ਜੰਬੋ-ਬੋਨ......... ਕਹਾਣੀ / ਰਤਨ ਰੀਹਲ (ਡਾ:)


ਰਾਬਰਟ ਦਾ ‘ਨਿੱਕ ਨੇਮ’ ‘ਰੌਬ’ ਹੈ। ਉਹ ਸਕਾਟਲੈਂਡ ਤੋਂ ਆਣ ਕੇ ਇੰਗਲੈਂਡ ਦੇ ਇਲਾਕੇ ਵੈਸਟ ਮਿੱਡਲੈਂਡ ਵਿੱਚ ਵਸਿਆ ਹੋਇਆ ਹੈ। ਰੌਬ ਦਾ ਐਲਮੀਨੀਅਮ ਦੇ ਕਾਰਾਂ ਦੇ ਪੁਰਜੇ ਬਣਾਉਣ ਦਾ ਡਾਈ-ਕਾਸਟਿੰਗ’ ਦਾ ਇੱਕ ਤਕੜਾ ਕਾਰਖਾਨਾ ਹੈ। ਜਿਸ ਵਿੱਚ ਸੌ ਕੁ ਤੋਂ ਉੱਪਰ ਗੋਰੇ ਕਾਲੇ ਕਰਮਚਾਰੀ ਕੰਮ ਕਰ ਰਹੇ ਹਨ। ਰੌਬ ਦਾ ਕੁੱਤਾ ਅੱਜ ਸਵੇਰ ਦਾ ਹੀ ਭੌਂਕਣੋ ਨਹੀਂ ਹਟਿਆ। ਰੌਬ ਕੱਲ੍ਹ ਰਾਤੀਂ ਘਰ ਜਾਣ ਲੱਗਿਆ ਹੀ ਦਫਤਰ ਦੇ ਸਾਰੇ ਕਲਰਕਾਂ ਨੂੰ ਦੱਸ ਗਿਆ ਸੀ ਕਿ ਉਹ ਕੁੱਤੇ ਵਾਸਤੇ ਸਵੇਰ ਦਾ ਖਾਣਾ ਰੱਖ ਚੱਲਿਆ ਹੈ ਅਤੇ ਉਸਨੇ ਕੁੱਤੇ ਦੇ ਖਾਣੇ ਬਾਰੇ ‘ਡੇਵ’ ਨੂੰ ਸਭ ਸਮਝਾ ਦਿੱਤਾ ਹੈ। ਉਹ ਸਵੇਰੇ ਸਿੱਧਾ ਹੀ ਮੀਟਿੰਗ ਉਪਰ ਚਲਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹੀ ਦਫਤਰ ਆਵੇਗਾ। ਉਸਨੇ ਸਾਰੇ ਕਲਰਕਾਂ ਨੂੰ ਕਾਮਿਆਂ ਦੀ ਹੜਤਾਲ ਬਾਰੇ ਸਮਝਾਉਂਦਿਆਂ ਹੋਇਆ ਕਿਹਾ ਸੀ ਕਿ ਸੇਲਜ਼-ਮੈਨੇਜਰ ਕਹਿੰਦੇ ਹਨ ਕਿ ਕੰਪਨੀ ਨਾਲ ਮੀਟਿੰਗ ਵੇਲੇ ਮੇਰਾ ਉਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਉਸਨੂੰ ਸਵੇਰੇ ਕਾਰ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਵਿੱਚ ਜਾਣਾ ਜ਼ਰੂਰੀ ਹੈ ਜਿਸ ਵਿੱਚ ਉਹ ਹੜਤਾਲੀਆਂ ਵਾਸਤੇ ਪੁਰਜ਼ੇ ਬਣਾਉਣ ਵਾਸਤੇ ਵਾਧੂ ਕੀਮਤ ਮਨਜੂਰ ਕਰਵਾ ਸਕੇ। ਅੱਜ ਦਫਤਰ ਦੇ ਸਾਰੇ ਵਿਹਲੇ ਕਰਮਚਾਰੀ ਉੱਠ ਉੱਠ ਉਸਦੇ ਭੌਂਕ ਰਹੇ ਕੁੱਤੇ ਵੱਲ ਵੇਖ ਰਹੇ ਹਨ। ਕੁੱਤਾ ਰੌਬ ਦੇ ਦਫਤਰ ਦੀਆਂ ਤਾਕੀਆਂ ਨੂੰ ਪੈਰਾਂ ਦੇ ਪੰਜਿਆਂ ਨਾਲ ਝਰੀਟੀ ਜਾ ਰਿਹਾ ਹੈ ਅਤੇ ਉੱਚੀ ਉੱਚੀ ਭੌਂਕ ਰਿਹਾ ਹੈ। ਕੁੱਤਾ ਕਦੇ ਬਾਹਰ ਹੜਤਾਲ ਉਪਰ ਖੜ੍ਹੇ ਕਾਮਿਆਂ ਵੱਲ ਮੂੰਹ ਚੁੱਕ ਚੁੱਕ ਭੌਂਕ ਰਿਹਾ ਹੈ ਅਤੇ ਕਦੇ ਦਫਤਰ ਵਿੱਚ ਖਿੱਲੀਆਂ ਉਡਾਉਂਦੇ ਕਾਮਿਆਂ ਵੱਲ ਝਈਆਂ ਲੈ ਲੈ ਪੈ ਰਿਹਾ ਹੈ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।
ਰੌਬ ਨੇ ਬਲੈਕੀ ਨੂੰ ਆਈਸਲੈਂਡ ਤੋਂ ਮੰਗਵਾਇਆ ਹੈ। ਚਾਰ ਸਾਲ ਪਹਿਲਾਂ ਜਦ ਬਲੈਕੀ ਨੂੰ ਰੌਬ ਦੇ ਸਪੁਰਦ ਕਰਨ ਵਾਲਿਆਂ ਨੇ ਬਲੈਕੀ ਨੂੰ ਲੱਗਣ ਵਾਲੀ ਭੁੱਖ ਦੀਆਂ ਅਲਾਮਤਾਂ ਸਮਝਾ ਦਿੱਤੀਆਂ ਸਨ ਅਤੇ ਉਸਦੇ ਖਾਣ ਪੀਣ ਦਾ ਖਿਆਲ ਰੱਖਣ ਵਾਸਤੇ ਖਾਸ ਨਸੀਹਤਾਂ ਇਸ ਕਰਕੇ ਕਰ ਦਿੱਤੀਆਂ ਸਨ ਕਿਉਂਕਿ ਬਲੈਕੀ ਅਜਿਹੇ ਮੁਲਕ ਵਿੱਚੋਂ ਆਇਆ ਸੀ ਜਿਥੇ ਬਾਰਾਂ ਮਹੀਨੇ ਬਰਫ਼ ਜੰਮੀ ਰਹਿੰਦੀ ਹੈ। ਰੌਬ ਨੇ ਬੜੇ ਇਤਹਾਦ ਨਾਲ ਉਸ ਦੀ ਖੁਰਾਕ ਦਾ ਖਿਆਲ ਰੱਖਿਆ। ਇੱਕ ਦਿਨ ਖਬਰੇ ਬਲੈਕੀ ਨੂੰ ਬਹੁਤ ਭੁੱਖ ਲੱਗੀ ਸੀ ਅਤੇ ਜਾਂ ਫਿਰ ਰੌਬ ਨੂੰ ਉਸਦੀਆਂ ਅਲਾਮਤਾਂ ਦਾ ਭੁਲੇਖਾ ਲੱਗਿਆ । ਰੌਬ ਨੇ ਉਸ ਦਿਨ ਬਲੈਕੀ ਨੂੰ ਲੋੜ ਤੋਂ ਜਿ਼ਆਦਾ ਖਾਣਾ ਖਾਣ ਨੂੰ ਦੇ ਦਿੱਤਾ। ਬਲੈਕੀ ਨੂੰ ਰੌਬ ਫੁੱਲੇ ਪੇਟ ਤੋਂ ਚੁੱਕ ਚੁੱਕ ਖੜ੍ਹਾ ਕਰੇ ਪਰ ਬਲੈਕੀ ਦੀਆਂ ਲੱਤਾਂ ਤਾਂ ਉਸ ਦਾ ਭਾਰ ਸਹਾਰਨੋਂ ਹੀ ਹਟ ਗਈਆਂ। ਜਦ ਰੌਬ ਬਲੈਕੀ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਕੇ ਗਿਆ ਤਾਂ ਉਸ ਨੇ ਰੌਬ ਨੂੰ ਸਮਝਾਇਆ ਕਿ ਬਲੈਕੀ ਲੋੜ ਤੋਂ ਵਾਧੂ ਖਾਣਾ ਖਾ ਗਿਆ ਹੈ। ਜਦ ਕਦੇ ਫਿਰ ਇਸ ਤਰ੍ਹਾਂ ਇਸ ਨੂੰ ਜਿ਼ਆਦਾ ਖਾਣ ਦੀ ਭੁੱਖ ਲੱਗੇ ਤਾਂ ਇਸ ਨੂੰ ‘ਜੰਬੋ-ਬੋਨ’ ਦੇ ਦਿਆ ਕਰੇ ਜਿਸ ਨੂੰ ਚਰੂੰਡਦਾ ਇਹ ਆਪਣੀ ਭੁੱਖ ਭੁੱਲ ਜਾਇਆ ਕਰੇਗਾ। ਰੌਬ ਨੇ ਇਹ ਗੱਲ ਆਪਣੇ ਪੱਲੇ ਬੰਨ੍ਹ ਲਈ ਅਤੇ ਅਜ ਤੱਕ ਬਲੈਕੀ ਨੂੰ ਉਹ ਫਿਰ ਕਦੇ ਜਾਨਵਰਾਂ ਦੇ ਡਾਕਟਰਾਂ ਕੋਲ ਨਹੀਂ ਲੈ ਕੇ ਗਿਆ।
ਬਲੈਕੀ ਸਵੇਰ ਦਾ ਹੀ ਭੌਂਕੀ ਜਾ ਰਿਹਾ ਹੈ। ਕਾਰਾਂ ਦੇ ਪੁਰਜੇ ਬਣਾਉਣ ਵਾਲੇ ਰੌਬ ਦੇ ਕਾਰਖਾਨੇ ਦਾ ਦਫਤਰ ਇੱਕ ਲੰਮੀ ਸੜਕ ਨਾਲ ਲਗਦਾ ਹੈ। ਦਫਤਰ ਨਾਲੋਂ ਫੈਕਟਰੀ ਚੌਗਣੀ ਚੌੜੀ ਅਤੇ ਇੱਕ ਸੁਕੇਅਰ ਫਰਲਾਂਗ ਹੈ। ਦਫਤਰ ਨਾਲ ਇੱਕ ਹਿੱਸੇ ਜਿੰਨਾਂ ਚੌੜਾ ਇੱਕ ਵੱਡਾ ਗੇਟ ਹੈ। ਇਸ ਗੇਟ ਰਾਹੀਂ ਵੱਡੀਆਂ ਵੱਡੀਆਂ ਲਾਰੀਆਂ ਮਾਲ ਲਿਆਉਂਦੀਆਂ ਅਤੇ ਲਿਜਾਂਦੀਆਂ ਰਹਿੰਦੀਆਂ ਹਨ ਪਰ ਅੱਜ ਮਾਲ ਨਾਲ ਲੱਦੀਆਂ ਹੋਈਆਂ ਲਾਰੀਆਂ ਕਾਰਖਾਨੇ ਦੇ ਹਾਤੇ ਵਿੱਚ ਕਤਾਰਾਂ ਵਿੱਚ ਖੜ੍ਹੀਆਂ ਹਨ ਅਤੇ ਮਾਲ ਲੈ ਕੇ ਆਈਆਂ ਲਾਰੀਆਂ ਉਤੋਂ ਕੋਈ ਮਾਲ ਉਤਾਰਨ ਵਾਲਾ ਨਾ ਹੋਣ ਕਰਕੇ ਸਾਰੀਆਂ ਦੀਆਂ ਸਾਰੀਆਂ ਰਸਤਾ ਰੋਕ ਕੇ ਖੜੀਆਂ ਵਿਖਾਈ ਦਿੰਦੀਆਂ ਹਨ। ਦਫਤਰ ਦੇ ਦੂਸਰੇ ਪਾਸੇ ਲੋਹੇ ਦੀਆਂ ਤਿੱਖੀਆਂ ਤਿੱਖੀਆਂ ਪੱਤੀਆਂ ਦੀ ਵਾੜ ਕੀਤੀ ਹੋਈ ਹੈ। ਜਿਸ ਦੇ ਹਾਤੇ ਵਿੱਚ ਕਲਰਕਾਂ ਅਤੇ ਕਾਮਿਆਂ ਦੀਆਂ ਕੋਈ ਪੰਜਾਹ ਕੁ ਕਾਰਾਂ ਖੜ੍ਹੀਆਂ ਕਰਨ ਵਾਸਤੇ ਕਾਰ ਪਾਰਕ ਬਣਿਆ ਹੋਇਆ ਹੈ। ਫੈਕਟਰੀ ਦੇ ਖੁਲ੍ਹੇ ਹਾਤੇ ਵਿੱਚ ਐਲਮੀਨੀਅਮ ਦੇ ਢੇਰ ਲੱਗੇ ਹੋਏ ਚੰਨ ਦੀ ਚਾਨਣੀ ਵਾਂਗ ਦਿਸਦੇ ਹਨ।
ਸੜਕ ਉਪਰ ਲੰਘਦੀਆਂ ਕਾਰਾਂ ਅਤੇ ਲਾਰੀਆਂ ਵਾਲਿਆਂ ਨੇ ਆਪਣਾ ਧਮੱਚੜ ਪਾਇਆ ਹੋਇਆ ਹੈ। ਦਸਾਂ ਪੰਦਰਾਂ ਕਾਮਿਆਂ ਵਿੱਚ ਘਿਰਿਆ ‘ਟੌਮ’ ਰੌਬ ਦੀ ਆਉਂਦੀ ਕਾਰ ਵੇਖਦਾ ਹੀ ਬਾਹਾਂ ਉਲ੍ਹਾਰ ਉਲ੍ਹਾਰ ਕੇ ਨਾਹਰੇ ਲਾ ਰਿਹਾ ਹੈ। ਟੌਮ ਦੇ ਜਵਾਬ ਵਿੱਚ ਦੂਸਰਿਆਂ ਕਾਮਿਆਂ ਦੀ ਆਵਾਜ਼ਾਂ ਅਸਮਾਨ ਛੂਹ ਰਹੀਆਂ ਹਨ। ਰੌਬ ਦੀ ਆਉਂਦੀ ਕਾਰ ਵੇਖ ਕੇ ਅਚਾਨਕ ਬਾਹਰ ਹੜਤਾਲਕਾਰਾਂ ਦੇ ਬਣੇ ਝੁੰਡਾਂ ਵਿੱਚ ਹਫੜਾ ਦਫੜੀ ਫੈਲ ਗਈ ਅਤੇ ਕਈ ਟੋਲੀਆਂ ਵਿੱਚ ਕਾਨਾ ਫੂਸੀ ਹੋਣ ਲੱਗੀ। ਬਲੈਕੀ ਉਦੋਂ ਤੱਕ ਭੌਂਕੀ ਗਿਆ ਜਦ ਤੱਕ ਰੌਬ ਵਾਪਸ ਦਫਤਰ ਨਹੀਂ ਪਹੁੰਚ ਗਿਆ। ਜਦ ਰੌਬ ਦੀ ਕਾਰ, ਕਾਰ ਪਾਰਕ ਵਿੱਚ ਵੜੀ ਤਾਂ ਬਲੈਕੀ ਚਊਂ ਚਊਂ ਕਰਦਾ ਆਪਣੀਆਂ ਅਗਲੀਆਂ ਲੱਤਾਂ ਉਪਰ ਸਿਰ ਰੱਖ ਕੇ ਆਰਾਮ ਨਾਲ ਲੇਟ ਗਿਆ। ਰੌਬ ਦੇ ਦਫਤਰ ਅੰਦਰ ਵੜਦਿਆਂ ਹੀ ਬਲੈਕੀ ਨੇ ਆਪਣੀ ਪੂਛ ਹਿਲਾਉਦਿਆਂ ਰੌਬ ਦੇ ਲੱਤਾਂ ਦੁਆਲੇ ਪੰਜ ਸੱਤ ਗੇੜ੍ਹੇ ਲਾਏ ਜਦ ਰੌਬ ਨੇ ਉਸ ਦਾ ਸਿਰ ਪਲੋਸਿਆਂ ਤਾਂ ਉਹ ਝੱਟ ਬਾਹਰ ਕਾਰ ਪਾਰਕ ਵਿੱਚ ਜਾ ਕੇ ਹੜਤਾਲਕਾਰੀਆਂ ਉਪਰ ਭੌਂਕਦਾ ਇੰਝ ਲਗਦਾ ਸੀ ਕਿ ਜਿਵੇਂ ਕਹਿ ਰਿਹਾ ਹੋਵੇ, ‘ਹੁਣ ਮਾਲਕ ਆ ਗਿਆ ਹੈ ਤੁਹਾਨੂੰ ਰਾਹੇ ਪਾ ਦੇਵੇਗਾ।’ ਸੜਕ ਉਪਰ ਟੌਮ ਆਖ ਰਿਹਾ ਹੈ, ‘ਇਹ ਹੜਤਾਲ ਨਹੀਂ ਟੁੱਟੇਗੀ।’
ਅਤੇ ਸਾਰੇ ਕਾਮੇ ਰਲ ਕੇ ਆਖ ਰਹੇ ਹਨ, ‘ਨਹੀਂ ਟੁੱਟੇਗੀ, ਜੀ, ਨਹੀਂ ਟੁੱਟੇਗੀ।’
ਰੌਬ ਦਾ ਕੁੱਤਾ ਏਨਾ ਉੱਚਾ ਭੌਂਕ ਰਿਹਾ ਹੈ ਕਿ ਇਹ ਨਾਹਰੇ ਰੌਬ ਦੇ ਕੁੱਤੇ ਦੀ ਭੌਂਕਣ ਵਿੱਚ ਹੀ ਰਲਦੇ ਗਏ। ਦਫਤਰ ਵਿੱਚ ਬੈਠੇ ਕਲਰਕ ਆਪੋ ਆਪਣੀਆਂ ਫਾਈਲਾਂ ਨੂੰ ਚੁੱਪ ਚਾਪ ਘੋਖਦੇ ਇੰਝ ਲੱਗਦੇ ਹਨ ਕਿ ਜਿਵੇਂ ਦਫਤਰ ਵਿੱਚ ਕੋਈ ਬੈਠਾ ਹੀ ਨਹੀਂ ਹੁੰਦਾ।
ਸੜਕ ਉਪਰ ਟੌਮ ਦੁਆਲੇ ਝੁਰਮਟ ਪਾ ਕੇ ਖੜੇ ਸਾਰੇ ਕਾਮੇ ਦਫ਼ਤਰਾਂ ਦੀਆਂ ਤਾਕੀਆਂ ਵਿੱਚ ਦੀ ਇਸ ਤਰ੍ਹਾਂ ਦਿਸਦੇ ਹਨ ਕਿ ਜਿਵੇਂ ਟੌਮ ਕਬੱਡੀ ਦਾ ਸਾਹ ਪਾ ਰਿਹਾ ਅਤੇ ਸਾਰੇ ਕਾਮੇ ਘੇਰਾ ਬੰਨ੍ਹ ਕੇ ਉਸ ਦੁਆਲੇ ਖੜੇ ਉਸ ਦੇ ਟੁੱਟਦੇ ਸਾਹ ਦੀ ਇੰਤਜਾਰ ਕਰ ਰਹੇ ਹਨ। ਟੌਮ ਬੋਲੀ ਜਾ ਰਿਹਾ ਹੈ, ‘ਤੁਸੀਂ ਹੁਣ ਆਪਣੀ ਅੜੀ ਉਪਰ ਅੜੇ ਰਿਹੋ। ਵੇਖਣਾ ਹੈ ਕਿ ਇਹ ਕਿਵੇਂ ਨਹੀ ਵੇਤਨ ਵਿੱਚ ਵਾਧਾ ਕਰਦੇ। ਜੇਕਰ ਤੁਹਾਡਾ ਇਕੱਠ ਰਿਹਾ ਤਾਂ ਮੈਂ ਤਾਂ ਇਨ੍ਹਾਂ ਮੁਨਾਫਾਖੋਰਾਂ ਨੂੰ ਰਾਹੇ ਪਾ ਦਊਂਗਾ। ਇਹ ਲੋਕ ਤਾਂ ਉਹ ਜੋਕਾਂ ਹਨ ਜਿਹੜੀਆਂ ਕਾਮੇ ਦੀ ਰੱਤ ਦਿਨ ਰਾਤ ਚੂਸਦੀਆਂ ਹਨ। ਆਪ ਵੱਡੇ ਵੱਡੇ ਘਰਾਂ ਵਿੱਚ ਰਹਿੰਦੇ ਹਨ। ਘਰਾਂ ਵਿੱਚ ਰੱਖਿਆ ਸਾਮਾਨ ਹੱਥ ਲਾਇਆ ਮੈਲਾ ਹੁੰਦਾ ਹੈ। ਮੈਂ ਵੇਖਿਆ ਰੌਬ ਦੇ ਘਰ ਵਿੱਚ ‘ਸਵਿੰਮਮ-ਪੂਲ’ ਹੈ। ਸਵਿੰਮਮ ਪੂਲ ਵਿੱਚ ਪਾਣੀ ਖੜਾ ਨਹੀਂ ਸਗੋਂ ਵਗ ਰਿਹਾ ਹੈ। ਹਮੇਸ਼ਾਂ ਤਾਜ਼ੇ ਪਾਣੀ ਨਾਲ ਭਰਿਆ ਰਹਿੰਦਾ ਹੈ। ਇਹ ਤਾਜ਼ਾ ਪਾਣੀ ਏਨਾ ਨਿੱਘਾ ਹੈ ਕਿ ਬੰਦੇ ਦਾ ਦਿਲ ਕਰਦਾ ਹੈ ਕਿ ਉਹ ਪਾਣੀ ਵਿੱਚ ਹੀ ਵੜਿਆ ਰਹੇ। ਇਨ੍ਹਾਂ ਕੋਲ ਵੱਡੀਆਂ ਵੱਡੀਆਂ ਕਾਰਾਂ ਹਨ। ਸਾਡੇ ਕੋਲ ਕੀ ਹੈ? ਅਸੀਂ ਇੱਕ ਡੰਗ ਦੀ ਰੋਟੀ ਵਾਸਤੇ ਸਾਰੀ ਸਾਰੀ ਦਿਹਾੜੀ ਟੁੱਟ ਟੁੱਟ ਮਰ ਰਹੇ ਹਾਂ। ਇਹ ਵਿਹਲੇ ਨਫਾ ਕਮਾ ਰਹੇ ਹਨ। ਟੌਮ ਬਾਹਾਂ ਉਲ੍ਹਾਰ ਕੇ ਕਹਿੰਦਾ ਹੈ, ‘ਵਿਹਲੜ ਨੂੰ ਕਾਮੇ ਦੀ ਰੱਤ ਨਿਚੋੜਨ ਨਹੀਂ ਦੇਣੀ।’
ਸਾਰੇ ਕਾਮੇ ਮਗਰ ਕਹਿੰਦੇ ਹਨ, ‘ਨਹੀਂ ਦੇਣੀ ਜੀ ਨਹੀਂ ਦੇਣੀ।’
ਅਸੀਂ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਵਿੱਦਿਆ ਲੈਣ। ਅਸੀਂ ਬੱਚਿਆਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ ਜਦ ਕਿ ਇਨ੍ਹਾਂ ਦੇ ਬੱਚੇ ਮਹਿੰਗੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ। ਇਹ ਹੁਣ ਸਭ ਕੁਝ ਨਹੀਂ ਹੋਣ ਦੇਣਾ। ਟੌਮ ਫਿਰ ਬਾਂਹ ਉਲ੍ਹਾਰ ਕੇ ਕਹਿੰਦਾ ਹੈ, ਇਹ ਸਭ ਕੁਝ ਹੁਣ ਨਹੀਂ ਹੋਣ ਦੇਣਾ।’
ਸਾਰੇ ਕਾਮੇ ਉੱਚੀ ਉੱਚੀ ਕਹਿੰਦੇ ਹਨ, ‘ਨਹੀਂ ਹੋਣ ਦੇਣਾ ਜੀ, ਨਹੀਂ ਹੋਣ ਦੇਣਾ।’
ਟੌਮ ਕੋਈ ਪੱਚੀ ਕੁ ਵਰ੍ਹਿਆਂ ਦਾ ‘ਹਾਫਕਾਸਟ’ ਗਭਰੂ ਹੈ। ਉਸਦਾ ਕੱਦ ਉੱਚਾ ਅਤੇ ਗੁੰਦਵਾਂ ਸਰੀਰ ਹਰ ਵੇਖਣ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ। ਉਸਦੀ ਮਾਂ ਦਾ ਨਾਮ ‘ਕਰਿਸਟੀਨ’ ਹੈ ਅਤੇ ਉਸ ਦੇ ਬਾਪ ਦਾ ਨਾਮ ਦੌਲਾ ਸਿੰਘ ਹੈ। ਟੌਮ ਆਪਣੀ ਮਾਂ ਵਾਂਗ ਸਰਲ ਅੰਗਰੇਜ਼ੀ ਬੋਲਦਾ ਹੈ ਅਤੇ ਆਪਣੇ ਪਿਉ ਵਾਂਗ ਠੇਠ ਪੰਜਾਬੀ ਬੋਲ ਲੈਂਦਾ ਹੈ। ਇਸੇ ਕਰਕੇ ਕਾਰਖਾਨੇ ਵਾਲਿਆਂ ਉਸਨੂੰ ਦੋ-ਭਾਸ਼ੀਏ ਦੀ ਨੌਕਰੀ ਦੇ ਰੱਖੀ ਹੈ। ਜਦ ਯੂਨੀਅਨ ਦਾ ਪ੍ਰਤੀਨਿਧ ‘ਟੋਨੀ’ ਸੇਵਾ-ਮੁਕਤ ਹੋ ਗਿਆ ਤਾਂ ਟੌਮ ਨੂੰ ਯੂਨੀਅਨ ਦਾ ਵੀ ਪ੍ਰਤੀਨਿਧ ਥਾਪ ਦਿਤਾ ਗਿਆ। ਅੱਜ ਚਾਲੀ ਕੁ ਗੋਰੇ ਕਾਮੇ ਅਤੇ 70 ਕੁ ਪੰਜਾਬੀ ਕਾਮਿਆਂ ਨੂੰ ਮਗਰ ਲਾ ਕੇ ਟੌਮ ਨੇ ਕਾਰਖਾਨੇ ਵਾਲਿਆਂ ਤੋਂ ਵੇਤਨ ਵਧਾਉਣ ਦੀ ਮੰਗ ਵਾਸਤੇ ਲਾਮਬੱਧ ਕੀਤਾ ਹੋਇਆ ਹੈ। ਟੌਮ ਨੇ ਪਹਿਲਾਂ ਵੀ ਇਸੇ ਤਰ੍ਹਾਂ ਕਾਮਿਆਂ ਨੂੰ ਕਈ ਵਾਰ ਵਰਗਲਾਇਆ ਸੀ, ਜਿਸ ਬਾਰੇ ਕਾਰਖਾਨੇ ਦਾ ਮਾਲਕ ਚੰਗੀ ਤਰ੍ਹਾਂ ਜਾਣਦਾ ਹੈ ਪਰ ਅਣਭੋਲ ਕਾਮੇ ਉਸ ਦੀਆਂ ਚੋਪੜੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੇ ਹਨ। ਟੌਮ ਦੇ ਚਮਲਾਏ ਹੋਏ ਕਾਮੇ, ਅੱਜ ਕਾਰਖਾਨੇ ਦੇ ਚਲਦੇ ਕੰਮ ਨੂੰ ਠੱਪ ਕਰਨ ਵਾਸਤੇ ਆਪਣੀ ਪੂਰੀ ਵਾਹ ਲਾ ਰਹੇ ਹਨ। ਜਦ ਕਦੇ ਵੀ ਕਿਸੇ ਪ੍ਰਬੰਧਕ ਦਾ ਉਨ੍ਹਾਂ ਵੱਲ ਧਿਆਨ ਜਾਂਦਾ ਹੈ ਤਾਂ ਉਹ ਉੱਚੀ ਉੱਚੀ ਨਾਹਰੇ ਲਾਉਣ ਤੋਂ ਵੀ ਗੁਰੇਜ ਨਹੀਂ ਕਰਦੇ।
ਰੌਬ ਦਫਤਰ ਵਿੱਚ ਜਾਂਦਾ ਹੀ ਗਾਹਕ ਵਲੋਂ ਮਿਲੀ ਆਫਰ ਨੂੰ ਕਲਰਕਾਂ ਨੂੰ ਵਿਖਾਲਦਾ ਕਹਿੰਦਾ ਹੈ ਕਿ ਆਪਣੀ ਲਾਗਤ ਨੂੰ ਵਿੱਚੋਂ ਕੱਢ ਕੇ ਮੁਨਾਫ਼ੇ ਦਾ ਪੂਰਾ ਵੇਰਵਾ ਕੱਢਿਆ ਜਾਵੇ। ਕਲਰਕਾਂ ਨੇ ਪੰਜ ਪੈਂਸ ਫੀ ਪੁਰਜ਼ਾ ਮੁਨਾਫਾ ਵਿਖਾਲਿਆ ਤਾਂ ਰੌਬ ਉਨ੍ਹਾਂ ਨੂੰ ਕਹਿੰਦਾ ਹੈ ਕਿ ਜਿਹੜਾ ਮੈਟੀਅਰਲ ਵਾਲਿਆਂ ਨੇ ਤੁਹਾਨੂੰ ਤਿੰਨ ਮਹੀਨੇ ਬਾਅਦ ਪੰਜ ਫੀ ਸਦੀ ਲਾਗਤ ਵਧਾਉਣ ਬਾਰੇ ਸੂਚਿਤ ਕੀਤਾ ਹੈ ਉਸ ਮੁਤਾਬਕ ਮੈਟੀਅਰਲ ਦੀ ਲਾਗਤ ਵਧਾ ਦਿਓ। ਜਦ ਮੁਨਾਫਾ ਸਿਰਫ ਇੱਕ ਪੈਂਸ ਰਹਿ ਗਿਆ ਤਾਂ ਰੌਬ ਨੇ ਕਲਰਕਾਂ ਨੂੰ ਆਖਿਆ ਕਿ ਉਹ ਜਿਹੜਾ ਟੌਮ ਬਾਹਰ ਕੁੱਤੇ ਵਾਂਗ ਭੌਂਕ ਰਿਹਾ ਹੈ, ਉਸ ਨੂੰ ਦਫਤਰ ਅੰਦਰ ਸੱਦ ਕੇ ਆਖੋ ਕਿ ਜੇਕਰ ਉਹ ਕਾਮਿਆਂ ਨੂੰ ਮੁੜ ਕੰਮ ਕਰਨ ਵਾਸਤੇ ਰਾਜ਼ੀ ਕਰ ਸਕਦਾ ਹੈ ਤਾਂ ਉਸਨੂੰ 2 ਪਰਸੈਂਟ ਵੇਤਨ ਵਧਾਉਣ ਦੀ ਹੱਡੀ ਪਾ ਦੇਵੋ। ਕਲਰਕਾਂ ਨੇ ਟੌਮ ਨੂੰ ਦਫਤਰ ਅੰਦਰ ਸੱਦਿਆ ਅਤੇ ਸਾਰੀ ਵਾਰਤਾ ਉਸਨੂੰ ਸਮਝਾਈ ਤਾਂ ਉਹ ਅੱਗਿਓ ਬੋਲਿਆ, ‘ਮੈਂ ਤਿੰਨ ਚਾਰ ਸਾਥੀਆਂ ਨੂੰ ਲੈ ਕੇ ਆਉਂਦਾ ਹਾਂ ਤਾਂ ਉਹ ਸਾਰੀ ਕਹਾਣੀ ਉਨ੍ਹਾਂ ਨੂੰ ਵੀ ਸਮਝਾ ਦੇਣ, ਬਾਕੀ ਮੈਂ ਆਪ ਸੰਭਾਲ ਲਵਾਂਗਾ।’
ਟੌਮ ਤਿੰਨ ਗੋਰੇ ਕਾਮੇ ਅਤੇ ਇੱਕ ਪੰਜਾਬੀ ਕਾਮੇ ਨਾਲ ਦਫਤਰ ਵਿੱਚ ਆਇਆ ਅਤੇ ਕੁਝ ਚਿਰ ਗੱਲ ਬਾਤ ਤੋਂ ਬਾਅਦ ਉਹ ਸਾਰੇ ਬਾਹਰ ਸੜਕ ਉਪਰ ਇੱਕਠੇ ਹੋ ਗਏ। ਹੁਣ ਉਹ ਆਖ ਰਿਹਾ ਹੈ, ‘ਜੇਕਰ ਆਪਾਂ ਸਾਰਿਆਂ ਨੂੰ ਨੌਕਰੀ ਚਾਹੀਦੀ ਹੈ ਤਾਂ ਕਾਰਖਾਨੇ ਵਾਲਿਆਂ ਦੀ ਆਫਰ ਮੰਨ ਲੈਣੀ ਚਾਹੀਦੀ ਹੈ। ਨਹੀਂ ਤਾਂ ਇਸ ਕਾਰਖਾਨੇ ਨੂੰ ਤਾਲਾ ਲੱਗ ਜਾਏਗਾ ਅਤੇ ਆਪਾਂ ਸਾਰੇ ਬੇਰੁਜ਼ਗਾਰ ਹੋ ਜਾਵਾਂਗੇ। ਜੇ ਮੇਰੇ ਉਪਰ ਯਕੀਨ ਨਹੀਂ ਹੈ ਤਾਂ ਜਾਰਜ, ਐਲਬਰਟ ਜਾਂ ਜੌਨ ਕੋਲੋਂ ਪੁੱਛ ਲਵੋ।’
ਜਿਹੜੇ ਟੌਮ ਨਾਲ ਦਫਤਰ ਵਿੱਚ ਗਏ ਸਨ ਉਨ੍ਹਾਂ ਤੋਂ ਬਾਹਰੇ ਗੋਰੇ ਕਾਮਿਆਂ ਨੇ ਇੱਕ ਦੋ ਪ੍ਰਸ਼ਨ ਟੌਮ ਨੂੰ ਕੀਤੇ ਪਰ ਪੰਜਾਬੀ ਤਾਂ ਟੌਮ ਦੇ ਇਸ਼ਾਰੇ ਦੇ ਇੰਤਜ਼ਾਰ ਵਿੱਚ ਸਨ ਕਿ ਟੌਮ ਕਦ ਕਹੇ ਕਿ ਹੜਤਾਲ ਟੁੱਟ ਗਈ ਹੈ ਤਾਂ ਉਹ ਆਪੋ ਆਪਣੇ ਕੰਮਾਂ ਉਪਰ ਜਾਣ। ਸਭ ਦੀ ਮਰਜ਼ੀ ਲੈ ਕੇ ਜਦ ਕਾਮੇ ਕਾਰਖਾਨੇ ਅੰਦਰ ਦਾਖਲ ਹੋਣੇ ਸ਼ੁਰੂ ਹੋ ਗਏ, ਇੱਕ ਤਾਕੀ ਵਿੱਚ ਦੀ ਟੌਮ ਨੂੰ ਮੁੜ ਦਫਤਰ ਵਿੱਚ ਆਉਂਦਾ ਵੇਖ ਕੇ ਰੌਬ ਨੇ ਘੰਟੀ ਵਜਾ ਕੇ ਡੇਵ ਨੂੰ ਆਪਣੇ ਦਫ਼ਤਰ ਵਿੱਚ ਸੱਦਿਆ ਅਤੇ ਆਖਿਆ, ‘ਦੋ ਪਰਸੈਂਟ ਵੇਤਨ ਦੇ ਵਾਧੇ ਦੀ ‘ਜੰਬੋ-ਬੋਨ’ ਨਾਲ ਕੁੱਤਾ ਟੌਮ ਤਾਂ ਦੰਦ ਘਸਾਈ ਵਿੱਚ ਰੁੱਝਾ ਹੁਣ ਬੋਲ ਨਹੀਂ ਸਕੇਗਾ ਅਤੇ ਆਹ ਫੜ੍ਹ ਕਮਰੇ ਦੀਆਂ ਚਾਬੀਆਂ, ਵੇਖ ਮੇਰਾ ਬਲੈਕੀ ਵੀ ਭੌਂਕ ਰਿਹਾ ਹੈ। ਉਸਨੂੰ ਵੀ ਅਲਮਾਰੀ ਵਿੱਚੋਂ ਇੱਕ ਵੱਡਾ-ਹੱਡ ਕੱਢ ਕੇ ਦੇ ਦੇਵੇ।
****