆਂ ਹੀ ਕਲਮ ਘਸਾਈ ਦੀ ਅਜਿਹੀ ਬਿਮਾਰੀ ਲੱਗੀ ਕਿ ਕਲਮ ਨਾਲ ਸਾਰੀ ਉਮਰ ਦੀ ਸਾਂਝ ਪੈ ਗਈ । ਸ਼ਰਮਾਂ ਜੀ ਦੇ ਪਿਤਾ ਜੀ ਨੇ ਬਥੇਰੇ ਤਰਲੇ ਪਾਏ ਕਿ ਪੁੱਤਰ ਕਲਪਨਾਂ ਦੀ ਦੁਨੀਆਂ ਵਿੱਚੋਂ ਨਿੱਕਲ ਕੇ ਯਥਾਰਥ ਦੀ ਦੁਨੀਆਂ ਵਿੱਚ ਆਵੇ, ਕੋਈ ਕੰਮ ਕਾਰ ਕਰੇ, ਪਰ ਸ਼ਰਮਾਂ ਜੀ ਨੂੰ ਤਾਂ ਉੱਠਦੇ ਬੈਠਦੇ, ਸੌਂਦੇ ਜਾਗਦੇ, ਤੁਰਦੇ ਫਿਰਦੇ ਵਾਹ-ਵਾਹ ਹੀ ਸੁਣਾਈ ਦਿੰਦੀ ਸੀ । ੳਹਨਾਂ ਦਾ ਸਫਰ ਉਸੇ ਤਰਾਂ ਹੀ ਚਲਦਾ ਰਿਹਾ ਜਿਵੇਂ ਉਹ ਚਲਾਉਂਦੇ ਰਹੇ । ਇਸੇ ਦੌਰਾਨ ਉਹਨਾਂ ਦੀ ਸ਼ਾਦੀ ਸਰਸਵਤੀ ਨਾਲ ਹੋ ਗਈ । ਸਰਸਵਤੀ ਉਹਨਾਂ ਦੀ ਕਾਲਜ ਟਾਈਮ ਦੀ ਜਮਾਤਣ ਸੀ ਤੇ ਖੁਦ ਵੀ ਵਾਦ-ਵਿਵਾਦ ਵਿੱਚ ਮਾੜਾ ਮੋਟਾ ਹਿੱਸਾ ਲੈ ਲੈਂਦੀ ਸੀ । ਸ਼ਰਮਾਂ ਜੀ ਨਾਲ ਇਹਨਾਂ ਮੁਲਾਕਾਤਾਂ ਦੌਰਾਨ ਹੀ ਕਦੋਂ ਅੱਖਾਂ ਚਾਰ ਹੋ ਗਈਆਂ, ਪਤਾ ਹੀ ਨਾਂ ਚਲਿਆ । ਸਮੇਂ ਦੀ ਤੋਰ ਨਾਲ ਘਰ ਵਿੱਚ ਸੀਮਾਂ ਤੇ ਤਿੰਨ ਸਾਲ ਬਾਅਦ ਰਾਕੇਸ਼ ਨੇ ਜਨਮ ਲਿਆ । ਕਬੀਲਦਾਰੀ ਵਧਣ ਨਾਲ ਵੀ ਉਹਨਾਂ ਦੇ ਸ਼ੌਕ ਵਿੱਚ ਕੋਈ ਫਰਕ ਨਾਂ ਪਿਆ । ਘਰ ਦਾ ਗੁਜ਼ਾਰਾ ਪਿਤਾ ਜੀ ਦੀ ਪੈਨਸ਼ਨ ਤੇ ਦੁਕਾਨ ਤੋਂ ਹੋ ਜਾਂਦਾ ਸੀ । ਪਰ ਏਨੀ ਕਮਾਈ ਵੀ ਨਹੀਂ ਸੀ ਕਿ ਸੀਮਾਂ ਦੇ ਵਿਆਹ ਬਾਰੇ ਸੋਚ ਕੇ ਕੋਈ ਪਲਾਟ ਆਦਿ ਲੈ ਰੱਖਦੇ ਤਾਂ ਜੋ ਵੇਲੇ ਸਿਰ ਕੰਮ ਆ ਜਾਂਦਾ । ਕੋਈ ਬੱਚਤ ਸੀ ਜਾਂ ਨਹੀਂ ਪਰ ਸ਼ਰਮਾਂ ਜੀ ਨੇ ਕਵਿਤਾਵਾਂ ਤੇ ਕਹਾਣੀਆਂ ਦੀਆਂ ਕਈ ਕਿਤਾਬਾਂ ਛਪਵਾ ਲਈਆਂ । ਹਾਲਾਂਕਿ ੳਹਨਾਂ ਦੀਆਂ ਲਿਖਤਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਸਨ ਪਰ ਪਬਲਿਸ਼ਰ ਨੇ ਤਾਂ ਆਪਣਾਂ ਘਰ ਦੇਖਣਾਂ ਸੀ । ਉਸਨੇ ਉਹਨਾਂ ਦੀ ਕੋਈ ਮੱਦਦ ਨਾਂ ਕੀਤੀ । ਉਹਨਾਂ ਨੇ ਕਿਤਾਬਾਂ ਛਪਵਾਉਣ ਤੇ ਪਿਤਾ ਜੀ ਦੀ ਜੋ ਥੋੜੀ ਬਹੁਤ ਜਮ੍ਹਾਂ ਕੀਤੀ ਪੂੰਜੀ ਸੀ, ਉਹ ਵੀ ਲਗਾ ਦਿੱਤੀ ।
ਸਮੇਂ ਦੀ ਤੋਰ ਦੇ ਨਾਲ-ਨਾਲ ਭਾਵੇਂ ਸ਼ਰਮਾਂ ਜੀ ਦੇ ਧੌਲੇ ਦਿਸਣ ਲੱਗ ਪਏ ਸਨ । ਸੀਮਾਂ ਦਸਵੀਂ ਪਾਰ ਕਰ ਗਈ । ਪਿਤਾ ਜੀ ਦੇ ਤੁਰ ਜਾਣ ਕਾਰਨ ਪੈਨਸ਼ਨ ਬੰਦ ਹੋ ਗਈ ਤੇ ਦੁਕਾਨ ਤੋਂ ਗੁਜ਼ਰ ਬਸਰ ਬਹੁਤ ਔਖੀ ਹੋ ਗਈ । ਉਹ ਆਰਥਿਕ ਤੌਰ ਤੇ ਭਾਵੇਂ ਅਤੀ ਕਮਜ਼ੋਰ ਹੋ ਗਏ ਸਨ ਪਰ “ਵਾਰਸ ਸ਼ਾਹ ਨਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਦੇ ਅਨੁਸਾਰ ਉਹਨਾਂ ਦੀ ਸੁਰਤ ਇਸ ਪਾਸੇ ਨਾਂ ਗਈ ਕਿ ਜੋ ਸਮਾਂ ਲਿਖਣ ਜਾਂ ਚੁੰਝ ਚਰਚਾ ਕਰਨ ਵਿੱਚ ਬਿਤਾਉਂਦੇ ਹਨ, ਉਹ ਸਮਾਂ ਕੋਈ ਚਾਰ ਪੈਸੇ ਦਾ ਜੁਗਾੜ ਕਰਨ ਵਿੱਚ ਲਗਾਉਣ । ਉਲਟਾ ਗਾਹੇ-ਬਗਾਹੇ ਨਵੇਂ ਉੱਠੇ ਪੱਤਰਕਾਰ ਤੇ ਲੇਖਕ ਉਹਨਾਂ ਤੋਂ ਪੱਤਰਕਾਰੀ ਜਾਂ ਰਚਨਾਵਾਂ ਬਾਬਤ ਸਲਾਹ ਲੈਣ ਆਏ ਰਹਿੰਦੇ ਸਨ । ਸੀਨੀਅਰ ਹੋਣ ਕਰਕੇ ਸ਼ਹਿਰ ਦੇ ਸਾਰੇ ਪੱਤਰਕਾਰ ਉਹਨਾਂ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ । ਉਹਨਾਂ ਨੂੰ ਇਸੇ ਵਿੱਚ ਹੀ ਸਵਰਗੀ ਪੀਘਾਂ ਦੇ ਝੂਟੇ ਮਹਿਸੂਸ ਹੁੰਦੇ । ਉਹ ਬੜੇ ਖੁਸ਼ ਹੁੰਦੇ ਜਦੋਂ ਉਹਨਾਂ ਤੋਂ ਕੋਈ ਪੱਤਰਕਾਰ ਜਾਂ ਲੇਖਕ ਸਲਾਹ ਲੈਣ ਜਾਂ ਆਪਣੀ ਰਚਨਾਂ ਵਿੱਚ ਸੋਧ ਕਰਵਾਉਣ ਲਈ ਆਉਂਦਾ ।
ਸਰਸਵਤੀ ਬਥੇਰਾ ਕੁੜ-ਕੁੜ ਕਰਦੀ ਕਿ ਲਿਖਣ ਦੀ ਲਤ ਛੱਡ ਕੇ ਕੋਈ ਕੰਮ-ਕਾਰ ਕਰਨ ਦੀ ਸੋਚੋ ਜਿਸ ਨਾਲ ਪੀਪੇ ਆਟਾ ਪਵੇ ਤੇ ਚੁੱਲਾ ਬਲੇ । ਕੋਠੇ ਜਿੱਡੀ ਹੁੰਦੀ ਜਾਂਦੀ ਕੁੜੀ ਦੇਖਕੇ ਸਰਸਵਤੀ ਦਿਮਾਗੀ ਪ੍ਰੇਸ਼ਾਨੀ ਤੇ ਬੋਝ ਕਾਰਨ ਬਿਮਾਰ ਰਹਿਣ ਲੱਗ ਪਈ । ਬਾਰਵੀਂ ਕਰ ਕੇ ਸੀਮਾਂ ਨੂੰ ਘਰੇ ਹੀ ਬੈਠਣਾ ਪੈ ਗਿਆ ਕਿਉਂ ਜੋ ਸਰਸਵਤੀ ਘਰ ਦੇ ਕੰਮ ਕਰਨ ਜੋਗੀ ਨਹੀਂ ਸੀ ਰਹਿ ਗਈ । ਘਰ ਦੇ ਵਧਦੇ ਖਰਚ ਕਰਕੇ ਸ਼ਰਮਾਂ ਜੀ ਨੇ ਮਸ਼ਹੂਰ ਅਖਬਾਰ ਦੀ ਪੱਤਰਕਾਰੀ ਲੈ ਲਈ ਤੇ ਦੁਕਾਨ ਦੇ ਕੰਮ ਤੇ ਅਖਬਾਰ ਦੀ ਤਨਖਾਹ ਨਾਲ ਘਰ ਦਾ ਠਕਠਕਾ ਚਲਣ ਲੱਗ ਪਿਆ । ਨਾਲ ਹੀ ਪੱਤਰਕਾਰਾਂ ਦੇ ਸ਼ਰਮਾਂ ਜੀ ਨੂੰ ਮਿਲਣ ਆਉਣ ਦੀ ਤਾਦਾਦ ਵੀ ਵਧ ਗਈ ਕਿਉਂਕਿ ਜਿਹਨਾਂ ਨੂੰ ਖਬਰ ਨਹੀਂ ਸੀ ਲਿਖਣੀ ਆਉਂਦੀ, ਉਹ ਸ਼ਰਮਾਂ ਜੀ ਦੀ ਲਿਖੀ ਖਬਰ ਦੀ ਫੋਟੋਸਟੇਟ ਕਰਵਾ ਕੇ ਆਪਣੇ ਅਖਬਾਰ ਨੂੰ ਭੇਜ ਦਿੰਦੇ । ਕਈ ਵਾਰੀ ਤਾਂ ਦੁਕਾਨ ਤੇ ਗਾਹਕਾਂ ਦਾ ਟਾਈਮ ਹੁੰਦਾ ਤੇ ਕਿਸੇ ਨਾਂ ਕਿਸੇ ਚੇਲੇ ਦਾ ਫੋਨ ਆ ਜਾਂਦਾ “ਗੁਰੂ ਜੀ ਅੱਜ ਦੀ ਖ਼ਬਰ ਲਿਖੀ ਕਿ ਨਹੀਂ, ਜੇ ਨਹੀਂ ਲਿਖੀ ਤਾਂ ਲਿਖ ਦਿਓ” । ਜੇ ਸ਼ਰਮਾਂ ਜੀ ਨੂੰ ਟਾਈਮ ਨਾਂ ਲੱਗਦਾ ਤਾਂ ਸਕੂਟਰ ਦੀ ਕਿੱਕ ਮਾਰ ਕੇ ਉਹ ਆਪ ਬਾਰ ਆ ਖੜਦਾ, ਫਿਰ ਸ਼ਰਮਾਂ ਜੀ ਦੁਕਾਨਦਾਰੀ ਕਿਵੇਂ ਕਰਦੇ ? ਉਹਨਾਂ ਦੇ ਯਾਰ ਦੋਸਤ ਬਥੇਰਾ ਸਮਝਾਉਂਦੇ ਕਿ “ਪਹਿਲਾਂ ਕਮਾਈ ਫਿਰ ਸ਼ੌਂਕ” ਪਰ ਉਹ ਤਾਂ ਸ਼ਰਾਬੀਆਂ ਵਾਂਗ ਕਲਮ ਦੇ ਨਸ਼ਈ ਹੋ ਚੁੱਕੇ ਸਨ । ਜੇਕਰ ਕਦੇ ਟੋਕਾ-ਟਾਕੀ ਤੋਂ ਪ੍ਰੇਸ਼ਾਨ ਹੋ ਕੇ ਆਪ ਕਿਨਾਰਾ ਕਰਨ ਬਾਰੇ ਸੋਚਦੇ ਤਾਂ ਉਹਨਾਂ ਦੇ ਖ਼ਬਰਾਂ ਦੇ ਯਾਰ ਪੱਤਰਕਾਰ ਉਹਨਾਂ ਨੂੰ ਸਾਹ ਨਾਂ ਲੈਣ ਦਿੰਦੇ । ਹੁਣ ਤੱਕ ਰਾਕੇਸ਼ ਵੀ ਉਮਰ ਦੇ ਉਸ ਦੌਰ ਵਿੱਚ ਪਹੁੰਚ ਚੁੱਕਾ ਸੀ ਕਿ ਘਰ ਦੇ ਹਾਲਤਾਂ ਨੂੰ ਸਮਝ ਸਕਦਾ । ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਸੀ ਪਰ ਸ਼ਰਮਾਂ ਜੀ ਨੇ ਕਿਹੜਾ ਇਨਾਂ ਜੋੜ ਲਿਆ ਸੀ ਕਿ ਉਸਦੀਆਂ ਖਾਹਸ਼ਾਂ ਪੂਰੀਆਂ ਕਰ ਸਕਦੇ । ਸਾਰੇ ਹਾਲਾਤਾਂ ਤੇ ਇਸ ਦੇ ਕਾਰਨ ਨੂੰ ਸਮਝਦਾ ਰਾਕੇਸ਼, ਸ਼ਰਮਾਂ ਜੀ ਦੀ ਲੇਖਣੀ ਤੇ ਉਹਨਾਂ ਦੇ ਚੇਲਿਆਂ ਨੂੰ ਨਫਰਤ ਭਰੀ ਨਿਗਾਹ ਨਾਲ ਤੱਕਦਾ ਪਰ ਕੁਝ ਕਰ ਨਹੀਂ ਸੀ ਸਕਦਾ । ਬਿਮਾਰ ਮਾਂ, ਕੋਠੇ ਜਿੱਡੀ ਭੈਣ ਤੇ ਆਪਣੇ ਬੇਰੋਜ਼ਗਾਰ ਹੋਣ ਕਰਕੇ ਉਹ ਚੌਵੀ ਘੰਟੇ ਖਿਝਿਆ ਰਹਿੰਦਾ । ਉਸਦਾ ਬੜਾ ਜੀ ਕਰਦਾ ਕਿ ਆਏ ਹੋਏ ਪੱਤਰਕਾਰਾਂ ਤੇ ਲੇਖਕਾਂ ਨੂੰ ਉਹ ਭਜਾ ਦੇਵੇ ਪਰ ਉਹ ਸ਼ਰਮਾਂ ਜੀ ਤੋਂ ਡਰਦਾ ਵੀ ਸੀ ।
ਕੱਲ ਸ਼ਰਮਾਂ ਜੀ ਦੁਪਹਿਰੇ ਦੁਕਾਨ ਦਾ ਸ਼ਟਰ ਨੀਵਾਂ ਕਰਕੇ ਅੰਦਰ ਰੋਟੀ ਖਾ ਰਹੇ ਸਨ ਕਿ ਦਰਵਾਜ਼ੇ ਦੀ ਘੰਟੀ ਵੱਜੀ । ਸਰਸਵਤੀ ਨੇ ਰਾਕੇਸ਼ ਨੂੰ ਕੁੰਡਾ ਖੋਲਣ ਲਈ ਕਿਹਾ । ਰਾਕੇਸ਼ ਕੁੰਡਾ ਖੋਲ ਕੇ ਭਰਿਆ ਪੀਤਾ ਅੰਦਰ ਵੜਿਆ ਤਾਂ ਸਰਸਵਤੀ ਨੇ ਪੁੱਛਿਆ “ਕੌਣ ਐ ਪੁੱਤਰ ਦਰਵਾਜ਼ੇ ਤੇ” । ਰਾਕੇਸ਼ ਨੇ ਔਖੀ ਜਿਹੀ ਨਜ਼ਰ ਨਾਲ ਰਸੋਈ ਵੱਲ ਤੱਕਦਿਆਂ ਕਿਹਾ “ਖ਼ਬਰ ਮੰਗਤੇ” ਤੇ ਆਪਣੇ ਕਮਰੇ ਵਿੱਚ ਵੜ ਗਿਆ ।

ਲੋਕਤੰਤਰ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇਕ ਦੇਸ ਵਿਚ ਇਕ ਰਾਜਾ ਰਾਜ ਕਰਦਾ ਸੀ । ਸਾਰੇ ਸੰਸਾਰ ਵਿਚ ਰਾਜਤੰਤਰ ਦੇ ਖਿਲਾਫ ਹੋਈਆਂ ਬਗਾਵਤਾਂ ਤੋਂ ਬਾਅਦ ਉਸ ਦੇਸ ਦੇ ਲੋਕ ਵੀ ਜਾਗ ਉੱਠੇ ਤੇ ਰਾਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ । ਉਸ ਦੇਸ ਵਿਚ ਲੋਕਤੰਤਰ ਕਾਇਮ ਹੋ ਗਿਆ । ਪਰ ਲੋਕਤੰਤਰ ਦੇ ਵੋਟਤੰਤਰ ਵਿਚ ਵੀ ਉਹ ਰਾਜਾ ਮਹਾਂਰਥੀ ਨਿਕਲਿਆ ਤੇ ਦੇਸ ਦੇ ਪ੍ਰਮੁੱਖ ਅਹੁਦੇ ਤੇ ਬਿਰਾਜਮਾਨ ਹੋ ਗਿਆ । ਜਦੋਂ ਉਹ ਰਾਜਾ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਪੁੱਤਰ ਨੂੰ ਰਾਜਨੀਤੀ ਵਿਚ ਸਰਗਰਮ ਕਰ ਦਿਂਤਾ । ਉਸ ਰਾਜੇ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵੀ ਪ੍ਰਮੁੱਖ ਅਹੁਦੇ ਤੇ ਸਜਣ ਵਿਚ ਕਾਮਯਾਬ ਹੋ ਗਿਆ । ਸਮਾਂ ਆਪਣੀ ਚਾਲੇ ਚਲ ਰਿਹਾ ਸੀ । ਦੇਸ ਦੇ ਲੋਕਾਂ ਨੂੰ ਦੇਸ ਵਿਚਲੇ ਲੋਕਤੰਤਰ ਉਂਤੇ ਮਾਣ ਸੀ..... ਤੇ ਰਾਜ ਪਰਿਵਾਰ ਨੂੰ ਆਪਣੀ ਰਾਜਨੀਤਕ ਸੂਝ 'ਤੇ ।

ਪੰਜਾਬੀ ਜ਼ੁਬਾਨ ਦੇ ਸਹੀ ਉਚਾਰਨ ਦੀ ਲੋੜ.......... ਲੇਖ / ਪ੍ਰੀਤਮ ਪਰਵਾਜ਼

ਕਿਸੇ ਵੀ ਭਾਸ਼ਾ ਦੀ ਇਕਸੁਰਤਾ ਇਕਸਾਰਤਾ ਅਤੇ ਸੁੱਧਤਾ ਲਿਆਉਣ ਲਈ ਵਿਆਕਰਨ ਦਾ ਬਹੁਤ ਵੱਡਾ ਯੋਗਦਾਨ ਹੈ। ਵਿਆਕਰਨ ਸਾਡੇ ਲਈ ਨਿਯਮਬੱਧਤਾ ਅਤੇ ਸਪਸ਼ਟਤਾ ਵਾਸਤੇ ਸਹਾਈ ਹੈ। ਵਿਆਕਰਨ ਤੋਂ ਬਿਨਾਂ ਭਾਸ਼ਾ ਅਨੁਸ਼ਾਸਨਹੀਣ, ਬੇਤੁਕੀ ਅਤੇ ਦਿਸ਼ਾਹੀਣ ਹੋ ਕੇ ਰਹਿ ਜਾਂਦੀ ਹੈ।

ਜਿਵੇਂ ਸੰਗੀਤ ਵਿਚ ਸੱਤ ਸੁਰਾਂ ਦੀ ਸਰਗਮ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਤੇ ਰਾਗਾਂ ਦੀ ਉਤਪਤੀ ਅਤੇ ਵਿਕਾਸ ਕੀਤਾ ਜਾਂਦਾ ਹੈ,ਇਵੇਂ ਹੀ ਵਿਆਕਰਨ ਭਾਸ਼ਾ ਨੂੰ ਨਿਯਮਾਂ ਅਤੇ ਬੰਦਸ਼ਾਂ ਵਿਚ ਬੰਨ੍ਹ ਕੇ ਉਸ ਵਿਚ ਇਕਸਾਰਤਾ ਅਤੇ ਨਿਖਾਰ ਲਿਆਉਂਦੀ ਹੈ। ਪੰਜਾਬੀ ਭਾਸ਼ਾ ਵਿਚ ਪੰਜਾਬੀ ਵਿਆਕਰਨ ਦੀ ਇਕ ਖਾਸ ਮਹਾਨਤਾ ਹੈ। ਖਾਸ ਨਿਯਮਾਂ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੀ ਪੰਜਾਬੀ ਭਾਸ਼ਾ ਦਾ ਠੁੱਕ ਬੰਨਿਆ ਜਾ ਸਕਦਾ ਹੈ।

ਲਿਖਤੀ ਬੋਲੀ ਵਿਚ ਵਿਆਕਰਨ ਨਿਯਮਾਂ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਧ ਅਤੇ ਸਹੀ ਲਿਖਣ ਵਿਚ ਪ੍ਰਬੀਨਤਾ ਹਾਸਿਲ ਕਰ ਸਕਦੇ ਹਾਂ। ਪਰ ਭਾਸ਼ਾ ਦੀ ਬੋਲਚਾਲ ਦੀ ਸ਼ੁੱਧਤਾ ਨੂੰ ਕਿਵੇਂ ਸ਼ੁੱਧ ਬੋਲ ਸਕਦੇ ਹਾਂ। ਇਹ ਸਮੱਸਿਆ ਬੜੀ ਜਟਿਲ ਹੈ। ਭਾਸ਼ਾ ਵਿਚ ਤਲੱਫ਼ਜ਼ ਜਾਂ ਉਚਾਰਨ ਦੀ ਬਹੁਤ ਵੱਡੀ ਮਹੱਤਤਾ ਹੈ। ਜੇਕਰ ਸ਼ੁੱਧ ਉਚਾਰਣ ਨਹੀਂ ਹੋਵੇਗਾ ਤਾਂ ਅਸੀਂ ਪ੍ਰਭਾਵਹੀਣ ਹੋ ਕੇ ਰਹਿ ਜਾਵਾਂਗੇ। ਆਉਣ ਵਾਲ਼ੀ ਪੀੜ੍ਹੀ ਵਿਚ ਉਚਾਰਣ ਦੀਆਂ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ। ਇਹਨਾਂ ਦਾ ਮੈਂ ਮੋਟੇ ਤੌਰ ਤੇ ਜਿ਼ਕਰ ਕਰਾਂਗਾ।

ਅਜੋਕੇ ਪੰਜਾਬੀ ਉਚਾਰਨ ਦੀ ਜੋ ਸਮੱਸਿਆ ਬਣ ਗਈ ਹੈ ਉਹ ਬੜੀ ਗੁੰਝਲਦਾਰ ਤੇ ਉਲਝਣ ਵਾਲ਼ੀ ਹੈ। ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕ ਅਤੇ ਕਾਲਜਾਂ ਦੇ ਪ੍ਰਾ-ਅਧਿਆਪਕ ਪੰਜਾਬੀ ਦੇ ਗ਼ਲਤ ਉਚਾਰਨ ਵਿਚ ਗ੍ਰਸ ਚੁੱਕੇ ਹਨ। ਜੇਕਰ ਅਧਿਆਪਕ ਵਰਗ ਦਾ ਉਚਾਰਨ ਸ਼ੁੱਧ ਨਹੀਂ ਹੈ ਤਾਂ ਉਹ ਵਿਦਿਆਰਥੀ ਨੂੰ ਕੀ ਸੇਧ ਦੇਵੇਗਾ। ਅਸ਼ੁੱਧ ਉਚਾਰਨ ਪੰਜਾਬੀ ਭਾਸ਼ਾ ਲਈ ਇਕ ਮਾਰੂ ਸੱਟ ਹੈ। ਪੰਜਾਬੀ ਦੇ ਨਵੀਂ ਪੀੜ੍ਹੀ ਦੇ ਕਵੀਆਂ ਅਤੇ ਲੇਖਕਾਂ ਵਿਚ ਵੀ ਸੁ਼ੱਧ ਉਚਾਰਨ ਦੀ ਘਾਟ ਰੜਕ ਰਹੀ ਹੈ।

ਉਰਦੂ ਜ਼ੁਬਾਨ ਦਾ ਸਾਡੇ ਪੰਜਾਬੀ ਸਾਹਿਤ ਵਿਚ ਇਕ ਖ਼ਾਸ ਮੁਕਾਮ ਹੈ। ਇਸ ਮੁਕਾਮ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪੰਜਾਬੀ ਸਾਹਿਤ ਵਿਚ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਦਮੋਦਰ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਪੀਲੂ, ਹਾਸ਼ਮ, ਮਕਬੂਲ, ਫਜ਼ਲ ਸ਼ਾਹ ਤੇ ਸਯੀਅਦ ਵਾਰਸ ਸ਼ਾਹ ਦਾ ਉਚਾ ਸਥਾਨ ਹੈ। ਇਹਨਾਂ ਸਾਹਿਤਕਾਰਾਂ ਨੇ ਅਪਣੀ ਲਿਖਤ ਵਿਚ ਉਰਦੂ-ਫਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ ਅਤੇ ਸਾਹਿਤ ਦਾ ਖਜ਼ਾਨਾ ਭਰਪੂਰ ਕੀਤਾ ਹੈ। ਉਰਦੂ-ਫਾਰਸੀ ਨੂੰ ਮੁੱਖ ਰੱਖਦਿਆਂ ਸਾਡੇ ਵਿਦਵਾਨਾਂ ਨੇ ਪੰਜਾਬੀ ਵਰਣਮਾਲਾ ਵਿਚ ਕੁਝ ਬਿੰਦੀਆਂ ਵਾਲ਼ੇ ਅੱਖਰਾਂ ਦਾ ਵਾਧਾ ਕੀਤਾ ਹੈ ਤਾਂ ਕਿ ਫਾਰਸੀ ਵਿਚ ਆਏ ਸ਼ਬਦਾਂ ਦਾ ਸ਼ੁੱਧ ਅਤੇ ਸਹੀ ਉਚਾਰਨ ਹੋ ਸਕੇ ਇਹ ਅੱਖਰ ਹਨ- ਸ਼, ਖ਼, ਜ਼, ਗ਼, ਫ਼, ਲ਼ । ਹਜ਼ਾਰਾਂ ਸ਼ਬਦ ਪੰਜਾਬੀ ਨੇ ਫਾਰਸੀ ਵਿਚੋਂ ਹਜ਼ਮ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਵਿਚੋਂ ਕਿਵੇਂ ਮਨਫੀ ਕਰ ਸਕਦੇ ਹਾਂ।

ਸਾਡੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੇ ਕਾਇਦੇ ਵਿਚ ਇਹ ਬਿੰਦੀਆਂ ਵਾਲ਼ੇ ਅੱਖਰ ਦਰਜ ਹਨ। ਫਾਰਸੀ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਇਹਨਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਈਆਂ ਗਈਆਂ ਹਨ। ਪ੍ਰੰਤੂ ਅਧਿਆਪਕਜਨ ਇਹਨਾਂ ਅੱਖਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਪ੍ਰਾਇਮਰੀ ਤੋਂ ਹਾਈ ਸਕੂਲਾਂ ਅਤੇ ਫਿਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਉਚਾਰਨ ਦੀ ਸ਼ੁੱਧਤਾ ਵੱਲ ਪ੍ਰੇਰਿਆ ਨਹੀਂ ਜਾਂਦਾ। ਏਸੇ ਕਰਕੇ ਬੱਚਿਆਂ ਦਾ ਉਚਾਰਨ ਅਸ਼ੁੱਧ ਅਤੇ ਕੱਚ ਘਰੜ ਰਹਿ ਜਾਂਦਾ ਹੈ। ਭਾਸ਼ਾ ਦੀ ਬੋਲਚਾਲ ਵਿਚ ਇਕ ਠੁੱਕ, ਇਕ ਪ੍ਰਭਾਵ ਖਤਮ ਹੋ ਜਾਂਦਾ ਹੈ।

ਵਿਦਿਆਰਥੀਆਂ ਦੇ ਵਰਗ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਅਧਿਆਪਕ ਵਰਗ ਬਾਰੇ ਚਰਚਾ ਕਰਾਂਗਾ ਕਿ ਉਹ ਉਚਾਰਨ ਦੀ ਕਿਵੇਂ ਜੱਖਣਾ ਪੁੱਟਦੇ ਹਨ। ਕੁਝ ਉਦਾਹਰਣਾਂ ਦੇਵਾਂਗਾ ਜਿਵੇਂ ਜਿ਼ੰਦਗੀ ਨੂੰ (ਜਿੰਦਗੀ), ਜ਼ਮਾਨਾ ਨੂੰ (ਜਮਾਨਾ), ਜ਼ਮੀਨ ਨੂੰ (ਜਮੀਨ), ਗ਼ੇਰਤ ਨੂੰ (ਗੈਰਤ), ਗ਼ਜ਼ਲ ਨੂੰ (ਗਜਲ), ਬਾਗ਼ ਨੂੰ (ਬਾਗ), ਫ਼ਸਲ ਨੂੰ (ਫਸਲ), ਫ਼ਕੀਰ ਨੂੰ (ਫਕੀਰ), ਜਿ਼ਕਰ ਨੂੰ (ਜਿਕਰ), ਯਾਰੀ ਨੂੰ (ਜਾਰੀ), ਜਾਰੀ ਨੂੰ (ਯਾਰੀ) ਬੋਲਦੇ ਹਨ।

ਇਕ ਹੋਰ ਹਾਸੋਹੀਣਾ ਪੱਖ ਦੇਖੋ ਮਜਬੂਰੀ ਨੂੰ (ਮਜ਼ਬੂਰੀ), ਤਜਰਬਾ ਨੂੰ (ਤਜ਼ਰਬਾ) ਅਤੇ ਹਿਜਰ ਨੂੰ ਹਿਜ਼ਰ ਬੋਲਦੇ ਹਨ।

ਮੈਂ ਇਕ ਮਿਸਾਲ ਹੋਰ ਦਿਆਂਗਾ ਕਿ ਸਾਡਾ ਸ਼ਹਿਰੀ ਵਰਗ ਪੰਜਾਬੀ ਜ਼ੁਬਾਨ ਦਾ ਸੱਤਿਆਨਾਸ਼ ਕਿਵੇਂ ਕਰ ਰਿਹਾ ਹੈ। ਇਹ ਲੋਕ ਨ ਅਤੇ ਣ ਦੀ ਵਰਤੋਂ ਕਿਵੇਂ ਕਰਦੇ ਹਨ। "ਨੀ ਮੀਨਾ! ਤੂੰ ਪਾਨੀ ਪੀਨਾ ਏਂ ਕੂ ਨਹੀਂ ਪੀਨਾ। ਖਾਨਾ ਕਦੋਂ ਖਾਨਾ ਏਂ?" " ਨੀ ਗੀਤਾ! ਮੈਂ ਨਹੀਂ ਹਾਲੀ ਖਾਨਾ। ਮੈਂ ਤਾਂ ਹਾਲੀ ਬਸ ਪਾਨੀ ਹੀ ਪੀਨਾ ਏਂ।"

ਨਵੇਂ ਲੇਖਕ ਅਤੇ ਕਵੀ ਜੋ ਪੰਜਾਬੀ ਜ਼ੁਬਾਨ ਦੀ ਰੂਹ ਪਛਾਣਦੇ ਹਨ, ਦਾ ਉਚਾਰਨ ਕਾਫੀ ਹੱਦ ਤੱਕ ਸ਼ੁੱਧ ਅਤੇ ਸਹੀ ਹੁੰਦਾ ਹੈ। ਜਦੋਂ ਕਵੀ ਕਿਸੇ ਕਵੀ ਦਰਬਾਰ ਵਿਚ ਅਸ਼ੁੱਧ ਭਾਸ਼ਾ ਬੋਲਦਾ ਹੈ ਤਾਂ ਆਪਣਾ ਸਾਰਾ ਪ੍ਰਭਾਵ ਮਨਫ਼ੀ ਕਰ ਲੈਂਦਾ ਹੈ। ਅੱਜ ਕੱਲ੍ਹ ਟੀ.ਵੀ. ਚੈਨਲਾਂ 'ਤੇ ਬਹੁਤ ਹੀ ਅਸ਼ੁੱਧ ਪੰਜਾਬੀ ਬੋਲੀ ਅਤੇ ਲਿਖੀ ਜਾਂਦੀ ਹੈ।

ਪੁਰਾਣੇ ਸਮਿਆਂ ਵਿਚ ਮੌਲਵੀ ਪਾਸੋਂ ਲੋਕ ਉਰਦੂ ਅਤੇ ਫਾਰਸੀ ਦੀ ਤਾਲੀਮ ਹਾਸਿਲ ਕਰਦੇ ਸਨ। ਉਹ ਤਲੱਫ਼ਜ਼ ਜਾਂ ਉਚਾਰਨ ਉਤੇ ਬਹੁਤ ਜ਼ੋਰ ਦਿਆ ਕਰਦੇ ਸਨ। ਭੁੱਲ ਭੁਲੇਖੇ ਜੇ ਕਿਸੇ ਵਿਦਿਆਰਥੀ ਨੇ ਲੇਕਿਨ ਲਫ਼ਜ਼ ਨੂੰ ਲੇਕਨ ਆਖ ਦੇਣਾ ਜਾਂ ਮੁਸ਼ਕਿਲ ਨੂੰ ਮੁਸ਼ਕਲ ਬੋਲ ਦੇਣਾ ਤਾਂ ਉਸੇ ਲਫ਼ਜ਼ ਦੀ ਕਈ ਕਈ ਵਾਰ ਦੁਹਰਾਈ ਕਰਵਾਈ ਜਾਂਦੀ ਸੀ। ਮੈਂ ਆਪਣੇ ਪੰਜਾਬੀ ਪੜ੍ਹਾਉਣ ਦੇ 35 ਸਾਲਾਂ ਸਮੇਂ ਵਿਦਿਆਰਥੀਆਂ ਨੂੰ ਸੁੱਧ ਉਚਾਰਨ ਲਈ ਮਿਹਨਤ ਕਰਵਾਉਂਦਾ ਰਿਹਾ ਹਾਂ। ਕਾਫੀ ਵਿਦਿਆਰਥੀ ਨੂੰ ਇਸ ਪਾਸੇ ਸਫ਼ਲਤਾ ਦਿਵਾਈ ਹੈ। ਇਹ ਵਿਦਿਆਰਥੀ ਅੱਜ ਕੱਲ੍ਹ ਲਿਖਣ ਪ੍ਰਕਿਰਿਆ ਵਿਚ ਯੋਗਦਾਨ ਪਾ ਰਹੇ ਹਨ। ਕੁਲਵਿੰਦਰ ਕੌਰ ਮਠਾਰੂ, ਗੁਲਜ਼ਾਰ ਤਾਹਰਪੁਰੀ, ਸਤਨਾਮ ਦੁੱਗਲ ਅਤੇ ਕਮਲ ਕੇਸਰ ਜਿ਼ਕਰਯੋਗ ਹਨ।

ਮੇਰੇ ਇਹਨਾਂ ਵਿਚਾਰਾਂ ਤੋਂ ਪੰਜਾਬੀ ਪਿਆਰੇ ਅਤੇ ਪੰਜਾਬੀ ਪਾਠਕ ਸ਼ਾਇਦ ਕੁਝ ਸੇਧ ਲੈ ਸਕਣਗੇ ਤੇ ਆਪਣੇ ਜੀਵਨ ਵਿਚ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਬਰਕਰਾਰ ਰੱਖ ਸਕਣਗੇ।

ਐ ਮਾਂ ਬੋਲੀ! ਤੈਨੂੰ ਲੱਖ-ਲੱਖ ਪ੍ਰਣਾਮ।

ਸਹਿਯੋਗ.......... ਕਹਾਣੀ / ਸਆਦਤ ਹਸਨ ਮੰਟੋ

ਚਾਲੀ਼ ਪੰਜਾਹ ਡਾਂਗਬਾਜ਼ ਆਦਮੀਆਂ ਦਾ ਇਕ ਜੱਥਾ ਲੁੱਟਮਾਰ ਲਈ ਇਕ ਮਕਾਨ ਵੱਲ ਵਧ ਰਿਹਾ ਸੀ। ਅਚਾਨਕ ਉਸ ਭੀੜ ਨੂੰ ਚੀਰਦਾ ਇਕ ਦੁਬਲਾ-ਪਤਲਾ ਅਧੇੜ ਉਮਰ ਦਾ ਆਦਮੀ ਬਾਹਰ ਨਿਕਲਿਆ। ਪਿੱਛੇ ਪਾਸਾ ਵੱਟ ਕੇ ਉਹ ਬਲਵਾਈਆਂ ਨੂੰ ਲੀਡਰਾਨਾ ਢੰਗ ਨਾਲ਼ ਆਖਣ ਲੱਗਾ, 'ਭਾਈਓ, ਇਸ ਮਕਾਨ ਵਿਚ ਬੜੀ ਦੌਲਤ ਐ, ਬੇਸ਼ੁਮਾਰ ਕੀਮਤੀ ਸਮਾਨ ਐ...... ਆਓ ਆਪਾਂ ਸਾਰੇ ਰਲ਼ ਕੇ ਇਸ ਤੇ ਕਬਜ਼ਾ ਕਰੀਏ ਅਤੇ ਭਾਗਾਂ ਨਾਲ਼ ਹੱਥ ਲੱਗੇ ਇਸ ਮਾਲ ਨੂੰ ਆਪਸ ਵਿਚ ਵੰਡ ਲਈਏ ।'

ਹਵਾ ਵਿਚ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਆਵਾਜ਼ ਨਾਲ਼ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ। ਚਾਲੀ਼ ਪੰਜਾਹ ਡਾਂਗਾਂ ਵਾਲੇ਼ ਆਦਮੀਆਂ ਦਾ ਜਥਾ, ਦੁਬਲੇ-ਪਤਲੇ ਆਦਮੀ ਦੀ ਅਗਵਾਈ ਵਿਚ, ਉਸ ਮਕਾਨ ਵੱਲ ਤੇਜੀ਼ ਨਾਲ਼ ਵਧਣ ਲੱਗਿਆ, ਜਿਸ ਵਿਚ ਬਹੁਤ ਸਾਰਾ ਧਨ ਅਤੇ ਬੇਸ਼ੁਮਾਰ ਕੀਮਤੀ ਸਮਾਨ ਸੀ।

ਮਕਾਨ ਦੇ ਮੁੱਖ ਦਰਵਾਜੇ਼ ਕੋਲ਼ ਰੁਕ ਕੇ ਦੁਬਲਾ-ਪਤਲਾ ਆਦਮੀ ਫਿਰ ਲੁਟੇਰਿਆਂ ਨੂੰ ਕਹਿਣ ਲੱਗਾ “ਭਾਈਓ ਇਸ ਮਕਾਨ ਵਿਚ ਜਿੰਨਾ ਵੀ ਸਮਾਨ ਐ, ਸਭ ਤੁਹਾਡੈ.... ਦੇਖੋ, ਖੋਹਾ-ਖਾਹੀ ਨਹੀਂ ਕਰਨੀ, ਆਪਸ ਵਿਚ ਲੜਨਾ ਨਹੀਂ ਆਓ !”

ਇਕ ਜਣਾ ਚੀਕਿਆ 'ਦਰਵਾਜੇ਼ ਨੂੰ ਜਿੰਦਰਾ ਏ!'

'ਤੋੜ ਦਿਓ... ਤੋੜ ਦਿਓ !' ਹਵਾ ਵਿਚ ਕਈ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਅਵਾਜ਼ ਵਾਲੇ਼ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ।

ਦੁਬਲੇ-ਪਤਲੇ ਆਦਮੀ ਨੇ ਹੱਥ ਦੇ ਇਸ਼ਾਰੇ ਨਾਲ਼ ਦਰਵਾਜਾ਼ ਤੋੜਨ ਵਾਲਿ਼ਆਂ ਨੂੰ ਰੋਕਿਆ ਅਤੇ ਮੁਸਕਰਾ ਕੇ ਕਿਹਾ 'ਭਾਈਓ ਠਹਿਰੋ... ਮੈਂ ਇਹਨੂੰ ਕੁੰਜੀ ਨਾਲ਼ ਖੋਲਦਾਂ!'

ਇਹ ਕਹਿ ਕੇ ਉਹਨੇ ਜੇਬ ਵਿਚੋਂ ਕੁੰਜੀਆਂ ਦਾ ਗੁੱਛਾ ਕੱਢਿਆ ਅਤੇ ਇਕ ਕੁੰਜੀ ਚੁਣ ਕੇ ਜਿੰਦਰੇ ਵਿਚ ਪਾਈ ਅਤੇ ਉਹਨੂੰ ਖੋਲ੍ਹ ਦਿੱਤਾ। ਟਾਹਲੀ ਦਾ ਭਾਰੀ ਦਰਵਾਜਾ਼ ਚੀਂ ਕਰਦਾ ਖੁੱਲਿਆ ਤਾਂ ਭੀੜ ਪਾਗਲਾਂ ਵਾਂਗ ਅੱਗੇ ਜਾਣ ਲਈ ਵਧੀ।

ਦੁਬਲੇ-ਪਤਲੇ ਆਦਮੀ ਨੇ ਅਪਣੇ ਕੁੜਤੇ ਦੀ ਬਾਂਹ ਨਾਲ਼ ਮੱਥੇ ਦਾ ਪਸੀਨਾ ਪੂੰਝਦਿਆਂ ਕਿਹਾ 'ਭਾਈਓ ਧੀਰਜ ਨਾਲ਼...... ਜੋ ਕੁਝ ਇਸ ਮਕਾਨ ਵਿਚ ਹੈ, ਸੱਭ ਤੁਹਾਡੈ... ਫੇਰ ਇਸ ਹਫੜਾ ਦਫੜੀ ਦੀ ਕੀ ਲੋੜ ਐ ?'

ਤਦੇ ਭੀੜ ਵਿਚ ਜ਼ਬਤ ਪੈਦਾ ਹੋ ਗਿਆ। ਧਾੜਵੀ ਇਕ ਇਕ ਕਰਕੇ ਮਕਾਨ ਦੇ ਅੰਦਰ ਵੜਨ ਲੱਗੇ, ਪਰ ਜਿਉਂ ਹੀ ਚੀਜਾ਼ ਦੀ ਲੁੱਟ ਮਾਰ ਸ਼ੁਰੂ ਹੋਈ, ਫੇਰ ਆਪਾ ਧਾਪੀ ਪੈ ਗਈ। ਬੜੀ ਬੇਰਹਿਮੀ ਨਾਲ਼ ਧਾੜਵੀ ਕੀਮਤੀ ਚੀਜ਼ਾਂ ਲੁੱਟਣ ਲੱਗ ਪਏ।

ਦੁਬਲੇ-ਪਤਲੇ ਆਦਮੀ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਬੜੀ ਦੁੱਖ ਭਰੀ ਆਵਾਜ਼ ਨਾਲ਼ ਲੁਟੇਰਿਆਂ ਨੂੰ ਆਖਿਆ 'ਭਾਈਓ, ਹੌਲੀ਼ ਹੌਲੀ਼...ਆਪਸ ਵਿਚ ਲੜਨ ਝਗੜਨ ਦੀ ਕੋਈ ਲੋੜ ਨੀ...ਸਹਿਯੋਗ ਨਾਲ਼ ਕੰਮ ਲਓ। ਜੇ ਕਿਸੇ ਦੇ ਹੱਥ ਬਹੁਤੀ ਕੀਮਤੀ ਚੀਜ਼ ਲੱਗ ਗਈ ਐ ਤਾਂ ਈਰਖਾ ਨਾ ਕਰੋ... ਏਨਾ ਬੜਾ ਮਕਾਨ ਐ,ਆਪਣੇ ਵਾਸਤੇ ਕੋਈ ਹੋਰ ਚੀਜ਼ ਲੱਭ ਲਓ... ਪਰ ਵਹਿਸੀ਼ ਨਾ ਬਣੋ... ਮਾਰ ਧਾੜ ਕਰੋਗੇ ਤਾਂ ਚੀਜ਼ਾਂ ਟੁੱਟ ਜਾਣਗੀਆਂ... ਇਸ ਵਿਚ ਨੁਕਸਾਨ ਤੁਹਾਡਾ ਹੀ ਐ...'

ਲੁਟੇਰਿਆਂ ਵਿਚ ਇਕ ਵਾਰ ਫਿਰ ਸੰਜਮ ਪੈਦਾ ਹੋ ਗਿਆ ਅਤੇ ਭਰਿਆ ਹੋਇਆ ਮਕਾਨ ਹੌਲੀ਼ ਹੌਲੀ਼ ਖਾਲੀ ਹੋਣ ਲੱਗਿਆ। ਦੁਬਲਾ-ਪਤਲਾ ਆਦਮੀ ਸਮੇਂ ਸਮੇਂ ਹਦਾਇਤਾਂ ਦਿੰਦਾ ਰਿਹਾ 'ਦੇਖੋ ਵੀਰੋ, ਇਹ ਰੇਡੀਓ ਐ... ਰਤਾ ਧਿਆਨ ਨਾਲ਼ ਚੁੱਕੋ , ਅਜਿਹਾ ਨਾ ਹੋਵੇ ਕਿ ਟੁੱਟ ਜਾਵੇ... ਇਹ ਦੀਆਂ ਤਾਰਾਂ ਵੀ ਨਾਲ਼ ਈ ਲੈ ਜੋ...'

'ਤਹਿ ਕਰ ਲਓ ਭਾਈ ਇਹਨੂੰ ਤਹਿ ਕਰ ਲਓ...ਅਖਰੋਟ ਦੀ ਲੱਕੜ ਦੀ ਤਪਾਈ ਐ, ਹਾਥੀ ਦੰਦ ਦੀ ਪੱਚੀਕਾਰੀ ਐ, ਬੜੀ ਨਾਜ਼ੁਕ ਚੀਜ਼ ਐ....'

'....ਹਾਂ ਹੁਣ ਠੀਕ ਐ...।'

'ਨਹੀਂ ਨਹੀਂ ਏਥੇ ਨੀ ਪੀਣੀ...ਚੜ੍ਹ ਜੂਗੀ...ਇਹ ਘਰ ਨੂੰ ਲੈ ਜੋ...'

'ਠਹਿਰੋ ਠਹਿਰੋ, ਮੈਨੂੰ ਮੇਨ ਸਵਿਚ ਬੰਦ ਕਰ ਲੈਣ ਦਿਓ... ਕਿਤੇ ਕਰੰਟ ਨਾਲ਼ ਧੱਕਾ ਨਾ ਲੱਗ ਜਾਵੇ...'

ਏਨੇ ਨੂੰ ਇਕ ਖੂੰਜੇ 'ਚੋਂ ਰੌਲਾ਼ ਪੈਣ ਦੀ ਆਵਾਜ਼ ਆਈ...ਚਾਰ ਲੁੱਟੇਰੇ ਇਕ ਕੱਪੜੇ ਦੇ ਥਾਨ ਨੂੰ ਖਿੱਚ ਧੂਹ ਰਹੇ ਸਨ।
ਦੁਬਲਾ-ਪਤਲਾ ਆਦਮੀ ਤੇਜੀ਼ ਨਾਲ਼ ਉਹਨਾਂ ਵਲ ਨੂੰ ਵਧਿਆ ਅਤੇ ਲਾਹਨਤ ਪਾਉਣ ਦੇ ਲਹਿਜ਼ੇ 'ਚ ਉਨ੍ਹਾਂ ਨੂੰ ਕਹਿਣ ਲੱਗਿਆ 'ਤੁਸੀਂ ਕਿੰਨੇ ਬੇਸਮਝ ਹੋ...ਲੀਰ ਲੀਰ ਹੋ ਜੂ ਗੀ , ਏਨੇ ਕੀਮਤੀ ਕੱਪੜੇ ਦੀ... ਘਰ 'ਚ ਸਭ ਚੀਜ਼ਾਂ ਹੈਗੀਆਂ, ਗਜ਼ ਵੀ ਹੋਊ...ਲੱਭੋ ਅਤੇ ਮਿਣ ਕੇ ਕੱਪੜਾ ਆਪਸ ਵਿਚ ਵੰਡ ਲਓ...

ਅਚਾਨਕ ਇਕ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ਭਉਂ... ਭਉਂ... ਭਊਂ....ਅਤੇ ਅੱਖ ਝਮਕਦਿਆਂ ਬਹੁਤ ਬੜਾ ਗੱਦੀ ਕੁੱਤਾ, ਇੱਕੋ ਛਾਲ਼ ਨਾਲ਼ ਅੰਦਰ ਆਇਆ ਅਤੇ ਝਪਟਦਿਆਂ ਹੀ ਉਹਨੇ ਦੋ ਤਿੰਨ ਲੁਟੇਰਿਆਂ ਨੂੰ ਝੰਜੋੜ ਦਿੱਤਾ।
ਦੁਬਲਾ-ਪਤਲਾ ਆਦਮੀ ਚੀਕਿਆ 'ਟਾਇਗਰ... ਟਾਇਗਰ...'

ਟਾਇਗਰ ਜਿਸਦੇ ਮੂੰਹ 'ਚ ਇਕ ਲੁਟੇਰੇ ਦਾ ਪਾਟਿਆ ਹੋਇਆ ਗਲ਼ਾਮਾ ਸੀ, ਪੂਛ ਹਿਲਾਉਂਦਾ ਹੋਇਆ, ਦੁਬਲੇ-ਪਤਲੇ ਆਦਮੀ ਵੱਲ ਨੀਵੀ ਪਾਈ ਕਦਮ ਉਠਾਉਣ ਲੱਗਿਆ।

ਟਾਈਗਰ ਦੇ ਆਉਂਦਿਆਂ ਹੀ ਸਭ ਲੁਟੇਰੇ ਭੱਜ ਗਏ, ਕੇਵਲ ਇਕ ਲੁਟੇਰਾ ਬਾਕੀ ਰਹਿ ਗਿਆ, ਜਿਸਦੇ ਗਲ਼ਾਮੇ ਦਾ ਟੁਕੜਾ ਟਾਈਗਰ ਦੇ ਮੂੰਹ ਵਿਚ ਸੀ। ਉਹਨੇ ਦੁਬਲੇ-ਪਤਲੇ ਆਦਮੀ ਵੱਲ ਦੇਖਿਆ ਅਤੇ ਪੁੱਛਿਆ 'ਕੌਣ ਐਂ ਤੂੰ?' ਦੁਬਲਾ-ਪਤਲਾ ਆਦਮੀ ਮੁਸਕਾਇਆ 'ਇਸ ਘਰ ਦਾ ਮਾਲਕ... ਦੇਖ ਦੇਖ, ਤੇਰੇ ਹੱਥ 'ਚੋਂ ਕੰਚ ਦਾ ਮਰਤਬਾਨ ਡਿੱਗ ਰਿਹੈ...।'

ਪੁਲਿਸ ਪੈਟਰੌਲ.......... ਕਹਾਣੀ / ਵਿਸ਼ਵ ਜਿਯੋਤੀ ਧੀਰ

ਜਨਵਰੀ ਦੇ ਮਹੀਨੇ ਦੀ ਦੀ ਧੁੰਦ ਨਾਲ਼ ਕੱਜੀ ਸਵੇਰ ਸੀ। ਅੱਜ ਕੈਲੀ ਦੇ ਕਦਮ ਅਕੇਵੇਂ ਥਕੇਵੇਂ ਨਾਲ਼ ਬੋਝਲ ਸਨ। ਉਸ ਦਾ ਘਰ ਵਾਲਾ਼ ਦਾਰੀ, ਰਾਤ ਸ਼ਰਾਬ ਪੀ ਕੇ ਗ੍ਹਾਲਾਂ ਕੱਢਦਾ ਰਿਹਾ। ਫੇਰ ਵੀ ਕੈਲੀ ਮਜਬੂਰ ਹੋ ਕੇ ਰੋਜ਼ ਦੀ ਤਰ੍ਹਾਂ ਰੋਟੀ ਵਾਲਾ਼ ਡੱਬਾ ਚੁੱਕੀ ਫੈਕਟਰੀ ਵੱਲ ਨੂੰ ਤੁਰ ਪਈ, ਸੜਕ ੳੱਤੇ ਸੁੰਨਸਾਨ ਪੱਸਰੀ ਹੋਈ ਸੀ। ਕੋਈ ਟਾਵਾਂ ਟਾਵਾਂ ਸੈਰ ਕਰਦਾ ਦਿਸ ਪੈਂਦਾ। ਰੋਜ਼ ਵਾਂਗ ਪੁਲਿਸ ਪੈਟਰੋਲ ਵਾਲਿ਼ਆਂ ਦੀ ਗੱਡੀ ਸੜਕ ਦੇ ਇਕ ਪਾਸੇ ਲੱਗੀ ਖੜ੍ਹੀ ਸੀ। ਕੈਲੀ ਨੂੰ ਹਰ ਰੋਜ਼ ਸਵੇਰੇ ਸ਼ਾਮ ਇਸ ਗੱਡੀ ਕੋਲੋਂ ਲੰਘਣਾ ਪੈਂਦਾ। ਦੋ ਪੁਲਿਸ ਵਾਲੇ ਹਮੇਸ਼ਾ ਗੱਡੀ ਦੇ ਅੰਦਰ ਬੈਠੇ ਗੱਲਾਂ-ਬਾਤਾਂ ਕਰਦੇ ਹੁੰਦੇ, ਪਰ ਇਕ ਪਤਲਾ ਜਿਹਾ ਪੁਲਿਸ ਮੁਲਾਜ਼ਮ ਅਕਸਰ ਹੀ ਗੱਡੀ ਨਾਲ਼ ਬਾਹਰ ਢੋਹ ਲਾਈ ਖੜ੍ਹਾ ਹੁੰਦਾ ਹੈ। ਵੇਖਣ ਨੂੰ ਤਾਂ ਮੁੰਡਾ-ਖੁੰਡਾ ਲੱਗਦਾ, ਪਰ ਮੂੰਹ ਤੋਂ ਸੜੀਅਲ ਜਿਹਾ। ਨਿੱਕੀਆਂ-ਨਿੱਕੀਆਂ ਅੱਖਾਂ ਉਤੇ ਭਰਵੱਟੇ ਉਤਾਂਹ ਚੜ੍ਹੇ ਹੋਏ, ਜਿਵੇਂ ਕਿਸੇ ਨਾਲ਼ ਕਦੇ ਹੱਸਿਆ ਬੋਲਿਆ ਹੀ ਨਾ ਹੋਵੇ। ਜਦੋਂ ਵੇਖੋ ਆਪਣੀਆਂ ਮੁੱਛਾਂ ਨੂੰ ਮਰੋੜਦਾ ਰਹਿੰਦਾ। ਕੈਲੀ ਨੇ ਇਹਦਾ ਨਾਂ ਹੀ ਪੁਲਿਸ ਪੈਟਰੌਲ ਰੱਖਿਆ ਹੋਇਆ ਸੀ। ਉਸਨੂੰ ਇਸ ਪੁਲਿਸ ਪੈਟਰੌਲ 'ਤੇ ਬੜਾ ਹੀ ਹਰਖ ਆਉਂਦਾ। ਇਕ ਤਾਂ ਕਸੱਵਲਾ ਦੂਜਾ ਪੁਲਸੀਆ। ਦੂਰੋਂ ਦੇਖ ਕੇ ਕੈਲੀ ਬੜੀ ਵਾਰੀ ਡਰ ਜਾਂਦੀ।

ਅੱਜ ਵੀ ਉਹ ਗੱਡੀ ਦੇ ਬਾਹਰ ਢੋਹ ਲਾਈ ਖੜ੍ਹਾ ਸੀ। ਗੱਡੀ ਅੰਦਰ ਬੈਠੇ ਮੁਲਾਜ਼ਮ ਕੋਈ ਗੱਲ ਕਰਕੇ ਉਚੀ-ਉਚੀ ਹੱਸ ਰਹੇ ਪਏ। ਉਹ ਸਿਰ ਹੇਠਾਂ ਕਰਕੇ ਗੱਡੀ ਕੋਲੋਂ ਦੀ ਲੰਘ ਗਈ। ਕੈਲੀ ਸੋਚ ਰਹੀ ਸੀ ਕਿ ਉਹ ਕਿਉਂ ਇਨ੍ਹਾਂ ਕੋਲੋਂ ਦੀ ਲੰਘਦਿਆਂ ਅਸੁਰੱਖਿਅਤ ਮਹਿਸੂਸ ਕਰਦੀ ਹੈ? ਖਵਰੇ ਜਦੋਂ ਦਾ ਦਾਰੀ ਨਾਲ਼ ਉਹਦਾ ਵਿਆਹ ਹੋਇਆ ਸੀ, ਉਸ ਨੂੰ ਹਰ ਬੰਦੇ ਕੋਲੋਂ ਦੀ ਲੰਘਦਿਆਂ ਇਹੀ ਮਹਿਸੂਸ ਹੁੰਦਾ ਜਾਂ ਫਿਰ ਉਹਦੇ ਦਿਲ ਵਿਚ ਬੰਦਿਆਂ ਲਈ ਨਫ਼ਰਤ ਵਸ ਗਈ। ਹਰ ਬੰਦੇ ਵਿਚ ਕੈਲੀ ਨੂੰ ਦਾਰੀ ਵਰਗਾ ਮਾੜਾ ਕਿਰਦਾਰ ਦਿਸਦਾ। ਉਹੀ ਦਾਰੀ ਜਿਸ ਨੂੰ ਮਿਲਣ ਦੀ ਤਾਂਘ ਵਿਚ ਕਦੇ ਉਹ ਮਸਾਂ ਰਾਤ ਲੰਘਾਉਂਦੀ ਸੀ। ਕਦੋਂ ਸਵੇਰ ਆਵੇਗੀ, ਕਦੋਂ ਉਹ ਆਪਣੇ ਦਾਰੀ ਦਾ ਚੰਨ ਵਰਗਾ ਮੁੱਖ ਦੇਖੇਗੀ।

ਨੌਕਰੀ ਦੇ ਪਹਿਲੇ ਦਿਨ ਜਦੋਂ ਕੈਲੀ ਫੈਕਟਰੀ ਗਈ ਸੀ ਤਾਂ ਦਾਰੀ ਦੀ ਸੋਹਣੀ ਕੱਦ ਕਾਠੀ ਤੇ ਮਸਤ ਅੱਖਾਂ ਵਿਚ ਗੁਆਚ ਗਈ। ਇਕੋ ਯੂਨਿਟ ਵਿਚ ਕੰਮ ਕਰਦਿਆਂ-ਕਰਦਿਆਂ ਪਤਾ ਈ ਨੀ ਲੱਗਿਆ,ਕਦੋਂ ਉਹ ਦਾਰੀ ਨੂੰ ਬੜੀ ਸਿ਼ੱਦਤ ਨਾਲ਼ ਚਾਹੁਣ ਲੱਗ ਪਈ। ਉਸ ਨੂੰ ਸਾਰੇ ਬ੍ਰਹਿਮੰਡ ਵਿਚੋਂ ਦਾਰੀ ਸਭ ਤੋਂ ਸੋਹਣਾ ਲੱਗਦਾ ਅਤੇ ਦਾਰੀ ਵੀ ਕੈਲੀ ਦੇ ਸੁਹੱਪਣ ਨੂੰ ਹੀਰ ਤੇ ਸੋਹਣੀ ਦਾ ਦਰਜਾ ਦਿੰਦਾ ਹੈ। ਉਸ ਦੀਆਂ ਅਲੋਕਾਰੀ ਗੱਲਾਂ ਵਿਚ ਗ੍ਰਿਫਤਾਰ ਕੈਲੀ ਨੇ ਘਰਦਿਆਂ ਨਾਲ਼ ਬਗਾਵਤ ਕਰ ਦਿੱਤੀ। ਮਾਪਿਆਂ ਨੇ ਤਾਂ ਉਸੇ ਦਿਨ ਕੈਲੀ ਨੂੰ ਤਿਆਗ ਦਿੱਤਾ। ਵੀਰ ਨੇ ਆਖਿਆ ਸੀ,'ਅੱਜ ਤੋਂ ਤੂੰ ਸਾਡੇ ਵਾਸਤੇ ਮਰ ਗਈ ਤੇ ਅਸੀਂ ਤੇਰੇ ਵਾਸਤੇ।' ਕੈਲੀ ਨੇ ਦਾਰੀ ਨਾਲ਼ ਵਿਆਹ ਕਰਵਾ ਕੇ ਸੁਪਨਿਆਂ ਦੇ ਕਿਆਸੇ ਸੰਸਾਰ ਵਿਚ ਕਦਮ ਰੱਖ ਲਿਆ। ਪਰ ਇਹ ਸੰਸਾਰ ਸੁਪਨਿਆਂ ਨਾਲੋਂ਼ ਬਿਲਕੁਲ ਉਲਟ ਸੀ।

ਚਾਰੇ ਪਾਸੇ ਤਪਦਾ ਮਾਰੂਥਲ। ਉਹਦੇ ਨੈਣਾਂ ਨੇ ਕਿੰਨੇ ਹੰਝੂਆਂ ਦੇ ਸਾਉਣ ਵੀ ਬਰਸਾਏ, ਪਰ ਜਿਵੇਂ ਸਦਾ ਲਈ ਔੜ ਲੱਗ ਗਈ। ਦਾਰੀ ਦਿਨ ਰਾਤ ਸ਼ਰਾਬ ਪੀਂਦਾ। ਫੈਕਟਰੀ ਜਾਣਾ ਤਾਂ ਉਸ ਨੇ ਵਿਆਹ ਤੋਂ ਮਹੀਨਾ ਬਾਦ ਹੀ ਛੱਡ ਦਿੱਤਾ। ਘਰ ਦਾ ਗੁਜ਼ਾਰਾ ਇਕੱਲੀ ਦੀ ਕਮਾਈ ਦੀ ਚੱਲਦਾ। ਕੀ ਕਰਦੀ, ਹੁਣ ਤਾਂ ਆਪਣੀਆਂ ਨਜ਼ਰਾਂ ਵਿਚ ਆਪ ਹੀ ਸ਼ਰਮਸ਼ਾਰ ਹੁੰਦੀ ਰਹਿੰਦੀ। ਅਤੀਤ ਦਾ ਝੋਰਾ ਕਰਦੀ ਕੈਲੀ ਦੀਆਂ ਅੱਖਾਂ ਵਿਚੋਂ ਫੇਰ ਹੰਝੂ ਡਿਗ ਪਏ। ਕੈਲੀ ਨੇ ਹੱਸ ਕੇ ਆਪਣੇ ਆਪ ਨੂੰ ਲਾਹਣਤ ਦਿੱਤੀ, ਜੇ ਸੋਹਣੀ ਕੱਚੇ ਘੜੇ ਤੇ ਯਕੀਨ ਨਾ ਕਰਦੀ ਤਾਂ ਕਦੇ ਝਨਾਂ ਵਿਚ ਨਾ ਡੁੱਬਦੀ। ਜੇ ਕੈਲੀ ਦਾਰੀ ਤੇ ਯਕੀਨ ਨਾ ਕਰਦੀ ਤਾਂ ਇਹ ਦੁਖ ਨਾ ਹੰਢਾਉਣੇ ਪੈਂਦੇ!

ਆਥਣ ਨੂੰ ਫੈਕਟਰੀ ਤੋਂ ਆਉਂਦਿਆਂ ਸੜਕ 'ਤੇ ਗਹਿਰੀ ਧੁੰਦ ਦਾ ਪਸਾਰਾ ਸੀ। ਕੈਲੀ ਅੰਦਰੋਂ ਅੰਦਰੀ ਪੁਲਿਸ ਪੈਟਰੌਲ ਦਾ ਭੈਅ ਖਾ ਰਹੀ ਸੀ। ਮਗਰੋਂ ਕਿਸੇ ਦੀ ਪੈੜ ਸੁਣ ਕੇ ਉਸ ਨੇ ਪਿਛੇ ਭੌਂ ਕੇ ਦੇਖਿਆ। ਉਹੀ ਕਾਲਾ ਜਿਹਾ ਪੁਲਿਸ ਪੈਟਰੌਲ ਪਿੱਛੇ-ਪਿੱਛੇ ਆ ਰਿਹਾ ਸੀ। ਉਹ ਅੰਦਰ ਤੀਕ ਕੰਬ ਗਈ। ਡਰ ਕੇ ਉਸਨੇ ਕਦਮ ਕਾਹਲ਼ੇ ਕਰ ਲਏ ਪਰ ਥੋੜ੍ਹੀ ਦੇਰ ਮਗਰੋਂ ਪੁਲਿਸ ਪੈਟਰੋਲ ਸਾਹਮਣੇ ਖੜ੍ਹੀ ਆਪਣੀ ਗੱਡੀ ਵੱਲ ਮੁੜ ਗਿਆ। ਰਾਤ ਤਕ ਉਹ ਡਰਦੀ ਰਹੀ ਤੇ ਸੋਚਦੀ ਰਹੀ। ਪਤਾ ਨਹੀਂ ਕਿਉਂ ਇਹ ਪੁਲਿਸ ਪੈਟਰੌਲ ਇਕੱਲਾ ਈ ਗੱਡੀ ਤੋਂ ਬਾਹਰ ਖਲੋਂਦਾ ਐ....ਕਿਤੇ ਮੇਰਾ ਰਾਹ ਤਾਂ ਨੀ ਤੱਕਦਾ। ਜ਼ਰੂਰ ਰੋਜ਼ ਮੈਨੂੰ ਹੀ ਉਡੀਕਦਾ ਹੋਣੈ....। ਰੱਬ ਕਰੇ ਮਰ ਜਾਣੇ ਨੂੰ ਤਾਪ ਈ ਚੜ੍ਹ ਜੇ, ਚਾਰ ਦਿਨ ਮੈਂ ਵੀ ਸੌਖੀ ਹੋ ਜੂੰ ਗੀ।
ਜ਼ੋਰ ਦੀ ਬੂਹੇ 'ਤੇ ਖੜਾਕ ਸੁਣ ਕੇ ਕੈਲੀ ਦੇ ਖਿਆਲਾਂ ਦੀ ਲੜੀ ਟੁੱਟ ਗਈ। ਬੂਹਾ ਖੋਲ੍ਹਦਿਆਂ ਹੀ ਦਾਰੀ ਨੇ ਉਸ ਨੂੰ ਜ਼ੋਰ ਦੀ ਧੱਕਾ ਮਾਰਿਆ। ਅੱਜ ਤਾਂ ਉਹ ਜਿ਼ਆਦਾ ਹੀ ਪੀ ਕੇ ਆਇਆ ਸੀ। ਕੈਲੀ ਸਹਿਮ ਕੇ ਕਮਰੇ ਦੇ ਅੰਦਰ ਵੜ ਗਈ। 'ਕਿਧਰ ਜਾਨੀ ਐਂ....? ਪੈਸੇ ਚਾਹੀਦੇ ਨੇ... ਲਿਆ ਕਢ ਪੰਜ ਸੌ ਰੁਪਿਆ...। ਦਾਰੀ ਨੇ ਕੈਲੀ ਦੀ ਬਾਂਹ ਖਿੱਚ ਕੇ ਉਸ ਨੂੰ ਧਰੂਹ ਲਿਆ।

“ਹਾਲੇ ਤਨਖਾਹ ਨਹੀਂ ਮਿਲੀ”। ਡਰਦੀ ਡਰਦੀ ਕੈਲੀ ਨੇ ਬਾਂਹ ਛੁਡਾਈ।

“ਤਾਂ ਕੀ ਹੋਇਐ...ਮੈਨੂੰ ਪਤੈ ਖੁੰਜਾਂ 'ਚ ਬਥੇਰਾ ਸਾਂਭ ਸਾਂਭ ਰੱਖਦੀ ਐ।”

"ਜੇ ਖੁੰਜਾਂ 'ਚੋਂ ਥਿਆ ਜਾਵੇ ਤਾਂ ਮੈਂ ਤੇੜ ਪਾਟੇ ਨਾ ਪਾਏ ਹੁੰਦੇ। ਮੈਂ ਤਾਂ ਆਪ ਤਨਖਾਹ ਉਡੀਕਦੀ ਆਂ, ਮੇਰੀ ਜੁੱਤੀ ਹੇਠੋਂ ਘਸ ਕੇ ਟੁੱਟਗੀ। ਤੁਰੀ ਜਾਂਦੀ ਦੇ ਪੈਰਾਂ 'ਚ ਰੋੜ ਚੁਭਦੇ ਨੇ।" ਕੈਲੀ ਨੇ ਅੱਖਾਂ ਭਰ ਕੇ ਅਪਣੀ ਹਾਲਤ ਬਿਆਨ ਕੀਤੀ। ਸ਼ਾਇਦ ਦਾਰੀ ਨੂੰ ਤਰਸ ਈ ਆ ਜਾਵੇ। ਪਰ ਦਾਰੀ ਤਾਂ ਮੰਜੇ ਤੇ ਡਿਗ ਕੇ ਗਾਲ਼ਾ ਕੱਢਣ ਲੱਗ ਪਿਆ।

"ਆਹੋ ਮੈਂ ਭਾਵੇਂ ਮਰਦਾ ਈ ਹੋਵਾਂ, ਤੈਨੂੰ ਚਾਹੀਦੀ ਐ , ਜੁਤੀ ਮਖਮਲ ਦੀ! ਵੱਡੀ ਹੀਰ ਨੂੰ!! ਕੱਲ੍ਹ ਨੂੰ ਮੈਂ ਫੈਕਟਰੀ ਪਹੁੰਚ ਜਾਣਾ ਐ, ਆਪੇ ਕਰੀਂ ਇੰਤਜ਼ਾਮ।" ਕਚੀਰਾ ਕਰਦਾ ਕਰਦਾ ਦਾਰੀ ਸੌਂ ਗਿਆ। ਕੈਲੀ ਫੇਰ ਸਾਰੀ ਰਾਤ ਰੋਂਦੀ ਰਹੀ। ਆਪਣੇ ਆਪ ਨੂੰ ਗਾਲ਼ਾਂ ਕੱਢਦੀ ਰਹੀ। ਕੈਲੀਏ ਏਸ ਰਿਸ਼ਤੇ ਦੀ ਬੁਨਿਆਦ ਈ ਗ਼ਲਤ ਸੀ। ਅੰਨ੍ਹੀ ਜਵਾਨੀ ਨੇ ਦਾਰੀ ਦਾ ਬਾਹਰਲਾ ਸੁਹੱਪਣ ਦੇਖ ਲਿਆ। ਜਦੋਂ ਇਹੀ ਬੇਨਕਾਬ ਹੋਇਆ ਤਾਂ ਕਿੱਡਾ ਕੋਝਾ ਨਿਕਲਿਆ।ਆਪਣੇ ਮਾਪਿਆਂ ਦੀ ਦਹਿਲੀਜ਼ ਟੱਪ ਕੇ ਆਵਦੇ ਪਰ ਆਪ ਈ ਕੁਤਰ ਲਏ। ਕਈ ਮਹੀਨੇ ਹੋ ਗਏ, ਮਾਂ ਪਿਓ ਦੀ ਗਲੀ਼ ਮੂਹਰੋਂ ਵੀ ਨਾ ਟੱਪੀ, ਏਨੀ ਸ਼ਰਮਸ਼ਾਰ ਸੀ ਕਿ ਸੋਚ ਕਿ ਆਪਣਾ ਨਿਜ ਖਿਲਰਨ ਲੱਗ ਪੈਂਦਾ। ਪਰ ਇਸ ਨਰਕ ਨੂੰ ਛੱਡ ਕੇ ਜਾਵੇ ਤਾਂ ਕਿੱਥੇ? ਹੁਣ ਦਾਰੀ ਦੀਆਂ ਦਹਿਲੀਜ਼ਾਂ ਤੋਂ ਬਾਹਰ ਜਾਵੇਗੀ ਤਾਂ ਲੋਕ ਉਹਦੀ ਪੱਤ ਰੋਲ਼ ਦੇਣਗੇ। ਪੁਲਿਸ ਪੈਟਰੌਲ ਵਰਗੇ ਬਥੇਰੇ ਅੱਖਾਂ ਟੱਡੀ ਬੈਠੇ ਨੇ। ਆਪਣੇ ਦੁੱਖ ਆਪ ਨਾਲ਼ ਹੀ ਸਾਂਝੇ ਕਰਦੀ ਕਰਦੀ ਉਹ ਸੌਂ ਗਈ।

ਅੱਜ ਫੈਕਟਰੀ ਜਾਂਦਿਆਂ ਉਹਦਾ ਮਨ ਬਹੁਤ ਡਰ ਰਿਹਾ ਸੀ। ਕੱਲ੍ਹ ਪੁਲਿਸ ਪੈਟਰੌਲ ਨਾਲ਼ ਵਾਪਰੀ ਘਟਨਾ ਮਗਰੋਂ ਤਾਂ ਉਹਦੇ ਅੰਦਰ ਵਹਿਮ ਬੈਠ ਗਿਆ ਸੀ। ਦੂਰੋਂ ਗੱਡੀ ਖੋਖੇ ਨਾਲ਼ ਖੜ੍ਹੀ ਨਜ਼ਰ ਆ ਰਹੀ ਸੀ। ਪਰ ਪੁਲਿਸ ਪੈਟਰੋਲ ਅੱਜ ਨਹੀਂ ਸੀ। ਸ਼ੁਕਰ ਐ ਰੱਬ ਦਾ! ਸ਼ਾਇਦ ਰੱਬ ਨੇ ਨੇੜਿਓਂ ਸੁਣ ਲਈ। ਜ਼ਰੂਰ ਤੇਈਏ ਦਾ ਤਾਪ ਚੜ੍ਹ ਗਿਆ ਹੋਣੈ। ਬਾਕੀ ਦੇ ਪੁਲਿਸ ਵਾਲੇ ਅੰਦਰ ਬੈਠੇ ਸਨ। ਪਰ ਕੈਲੀ ਨੂੰ ਤਾਂ ਉਹ ਭੈੜਾ ਲੱਗਦਾ ਸੀ ।
ਸ਼ਾਮ ਨੂੰ ਤਨਖਾਹ ਮਿਲ ਗਈ। ਉਸ ਨੇ ਮਨ 'ਚ ਧਾਰ ਲਿਆ, ਅੱਜ ਦਾਰੀ ਨੂੰ ਰੁਪਿਆ ਵੀ ਨੀ ਦੇਣਾ। ਵੇਖੀ ਜਾਊ, ਜੋ ਹੋਊ। ਪਹਿਲਾਂ ਆਪਣੇ ਵਾਸਤੇ ਜੁੱਤੀ ਖਰੀਦੇਗੀ। ਕਾਹਲੇ਼ ਕਦਮਾਂ ਨਾਲ਼ ਉਹ ਘਰ ਵੱਲ ਤੁਰ ਪਈ। ਕੁਝ ਦੂਰ ਗਈ ਤਾਂ ਉਹੀ ਪੁਲਿਸ ਪੈਟਰੌਲ ਫੇਰ ਗੱਡੀ ਨਾਲ਼ ਢੋਹ ਲਾਈ ਖੜ੍ਹਾ ਸੀ। ਵੇਖਦਿਆਂ ਕੈਲੀ ਦੀ ਜਾਨ ਨਿਕਲ਼ ਗਈ ਪਰ ਸਾਹਮਣੇ ਦਾਰੀ ਵੀ ਸਾਈਕਲ 'ਤੇ ਆ ਰਿਹਾ ਸੀ । ਘਰ ਵਾਲੇ਼ ਨੂੰ ਵੇਖ ਕੇ ਉਹਦੇ ਸਾਹ ਵਿੱਚ ਸਾਹ ਆਇਆ। ਭਾਵੇਂ ਕਿਹੋ ਜਿਹਾ ਹੋਵੇ , ਹੈ ਤਾਂ ਉਸ ਦਾ ਬੰਦਾ। ਇਹ ਸੋਚ ਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈ। ਕੈਲੀ ਦੇ ਨੇੜੇ ਆ ਕੇ ਦਾਰੀ ਉਤਰ ਖਲੋਤਾ। "...ਹਾਂ ਤਨਖਾਹ ਤਨਖੂਹ ਮਿਲੀ ਕਿ ਨਹੀਂ। ਮੈਂ ਤਾਂ ਪੈਸੇ ਲੈਣ ਆਇਆ ਸੀ।" ਤਨਖਾਹ ਤਾਂ ਮਿਲ ਗਈ। ਪਹਿਲਾਂ ਮੈਂ ਉਧਾਰ ਸੁਧਾਰ ਮੋੜ ਦੇਵਾਂ, ਫੇਰ ਜੇ ਕੁਝ ਬਚ ਗਿਆ ਤਾਂ..।" ਏਸ ਤੋਂ ਪਹਿਲਾਂ ਕੈਲੀ ਕੁਝ ਕਹਿੰਦੀ, ਸ਼ਰਾਬ ਨਾਲ਼ ਡੱਕੇ ਦਾਰੀ ਨੇ ਸਾਈਕਲ ਪਰ੍ਹਾਂ ਸੁੱਟ ਦਿੱਤਾ ਤੇ ਕੈਲੀ ਦੀ ਧੌਣ 'ਤੇ ਦੋ ਜੜ ਦਿੱਤੀਆਂ। ਪੁਲਿਸ ਪੈਟਰੋਲ ਵੀ ਭੱਜ ਕੇ ਉੱਥੇ ਆ ਗਿਆ : "ਕੀ ਗੱਲ ਐ? ਕੌਣ ਐਂ ਤੂੰ? ਕਾਹਤੋਂ ਜਨਾਨੀ 'ਤੇ ਹੱਥ ਚੁਕਦਾ ਐਂ।"
"ਮੇਰੀ ਜਨਾਨੀ ਐਂ...ਤੈਨੂੰ ਕੀ ਤਕਲੀਫ...? ਕਿਤੇ ਤੇਰੇ ਨਾਲ਼ ਯਾਰੀ ਤਾਂ ਨੀ ਲਾਈ ਫਿਰਦੀ.... ਤਾਂ ਹੀ ਬਾਹਲੀ਼ ਚਾਂਭਲੀ ਐ।" ਦਾਰੀ ਨਸ਼ੇ 'ਚ ਪੁਲਿਸ ਪੈਟਰੌਲ ਨੂੰ ਗਾਲ੍ਹਾਂ ਦੇਣ ਲੱਗਾ। ਪੁਲਿਸ ਪੈਟਰੌਲ ਲੋਹਾ ਲਾਖਾ ਹੋ ਗਿਆ।"
"ਬਹੁਤੀ ਬਕਵਾਸ ਨਾ ਕਰ, ਏਥੇ ਮਜ੍ਹਮਾ ਲਾਉਣ ਦੀ ਲੋੜ ਨੀ। ਚੁਪ ਕਰਕੇ ਘਰ ਜਾ ਨਾਲੇ਼ ਆਪਣੀ ਜਨਾਨੀ ਨੂੰ ਲੈ ਕੇ ਜਾ ।"
"ਹੱਛਾ...ਏਸ ਬੈਤਲ ਨੂੰ, ਏਸ ਨੂੰ ਤਾਂ ਦੇਹਲੀ਼ ਨੀ ਟੱਪਣ ਦੇਣੀ ਮੈਂ...। ਇਹਦੇ ਕੋਈ ਅੱਗੇ ਨਾ ਪਿੱਛੇ...। ਮਰੂਗੀ ਸੜਕਾਂ 'ਤੇ ਰੁਲ਼ ਕੇ..। ਦਾਰੀ ਝਈਆਂ ਲੈ ਕੇ ਫੇਰ ਕੈਲੀ ਕੋਲ਼ ਆ ਗਿਆ। ਉਸ ਨੇ ਪੁਲਿਸ ਪੈਟਰੌਲ 'ਤੇ ਆਇਆ ਗੁਸੱਾ ਕੈਲੀ 'ਤੇ ਲਾਹ ਦਿੱਤਾ ਅਤੇ ਦੋ ਤਿੰਨ ਚਪੇੜਾਂ ਉਹਦੇ ਮੂੰਹ 'ਤੇ ਜੜ ਦਿੱਤੀਆਂ। ਪੁਲਿਸ ਪੈਟਰੋਲ ਨੇ ਇਹ ਦੇਖ ਕੇ ਦਾਰੀ ਦੀ ਪਿਠ 'ਤੇ ਦੋ ਲੱਤਾਂ ਠੋਕੀਆਂ। ਪਰ ਦਾਰੀ ਗਾਲ੍ਹਾਂ ਦੇਈ ਜਾ ਰਿਹਾ ਸੀ। ''ਤੇਰੀ ਕੀ ਲੱਗਦੀ ਐ?'' .. ਵੱਡਾ ਖਸਮ! ਤੈਨੂੰ ਕਾਸ ਤੋਂ ਹਮਦਰਦੀ ਆਉਂਦੀ ਐ...?
''ਮੇਰੀ ਲੱਗਦੀ ਐ ਭੈਣ...। ਅੱਜ ਤੋਂ ਕੱਲੀ ਨਾ ਜਾਣੀ ਏਸ ਨੂੰ। ਜੇ ਬੰਦੇ ਦਾ ਪੁੱਤ ਐਂ...ਤਾਂ ਫੇਰ ਲਾ ਹੱਥ ਏਸ ਨੂੰ! ਡੱਕਰੇ ਨਾ ਕਰਾਂ ਤੇਰੇ।'' ਪੁਲਿਸ ਪੈਟਰੌਲ ਨੇ ਕਹਿੰਦਿਆਂ ਕਹਿੰਦਿਆਂ ਦੋ ਤਿੰਨ ਮੁਕੀਆਂ ਦਾਰੀ ਦੀ ਧੌਣ 'ਤੇ ਮਾਰੀਆਂ ਫੇਰ ਹੇਠ ਰੋਟੀ ਵਾਲਾ਼ ਡਿੱਗਿਆ ਹੋਇਆ ਡੱਬਾ ਚੁਕਾ ਕੇ ਕੈਲੀ ਨੂੰ ਕਹਿਣ ਲੱਗਾ, '' ਭੈਣੇ, ਤੂੰ ਬੇਧੜਕ ਹੋ ਕੇ ਘਰ ਨੂੰ ਜਾਹ। ਇਹਦੀ ਕੀ ਮਜਾਲ ਤੈਨੂੰ ਤੰਗ ਕਰੇ। ਜੇ ਅਗਾਂਹ ਨੂੰ ਕੁਝ ਆਖੇ ਤਾਂ ਮੈਨੂੰ ਦੱਸੀਂ। ਮੈਂ ਕਰੂੰ ਇਹਨੂੰ ਸਿੱਧਾ ਵੱਡਾ ਸ਼ਰਾਬੀ। ਅੱਜ ਵੀ ਮੈਂ ਤੇਰੇ ਕਰਕੇ ਇਸਨੂੰ ਬਖਸ਼ 'ਤਾ, ਨਹੀਂ ਤਾਂ ਅੱਜ ਥਾਣਾ ਵਿਖਾ ਦੇਣਾ ਸੀ। ਤੈਨੂੰ ਡਰਨ ਦੀ ਕੋਈ ਲੋੜ ਨੀ। ਮੇਰੀ ਡਿਊਟੀ ਏਸ ਇਲਾਕੇ ਦੀ ਹੱਦ ਤੱਕ ਪੱਕੀ ਐ...। ਜਦੋਂ ਲੋੜ ਪਵੇ ਵਾਜ ਮਾਰ ਲਵੀਂ।"
ਕੈਲੀ ਉਹਦੇ ਮੂੰਹ ਵੱਲ ਤੱਕਦੀ ਰਹਿ ਗਈ। ਉਹੀ ਮੂੰਹ ਜਿਸ ਤੋਂ ਉਸ ਨੂੰ ਕਦੇ ਨਫਰਤ ਸੀ। ਜਦੋਂ ਬੇਨਕਾਬ ਹੋਇਆ ਤਾਂ ਦੇਵਤਾ ਨਿਕਲਿਆ। ਕੈਲੀ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗ ਪਏ। ਉਸ ਨੇ ਹੱਥ ਜੋੜ ਕੇ ਪੁਲਿਸ ਪੈਟਰੌਲ ਨੂੰ ਕਿਹਾ,''ਵੀਰਾ ਤੈਨੂੰ ਕੀ ਪਤਾ, ਮੈਂ ਕਿੱਡੀ ਮਾੜੀ ਆਂ, ਕਿੰਨੀ ਅੰਨ੍ਹੀ ਆਂ, ਮੈਨੂੰ ਸਹੀ ਤੇ ਗਲਤ ਦੀ ਪਛਾਣ ਕਰਨੀ ਕਿਉਂ ਨਾ ਆਈ। ਪਰ ਅੱਜ ਸਮਝ ਗਈ, ਜੋ ਦਿਸਦਾ ਹੈ ...ਜ਼ਰੂਰੀ ਨਹੀਂ ਉਹ ਸੱਚ ਹੋਵੇ। ਅੱਖੀਂ ਦਿਸਦਾ ਕਈ ਵਾਰ ਸਾਡਾ ਭਰਮ ਵੀ ਹੋ ਸਕਦੈ....।''
ਕੈਲੀ ਰੋਂਦੀ ਰੋਂਦੀ ਘਰ ਵੱਲ ਤੁਰ ਗਈ। ਪੁਲਿਸ ਪੈਟਰੌਲ ਹੈਰਾਨ ਸੀ। ਉਸ ਨੂੰ ਉਸਦੀ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਸੀ।

ਪਰੀਆਂ ਦਾ ਦੇਸ਼………… ਕਹਾਣੀ / ਮੇਜਰ ਮਾਂਗਟ

ਭਿੰਦੀ ਦਾ ਜਦੋਂ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਕਨੇਡਾ ਆਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿਸ ਦਿਨ ਦੀ ਉਹ ਵਿਆਹ ਕਰਵਾ ਕੇ ਆਈ ਸੀ ਬੱਸ ਅੱਗੇ ਹੀ ਅੱਗੇ ਵਧਦੀ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸਦੇ ਮਨ ਅੰਦਰ ਅੱਚਬੀ ਜਿਹੀ ਲੱਗੀ ਹੋਈ ਸੀ, ਜਿਵੇਂ ਕਿਸੇ ਨੇ ਉਸਦੇ ਅੱਗੇ ਵਧ ਰਹੇ ਪੈਰਾਂ ਨਾਲ ਭਾਰੇ ਪੱਥਰ ਬੰਨ ਦਿੱਤੇ ਹੋਣ। ਉਸਦੇ ਪਤੀ ਦਾ ਘਰ ਅੰਦਰ ਪਹਿਲਾ ਸਥਾਨ ਹਾਸਲ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ ਸੀ। ਜੋ ਭਿੰਦੀ ਨੂੰ ਕਦਾਚਿੱਤ ਵੀ ਬ੍ਰਦਾਸ਼ਤ ਨਹੀਂ ਸੀ। ਉਹ ਕਨੇਡਾ ਵਿੱਚ ਉਸ ਤੋਂ ਕਈ ਸਾਲ ਪਹਿਲਾਂ ਆਈ ਸੀ ਜਿਸਨੇ ਉਸ ਨੂੰ ਮੰਗਵਾ ਕੇ ਕਨੇਡਾ ਦੀ ਧਰਤੀ ਤੇ ਰਿੜਨਾ,ਤੁਰਨਾ ਤੇ ਦੌੜਨਾ ਸਿਖਾਇਆ ਸੀ ਤੇ ਹੁਣ ਉਸ ਨੂੰ ਖੰਭ ਨਿੱਕਲ ਆਏ ਸਨ।ਭਿੰਦੀ ਦਾ ਪੇਕਾ ਪਰਿਵਾਰ ਵੀ ਉਸ ਨੂੰ ਕਈ ਵਾਰ ਚਿਤਾਵਨੀ ਦੇ ਚੁੱਕਾ ਸੀ ਕਿ ਜਿਵੇਂ ਕੰਮਾਂ ਤੇ ਵੱਧ ਸਨਿਉਰਟੀ ਵਾਲਿਆਂ ਦੀ ਪਹਿਲ ਹੁੰਦੀ ਹੈ ਇਸ ਤਰਾਂ ਘਰ ਵਿੱਚ ਵੀ ਤੇਰੀ ਹੀ ਪੁੱਗਣੀ ਚਾਹੀਦੀ ਹੈ। ਪ੍ਰਾਹੁਣੇ ਨੂੰ ਕਾਬੂ ਕਰ ਜੋ ਤੇਰੀ ਹਿੱਕ ਤੇ ਪੈਰ ਰੱਖ ਕੇ ਅੱਗੇ ਲੰਘ ਜਾਣ ਦੇ ਸੁਪਨੇ ਲੈਂਦਾ ਹੈ।

ਇੱਕ ਦਿਨ ਫੇਰ ਉਸਦੀ ਮਾਂ ਜਸਮੇਲ ਕੌਰ ਨੇ ਗੱਲ ਤੋਰੀ "ਦੇਖ ਧੀਏ ਤੈਨੂੰ ਕਿਵੇਂ ਕਨੇਡਾ ਤੋਰਿਆ ਸੀ। ਤੇਰੇ ਪਿਉ ਦਾ ਪੂਰਾ ਸੱਤ ਲੱਖ ਲੱਗਿਆ ਸੀ ਤੇਰੇ ਵਿਆਹ ਤੇ... ਉਹਦੀ ਤਾਂ ਪਾਈ ਪਾਈ ਲਿਖੀ ਹੋਈ ਆ...। ਮੈਂ ਆਪਣੇ ਸਾਰੇ ਗਹਿਣੇ ਵੇਚ ਕੇ ਤੇਰੇ ਪਹਿਲੇ ਸਹੁਰਿਆਂ ਨੂੰ ਟੂਮ ਛੱਲੇ ਪਾ ਕੇ ਮੰਨ ਮਨੌਤਾਂ ਕੀਤੀਆਂ ਸਨ।ਉਹ ਵੀ ਤੇਰੇ ਪਿਉ ਦੀ ਪੁਲਸ ਦੀ ਨੌਕਰੀ ਕਰਕੇ ਚਾਰ ਪੈਸੇ ਜੁੜੇ ਹੋਏ ਸਨ। ਇਹ ਸਾਡੀ ਕੁਰਬਾਨੀ ਇਸ ਕਰਕੇ ਵੀ ਸਮਝ ਲੈ ਕਿ ਤੇਰੇ ਭੈਣਾਂ ਭਰਾਵਾਂ ਦਾ ਕੁਛ ਬਣ ਜਾਊ। ਪਰ ਹੁਣ ਇਹ ਹੋ ਕੀ ਰਿਹਾ ਏ? ਅਮਰ ਸਾਡੇ ਕਰਕੇ ਨਿੱਤ ਦਾ ਕਲੇਸ਼ ਕਿਉਂ ਕਰਦਾ ਏ? ਜੇ ਤੂੰ ਨੀ ਸਾਡਾ ਖਿਆਲ ਰੱਖੇਗੀਂ ਤਾਂ ਹੋਰ ਕੌਣ ਰੱਖੂ? ਕੀ ਅਸੀਂ ਨੀ ਤੇਰਾ ਖਿਆਲ ਰੱਖਿਆ?" ਫੇਰ ਉਹ ਕੰਨ ਕੋਲ਼ ਮੂੰਹ ਕਰਕੇ ਬੋਲੀ “ਕੀ ਇੰਡੀਆਂ ਵਿੱਚ ਤੇਰੇ ਵਸਣ ਦੇ ਲੱਛਣ ਸੀ। ਉਦੋਂ ਤਾਂ ਇਹ ਹੀ ਅਮਰ ਤੇ ਇਸਦੇ ਮਾਪੇ ਤੇਰੇ ਪਿਉ ਅੱਗੇ ਆ ਕੇ ਨਿੱਤ ਪੂਛ ਹਿਲਾਉਂਦੇ ਸੀ ਕਿ ਰਿਸ਼ਤਾ ਲੈ ਲਉ ਸਾਨੂੰ ਹਰ ਗੱਲ ਮਨਜੂਰ ਏ, ਤੇ ਹੁਣ ਇਹ ਕਿਸ ਗੱਲ ਦਾ ਰੋਜ ਝੱਜੂ ਪਾਉਂਦਾ ਏਂ...। ਇਹ ਨੂੰ ਕਾਬੂ ਵਿੱਚ ਰੱਖ ਮੈਂ ਤੈਨੂੰ ਦੱਸਾਂ” ਮਾਂ ਲੋਹੀ ਲਾਖੀ ਹੋਈ ਪਈ ਸੀ।

ਭਿੰਦੀ ਦਾ ਸਿਰ ਚਕਰਾ ਰਿਹਾ ਸੀ। ਮਾਂ ਠੀਕ ਹੀ ਤਾਂ ਕਹਿ ਰਹੀ ਸੀ। ਉਸਦਾ ਵਿਆਹ ਮਾਂ ਬਾਪ ਨੇ ਕਿਸੇ ਮਕਸਦ ਲਈ ਕੀਤਾ ਸੀ, ਨਹੀਂ ਤਾਂ ਕਿਹੜਾ ਬਾਪ ਆਪਣੀ ਧੀ ਨੂੰ ਦੁੱਗਣੀ ਉਮਰ ਦੇ ਮਰਦ ਤੇ ਦੋ ਬੱਚਿਆਂ ਦੇ ਬਾਪ ਨਾਲ ਜੋ ਨਿੱਤ ਦਾ ਸ਼ਰਾਬੀ ਹੋਵੇ ਵਿਆਉਂਦਾ ਏ। ਇਸੇ ਕਰਕੇ ਤਾਂ ਉਸ ਨਾਲੋਂ ਰਿਸ਼ਤਾ ਟੁੱਟਾ ਸੀ। ਜਦੋਂ ਭਿੰਦੀ ਨੇ ਘਰ ਵਾਲੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸਿਸ਼ ਕੀਤੀ ਸੀ ਤਾਂ ਉਸ ਨੇ ਥੱਪੜ ਮਾਰਿਆ ਸੀ। ਸ਼ਾਇਦ ਉਸਦਾ ਪਹਿਲੀ ਪਤਨੀ ਨਾਲੋਂ ਰਿਸ਼ਤਾ ਟੁੱਟਣ ਦਾ ਵੀ ਏਹੋ ਕਾਰਨ ਹੋਵੇ। ਜੋ ਦੋਨੋਂ ਬੱਚੇ ਲੈ ਕੇ ਵੱਖਰੀ ਰਹਿਣ ਲੱਗ ਪਈ ਸੀ। ਤਲਾਕ ਹੋਣ ਤੋਂ ਬਾਅਦ ਵੀ ਉਸ ਨੇ ਪੀਣੀ ਨਹੀਂ ਸੀ ਛੱਡੀ ਪਰ ਇਸੇ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਸਨ। ਰਿਸ਼ਤੇਦਾਰਾਂ ਦੇ ਕਹਿਣ ਤੇ ਵੀ ਕਿ ਕਾਹਨੂੰ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਹੋਂ ਉਸਦੇ ਮਾਂ ਬਾਪ ਉਸ ਨੂੰ ਭਾਰਤ ਜਾ ਕੇ ਵਿਆਹ ਲਿਆਏ ਸਨ ਕਿ ਸ਼ਾਇਦ ਨਵੀਂ ਬਹੂ ਉਸ ਨੂੰ ਸੁਧਾਰ ਦੇਵੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।

ਕਈ ਵਾਰੀ ਉਹ ਸੋਚਦੀ ਮੈਂ ਵਿਆਹ ਕਿਉਂ ਕਰਵਾਇਆ। ਪਰ ਇਹ ਅਸਲੀਅਤ ਤਾਂ ਉਸਦਾ ਪਿਉ ਸਰਦੂਲ਼ ਸਿੰਘ ਵੀ ਜਾਣਦਾ ਸੀ। ਉਦੋਂ ਤਾਂ ਕਨੇਡਾ ਦੇ ਮੁਕਾਬਲੇ ਵਿੱਚ ਉਸ ਨੂੰ ਇਹ ਗੱਲਾਂ ਬੜੀਆਂ ਛੋਟੀਆਂ ਜਿਹੀਆਂ ਜਾਪੀਆਂ ਸਨ ਕਿ ਉਮਰ ਨੂੰ ਹੁਣ ਕੌਣ ਦੇਖਦਾ ਏ। ਜ਼ਮਾਨਾ ਬਦਲ ਗਿਆ ਏ ਮੈਂ ਤਾਂ ਪਿਛਲੇ ਵੀਹ ਵਰੇ ਤੋਂ ਪੀਂਦਾ ਹਾਂ। ਸਾਰੀ ਦੁਨੀਆ ਹੀ ਪੀਂਦੀ ਏ। ਨਾਲੇ ਕਨੇਡਾ ਵਰਗੇ ਮੁਲਕ 'ਚ ਜਾ ਕੇ ਤਾਂ ਇਹ ਗੱਲਾਂ ਮਾਹਨੇ ਹੀ ਕੋਈ ਨਹੀਂ ਰੱਖਦੀਆਂ। ਫੇਰ ਉਹ ਆਪਣੀ ਪਤਨੀ ਨੂੰ ਦਲੀਲ ਨਾਲ ਸਮਝਾਉਂਦਾ। ਤੂੰ ਪੰਜਾਬ ਦਾ ਹਾਲ ਦੇਖ। ਨੌਕਰੀਆਂ ਏਥੇ ਮਿਲਦੀਆਂ ਕੋਈ ਨਹੀਂ ਤੇ ਹਰ ਬੰਦਾ ਹਥਿਆਰ ਚੁੱਕੀ ਫਿਰਦਾ ਏ। ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਆਂਉਦੀਆਂ ਨੇ ਜੇ ਇਹ ਹੀ ਹਾਲਾਤ ਰਹੇ ਤਾਂ ਇਸ ਮੁਲਕ 'ਚ ਰਹਿਣਾ ਖਾਲਾ ਜੀ ਦਾ ਵਾੜਾ ਨਹੀਂ ਤੇ ਉਹ ਵੀ ਇੱਕ ਪੁਲਿਸ ਵਾਲੇ ਵਾਸਤੇ। ਨਾਲੇ ਹੁਣ ਤਾਂ ਚਾਰ ਪੈਸੇ ਕੋਲ਼ ਨੇ ਚੰਗੇ ਮੌਕੇ ਜੋੜ ਲਏ ਜੇ ਕੱਲ ਨੂੰ ਕੋਈ ਇਮਾਨਦਾਰੀ ਦਾ ਡੰਗਿਆ ਅਫਸਰ ਆ ਗਿਆ ਤਾਂ ਇਹ ਵੀ ਖਰਚੇ ਜਾਣਗੇ। ਜੇ ਕੋਈ ਇਨਕੁਆਰੀ ਬੈਠ ਗਈ ਤਾਂ ਸਰ ਗਿਆ। ਹਰ ਕੋਈ ਧੱਕੇਸ਼ਾਹੀ ਦਾ ਮੁੱਦਾ ਚੁੱਕੀ ਫਿਰਦਾ ਏ। ਹੁਣ ਮੌਕਾ ਏ ਨਿੱਕਲ ਚੱਲਦੇ ਹਾਂ। ਬੱਚਿਆਂ ਦਾ ਵੀ ਕੁੱਝ ਬਣ ਜਾਵੇਗਾ। ਮੁੱਢੇ 'ਚ ਨੁਕਸ ਕੱਢਣੇ ਛੱਡ ਤੇ ਹਾਂ ਕਰ। ਫੇਰ ਮਾਂ ਦੇ ਵੀ ਗੱਲ ਖਾਨੇ 'ਚ ਬੈਠ ਗਈ। ਇਹ ਰਿਸ਼ਤਾ ਹੋ ਗਿਆ।ਭਿੰਦੀ ਪਹਿਲਾਂ ਪਹਿਲਾਂ ਤਾਂ ਅੜ੍ਹ ਗਈ ਸੀ ਪਰ ਮਾਂ ਨੇ ਸਮਝਾਇਆਂ "ਕੁੜੀਏ ਕਨੇਡਾ ਜਾ ਕੇ ਤੇਰਾ ਭਵਿੱਖ ਬਣਜੂ। ਏਥੇ ਵੀ ਚੰਗਾ ਮੁੰਡਾ ਮਿਲਣ ਦੀ ਕੀ ਗਰੰਟੀ ਏ? ਨਸ਼ੇ ਦਾ ਹੜ੍ਹ ਵਗਦਾ ਏ ਏਥੇ। ਕਰੈਕਟਰ ਨਾਂ ਦੀ ਕੋਈ ਸ਼ੈਅ ਹੈ ਹੀ ਨਹੀਂ। ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਸੋਚ। ਤੇਰੇ ਪਿਉ ਨੂੰ ਤਾਂ ਤੇਰਾ ਕੋਈ ਭੇਦ ਨਹੀਂ ਪਰ ਤੇਰੀ ਮਾਂ ਨੂੰ ਤਾਂ ਸਭ ਕੁੱਝ ਪਤਾ ਏ। ਕਦੇ ਵੀ ਬਦਨਾਮੀ ਦੀ ਕਾਲਖ ਤੇਰਾ ਘਰ ਤਬਾਹ ਕਰ ਸਕਦੀ ਹੈ। ਅਜੇ ਤਾਂ ਤੇਰੇ ਪਿਉ ਦੇ ਅਹੁਦੇ ਕਰਕੇ ਲੋਕੀ ਨਹੀਂ ਬੋਲਦੇ। ਭਿੰਦੀ ਨੇ ਸੋਚਿਆ ਮਾਂ ਠੀਕ ਹੀ ਤਾਂ ਕਹਿੰਦੀ ਹੈ ਮੈਨੂੰ ਚਾਂਸ ਛੱਡਣਾ ਨਹੀਂ ਚਾਹੀਦਾ ਤੇ ਉਹ ਰਾਜ਼ੀ ਹੋ ਗਈ ਸੀ।

ਉੱਧਰ ਮੁੰਡੇ ਵਾਲੇ ਸੋਚਦੇ ਕਿ ਸਾਡੇ ਸ਼ਰਾਬੀ ਕਬਾਬੀ ਦਹਾਜੂ ਪੁੱਤ ਨੂੰ ਥਾਣੇਦਾਰ ਦੀ ਕਾਲਜ ਪੜ੍ਹਦੀ ਵੀਹ ਵਰਿਆਂ ਦੀ ਕੁੜੀ ਚੋਖਾ ਦਾਜ ਤੇ ਲੱਖਾਂ ਰੁਪਿਆ ਨਕਦ ਮਿਲ ਰਿਹਾ ਹੈ ਹੋਰ ਸਾਨੂੰ ਕੀ ਚਾਹੀਦਾ ਹੈ। ਦੋਨੋ ਪਰਿਵਾਰ ਇੱਕ ਦੂਜੇ ਨੂੰ ਦਾਅ ਲਾਉਣ ਦੀ ਸੋਚ ਰਹੇ ਸਨ। ਹੋਰ ਵਿਆਹ ਦੀ ਆੜ ਵਿੱਚ ਰਹਿ ਵੀ ਕੀ ਗਿਆ ਸੀ। ਅਸਲ ਗੇਮ ਤਾਂ ਉਦੋਂ ਸ਼ੁਰੂ ਹੋਈ ਜਦੋਂ ਭਿੰਦੀ ਕਨੇਡਾ ਪਹੁੰਚਣ ਤੋਂ ਬਾਅਦ। ਭਿੰਦੀ ਦੇ ਘਰ ਵਾਲੇ ਅਮਰ ਨੂੰ ਕੁੱਝ ਲੋਕ ਪਹਿਲਾਂ ਤੋਂ ਹੀ ਮੱਤਾਂ ਦੇ ਰਹੇ ਸਨ ਕਿ ਕੁੜੀ ਤੇਰੇ ਤੋਂ ਅੱਧੀ ਉਮਰ ਦੀ ਹੈ ਸੰਭਾਲ ਕੇ ਰੱਖੀਂ। ਦੋ ਦੋ ਜੌਬਾਂ ਤੇ ਲਾ ਕੇ ਰੱਖੀ ਤਾਂ ਕਿ ਥੱਕੀ ਹਾਰੀ ਸੌਣ ਤੋਂ ਸਿਵਾਏ ਹੋਰ ਕੁੱਝ ਵੀ ਸੋਚਣ ਦਾ ਮੌਕਾ ਨਾ ਮਿਲੇ। ਉਸ ਦੇ ਪਰਿਵਾਰ ਨੂੰ ਭੁੱਲ ਕੇ ਵੀ ਸਪੌਂਸਰ ਕਰਨ ਦਾ ਮੌਕਾਂ ਨਾ ਦੇਵੀਂ ਫੇਰ ਇਸ ਕਬੂਤਰੀ ਨੂੰ ਬੈਠਣ ਲਈ ਇੱਕ ਛਤਰੀ ਹੋਰ ਮਿਲ ਜਾਣੀ ਏਂ ਤੈਨੂੰ ਤਾਂ ਫੇਰ ਉੱਕਾ ਹੀ ਪੁੱਛਣਾ ਨਹੀਂ। ਉਧਰ ਭਿੰਦੀ ਦੀ ਜਦ ਵੀ ਮੌਕਾ ਮਿਲਦਾ ਤਾਂ ਫੋਨ ਰਾਹੀਂ ਇੰਡੀਆ ਤੋਂ ਕਲਾਸ ਲੱਗ ਜਾਂਦੀ ਕਿ 'ਘਰ ਵਾਲਾ ਤੇਰੇ ਸ਼ਰਾਬੀ ਕਬਾਬੀ ਹੈ, ਆਪਣਾ ਘਰ ਸੰਭਾਲ ਕੇ ਰੱਖੀ। ਨਣਾਨਾਂ ਨੂੰ ਬਹੁਤਾਂ ਮੂੰਹ ਨਾਂ ਲਾਈਂ ਵਾਧੂ ਦੀ ਦਖਲ ਦੇ ਕੇ ਕਲੇਸ਼ ਪੁਆਂਉਂਦੀਆਂ ਰਹਿਣਗੀਆਂ। ਸਾਨੂੰ ਜਲਦੀ ਸਪੌਂਸਰ ਕਰ ਫੇਰ ਆਪੇ ਆ ਕੇ ਅਸੀਂ ਸੰਭਾਲ ਲਵਾਂਗੇ। ਘਰ ਤੂੰ ਰੋਹਬ ਨਾਲ ਚਲਾਉਣਾ ਹੈ।'

ਇੱਕ ਦਿਨ ਭਿੰਦੀ ਨੇ ਚੁੱਕੀ ਚਕਾਈ ਨੇ ਕਹਿ ਦਿੱਤਾ ਕਿ ਤੁਹਾਡੀਆਂ ਭੈਣਾਂ ਜਾਂ ਮਾਂ ਪਿਉ ਮੇਰੀ ਕਿਸੇ ਗੱਲ ਵਿੱਚ ਵਾਧੂ ਦਾ ਦਖਲ ਨਾ ਦੇਣ ਮੈਨੂੰ ਵੀ ਏਨੀ ਕੁ ਅਕਲ ਹੈ। ਤਾਂ ਅਮਰ ਨੇ ਠਾਹ ਕਰਦਾ ਥੱਪੜ ਮਾਰਿਆ ਕਿ ਤੇਰੀ ਜ਼ੁਰਤ ਕਿਵੇਂ ਪਈ ਮੇਰੀ ਮਾਂ ਜਾਂ ਭੈਣਾਂ ਨੂੰ ਕਹਿਣ ਦੀ। ਬੱਸੇ ਏਸੇ ਦਿਨ ਭਿੰਦੀ ਦਾ ਆਤਮ ਸਨਮਾਨ ਜ਼ਖਮੀ ਹੋਇਆ ਸੀ। ਉਹ ਸੋਚਣ ਲੱਗੀ ਕਿ ਇਹ ਦੋ ਟਕੇ ਦਾ ਬੰਦਾ ਤੇ ਉਹ ਵੀ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਸਮਝਦਾ ਕੀ ਹੈ। ਸਿਰਫ ਇਸਦੀ ਯੋਗਤਾ ਇਹ ਹੀ ਹੈ ਕਿ ਮੇਰੇ ਤੋਂ ਪਹਿਲਾਂ ਕਨੇਡਾ ਆਇਆ ਸੀ, ਜਿਵੇਂ ਕਨੇਡਾ ਇਹਦੇ ਪਿਉ ਦਾ ਮੁਲਕ ਹੋਵੇ। ਜੇ ਮੈਂ ਆਈ ਤੇ ਆ ਗਈ ਤਾਂ ਦੋ ਦਿਨਾਂ ਵਿੱਚ ਸਾਰੀਆਂ ਫੀਤੀਆਂ ਉਤਾਰ ਕੇ ਰੱਖ ਦਊਂ ਜੋਂ ਕਨੇਡਾ ਵਾਲੇ ਹੋਣ ਦੀਆਂ ਮੋਢਿਆਂ ਤੇ ਸਜਾਈਂ ਫਿਰਦੇ ਨੇ। ਉਹ ਫੱਟੜ ਸੀਹਣੀਂ ਵਾਂਗ ਵਿਸ ਘੋਲਦੀ ਮੌਕੇ ਦੀ ਤਲਾਸ਼ ਕਰਦੀ ਰਹੀਂ। ਇੱਕ ਦਿਨ ਫੇਰ ਇਸ ਗੱਲੋਂ ਤਕਰਾਰ ਹੋ ਗਿਆ ਕਿ ਮੈਂ ਆਪਣੇ ਮਾਂ ਬਾਪ ਸਪੌਂਸਰ ਕਰਨੇ ਨੇ ਤਾਂ ਅਮਰ ਅੱਗੋ ਬੁੜਕ ਪਿਆ ਕਿ ਤੂੰ ਇਹ ਗੱਲ ਸੋਚੀਂ ਵੀ ਕਿੱਦਾਂ। ਭਿੰਦੀ ਨੇ ਕਿਹਾ ਕਿਉਂ ਮੈਂ ਇਨਸਾਨ ਨਹੀਂ ਮੈਂ ਕਨੇਡਾ ਨਹੀਂ ਰਹਿੰਦੀ, ਮੈਂ ਕੰਮ ਨਹੀਂ ਕਰਦੀ ਤੇਰੇ ਨਾਲ ਵਿਆਹ ਕਰਵਾਇਆ ਹੈ ਉਹ ਵੀ ਕੀਮਤ ਅਦਾ ਕਰਕੇ ਮੈਂ ਤੇਰੀ ਕੋਈ ਗ਼ੁਲਾਮ ਨਹੀਂ ਬਈ ਮੇਰੀ ਜ਼ਿੰਦਗੀ ਦੇ ਫੈਸਲੇ ਵੀ ਹੁਣ ਤੂੰ ਕਰੇਂਗਾ। ਅਮਰ ਨੇ ਆ ਦੇਖਿਆਂ ਨਾਂ ਤਾ "ਖੜਜਾ ਤੇਰੀ ਕੁੱਤੀ ਜ਼ਨਾਨੀ ਦੀ…” ਕਹਿੰਦਿਆਂ ਹੋਇਆਂ ਸ਼ਰਾਬ ਵਾਲਾ ਗਲਾਸ ਉਸ ਦੇ ਮੱਥੇ 'ਚ ਮਾਰਿਆ। ਚਾਰ ਪੰਜ ਥੱਪੜ ਜੜ ਦਿੱਤੇ। ਜਦੋਂ ਫੇਰ ਵੀ ਠੰਢ ਨਾ ਪਈ ਤਾਂ ਕੌਰਡਲੈੱਸ ਉਸ ਦੇ ਮੂੰਹ ਤੇ ਮਾਰਿਆ ਅਖੇ ਆ ਬੈਲ ਮੁਝੇ ਮਾਰ। ਭਿੰਦੀ ਨੇ ਉਸੇ ਫੋਨ ਤੋਂ ਤੁਰੰਤ 911 ਘੁਮਾਇਆ, ਗਲ ਅਜੇ ਕੋਈ ਵੀ ਨਹੀਂ ਸੀ ਕੀਤੀ ਕਿ ਅਮਰ ਨੇ ਛਾਲ ਮਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸੁਰੂ ਕਰ ਦਿੱਤਾ । ਫੋਨ ਬੁੜਕ ਕੇ ਪਰਾਂ ਜਾ ਡਿੱਗਿਆ। ਬਾਕੀ ਦਾ ਚੀਕ ਚਿਹਾੜਾ ਪੁਲੀਸ ਨੂੰ ਫੋਨ ਤੇ ਹੀ ਸੁਣਿਆ। ਮਿੰਟਾਂ ਸਕਿੰਟਾਂ ਵਿੱਚ ਹੀ ਪੁਲੀਸ ਐਂਬੂਲੈਂਸ ਤੇ ਫਾਇਰ ਦੇ ਅਲਾਰਮ ਉਨ੍ਹਾਂ ਦੇ ਘਰ ਅੱਗੇ ਵੱਜ ਰਹੇ ਸਨ। ਭਿੰਦੀ ਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ, ਅਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਿੰਦੀ ਕਿਤੇ ਹੋਰ ਰਹਿਣ ਲੱਗ ਪਈ ਸੱਸ ਸਹੁਰੇ ਨੇ ਨਾਲ ਰਹਿਣ ਲਈ ਬਥੇਰਾ ਮਨਾਈ ਸੀ ਪਰ ਉਹ ਨਾ ਮੰਨੀ।

ਭਿੰਦੀ ਨੂੰ ਬੇਸਮੈਂਟ ਉਸਦੇ ਥਾਣੇਦਾਰ ਪਿਉ ਦੇ ਕਹਿਣ ਤੇ ਕਿਸੇ ਵਾਕਿਫ ਨੇ ਦੁਆ ਦਿੱਤੀ ਸੀ ਜੌਬ ਤਾਂ ਉਹ ਕਰਦੀ ਹੀ ਸੀ ਅਸਲ ਵਿੱਚ ਉਹ ਸਰਦੂਲ ਸਿੰਘ ਦੀ ਮਾਸੀ ਦੇ ਭਾਣਜੇ ਦਾ ਘਰ ਸੀ। ਭਿੰਦੀ ਨੂੰ ਹੁਣ ਹਰ ਗੱਲ ਵਿੱਚ ਪੂਰੀ ਆਜ਼ਾਦੀ ਮਿਲ ਗਈ ਘਰ ਵਾਲੇ ਉਸ ਨੂੰ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਰ ਗੱਲ ਵਿੱਚ ਉਸਦੀ ਮੱਦਦ ਕਰਦੇ ਤੇ ਸਲਾਹਾਂ ਦਿੰਦੇ ਕਿ ਅਮਰ ਵਰਗੇ ਸ਼ਰਾਬੀ ਬੰਦੇ ਨਾਲ ਤਾਂ ਉਹ ਰਹਿਣ ਦੀ ਗੱਲ ਦਿਮਾਗ ਵਿੱਚੋਂ ਹੀ ਕੱਢ ਦੇਵੇ। ਜੋ ਨਾਂ ਤਾਂ ਅਲਕੋਹਲਿਕ ਹੋਣ ਕਰਕੇ ਕੰਮ ਕਰ ਸਕਦਾ ਹੈ, ਉਮਰ ਵਿੱਚ ਉਸ ਤੋਂ ਦੁੱਗਣਾ ਹੈ ਤੇ ਪਹਿਲੀ ਪਤਨੀ ਦੇ ਬੱਚਿਆਂ ਦਾ ਅੱਧਾ ਖਰਚਾ ਵੀ ਉਸ ਦੇ ਸਿਰ ਪਿਆ ਹੋਇਆ ਹੈ। ਉੱਥੇ ਤਾਂ ਉਸਦਾ ਭਵਿੱਖ ਬਿਲਕੁੱਲ ਸੁਰੱਖਿਅਤ ਨਹੀਂ। ਉਨ੍ਹਾਂ ਹੀ ਚੁੱਕ ਚੁਕਾ ਕੇ ਭਿੰਦੀ ਨੂੰ ਤਲਾਕ ਅਪਲਾਈ ਕਰਨ ਲਈ ਮਨਾ ਲਿਆ ਸੀ। ਉਧਰ ਅਮਰ ਦੀ ਸ਼ਰਾਬ ਬੇਹੱਦ ਵਧ ਗਈ ਸੀ ਤੇ ਇਸ ਰਿਸ਼ਤੇ ਦਾ ਭੋਗ ਪੈਦਿਆਂ ਕੋਈ ਬਹੁਤਾ ਸਮਾਂ ਨਾ ਲੱਗਾ।

ਭਿੰਦੀ ਨੂੰ ਤਲਾਕ ਦਾ ਸਰਟੀਫੀਕੇਟ ਮਿਲਣ ਦੀ ਦੇਰ ਸੀ ਕਿ ਉਸ ਨੂੰ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਇਸ ਕਲੇਸ਼ ਦੌਰਾਨ ਉਸ ਦੀ ਸਭ ਤੋਂ ਵੱਧ ਮੱਦਦ ਕਰਨ ਵਾਲੀ ਉਸਦੇ ਡੈਡੀ ਜੀ ਦੀ ਮਾਸੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਵਿਆਹ ਕਰਵਾਉਣ ਦੀ ਜਿੱਦ ਫੜ ਲਈ। ਉਧਰੋਂ ਸਰਦੂਲ ਸਿੰਘ ਵੀ ਕਹਿਣ ਲੱਗਿਆ ਹੁਣ ਔਖੇ ਵੇਲੇ ਮਾਸੀ ਨੇ ਐਨੀ ਮੱਦਦ ਕੀਤੀ ਹੈ ਜਵਾਬ ਕਿਵੇਂ ਦੇ ਸਕਦੇ ਹਾਂ। ਉਦਾਂ ਵੀ ਜਾਣ ਪਛਾਣ ਹੈ ਨਹੀਂ ਤਾਂ ਤਲਾਕ ਸ਼ੁਦਾ ਔਰਤ ਨਾਲ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਉਣ ਲਈ ਤਾਂ ਹਰ ਇੱਕ ਤਿਆਰ ਹੈ ਪਰ ਬਾਅਦ ਮਤਲਬ ਨਿੱਕਲੇ ਤੋਂ ਰੌਲਾ ਪਾ ਲੈਂਦੇ ਹਨ। ਪਤਾ ਨਹੀਂ ਭਿੰਦੀ ਨੂੰ ਕਿਉਂ ਲੱਗਦਾ ਸੀ ਕਿ ਮਾਸੀ ਨੇ ਉਸਦੀ ਮੱਦਦ ਕੀਤੀ ਹੀ ਤਾਂ ਹੈ ਕਿ ਉਹ ਮੁੰਡੇ ਦਾ ਸਾਕ ਕਰਵਾ ਕੇ ਆਪਣੇ ਸਹੁਰਿਆਂ ਤੇ ਰੋਹਬ ਪਾ ਸਕੇ। ਭਿੰਦੀ ਤਾਂ ਇਹ ਵੀ ਚਾਹੁੰਦੀ ਸੀ ਕਿ ਇੰਡੀਆਂ ਜਾ ਕੇ ਆਪਣਾ ਮਨ ਪਸੰਦ ਦਾ ਮੁੰਡਾ ਚੁਣ ਕੇ ਲਿਆਵੇ ਪਰ ਆਪਣੇ ਪਿਉੁ ਨੂੰ ਜਵਾਬ ਨਾ ਦੇ ਸਕੀ ਜੋ ਧੀ ਨੂੰ ਦੁਬਾਰਾ ਮੁਫਤੋਂ ਮੁਫਤ ਵਿਆਹ ਕਰਵਾ ਕੇ ਵਸਾ ਦੇਣਾ ਚਾਹੁੰਦਾ ਸੀ। ਕੁਝ ਕੁ ਨਾਂਹ ਨੁੱਕਰ ਕਰਨ ਤੋਂ ਬਾਅਦ ਹੀ ਭਿੰਦੀ ਨੇ ਪਿਉ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਸਰਦੂਲ ਸਿੰਘ ਨੇ ਵੀ ਮਾਸੀ ਨੂੰ ਨਿਸ਼ੰਗ ਹੋ ਕੇ ਕਹਿ ਦਿੱਤਾ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ। ਭਿੰਦੀ ਦੇ ਇੰਡੀਆ ਆਉਣ ਜਾਣ ਦਾ ਖਰਚਾ ਦੇਣ ਜੋ ਉਹ ਮੰਨ ਗਏ ਕਿਉਂਕਿ ਦਸ ਪੰਦਰਾਂ ਲੱਖ ਖਰਚ ਕੇ ਮੁੰਡੇ ਨੂੰ ਕੱਚਾ ਕਨੇਡਾ ਭੇਜਣ ਨਾਲੋਂ ਇਹ ਸੌਦਾ ਸਸਤਾ ਸੀ।

ਹਾਂ ਹੋਣ ਦੀ ਦੇਰ ਸੀ ਹੁਣ ਮਾਸੀ ਨੇ ਮੁੰਡੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਕਿ ਅਮਰਜੀਤ ਦੀ ਐੱਮ ਐੱਮ ਸੀ ਕੀਤੀ ਹੋਈ ਹੈ ਕੋਈ ਨਸ਼ਾ ਪੱਤਾ ਨਹੀਂ ਖਾਂਦਾ ਬੜਾ ਲੈਕ ਮੁੰਡਾ ਹੈ। ਸਰਦੂਲ ਸਿੰਘ ਮੁੰਡਾ ਦੇਖਣ ਗਿਆ । ਵਾਕਿਆ ਹੀ ਗੱਲ ਠੀਕ ਸੀ ਛੇ ਫੁੱਟ ਲੰਬਾ ਕੱਦ ਗੋਰਾ ਰੰਗ ਸੋਹਣਾ ਸੁਨੱਖਾ ਭਿੰਦੀ ਤੋਂ ਸਿਰਫ ਤਿੰਨ ਵਰ੍ਹੇ ਵੱਡਾ। ਮੁੰਡੇ ਨੂੰ ਪੰਜ ਏਕੜ ਜ਼ਮੀਨ ਆਉਂਦੀ ਸੀ, ਬਾਹਰ ਖੇਤਾਂ ਵਿੱਚ ਘਰ ਸੀ ਹੋਰ ਕੀ ਚਾਹੀਦਾ ਸੀ। ਉਨ੍ਹਾਂ ਭਿੰਦੀ ਨੂੰ ਫੋਨ ਕਰਕੇ ਸ਼ਗਨ ਪਾ ਦਿੱਤਾ ਤੇ ਵਿਆਹ ਵਾਸਤੇ ਜਲਦੀ ਆਉਣ ਲਈ ਕਿਹਾ। ਇਨ੍ਹਾਂ ਦਿਨਾਂ ਵਿੱਚ ਸਰਦਾਰਾ ਸਿੰਘ ਦੇ ਪਰਿਵਾਰ ਨੇ ਸਰਦੂਲ ਸਿੰਘ ਦੀ ਰੱਜ ਕੇ ਸੇਵਾ ਕੀਤੀ। ਜਿਉਂ ਹੀ ਉਸਦੀ ਕਾਰ ਆ ਕੇ ਰੁੱਕਦੀ ਠਾਣੇਦਾਰ ਸਾਹਿਬ ਠਾਣੇਦਾਰ ਸਾਹਿਬ ਹੁੰਦੀ ਬੋਤਲਾਂ ਖੁੱਲਦੀਆਂ ਮੁਰਗ਼ੇ ਰਿੰਨੇ ਜਾਂਦੇ। ਅਮਰਜੀਤ ਵਾਰ ਵਾਰ ਗੋਡੇ ਛੂੰਹਦਾ। ਸਰਦੂਲ ਸਿੰਘ ਭਿੰਦੀ ਨੂੰ ਫੋਨ ਤੇ ਹਰ ਵਾਰ ਆਖਦਾ ਕਿ ਏਹੋ ਜਿਹਾ ਮੁੰਡਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਹੈ।

ਫੇਰ ਇੱਕ ਦਿਨ ਭਿੰਦੀ ਕਨੇਡਾ ਤੋਂ ਭਾਰਤ ਆਈ ਤੇ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਦਾ ਸਮਾਂ ਬੜਾ ਰੰਗ ਰੰਗੀਨੀਆਂ ਭਰਿਆ ਬੀਤਿਆ। ਜਾਣ ਸਾਰ ਭਿੰਦੀ ਨੇ ਆਪਣੇ ਘਰ ਵਾਲੇ ਦੇ ਪੇਪਰ ਭਰ ਦਿੱਤੇ। ਨਵੇਂ ਕਨੂੰਨ ਅਨੁਸਾਰ ਮੈਡੀਕਲ ਅਤੇ ਇੰਟਰਵਿਊ ਉਪਰੰਤ ਅਮਰਜੀਤ ਕਨੇਡਾ ਪਹੁੰਚ ਗਿਆ। ਮਾਸੀ ਮਾਸੜ ਨੇ ਦੋਹਾਂ ਦੀ ਮੱਦਦ ਵੀ ਕੀਤੀ ਤੇ ਵੱਖਰੀ ਬੇਸਮੈਂਟ ਵੀ ਲੱਬ ਦਿੱਤੀ। ਦੋਹਾਂ ਨੂੰ ਚੰਗੇ ਕੰਮ ਮਿਲ ਗਏ ਤੇ ਗੱਡੀ ਚੰਗੀ ਰਿੜ ਪਈ। ਹੁਣ ਵਾਰੀ ਆਈ ਮਾਪਿਆਂ ਨੂੰ ਸਪੌਂਸਰ ਕਰਨ ਦੀ ਭਿੰਦੀ ਦੀ ਜਿੱਦ ਸੀ ਕਿ ਪਹਿਲਾਂ ਉਹ ਸਪੌਸਰ ਕਰੇਗੀ ਕਿਉਂਕਿ ਕਨੇਡਾ ਵੀ ਪਹਿਲਾਂ ਉਹੋ ਆਈ ਸੀ। ਅਮਰਜੀਤ ਮੰਨ ਗਿਆ ਤੇ ਦੋਹਾਂ ਨੇ ਰਲ ਕੇ ਭਿੰਦੀ ਦੇ ਪਰਿਵਾਰ ਨੂੰ ਸਪੌਸਰ ਕਰ ਦਿੱਤਾ। ਕਨੇਡਾ ਵਿੱਚ ਵਸੇ ਪੰਜਾਬੀ ਪਰਿਵਾਰਾਂ ਦੇ ਘਰਾਂ ਅੰਦਰ ਮਹਾਂਭਾਰਤ ਏਥੋਂ ਹੀ ਸ਼ੁਰੂ ਹੁੰਦੀ ਹੈ।
ਦੋ ਸਾਲ ਦੀ ਉਡੀਕ ਤੋਂ ਬਾਅਦ ਜਦੋਂ ਭਿੰਦੀ ਦਾ ਪਰਿਵਾਰ ਕਨੇਡਾ ਆ ਗਿਆ ਤਾਂ ਪਰਿਵਾਰਕ ਯੁੱਧ ਦੀ ਧੂੜ ਹੋਰ ਸੰਘਣੀ ਹੋਣ ਲੱਗੀ। ਹੁਣ ਭਿੰਦੀ ਲਈ ਸਾਰਾ ਕੁੱਝ ਆਪਣੇ ਮਾਪੇ ਸਨ। ਉਹ ਹਰ ਰੋਜ ਉਨ੍ਹਾਂ ਨੂੰ ਘੁੰਮਾਉਂਦੀ ਫਿਰਾਉਂਦੀ। ਸਟੋਰਾਂ ਵਿੱਚ ਨਾਲ ਲਈ ਫਿਰਦੀ ਅਮਰਜੀਤ ਲਈ ਤਾਂ ਜਿਵੇਂ ਉਸ ਕੋਲ ਸਮਾਂ ਹੀ ਨਹੀਂ ਸੀ। ਜਿਉਂ ਜਿਉਂ ਅਮਰਜੀਤ ਦੇ ਕਨੇਡਾ ਵਾਲੇ ਚਾਅ ਫਿੱਕੇ ਪੈਣ ਲੱਗੇ ਤਿਉਂ ਤਿਉਂ ਭਿੰਦੀ ਦੇ ਨਾਜ਼ ਨਖਰੇ ਵੀ ਬਦਲਣ ਲੱਗੇ। ਅਮਰਜੀਤ ਨੇ ਹੁਣ ਸਹੁਰਾਂ ਸਾਹਿਬ ਦੇ ਗੋਡੇ ਛੂਹਣੇ ਬੰਦ ਕਰ ਦਿੱਤੇ ਤੇ ਦਾਰੂ ਵੀ ਪੁੱਛਣੋਂ ਹਟ ਗਿਆ। ਹੋਰ ਤਾਂ ਹੋਰ ਉਹ ਕੰਮ ਤੋਂ ਆ ਕੇ ਚੁੱਪ ਚੁਪੀਤੇ ਆਪਣੇ ਬੈੱਡ ਰੂਮ ਵਿੱਚ ਜਾ ਵੜਦਾ। ਸਰਦੂਲ ਸਿੰਘ ਨੂੰ ਜਵਾਈ ਦੀ ਇਗ ਗੱਲ ਚੰਗੀ ਨਾ ਲੱਗੀ। ਉਸ ਨੂੰ ਤਾਂ ਆਪਣੀ ਪਹਿਲਾਂ ਵਰਗੀ ਆਉ ਭਗਤ ਚਾਹੀਦੀ ਸੀ ਪਰ ਉਸਦੀ ਜਗਾ ਬਗਾਵਤ ਦੀ ਬੂਅ ਕਾਰਨ ਉਸ ਦਾ ਦਮ ਘੁੱਟਣ ਲੱਗਾ। ਉਹ ਆਨੀ ਬਹਾਨੀ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਲੀ ਪਾਲਿਸੀ ਤੇ ਟਕੋਰਾਂ ਕਰਦਾ ਕਿ ਕਨੇਡਾ ਦਾ ਤਾਂ ਪਾਣੀ ਹੀ ਚੰਦਰਾ ਹੈ ਏਥੇ ਆਕੇ ਸਾਰੇ ਬਦਲ ਜਾਂਦੇ। ਹੋਰ ਤਾਂ ਹੋਰ ਦਾਲਾਂ ਸਬਜ਼ੀਆਂ ਦਾ ਦਾ ਸਵਾਦ ਵੀ ਉਹ ਨਹੀਂ ਰਹਿੰਦਾ। ਇੰਡੀਆਂ ਵਿੱਚ ਬਣਿਆ ਮੀਟ ਮੂੰਹੋਂ ਨਹੀਂ ਸੀ ਲਹਿੰਦਾ ਏਥੇ ਆਲੂਆਂ ਤੋਂ ਵੀ ਭੈੜਾ ਲੱਗਦਾ ਏ। ਕਿਸੇ ਵੀ ਚੀਜ਼ ਵਿੱਚ ਉਹ ਸੁਗੰਧ ਨਹੀਂ ਰਿਸ਼ਤਿਆਂ ਵਿੱਚ ਨਿੱਘ ਕਿੱਥੋਂ ਹੋਊ? ਇੱਕ ਦਿਨ ਉਹ ਅਮਰਜੀਤ ਨੂੰ ਸੁਣਾ ਕੇ ਕਹਿਣ ਲੱਗਾ ਕਿ "ਕਾਹਦਾ ਕਨੇਡਾ ਹੈ ਮੈਂ ਤਾਂ ਆ ਕੇ ਫਸ ਗਿਆ ਇੰਡੀਆ ਵਿੱਚ ਵੀਹ ਸਾਲ ਨੌਕਰੀ ਕੀਤੀ ਹੈ, ਕਦੇ ਨਾਗਾ ਨਹੀਂ ਸੀ ਪਿਆ ਏਥੇ ਤਾਂ ਉਹ ਵੀ ਨਹੀਂ ਜੁੜਦੀ। ਅਮਰਜੀਤ ਕਹਿਣਾਂ ਤਾਂ ਚਾਹੁੰਦਾ ਸੀ ਕਿ ਥਾਣੇਦਾਰ ਸਾਹਿਬ ਸਾਹਿਬ ਏਤੇ ਹੱਕ ਹਲਾਲ ਦੀ ਕਮਾਈ ਨਾਲ ਤਾਂ ਘਰ ਦਾ ਮਸਾਂ ਤੋਰਾ ਤੁਰਦਾ ਹੈ ਉਹ ਹਰਾਮ ਦੀ ਕਮਾਈ ਵਾਲੀ ਐਸ਼ ਵਾਲ ਸਿਲਸਲਾ ਏਥੇ ਨਹੀਂ ਚੱਲਣਾ। ਪਰ ਉਹ ਕਹਿ ਨਾ ਸਕਿਆ ਭਿੰਦੀ ਨੇ ਜਰੂਰ ਆਖਿਆ ਕਿ ਡੈਡੀ ਜੀ ਤੁਸੀਂ ਕੋਈ ਕੰਮ ਲੱਭੋਂ ਇਹ ਦਾਰੂ ਦੀ ਆਦਤ ਨਹੀਂ ਚੱਲਣੀ ਏਥੇ ਤਾਂ ਅੱਗੋਂ ਸਰਦੂਲ ਸਿੰਘ ਨੂੰ ਥਾਣੇਦਾਰੀ ਤਾਅ ਚੜ੍ਹ ਗਿਆ ਕਿ ਅੱਛਾ ਹੁਣ ਥੋਨੂੰ ਮੇਰੀ ਦੋ ਘੁੱਟ ਦਾਰੂ ਵੀ ਚੁਭਣ ਲੱਗ ਪਈ ਹੈ। ਇੰਡੀਆ ਮੇਰੇ ਅੱਗੇ ਕੋਈ ਕੁਸਕਿਆ ਨਹੀਂ ਸੀ ਤੂੰ ਹੁਣ ਮੇਰੀ ਕੁੜੀ ਵੀ ਮੈਨੂੰ ਮੱਤਾਂ ਦੇਣ ਲੱਗ ਪਈ ਹੈ। ਉਹਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਕਿ ਤੈਨੂੰ ਪੜ੍ਹਾ ਲਿਖਾ ਕੇ ਕਨੇਡਾ ਭੇਜਿਆ ਵਿਆਹ ਕੀਤਾ ਕਿ ਚੱਲ ਚਾਰ ਦਿਨ ਸੁੱਖ ਦੇ ਦੇਖਾਂਗੇ ਜੇ ਨਹੀਂ ਸੰਭਾਲ ਹੁੰਦਾ ਤਾਂ ਸਾਨੂੰ ਇੰਡੀਆ ਨੂੰ ਚੜ੍ਹਾ ਦਿਉ। ਮੈਂ ਤਾਂ ਇਹ ਪੰਗਾ ਤੇਰੇ ਛੋਟੇ ਭਰਾ ਕਰਕੇ ਲਿਆ ਸੀ ਕਿ ਚਲੋਂ ਬਾਹਰ ਨਿੱਕਲ ਜਾਵੇਗਾ ਨਹੀਂ ਮੈਂ ਤਾਂ ਉਥੇ ਬਥੇਰਾ ਸੌਖਾ ਸੀ।

ਪਿਉ ਤੋਂ ਹੋਈ ਬੇਇੱਜਤੀ ਦਾ ਬਦਲਾ ਭਿੰਦੀ ਨੇ ਅਮਰਜੀਤ ਤੋਂ ਲਿਆ ਕਿ ਤੂੰ ਮੇਰੀ ਡੈਡੀ ਨੂੰ ਨਹੀਂ ਪੁੱਛਦਾ ਚੱਜ ਨਾਲ ਬੁਲਾਉਂਦਾ ਨਹੀਂ ਤਾਂ ਲੜਾਈ ਹੋਈ ਹੈ। ਉਹ ਤਾਂ ਇਹ ਵੀ ਕਹਿ ਗਈ ਕਿ ਤੂੰ ਕਨੇਡਾ ਦੇ ਲਾਲਚ ਨੂੰ ਵਿਆਹ ਕਰਵਾਇਆ ਸੀ, ਜਦੋਂ ਮਤਲਬ ਸੀ ਤਾਂ ਇਹ ਹੀ ਡੈਡੀ ਥਾਣੇਦਾਰ ਸਾਹਿਬ ਲੱਗਦੇ ਸਨ ਤੇ ਗੋਡੀ ਹੱਥ ਲਾਉਂਦਾ ਸੀ ਹੁਣ ਕਲਾਮ ਕਰਕੇ ਵੀ ਰਾਜ਼ੀ ਨਹੀਂ। ਇਹ ਸਿਲਸਲਾ ਰੋਜ਼ ਵਧਣ ਲੱਗਾ। ਇੰਡੀਅਨ ਮਾਲਿਕ ਮਕਾਨ ਨੂੰ ਵੀ ਥੋੜੀ ਭਿਣਕ ਪੈਣ ਲੱਗੀ ਕਿ ਕੁੱਝ ਗੜਬੜ ਹੈ ਤਾਂ ਉਨ੍ਹਾਂ ਬੇਸਮੈਂਟ ਛੱਡ ਕੇ ਅਪਾਰਟਮੈਂਟ ਲੈ ਲਈ। ਉੱਥੇ ਜਾਕੇ ਇਹ ਲੜਾਈ ਘਟਣ ਦੀ ਬਜਾਏ ਸਗੋਂ ਹੋਰ ਵੀ ਵਧ ਗਈ। ਜਿਉਂ ਜਿਉਂ ਭਿੰਦੀ ਸਾਰੀ ਲੜਾਈ ਦਾ ਭਾਂਡਾ ਅਮਰਜੀਤ ਸਿਰ ਭੰਨਣ ਲੱਗੀ ਅੱਗੇ ਤੋਂ ਉਹ ਵੀ ਬੋਲਣ ਲੱਗ ਪਿਆ। ਭਿੰਦੀ ਦੇ ਪਿਉ ਨੂੰ ਉਹ ਲੜ੍ਹਾਈ ਦੀ ਜੜ ਕਹਿੰਦਾ ਤੇ ਉਸ ਦੀ ਮਾਂ ਨੂੰ ਫਫੇ ਕੁੱਟਣੀ ਔਰਤ। ਜੋ ਆਪਣੇ ਪੁੱਤ ਅਤੇ ਜਵਾਈ ਵਿੱਚ ਬਹੁਤ ਰੱਖਦੀ ਪਰ ਜ਼ੁਬਾਨ ਤੋਂ ਪਤਾ ਨਾ ਲੱਗਣ ਦਿੰਦੀ। ਭਿੰਦੀ ਅਮਰਜੀਤ ਨੂੰ ਆਖਦੀ ਕਿ ਤੂੰ ਮੇਰੇ ਤੋਂ ਸੜਦਾ ਏਂ ਮੇਰੇ ਪਰਿਵਾਰ ਦੀ ਖੁਸ਼ੀ ਨਹੀਂ ਵੇਖ ਸਕਦਾ। ਅਮਰਜੀਤ ਕਹਿੰਦਾ ਕਿ ਤੂੰ ਹੁਣ ਮੇਰੇ ਨਾਲ ਵਿਆਹੀ ਹੋਈਂ ਏਂ ਪੇਕਿਆਂ ਦਾ ਸਬੰਧ ਘਟਾ ਤੇ ਮੇਰੇ ਲਈ ਸਮਾਂ ਕੱਢ। ਪਰ ਉਹ ਅੱਗੋਂ ਕਹਿੰਦੀ ਕਿ ਏਥੇ ਸਾਰੇ ਬਰਾਬਰ ਨੇ ਜੇ ਤੇਰੇ ਮਾਂ ਬਾਪ ਤੇਰੇ ਕੋਲ ਆਕੇ ਰਹਿਣਗੇ ਤਾਂ ਮੇਰੇ ਵੀ ਮੇਰੇ ਕੋਲ ਰਹਿਣਗੇ। ਉਸਦੇ ਕੱਬੇ ਸੁਭਾਅ ਸਾਹਮਣੇ ਅਮਰਜੀਤ ਹਥਿਆਰ ਸੁੱਟ ਦਿੰਦਾ ਤੇ ਸ਼ਰਾਬ ਦੇ ਦੋ ਤਿੰਨ ਗਲਾਸ ਚੜ੍ਹਾ ਕੇ ਸੌਂ ਜਾਂਦਾ।

ਹੁਣ ਘਰ ਵਿੱਚ ਦੋ ਧਿਰਾਂ ਬਣ ਗਈਆਂ ਸਨ। ਇੱਕ ਕਮਰੇ ਵਿੱਚ ਭਿੰਦੀ ਤੇ ਅਮਰਜੀਤ ਦੂਸਰੇ ਵਿੱਚ ਸਰਦੂਲ ਤੇ ਉਸਦਾ ਪੁੱਤਰ, ਮਾਂ ਦੀ ਮੈਟਰੈੱਸ ਲਿੰਵਿੰਗ ਰੂਮ ਵਿੱਚ। ਕਈ ਵਾਰੀ ਨਸ਼ੇ ਦੀ ਲੋਰ ਵਿੱਚ ਸਰਦੂਲ ਸਿੰਘ ਆਖਦਾ ਹੁਣ ਵੇਖ ਲੈ ਕਨੇਡਾ ਦੇ ਰੰਗ ਬੈੱਡ ਤੇ ਪੈਣਾ ਵੀ ਨਸੀਬ ਨਹੀਂ ਹੁੰਦਾ ਵੱਡੀ ਥਾਣੇਦਾਰਨੀ ਨੂੰ। ਇਸੇ ਲੜਾਈ ਝਗੜੇ ਵਿੱਚ ਭਿੰਦੀ ਦੇ ਕੁੜੀ ਵੀ ਹੋ ਗਈ। ਉਹ ਹੁਣ ਜਣੇਪਾਂ ਛੁੱਟੀ ਤੇ ਘਰ ਰਹਿਣ ਲੱਗੀ ਆਮਦਨ ਘਟ ਗਈ ਤੇ ਖਰਚੇ ਵਧਣ ਦੇ ਨਾਲ ਨਾਲ ਕਲੇਸ਼ ਵੀ ਵਧ ਗਿਆ। ਜਿਉਂ ਜਿਉਂ ਕਲੇਸ਼ ਵਧ ਰਿਹਾ ਸੀ ਅਮਰਜੀਤ ਦੇ ਗਿਲਾਸ ਵਿੱਚ ਪੈਣ ਵਾਲੀ ਸ਼ਰਾਬ ਦੀ ਮਿਕਦਾਰ ਵੀ ਵਧ ਰਹੀ ਸੀ। ਉਧਰ ਸਰਦੂਲ ਸਿੰਘ ਲਿੰਵਿੰਗ ਰੂਮ ਵਿੱਚ ਬੈਠਾ ਟੀਵੀ ਵੇਖਦਾ ਜਾਂ ਸ਼ਰਾਬ ਪੀਂਦਾ ਰਹਿੰਦਾ ਉਧਰ ਅਮਰਜੀਤ ਆਪਣੇ ਕਮਰੇ ਵਿੱਚ। ਦੋਹਾਂ ਵਿੱਚ ਤਨਾਅ ਵਧਦਾ ਹੀ ਜਾ ਰਿਹਾ ਸੀ। ਹੁਣ ਤਾਂ ਉਨ੍ਹਾਂ ਕਦੀ ਇਕੱਠਿਆਂ ਬੈਠ ਕੇ ਰੋਟੀ ਵੀ ਨਾਂ ਖਾਧੀ। ਸਹੁਰੇ ਜਵਾਈ ਵਾਲਾ ਰਿਸ਼ਤਾ ਦਿਨੋ ਦਿਨ ਛਿੱਦਣ ਲੱਗਾ। ਦੋਵੇਂ ਗੱਲੀਂ ਬਾਤੀਂ ਇੱਕ ਦੂਸਰੇ ਨੂੰ ਨੀਂਵਾ ਦਿਖਾੳੇਂਦੇ ਰਹਿੰਦੇ। ਜਦੋਂ ਅਮਰਜੀਤ ਆਕੇ ਕਮਰੇ ਵਿੱਚ ਬੈਠ ਜਾਂਦਾ ਤਾਂ ਭਿੰਦੀ ਆਪਣੇ ਮੰਮੀ ਡੈਡੀ ਤੇ ਭਰਾ ਨਾਲ ਹਾਸੇ ਦੀਆਂ ਫੁੱਲਝੜੀਆਂ ਬਿਖੇਰਦੀ ਗੱਲਾਂ ਮਾਰਦੀ। ਉਹ ਆਪਣੇ ਪਿੰਡ ਦੀਆਂ, ਰਿਸ਼ਤੇਦਾਰਾਂ ਦੀਆਂ ਤੇ ਫਿਲਮਾਂ ਦੀਆਂ ਗੱਲਾਂ ਕਰਦੇ। ਅੱਧੀ ਰਾਤ ਤੱਕ ਹਾ ਹਾ ਹੀ ਹੀ ਦੇ ਠਹਾਕੇ ਗੂੰਜਦੇ। ਉਧਰ ਅਮਰਜੀਤ ਨੂੰ ਇੱਕ ਚੜਦੀ ਤੇ ਇੱਕ ਉੱਤਰਦੀ। ਅਮਰਜੀਤ ਕੋਲ ਜਾਂਦੀ ਨੂੰ ਹੀ ਭਿੰਦੀ ਨੂੰ ਸੱਪ ਸੁੰਘ ਜਾਂਦਾ ਮੱਥੇ ਦੀ ਤਿਊੜੀ ਹੋਰ ਗੂੜੀ ਹੋ ਜਾਂਦੀ। ਜੇ ਅਮਰਜੀਤ ਇਸ ਤੇ ਇਤਰਾਜ ਕਰਦਾ ਤਾਂ ਉਹ ਟੁੱਟ ਕੇ ਪੈਂਦੀ ਕਿ ਸਾਡੀ ਖੁਸ਼ੀ ਥੋਡੇ ਤੋਂ ਬ੍ਰਦਾਸ਼ਤ ਨਹੀਂ ਹੁੰਦੀ। ਜੇ ਨਹੀਂ ਜਰ ਹੁੰਦਾ ਤਾਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ। ਮੇਰੇ ਮਾਂ ਬਾਪ ਹੋਰ ਹੁਣ ਕਿੱਥੇ ਜਾਣ ਉਹ ਵਾਧੂ ਦਾ ਕਲੇਸ਼ ਖੜਾ ਕਰ ਲੈਂਦੀ। ਏਹੋ ਜਿਹੀ ਔਰਤ ਨੂੰ ਬੁਲਾਉਣਾ ਤਾਂ ਚਿੱਕੜ ਵਿੱਚ ਇੱਟ ਮਾਰਨ ਵਾਲੀ ਗੱਲ ਹੈ ਇਹ ਸੋਚ ਕੇ ਕੇ ੳਮਰ ਇੱਕ ਦੋ ਵਾਧੂ ਗਲਾਸ ਹੋਰ ਚੜ੍ਹਾ ਜਾਂਦਾ।

ਇੱਕ ਦਿਨ ਸਾਰਾ ਪਰਿਵਾਰ ਬੈਠਾ ਸਲਾਹਾਂ ਕਰ ਰਿਹਾ ਸੀ ਕਿ ਅਗਲੇ ਸਾਲ ਉਹ ਮੁੰਡਾ ਵਿਆਹੁਣ ਜਾਣਗੇ ਅਮੀਰ ਘਰ ਦੀ ਸੋਹਣੀ ਸੁਨੱਖੀ ਕੁੜੀ ਭਾਲਣਗੇ ਜੋ ਬਿਲਕੁੱਲ ਇਕੱਲੀ ਹੋਵੇ ਸਪੌਂਸਰ ਕਰਨ ਵਾਲਾ ਵੀ ਕੋਈ ਨਾਂ ਹੋਵੇ ਤੇ ਪ੍ਰਾਪਰਟੀ ਵੀ ਸਾਰੀ ਆਪਣੇ ਸੋਨੂੰ ਨੂੰ ਆ ਜਾਵੇ। ਉਹ ਤਾਂ ਇਹ ਵੀ ਕਹਿ ਰਹੇ ਸਨ ਕਿ ਜੋ ਦਾਜ ਵਿੱਚ ਪੰਦਰਾਂ ਵੀਹ ਲੱਖ ਮਿਲੇਗਾ ਉਸੇ ਦੇ ਡਾਲਰ ਬਣਾ ਕੇ ਉਹ ਨਵਾਂ ਘਰ ਖਰੀਦ ਲੈਣਗੇ। ਅਮਰਜੀਤ ਨੇ ਜਦੋਂ ਕਿਹਾ ਕਿ ਇਹ ਤਾਂ ਸੌਦੇ ਬਾਜੀ ਹੈ ਤਾਂ ਭਿੰਦੀ ਬੋਲੀ ਏਥੇ ਸਾਰੇ ਹੀ ਕਰਦੇ ਨੇ। ਕਨੇਡਾ ਤੋਂ ਜਾਣਾ ਹੈ ਮੁੰਡੇ ਨੇ। ਨਾਲੇ ਜੇ ਅਗਲੇ ਦੇ ਚਾਰ ਪੈਸੇ ਖਰਚੇ ਹੋਣਗੇ ਤਾਂ ਹੀ ਪ੍ਰਾਹੁਣੇ ਦੀ ਇੱਜਤ ਕਰੂ ਤੇ ਕੁੜੀ ਨੂੰ ਵੀ ਘਰ ਆਪਣਾ ਲੱਗੂ। ਤਾਂ ਅੱਗੋਂ ਅਮਰਜੀਤ ਬੋਲਿਆ ਕਹਿ ਦੇਣਾ ਸੀ ਆਪਣੇ ਬਾਪ ਨੂੰ ਮੈਨੂੰ ਵੀ ਕੁੱਝ ਦੇ ਦਿੰਦਾ ਤੈਨੂੰ ਵੀ ਸਹੁਰਾ ਘਰ ਆਪਣਾ ਲੱਗਣ ਲੱਗ ਜਾਂਦਾ। ਹੁਣ ਤੱਕ ਤਾਂ ਪੇਕਾ ਘਰ ਹੀ ਤੇਰਾ ਸਾਰਾ ਕੁੱਝ ਏ। ਬੱਸ ਏਨਾਂ ਕਹਿਣ ਦੀ ਲੋੜ ਸੀ ਫੇਰ ਹੋ ਗਈ ਮਹਾਂਭਾਰਤ ਸ਼ੁਰੂ। ਭਿੰਦੀ ਕਹਿਣ ਲੱਗੀ ਇਹ ਤਾਂ ਮਾਸੀ ਕਰਕੇ ਹੋ ਗਿਆ ਰਿਸ਼ਤਾ ਤੂੰ ਸ਼ੁਕਰ ਕਰ ਨਹੀਂ ਤਾਂ ਤੇਰੇ ਵਰਗੇ ਵੀਹ ਵੀਹ ਲੱਖ ਚੁੱਕੀਂ ਤੁਰੇ ਫਿਰਦੇ ਨੇ। ਹੁਣ ਬੋਲਣ ਜੋਗਾ ਕੀ ਏਂ ਕਨੇਡਾ ਵੀ ਤੈਨੂੰ ਅਸਾਂ ਹੀ ਦਿਖਾਇਆ ਹੈ। ਇਹ ਮੇਰੇ ਹੀ ਪਿਉ ਦਾ ਅਹਿਸਾਨ ਹੈ ਜਿਸ ਨੇ ਤੈਨੂੰ ਹਾਂ ਕੀਤੀ ਸੀ। ਉਦੋਂ ਤਾਂ ਕਨੇਡਾ ਦੇ ਨਾਉਂ ਨੂੰ ਤੇਰੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ। ਵਾਕਿਆ ਹੀ ਅਮਰਜੀਤ ਤਰਸ ਦਾ ਪਾਤਰ ਬਣ ਕੇ ਰਹਿ ਗਿਆ ਸੀ। ਘਰ ਵਿੱਚ ਦੋਹਰਾ ਮਾਹੌਲ ਸੀ ਸੋਨੂੰ ਘਰ ਆਵੇ ਤਾਂ ਭਿੰਦੀ ਭੱਜ ਕੇ ਉਸ ਲਈ ਜੂਸ ਲੈ ਕੇ ਆਵੇ ਮਾਂ ਤਾਜਾ ਤਾਜਾ ਫੁਕਲੇ ਬਣਾ ਕੇ ਪੁੱਤਰ ਲਈ ਦੇਵੇ, ਸਰਦੂਲ ਦੇ ਚਿਹਰੇ ਤੇ ਮੁਸਕਾਨ ਬਿੱਖਰ ਜਾਵੇ। ਪਰ ਜਦੋਂ ਅਮਰਜੀਤ ਘਰ ਆ ਵੇ ਤਾਂ ਨਾਂ ਭਿੰਦੀ ਨੂੰ ਪੁੱਛਣ ਦਾ ਸਮਾਂ ਨਾਂ ਕਿਸੇ ਹੋਰ ਨੂੰ। ਜੇ ਉਹ ਕਦੀ ਪੁੱਛ ਵੀ ਲੈਂਦਾ ਕਿ ਚਾਹ ਬਣੀ ਹੈ ਤਾਂ ਭਿੰਦੀ ਦੀ ਮਾਂ ਆਖਦੀ ਇਥੇ ਕਿਹੜਾ ਬਾਲਣ ਡਾਹੁਣਾ ਨੇ ਚਾਰ ਕੱਪ ਪਾਣੀ ਪਾ ਤੇ ਧਰ ਦੇ ਨਾਲੇ ਅਸੀਂ ਪੀ ਲਵਾਂਗੇ। ਏਥੇ ਤਾਂ ਬੰਦੇ ਵੀ ਘਰ ਦਾ ਕੰਮ ਕਰਦੇ ਨੇ। ਨਾਲੇ ਜਮਾਈ ਭਾਈ ਤਾਂ ਇੰਡੀਆ ‘ਚ ਹੁੰਦੈ, ਕਨੇਡਾ 'ਚ ਤਾਂ ਸਾਰੇ ਹੀ ਬਰਾਬਰ ਨੇ। ਪਰ ਉਹੋ ਮਾਤਾ ਆਪਣੇ ਪੁੱਤ ਲਈ ਸੇਵਾ ਕਰਨ ਵਾਲੀ ਨੂੰਹ ਤੇ ਜਵਾਈ ਦੀ ਖਾਤਰਦਾਰੀ ਕਰਨ ਵਾਲੇ ਸਹੁਰੇ ਭਾਲ ਰਹੀ ਸੀ

ਭਿੰਦੀ ਲਈ ਆਪਣੀ ਮਾਂ ਲਈ ਬਥੇਰਾ ਸਮਾਂ ਸੀ ਪਿਉ ਨੂੰ ਲੈ ਕੇ ਉਹ ਤੁਰੀ ਹੀ ਰਹਿੰਦੀ ਭਰਾ ਦੇ ਵੀ ਸਾਰੇ ਕੰਮ ਕਰਦੀ ਪਰ ਅਮਰਜੀਤ ਲਈ ਉਸ ਕੋਲ ਕੁੱਝ ਪਲ ਵੀ ਨਾਂ ਹੁੰਦੇ। ਉਹ ਕੋਹਲੂ ਦਾ ਬਲਦ ਬਣ ਕੇ ਰਹਿ ਗਿਆ। ਘਰੋਂ ਕੰਮ ਤੇ ਅਤੇ ਕੰਮ ਤੋਂ ਘਰ ਉਸ ਦਾ ਜੀਵਨ ਸੀ ਜਾਂ ਦੋ ਚਾਰ ਪੈੱਗ ਸ਼ਰਾਬ ਦੇ। ਅਜੇ ਵੀ ਭਿੰਦੀ ਦੀ ਮਾਂ ਮੱਤਾਂ ਦਿੰਦੀ ਕਿ ਤੂੰ ਇਸ ਦੇ ਫੋਨ ਚੈੱਕ ਕਰਦੀ ਰਿਹਾ ਕਰ ਕਿੱਥੇ ਨੂੰ ਕਰਦਾ ਹੈ। ਬੈਂਕ ਦੇ ਅਕਾਊਂਟ ਆਪ ਚੈੱਕ ਕਰਦੀਂ ਰਹੀ ਕਨੇਡਾ ਸੱਦ ਕੇ ਤਾਂ ਏਹੋ ਜਿਹੇ ਐਦਾਂ ਹੀ ਕਾਬੂ ਆਂਉਦੇ ਨਹੀਂ ਤਾਂ ਉਡਾਰੀ ਮਾਰ ਜਾਂਦੇ ਨੇ ਰੋਜ ਕਿੱਸੇ ਸੁਣੀਦੇ ਨੇ। ਮਾਂ ਨੂੰ ਇਹ ਘਰ ਆਪਣੀ ਕੁੜੀ ਦਾ ਹੀ ਲੱਗਦਾ ਅਮਰਜੀਤ ਜਿਵੇਂ ਕੋਈ ਮਹਿਮਾਨ ਠਹਿਰਿਆ ਹੋਵੇ। ਸੋਨੂੰ ਭਾਵੇਂ ਕੰਮ ਵੀ ਕਰਦਾ ਤੇ ਪੜ੍ਹਦਾ ਵੀ ਪਰ ਘਰ ਖਰਚਾ ਨਾਂ ਦਿੰਦਾ, ਸਾਰੇ ਕਹਿੰਦੇ ਕਿ ਅਗਲੇ ਸਾਲ ਦੀ ਪੜ੍ਹਾਈ ਲਈ ਪੈਸੇ ਜੋੜਦਾ ਹੈ। ਘਰ ਦਾ ਸੋਫਾ ਟੀ ਵੀ ਤੇ ਹੋਰ ਸਮਾਨ ਸਾਰਾ ਉਹ ਹੀ ਵਰਤਦੇ ਅਮਰਜੀਤ ਤਾਂ ਆਪਣੇ ਘਰ ਹੀ ਬਿਗਾਨਾ ਬਣ ਕੇ ਰਹਿ ਗਿਆ। ਜੋ ਉਸਦਾ ਸਮਾਨ ਸੀ ਉਹ ਸਾਰਿਆਂ ਦਾ ਸਾਂਝਾ ਜੋ ਸਮਾਨ ਸੋਨੂੰ ਲੈਂਦਾ ਉਹ ਸਟੀਰੀਉ ਹੋਵੇ ਜਾਂ ਕਾਰ ਉਹ ਸਿਰਫ ਉਸੇ ਦਾ ਹੀ। ਇਹ ਤਾਂ ਅਮਰਜੀਤ ਨਾਲ ਸਰਾ ਸਰ ਧੱਕਾ ਹੋ ਰਿਹਾ ਸੀ।

ਫੇਰ ਏਨਾਂ ਹੀ ਦਿਨਾਂ ਵਿੱਚ ਭਿੰਦੀ ਦੇ ਕੁੜੀ ਹੋ ਗਈ। ਭਿੰਦੀ ਨੇ ਘਰ ਦਾ ਕੰਮ ਕਾਜ ਕਰਨਾਂ ਤਾਂ ਪਹਿਲਾਂ ਹੀ ਛੱਡਿਆ ਹੋਇਆ ਸੀ ਹੁਣ ਕੁੜੀ ਸੰਭਾਲਣ ਦਾ ਬਹਾਨਾ ਮਿਲ ਗਿਆ। ਇਹ ਬਹਾਨਾ ਇਕੱਲੀ ਕੁੜੀ ਨੂੰ ਸੰਭਾਲਣ ਦਾ ਨਹੀਂ ਸੀ ਮਾਪਿਆਂ ਨੂੰ ਨਾਲ ਰੱਖਣ ਦਾ ਵੀ ਸੀ। ਜੇ ਉਹ ਅੱਡ ਹੁੰਦੇ ਸਨ ਤਾਂ ਗੁਜ਼ਾਰਾ ਚੱਲਣਾ ਮੁਸ਼ਕਲ ਸੀ।ਹੁਣ ਨਾ ਫੋਨ, ਨਾ ਟੀ ਵੀ, ਨਾ ਕੋਈ ਬਿੱਲ ਬੱਤੀ, ਨੱਲ ਰਹਿ ਕੇ ਹੀ ਸਰੀ ਜਾਂਦਾ ਸੀ ਤੇ ਸੋਨੂੰ ਆਪਣੇ ਪੈਸੇ ਪੜ੍ਹਾਈ ਤੇ ਲਾ ਰਿਹਾ ਸੀ।ਸਰਦੂਲ ਸਿੰਘ ਵਰਗੇ ਪੱਕੇ ਸ਼ਰਾਬੀ ਲਈ ਕੰਮ ਕਰਨਾ ਤਾਂ ਬਹੁਤ ਔਖਾ ਸੀ। ਪੰਜਾਬ ਵਿੱਚ ਉਸ ਨੂੰ ਅੱਤਵਾਦ ਦੇ ਸਮੇਂ ਤੋਂ ਹੀ ਧਮਕੀਆਂ ਮਿਲਦੀਆਂ ਆ ਰਹੀਆਂ ਸਨ। ਲੋਕ ਤਾਂ ਇਹ ਵੀ ਕਹਿੰਦੇ ਕਿ ਨਜ਼ਾਇਜ਼ ਪੁਲ਼ਸ ਮੁਕਾਬਲੇ ਬਣਾ ਹੀ ਉਸ ਨੇ ਥਾਣੇਦਾਰੀ ਦੀ ਫੀਤੀ ਲੁਆਈ ਸੀ। ਉਹ ਤਾਂ ਕੁੜੀ ਦੇ ਬਹਾਨੇ ਮਸਾਂ ਪੰਜਾਬ ਛੱਡ ਕੇ ਭੱਜਿਆ ਸੀ ਤੇ ਉਂਥੇ ਜਾ ਕੇ ਰਹਿਣਾ ਤਾਂ ਉਸ ਨੂੰ ਸੱਪ ਦੀ ਬਿਰਮੀ ਵਿੱਚ ਹੱਥ ਪਾਉਣ ਵਾਲੀ ਗੱਲ ਲੱਗਦੀ ਸੀ। ਅਮਰਜੀਤ ਜੋ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜਿਊਣੀ ਚਾਹੁੰਦਾ ਸੀ, ਉਸ ਨੂੰ ਸਹੁਰਿਆਂ ਦਾ ਵੱਖ ਹੋਣਾ ਊਠ ਦੇ ਬੁੱਲ ਵਾਂਗੂੰ ਜਾਪਣ ਲੱਗਾ, ਜੋ ਡਿੱਗਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਸੋਚਦਾ ਪਤਾ ਨਹੀਂ ਇਹ ਕਮਰਾ ਬੰਦੀ ਕਦੋਂ ਤੱਕ ਮੁੱਕਣੀ ਹੈ। ਭਿੰਦੀ ਤਾਂ ਹੁਣੇ ਤੋਂ ਸਣਾਉਣ ਲੱਗ ਪਈ ਸੀ ਕਿ ਜੇ ਮੰਮੀ ਹੋਣੀ ਅੱਡ ਹੋ ਗਏ ਤਾਂ ਰੀਤੂ ਨੂੰ ਕੌਣ ਸੰਭਾਲੂ? ਘਰ ਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਤੁਰਦਾ ਬੇਬੀ ਸਿਟਿੰਗ ਕਿੱਥੋਂ ਪੇਅ ਕਰਾਂਗੇ। ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਇਹ ਚੰਗੀ ਬਲੈਕਮੇਲਿੰਗ ਹੈ, ਪਰ ਬੇਵਸ ਹੋਇਆ ਕੀ ਕਰਦਾ। ਉਸ ਦੇ ਆਪਣੇ ਮਾਪਿਆ ਨੂੰ ਬੁਲਾਉਣ ਜੋਗੀ ਆਮਦਨ ਬਣਦੀ ਹੀ ਨਾ । ਬਣਦੀ ਤਾਂ ਜੇ ਭਿੰਦੀ ਕਿਸੇ ਚੱਜ਼ ਹਾਲ ਨਾਲ ਕੰਮ ਕਰਦੀ। ਗੁਜ਼ਾਰਾ ਨਾ ਤੁਰਨ ਦਾ ਕਾਰਨ ਵੀ ਇਹ ਵਾਧੂ ਦਾ ਸਿੜੀ ਸਿਆਪਾ ਹੀ ਸੀ ਜੋ ਉਹ ਪਾਈ ਬੈਠੇ ਸਨ। ਇਸ ਗੱਲੋਂ ਗੋਰੇ ਭਾਰਤੀ ਪਰਿਵਾਰਾ ਤੋਂ ਹਜ਼ਾਰ ਗੁਣਾਂ ਚੰਗੇ ਸਨ ਜਿੰਨਾਂ ਨੂੰ ਜੀਵਨ ਮਾਨਣਾ ਆਉਂਦਾ ਸੀ।

ਪਿਉ ਦੇ ਬਦਲਣ ਨਾਲ ਸੋਨੂੰ ਦੇ ਤੇਵਰ ਵੀ ਬਦਲ ਗਏ।ਅਮਰਜੀਤ ਭਾਅ ਜੀ ਦਾ ਹੁਣ ਉਸ ਦੇ ਮਨ ਵਿੱਚ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ ਰਿਹਾ। ਉਸ ਦੇ ਤਾਂ ਤੌਰ ਤਰੀਕੇ ਹੀ ਬਦਲ ਗਏ ਸਨ। ਉਹ ਆਪਣੇ ਆਪ ਨੂੰ ਪੂਰਾ ਕਨੇਡੀਅਨ ਸਮਝ ਰਿਹਾ ਸੀ। ਕੰਨ ਵਿੱਚ ਮੁੰਦਰ ਪਾਉਣ ਦੇ ਨਾਲ ਨਾਲ ਉਸ ਨੇ ਕਾਰ ਵਿੱਚ ਹਜ਼ਾਰ ਡਾਲਰ ਖਰਚ ਸਬ-ਬੂਫੋਰ ਡਿਜ਼ੀਟਲ ਤਕਨੀਕ ਵਾਲਾ ਮਿਊਜ਼ਿਕ ਸਿਸਟਮ ਲਗਵਾਇਆ ਚੱਲਦਾ ਤਾਂ ਧਮਕ ਨਾਲ ਕੋਲ ਖੜੀਆਂ ਕਾਰਾਂ ਵੀ ਹਿੱਲਦੀਆਂ। ਉਂਜ ਉਸ ਨੂੰ ਸ਼ਿਸਟਾਚਾਰ ਦਾ ਕੱਖ ਵੀ ਪਤਾ ਨਹੀਂ ਸੀ। ਬੂਟਾਂ ਸਮੇਤ ਉਹ ਘਰ ਦੇ ਕਾਰਪਿਟ ਤੇ ਤੁਰਿਆ ਫਿਰਦਾ। ਜਿੱਥੇ ਵੇਖਦਾ ਕੱਪੜੇ ਸੁੱਟ ਰੱਖਦਾ ਜੁਰਾਬਾਂ ਤਾਂ ਥਾਂ ਥਾਂ ਸੁੱਟੀਆਂ ਹੁੰਦੀਆਂ। ਮਾਂ ਚੁੱਕੇ ਜਾਂ ਨਾਂ ਚੁੱਕੇ। ਕੱਪੜੇ ਉਸ ਨੂੰ ਪ੍ਰੈੱਸ ਕੀਤੇ ਹੋਏ ਮਿਲਦੇ। ਖਾਣਾਂ ਖਾਣ ਲੱਗਿਆ ਉਹ ਸੌ ਸੌ ਨਖਰੇ ਕਰਦਾ ਕਿ ਆਹ ਨਹੀਂ ਖਾਣਾਂ ਔਹ ਖਾਣਾ ਹੈ ਹੱਦ ਦਰਜੇ ਦਾ ਚਮਲਾਇਆ ਹੋਇਆ। ਉਸਦੀ ਮਾਂ ਅਤੇ ਭਿੰਦੀ ਉਸਦੇ ਸਾਰੇ ਨਖਰੇ ਪੂਰੇ ਕਰਨ ਵਿੱਚ ਹੀ ਜੁੱਟੀਆਂ ਰਹਿੰਦੀਆਂ। ਦੂਜੇ ਪਾਸੇ ਅਮਰਜੀਤ ਆਪਣੀ ਰੋਟੀ ਵੀ ਆਪ ਪਾ ਕੇ ਖਾਂਦਾ, ਉਸ ਨੂੰ ਚਾਹ ਪਾਣੀ ਵੀ ਕੋਈ ਨਾਂ ਪੁੱਛਦਾ, ਖਾਣੇ ਦੀ ਪਸੰਦ ਤਾਂ ਉਸ ਨੂੰ ਪੁੱਛਣੀ ਹੀ ਕੀਹਨੇ ਸੀ। ਅਮਰਜੀਤ ਨੇ ਜਦੋਂ ਵੀ ਕਦੇ ਇਤਰਾਜ ਕੀਤਾ ਤਾਂ ਭਿੰਦੀ ਉਸ ਨੂੰ ਲੜਾਈ ਦਾ ਰੂਪ ਦੇ ਦਿੰਦੀ ਤੇ ਸਰਦੂਲ ਸਿੰਘ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਕਨੇਡਾ ਕੀ ਕੱਢ ਦਿੱਤਾ ਹੁਣ ਇਸੇ ਦੇ ਖੰਭ ਸੂਤ ਨਹੀਂ ਆਉਂਦੇ।

ਪੱਥਰ ਤੇ ਬੂੰਦ ਪਈ ਨਾ ਪਈ ਵਾਂਗ ਭਿੰਦੀ ਤੇ ਕੋਈ ਅਸਰ ਨਾ ਪਿਆ। ਉਸਦੇ ਪਰਿਵਾਰ ਦੀਆਂ ਮਨਮਾਨੀਆਂ ਵਧਦੀਆਂ ਹੀ ਗਈਆਂ ਅਤੇ ਅਮਰਜੀਤ ਦੀ ਸ਼ਰਾਬ। ਹੁਣ ਘਰ ਵਿੱਚ ਪਏ ਕਲੇਸ਼ ਦਾ ਕਾਰਨ ਅਮਰਜੀਤ ਦੀ ਸ਼ਰਾਬ ਦੱਸੀ ਜਾਣ ਲੱਗੀ। ਸਰਦੂਲ ਸਿੰਘ ਹਰ ਕਿਸੇ ਕੋਲ ਕਹਿਣ ਲੱਗਿਆ ਕਿ ਮਾੜੀ ਕਿਸਮਤ ਹੈ ਸ਼ਰਾਬੀ ਪੱਲੇ ਪੈ ਗਿਆ ਕੁੜੀ ਵਿਚਾਰੀ ਕੀ ਕਰੇ। ਜਦੋਂ ਇਹ ਗੱਲਾਂ ਅਮਰਜੀਤ ਦੇ ਕੰਨਾਂ ਤੱਕ ਪਹੁੰਚਦੀਆਂ ਤਾਂ ਉਸ ਮਨੋਵਿਗਿਆਨ ਜ਼ਰਬਾਂ ਖਾਅ ਜਾਂਦਾ, ਉਹ ਜੋ ਮੂੰਹ ਆਇਆ ਉਹ ਬੋਲਦਾ। ਕਈ ਵਾਰੀ ਤਾਂ ਸਰਦੂਲ ਸਿੰਘ ਦਾ ਜੀ ਕੀਤਾ ਕਿ ਇਸ ਪੰਜਾਬ ਪੁਲੀਸ ਵਾਲਾ ਘੋਟਾ ਚਾੜੇ। ਉਸ ਦੇ ਲੂਹਰੀਆਂ ਉੱਠਦੀਆਂ ਉਹ ਭਿੰਦੀ ਨੂੰ ਕਹਿੰਦਾ ਕਿ ਤੂੰ ਇੱਕ ਵਾਰੀ ਕਹਿ ਮੈਂ ਤਾਂ ਏਹੋ ਜਿਹੇ ਸੈਂਕੜੇ ਠਿਕਾਣੇ ਲਾਏ ਹੋਏ ਨੇ। ਉਹ ਨੇ ਤਾਂ ਇਹ ਵੀ ਸੁਝਾਅ ਦਿੱਤੀ ਸੀ ਕਿ ਇੰਨਸ਼ੋਰੈਂਸ ਤਾਂ ਇਸ ਦੀ ਹੈ ਹੀ ਕੇਰਾਂ ਇੰਡੀਆਂ ਨੂੰ ਚੜ੍ਹਾ ਦੇ ਫੇਰ ਮੈਂ ਜਾਣਾ ਜਾਂ ਮੇਰਾ ਕੰਮ। ਸਾਰੀ ਉਮਰ ਐਸ਼ਾਂ ਕਰੇਗੀ ਕੋਈ ਹੋਰ ਮੁੰਡਾ ਲੱਭ ਲਿਆਵਾਂਗੇ, ਕਨੇਡਾ ਦੇ ਨਾਂ ਨੂੰ ਉਥੇ ਬਥੇਰੀ ਹੇੜ ਤੁਰੀ ਫਿਰਦੀ ਆ। ਪਰ ਏਹ ਨੂੰ ਤਾਂ ਕੇਰਾਂ ਪੁੱਤ ਬਣਾ ਦੂੰ ਅਜੇ ਤਾਂ ਮੇਰੇ ਬਥੇਰੇ ਲਿੰਕ ਨੇ ਜਿੱਥੇ ਪੰਜਾਬ ਪੁਲੀਸ ਨੇ ਪੱਚੀ ਹਜ਼ਾਰ ਗਾਇਬ ਕਰ ਦਿੱਤਾ ਇੱਕ ਹੋਰ ਸਈ, ਕੀ ਫਰਕ ਪੈਂਦਾ ਏ। ਕਿਸੇ ਲੁਟੇਰੇ ਦੇ ਨਾਂ ਪਾ ਛੱਡਾਂਗੇ। ਪਰ ਭਿੰਦੀ ਹੀਆਂ ਨਾ ਕਰਦੀ ਉਹ ਜਾਣਦੀ ਸੀ ਕਿ ਕਨੇਡਾ ਵਿੱਚ ਤਾਂ ਪੰਜਾਬ ਪੁਲੀਸ ਦਾ ਰਾਜ ਨਹੀਂ ਉਸਦੀ ਸੰਘੀ ਨੂੰ ਵੀ ਹੱਥ ਪੈ ਸਕਦਾ ਹੈ।

ਆਖਰ ਇੱਕ ਦਿਨ ਸ਼ਰਾਬੀ ਹੋਏ ਅਮਰਜੀਤ ਨੇ ਫੈਸਲਾ ਸੁਣਾ ਹੀ ਦਿੱਤਾ ਕਿ ਜਾਂ ਤਾਂ ਹੁਣ ਤਲਾਕ ਲੈ ਲਾ ਜਾਂ ਫੇਰ ਪਤੀ ਪਤਨੀ ਵਾਂਗੂੰ ਵੱਖਰੇ ਘਰ ਵਿੱਚ ਮੇਰੇ ਨਾਲ ਰਹਿ। ਉਸ ਦੀ ਦ੍ਰਿੜਤਾ ਨੇ ਸਾਰਿਆ ਦੇ ਪੈਰ ਡੋਲਣ ਲਾ ਦਿੱਤੇ। ਸਰਦੂਲ ਨੂੰ ਐਨਾ ਯਕੀਨ ਨਹੀਂ ਕਿ ਗੋਡੀ ਹੱਥ ਲਾਉਣ ਵਾਲਾ ਮੁੰਡਾ ਐਨਾਂ ਸਖਤ ਹੋ ਜਾਵੇਗਾ। ਕੁੜੀ ਦਾ ਘਰ ਟੁੱਟਣਾ ਲੱਗਭੱਗ ਯਕੀਨੀ ਸੀ । ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਸਨ ਕਿ ਜੇ ਤੇਰੀ ਕੁੜੀ ਦੇ ਘਰ ਕਲੇਸ਼ ਪੈਂਦਾ ਹੈ ਤਾਂ ਅੱਡ ਕਿਉਂ ਨਹੀ ਰਹਿਣ ਲੱਗ ਪੈਂਦੇ। ਸਰਦੂਲ ਸਿੰਘ ਇਸ ਬਰਬਾਦੀ ਦਾ ਸਿਹਰਾ ਆਪਣੇ ਸਿਰ ਸਜਾਉਣਾ ਨਹੀਂ ਚਾਹੁੰਦਾ ਸੀ । ਹੁਣ ਦੋ ਹੀ ਰਸਤੇ ਸਨ ਜਾਂ ਉਹ ਕੁੜੀ ਤੋਂ ਵੱਖ ਹੋ ਕੇ ਰਹਿਣ ਲੱਗ ਪੈਣ ਜਾਂ ਫੇਰ ਆਪਣੇ ਆਪ ਨੂੰ ਬਦਲ ਲੈਣ। ਉਨ੍ਹਾਂ ਨਰਮ ਹੋਣਾ ਹੀ ਠੀਕ ਸਮਝਿਆ। ਇੱਕ ਦਿਨ ਨਰਮ ਲਹਿਜ਼ੇ ਵਿੱਚ ਭਿੰਦੀ ਨੇ ਅਮਰਜੀਤ ਨੂੰ ਪੁੱਛਿਆ,"ਆਖਰ ਤੈਨੂੰ ਤਕਲੀਫ ਕੀ ਹੈ?” ਤਾਂ ਉਹ ਕਹਿਣ ਲੱਗਾ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਪੌਂਸਰ ਕਰਨਾ ਚਾਹੁੰਦਾ ਹਾਂ, ਇਸੇ ਕਰਕੇ ਤਾਂ ਉਨ੍ਹਾਂ ਮੈਨੂੰ ਕਨੇਡਾ ਭੇਜਿਆ ਸੀ ਜੇ ਉਨ੍ਹਾਂ ਦਾ ਕੰਮ ਨਾਂ ਬਣਿਆ ਤਾਂ ਫੇਰ ਮੈਂ ਵੀ ਏਥੇ ਰਹਿ ਕੇ ਕੀ ਕਰਨਾ ਹੈ।" ਉਸਦੇ ਮਾਂ ਬਾਪ ਨਾਲ ਇੱਕ ਭਰਾ ਤੇ ਦੋ ਛੋਟੀਆਂ ਭੈਣਾਂ ਵੀ ਆਉਣ ਵਾਲੀਆਂ ਸਨ। ਭਿੰਦੀ ਉਸ ਦੇ ਦ੍ਰਿੜ ਇਰਾਦੇ ਸਾਹਮਣੇ ਡੋਲ ਗਈ। ਸਰਦੂਲ ਸਿੰਘ ਨੇ ਵੀ ਕਹਿ ਦਿੱਤਾ ਕਿ ਦੇਖ ਲੈ ਜੇ ਤੇਰਾ ਘਰ ਟੁੱਟਣ ਤੋਂ ਬਚ ਜਾਵੇ, ਉਨ੍ਹਾਂ ਦੇ ਆਉਣ ਤੇ ਇਸ ਨੂੰ ਮਾਨਸਿਕ ਸਹਾਰਾ ਹੋ ਜਾਵੇਗਾ, ਫੇਰ ਉਹ ਆਪੇ ਇਸ ਨੂੰ ਸ਼ਰਾਬ ਤੋਂ ਰੋਕਣਗੇ। ਨਾਲੇ ਅਸੀਂ ਤੈਨੂੰ ਇਕੱਲੀ ਛੱਡ ਕੇ ਥੋੜੋ ਜਾਣ ਲੱਗੇ ਹਾਂ ਜੇ ਤੁਸੀਂ ਘਰ ਲੈਣਾ ਵੀ ਹੋਇਆ ਤਾਂ ਸੋਨੂੰ ਦੇ ਵਿਆਹ ਤੱਕ ਅਸੀਂ ਤੁਹਾਡੀ ਬੇਸਮੈਂਟ ਵਿੱਚ ਰਹੀ ਜਾਵਾਂਗੇ। ਪਹਿਲਾਂ ਤਾਂ ਭਿੰਦੀ ਨਾਂ ਨੁੱਕਰ ਕਰਦੀ ਰਹੀ ਕਿ ਐਨੇ ਬੰਦਿਆਂ ਦਾ ਖਰਚਾ ਕਿਵੇਂ ਕਰਾਂਗੇ ਕਿੱਥੇ ਰਹਿਣਗੇ। ਫੇਰ ਮੰਨ ਗਈ। ਉਸਦੇ ਹਾਂ ਕਰਨ ਦੀ ਦੇਰ ਸੀ ਤਾਂ ਅਮਰ ਨੇ ਜੌਬ ਲੈਟਰਾਂ ਬਣਵਾ ਕੇ ਆਮਦਨ ਵੀ ਬਣਾ ਲਈ ਤੇ ਕੁੱਝ ਹੀ ਦਿਨਾਂ ਵਿੱਚ ਸਪੌਂਸਰ ਵੀ ਕਰ ਦਿੱਤਾ।

ਦਿਨ ਲੰਘਦਿਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਇੱਕ ਦਿਨ ਅਮਰਜੀਤ ਦਾ ਪਰਿਵਾਰ ਵੀ ਟੋਰਾਂਟੋ ਏਅਰ ਪੋਰਟ ਤੇ ਆ ਪਹੁੰਚਿਆ। ਉਸ ਦਿਨ ਅਮਰਜੀਤ ਤਾਂ ਬਹੁਤ ਖੁਸ਼ ਸੀ ਪਰ ਭਿੰਦੀ ਦੇ ਪਰਿਵਾਰ ਦੀ ਖੁਸ਼ੀ ਕੁੱਝ ਓਪਰੀ ਜਿਹੀ ਸੀ। ਪਹਿਲਾਂ ਪਹਿਲ ਤਾਂ ਦੋਨੋ ਪਰਿਵਾਰ ਇਕੱਠੇ ਹੀ ਰਹੇ। ਪਰ ਕੁੱਝ ਹੀ ਦਿਨਾਂ ਬਾਅਦ ਅਮਰਜੀਤ ਦੇ ਪਰਿਵਾਰ ਨੂੰ ਵਾਧੂ ਦੀ ਟੋਕ ਟਕਾਈ ਚੁਭਣ ਲੱਗ ਪਈ। ਫੇਰ ਵੀ ਈਸ਼ਵਰ ਕੌਰ ਨੇ ਘਰ ਦਾ ਸਾਰਾ ਕੰਮ ਸਿੱਖ ਲਿਆ। ਉਹ ਰੋਟੀ ਤੇ ਦਾਲ ਸਬਜ਼ੀ ਆਪ ਬਣਾਉਂਦੀ, ਭਾਂਡੇ ਧੋਂਦੀ ਪਰ ਫੇਰ ਵੀ ਨੂੰਹ ਦੇ ਤੇਵਰ ਚੜੇ ਰਹਿੰਦੇ। ਬੇਟੀ ਰੀਤੂ ਨੂੰ ਸੰਭਾਲਣ ਲਈ ਉਹ ਆਪਣੀ ਮਾਂ ਨੂੰ ਹੀ ਕਹਿੰਦੀ, ਜਿਵੇਂ ਉਸਦੀ ਸੱਸ ਘਰ ਦਾ ਕੋਈ ਮੈਂਬਰ ਹੀ ਨਾ ਹੋਵੇ। ਉਧਰ ਸਰਦੂਲ ਸਿੰਘ ਸਾਰਾ ਦਿਨ ਆਪਣੇ ਕੁੜਮ ਦਿਲਬਾਗ ਸਿੰਘ ਨੂੰ ਲੈਕਚਰ ਦੇਈ ਜਾਂਦਾ ਕਿ ਏਥੇ ਤਾਂ ਇਉਂ ਹੁੰਦਾ ਹੈ, ਏਥੇ ਤਾਂ ਇਉਂ ਰਹੀਦਾ ਹੈ। ਏਥੇ ਆਹ ਨਹੀਂ ਕਰੀਦਾ, ਔਹ ਨਹੀਂ ਕਰੀਦਾ, ਜਿਵੇਂ ਉਹ ਕੋਈ ਜੰਗਲੀ ਮਨੁੱਖ ਹੋਵੇ, ਜਿਸ ਨੂੰ ਸੱਭਿਅਤਾ ਦਾ ੳ ਅ ਵੀ ਨਾਂ ਆਂਉਂਦਾ ਹੋਵੇ। ਇੱਕ ਦਿਨ ਤਾਂ ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਹੁਣ ਕਨੇਡਾ ਆਏ ਹੋਂ ਤਾਂ ਫਾਰਮਾਂ ਬਗੈਰਾ 'ਚ ਕੰਮ ਲਭੋ। ਸਰਦੂਲ ਦੀ ਇਹ ਗੱਲ ਦਿਲਬਾਗ ਸਿੰਘ ਤੋਂ ਬ੍ਰਦਾਸ਼ਤ ਨਾ ਹੋਈ ਕਿ ਉਸੇ ਦੇ ਪੁੱਤ ਦੇ ਘਰ ਵਿੱਚ ਹੀ ਉਸ ਨੂੰ ਕੋਈ ਠਿੱਠ ਕਰੇ। ਉਹ ਅਮਰਜੀਤ ਨੂੰ ਪੈ ਨਿੱਕਲਿਆ ਕਿ "ਤੂੰ ਮਾਊਂ ਜਿਹਾ ਬਣ ਕੇ ਸਹੁਰਿਆਂ ਥੱਲੇ ਲੱਗ ਕੇ ਜਿਵੇਂ ਮਰਜੀ ਰਹੀ ਜਾ ਪਰ ਸਾਡੇ ਤੋਂ ਨਹੀਂ ਰਹਿ ਹੁੰਦਾ। ਜੇ ਤੈਨੂੰ ਆਪਣੀ ਹਾਲਤ ਦਾ ਪਤਾ ਸੀ ਤਾਂ ਸਾਨੂੰ ਕਿਉਂ ਬੁਲਾਇਆ। ਜੇ ਕੁੱਝ ਨਹੀਂ ਕਰਨ ਜੋਗਾ ਤਾਂ ਸਾਨੂੰ ਵਾਪਸ ਭੇਜ ਦੇ ਜਾਂ ਕਿਤੇ ਬੇਸਮੈਂਟ ਲੱਭ ਦੇ। ਅਸੀਂ ਨੀ ਤੇਰੇ ਸਹੁਰਿਆਂ ਨਾਲ ਰਹਿ ਸਕਦੇ। ਬੱਸ ਘਰ ਵਿੱਚ ਕਲੇਸ਼ ਪੈ ਗਿਆ। ਭਿੰਦੀ ਕਹਿ ਰਹੀ ਸੀ ਕਿ ਅਮਰਜੀਤ ਨੂੰ ਉਸ ਦੇ ਘਰ ਵਾਲੇ ਚੁੱਕ ਰਹੇ ਹਨ। ਮੇਰੇ ਮਾਪਿਆਂ ਨੂੰ ਘਰੋਂ ਕਢਵਾਉਣ ਦੇ ਤੁਲੇ ਹੋਏ ਹਨ। ਰਿਸ਼ਤੇਦਾਰਾਂ ਵਿੱਚ ਪੈ ਕੇ ਸਮਝਾ ਦਿੱਤਾ ਕਿ ਏਥੇ ਹਰ ਕਿਸੇ ਨੇ ਆਪੋ ਆਪਣਾ ਖਾਣਾ ਹੈ, ਕਿਉਂ ਲੜਦੇ ਹੋਂ ਰਲ ਮਿਲ ਕੇ ਦਿਨ ਕੱਟ ਲਵੋ ਦੋਹਾਂ ਧਿਰਾਂ ਨੂੰ ਫਾਇਦਾ ਹੈ। ਉਹ ਵਕਤੀ ਤੌਰ ਤੇ ਟਿਕ ਗਏ ਇੱਕ ਦੂਜੇ ਦੀ ਗੱਲ ਵਿੱਚ ਬਹੁਤਾ ਦਖਲ ਨਾਂ ਦਿੰਦੇ।

ਸਰਦੂਲ ਸਿੰਘ ਨੂੰ ਕਿਸੇ ਨੇ ਸਕੀਮ ਦਿੱਤੀ ਕਿ ਤੂੰ ਥਾਣੇਦਾਰ ਏਂ, ਅਕਲ ਤੋਂ ਕੰਮ ਲੈ। ਤੇਰਾਂ ਜੁਆਨ ਮੁੰਡਾ ਤੇਰੇ ਲਈ ਜੈਕਪੌਟ ਹੈ। ਇੰਡੀਆ ਜਾ, ਕੁੜੀ ਵਾਲੇ ਵੀਹ ਲੱਖ ਤਾਂ ਹੱਸ ਕੇ ਦੇਣਗੇ। ਉਸੇ ਦਾ ਡਾਊਂਨ ਦੇਕੇ ਘਰ ਲੈ। ਹੁਣ ਸਰਦੂਲ ਸਿੰਘ ਨੌਕਰੀ ਤੋਂ ਬਣਾਏ ਪੈਸੇ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਤੇ ਪੁੱਤਰ ਦਾ ਸੌਦਾ ਕਰਨ ਦੀ ਤਿਆਰੀ ਵਿੱਚ ਸੀ। ਇੱਕ ਡੀ ਐੱਸ ਪੀ ਅਤੇ ਤਹਿਸੀਲਦਾਰ ਤਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਲਈ ਮੂੰਹ ਮੰਗਵਾਂ ਦਾਜ ਕੋਠੀਆਂ ਤੇ ਕਾਰਾਂ ਦੇਣ ਨੂੰ ਤਿਆਰ ਸਨ ਪਰ ਉਹ ਸੌਦਾ ਟਣਕਾ ਕੇ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਅਪਣਾ ਘਰ ਦੇਖਣਾ ਸ਼ੁਰੂ ਕਰ ਦਿੱਤਾ। ਉਹ ਅਜੇ ਸਕੀਮਾਂ ਲਾ ਹੀ ਰਹੇ ਸਨ, ਅਮਰਜੀਤ ਦੇ ਘਰ ਦਿਆਂ ਨੇ ਅਮਰਜੀਤ ਨੂੰ ਚੁੱਕਣਾ ਦੇ ਕੇ ਘਰ ਖ੍ਰੀਦਣ ਦੀ ਪਹਿਲ ਕਰਵਾ ਦਿੱਤੀ। ਹੁਣ ਸਵਾਲ ਇਹ ਸੀ ਕਿ ਭਿੰਦੀ ਦੇ ਮਾਪੇ ਕਿੱਥੇ ਰਹਿਣਗੇ। ਭਿੰਦੀ ਜਿੱਦ ਕਰ ਰਹੀ ਸੀ ਕਿ ਉਹ ਜਿੰਨਾਂ ਚਿਰ ਆਪਣਾ ਘਰ ਨਹੀਂ ਲੈਂਦੇ, ਆਪਣੀ ਬੇਸਮੈਂਟ ਵਿੱਚ ਹੀ ਰਹਿਣਗੇ। ਸਹੁਰਿਆਂ ਵਿੱਚ ਤਾਂ ਉਸਦੀ ਦਿਲਚਸਪੀ ਹੀ ਕੋਈ ਨਹੀਂ ਸੀ ਉਸ ਤਾਂ ਮਤਲਬ ਤਾਂ ਸਿਰਫ ਅਮਰਜੀਤ ਤੱਕ ਸੀ। ਅਮਰਜੀਤ ਨੇ ਬਥੇਰਾ ਸਮਝਾਇਆ ਕਿ ਹੁਣ ਤੂੰ ਵਿਆਹੀ ਹੋਈ ਔਰਤ ਏਂ ਸਹੁਰਾ ਪਰਿਵਾਰ ਹੀ ਤੇਰਾ ਪਰਿਵਾਰ ਹੈ, ਪਰ ਉਹ ਮੰਨਣ ਲਈ ਤਿਆਰ ਹੀ ਨਹੀਂ ਸੀ।

ਘਰ ਪ੍ਰਵੇਸ਼ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸਮੇਂ ਹੀ ਇਸ ਗੱਲ ਤੇ ਕਲੇਸ਼ ਪੈ ਗਿਆ ਕਿ ਅਮਰਜੀਤ ਨੇ ਅਪਣੇ ਮਾਂ ਪਿਉ ਦਾ ਨਾਂ ਅਰਦਾਸ ਵਿੱਚ ਲੈਣਾ ਹੈ ਤਾਂ ਭਿੰਦੀ ਦੇ ਮਾ ਪਿਉ ਦਾ ਨਾਂ ਵੀ ਲਿਆ ਜਾਵੇਗਾ। ਬਿੰਦੀ ਕਹਿ ਰਹੀ ਸੀ ਕਿ ਮੇਰਾ ਵੀ ਘਰ ਵਿੱਚ ਬਰਾਬਰ ਹਿੱਸਾ ਹੈ ਮੇਰੇ ਵੀ ਮਾਂ ਬਾਪ ਹਨ। ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹ ਹੰਕਾਰ ਦੇ ਘੋੜੇ ਤੋਂ ਨਾ ਉੱਤਰੀ। ਜਦੋਂ ਦਿਲਬਾਗ ਸਿੰਘ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਕਿ ਮੈਂ ਘਰ ਲੈ ਲਿਆ ਹੈ ਤਾਂ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਕਿ ਘਰ ਮੇਰਾ ਹੈ, ਇਹ ਕਹਿਣ ਵਾਲਾ ਕੌਣ ਹੁੰਦਾ ਹੈ। ਉਹ ਈਸ਼ਵਰ ਕੌਰ ਨੂੰ ਤਾਅਨੇ ਮਿਹਣੇ ਮਾਰਦੀ ਅਮਰਜੀਤ ਨਾਲ ਲੜਦੀ। ਘਰ ਭਾਂਵੇ ਦਿਲਬਾਗ ਦੇ ਮੁੰਡੇ ਅਮਰਜੀਤ ਸਿੰਘ ਦਾ ਸੀ ਪਰ ਉਸ ਵਿੱਚ ਚਲਦੀ ਸਰਦੂਲ ਸਿੰਘ ਦੇ ਪਰਿਵਾਰ ਦੀ ਸੀ। ਉਹੋ ਕੁਝ ਪੱਕਦਾ ਜੋ ਸਰਦੂਲ ਸਿੰਘ ਚਾਹੁੰਦਾ। ਸਰਦੂਲ ਦੀ ਨਜ਼ਰ ਵਿੱਚ ਤਾਂ ਦਿਲਬਾਗ ਸਿੰਘ ਦਾ ਪਰਿਵਾਰ ਪੇਂਡੂ ਜੱਟ ਬੂਟਾਂ ਦਾ ਪਰਿਵਾਰ ਸੀ।

ਭਿੰਦੀ ਹਰ ਹਾਲਤ ਵਿੱਚ ਆਪਣੇ ਪਰਿਵਾਰ ਦਾ ਰੋਹਬ ਸਹੁਰੇ ਘਰ ਤੇ ਬਣਾਈਂ ਰੱਖਣਾ ਚਾਹੁੰਦੀ ਸੀ। ਏਸੇ ਕਰਕੇ ਤਾਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਬੈਠਿਆਂ ਅਰਦਾਸ ਵਿੱਚ ਉਸ ਨੇ ਅਪਣੇ ਮਾਪਿਆਂ ਦਾ ਨਾਂਉ ਵੀ ਬੁਲਵਾਇਆ ਸੀ ਤਾਂ ਕਿ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਘਰ ਵਿੱਚ ਤਾਂ ਉਸੇ ਦੀ ਚੱਲਦੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਕੱਦ ਉੱਚਾ ਹੋ ਗਿਆ ਲੱਗਦਾ ਸੀ ਤੇ ਆਪਣੇ ਥਾਣੇਦਾਰ ਪਿਉੁ ਦਾ ਸ਼ਮਲਾ ਹੋਰ ਠਾਠ ਨਾਲ ਝੂਲਦਾ ਲੱਗਦਾ। ਉਹ ਘਰ ਵਿੱਚ ਆਦਮ ਖਾਣੇ ਦੈਂਤ ਵਾਂਗ ਬਿੱਫਰੀ ਫਿਰਦੀ। ਅਮਰਜੀਤ ਦੀ ਹੋਂਦ ਪੈਰਾਂ ਹੇਠ ਲਤਾੜ ਕੇ ਉਸ ਨੂੰ ਆਨੰਦ ਆਉਂਦਾ। ਪਤਾ ਨਹੀਂ ਇਸ ਦਾ ਮਾਨਸਿਕ ਕਾਰਨ ਕੀ ਸੀ ਜਾਂ ਉਸਦੇ ਅੰਦਰ ਛੁਪਿਆ ਕੋਈ ਘਟੀਆਪਣ ਦਾ ਅਹਿਸਾਸ। ਅਮਰਜੀਤ ਨੂੰ ਕੁੱਝ ਵੀ ਸਮਝ ਨਾ ਪੈਂਦਾ, ਉਹ ਆਪਣੇ ਆਪ ਨੂੰ ਬੌਣਾ ਹੋ ਗਿਆ ਮਹਿਸੂਸ ਕਰਦਾ। ਇੱਕ ਪਾਸੇ ਮੂਰਖ ਪਤਨੀ ਦੇ ਦੂਸਰੇ ਪਾਸੇ ਉਸਦਾ ਅਪਣਾ ਪਰਿਵਾਰ ਉਹ ਦੋ ਪੁੜਾਂ ਵਿੱਚ ਪਿਸ ਰਿਹਾ ਸੀ। ਪਾਠ ਦੇ ਭੋਗ ਤੋਂ ਬਾਅਦ ਉਸ ਨੇ ਬੋਤਲ ਖੋਹਲ ਲਈ ਲਗਾਤਾਰ ਸ਼ਰਾਬ ਪੀਂਦਾ ਰਿਹਾ। ਕੰਮ ਤੇ ਵੀ ਨਾ ਗਿਆ। ਬੱਚੀ ਦਾ ਮੂੰਹ ਵੀ ਨਾ ਵੇਖਿਆਂ, ਜਿਵੇਂ ਸਭ ਕਾਸੇ ਤੋਂ ਮੋਹ ਟੁਟ ਗਿਆ। ਉਹ ਕਿਸੇ ਦਾ ਰੋਕਿਆ ਵੀ ਨਾਂ ਰੁਕਿਆ। ਜਦੋਂ ਉਸ ਦੀ ਬੇ ਵਾਹ ਹੋ ਗਈ ਤਾਂ ਉਹ ਮੱਛੀ ਵਾਂਗ ਤੜਫਣ ਲੱਗਾ। ਤੇਜ ਬੁਖਾਰ ਵਾਂਗੂੰ ਉਸ ਦਾ ਸਰੀਰ ਤਪ ਰਿਹਾ ਸੀ। ਸਾਰੇ ਕਹਿੰਦੇ ਸਨ ਕਿ ਉਹ ਹੈਂਗ ਔਵਰ ਹੋਣ ਕਰਕੇ ਕਰ ਰਿਹਾ ਹੈ। ਉਹ ਆਪਣੀ ਮਾਂ ਈਸ਼ਵਰ ਕੌਰ ਦੀ ਬੁੱਕਲ ਵਿੱਚ ਜਾ ਨਿੱਕੇ ਬੱਚੇ ਦੀ ਤਰ੍ਹਾ ਲੇਟ ਗਿਆ ਤੇ ਕਹਿਣ ਲੱਗਾ। ਮਾਂ ਮੈਨੂੰ ਡਰ ਲੱਗਦਾ ਹੈ। ਜਿਵੇਂ ਛੋਟੇ ਹੁੰਦੇ ਨੂੰ ਪਿੰਡ ਦੀਆਂ ਮੜ੍ਹੀਆਂ ਚੋਂ ਲੱਗਦਾ ਸੀ। ਮਾਂ ਉਦੋਂ ਜਦ ਮੈਨੂੰ ਬੁਖਾਰ ਚੜ੍ਹਦਾ ਸੀ ਤੂੰ ਕਿਹਾ ਕਰਦੀ ਸੀ ਕਿ ਮੜ੍ਹੀਆਂ ਵਿੱਚੋਂ ਪੁੱਠੇ ਪੈਰਾ ਵਾਲੀ ਚੁੜੇਲ ਚਿੰਬੜ ਗਈ। ਫੇਰ ਤੂੰ ਅਖੰਡਪਾਠ ਵਾਲੇ ਪਾਣੀ ਦੇ ਛਿੱਟੇ ਮਾਰਦੀ ਸੀ ਤਾਂ ਆਰਾਮ ਜਿਹਾ ਆੳਂੁਦਾ ਸੀ। ਮਾਂ ਮੈਨੂੰ ਚੁੜੇਲ ਚਿੰਬੜ ਗਈ। ਮਾਂ ਮੈਨੂੰ ਬਹੁਤ ਡਰ ਲੱਗਦਾ ਏ। ਉਹ ਮੈਨੂੰ ਮਾਰ ਦੇਵੇਗੀ ...ਔਹ ਵੇਖ ਆ ਗਈ ਮਹਾਰਾਜ ਤੋਂ ਵੀ ਨਹੀਂ ਡਰਦੀ। ਤੇਰੇ ਤੋਂ ਵੀ ਨਹੀਂ ਕਿਸੇ ਤੋਂ ਵੀ ਨਹੀਂ। ਹਾੜੇ ਹਾੜੇ ਮਾਂ ਮੈਨੂੰ ਸ਼ਰਾਬ ਦਾ ਇੱਕ ਪੈੱਗ ਦੇ ਦੇ ਨਹੀਂ ਤਾਂ ਮੈਂ ਮਰ ਜਾਂਵਾਂਗਾ। ਮੈਨੂੰ ਬਹੁਤ ਡਰ ਲੱਗਦਾ ਏ ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਉਹ ਮਾਂ ਨੂੰ ਚਿੰਬੜ ਗਿਆ। ਸ਼ਰਾਬ ਤਾਂ ਉਹ ਪਹਿਲਾਂ ਵੀ ਬਹੁਤ ਪੀ ਜਾਂਦਾ ਸੀ ਪਰ ਏਦਾਂ ਕਦੀ ਨਹੀਂ ਸੀ ਕੀਤਾ। ਸਾਰੇ ਉਸਦੀ ਹਾਲਤ ਤੇ ਘਬਰਾ ਗਏ। ਈਸ਼ਵਰ ਕੌਰ ਉਸ ਨੂੰ ਬੁੱਕਲ ਵਿੱਚ ਲਈ ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ। ਸਾਰਾ ਪਰਿਵਾਰ ਭੱਜ ਨੱਸ ਕਰ ਰਿਹਾ ਸੀ। ਭਿੰਦੀ ਨੇ 911 ਡਾਇਲ ਕਰਕੇ ਐਂਬੂਲੈਂਸ ਸੱਦੀ। ਅਮਰਜੀਤ ਅਜੇ ਵੀ ਡਰ ਨਾਲ ਕੰਬ ਰਿਹਾ ਸੀ। ਉਹ ਬੋਲਿਆ ਔਹ ਵੇਖ ਚੁੜੇਲ ਆ ਗਈ ..ਔਹ ਵੇਖ ਉਸਦੇ ਪੁੱਠੇ ਪੈਰ। ਮਾਰ ਦੇਵੇਗੀ ਮੈਨੂੰ...। ਈਸ਼ਵਰ ਕੌਰ ਕਹਿ ਰਹੀ ਸੀ ਉਹ ਤਾਂ ਪੁੱਤ ਭਿੰਦੀ ਤੇਰੇ ਘਰ ਵਾਲੀ। ਅਮਰਜੀਤ ਬੋਲਿਆ, ਫੇਰ ਇਸਦੇ ਪੈਰ ਕਿਉਂ ਪੁੱਠੇ ਨੇ। ਮਾਂ ਨੇ ਕਿਹਾਂ ਪੁੱਤ ਉਹ ਤੇਰੇ ਵਲ ਪਿੱਠ ਕਰੀ ਖੜੀ ਹੈ, ਫੋਨ ਕਰਦੀ ਹੈ। ਸਰਦੂਲ ਸਿੰਘ ਕਹਿ ਰਿਹਾ ਸੀ ਕਿ ਸ਼ਰਾਬ ਨੇ ਉਸਦਾ ਦਿਮਾਗ ਚੁੱਕ ਦਿੱਤਾ। ਏਨੇ ਨੂੰ ਐਂਬੂਲੈਂਸ ਵੀ ਆ ਗਈ। ਡਾਕਟਰਾਂ ਨੇ ਚੈਂਕ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਦੀ ਵਜ਼ਾ ਕਰਕੇ ਦਿਮਾਗ ਵਿੱਚ ਸੋਜਿਸ਼ ਆਉਣ ਨਾਲ ਸ਼ਰਾਬੀ ਅਜਿਹੇ ਦੌਰੇ ਪੇਣੇ ਸੁਭਾਵਕ ਨੇ। ਇਸਦਾ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ। ਇਸ ਨੂੰ ਹੋਰ ਪੀਣ ਨਹੀਂ ਦੇਣੀ ਨਹੀਂ, ਬਰੇਨ ਡੈਮਿਜ ਹੋ ਸਕਦਾ ਹੈ। ਜਦੋਂ ਠੀਕ ਹੋ ਜਾਵੇ ਤਾਂ ਕਿਸੇ ਮਨੋਵਿਗਿਆਨਕ ਨੂੰ ਜਰੂਰ ਦਿਖਾਉਣਾ। ਪੀਣ ਦੀ ਕੋਈ ਵਜ੍ਹਾ ਜਰੂਰ ਹੁੰਦੀ ਹੈ। ਉਨ੍ਹਾਂ ਟੀਕਾ ਲਗਾਇਆ, ਦਵਾਈ ਦਿੱਤੀ ਤੇ ਚਲੇ ਗਏ। ਟੀਕਾ ਏਨਾਂ ਅਸਰਦਾਰ ਸੀ ਕਿ ਉਸਦੀਆਂ ਅੱਖਾਂ ਬੰਦ ਹੋਣ ਲੱਗੀਆਂ। ਉਹ ਬੇਹੋਸ਼ੀ ਜਿਹੀ ਵਿੱਚ ਅਜੇ ਵੀ ਆਖ ਰਿਹਾ ਮੈਨੂੰ ਬਚਾ ਲੈ ਮਾਂ, ਬਹੁਤ ਡਰ ਲੱਗਦਾ ਹੈ, ਮਾਰ ਦੇਵੇਗੀ ਮੈਨੂੰ, ਔਹ ਵੇਖ ਪੁੱਠੇ ਪੈਰ। ਦਿਲਬਾਗ ਸਿੰਘ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ,"ਪੁੱਤਰਾਂ ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਪਰੀਆਂ ਦੇ ਦੇਸ਼ ਭੇਜਿਆ ਸੀ, ਮੈਨੂੰ ਕੀ ਪਤਾ ਸੀ ਉੱਥੇ ਚੁੜੇਲਾਂ ਵੀ ਹੋਣਗੀਆਂ....।” ਅਮਰ ਤਾਂ ਸੌਂ ਗਿਆ ਪਰ ਈਸ਼ਵਰ ਕੌਰ ਤੇ ਦਿਲਬਾਗ ਸਿੰਘ ਨੂੰ ਸਾਰੀ ਰਾਤ ਨੀਦ ਨਾਂ ਪਈ, ਜਿਵੇਂ ਪੁੱਠੇ ਪੈਰਾਂ ਵਾਲੀ ਡੈਣ ਉਨ੍ਹਾਂ ਆਸੇ ਪਾਸੇ ਨੱਚ ਰਹੀ ਹੋਵੇ, ਖੌਰੂ ਪਾਉਂਦੀ ਜੇਤੂ ਅੰਦਾਜ਼ ਵਿੱਚ। ਉਨ੍ਹਾਂ ਬਿੰਦੀ ਨੂੰ ਆਵਾਜ਼ ਮਾਰੀ, ਉਹ ਤਾਂ ਕਦੋਂ ਦੀ ਜਾ ਕੇ ਆਪਣੇ ਮਾਂ ਪਿਉ ਕੋਲ ਬੇਸਮੈਂਟ ਵਿੱਚ ਸੌਂ ਗਈ ਸੀ। ਸਾਰੇ ਘਰ ਵਿੱਚ ਜਿਵੇਂ ਚੁੜੇਲ ਦਾ ਪਹਿਰਾ ਸੀ ਤੇ ਡਰ ਹੀ ਡਰ। ਅਮਰ ਅਜੇ ਵੀ ਬੁੜਬੜਾ ਰਿਹਾ ਸੀ।