ਡੋਲੀ ਚੜ੍ਹਨ ਵੇਲੇ ਕੁੜੀਆਂ ਰੋਣੋ ਹਟ ਗਈਆਂ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਬਈ ਸਾਡੇ ਰੋਣ ਦੇ ਵੱਖ ਵੱਖ  ਰੂਪ  ਹੁੰਦੇ ਹਨ । ਜਦ ਕੋਈ ਮਰ ਮੁੱਕ ਜਾਂਦਾ ਹੈ ਤਾਂ ਉਸ ਵੇਲੇ ਦਾ ਰੋਣਾ ਹੋਰ ਹੁੰਦਾ । ਧੂੰਏ ਦੇ ਪੱਜ ਦਾ ਰੋਣ ਦੀਆਂ ਗੱਲਾਂ ਹੋਰ ਹੋਇਆ ਕਰਦੀਆਂ। ਡੂਢ  ਡੂਢ ਲੀਟਰ ਦਾਰੂ ਡੱਫਣ ਪਿਛੋਂ ਸ਼ਰਾਬੀਆਂ ਦਾ ਵਿੱਛੜ ਗਿਆਂ ਨੂੰ ਚੇਤੇ ਕਰਦੇ ਹੋਏ ਰੋ ਰੋ ਨਲੀਆਂ ਦੀਆਂ ਨਦੀਆਂ ਵਹਾ ਦੇਣੀਆਂ ਤੇ ਅੰਦਰੋਂ ਪੱਟ ਪੱਟ ਕੇ ਘੰਗਾਰਾਂ ਨਾਲ ਨਾਲਦਿਆਂ  ਦੀਆਂ ਲੋਈਆਂ  ਲਵੇੜ ਦੇਣਾ, ਇਸ ਰੋਣ ਦੇ  ਮੈਅਨੇ ਹੋਰ ਹੁੰਦੇ  । ਪਰ ਇਕ ਰੋਣਾ ਹੋਰ ਹੁੰਦਾ  ਜੋ ਸਾਰਿਆਂ ਦੇ ਸਾਂਝੇ ਸੱਚ ਨਾਲ ਜੁੜਿਆ ਹੁੰਦਾ ।ਜੋ ਸਭ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੰਦਾ ਹੈ । ਮਾਪਿਆ ਦੇ ਘਰੋਂ ਜਦ ਕਿਸੇ ਧਿਆਣੀ ਦੀ ਡੋਲੀ ਦੇ ਤੁਰਦੀ ਹੈ ਤਾਂ ਉਸ ਵੇਲੇ ਜੋ ਆਪ ਮੁਹਾਰੇ ਅੱਖਾਂ ਚੋਂ ਅੱਥਰੂ ਪਰਲ ਪਰਲ ਵਗ ਤੁਰਦੇ ਹਨ ਤਾਂ ਉਨਾਂ  ਹੰਝੂਆਂ ਹਉਂਕਿਆਂ  ਦੇ ਅਰਥ ਹੀ ਬੜੇ ਵੱਡੇ ਅਥਾਹ ਹੁੰਦੇ ਹਨ  ।

ਪਿਛਲੇ ਦਿਨੀ  ਇਕ ਵਿਆਹ ‘ਤੇ ਗਏ ਤੇ ਗੱਲਾਂ ਕਰਦਿਆਂ ਮਾਸੀ ਨੂੰ ਦੱਸਿਆ - ਮਾਸੀ ! ਅੱਜ  ਵਿਆਹ ਵੇਖਿਆ ।ਕੋਈ ਬਾਹਲਾ ਹਾਈ ਫਾਈ ਤਾਂ ਹੈ ਨਹੀਂ ਸੀ  ਪਰ ਮੈਰਜ ਪੈਲਸਾਂ ਵਿੱਚ ਜੋ ਢਕਵੰਜਵਾਦ ਜੇਹਾ ਚਲਦਾ ਹੁੰਦਾ ਉਸ ਤਰਾਂ ਸਾਰਾ ਕੁਝ ਸੀ  ।ਕੁੱਲ ਮਿਲਾ ਕੇ  ਜਾਣ ਲਵੋ ਚੌਦਾਂ ਰੀਲਾਂ ਵਾਲੀ  ਫਿਲਮ ਵਾਂਗੂੰ ਢਾਈ ਕੁ ਘੰਟੇ ਦਾ ਸ਼ੋਅ ਸੀਗਾ  ।ਦੁਨੀਆ ਨੇ  ਸੂਪਾਂ, ਜੂਸਾਂ, ਪਨੀਰ ਪਕੌੜਿਆਂ ਤੇ ਕੁੱਕੜ ਅਸਥੀਆਂ  ਨੂੰ ਚੂੰਡ ਕੇ ਰੱਖ ਦਿੱਤਾ । ਸਿਆਲੂ ਦਿਨ ਅੰਦਰ ਠੰਡ ਬਾਹਰ ਨਿੱਘੀ ਧੁੱਪੇ । ਦੁਨੀਆਂ ਨੇ  ਸੋਢੇ ਪਾਣੀ ਪਾ ਪਾ ਦਾਰੂ ਦੀਆਂ ਬੁਲਬਲੀਆਂ ਉਠਾ ਦਿਤੀਆਂ । ਖਾਲੀ ਹੋਈਆਂ ਚਾਰ ਕੋਨੀਆਂ ਬੋਤਲਾਂ ਐਂ ਐਂ ਵਿੰਗੀਆਂ ਟੇਢੀਆਂ ਪਈਆਂ ਜਿਵੇਂ ਹਾਤੇ ਦੇ ਪਿਛਲੇ ਪਾਸੇ ਢੇਰ ਲੱਗਾ ਹੁੰਦਾ  । ਇਕ ਪਾਸੇ ਸ਼ਗਨ ਦੇਣ ਵਾਲਿਆਂ ਦੀ ਇਉਂ ਲਾਈਨ ਜਿਵੇਂ ਸਿਨਮੇ ਦੀਆਂ ਟਿਕਟਾਂ ਵਾਲੀ ਬਾਰੀ ਖੁੱਲ ਗਈ ਹੁੰਦੀ । ਢਾਈ ਕੁ ਵਜੇ ਰੋਟੀ ਖਾਣ ਦਾ ਅਲਾਰਮ ਵੱਜਿਆ ਤਾਂ  ਸਾਰੇ ਹੱਲਾ ਕਰਕੇ ਪੰਜਾਹ ਸੌ ਝੋਲੀ ਪਾਈ ਭੇਟਾ ਨੂੰ ਪੂਰੀ ਤਰਾਂ ਵਸੂਲਣ ਲਈ ਪਲੇਟਾਂ ਚੁੱਕ ਕੇ ਦਾਲਾਂ ਸਬਜ਼ੀਆਂ ਦੇ ਡੂੰਗਿਆਂ  ਵੱਲ ਸਿੱਧੇ ਹੋ ਪਏ   । ਬੱਸ ਫੇਰ ਕੀ ਫਿਲਮ ਦੇ ‘ਇੰਡ’ ਹੋਣ ਵਾਂਗ ਉਥੇ ਕੋਈ ਨਹੀਂ ਰੁਕਿਆ । ਗੂੜੀਆਂ ਸਾਕ ਸਕੀਰੀਆਂ ਵਾਲੇ ਵੀ ਨਾਲ ਦੀ ਨਾਲ ਦੀ ਸਾਰੇ ਈ ਬਾਹਰ ।  ਬੱਸ ਮਰ ਕੇ ਜਿਨਾਂ ਦਾ ਮੂਲੋਂ ਸਰਦਾ ਨਹੀਂ ਸੀ, ਗਿਣਤੀ ਦੇ  ਦਸ ਪੰਦਰਾਂ ਕੁ ਹੀ  ਰੁਕੇ ।ਉਸੇ ਪਲ ਫੁੱਲਾਂ ਵਾਲੀ ਕਾਰ ਮੈਰਜ ਪੈਲੇਸ ਦੇ ਅੱਗੇ ਆ ਕੇ ਐਂ ਖਲੋ ਗਈ ਜਿਵੇਂ ਗੰਗਾਨਗਰ ਜਾਣ ਵਾਲੀ ਬੱਸ ਮੋਗੇ ਦੇ ਕਾਊਂਟਰ  ‘ਤੇ  ਆ ਕੇ ਲੱਗ ਜਾਵੇ  । ਵੈਰਾਗ ਵਿਛੋੜੇ ਦੀ ਖਾਸਾ ਧੁਨ ‘ਚ ਬੈਂਡ ਵੱਜਿਆ ਤਾਂ  ਕੁੜੀ ਲਹਿੰਗਾ ਜੇਹਾ ਸੂਤਰ ਕਰਕੇ ਕਾਰ ‘ਚ ਜਾ ਬਿਰਾਜੀ ।ਵਿਆਹ ਦੀ ਦੱਸਣ ਵਾਲੀ ਅਹਿਮ ਗੱਲ ਆਹ ਸੀ ਬਈ  ਉਹ ਕੁੜੀ ਨਾ  ਰੋਈ, ਨਾ ਹੀ ਭੋਰਾ ਮਾਸਾ  ਡੁਸਕੀ ; ਬੱਸ ਇਕ ਅੱਧਾ ਨਕਲੀ  ਜੇਹਾ ਹੰਝੂ ਜੋ ਉਭਰਿਆ ਉਸ ਨੂੰ ਛੋਟੇ ਜਿਹੇ ਰੁਮਾਲ ਦੇ ਕੋਨੇ  ਨਾਲ ਉਥੇ ਹੀ ਨੱਪ ਦਿੱਤਾ। ਤੁਰ ਜਾਣ ਦਾ ਇਸ਼ਾਰਾ ਜੇਹਾ ਹੋਇਆ ਤਾਂ ਡਰਾਈਵਰ ਨੇ  ਕਾਰ ਪੈਰ ਤੋਂ ਐਂ ਭਜਾ ਦਿੱਤੀ ਜਿਵੇਂ ਬੋਇੰਗ ਸੱਤ ਸੌ ਸੰਤਾਲੀ ਰਨ ਵੇ  ਛੁੱਟ ਪਿਆ ਹੋਵੇ ਤੇ ਅਗਲੇ ਪਹੀਏ ਚੁੱਕ ਲੈਣੇ  ਹੋਣ । ਵੇਖ ਕੇ ਹੈਰਾਨੀ ਜੇਹੀ ਹੋਈ ਕੁੜੀ ਨੇ ਕੋਈ ਹਿੰਝ ਕਿਉਂ ਨਹੀਂ ਸੁੱਟੀ ।ਉਹ ਸਹੁਰੀ ਰੋਣ ਦੀ ਫਾਰਮੈਲਟੀ ਜੇਹੀ ਹੀ ਕਰ ਲੈਂਦੀ ।ਅੱਖਾਂ ਚੋਂ ਨੀਰ ਨਾ ਵਹਾਂਉਂਦੀ  ਉਂਝ “ਊਂ ਊਂ” ਜੇਹਾ ਹੀ ਕਰ ਲੈਂਦੀ  ; ਕੀ ਦੱਸਾਂ ਉਥੇ ਕੋਈ ਵੈਰਾਗਮਈ ਮਹੌਲ ਹੀ ਨਹੀਂ ਬਣਿਆ ?

ਮਾਸੀ ਵੇਖ ਲੈ ! ਕੋਈ ਵੇਲਾ ਹੁੰਦਾ ਸੀ ਜਦ ਕਿਸੇ ਧੀ ਧਿਆਣੀ ਦੀ ਡੋਲੀ ਤੁਰਨ ਦਾ ਵਕਤ ਹੁੰਦਾ ਤਾਂ ਸਾਰਾ ਪਿੰਡ ਆਪਣੇ ਸਾਰੇ ਹਥਲੇ ਕੰਮ  ਛੱਡ ਕੇ  ਕੁੜੀ ਤੁਰਦੀ ਨੂੰ ਵੇਖਣ ਲਈ ਇਕੱਠਾ ਹੋ ਜਾਂਦਾ ਸੀ ।ਵਿਛੜਨ ਵੇਲੇ ਕੁੜੀ ਦੀਆਂ ਕੂਕਾਂ ਉਸ ਦੇ ਲੰਮੇ ਲੰਮੇ ਹਉਂਕੇ ਸਭ ਦੇ ਦਿਲਾਂ ਵਿਚਦੀ ਧੱਸਦੇ  ਜਾਂਦੇ ।ਚਾਚੇ ਤਾਏ ਤੇ ਹੋਰ ਪਿੰਡ ਪਰਾਏ ਵੀ ਸਾਰੇ ਅਜਬ ਅਵਸਥਾ ਵਿੱਚ ਚਲੇ ਜਾਂਦੇ। ਸਭ ਦੀਆ ਅੱਖਾਂ ਨਮ  ਹੋ ਜਾਂਦੀਆਂ । ਡੋਲੀ ‘ਚ ਬੈਠਣ ਤੋਂ ਪਹਿਲਾਂ ਕੁੜੀ ਕਦੇ ਚਾਚੀ ਦੇ ਗੱਲ ਲੱਗ ਕੇ ਰੋਂਦੀ, ਕਦੇ ਭਰਜਾਈ ਦੇ, ਕਦੇ ਤਾਈ ਦੇ,  ਕਦੇ ਵੀਰ ਦੇ  । ਫਿਰ ਜਦੋਂ ਉਹ ਆਪਣੇ ਬਾਪੂ ਦੇ ਗੱਲ ਲੱਗ ਕੇ ਰੋਂਦੀ ਤਾਂ ਜਾਣੋ ਕੜ ਹੀ ਪਾਟ ਜਾਂਦਾ ।ਜਾਣੋ ਸਾਰੇ ਪਿੰਡ ਦੀਆਂ ਧਾਹਾਂ ਨਿਕਲ ਜਾਂਦੀਆਂ ।ਇਕ ਤਰ੍ਹਾਂ ਨਾਲ  ਵਕਤ ਹੀ ਰੁਕ ਜਾਂਦਾ ; ਦੁਨੀਆ ਦੀ ਹਰ ਸ਼ੈਅ ਅਚੱਲ ਹੀ ਹੋ ਜਾਂਦੀ । ਮਾਨੋ ਸਾਂਝੇ ਬਿਤਾਏ ਪਲਾਂ ਦਾ ਅਹਿਸਾਸ ਦਰਿਆਈ ਛੱਲਾਂ ਵਾਂਗੂੰ ਉਛਲ ਕੇ ਬਾਹਰ ਆ ਜਾਂਦਾ । ਉਸ ਵੇਲੇ ਸਾਰਾ ਮਾਹੌਲ ਚੌਗਰਿਦਾ ਈ ਇਕ ਵੱਡੇ ਵਿਛੋੜੇ ‘ਚ ਹੀ ਡੁੱਬ ਜਾਂਦਾ ।ਕੁੜੀ ਦੇ ਰੋਣ ਹਉਂਕਿਆਂ ਚੋਂ ਉਸ ਦੇ ਅੱਡੇ ਖੱਡੇ ਦੀ ਖੇਡ ਤੋਂ ਲੈਕੇ ਵਿਛਾਈਆਂ ਤਲਾਈਆਂ ਤੇ ਬੂਟੇ ਮੋਰਨੀਆਂ ਪਾਉਣ ਤੱਕ ਦੇ ਸਫਰ ਦੀ  ਤਸਵੀਰ  ਦਿਸਦੀ ਜਾਪਦੀ। ਸਾਰਿਆਂ ਦਾ ਇਕ ਸਾਂਝਾ ਸੱਚ ਮਹੌਲ ਦਾ ਹਿੱਸਾ ਬਣ ਜਾਂਦਾ  । ਪਰ ਮਾਸੀ ਜੀ ਵੇਖ ਲੈ  ਹੁਣ ਉਹ ਗੱਲ  ਹੀ ਨਹੀਂ ਰਹੀ ਲਗਦੀ ।ਵਿਆਹ ਵੀ ਐਂ ਲੱਗਣ ਲੱਗ ਪਏ ਜਿਵੇਂ ਫਿਲਮੀ  ਵਿਆਹ ਈ ਹੋ ਰਹੇ ਹੋਣ ।ਵਿਛੋੜੇ ਦੇ  ਦਰਦ ਦਾ ਜੋ ਸੱਚ ਜੇਹਾ ਪ੍ਰਗਟ ਹੁੰਦਾ ਸੀ ਉਹ ਗੱਲਾਂ ਹੀ ਗੁਆਚ ਗਈਆ ਲਗਦੀਆਂ । ਸਾਰਾ ਕੁਝ ਰਸਮ ਮਾਤਰ ਹੀ ਬਣ ਕੇ ਰਹਿ ਗਿਆ ਲਗਦਾ ।

ਤਾਂ ਮਾਸੀ ਮੱਥੇ ਤੇ ਚੁੰਨੀ ਜੇਹੀ ਠੀਕ ਕਰਦੀ ਹੋਈ  ਬੋਲੀ- ਉਦੋਂ ਭਾਈ ਗੱਲਾਂ ਹੋਰ ਸੀ । ਚਿੱਤਾਂ ਵਿੱਚ ਆਪਸੀ ਮੋਹ ਮਹੱਬਤਾਂ ਸੀਗੀਆਂ ।ਚਾਚੀਆਂ ਤਾਈਆਂ ਮਾਵਾਂ ਨਾਲੋਂ ਵਧਕੇ ਪਿਆਰੀਆਂ ਸੀ ਤੇ ਪਿਆਰ ਵੀ ਦਿਲੋਂ ਕਰਦੀਆਂ ਸੀ  ।ਇਕ ਦੂਜੇ ਦਾ ਹੇਜ਼ ਕਰਦੀਆਂ ਸੀ ।ਅਸੀਂ ਜਦ ਵੀ  ਸਹੁਰਿਉਂ ਬਾਪੂ ਹੁਰਾਂ ਕੋਲ ਆਉਣਾ ਪਹਿਲਾਂ ‘ਤਾਈ ‘ਨੂੰ ਮਿਲਣਾ ।ਉਸ ਦੇ ਗਿੱਟੇ ਗੋਡਿਆਂ ਦਾ ਦੁੱਧ ਲਵੇਰੇ ਦਾ ਹਾਲ ਪੁੱਛ ਕੇ ਫਿਰ ਬੇਬੇ ਨੂੰ ਮਿਲਣਾ ; ਆਪਣੇ ਘਰੇ ਵੜਨਾ ।ਹੁਣ ਤਾਂ ਭਾਈ !ਜੁਆਕ ਕੀ ਪੜ ਲਿਖ ਗਏ  ਮੋਹ ਪਿਆਰ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ; ਘਟ ਈ ਗਿਆ ।ਅੱਜ ਦੇ ਜੁਆਕਾਂ ਨੂੰ ਤਾਂ ਆਵਦੇ ਡੈਡੀਆਂ ਮੰਮੀਆਂ ਦੀ ਹੈ ਨੀ  ਚਾਚੀਆਂ ਤਾਈਆਂ ਤੋਂ ਇਨ੍ਹਾਂ ਕੀ ਲੈਣਾ ।ਸਾਡੇ ਵੇਲੇ ਕੋਈ ਕੁੜੀ ਸ਼ਕੀਨੀ ਨਹੀਂ ਸੀ ਲਾਉਂਦੀ। ਚਿਹਰੇ ਦਗ ਦਗ ਕਰਦੇ ਸੁਹਣੇ ਲਗਦੇ ।ਹੁਣ ਤਾਂ ਤੀਜੇ ਦਿਨ ਮੂੰਹਾਂ ਨੂੰ ਸ਼ਹਿਰ ਰੰਗ ਰੋਗਨ ਜੇਹਾ  ਕਰਾਉਣ ਤੁਰੀਆਂ ਫਿਰਦੀਆਂ । ਰੋਣਾ ਇੰਨਾਂ ਨੇ ਕਾਹਦਾ ਇਨ੍ਹਾ ਨੂੰ ਮੇਕਅੱਪਾਂ ਦੇ ਫਿਕਰਾਂ ਨੇ ਮਾਰਤਾ  ਕਿਤੇ ਧਲਾਰਾਂ ਨਾ ਵਗ ਜਾਣ ਸਾਰਾ ਕੀਤਾ ਕਰਾਇਆ ਕੂਹ ‘ਚ ਨਾ ਪੈ ਜੇ ।

ਭਾਈ! ਸਾਰੀਆਂ ਸਾਝਾਂ ਹੀ ਖਤਮ ਹੋ ਗਈਆਂ ।ਦੁਨੀਆਂ ਅਜ਼ਾਦ ਹੋ ਗਈ ਐ।ਵੱਡੇ ਛੋਟੇ ਦੇ ਮਾਣ ਆਦਰ ਦੀ ਗੱਲ ਰਹੀ ਈ ਨਹੀਂ ।ਪੈਸੇ ਨੇ ਤਾਇਆਂ ਚਾਚਿਆਂ  ਦੇ ਦਿਲ ਦੂਰ ਕਰਤੇ ।ਇਕ ਦੂਜੇ ਤੇ ਲਹੂ ਡੋਲ੍ਹਣ ਵਾਲੀਆਂ ਸਭੇ ਗੱਲਾਂ ਮੁੱਕ ਈ ਗਈਆਂ।ਦਿਨ ਦਿਹਾਰ ਵੀ ਨਕਲੀ ,ਵਿਆਹ ਸ਼ਾਦੀਆਂ ਵੀ ਨਕਲੀ ; ਕੋਈ ਰਸਮ ਸੁਆਦ ਪਿਆਰ ਵਾਲੀ ਨਹੀਂ ਰਹੀ  ;ਸਾਰਾ ਕੁਝ ਮੋਹਾਂ ਤੋਂ  ਸੱਖਣਾ ਬੇਰਸਾ ਜੇਹਾ ਈ ਹੋ ਕੇ ਰਹਿ ਗਿਆ।
                                                                                               
ਪਹਿਲੇ ਵੇਲੇ ਬਹੁਤ ਅਣਮੁੱਲੇ ਹੁੰਦੇ ਸੀ ।ਕੁੜੀਆਂ ਆਪ ਨਹੀਂ ਸੀ ਰੋਂਦੀਆਂ ਉਨਾਂ ਵੈਰਾਗ ਰੁਆਉਂਦਾ ਸੀ । ਵਿਛੋੜੇ ਦੀ ਤੜ੍ਹਪ ਰੁਆਉਂਦੀ ਸੀ ।ਅੰਦਰੋਂ ਚੀਸ ਉਠਦੀ ਸੀ । ਮੋਹ ਮਹੱਬਤਾਂ ਦਿਲ ‘ਤੇ ਚੀਰ ਫੇਰਦੀਆਂ ਸੀ । ਘਰੋਂ ਤੁਰਨ ਵੇਲੇ ਉਸ ਨੂੰ ਮੋਹਾਂ ਨਾਲ ਭਿੱਜੇ ਆਵਦੇ ਸਾਰੇ ਸਕੇ ਸਹੋਦਰੇ ਅੱਖਾਂ ਮੂਹਰੇ ਖੜੇ ਦਿਸਦੇ ਸੀ । ਬਾਬਲ ਦਾ ਵੇਹੜਾ ਜਿਸ ਨੂੰ ਉਹ ਸੰਬਰਦੀ, ਸੰਵਾਰਦੀ ਲਿਪਦੀ ਸੀ ;ਉੁਹ ਉਸ ਪਲ ਪਿਛੇ ਰਹਿੰਦਾ ਦੂਰ ਹੁੰਦਾ ਦੀਂਹਦਾ ਸੀ ।ਸਾਹ ‘ਚ ਸਾਹ ਲੈਣ ਵਾਲੇ ਬੇਬੇ ਬਾਪੂ ਜਿਨ੍ਹਾ ਕਦੇ  ਮੰਦਾ ਬੋਲ ਨਹੀਂ ਸੀ ਕੂਇਆ ,ਜਿਨ੍ਹਾਂ ਕਦੇ ਮੁੱਖ ਨਹੀਂ ਸੀ  ਫਿਟਕਾਰਿਆ ਤੇ ਫੁੱਲਾਂ ਵਾਂਗ ਅਦਬ ਨਾਲ ਕੋਲ ਰੱਖਿਆ ਸੀ ਉਨਾਂ ਤੋਂ ਦੂਰ ਹੋ ਜਾਣ ਦਾ ਖਿਆਲ ਦਿਲ ਚੋਂ ਰੁੱਗ ਭਰਦਾ ਸੀ । ਇਕ ਤਾਂ ਐਹਨਾਂ ਹੋਟਲਾਂ (ਮੈਰਜ਼ ਪੈਲਸਾਂ ) ਜੇਹਾਂ ਨੇ ਰਿਸ਼ਤਿਆ ਦੇ ਨਿੱਘਾਂ ਨੂੰ ਖਤਮ ਹੀ ਕਰਤਾ । ਸਾਰਾ ਕੁਝ ਜ਼ਾਅਲੀ ਜੇਹਾ ਹੀ ਕਰਕੇ ਰੱਖਤਾ ।ਪਹਿਲੇ ਵੇਲੀਂ  ਘਰਾਂ ‘ਚ ਵਿਆਹ ਹੋਣੇ, ਫੁੱਫੜਾਂ ਮਾਸੜਾਂ  ਦੀ ਕਦਰ ਪਛਾਣ ਹੁੰਦੀ ਸੀ, ਉਨ੍ਹਾਂ ਦੇ ਬੈਠਿਆਂ ਦਾ ਪਤਾ ਲਗਦਾ ਸੀ  । ਹੁਣ ਤਾਂ ਭੀੜ ‘ਚ ਕਿਸੇ ਨਾਨਕੇ ਦਾਦਕੇ ਦਾ ਈ ਪਤਾ ਹੀ ਨਹੀਂ ਲਗਦਾ । ਭਾਣਜੇ! ਘਰਾਂ ‘ਤੇ ਹੋਟਲਾਂ ‘ਚ ਬਹੁਤ ਫਰਕ ਹੁੰਦਾ । ਹੋਟਲਾਂ ‘ਚ ਘਰਾਂ ਵਰਗੀ ਸੁਗੰਧੀ ਕਿਥੇ, ਫਿਰ ਉਥੋਂ ਕੇਹਾ ਵੈਰਾਗ ਉਪਜਣਾ ਹੋਇਆ । ਘਰ  ਸੌ ਚੀਜਾਂ ਨਾਲ ਭਰੇ ਬਰਕਤਾਂ ਵਾਲੇ ਹੁੰਦੇ । ਘਰਾਂ ਦੇ ਕੰਧਾਂ ਕਉਲੇ,  ਘਰਾਂ ਦੇ ਮੂੰਹ ਮੱਥੇ ਚੌਂਤਰੇ ਵੇਹੜੇ ,ਪਸ਼ੂ ਡੰਗਰ ਸੰਦ ਪੈੜੇ ਜਾਣੋ ਘਰ ਦੀ ਹਰ ਸ਼ੈਅ ਮੋਹਖੋਰੀ ਹੁੰਦੀ ਹੈ   ।ਇਸ ਲਈ ਭਾਈ ਜਦ ਕੁੜੀ  ਘਰੋ ਵਿਦਾ ਹੁੰਦੀ ਸੀ ਤਾਂ ਉਸ ਦੇ ਰੋਣੇ ਪਿਛੇ ਇਕ ਨਹੀਂ ਅਨੇਕ ਗੱਲਾਂ ਜੁੜੀਆਂ ਸੀ ;ਰੋਣਾ ਮੰਹ ਤੇ ਪਿਆ ਹੁੰਦਾ ਸੀ ।ਕੁਲ ਮਿਲਾ ਕੇ ਵੈਰਾਗ ਵਿਛੋੜੇ ਦਾ ਅਹਿਸਾਸ  ਨਾ ਰਹਿਣ ਕਰਕੇ  ਕੁੜੀਆਂ  ਹੁਣ ਰੋਣੋ ਹੀ ਹਟ ਗਈਆਂ।

****