ਹਾਜ਼ਰ ਜਿ਼ੰਦਗੀ......... ਮਿੰਨੀ ਕਹਾਣੀ / ਗੁਰਮੀਤ ਸਿੰਘ ਬਿਰਦੀ


ਸਵੇਰ  ਦਾ ਪੈਂਦਾ ਮੀਂਹ ਥੰਮਣ ਵਿਚ ਨਹੀ ਸੀ ਆ ਰਿਹਾ । ਬੱਚੇ ਵੀ ਸਕੂਲ ਜਾਣ ਤੋਂ ਨੱਕ ਬੁੱਲ ਮਾਰਨ ਲੱਗ ਪਏ । ਮੈਂ ਵੀ ਅੱਜ ਛੁੱਟੀ ਦੇ ਮੂਡ ਵਿਚ ਸੀ । ਸੋ ਘਰੇ ਰਜ਼ਾਈ ਵਿੱਚ ਬੈਠ ਕੇ ਸਾਰਾ ਦਿਨ ਟੀਵੀ ਵੇਖਿਆ, ਨਾਲੇ ਮਾਲ-ਪੂੜੇ, ਪਕੋੜੇ ਖਾ ਕੇ ਪੂਰਾ ਦਿਨ ਬੱਚਿਆਂ ਨਾਲ ਆਨੰਦ ਭਰਿਆ ਬਿਤਾਇਆ ।

ਦੂਜੇ ਦਿਨ ਸਕੂਲ ਵਿਚ ਹਾਜ਼ਰੀ ਲਗਾਉਣ ਲੱਗਾ ਤਾਂ ਅੱਧ ਤੋਂ ਵੱਧ ਗੈਰ-ਹਾਜ਼ਰੀਆਂ ਵੇਖ ਕੇ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਅੱਜ ਤਾਂ ਮੀਂਹ ਵੀ ਨਹੀਂ ਪੈਂਦਾ, ਫਿਰ ……?” ਮੈਨੂੰ ਮੇਰੀ ‘ਫਿਰ’ ਦਾ ਜਵਾਬ ਸਕੂਲੋਂ ਛੁੱਟੀ ਤੋਂ ਬਾਅਦ ਘਰ ਜਾਂਦੇ ਨੂੰ ਰਸਤੇ ਵਿੱਚ ਇੱਕ ਬਸਤੀ ਵੱਲ ਵੇਖ ਕੇ ਮਿਲ ਗਿਆ । ਜਿਹੜੀ ਕੱਲ ਤੋਂ ਹੀ ਪਾਣੀ ਨਾਲ ਭਰੀ ਪਈ ਸੀ । ਘਰਾਂ ਦਾ ਸਾਰਾ ਸਮਾਨ
ਪਾਣੀ ਉਤੇ ਤਾਰੀਆਂ ਲਗਾ ਰਿਹਾ ਸੀ । ਸਾਰੇ ਮਰਦ, ਔਰਤ ਅਤੇ ਬੱਚੇ ਆਪੋ-ਆਪਣੇ ਘਰਾਂ ਦਾ ਨਿੱਕ-ਸੁੱਕ ਇਕੱਠਾ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਇੱਕ ਵਾਰ ਫਿਰ ਮੁੜ ਆਪਣੀ ਜਿੰਦਗੀ ਆਰੰਭ ਕਰਨ ਦੇ ਯਤਨ ਵਿੱਚ ਸਨ । 


ਮੈਨੂੰ ਲੱਗਿਆ ਸਕੂਲ ਵਿੱਚੋਂ ਗੈਰ-ਹਾਜ਼ਰ ਹੋ ਕੇ ਇਹ ਬੱਚੇ ਅੱਜ ਜਿੰਦਗੀ ਨੂੰ ‘ਹਾਜ਼ਰ ਜਿੰਦਗੀ’ ਕਹਿ ਕੇ ਆਪਣੀ ਹਾਜ਼ਰੀ ਲੁਆ ਰਹੇ ਸਨ ।   

****