ਡੋਲੀ ਚੜ੍ਹਨ ਵੇਲੇ ਕੁੜੀਆਂ ਰੋਣੋ ਹਟ ਗਈਆਂ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਬਈ ਸਾਡੇ ਰੋਣ ਦੇ ਵੱਖ ਵੱਖ  ਰੂਪ  ਹੁੰਦੇ ਹਨ । ਜਦ ਕੋਈ ਮਰ ਮੁੱਕ ਜਾਂਦਾ ਹੈ ਤਾਂ ਉਸ ਵੇਲੇ ਦਾ ਰੋਣਾ ਹੋਰ ਹੁੰਦਾ । ਧੂੰਏ ਦੇ ਪੱਜ ਦਾ ਰੋਣ ਦੀਆਂ ਗੱਲਾਂ ਹੋਰ ਹੋਇਆ ਕਰਦੀਆਂ। ਡੂਢ  ਡੂਢ ਲੀਟਰ ਦਾਰੂ ਡੱਫਣ ਪਿਛੋਂ ਸ਼ਰਾਬੀਆਂ ਦਾ ਵਿੱਛੜ ਗਿਆਂ ਨੂੰ ਚੇਤੇ ਕਰਦੇ ਹੋਏ ਰੋ ਰੋ ਨਲੀਆਂ ਦੀਆਂ ਨਦੀਆਂ ਵਹਾ ਦੇਣੀਆਂ ਤੇ ਅੰਦਰੋਂ ਪੱਟ ਪੱਟ ਕੇ ਘੰਗਾਰਾਂ ਨਾਲ ਨਾਲਦਿਆਂ  ਦੀਆਂ ਲੋਈਆਂ  ਲਵੇੜ ਦੇਣਾ, ਇਸ ਰੋਣ ਦੇ  ਮੈਅਨੇ ਹੋਰ ਹੁੰਦੇ  । ਪਰ ਇਕ ਰੋਣਾ ਹੋਰ ਹੁੰਦਾ  ਜੋ ਸਾਰਿਆਂ ਦੇ ਸਾਂਝੇ ਸੱਚ ਨਾਲ ਜੁੜਿਆ ਹੁੰਦਾ ।ਜੋ ਸਭ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੰਦਾ ਹੈ । ਮਾਪਿਆ ਦੇ ਘਰੋਂ ਜਦ ਕਿਸੇ ਧਿਆਣੀ ਦੀ ਡੋਲੀ ਦੇ ਤੁਰਦੀ ਹੈ ਤਾਂ ਉਸ ਵੇਲੇ ਜੋ ਆਪ ਮੁਹਾਰੇ ਅੱਖਾਂ ਚੋਂ ਅੱਥਰੂ ਪਰਲ ਪਰਲ ਵਗ ਤੁਰਦੇ ਹਨ ਤਾਂ ਉਨਾਂ  ਹੰਝੂਆਂ ਹਉਂਕਿਆਂ  ਦੇ ਅਰਥ ਹੀ ਬੜੇ ਵੱਡੇ ਅਥਾਹ ਹੁੰਦੇ ਹਨ  ।

ਸੁਹਾਗਰਾਤ……… ਕਹਾਣੀ / ਅਵਤਾਰ ਸਿੰਘ ਬਸਰਾ ਮੈਲਬੌਰਨ

“ਹੌਲੀ ਬੋਲੋ! ਕਿਸੇ ਨੇ ਸੁਣ ਲਿਆ ਤਾਂ ਕੀ ਮੂੰਹ ਵਿਖਾਵਾਂਗੇ। ਸਵੇਰ ਦੀ ਰੋਈ ਜਾਂਦੀ ਸੀ। ਹਾਉਕੇ ਲੈਂਦੀ-ਲੈਂਦੀ ਹੁਣੇ ਮਸਾਂ ਸੁੱਤੀ ਆ।ਦਿਨ ਚੜਦਾ ਤਾਂ ਵਿਚੋਲਿਆਂ ਨੂੰ ਪਿੱਟਦੀ ਆਂ ਮੈਂ। ਰੱਬ ਨਰਕਾਂ ਵਿਚ ਢੋਈ ਨਾ ਦੇਵੇ ਇਹਨਾਂ ਕੰਜਰਾਂ ਨੂੰ। ਮੈਂ ਤਾਂ ਕਹਿੰਦੀ ਇਹਦੀ ਧੀ ਰੰਡੀ ਹੋਵੇ ਫਿਰ ਪਤਾ ਲੱਗੂ ।” ਹਰਲੀਨ ਦੀ ਮਾਂ ਉਸਦੇ ਪਿਉ ਨੂੰ ਚੁੱਪ ਰਹਿਣ ਲਈ ਵਾਸਤੇ ਪਾ ਰਹੀ ਸੀ। ਪਰ ਖ਼ੁਦ ਆਪਣੀ ਭੈਣ ਦਾ ਸਿਆਪਾ-ਪਿੱਟਣਾ ਕਰ ਰਹੀ ਸੀ। ਅੱਜ ਪੂਰਾ ਦਿਨ ਕਲੇਸ਼ ਹੁੰਦਾ ਰਿਹਾ। ਦੋਸ਼ੀ ਕੌਣ ਸੀ? ਉਸਦੇ ਕਰਮ ਜਾਂ ਵਿਚੋਲਾ? ਪਤਾ ਨਹੀ। ਸਜ਼ਾ ਭੁਗਤ ਰਹੀ ਸੀ, ਹਰਲੀਨ ਤੇ ਉਸਦੇ ਮਾਪੇ। ਪੇਟੀਆਂ ਵਾਲੇ ਕਮਰੇ ਦੀ ਇਕ ਨੁੱਕਰੇ ਰਜਾਈ ਵਿਚ ਮੂੰਹ ਲੁਕਾਈ ਹਰਲੀਨ ਸਭ ਕੁਝ ਸੁਣ ਰਹੀ ਸੀ। ਮਾਂ-ਪਿਉ ਦੇ ਲੱਖ ਵਾਸਤੇ ਪਾਉਣ ਦੇ ਬਾਵਜੂਦ ਵੀ ਸੀਤਾ ਆਪਣੀ ਭੈਣ ਨੂੰ ਅੱਜ ਲੈ ਆਇਆ। ਉਸਤੋਂ ਆਪਣੀ ਭੈਣ ਦੀ ਪਿਛਲੇ ਛੇ ਮਹੀਨਿਆਂ ਤੋਂ ਹੋ ਰਹੀ ਬੁਰੀ ਹਾਲਤ ਵੇਖੀ ਨਾ ਗਈ। ਸੁਹਾਗਰਾਤ ਤੋਂ ਲੈ ਕੇ ਅਜ ਤੱਕ ਛੇਆਂ ਮਹੀਨਿਆਂ ਵਿਚ ਹਰਲੀਨ ਨਿੱਤ ਘੁੱਟ-ਘੁੱਟ ਮਰਦੀ ਰਹੀ। ਉਸਦੇ ਸਹੁਰੇ ਪਿੰਡ ਤੋਂ ਆਂਢੀ-ਗੁਆਂਢੀ ਦੂਜੇ-ਚੌਥੇ ਉਸਦੇ ਪੇਕੇ ਆ ਦਸਦੇ ਕਿ ਤੁਹਾਡੀ ਕੁੜੀ ਨਰਕ ਭੋਗ ਰਹੀ ਹੈ। ਬਥੇਰੀ ਕੁੱਟ-ਮਾਰ ਵੀ ਹੋਈ, ਪਰ ਹਰਲੀਨ ਨੂੰ ਆਪਣੇ ਮਾਪਿਆਂ ਦੀ ਹਾਲਤ ਬਾਰੇ ਪਤਾ ਸੀ। ਇਸ ਲਈ ਉਹ ਚੁੱਪ ਰਹੀ।ਸੀਤਾ ਪਲਾਟ ਤਾਂ ਨਾ ਲੈ ਸਕਿਆ, ਪਰ ਹਰਲੀਨ ਨੂੰ ਲੈ ਆਇਆ।