ਪੈਸਾ ਵੀ ਕੀ ਸ਼ੈਅ ਹੈ? ਜਿਸਨੂੰ ਵੀ ਦੇਖੋ, ਜਿੱਧਰ ਵੀ ਦੇਖੋ, ਹਰ ਬੰਦਾ ਪੈਸਾ ਪੈਸਾ ਕਰਦਾ ਫਿਰਦੈ। ਇਹ ਸੱਚ ਹੈ ਕਿ ਪੈਸੇ ਬਿਨਾਂ ਜਿ਼ੰਦਗੀ ਸੁਖਾਲੀ ਨਹੀਂ ਲੰਘਦੀ ਪਰ ਪੈਸੇ ਲਈ ਕਿਸੇ ਦਾ ਗਲ ਘੁੱਟਣਾ ਵੀ ਕਿੱਥੋਂ ਕੁ ਤੱਕ ਜਾਇਜ਼ ਹੈ? ਪੈਸਾ ਜੇਬ 'ਚ ਨਾ ਹੋਵੇ ਤਾਂ ਬੰਦਾ ਇਉਂ ਲਗਦੈ ਜਿਵੇਂ ਤਖਤੂਪੁਰੇ ਦੇ ਮੇਲੇ 'ਚ ਕਿਸੇ ਨੇ ਗਾਂ ਦਾ ਰੱਸਾ ਖੋਲ੍ਹ ਦਿੱਤਾ ਹੋਵੇ। ਪੈਸੇ ਵਿਹੂਣਾ ਬੰਦਾ ਵੀ ਵਿਚਾਰਾ ਓਵੇਂ ਹੀ ਭੂਸਰਿਆ ਜਿਹਾ ਦਿਸਦੈ ਜਿਵੇਂ 'ਕੱਠ ਨੂੰ ਦੇਖਕੇ ਗਾਂ ਭੂਸਰ ਜਾਂਦੀ ਐ। ਚੱਲੋ ਛੱਡੋ, ਬਾਹਰੀ ਜਿਹੀਆਂ ਗੱਲਾਂ.... ਬਸ ਆਹੀ ਪਿਛਲੇ ਸਮੇਂ ਦੀ ਗੱਲ ਆ, ਇਨਕੁਆਰੀ ਆਈ ਸੀ ਪਾਸਪੋਰਟ ਦੀ.. ਥਾਣੇ ਵਾਲਿਆਂ ਨੇ ਇਨਕੁਆਰੀ ਦੀ 'ਕਾਰਵਾਈ' ਨੇਪਰੇ ਚਾੜ੍ਹਨ ਲਈ ਬੁਲਾਵਾ ਭੇਜ ਦਿੱਤਾ। ਇਸ ਲੱਗੇ ਜਿਵੇਂ ਧਰਮ ਰਾਜ ਨੇ ਬੁਲਾ ਲਿਆ ਹੋਵੇ। ਦਸੰਬਰ ਦੇ ਮਹੀਨੇ ਵੀ ਮੁੜ੍ਹਕਾ ਧਰਲ ਧਰਲ ਚੋ ਰਿਹਾ ਸੀ। ਮੱਥੇ ਤੋਂ ਇੱਕ ਤਰੇਲੀ ਪੂੰਝਾਂ ਦੂਜੀ ਨਾਲ ਦੀ ਨਾਲ ਮੱਥਾ ਮੱਲ ਲਵੇ। ਬੇਸ਼ੱਕ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਸੀ ਪਰ ਦੋ ਦਿਨ ਤਾਂ ਰਾਤ ਨੂੰ ਨੀਂਦ ਨਾ ਆਈ। ਦੋ ਦਿਨ ਦੀ ਟਾਲ-ਮਟੋਲ ਤੋਂ ਬਾਦ ਪਿੰਡ ਦੇ ਇੱਕ ਪੰਚ ਸਾਬ੍ਹ ਨੂੰ ਨਾਲ ਲੈ ਕੇ ਥਾਣੇ ਜਾਣ ਦਾ ਮਨ ਬਣਾਇਆ। ਪਰ ਫੇਰ ਡਰ ਵੀ ਲੱਗੇ, ਪਛਤਾਵਾ ਹੋਵੇ ਕਿ "ਐਵੇਂ ਹੀ ਖੁਦ ਘੁਲਾੜ੍ਹੀ 'ਚ ਲੱਤ ਦੇ ਲਈ, ਮੈਂ ਕਿਹੜਾ ਜਪਾਨ ਜਾਣਾ ਸੀ।" ਥਾਣੇ ਪਹੁੰਚ ਕੇ ਮੋਟਰਸਾਈਕਲ ਖੜ੍ਹਾ ਕੀਤਾ ਤੇ ਇਨਕੁਆਰੀ ਵਾਲੇ ਕਮਰੇ ਵੱਲ ਚਾਲੇ ਪਾ ਦਿੱਤੇ। ਪੰਚ ਸਾਬ੍ਹ ਵੀ ਆਮ ਹੀ ਆਉਂਦੇ ਰਹਿਣ ਕਰਕੇ ਭੇਤੀ ਸਨ ਕਿ 'ਇਨਕੁਆਰੀ' ਕਿੱਥੇ ਹੁੰਦੀ ਐ। ਜੋ ਘਰੇ ਦੋ ਦਿਨ ਸੋਚਦਾ ਰਿਹਾ ਸਾਂ ਕਿ ਪਤਾ ਨਹੀਂ ਕੀ ਸੱਪ ਨਿੱਕਲੂ? ਪਰ ਅੰਦਰ ਜਾਂਦਿਆਂ ਕਮਾਲ ਹੋਗੀ.... ਕੀ ਦੇਖਦਾ ਹਾਂ ਕਿ ਸੱਚਮੁੱਚ ਹੀ ਸਵਰਗਾਂ ਵਰਗਾ ਨਜ਼ਾਰਾ! ਕਿੱਧਰੇ ਫੋਨ 'ਤੇ ਗੱਲ ਕਰਦਿਆਂ ਮੁਲਾਜ਼ਮ ਮੇਰੇ ਵਰਗੇ ਜਲੇਬੀ ਕੁ ਜਿੰਨੇ ਸਿੱਧੇ ਨੂੰ ਵੀ 'ਜੈ ਹਿੰਦ ਜਨਾਬ, ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ?' ਕਿੱਧਰੇ ਆਏ ਹੋਏ ਵੀਰ ਭਾਈਆਂ ਨੂੰ ਕੋਈ ਮੁਲਾਜ਼ਮ ਬੜੇ ਪਿਆਰ ਨਾਲ ਪੁੱਛੇ ਕਿ "ਦੱਸੋ ਸਰ, ਪਾਣੀ ਪੀਓਗੇ ਜਾਂ ਚਾਹ ਲੈ ਕੇ ਆਈਏ?" ਮਨ ਤਾਂ ਕੀ ਸਾਡਾ ਤਾਂ ਤਨ ਵੀ ਹੈਰਾਨ... ਆਵਦੀ ਲੱਤ 'ਤੇ ਚੂੰਢੀ ਵੱਢ ਕੇ ਦੇਖੀ ਕਿ ਕਿਤੇ ਸੁਪਨਾ ਹੀ ਨਾ ਦੇਖ ਰਿਹਾ ਹੋਵਾਂ। ਪਰ ਸੀ ਸੱਚ ਕਿ ਜਿੰਨੀ ਮਿਠਾਸ ਥਾਣੇ 'ਚ ਦੇਖਣ ਨੂੰ ਮਿਲ ਰਹੀ ਐ ਓਨੀ ਤਾਂ ਘਰੇ ਚਾਹ 'ਚ ਨਹੀਂ ਹੁੰਦੀ। ਲਓ ਬਈ ਗੁਰੂ ਦੇ ਪਿਆਰਿਓ! ਨਜ਼ਰ ਦਾ ਕੈਮਰਾ ਥੋੜ੍ਹਾ ਕੁ ਹੋਰ ਪਾਸੇ ਘੁਮਾਇਆ, ਕਮਰਿਆਂ 'ਚ ਹਰੇਵਾਈ ਹੀ ਹਰੇਵਾਈ... ਬੜੀ ਵੱਡੀ ਵੇਲ... ਯਕੀਨ ਨਾ ਆਵੇ। ਡਰਦਿਆਂ ਡਰਦਿਆਂ ਸਿਪਾਹੀ ਜੀ ਮਹਾਰਾਜ ਤੋਂ ਉਸ ਵੇਲ ਦਾ ਨਾਂ ਪੁੱਛਿਆ ਤਾਂ ਛੋਟੇ ਮਹਾਰਾਜ ਨੇ ਹਸਦਿਆਂ ਹਸਦਿਆਂ ਕਿਹਾ, "ਸਰ, ਇਹਨੂੰ ਮਨੀਪਲਾਂਟ ਕਹਿੰਦੇ ਆ।" ਦਰਵਾਜ਼ੇ ਵੱਲ ਨਿਗ੍ਹਾ ਮਾਰੀ ਤਾਂ ਕੀ ਦੱਸਾਂ ਹਜ਼ੂਰ..ਬਸ ਪੁੱਛੋ ਹੀ ਨਾ। ਅੱਧੀ ਕੁ ਵੇਲ ਵੱਡੇ ਮਹਾਰਾਜ਼ ਜਾਣੀਕਿ ਥਾਣੇਦਾਰ ਸਾਬ੍ਹ ਦੇ ਕਮਰੇ ਵਿੱਚ ਲੰ...ਮਾ ਸਾਰਾ ਗੇੜਾ ਕੱਢ ਕੇ ਫੇਰ ਬਾਹਰ ਨੂੰ ਮੁਤਰ ਮੁਤਰ ਝਾਕ ਰਹੀ ਸੀ। ਦੂਜੇ ਪਾਸੇ ਅੱਧੀ ਕੁ ਵੇਲ ਥਾਣੇ ਦੀ ਮਾਂ ਮੇਰਾ ਮਤਲਬ ਬਈ ਮੁਣਸ਼ੀ ਜੀ ਮਹਾਰਾਜ ਦੇ ਕਮਰੇ 'ਚ ਸੱਤ ਅੱਠ ਗੇੜੇ ਦੇ ਕੇ ਬਾਰੀ ਵਿੱਚ ਦੀ ਦੈਜੇ ਸਾਬ੍ਹ ਦੇ ਕਮਰੇ 'ਚ ਚਰਨ ਪਾਉਣ ਨੂੰ ਕਾਹਲੀ ਦਿਸੇ। ਮੁਣਸ਼ੀ ਜੀ ਨੂੰ ਥਾਣੇ ਦੀ ਮਾਂ ਇਸ ਕਰਕੇ ਕਿਹੈ ਕਿਉਂਕਿ ਪੂਰੇ ਥਾਣੇ ਦੇ ਮੁਲਾਜ਼ਮਾਂ (ਜਿਹਨਾਂ ਦੇ ਪੇਟ ਲੱਗੇ ਹੋਏ ਹਨ) ਨੂੰ ਮਾਂ ਵਾਂਗ ਖਾਣ- ਪੀਣ ਜੋਗੇ ਮੁਣਸ਼ੀ ਹੀ ਕਰਦੈ। ਲਓ ਜੀ, ਸੁੱਖੀਂ ਸਾਂਦੀਂ ਸਾਡਾ ਕੰਮ ਛੋਟਾ ਜਿਹਾ 'ਧੱਫੜ' ਕਰਵਾਉਣ ਤੋਂ ਬਾਦ ਹੋ ਗਿਆ। ਬਿੱਲੀ ਦੇ ਕੰਨਾਂ ਵਰਗੇ ਸੌ ਸੌ ਦੇ ਦੋ ਨੋਟਾਂ ਨੇ ਸਾਡੀ ਇਨਕੁਆਰੀ ਸੜਕੇ ਸੜਕੇ ਮੋਗੇ ਵੱਲ ਨੂੰ ਤੋਰ ਦਿੱਤੀ ਸੀ। ਹੁਣ ਥਾਣੇ ਦੇ ਰਿਕਾਰਡ ਮੁਤਾਬਕ ਸਾਡਾ 'ਕਿਸੇ ਵੀ ਅੱਤਵਾਦੀ, ਵੱਖਵਾਦੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ'। ਘਰੇ ਆਏ ਤਾਂ ਮਾਤਾ ਕਲੇਜਾ ਫੜ੍ਹੀ ਬੈਠੀ। ਮੈਨੂੰ ਦੇਖਕੇ ਉਹਦੇ ਸਾਹ 'ਚ ਸਾਹ ਆਇਆ। ਮੈਨੂੰ ਥਾਣੇ ਤੋਰਨ ਤੋਂ ਬਾਦ ਸ਼ਾਇਦ ਉਹ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਮੈਨੂੰ ਪਾਕਿਸਤਾਨ ਦੇ ਬਾਰਡਰ ਵੱਲ ਭੇਜਿਆ ਹੋਵੇ। 'ਪੁੱਤ ਠੀਕ ਰਹੇ, ਕੁਛ ਕਿਹਾ ਤਾਂਨੀ' ਵਰਗੇ 7-8 ਸਵਾਲ ਦਾਗ ਦਿੱਤੇ। ਸਵਾਲਾਂ ਤੋਂ ਸੁਰਖਰੂ ਜਿਹਾ ਹੋ ਕੇ ਮੈਂ ਮਾਤਾ ਨੂੰ ਪੁੱਛਿਆ, "ਮਾਤਾ ਆਹ ਮਨੀਪਲਾਂਟ ਕੀ ਬਲਾ ਹੁੰਦੀ ਐ?" ਮਾਤਾ ਦਾ ਤੁਰਤ-ਫੁਰਤ ਜਵਾਬ ਸੀ,"ਜਿੱਥੇ ਇਹ ਵੇਲ ਹੁੰਦੀ ਐ, ਓਥੇ ਪੈਸਾ ਬਹੁਤ ਹੁੰਦੈ।" ਇੰਨਾ ਸੁਣਦਿਆਂ ਹੀ ਮੇਰੇ ਮੂੰਹੋਂ ਨਿਕਲ ਗਿਆ,"ਤਾਹੀਉਂ ਆਪਣੇ ਥਾਣੇ 'ਚ ਬੜੀ ਵੱਡੀ ਵੇਲ ਲੱਗੀ ਹੋਈ ਆ।" ਇੰਨੀ ਗੱਲ ਕਰਕੇ ਮੈਂ ਪਸ਼ੂਆਂ ਨੂੰ ਚਾਰਾ ਪਾਉਣ, ਪਾਣੀ ਪਿਆਉਣ 'ਚ ਰੁੱਝ ਗਿਆ। ਵੀਹ ਕੁ ਮਿੰਟਾਂ ਬਾਦ ਮਾਤਾ ਚੁੰਨੀ ਦੇ ਲੜ 'ਚ ਕੋਈ ਚੀਜ਼ ਲਿਆਉਂਦੀ ਦਿਸੀ। ਨੇੜੇ ਆ ਕੇ ਹੌਲੀ ਦੇਣੇ ਬੋਲੀ,"ਮਨੀਪਲਾਂਟ ਆ, ਕੌਰੇ ਕੇ ਘਰੋਂ ਲਿਆਈ ਆਂ, ਚੋਰੀ ਲਿਆਂਦੀ ਵੇਲ ਬਾਹਲੀ ਵਧਦੀ ਆ, ਹੁਣ ਦੇਖੀਂ ਕਿਵੇਂ ਗੱਲ ਬਣਦੀ ਆ।" ਮੇਰਾ ਹਾਸਾ ਨਿੱਕਲ ਗਿਆ। ਮੈਂ ਕਿਹਾ,"ਮਾਤਾ ਆਪਣੇ ਮਨੀਪਲਾਂਟ ਨੂੰ ਪੈਸੇ ਨਹੀਂ ਲੱਗਣੇ। ਇਹ ਤਾਂ ਥਾਣਿਆਂ, ਹਸਪਤਾਲਾਂ, ਨਜਾਇਜ਼ ਧੰਦਾ ਕਰਨ ਵਾਲਿਆਂ ਦੀਆਂ ਹੀ ਵੇਲਾਂ ਨੂੰ ਬਖਸ਼ ਐ। ਏਥੇ ਤਾਂ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਫੌਜੀਆਂ ਦੇ ਕੱਫਨਾਂ 'ਚੋਂ ਮਨੀਪਲਾਂਟ ਦੀ ਵੇਲ ਆਪਣਾ ਹਿੱਸਾ ਲੈ ਜਾਂਦੀ ਆ। ਚਾਰੇ ਪਾਸੇ ਹਰ ਮਹਿਕਮੇ 'ਚ, ਹਰ ਲੀਡਰ ਕੋਲ, ਹਰ ਅਫ਼ਸਰ ਦੀ ਜੇਬ 'ਚ ਮਨੀਪਲਾਂਟ ਦੀ ਵੇਲ ਉੱਗੀ ਹੋਈ ਐ। ਆਪਾਂ ਨੂੰ ਤਾਂ ਖੁਦ ਚਾਰੇ ਪਾਸਿਆਂ ਤੋਂ ਮਨੀਪਲਾਂਟ ਦੀਆਂ ਵੇਲਾਂ ਨੇ ਨੂੜਿਆ ਹੋਇਐ। ਤੂੰ ਸੁਪਨੇ ਦੇਖਦੀ ਐਂ ਕਿ ਆਪਣੀ ਵੇਲ ਨੂੰ ਨੋਟ ਲੱਗਣਗੇ।"
ਮਾਤਾ ਮੇਰੀ ਗੱਲ ਸਮਝ ਗਈ ਸੀ ਤੇ ਕਹਿਣ ਲੱਗੀ,"ਜੇ ਇਹ ਮਨੀਪਲਾਂਟ ਦੀਆਂ ਵੇਲਾਂ ਪੁੱਟ ਦਿੱਤੀਆਂ ਜਾਣ ਫੇਰ ਆਪਾ ਸੁਖਾਲੇ ਹੋਜਾਂਗੇ? ਇਹ ਐਵੇਂ ਨੀ ਪੁੱਟੀਆਂ ਜਾਣੀਆਂ...ਇਹਨਾਂ ਦੀਆਂ ਜੜ੍ਹਾਂ ਡੂੰਘੀਆਂ ਫੈਲ ਚੁੱਕੀਆਂ ਨੇ। ਇਹਨਾਂ ਨੂੰ ਪੁੱਟਣ ਲਈ ਲੋਕਾਂ ਨੂੰ ਭਗਤ ਸਿੰਘ, ਊਧਮ ਸਿੰਘ, ਸਰਾਭੇ ਵਾਲਾ ਰਾਹ ਫੜ੍ਹਨਾ ਪੈਣੈ।" ਇਹ ਕਹਿੰਦੀ ਕਹਿੰਦੀ ਮਾਤਾ ਘਰ ਦੇ ਮੁੱਖ ਦਰਵਾਜ਼ੇ ਵੱਲ ਗਈ ਤੇ ਚੋਰੀ ਲਿਆਂਦੀ 'ਪੈਸੇ ਲੱਗਣ ਵਾਲੀ ਵੇਲ' ਬਾਹਰ ਵਗਦੀ ਗੰਦੀ ਨਾਲੀ 'ਚ ਸੁੱਟ ਆਈ। ਮੈਨੂੰ ਆਪਣੀ ਮਾਤਾ 'ਚ ਆਏ ਪ੍ਰੀਵਰਤਨ ਨੇ ਹਿਲਾ ਕੇ ਰੱਖ ਦਿੱਤਾ ਸੀ।
****