ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ ………… ਵਿਅੰਗ / ਜਰਨੈਲ ਘੁਮਾਣ

-ਮਾਸਟਰ ਜੀ ,ਅੱਜ ਅਖ਼ਬਾਰ ’ਚ ਬੜਾ ਖ਼ੂਬ ਕੇ ਬੈਠੇ ਓ ! ਸੁੱਖ ਤਾਂ ਹੈ ਅਜਿਹਾ ਕੀ ਛਪਿਆ ਅੱਜ ਜਿਹੜਾ ਅੱਖਰਾਂ ਦੇ ਵਿੱਚ ਵੜਨ ਨੂੰ ਫਿਰਦੇ ਓ …
-ਤਾਏ – ਭਤੀਜੇ ਦੀ ਵੰਡ ਗਈ ਸਿਆਸੀ ਖੀਰ ਦੀ ਖ਼ਬਰ ਪੜ੍ਹ ਰਿਹਾ ਫੌਜੀ ਸਾਹਿਬ ,ਦੇਖੋ ਸਿਆਸਤ ਕੈਸੀ ਖੇਡ ਆ , ਜਦੋਂ ਮੌਕਾ ਪੈਂਦੇ ਤਾਂ ਬੰਦਾ ਆਪਣਿਆਂ ਨੂੰ ਵੀ ਨਹੀਂ ਬਖ਼ਸਦਾ । ਰਘੜਤਾ ਨਾ ਵਿਚਾਰਾ ਮਨਪ੍ਰੀਤ ਬਾਦਲ ਸਿਆਸੀ ਪੈਂਤੜੇਬਾਜ਼ੀ ਨੇ ।
-ਹਾ…ਹਾ..ਹਾ…ਹਾ ………ਭਲਾ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਂਦੀ ਮਾਸਟਰਾ , ਬਾਦਲ ਸਾਬ ਨਾ ਰਗੜਦੇ ਤਾਂ ਸਵਾ ਕੁ ਸਾਲ ਨੂੰ ਲੋਕ ਰਗੜ ਦਿੰਦੇ ,ਸਬ ਸੀ.ਡੀਆਂ ਦੇ ਦੁਸ਼ਮਣ ਨੂੰ …….., ਪੁੱਛਣ ਵਾਲਾ ਹੋਵੇ ਪਈ ਕਾਕਾ ਤੂੰ ਆਪਣੀ ਲਾਲਾ ਬੱਤੀ ਵਾਲੀ ਕਾਰ ’ਚ ਨਜ਼ਾਰੇ ਲੈ … ਰੋਜ਼ ਰੋਜ਼ ਸਰਕਾਰ ਦਾ ਢਿੱਡ ਨੰਗਾ ਕਰਕੇ ਆਹ ਕੁੱਝ ਹੀ ਕਰਵਾਉਣਾ ਸੀ ਜੋ ਹੁਣ ਕਰਵਾ ਲਿਆ ।

-ਅਮਲੀਆ ਕਿਸੇ ਹੱਦ ਤੱਕ ਤਾਂ ਠੀਕ ਸੀ ਖਜ਼ਾਨਾ ਮੰਤਰੀ ਦੀਆਂ ਗੱਲਾਂ …. ਸਰਕਾਰ ਦੇ ਹਜ਼ਮ ਨਹੀਂ ਹੋਈਆਂ ਬਸ !..............ਬਿਸ਼ਨੇ ਬੁੜੇ ਨੇ ਮਿੱਠਾ ਪੋਚਾ ਮਾਰਿਆ ।

-ਨਾ ਚਾਚਾ ਸਿਆਂ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਈ ਤੁਸੀਂ ਲੀਡਰ ਲੋਕ ਹਮੇਸ਼ਾਂ ਜੱਟਾਂ ਦੇ ਪਿੱਛੇ ਹੀ ਕਿਉਂ ਪੈਨੇ ਓ ਭਲਾ , ਹੋਰ ਲੋਕ ਵੀ ਨੇ ਜਿਹਨਾਂ ਕਰਕੇ ਤੁਹਾਡੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਖੜਕਦੇ ਆ ….ਉਹਨਾਂ ਨੂੰ ਤਾਂ ਕੁੱਝ ਕਹਿੰਦੀਆਂ ਨਹੀਂ ਥੋਡੀਆਂ ਸਰਕਾਰਾਂ ….. ਅਮਲੀ ਭਾਵੁਕ ਹੋ ਗਿਆ 
-ਦੇਖੋ ਜੀ ! ਮੇਰੇ ਹਿਸਾਬ ਨਾਲ ਪਾਰਟੀ ਨੇ ਜੋ ਫੈਸਲਾ ਕੀਤੈ , ਉਹ ਬਹੁਤ ਵਧੀਆਂ ਤੇ ਢੁੱਕਵਾਂ ਫੈਸਲਾ ਆ । ਮਨਪ੍ਰੀਤ ਸਾਹਿਬ ਨੂੰ ਸਰਕਾਰ ਦਾ ਹਿੱਸਾ ਹੁੰਦੇ ਹੋਏ ..ਰੋਜ਼ਾਨਾ ਰੋਜ਼ਾਨਾ ਖ਼ੁਦ ਹੀ ਸਰਕਾਰ ਦਾ ਭੰਡੀ ਪ੍ਰਚਾਰ ਜਿਹਾ ਕਰਵਾਉਣ ਵਾਲੀ ਠੀਕ ਗੱਲ ਨਹੀਂ ਸੀ ………ਕੁੰਢਾ ਕਾਲੀ ਤਾਸ਼ ਦੇ ਪੱਤੇ ਵੰਡਦਾ ਵੰਡਦਾ ਬੋਲ ਰਿਹਾ ਸੀ ।
-ਵੈਸੇ ਗਲਤ ਕੀ ਕਹਿ ਰਿਹਾ ਸੀ ਮਨਪ੍ਰੀਤ .. ਜੋ ਕਹਿ ਰਿਹਾ ਸੀ ਬਿਲਕੁਲ ਠੀਕ ਹੀ …ਨਾਲੇ ਉਸਨੂੰ ਤਾਂ ਤਿੰਨ ਸਾਲ ਤੋਂ ਵੀ ਵੱਧ ਹੋ ਗਏ ਅਜਿਹੀ ਬਿਆਨਬਾਜ਼ੀ ਕਰਦਿਆਂ …ਜੇ ਕਿਤੇ ਗਲਤ ਸੀ ਤਾਂ ਪਹਿਲੇ ਦਿਨ ਹੀ ਅਜਿਹਾ ਫੈਸਲਾ ਲੈ ਲੈਂਦੇ ਤਾਂ ਜੱਗ ਹਸਾਈ ਤੋਂ ਤਾਂ ਬਚ ਜਾਂਦੇ ……… ….।
-ਨਾ ਬਈ ਨਾ ..ਕਾਂਗਰਸੀ ਚਾਚਾ ਏਥੇ ਤੂੰ ਗਲਤ ਬੋਲਦੈਂ ………ਸਕੇ ਭਤੀਜੇ ਨਾਲ ਕੁੱਝ ਤਾਂ ਰਿਆਇਤ ਕਰਨੀ ਪੈਣੀ ਸੀ ਮੁੱਖ ਮੰਤਰੀ ਸਾਹਿਬ ਨੂੰ , ਸੋ ਜਿੰਨਾ ਚਿਰ ਹੋ ਸਕਿਆ ਉਨਾਂ ਚਿਰ ਕੁਰਸੀ ਬੱਚਦੀ ਰਹੀ ..ਹੁਣ ਜਦੋਂ ਅਖੀਰ ਹੀ ਆ ਗਈ ਤਾਂ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ …….ਨੈਬ ਸਿੰਘ ਫੌਜੀ ਨੇ ਇੱਟ ਦੀ ਬੇਗੀ ਸੁੱਟਦਿਆਂ ਕਿਹਾ ।
-ਸੁਣੋ ….ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦਸ ਦੇਵਾਂ ਸਾਡੀ ਸਰਕਾਰ ਕਿਸਾਨਾ ਦੀ ਸਰਕਾਰ ਹੈ …..ਸਾਡੇ ਸੂਝਵਾਨ ਨੇਤਾਵਾਂ ਨੇ ਇਹ ਕੰਮ ਕਰਕੇ ਕਿਸਾਨ ਪੱਖੀ ਹੋਣ ਦਾ ਪੱਕਾ ਸਬੂਤ ਦਿੱਤੈ ਕਿ ਕਿਸਾਨ ਹਿੱਤਾ ਵਾਸਤੇ ਅਸੀਂ ਕੁੱਝ ਵੀ ਕਰ ਸਕਦੇ ਹਾਂ …ਭਾਵੇਂ ਘਰਦੇ ਬੰਦੇ ਹੀ ਕਿਉਂ ਨਾ ਹੋਣ ਸਾਨੂੰ ਕਿਸਾਨਾ ਦੇ ਹਿੱਤ ਪਹਿਲਾਂ ਪ੍ਰੀਵਾਰ ਦੇ ਹਿੱਤ ਬਾਅਦ ਵਿੱਚ .. ਕੁੰਢਾ ਕਾਲੀ ਬੇਗੀ ਤੇ ਬਾਦਸ਼ਾਹ ਸੁਟਦਿਆਂ ਬੋਲਿਆ ।
-ਨਾ ….ਬਈ ..ਨਾ ਕਾਲੀ ਚਾਚਾ …ਮੈਂ ਨਹੀ ਮੰਨਦਾ ਪਈ ਥੋਡੀ ਸੇਵਾ ਸਰਕਾਰ ਕਿਸਾਨ ਦੀ ਹਮਾਇਤੀ ਆ ….. ਜੇ ਸੇਵਾ ਸਰਕਾਰ , ਕਿਸਾਨਾ ਦੀ ਸਰਕਾਰ ਹੁੰਦੀ ਤਾਂ ਥੋਡੇ ਰਾਜ ਵਿੱਚ ਵਿਚਾਰੇ ਕਿਸਾਨਾ ਨੂੰ ਵਾਰ ਵਾਰ ਜ਼ਲੀਲ ਨਾ ਹੋਣਾ ਪੈਂਦਾ ……. ਕਦੇ ਬਿਜਲੀ ਦੇ ਬਿਲਾਂ ਦੇ ਮੁਆਫ਼ੀਨਾਮੇ ਕਰਕੇ ਤੇ ਕਦੇ ਬਿਜਲੀ ਨਾ ਆਉਣ ਕਰਕੇ ………ਨੈਬ ਸਿੰਘ ਫੌਜੀ ਨੇ ਕੁੰਢੇ ਕਾਲੀ ਦੀ ਗੱਲ ਨੂੰ ਕੱਟਦਿਆਂ ਇੱਟ ਦੇ ਯੱਕੇ ਨਾਲ ਸਰ ਜਿੱਤ ਲਈ ।
-ਹਾ…ਹਾ……..ਹਾ……ਥੋਡੀ ਜੱਟ ਯੂਨੀਅਨ ਵਾਲੇ ਤਾਂ ਖ਼ੁਸ਼ ਹੋਗੇ ਹੋਣਗੇ ਫੌਜੀ ਸਾਬ ਕਿ ਨਹੀਂ …..ਅਮਲੀ ਖਿੜ ਖਿੜ ਕਰਕੇ ਹੱਸਦਾ ਬੋਲਿਆ ।
-ਇਹਦੇ ਵਿੱਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਆ ਅਮਲੀਆਂ …ਅਗਲਿਆਂ ਦਾ ਅੰਦਰੂਨੀ ਮਾਮਲੈ ਜਿਵੇਂ ਚੰਗਾ ਲੱਗਾ ਕਰ ਦਿੱਤਾ .ਨੈਬ ਸਿੰਘ ਫੌਜੀ ਨੇ ਤਾਸ਼ ਦੇ ਪੱਤੇ ਮੱਘਰ ਮਾਸਟਰ ਨੂੰ ਫੜਾਉਂਦਿਆਂ ਕਿਹਾ ।
-ਅੰਦਰੂਨੀ ਮਾਮਲਾ ਸੀ ……………ਹਾ…ਹਾ……ਹਾ……… ਵੈਸੇ ਤਾਂ ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਓ ………ਮੈਨੂੰ ਇੱਕ ਗੱਲ ਦੱਸੋ ਪਈ ਜੇ ਇਹ ਮਾਮਲਾ ਅੰਦਰੂਨੀ ਸੀ ਤਾਂ ਅੰਦਰੋਂ ਬਾਹਰ ਕਿਵੇਂ ਆ ਗਿਆ ….ਅੰਦਰੋ ਅੰਦਰੀ ਕਿਉਂ ਨਹੀਂ ਨਬੇੜਿਆ ਗਿਆ ਭਲਾ …………ਅਮਲੀ ਫਿਰ ਬੋਲਿਆ ।
-ਤੂੰ ਅੰਬ ਲੈਣੇ ਆਂ ..ਅਮਲੀਆਂ ..ਆਪਣੀ ਨਸ਼ਵਾਰ ਜਿਹੀ ਸੜ੍ਹਾਕ ਅਤੇ ਬੁੱਲ੍ਹੇ ਵੱਢ …….ਕੁੰਢੇ ਕਾਲੀ ਨੇ ਗੱਲ ਦਾ ਲਹਿਜ਼ਾ ਬਦਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ।
-ਅੰਬ ਤਾਂ ਕਾਲੀ ਚਾਚਾ ਤੂੰ ਵੀ ਨਹੀਂ ਲੈਣੇ ਫਿਰ ਤੂੰ ਕੀ ਰੋਜ਼ਾਨਾ ਅੰਬ ਲੈਣ ਜਾਨੈ ਚੰਡੀਗੜ੍ਹ ?
-ਮੈਂ ਚੰਡੀਗੜ੍ਹ ਜਾਨਾ ..ਲੋਕਾਂ ਦੇ ਕੰਮ ਕਰਵਾਉਣ …
-ਨਾ ਜੇ ਗੁੱਸਾ ਨਾ ਕਰੇ ਕੁੰਢਾ ਸਿਆਂ ਇੱਕ ਗੱਲ ਪੁੱਛਾਂ ..ਵੈਸੇ ਤਿੰਨ ਸਾਢੇ ਤਿੰਨ ਸਾਲ ਤੁਸੀਂ ਪਿੰਡ ਦਾ ਜਾਂ ਪਿੰਡ ਦੇ ਕਿਸੇ ਜੀਅ ਦਾ ਕਿਹੜਾ ਕੰਮ ਕਰਵਾਇਐ ……..ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਦੇ ਹੱਢ ਤੇ ਮਾਰਦਿਆਂ ਕਿਹਾ ।
-ਕੰਮ…….ਕੰਮ……. ਹੋਰ ਆਹ ਐਂਵੀ ਹੋਈ ਜਾਂਦੇ ਆ ਸਾਰੇ ਕੰਮ ..ਮੈਂ ਦਿੜ੍ਹਬੇ ਤੋਂ ਸੁਨਾਮ ਵਾਇਆ ਜਨਾਲ ਮਿੰਨੀ ਬੱਸ ਨਹੀਂ ਲਗਵਾਈ ਕਿ ਪੈਟਰੌਲ ਪੰਪ ਨਹੀਂ ਲਗਵਾ ਕੇ ਦਿੱਤਾ ..ਹੋਰ ਕਿਹੜੇ ਕੰਮ ਹੁੰਦੇ ਆ…
-ਸਹੀ ਗੱਲ ਆ ਚਾਚਾ ਸਿਆਂ ……..ਮਿੰਨੀ ਬਸ ਤੁਹਾਡੇ ਭਾਣਜੇ ਦੀ ਆ ਅਤੇ ਪੈਟਰੌਲ ਪੰਪ ਤੇਰਾ ਅਤੇ ਸਰਪੰਚ ਦੇ ਸਾਲੇ ਦਾ ਸਾਂਝਾਂ ਆ ,,ਨੈਬ ਸਿੰਘ ਫੌਜੀ ਨੇ ਕਰਾਰੀ ਚੋਟ ਕਰਦਿਆਂ ਕਿਹਾ ।
-ਜਿਸ ਦਾ ਮਰਜ਼ੀ ਹੋਵੇ ਤੁਹਾਨੂੰ ਲੋਕਾਂ ਨੂੰ ਸਹੂਲਤ ਤਾਂ ਮਹੱਈਆ ਕਰਵਾਈ ……….ਤੇ ਪਹਿਲਾਂ ਖੱਚਰ ਰੇਹੜਿਆਂ ’ਚ ਧੱਕੇ ਖਾਂਦੇ ਜਾਂਦੇ ਸੀ ਸੁਨਾਮ ! …………ਕੁੰਢਾ ਕਾਲੀ ਫਿਰ ਬੋਲਿਆ ।
- ਨਾ ਬਈ ਨਾ…ਫੌਜੀ ਸਾਹਿਬ …….ਕੁੰਢੇ ਚਾਚੇ ਨੂੰ ਗਲਤ ਨਾਲ ਬੋਲੋ ਅਤੇ ਨਾ ਹੀ ਗਲਤ ਸਮਝੋ ਇਹ ਸੇਵਾ ਸਰਕਾਰ ਦੇ ਪੱਕੇ ਭਗਤ ਨੇ …ਲੋਕਾਂ ਦੀ ਸੇਵਾ ਦਾ ਪੂਰਾ ਪੂਰਾ ਖ਼ਿਆਲ ਰੱਖਦੇ ਆ ….ਬੇਸ਼ੱਕ ਬਸਾਂ ਵਾਲੇ ਪਾਸੇ ਹੋਵੇ , ਬੇਸ਼ੱਕ ਪੈਟਰੌਲ ਜਾਂ ਠੇਕਿਆਂ ਵਾਲੇ ਪਾਸੇ ..ਹੁਣ ਖੋਹਲ ਤੇ ਨਾ ਮੋੜ ਮੋੜ ਤੇ ਠੇਕੇ ਸਰਕਾਰ ਨੇ …ਏਸ ਤੋਂ ਕੀ ਸੇਵਾ ਕਰੂ ਸੇਵਾ ਸਰਕਾਰ ਤੁਹਾਡੀ ………ਅਮਲੀ ਨੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ।
-ਥਾਂ ਥਾਂ ਠੇਕੇ ਅਸੀਂ ਨਹੀਂ ਖੋਹਲੇ ਸਾਥੋਂ ਪਹਿਲੀ ਸਰਕਾਰ ਦਾ ਕੰਮ ਆ ਨਾਲੇ ਇਸ ਵਿੱਚ ਕੀ ਬੁਰਾਈ ਆ ਭਲਾ ……….ਕੁੰਢਾ ਕਾਲੀ ਫਿਰ ਬੋਲਿਆ ।
-ਚਾਚਾ ਸਿਆਂ ਇੱਕ ਸਲਾਹ ਦੇਵਾਂ ਜੇ ਗੁੱਸਾ ਨਾ ਕਰੇ ….ਅਮਲੀ ਬੋਲਿਆ
-ਬੋਲ 
-ਤੂੰ ਵੀ ਨਾ ਆਹ ਬਿਆਨ ਜਿਹੇ ਘੱਟ ਵੱਧ ਹੀ ਦਿਆ ਕਰ …..ਸ਼ਰਾਬ ਦੇ ਠੇਕਿਆਂ ਬਾਬਤ … ਬੱਸਾਂ ਬਾਬਤ ਜਾਂ ਹੋਰ ਵੀ ਆਹ ਕੇਬਲ਼ਾ ਸੇਬਲਾਂ , ਟੀ.ਵੀਆਂ ,ਸੀਵੀਆਂ ਬਾਬਤ …..ਜ਼ਿਆਦਾ ਬੋਲਦਾ ਰਿਹਾ ਤਾਂ ਥੋਡੀ ਪਾਰਟੀ ਨੇ ਕਦੇ ਮਨਪ੍ਰੀਤ ਵਾਗੂੰ ਤੇਰਾ ਪੱਤਾ ਵੀ ਕੱਟ ਦੇਣੈ ..ਹਾ..ਹਾ..ਹਾ…………।
-ਅਮਲੀਆਂ ! ਪਹਿਲਾਂ ਤੂੰ ਨਾ ਛਿੱਤਰਪ੍ਰੇਡ ਕਰਵਾ ਲਵੀਂ ਤੂੰ ਆਪਣੀ ਔਕਾਤ ’ਚ ਰਹਿ ਬਸ ।
-ਫੌਜੀ ਸਾਹਿਬ ਫਿਰ ਹੁਣ ਨਹੀਂ ਜਾਂਦੀ ਤੁਹਾਡੀ ‘ਜੱਟ ਯੂਨੀਅਨ’ ਚੰਡੀਗੜ੍ਹ ? 
ਧੰਨਵਾਦੀ ਮੁਜ਼ਾਹਰਾ ਕਰਨ ਮਨਪ੍ਰੀਤ ਵਾਲੇ ਮਾਮਲੇ ’ਚ ਸਰਕਾਰ ਦਾ ..ਮੱਘਰ ਮਾਸਟਰ ਨੇ ਫੌਜੀ ਨੈਬ ਸਿੰਘ ਨੂੰ ਟਕੋਰ ਮਾਰੀ ।
-ਆਹੋ ਬਈ ! ਜਾਣਾ ਤਾਂ ਚਾਹੀਂਦੈ ਤੁਹਾਨੂੰ ਫੌਜੀ ਸਾਹਿਬ ਕਿਉਂਕਿ ਤੁਹਾਡੀਆਂ ਸਬ ਸੀਡੀਆਂ ਦੇ ਦੁਸ਼ਮਣ ਦਾ ਪੱਤਾ ਸਾਫ਼ ਜੋ ਹੋ ਗਿਆ ..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ।
-ਹਾ..ਹਾ..ਹਾ.. ਫੌਜੀ ਸਾਹਿਬ ਝੰਡੀ ਚੁੱਕ ਕੇ ਚੰਡੀਗੜ੍ਹ ਜਾਓ ਤਾਂ ਜਰੂਰ ਪਰੰਤੂ ਨਾਹਰਾ ਲਾਇਓ ਮਨਪ੍ਰੀਤ ਬਾਦਲ ਨੂੰ ਮੁੜ ਤੋਂ ਮੰਤਰੀ ਬਣਾਉਣ ਦਾ ……ਅਮਲੀ ਨੇ ਜਿਵੇਂ ਕੋਈ ਡੂੰਘੀਂ ਗੱਲ ਕਹਿ ਦਿੱਤੀ ।
-ਅਮਲੀਆਂ ਉਹ ਕਿਵੇਂ ਭਲਾ ..ਮੱਘਰ ਮਾਸਟਰ ਨੇ ਅਮਲੀ ਨੂੰ ਆਪਣੀ ਗੱਲ ਤੋਂ ਸਵਾਲੀਆਂ ਚਿੰਨ੍ਹ ਹਟਾਉਣ ਵਾਸਤੇ ਕਿਹਾ ।
-ਗੱਲ ਤਾਂ ਸਾਫ਼ ਨਜ਼ਰ ਆ ਰਹੀ ਆ ਮਾਸਟਰ ਜੀ .ਅਮਲੀ ਠੀਕ ਤਾਂ ਕਹਿ ਰਿਹੈ ... ਹੁਣ ਜੇ ਮਨਪ੍ਰੀਤ ਹੋਰਾਂ ਦੇ ਹੱਕ ਵਿੱਚ ਖੜਨਗੇ ਤਾਂ ਹੀ ਰੋਜ਼ਾਨਾ ਰੋਜ਼ਾਨਾ ਮੁਜ਼ਾਹਰੇ ਕਰਨ ਵਾਸਤੇ ਨਵੇਂ ਨਵੇਂ ਮੁੱਦੇ ਮਿਲਣਗੇ ਜੇ ਭਲਾ ਸਰਕਾਰ ਨੇ ਖਜ਼ਾਨਾ ਮਹਿਕਮਾ ਕਿਸੇ ‘ਜੈਸ ਸਰ’ ਨੂੰ ਦੇ ਦਿੱਤਾ ਤਾਂ ‘ਜੱਟ ਯੂਨੀਅਨ’ ਕਿਸ ਬਹਾਨੇ ਕਰੂਗੀ ਮੁਜ਼ਾਹਰੇ ਚੰਡੀਗੜ੍ਹ ਜਾ ਜਾ …………..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਨੂੰ ਸਮਝਾਉਂਦਿਆਂ ਕਿਹਾ ।
-ਵੈਸੇ ਜੋ ਹੋਇਆ …..ਉਹ ਮਾੜਾ ਹੋਇਆ ਪਤਾ ਨਹੀਂ ਚੰਗਾ ………ਹੁਣ ਇੱਕ ਗੱਲ ਜਰੂਰ ਆ ਚਾਚਾ ਸਿਆਂ ……
ਹੁਣ ‘ਸੇਵਾ ਸਰਕਾਰ’ ਦਾ ਵਾਰ ਵਾਰ ਢਿੱਡ ਨੰਗਾ ਹੋਣ ਤੋਂ ਬੱਚ ਜਾਊ ………ਹਾ………ਹਾ….ਹਾ…….ਅਮਲੀ ਖਿੜ ਖਿੜ ਕਰਕੇ ਉਨੀਂ ਦੇਰ ਤੱਕ ਹੱਸਦਾ ਰਿਹਾ ਜਦੋਂ ਤੱਕ ‘ਤਾਸ਼ ਮੰਡਲੀ’ ਤਾਸ਼ ਦੇ ਪੱਤੇ ਇਕੱਤਰ ਕਰ , ਆਪੋ ਆਪਣੇ ਘਰਾਂ ਨੂੰ ਨਹੀਂ ਤੁਰ ਪਈ 

****

ਦੇਵ ਪੁਰਸ਼.......... ਕਹਾਣੀ / ਨਿਸ਼ਾਨ ਸਿੰਘ ਰਾਠੌਰ

ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।
ਉਹ ਸ਼ੁ਼ਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”

“ਠੀਕ ਏ ਬਾਪੂ ਜੀ।”


ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।
ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜਿ਼ੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।
ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।
ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ। 
ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”
“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।
“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”
“ਬਾਪੂ ਤੂੰ ਫਿ਼ਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”
ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।
ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।
“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।
ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼਼ੁਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।
ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।
ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?
ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”
“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।
“ਕੋਈ ਗੱਲ ਨਹੀਂ…ਪੁੱਤ…ਤੂੰ ਫਿ਼ਕਰ ਨਾ ਕਰ…ਰੱਬ ਭਲਾ ਕਰੂਗਾ।”
“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।
“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ ਕਾਹਲਾ ਸੀ।
ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।
ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”
“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।
ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।
“ਸਤਿ ਸ਼੍ਰੀ ਅਕਾਲ, ਸਾਹਬ ਜੀ।”
“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।
“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼਼ੁਰੂ ਕਰਦਿਆਂ ਕਿਹਾ।
“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।
“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।
ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”
“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।
ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।
“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।
“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।
“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।
“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।
“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।
“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।
“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।
“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”
“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।
“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।
“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜਿ਼ਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫਿ਼ਕਰ ਨਾ ਕਰੋ।”
ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?
ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।
ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, “ ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।
“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ। 
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।
“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖਿ਼ਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖਿ਼ਲਾਫ ਮਾਮਲਾ ਦਰਜ਼ ਕਰ ਦਿਓ।”
“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।

****

nishan_rathaur@yahoo.com