ਹਾਇ ! ਕੁਦਰਤੀ ਸੋਮੇ......... ਮਿੰਨੀ ਕਹਾਣੀ / ਰਿਸ਼ੀ ਗੁਲਾਟੀ



ਉਹ ਬੜੇ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ । ਸਨਕ ਦੀ ਹੱਦ ਤੱਕ ਸਮਾਜਿਕ ਮਸਲਿਆਂ ਬਾਰੇ ਸੋਚਦਾ ਹੈ । ਆਉਣ ਵਾਲੇ ਸਮੇਂ ਵਿੱਚ ਦਰ-ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਧਰਤੀ ਹੇਠਲੇ ਪਾਣੀ ਦੇ ਘਟਦੇ ਲੈਵਲ, ਪ੍ਰਦੂਸ਼ਣ ਆਦਿ ਪ੍ਰਤੀ ਉਹ ਲੋਕਾਂ ਨੂੰ ਲਗਾਤਾਰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ । ਦੁਨੀਆਂ ਭਾਵੇਂ ਕੁਝ ਵੀ ਕਹੇ ਪਰ ਉਸਦੇ ਇਹ ਉਪਰਾਲੇ ਅਸਲ ਵਿੱਚ ਸਲਾਹੁਣ ਯੋਗ ਹਨ । ਵਿਗਿਆਨਿਕ ਸੋਚ ਦੇ ਨਾਲ-ਨਾਲ ਉਹ ਧਾਰਮਿਕ ਵੀ ਬੜਾ ਹੈ । ਪਿਛਲੇ ਦਿਨੀਂ ਉਹ ਮੈਨੂੰ ਵੀ ਨਾਲ ਖਿੱਚ੍ਹ ਕੇ ਯਾਤਰਾ ਤੇ ਲੈ ਗਿਆ । ਰਾਤ ਨੂੰ ਸੰਗਤ ਲੰਗਰ ਪਾਣੀ ਤੋਂ ਵਿਹਲੀ ਹੋ ਇਕੱਠੀ ਜੁੜ ਬੈਠੀ ।

“ਓ ਪਾੜ੍ਹਿਆ, ਕੀ ਕਹਿੰਦੀਆਂ ਅਖਬਾਰਾਂ ਅੱਜ ਕੱਲ ?” ਬਾਬੇ ਰਤਨ ਸਿੰਘ ਨੇ ਉਸ ਕੋਲੋਂ ਪੁੱਛਿਆ ।

“ਬਾਬਾ ਜੀ, ਇੱਕ ਨਵੇਂ ਮੀਟਰ ਦੀ ਖੋਜ ਹੋ ਗਈ ਹੈ । ਝੋਨੇ ਨੂੰ ਆਪਾਂ ਹਮੇਸ਼ਾਂ ਹੀ ਡਬੋ ਕੇ ਰੱਖਦੇ ਹਾਂ ਤੇ ਪਾਣੀ ਫਾਲਤੂ ਹੀ ਵਗਾ ਦਿੰਦੇ ਹਾਂ । ਇਹ ਮੀਟਰ ਆਪਾਂ ਨੂੰ ਇਹ ਦੱਸ ਦੇਵੇਗਾ ਕਿ ਪਾਣੀ ਖੇਤ ਵਿੱਚ ਜਿ਼ਆਦਾ ਹੋ ਗਿਆ ਹੈ, ਹੁਣ ਪਾਣੀ ਦੀ ਲੋੜ ਨਹੀਂ ”


“ਕਾਕਾ ਜੀ, ਪਾਣੀ ਬਚਾਉਣ ਦੇ ਚੱਕਰ ਵਿੱਚ ਜੇ ਖੇਤ ਵਿੱਚ ਪਾਣੀ ਘਟ ਗਿਆ ਤਾਂ ਸਾਰੀ ਫ਼ਸਲ ਹੀ ਸੁੱਕ ਜਾਊ” ਕੋਲੋਂ ਮਹਿੰਦਰ ਸਿੰਘ ਨੇ ਆਪਣਾ ਤੌਖਲਾ ਪ੍ਰਗਟ ਕੀਤਾ ।

“ਇਸ ਮੀਟਰ ਵਿੱਚ ਇਹ ਵੀ ਸਿਸਟਮ ਹੈ ਚਾਚਾ ਜੀ । ਮੀਟਰ ਦੱਸ ਦਿੰਦਾ ਹੈ ਕਿ ਹੁਣ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ।”

“ਚੰਗਾ ਬਈ ਸੰਗਤੇ ਸੌਂ ਜੋ ਹੁਣ, ਤੜਕੇ ਸਦੇਹਾਂ ਹੀ ਨਿਕਲਾਂਗੇ ਅੱਗੇ । ਟੈਮ ਸਿਰ ਤਿਆਰ ਹੋ ਜਾਇਓ ਸਾਰੇ” ਬਾਬੇ ਰਤਨ ਸਿੰਘ ਨੇ ਉੱਠਦਿਆਂ ਕਿਹਾ ।

“ਉੱਠ ਰਾਜ, ਜਲਦੀ ਨਹਾ ਧੋ ਕੇ ਤਿਆਰ ਹੋ ਜਾ, ਮੱਥਾ ਟੇਕ ਕੇ ਬੱਸ ਨਿਕਲਣਾ ਹੀ ਐ ।” ਸਵੇਰੇ ਸਾਝਰੇ ਹੀ ਉਸਨੇ ਮੈਨੂੰ ਮੋਢਾ ਹਲੂਣ ਕੇ ਜਗਾ ਦਿੱਤਾ ।

“ਭਰਾਵਾ ਮੇਰੀ ਨਹੀਂ ਚਾਹ ਪੀਤੇ ਬਿਨਾਂ ਅੱਖ ਖੁੱਲਦੀ”

“ਚੱਲ ਠੀਕ ਐ, ਘੱਟੋ ਘੱਟ ਪਹਿਲਾਂ ਬੁਰਸ਼ ਤਾਂ ਕਰ ਲੈ”

ਮੈਨੂੰ ਬੈਡ ਟੀ ਦੇ ਗਿੱਝੇ ਹੋਏ ਨੂੰ ਉਹ ਲੱਗਭਗ ਘੜੀਸਦਾ ਹੋਇਆ ਸਰਾਂ ਦੇ ਬਾਥਰੂਮ ਵੱਲ ਲੈ ਗਿਆ । ਅੰਦਰ ਜਾਂਦਿਆਂ ਹੀ ਉਹ ਠਿਠੰਬਰ ਕੇ ਖੜ ਗਿਆ “ਬਾਪੂ ਜੀ, ਮੈਂ ਹਮੇਸ਼ਾਂ ਇਹ ਕਹਿੰਦਾਂ ਪਈ ਸਾਨੂੰ ਕੁਦਰਤੀ ਸੋਮਿਆਂ ਦੀ ਕਦਰ ਕਰਨੀਂ ਚਾਹੀਦੀ ਹੈ । ਹੁਣ ਤੁਸੀਂ ਬੁਰਸ਼ ਕਰੀ ਜਾਂਦੇ ਹੋ, ਘੱਟੋ-ਘੱਟ ਟੂਟੀ ਤਾਂ ਬੰਦ ਕਰ ਦਿਉ । ਐਵੇ ਹੀ ਪਾਣੀ ਵਗੀ ਜਾਂਦੈ ।”

“ਓਏ ਕਾਕਾ, ਤੜਕੋ ਤੜਕੀ ਤਾਂ ਆਪਣੀ ਲੈਕਚਰ ਬਾਜ਼ੀ ਬੰਦ ਰੱਖ । ਇਹ ਰੱਬ ਦਾ ਘਰ ਐ । ਲੱਖਾਂ ਲੋਕੀਂ ਲੰਗਰ ਛਕਦੇ ਨੇ, ਅੱਜ ਤੱਕ ਤੋਟ ਨੀਂ ਆਈ ਕਿਸੇ ਚੀਜ਼ ਦੀ । ਜੇ ਪੰਜ ਦਸ ਮਿੰਟ ਟੂਟੀ ਚੱਲ ਵੀ ਗਈ ਤਾਂ ਕੋਈ ਸੋਕਾ ਨਹੀਂ ਪੈਣ ਲੱਗਾ”

“ਰਾਜ ਤੂੰ ਹੀ ਦੱਸ ਕਿ ਜੇਕਰ ਅਸੀਂ ਗੁਰੂ ਘਰ ‘ਚ ਹੀ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰਾਂਗੇ, ਤੇ ਪਾਣੀ ਦੀ ਕਰੋਪੀ ਆਉਣ ਤੇ ਰੱਬ ਨੂੰ ਕਿਸ ਮੂੰਹ ਨਾਲ ਉਲਾਂਭਾ ਦਿਆਂਗੇ ?”  ਉਸਨੇ ਮੇਰੇ ਵੱਲ ਮੁੜਦਿਆਂ ਪੁੱਛਿਆ, ਪਰ ਮੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ।

****