ਸੁਪਰ ਮੌਕੀਂ ਨਾਲ ਗੱਲਬਾਤ..........ਵਿਅੰਗ / ਬਲਜਿੰਦਰ ਸੰਘਾ

ਅੱਜ ਆਪਾ ਮੌਕੀਂ ਨਹੀਂ ਬਲਕਿ ਸੁਪਰ ਮੌਕੀਂ ਨਾਲ ਖੁੱਲ੍ਹੀ ਗੱਲ-ਬਾਤ ਕਰਾਂਗੇ। ਜਿਸ ਵਿਚ ਉਸਦੇ ਜੀਵਨ ਦੇ ਹਰ ਰੰਗ ਬਾਰੇ ਰੰਗ ਪੇਸ਼ ਕਰਨ ਦੀ ਕੋਸਿ਼ਸ਼ ਉਸਦੇ ਦਿੱਤੇ ਜਵਾਬਾਂ ਦੇ ਅਧਾਰਿਤ ਹੀ ਹੋਵੇਗੀ। ਇਸ ਮੌਕੀਂ ਨਹੀਂ ਬਲਕਿ ਮੌਕੀਂਆਂ ਦੇ ਬਾਪ ਸੁਪਰ ਮੌਕੀਂ ਦੇ ਹਰ ਪੱਖ ਨੂੰ, ਹਰ ਪੱਖ ਤੋਂ ਪੇਸ਼ ਕਰਨ ਦੀ ਕੋਸਿ਼ਸ਼ ਹੈ।
ਸਵਾਲ : ਸਭ ਤੋਂ ਪਹਿਲਾ ਸੁਪਰ ਮੌਕੀਂ ਜੀ ਅੱਜ ਪਹਿਲੀ ਵਾਰ ਸਾਡੇ ਹੱਥ ਲੱਗਣ ਤੇ ਜੀ ਆਇਆ।
ਜਵਾਬ: ਮੇਰੇ ਵੱਲੋਂ ਜਾਨਿ ਕਿ ਸੁਪਰ ਬਾਂਦਰ ਵੱਲੋਂ ਵੀ ਆਪ ਦਾ ਧੰਨਵਾਦ ਕਿ ਅੱਜ ਸਾਡੇ ਦਿਲ ਦੀਆਂ ਗੱਲਾਂ ਪੁੱਛੋਗੇ।
ਸਵਾਲ : ਆਪਣੇ ਮੁੱਢਲੇ ਜੀਵਨ ਬਾਰੇ ਦੱਸੋ।
ਜਵਾਬ: ਮੁੱਢਲਾ ਜੀਵਨ ਆਪਣੇ ਕਬੀਲੇ ਵਿਚ ਬੀਤਿਆ। ਚੁਸਤ, ਚਲਾਕ ਮੰਨੇ ਜਾਂਦੇ ਹਾਂ। ਲੰਬੀ ਪੂਸ਼ ਹਰ ਥਾਂ ਕੰਮ ਆਉਂਦੀ ਹੈ। ਉਹ ਸਭ ਕੁਝ ਕਰਦੇ ਆਉਂਦੇ ਹਾਂ, ਜੋ ਹਰ ਕੋਈ ਨਹੀਂ ਕਰ ਸਕਦਾ। ਯਾਨੀ ਕਿ ਨਾ ਪੜ੍ਹੇ ਨਾ ਕਿਸੇ ਨੂੰ ਵਾਹ ਲੱਗਦੀ ਪੜ੍ਹਨ ਦਿੱਤਾ। ਮਾਪਿਆਂ ਨਾਲ ਅਤੇ ਆਂਢ-ਗੁਆਂਢ ਵਿਚ ਹਰ ਗੱਲ ਤੇ ਬਚਪਨ ਵਿਚ ਹੀ ਪੰਗੇ ਲੈਣੇ ਸ਼ੁਰੂ ਕਰ ਦਿੱਤੇ, ਨਾਲ ਦੇ ਜੰਮਿਆਂ ਤੋਂ ਖੋਹ ਕੇ ਖਾਧਾ, ਪੜ੍ਹਨ ਵਿਚ …… ਹਾਅ...ਹਾਅ...ਹਾਅ… ਜਦੋਂ ਖੇਲ੍ਹਣ-ਕੁੱਦਣ ਦਾ ਸਮਾਂ ਹੁੰਦਾ ਤਾਂ ਕਈ-ਕਈ ਕੰਧਾਂ-ਕੋਠੇ ਜਾਂ ਦਰੱਖਤਾਂ ਦੇ ਟਹਿਣਿਆਂ ਤੋਂ ਮਿੰਟਾਂ-ਸਕਿੰਟਾਂ ਵਿਚ ਲੰਘ ਜਾਂਦੇ। ਮਾਸਟਰ ਜੀ ਨੂੰ ਕਿੱਕਰ ਦੀ ਦਾਤਣ ਸਭ ਤੋਂ ਵਧੀਆ ਅਸੀਂ ਹੀ ਦਿੰਦੇ ਤੇ ਹਰ ਕਲਾਸ ਵਿਚ ਫਸਟ ਆੳਂੁ਼ਦੇ।
ਸਵਾਲ: ਪੂਛ ਬਾਰੇ ਥੋੜਾ ਹੋਰ ਦੱਸੋ ਜੀ।
ਜਵਾਬ: ਅੱਜ-ਕੱਲ੍ਹ ਪੂਛ ਵਾਲੇ ਦਾ ਹੀ ਚਿਹਰਾ ਨਜ਼ਰ ਆਉਂਦਾ ਹੈ ਤੇ ਮੇਰੀ ਤਾਂ ਪੂਛ ਹੀ ਬਹੁਤ ਲੰਮੀ ਹੈ, ਜੋ ਲੋੜ ਅਨੁਸਾਰ ਵਧ ਵੀ ਜਾਂਦੀ ਹੈ ਤੇ ਘੱਟ ਵੀ।
ਸਵਾਲ: ਜ਼ਰਾ ਖੁੱਲ੍ਹ ਕੇ ਦੱਸੋ ਕਿ ਇਹ ਵਧ ਜਾਂ ਘੱਟ ਕਿਵਂੇ ਜਾਂਦੀ ਹੈ?
ਜਵਾਬ: ਆਮ ਤੌਰ ਤੇ ਸਾਡੇ ਬਹੁਤੇ ਭਰਾ ਸਿਰਫ ਪੂਛ ਵਧਾਉਣੀ, ਅਕੜਾਉਣੀ ਹੀ ਜਾਣਦੇ ਹਨ। ਪਰ ਮਂੈ ਸੁਪਰ ਹੋਣ ਕਰਕੇ ਹੋਰ ਵੀ ਬਹੁਤ ਗੁਣਾਂ ਦਾ ਧਾਰਨੀ ਹਾਂ। ਮੈਂ ਆਪਣੇ ਸੰਗੀਆਂ-ਸਾਥੀਆਂ ਵਿਚ ਵੱਡੀ ਪੂਛ ਨਾਲ ਰਹਿੰਦਾ ਹਾਂ। ਪਰ ਜਦੋਂ ਇਹ ਅਹਿਸਾਸ ਹੋ ਜਾਵੇ ਕਿ ਅਗਲਾ ਵੱਧ ਸੁਪਰ ਹੈ ਤਾਂ ਇਸਨੂੰ ਲੋੜ ਅਨੁਸਾਰ ਘੱਟ ਵੀ ਕਰ ਸਕਦਾ ਹਾਂ। ਯਾਨੀ ਕਿ ਹਰ ਜਗ੍ਹਾ ਮੂਹਰੇ ਰਹਿ ਸਕਦਾ ਹਾਂ, ਪੂਛ ਵੱਡੀ ਕਰਕੇ ਵੀ ਤੇ ਨਿੱਕੀ ਕਰਕੇ ਵੀ। ਪਰ ਪਿੱਛੇ ਰਹਿਣਾ... ਨਾ-ਬਾਬਾ-ਨਾ… ਹੂ-ਹੂ…ਹੂੰਅ!
ਸਵਾਲ : ਮੇਰੀ ਸਮਝ ਅਨੁਸਰ ਸ਼ਾਇਦ ਜਵਾਬ ਅਧੂਰਾ ਹੈ ਜਾਂ ਤੁਹਾਡੀ ਅਕਲ ਮੂਹਰੇ ਮੇਰਾ ਗਿਆਨ ਅਧੂਰਾ ਹੈ, ਥੋੜੇ ਸ਼ਬਦਾਂ ਵਿਚ ਥੋੜਾ ਹੋਰ ਸਮਝਾਓ।
ਜਵਾਬ : ਹਾਅ...ਹਾਅ....ਹਾਅ.... ਮੈਨੁੰ ਤੁਹਡੇ ਚਿਹਰੇ ਤੋਂ ਯਕੀਨ ਹੋ ਗਿਆ ਸੀ ਕਿ ਤੁਸੀ ਮੇਰੀ ਗੱਲ ਸਮਝ ਨਹੀਂ ਪਾਏ। ਇਸਦਾ ਸਪੱਸ਼ਟ ਮਤਲਬ ਇਹ ਹੈ ਕਿ ਮੈਂ ਬੁੱਧੂ ਬਣਕੇ ਬੁੱਧੂ ਬਣਾਉਣ ਦੀ ਯੋਗਤਾ ਰੱਖਦਾ ਹਾਂ।
ਸਵਾਲ- ਵਾਹ ਜੀ ਵਾਹ! ਕਿੰਨ੍ਹਾਂ ਸਪੱਸ਼ਟ ਉੱਤਰ ਦਿੱਤਾ, ਤੁਸੀ ਕਿੱਥੇ-ਕਿੱਥੇ ਰਹਿੰਦੇ ਹੋ?
ਜਵਾਬ- ਦੁਨੀਆਂ ਦੇ ਹਰ ਦੇਸ਼ ਵਿਚ ਹਰ ਕਸਬੇ, ਸ਼ਹਿਰ ਪਿੰਡ ਵਿਚ। ਹਰ ਰਾਜਨੀਤਕ ਪਾਰਟੀ, ਕੋਰਟ, ਕਚਹਿਰੀਆਂ, ਖੇਡ ਕਲੱਬਾਂ, ਇਥੋਂ ਤੱਕ ਕਿ ਲੇਖਕਾਂ ਦੀਆਂ ਸਭਾਵਾਂ ਵਿਚ ਵੀ ਘੁਸ ਜਾਂਦੇ ਹਾਂ। ਯਾਨੀ ਕਿ ਆਲੂ ਟਾਈਪ ਹਾਂ। ਜਿਵੇ ਆਲੂ ਬਿਨਾਂ ਸਾਗ ਤੋਂ ਹਰ ਸਬਜ਼ੀ ਵਿਚ ਚੱਲਦਾ ਹੈ, ਬਿਲਕੁੱਲ ਉਸੇ ਤਰ੍ਹਾਂ ਅਸੀਂ ਹਰ ਜਗ੍ਹਾ ਚੱਲਦੇ ਹਾਂ ਪਰ ਅਸੀਂ ਸਾਗ ਵੀ ਨਹੀਂ ਛੱਡਿਆ। ਪਰ ਆਲੂ ਵਿਚਾਰਾ ਚਿੱਬ-ਖੜਿੱਬਾ ਜਾਂ ਗੋਲ ਹੀ ਹੋ ਸਕਦਾ ਹੈ ਪਰ ਅਸੀਂ ਸਮੇਂ ਅਨੁਸਾਰ ਗੋਲ, ਚੋਰਸ, ਆਇਤਾਕਾਰ ਅਤੇ ਤਿਕੋਣੇ ਵੀ ਬਣ ਸਕਦੇ ਹਾਂ।
ਸਵਾਲ- ਇੱਕ ਆਮ ਤੇ ਸਧਾਰਣ ਬੁੱਧੀ ਤੁਹਾਡੀ ਪਛਾਣ ਕਿਸ ਤਰ੍ਹਾਂ ਕਰ ਸਕਦੀ ਹੈ ਕਿ ਤੁਸੀ ਸੁਪਰ ਹੋ?
ਜਵਾਬ- ਆਮ ਤੇ ਸਧਾਰਣ ਬੁੱਧੀ.......ਹਾਅ....ਹਾਅ..ਹਾਅ…ਕਦੇ ਵੀ ਨਹੀਂ। ਕਿਤੇ ਵੀ ਨਹੀਂ।
ਸਵਾਲ- ਆਪਣੇ ਇਹਨਾਂ ਔਗਣਾਂ…ਸੌਰੀ...ਸੌਰੀ... ਮੇਰਾ ਮਤਲਬ ਹੈ ਗੁਣਾਂ ਕਰਕੇ ਕਦੇ ਕਸੂਤੇ ਫਸੇ ਹੋ?
ਜਵਾਬ - ਬਹੁਤ ਵਾਰੀ......ਪਰ ਸੁਪਰ ਹੋਣ ਕਰਕੇ ਹਰ ਵਾਰ ਬਚ ਜਾਂਦੇ ਹਾਂ।
ਸਵਾਲ- ਆਪਣੇ ਕੰਮਾਂ ਬਾਰੇ ਦੱਸੋ।
ਜਵਾਬ - ਉਂਝ ਦੁਨੀਆਂ ਤੇ ਜੇਕਰ ਸਾਡੇ ਕੰਮ-ਧੰਦੇ ਗਿਣਨੇ ਹੋਣ ਤਾਂ ਬਹੁਤ ਸਮਾਂ ਚਾਹੀਦਾ ਹੈ। ਪਰ ਮੋਟੇ ਤੌਰ ਤੇ ਹਰ ਤਰ੍ਹਾਂ ਦੀਆਂ ਲੜਾਈਆਂ, ਝਗੜੇ, ਕਤਲ, ਹੱਲੇ-ਗੁੱਲੇ ਸਭ ਅਸੀਂ ਹੀ ਕਰਵਾਉਦੇ ਹਾਂ।
ਸਵਾਲ: ਤੁਹਾਡੇ ਰੂਪ ਕਿਹੜੇ-ਕਿਹੜੇ ਹਨ?
ਜਵਾਬ : ਬਲਜਿੰਦਰ ਸੰਘਾ ਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿੳਂੁਕਿ ਸਾਡੇ ਰੂਪ ਬਾਰੇ ਕਈ ਭੁਲੇਖੇ ਹਨ ਪਰ ਮੈਂ ਅੱਜ ਸਭ ਦੱਸਦਾ ਹਾਂ ਕਿ ਅਸੀ ਚਿੱਟੇ, ਕਾਲੇ, ਗੋਰੇ, ਭੁਰੇ, ਪੱਗਾਂ ਵਾਲੇ, ਕਲੀਨ-ਸ਼ੇਵ ਇੱਥੋ ਤੱਕ ਕਿ ਪੱਗਾ ਦੇ ਰੰਗਾਂ ਦੇ ਅਧਾਰਿਤ ਵੀ ਨੀਲੀਆਂ-ਚਿੱਟੀਆਂ ਹਰ ਤਰ੍ਹਾਂ ਦੇ ਰੂਪ ਅਤੇ ਪਹਿਰਾਵੇ ਵਿਚ ਮਿਲਦੇ ਹਾਂ।
ਸਵਾਲ: ਆਪਣਾ ਕੋਈ ਖ਼ਾਸ ਕੰਮ ਦੱਸੋ।
ਜਵਾਬ : ਅਸੀਂ ਸਾਰੇ ਕੰਮ ਮੁੱਢੋਂ ਹੀ ਖਾਸ ਕਰਦੇ ਰਹੇ ਹਾਂ, ਜੰਗਲ ਦੇ ਸਮਾਜ ਵਿਚ ਜਿੱਥੇ ਵੀ ਇਕੋਂ ਤਰ੍ਹਾਂ ਦੀਆਂ ਵਿਸ਼ੇਸ਼ਤਾਈਆਂ ਵਾਲੇ ਇੱਕ ਤੋਂ ਵੱਧ ਗਰੁੱਪ ਜਾਂ ਸੰਸਥਾਵਾਂ ਵੇਖੋ, ਸਾਡਾ ਕੰਮ ਹੈ। ਇੱਥੋ ਤੱਕ ਕਿ ਸਮਾਜ ਸੇਵੀਆਂ, ਬੁੱਧੀਜੀਵੀਆਂ ਅਤੇ ਧਾਰਮਿਕ ਗਰੁੱਪ ਵੀ ਸਾਡੇ ਤੋਂ ਬਚ ਨਹੀਂ ਸਕੇ। ਇਹ ਸਾਰੇ ਕੰਮ ਸਾਡੇ ਵਰਗੇ ਹੀ ਕਰ ਸਕਦੇ ਹਨ। ਅਸੀ ਉਸ ਸੰਸਥਾ ਵਿਚ ਵੀ ਆਪਣੀ ਚਲਾਕੀ ਨਾਲ ਇੰਟਰ ਹੋ ਜਾਂਦੇ ਹਾਂ, ਜਿਸ ਬਾਰੇ ਸਾਨੂੰ ਕੋਈ ਗਿਆਨ ਨਹੀਂ। ਫਿਰ ਅਜਿਹਾ ਜਾਲ ਵਿਛਾਉਂਦੇ ਹਾਂ ਕਿ ਹਰ ਕੋਈ ਇਕ ਦੂਸਰੇ ਤੋਂ ਅਲੱਗ ਹੋ ਜਾਂਦਾ ਹੈ। ਪਹਿਲਾ ਅਸੀਂ ਉਸ ਸੰਸਥਾ ਦੇ ਬਹੁਤ ਗੁਣਗਾਣ ਕਰਦੇ ਹਾਂ ਅਤੇ ਅਖ਼ਬਾਰਾਂ ਤੱਕ ਖਬਰਾਂ ਭੇਜਦੇ ਹਾਂ। ਜਦੋਂ ਨੂੰ ਉਹ ਸਾਡੇ ਕੰਮਾਂ ਬਾਰੇ ਜਾਨਣ ਲੱਗਦੇ ਹਨ, ਅਸੀਂ ਉਹਨਾਂ ਨੂੰ ਛੱਡਕੇ ਦੂਸਰੇ ਦੇ ਨਾਲ ਜਾ ਰਲਦੇ ਹਾਂ ਅਤੇ ਉਹਨਾਂ ਦੇ ਗੁਣਗਾਣ ਕਰਦੇ ਹਾਂ।
ਸਵਾਲ : ਪਰ ਇਸ ਤਰ੍ਹਾਂ ਤਾਂ ਤੁਸੀ ਬਦਨਾਮ ਵੀ ਹੁੰਦੇ ਹੋਵੇਗੇ।
ਜਵਾਬ : ਉਹ ਕੀ ਹੁੰਦਾ…ਹਾਅ...ਹਾਅ....ਹਾਅ..ਹੂੰ..ਹੂੰ ਹੂੰ.....ਸੌਰੀ ਮੇਰਾ ਫੋਨ ਵੱਜ ਰਿਹਾ ਹੈ…ਹੈਲੋ... ਹੈਲੋ
ਸਵਾਲ: ਜੀ ਤੁਸੀ ਕਿੱਧਰ ਭੱਜ ਚੱਲੇ.....ਅਜੇ ਤਾਂ ਕਈ ਸਵਾਲ ਬਾਕੀ ਹਨ!
ਜਵਾਬ : .....ਹੈਲੋ.....ਹੈਲੋ...
****