ਗੰਢਿਆਂ ਦੀ ਚਟਣੀ ਚੰਗੀ …ਗੋਭੀਆਂ ਤੋਂ ਕੀ ਲੈਣਾ……… ਵਿਅੰਗ / ਗੱਜਣਵਾਲਾ ਸੁਖਮਿੰਦਰ

ਤੁਹਾਡੇ ਤਾਂ ਬਈ ਬਾਹਰ ਵਾਲਿਓ ਹਰ ਚੀਜ਼ ਸ਼ੁਧ  ਤੇ ਅਸਰ ਦਾਇਕ ਵਾਲੀ ਮਿਲਦੀ ਹੈ ਚਾਹੇ ਅੱਖਾਂ ਮੀਟ ਕੇ ਲੌ ਲਵੋ ।ਪਰ ਸਾਡੇ ਤਾਂ ਐਧਰ ਹਰ ਪਾਸੇ ਬਾਂ ਬਾਂ ਹੋਈ ਪਈ ਹੈ । ਰੰਗਲੇ ਪੰਜਾਬ ਦੀ ਪੌਣ ਜ਼ਹਿਰੀਲੀ ਹੋ ਗਈ ਐ ।ਉਤਲਾ ਹੇਠਲਾ ਪਾਣੀ  ਗੰਦਲਾ ਹੋ ਗਿਆ ਤੇ  ਸਬਜ਼ੀ ਵਨਾਸਪਤੀ ਚਾਰੇ ਪੱਠੇ ਵਿਹੁ ਨਾਲ ਭਰੇ ਪਏ ਹਨ ।ਜਿਸ ਚੀਜ਼ ਨੂੰ ਤੱਕੋ ;ਜਿਸ ਨੂੰ ਹੱਥ ਲਾਉ  ਨਿਰੀ ਜ਼ਹਿਰ ਦਿਸ ਰਹੀ ਹੈ ।ਮੰਡੀ ‘ਚ ਸਬਜ਼ੀ ਲੈਣ ਜਾਈਦਾ ਤਾਂ ਸ਼ਿੰਗਾਰ ਕੇ ਰੱਖੀਆਂ ਪਈਆਂ ਨੂੰ ਵੇਖ ਡਰ ਆਉਂਦਾ ਕਿਧਰੇ ਤਾਜ਼ੀ ਛਿੜਕੀ ਦੁਆਈ ਵਾਲੀ ਜਾਂ ਟੀਕੇ ਲਾਇਆਂ ਵਾਲੀ ਜੁਆਕਾਂ ਦੇ ਮੁੰਹ ‘ਚ ਨਾ ਪੈ ਜੇ  ਅਗਲੇ ਦਿਨ ਸਾਰਿਆਂ ਦੀਆਂ ਵਰਾਛਾਂ ਚਮਲਾਈ ਜਾਣਗੀਆਂ।ਮੰਡੀ ‘ਚ ਪੀਲੇ ਰੰਗ ਦੀ ਮੂਲੀਆਂ ਤੇ ਚੌੜੇ ਪੱਤਿਆਂ ਵਾਲਾ ਮੱਲਿਆ ਹਾਥੀ ਦੇ ਕੰਨਾਂ ਵਰਗਾ ਚੌੜਾ  ਪਾਲਕ ਦਿਸਦਾ ਹੈ ਤਾਂ ਲੱਗਣ ਲੱਗ ਪੈਂਦਾ ਇਨਾਂ ਤੇ  ਗੰਦੇ ਨਾਲੇ ਦੇ ਪਾਣੀ ਦੀ ਕਿਰਪਾ ਹੋਈ ਹੈ   ॥ਸਜਾ ਕੇ ਚਮਕਾ ਕੇ ਰੱਖੇ ਕੂਲੇ ਕੂਲੇ ਚਿਕਣੇ ਵੈਂਗਣ ਰੇੜੀਆਂ ਤੇ ਪਏ  ਐਂ ਲਗਦੇ ਜਿਵੇਂ ਜ਼ਹਿਰ ਦੇ ਗੋਲੇ ਟਿਕਾ ਕੇ ਰੱਖੇ ਹੋਣ । ਦੁਆਈ ਛਿੜਕੇ ਬਗੈਰ ਤਾਂ  ਮੰਡੀ ਲਿਉਣ ਜੋਗੇ ਹੀ ਨਹੀਂ ਸੀ ਹੋਣੇ ਸੁੰਡਾਂ ਨੇ ਅੰਦਰ ਸੁੰਰਗਾਂ ਬਣਾ ਲੈਣੀਆਂ  ਸੀ ।ਇੰਨਾਂ ਬਤੂਆਂ ਦਾ ਭੁੜਥਾ ਖਾ ਲੋ ਜਾਂ ਸਣੇ ਪੂਛਾਂ ਵਾਲੇ ਬਣਾ ਲਉ ਘੰਟੇ ਬਾਅਦ ਜਵਾੜੇ ਪੱਕ ਜਾਂਦੇ ਹਨ।ਕਿਸੇ ਵੇਲੇ ਦੁੱਧ ਪਾ ਕੇ ਬਣਾਏ ਕੱਦੂ ਦੀ ਸਬਜ਼ੀ ਮੂੰਹੋਂ ਨਹੀਂ ਸੀ ਲਹਿੰਦੀ ਹੁਣ ਚਾਹੇ ਮਲਾਈਆਂ ਪਾ ਲੋ  ਸੁਆਦ ਈ ਕਸੈਲਾ ਹੋ ਗਿਆ  ਫੋਕੜ ਜੇਹੀ ਬਣਦੀ ਹੈ । ਸਬਜ਼ੀਆਂ ਦੀ ਪਰਧਾਨ ਸਬਜ਼ੀ ਫੁੱਲਗੋਭੀ ਜਿਸ ਨੂੰ ਖਾਧਿਆਂ ਮੂੰਹ ਨਹੀਂ ਸੀ ਅੱਕਦਾ ਅੱਜ ਪਹਿਲੀ ਬੁਰਕੀ ਪਾੲਦੀ ਹੈ ਤਾਂ ਹੋਰ ਈ ਬਕ ਬਕੀ ਜੇਹੀ  ਜ਼ਾਇਕਾ ਹੀ ਖਤਮ ਹੋ ਗਿਆ  ।

ਮੋਠੂ ਮਲੰਗਾ ! ਕੋਈ ਵੇਲਾ ਸੀ ਲੋਕ ਆਖਦੇ ਸੀ ਸੇਬ ਨੂੰ ਸਣੇ ਛਿਲਕੇ ਖਾਉ ਸਾਰੇ ਤੱਤ ਉਤਲੇ ਫੋਲਕ ਉਤਲੀ ਛਿੱਲ ਵਿੱਚ ਹੁੰਦੇ ।ਪਰ ਹੁਣ ਕਹੀ ਜਾਂਦੇ ਛਿਲ ਲਾਹ  ਕੇ ਖਾਉ ਇਸ ਦੇ ਉਤੇ ਵੀ ਦਵਾਈ ਭੁੱਲੀ ਹੈ  ਕੀਟਨਾਸ਼ਕਾਂ ਨਾਲ ਲਿਬੜੀ ਹੈ ।ਰੇੜੀ ਤੇ ਪਏ ਮੋਟੇ ਮੋਟੇ ਅੰਬਾਂ ਨੂੰ ਵੇਖ ਕੇ ਚੂਪਣ ਨੂੰ  ਜੀਅ ਕਰ ਆਉਂਦਾ । ਪਹਿਲੋ ਪਹਿਲ ਕਵਰ ਜੇਹਾ ਪੁੱਠਾ ਕਰਕੇ ਦੰਦਾਂ ਨਾਲ  ਕਰਾਹਿਆ ਜੇਹਾ ਲਾਕੇ ਗੁੱਦ ਜੇਹੀ ਚੱਟ ਹਾਈਦੀ ਸੀ ਦੰਦ ਘਬੋ ਘਬੋ ਕੇ ਮਗਰ ਕੁਜ ਨਹੀਂ ਛੱਡੀਦਾ ਸੀ ਹੁਣ ਉਸ ਤਰਾਂ ਚੂਪ ਕੇ ਵਖਾਵੋ ਮੂੰਹ ਛਾਲਿਆਂ ਨਾਲ ਭਰ ਜਾਂਦਾ । ਕਦੇ ਕਦੇ ਤਾਂ ਐਸਾ ਹੱਥੂ ਆਂਉਂਦਾ ਐਸੀ ਖੰਘ ਜੇਹੀ ਛਿੜਦੀ  ਸਾਹ ਉਲਟ ਜਾਂਦਾ । ਪਿਛੇ ਜੇਹੇ ਗੰਧਲੇ ਦੂਸਤ ਵਾਤਾਵਰਨ ਨੂੰ ਚੈਕ ਕਰਨ ਲਈ ਹੈਦਰਾਬਦ ਦੀ ਇਕ ਸੰਸਥਾ ਨੇ ਸਰਵੇ ਕੀਤਾ ।  ਉਨਾਂ ਨੇ  ਇਕ ਬੰਦੇ ਦੇ ਢੋਲੀ ਬੰਨ੍ਹ ਕੇ ਉਸ ਕੋਲੋਂ ਦੁਆਈ ਛਿੜਕਾਈ ਤੇ ਬਾਅਦ ਵਿੱਚ ਉਸ ਦੇ ਖੂਨ ਦੇ ਸੈਂਪਲ ਲਏ ।ਫਿਰ ਇਕ ਹੋਰ ਬੰਦੇ ਨੂੰ ਖਾਲੀ ਉਸ ਛਿੜਕੀ ਹੋਈ ਫਸਲ ਵਿਚ ਦੀ ਖਾਲੀ ਲੰਘਾਇਆ ਤੇ ਉਸ  ਦੇ ਵੀ ਸੈਂਪਲ ਲਏ । ਤੇ ਫੇਰ ਇਕ ਉਸ ਬੰਦੇ ਦੇ ਸੈਂਪਲ ਲਏ ਜਿਸ ਨੇ ਨਾ ਦੁਆਈ ਛਿੜਕੀ ਸੀ ਤੇ ਨਾਂ ਹੀ ਉਸ ਨੂੰ ਉਸ ਖੇਤ ਵਿਚ ਦੀ ਲੰਘਾਇਆ ਸੀ । ਨਤੀਜਾ ਇਹ ਨਿਕਲਿਆ ਕਿ ਦੁਆਈ ਛਿੜਕਣ ਵਾਲੇ ਤੇ ਦੁਆਈ ਛਿੜਕੇ ਖੇਤ ਵਿਚ ਦੀ ਲੰਘਣ ਵਾਲੇ ਦੇ ਸੈਂਪਲਾਂ ਚੋਂ  ਜ਼ਹਿਰ ਦੇ ਅੰਸ਼ ਤਾਂ ਆਉਣੇ ਹੀ  ਸੀ ਉਸ  ਤੀਜੇ ਬੰਦੇ ਦੇ ਲਹੂ ਵਿਚੋਂ ਵੀ ਜ਼ਹਿਰੀਲੇ ਅੰਸ਼ ਪਾਏ ਗਏ  ਜਿਸ ਨੇ ਨਾ ਦੁਆਈ ਵਾਲਾ ਡੱਬਾ ਵੇਖਿਆ ਸੀ ਨਾ ਖੇਤ ਵਿਚ ਦੀ ਲੰਘਿਆ ਸੀ ।ਸੋ ਜੇ ਕੋਈ ਆਖੇ ਮੈਂ ਤਾਂ ਕੋਠੀਆਂ ਰਹਿਨਾ ਤੇ ਸ਼ੋਅ ਰੂਮਾਂ ਏਅਰਕੰਡੀਸ਼ਨਾਂ ‘ਚ ਬੈਠ ਕੇ ਬਿਜ਼ਨੈਸ ਕਰਦਾ ਹਾਂ  ; ਖੇਤ ਖਲਵਾੜਾਂ ਨਾਲ ਮੇਰਾ ਕੋਈ ਵਾਸਤਾ ਹੀ ਨਹੀ ਤੇ ਮੈਨੂੰ ਕੁਝ ਨਹੀਂ ਹੋਣਾ ; ਤਾਂ ਉਹ ਭੁਲ ਜਾਵੇ  ।ਐਸ ਵੇਲੇ ਥੋੜਾ ਬਹੁਤਾ ਹਰ ਬੰਦਾ ਮਾਂਜਿਆ ਜਾ ਚੁੱਕਿਆ ਹੈ ਸਾਰੀ ਹਵਾ ਈ ਬੁਰੀ ਤਰਾਂ ਜ਼ਹਿਰੀ ਹੋ ਚੁੱਕੀ ਹੈ ਸਾਹ ਤਾਂ ਇਸ ਸਾਂਝੀ ਹਵਾ ਚੋਂ ਲੈਣਾ ਹੈ ਨਾ।

ਇਕ ਹੋਰ ਗੱਲ ਸਾਡੇ ਕੋਲ ਚਾਰ ਕੁ ਪੈਸੇ ਕਾਹਦੇ ਆ ਗਏ ਅਸੀਂ ਲਾਚੜ ਬਹੁਤ ਗਏ ਹਾਂ।ਅੱਸੂ ਦੇ ਮਹੀਨੇ ‘ਚ ਕਰੁੱਤੀ ਬੇਰੁੱਤੀ  ਜੇਹੀ ਗੋਭੀ ਆਉਣ ਲੱਗ ਪੈਂਦੀ ਹੈ ਉਸ ਵੇਲੇ ਕਈ ਤਿੜ ਕੇ  ਟੌਅਰ ਜੇਹੀ ਵਖਾਉਣ ਲਈ ਉਦੋਂ ਉਹ ਮਹਿੰਗੀ ਤੋਂ ਮਹਿੰਗੀ ਗੋਭੀ ਖਰੀਦਣੀ ਆਪਣੀ ਸ਼ਾਨ ਸਮਝਦੇ । ਧਿਆਨ ਨਾਲ ਸੁਣਨ ਵਾਲੀ ਗੱਲ ਹੈ ਉਹ ਅੱਸੂ ਮਹੀਨੇ ਦੀ ਗੋਭੀ ਅਸਲ ‘ਚ ਪੀਲੇ ਰੰਗ ਦੀ ਭੱਦੜ ਜੇਹੀ ਹੁੰਦੀ ਤੇ ਵਪਾਰੀ ਕੀ ਕਰਦੇ ਉਸ ਨੂੰ ਸੁੰਦਰ ਤੇ ਚਿੱਟੀ ਕਰਨ ਲਈ ਇਕ ਭਿਆਨਕ ਜ਼ਹਿਰੀਲੇ ਘੋਲ ਵਿੱਚ ਡਬੋ ਡੁਬੋ ਬਾਹਰ ਕਢਦੇ ਜਿਸ  ਘੋਲ ਦੀ ਨਰਮੇ ਤੇ ਸਪਰੇ ਕੀਤੀ ਜਾਂਦੀ ਹੈ ।ਉਸ ਜ਼ਾਅਲੀ ਉਸ ਚਿੱਟੀ ਗੋਭੀ ਨੂੰ ਫਿਰ ਅਸੀਂ ਹੁੱਭ ਕੇ ਪਚਵੰਜਾ ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਦੇ ਹਾਂ ਕੀ ਉਹ ਗੋਭੀ ਖਰੀਦੇ ਬਗੈਰ ਸਾਡਾ ਸਰਦਾ ਨਹੀਂ ?। ਤੇ ਜਦ  ਪੋਹ ਦੇ ਮਹੀਨੇ ਜਦ ਗੋਭੀ ਪੰਜ ਰੁਪਏ ਕਿਲੋ ਵਿਕ ਰਹੀ ਹੁੰਦੀ ਹੈ ਤਾਂ  ਉਸ ਗੋਭੀ ਵੱਲ ਬਾਹਲੇ ਝਾਕਦੇ ਹੀ ਨਹੀਂ ਕਿਉਂਕੇ ਸਸਤੀ ਖਰੀਦਦੇ ਸੋਹਣੇ ਨਹੀਂ ਲਗਦੇ  ਜੇ ਸਸਤੇ ਰੇਟ ਵਾਲੀ ਖਰੀਦ ਲਈ ਸਾਡੀ ਸੋਭਾ ਨਹੀਂ ਰਹਿਣੀ ।  ਖੇਤੀ ਮਾਹਰਾਂ ਦਾ ਸਾਫ ਕਹਿਣਾ ਹੈ  ਕੋਈ ਵੀ ਕਰੁੱਤੀ ਬੇਰੁੱਤੀ ਫਸਲ ਅਕਸਰ ਗਲਤ ਤਰੀਕੇ ਨਾਲ ਉਗਾਈ ਜਾਂਦੀ ਹੈ  । ਮੂਲੀਆਂ ਗਾਜਰਾਂ ਜਾਂ ਗੋਂਗਲੂ ਉਦੋਂ ਖਰੀਦੋ ਜਦ ਵਾਧੂੰ ਹੋ ਜਾਣ ਰੁਲ ਰਹੇ ਹੋਣ ॥ਉਸ ਵੇਲੇ ਇਹ ਸਾਰੇ ਕੀਟਨਾਸ਼ਕਾਂ ਜ਼ਹਿਰੀਲੀਆਂ ਸਪਰੇਆਂ ਤੋਂ ਮੁਕਤ ਹੁੰਦੀਆਂ  ਵਿਟਾਮਿਨਾਂ ਨਾਲ ਭਰਪੂਰ ਹੁੰਦੀਆਂ ਗੈਰ ਕੁਦਰਤੀ ਕਰੁੱਤੀਆਂ ਖੁੰਬਾਂ  ਭਿੰਡੀਆਂ ਵੱਲ ਨਾ ਜਾਉ ।

ਇਕ ਹੋਰ ਗੱਲ ਜੋ ਅਸੀਂ ਬਹੁਤ ਹੀ ਅਰਾਮਖੋਰ ਢਿਲੜ ਹੋ ਗਏ ਹਾਂ ਬੋਹੜਾਂ ਸੱਥਾਂ ਖੁੰਡਾਂ ਤੇ ਬਹਿ ਕੇ ਸਾਰਾ ਦਿਨ ਖਾਖਾਂ ਖ੍ਹੋਲੀਆਂ ਕਰੀ ਜਾਂਦੇ ਹਾਂ , ਤਾਸਾਂ ਕੁੱਟੀ ਜਾਂਦੇ ਹਾਂ ਪਰ ਖੇਤ ਵੱਲ ਗੇੜਾ  ਨਹੀਂ ਮਾਰਨਾ ।ਇਹ ਨਹੀ ਚਾਰ ਮਰਲੇ ਸਬਜ਼ੀ ਦੇ ਲਾ ਲਈਏ  ਵੱਟਾਂ ਤੇ ਮੂਲੀਆਂ ਦੇ ਬੀਜ ਘਬੋ ਦੇਈਏੇ । ਦੋ ਮੰਜੀਆਂ ਦੀ ਥਾਂ ਸਬਜ਼ੀ ਲਈ ਘਰੇ ਤਿਆਰ ਕਰ ਲਈਏ  । ਛੋਟੇ ਜੇਹੇ ਪਰਵਾਰ ਲਈ ਦੋ ਕੱਦੂਆਂ ਦੀਆਂ ਵੱਲਾਂ ਵਾਧੂ ਹੁੰਦੀਆਂ   ਸਾਰਾ ਸੀਜਨ ਕੱਦੂ ਮੁੱਕਣ ‘ਚ ਨਹੀਂ ਆਉਂਦੇ ।ਚੰਗੇ  ਤਿੰਨ ਟਮਾਟਰਾਂ ਦੇ ਬੂਟੇ ਮੁਕਦੇ ਹੀ ਨਹੀਂ ਚਾਹੇ  ਦੋ ਦੋ ਵਾਰ ਤੜਕੇ ਲਾਈ ਜਾਉ । ਬੰਦਾ ਨਾਲੇ ਖੇਤ ਗੇੜਾ ਮਾਰੇ ਨਾਲੇ ਆਉਂਦਾ  ਹੋਇਆ  ਮੂਲੀਆਂ ਪੱਟ ਲਿਆਵੇ ; ਤਾਜ਼ੀ ਸਬਜ਼ੀ ਦਾ ਜ਼ਾਇਕਾ ਹੀ ਨਿਵੇਕਲਾ ਹੁੰਦਾ ।ਵੇਚਣ ਵਾਲਿਆਂ ਨੂੰ ਵੇਖੀਦਾ  ਉਹ ਗਾਜ਼ਰਾਂ ਨੂੰ ਗੰਦੀ ਜੇਹੀ ਛਪੜੀ ‘ਚ ਘੁਲਚੂ ਜੇਹਾ ਮਾਰਕੇ ਮਹਾਂ ਗੰਦੀਆਂ ਬੋਰੀਆਂ ਭਰ ਭਰ ਕੇ ਮੰਡੀਆਂ ‘ਚ ਵੇਚੀ ਜਾਂਦੇ ਹਨ ਤੇ ਅਸੀਂ  ਬੁਸੇ ਮੁਸ਼ਕੇ  ਪਾਣੀਆਂ ਨਾਲ ਧੋਤੀਆਂ ਗਾਜਰਾਂ ਨੂੰ ਖਾਈ ਜਾਂਦੇ ਹਾਂ ।ਆਵਦੇ ਖੇਤ ਚੋਂ ਦੋ ਚੇਪੇ ਕਹੀ ਦੇ ਪੁਟ ਕੇ ਕੱਢੀਆਂ ਗਾਜਰਾਂ ਖੋਏ ਵਰਗੀਆਂ ਬਣਦੀਆਂ ।ਬੰਦਾ ਰੁੱਖੀ ਸਬਜ਼ੀ ਦੀਆਂ ਦੋ ਦੋ ਬਾਟੀਆਂ ਖਾ ਜਾਂਦਾ । ਪਰ ਨਹੀਂ  ਸਾਡੀ ਮਾਸੀ ਵਰਗੀ ਨੇ ਰੇੜੇ ਵਾਲੇ ਤੋਂ ਵੀਹ ਰੁਪਏ ਕਿਲੋ ਕਿੱਲਾਂ ਵਾਲੀਆਂ ਗਾਜਰਾਂ ਜਰੂਰ ਖਰੀਦੀ ਜਾਣੀਆਂ ।ਪਰ ਨਹੀਂ ਅਸੀਂ ਹੋਰ ਸੁਆਹ ਖੇਹ ਤੇ ਪੈਸੇ ਲਾਈ ਜਾਣੇ ਇਸ ਪਾਸੇ ਵੱਲ ਧਿਆਨ  ਦੇਣਾ ਹੀ ਨਹੀਂ।

ਡਾਕਟਰ ਕੋਲ ਜਾਈਦਾ ਤਾਂ ਉਸ ਦਾ ਹਰ ਵਾਰ ਇਹ ਹੀ ਮਸ਼ਵਰਾ ਹੁੰਦਾ –ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਖਾਉ ਪੱਤਿਆਂ ਵਾਲੀਆਂ ਹਰੀਆਂ ਸਬਜ਼ੀਆਂ ਖਾਉ । ਇਸ ਵਿੱਚ ਆਇਰਨ ਹੁੰਦਾ ਇਸ ਵਚ ਵਿਟਾਮਿਨ ਹੁੰਦੇ ਇਸ ਵਿੱਚ ਕੈਲਸ਼ੀਅਮ ਹੁੰਦਾ ।ਡਾਕਟਰ ਨੁੰ ਕੀ ਦੱਸੀਏ ਬਈ ਅੱਲਾਂ ਜੀਹਨੂੰ ਘੀਆ ਤੋਰੀ ਕਹਿੰਦੇ ਰਾਤ ਨੂੰ ਟੀਕਾ ਲਾਇਆ ਹੁੰਦਾ ਸਵੇਰ ਨੂੰ ਹਾਥੀ ਦੇ ਸੁੰਡ ਜਿਡੀ ਹੋਈ ਪਈ ਹੁੰਦੀ । ਕੱਦੂ ਸਵੇਰ ਨੂੰ ਹਲਵਾਈਆ ਦੇ ਢੋਲ ਵਰਗਾ ਬਣਿਆ ਪਿਆ ਹੁੰਦਾ । ਇਹ ਡਾਕਟਰ ਜੋ ਮਸ਼ਵਰੇ ਦਿੰਦੇ ਸਲਾਦ ਖਾਉ ਵੱਧ ਤੋਂ ਵੱਧ ਪਾਣੀ ਪੀਉ ਇਨਾਂ ਨੂੰ ਕਿਧਰੇ ਉਹ ਗੰਦੇ ਨਾਲੇ ਤੇ ਉਸ ਗੰਦੀ ਛਪੜੀ ਦੇ ਪਾਣੀ ਦੇ ਦਰਸ਼ਨ ਕਰਾ ਦਿੱਤੇ ਜਾਣ ਜਿਸ ਨਾਲ ਗੋਭੀਆ ਬੰਦ ਗੋਭੀਆਂ ਦਿਨਾਂ ‘ਚ ਬਰਾਲਰ ਮੁਰਗਿਆਂ ਵਾਂਗੂੰ ਫੁੱਲ  ਜਾਂਦੀਆਂ ਤੇ ਤੇ ਉਸ ਗੰਦੀ ਛਪੜੀ ਦੇ ਪਾਣੀ ਦੇ ਦੀਦਾਰ ਕਰਾ ਦਿੱਤੇ ਜਾਣ ਜਿਸ ਵਿਚ ਘਚੋਲ ਘਚੋਲ ਕੇ ਥੋਡੇ ਅੱਗੇ  ਜੂਸੀ  ਗਾਜਰਾਂ ਪੇਸ਼ ਕੀਤੀਆਂ ਜਾਂਦੀਆਂ । ਮੇਰੇ ਨਾਲ ਸ਼ਰਤ ਲਾ ਲੋ  ਡਾਕਟਰ ਨੇ ਭਿਆਨਕ ਗੰਦ ਮੰਦ ਵੇਖ ਇਹ ਕਹਿਣ ਲੱਗ ਪੈਣਗੇ   । ਗੰਢਿਆਂ ਦੀ ਚਟਣੀ ਨਾਲ ਖਾ ਲੋ  ਗੋਭੀਆਂ ਤੋਂ ਕੀ ਲੈਣਾ

****