ਕਦੇ ਕਦੇ ਉਹ 'ਬਰੇਕ ਟਾਈਮ' ਵਿਚ ਇਕ ਕੌਫ਼ੀ ਹਾਊਸ ਵਿਚ ਜਾ ਬੈਠਦੀ। ਨਾਂ ਤਾਂ ਉਸ ਦਾ ਕੁਲਵੰਤ ਸੀ। ਪਰ ਸਾਰੇ ਉਸ ਨੂੰ ਉਸ ਨੂੰ 'ਕਿੱਟੀ' ਦੇ ਨਾਂ ਨਾਲ ਹੀ ਬੁਲਾਉਂਦੇ। ਇੰਗਲੈਂਡ ਦੇ ਮਾਹੌਲ ਵਿਚ ਨਾਂਵਾਂ ਦਾ ਇਤਿਹਾਸ ਹੀ ਵੱਖਰਾ ਸੀ। ਕੋਈ ਜਸਪ੍ਰੀਤ ਤੋਂ 'ਜੈਸ' ਬਣੀ ਹੋਈ ਸੀ ਅਤੇ ਕੋਈ ਰਣਦੀਪ ਤੋਂ 'ਰੈਂਡੀ'! ਕਿੱਟੀ ਬੜੀ ਹੀ ਹੱਸਪੁੱਖ ਅਤੇ ਚੁਲਬੁਲੀ ਕੁੜੀ ਸੀ। ਪਹਿਲੀ ਨਜ਼ਰ ਨਾਲ ਦੇਖਣ ਵਾਲਾ ਹਰ ਬੰਦਾ ਉਸ ਨੂੰ ਮੁੜ ਕੇ ਤੱਕਣ ਲਈ ਮਜਬੂਰ ਹੋ ਜਾਂਦਾ। ਉਸ ਦੀ ਸੋਹਣੀ ਸੂਰਤ ਹਰ ਇਕ ਦੇ ਦਿਲ ਨੂੰ ਧੂਹ ਪਾਉਂਦੀ।
ਕੌਫ਼ੀ ਹਾਊਸ ਵਿਚ ਹੀ ਉਸ ਦੀ ਜਾਣ-ਪਹਿਚਾਣ ਇਕ ਸਾਬਕਾ ਪੁਲੀਸ ਅਫ਼ਸਰ ਨਾਲ ਹੋਈ। ਜੋ ਕਦੇ ਕਦਾਈਂ ਉਸੇ ਕੌਫ਼ੀ ਹਾਊਸ ਵਿਚ ਆ ਬੈਠਦਾ, ਜਿੱਥੇ ਕਿੱਟੀ 'ਬਰੇਕ' 'ਤੇ ਜਾਂਦੀ ਸੀ। ਉਹ ਪੁਲੀਸ ਅਫ਼ਸਰ ਕਦੇ-ਕਦੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਕਿੱਸੇ ਖੋਲ੍ਹ ਕੇ ਬੈਠ ਜਾਂਦਾ, ਜੋ ਉਸ ਨਾਲ ਪੁਲੀਸ ਵਿਚ ਕੰਮ ਕਰਦਿਆਂ ਵਾਪਰੇ ਸਨ। ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਕੇ ਉਹ ਆਪਣੇ ਆਪ ਨੂੰ ਬੜਾ ਹਲਕਾ-ਹਲਕਾ ਮਹਿਸੂਸ ਕਰਦਾ। ਕੁਝ ਯਾਦਾਂ ਬੜੀਆਂ ਹੁਸੀਨ, ਕੁਝ ਖ਼ੂੰਖ਼ਾਰ ਅਤੇ ਕੁਝ ਅੱਤ ਭਿਆਨਕ ਤਜ਼ਰਬੇ ਸਾਂਝੇ ਕਰਦਿਆਂ ਉਸ ਦੇ ਚਿਹਰੇ 'ਤੇ ਭਾਂਤ-ਭਾਂਤ ਦੇ ਉਤਰਾਅ-ਚੜ੍ਹਾਅ ਆਉਂਦੇ। ਕਈ ਯਾਦਾਂ ਕਾਰਨ ਉਹ ਖਿੜ ਉਠਦਾ ਅਤੇ ਕੁਝ ਨੂੰ ਯਾਦ ਕਰਕੇ ਮੁਰਝਾ ਜਾਂਦਾ।
ਇਕ ਦਿਨ ਉਸ ਨੇ ਕੌਫ਼ੀ ਪੀਂਦਿਆਂ ਕਿੱਟੀ ਨੂੰ ਇਕ 'ਏਜੰਟ' ਦੀ ਵਿਥਿਆ ਸੁਣਾਈ। ਜੋ ਬਾਰਡਰ ਪਾਰ ਕਰਨ ਵਾਲੇ ਜਾਅਲੀ ਮੁੰਡਿਆਂ 'ਤੇ ਅੰਤਾਂ ਦਾ ਤਸ਼ੱਦਦ ਕਰਦਾ ਸੀ ਅਤੇ ਮਾਨੁੱਖੀ ਸਮੱਗਲਿੰਗ, ਇਰਾਦਾ ਕਤਲ ਅਤੇ ਹੋਰ ਕੇਸਾਂ ਵਿਚ ਲੰਬੀ ਜੇਲ੍ਹ ਕੱਟ ਰਿਹਾ ਸੀ। ....ਜਾਅਲੀ ਬੰਦਿਆਂ ਨੂੰ ਯੂਰਪ ਦਾ ਬਾਰਡਰ ਪਾਰ ਕਰਵਾਉਣਾ ਉਸ ਦਾ ਅਪਰਾਧੀ ਕਿੱਤਾ ਸੀ। ਜਦ ਜਾਅਲੀ ਬੰਦਿਆਂ ਦਾ ਕੋਈ ਗਰੁੱਪ ਬਾਰਡਰ ਪਾਰ ਕਰਵਾਉਣ ਲਈ ਵੱਡੇ ਮਗਰਮੱਛਾਂ ਵੱਲੋਂ ਉਸ ਕੋਲ ਛੱਡਿਆ ਜਾਂਦਾ ਤਾਂ ਉਹ ਸ਼ਰਾਬ ਵਿਚ ਧੁੱਤ ਹੋ ਕੇ ਮੁੰਡਿਆਂ ਨੂੰ ਰੱਜ ਕੇ ਗਾਲ੍ਹਾਂ ਕੱਢਦਾ, ਜ਼ੁਲਮ ਕਰਦਾ ਅਤੇ ਤਸੀਹੇ ਦਿੰਦਾ। ਦਾਰੂ ਪੀ ਕੇ ਇਹ ਉਸ ਦਾ ਆਮ ਜਿਹਾ ਰਵੱਈਆ ਸੀ। ਸਵੇਰੇ ਉਠ ਕੇ ਉਹੀ ਏਜੰਟ ਰੱਬ ਦੀ ਭਗਤੀ ਕਰਦਾ ਅਤੇ ਕਦੇ-ਕਦੇ ਕਿਸੇ ਵੈਰਾਗ ਵਿਚ ਰੋਂਦਾ ਵੀ! ਕਮਰੇ 'ਚ ਵੜ ਕੇ ਆਪਣੇ ਆਪਦੇ ਮੂੰਹ 'ਤੇ ਚੁਪੇੜਾਂ ਮਾਰਦਾ ਅਤੇ ਉਚੀ-ਉਚੀ ਧਾਹਾਂ ਵੀ ਮਾਰਦਾ! ਸ਼ਾਮ ਨੂੰ ਦਾਰੂ ਸ਼ੁਰੂ ਕਰ ਕੇ ਉਹ ਮੁੰਡਿਆਂ ਨਾਲ ਉਹੀ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੰਦਾ। ਉਸ ਦਾ ਜੰਗਲੀ ਜਾਨਵਰਾਂ ਵਾਲਾ ਸਲੂਕ ਜਰਦੇ ਮੁੰਡੇ ਰੋਂਦੇ, ਚੀਕਦੇ ਅਤੇ ਜਾਨ ਖ਼ੁਲਾਸੀ ਲਈ ਰੱਬ ਅੱਗੇ ਅਰਦਾਸਾਂ ਕਰਦੇ। ਪਰ ਸ਼ਰਾਬ ਪੀਣ ਤੋਂ ਬਾਅਦ ਉਸ ਦੇ ਹੈਵਾਨ ਸੁਭਾਅ ਵਿਚ ਕੋਈ ਫ਼ਰਕ ਨਾ ਪੈਂਦਾ।
ਦਾਅ ਲੱਗੇ ਤੋਂ ਜਦ ਉਹ ਮੁੰਡਿਆ ਨੂੰ ਸੁਰੱਖਿਅਤ, ਲੋੜੀਂਦਾ ਬਾਰਡਰ ਪਾਰ ਕਰਵਾ ਦਿੰਦਾ ਤਾਂ ਆਪਣਾ ਕੰਮ ਨਬੇੜ ਕੇ ਸਾਰੇ ਗਰੁੱਪ ਦੇ ਮੁੰਡਿਆਂ ਨੂੰ ਗਲ ਨਾਲ ਲਾ, ਗਲਵਕੜੀ ਪਾ ਕੇ ਕਿਸੇ ਮੋਹ-ਮੁਹੱਬਤ ਦਾ ਇਜ਼ਹਾਰ ਵੀ ਕਰਦਾ ਅਤੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਰੋਂਦਾ, ਮੁਆਫ਼ੀ ਲਈ ਹਾੜ੍ਹੇ ਵੀ ਕੱਢਦਾ। ਮੁੰਡੇ ਉਸ ਦੇ ਇਸ ਸੁਭਾਅ ਤੋਂ ਅਤੀਅੰਤ ਹੈਰਾਨ ਹੋ ਜਾਂਦੇ। ਪਰ ਉਹਨਾਂ ਨੂੰ ਉਸ ਦੇ ਜੰਗਲੀ ਸੁਭਾਅ ਅਤੇ ਮੋਹ ਦੇ ਇਸ ਇਜ਼ਹਾਰ ਦਾ ਕਾਰਨ ਸਮਝ ਨਾ ਪੈਂਦਾ ਅਤੇ ਉਹ ਚੁੱਪ ਵੱਟੀ ਆਪਣੀ ਮਿਥੀ ਮੰਜਿ਼ਲ ਨੂੰ ਤੁਰ ਪੈਂਦੇ।
"ਇਸ ਦਾ ਕਾਰਨ ਕੀ ਸੀ, ਜੌਹਨ?" ਅਜੀਬ ਜਿਹੀ ਵਾਰਤਾ ਸੁਣ ਕੇ ਕਿੱਟੀ ਵੀ ਆਚੰਭੇ ਵਿਚ ਪਈ ਹੋਈ ਸੀ।
"ਇਸ ਦਾ ਕਾਰਨ ਇਹ ਸੀ ਕਿੱਟੀ! ਜਦ ਪੁਲੀਸ ਨੇ ਉਸ ਨੂੰ ਪਕੜਿਆ ਤਾਂ ਸਾਨੂੰ ਉਸ ਦੇ ਇਸ ਸੁਭਾਅ ਬਾਰੇ ਪਹਿਲਾਂ ਹੀ ਬਹੁਤ ਖ਼ੁਫ਼ੀਆ ਰਿਪੋਰਟਾਂ ਮਿਲ ਚੁੱਕੀਆਂ ਸੀ ਕਿ ਆਦਮੀ ਅੱਤ ਦਾ ਬੁਰਾ ਵੀ ਹੈ ਤੇ ਅੰਤਾਂ ਦਾ ਚੰਗਾ ਵੀ। ਪਰ ਸਾਨੂੰ ਵੀ ਹੈਰਾਨੀ ਸੀ ਕਿ ਉਹ ਅਜਿਹਾ ਸਲੂਕ ਕਿਉਂ ਕਰਦਾ ਸੀ? ਪਹਿਲਾਂ ਕੁੱਟਣਾਂ ਮਾਰਨਾ, ਤਸ਼ੱਦਦ ਕਰਨਾ ਤੇ ਫ਼ੇਰ ਰੋ ਕੇ ਮੁਆਫ਼ੀ ਲਈ ਅਗਲਿਆਂ ਦੇ ਪੈਰ ਵੀ ਫ਼ੜਨੇ?"
"ਫ਼ੇਰ..?"
"ਫ਼ੇਰ ਜਦੋਂ ਉਹ ਸਾਡੇ ਹੱਥ ਆਇਆ ਤਾਂ ਅਸੀਂ ਵੀ ਉਤਸੁਕ ਸੀ ਕਿ ਇਸ ਬੰਦੇ ਤੋਂ ਕਾਰਨ ਪੁੱਛਿਆ ਜਾਵੇ। ਅਸੀਂ ਉਸ ਨਾਲ ਬਹੁਤਾ ਕੈਦੀਆਂ ਵਾਲਾ ਵਿਹਾਰ ਨਹੀਂ ਰੱਖਿਆ, ਸਾਡਾ ਵਤੀਰਾ ਉਸ ਪ੍ਰਤੀ ਨਰਮ ਹੀ ਰਿਹਾ! ਤੇ ਜਦੋਂ ਅਸੀਂ ਉਸ ਦੀ ਇੰਟਰਵਿਊ ਕੀਤੀ, ਤੇ ਜੋ ਉਸ ਨੇ ਸਾਨੂੰ ਦੱਸਿਆ, ਉਹ ਅੱਤ ਆਚੰਭੇ ਭਰਿਆ ਸੀ!"
"ਕੀ..?" ਸੁਣਨ ਲਈ ਕਿੱਟੀ ਵੀ ਬੇਵੱਸ ਹੋਈ ਪਈ ਸੀ।
"ਉਹ ਕਹਿੰਦਾ ਜਾਅਲੀ ਧੰਦਾ ਕਰਨਾ ਤੇ ਬੰਦੇ ਪਾਰ ਕਰਵਾਉਣਾ ਮੇਰਾ ਕਿੱਤਾ ਸੀ, ਹੋਰ ਕੋਈ ਕੰਮ ਮੈਨੂੰ ਆਉਂਦਾ ਹੀ ਨਹੀਂ ਸੀ ਤੇ ਮੈਂ ਕਰਜ਼ੇ ਹੇਠ ਦੱਬਿਆ ਹੋਇਆ ਸੀ। ਮਜਬੂਰੀ ਵੱਸ ਮੈਨੂੰ ਇਹ ਧੰਦਾ ਅਪਨਾਉਣਾ ਪਿਆ। ਤੇ ਬਾਕੀ ਰਹੀ ਕੁੱਟ ਮਾਰ ਤੇ ਤਸ਼ੱਦਦ ਦੀ ਗੱਲ, ਤਸ਼ੱਦਦ ਮੈਂ ਸ਼ਰਾਬ 'ਚ ਅੰਨ੍ਹਾਂ ਹੋ ਕੇ ਹੀ ਕਰ ਸਕਦਾ ਸੀ, ਸੋਫ਼ੀ ਤੋਂ ਮੈਥੋਂ ਮੁੰਡਿਆਂ 'ਤੇ ਅੱਤਿਆਚਾਰ ਨਹੀਂ ਹੁੰਦਾ ਸੀ ਅਤੇ ਨਾ ਹੀ ਤਸੀਹੇ ਦੇ ਸਕਦਾ ਸੀ! ਸ਼ਰਾਬ ਪੀ ਕੇ ਹੀ ਮੈਂ ਉਹਨਾਂ ਨੂੰ ਕੋਈ ਕਸ਼ਟ ਦੇ ਸਕਦਾ ਸੀ।"
"ਪਰ ਫ਼ੇਰ ਮੁਆਫ਼ੀ ਮੰਗਣ ਦਾ...!"
"ਜਿਹੜੀ ਗੱਲ ਸਾਨੂੰ ਉਸ ਨੇ ਦੱਸੀ, ਅਸੀਂ ਹੋਰ ਦੰਗ ਰਹਿ ਗਏ! ਉਹ ਕਹਿੰਦਾ ਜਦੋਂ ਮੈਂ ਮੁੰਡਿਆਂ 'ਤੇ ਤਸ਼ੱਦਦ ਕਰਦਾ ਸੀ, ਗਾਲ੍ਹਾਂ ਕੱਢਦਾ ਸੀ, ਤਸੀਹੇ ਦਿੰਦਾ ਸੀ ਤਾਂ ਬਾਰਡਰ ਪਾਰ ਕਰਨ ਵਾਲੇ ਮੁੰਡੇ ਦੁਖੀ ਹੋ ਕੇ ਆਪਣੇ-ਆਪਣੇ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ! ਤੁਹਾਨੂੰ ਪਤਾ ਹੈ ਕਿ ਦੁਖੀ ਦਿਲ ਦੀ ਫ਼ਰਿਆਦ ਬਹੁਤ ਜਲਦੀ ਦਰਗਾਹ ਵਿਚ ਸੁਣੀ ਜਾਂਦੀ ਹੈ! ਤੇ ਉਹਨਾਂ ਦੁਖੀ ਮੁੰਡਿਆਂ ਦੀਆਂ ਅਰਦਾਸਾਂ ਕਾਰਨ ਮੇਰਾ ਬਾਰਡਰ ਟਪਾਉਣ ਦਾ ਕੰਮ ਸੌਖਾ ਹੋ ਜਾਂਦਾ, ਕੁਦਰਤ ਵੱਲੋਂ ਕੋਈ ਐਸੀ ਬਿਧ ਬਣਦੀ ਕਿ ਸਾਰੇ ਮੁੰਡੇ ਬਿਨਾਂ ਕਿਸੇ ਸਮੱਸਿਆ ਜਾਂ ਮੁਸੀਬਤ ਤੋਂ ਮਿਥਿਆ ਬਾਰਡਰ ਪਾਰ ਕਰ ਜਾਂਦੇ ਅਤੇ ਆਪਣੀ ਆਪਣੀ ਮੰਜਿ਼ਲ 'ਤੇ ਪੁੱਜ ਜਾਂਦੇ ਅਤੇ ਮੇਰੀ ਜਿ਼ੰਮੇਵਾਰੀ ਖ਼ਤਮ ਹੋ ਜਾਂਦੀ ਅਤੇ ਮੈਨੂੰ ਮੇਰੇ ਕੀਤੇ ਕੰਮ ਦੇ ਪੈਸੇ ਮਿਲ ਜਾਂਦੇ!"
"ਵਾਹ ਜੀ ਵਾਹ!" ਹੱਕੀ ਬੱਕੀ ਅਤੇ ਸੁੰਨ ਹੋਈ ਕਿੱਟੀ ਨੂੰ ਉਸ ਗੁਨਾਂਹ ਦੇ ਫ਼ਰਿਸ਼ਤੇ ਬਾਰੇ ਸੋਚ-ਸੋਚ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਉਸ ਨੂੰ ਬੁਰਾ ਕਹੇ ਜਾਂ ਚੰਗਾ?
****