“ਗੱਲ ਇਉਂ ਹੈ ਸ਼ੱਜਣ ਸਿ਼ਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ‘ਚ । ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈ ‘ਤੇ । ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ । ਘਰੇ ਆ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ‘ਚ ਸਿ਼ਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇ ‘ਗਰੇਜੀ ਦਾ ਟੈਸ਼ਟ ਪਾਸ਼ ਹੋਇਐ । ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਐ । ਬੱਤਰ ਸ਼ੌ ਫੀਸ਼ ਭਰੀ ਐ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ । ਇਹ ਤਾਂ ਥੋਨੂੰ ਵੀ ਪਤੈ ਬਈ ‘ਗਰੇਜੀ ਪਾਸ਼ ਕਰਨੀ ਕਿੰਨੀ ਔਖੀ ਐ, ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਈ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀ ‘ਸ਼ਟ੍ਰੇਲੀਆ । ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਈ ਗਿਆਨ ਐ ।”
“ਤੇਰੀ ਗੱਲ ਸੋਲਾਂ ਆਨੇ ਸੱਚੀ ਐ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਐ । ਤੂੰ ਤਾਂ ਯਾਰ ਜਵਾਂ ਈ ਬਦਲਿਆ ਬਦਲਿਆ ਜਿਆ ਜਾਪਦੈਂ । ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਈ ਨਹੀਂ ਸੀ । ਤੂੰ ਕਿਸਮਤ ਵਾਲਾ ਐ ਜੋ ਏਨੀ ਲੈਕ ਕੁੜੀ ਨਿੱਕਲੀ ਤੇਰੀ । ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਐ । ਤੈਨੂੰ ਪਤਾ ਈ ਐ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ ਐ, ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. ਆ. ਪੜ੍ਹ ਕੇ ਵੀ ਵਿਹਲਾ ਫਿਰਦੈ । ਸਾਰੀ ਚਾਰ ਸਿਆੜ ਪੈਲੀ ਐ, ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਐ । ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ । ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ ਈ ਐ ।”
“ਸ਼ੱਜਣ ਸਿ਼ਆਂ ! ਯਾਰੀ ਤੇ ਵਪਾਰ ਅੱਡੋ ਅੱਡ ਈ ਚੰਗੇ ਰਹਿੰਦੇ ਐ । ਤੈਨੂੰ ਪਤਾ ਈ ਐ ਬਈ ਸ਼ਾਨੂੰ ਵੀ ਆ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ । ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਈ ਐ । ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿ਼ਰੋਂ ਭਾਰ ਲਾਹੁਣ ਆਲੇ ਬਣੀਏ । ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ ਐ, ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ ਐ ।”













































