“ਹੌਲੀ
ਬੋਲੋ! ਕਿਸੇ ਨੇ ਸੁਣ ਲਿਆ ਤਾਂ ਕੀ ਮੂੰਹ ਵਿਖਾਵਾਂਗੇ। ਸਵੇਰ ਦੀ ਰੋਈ ਜਾਂਦੀ ਸੀ।
ਹਾਉਕੇ ਲੈਂਦੀ-ਲੈਂਦੀ ਹੁਣੇ ਮਸਾਂ ਸੁੱਤੀ ਆ।ਦਿਨ ਚੜਦਾ ਤਾਂ ਵਿਚੋਲਿਆਂ ਨੂੰ ਪਿੱਟਦੀ ਆਂ
ਮੈਂ। ਰੱਬ ਨਰਕਾਂ ਵਿਚ ਢੋਈ ਨਾ ਦੇਵੇ ਇਹਨਾਂ ਕੰਜਰਾਂ ਨੂੰ। ਮੈਂ ਤਾਂ ਕਹਿੰਦੀ ਇਹਦੀ ਧੀ
ਰੰਡੀ ਹੋਵੇ ਫਿਰ ਪਤਾ ਲੱਗੂ ।” ਹਰਲੀਨ ਦੀ ਮਾਂ ਉਸਦੇ ਪਿਉ ਨੂੰ ਚੁੱਪ ਰਹਿਣ ਲਈ ਵਾਸਤੇ
ਪਾ ਰਹੀ ਸੀ। ਪਰ ਖ਼ੁਦ ਆਪਣੀ ਭੈਣ ਦਾ ਸਿਆਪਾ-ਪਿੱਟਣਾ ਕਰ ਰਹੀ ਸੀ। ਅੱਜ ਪੂਰਾ ਦਿਨ ਕਲੇਸ਼
ਹੁੰਦਾ ਰਿਹਾ। ਦੋਸ਼ੀ ਕੌਣ ਸੀ? ਉਸਦੇ ਕਰਮ ਜਾਂ ਵਿਚੋਲਾ? ਪਤਾ ਨਹੀ। ਸਜ਼ਾ ਭੁਗਤ ਰਹੀ ਸੀ,
ਹਰਲੀਨ ਤੇ ਉਸਦੇ ਮਾਪੇ। ਪੇਟੀਆਂ ਵਾਲੇ ਕਮਰੇ ਦੀ ਇਕ ਨੁੱਕਰੇ ਰਜਾਈ ਵਿਚ ਮੂੰਹ ਲੁਕਾਈ
ਹਰਲੀਨ ਸਭ ਕੁਝ ਸੁਣ ਰਹੀ ਸੀ। ਮਾਂ-ਪਿਉ ਦੇ ਲੱਖ ਵਾਸਤੇ ਪਾਉਣ ਦੇ ਬਾਵਜੂਦ ਵੀ ਸੀਤਾ
ਆਪਣੀ ਭੈਣ ਨੂੰ ਅੱਜ ਲੈ ਆਇਆ। ਉਸਤੋਂ ਆਪਣੀ ਭੈਣ ਦੀ ਪਿਛਲੇ ਛੇ ਮਹੀਨਿਆਂ ਤੋਂ ਹੋ ਰਹੀ
ਬੁਰੀ ਹਾਲਤ ਵੇਖੀ ਨਾ ਗਈ। ਸੁਹਾਗਰਾਤ ਤੋਂ ਲੈ ਕੇ ਅਜ ਤੱਕ ਛੇਆਂ ਮਹੀਨਿਆਂ ਵਿਚ ਹਰਲੀਨ
ਨਿੱਤ ਘੁੱਟ-ਘੁੱਟ ਮਰਦੀ ਰਹੀ। ਉਸਦੇ ਸਹੁਰੇ ਪਿੰਡ ਤੋਂ ਆਂਢੀ-ਗੁਆਂਢੀ ਦੂਜੇ-ਚੌਥੇ ਉਸਦੇ
ਪੇਕੇ ਆ ਦਸਦੇ ਕਿ ਤੁਹਾਡੀ ਕੁੜੀ ਨਰਕ ਭੋਗ ਰਹੀ ਹੈ। ਬਥੇਰੀ ਕੁੱਟ-ਮਾਰ ਵੀ ਹੋਈ, ਪਰ
ਹਰਲੀਨ ਨੂੰ ਆਪਣੇ ਮਾਪਿਆਂ ਦੀ ਹਾਲਤ ਬਾਰੇ ਪਤਾ ਸੀ। ਇਸ ਲਈ ਉਹ ਚੁੱਪ ਰਹੀ।ਸੀਤਾ ਪਲਾਟ
ਤਾਂ ਨਾ ਲੈ ਸਕਿਆ, ਪਰ ਹਰਲੀਨ ਨੂੰ ਲੈ ਆਇਆ।
ਸੁਹਾਗਰਾਤ ਵਾਲੇ ਦਿਨ ਉਸਦੇ ਵਲੈਤੀਏ ਪਤੀ ਨੇ ਪਹਿਲੀ ਗੱਲ ਪੁੱਛੀ, “ਲਿਆ! ਉਸ ਪਲਾਟ ਦੇ ਪੇਪਰ ਕਿਥੇ ਆ?”
“ਕਿਹੜਾ ਪਲਾਟ ਅਤੇ ਕਿਹੜੇ ਪੇਪਰ ਜੀ?”, ਹਰਲੀਨ ਹੱਕੀ-ਬੱਕੀ ਰਹਿ ਗਈ।
“ਕੀ ਮਤਲਬ ਤੇਰਾ? ਤੇਰਾ ਬਾਹਰ ਦਾ ਵੀਜ਼ਾ ਉਸ ਪਲਾਟ ਸਿਰ ‘ਤੇ ਹੀ ਲਗਣਾ। ਵਿਚੋਲਾ ਕਹਿੰਦਾ ਸੀ, ਕੁੜੀ ਨਾਂ ਤੇਰਾਂ ਮਰਲੇ ਦਾ ਪਲਾਟ ਹੈ ਬਸ ਅੱਡੇ ਨੇੜੇ।”
“ਕੀ?” ਹਰਲੀਨ ਦੇ ਚਿਹਰੇ ਦਾ ਰੰਗ ਫਿਕਾ ਪੈਣ ਲੱਗਾ।ਉਸ ਦੀ ਜੁਬਾਨ 'ਤੇ ਸ਼ਬਦ ਨਹੀ ਆ ਰਹੇ ਸਨ।
“ਚਲ ਲਿਆ ਹੁਣ! ਮੈਂ ਮੰਮੀ ਹੋਰਾਂ ਨੂੰ ਪੇਪਰ ਦੇ ਆਵਾਂ, ਫਿਰ ਆਪਾਂ ਕਰਦੇ ਪਿਆਰ ਦੀਆਂ ਗੱਲਾਂ ਸਾਰੀ ਰਾਤ ।”
“ਪ..ਅ..ਰ...ਪਰ” ਹਰਲੀਨ ਨੇ ਆਪਣੇ ਪਤੀ ਨੂੰ ਜੁਆਬ ਦੇਣਾ ਚਾਹਿਆ। ਪਰ ਸ਼ਰਾਬ ਦੀ ਹਵਾੜ ਵਿਚ ਉਸਦੇ ਬੋਲ ਗੁਆਚ ਗਏ।
“ਪਰ-ਪੁਰ ਛੱਡ।ਤੈਨੂੰ ਦੱਸਾਂ? ਮੈਂ ਆਪਣੇ ਫ਼ਰੈਂਡ ਤੋਂ ਪਤਾ ਕਰਵਾਇਆ । ਪੂਰੇ ਅੱਸੀ ਲੱਖ ਦੀ ਬਣਦੀ ਉਹ ਜ਼ਮੀਨ।” ਆਪਣੇ ਪਤੀ ਦੀਆਂ ਗੱਲਾਂ ਸੁਣਕੇ ਹਰਲੀਨ ਨੂੰ ਇੰਝ ਜਾਪਿਆ ਜਿਵੇਂ ਉਸਦਾ ਸਿਰ ਫ਼ਟ ਜਾਵੇਗਾ। ਅਜੀਬ ਜਿਹੇ ਕਿਸਮ ਦੇ ਡਰ ਨਾਲ ਆਉਂਦੀਆਂ ਤ੍ਰੇਲੀਆਂ ਨੂੰ ਉਹ ਵਾਰ-ਵਾਰ ਪੂੰਝਦੀ। ਸ਼ਰਾਬ ਦੀ ਹਵਾੜ ਨੂੰ ਰੋਕਣ ਲਈ ਉਸਨੇ ਆਪਣੇ ਸੁਹਾਗ ਦੇ ਗੋਟੇ ਵਾਲੀ ਚੁੰਨੀ ਨੂੰ ਮੂੰਹ ਦੁਆਲੇ ਲਪੇਟਣਾ ਚਾਹਿਆ। ਪਰ ਉਸਦੇ ਪਤੀ ਨੇ ਉਸਦੇ ਹੱਥ ਘੁਟ ਕੇ ਫੜ ਲਏ। ਨਸ਼ੇ ਦੀ ਹਾਲਤ ਵਿਚ ਉਸਦੀਆਂ ਅੱਖਾਂ ਬੰਦ ਹੋ ਰਹੀਆਂ ਸਨ। ਹਰਲੀਨ ਨੇ ਤਾਂ ਸੋਚਿਆ ਸੀ, ਸੁਹਾਗਰਾਤ ਵਾਲੇ ਦਿਨ ਉਸਦਾ ਪਤੀ ਪੋਲੇ ਜਿਹੇ ਠੋਡੀ ਹੇਠਾਂ ਹੱਥ ਧਰਕੇ ਉਸਦਾ ਮੁਖੜਾ ਉਪਰ ਚੁੱਕੇਗਾ, ਅੱਖਾਂ ਵਿਚ ਅੱਖਾਂ ਪਾਵੇਗਾ। ਉਹ ਸ਼ਰਮਾ ਜਾਏਗੀ। ਉਹ ਸਾਰੀ ਰਾਤ ਇਕ-ਦੂਜੇ ਦੇ ਹੱਥ ਫੜਕੇ ਬੜੀਆਂ ਗੱਲਾਂ ਕਰਨਗੇ। ਉਸਦਾ ਪਤੀ ਮਹਿੰਦੀ ਵਾਲੇ ਹੱਥ ਚੁੰਮਦਿਆਂ ਕਿੰਨੀ ਹੀ ਵਾਰ ਉਸਦਾ ਲਾਲ ਰੰਗ ਵਾਲਾ ਬਾਹਾਂ ਵਿਚ ਪਾਇਆ ਚੂੜਾ ਦੇਖੇਗਾ। ਅੱਜ ਦੀ ਰਾਤ ਉਹ ਦੁੱਖ-ਸੁੱਖ ਵਿਚ ਸਾਰੀ ਉਮਰ ਇਕ-ਦੂਜੇ ਦਾ ਸਾਥ ਦੇਣ ਦੀਆਂ ਸੌਂਹਾਂ ਖਾਣਗੇ। ਇਕ ਗੱਲ ਉਸਦੇ ਚੇਤੇ ਵਿਚ ਹੋਰ ਆਈ, ਇਕ ਵਾਰ ਉਹ ਆਪਣੀ ਮਾਂ ਨਾਲ ਪਿੰਡ ਦੇ ਅੱਡੇ 'ਤੇ ਬੱਸ ਦੀ ਉਡੀਕ ਕਰ ਰਹੀ ਸੀ। ਦੂਜੇ ਪਾਸਿਉਂ ਨਵ-ਵਿਆਹਿਆ ਜੋੜਾ ਸਾਈਕਲ 'ਤੇ ਆ ਰਿਹਾ ਸੀ। ਲਾੜਾ ਸਾਈਕਲ ਦੇ ਦੋ-ਤਿੰਨ ਪੈਂਡਲ ਪੂਰੇ ਜ਼ੋਰ ਨਾਲ ਖਿੱਚ ਕੇ ਮਾਰਦਾ ਤੇ ਫਿਰ ਘੜੀ-ਮੁੜੀ ਘੁੰਮ-ਘੁੰਮ ਕੇ ਪਿੱਛੇ ਬੈਠੀ ਵਹੁਟੀ ਦਾ ਚੂੜਾ ਦੇਖਦਾ। ਬਸ ਅੱਡੇ ਟਾਹਲੀ ਦੀ ਛਾਂਵੇਂ ਉਸਨੇ ਦਮ ਮਾਰਨ ਲਈ ਸਾਈਕਲ ਡੱਕਿਆ। ਜਦੋਂ ਉਸਨੇ ਪਾਣੀ ਨਾਲ ਅੱਖਾਂ ਵਿਚ ਛਿੱਟੇ ਮਾਰਨੇ ਚਾਹੇ ਤਾਂ ਵਹੁਟੀ ਨਲਕਾ ਗੇੜਨ ਲਈ ਨਲਕੇ ਦੀ ਹੱਥੀ ਵੱਲ ਨੂੰ ਵਧੀ। ਪਰ ਮੁੰਡੇ ਨੇ ਉਸਨੂੰ ਰੋਕ ਦਿਤਾ। ਫਿਰ ਪਹਿਲਾਂ ਉਸਨੇ ਨਲਕਾ ਗੇੜ ਕੇ ਵਹੁਟੀ ਨੂੰ ਪਾਣੀ ਪਿਆਇਆ ਤੇ ਬਾਦ ਵਿਚ ਆਪ ਪੀਤਾ। ਪਾਣੀ ਪੀਣ ਤੋਂ ਬਾਦ ਪਰੇ ਖਲੋ ਕਿੰਨਾ ਚਿਰ ਮਸ਼ਕਰੀਆਂ ਕਰਦੇ ਰਹੇ। ਏਨੇ ਵਿਚ ਬੱਸ ਆਉਂਦੀ ਵੇਖ ਕੇ ਹਰਲੀਨ ਦੀ ਮਾਂ ਉਠ ਖੜੀ। ਹੁਣ ਉਹਨਾਂ ਦੀ ਪਿੱਠ ਉਸ ਜੋੜੇ ਵੱਲ ਸੀ। ਹਰਲੀਨ ਨੇ ਚੋਰ ਅੱਖ ਨਾਲ ਦੇਖਿਆ ਕਿ ਮੁੰਡੇ ਨੇ ਸ਼ਰਾਰਤੀ ਅੰਦਾਜ ਵਿਚ ਵਹੁਟੀ ਦੀ ਵੱਖੀ ਵਿਚ ਦੋ ਚੂੰਡੀਆਂ ਵੱਢੀਆਂ ਅਤੇ ਵਹੁਟੀ ਨੇ ਰਤਾ ਪਿਛਾਂਹ ਹੋ ਕੇ ਉਹਨਾਂ ਵੱਲ ਇਸ਼ਾਰਾ ਕਰਕੇ ਲਾੜੇ ਨੂੰ ਕੁਝ ਸਮਝਾਇਆ। ਉਹਨਾਂ ਦੀਆਂ ਹਰਕਤਾਂ ਦੇਖ ਕੇ ਹਰਲੀਨ ਦਾ ਹਾਸਾ ਨਿਕਲ ਗਿਆ। ਵਿਆਹ ਤੋਂ ਪਹਿਲਾਂ ਜਦੋਂ ਵੀ ਹਰਲੀਨ ਨੂੰ ਇਹ ਖਿਆਲ ਆਉਂਦਾ ਕਿ ਉਹ ਆਪਣੇ ਸਹੁਰੇ ਘਰ ਕਿਵੇਂ ਵਿਚਰੇਗੀ ਤਾਂ ਆਪਣੇ ਹੋਣ ਵਾਲੇ ਪਤੀ 'ਤੇ ਉਸਦਾ ਭਰੋਸਾ ਰੱਬ ਨਾਲੋਂ ਜ਼ਿਆਦਾ ਹੁੰਦਾ। ਉਹ ਸੋਚਦੀ ਉਸਨੂੰ ਡਰਨ ਦੀ ਕੀ ਲੋੜ ਹੈ। ਉਸਦਾ ਪਤੀ ਸਭ ਕੁਝ ਦੱਸ ਦੇਵੇਗਾ। ਵਿਚੋਲੇ ਕਿਹੜਾ ਲਾਂਬੋਂ ਸੀ। ਹਰਲੀਨ ਦੇ ਮਾਸੀ-ਮਾਸੜ ਤਾਂ ਸਨ। ਵਿਚੋਲਾ ਦਸਦਾ ਸੀ ਕਿ ਮੁੰਡੇ ਦਾ ਸੁਭਾਅ ਗਊ ਏ। ਨਸ਼ੇ-ਪੱਤੇ ਵੱਲ ਤਾਂ ਝਾਕਦਾ ਤੱਕ ਨਹੀਂ। ਬਾਹਰ ਪੱਕਾ ਹੈ। ਹਰਲੀਨ ਆਪਣੀ ਰਾਜ ਕਰੇਗੀ। ਪਹਿਲੀ ਰਾਤ ਹੀ ਆਪਣੇ ਪਤੀ ਦੀ ਇਹ ਹਾਲਤ ਦੇਖਕੇ ਉਸਦੀਆਂ ਅੱਖਾਂ ਵਿਚੋਂ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਜਦੋਂ ਹਰਲੀਨ ਦਾ ਪਤੀ ਬਿਨਾ ਰੁਕੇ ਜ਼ਮੀਨ ਦੇ ਵਧਦੇ ਰੇਟਾਂ ਤੇ ਸ਼ਹਿਰਾਂ ਦੇ ਨਾਂ ਗਿਣੀ ਜਾ ਪਿਆ ਸੀ। ਉਦੋਂ ਮੋਮ ਵਾਗੂੰ ਖ਼ੁਰਦੀ ਹਰਲੀਨ ਨੂੰ ਆਪਣੇ ਪਿਉ ਦੀਆਂ ਡੋਲੀ ਚਾੜ੍ਹਨ ਵੇਲੇ ਕਹੀਆਂ ਗੱਲਾਂ ਚੇਤੇ ਆਈਆਂ,
“ਲੈ ਧੀਏ! ਸਭ ਕੁਝ ਵੇਚ-ਵੱਟ ਕੇ ਤੇਰਾ ਵਿਆਹ ਕਰ ਦਿਤਾ। ਸ਼ਰੀਕੇ ਵਿਚ ਨੱਕ ਬਣਾ ਦਿਤਾ ਸੀਤੇ ਨੇ। ਏਦਾਂ ਦਾ ਵਿਆਹ ਨੇੜੇ-ਤੇੜੇ ਦੇ ਦਸਾਂ ਪਿੰਡਾਂ ਵਿਚ ਵੱਡੇ-ਵੱਡੇ ਸ਼ਾਹੂਕਾਰਾਂ ਨੇ ਨਹੀਂ ਕੀਤਾ ਹੋਣਾ। ਸਾਡੇ ਪੱਲੇ ਹੁਣ ਕੁਝ ਨਹੀਂ। ਪਿੱਛਾ ਭੌਂ ਨਾ ਵੇਖੀਂ ।”
ਵਿਆਹ ਵਾਲੇ ਦਿਨ ਤੋਂ ਬਾਦ ਹਰਲੀਨ ਦੀਆਂ ਸੋਚਾਂ ਵਿਚ ਕਈ ਜਾਣੇ ਕਸੂਰਵਾਰ ਬਣਦੇ ਰਹੇ। ਪਰ ਹਰ ਵਾਰ ਉਹ ਆਪਣੇ ਕਰਮਾਂ ਨੂੰ ਦੋਸ਼ੀ ਮੰਨਕੇ ਬਾਕੀ ਸਾਰਿਆਂ ਨੂੰ ਬਰੀ ਕਰ ਦਿੰਦੀ। ਉਸਨੂੰ ਦੁਖ ਇਸ ਗੱਲ ਦਾ ਜ਼ਿਆਦਾ ਸੀ ਕੇ ਉਹ ਆਪਣੇ ਭਰਾ ਸੀਤੇ ਦੀ ਜ਼ਮੀਨ ਖਾ ਗਈ। ਸੀਤਾ ਉਸਤੋਂ ਚਾਰ ਸਾਲ ਵੱਡਾ ਸੀ ਅਤੇ ਹਾਲੇ ਵਿਆਹਿਆ ਵੀ ਨਹੀ ਸੀ। ਉਹ ਸੋਚਦੀ ਜੇ ਉਸਦੇ ਕਰਮ ਚੰਗੇ ਹੁੰਦੇ ਤਾਂ ਉਸਦੀ ਮਾਂ ਪਹਿਲੇ ਰਿਸ਼ਤੇ ਨੂੰ ਨਾਂਹ ਕਿਉਂ ਕਰਦੀ? ਜਿਹੜਾ ਰਿਸ਼ਤਾ ਪਹਿਲਾਂ ਆਉਂਦਾ ਸੀ, ਮੁੰਡਾ ਲੋਕਾਂ ਦੇ ਘਰਾਂ ਵਿਚ ਜਾ ਕੇ ਪਾਠ ਕਰਦਾ ਸੀ। ਪੈਲ਼ੀ ਭਾਵੇਂ ਦੋ ਕਿੱਲੇ ਹੀ ਸੀ । ਪਰ ਟੱਬਰ ਰੱਬ ਨੂੰ ਮੰਨਣ ਵਾਲਾ ਸੀ। ਗੱਲ ਇਸ ਕਰਕੇ ਸਿਰੇ ਨਾ ਚੜ੍ਹੀ, ਕਿਉਂਕਿ ਹਰਲੀਨ ਦੀ ਮਾਂ ਅੜ ਗਈ, “ਪੈਲ਼ੀ ਥੋੜੀ ਹੈ। ਟੱਬਰ ਵੱਡਾ ਏ। ਮੇਰੀ ਕੁੜੀ ਦੀ ਤਾਂ ਤੋਸੇ ਲਾਹੁੰਦੀ ਦੀ ਉਮਰ ਲੰਘ ਜਾੳੇੂ। ਮੁੰਡਾ ਚੂੜੇ-ਚਮਾਰਾਂ ਘਰੀਂ ਸਾਈਕਲ 'ਤੇ ਲੱਤ ਦੇਈ ਪਾਠ ਕਰਦਾ ਫਿਰਦਾ ਵਾ। ਘਰ-ਘਰ ਗੱਡੀ ਆ। ਸਾਈਕਲ ਤੇ ਬੰਦਾ ਊਂਈ ਬੁਰਾ ਲਗਦਾ। ਉਤੋਂ ਆਕੜ ਕਿੰਨੀ… ਅਖੇ ਚੁੰਨੀ ਚੜਾਵਾ ਕਰਨਾ। ਸ਼ਰੀਕੇ ਵਿਚ ਕੀ ਨੱਕ ਰਹੂ ? ਲੋਕੀਂ ਚਾਰ-ਚਾਰ ਕੁੜੀਆਂ ਵਿਆਹ ਦਿੰਦੇ। ਸਾਡੀ ਤਾਂ ਫਿਰ ਇਕ। ਠੋਕ-ਵਜਾ ਕੇ ਧੀ ਤੋਰਾਂਗੇ। ਸੀਤਾ ਕਿਹੜਾ ਬੁੱਢਾ ਹੋਈ ਜਾਂਦਾ, ਦੋ ਸਾਲ ਖਲੋ ਕੇ ਘੋੜੀ ਚੜ੍ਹ ਜਾਵੇਗਾ ।”
ਹਰਲੀਨ ਰਜਾਈ ਵਿਚ ਸਿਰ ਲੁਕੋਈ ਲੰਘ ਚੁੱਕੇ ਸਮੇਂ ਵਿਚੋਂ “ਜੇ” ਨੂੰ ਫੜਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ। ਉਸਦੇ ਕੰਨਾਂ ਵਿਚ ਆਵਾਜ਼ ਪਈ;
“ਬਾਈ ਤੋਲੇ ਸੋਨਾ ਪਾਇਆ ਸੀ ਤੇ ਢਾਈ ਲੱਖ ਦੀ ਕੱਲੀ ਵਰੀ ਬਣੀ ਸੀ। ਗਿਆਰਾਂ ਮਿਲਣੀਆਂ ਕਹਿੰਦੇ ਸੀ, ਉਹ ਵੀ ਕਰਵਾਈਆਂ। ਬਰਾਤ ਦੀ ਰੋਟੀ ਨਾਲ ਪੰਜ ਲੱਖ ਦੀ ਗੱਡੀ। ਪੂਰੇ ਅਠਾਰਾਂ ਲੱਖ ਲੱਗਾ। ਡੂਢ ਕਿੱਲਾ ਜਮੀਨ ਵੀ ਬੈਅ ਕਰ ਦਿੱਤੀ। ਹੁਣ ਮੈਂ ਕਿਸੇ ਖੂਹ-ਖਾਤੇ ਨਾ ਮਰਾਂ ਤਾਂ ਕੀ ਕਰਾਂ? ਦੱਸ! ਕਸੂਰ ਤੂੰ ਸਾਰਾ ਮੇਰਾ ਕੱਢੀ ਜਾਂਦੀ ਏਂ। ਆਖਿਆ ਨਹੀਂ ਸੀ ਮੈਂ ਲਾਗੇ-ਬੰਨਿਉ ਪੁਛ-ਪੜਤਾਲ ਕਰ ਲਈਏ?”
“ਮੇਰੀ ਹੀ ਮੱਤ ਮਾਰੀ ਗਈ ਸੀ, ਬਾਹਰ ਦਾ ਨਾਂ ਸੁਣਕੇ। ਹੋਰ ਕੋਈ ਹੁੰਦਾ ਤਾਂ ਗੱਲ ਇਤਬਾਰੋਂ ਬਾਹਰੀ ਹੁੰਦੀ ਪਰ ਮੇਰੀ ਭੈਣ ਨੇ, ਮੇਰੀ ਸਕੀ ਭੈਣ ਨੇ… ਸਾਨੂੰ ਤਾਂ ਕਾਹੇ ਜੋਗੇ ਨਾ ਛੱਡਿਆ ਚੰਦਰੀ ਨੇ। ਕੋਠੇ ਜਿਡੀ ਧੀ ਸਾਰੀ ਉਮਰ ਕਿਵੇਂ ਘਰ ਬਹਾਵਾਂਗੇ ?”
ਹਰਲੀਨ ਦੀ ਮਾਂ ਆਪਣੇ ਮੱਥੇ ‘ਤੇ ਹੱਥ ਧਰ ਰੋ ਵੀ ਰਹੀ ਸੀ ਤੇ ਆਪਣੀ ਮਾੜੀ ਕਿਸਮਤ ਨੂੰ ਉਲਾਹਮੇ ਵੀ ਦੇ ਰਹੀ ਸੀ। ਦੂਜੇ ਪਾਸੇ ਇਹ ਸਭ ਸੁਣ ਰਹੀ ਹਰਲੀਨ ਮਾਪਿਆਂ ਦੀ ਬੁਰੀ ਹਾਲਤ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਹੀ ਸੀ। ਉਸ ਨੂੰ ਜਾਪ ਰਿਹਾ ਸੀ, ਜਿਵੇਂ ਉਹ ਘਰ ਦਿਆਂ ‘ਤੇ ਬੜਾ ਵੱਡਾ ਬੋਝ ਬਣ ਗਈ ਹੈ।
****