ਕੁੜੱਕੀ.......... ਕਹਾਣੀ / ਵਿਸ਼ਵ ਜਯੋਤੀ ਧੀਰ

ਅੱਧੀ ਰਾਤ ਲੰਘ ਚੁੱਕੀ ਸੀ | ਗਗਨ ਦੀਆਂ ਅੱਖਾਂ ਤੋਂ ਨੀਂਦ ਕੋਹਾਂ ਦੂਰ | ਪਲਕਾਂ ਹੇਠਾਂ ਜਿਵੇਂ ਛਿਲਤਰਾਂ ਉੱਗ ਪਈਆਂ ਹੋਣ | ਅੰਦਰ ਅਜੀਬ ਜਿਹੀ ਅੱਚਵੀ | ਬਿੰਦੇ ਝੱਟੇ ਸੰਘ ਸੁੱਕ ਜਾਂਦਾ | ਭਾਦੋਂ ਦੇ ਮਹੀਨੇ ਦੀ ਰਾਤ ਵਿਚ ਚੰਨ ਦੀ ਟਿੱਕੀ ਚਾਨਣ ਦੇਣ ਦਾ ਪੂਰਾ ਯਤਨ ਕਰ ਰਹੀ ਸੀ | ਘਸਮੈਲੇ ਜਿਹੇ ਬੱਦਲ ਨੇ ਆਣ ਕੇ ਚੰਨ ਨੂੰ ਝੱਫ ਲਿਆ | ਹਨੇਰਾ ਪਸਰ ਗਿਆ | ਗਗਨ ਦਾ ਚਿੱਤ ਹੋਰ ਵੀ ਘਾਬਰ ਗਿਆ | ਉਸਨੇ ਆਪਣੀ ਬੈਠਕ ਦੀ ਬਾਰੀ ਵਿਚੋਂ ਵਿਹੜੇ ਵਿਚ ਨਿਗਾਹ ਮਾਰੀ | ਬੀਬੀ ਤੇ ਬੇਬੇ ਸਾਹਮਣੇ ਹੀ ਮੰਜਾ ਡਾਹੀ ਪਈਆਂ ਸਨ | ਬੀਬੀ ਤਾਂ ਸਾਰੇ ਦਿਨ ਦੀ ਹੰਭੀ ਹੁੁੰਦੀ | ਮੰਜੇ ਤੇ ਪੈਂਦਿਆਂ ਹੀ Aਸਨੂੰ ਨੀਂਦ ਕੀਲ ਲੈਂਦੀ | ਸਦੇਹਾਂ ਧਾਰਾਂ ਕੱਢਣ ਤੋਂ ਲੈ ਕੇ ਰਾਤ ਦੇ ਚੁੱਲੇ-ਚੌਂਕੇ ਨੂੰ ਸਾਂਭਦੀ ਬੀਬੀ ਸਾਰਾ ਦਿਨ ਊਰੀ ਵਾਂਗ ਘੂਕਦੀ ਰਹਿੰਦੀ | ਜਦੋਂ ਦੀ ਗਗਨ ਜਵਾਨ ਹੋਈ ਸੀ, ਬੇਬੇ ਘਰੇ ਕਿਸੇ ਸੀਰੀ ਨੂੰ ਵੀ ਵੜਨ ਨਾ ਦਿੰਦੀ | ਮੰਜੇ ਦੀ ਚਿੜ-ਚਿੜ ਨੇ ਗਗਨ ਦਾ ਧਿਆਨ ਖਿੱਚ ਲਿਆ | ਬੇਬੇ ਸਾਰੀ ਰਾਤ ਪਸਲੇਟੇ ਮਾਰਦੀ | ਉਸਦੀਆਂ ਬੁੱਢੀਆਂ ਅੱਖਾਂ ਸੌਂਦੀਆਂ ਘੱਟ ਤੇ ਪਹਿਰੇਦਾਰੀ ਜ਼ਿਆਦਾ ਕਰਦੀਆਂ | ਹੁਣ ਵੀ ਉੱਠ ਕੇ ਮੰਜੇ ‘ਤੇ ਬਹਿ ਗਈ | ਰੋਜ਼ ਵਾਂਗ ਬੋਲੀ ਜਾ ਰਹੀ ਸੀ | “ਖੌਰੇ ਕਿਹੜਾ ਪਾਪੀ ਬੈਠਾ ਪਹਿਰੇ ‘ਤੇ.... ਭੋਰਾ ਵਾ ਨੀ ਚੱਲਦੀ |” ਤੜਕੇ ਤੋਂ ਆਥਣ ਤੱਕ ਬੇਬੇ ਕਿਸੇ ਨਾ ਕਿਸੇ ਗੱਲ ਨੂੰ ਅੱਡੇ ਚੜਾਈ ਰੱਖਦੀ | ਸਵੇਰੇ ਬੀਬੀ ਨੂੰ ਬਥੇਰਾ ਬੋਲੀ ਸੀ | ਦਾਲ ਵਿਚ ਕੋੜਕੂ ਆ ਗਿਆ | ਥਾਲੀ ਪਰਾਂ ਨੂੰ ਧੱਕ ਦਿੱਤੀ, “ਚੱਜ ਨਾਲ ਦਾਲ ਨੀ ਸਵਾਰਦੀ.... ਚੰਦਰੇ ਕੋੜਕੂ ਮੇਰੇ ਮੂੰਹ ‘ਚ ਈ ਆਉਣੇ ਹੁੰਦੇ ਨੇ.... ਤੇਰੀ ਨਿਗਾ ਨੀ ਕੰਮ ਕਰਦੀ ਤਾਂ ਗਗਨ ਨੂੰ ਆਖਿਆ ਕਰ | ਕੁੜੀ ਨੂੰ ਭੋਰਾ ਚੱਜ ਸਿਖਾ.... ਨਿਰੀਆਂ ਕਤਾਬਾਂ ਕੀ ਭੜੋਲੇ ‘ਚ ਪਾਉਣੀਆਂ ਨੇ |” ਬੇਬੇ ਗੁੱਝੀ ਅੱਖ ਨਾਲ ਗਗਨ ਦੀ ਧੜਕਦੀ ਜਵਾਨੀ ਵੇਂਹਦੀ | ਉਸਨੂੰ ਇਹ ਹੁੰਦੜਹੇਲ ਕੁੜੀ ਕੋਈ ਅਲਕ ਵਛੇਰੀ ਜਾਪਦੀ | ਗਗਨ ਦਾ ਕੋਈ ਲੱਛਣ ਉਸਨੂੰ ਮੇਚ ਨਾ ਆਉਂਦਾ | ਸਾਰਾ ਦਿਨ ਟੋਕਾ ਟਾਕੀ ਕਰਦੀ | ਕਈ ਵਾਰ ਗਗਨ ਵਿਅੰਗ ਕਰ ਜਾਂਦੀ – “ਮੈਂ ਤਾਂ ਬੀ.ਏ. ਤੋਂ ਅਗਾਂਹ ਵਾਲੀ ਪੜਾਈ ਕੈਨੇਡਾ ਜਾ ਕੇ ਕਰਨੀ ਐ |”

ਬੇਬੇ ਅੰਦਰ ਤਾਈਂ ਸੜ ਜਾਂਦੀ | ਗਗਨ ਦੇ ਬਾਪੂ ਨੂੰ ਕਹਿੰਦੀ, “ਮਹਿੰਦਰ.... ਅੱਜਕੱਲ ਵੇਲਾ ਮਾੜਾ ਐ ਭਾਈ....ਇਕ ਹੈ ਕੱਲੀ ਔਲਾਦ.... ਹੋਰ ਧੌਲੇ ਝਾਟੇ ਖੇਹ ਨਾ ਪੁਆ ਲਈਂ |”

ਮਹਿੰਦਰ ਬੇਬੇ ਦੀ ਗੱਲ ਹਾਸੇ ਵਿਚ ਟਾਲ ਜਾਂਦਾ | “ਬੇਬੇ ਪੜਾਈ ਤਾਂ ਜ਼ਰੂਰੀ ਐ.... ਘੱਟੋ ਘੱਟ ਪੜਿਆ ਲਿਖਿਆ ਬੰਦਾ ਸਹੀ ਤੇ ਗਲਤ ਦੀ ਪਛਾਣ ਤਾਂ ਕਰ ਸਕਦੈ.... ਮੈਂ ਤਾਂ ਰਿਹਾ ਖੂਹ ਦਾ ਡੱਡੂ.... ਕੁੜੀ ਨੂੰ ਤਾਂ ਆਜ਼ਾਦੀ ਦੇਵਾਂ.... ਆਪਣਾ ਚੰਗਾ ਮਾੜਾ ਸੋਚ ਸਕੇ | ਅਸੀਂ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਧੀ ਦੇ ਸਿਰਹਾਣੇ |”

ਬਾਪੂ ਦੀ ਗੱਲ ਯਾਦ ਆਉਂਦਿਆਂ ਹੀ ਗਗਨ ਦਾ ਧਿਆਨ ਵੱਡੇ ਬੂਹੇ ਮੂਹਰੇ ਚਲਾ ਗਿਆ | ਜਿਥੇ ਬਾਪੂ ਹਰ ਰੋਜ਼ ਵਾਂਗ ਮੰਜਾ ਡਾਹ ਕੇ ਸੁੱਤਾ ਪਿਆ ਸੀ | ਅੱਜ ਗਗਨ ਨੂੰ ਬਾਪੂ ਵੀ ਠਾਣੇਦਾਰ ਲੱਗ ਰਿਹਾ ਸੀ | ਬੂਹੇ ਮੂਹਰੇ ਪਹਿਰੇ ‘ਤੇ ਬੈਠਾ | ਸੋਚ ਕੇ ਗਗਨ ਨੂੰ ਤਰੇਲੀ ਆ ਗਈ | ਚੰਨ ਫੇਰ ਬੱਦਲਾਂ ਦੀ ਕੈਦ ਵਿਚੋਂ ਬਾਹਰ ਆ ਗਿਆ | ਆਪਣੇ ਅੰਦਰਲੇ ਡਰ ਤੋਂ ਓਹਲੇ ਹੋਣ ਵਾਸਤੇ ਗਗਨ ਨੀਝ ਨਾਲ ਚੰਨ ਨੂੰ ਤੱਕਣ ਲੱਗ ਪਈ | ਕਿੰਨਾ ਨਿਰਮਲ, ਪਿਆਰਾ ਚੰਨ | ਬਿਲਕੁਲ ਉਸਦੇ ਮਹਿਬੂਬ ਦੇ ਚਿਹਰੇ ਵਾਂਗ ਰੌਸ਼ਨ | ਗਗਨ ਨੇ ਮਸਤੀ ਦੇ ਆਲਮ ਵਿਚ ਅੱਖਾਂ ਮੁੰਦ ਲਈਆਂ | ਇੰਦਰਪੁਰੀ ਦੀ ਅਪਸਰਾ ਬਣ ਗਈ | ਚਾਨਣੀ ਦੇ ਰਾਹ ‘ਤੇ ਰਕਸ ਕਰੀ ਹੋਈ ਚੰਨ ‘ਤੇ ਜਾ ਬੈਠੀ | ਸਾਰਾ ਜਹਾਨ ਦਿਸਣ ਲੱਗ ਪਿਆ | ਲਾਗਲੇ ਪਿੰਡ ਦਾ ਇਕ ਘਰ | ਪਾਠੀ ਟਹਿਲ ਸਿੰਘ ਦਾ ਘਰ | ਜਿਸ ਦੀ ਛੱਤ ‘ਤੇ ਕੋਈ ਪਰਛਾਵਾਂ ਖੜਾ ਕਿਸੇ ਦੀ ਉਡੀਕ ਕਰਦਾ ਹੋਵੇ | ਜ਼ਰੂਰ ਜੱਸੀ ਹੋਵੇਗਾ | ਗਗਨ ਵਾਂਗ ਬੇਚੈਨ | ਉਸ ਲਈ ਵੀ ਇਹ ਰਾਤ ਕੋਈ ਇਮਤਿਹਾਨ ਤੋਂ ਘੱਟ ਨਹੀਂ |

***
ਕਾਲੇ ਬੱਦਲ ਨੇ ਚੰਨ ਨੂੰ ਫੇਰ ਦਿਓ ਵਾਂਗ ਨਿਗਲ ਲਿਆ | ਰੇਸ਼ਮੀ ਰਾਹ ਟੁੱਟ ਗਈ | ਗਗਨ ਨੇ ਫੇਰ ਅੱਖਾਂ ਖੋਲ ਲਈਆਂ | ਹਾਲੇ ਵੀ ਅਲੌਕਿਕ ਸੁਫ਼ਨੇ ਦੀ ਖੁਮਾਰੀ ਅੱਖਾਂ ਨੂੰ ਸੇਜਲ ਕਰ ਰਹੀ ਸੀ | ਜੱਸੀ ਦਾ ਚਿਹਰਾ ਵਾਰ-ਵਾਰ ਅੱਖਾਂ ਮੂਹਰੇ ਆਉਂਦਾ | ਗਗਨ ਆਪਣੇ ਅਤੀਤ ਵਿੱਚ ਗੁਆਚਦੀ ਗਈ | ਜੱਸੀ ਨਾਲ ਪਹਿਲੀ ਮੁਲਾਕਾਤ ਯਾਦ ਆ ਗਈ | ਪਿਛਲੇ ਸਾਲ ਐਨ.ਐਸ.ਐਸ. ਦੇ ਕੈਂਪ ਦੌਰਾਨ ਦੋਵੇਂ ਇਕੱਠੇ ਹੋਏ | ਜੱਸੀ ਬੀ.ਏ. ਦੇ ਅੰਤਲੇ ਸਾਲ ਵਿਚ ਸੀ | ਗਗਨ ਤੋਂ ਦੋ ਸਾਲ ਸੀਨੀਅਰ | ਉਸਦੀਆਂ ਦਿਲਕਸ਼ ਗੱਲਾਂ ਨੇ ਗਗਨ ਅੰਦਰ ਪਿਆਰ ਦੀ ਰਮਜ਼ ਜਗਾ ਦਿੱਤੀ | ਨਰੋਈ ਉਮਰੇ, ਧੁਰ ਅੰਦਰ ਤੱਕ ਲਹੂ ਦੀ ਗਰਦਸ਼ ਤੇਜ਼ ਹੋ ਗਈ | ਜੱਸੀ ਨੂੰ ਵੇਖ ਕੇ ਉਸਦੀ ਆਤਮਾ ਕਦੇ ਨਾ ਰੱਜਦੀ | ਉਸ ਨਾਲ ਗੱਲ ਕਰਨ ਨੂੰ ਬੇਚੈਨ ਹੋ ਉੱਠਦੀ | ਉਹਨਾਂ ਦੀ ਜਜ਼ਬਾਤੀ ਸਾਂਝ ਪਿਆਰ ਵਿਚ ਬਦਲ ਗਈ | ਪਿਛਲੇ ਹਫ਼ਤੇ ਜਦੋਂ ਜੱਸੀ ਨਾਲ ਫਿਲਮ ਵੇਖ ਕੇ ਆਈ, ਉਸਤੋਂ ਬਾਅਦ ਕਈ ਘੰਟੇ ਜੱਸੀ ਨਾਲ ਬੈਠੀ ਰਹੀ | ਜੱਸੀ ਨੇ ਕਿਹਾ ਸੀ, “ਗਗਨ ਹੁਣ ਤਾਂ ਰਾਤ ਕੱਟਣੀ ਵੀ ਔਖੀ ਲੱਗਦੀ ਐ.... ਆਪਾਂ ਵਿਆਹ ਕਰ ਲਈਏ |”
ਵਿਆਹ ਵਾਲੀ ਗੱਲ ਸੁਣ ਕੇ ਗਗਨ ਦੇ ਚਿਹਰੇ ‘ਤੇ ਲਾਲੀ ਆ ਗਈ | ਸੰਗ ਕੇ ਕਹਿਣ ਲੱਗੀ, “ਤੂੰ ਤਾਂ ਦੋ ਮਹੀਨਿਆਂ ਤਾਈਂ ਪੇਪਰ ਦੇ ਕੇ ਕਾਲਜ ਛੱਡ ਦੇਣੈ.... ਮੈਨੂੰ ਤਾਂ ਪੜਾਈ ਪੂਰੀ ਕਰ ਲੈਣ ਦੇ |”

“ਜਦੋਂ ਮੈਂ ਬੀ.ਏ. ਕਰ ਲਈ.... ਫੇਰ ਕਿਹੜਾ ਡੀ.ਸੀ. ਲੲਗ ਜਾਣੈ | ਮੈਥੋਂ ਵੱਡੇ ਦੋਹੇਂ ਭਰਾ ਐਮ.ਏ. ਕਰਕੇ ਵੀ ਹਾਲੇ ਤਕ ਸੈੱਟ ਨਹੀਂ ਹੋਏ |”

“ਕੋਈ ਗੱਲ ਨਹੀਂ, ਵੇਲਾ ਆਊਗਾ ਤਾਂ ਬੀਬੀ ਨਾਲ ਗੱਲ ਕਰੂੰਗੀ |”

“ਤੇਰਾ ਕੀ ਖ਼ਿਆਲ ਐ, ਤੇਰੇ ਘਰ ਦੇ ਐਡੀ ਛੇਤੀ ਮੰਨ ਜਾਣਗੇ | ਚੰਗੀ ਭਲੀ ਜਾਣਦੀ ਐਂ | ਤੂੰ ਜੱਟਾਂ ਦੀ ਧੀ ਤੇ ਮੈਂ ਪੰਡਤਾਂ ਦਾ ਮੁੰਡਾ.... ਸਭ ਤੋਂ ਵੱਡੀ ਅੜਚਣ ਇਹੀ ਐ |”

“ਜੱਸੀ.... ਮੈਂ ਜਾਤਾਂ ਦੇ ਫ਼ਰਕ ਨੂੰ ਨਹੀਂ ਮੰਨਦੀ.... ਜਦੋਂ ਆਪਾਂ ਇਕ ਹੋ ਗਏ, ਨਾ ਤੂੰ ਪੰਡਤਾਂ ਦਾ ਰਹੇਂਗਾ ਨਾ ਮੈਂ ਜੱਟਾਂ ਦੀ | ਦੋਹੇਂ ਇਕ ਦੂਜੇ ਦੇ ਹੋ ਕੇ ਰਹਾਂਗੇ |” ਗਗਨ ਨੇ ਪਿਆਰ ਨਾਲ ਜੱਸੀ ਦਾ ਹੱਥ ਫੜ ਕੇ ਉਸਦੇ ਅੰਦਰਲੇ ਦੇ ਵਹਿਮ ਨੂੰ ਕੱਢਣ ਦੀ ਕੋਸ਼ਿਸ਼ ਕੀਤੀ |

“ਤਾਂਹੀ ਤਾਂ ਕਹਿਨਾਂ.... ਇਕ ਵਾਰ ਬਿਨਾਂ ਦੱਸੇ ਕੋਰਟ ਮੈਰਿਜ ਕਰਵਾ ਲਈਏ.... ਜਦੋਂ ਇਕ ਦੂਜੇ ਦੇ ਹੋ ਗਏ ਤਾਂ ਜਾਤ-ਪਾਤ ਦਾ ਫ਼ਰਕ ਹੀ ਨਹੀਂ ਰਹਿਣਾ |” ਜੱਸੀ ਨੇ ਆਪਣੇ ਦਿਲ ਦੀ ਗੱਲ ਦੱਸੀ |

“ਨਹੀਂ ਜੱਸੀ.... ਅਜਿਹਾ ਕਰਕੇ ਤਾਂ ਆਪਾਂ ਪਿੰਡ ਦੀ ਜੂਹ ਵਿਚ ਵੜਨ ਜੋਗੇ ਨਹੀਂ ਰਹਾਂਗੇ, ਖੌਰੇ ਅਜਿਹਾ ਕਰਨ ‘ਤੇ ਮਾਪੇ ਕਬੂਲਣਗੇ ਕਿ ਨਹੀਂ |”

“ਛੱਡ ਪਰਾਂ ਇਹਨਾਂ ਗੱਲਾਂ ਨੂੰ.... ਤੈਨੂੰ ਅੱਜ ਫਿਲਮ ਏਸੇ ਕਰਕੇ ਵਖਾਈ ਐ.... ਵੇਖਿਆ ਨੀਂ ਹੀਰੋ ਹੀਰੋਇਨ ਨੂੰ ਵੀ ਕੋਰਟ ਮੈਰਿਜ ਤੋਂ ਬਾਅਦ ਹੌਲੀ-ਹੌਲੀ ਸਮਾਜ ਨੇ ਕਬੂਲ ਲਿਆ ਸੀ | ਰਹੀ ਮਾਪਿਆਂ ਦੀ ਗੱਲ.... ਓਹ ਕਦੋਂ ਤਕ ਆਪਣੀ ਔਲਾਦ ਨੂੰ ਵਿਸਾਰ ਸਕਦੇ ਨੇ | ਨਾਲੇ ਤੂੰ ਤਾਂ ਕੱਲੀ-ਕੱਲੀ ਐਂ | ਤੇਰੇ ਬਿਨਾਂ ਮਾਂ-ਪਿਓ ਤੇ ਜ਼ਮੀਨ-ਜਾਇਦਾਦ ਕੌਣ ਸਾਂਭੂੰ | ਆਪਾਂ ਹੀ ਸਾਂਭਾਂਗੇ ਸਭ ਕੁਝ | ਤੂੰ ਵੇਖੀ ਜਾਈਂ ਤੇਰੇ ਮਾਂ-ਪਿਉ ਨੂੰ ਪੁੱਤ ਬਣ ਕੇ ਵਿਖਾਵਾਂਗਾ | ਸੌਂਹ ਤੇਰੇ ਪਿਆਰ ਦੀ.... ਆਪਣੇ ਮਾਪਿਆਂ ਨਾਲੋਂ ਵੱਧ ਕੇ ਸਤਿਕਾਰ ਦੇਵਾਂਗਾ |” ਜੱਸੇ ਨੇ ਗਗਨ ਦੇ ਦੋਹੇਂ ਹੱਥ ਫੜ ਕੇ ਚੁੰਮ ਲਏ ਤੇ ਛੇਤੀ ਵਿਆਹ ਕਰਵਾAਣ ਦੀ ਕਸਮ ਲੈ ਲਈ | ਗਗਨ ਦੇ ਕੁਆਰੇ ਸੁਫ਼ਨੇ ਹੋਰ ਵੀ ਮਹਿਕਣ ਲੱਗ ਪਏ | ਜੱਸੀ ਦੀਆਂ ਗੱਲਾਂ ਦੇ ਜਾਦੂ ਨੇ ਉਸਨੂੰ ਕਮਲੀ ਕਰ ਦਿੱਤਾ | ਹੁਣ ਤਾਂ ਉਸਦਾ ਵੀ ਫ਼ਿਲਮ ਦੀ ਹੀਰੋਇਨ ਵਾਂਗ ਬਾਗ਼ੀ ਹੋਣ ਨੂੰ ਚਿੱਤ ਕਰਦਾ | ਅੰਦਰੋਂ ਉੱਠਦੀਆਂ ਦਲੀਲਾਂ ਨੂੰ ਜੱਸੀ ਦੇ ਪਿਆਰ ਨੇ ਕੁੰਦਾ ਕਰ ਦਿੱਤਾ | ਰੀਤ ਉੱਤੇ ਪ੍ਰੀਤ ਭਾਰੀ ਹੋ ਗਈ | ਗਗਨ ਨੇ ਕੱਲ ਨੂੰ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾਉਣ ਦਾ ਫ਼ੈਸਲਾ ਕਰ ਲਿਆ |

ਤਾਰਿਆਂ ਦੀ ਖਿੱਤੀ ਸਰਕ ਗਈ | ਬੀਬੀ ਧਾਰਾਂ ਕੱਢਣ ਚਲੀ ਗਈ | ਉਸਦੇ ਮਗਰੋਂ ਹੀ ਗਗਨ ਨੇ ਫਟਾ ਫਟ ਨਹਾ ਲਿਆ | ਅੱਜ ਬੀਬੀ ਦੇ ਮੂਹਰੇ ਹੋਣ ਵਾਸਤੇ ਵੀ ਅੰਦਰੋਂ ਕੋਈ ਸ਼ਕਤੀ ਲੱਭ ਰਹੀ ਸੀ | ਡਰ ਸੀ ਕਿਧਰੇ ਬੀਬੀ ਆਪਣੀ ਧੀ ਦੇ ਚਿਹਰੇ ਤੋਂ ਕੋਈ ਗੁੱਝਾ ਭੇਤ ਨਾ ਪੜ ਲਵੇ | “ਗਗਨ ਪੁੱਤ, ਦੁੱਧ ਪੀ ਲੈ.... ਬਦਾਮ ਛਿੱਲੇ ਪਏ ਨੇ, ਖਾ ਲਵੀਂ” ਰੋਜ਼ ਵਾਂਗ ਬੀਬੀ ਨੇ ਆਵਾਜ਼ ਮਾਰੀ | ਕਹਿੰਦੀ ਹੁੰਦੀ ਹੈ ਵੱਡੀ ਜਮਾਤ ਦੀਆਂ ਕਤਾਬਾਂ ਪੜਨ ਵਾਲੇ ਦਿਮਾਗ ਨੂੰ ਤਾਕਤ ਦੀ ਡਾਹਢੀ ਲੋੜ ਹੁੁੰਦੀ ਹੈ | ਬੀਬੀ ਦੀ ਮੋਹ ਭਿੱਜੀ ਆਵਾਜ਼ ਸੁਣ ਕੇ ਗਗਨ ਦੇ ਅੰਦਰਲੇ ਵੇਗ ਨੂੰ ਇਕ ਵਾਰ ਮੋੜਵੀਂ ਛੱਲ ਪੈ ਗਈ |

ਅੰਦਰਲਾ ਭੈ ਤੇ ਬਦਲਿਆ ਮੌਸਮ ਦੋਹੇਂ ਉਸਦਾ ਸਾਥ ਨਹੀਂ ਦੇ ਰਹੇ ਸਨ | ਫੇਰ ਵੀ ਉਸਨੇ ਸਾਈਕਲ ਤੋਰ ਲਿਆ | ਬੇਬੇ ਨੇ ਮਗਰੋਂ ‘ਵਾਜ ਮਾਰੀ, “ਅੱਜ ਤਾਂ ਅਸਮਾਨੀਂ ਖੱਖ ਚੜੀ ਪਈ ਐ.... ਕਾਲੀ ਬੋਲੀ ਆਊਗੀ.... ਵੇਖ ਰੱਬ ਦਾ ਰੰਗ ਕਿਮੇਂ ਬਦਲਿਆ ਪਿਐ.... ਕੁੜੇ ਰਹਿਣ ਦੇ ਜਾਣ ਨੂੰ.... ਨੇਰੀ ਤਾਂ ਆਈ ਲੈ |” ਬੀਬੀ ਨੇ ਵੀ ਚਿੰਤਾ ਜ਼ਾਹਰ ਕੀਤੀ, “ਗਗਨ ਪਹਿਲੋਂ ਅੱਡੇ ਜਾ ਕੇ ਸਾਇਕਲ ਨੂੰ ਠੱਲੇਗੀ, ਫੇਰ ਬੱਸ ਨੂੰ ਚੜੇਂਗੀ, ਕੁਰੱਤੀ ਜਿਹੀ ਨੇਰੀ ਚੜੀ ਪਈ ਐ.... ਰਹਿਣ ਦੇ ਜਾਣ ਨੂੰ |” ਪਿੱਛੋਂ ‘ਵਾਜਾਂ ਪੈਂਦੀਆਂ ਸੁਣ ਕੇ ਇਕ ਵਾਰ ਫੇਰ ਉਸਦੇ ਲੂੰ ਕੰਡਿਆ ਗਏ | ਬਿਨਾਂ ਤੱਕਿਆਂ ਹੀ ਉਸਨੇ ਆਖਿਆ, “ ਅੱਜ ਜਾਣਾ ਬਹੁਤ ਜ਼ਰੂਰੀ ਐ |” ਸਾਇਕਲ ‘ਤੇ ਸਵਾਰ ਹੋ ਗਈ | ਹਨੇਰੀ ਨੇ ਜਿਵੇਂ ਸਾਰੀ ਕਾਇਨਾਤ ਨੂੰ ਕੈਦ ਕਰ ਲਿਆ | ਰੇਤੇ ਦਾ ਗੁਬਾਰ ਧਰਤੀ ਤੋਂ ਅਸਮਾਨ ਤਾਈਂ ਚੜ ਗਿਆ | ਆਲਾ-ਦੁਆਲਾ ਮੈਲਾ ਹੋ ਗਿਆ | ਪਿੰਡ ਦੀ ਫਿਰਨੀ ‘ਤੇ ਆ ਕੇ ਗਗਨ ਨੇ ਪਿੱਛਾ ਭੌਂ ਕੇ ਘਰ ਦੇ ਚੁਬਾਰਿਆਂ ਵੱਲ ਤੱਕਿਆ | ਧੁੰਧਲੇ ਜਿਹੇ ਨਜ਼ਰ ਆਏ | ਸਾਈਕਲ ਕੱਚੇ ਪਹੇ ‘ਤੇ ਪਾ ਲਿਆ | ਹਨੇਰੀ ਨੇ ਜਿਵੇਂ ਉਸ ਨਾਲ ਯੁੱਧ ਲਾ ਲਿਆ ਹੋਵੇ | ਅੰਦਰਲਾ ਵਜੂਦ ਕੰਬਣ ਲੱਗ ਪਿਆ | ਫੇਰ ਵੀ ਉਸਨੇ ਜ਼ੋਰ ਨਾਲ ਸਾਇਕਲ ਦੇ ਪੈਡਲ ਮਾਰੇ | ਸ਼ੂਕਦੀ ਕਾਲੀ ਬੋਲੀ ਨੇ ਕੱਚੇ ਪਹੇ ਦਾ ਰੇਤਾ ਅਸਮਾਨਾਂ ਤਾਈਂ ਖਿਲਾਰ ਦਿੱਤਾ | ਐਨੀ ਹਨੇਰੀ ਦਰਖ਼ਤਾਂ ਨੂੰ ਵੀ ਢਹਿ ਢੇਰੀ ਕਰੀ ਜਾ ਰਹੀ ਸੀ | ਸ਼ਾਂ....ਸ਼ਾਂ ਦਾ ਅਜੀਬ ਸ਼ੋਰ ਉਸਦੇ ਅੰਦਰਲੇ ਡਰ ਨੂੰ ਹੋਰ ਵਧਾ ਗਿਆ | ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ | ਇੰਝ ਲੱਗ ਰਿਹਾ ਸੀ ਜਿਵੇਂ ਪਰਲੋ ਆ ਜਾਵੇਗੀ | ਸ਼ੂਕਦੀ ਹਵਾ ਨਾਲ ਚੱਲਣਾ ਔਖਾ ਹੋ ਗਿਆ | ਗਗਨ ਸਾਈਕਲ ਤੋਂ ਉੱਤਰ ਗਈ | ਕੁਝ ਵੀ ਨਹੀਂ ਦਿਸ ਰਿਹਾ | ਚੁੰਨੀ ਵਾਰੀ-ਵਾਰੀ ਗਲੋਂ ਲਹਿ ਜਾਂਦੀ | ਉਸਦੇ ਕੰਨਾਂ ਵਿੱਚ ਮੋਟਰਸਾਈਕਲ ਦੀ ਆਵਾਜ਼ ਪਈ | ਆਵਾਜ਼ ਨੇੜੇ ਆ ਗਈ | ਤਿੰਨ ਮੁੰਡੇ ਸਵਾਰ ਸਨ | ਉਸਦੇ ਕੋਲ ਦੀ ਖਹਿ ਕੇ ਲੰਘੇ | ਸਾਇਕਲ ਡਿੱਗ ਪਿਆ | ਮੁੰਡੇ ਫੇਰ ਗਗਨ ਵੱਲ ਨੂੰ ਮੁੜ ਆਏ | ਉਸਦੀਆਂ ਲੱਤਾਂ ਕੰਬਣ ਲੱਗ ਪਈਆਂ | ਨੇੜੇ ਆ ਕੇ ਇਕ ਬੋਲਿਆ, “ਛੱਡ ਯਾਰ ਇਹ ਤਾਂ ਜੱਸੀ ਦੀ ਐ |” ਦੂਜਾ ਹੱਸ ਪਿਆ, “ਅੱਛਾ ਓਹੀ ਪੱਚੀਆਂ ਕਿੱਲਿਆਂ ਆਲੀ.... ਬਈ ਤਕੜਾ ਸ਼ਿਕਾਰੀ ਐ.... ਬਾਹਲੀ ਅਗਾਂਹ ਦੀ ਸੋਚਦੈ |”

ਮੂਹਰੇ ਬੈਠਾ ਮੁੰਡਾ ਗਗਨ ਦੇ ਬਿਲਕੁਲ ਨੇੜੇ ਹੋ ਗਿਆ, “ਚੰਗਾ ਸ਼ਿਕਾਰ ਲੱਭ ਕੇ ਕੁੜੱਕੀ ਲਾਈ ਐ |”

ਕਹਿੰਦਿਆਂ ਕਹਿੰਦਿਆਂ ਉਸਨੇ ਗਗਨ ਦੀ ਚੁੰਨੀ ਖਿੱਚ ਕੇ ਹਵਾ ਵਿੱਚ ਉਛਾਲ ਦਿੱਤੀ | ਚੁੰਨੀ ਲਾਗੇ ਜੰਡ ਵਿੱਚ ਜਾ ਫਸੀ | ਮੁੰਡੇ ਹਨੇਰੀ ਵਿਚ ਕਿਧਰੇ ਗੁਆਚ ਗਏ | ਉਹਨਾਂ ਦੀਆਂ ਗੱਲਾਂ ਗਗਨ ਨੂੰ ਤੀਰ ਵਾਂਗ ਵਿੰਨ ਗਈਆਂ | ਉਹ ਮੇਲੇ ਵਿੱਚ ਗੁਆਚ ਗਏ ਜੁਆਕ ਵਾਂਗ ਰੋ ਪਈ | ਜੰਡ ਵਿਚੋਂ ਚੁੰਨੀ ਕੱਢਦੀ.... ਖਿੱਚਦੀ, ਪਰ ਹੋਰ ਉਲਝ ਜਾਂਦੀ | ਲੀਰੋ-ਲੀਰ ਚੁੰਨੀ ਗਲ ਵਿਚ ਪਾ ਲਈ | ਰੋਂਦੀ ਨੇ ਸਾਇਕਲ ਚੁੱਕ ਲਿਆ | ਮਗਰੋਂ ਕਿਸੇ ਦੀ ਆਵਾਜ਼ ਕੰਨਾਂ ਵਿਚ ਪਈ, “ਆ ਜਾ ਬੀਬੀ.... ਆਸਰਾ ਲੈ ਲਾ.... ਗਾਹਾਂ ਨਾ ਜਾਵੀਂ.... ਅੱਜ ਖੌਰੇ ਕਿਹੜਾ ਪਾਪੀ ਬੈਠੇ ਪਹਿਰੇ ‘ਤੇ |” ਕਰਮੋਂ ਘੁਮਿਆਰੀ ਉਸਨੂੰ ਆਪਣੇ ਨੀਵੇਂ ਜਿਹੇ ਕੱਚੇ ਘਰ ਅੰਦਰ ਲੈ ਗਈ | ਇਕ ਪਾਸੇ ਕੁੱਲੀ ਹੇਠਾਂ ਆਤੂ ਘੁਮਿਆਰ ਤੇ ਉਸਦਾ ਮੂੰਡਾ ਬੈਠੇ ਸਨ | ਗੁਰਦੁਆਰੇ ਵਾਲੇ ਗਿਆਨੀ ਜੀ ਵੀ ਆਸਰਾ ਲੈਣ ਵਾਸਤੇ ਉਹਨਾਂ ਕੋਲ ਬੈਠੇ ਸਨ | ਕਰਮੋਂ ਨੇ ਉਸਨੂੰ ਮੰਜੀ ਡਾਹ ਦਿੱਤੀ, “ਸਿਆਣ ਲਿਆ ਬੀਬੀ ਮੈਨੂੰ.... ਮੈਂ ਥੋਡੇ ਘਰੋਂ ਲੱਸੀ ਲੈਣ ਜਾਨੀਂ ਹੁੰਨੀ ਆਂ.... ਥੋਡੀ ਲੱਸੀ ਤਿਓੜ ਵਰਗੀ ਹੁੰਦੀ ਐ.... ਤੇਰੀ ਮਾਂ ਦੱਸਦੀ ਹੁੰਦੀ ਤੈ.... ਕੁੜੀ ਸ਼ਹਿਰ ਪੜਨ ਜਾਂਦੀ ਐ.... ਬਾਹਲੀ ਲੈਕ ਐ |“ ਕਰਮੋਂ ਬੋਲੀ ਜਾ ਰਹੀ ਸੀ | ਗਗਨ ਹਾਲੇ ਵੀ ਘਾਇਲ ਪਰਿੰਦੇ ਵਾਂਗ ਸਹਿਮੀ ਡੁੰਨ-ਵੱਟਾ ਜਿਹਾ ਬਣੀ ਬੈਠੀ ਸੀ | ਗਿਆਨੀ ਜੀ ਕਹਿੰਦੇ, “ਕੁੜੀਆਂ ਤਾਂ ਅੱਜਕੱਲ ਮੁੰਡਿਆਂ ਨਾਲੋਂ ਵੱਧ ਪੜਦੀਆਂ ਨੇ | ਤੈਨੂੰ ਵੇਖ ਕੇ ਚਾਰ ਹੋਰ ਪਿੰਡ ਦੀਆਂ ਕੁੜੀਆਂ ਬਾਹਰ ਪੜਨ ਜਾਣਗੀਆਂ | ਤੂੰ ਤਾਂ ਕੁੜੇ ਪਿੰਡ ਦੀਆਂ ਕੁੜੀਆਂ ਵਾਸਤੇ ਉਦਾਹਰਣ ਐਂ |”

ਗਗਨ ਨੂੰ ਅੰਦਰੋਂ ਇਕ ਹੋਰ ਠੋਕਰ ਲੱਗੀ | ਅੱਜ ਤੋਂ ਬਾਅਦ ਖੌਰੇ ਏਸ ਪਿੰਡ ਦੀ ਕੁੜੀ ਨੂੰ ਕੋਈ ਸ਼ਹਿਰ ਪੜਨੇ ਭੇਜੇ ਜਾਂ ਨਾ | ਹੁਣ ਸ਼ਾਇਦ ਉਸਦੀ ਉਦਾਹਰਣ ਦਾ ਰੂਪ ਬਦਲ ਜਾਵੇ | ਸੋਚ ਕੇ ਉਸਦਾ ਨਿੱਜ ਖਿਲਰਣ ਲੱਗ ਪਿਆ |

“ਆਹ ਦੇਖੋ.... ਸਾਡਾ ਮੁੰਡਾ, ਦੋ ਵੇਰ ਪੰਜਵੀਂ ‘ਚੋਂ ਫੇਲ ਹੋ ਗਿਆ | ਐਤਕੀਂ ਸਕੂਲ ਈ ਨੀ ਗਿਆ |” ਆਤੂ ਘੁਮਿਆਰ ਨੇ ਆਪਣੇ ਨਿੱਕੇ ਜਿਹੇ ਮੁੰਡੇ ਵੱਲ ਇਸ਼ਾਰਾ ਕਰਕੇ ਆਖਿਆ |

“ਹੁਣ ਵਿਹਲਾ ਕੀ ਕਰਦੈ ?” ਗਿਆਨੀ ਨੇ ਪੁੱਛਿਆ |

“ਕਰਨਾ ਕੀ ਐ.... ਆਹ ਮਗਰਲੇ ਗਮਾਂਢੀਆਂ ਦਾ ਮੁੰਡਾ ਬਾਹਰੋਂ ਆਇਐ.... ਆਉਂਦੇ ਨੇ ਕੋਠੇ ਤੇ ਛਤਰੀ ਜਿਹੀ ਲਾ ਲਈ.... ਸਾਡਾ ਮੁੰਡਾ ਸਾਰਾ ਦਿਨ ਉਹਨਾਂ ਦੇ ਟੈਲੀਬੀਜ਼ਨ ਮੂਹਰੋਂ ਨੀ ਉੱਠਦਾ.... ਘਰੇ ਆ ਕੇ ਪੁੱਠੀਆਂ ਘਤਿੱਤਾਂ ਕਰਦੈ.... ਫਿਲਮਾਂ ਆਲਿਆਂ ਵੰਗੂੰ ਲੱਤਾਂ ਬਾਹਾਂ ਮਾਰੀ ਜਾਂਦੈ |”

ਗਿਆਨੀ ਜੀ ਹੱਸ ਪਏ, “ਸਾਡੇ ਜਵਾਕ ਤਾਂ ਨਿਰੇ ਕੋਰੇ ਕਾਗਜ਼ ਹੁੰਦੇ ਨੇ.... ਜੋ ਵੇਖਿਆ ਸੱਚ ਮੰਨ ਲਿਆ.... ਅੱਕ ਕੀ ਕੁਕੜੀ ਨੂੰ ਈ ਅੰਬ ਸਮਝ ਲੈਂਦੇ ਨੇ |”

ਗਗਨ ਦੇ ਅੰਦਰ ਜਿਵੇਂ ਰੁੱਗ ਭਰਿਆ ਗਿਆ | ਸੋਚਾਂ ਦੇ ਸਮੁੰਦਰ ਵਿਚ ਡੁੱਬਣ ਲੱਗ ਪਈ | ਦਿਲ ਨੂੰ ਕੁੰਡੀ ਲਾ ਲਈ | ਦਿਮਾਗ ਦੇ ਤਰਾਜ਼ੂ ‘ਤੇ ਜੱਸੀ ਦੀਆਂ ਗੱਲਾਂ ਨੂੰ ਤੋਲਦੀ ਰਹੀ | ਕਦੇ ਮੋਟਰਸਾਇਕਲ ਵਾਲੇ ਮੁੰਡਿਆਂ ਦੀ ਗੱਲ ਚੇਤੇ ਕਰਦੀ | ਕਿਤੇ ਨਾ ਕਿਤੇ ਦੋਹਾਂ ਵਿਚਕਾਰ ਕੋਈ ਤਾਰ ਜੁੜਦੀ ਨਜ਼ਰ ਆਈ | ਉਸਨੂੰ ਲੱਗਿਆ ਜਿਵੇਂ ਸਾਜ਼ਿਸ਼ ਦੇ ਘੇਰੇ ਅੰਦਰ ਕੈਦ ਹੋ ਗਈ | ਕੁਝ ਵੀ ਨਾ ਸੋਚ ਸਕੀ.... | ਅੱਖਾਂ ਵਿਚ ਅੱਥਰੂ ਆ ਗਏ | ਅੱਖਾਂ ਘੁੱਟ ਕੇ ਮੀਚ ਲਈਆਂ | ਹਨੇਰੇ ਵਿੱਚ ਕਈ ਭੂਤਾਂ ਵਰਗੇ ਚਿਹਰੇ ਘਰ ਦੇ ਬੂਹੇ ਮੂਹਰੇ ਸ਼ੋਰ ਪਾਉਂਦੇ ਨਜ਼ਰ ਆਏ | ਬਾਹਾਂ ਕੱਢ-ਕੱਢ ਗੱਲਾਂ ਕਰਦੇ | ਬਾਪੂ ਦੋਹਾਂ ਹੱਥਾਂ ਵਿਚਾਲੇ ਸਿਰ ਦੇਈ ਬੈਠਾ | ਪੱਗ ਹੇਠਾਂ ਡਿੱਗੀ ਹੋਈ | ਬੀਬੀ ਚੌਂਕੇ ਵਿੱਚ ਥਪਣਾ ਮਾਰੀ ਹੇਠਾਂ ਬੈਠੀ | ਚੁੰਨੀ ਨਾਲ ਮੂੰਹ ਕੱਜੀ ਡੁਸਕੀ ਜਾਂਦੀ | ਬੇਬੇ ਦੰਦ ਕਰੀਚ-ਕਰੀਚ ਬੀਬੀ ਨੂੰ ਮਿਹਣੇ ਦੇਈ ਜਾ ਰਹੀ ਹੈ | ਅੱਜ ਗਗਨ ਨੂੰ ਹੀ ਕੋੜਕੂ ਕਹਿੰਦੀ ਹੋਵੇਗੀ | ਬੀਬੀ ਸਭ ਕੁਝ ਸੁਣ ਕੇ ਵੀ ਚੁੱਪ ਹੈ | ਹਮੇਸ਼ਾਂ ਵਾਂਗ | ਬੇਬੇ ਮੂਹਰੇ ਕਦੇ ਨਹੀਂ ਬੋਲਦੀ |

ਗਗਨ ਨੂੰ ਅੰਦਰੋਂ ਸਭ ਕੁਝ ਤਿੜਕਦਾ ਨਜ਼ਰ ਆਇਆ | ਉਹ ਕੀਚਰਾਂ ਬਣ ਕੇ ਖਿੰਡਣ ਲੱਗ ਪਈ | ਨੰਗੀ ਕਿਰਚ ਵਾਂਗ ਲਿਸ਼ਕੀ ਬਿਜਲੀ ਨੇ ਉਸਦਾ ਧਿਆਨ ਤੋੜ ਦਿੱਤਾ | ਅੱਖਾਂ ਖੋਲ ਕੇ ਵੇਖਿਆ | ਮੀਂਹ ਵਰਣ ਲੱਗ ਪਿਆ | ਕੁੱਲੀ ਵੀ ਚਿਉਣ ਲੱਗ ਪਈ | ਆਤੂ ਮਿੱਟੀ ਦੇ ਭਾਂਡੇ ਇਕੱਠੇ ਕਰਨ ਲੱਗ ਪਿਆ | ਇਕ ਝੱਜਰ ਚੁੱਕ ਕੇ ਕਹਿੰਦਾ, “ਆਹ ਵੇਖੋ ਗਿਆਨੀ ਜੀ.... ਸਾਡੇ ਜਵਾਕ ਦੇ ਕੰਮ.... ਕਹਿੰਦਾ ਚਿਲਮ ਬਣਾਊਂਗਾ ਤੇ ਬਣਾਤੀ ਝੱਜਰ |”

ਮੁੰਡਾ ਉੱਠਕੇ ਕਹਿੰਦਾ, “ਓਹ ਤਾਂ ਮਿੱਟੀ ਵਧਗੀ ਸੀ | ਮੇਰਾ ਵਿਚਾਰ ਬਦਲ ਗਿਆ.... ਮੈਂ ਝੱਜਰ ਬਣਾਤੀ |”

ਗਿਆਨੀ ਜੀ ਹੱਸ ਪਏ, “ਵਾਹ ਬਈ ਪੁੱਤਰਾ.... ਤੇਰਾ ਵਚਾਰ ਬਦਲ ਗਿਆ ਤੇ ਮਿੱਟੀ ਦਾ ਆਕਾਰ ਬਦਲ ਗਿਆ | ਸਗੋਂ ਇਸਦਾ ਸੰਸਾਰ ਬਦਲ ਗਿਆ |”

“ਓਹ ਕਿਮੇਂ ?” ਮੁੰਡੇ ਨੇ ਭੋਲਾ ਜਿਹਾ ਮੂੰਹ ਬਣਾ ਕੇ ਗਿਆਨੀ ਜੀ ਨੂੰ ਪੁੱਛਿਆ |

“ਓਏ ਪੁੱਤਰਾ, ਚਿਲਮ ਬਣ ਜਾਂਦੀ ਤਾਂ ਮਘਦੀ ਰਹਿੰਦੀ.... ਮੱਚਦੀ ਰਹਿੰਦੀ | ਝੱਜਰ ਬਣਗੀ ਤਾਂ ਸੀਤਲ ਰਹੂਗੀ.... ਕਈਆਂ ਦਾ ਕਾਲਜਾ ਠਾਰੂਗੀ |”

ਕੁੱਲੀ ਵਿਚੋਂ ਤੇਜ਼ ਮੀਂਹ ਦੀ ਧਾਰ ਚੁੱਲੇ ਦੀ ਅੱਗ ‘ਤੇ ਆਣ ਪਈ | ਸ਼ੂੰ-ਸ਼ੂੰ ਕਰਕੇ ਅੱਗ ਠਰਣ ਲੱਗ ਪਈ | ਹਨੇਰਾ ਚੁੱਕਿਆ ਗਿਆ | ਜਿਵੇਂ ਕਿਸੇ ਨੇ ਚਾਰੇ ਪਾਸੇ ਚਾਨਣ ਤਰੌਂਕ ਦਿੱਤਾ ਹੋਵੇ | ਗਗਨ ਉੱਠ ਖਲੋਤੀ, ਸਾਇਕਲ ਨੂੰ ਕੱਚੇ ਪਹੇ ‘ਤੇ ਪਾ ਲਿਆ | ਕੱਚੇ ਪਹੇ ਦਾ ਰੇਤਾ ਥਾਈਂ ਸਥਿਰ ਹੋ ਕੇ ਸੁਗੰਧਿਤ ਹੋ ਗਿਆ | ਗਗਨ ਨੂੰ ਪਿੰਡ ਦੀ ਫਿਰਨੀ ‘ਤੇ ਆ ਕੇ ਆਪਣੇ ਘਰ ਦੇ ਚੁਬਾਰੇ ਘਰ ਦੇ ਚੁਬਾਰੇ ਸਾਫ਼ ਨਜ਼ਰ ਆ ਰਹੇ ਸਨ |

ਲੀਡਰਾਂ ਦੀ ਸਸਤੇ ਭਾਅ ਦੀ ਸੇਲ.......... ਵਿਅੰਗ / ਰਾਜਿੰਦਰ ਜੱਸਲ

ਆਉ ਜੀ, ਮੌਕੇ ਦਾ ਲਾਭ ਉਠਾਉ, ਚੋਣਾਂ ਦਾ ‘ਤਿਉਹਾਰ’ ਸਿਰ ‘ਤੇ ਹੈ | ਚੋਣਾਂ ਦੇ ਮੌਕੇ ਸਾਡੀ ਖ਼ਾਸ ਪੇਸ਼ਕਸ਼ | ਅਸੀਂ ਲਾ ਦਿੱਤੀ ਜੀ ਲੀਡਰਾਂ ਦੀ ਸੇਲ, ਉਹ ਵੀ ਭਾਰੀ ਡਿਸਕਾਊਂਟ ਤੇ | ਜਲਦੀ ਕਰੋ, ਆਉ ਤੇ ਖਰੀਦੋ | ਪੇਸ਼ਕਸ਼ ਪਹਿਲਾਂ ਆਉ ਤੇ ਖਰੀਦੋ | ਪੇਸ਼ਕਸ਼ ਪਹਿਲਾਂ ਆਉ ਤੇ ਪਹਿਲਾਂ ਪਾਉ ਦੇ ਆਧਾਰ ‘ਤੇ | ਸਾਡੇ ਕੋਲ ਹਰੇਕ ਵੰਨਗੀ ਦੇ ਲੀਡਰ ਹਨ | ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਨਵੇਂ ਪੁਰਾਣੇ ਲੀਡਰ ਸਾਡੇ ਕੋਲ ਉਪਲੱਭਧ ਹਨ | ਖਰੀਦਣ ਵੇਲੇ ਧਿਆਨ ਰੱਖੋ, ਕਿਸੇ ਲੀਡਰ ਦੀ ਕੋਈ ਗਰੰਟੀ ਨਹੀਂ, ਵਿਕਿਆ ਲੀਡਰ ਵਾਪਸ ਨਹੀਂ ਹੋਵੇਗਾ | ਚੰਗੀ ਤਰਾਂ ਦੇਖ ਪਰਖ ਕੇ ਖਰੀਦੋ | ਸਾਡਾ ਹਰੇਕ ਲੀਡਰ ਆਪਣੇ ਆਪ ਨੂੰ ਖੱਬੀ-ਖਾਨ ਸਮਝਦਾ ਹੈ | ਹਰ ਪਾਰਟੀ ਤੇ ਹਰ ਦਲ ਦਾ, ਪਿੰਡਾਂ ਦੇ ਪੰਚ ਤੋਂ ਲੈ ਕੇ ਲੋਕ ਸਭਾ ਦੇ ਐਮ.ਪੀ. ਪੱਧਰ ਦਾ ਆਗੂ ਸਾਡੇ ਕੋਲ ਵਿਕਣ ਲਈ ਰਾਖਵਾਂ ਹੈ | ਲੰਬਾ, ਛੋਟਾ, ਪਤਲਾ, ਮੋਟਾ, ਕਾਲਾ ਗੋਰਾ, ਅਨਪੜ, ਪੜਿਆ-ਲਿਖਿਆ ਲੀਡਰ ਅਸੀਂ ਆਪਣੀ ਸੇਲ ‘ਤੇ ਲਾ ਰੱਖਿਆ ਹੈ |

ਆਹ, ਵਿਕਾਊ ਲੀਡਰ ਰੰਗ ਬਦਲਣ ‘ਚ ਗਿਰਗਟ ਤੋਂ ਵੀ ਮਾਹਰ ਹੈ | ਅਜੇ ਗਿਰਗਟ ਤਾਂ ਕੁਝ ਸਮਾਂ ਲਾ ਦਿੰਦਾ ਹੈ, ਪਰ ਸਾਡਾ ਲੀਡਰ ਭੋਰਾ ਸਮਾਂ ਨਹੀਂ ਲਾਉਂਦਾ | ਮਾਇਆ ਲੱਗੀਆਂ ਪੱਗਾਂ ਵੱਖ-ਵੱਖ ਰੰਗਾਂ ਦੀਆਂ ਪਹਿਲਾਂ ਹੀ ਬੰਨ ਕੇ ਰੱਖੀਆਂ ਹੋਈਆਂ ਹਨ | ਬੱਸ ਇੱਕ ਲਾਹੀ ਤੇ ਦੂਜੀ ਸਿਰ ‘ਤੇ ਧਰੀ | ਇਹ ਲੀਡਰ ਭਾਸ਼ਣਾਂ ਰਾਹੀਂ ਲੋਕਾਂ ਨੂੰ ਉੱਲੂ ਬਨਾਉਣ ‘ਚ ਪੂਰਾ ਮਾਹਰ ਹੈ | ਕਿਸੇ ਮੇਲੇ-ਮੁਸਾਹਬੇ ‘ਕੱਠੇ ਹੋਏ ਲੋਕਾਂ ਤੇ ਜਾਦੂ ਚਲਾਉਣਾ ਇਹ ਚੰਗੀ ਤਰਾਂ ਜਾਣਦਾ ਹੈ | ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਅਤੇ ਕੀਤੇ ਵਾਅਦੇ ਕਰਕੇ ਮੁੱਕਰਨਾ ਇਹਦਾ ਖਾਨਦਾਨੀ ਸੁਭਾਅ ਹੈ |

ਅਹੁ ਪਰੇ ਬੈਠਾ ਲੀਡਰ ਵੋਟਾਂ ਖਰੀਦਣ ‘ਚ ਪੂਰਾ ਮਾਹਰ ਹੈ | ਵੋਟਾਂ ਦੇ ਭਾਅ ਨੂੰ ਉੱਚਾ ਨੀਵਾਂ ਕਰਨਾ ਇਦਾ ਚੁਟਕੀ ਦਾ ਕੰਮ ਹੈ | ਵੋਟਰਾਂ ਨੂੰ ਡਰਾ ਧਮਕਾ ਕੇ ਆਪਣੇ ਵੱਲ ਦਾ ਕਰਨਾ ਇਹਦੀ ਖੱਬੇ ਹੱਥ ਦੀ ਖੇਡ ਹੈ |

ਆਹ ਲੀਡਰ ਜਿਹੜਾ ਖੂੰਜੇ ਵਿੱਚ ਸੁੰਗੜਿਆ ਬੈਠਾ ਹੈ, ਇਹ ਅਜਿਹਾ ਚਾਲਬਾਜ਼ ਲੀਡਰ ਹੈ, ਕਿ ਚਾਲਬਾਜ਼ੀ ‘ਚ ਲੂੰਬੜੀ ਨੂੰ ਵੀ ਹਰਾਉਣ ਦੀ ਸਮਰੱਥਾ ਇਹਦੇ ‘ਚ ਹੈ | ਵੋਟਾਂ ਵੇਲੇ ਐਸੀਆਂ ਚਾਲਾਂ ਚੱਲਦਾ ਹੈ ਕਿ ਵਿਰੋਧੀ ਪਾਰਟੀ ਦੀ ਇੱਕ ਨਹੀਂ ਚੱਲਦੀ | ਆਉ, ਤੇ ਆਪਣਾ ਮਨਪਸੰਦ ਨੇਤਾ ਚੁਣ ਕੇ ਖਰੀਦੋ | ਐਸਾ ਨਾਯਾਬ ਮੌਕਾ ਫਿਰ ਤੁਹਾਡੇ ਹੱਥ ਨਹੀਂ ਲੱਗਣਾ | ਡਿਸਕਾਊਂਟ ਸੇਲ ਫਿਰ ਨਹੀਂ ਲੱਗਣੀ | ਵੋਟਾਂ ਤੋਂ ਬਾਅਦ ਇਹਨਾਂ ਦੇ ਭਾਅ ਅਸਮਾਨੀਂ ਚੜ ਜਾਣਗੇ | ਸਾਡੇ ਕੋਲ ਸਟਾਕ ਸੀਮਿਤ ਹੈ, ਪਰ ਫਿਰ ਵੀ ਜਨਤਾ ਦੀ ਭਾਰੀ ਮੰਗ ‘ਤੇ ਅਸੀਂ ਇਹ ਸੇਲ ਲਾਈ ਹੈ | ਇਥੇ ਵਿਕਣ ਵਾਲਾ ਹਰ ਲੀਡਰ ‘ਵਾਂਟਡ’ ਹੈ | ਤਕਰੀਬਨ ਹਰੇਕ ‘ਤੇ ਹੀ ਵੱਖ-ਵੱਖ ਥਾਣਿਆਂ ‘ਚ ਉਹ ਸਾਰੇ ਗੁਣ ਮੌਜੂਦ ਹਨ, ਜਿਹੜੇ ਕਿਸੇ ਆਮ ਖਾਸ ਲੀਡਰ ਵਿੱਚ ਹੋਣੇ ਚਾਹੀਦੇ ਹਨ |

ਅਹੁ ਜਿਹੜਾ ਲੀਡਰ, ਰੈਕ ਤੇ ਬਾਹਰ ਰੱਖਿਆ ਹੈ, ਉਹ ਸਭ ਤੋਂ ਪੁਰਾਣਾ ਹੈ | ਉਹਦੀ ਵਧੀ ਹੋਈ ਗੋਗੜ ਤੋਂ ਤੁਸੀਂ ਸਹਿਜੇ ਹੀ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਦੇਸ਼ ਦਾ ਪੈਸਾ ਹੜੱਪਣ ‘ਚ ਕਿੰਨਾ ਮਾਹਰ ਹੈ | ਕਈ ਵੱਡੇ ਘੋਟਾਲਿਆਂ ‘ਚ ਇਹਦਾ ਨਾਂ ਆਉਂਦਾ ਹੈ | ਸੜਕਾਂ, ਪੁਲਾਂ ਤੇ ਹੋਰ ਉਸਾਰੀਆਂ ‘ਚੋਂ ਠੇਕੇਦਾਰਾਂ ਰਾਹੀਂ ਖਾਧਾ ਮੋਟਾ ਕਮਿਸ਼ਨ ਇਹਦੇ ਢਿੱਡ ‘ਚ ਪਿਐ, ਪਰ ਹਜ਼ਮ ਨਾ ਹੋਣ ਕਰਕੇ ਹੀ ਇਹਦੀ ਗੋਗੜ ਵਧੀ ਹੋਈ ਹੈ | ਵਧੀ ਹੋਈ ਗੋਗੜ ਵਾਲੇ ਲੀਡਰ ਦੇ ਉਰਲੇ ਪਾਸੇ ਬੈਠਾ ਲੀਡਰ, ਜਿਹੜਾ ਡਰਾਉਣੀ ਜਿਹੀ ਸ਼ਕਲ ਦਾ ਹੈ, ਉਹ ਵੀ ਸ਼ਾਤਰ ਦਿਮਾਗ ਲੀਡਰ ਹੈ | ਅੰਦਰਖਾਤੇ ਬੱਸਾਂ-ਟਰੱਕਾਂ ਦੇ ਪਰਮਿਟ ਦਵਾਉਣੇ ਤੇ ਉਹਦੇ ‘ਚ ਏਨੀ ਸਫ਼ਾਈ ਕਿ ਚੰਗੇ ਤੋਂ ਚੰਗਾ ਜਾਦੂਗਰ ਵੀ ਮੂੰਹ ‘ਚ ਉਂਗਲਾਂ ਪਾਉਣ ਲਈ ਮਜ਼ਬੂਰ ਹੋ ਜਾਂਦਾ ਹੈ |

ਆਹ, ਜਿਹੜਾ ਲੀਡਰ ਖਸਿਆਣੀ ਜਿਹੀ ਹਾਸੀ ਹੱਸ ਰਿਹਾ ਹੈ, ਇਹ ਅੰਦਰੋਂ ਬੜਾ ਜ਼ਹਿਰੀ ਹੈ | ਵਿਧਾਨ ਸਭਾ ਦੀ ਕਾਰਵਾਈ ‘ਚ ਕੁਰਸੀਆਂ ਚਲਾਉਣ ਅਤੇ ਬੇ-ਵਜਾ ਸੰਘ ਪਾੜ-ਪਾੜ ਰੌਲਾ ਪਾਉਣ ‘ਚ ਪੂਰਾ ਮਾਹਰ ਹੈ | ਇਹਨੂੰ ਰਾਜਨੀਤਕ ਦਾਅ ਪੇਚ ਖੇਡਣੇ ਚੰਗੀ ਤਰਾਂ ਆਉਂਦੇ ਹਨ | ਜਦੋਂ ਪਾਰਟੀ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਬੜੀ ਸਫ਼ਾਈ ਨਾਲ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ | ਇਹ ਲੀਡਰ ਭ੍ਰਿਸ਼ਟਾਚਾਰ ਦੀ ਦਲਦਲ ‘ਚ ਗਰਦਨ ਤੱਕ ਖੁੱਭਿਆ ਪਿਐ | ਆਉਣ ਵਾਲੇ ਸਮੇਂ ‘ਚ ਦੇਸ਼ ਦੇ ਕੋਨੇ-ਕੋਨੇ ‘ਚ ਭ੍ਰਿਸ਼ਟਾਚਾਰੀ ਅਕੈਡਮੀਆਂ ਖੋਲਣ ਦੀ ਵਿਉਂਤ ਬਣਾ ਰਿਹੈ, ਜਿਥੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਦੇਸ਼ ਧRੋਹ ਦੇ ਨਵੇਂ ਨਵੇਂ ਗੁਰ ਸਿਖਾਏ ਜਾਣਗੇ |

ਆਹ ਲੀਡਰ ਭਾਵੇਂ ਅੰਗੂਠਾ ਛਾਪ ਹੈ ਪਰ ਸੁੱਖ ਨਾਲ ਐਮ.ਐਲ.ਏ. ਦੀ ਚੋਣ ਜਿੱਤ ਕੇ ਸਰਕਾਰ ‘ਚ ਸਿੱਖਿਆ ਮੰਤਰੀ ਰਹਿ ਚੁੱਕਾ ਹੈ | ਇਹਨੇ ਕਲਰਕਾਂ ਦੀਆਂ ਬਦਲੀਆਂ ਤੋਂ ਲੈ ਕੇ ਪਰਮੋਸ਼ਨਾਂ ਦੇ ਕੇਸ ਬੜੀ ਹਿੰਮਤ ਨਾਲ ਸਿਰੇ ਲਾ ਕੇ ਲੱਖਾਂ ਰੁਪਏ ਬਣਾਏ ਹਨ | ਮੰਤਰੀ ਬਣਨ ਤੋਂ ਪਹਿਲਾਂ ਇਹਦੇ ਚੁੱਲੇ-ਚੌਂਕੇ ਦੀਆਂ ਕੰਧੋਲੀਆਂ ਵੀ ਕੱਚੀਆਂ ਸਨ ਪਰ ਅੱਜਕੱਲ ਗੁਸਲਖਾਨੇ ‘ਚ ਮਹਿੰਗੀਆਂ ਟੂਟੀਆਂ ਆਲੇ ਫੁਹਾਰੇ ਲੱਗੇ ਵੇ ਐ | ਪਾਰਟੀ ਪ੍ਰਧਾਨ ਨਾਲ ਗੱਦਾਰੀ ਦੀ ਵਜਹ ਕਰਕੇ ਪਾਰਟੀ ‘ਚੋਂ ਛੇਕਿਆ ਗਿਆ ਤੇ ਅੱਜਕੱਲ ਫੇਰ ਵਿਕਣ ਲਈ ਤੁਹਾਡੇ ਸਾਹਮਣੇ ਹੈ |

ਆਹ ਮੇਰੇ ਖੱਬੇ ਪਾਸੇ ਵਾਲਾ ਲੀਡਰ ਚਿੱਟੇ-ਕੁੜਤੇ ਪਜਾਮੇ ‘ਚ ਉਤੋਂ ਤਾਂ ਭਾਵੇਂ ਸਾਫ਼-ਸੁਥਰਾ ਦਿਸਦੈ ਪਰ ਦਿਲ ਇਹਦਾ ਕਾਲਾ ਸ਼ਾਹ ਹੈ | ਵੋਟਾਂ ਵੇਲੇ ਪਾਰਟੀ ਪ੍ਰਚਾਰ ਕਰਨ ਵੇਲੇ ਵਿਰੋਧੀਆਂ ਨੂੰ ਨਿਹੱਥੇ ਕਰ ਸੁੱਟਣਾ ਹੀ ਇਹਦੀ ਖਾਸੀਅਤ ਹੈ | ਇਹਦੀ ਕੋਠੀ ਦਾ ਇੱਕ ਕਮਰਾ ਟਕੂਏ, ਡਾਂਗਾਂ, ਕਾਪੇ, ਤਲਵਾਰਾਂ ਤੇ ਹੋਰ ਹਥਿਆਰਾਂ ਨਾਲ ਤੁਨਿਆ ਰਹਿੰਦਾ ਹੈ | ਇਹਦੇ ਪੱਕੇ ਪਾਲੇ ਹੋਏ ਗੁੰਡੇ ਵੋਟਾਂ ‘ਚ ਇਹਦੀ ਵਰਤੋਂ ਕਰਦੇ ਹਨ | ਇਹ ਪੁਲਿਸ ਨਾਲ ਵੀ ਪਹਿਲਾਂ ਹੀ ‘ਨਿੱਬੜ’ ਲੈਂਦਾ ਹੈ | ਇਹਦਾ ਭਾਅ ਜ਼ਿਆਦਾ ਨਹੀਂ, ਬੱਸ ਤੁਸੀਂ ਲੈ ਜਾਉ |

ਅਹੁ, ਸਭ ਤੋਂ ਪਿਛਲੇ ਪਾਸੇ ਜਿਹੜਾ ਲੀਡਰ ਬੈਠਾ ਹੈ ਧੁਆਂਖੇ ਜਿਹੇ ਮੂੰਹ ਵਾਲਾ, ਇਹਦੀਆਂ ਖੂਬੀਆਂ ਛੇਤੀ-ਕਿਤੇ ਬਿਆਨ ਨਹੀਂ ਹੁੰਦੀਆਂ | ਇਹ ਵੋਟਾਂ ਵੇਲੇ ਨਸ਼ੇ ਵੰਡਣ ‘ਚ ਬੜਾ ਮਾਹਰ ਹੈ | ਆਪਣੇ ਹਲਕੇ ਦੇ ਨੌਜਵਾਨ ਵੋਟਰ ਤਾਂ ਇਸ ਪਤੰਦਰ ਨੇ ਪੱਕੇ ਨਸ਼ਈ ਬਣਾ ਰੱਖੇ ਹਨ | ਇਹ ਵੋਟਾਂ ਵੇਲੇ ਲਾਹਣ ਤੇ ਹੋਰ ਨਸ਼ੇ ਦਿਲ ਖੋਹਲ ਕੇ ਵੰਡਦਾ ਹੈ | ਲਾਹਣ ਦੇ ਡਰੰਮ ਤਾਂ ਇਹ ਮਹੀਨਾ-ਮਹੀਨਾ ਪਹਿਲਾਂ ਭਰਵਾ ਕੇ ਰੱਖ ਲੈਂਦਾ ਹੈ | ਗੋਲੀਆਂ ਤੇ ਕੈਪਸੂਲਾਂ ਦੇ ਪੱਤਿਆਂ, ਕੋਰੈਕਸ, ਫੈਂਸੀ ਡਰਿੱਲਾਂ ਦੀਆਂ ਸ਼ੀਸ਼ੀਆਂ ਦੇ ਆਰਡਰ ਪਹਿਲਾਂ ਹੀ ਬੁੱਕ ਕਰਵਾ ਦਿੰਦਾ ਹੈ |

ਆਹ ਜਿਹੜਾ ਭਲਵਾਨ ਟਾਈਪ ਲੀਡਰ ਡਰਾਉਣੇ ਜਿਹੇ ਚਿਹਰੇ ਵਾਲਾ ਬੈਠਾ ਹੈ, ਇਹਦਾ ਕੰਮ ਵੀ ਬੜਾ ‘ਠੁੱਕ’ ਆਲਾ ਹੈ | ਆਵਦੇ ਅਰਗੇ ਭਲਵਾਨ ਟਾਈਪ ਦਸ-ਬਾਰਾਂ ਮੁੰਡੇ ਇਹਦੇ ਚੇਲੇ ਐ | ਕਿਸੇ ਤੋਂ ਕੋਈ ਕਬਜ਼ਾ ਵਗੈਰਾ ਲੈਣਾ ਹੈ ਜਾਂ ਕਿਸੇ ਦੀ ਜਾਇਦਾਦ ‘ਤੇ ਨਜ਼ਾਇਜ਼ ਕਬਜ਼ਾ ਕਰਨ ਹੈ, ਇਹ ਘੁੱਗੀ ਨਹੀਂ ਖੰਘਣ ਦਿੰਦਾ | ਦੂਰ-ਦੂਰ ਤੋਂ ਇਹਦੇ ਕੋਲ ਸਾਈਆਂ ਬੁੱਕ ਹੁੰਦੀਐਂ | ਬੱਸ, ਇਹਦਾ ਰੇਟ ਦੂਜਿਆਂ ਨਾਲੋਂ ਵੱਧ ਹੈ ਕਿਉਂਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦੈ | ਤੁਸੀਂ ਖਰੀਦ ਕੇ ਤਾਂ ਦੇਖੋ | ਉਹਦੇ ਨਾਲ ਹੀ ਗਿੱਦੜ ਰੰਗੇ ਕੱਪੜਿਆਂ ‘ਚ ਜਿਹੜਾ ਲੀਡਰ ਬੈਠਾ ਹੈ, ਇਹਦੀ ਆਵਦੇ ਹਲਕੇ ਦੇ ਸਾਧਾਂ ਸੰਤਾਂ ਨਾਲ ਵਾਹਵਾ ਸੂਤ ਹੈ | ਉਹ ਵੋਟ ਬੈਂਕ ਤਾਂ ਇਹਦਾ ਪੱਕਾ ਹੀ ਹੈ, ਬਾਕੀ ਆਸੇ ਪਾਸੇ ਹੱਥ ਪੱਲਾ ਮਾਰਕੇ ਵਿਰੋਧੀਆਂ ਨੂੰ ਤਕੜੀ ਚੁਣੌਤੀ ਦੇਣ ਦੀ ਸਮਰੱਥਾ ਇਹਦੇ ‘ਚ ਹੈ | ਇਹਨੂੰ ਪਰਖਣ ‘ਚ ਕੋਈ ਹਰਜ਼ ਨਹੀਂ | ਬਾਕੀ ਜਦੋਂ ਸਰਕਾਰ ਮਾੜੀਆਂ-ਮੋਟੀਆਂ ਪੋਸਟਾਂ ਵਗੈਰਾ ਕੱਢਦੀ ਹੈ ਤਾਂ ਉਦੋਂ ਦਲਾਲੀ ‘ਸੋਹਣੀ’ ਕਰ ਲੈਂਦਾ ਹੈ | ਇਹ ਤਾਂ ਪੋਸਟਾਂ ਭਾਵੇਂ ਨਾ ਵੀ ਨਿਕਲੀਆਂ ਹੋਣ ਤਾਂ ਵੀ .......... | ਬੱਸ ਤੁਸੀਂ ਹੁਣ ਖਰੀਦ ਲਉ, ਇਹਦਾ ਰੇਟ ਸੂਤ ਈ ਐ, ਕੱਟ ਕਟਾ ਕੇ ਸਸਤਾ ਈ ਪਊਗਾ |

ਖਰੀਦੋ, ਅਜ਼ਮਾਓ, ਤੇ ਫ਼ੇਰ ਦੇਖੋ ਸਾਡੇ ਇਹਨਾਂ ਲੀਡਰਾਂ ਦਾ ਕਮਾਲ | ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਨਿੱਖਰ ਕੇ ਤੁਹਾਡੇ ਸਾਹਮਣੇ ਆਉਣਗੇ | ਆਉ ਤੇ ਖਰੀਦੋ ਹਰ ਤਰਾਂ ਦਾ ਲੀਡਰ | ਇਥੇ ਤੁਹਾਨੂੰ ਹਰ ਕਿਸਮ ਦਾ ਲੀਡਰ ਮਿਲੇਗਾ, ਪਰ ਉਹ ਨਹੀਂ ਮਿਲੇਗਾ ਜਿਸਦਾ ਇੰਤਜ਼ਾਰ ਹੈ | ਫ਼ਿਲਹਾਲ ਇਹਨਾਂ ਨਾਲ ਹੀ ਕੰਮ ਚਲਾਓ, ਆਉ ਤੇ ਖਰੀਦੋ |

ਮੈਂ ਕਹਾਣੀ ਕਿਉਂਕਰ ਲਿਖਦਾ ਹਾਂ.......... ਕਹਾਣੀ / ਸਆਦਤ ਹਸਨ ਮੰਟੋ

ਸਤਿਕਾਰਤ ਬੀਬੀਓ ਤੇ ਸਾਹਿਬੋ !

ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ |


ਇਹ ‘ਕਿਉਂਕਰ’ ਮੇਰੀ ਸਮਝ ਵਿੱਚ ਨਹੀਂ ਆਇਆ | ‘ਕਿਉਂਕਰ’ ਦੇ ਅਰਥ ਸ਼ਬਦ ਕੋਸ਼ ਵਿਚ ਤਾਂ ਇਹ ਮਿਲਦੇ ਨੇ : ‘ਕਿਵੇਂ ਤੇ ਕਿਸ ਤਰਾਂ’ |

ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ . ਇਹ ਬੜੀ ਉਲਝਣ ਦੀ ਗੱਲ ਹੈ . ਜੇ ‘ਕਿਸ ਤਰਾਂ ‘ਨੂੰ ਸਾਹਮਣੇ ਰੱਖਾਂ ਤਾਂ ਇਹ ਜਵਾਬ ਦੇ ਸਕਦਾ ਹਾਂ, “ਮੈਂ ਆਪਣੇ ਕਮਰੇ ਵਿਚ ਸੋਫੇ ਉਤੇ ਬੈਠ ਜਾਂਦਾ ਹਾਂ, ਕਾਗਜ-ਕਲਮ ਫੜਦਾ ਹਾਂ ਅਤੇ ਬਿਸਮਿੱਲਾਹ ਕਰਕੇ ਕਹਾਣੀ ਲਿਖਣੀ ਸੁਰੂ ਕਰ ਦਿੰਦਾ ਹਾਂ-ਮੇਰੀਆਂ ਤਿੰਨੇ ਬੱਚੀਆਂ ਰੌਲਾਂ ਪਾ ਰਹੀਆਂ ਹੁੰਦੀਆਂ ਨੇ . ਮੈਂ ਉਹਨਾਂ ਨਾਲ ਗੱਲਾ ਵੀ ਕਰਦਾ ਹਾਂ, ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾਂ ਵੀ ਕਰਦਾ ਹਾਂ . ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ . ਕੋਈ ਮਿਲਣ ਵਾਲਾ ਆ ਜਾਏ ਤਾਂ ਉਹਦੀ ਸੇਵਾ ਵੀ ਕਰਦਾ ਹਾਂ……ਪਰ ਕਹਾਣੀ ਲਿਖੀ ਜਾਂਦਾ ਹਾਂ .”

ਹੁਣ ‘ਕਿਵੇਂ’ ਦਾ ਸਵਾਲ ਆਏ ਤਾਂ ਮੈਂ ਇਹ ਕਹਾਂਗਾ : “ਮੈ ਓਦਾਂ ਹੀ ਕਹਾਣੀ ਲਿਖਦਾ ਹਾਂ, ਜਿੱਦਾਂ ਖਾਣਾ ਖਾਂਦਾ ਹਾਂ, ਨਹਾਉਂਦਾਂ ਹਾਂ, ਸਿਗਰਟ ਪੀਦਾਂ ਹਾਂ ਅਤੇ ਝੱਖ ਮਾਰਦਾ ਹਾਂ .”

ਜੇ ਇਹ ਪੁਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸਦਾ ਜਵਾਬ ਹਾਜ਼ਿਰ ਹੈ .

“ਮੈਂ ਕਹਾਣੀ ਅੱਵਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀਕਾਰੀ ਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ .”

ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜਾਂ ਮੈਂ ਸ਼ਰਾਬ ਨਹੀਂ ਪੀਤੀ .

ਮੈਂ ਕਹਾਣੀ ਨਹੀਂ ਲਿਖਦਾ, ਹਕੀਕਤ ਇਹ ਹੈ ਕਿ ਕਹਾਣੀ ਮੈਨੂੰ ਲਿਖਦੀ ਹੈ .

ਮੈਂ ਬੁਹਤ ਘੱਟ ਪੜਿਆ ਲਿਖਿਆ ਆਦਮੀ ਹਾਂ…ਉਂਝ ਤਾਂ ਵੀਹ ਤੋਂ ਉਤੇ ਕਿਤਾਬਾਂ ਲਿਖੀਆਂ ਨੇ, ਪਰ ਮੈਨੂੰ ਕਦੇ ਕਦੇ ਹੈਰਾਨੀ ਹੁੰਦੀ ਹੈ ਕਿ ਇਹ ਕੌਣ ਹੈ, ਜੀਹਨੇ ਏਨੀਆਂ ਅੱਛੀਆਂ ਕਹਾਣੀਆਂ ਲਿਖੀਆਂ ਨੇ, ਜਿਹਨਾਂ ਉਤੇ ਨਿਤ ਮੁਕੱਦਮੇ ਚਲਦੇ ਰਹਿੰਦੇ ਨੇ .

ਜਦੋ ਕਲਮ ਮੇਰੇ ਹੱਥ ਵਿਚ ਨਾ ਹੋਵੇ ਤਾਂ ਮੈਂ ਕੇਵਲ ਸਆਦਤ ਹਸਨ ਹੁੰਦਾ ਹਾਂ, ਜਿਹਨੂੰ ਉਰਦੂ ਆਉਂਦੀ ਹੈ, ਨਾ ਫਾਰਸੀ, ਅੰਗਰੇਜ਼ੀ ਨਾ ਫRਾਂਸੀਸੀ .

ਕਹਾਣੀ ਮੇਰੇ ਦਿਮਾਗ ‘ਚ ਨਹੀਂ, ਜੇਬ ਚ ਹੁੰਦੀ ਹੈ, ਜਿਸਦੀ ਮੈਨੂੰ ਕੋਈ ਖ਼ਬਰ ਨਹੀਂ ਹੁੰਦੀ . ਮੈਂ ਆਪਣੇ ਦਿਮਾਗ ‘ਤੇ ਜੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਏ ਕਹਾਣੀਕਾਰ ਬਣਨ ਦੀ ਵੀ ਬੁਹਤ ਕੋਸ਼ਿਸ਼ ਕਰਦਾ ਹਾਂ . ਸਿਗਰਟ ਤੇ ਸਿਗਰਟ ਫੂਕੀ ਜਾਂਦਾ ਹਾਂ .

ਅਣਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਵਸੂਲ ਕਰ ਚੁਕਿਆ ਹੁੰਦਾ ਹਾਂ, ਇਸ ਲਈ ਬੜੀ ਕੋਫ਼ਤ ਹੁੰਦੀ ਹੈ .

ਪਾਸੇ ਬਦਲਦਾ ਹਾਂ, ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਦਾਂ ਹਾਂ, ਬੱਚੀਆਂ ਨੂੰ ਝੂਲਾ ਝੁਲਾਉਂਦਾ ਹਾਂ, ਘਰ ਦਾ ਕੂੜਾ-ਕਬਾੜਾ ਸਾਫ਼ ਕਰਦਾ ਹਾਂ, ਨੰਨੇ ਮੁੰਨੇ ਜੁੱਤੇ, ਜੋ ਘਰ ‘ਚ ਥਾਂ-ਕੁਥਾਂ ਖਿੰਡੇ ਪਏ ਹੁੰਦੇ ਨੇ; ਚੁੱਕ ਕੇ ਇਕ ਥਾਂ ‘ਤੇ ਰੱਖਦਾ ਹਾਂ-ਪਰ ਕੰਬਖਤ ਕਹਾਣੀ, ਜੋ ਮੇਰੀ ਜੇਬ ‘ਚ ਪਈ ਰਹਿੰਦੀ ਹੈ, ਮੇਰੇ ਜ਼ਿਹਨ ‘ਚ ਉਤਰਦੀ ਨਹੀਂ ਅਤੇ ਮੈਂ ਤਿਲਮਿਲਾਉਦਾ ਰਹਿੰਦਾ ਹਾਂ .

ਜਦੋਂ ਬਹੁਤ ਜ਼ਿਆਦਾ ਕੋਫ਼ਤ ਹੁੰਦੀ ਹੈ ਤਾਂ ਬਾਥਰੂਮ ‘ਚ ਚਲਿਆ ਜਾਂਦਾ ਹਾਂ, ਪਰ ਉਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ . ਸੁਣਿਆ ਹੈ ਕਿ ਹਰ ਬੜਾ ਆਦਮੀ ਗੁਸਲਖ਼ਾਨੇ ਵਿਚ ਸੋਚਦਾ ਹੈ-ਮੈਂ ਗੁਸਲਖ਼ਾਨੇ ਵਿਚ ਵੀ ਨਹੀਂ ਸੋਚ ਸਕਦਾ .

ਹੈਰਤ ਹੈ ਕਿ ਫੇਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ ਬੜਾ ਕਹਾਣੀਕਾਰ ਹਾਂ .

ਮੈਂ ਇਹੀ ਕਹਿ ਸਕਦਾ ਹਾਂ ਕਿ ਮੇਰੇ ਆਲੋਚਕਾਂ ਦੀ ਖ਼ੁਸ਼ਫਹਿਮੀ ਹੈ ਜਾਂ ਮੈਂ ਉਨਾਂ ਦੀਆਂ ਅੱਖਾਂ ‘ਚ ਘੱਟਾ ਪਾ ਰਿਹਾ ਹਾਂ, ਉਹਨਾਂ ਉਤੇਂ ਕੋਈ ਜਾਦੂ ਕਰ ਰਿਹਾ ਹਾਂ .

ਕਿੱਸਾ ਇਹ ਹੈ ਕਿ ਮੈਂ ਖ਼ੁਦਾ ਨੂੰ ਹਾਜ਼ਿਰ ਨਾਜ਼ਿਰ ਰੱਖ ਕੇ ਕਹਿੰਦਾ ਹਾਂ ਕਿ ਮੈਂਨੂੰ ਇਸ ਬਾਰੇ ਕੋਈ ਇਲਮ ਨਹੀਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ਅਤੇ ਕਿਵੇਂ ਲਿਖਦਾ ਹਾਂ .

ਅਕਸਰ ਮੌਕਿਆਂ ‘ਤੇ ਅਜਿਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼ ਹੋਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ: “ਤੁਸੀਂ ਸੋਚੋ ਨਾ…ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਓ .”

ਮੈਂ ਉਹਦੇ ਕਹਿਣ ‘ਤੇ ਪੈਂਸਿਲ ਜਾਂ ਕਲਮ ਚੁੱਕਦਾ ਹਾਂ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ .

ਦਿਮਾਗ ਬਿਲਕੁਲ ਖਾਲੀ ਹੁੰਦਾ ਹੈ, ਪਰ ਜੇਬ ਭਰੀ ਹੁੰਦੀ ਹੈ ਅਤੇ ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆ ਜਾਂਦੀ ਹੈ

ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ, ਜੇਬ ਕਤਰਾ ਸਮਝਦਾ ਹਾਂ, ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਅਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ.

ਮੇਰੇ ਵਰਗਾ ਬੱਧੂ ਵੀ ਦੁਨੀਆਂ ‘ਚ ਕੋਈ ਹੋਰ ਹੋਊਗਾ ?

ਉੱਲੂ ਉੱਲੂ ਕਰਦੀ ਨੀ ਮੈਂ............ ਵਿਅੰਗ / ਐਚ ਐਸ ਡਿੰਪਲ

ਗਰਮੀਆਂ ਦੀਆਂ ਛੁੱਟੀਆਂ ਸਨ. ਛਾਵੇਂ ਬੈਠਾ ਅਖ਼ਬਾਰ ਪੜ ਰਿਹਾ ਸੀ ਕਿ ਨਜ਼ਰ ਇਕ ਖ਼ਬਰ ਤੇ ਅਟਕ ਗਈ. ਦੁਨੀਆਂ ਵਿਚ ਉੱਲੂਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ. ਮੈਂ ਇਕਦਮ ਨੇਤਾ ਸ੍ਰੀ ਉੱਲੂ ਪ੍ਰਸਾਦ ਜੀ ਦਾ ਫੋਨ ਖੜਕਾਇਆ. ਘੰਟੀ ਖੜਕਣ ਸਾਰ ਨੇਤਾ ਜੀ ਨੇ ਫੋਨ ਚੁੱਕਿਆ ਤੇ ਬੋਲੇ, \"ਦੱਸੋ ਜਨਾਬ, ਉੱਲੂ ਬੋਲ ਰਿਹਾ ਹਾਂ!\" ਮੈਂ ਇਕਦਮ ਲੱਗੇ ਝਟਕੇ ਤੋਂ ਸੰਭਲਿਆ, ਤੇ ਸਮੱਸਿਆ ਦੱਸੀ ਤਾਂ ਨੇਤਾ ਜੀ ਹੱਸੇ ਤੇ ਮੈਨੂੰ ਝਾੜਣ ਲੱਗੇ, \"ਲਓ ਕੀ ਪਾਪ ਕਰਨ ਡਹੇ ਹੋ ਸਾਜਰੇ-ਸਾਜਰੇ! ਉਹ ਵੀ ਸਾਡੇ ਸਨਮੁੱਖ. ਉੱਲੂ ਘਟ ਰਹੇ ਨੇ ਅਖੇ. ਉੱਲੂ ਤਾਂ ਸਗੋਂ ਵਧ ਰਹੇ ਨੇ. ਤੇ ਇਸ ਗੱਲ ਦਾ ਸਿਹਰਾ ਸਾਨੂੰ ਜਾਂਦਾ ਹੈ. ਸਭ ਨੂੰ ਤਾਂ ਉੱਲੂ ਬਣਾਈ ਜਾਂਦੇ ਹਾਂ. ਐਨੇ ਵਾਅਦੇ ਤੇ ਦਾਅਵੇ ਕੀਤੇ ਚੋਣਾਂ ਵੇਲੇ, ਤੇ ਮੰਤਰੀ ਵੀ ਬਣ ਗਏ, ਪਰ ਕੀਤਾ ਕੋਈ ਵਾਅਦਾ ਪੂਰਾ, ਨਹੀਂ ਨਾਂਹ? ਕਿੰਨੇ ਉੱਲੂ ਬਣਾ ਦਿੱਤੇ, ਇਕੋ ਚੁਟਕੀ ਦੇ ਨਾਲ. ਥੋੜੀ ਉਡੀਕ ਹੋਰ ਕਰੋ...... ਵੋਟਾਂ ਦਾ ਮੌਸਮ ਆਉਣ ਈ ਵਾਲਾ ਏ. ਹੋਰ ਉੱਲੂ ਬਣਾਵਾਂਗੇ, ਥੋਕ ਦੇ ਭਾਅ. ਵਾਅਦਾ ਰਿਹਾ. ਇਹ ਮੈਂ ਸੋਲਾਂ ਆਨੇ ਸੱਚ ਆਹਣਾਂ ਆਂ, ਉੱਲੂ ਨੀ ਬਣਾ ਰਿਹਾ ਥੋਡਾ.\" ਤੇ ਮੈਂ ਰਿਸੀਵਰ ਹੇਠਾਂ ਰੱਖਿਆ.
ਪਰ ਸ਼ੱਕ ਕਾਹਦਾ ਜਿਸਦਾ ਇਲਾਜ ਹੀ ਲੱਭ ਗਿਆ. ਮਨ ਚ ਰਹਿੰਦ ਖੂੰਹਦ ਸੀ ਅਤੇ ਮੈਂ ਸਾਈਕਲ ਨੂੰ ਅੱਡੀ ਲਾਈ ਤੇ ਜਾ ਪੁੱਜਾ ਸਕੂਲ. ਸੋਚ ਰਿਹਾ ਸੀ, ਸ਼ਾਇਦ ਸਕੂਲ ਚ ਕੋਈ ਮਿਲ ਜਾਵੇ. ਪਰ ਸਕੂਲ ਵਿਚ ਵੀ ਉੱਲੂ ਬੋਲ ਰਹੇ ਸਨ.......... ਮੈਨੂੰ ਨੇਤਾ ਜੀ ਦੀ ਬਾਣੀ ਸਹੀ ਜਾਪੀ. ਸਕੂਲ ਦੇ ਰੁੱਖਾਂ ਵੱਲ ਵੇਖ ਕੇ ਮੈਨੂੰ ਇਕਬਾਲ ਦਾ ਇਕ ਸ਼ੇਅਰ ਚੇਤੇ ਆਇਆ, \"ਹਰ ਸ਼ਾਖ ਪੇ ਉੱਲੂ ਬੈਠਾ ਹੈ!\"
ਪਰ ਦਿਲ ਮੰਨਣ ਦਾ ਨਾਂ ਨਾ ਲਏ. ਸਕੂਲ ਖੁਲਦਿਆਂ ਮੈਂ ਆਪਣਾ ਉੱਲੂ ਸਿੱਧਾ ਕਰਨ ਲਈ ਇਕ ਪਹਿਲੀ ਜਮਾਤ ਨੂੰ ਪੈਂਤੀ ਸੁਣਾਉਣ ਲਈ ਕਿਹਾ. A, ਉੱਲੂ! ਉਸਨੇ ਆਖਿਆ. ਮੈਂ ਆਖਿਆ, \"ਉੱਲੂ ਅਲੋਪ ਹੋ ਗਏ ਨੇ. A, ਊਠ ਕਿਹਾ ਕਰੋ.\" ਬੱਚੇ ਨੇ ਦਹਿਲਾ ਮਾਰਿਆ, ਮੈਂ ਕੋਈ ਨਹਿਲਾ ਤਾਂ ਮਾਰਿਆ ਨਹੀਂ ਸੀ, ਫਿਰ ਵੀ ਉਸ ਦਾ ਗੁੱਸਾ ਦੇਖਣ ਵਾਲਾ ਸੀ, \"ਕਿਹੜਾ ਉੱਲੂ ਦਾ ਪੱਠਾ ਕਹਿੰਦਾ ਏ. ਦੇਖ ਲਓ, ਸਾਰੇ ਬੱਚਿਆਂ ਦੇ ਕੈਦਿਆਂ ਵਿਚ ਉੱਲੂ ਏ.\" ਤੇ ਉਸਨੇ ਆਪਣਾ ਕਾਇਦਾ ਮੇਰੀਆਂ ਅੱਖਾਂ ਵਿਚ ਵਾੜ ਦਿੱਤਾ. ਮੈਂ ਆਪਣੀਆਂ ਮੋਟੀਆਂ ਐਨਕਾਂ ਵਿਚ ਦੀ ਵੇਖਣ ਦੀ ਕੋਸ਼ਿਸ਼ ਕਰਦਿਆਂ ਕਿਤਾਬ ਨੂੰ ਐਨ ਅੱਖਾਂ ਨਾਲ ਹੀ ਲਾ ਲਿਆ ਸੀ, ਕਿ ਮੈਨੂੰ ਜਾਪਿਆ ਜਿਵੇਂ ਬੱਚਾ ਕਹਿ ਰਿਹਾ ਹੋਵੇ, \"ਉੱਲੂ ਨੂੰ ਦੀਂਹਦਾ ਵੀ ਨੀ.\" ਤੇ ਲੱਗਾ ਜਿਵੇਂ ਟੀਚਰ ਨੂੰ ਟਿੱਚਰ ਕਰਦਾ ਹੋਵੇ, \"ਰਾਤ ਨੂੰ ਵੇਖੀਂ.\" ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਬਈ ਉੱਲੂਆਂ ਦੇ ਅਲੋਪ ਹੋਣ ਦੀ ਖ਼ਬਰ ਝੂਠੀ ਹੈ.
ਮੈਂ ਨੇਤਾ ਜੀ ਨੂੰ ਆਪਣੀ ਕਿਤਾਬ ਦੀ ਘੁੱੰਡ ਚੁਕਾਈ ਦੇ ਮੌਕੇ ਤੇ ਬੁਲਾਇਆ. ਨੇਤਾ ਜੀ ਨੇ ਪਹਿਲਾਂ ਤਾਂ ਕੁਝ ਨਹੀਂ ਪੁਛਿਆ ਪਰ ਕਿਤਾਬ ਦਾ ਘੁੰਡ ਚੁੱਕਿਆ ਤਾਂ ਕਿਤਾਬ ਦਾ ਟਾਈਟਲ ਦੇਖ ਕੇ ਉਨਾਂ ਦੇ ਮਿਰਚਾ ਲੜਣ ਲੱਗੀਆਂ, \"ਰਿਹਾ ਨਾਂਹ ਉੱਲੂ ਦਾ ਉੱਲੂ. ਸਾਡੀ ਉੱਲੂ ਨਾਲ ਤੁਲਨਾ ਕਰ ਰਹੇ ਹੋ. ਇਸ ਦਾ ਟਾਈਟਲ ਬਦਲੋ. \"ਹਰ ਸ਼ਾਖ ਪੇ \'ਨੇਤਾ\' ਬੈਠਾ ਹੈ\" ਨਹੀਂ ਚੱਲਣਾ. ਉੱਲੂ ਕਰੋ ਉੱਲੂ.\" ਮੈਂ ਸੱਚਮੁੱਚ ਉੱਲੂ ਬਣ ਗਿਆ ਸਾਂ ਸ਼ਾਇਦ!
ਅੱਖਾਂ ਦੀ ਬੀਮਾਰੀ ਨੇ ਬੜਾ ਤੰਗ ਕੀਤਾ ਸੀ. ਸਕੂਲ ਵਿਚ ਬੱਚਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸੀ. ਸੋ ਮੈਂ ਬਾਬਾ ਉੱਲੂ ਸ਼ਾਹ ਜੀ ਦੇ ਡੇਰੇ ਪੁੱਜਾ. ਹੋਰ ਵੀ ਅਨੇਕਾਂ ਲੋਕ ਸਨ ਉਥੇ. ਬਾਬਾ ਜੀ ਸਭ ਨੂੰ ਉੱਲੂ ਬਣਾ ਰਹੇ ਸਨ.
ਮੈਂ ਵੀ ਬਾਬਾ ਜੀ ਕੋਲ ਪੁੱਜਾ ਤੇ ਆਪਣੀ ਸਮੱਸਿਆ ਦੱਸੀ. ਬਾਬਾ ਜੀ ਨੇ \'ਐਡਵਾਂਸ ਕੈਸ਼ ਪੇਅਮੈਂਟ\' ਮੰਗੀ ਤੇ ਪੈਸੇ ਫਟਾ ਫਟ ਜੇਬ ਵਿਚ ਸੁੱਟਦਿਆਂ ਦੂਜੇ ਖੀਸੇ ਚੋਂ ਪੁੜੀ ਕੱਢ ਕੇ ਮੇਰੇ ਹਵਾਲੇ ਕਰ ਦਿੱਤੀ. ਮੈਂ ਪਾਸੇ ਤੇ ਹੋ ਕੇ ਆਪਣੇ ਅੱਖਾਂ ਦੇ ਵਿਚ ਦਵਾ ਪਾਈ, ਪਰ ਮੇਰੀ ਨਜ਼ਰ ਹੋਰ ਧੁੰਦਲੀ ਹੋ ਗਈ. ਮੁੜ ਬਾਬਾ ਜੀ ਨੂੰ ਅਰਜ਼ ਕੀਤੀ, ਤਾਂ ਬਾਬਾ ਜੀ ਬੋਲੇ, \"ਸ਼ਾਮ ਤੱਕ ਸਭ ਠੀਕ ਹੋ ਜਾਏਗਾ.\" ਜਿਓਂ ਜਿਓਂ ਸ਼ਾਮ ਹੁੰਦੀ ਗਈ, ਬਾਬਾ ਜੀ ਦੇ ਬੋਲ ਸਹੀ ਹੁੰਦੇ ਨਜ਼ਰ ਆਉਣ ਲੱਗੇ, ਨਜ਼ਰ ਸਾਫ਼ ਹੋਣ ਲੱਗੀ. ਰਾਤ ਨੂੰ ਵੀ ਐਨ ਦਿਨ ਵਾਂਗ ਦਿਸਣ ਲੱਗਾ. ਹਨੇਰੇ ਵਿਚ ਵੀ ਮੈਨੂੰ ਉੱਲੂ ਦੇ ਵਾਂਗ ਦਿਸਣ ਲੱਗਾ. ਮੈਂ ਬਾਬਾ ਜੀ ਦੇ ਖੂਬ ਸੋਹਲੇ ਗਾਏ. ਜਿਓਂ ਹੀ ਸਵੇਰ ਹੋਈ, ਮੈਂ ਉਠਿਆ, ਲੱਖ ਵਾਰ ਅੱਖਾਂ ਵਿਚ ਛਿੱਟੇ ਮਾਰੇ, ਪਰ ਨਜ਼ਰ ਧੁੰਦਲੀ ਤੇ ਅਸਪੱਸ਼ਟ ਹੀ ਨਹੀਂ, ਨਾਂਹ ਵਰਗੀ ਸੀ. ਪਹਿਲਾਂ ਮੈਂ ਬਾਬਾ ਜੀ ਵੱਲ ਜਾਣ ਦੀ ਸਲਾਹ ਬਣਾਈ. ਅਚਾਨਕ ਸਾਰਾ ਮਾਮਲਾ ਮੇਰੀ ਸਮਝ \'ਚ ਆ ਗਿਆ. ਬਾਬਾ ਜੀ ਨੇ ਮੈਂਨੂੰ ਉੱਲੂ ਬਣਾਇਆ ਸੀ. ਮੇਰੇ ਮੂੰਹੋਂ ਆਪ ਮੁਹਾਰੇ ਅਲਫਾਜ਼ ਨਿਕਲੇ, \"ਉੱਲੂ ਉੱਲੂ ਕਰਦੀ ਨੀ ਮੈਂ ਆਪੇ ਉੱਲੂ ਹੋਈ.\"
ਸੱਚਾਈ ਤਾਂ ਇਹ ਹੈ ਕਿ Aੱਲੂ ਇਕ ਬਹੁਤ ਹੀ ਸਿਆਣਾ ਪੰਛੀ ਹੁੰਦਾ ਹੈ, ਜਿਸ ਨੂੰ ਪੱਛਮ ਦੇ ਵਿਚ ਇਕ ਸ਼ਿਕਾਰੀ ਪੰਛੀ ਮੰਨਿਆਂ ਜਾਦਾ ਹੈ ਜੋ ਕਿ ਸੂਰਜਵੰਸ਼ੀ ਪੰਛੀ ਇੱਲ ਤੋਂ ਵੀ ਵੱਧ ਸਿਆਣਾ ਹੁੰਦਾ ਹੈ, ਭਾਵੇਂ ਕਿ ਉੱਲੂ ਇਕ ਚੰਦਰਵੰਸ਼ੀ ਪੰਛੀ ਹੈ. ਇਹ ਯੂਨਾਨ ਦੀ ਸਿਆਣਪ ਦੀ ਦੇਵੀ ਐਥੀਨਾ ਦਾ ਪ੍ਰਤੀਨਿਧ ਵੀ ਹੈ ਅਤੇ ਇਸ ਕਰਕੇ ਇਸ ਨੂੰ ਖੂਬ ਮਾਨਤਾ ਦਿੱਤੀ ਜਾਂਦੀ ਹੈ. ਭਾਰਤ ਦੇ ਵਿਚ ਉੱਲੂ ਨੂੰ ਮੂਰਖ ਪੰਛੀ ਮੰਨਣ ਦਾ ਇਕ ਵੱਡਾ ਕਾਰਣ ਇਹ ਵੀ ਹੈ ਕਿ ਇਹ ਮਾਂ ਲਕਸ਼ਮੀ ਦੇਵੀ ਦਾ ਵਾਹਨ ਹੈ, ਅਤੇ ਦੌਲਤ ਹਮੇਸ਼ਾ ਨਾਜ਼ਾਇਜ਼ ਢੰਗਾਂ ਦੇ ਨਾਲ ਹੀ ਇਕੱਤਰ ਕੀਤੀ ਜਾਂਦੀ ਹੈ. ਉਂਜ ਤਾਂ ਲਕਸ਼ਮੀ ਹਮੇਸ਼ਾ ਸ਼ੁੱਧ ਮਨਾਂ ਵਿਚ ਹੀ ਨਿਵਾਸ ਕਰਦੀ ਹੈ ਪਰ ਜਦ ਇਹ ਉੱਲੂ ਦੀ ਸਵਾਰੀ ਕਰਦੀ ਦਿਖਾਈ ਦਿੰਦੀ ਹੈ ਤਾਂ ਉਹ ਦੌਲਤ ਦੇ ਭ੍ਰਿਸ਼ਟਾਚਾਰ ਦਾ ਸੰਕੇਤ ਬਣਦੀ ਹੈ. ਇਸ ਲਈ ਭਾਰਤ ਦੇ ਵਿਚ ਉੱਲੂ ਮੂਰਖਤਾ, ਬਦਸੂਰਤੀ ਅਤੇ ਬਦਕਿਸਮਤੀ ਦਾ ਪ੍ਰਤੀਕ ਹੈ.