ਢਲਦੇ ਪਰਛਾਵੇਂ.......... ਕਹਾਣੀ / ਰਵੀ ਸਚਦੇਵਾ


ਪਟੇਲ ਨਗਰ ਵਿੱਚ ਕਿਰਾਏ ਦੇ ਇੱਕ ਮਕਾਨ 'ਚ ਦੋ ਛੜੇ ਰਹਿੰਦੇ ਸਨ। ਹਫ਼ਤੇ 'ਚ ਇੱਕ ਦੋ ਸ਼ਿਫਟਾਂ, ਬਾਕੀ ਪੰਜੋ ਦਿਨ ਗਲੀਆਂ 'ਚ



ਖਾਕ  ਛਾਣਦੇ ਕੁੜੀਆਂ ਮਗਰ। ਦੋ ਦਿਨ ਦੀ ਖੱਟੀ ਉਨ੍ਹਾਂ ਲਈ ਊਠ ਤੋਂ ਚਾਨਣੀ ਲਾਉਂਣ ਨੂੰ ਕਾਫ਼ੀ ਸੀ। ਥੋੜੇ ਨਾਲ ਵੀ ਉਹ ਦਾਲ ਫੁਲਕਾ ਵਧੀਆਂ ਤੋਰੀ ਰੱਖਦੇ। ਪਰ ਇਸ ਵਾਰ ਤਾਂ ਖੂਹ ਵੀ ਨਿਖੁੱਟਦਾ ਜਾਂਦਾ ਸੀ। ਹਫ਼ਤੇ ਤੋਂ ਉੱਪਰ ਹੋ ਗਿਆ ਸੀ, ਉਨ੍ਹਾਂ ਨੂੰ ਵਿਹਲੇ ਬੈਠਿਆਂ।  ਜਿਸ ਫੈਕਟਰੀ 'ਚ ਉਹ ਕੰਮ ਕਰਦੇ ਸਨ, ਉਨ੍ਹੀਂ ਦਿਨੀ ਉੱਥੇ ਸਫ਼ਾਈ ਅਭਿਆਨ ਚੱਲ ਰਿਹਾ ਸੀ। ਸੱਤਾਂ-ਅੱਠਾਂ ਮਹੀਨਿਆਂ ਬਾਅਦ ਐਨ.ਆਰ.ਆਈ. ਬੋਸ ਨੇ ਇੰਡੀਆ ਫੇਰੀ ਪਾਉਣ ਜੋ ਆਉਣਾ ਸੀ। ਪਾਪੜੀ ਲੱਥੀਆਂ  ਕੰਧਾਂ ਨੂੰ ਰੰਗ-ਰੋਗਣ ਨਾਲ ਦਰੁਸਤ ਕਰਨਾ, ਕਾਲਸ ਜੰਮੀਆਂ ਮਸ਼ੀਨਾਂ ਨੂੰ ਲਿਸ਼ਕਾਉਣਾ 'ਤੇ ਬਾਹਰਲੇ ਬੰਨੀ ਘਾਹ ਦੀ ਕੱਟ-ਵੱਢ ਕਰਨਾ, ਕਾਰ ਪਾਰਕਿੰਗ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਕਰਨਾ, ਖੱਡਿਆਂ ਨੂੰ ਪੂਰਨਾ। 'ਤੇ ਹੋਰ ਵੀ ਅਜਿਹੇ ਬਹੁਗੁਣੇ ਕੰਮ ਮੈਨੇਜਰ ਦਾ ਸਿਰ ਦਰਦ ਬਣੇ ਹੋਏ ਸਨ। ਚੱਲਦੇ ਇਸ ਮਹਾ ਸਫਾਈ ਅਭਿਆਨ ਕਾਰਨ ਫੈਕਟਰੀ ਦੀਆਂ  ਚੰਦ ਮਸ਼ੀਨਾਂ  ਚੰਦ ਦਿਨਾਂ ਵਾਸਤੇ ਬੰਦ ਕਰਨੀਆਂ ਪਈਆਂ। ਸਟਾਫ਼ ਅੱਧਾ ਵਿਹਲਾ ਹੋ ਗਿਆ। ਮਜ਼ਬੂਰੀ ਵੱਸ ਕੁਝ ਮੁਲਾਜ਼ਮਾਂ ਨੂੰ ਛੁੱਟੀਆਂ ਕਰਨੀਆਂ ਪਈਆਂ। ਇਹ ਦੋਨੋਂ ਵੀ ਇਸ ਲਿਸਟ 'ਚ ਆ ਗਏ। ਪੰਜ ਦਿਨ ਉਨ੍ਹਾਂ ਨੇ ਗਲੀਆਂ 'ਚ ਠਰਕ ਭੋਰਦੇ ਖੂਬ ਲਫੈਡ ਆਸ਼ਕੀ ਕੀਤੀ। 'ਤੇ ਛੇਵੇਂ  ਦਿਨ ਬੰਦ ਕਮਰੇ 'ਚ ਫੈਸ਼ਨ ਟੀ.ਵੀ. ਤੇ ਪਰੋਸੀਆਂ ਜਾ ਰਹੀਆਂ ਤਕਰੀਬਨ ਬੇਨਕਾਬ ਵਿਦੇਸ਼ੀ ਮਾਡਲ ਨੱਢੀਆਂ ਨੂੰ ਜਗਿਆਸੀ 'ਤੇ ਅਭਿਲਾਸ਼ੀ ਅੱਖਾਂ ਨਾਲ ਤੱਕਦੇ ਕੱਢਿਆ।
 

ਛੇਵੇਂ ਦਿਨ ਦੀ ਰਾਤ ਪੈ ਚੁੱਕੀ ਸੀ।  ਗਰਮੀ ਕਾਰਨ ਕਮਰੇ 'ਚ ਹੁੰਮਸ ਮੱਚੀ ਹੋਈ ਸੀ। ਪੱਖੇ ਦੀ ਹਵਾ ਵੀ ਤੱਤੀ-ਤੱਤੀ ਆਉਂਦੀ ਸੀ। ਸ਼ਾਹ ਘੁਟਦਾ ਵੇਖ ਉਨ੍ਹਾਂ 'ਚੋ ਇੱਕ ਨੇ ਤਾਕੀ ਖੋਲ੍ਹੀ। ਬਾਹਰ ਦੀ ਰਤਾ ਕੁ ਠੰਡੀ ਹਵਾ ਕਮਰੇ ਦੀ ਘੁਲੀ। ਪਰ ਕੁਝ ਖ਼ਾਸ ਫਾਇਦਾ ਨਾ ਹੋਇਆ। ਨੀਂਦ ਨਾ ਆਉਣ ਕਾਰਨ ਦੋਨੋ ਫੈਸ਼ਨ ਚੈਨਲ ਦੀਆਂ ਉਹੀ ਵਿਸ਼ੇਸ਼ ਸੁਵਿਧਾਵਾ ਦਾ ਅਨੰਦ ਮਾਣਦੇ, ਸਵਾਦ-ਸਵਾਦ 'ਚ ਅੱਧ ਮੋਏ ਹੋਏ ਕਿਰਮਚੀ ਲੀਕਾਂ ਦੁੜਾਉਂਦੇ ਰਹੇ। ਹੁੰਮਸ ਭਰੀ ਗਰਮੀ 'ਚ ਵੀ ਉਠਿਆ ਇੱਕ ਸੂਖਮ-ਅਹਿਸਾਸੀ ਤੂਫ਼ਾਨ ਅੱਧੀ ਰਾਤ ਤੱਕ ਝੁੱਲਦਾ ਰਿਹਾ।  ਰਾਤ ਦੇ ਤੀਜੇ ਪਹਿਰ ਜਦੋਂ ਹਵਾ 'ਚ ਰਤਾ ਕੁ ਠੰਢ ਘੁਲੀ, ਤਾਂ ਕਿਤੇ ਜਾ ਕੇ ਉਨ੍ਹਾਂ ਦੀ ਅੱਖ ਲੱਗੀ। 
ਸਵੇਰੇ ਦੇ ਦਸ ਵੱਜ ਚੁੱਕੇ ਸਨ। ਪਰ ਉਹ ਦੋਨੋਂ ਹੱਲੇ ਵੀ ਸੁਤ-ਉਨੀਂਦਰੇ 'ਚ ਉਬਾਸੀਆਂ  ਲੈਂਦੇ ਆਪਣੇ ਆਪ ਨੂੰ ਬੇਚੈਨੀ ਭਰਿਆ ਮਹਿਸੂਸ ਕਰ ਰਹੇ ਸਨ। ਹੱਡ-ਪੈਰ ਦੋਹਾਂ ਦੇ ਜਕੜੇ ਹੋਏ ਸਨ। ਚਾਹ ਬਣਾਉਣ ਲਈ ਦੋਹਾਂ 'ਚੋਂ ਇੱਕ ਮਸਾਂ ਹੀ ਉਠਿਆ। ਉਬਾਸੀ ਲੈਂਦੇ ਦੀ ਨਜ਼ਰ ਖੁੱਲ੍ਹੀ ਤਾਕੀ ਦੇ ਬਾਹਰ ਪਈ। ਪਟਵਾਰੀ ਦੀ ਵੱਡੀ ਕੁੜੀ ਕੋਠੇ ‘ਤੇ ਆਪਣੇ ਅੱਠਾਂ ਸਾਲਾ ਦੇ ਭਰਾ ਨਾਲ ਖੜ੍ਹੀ, ਇੱਕ ਤਿਰੰਗੀ ਪਤੰਗ ਨੂੰ ਬਾਂਹ ਉਤਾਂਹ ਚੁਕ ਕੇ ਬੜ੍ੀ ਤੇਜ਼ੀ ਨਾਲ ਤੁਣਕਾ ਦੇ ਰਹੀ ਸੀ। ਕੁੜੀ ਨੂੰ ਪਤੰਗ ਉਡਾਉਂਦਾ 'ਤੇ ਤੁਣਕੇ ਨਾਲ ਹਿਲਦੇ ਉਹਦੇ ਜੋਬਨਵੰਤੀ ਅੰਗਾਂ ਨੂੰ ਮਹਿਸੂਸ ਕਰਦਿਆਂ, ਉਨ੍ਹੇ ਮੰਜੀ ਉੱਥੇ ਹੀ ਖਿਸਕਾ ਲਈ 'ਤੇ ਦੂਜੇ ਛੜੇ ਨੂੰ ਵੀ ਹਾਕ ਮਾਰ ਲਈ। ਗਿਆਰਾਂ ਵੱਜ ਗਏ ਸਨ। ਸੂਰਜ ਦੀਆਂ ਤੱਤੀਆਂ ਕਿਰਨਾਂ ਖਿੜਕੀ 'ਚੋਂ ਝਾਤੀ ਮਾਰਨ ਲੱਗੀਆਂ ਸਨ। ਬਿਜਲੀ ਬੰਦ ਹੋਣ ਨਾਲ ਪੱਖਾ ਵੀ ਖਲੋ ਗਿਆ ਸੀ। ਬੰਦ ਕਮਰੇ 'ਚ ਦਮ ਘੁਟਦਾ ਵੇਖ ਉਨ੍ਹਾਂ ਨੇ ਦਰਵਾਜਾ ਖੋਲ ਲਿਆ। ਮੁੜ੍ਹਕੋ-ਮੁੜ੍ਹਕੀ ਅੱਧੀ ਮੰਜੀ ਬਾਹਰ ਕੱਢ ਲਈ ਤੇ ਹੋਕੇ ਭਰਦੇ ਦੋਹੇਂ ਫਿਰ ਤੋਂ ਕੁੜੀ ਵੱਲ ਸ਼ਿਸ਼ਤ ਗੱਡ ਕੇ ਬੈਠ ਗਏ। ਕੁੜੀ ਦੀ ਨਜ਼ਰ ਅਚਾਨਕ ਉਨ੍ਹਾਂ ਤੇ ਪਈ। ਛੜਿਆਂ ਦੇ ਬੁਲ੍ਹਾਂ ਤੇ ਹਾਸਾ ਖਿੜ੍ਹਦਾ ਵੇਖ ਕੁੜੀ ਥੋੜ੍ਹਾ ਪਿੱਛੇ ਖਿਸਕ  ਗਈ। ਕੁੜੀ ਨੂੰ ਅੱਖੋਂ ਓਹਲੇ ਹੋਇਆ ਵੇਖ, ਉਹ ਦੋਨੋ ਤੋਰੀ ਵਾਂਗ ਸਿਰ ਲਮਕਾ ਕੇ ਬੈਠ ਗਏ।
ਅਚਾਨਕ ਉਨ੍ਹਾਂ 'ਚੋ ਇੱਕ ਨੂੰ ਸ਼ਰਾਰਤ ਸੁਝੀ। ਉਹ ਦੂਜੇ ਨੂੰ ਬੋਲਿਆਂ - "ਯਾਰ ਗੋਲੂ... ਹਵਾ ਆਪਣੀ ਮੁਢੋਂ ਈ ਖਰਾਬ ਏ, ਤੀਵੀ ਵੇਲੜ ਛੜਿਆਂ ਨੂੰ ਕੋਈ ਇੰਝ ਦਿੰਦਾ ਨਹੀਂ। ਸਿਰ ਤੇ ਚਿੱਟੇ ਵਾਲ ਉੱਗ ਆਏ, ਪਰ ਰੱਬ ਨੇ ਖੜਕਾਉਣ ਲਈ ਦੋ ਛੜਿਆਂ ਨੂੰ ਇੱਕ ਢੋਲਕੀ ਵੀ ਨਾ ਦਿੱਤੀ। ਨਾ ਦੋ ਰੂਹਾਂ ਦਾ ਮਿਲਾਪ ਹੋਵੇ 'ਤੇ ਨਾ ਹੀ ਇਹ ਭਟਕਣ ਦੂਰ ਹੋਵੇ। ਜਵਾਨੀ ਦੇ ਪਰਛਾਵੇਂ ਢਲ ਜਾਣਗੇ ਪਰ ਲਗਦੈ ਜਿਸਮਾਨੀ ਨਿੱਘ ਦੀ ਤ੍ਰਿਪਤੀ ਭਰੇ ਆਪਣੇ ਏਹ ਜਜ਼ਬਾਤ ਏਦਾਂ  ਹੀ ਪੰਘਰੇ ਰਹਿੰਣਗੇ।  ਚੱਲ ਅੱਜ ਦਿਲ ਨੂੰ ਝੂਠੀ ਤੱਸਲੀ ਦੇਣ ਵਾਸਤੇ ਏਦਾਂ ਈ ਮਿਲਾਪ ਕਰਦੇ ਆ। ਉਸ ਕੁੜੀ ਦੀ ਤਿਰੰਗੀ ਪਰੀ ਦਾ ਆਪਣੇ ਛੱਜ ਨਾਲ...!! ਉਹਦੀ ਚਾਇਨੀਜ਼ ਡੋਰ  ਦਾ ਆਪਣੀ ਬਰੇਲੀ ਡੋਰ ਨਾਲ।
-"ਵਾ...ਓ... ਛਿੰਦੇ... ਬਹੁਤ ਵਧੀਆ ਸੋਚਿਆ ਤੂੰ।
-"ਚੱਲ ਫਿਰ...?"
-"ਕਿੱਥੇ...??"
-"ਪਤੰਗ ਤੇ ਡੋਰ ਲੈਣ।"
-"ਔ...ਕੇ... ਔ...ਕੇ... ਚੱਲ ਫਿਰ...!!"
ਦੋਨੋ ਨਜ਼ਦੀਕੀ ਹੱਟ ਤੋਂ ਛੱਜ ਪਤੰਗ ਤੇ ਪਾਂਡਾ ਮਾਰਕਾ ਬਰੇਲੀ ਡੋਰ ਦੀ ਇੱਕ ਚੜਖੜੀ ਖਰੀਦ ਲਿਆਏ 'ਤੇ ਚੜ੍ਹ ਗਏ ਕੋਠੇ ਤੇ। ਗੋਲੂ ਨੇ ਓਹਲਾ ਦਿੱਤਾ ਛਿੰਦੇ ਨੇ ਤੇਜ਼ੀ ਨਾਲ ਡੋਰ ਖਿੱਚੀ ਛੱਜ ਹਵਾ 'ਚ ਹੋ ਕੇ ਲਹਿਰਾਉਣ ਲੱਗਾ। ਦੇਖਦੇ ਹੀ ਦੇਖਦੇ ਛੜਿਆਂ ਦਾ ਛੱਜ ਛੇ-ਛੇ ਕਰਦਾ ਕੁੜੀ ਦੀ ਤਿਰੰਗੀ ਪਰੀ ਦੇ ਲਾਗੇ ਜਾ ਲੱਗੀਆਂ। ਛੱਜ ਦੀ ਫੜਫੜਾਹਟ ਸੁਣਦੇ ਹੀ ਕੁੜੀ ਨੇ ਸਿਰ ਉਪਰ ਕੀਤਾ, ਪਿੱਛੋ ਵਧੇ ਛੱਜ ਵੱਲ ਤੱਕਿਆਂ 'ਤੇ ਫਿਰ ਆਪਣੀ ਨਜ਼ਰ ਪਿੱਛੇ ਘੁੰਮਾਈ। ਦੋਹੇ ਛੜੇ ਕੁੜੀ ਨੂੰ ਆਪਣੇ ਵੱਲ ਵੇਖਦਾ ਦੇਖ ਹੱਸ ਪਏ। ਕੁੜੀ ਨੇ ਘੂਰੀ ਵੱਟਦੇ ਹੀ ਪਾਸਾ ਪਲਟ ਲਿਆ 'ਤੇ ਹੇਠਾਂ ਡਿਗਦੀ ਆਪਣੀ ਪਰੀ ਨੂੰ ਸੰਭਾਲਿਆਂ।
ਛਿੰਦੇ ਨੇ ਛੱਜ ਨੂੰ ਗੋਤਾ ਖਵਾ ਕੇ ਕੁੜੀ ਦੀ ਤਿਰੰਗੀ ਪਰੀ ਵੱਲ ਕੀਤਾ।
-"ਏਹ...ਏਹ... ਓਅ... ਪੈ ਗਿਆ ਪੇਚਾ...,  ਹੋ ਗਿਆ ਮਿਲਾਪ ਉਹਦੀ ਪਰੀ ਤੇ ਆਪਣੇ ਝੱਜ ਦਾ। ਹੇਠੋਂ ਪਾ ਕੇ ਤਾਂਹ ਚੱਕ ਲਈ ਓਏ ਹੋਏ। ਛਿੰਦੇ ਦੀ ਅਵਾਜ਼ ਗੂੰਜੀ।
-"ਏਹ...ਲੇ... ਕੱਟੀ... ਕੱਟੀ... ਕੱਟੀ... ਹੂੰ... ਪਰੀ ਉਸ ਨਖਰੇਲੋ ਦੀ” ਗੋਲੂ ਦੀ ਅਵਾਜ਼ ਵੀ ਹਵਾ 'ਚ ਗੂੰਜੀ।
ਥੋੜ੍ਹੇ ਸਮੇਂ ਬਾਦ...
ਸਾਹਮਣੇ ਚੁੰਬਾਰੇ 'ਚੋ ਫਿਰ ਤੁਣਕਾ ਵੱਜਿਆਂ। ਇੱਕ ਹੋਰ ਤਿਰੰਗੀ ਪਰੀ ਬੜ੍ੀ ਤੇਜ਼ੀ ਨਾਲ ਛੜਿਆਂ ਦੇ ਛੱਜ ਵੱਲ ਵਧੀ। ਉਨ੍ਹਾਂ ਨੇ ਛੱਜ ਨੂੰ ਗੋਤਾ ਖਵਾ ਕੇ ਫਿਰ ਤੋਂ ਕੁੜੀ ਦੀ ਤਿੰਰਗੀ ਪਰੀ  ਵੱਲ ਕੀਤਾ। ਸੰਗਮ ਇੱਕ ਵਾਰ ਫਿਰ ਹੋਇਆ।
-"ਓ... ਲੇ... ਕੱਟੀ... ਆਈ ਬੋ... ਉਹ ਜਾਂਦੀ  ਹੇਠਾਂ ਨੂੰ ਵਲ ਖਾਂਦੀ... ਉਏ ਦੀਪਿਆ, ਕੁਲਵੰਤਿਆ, ਸ਼ਿੰਦਰਾ, ਸੁੱਖੀਆ ਚੱਕ ਲੋ ਛਟੀਆਂ ਡਾਂਗਾਂ ਜੋ ਵੀ ਮਿਲਦੈ। ਲੁੱਟ ਲੋ ਡੋਰ, ਖਿੱਚ ਲੋ ਹੱਥੋ ਸਾਰੀ ਦੀ ਸਾਰੀ।  ਕਰ ਦਿਉ ਚਰਖੜੀ ਵੇਹਲੀ ਪੂਰੀ ਦੀ ਪੂਰੀ ਭੈੜ੍ਹੇ ਜੇ ਆਨੇ ਕੱਢਣੇ ਉਨ੍ਹਾਂ ਵੇਲੜ ਮੁਸ਼ਟੰਡਿਆਂ ਦੀ”।
ਇਸ ਵਾਰ ਕੁੜੀ ਦੀ ਫੁਰਤੀਲੀ ਅਵਾਜ਼ ਬੜ੍ਹੀ ਤੇਜ਼ੀ ਨਾਲ ਹਵਾ 'ਚ ਗੂੰਜੀ...
ਦੋਹਾਂ ਛੜਿਆਂ ਨੇ ਨੀਂਵੀਂ ਪਾ ਲਈ ਸੀ।                                               
****