ਪੜ੍ਹਾਕੂ ਭਰਾ.......... ਮਿੰਨੀ ਕਹਾਣੀ / ਰਵੀ ਸਚਦੇਵਾ

- “ਨੀ ਕੁੜੀਏ...!! ਕੁਝ ਪੜ੍ਹ ਲਿਆ ਕਰ। ਕੰਮ ਆਊ….!! ਸਾਰਾ ਦਿਨ ਕੱਪੜੇ ਲੱਤਿਆਂ ਦੀਆਂ ਗੱਲਾਂ ਕਰਦੀ ਰਹਿਨੀ ਏਂ।  ਵੱਡੀ ਫੈਸ਼ਨ ਪੱਟੀ। ਪੜ੍ਹਾਕੂ ਭਰਾ ਨੇ ਭੈਣ ਨੂੰ ਤਾਅਨਾ ਮਾਰਿਆ, ‘ਤੇ ਉਸ ਵੱਲ ਕੌੜ ਮੱਝ ਵਾਂਗ, ਕੌੜ-ਕੌੜ  ਝਾਕ ਮਾਰੀ। ਭਰਾ ਦੇ ਦਬਕਣ  ‘ਤੇ ਭੈਣ ਧੰਦਕ ਗਈ।

-“ਟਰਨ..... ਟਰਨ....”  ਫੋਨ ਦੀ ਘੰਟੀ ਵੱਜੀ।

-“ਹੈਲੋ, ਕੌਣ…..??”

-“ਪਿੰਕੀ…..।” ਫੋਨ ਤੇ ਓਦੀ ਮਸ਼ੂਕਾ ਸੀ।

“………..”

ਪਿੰਕੀ ਸੀ ਬੜੀ ਸੋਹਣੀ। ਗੰਨੇ ਦੀ ਇੱਕ  ਪੋਰੀ, ਜੀਂਦੇ ਗੋਰੇ ਮੁਖ ‘ਚੋਂ ਰਸ ਲੱਪ-ਲੱਪ ਟਪਕਦਾ ਸੀ। ਬੇਹੱਦ ਚੁਸਤ ਤੇ ਫੁਰਤੀਲੀ। ਜਿੰਨੇ ਪੜ੍ਹਾਕੂ ਭਰਾ ਤੇ ਪੜ੍ਹਾਈ ਦਾ ਜਨੂੰਨ  ਸ਼ੂ-ਮੰਤਰ ਕਰ ਤਾ। ਬਸ ਉਹ ਪਿੰਕੀ ਦੀ ਹੀ ਮਾਲਾ ਫੇਰਦਾ, ਓਦੇ ਇਰਦ-ਗਿਰਦ ਲਿਫ਼ਿਆਂ, ਸਾਹਾਂ ‘ਚ ਸਾਹ ਜਿਹੇ ਵਰੋਲਦਾ ਰਹਿੰਦਾ। ਪਿੰਕੀ ਨੇ ਸਿਰਫ ਲਿਤਾ ਹੀ ਸੀ,  ਦਿੱਤਾ ਓਹਨੂੰ ਕੱਖ ਵੀ ਨਹੀਂ ਸੀ। ਉਹ ਸਿਰੇ ਦੀ ਸ਼ੌਕੀਨ ਤੇ ਸੂਮ ਜੋ ਸੀ।

“………..”

-“ਪਿੰਕੀ….., “ਤੂੰ ਬੋਲਦੀ ਕਿੱਥੋਂ ਏਂ…. ?”

- “ਗੁਫ਼ਾਰ ਮਾਰਕੀਟ ਵਾਲੇ ਥਿਏਟਰ, ਪਹੁੰਚਣ ਹੀ ਵਾਲੀ ਆ। ਟਿਕਟ ਖਿੜਕੀ ਦੇ ਲਾਗੇ ਵੇਟ ਕਰੂੰਗੀ ਤੇਰਾ। ਅੱਜ ਦੇਖਣੀ ਏਂ ‘ਥ੍ਰੀ ਡੀ ਚਲਚਿਤਰ ਛਵੀ’ ਵਾਲੀ ਉਹ ਨਵੀਂ ਮੂਵੀ। ਜਲਦੀ ਆਈਂ ਜੇ ਨੰਬਰੀ ਵੀ ਟੱਪਗੀ ਤਾ ਸੰਵਾਦ ਅੱਧਾ ਰਹਿ ਜੂ। ਮੈਂ ਬੜੀ ਮੁਸ਼ਕਿਲ ਨਾਲ ਅੱਜ ਹੋਸਟਲ ਤੋਂ ਬਾਹਰ ਆਈ ਆ, ਟੀਚਰ ਨੂੰ ਨਵਾਂ ਸੂਟ ਖਰੀਦਣ ਦਾ ਬਹਾਨਾ ਲਾ ਕੇ।”

-“ਆਇਆ... ਮੈਂ ਹੁਣੇ ਆਇਆ…ਡੀਅਰ….ਬਸ ਤੂੰ ਇੰਝ ਦੱਸ, ਅੱਜ ਤੂੰ ਮੇਰਾ ਪਸੰਦੀਦਾ ਫੈਸ਼ਨੇਬਲ ਸਟ੍ਰੇਟ ਸਲਵਾਰ ਸੂਟ ਪਾਇਆ ਏ ਨਾ। ਜੋ ਮੈਂ ਤੈਨੂੰ ਪਿਛਲੇ ਐਤਵਾਰ ਗਿਫ਼ਟ ਦਿੱਤਾ ਸੀ।”

- “ਆਹੋ... ਆਹੋ... ਜੀ... ਪਾ ਤਾਂ ਮੈਂ ਆਈ ਆਂ। ਪਰ ਸਿਰਫ… ਤੇਰੀ ਖੁਸ਼ੀ ਲਈ....!!”   

- "ਕਿਉਂ  ਡੀਅਰ.... ਪਾਤਾ ਨਾ ਸੁਕਣੇ… ਗਿੱਲੇ ਕਪੜੇ ਆਂਗੂੰ।”

- “ਨਹੀਂ.. ਨਹੀਂ..., "ਐਵੇਂ ਚਿੱਤ ਖ਼ਰਾਬ ਨਾ ਕਰੀ..., ਬਸ  ਇੰਜ ਸਮਝ ਲੈ, ਏਹ ਮੇਰੇ ਤੇ ਫਬਿਆ ਨੀਂ।

- “ਫਿਕਰ ਨੋਟ.... ਫਿਕਰ ਨੋਟ… ਡੀਅਰ... ਕੀ ਹੋਇਆ ਜੇ ਤੈਨੂੰ ਇਹ ਭਾਇਆ ਨੀਂ....!! ਅਗਲੇ ਹਫਤੇ ਹੋਰ ਆ ਜੂ…”, ਕਹਿੰਦੇ ਹੋਏ ਉਸਦੀ  ਆਵਾਜ਼ ਥਰਥਰਾਈ।

“ਉਫ...! ਕਿਤੇ ਉਹ ਗੋਂਗਲੂਆਂ ਤੋਂ ਮਿੱਟੀ ਤਾ ਨੀਂ ਝਾੜ ਰਹੀ।”, ਅੰਦਰੋਂ ਇੱਕ ਚਿੰਤਾਵਲੀ ਹੂਕ ਉਠੀ ‘ਤੇ ਮਨ ‘ਚ ਇੱਕ ਸਵਾਲ, ਪ੍ਰਸ਼ਨ-ਚਿੰਨ੍ਹ ਬਣ ਉਠਿਆ। ਕੁਝ ਪਾਉਣ ਦੇ ਬਹਾਨੇ, ਲਾਰੇ, ਝੂਠ, ਵਾਅਦੇ ਕਰਕੇ ਮੁਕਰਣਾ, ਬੜਾ ਕੁਝ  ਹੋਰ ਵੀ ਉਲਝਣ ਲਈ। ਪਿੰਕੀ ਦੇ ਸੰਧੂਰੀ ਹੁਸਨ, ਤਰੇਲ ਭਿੱਜੇ ਫੁੱਲਾਂ ਵਰਗੇ ਹੋਠਾਂ ਵੱਲ ਵੇਖ, ਉਹ ਲਾਵਾਂਲੋਟ ਜਿਹਾ ਹੋਇਆ, ਮਨ ‘ਚ ਉਲਝਿਆ ਸਵਾਲਾਂ ਦੀਆਂ ਇਹਨਾਂ ਤੰਦਾਂ ਦੀ ਉਧੇੜਬੁਣ  ਨੂੰ ਉਹ ਅੱਖਾਂ ਮੀਚ ਕੇ, ਆਪਣੇ ਮਨ ਦੇ ਮੈਟਰ ਡਿਟੈਕਟਰ ਨਾਲ, ਸਾਰੀ ਪਰਖ ਪੜਤਾਲ ਕਰ ਲੈਦਾ। ਯਕੀਨ ਦੇ ਹਰਫ਼ ਪੈਦਾ ਕਰਕੇ ਗੁੱਛੀ ਸੁਲਝਾ ਹੀ ਲੈਦਾ। ਕਹਿੰਦੇ ਆ ਨਾ "ਦਿਲ ਦਰਿਆ ਸਮੁੰਦਰੋ ਡੂੰਘੇ” ਕੌਣ ਦਿਲਾਂ ਦੀਆਂ ਜਾਣੇ । ਦਿਲ ਦੇ ਰੋਗੀ ਕਦੇ ਨਾ ਬਚਦੇ, ਐਵੇਂ ਨੀਂ ਕਹਿ ਗਏ ਲੋਕ ਸਿਆਣੇ। ਦੂਜੇ ਪਾਸੇ ਪਿੰਕੀ ਮੁਸਕੜੀਆਂ ‘ਚ ਹੱਸ ਰਹੀ ਸੀ। ਅੱਜ ਫਿਰ ਚੁੰਗਲ ‘ਚ ਫਸੇ ਪ੍ਰੇਮੀ ਦੀ ਮੁਹੱਬਤ, ਵਿਸ਼ਵਾਸ ‘ਤੇ ਅਰਮਾਨਾਂ ਨੂੰ ਤੋੜੀ ਭਰ, ਰਿੰਨ੍ਹਿਆ ਗਿਆ ਸੀ। ਬਸ ਰਿੰਨ੍ਹੇ ਨੂੰ ਮੱਖਣ ਦੀ ਲੋੜ ਸੀ।  ਉਹਨੇ ਅੱਗੋ ਗੱਲ ਤੋਰ ਕੇ ਉਹ ਕਮੀ ਵੀ ਪੂਰੀ ਕਰਤੀ।

- “ਤੁਹਾਨੂੰ ਪਤੈ...? ਕੋਰਸ ਪੂਰਾ ਹੁੰਦੇ ਈ ਮੈਂ ਹਰ ਰੋਜ਼ ਪਾਇਆ ਕਰਾਂਗੀ ਏ-ਲਾਈਨ, ਅੰਬ੍ਰੇਲਾ ਕੱਟ ਪਟਿਆਲਾ ਸਲਵਾਰ ਸੂਟ । ਪੰਜਾਬੀ ਏਅਰ ਲਾਈਨਜ਼ ਵਿੱਚ ਪਟਿਆਲਾ ਸਲਵਾਰ ਸੂਟ ‘ਚ ਹੀ ਨਜ਼ਰ  ਆਉਗੀ ਤੇਰੀ ਇਹ ਏਅਰ ਹੋਸਟੈਸ…!!”

- “ਵਾਹ... ਡੀਅਰ....ਵਾਹ... ਇਹ ਹੋਈ ਨਾ ਗੱਲ.....  ਰੂਹ ਖ਼ੁਸ਼ ਕਰਤੀ ਅੱਜ ਤੂੰ …!! ਮੇਰੀ ਨਖਰੋ ਜੱਟੀ…! ਮੈਂ ਹੁਣੇ ਆਇਆਂ…!  ਆਪਣੀ ਏਸ ਮੋਰਨੀ ਵੇਖਣ....!!”

ਬਾਈਕ ਚੁੱਕ ਕੇ ਪੜ੍ਹਾਕੂ ਭਰਾ ਘਰੋਂ ਤੁਰ ਪਿਆ। ਕਰੋਲ ਬਾਗ ਮੈਟਰੋ ਸਟੇਸ਼ਨ ਦੇ ਲਾਗੇ ਲੱਗੇ ਟ੍ਰੈਫਿਕ ਜਾਮ ਨੇ ਧੂੜ੍ਹਾਂ ਪੁੱਟਦੀ ਉਹਦੀ ਐਕਸਪੋ ਬਾਈਕ ਨੂੰ ਕੁਝ ਮਿੰਟਾਂ ਲਈ  ਰੋਕ ਲਿਆ। ਮੌਕੇ ਦਾ ਫ਼ਾਇਦਾ ਉਠਾਉਂਦੀ ਇੱਕ ਅੱਠ-ਦਸ ਸਾਲ ਦੀ ਕੁੜੀ ਕੁੱਛੜ ਬੱਚਾ ਚੁੱਕੀ, ਉਸ ਕੋਲ ਆ ਕੇ  ਦੁਹਾਈਆਂ ਪਾਉਂਣ ਲੱਗੀ।

- "ਬਾਊ ਜੀ... ਬਾਊ ਜੀ..... ਵੀਰ ਬਣਕੇ….. ਢਿੱਡ ਭਰਨ ਲਈ ਕੁਝ ਲੈ ਦੇ । ਢਿੱਡ ‘ਚ ਮੱਚੀ ਭੁੱਖ ਦੀ ਅੱਗ ਜਰ ਨੀ ਹੁੰਦੀ। ਮੇਰਾ ਇਹ ਛੇਆਂ ਮਹੀਨਿਆਂ ਦਾ ਬਾਲ ਵੀਰ ਵੀ ਭੁੱਖ ਨਾਲ ਰੋਂਦਾ-ਵਿਲਕਦਾ ਸੌਂ ਗਿਆ ਏ। ਜਦ ਉਠ ਗਿਆ ਤਾਂ ਫਿਰ ਤੋਂ ਚੀਕ-ਚਿਹਾੜਾ ਮਚਾਏਗਾ। ਚੀਕਾਂ ਦੀ ਇਹ ਅਸਹਿਣ ਦਿਲ ਵਿੰਨ੍ਹਦੀ ਗੂੰਜ ਮੈਥੋਂ ਬਰਦਾਸ਼ਤ ਨਹੀਂ ਹੋਣੀ। ਕੋਈ ਛੋਟੇ ਤੋਂ ਛੋਟਾ ਨੋਟ, ਮਰੋੜ ਕੇ ਦੇ ਦੇ, ਜੀਹਦੇ ਨਾਲ ਸਾਡੇ ਦੋਹਾਂ ਦੇ ਢਿੱਡ ‘ਚ ਸੁਲਗ ਰਹੀਆਂ ਭੁੱਖ ਦੇ ਭਾਂਬੜ ਦੀਆਂ ਚੰਗਿਆੜੀਆਂ ਦੇ ਇਸ ਤਰਥੱਲ ਦੀ ਅਸਹਿਣ ਗੂੰਜ ਦਾ ਵਾਵੇਲਾ ਠੰਢਾ ਪੈ ਸਕੇ। ਉਤਰਦੀ ਸਰਦ ਰੁੱਤ ‘ਤੇ ਥੱਲੇ ਡਿੱਗਦੇ ਤਾਪਮਾਨ ਦਾ ਫ਼ਿਕਰ ਵੱਢ-ਵੱਢ ਖਾ ਰਿਹਾ ਏ। ਜੇ ਵੀਰ…. ਤੁਹਾਡੀ ਮਾਂ ਭੈਣ ਦੇ ਪਾਟੇ-ਪੁਰਾਣੇ ਗਰਮ ਕੱਪੜੇ ਮਿਲ ਜਾਣ ਤਾ ਉਠ ਤੋਂ ਚਾਨਣੀ ਹੀ ਲਹਿ ਜਾਵੇ। ਮੈਂ ਹਰ ਰੋਜ਼ ਏਸ ਚੌਕ ‘ਤੇ ਹੀ ਹੁੰਦੀ ਆਂ। ਕਿਤੇ ਆਉਂਦਾ ਜਾਂਦਾ ਲਈ ਆਵੀਂ। ਰੱਬ ਤੇਰਾ ਭਲਾ ਕਰੇ.....!!”

- "ਚੱਲ ਪਾਸੇ ਹਟ.... ਕਰੂੰਬਲਾਂ ਫੁੱਟੀਆਂ ਨਹੀਂ, ਆ ਗਈ ਮੰਗਣ...! ਆਵਦੀ ਟਿੰਡ ਫੌਹੜੀ ਚੱਕ ਤੇ ਦਫ਼ਾ ਹੋ ਜਾ ਏਥੋਂ....! ਐਵੇਂ ਮੂੜ ਖਰਾਬ ਕਰ ਦਾ ਘਸਮੈਲ਼ੀ ਜੇਹੀ ਨੇ.....!”, ਕਹਿੰਦੇ ਹੀ ਉਸਨੇ ਬਾਈਕ ਨੂੰ ਰੇਸ  ਦੇ ਦਿੱਤੀ। ਹੁਣ ਪੜ੍ਹਾਕੂ ਭਰਾ ਦੀ ਬਾਈਕ ਧੂੜ੍ਹਾਂ ਪੁੱਟਦੀ, ਆਪਣਾ ਰੁਖ ਗੁਫ਼ਾਰ ਮਾਰਕੀਟ ਵਾਲੇ ਥਿਏਟਰ ਵੱਲ ਕਰ ਗਈ ਸੀ…!!

****