ਸਬਕ……… ਕਹਾਣੀ / ਤਨੀਸ਼ਾ ਗੁਲਾਟੀ

ਪਿਆਰੇ ਤੇ ਸਤਿਕਾਰਿਤ ਪਾਠਕ ਵੀਰੋ !
ਇਹ ਕਹਾਣੀ ਐਡੀਲੇਡ ਵਿਖੇ ਛੇਵੀਂ ਜਮਾਤ ‘ਚ ਪੜ੍ਹਦੀ ਮੇਰੀ ਬੇਟੀ ਤਨੀਸ਼ਾ ਨੇ ਲਿਖੀ ਹੈ । ਉਸਨੇ ਇਹ ਕਹਾਣੀ ਅੰਗ੍ਰੇਜ਼ੀ ‘ਚ ਲਿਖੀ ਸੀ ਪਰ ਕੁਝ ਸਨੇਹੀਆਂ ਵੱਲੋਂ ਇਸਨੂੰ ਪੰਜਾਬੀ ‘ਚ ਤਰਜ਼ਮਾ ਕਰਨ ਦੀ ਸਲਾਹ ਮਿਲੀ ਹੈ । ਸੋ, ਆਪ ਜੀ ਦੀ ਕਚਿਹਰੀ ‘ਚ ਇਹ ਕਹਾਣੀ ਹਾਜ਼ਰ ਹੈ । “ਹਰਮਨ ਰੇਡੀਓ”, ਅਮਨਦੀਪ ਸਿੱਧੂ ਤੇ ਮਿੰਟੂ ਬਰਾੜ ਹੋਰਾਂ ਦਾ ਹਾਰਦਿਕ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਰੇਡੀਓ ‘ਤੇ ਪ੍ਰੋਗਰਾਮ “ਦਿਲ ਵਾਲੀ ਗੱਲ” ‘ਚ ਤਨੀਸ਼ਾ ਨਾਲ਼ ਗੱਲਬਾਤ ਕਰਕੇ ਉਸਦਾ ਹੌਸਲਾ ਵਧਾਇਆ ਹੈ । ਇਹ ਗੱਲਬਾਤ ਵੀ ਪੇਸ਼ ਹੈ ।

ਰਿਸੀ ਗੁਲਾਟੀ
 


ਇੱਕ ਦਿਨ ਸਿ਼ਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ ਬੜੀ ਨਿਮਰਤਾ ਨਾਲ਼ ਬੋਲਿਆ...

“ਅੰਕਲ, ਮੈਂ ਇੱਕ ਕਤੂਰਾ ਖਰੀਦਣਾ ਚਾਹੁੰਦਾ ਹਾਂ ।”
“ਜ਼ਰੂਰ ਪੁੱਤਰ, ਤੂੰ ਇੱਕ ਕਤੂਰਾ ਲੈ ਸਕਦਾ ਹੈਂ ।”, ਦੁਕਾਨਦਾਰ ਨੇ ਜੁਆਬ ਦਿੱਤਾ ।
ਦੁਕਾਨਦਾਰ ਨੇ ਆਪਣੀ ਬੇਟੀ ਨੂੰ ਬੁਲਾਇਆ ਤੇ ਪਿੰਜਰੇ ‘ਚੋਂ ਕਤੂਰੇ ਕੱਢ ਕੇ ਦਿਖਾਉਣ ਲਈ ਕਿਹਾ । ਸਾਰੇ ਕਤੂਰੇ ਦਰਵਾਜ਼ੇ ਵੱਲ ਦੌੜ ਗਏ । ਕੁਝ ਪਲਾਂ ਬਾਅਦ ਲੜਕੇ ਨੇ ਦੇਖਿਆ ਕਿ ਇੱਕ ਨਿੱਕਾ ਜਿਹਾ ਕਤੂਰਾ ਚੰਗੀ ਤਰ੍ਹਾਂ ਨਹੀਂ ਚੱਲ ਪਾ ਰਿਹਾ ਸੀ ਜਦ ਕਿ ਉਹ ਆਪਣੀ ਪੂਰੀ ਕੋਸਿ਼ਸ਼ ਕਰ ਰਿਹਾ ਸੀ ।
“ਮੈਨੂੰ ਉਹ ਕਤੂਰਾ ਚਾਹੀਦਾ ਹੈ ।” ਲੜਕੇ ਨੇ ਉਤਸ਼ਾਹਿਤ ਹੋ ਕੇ ਕਿਹਾ ।
“ਪੁੱਤਰ, ਮੈਨੂੰ ਯਕੀਨ ਹੈ ਕਿ ਤੈਨੂੰ ਉਸਦੀ ਲੋੜ ਨਹੀਂ ਹੈ । ਉਹ ਕਦੇ ਵੀ ਤੇਰੇ ਨਾਲ਼ ਖੇਡਣ ਜਾਂ ਦੌੜਨ ਦੇ ਯੋਗ ਨਹੀਂ ਹੋ ਸਕੇਗਾ ।” ਦੁਕਾਨਦਾਰ ਨੇ ਮੁਸਕਰਾਉਂਦੇ ਹੋਏ ਕਿਹਾ । ਇਹ ਸੁਣ ਕੇ ਲੜਕੇ ਨੇ ਆਪਣੀ ਪੈਂਟ ਦਾ ਪਹੁੰਚਾ ਉੱਪਰ ਵੱਲ ਮੋੜ ਦਿੱਤਾ ।  ਦੁਕਾਨਦਾਰ ਨੇ ਦੇਖਿਆ ਕਿ ਉਸ ਲੜਕੇ ਦੀ ਨਕਲੀ ਲੱਤ ਇੱਕ ਸਪੈਸ਼ਲ ਬੂਟ ਨਾਲ਼ ਜੋੜੀ ਹੋਈ ਸੀ ।
“ਅੰਕਲ ਦੇਖੋ, ਮੈਂ ਵੀ ਚੰਗੀ ਤਰ੍ਹਾਂ ਤੁਰ ਨਹੀਂ ਸਕਦਾ । ਉਸ ਕਤੂਰੇ ਨੂੰ ਕਿਸੇ ਅਜਿਹੇ ਦੀ ਲੋੜ ਹੈ ਜੋ ਉਸਨੂੰ ਸਮਝ ਸਕੇ ।”, ਚਤੁਰ ਲੜਕੇ ਨੇ ਕਿਹਾ ।
“ਪੁੱਤਰ, ਅੱਜ ਤੂੰ ਮੈਨੂੰ ਇੱਕ ਵੱਡਾ ਸਬਕ ਸਿਖਾ ਦਿੱਤਾ ਹੈ ।”, ਦੁਕਾਨਦਾਰ ਨੇ ਖੁਸ਼ੀ ਨਾਲ਼ ਜੁਆਬ ਦਿੱਤਾ ।
****