ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।

ਮੋਮ ਦੇ ਖੰਭ……… ਕਹਾਣੀ / ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ, “ਜ਼ਜ਼ਮਾਨ ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ ਮੁਲਕ ਦਾ ਯੋਗ ਬਣਦੈ...।ਆਹ ਵੇਖ ਧਨ ਦੀ ਕੋਠੀ।ਸਮਝੋ ਫੁਰਰ ਹੋਈ...।ਸਰਦਾਰ ਜੀ ਫੰਗ ਬਣੇਗੀ,ਥੋਡੇ ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ ਅਮਰੀਕਾ ਦਾ ਧਨ ਲਿਖਿਐ।ਤੁਸੀਂ ਵੀ ਉੱਡ ਜਾਵੋਂਗੇ।ਜ਼ਜ਼ਮਾਨ ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ ਵਿਅੰਗ ਨਾਲ ਕਹਿੰਦੇ “ਪੰਡਿਤਾ ਟਿੱਚਰਾਂ ਤਾਂ ਨੀ ਕਰਦਾ।ਪਰਸੂ ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ ਆ ਲੈ ਫੜ ਦਸਾਂ ਦਾ ਨੋਟ।ਜੇ ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।ਕਦੇ ਕਦੇ ਮੰਮੀ ਆਖਦੀ “ਤੁਸੀਂ ਸਿਰ ਚੜ੍ਹਾ ਲੈਣੀ ਆਂ...।ਉਨਾਂ ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ ਕਹਿੰਦੇ “ਬਈ ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ ਉਨੀਂ ਤਿੰਨ ਭਰਾ ਸਨ।ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ “ਫੌਜੀ ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।ਪਿੰਡ ‘ਚ ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ ਵਾਲੇ ਕਿਤੇ ਲੱਛਣ ਨੇ ਏਹਦੇ...।ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।ਉਹ ਕਹਿੰਦੇ “ਸਕੂਟਰ ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।ਬੁੱਢੀਆਂ ਆਖਦੀਆਂ “ਭਾਈ ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ ਗੱਲ ਹੋ ਜੇ...”
ਇਹ ਆਲੇ ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ।ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ ਦੀ ਲਿਸਟ ਸੁਣਾ ਦਿੰਦੇ।ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ ਹਮੇਸ਼ਾਂ ਕਹਿੰਦੇ “ਜੇ ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ ਅੱਕ ਕੇ ਆਖ ਦਿੰਦੇ ਕਿ “ਚੱਲ ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ ਕੇ ਆਖਦੇ “ਕੱਲਾ ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।ਮੇਰਾ ਜਿਸਮ ਕੰਬਣ ਲੱਗ ਪਿਆ ਏ।ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ ‘ਇਹ ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ ਮੇਰੇ ਪਾਸ ਸਭ ਕੁੱਝ ਹੈ।ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।ਇਹ ਸ਼ਹਿਰ ਦਾ ਪੌਸ਼ ਏਰੀਆ ਹੈ।ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ ਆ ਕੇ ਵੀ ਉਹ ਟੈਲੀਵੀਯਨ,ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।ਉਹ ਆਉਣ ਸਾਰ ਕਹੂ “ਮਾਂ ਦਹੀਂ ਨਾਲ ਗਰੀਨ ਰੋਟੀ ਬਣਾ ਦੇ”।ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ ਜਦੋਂ ਸਾਗ ਮੱਕੀ ਦੀ ਰੋਟੀ,ਰਾਜ ਮਾਂਹ ਚੌਲ਼,ਛੋਲੇ ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ ਮੈਂ ਆਪੇ ਹੀ ਦੱਸ ਦਿੰਦੀ ਹਾਂ।ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।ਫੇਰ ਦੌੜ ਪਏ ਮੇਰੇ ਸਿਰ ‘ਚ ਖਿਆਲਾਂ ਦੇ ਘੋੜੇ।ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।ਡਾਕਟਰ ਕਹਿੰਦਾ ਹੈ,ਮਨ ਨਾਲ ਗੱਲਾਂ ਕਰਨੀਆਂ ਛੱਡ ਦੇ।ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।ਪਰ ਹੋਰ ਮੈਂ ਕਰਾਂ ਵੀ ਕੀ?ਮੇਰੀ ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ ਕਦੀ ਨਹੀਂ ਮਿਲਦਾ।ਕਹਿੰਦਾ ਮੈਂ ਉਸਦੀ ਮਨਹੂਸ ਭੈਣ ਹਾਂ।ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ ਉਹ ਖੰਭ ਵੀ ਟੁੱਟ ਗਏ।ਮਨਹੂਸ ਜੋ ਹੋਈ।ਖੰਭਾਂ ਹੀਣ ਚਿੜੀ।
ਮੇਰੇ ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ ਹੈ।ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾਂ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।ਪਰ ਉਹ ਲੜਨ ਰੋਕਣ ਤਾਂ,ਤਾਂਹੀ ਜੇ ਕਦੀ ਘਰ ਰਹਿਣ।ਜੀਵਨ ਬੇ ਰਸ ਹੈ,ਫਿੱਕਾ ਫਿੱਕਾ।ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।ਪਰ ਇਹ ਹਰ ਗੱਲ ‘ਚ ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ, “ਸਿੰਡੀ ਨੋ ਮੋਰ ਬੇਬੀ ਦੈਟਸ ਇਟ।ਟੇਕ ਕੇਅਰ ਕਰਨੀ ਮੁਸ਼ਕਲ ਹੋਵੇਗੀ।ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ।ਹੋਟਲ ਹੀ ਇਸਦਾ ਘਰ ਨੇ।ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ ਰਹੀ ਹੈ,ਸਿਹਤ ਡਿੱਗ ਰਹੀ ਹੈ।ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।ਕੀ ਕਰਨੀ ਹੈ ਏਨੀ ਮਾਇਆ?ਕਿੱਥੇ ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।ਪਰ ਮੇਰੇ ਮਨਹੂਸ ਦੇ ਕਰਮਾਂ ‘ਚ ਹੁਣ ਇਹ ਕਿੱਥੇ...।ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ ਨੂੰ ਅਖਬਾਰ ‘ਚੋਂ ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ ‘ਚੋਂ ਲੱਭਣਾ ਚਾਹੁੰਦੇ ਸੀ।ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।ਪਾਪਾ ਨੇ ਕਿਹਾ ‘ਬਾਹਰਲਾ ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।ਮਿਲਣ ਸਾਰ ਇਨਾਂ ਕਿਹਾ “ਐਹੋ ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ ਬੀ ਏ ਵੀ ਕਰਵਾ ਦਵਾਂਗਾ।ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ ਗੱਲ ਪੱਕੀ ਹੋ ਗਈ।ਬਗੈਰ ਕਿਸੇ ਵਿਚੋਲੇ ਦੇ।ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ ਢੋਇਆ ਜਾ ਰਿਹਾ ਸੀ।ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ ਵੇਖ ਰਹੇ ਸਨ।ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ ‘ਚ ਭੰਗ ਪੈ ਗਿਆ ਸੀ।ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ ਵਿੱਚ ਸਿਰਫ ਦੋ ਦਿਨ ਬਾਕੀ ਸਨ।ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।ਜੋ ਵੀ ਸੁਣਦਾ ਆਖਦਾ ‘ਰੱਬਾ ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।ਤੇ ਚਾਚੀਆਂ ਤਾਈਆਂ ਨੇ ਮਨਹੂਸ।ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ ਤੇ ਪਾਉਣੇ ਸਨ।ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।ਉਸ ਨੇ ਕਿਹਾ “ਵਿਆਹ ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ ਛੱਡ ਦੇ ਕੁੜੀ ਮਨਹੂਸ ਆ’।ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ “ਧੀਏ ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲੇਾਂ ਲੱਗੇ ਜ਼ਖਮ ਭਰ ਜਾਣੇ ਸੀ।ਮੈਂ ਰੋਂਦੀ ਕੁਰਲਾਂਦੀ ਰਹੀ।ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ ਨਾ ਨਿੱਕਲ ਸਕੀ।ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ ਮੇਰੇ ਖੰਭ ਬਣੇਗੀ।ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ ਉੱਡ ਜਾਂਦੇ ਨੇ।ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ ਦੇ ਜਨਮ ਦਿਨ ਮਨਾਉਣਗੇ।ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ ਥੋੜਾ ਗੁਟਕਦੀ ਚਹਿਕਦੀ ਵੀ ਹਾਂ।ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ ਗੱਲ ਤੇ ਆਖ ਦਿੰਦੀ ਆ “ਮੌਮ ਥੋਨੂੰ ਕੀ ਪਤੈ”?ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ ਬੱਸ ਉਹ ਹੀ ਸਮਝ ਲਵੋ।
ਸਭ ਤੋਂ ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,ਕਿਸੇ ਗੱਲੋਂ ਹੌਕਾ ਨਾਂ ਲਵੇ।ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ ਆ...।ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ।ਪਰ ਜਦ ਮਿਲਦੇ ਵਰਤਦੇ ਈ ਨੀ ਫੇਰ ਮੈਂਨੂੰ ਕਿਸੇ ਦਾ ਕੀ ਭਾਅ...?ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।ਉਲਟਾ ਮੈਨੂੰ ਕਹਿਣ ਗੇ “ਤੂੰ ਤਾਂ ਵਿਹਲੀ ਐਸ਼ਾਂ ਕਰਦੀ ਏਂ,ਸਾਡੇ ਕੋਲ ਟੈਮ ਕਿੱਥੇ ਆ”
ਹੁਣ ਤਾਂ ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ।ਮੁਸਲਮ ਕਹਾ ਕੇ ਰਾਜੀ ਨਹੀਂ।ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ।ਪਤਾ ਨਹੀਂ ਲੋਕ ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ ਬਾਲ ਵੀ ਨਹੀਂ ਖੇਡਦੇ।ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ ਵਿੱਚ ਆਪਣਾ ਮਾਣ ਸਮਝਦੇ ਨੇ।ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ ਇਨ੍ਹਾਂ ਪਛਤਾਉਣਾ ਏ।ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ ਨਾਲ ਹੀ ਪਰਚੀ ਰਹਿੰਦੀ ਆ।ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।ਜੇ ਮੈਂ ਡੋਰ ‘ਚ ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।ਤੇ ਉਹ ਵੀ ਮਾਈ ਹਨੀ,ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।ਇਹਦਾ ਪਤੀ ਤੇ ਨਿਆਣੇ ਸਭ ਏਹ ਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਪਸੰਦ ਕਰਦੀ ਸੀ।ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।ਪਰ ਉਸ ਦੇ ਡੈਡੀ ਨਹੀਂ ਮੰਨੇ।ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾਂ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ ਦੀ ਮਰੀਜ਼ ਨਾਂ ਬਣਦੀ।
ਸਾਡੇ ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ ਰਹੁ ਰੀਤਾਂ।ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ ਹੀ ਮਿਲੂ।
ੳੌਹ ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ੱਿਵਚ ਪੜਾਉਂਦੀ ਆ ਦੱਸ ਦੀ ਸੀ ਕਿ ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।ਸਕੂਲਾਂ ਕਾਲਜਾ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ ਨੇ।ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ।ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।ਏਥੇ ਇਹ ਗੱਲਾਂ ਆਮ ਨੇ।ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?ਉਹੋ ਤਾਂ ਹੁਣ ਮੇਰਾ ਆਸਰਾ ਹੈ।ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ ਨਾਤੇ ਝੂਠੇ ਨੇ।ਰੇਤ ਦੀਆਂ ਕੰਧਾਂ।ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ ਇਕੱਲਾ ਰਹਿ ਕਿਉਂ ਨਹੀਂ ਸਕਦਾ? ਮੈਂ ਸੋਚਦੀ ਹਾਂ।ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।ਮਾਪੇ ਪਤੀ ਪੁੱਤਰ ਭੈਣ ਭਰਾ,ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ ਹੈ।ਮੇਰਾ ਹੋਰ ਕੌਣ ਹੈ...?ਕੋਈ ਵੀ ਨਹੀਂ।
ਮੈ ਡੈਡੀ ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।ਮੈਂ ਰਹਿ ਗਈ ਬੇਜਾਨ ਚੀਜਾ ਨਾਲ ਮੱਥਾ ਮਾਰਨ ਲਈ।ਅੱਜ ਅਥਰੂ ਡੱਕੇ ਨਹੀਂ ਜਾ ਰਹੇ।ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।ਡੌਨਾ ਕੁੱਤਾ ਲਈ ਆ ਰਹੀ ਹੈ।ਹੱਸਦੀ ਮੁਸਕਰਾਂਉਦੀ ਹੋਈ।ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ।ਜੀਣ ਦਾ ਸਾਹਸ ਦਿੰਦੇ ਨੇ।ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।ਕਦੀ ਉਸ ਦੇ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ ਸਿੰਡੀ’ ਕਿਹਾ ਹੈ।ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।ਘਰ ਦੀਆਂ,ਸਟਰੀਟ ਦੀਆਂ,ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ
“ਡਾਰਲਿੰਗ ਕਿਉਂ ਐਨੀ ਉਦਾਸ ਏਂ?”
“ਮੇਰੇ ਵਲ ਵੇਖ ਮੇਰੇ ਮਾਂ ਬਾਪ ਪਤੀ,ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।ਮੈਂ ਫੇਰ ਵੀ ਖੁਸ਼ ਹਾਂ”।ਉਹ ਉੱਚੀ ਉੱਚੀ ਹੱਸੀ।“ਕੀ ਮੈਂ ਜੀਂਦੀ ਨਹੀਂ?ਤੂੰ ਵੀ ਮਜਬੂਤ ਹੋ”।
ਤੇ ਮੈਂ ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।ਮੇਰੇ ਡੈਡੀ ਵੀ ਕਹਿੰਦੇ ਸੀ
‘ਬੰਦੇ ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।ਰੇਤ ਦੀਆਂ ਕੰਧਾਂ।
ਮੈਂ ਆਲੇ ਦੁਆਲੇ ਵੇਖਿਆ।ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।ਡੌਨਾ ਮੁਸਕਰਾ ਰਹੀ।ਕੁੱਤਾ ਖੇਡ ਰਿਹਾ ਸੀ।ਫੇਰ ਮੈਂ ਕਿਉਂ ਉਦਾਸ ਸੀ?ਜੀ ਕਰਦਾ ਸੀ ਉੱਡ ਜਾਵਾਂ।ਜਿਵੇਂ ਪੰਛੀ ਖੁੱਲੇ ਅੰਬਰਾਂ ‘ਚ ਉੱਚੀ ਉਡਾਣ ਭਰਦੇ ਨੇ।ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਹੋਵੇ।

ਤਿੜਕੇ ਹੋਏ ਸ਼ੀਸ਼ੇ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇੱਕ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਚੱਲ ਰਿਹਾ ਸੀ . 'ਨਾਮਵਰ' ਕਵੀ ਆਪੋ - ਆਪਣੀਆਂ ਰਚਨਾਵਾਂ ਸੁਣਾ ਰਹੇ ਸਨ ਤੇ ਸਰੋਤੇ ਕਵੀਜਨਾਂ ਦੀਆਂ ਰਚਨਾਵਾਂ ਤੇ ਖ਼ਿਆਲਾਂ 'ਤੇ ਅਸ਼ - ਅਸ਼ ਕਰ ਰਹੇ ਸਨ . ਪਰ ... ਤਦੇ ਹੀ ਇੱਕ ' ਵਿਦਵਾਨ ' ਆਲੋਚਕ ਸਾਹਿਬਾਨ ਕਵੀ ਦਰਬਾਰ ਵਿੱਚ ਆਣ ਪਧਾਰੇ . ਕਵਿਤਾਵਾਂ ਦਾ ਚੱਲ ਰਿਹਾ ਅਖੰਡ ਪਾਠ ਜਿਵੇਂ ਖੰਡਿਤ ਹੋ ਗਿਆ . 'ਨਾਮਵਰ ' ਕਵੀ ਜਨ ਹੁਣ ਆਲੋਚਕ ਦੀ ਜੀ - ਹਜ਼ੂਰੀ ਕਰ ਰਹੇ ਸਨ . ਮੰਚ 'ਤੇ ਕਵਿਤਾ ਸੁਣਾ ਰਹੇ ਕਵੀ ਦੀ ਆਵਾਜ਼ ਇੱਕ 'ਸਾਹਿਤਕ ਸੂਝ' ਵਾਲੇ ਸ਼ੋਰ ਵਿੱਚ ਦਬ ਚੁੱਕੀ ਸੀ . ...............................ਤੇ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਮਾਜ ਨੂੰ ਉਸਦੀ ਅਸਲੀ ਤਸਵੀਰ ਵਿਖਾਉਣ ਵਾਲੇ ਸ਼ੀਸ਼ੇ ਤਿੜਕ ਗਏ ਹੋਣ