ਮਿੰਨੀ ਕਹਾਣੀਆਂ.......... ਮਿੰਨੀ ਕਹਾਣੀ / ਲਾਲ ਸਿੰਘ ਦਸੂਹਾ

ਈਡੀਅਟ

ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – “ ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ... ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ...ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।
ਬਹਿਰੇ ਨੇ ਦੋਨਾਂ ਹੱਥਾਂ ਚ ਸੰਭਾਲ ਦੇ ਫੜੀ ਚਾਹ ਵਾਲੀ ਟਰੇ ਮੇਜ਼ ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ਚੋਂ ਸਰਦਾਰ ਹੋਰਾਂ ਦਾ ਉੱਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ – “ ਟੀ...  ਚਾਹ...  ਨਾਨਸੈਂਨਸ...  ਅਭੀ ਨਹੀਂ... ਈਡੀਅਟ ।

****

ਨੀਲੀ ਸ਼ਾਹੀ 

ਮੰਡੀ ਵਿੱਚ ਕਣਕ ਛਾਣਦੀ ਹਾਰੀ ਥੱਕੀ ਸ਼ੰਕਰੀ ਨੇ, ਘੁੰਡੀਆਂ ਦੀ ਪੰਡ ਜੀ ਟੀ ਰੋਡ ਦੀ ਪੱਕੀ ਪੱਟੜੀ ਤੇ ਲਿਆ ਸੁੱਟੀ । ਆਪ ਝੁਲਕਾ ਪਾਣਲਈ ਸਫੈਦਿਆਂ ਦੀ ਡੱਬ-ਖੜੱਬੀ ਛਾਂ ਵਿੱਚ ਢੋ ਲਾ ਕੇ ਬੈਠ ਗਈ । ਛੇਂਵੀ ਜਮਾਤ ਵਿਚ ਪੜ੍ਹਦਾ ਉਸ ਦਾ ਤੀਜਾ ਪੁੱਤਰ ਕਿਸ਼ਨਾ ਸਕੂਲੋਂ ਰੋਂਦਾ ਡੁਸਕਦਾ ਆਇਆ – “ ਮਾਂ ਦਸੀ ਦਈਂ...  ਨੀਲੀ ਸ਼ਾਹੀ ਲੈਣੀ । ਗੁਰੇ ਦੀ ਦਵਾਤ ਚੋਂ ਡੋਕੇ ਲਏ...  ਉਹਨੇ ਮਾਰਿਆ , ਮਾਸਟਰ ਹੋਰਾਂ ਕਾਪੀ ਦੇਖੀ...  ਤਾਂ ਚਪੇੜਾਂ ਮਾਰੀਆਂ ।
ਖਾਖਾਂ ਤੇ ਲੱਗੀਆਂ ਚਪੇੜਾਂ ਦੇ ਨੀਲ ਮਾਂ ਦੀ ਬਰੀਕ ਨੀਝ ਨੇ ਗਿਣ ਲਏ । ਮੂੰਹ ਹਨੇਰੇ ਦੀ ਪੱਕੀ ਰੋਟੀ ਦੁਪਹਿਰਾਂ ਤੱਕ ਪਈ ਪਾਣੀ ਦੇ ਘੁੱਟਾਂ ਨਾਲ ਵੀ ਅੰਦਰ ਲੰਘਣੋਂ ਇਨਕਾਰੀ ਹੋਣ ਲੱਗੀ । ਸਿੱਜਲ ਅੱਖਾਂ ਨੂੰ ਸਿਰੋਂ ਅਤੇ ਪੈਰੋਂ ਨੰਗਾ ਕਿਸ਼ਨਾ ਝਉਲਾ ਝਉਲਾ ਦਿਸਣ ਲੱਗਾ । ... ਦਾਣਿਆਂ ਦੀ ਮੁਠ ਕੱਠੀ ਕਰ ਲੈ ... ਤੇ ਹਟੀਉਂ ਨੀਲੀ... ਸ਼ੰਕਰੀ ਦੀ ਬਾਕੀ ਗੱਲ ਗਲਘੋਟੂ ਬਣ ਕੇ ਸੰਘੀ ਚ ਅੜ ਗਈ ।
ਛੋਹਲੇ ਪੈਰੀਂ ਕਿਸ਼ਨਾ ਸੜਕ ਵਲ ਵਧਿਆ । ਵੀਹ, ਪੰਝੀ ਫੁਟ ਲੰਮੀ ਹਵਾ ਨਾਲ ਗੱਲਾਂ ਕਰਦੀ ਇਕ ਬੀਊਕ ਕਾਰ ਕਰੀਚ ਕਰਦੀ ਬਰੇਕ ਲਾ ਕੇ ਰੁਕਦੀ ਰੁਕਦੀ ਕਿਸ਼ਨੇ ਨੂੰ ਪਾਸਾ ਮਾਰ ਕੇ ਹਵਾ ਹੋ ਗਈ । ਫੁੱਟਬਾਲ ਵਾਂਗ ਮੁੰਡਾ ਕੱਚੇ ਤੇ ਰਿੜ੍ਹਿਆ ਤੇ ਬੇਹੋਸ਼ ਹੋ ਗਿਆ । ਦੌੜ ਕੇ ਪੱਲੇਦਾਰਾਂ ਨੇ ਮੁੰਡੇ ਨੂੰ ਚੁੱਕਿਆ ਤੇ ਡਿਸਪੈਂਸਰੀ ਲੈ ਗਏ । ਬਰਾਂਡੇ ਵਿਚ ਪਏ ਲੱਕੜ ਦੇ ਬੈਂਚ ਤੇ ਲਿਟਾਏ ਕਿਸ਼ਨੇ ਦੇ ਦੰਦਾਂ ਤੋਂ ਲਹੂ ਪੂੰਝਦਿਆ, ਸ਼ੰਕਰੀ ਨੇ ਖਾਕੀ ਝੱਗਾ ਉੱਪਰ ਕਰ ਕੇ ਦੇਖਿਆ ਕਿ ਪਿੰਡੇ ਤੇ ਲੱਗੀਆਂ ਸੱਟਾਂ ਦਾ ਰੰਗ ਖਾਖਾਂ ਤੇ ਪਏ ਨੀਲ ਦੇ ਰੰਗ ਨਾਲੋਂ ਕਿਤੇ ਬਹੁਤਾ ਨੀਲਾ ਸੀ ਨੀਲੀ ਸ਼ਾਹੀ ਵਰਗਾ ।

****

ਕੱਲ੍ਹ ਗੱਲ ਕਰਾਂਗੇ

ਫੈਕਟਰੀ ਕਾਮੇ ,ਫੈਕਟਰੀ ਦਫ਼ਤਰ ਤੋਂ ਬਾਹਰ , ਸੱਤ ਤਾਰੀਖ਼ ਨੂੰ ਸ਼ਾਮ ਪੰਜ ਵਜੇ , ਤਨਖਾਹ ਲੈਣ ਲਈ ਖੜੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ ਲਾਉਣ ਦੇ ਸੁਨੇਹੇ ਦਾ ਓਤਰ ਭੇਜਦੇ ਹਨ ਉਹਨੂੰ ਆਖ , ਕੱਲ੍ਹ ਗੱਲ ਕਰਾਂਗੇ । ਫੈਕਟਰੀ ਮਾਲਕ , ਦਫ਼ਤਰ ਨਾਲ ਲੱਗਦੇ ਆਰਾਮ ਕਮਰੇ ਵਿਚ ਵਿਸਕੀ ਦੀਆਂ ਦੋ ਤਿੰਨ ਗਲਾਸੀਆਂ ਚਾੜ੍ਹ ਕੇ , ਸੋਫੇ ਤੇ ਟੇਡਾ ਹੋ , ਸਿਗਰਟ ਦੇ ਲੰਮੇ ਕਸ਼ਾਂ ਦਾ ਧੂੰਆਂ ਗੋਲ ਚੱਕਰ ਬਣਾ ਕੇ ਛੱਤ ਵੱਲ ਉਲਾਰਦਾ , ਗੇਟ-ਮੈਨ ਨੂੰ ਬੁਲਾ ਕੇ ਕਹਿੰਦਾ ਹੈ ਉਨ ਕੋ ਬੋਲੋ , ਕੱਲ੍ਹ ਗੱਲ ਕਰਾਂਗੇ । ਭੜਕੇ ਹੋਏ ਕਾਮੇ ਅੰਦਰ ਧਸ , ਮੇਜ਼ ਨੂੰ ਲੱਤ ਮਾਰ ਬੋਤਲ ਤੋੜਦੇ ਫੜੇ ਗਏ । ਆਪਣੀਆਂ ਹੀ ਪੱਗਾਂ ਨਾਲ ਨੂੜੇ ਹੱਥਾਂ ਨਾਲ ਠਾਣੇ ਵਿਚ ਵੜਦਿਆਂ ਨੂੰ ਹੁਕਮ ਸੁਣਦਾ ਹੈ ਸਾਲਿਆਂ ਨੂੰ...  ਹਵਾਲਾਤ , ਕੱਲ੍ਹ ਗੱਲ ਕਰਾਂਗੇ ।
ਰਿਹਾਈ ਦਾ ਹੁਕਮ ਕਰਵਾਉਣ ਲਈ ਕਾਮਿਆਂ ਦੀ ਯੂਨੀਅਨ ਦਾ ਨੇਤਾਜਨ-ਨਾਇਕ ਦੇ ਨਿਵਾਸ-ਅਸਥਾਨ ਤੇ ਪਹੁੰਚਦਾ ਹੈ , ਤਾਂ ਉਥੇ ਹੀ ਰੰਗ ਜਮਾਈ ਬੈਠਾ ਪੁਲਿਸ ਦਾ ਵੱਡਾ ਅਫ਼ਸਰ ਅੰਦਰੋਂ ਸੁਨੇਹਾ ਭੇਜਦਾ ਹੈ ਹੁਣ ਮੂਡ ਠੀਕ ਨਹੀਂ , ਕੱਲ੍ਹ ਗੱਲ ਕਰਾਂਗੇ । ਭੁੱਖੇ ਭਾਣੇ ,ਕੋਠੜੀ  ਵਿੱਚ ਦੜੇ , ਹੁਸੜ ਵਿਚ ਤੜਫ਼ਦੇ , ਮਾਂਗਣੂਆਂ ਮੱਛਰਾਂ ਦੀ ਜਲਣ ਨੂੰ ਖੁਰਕਦੇ , ਕਾਮੇ ਕਚੀਚੀਆਂ ਵੱਟ ਰਹੇ ਹਨ  - ਅੱਜ ਦੀ ਰਾਤ ਕੱਟੋ , ਕੱਲ੍ਹ ਗੱਲ ਕਰਾਂਗੇ ।

****

ਪ੍ਰਸ਼ਨ-ਚਿੰਨ੍ਹ

ਤੇਰਾਂ ਜਮਾਤਾਂ ਪਾਸ , ਹੜਤਾਲ ਨਾ ਕਰਨ ਦਾ ਵਾਹਦਾ-ਫਾਰਮ ਭਰ ,ਕਪੜੇ ਦੀ ਵੱਡੀ ਮਿਲ ਵਿੱਚ ਨੌਕਰੀ ਕਰਦੀ ਸੀਤਾ, ਬੀਮਾਰ ਬੱਚੀ ਨੂੰ ਮੋਢੇ ਲਾਈ ਸਵੇਰੇ ਸੱਤ ਵਜੇ ਹਸਪਤਾਲ ਦੇ ਖੱਬੇ ਦਰਵਾਜ਼ੇ ਸਾਹਮਣੇ ਲੱਗੀ ਲੰਮੀ ਕਤਾਰ ਵਿੱਚ ਆ ਖੜੋਂਦੀ ਹੈ । ਦਸ ਵਜੇ ਤਕ ਵੀ ਡਾਕਟਰ ਦੇ ਨਾ ਪਹੁੰਚਣ ਕਾਰਨ ਪਾਣੀ ਨੂੰ ਵਿਲਕਦੇ ਬੀਮਾਰ ਬੱਚਿਆਂ ਦੀਆਂ ਮਾਵਾਂ, ਮੰਤਰੀਆਂ ਦੀਆਂ ਕੋਠੀਆਂ ਵੱਲ ਜਾਂਦੇ ਪਾਣੀ ਦੇ ਟੈਂਕਰ ਨੂੰ ਰੋਕਦੇ ਹੜਤਾਲੀ ਪਾਣੀ-ਕਾਮਿਆਂ ਦੀ ਬੇਕਾਬੂ ਭੀੜ ਤੇ ਚੱਲੀ ਪੁਲੀਸ ਦੀ ਗੋਲੀ ਨਾਲ ਮਰੇ ਬੰਦਿਆਂ ਕਰਕੇ ਬੰਦ ਹੋਈ ਸੜਕ ਤੋਂ ਮੁੜਦੀਆਂ, ਸਰਕਾਰਾਂ, ਬੱਸਾਂ, ਡਾਕਟਰਾਂ, ਪੁਲਸੀਆਂ, ਹੜਤਾਲੀਆਂ ਨੂੰ ਗਾਲ੍ਹਾਂ ਕੱਢਦੀਆਂ, ਘਬਰਾਹਟ ਉਗਲਦੀਆਂ ਹਨ । ਬਾਲ ਵਰ੍ਹਾ ਮਨਾਉਣ ਲਈ ਲੱਗੇ ਸ਼ਾਮਿਆਨੇ ਅੰਦਰ ਲਟਕਦੇ ਉਦੇਸ਼ਾਂ ਕੋਲ ਖਚਾਖਚ ਭਰੇ ਬਰਾਂਡੇ ਦੇ ਹੁਸੜ ਵਿੱਚ ਖੜੀ ਸੀਤਾ ਨੂੰ ਬੱਚੀ ਦੇ ਵਧਦੇ ਬੁਖਾਰ ਦੀ ਵਧਦੀ ਤਪਸ਼ ਇਕਦਮ ਘਟ ਗਈ ਜਾਪਦੀ ਹੈ , ਜਦ ਉਸ ਦੇ ਮੋਢੇ ਨਾਲ ਲਮਕਿਆ ਵਿਸਮਿਕ ਚਿੰਨ੍ਹ ਉਸ ਦੀਆਂ ਬਾਹਾਂ ਵਿੱਚ ਪ੍ਰਸ਼ਨ-ਚਿੰਨ੍ਹ ਬਣ ਕੇ ਡਿੱਗ ਪੈਂਦਾ ਹੈ ।

****

ਛਾਉਣੀ

ਸੀਮਾ ਦੀ ਰੱਖਿਆ ਲਈ ਛਾਉਣੀ ਵਿੱਚ ਕੀਤੇ ਗਏ ਵਾਧੇ ਹੇਠ ਆਈ ਪੰਜ ਕੁ ਏਕੜ ਜ਼ਮੀਨ ਦਾ ਅੱਖਾਂ ਪੂੰਝਣ ਜਿੰਨਾ ਮੁਆਵਜ਼ਾ ਦੇ ਕੇ, ਕੇਂਦਰੀ ਸਰਕਾਰ ਦੀ ਪਾਈ ਫਾਹੀ ਨੂੰ ਨਜਿੱਠਣ ਲਈ ਰਾਜ ਦੇ ਮੁੱਖ ਮੰਤਰੀ ਨੇ  ਸ਼ਹਿਰ ਦੇ ਰੈਸਟ-ਹਾਊਸ ਵਿੱਚ ਆਉਣਾ ਸੀ ।
ਰੈਸਟ-ਹਾਊਸ ਦੀ ਸਫਾਈ ਅਤੇ ਨੇੜਿਓਂ ਦੀ ਜਰਨੈਲੀ ਸੜਕ ਦੁਆਲੇ ਲੱਗੇ ਸਫੈਂਦਿਆਂ ਹੇਠ ਨਰਸਰੀ ਦੀਆਂ ਥੈਲੀਆਂ ਵਿਚ ਉਗਾਏ ਨਿੱਕੇ ਨਿੱਕੇ ਬੂਟਿਆਂ ਨੂੰ ਸੁਆਰਨ ਦਾ ਕੰਮ ਅਜਿਹੇ ਵੇਲੇ ਕਮੇਟੀ ਵਾਲਿਆਂ ਲਈ ਬਹੁਤਾ ਹੀ ਵਧ ਜਾਂਦਾ ਹੈ । ਬਾਕੀ ਦੇ ਸ਼ਹਿਰ ਵਲੋਂ ਅਵੇਸਲੇ ਹੋ ਕੇ, ਇਕੋ ਹੀ ਥਾਂ ਝੋਕੇ ਗਏ ਸਾਰੇ ਸਫਾਈ-ਮਜ਼ਦੂਰਾਂ ਦੇ ਕੰਮ ਦਾ ਨਰੀਖਣ ਕਰ ਕੇ ਪ੍ਰਧਾਨ ਹੋਰੀਂ ਬੜੇ ਚੈਨ ਨਾਲ ਹਨੇਰੇ ਪਏ ਘਰ ਪਹੁੰਚੇ ਤੇ ਸੁਖ ਦੀ ਨੀਂਦ ਸੌਂ ਗਏ ।
ਕੇਲਿਆਂ ਦੇ ਬੂਟਿਆਂ ਨੂੰ ਧਰਤੀ ਵਿੱਚ ਗੱਡੀਆਂ ਬਾਂਸਾਂ ਦੀਆਂ ਪੌੜੀਆਂ ਦਾ ਆਸਰਾ ਦੇ ਕੇ ਜੀ ਆਇਆ ਨੂੰਦਾ ਗੇਟ ਬਣਾਉਣ ਲਈ ਜਦ ਪ੍ਰਧਾਨ ਹੋਰੀਂ ਅਗਲੇ ਦਿਨ ਆਏ ਤਾਂ ਰੈਸਟ-ਹਾਊਸ ਅਤੇ ਸੜਕ ਵਿਚਕਾਰਲੀ ਥਾਂ ਤੇ ਸਿਰਲੀਗਰਾਂ ਦੀਆਂ ਝੁੱਗੀਆਂ ਅਤੇ ਇੱਟਾਂ ਦੇ ਚੁਲ੍ਹਿਆਂ ਵਿਚ ਧੁਖਦਾ ਧੂੰਆਂ ਦੇਖ ਕੇ ਗੁੱਸਾ ਤਾਂ ਆਉਣਾ ਹੀ ਸੀ ਪਰ ਲੀਰਾਂ-ਕਚੀਰਾਂ, ਗੰਦੀਆਂ ਝੁੱਗੀਆਂ ਲਾਗੇ ਠੰਢ ਨਾਲ ਕੁੰਗੜੀਆਂ ਖੱਚਰਾਂ ਦੀ ਖਿਲਰੀ ਲਿੱਦ ਅਤੇ ਨਿਆਣਿਆਂ ਦਾ ਮਲ-ਮੂਤਰ ਦੇਖ ਕੇ ਉਹਨਾਂ ਨੂੰ ਅੱਗ ਹੀ ਲੱਗ ਗਈ । ਸਮਾਂ ਥੋੜ੍ਹਾ ਰਹਿੰਦਾ ਦੇਖ ਉਹ ਉਰਦੂ ਵਰਗੀ ਪੰਜਾਬੀ ਵਿੱਚ ਗਾਲ੍ਹਾਂ ਵਰ੍ਹਾਉਂਦੇ ਕਦੀ ਸਿਕਲੀਗਰਾਂ ਵੱਲ ਦੌੜਦੇ, ਕਦੀ ਟੈਲੀਫੋਨ ਤੇ ਬੁਲਾਈ ਪੁਲਸ ਨੂੰ ਉਡੀਕਣ ਲਈ ਬਣਦੇ ਗੇਟ ਵੱਲ ।
ਉਜੜੇ ਲੋਕਾਂ ਦੇ ਵਫ਼ਦ ਨੂੰ ਮਿਲਣ ਲਈ ਦਿੱਤੇ ਹੋਏ ਸਮੇਂ ਤੋਂ ਮੁੱਖ-ਮੰਤਰੀ ਭਾਵੇਂ ਛੇ ਘੰਟੇ ਪੱਛੜ ਕੇ ਪਹੁੰਚੇ ਪਰ ਏਨਾ ਸਾਰਾ ਸਮਾਂ ਪੁਲੀਸ ਦਾ ਡੰਡਾ ਵਰਤ ਕੇ ਵੀ ਪ੍ਰਧਾਨ ਹੋਰੀਂ, ਝੁੱਗੀਆਂ ਦੀ ਛਾਉਣੀ ਨੂੰ ਗੈਸਟ-ਹਾਊਸ ਦੇ ਬਿਲਕੁਲ ਸਾਹਮਣਿਓਂ ਉਠਾਲ ਨਾ ਸਕੇ ।

****

ਥੰਮੀਆਂ

ਉਂਝ ਤਾਂ ਸਰਦਾਰ ਹੁਣੀਂ ਆਮ ਕਰਕੇ ਫ਼ਸਲ ਬਾੜੀ ਦਾ ਹਿਸਾਬ ਰੱਖਣ ਲਈ ਫਾਰਮ ਤੇ ਹੀ ਰਹਿੰਦੇ ਹਨ, ਪਰ ਕੁੜੀਆਂ ਦੇ ਸਕੂਲ ਅਤੇ ਕਾਲਜ ਦੇ ਕਰਤਾ-ਧਰਤਾ ਹੋਣ ਕਰਕੇ, ਦੂਜੇ ਚੌਥੇ ਅਧਿਆਪਕਾਂ ਦੇ ਆਉਣ ਜਾਣ ਦਾ ਸਮਾਂ ਚੈੱਕ ਕਰਨ ਲਈ ਜੀਪ ਦੁੜਾਣੀ ਪੈ ਜਾਂਦੀ ਏ, ਜਾਂ ਤਨਖਾਹ ਦੇ ਚੈੱਕ ਦੇਣ ਤੋਂ ਪਹਿਲਾਂ ਕਟੌਤੀ ਦੀ ਰਕਮ ਨਕਦ ਵਸੂਲ ਕਰ ਕੇ ਖਾਤੇ ਵਿੱਚ ਪਾਉਂਦਿਆਂ ਈ ਦਿਹਾੜੀ ਲੱਗ ਜਾਂਦੀ ਏ, ਜਾਂ ਚਰਿਤਰਹੀਣਤਾ ਦੇ ਦੋਸ਼ ਹੇਠ ਕੱਢ ਕੇ ਨਵੀਂ ਅਧਿਆਪਕਾ ਭਰਤੀ ਕਰਨ ਲਈ ਸ਼ਹਿਰ ਗਿਆਂ ਥੋੜ੍ਹਾ ਬਹੁਤ ਸਮਾਂ ਲੱਗ ਹੀ ਜਾਂਦਾ ਆ ।
ਉਂਝ ਤਾਂ ਸਰਦਾਰ ਹੁਣੀ ਡੇਰ੍ਹੀ ਵਿਚਲੀਆਂ ਵਿਦੇਸ਼ੀ ਜਿਣਸ ਦੀਆਂ ਮੱਝਾਂ ਗਾਈਆਂ ਦਾ ਧਿਆਨ ਰੱਖਣ ਲਈ ਆਮ ਕਰਕੇ ਫਾਰਮ ਤੇ ਹੀ ਰਹਿੰਦੇ ਹਨ, ਪਰ ਮੱਸਿਆ, ਪੁੰਨਿਆਂ, ਸੰਗਰਾਦ, ਗੁਰਪੁਰਬ ਤੇ ਹੋਰ ਦਿਨ-ਦਿਹਾੜੇ, ਆਪਣੇ ਨਾਂ ਥੱਲੇ ਉਸਾਰੇ ਗੁਰਦਵਾਰੇ ਵਿਚ ਰੱਖੇ ਪਾਠ ਦੇ ਭੋਗ ਸਮੇਂ ਆਪਣੇ ਸਕੂਲ ਦੇ ਬੱਚੇ ਗੁਰਦਵਾਰੇ ਬਿਠਾ ਕੇ, ਢਾਡੀਆਂ ਦੀਆਂ ਵਾਰਾਂ ਸੁਣਨ ਅਤੇ ਪ੍ਰਸ਼ਾਦ ਵਰਤਣ ਤੱਕ ਉਹਨਾਂ ਨੂੰ ਆਪ ਵੀ ਉਥੇ ਹੀ ਬਿਰਾਜੇ ਰਹਿਣਾ ਪੈਂਦਾ ਏ , ਜਾਂ ਦੇਸ਼-ਵਿਆਪੀ ਪ੍ਰਬੰਧਕ ਕਮੇਟੀ ਦੇ ਕਾਰਕੁਨ ਹੋਣ ਨਾਤੇ ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਦਾ ਨਰੀਖਣ ਕਰਨ ਲਈ ਸਮੇਂ ਸਮੇਂ ਲੰਮੇ ਦੌਰਿਆਂ ਤੇ ਜਾਣਾ ਈ ਪੈਂਦਾ ਐ ।
ਉਂਝ ਤਾਂ ਸਰਦਾਰ ਹੋਣਾ ਨੂੰ ਫਾਰਮ ਵਿਚ ਚਲਦੇ ਮੁਰਗੀਖਾਨੇ ਦਾ ਵੀ ਫਿਕਰ ਐ ਪਰ ਇਲਾਕੇ ਦੇ ਇਕੋ ਇਕ ਜਨ-ਸੇਵਕ ਹੋਣ ਕਰਕੇ ਸਰਕਾਰੇ  ਦਰਬਾਰੇ, ਅਦਾਲਤੀਂ, ਦਫ਼ਤਰੀਂ, ਕੁਝ ਇਕ ਦਿਨ ਰਾਜਧਾਨੀਆਂ ਵਿਚ ਰਹਿ ਕੇ ਵੀ ਲੋਕਾਂ ਦੇ ਕਾਰਜ ਸੁਆਰਨੇ ਈ ਪੈਂਦੇ ਹਨ ।
ਉਂਝ ਤਾਂ ਸਰਦਾਰ ਹੋਰੀਂ ਫਾਰਮ ਵਿਚ ਚਲਦੇ ਤਿੰਨ ਟਰੈਕਟਰਾਂ, ਜੀਪ, ਕਾਰ, ਮੋਟਰਸਾਇਕਲ ਦੀ ਮਸ਼ੀਨਰੀ ਨੂੰ ਵਿਗੜਨ ਤੋਂ ਬਚਾਈ ਰੱਖਣ ਦਾ ਪੂਰਾ ਪੂਰਾ ਯਤਨ ਕਰਦੇ ਹਨ ਪਰ ਗੁਰੂ ਦੀ ਨਗਰੀ ਵਿਚ ਚਲਦੇ ਸੋਲਾਂ ਸਤਾਰਾਂ ਟਰੱਕਾਂ ਵਿਚੋਂ ਕਿਸੇ ਨਾ ਕਿਸੇ ਦੀ ਕੀਤੀ ਘਟਨਾ-ਦੁਰਘਟਨਾ ਨੂੰ ਸੰਭਾਲਣ ਲਈ ਵੀ ਸਮਾਂ ਖ਼ਰਚ ਕਰਨ ਈ ਪੈਂਦਾ ਹੈ, ਜਾਂ ਫਾਰਮ ਚੋਂ ਆਲੂ ਭਰ ਕੇ ਕਲਕੱਤੇ, ਬੰਬਈ, ਜੈਪੁਰ ਲੱਥੀਆਂ ਗੱਡੀਆਂ ਦੀ ਰਕਮ ਵਸਲੂਣ ਲਈ ਗਿਆਂ ਨੂੰ ਫਾਰਮੀ ਸੂਰਾਂ ਦੀ ਵਧੀ ਗਿਣਤੀ ਤੋਂ ਪੱਲਾ ਛੁਡਵਾਉਣ ਲਈ ਇਕ ਅੱਧ ਮਹੀਨਾ ਰੁਕਣਾ ਵੀ ਪੈਂ ਜਾਂਦਾ ਹੈ ।
ਆਪਣੀ ਛੱਤਰ-ਛਾਇਆ ਹੇਠ ਚਲਦੀਆਂ ਸੰਸਥਾਵਾਂਦੀ ਮਾਲੀ ਸਹਾਇਤਾ ਲਈ ਉਗਰਾਹੀ ਕਰਨ ਲਈ ਕਿਤੇ ਦੂਰ ਪਾਰ ਦੇਸ਼ਾਂ ਨੂੰ ਗਏ ਹੋਣ ਤਾਂ ਵੀ ਸਭ ਕਿਸਮ ਦੀਆਂ ਸਰਕਾਰਾਂ ਦਾ ਆਇਆ ਗਿਆ ਮੰਤਰੀ ਉਹਨਾਂ ਕੋਲ ਹੀ ਠਹਿਰਦਾ ਹੈ, ਇਸ ਲਈ ਸਭਨਾਂ ਦਾ ਵਿਚਾਰ ਇਹੋ ਕਿ ਆਮ ਕਰਕੇ ਸਰਦਾਰ ਹੋਂਰੀ ਫਾਰਮ ਵਿਚ ਹੀ ਰਹਿੰਦੇ ਹਨ , ਉਂਝ ।

****

ਰੂੜੀ

ਮਹਾਂ-ਨਗਰ ਦੀ ਗੰਦੀ ਬਸਤੀ ਦੀ ਨੁੱਕਰੇ ਇੱਕ ਝੌਂਪੜੀ ਵਿੱਚ ਮਰਨ ਕੰਢੇ ਪਈ ਅੰਨ੍ਹੀ ਰੂੜੀ ਨੂੰ ਜਮਾਂਦਾਰ ਦੇ ਘਰੋਂ
ਰੋਟੀ ਦੇਣ ਆਉਂਦੀ ਨਿੱਕੀ ਕੁੜੀ ਪਿਆਰੀ ਦੇ ਪੈਰਾਂ ਦੀ ਬਿੜਕ ਦੀ ਤਾਂ ਪੂਰੀ ਪਛਾਣ ਸੀ , ਪਰ ਮੌਤ ਨੂੰ ਉਡੀਕਦੀਆਂ ਦੋ ਤਿੰਨ ਉਸ ਦੀਆਂ ਹਾਨਣਾਂ ਵਿਚੋਂ ਜੇ ਕੋਈ, ਕਦੀ ਕਦੀ ਪੋਤੇ ਪੜੋਤੇ ਨੂੰ ਪੰਜੀ ਦਸੀ ਦਾ ਲਾਲਚ ਦੇ ਕੇ ਡੰਗੋਰੀ ਫੜਾ, ਉਸ ਦਾ ਹਾਲ ਪੁੱਛਣ ਪੈਰ ਘਸੀਟਦੀ ਆਉਂਦੀ, ਤਾਂ ਬਲਗਮ ਮੱਧਮ ਆਵਾਜ਼ ਵਿੱਚ ਪੁੱਛਦੀ – “ਆਇਆ ਕੋਈ ਸੁੱਖ-ਸੁਨੇਹਾ
ਸਫਾਈ ਮਜ਼ਦੂਰਾਂ ਦੀ ਪਿਛਲੀ ਹੜਤਾਲ ਦੀ ਰੜਕ ਰੱਖ, ਅਫੀਮ ਕੇਸ ਬਣਾ, ਜੇਲ੍ਹ ਭੇਜੇ ਉਹਦੇ ਦਸਵੀਂ ਫੇਲ੍ਹ ਪੁੱਤਰ ਦੇ ਘਰ ਪਰਤਣ ਦੀ ਕੋਈ ਖ਼ਬਰ ਉਹਦੀ ਬਿਰਧ ਸਾਥਣ ਭਾਵੇਂ ਨਾ ਦੇਂਦੀ, ਪਰ ਨਿੱਤ ਨਵੇਂ ਮਹਾਂ-ਨਗਰ ਵਿੱਚ ਵਾਪਰਦੇ ਦੰਗੇ, ਫਸਾਦ, ਚੋਰੀਆਂ, ਉਧਾਲੇ, ਟੱਕਰਾਂ, ਚੋਣਾਂ ਦੀ ਓਪਰੀ ਓਪਰੀ ਚਰਚਾ ਜ਼ਰੂਰ ਹੁੰਦੀ ।
ਬਸਤੀ ਨੂੰ ਜਾਂਦੀ ਪੱਕੀ ਸੜਕ ਵਿੱਚ ਖੁੱਡੇ, ਗਲੀਆਂ ਦੀ ਬਿਜਲੀ, ਗੰਦੇ ਪਾਣੀ ਦੇ ਨਿਕਾਸ ਲਈ ਬਣੇ ਪੱਕੇ ਨਾਲੇ ਨੂੰ ਜੁੜਦੀਆਂ ਨਾਲੀਆਂ ਨੂੰ ਠੀਕ ਕਰਵਾਉਣ ਦੇ ਪਿਛਲੇ ਤਿੰਨਾਂ ਵਰ੍ਹਿਆਂ ਵਿੱਚ ਹੋਈਆਂ ਦੋਹਾਂ ਇਲੈਕਸ਼ਨਾਂ ਸਮੇਂ ਪ੍ਰਚਾਰੇ ਨਾਹਰਿਆਂ ਦਾ ਪ੍ਰਭਾਵ ਢਾਈ ਹਜ਼ਾਰ ਵੋਟਰਾਂ ਦੀ ਬਸਤੀ ਤੋਂ ਖੁੱਸਦਾ ਦੇਖ ਕੇ, ਇਸ ਵਾਰ ਨਿਗਮ ਚੋਣਾਂ ਵਿਚ ਲਾਲ ਹਰਦਿਆਲ ਦੇ ਹਰੀਜਨ ਭਲਾਈ ਲਈ, ਹਰ ਗਲੀ ਨੂੰ ਇਕ ਇਕ ਟੈਲੀਵੀਯਨ ਮੁਫਤ ਵੰਡਣ ਦੇ ਐਲਾਨ ਦੀ ਖ਼ਬਰ ਪ੍ਰਸਿੰਨੀ ਕੋਲੋਂ ਸੁਣ ਕੇ ਰੂੜੀ ਬੇਹੋਸ਼ ਜਿਹੀ ਹੋ ਗਈ ।
ਉਸ ਨੂੰ ਜਾਪਿਆ ਜਿਵੇਂ ਉਸ ਦੇ ਪੁੱਤ ਨੂੰ ਜੇਲ੍ਹੋਂ ਛੁੜਵਾ, ਹਾਰ ਸ਼ਿੰਗਾਰ ਕੇ ਸਫਾਈ ਮਜ਼ਦੂਰ ਨਾਹਰੇ ਮਾਰਦੇ, ਉਸ ਨੂੰ ਝੌਂਪੜੀ ਅੰਦਰੋਂ ਚੁੱਕ ਕੇ, ਸਟਰੈਚਰ ਤੇ ਪਾ, ਸਰਕਾਰੀ ਗੱਡੀ ਤੇ ਹਸਪਤਾਲ ਲੈ ਜਾ ਕੇ, ਦਮੇ ਦੇ ਇਲਾਜ ਦੇ ਟੀਕੇ ਦੀ ਸੂਈ ਉਸ ਦੀ ਸੱਜੀ ਬਾਂਹ ਤੇ ਚੋਭ ਰਹੇ ਹੋਣ।।। । ਪਰ ਹੋਸ਼ ਆਉਣ ਤੇ ਉਸ ਨੇ ਦੇਖਿਆ ਕਿ ਇਕ ਪੋਲਿੰਗ ਸੈਂਟਰ ਲਾਗੇ ਭੀੜ ਵਿਚ ਖੜੀ ਜੀਪ ਵਿੱਚੋਂ ਸਟਰੈਚਰ ਤੇ ਵੋਟ ਚੁੱਕੀ ਜਾਂਦੇ ਵਰਕਰਾਂ ਨੂੰ ਟਾਂਕੇ ਵਾਲੀ ਸਰਿੰਜ ਸਾਂਭਦਾ ਡਾਕਟਰ ਜ਼ਰਾ ਛੇਤੀ ਕਰ ਲੈਣ ਲਈ ਆਖ ਰਿਹਾ ਸੀ।

****

ਛੂਹ-ਛੁਹਾਈ

ਸੀਤਾ ਦਾ ਪਿਤਾ, ਰਾਜਧਾਨੀ ਦੇ ਅਫ਼ਸਰਾਂ ਦੀ ਰਿਹਾਇਸ਼ ਵਾਲੀ ਕਲੋਨੀ ਵਿੱਚ ਕਰਿਆਨੇ ਦੀ ਚੰਗੀ ਸਰਦੀ-ਪੁਜਦੀ ਦੁਕਾਨ ਕਰਦਾ, ਸਕੂਟਰ ਸਮੇਤ ਸਿਟੀ ਬਸ ਹੇਠ ਆ ਕੇ ਮਰ ਜਾਂਦਾ ਹੈ । ਆਜ਼ਾਦ ਵਿਚਾਰਾਂ ਦੀ ਕੱਲੀ ਕਹਿਰੀ ਸੀਤਾ ਨੂੰ ਮਾਂ ਜ਼ੋਰ ਦੇ ਕੇ ਕਾਲਜੋਂ ਹਟਾ ਕੇ ਨੌਕਰਾਂ ਰਾਹੀਂ ਦੁਕਾਨ ਦਾ ਕੰਮ ਚਲਾਉਣ ਦਾ ਯਤਨ ਕਰਦੀ ਹੈ । ਪਰ ਵਣਜ ਵਿਹਾਰ ਤੋਂ ਅਣਜਾਣ ਸੀਤਾ ਪੱਲਾ ਗੁਆ ਕੇ ਵੀ ਅਸਫਲ ਰਹਿੰਦੀ ਹੈ । ਕਾਰੋਬਾਰੀ ਸੰਬੰਧਾਂ ਵਿਚਕਾਰ ਆੜ੍ਹਤੀਆਂ ਦਾ ਨਿੱਕਾ ਸਤੀਸ਼, ਵੀਹ ਹਜ਼ਾਰ ਘਰੋਂ ਕੱਢ ਸੀਤਾ ਨੂੰ ਦਰਸਾਏ ਰੰਗੀਨ ਸੁਪਨਿਆਂ ਦੇ ਸੰਸਾਰ ਵਿਚ ਜੀਣ ਲਈ ਦੂਰ ਦੁਰਾਡੇ ਕਿਸੇ ਫਿਲਮੀ ਸ਼ਹਿਰ ਅੰਦਰ ਵਸ ਕੇ, ਹੋਰ ਰੰਗੀਨੀਆਂ ਦੀ ਭਾਲ ਵਿੱਚ ਭੱਟਕਣ ਲੱਗਦਾ ਹੈ । ਰਾਜਧਾਨੀ ਦੇ ਵੱਡੇ ਮੰਦਰ ਚ ਫ਼ਰਸ਼ ਤੇ ਪੋਚਾ ਮਾਰਦੀ ਮਾਂ ਨੂੰ ਟੋਲਦੀ, ਫਿਲਮੀ ਸ਼ਹਿਰ ਛੱਡ ਸੀਤਾ ਪੰਜ ਸਾਲਾਂ ਪਿਛੋਂ ਚਾਰ ਸਾਲਾਂ ਦੀ ਬੱਚੀ ਸਮੇਤ ਅਤਿ ਭੈੜੇ ਹਾਲੀਂ ਆ ਮਿਲਦੀ ਹੈ । ਦੇਸ਼ ਦੇ ਸਭ ਤੋਂ ਅਮੀਰ ਮਾਰਵਾੜੀ ਦੇ ਮੰਦਰ ਵਿਚਲੇ ਅਜਾਇਬ-ਘਰ ਦੇ ਪਿਛਵਾੜੇ ਬਣੇ ਨੌਕਰਾਂ ਦੇ ਕਮਰਿਆਂ ਵਿਚ ਮਾਂ ਨਾਲ ਰਹਿੰਦੀ ਸੀਤਾ ਨੂੰ, ਪ੍ਰਬੰਧਕਾਂ ਵਲੋਂ ਮਿਲਦੀਆਂ ਅੰਤਾਂ ਦੀਆਂ ਅਸ਼ੀਰਵਾਦਾਂ ਤੋਂ ਤੰਗ ਆ ਕੇ ਦੂਰ ਕਿਸੇ ਬਸਤੀ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈਦਾ ਹੈ ।

****

ਰਾਜ਼ੀਨਾਮਾ

ਗੱਲ ਪਾਣੀ ਦਾ ਵਾਰੀ ਤੋਂ ਵਿਗੜੀ । ਰਾਮਾ, ਸ਼ਾਮਾ ਦੋਵੇਂ ਸਕੇ ਭਰਾ । ਗਊ ਸੁਭਾ, ਬੀਬੇ । ਦੋਨਾਂ ਦੀਆਂ ਜੋਗਾਂ ਦਰਸ਼ਨੀ । ਅੱਧੇ ਪਿੰਡ ਦੀ ਬਿਜਾਈ ਕਰਕੇ । ਰੱਜ ਕੇ ਪੈਸੇ । ਦੋ ਖੇਤ ਖ਼ਰੀਦ ਲਏ । ਸਸਤਾ ਸਮਾਂ ਸੀ । ਵਿਆਹੋ-ਵਰ੍ਹੇ ਗਏ । ਟੱਬਰੀਆਂ ਆਈਆਂ । ਭਰਾਵਾਂ ਦਾ ਰਿਸ਼ਤਾ ਤਿੜਕ ਗਿਆ ।
ਵੱਡੇ ਨੇ ਹਵੇਲੀ ਸਾਂਭ ਲਈ, ਛੋਟੇ ਨੇ ਘਰ । ਪੰਜ-ਪੰਜ, ਛੇ-ਛੇ ਨਿਆਣੇ ਹੋਏ । ਮਾਂ ਚਲ ਵਸੀ । ਬੋਲੋਂ ਕੁਬੋਲ ਹੋ ਗਏ । ਕੰਮ ਵੱਖ ਵੱਖ ਹੋ ਗਿਆ । ਕੱਲਾ ਕੱਲਾ ਜੋਤੇ ਕਰੇ । ਨਿਬੇੜਾ ਘੱਟ । ਖ਼ਰਚ ਵਧ । ਗੱਲ ਹੋਰ ਵਿਗੜ ਗਈ ।
ਖੇਤ ਵੰਡੇ ਗਏ । ਇਕ ਇਕ ਹਿੱਸੇ ਆਇਆ । ਖਾਲ ਦੋਨਾਂ ਨੂੰ ਇਕੋ । ਤੀਹ ਮਿੰਟਾਂ ਦੀ ਵਾਰੀ, ਸਤਵੇਂ ਦਿਨ । ਪੰਦਰਾਂ ਮਿੰਟ ਹਿੱਸੇ ਆਉਣ । ਮੀਂਹ ਪਿਆ ਨਾ, ਬਿਜਾਈ ਝੋਨੇ ਦੀ । ਸ਼ਾਮੇ ਨੇ ਵੀਹ ਮਿੰਟ ਪਾਣੀ ਲਾ ਲਿਆ । ਰਾਮਾ ਗਲ ਪੈ ਗਿਆ । ਕਹੀ ਮਾਰੀ ਛੜਵੀਂ । ਲੱਤ ਵੱਢੀ ਗਈ । ਸ਼ਾਮਾ ਹਸਪਤਾਲ ਪਹੁੰਚ ਗਿਆ । ਡਾਕਟਰ ਦੀ ਪੂਜਾਵੀ ਕੀਤੀ । ਛੱਬੀ ਬਣੀ ਨਾ, ਬਣੀ ਚੌਵੀ । ਸਾਰੀ ਪੰਚਾਇਤ ਠਾਣੇ । ਠਾਣੇਦਾਰ ਪੰਚਾਂ ਦੀ ਮਾਂ ਦੀ, ਧੀ ਦੀਕਰੇ । ਆਖੇ ਪਿੰਡ ਦਾ ਮਸਲਾ ਸੀ, ਪੰਚਾਇਤ ਮਰੀ ਹੋਈ ਸੀ । ਭਰਾ ਨੇ ਭਰਾ ਵੱਢ ਤਾ । ਮਰ ਜਾਂਦਾ ? ਜਾਹ ਜਾਂਦੀ । ਦੂਜਾ ਫਾਹੇ ਲਗਦਾ ।
ਖੈਰ ਪੈ-ਪੁਆ ਕੇ, ਗੱਲ ਰਾਜ਼ੀਨਾਮੇ ਤੇ ਨਿਬੜੀ । ਦੋਨਾਂ ਦੇ ਲੱਗੇ । ਰਾਮੇ ਦਾ ਛੇ ਸੌ, ਸ਼ਾਮੇ ਦਾ ਚਾਰ ਸੌ । ਦੋਨੋਂ ਖੁਸ਼ । ਜੱਫੀਆਂ ਪਾਉਣ ਭਰਾ ਭਰਾ । ਪਿੰਡ ਆਏ । ਪੰਚ ਸੱਦੇ ਗਏ । ਦੋ ਬਲੈਡਰ ਲੱਗੇ । ਲੰਬੜ ਆਖੇ ਇਹ ਆ ਰਾਜ਼ੀਨਾਮਾ ਅਸਲੀ । ਸਾਰੇ ਖੁਸ਼ । ਰਾਮਾ ਵੀ, ਸ਼ਾਮਾ ਵੀ । ਨਿਆਣੇ ਵੀ, ਸਿਆਣੇ ਵੀ । ਸ਼ਾਹ ਹੱਟੀ ਵਾਲਾ ਵੀ, ਮਾਸਟਰ ਵੀ ਵੇਲੇ ਸਿਰ ਬਹੁੜੇ ਸਨ, ਵਿਆਜ ਦਾ ਕੀ ਹੁੰਦੈ ?

****