ਸੁਰਖ਼ਾਬ ਸਕੂਲ 'ਚ ਪੜ੍ਹਦਿਆਂ ਹੀ ਇਹ ਸੋਚ ਲੈ ਕੇ ਅੱਗੇ ਵੱਧਦਾ ਆ ਰਿਹਾ ਸੀ ਕਿ ਉਸ ਨੇ ਦੁਨੀਆਂ ਦੀ ਭੀੜ ਵਿੱਚ ਨਹੀਂ ਰੁਲਣਾ। ਉਸ ਨੇ ਬਹੁਤ ਸਾਰਾ ਪੈਸਾ ਕਮਾਉਣਾ ਹੈ ਤੇ ਆਪਣੀ ਵੱਖਰੀ ਪਹਿਚਾਣ ਬਨਾਉਣੀ ਹੈ। ਉਸ ਨੇ ਚੰਗੀ ਪੜ੍ਹਾਈ ਕਰ ਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਛੇਤੀ ਕਿਤੇ ਤਾਂ ਕੋਈ ਨੌਕਰੀ ਲਈ ਹਾਂ ਨਾ ਕਰਦਾ, ਜੇ ਕਿਤੇ ਹਾਂ ਹੁੰਦੀ ਤਾਂ ਉਹ ਖੁ਼ਦ ਨਾਂਹ ਕਰ ਦਿੰਦਾ। ਕਿਉਂਕਿ ਉਸ ਨੂੰ ਲੱਗਦਾ ਕਿ ਇਹ ਨੌਕਰੀ ਮੰਜਿਲ 'ਤੇ ਪਹੁੰਚਾੳਂੁਣ ਦੀ ਥਾਂ ਉਸ ਨੂੰ ਦੁਨੀਆਂ ਦੀ ਭੀੜ ਦਾ ਹੀ ਹਿੱਸਾ ਬਣਾ ਦੇਵੇਗੀ। ਨੌਕਰੀ ਦੀ ਭਾਲ ਛੱਡ ਉਸ ਨੇ ਛੋਟੇ-ਮੋਟੇ ਵਪਾਰ ਤੋਂ ਸ਼ੁਰੂਆਤ ਕਰਨ ਦੀ ਸੋਚੀ। ਉਸ ਨੇ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ, ਪਰ ਕਾਮਯਾਬੀ ਨਾ ਮਿਲਦੀ ਵੇਖ ਇਹ ਕੰਮ ਛੱਡ ਮੁਰਗੀਆਂ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅਚਾਨਕ ਬਿਮਾਰੀ ਪੈਣ ਨਾਲ ਮੁਰਗੀਆਂ ਮਰਨ ਕਰ ਕੇ ਇਸ ਕੰਮ 'ਚ ਵੀ ਘਾਟਾ ਪੈ ਗਿਆ। ਅਖ਼ੀਰ ਉਸ ਨੇ ਹੋਰਾਂ ਲੋਕਾਂ ਵੱਲ ਵੇਖ ਪੱਛਮੀ ਮੁਲਕਾਂ ਵਿੱਚ ਜਾ ਕੇ ਆਪਣੀ ਕਿਸਮਤ ਅਜਮਾਉਣ ਬਾਰੇ ਸੋਚਿਆ।
ਫ਼ੈਸਲਾ ਕਰ ਏਜੰਟ ਰਾਹੀਂ ਉਹ ਆਪਣੇ ਦੋਸਤ ਸੁੱਖਪਾਲ ਕੋਲ ਇਟਲੀ ਪਹੁੰਚ ਗਿਆ। ਆਉਂਦਿਆਂ ਹੀ ਉਹ ਸੁੱਖਪਾਲ ਨੂੰ ਛੇਤੀ ਤੋਂ ਛੇਤੀ ਕੰਮ 'ਤੇ ਲਵਾਉਣ ਬਾਰੇ ਕਹਿਣ ਲੱਗਾ। ਸੁੱਖਪਾਲ ਨੇ ਆਪਣੇ ਦੋਸਤਾਂ ਨੂੰ ਫੋਨ ਕੀਤੇ ਤਾਂ ਪਤਾ ਲੱਗਾ ਕਿ ਫਲਾਣੇ ਥਾਂ ਸਰਕਸ
ਲੱਗੀ ਹੋਈ ਆ, ਉਹਨਾਂ ਨੂੰ ਬੰਦੇ ਦੀ ਲੋੜ ਆ। ਸੁੱਖਪਾਲ ਸੁਰਖ਼ਾਬ ਨੂੰ ਪੁੱਛਣ ਲੱਗਾ “ਦੋਸਤ ਸਰਕਸ 'ਚ ਕੰਮ ਹੈ, ਕਰ ਲਵੇਂਗਾ?” ਸੁਰਖ਼ਾਬ ਕੁਝ ਸੋਚਣ ਲੱਗ ਪਿਆ। ਉਸ ਨੂੰ ਸੋਚੀਂ ਪਿਆ ਵੇਖ ਸੁਖਪਾਲ ਕਹਿਣ ਲੱਗਾ “ਦੋਸਤ ਇਟਲੀ 'ਚ ਇਹ ਗੱਲ ਬਹੁਤ ਮਸ਼ਹੂਰ ਹੈ ਕਿ ਨਵੇਂ ਬੰਦੇ ਲਈ ਸਰਕਸ ਪ੍ਰਾਇਮਰੀ ਸਕੂਲ ਵਾਂਗ ਹੈ। ਜਿਹੜਾ ਇੱਥੋਂ ਪਾਸ ਹੋ ਜਾਂਦਾ ਉਹਨੂੰ ਫਿ਼ਰ ਪੂਰੇ ਇਟਲੀ 'ਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ।” ਸੁਰਖ਼ਾਬ ਨੇ ਸਰਕਸ ਦੇ ਕੰਮ 'ਤੇ ਜਾਣ ਲਈ ਹਾਂ ਕਰ ਦਿੱਤੀ। ਉਸ ਨੂੰ ਆਪਣੀ ਵੱਖਰੀ ਪਹਿਚਾਣ ਬਨਾਉਣ ਦੀ ਵੀ ਕਾਹਲ ਸੀ। ਇਸ ਲਈ ਉਸ ਨੇ ਬਹੁਤੀਆਂ ਸੋਚਾਂ ਵਿੱਚ ਪੈ ਕੇ ਵਕਤ ਲੰਘਾਉਣਾ ਠੀਕ ਨਾ ਸਮਝਿਆ।ਦੂਜੇ ਦਿਨ ਸੁੱਖਪਾਲ ਉਸ ਨੂੰ ਸਰਕਸ ਵਿੱਚ ਲੈ ਗਿਆ ਸਰਕਸ ਦੇ ਮਾਲਕ ਨਾਲ ਗੱਲ ਕੀਤੀ। ਉਸ ਨੇ ਕੰਮ ਲਈ ਹਾਂ ਕਰ ਦਿੱਤੀ । ਸਾਰੀ ਗੱਲਬਾਤ ਸੁੱਖਪਾਲ ਨੇ ਕੀਤੀ ਸੁਰਖ਼ਾਬ ਨਵਾਂ ਆਇਆ ਹੋਣ ਕਰਕੇ ਉਸ ਨੂੰ ਕੋਈ ਗੱਲ ਸਮਝ ਨਹੀਂ ਸੀ ਆਈ। ਜਦੋਂ ਸੁੱਖਪਾਲ ਨੇ ਦੱਸਿਆ ਕਿ ਕੰਮ ਦੀ ਹਾਂ ਹੋ ਗਈ ਹੈ ਤਾਂ ਸੁਰਖ਼ਾਬ ਮਾਲਕ ਵੱਲ ਹੱਥ ਕਰ ਕੇ ਕਹਿਣ ਲੱਗਾ “ਤੂੰ ਇਹਨੂੰ ਦੱਸ ਦਿੱਤਾ ਕਿ ਮੈਨੂੰ ਇਟਾਲੀਅਨ ਭਾਸ਼ਾ ਨਹੀੰਂ ਆਉਂਦੀ, ਅੰਗਰੇਜੀ ਆਉਂਦੀ ਆ।” ਆਪਣੇ ਵੱਲ ਹੱਥ ਦਾ ਇਸ਼ਾਰਾ ਹੋਇਆ ਵੇਖ ਮਾਲਕ ਸੁੱਖਪਾਲ ਨੂੰ ਪੁੱਛਣ ਲੱਗਾ ਕਿ ਇਹ ਕੀ ਕਹਿ ਰਿਹਾ। ਜਦੋਂ ਸੁੱਖਪਾਲ ਨੇ ਸੁਰਖ਼ਾਬ ਦੀ ਕਹੀ ਗੱਲ ਮਾਲਕ ਨੂੰ ਦੱਸੀ ਤਾਂ ਮਾਲਕ ਨੇ ਬਿਨਾਂ ਬੋਲਿਆਂ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਆਪਣੇ ਪਿੱਛੇ-ਪਿੱਛੇ ਆਉਣ ਲਈ ਕਿਹਾ ਤੇ ਥੋੜੀ ਦੂਰ ਜਾ ਕੇ ਉਨ੍ਹਾਂ ਨੂੰ ਜਾਨਵਰਾਂ ਦੇ ਸਾਹਮਣੇ ਲਿਜਾ ਕੇ ਖੜਾ ਕਰ ਦਿੱਤਾ ਤੇ ਕਹਿਣ ਲੱਗਾ “ਇਨ੍ਹਾਂ ਵੱਲ ਵੇਖੋ ਇਨ੍ਹਾਂ ਨੂੰ ਨਾ ਇਟਾਲੀਅਨ ਆਉਂਦੀ ਹੈ, ਨਾ ਅੰਗਰੇਜੀ। ਪਰ ਇਹ ਸਾਰੇ ਸਾਡੇ ਇਸ਼ਾਰਿਆਂ ਤੇ ਨੱਚਦੇ ਆ, ਤੇ ਇਹਨੂੰ ਕੋਈ ਭਾਸ਼ਾ ਤਾਂ ਸਮਝ ਆਉਂਦੀ ਹੀ ਹੈ।” ਮਾਲਕ ਨੇ ਸੁਰਖ਼ਾਬ ਵੱਲ ਉਂਗਲ ਕਰ ਕੇ ਕਿਹਾ। ਸੁੱਖਪਾਲ ਨੇ ਜਦੋਂ ਸਾਰੀ ਗੱਲ ਸੁਰਖ਼ਾਬ ਨੂੰ ਦੱਸੀ ਤਾਂ ਸੁਰਖ਼ਾਬ ਨੇ ਬਿਨਾਂ ਬੋਲਿਆਂ ਸਿਰ ਦੇ ਇਸ਼ਾਰੇ ਨਾਲ ਹੀ ਠੀਕ ਆ ਦਾ ਸੰਕੇਤ ਦੇ ਦਿੱਤਾ। ਸੁੱਖਪਾਲ ਲੋੜੀਂਦਾ ਸਮਾਨ ਦੇ ਕੇ ਉਸ ਨੂੰ ਛੱਡ ਕੇ ਚਲਾ ਗਿਆ।
ਸੁਰਖ਼ਾਬ ਦੇਰ ਰਾਤ ਤੱਕ ਕੰਮ ਕਰ ਖਾਣਾ ਖਾਹ ਕੇ ਸੌਂ ਗਿਆ। ਉਸ ਨੂੰ ਸੁੱਤੇ ਨੂੰ ਅਜੇ ਅੱਧਾ ਕੁ ਘੰਟਾ ਹੀ ਹੋਇਆ ਸੀ। ਉਹ ਤ੍ਰਭਕ ਕੇ ਉੱਠ ਖਲੋਤਾ, ਕਮਲਿਆਂ ਵਾਂਗ ਕਦੇ ਸਿਰ ਤੇ ਹੱਥ ਮਾਰੇ, ਕਦੇ ਕੰਨ ਫੜ੍ਹ ਕੇ ਵੇਖੇ, ਕਦੇ ਨੱਕ, ਕਦੇ ਦੰਦਾ ਨੂੰ ਹੱਥ ਲਾ ਕੇ ਵੇਖੇ ਤੇ ਕਦੇ ਢੂਹੀ ਪਿੱਛੇ ਹੱਥ ਲਾ ਕੇ ਵੇਖੇ। ਕਿਉਂਕਿ ਹੁਣੇ ਆਏ ਸੁਪਨੇ ਨੇ ਉਸ ਨੂੰ ਐਨਾ ਡਰਾ ਦਿੱਤਾ ਸੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ, ਕਿ ਉਹ ਕੌਣ ਹੈ ਤੇ ਕਿੱਥੇ ਹੈ। ਸੁਪਨੇ ਵਿੱਚ ਉਸ ਨੇ ਵੇਖਿਆ ਕਿ ਉਸ ਦੇ ਕੰਨ ਵੱਡੇ ਵੱਡੇ ਹੋ ਗਏ ਹਨ, ਸਿਰ ਤੇ ਹਿਰਨ ਵਾਂਗ ਸਿੰਗ ਉੱਗ ਆਏ ਹਨ, ਦੰਦ ਹਾਥੀ ਦੇ ਦੰਦਾਂ ਵਾਂਗ ਮੂੰਹ ਤੋਂ ਬਾਹਰ ਲਮਕ ਰਹੇ ਹਨ। ਨੱਕ ਵੀ ਹਾਥੀ ਦੀ ਸੁੰਢ ਵਾਂਗ ਹੋ ਗਿਆ ਹੈ ਅਤੇ ਪਿੱਠ ਪਿੱਛੇ ਪੂਛ ਨਿਕਲ ਆਈ ਹੈ। ਉਹ ਬੜੀ ਦੇਰ ਤੱਕ ਆਪਣੇ ਸਰੀਰ ਨੂੰ ਇਸ ਤਰ੍ਹਾਂ ਹੀ ਟੋਂਹਦਾ ਰਿਹਾ ਤੇ ਆਪਣੇ ਆਪ ਨੂੰ ਯਕੀਨ ਦਵਾਉਣ ਦੀ ਕੋਸਿ਼ਸ਼ ਕਰਦਾ ਰਿਹਾ ਕਿ ਉਹ ਇਨਸਾਨ ਹੀ ਹੈ, ਜਾਨਵਰ ਨਹੀਂ। ਅਖ਼ੀਰ ਉਸਨੇ ਪਾਣੀ ਦੀ ਬੋਤਲ ਚੁੱਕੀ ਤੇ ਮੂੰਹ ਨੂੰ ਲਾ ਕੇ ਪੂਰੀ ਬੋਤਲ ਖਾਲੀ ਕਰਕੇ, ਆਪਣੀ ਸੁਰਤ ਟਿਕਾਣੇ ਕੀਤੀ। ਸਰਕਸ ਦੇ ਗੋਰੇ ਮਾਲਕ ਦੀ ਕਹੀ ਗੱਲ ਉਸ ਨੂੰ ਬਾਰ-ਬਾਰ ਚੇਤੇ ਆਈ ਜਾਵੇ। ਕਿ ਕਿਵੇਂ ਉਸ ਨੇ ਚੰਗੇ ਭਲੇ ਬੰਦੇ ਨੂੰ ਜਾਨਵਰਾਂ ਨਾਲ ਮਿਲਾ ਦਿੱਤਾ ਸੀ। ਉਹ ਕਦੇ ਸੋਚਦਾ ਕਿ ਕੀ ਲੈਣਾ ਵੱਖਰੀ ਪਹਿਚਾਣ ਤੋਂ ਕਿਤੇ ਆਪਣੀ ਅਸਲ ਪਹਿਚਾਣ ਵੀ ਨਾ ਗਵਾ ਬੈਠਾਂ। ਸੋਚਾਂ ਦੀਆਂ ਘੁੰਮਣ ਘੇਰੀਆਂ 'ਚ ਉਹ ਦੁਬਾਰਾ ਸੌਣ ਦੀ ਕੋਸਿ਼ਸ਼ ਕਰਦਾ ਰਿਹਾ ਪਰ ਨੀਂਦ ਨਾ ਆਈ। ਤੇ ਦੁਬਾਰਾ ਕੰਮ 'ਤੇ ਜਾਣ ਦਾ ਸਮਾਂ ਹੋ ਗਿਆ। ਉਸ ਨੇ ਚਾਹ ਦਾ ਕੱਪ ਪੀਤਾ, ਤੇ ਪਤਾ ਨਹੀਂ ਕੀ ਸੋਚ ਚਲਾ ਗਿਆ ਫਿਰ ਕੰਮ ਕਰਨ, ਆਪਣੀ ਵੱਖਰੀ ਪਹਿਚਾਣ ਬਨਾਉਣ ਲਈ।