ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।
ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ।
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ।
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ....। ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

ਪਰਾਂ ਵਾਲਾ ਬੂਟ.......... ਕਹਾਣੀ / ਮੁਹਿੰਦਰ ਸਿੰਘ ਘੱਗ

ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ।
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ।
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ।
****