ਅੱਜ ਪਿੰਡ ਵਿੱਚ ਬੜੀ ਖੁਸ਼ੀ ਦਾ ਮਾਹੌਲ ਸੀ। ਮੰਤਰੀ ਜੀ ਪਿੰਡ ਵਿੱਚ ਸਾਫ਼ ਤੇ ਸ਼ੁੱਧ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਨ ਆ ਰਹੇ ਸਨ। ਮੰਤਰੀ ਜੀ ਆਏ ਉਦਘਾਟਨ ਦੀ ਰਸਮ ਅਦਾ ਕਰਨ ਤੋਂ ਬਾਅਦ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੰਮਾ ਚੌੜਾ ਭਾਸ਼ਣ ਦੇ ਕੇ ਪਿੰਡ ਦੇ ਨੇੜੇ ਹੀ ਇੱਕ ਫੈਕਟਰੀ ਵਿੱਚ ਜਾ ਪਧਾਰੇ। ਇਹ ਫੈਕਟਰੀ ਜੋ ਇਲਾਕੇ ਵਿੱਚ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਸੀ, ਦੇ ਨਵੇਂ ਯੂਨਿਟ ਦਾ ਉਦਘਾਟਨ ਵੀ ਮੰਤਰੀ ਜੀ ਨੇ ਹੀ ਕਰਨਾ ਸੀ।
ਚੀਕਦੀ ਚੁੱਪ..........ਮਿੰਨੀ ਕਹਾਣੀ / ਧਰਮਿੰਦਰ ਭੰਗੂ
ਕਿਸੇ ਧਾਰਮਿਕ ਆਗੂ ਦੇ ਅਪਮਾਨ ਤੋਂ ਭੜਕੀ ਹੋਈ ਭੀੜ ਥਾਂ-ਥਾਂ ਤੇ ਭੰਨਤੋੜ ਕਰ ਰਹੀ ਸੀ। ਪੂਰਾ ਦਿਨ ਸ਼ਹਿਰ ਵਿੱਚ ਗੱਡੀਆਂ ਦੀ ਸਾੜਫੂਕ ਕੀਤੀ ਗਈ ਅਤੇ ਦੁਕਾਨਾਂ ਦੇ ਸ਼ੀਸ਼ੇ ਭੰਨੇ ਗਏ ਸਨ। .... ਆਖਰ ਭੀੜ ਦਾ 'ਜੋਸ਼' ਮੱਠਾ ਪੈਣ ਤੋਂ ਬਾਅਦ ਸਰਕਾਰ ਜਾਗੀ ਸੀ ਅਤੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਦੇਰ ਰਾਤ ਤੱਕ ਜਾਗਣ ਵਾਲੇ ਸ਼ਹਿਰ ਦੀਆਂ ਸੜਕਾਂ ਤੇ ਸ਼ਾਮ ਵੇਲੇ਼ ਹੀ ਸੁੰਨਸਾਨ ਸੀ। ਦਿਨ ਭਰ ਧੂ-ਧੂ ਕਰਕੇ ਜਲੇ ਵਾਹਨਾਂ 'ਚੋਂ ਉੱਠ ਰਹੇ ਮੱਠੇ-ਮੱਠੇ ਧੂੰਏਂ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸ਼ਹਿਰ ਅੰਦਰ ਛਾਈ ਇਹ ਭਿਆਨਕ ਚੁੱਪ ਚੀਕ-ਚੀਕ ਕੇ ਇਨਸਾਨੀਅਤ ਨੂੰ ਪੁਕਾਰ ਰਹੀ ਸੀ।
ਆਪ ਦੀਆਂ ਕੁੱਝ ਬਾਪ ਦੀਆਂ (1).......... ਵਿਅੰਗ / ਜੀ. ਸਿੱਧੂ. ਹਿੰਮਤਪੁਰਾ
ਉਸਦਾ ਨਾਮ ਤਾਂ ਸਾਇਦ ਪੂਰਨ ਸਿੰਘ ਸੀ, ਪਰ ਲੋਕ ਉਸਨੂੰ ‘ਪੂਰਾ’ ਹੀ ਕਹਿੰਦੇ ਸਨ। ਉਹ ਵੀ ਮੂੰਹ ‘ਤੇ; ਉਂਝ ਬਹੁਤੇ ਲੋਕਾਂ ਉਸਦੀ ‘ਭੜਥੂ’ ਦੀ ਅੱਲ ਪਾਈ ਹੋਈ ਸੀ। ਮੇਰੀ ਉਸ ਨਾਲ ਮੁਲਾਕਾਤ ਦਾ ਸਬੱਬ ਵੀ ਬੜਾ ਅਜੀਬ ਬਣਿਆ। ਮੈ ਸਾਇਦ ਓਦੋਂ ਸੱਤਵੀਂ ਵਿੱਚ ਪੜ੍ਹਦਾ ਸੀ। ਡਰੇਨ ਛੱਪੜ ਦੇ ਵਿੱਚਦੀ ਲੰਘਦੀ ਹੋਣ ਕਾਰਨ ਮੀਂਹ ਦੇ ਦਿਨਾਂ ਵਿੱਚ ਛੱਪੜ ਬਹੁਤ ਵੱਡੇ ਆਕਾਰ ਦਾ ਬਣ ਜਾਂਦਾ ਸੀ। ਉੱਥੇ ਮੱਝਾਂ ਨਹਾਉਣ ਦਾ ਆਪਣਾ ਹੀ ਲੁਤਫ਼ ਸੀ। ਅਸੀਂ ਕਈ ਜਾਣੇ ਇਕੱਠੇ ਹੋ ਕੇ ਮੱਝਾਂ ਛੱਪੜ ਵਿੱਚ ਛੱਡਕੇ ਆਪ ਕਿਸੇ ਖੇਡ ਵਿੱਚ ਮਸਤ ਹੋ ਗਏ।
‘ਔਹ ‘ਭੜਥੂ’ ਕੀਹਦੇ ਵਾਲੀ ਹੱਕੀ ਜਾਂਦਾ’ ਸਾਡੇ ‘ਚੋ ਇੱਕ ਨੇ ਚੀਕ ਮਾਰਨ ਵਾਲਿਆਂ ਵਾਂਗ ਆਖਿਆ। ਵੱਲ੍ਹੀ ਮੱਝ ਵੇਖ ਕੇ ਮੇਰੀ ਖਾਨਿਓ ਗਈ। ਮਾਰੇ ਗਏ। ਖੇਡ ਵਿੱਸਰ ਗਈ। ਸੋਚ ਖੜੀ ਹੋ ਗਈ ਕਿ ਮੱਝ ਕਿਵੇ ਲਿਆਂਦੀ ਜਾਵੇ। ਘਰ ਜਾ ਕੇ ਦੱਸਿਆ ਜਾਵੇ। ਇਹ ਸੋਚਕੇ ਹੋਰ ਕਾਂਬਾ ਛਿੜ ਪਿਆ। ‘ਭੜਥੂ’ ਤਾਂ ਹੋ ਸਕਦਾ ਘੱਟ ਲਾਵੇ ਪਰ ਬੇਬੇ ਨੇ ਗੱਲ ਨੀ ਕਰਨ ਦੇਣੀ। ਪਹਿੱਲਾਂ ਹੀ ਸਿੱਟ ਲੈਣਾ ‘ਤੇ ਫਿਰ ਖਿੱਚ ਕੇ ਲਿਆਊ ਇੱਥੇ। ਅਤੇ ਇੱਥੇ ‘ਪੂਰੇ’ ਨੂੰ ਕਹੂ ਬਣਾ ਇਹਨੂੰ ਬੰਦਾ। ਇਹਦੇ ਨਾਲੋਂ ਸਿੱਧੀਆਂ ਪੂਰੇ ‘ਤੋਂ ਹੀ ਖਾਧੀਆਂ ਜਾਣ। ਮੱਝ ਤਾਂ ਲਿਆਉਣੀ ਪਊ। ਨਾਲ ਦੇ ਸਾਥੀ ਕਸੂਤਾ ਫਸਿਆ ਵੇਖ ਕੇ ਬਾਘੀਆਂ ਪਾ ਰਹੇ ਸਨ। ਕੋਈ ਮੇਰੇ ਨਾਲ ਜਾਣ ਲਈ ਤਿਆਰ ਨਹੀ ਸੀ। ਸਗੋਂ ਦਿਲੋਂ ਉਹ ਪੂਰੇ ਬਾਗੋ-ਬਾਗ ਸੀ, ਕਿ ਫਸ ਗਿਆ। ‘ਕੋਈ ਕਹੇ ਮੱਲਾ ਉਹਦੀ ਜੁੱਤੀ ਬੜੀ ਵੱਡੀ ਐ। ਬਸ ਜਾਂਦੇ ਨੂੰ ਸਿੱਟ ਹੀ ਲੈਂਦਾ।’ ਕੋਈ ਕਹਿੰਦਾ, ‘ਘੜੀਸਦਾ ਵੀ ਬੜਾ ਆ ਅਤੇ ਕੁੱਟਦਾ ਵੀ ਐ।’ ਜਿਹੋ ਜਿਹਾ ਕਿਸੇ ਦਾ ਮੂੰਹ ਓਹੋ ਜਿਹੀਆਂ ਗੱਲਾਂ।
ਮੈਂ ਦਿਲ ਨੂੰ ਕਰੜਾ ਜਿਹਾ ਕਰਕੇ ਉਸਦੇ ਕੋਠੇ ਵੱਲ ਨੂੰ ਚੱਲ ਪਿਆ ਜਿੱਥੇ ਸੰਘਣੇ ਦਰੱਖਤਾਂ ਦਾ ਇੱਕ ਝੁੰਡ ਜਿਹਾ ਸੀ। ਰਾਹ ਵਿੱਚ ਮੈ ਸੋਚਦਾ ਜਾ ਰਿਹਾ ਸੀ ਕਿ ‘ਪੂਰੇ’ ਤੋਂ ਘੱਟ ਤੋ ਘੱਟ ਕੁੱਟ ਕਿਵੇਂ ਖਾਧੀ ਜਾਵੇ। ਜੁੱਤੀ, ਥੱਪੜ ਅਤੇ ਲੱਤਾਂ ਤੋਂ ਬਚਣ ਦੇ ਉਪਾਅ ਵੀ ਸੋਚਦਾ ਜਾ ਰਿਹਾ ਸੀ ਅਤੇ ਮਨ ਨੂੰ ਕਰੜਾ ਵੀ ਕਰ ਰਿਹਾ ਸੀ ਕਿ ਥੋੜੀ ਘਣੀ ਸੱਟ ਫੇਟ ਨਾਲ ਆਪਣਾ ਕੀ ਵਿਗੜਦਾ; ਘਰੋਂ ਹਫਤੇ ਦੋ ਹਫਤੇ ਪਿੱਛੋਂ ਖਾ ਹੀ ਲਈ ਦੀਆਂ। ਉਸਦੀ ਕਰੜ ਬਰੜੀ ਦਾਹੜੀ ਦੇ ਹਿਸਾਬ ਨਾਲ ਬਾਬਾ ਕਿਹਾ ਜਾਵੇ ਜਾਂ ਤਾਇਆ। ਉਹਨਾਂ ਦਿਨਾਂ ਵਿੱਚ ਕਿਸੇ ਬਗਾਨੇ ਨੂੰ ਹੋਰ ਸੰਬੋਧਕ ਨਾਲ ਬੁਲਾਇਆਂ ਵੀ ਨਹੀਂ ਜਾਂਦਾ ਸੀ। ‘ਪੂਰਾ’ ਕੱਸੀ ਦੇ ਖਾਲ ਉਪਰ ਮੰਜਾ ਡਾਹ ਕੇ ਪਿਆ ਸੀ। ‘ਬਾਬਾ ਇਹ ਮੈਂਸ ਮੇਰੀ ਐ ਮੈਥੋ ਗਲਤੀ ਹੋਗੀ ਮੁੜਕੇ ਨੀ ਕਰਦਾ ਮਿੰਨਤ ਨਾਲ, ਅੱਜ ਛੱਡ ਦੇ ਮੁੜਕੇ ਨੀ ਇਸ ਛੱਪੜ ‘ਤੇ ਆਉਦਾ’ ਮੈ ਰਟੇ ਰਟਾਏ ਸਬਦ ਖੁਸ਼ਕ ਹੋ ਰਹੀ ਜੀਭ ‘ਚੋਂ ਮਸਾਂ ਕੱਢੇ। ਉਸਨੇ ਇੱਕ ਦਮ ਉਠਦਿਆਂ ਮੰਜੇ ਦੇ ਹੇਠ ਨੂੰ ਹੱਥ ਕੀਤਾ ਤਾਂ ਮੈ ਪਿੱਛੇ ਨੂੰ ਭੱਜਣ ਲਈ ਤਿਆਰ ਹੋ ਗਿਆ। ਫਿਰ ਉਸਨੇ ਕੜਕਦੀ ਅਵਾਜ ਵਿੱਚ ਪੁਛਿਆ, ‘ਕੀਹਦਾ ਕੁਛ ਆਂ ਓਏ’
‘ਮੈਂ ਗੁਰਦਿਆਲ ਫੌਜੀ ਦਾ ਮੂੰਡਾ, ਜੈਦ ਪੱਤੀ ਆਲੇ ਦਾ’
‘ਇਹਨਾ ਨੂੰ ਸੰਭਾਲ ਕੇ ਰੱਖਿਆ ਕਰੋ, ਆਪਦੀਆਂ ਮ…. , ਨਾਲੇ ਮੈ ਤੇਰਾ ਬਾਬਾ ਨੀ ਚਾਚਾ ਜਾਂ ਤਾਇਆਂ ਲੱਗਦਾ ਹੋਊਂ’ ਉਸਨੇ ਕੁੱਝ ਠੰਡਾ ਜਿਹਾ ਹੁੰਦੇ ਨੇ ਕਿਹਾ।
‘ਚੰਗਾ ਜੀ ‘ਗਹਾਂ ਤੋਂ ਚਾਚਾ ਹੀ ਕਿਹਾ ਕਰੂੰ’ ਮੈਨੂੰ ਹੁੱਣ ਤੱਕ ਪਿੰਡਾਂ ਵਾਲਿਆਂ ਦੀ ਇੰਨੀ ਕੁ ਮਾਨਸਿਕਤਾ ਦੀ ਸਮਝ ਆ ਚੁੱਕੀ ਸੀ ਕਿ ਉਹ ਤਾਇਆ ਕਹਾਉਣ ਨਾਲੋ ਚਾਚਾ ਕਹਾਉਣਾ ਚੰਗਾ ਸਮਝਦੇ ਐ।
‘ਸਿਵਿਆਂ ‘ਚੋ ਦੀ ਲੰਘੇ ਆਉਂਦੇ ਨੂੰ ਤੈਨੂੰ ਕੋਈ ਭੂਤ ਪਰੇਤ ਨੀ ਮਿਲੀ?’ ਹੁਣ ਉਹ ਠੰਡੇ ਮੂਡ ਵਿੱਚ ਸੀ’
‘ਨਹੀ ਚਾਚਾ ਮੈਂ ਤਾਂ ਭੂਤਾਂ ਕਦੇ ਵੇਖੀਆਂ ਹੀ ਨਹੀ’ ਮੈ ਵੀ ਹੁਣ ਟਹਿਰਕ ‘ਚ ਹੋ ਗਿਆ ਸੀ।
‘ਪਤਾ ਨਹੀ ਜਿਸਦਾ ਕਿਸੇ ਦਾ ਪਸ਼ੂ ਉਜਾੜਾ ਕਰਦਾ ਫੜ ਲਈਦਾ ਉਸਦਾ ਹੀ ਮਾਂ-ਪਿਓ ਆਕੇ ਆਖਣ ਲੱਗ ਪੈਂਦਾ ਪਸ਼ੂ ਤਾਂ ਸਾਡੇ ਜੁਆਕ ਨੇ ਮੋੜ ਲੈਣਾ ਸੀ ਪਰ ਛਲੇਡੇ ਨੇ ਹੀ ਵਾਹ ਨੀ ਜਾਣ ਦਿੱਤੀ, ਕਦੇ ਸੱਪ ਬਣਜੇ, ਕਦੇ ਸ਼ੀਹ ਬਣਜੇ। ਕਦੇ ਨਵੀ ਵਿਆਹੀ ਕੁੜੀ ਬਣਜੇ ਜਾਂ ਕਹਿਣਗੇ ਚੜੇਲ ਨੇ ਧੱਕਾ ਮਾਰਿਆ ਜੁਆਕ ਦੇ। ਅਸੀਂ ਤਾਂ ਥੌਲੇ ਪੁਆਈ ਜਾਨੇ ਆਂ’ ਤੂੰ ਵਾਹਵਾ ਬਚ ਗਿਆ ਹੁਣ ਉਸਦੇ ਬੁਲ੍ਹਾ ‘ਤੇ ਮਿਨੀ ਮਿਨੀ ਮੁਸਕਾਨ ਸੀ। ਅਸਲ ਵਿੱਚ ‘ਪੂਰੇ ਦੇ ਖੇਤ ਦੇ ਇੱਕ ਪਾਸੇ ਸਿਵੇ ਸਨ ਦੂਸਰੇ ਪਾਸੇ ਗੋਰਾਂ (ਕਬਰਾਂ) ਜੋ ਕੇ ਦੇਸ਼ ਦੀ ਵੰਡ ਤੋ ਬਾਅਦ ਚਰਾਂਦ ਦਾ ਰੂਪ ਧਾਰ ਗਈਆਂ ਸਨ।
‘ਚਲ ਖੋਲ੍ਹ ਕੇ ਲੈ ਜਾ ਆਪਦੀ ਮੈਸ। ਤੇਰਾ ਪਿਉ ਤਾਂ ਮੇਰਾ ਚੰਗਾ ਲਿਹਾਜੀ ਐ। ਜਦੋਂ ਛੁੱਟੀ ਆਉਂਦਾ ਮਿਲੇ ਬਿਨਾ ਨੀ ਜਾਂਦਾ, ਪਰ ਉਥੇ ਮੁੰਡਿਆਂ ‘ਚ ਜਾਕੇ ਨਾ ਫੜ੍ਹਾਂ ਮਾਰਨ ਲੱਗ ਜੀ ਵਈ ਮੈਨੂੰ ਤਾਂ ਕੁੱਝ ਕਿਹਾ ਹੀ ਨਹੀਂ। ਰੋਦਿਆਂ ਵਰਗਾ ਮੂੰਹ ਬਣਾਕੇ ਕਹੀ ਮੈਨੂੰ ਤਾਂ ਕੁੱਟਿਆ ਹੀ ਬਹੁੱਤ ਐ, ਨਹੀ ਤਾਂ ਇਸ ਮੰਡੀਹਰ ਨੇ ਚਾਂਭਲ ਜਾਣਾ ਕਿ ‘ਭੜਥ’ ਤਾਂ ਸੁੱਕੇ ਹੀ ਛੱਡ ਦਿੰਦਾ’
‘ਚੰਗਾ ਚਾਚਾ ਜਿਵੇਂ ਤੂੰ ਕਹਿੰਨਾ ਉਸੇ ਤਰ੍ਹਾਂ ਕਹੂੰ’ ਕਹਿ ਕੇ ਮੈ ਮੱਝ ਲੈ ਕੇ ਛੱਪੜ ਵੱਲ ਨੂੰ ਤੁਰ ਪਿਆ।
ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ ਉਹ ਜਦ ਕਦੇ ਵੀ ਮੈਨੂੰ ਮਿਲਦਾ ਮੈ ਉਸਨੂੰ ਬੜੇ ਸਤਿਕਾਰ ਨਾਲ ਮਿਲਦਾ। ਸਕੂਲ ਦੀ ਪੜਾਈ ਤੋਂ ਬਾਅਦ ਵੀ ਮੈ ਕਈ ਵਾਰ ਉਸਨੂੰ ਸਪੈਸਲ ਮਿਲਣ ਜਾਂਦਾ ਜਾਂ ਰਾਹ ਖਹਿੜੇ ਹੀ ਖਲੋ ਕੇ ਉਸ ਨਾਲ ਗੱਲਾਂ ਮਾਰਨ ਲੱਗ ਪੈਂਦਾ। ਉਹਨਾ ਦਿਨਾਂ ਵਿੱਚ ਹਾਲੇ ਤਰਕਸ਼ੀਲ ਸ਼ਬਦ ਲੋਕਾਂ ਦੀ ਸ਼ਬਦਾਵਲੀ ਦਾ ਹਿੱਸਾ ਨਹੀ ਸੀ ਬਣਿਆ ਪਰ ‘ਪੂਰਾ’ ਉਹਨਾ ਦਿਨਾ ਵਿੱਚ ਵੀ ਪੂਰਾ ਤਰਕਸ਼ੀਲ ਸੀ। ਉਹ ਭੂਤਾਂ-ਪਰੇਤਾਂ, ਮੜ੍ਹੀਆਂ ਮਸਾਣਾ, ਮੱਸਿਆਂ-ਪੁੰਨਿਆਂ ਅਤੇ ਹਥੌਲਿਆਂ-ਥੱਪਿਆਂ, ਸੰਤਾ-ਫਕੀਰਾਂ, ਪੰਡਤ-ਪਾਂਧਿਆਂ ਦਾ ਪੂਰਾ ਵਿਰੋਧ ਕਰਦਾ ਸੀ। ਉਸਨੂੰ ਵੇਖ ਕੇ ਮਾੜਾ-ਮੰਗਤਾ, ਸਾਧ-ਜੋਗੀ ਜਾਂ ਢੌਂਗੀ ਉਸਦੇ ਘਰ ਤਾਂ ਕੀ ਵੜਨਾ ਸੀ, ਸਗੋਂ ਰਸਤਾ ਬਦਲ ਲੈਂਦਾ ਸੀ। ਉਸਨੇ ਆਪਣੇ ਪੁੱਤਾਂ ਦੇ ਵਿਆਹ ਵੇਲੇ ਵੀ ਕੁੜੀ ਵਾਲਿਆਂ ਨੂੰ ਇੱਕੋ ਸਰਤ ਰੱਖੀ ਸੀ ਕਿ ਮੈ ਆਪਣੇ ਘਰ ਵਿੱਚ ਨਾ ਕੋਈ ਜੋਤ ਲਾਉਣ ਦੇਣੀ ਨਾ ਨੂੰਹ ਨੂੰ ਕਿਸੇ ਮੜ੍ਹੀ-ਮਸੀਤ ‘ਚ ਜਾਣ ਦੇਣਾ ਨਾ ਕਿਸੇ ਸਾਧ-ਸੰਤ ਦੇ ਡੇਰੇ ਨਾ ਕਿਸੇ ਫਕੀਰ ਦੀ ਕਬਰ ‘ਤੇ। ਜੇ ਮਨਜੂਰ ਹੈ ਤਾਂ ਸਾਕ ਕਰਦਿਓ ਨਹੀ ਤੁਸੀਂ ਆਪਣੇ ਘਰੇ ਚਲੋ ਮੈ ਆਪਣੇ ਬੈਠਾ ਹੀ ਹਾਂ। ਉਸਨੇ ਅਜਿਹਾ ਕੁੱਝ ਆਪਣੇ ਘਰ ਚੱਲਣ ਵੀ ਨਹੀ ਦਿੱਤਾ ਜੇ ਕਦੇ ਕਿਸੇ ਨੇ ਅਜਿਹਾ ਕਰਨ ਦੀ ਜੁਅੱਰਤ ਕੀਤੀ ਤਾਂ ਉਸਨੇ ਭੜਥੂ ਪਾ ਕੇ ਬੰਦ ਕਰਵਾ ਦਿੱਤਾ।
ਇੱਕ ਵਾਰ ਮੈਂ ਛੂੱਟੀ ਦੇ ਦਿਨ ਬਾਹਰ ਦਰੱਖਤ ਹੇਠ ਖੜਾ ਸੀ, ਸਾਇੱਦ ਅਪਰੈਲ ਜਾਂ ਮਈ ਦਾ ਮਹੀਨਾ ਸੀ। ਇੱਕ ਅੱਧੇ ਕੁ ਨਿਹੰਗ ਬਾਣੇ ਵਿੱਚ ਬਾਬਾ ਮੇਰੇ ਕੋਲ ਰੋਣ ਵਾਲਾ ਮੂੰਹ ਕਰਕੇ, ‘ਕਹਿੰਦਾ ਵੇਖ ਲਓ ਜੀ ਕਲਜੁਗ ਆਗਿਆ ਸਾਰੀ ਬੀਹੀ ਵਿੱਚ ਜਾ ਆਇਆ ਕਿਸੇ ਨੇ ਬਾਬੇ ਦੇ ਲੰਗਰਾਂ ਵਾਸਤੇ ਬੁੱਕ ਦਾਣਿਆ ਦਾ ਨਹੀ ਪਾਇਆ,’ ਉਸਨੇ ਮੇਰੇ ਮੂਹਰੇ ਖਾਲੀ ਪੀਪਾ ਕਰਦਿਆਂ ਕਿਹਾ, ‘ਲੋਕਾਂ ‘ਚ ਸਰਧਾ ਹੀ ਖਤਮ ਹੋ ਗਈ, ਅੱਗੇ ਥੋਡੇ ਪਿੰਡ ਵਿੱਚ ‘ਕੱਲਾ ਭੜਥੂ ਸੀ ਹੁਣ ਸਾਰੇ ਹੀ ਭੜਥੂ ਬਣੇ ਪਏ।’
ਉਸਦੇ ਮੂੰਹੋ ਭੜਥੂ ਦਾ ਨਾਂ ਸੁਣਕੇ ਮੇਰੇ ਕੰਨ ਖੜੇ ਹੋ ਗਏ। ਮੈ ਕਿਹਾ, ‘ਤੂੰ ਭੜਥੂ ਨੂੰ ਜਾਣਨੈ?’ ਉਹ ਕਹਿੰਦਾ, ‘ਅੱਜ ਦਾ ਅੱਜ ਤੋ ਵੀਹ ਸਾਲ ਪਹਿਲਾਂ ਦਾ ਜਾਣਦਾਂ। ਇੱਕ ਵਾਰ ਐਂ ਹੀ ਗੁਰੂ ਕੇ ਲੰਗਰਾਂ ਲਈ ਬੋਰੀ ਲੈਕੇ ਭੜਥੂ ਕੇ ਬਾਰ ਮੂਹਰੇ ਰਸਦ ਪਾਉਣ ਲਈ ਕਹਿ ਬੈਠਾ, ਭਾਈ ਭੜਥੂ ਮੈਨੂੰ ਕਹਿੰਦਾ, ਕਿੱਥੇ ਮੈਂ ਭਾਡੇ ‘ਚ ਦਾਣੇ ਪਾਕੇ ਡੋਲ੍ਹਦਾ ਫਿਰੂੰ ਤੂੰ ਮੈਨੂੰ ਬੋਰੀ ਫੜਾ ਮੈ ਆਪ ਹੀ ਘਰੋਂ ਭਰ ਕੇ ਲਿਆ ਦਿੰਨਾ। ਮੈ ਕਿਹਾ ਬੜਾ ਭਲਾ ਪੁਰਸ਼ ਐ। ਮੈ ਬੋਰੀ ਉਹਨੂੰ ਫੜਾ ਕੇ ਆਪ ਬਾਰ ਵਿੱਚ ਖੜ੍ਹ ਗਿਆ। ਦਸ ਮਿੰਟ, ਵੀਹ ਮਿੰਟ, ਅੱਧਾ ਘੰਟਾ ਭੜਥੂ ਤਾਂ ਬਾਹਰ ਹੀ ਨਾ ਨਿੱਕਲਿਆਂ, ਮੈ ਇੱਕ ਦੋ ਆਵਾਜਾਂ ਵੀ ਮਾਰੀਆਂ ਪਰ ਕੁੱਝ ਪੱਲੇ ਨਾ ਪਿਆ। ਹਾਰਕੇ ਮੈਂ ਨੇੜ ਹੀ ਇੱਕ ਗੁਰਮੁਖ ਆਦਮੀ ਗੁਰਦਿਆਲ ਸੁਨਿਆਰਾ ਰਹਿੰਦਾ ਸੀ, ਉਸਨੂੰ ਜਾ ਵਿੱਥਿਆ ਸੁਣਾਈ। ਉਹ ਸੁਣਕੇ ਮੇਰੀ ਗੱਲ ਕਹਿੰਦਾ, ‘ਕਿੰਨੇ ਕੁ ਦਾਣੇ ਸੀ?’ ਮੈ ਕਿਹਾ, ‘ਹੋਣਗੇ ਵੀਹ ਪੱਚੀ ਕਿਲੋ।’ ਉਹ ਕਹਿੰਦਾ, ‘ਫਿਰ ਸਮਝ ਲੈ ਉਹ ਵੀ ਗਏ।’ ਮੈਨੂੰ ਤਾਂ ਚੱਕਰ ਆਉਣ ਵਾਲਾ ਹੋ ਗਿਆ। ਸਾਰਾ ਦੁਪਹਿਰਾ ਸਿਰ ਤੋਂ ਦੀ ਲੰਘਾ ਕੇ ਮਸਾ ਤਾਂ ਇਕੱਠੇ ਕੀਤੇ ਸੀ। ਮੈ ਕਿਹਾ, ‘ਗੁਰਮਖਾ ਮੇਰੇ ਪਹਿਲੇ ਦਾਣੇ ਅਤੇ ਬੋਰੀ ਦੁਆਦੇ ਸਾਰੀ ਉਮਰ ਤੇਰੇ ਗੁਣ ਗਾਉਂ।’ ਉਹ ਕਹਿੰਦਾ, ਵਈ ਮਿੰਨਤ ਤਰਲਾ ਕਰਕੇ ਵੇਖ ਲੈਨੇ ਪਰ ਤੇਰੀ ਉਹ ਚੰਗੀ ਰੇਲ ਬਣਾਊ।’ ਮੇਰੀਆਂ ਤਾਂ ਡਰ ਨਾਲ ਲੱਤਾਂ ਥਰਨ ਥਰਨ ਕੰਬਣ। ਉਹ ਉੱਠਕੇ ਮੇਰੇ ਨਾਲ ਤੁਰ ਪਿਆ। ਸਾਡੇ ਜਾਂਦਿਆਂ ਨੂੰ ਭੜਥੂ ਮੌਜ ਨਾਲ ਮੰਜੇ ‘ਤੇ ਲੱਤ ‘ਤੇ ਲੱਤ ਧਰੀ ਪਿਆ। ਗੁਰਦਿਆਲ ਸਿਓ ਨੇ ਕਈ ਹਾਕਾਂ ਮਾਰੀਆਂ, ਤਾਂ ਜਾਕੇ ਮਾੜਾ ਜਿਹਾ ਸਿਰ ਚੁੱਕਿਆ। ‘ਆ ਵਈ ਗੁਆਂਢੀਆ ਕੀ ਭੀੜ ਪੈ ਗਈ’ ਉਸਨੇ ਉਸਨੂੰ ਇਸ ਤਰ੍ਹਾ ਕਿਹਾ ਜਿਵੇਂ ਉਸਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ। ‘ਯਾਰ ਆਹ ਬਾਬੇ ਦੇ ਦਾਣੇ ਮੋੜ ਅਤੇ ਇਸਨੂੰ ਮਾਫ ਕਰ ਅਗਾਹ ਨੂੰ ਆਪਾ ਇਸਨੂੰ ਸਮਝਾ ਦਿਆਂਗੇ’
‘ਕਿਹੜੇ ਦਾਣੇ?’
‘ਜੋ ਵੀ ਹੈ ਦੇਹ ਇਹਨੂੰ ਅਗਾਂਹ ਨੂੰ ਨਹੀ ਆਉਂਦਾ ਤੇਰੇ ਘਰੇ ਰਸਦ ਲੈਣ।’
‘ਮੈ ਵੀ ਭਾਈ ਮਿੰਨਤ ਤਰਲਾ ਕੀਤਾ। ਉਹ ਐਡਾ ਡਾਢਾ ਬੰਦਾ ਕਿਸੇ ਗੱਲ ‘ਤੇ ਹੀ ਨਾ ਆਵੇ। ਅਖੀਰ ਨੂੰ ਕਹਿੰਦਾ ਕੱਲ੍ਹ ਨੂੰ ਮੰਡੀ ਜਾਊਂ ਇਹਨਾ ਦਾਣਿਆ ਦੇ ਦੇਸੀ ਲੂਣ ਦੇ ਡਲੇ ਲਿਆਕੇ ਵੱਗ ‘ਚ ਗਾਂਈਆਂ ਨੂੰ ਪਾਊਂ। ਇਹ ਫਿਰ ਆਕੇ ਆਪਣੀ ਖਾਲੀ ਬੋਰੀ ਲੈ ਜਾਵੇ। ਅਖੀਰ ਨੂੰ ਮੈਥੋ ਇਹ ਗੱਲ ਕਹਾਕੇ, ਕਿ ਦੁਬਾਰਾ ਜਿੰਦਗੀ ਭਰ ਤੁਹਾਡੇ ਅਗਵਾੜ ‘ਚ ਨੀ ਵੜਦਾ ਤੇ ਹੁਣੇ ਆਹ ਦਾਣੇ ਲੈਕੇ ਪਿੰਡੋਂ ਬਾਹਰ ਜਾਨਾ; ਤਾਂ ਜਾਕੇ ਮੇਰੇ ਦਾਣੇ ਮੋੜੇ। ਉਹ ਦਿਨ ਅਤੇ ਆਹ ਦਿਨ ਮੈ ਨੀ ਉਸਦੇ ਮੱਥੇ ਲੱਗਿਆ। ਪਤਾ ਨਹੀ ਜਿਉਂਦਾ ਪਤਾ ਨਹੀ ਮਰਗਿਆ।’ ਮੈ ਕਿਹਾ, ‘ਉਹ ਤਾਂ ਹਾਲੇ ਜਿਉਦਾ; ਕਿਤੇ ਫਿਰ ਨਾ ਜਾ ਬਹੀਂ ਉਹਨਾ ਦੇ ਅਗਵਾੜ। ਐਤਕੀਂ ਵਾਰ ਤੇਰੇ ਦਾਣੇ ਨੀ ਮੁੜਣੇ। ਤੇਰੇ ਦਾਣੇ ਦਵਾਉਣ ਵਾਲਾ ਮਾਰ ਗਿਆ ਉਡਾਰੀ ਸੰਸਾਰ ‘ਤੋ।
ਇਸੇ ਤਰ੍ਹਾ ਕੁੱਝ ਸਾਲ ਪਹਿਲਾ ਕਿਸੇ ਬਾਬੇ ਨੇ ਸਾਡੇ ਪਿੰਡ ਪਏ ਇੱਕ ਛੋਟੇ ਜਿਹੇ ਗੁਰਦੁਆਰੇ ਦੀ ਇਤਿਹਾਸਕ ਮਹੱਤਤਾ ਦੱਸ ਕੇ ਉਸਦੀ ਕਾਰ ਸੇਵਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ। ਬਸ ਫਿਰ ਕੀ ਨੌਜਵਾਨ ਮੁੰਡੇ ਨਵੇ ਨਕੋਰ ਸਾਇਕਲਾਂ ‘ਤੇ ਚੜ੍ਹਕੇ ਸਾਡੇ ਪਿੰਡ ਸਮੇਤ ਨਾਲ ਦੇ ਪਿੰਡਾਂ ਵਿਚੋਂ ਵੀ ਗਜਾ ਕਰਕੇ ਦੁੱਧ ਪਾਣੀ, ਦਾਲ ਰੋਟੀਆਂ ਇਕੱਠੀਆਂ ਕਰਦੇ। ਪਹਿਲਾਂ ਪੁਰਾਣੀ ਇਮਾਰਤ ਨੂੰ ਤੋੜਿਆ ਗਿਆ। ਸੈਂਕੜਿਆ ਦੀ ਗਿਣਤੀ ਵਿੱਚ ਲੋਕ ਹੱਥੀਂ ਕਾਰਸੇਵਾ ਕਰਕੇ ਆਪਣਾ ਜਨਮ ਸਫਲ ਕਰਨ ਲੱਗੇ। ਸੁਬਹਾ ਸ਼ਾਮ ਗਜਾ ਕਰਨ ਵਾਲੇ ਮੁੰਡਿਆਂ ਦੇ ਸਾਇਕਲਾਂ ਉਪਰ ਲੱਗੀਆਂ ਪੂਪਣੀਆਂ ਦੀ ਅਵਾਜਾਂ ਸੁਣਕੇ ਕੀ ਵਡੇ, ਕੀ ਛੋਟੇ ਰੋਟੀ, ਦਾਲ ਸਬਜੀ ਅਤੇ ਦੁੱਧ ਵਾਲੇ ਭਾਂਡੇ ਲੈਕੇ ਸਿਰ ਮੂਧ ਉਹਨਾਂ ਦੀ ਸੇਵਾ ਵਿੱਚ ਦੌੜਦੇ। ਘਰਾਂ ਦੀਆਂ ਮਾਈਆਂ ਹੋਰ ਸਾਰੇ ਕੰਮ ਤਿਆਗ ਪਹਿਲਾਂ ਉਹਨਾ ਦੀ ਸੇਵਾ ਵਿੱਚ ਜੁਟ ਜਾਂਦੀਆਂ। ਜੁਆਕ ਵਿਲਕਦੇ ਆ ਤਾਂ ਵਿਲਕਣ ਦਿਓ। ਕੋਈ ਸਕੂਲੋਂ ਲੇਟ ਹੁੰਦਾ ਤਾਂ ਹੋਣ ਦਿਓ। ਕਿਸੇ ਨੂੰ ਖੇਤ ਜਾਣ ਵਿੱਚ ਦੇਰੀ ਹੁੰਦੀ ਕੋਈ ਗੱਲ ਨਹੀ ਪਰ ਬਾਬਿਆਂ ਦੀ ਰਫਤਾਰ ਮੱਠੀ ਨਹੀ ਹੋਣੀ ਚਾਹੀਦੀ। ਉਹਨਾ ਨੂੰ ਦੇਰੀ ਹੋ ਗਈ ਤਾਂ ਸਵੱਰਗ ਦੇ ਬੂਹੇ ਭਿੜ ਜਾਣਗੇ।
ਭੜਥੂ ਪਿੰਡ ਛੱਡਕੇ ਗੋਰਾਂ ਵਾਲੇ ਖੇਤ ਨਿਆਈਆਂ ‘ਚ ਰਹਿਣ ਲੱਗ ਪਿਆ ਸੀ। ਬਾਬੇ ਉਸਦੇ ਘਰ ਵੀ ਆਉਣ ਲੱਗ ਪਏ। ਕਈ ਦਿਨ ਉਸਨੇ ਵੇਖਿਆ ਪੂਪਣੀਆਂ ਵੱਜਣ ਸਾਰ ਜੁਆਕਾਂ ਨੂੰ ਧੱਕੇ ਵੱਜਣ ਲੱਗਦੇ। ਉਸਦੀਆਂ ਨੂੰਹਾਂ ਦੀ ਰਫਤਾਰ ਵਿੱਚ ਵਾਧਾ ਹੋ ਜਾਂਦਾ ਅਤੇ ਕਾਫੀ ਰਸਦ ਪਾਣੀ ਸਾਇਕਲਾਂ ਵਾਲੇ ਨੌਜਵਾਨ ਬਾਬਿਆਂ ਦੇ ਢੋਲਾਂ ਵਿੱਚ, ਤੂੰਬੜੀਆਂ ਵਿੱਚ ਅਤੇ ਪਿਛਲੀ ਕਾਠੀ ਦੇ ਪਾਸੀ ਲੱਗੀਆਂ ਖੁਰਜੀਆਂ ਵਿੱਚ ਜਾਣ ਲੱਗਿਆ। ਭੜਥੂ ਬੇਚੈਨ। ਉਸਦੇ ਮਨ ਵਿੱਚ ਲੂਹਰੀਆਂ ਵਗਦੀਆਂ ਜੋ ਕੁੱਝ ਸਾਰੀ ਉਮਰ ਨਹੀ ਸੀ ਕਰਨ ਦਿੱਤਾ ਉਹ ਹੋ ਰਿਹਾ ਸੀ। ਭੜਥੂ ਸਵੇਰੇ ਮੱਝਾਂ ਨੁਹਾ ਰਿਹਾ ਸੀ। ਨੌਜਵਾਨ ਗਜਾ ਵਾਲੇ ਬਾਬੇ ਨੇ ਕੋਲ ਆਕੇ ਪੂਰੇ ਜੋਰ ਦੀ ਪੂਪਣੀ ਵਜਾਈ। ਭੜਥੂ ਨੇ ਮੱਝਾਂ ਨਹਾਉਣੀਆਂ ਬੰਦ ਕਰਕੇ ਬਾਬੇ ਕੋਲ ਜਾ ਫਤੇ ਬੁਲਾਈ,’ ਬਾਬਾ ਜੀ ਕਿਨਾ ਕੁ ਚਿਰ ਹੋਰ ਚਲੂ ਇਹ ਕਾਰ ਸੇਵਾ’
‘ਗੁਰਮਖਾ ਦੋ ਸਾਲ ਵੀ ਲੱਗ ਸਕਦੇ ‘ਤੇ ਚਾਰ ਪੰਜ ਵੀ। ਇਹ ਪਿੰਡ ਦੀ ਅਤੇ ਇਲਾਕੇ ਦੀ ਸੇਵਾ ਉਤੇ ਜਿਨਾ ਮਰਜੀ ਸਮਾ ਸੇਵਾ ਕਰ ਲੈਣ’ ਨੌਜਵਾਨ ਬਾਬੇ ਨੇ ਬੜੇ ਪਿਆਰ ਨਾਲ ਦੱਸਿਆ।
‘ਅੱਛਾ ਫੇਰ ਤਾਂ ਲੰਮਾ ਈ ਕੰਮ ਐ’ ਭੜਥੂ ਨੇ ਦਾੜੀ ਨੂੰ ਪਲੋਸਦਿਆਂ ਕਿਹਾ।
‘ਇਹ ਤੁਹਾਡੇ ਨਗਰ ਖੇੜੇ ਉਤੇ ਹੀ ਹੈ’ ਬਾਬੇ ਨੇ ਦੂਸਰੀ ਲੱਤ ਉਤੇ ਭਾਰ ਦਿੰਦਿਆਂ ਕਿਹਾ। ਜਿਸ ਤੋ ਪਤਾ ਲੱਗਦਾ ਸੀ ਕਿ ਸਾਇਕਲ ਉਪਰ ਕਾਫੀ ਭਾਰ ਹੈ।
‘ਜੇ ਇਹ ਗੱਲ ਐ ਤਾਂ ਐਂ ਕਰੋ ਔਹ ਖੜੀ ਐ ਸੱਜਰ ਝੋਟੀ, ਉਹਦੇ ਨਾਲ ਖੜੀ ਐ ਕੱਟੀ। ਤੁਸੀਂ ਸੈਕਲ ਖੜਾ ਕਰੋ ਇੱਥੇ, ਤੁਸੀ ਫੜੋ ਮੱਝ ਦਾ ਸੰਗਲ; ਮੈ ਹੱਕਦਾ ਮਗਰੋਂ। ਮੁੰਡਾ ਮੇਰਾ ਲਿਆਉਦਾ ਟਰਾਲੀ ‘ਚ ਰੱਖਕੇ ਕਣਕ ਅਤੇ ਜਵਾਂ ਦੀਆਂ ਬੋਰੀਆਂ, ਸਾਂਭੋ ਮੱਝ ਨੂੰ, ਪੱਠੇ ਪਾਓ ਦੁੱਧ ਚੋਓ, ਪੀਓ ਅਤੇ ਐਸ਼ ਕਰੋ। ਜਦੋਂ ਦੁੱਧੋਂ ਭੱਜਗੀ ਫੇਰ ਇਹ ਇੱਥੇ ਬੰਨ ਜਾਇਓ ਸੱਜਰ ਖੋਲ੍ਹਕੇ ਲੈ ਜਾਇਓ, ਜਿਨਾ ਚਿਰ ਮਰਜੀ ਕਾਰ ਸੇਵਾ ਕਰੀ ਜਾਇਓ। ਉਨ੍ਹਾ ਚਿਰ ਹੀ ਮੱਝ ਅਤੇ ਦਾਣਾ ਥੋਨੂੰ ਹਾਜਰ। ਪਰ ਆਹ ਨਿੱਤ ਵਾਲਾ ਕੰਮ ਨੀ ਚੱਲਣਾ। ਕਿਸੇ ਭੱਜੀ ਫਿਰਦੀ ਬੁੜੀ ਕੁੜੀ ਦਾ ਚੂਲਾ ਟੁੱਟ ਜੂ ਰਾਸ ਨੀ ਆਉਣਾ ਨਾਲੇ ਜੁਆਕਾਂ ਉਤੇ ਨਿੱਤ ਪੈਦੀ ਦੂਹਰੀ ਕੁੱਟ ਮੈਥੋਂ ਨੀ ਸਹਾਰੀ ਜਾਂਦੀ ਘਰੇ ਮਾਵਾਂ ਕੁੱਟ ਧਰਦੀਆਂ ਲੇਟ ਗਿਆਂ ਨੂੰ ਮਾਸਟਰ ਸਿੱਟ ਲੈਂਦੇ ਆ। ਨਿੱਤ ਨਿੱਤ ਦੇ ਸਿੜੀ ਸਿਆਪੇ ਨਾਲੋਂ ਇੱਕੋ ਦਿਨ ਕੰਮ ਨਿਬੜਿਆ ਚੰਗਾ। ਨਾਲੇ ਪਸ਼ੂਆਂ ਨਾਲ ਪਸ਼ੂ ਅਸੀ ਹੋਈਏ ਦੁੱਧ ਕੋਈ ਹੋਰ ਪੀਵੇ, ਇਹ ਨੀ ਜਚਦਾ।’
ਉਸ ਦਿਨ ਤੋਂ ਪਿਛੋ ਸਾਇਕਲਾਂ ਦੀ ਪੂਪਣੀ ਭੜਥੂ ਦੇ ਘਰ ਕੋਲੋਂ ਵੱਜਣੀ ਬੰਦ ਹੋ ਗਈ।
ਸਿਆਸਤ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ
ਪੰਜਾਬ ਦੀ ਮੌਜੂਦਾ ਸਿਆਸਤ ਬਾਰੇ ਮੇਰੀ ਇੱਕ ਦੋਸਤ ਨਾਲ ਬਹਿਸ ਛਿੜ ਪਈ। ਮੈਂ ਇੱਕ ਰਾਜਨੀਤਕ ਪਾਰਟੀ ਦੀਆਂ ਨੀਤੀਆਂ ਦੀ ਹਮਾਇਤ ਕਰ ਰਿਹਾ ਸਾਂ ਤੇ ਮੇਰਾ ਦੋਸਤ ਉਸਨੂੰ ਫਿਰਕੂ ਗਰਦਾਨ ਕੇ ਦੂਜੀ ਪਾਰਟੀ ਨੂੰ ਵਧੀਆ ਆਖ ਰਿਹਾ ਸੀ।
ਹਾਸੇ-ਹਾਸੇ ਵਿੱਚ ਛਿੜੀ ਇਹ ਬਹਿਸ ਗੰਭੀਰ ਹੁੰਦੀ ਹੋਈ ਮੱਥੇ ਦੀਆਂ ਤਿਊੜੀਆਂ ਤੇ ਖਰ੍ਹਵੇਂ ਬੋਲਾਂ ਤੱਕ ਜਾ ਪਹੁੰਚੀ।....... ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇੱਕ ਦੂਜੇ ਨਾਲ ਚੱਜ ਨਾਲ ਬੋਲੇ ਤੱਕ ਨਹੀਂ।
ਮੀਡੀਆ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ
'ਹਾਦਸੇ 'ਚ ਜ਼ਖਮੀ ਪੁਲਿਸ ਅਫ਼ਸਰ ਕਿਸੇ ਮੱਦਦ ਦੀ ਅਣਹੋਂਦ ਵਿੱਚ ਸੜਕ ਕਿਨਾਰੇ ਪਿਆ ਪੱਥਰ ਦਿਲ ਲੋਕਾਂ ਨੂੰ ਪੁਕਾਰਦਾ ਦਮ ਤੋੜ ਗਿਆ।' ਇਹ ਖ਼ਬਰ ਵਾਰ-ਵਾਰ ਟੀ.ਵੀ. ਚੈਨਲਾਂ ਤੋਂ ਨਸ਼ਰ ਹੋ ਰਹੀ ਸੀ। ਪਰ ਮੀਡੀਆ ਵਾਲੇ ਵੀ ਉਸਦੀ ਮੱਦਦ ਕਰਨ ਦੀ ਥਾਂ ਮਰ ਰਹੇ ਪੁਲਿਸ ਵਾਲੇ ਦੀ ਫਿਲਮ ਬਣਾਉਂਦੇ ਉਸਦੀ 'ਬ੍ਰੇਕਿੰਗ ਨਿਊਜ਼' ਬਣਾਉਣ ਵਿੱਚ ਮਸਰੂਫ਼ ਰਹੇ।
ਦੋ ਚਮਚੇ.......... ਵਿਅੰਗ / ਸਾਧੂ ਰਾਮ ਲੰਗੇਆਣਾ (ਡਾ.)
ਸਿਆਣਿਆ ਨੇ ਸੱਚ ਹੀ ਕਿਹਾ ਹੈ ਕਿ ਹੱਸਣਾ ਵੀ ਇੱਕ ਕਲਾ ਹੈ ਹਾਸੇ ਨਾਲ ਜਿੱਥੇ ਸਾਡਾ ਸਰੀਰ ਚੁਸਤ-ਫੁਸਤ ਰਹਿੰਦਾ ਹੈ ਉਂਥੇ ਅਸਲੀ ਹਾਸਿਆਂ ਨਾਲ ਮਿਲਦੇ ਵਿਟਾਮਿਨਾਂ ਕਾਰਨ ਸਾਡਾ ਮਾਨਸਿਕ ਤਣਾਓ ਵੀ ਸਾਡੇ ਤੋਂ ਮੁਕਤ ਹੁੰਦਾ ਹੈ ਭਵਿੱਖ ਵਿੱਚ ਸਾਡੇ ਨਾਲ ਕਦੇ-ਕਦੇ ਅਜਿਹੇ ਲੋਕ ਵਿਚਰਦੇ ਹਨ ਜੋ ਸਦਾ ਖੁਦ ਵੀ ਖਿੜੇ ਮੱਥੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਹਾਸਿਆਂ, ਮਖੌਲਾਂ ਨਾਲ ਮਿੰਟਾਂ ਸਕਿੰਟਾਂ ਚ ਲੋਟਪੋਟ ਕਰ ਦਿੰਦੇ ਹਨ
ਏਸੇ ਤਰਾਂ ਹੀ ਸਾਡੇ ਮੁਹੱਲੇ ਵਿੱਚ ਵੀ ਰਹਿੰਦੇ ਤਾਇਆ ਨਰੈਂਣਾ ਤੇ ਤਾਈ ਨਿਹਾਲੀ ਜੋ ਹਰ ਸਮੇਂ ਹਸਮੁੱਖ ਚਿਹਰਿਆਂ ਨਾਲ ਆਪ ਵੀ ਖਿੜੇ ਰਹਿੰਦੇ ਸਨ ਅਤੇ ਹਾਸਰਸ ਗੱਲਾਂਬਾਤਾਂ ਰਾਹੀਂ ਕਈ-ਕਈ ਵਾਰ ਅਜਿਹਾ ਦੂਸਰੇ ਉਂਤੇ ਵਿਅੰਗਮਈ ਟੋਟਕਾ ਕੱਸਦੇ ਸਨ ਕਿ ਮਰਨੇ ਵਾਲੇ ਘਰ ਸੱਥਰ ਤੇ ਬੈਠੇ ਲੋਕ ਵੀ ਹਾਸਿਆਂ ਨਾਲ ਲੋਟਪੋਟ ਹੋਣ ਲਈ ਮਜ਼ਬੂਰ ਹੋ ਜਾਂਦੇ ਸਨ ਇੱਕ ਵਾਰ ਸਾਡੇ ਮੁਹੱਲੇ ਵਾਲੇ ਲੋਕ ਹੋਲੀ ਦੇ ਤਿਓਹਾਰ ਵਾਲੇ ਦਿਨ ਇਕੱਠੇ ਹੋ ਕੇ ਤਾਏ ਤਾਈ ਨੂੰ ਕਹਿਣ ਲੱਗੇ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਟੋਟਕੇ ਕੱਸਦੇ ਰਹਿੰਦੇ ਹੋ ਪਰ ਇਸ ਵਾਰ ਅਪ੍ਰੈਲ਼ ਫੂਲ (ਮਖੌਲਾਂ ਵਾਲਾ ਦਿਨ) ਵਾਲੇ ਦਿਨ ਤੁਸੀਂ ਸਾਨੂੰ ਸਾਡੇ ਸਾਹਮਣੇ ਦੋਵੇਂ ਆਪਸ ਵਿੱਚ ਇੱਕ ਦੂਜੇ ਉਤੇ ਅਜਿਹਾ ਹਾਸਰਸ ਵਿਅੰਗਮਈ ਟੋਟਕਾ ਕੱਸ ਕੇ ਦਿਖਾਓ ਕੇ ਜਿਸ ਨਾਲ ਸਾਡੀਆਂ ਹਾਸਿਆਂ ਦੀਆਂ ਨਿਕਲਦੀਆਂ ਕੁਤਕਤਾੜੀਆਂ ਲਈ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇ ਪਰ ਸ਼ਰਤ ਇਹ ਹੈ ਕਿ ਤੁਹਾਡੀ ਆਪਸ ਵਿੱਚ ਕਬੱਡੀ ਦੇ ਖਿਡਾਰੀਆਂ ਵਾਂਗ ਕਿਤੇ ਵਿਅੰਗ ਕੱਸਣ ਲਈ ਅੰਦਰ ਖਾਤੇ ਕਿਤੇ ਸੀਟੀ ਨਾਂ ਰਲੀ ਹੋਵੇ ਤੇ ਗੱਲ ਵੀ ਮੌਕੇ ਦੀ ਹੀ ਕੀਤੀ ਜਾਵੇ ਇਸ ਬਦੌਲਤ ਜਿਹੜਾ ਤੁਹਾਡੇ ਚੋਂ ਅੱਵਲ ਹੋਇਆ ਸਾਰੇ ਮੁਹੱਲੇ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾਵੇਗਾ।
ਅਪ੍ਰੈਲ ਫੂਲ ਵਾਲਾ ਦਿਨ ਆ ਗਿਆ ਸੀ ਸਾਰੇ ਮੁਹੱਲੇ ਦੀਆਂ ਔਰਤਾਂ ਸਾਂਝੀ ਜਗ੍ਹਾ ਵਿੱਚ ਲੱਗੇ ਪਿੱਪਲ ਹੇਠਾਂ ਦੁਪਹਿਰ ਦੇ ਸਮੇਂ ਇਕੱਠੀਆਂ ਬੈਠੀਆਂ ਸਨ ਤਾਇਆ-ਤਾਈ ਵੀ ਆਪਣੇ ਵਿਅੰਗਮਈ ਟੋਟਕੇ ਲਈ ਪੂਰੇ ਉਤਾਵਲੇ ਸਨ ਇਕੱਠੀਆਂ ਬੈਠੀਆਂ ਔਰਤਾਂ ਕੋਲ ਤਾਇਆ ਵੀ ਜਾ ਕੇ ਇੱਕ ਪਾਸੇ ਮੰਜੀ ਤੇ ਲੇਟ ਗਿਆ ਤੇ ਐਵੇਂ-ਝੈਂਵੇ ਦੀ ਨੀਂਦ ਚ ਹੋ ਕੇ ਘੁਰਾੜੇ ਜਿਹੇ ਮਾਰਨ ਲੱਗ ਪਿਆ ਉਧਰੋਂ ਔਰਤਾਂ ਦਾ ਆਪਸੀ ਰਾਗ ਅਲਾਪਣਾਂ ਜ਼ੋਰਾਂ ਤੇ ਮਘਿਆ ਹੋਇਆ ਸੀ ਆਪਣੇ ਪਤੀਆਂ ਦੀਆਂ ਸਿਫਤਾਂ-ਚੁਗਲੀਆਂ ਕਰਦੀਆਂ ਹੋਈਆਂ ਚੋਂ ਕੋਈ ਕਹਿ ਰਹੀ ਸੀ ਮੇਰਾ ਪਤੀ ਤਾਂ ਦੇਵਤਾ ਐ ਦੇਵਤਾ… ਕੋਈ ਕਿਸੇ ਤਰਾਂ ਸੁਲਾ ਰਹੀ ਸੀ ਤੇ ਕੋਈ ਕਿਸੇ ਤਰਾਂ ਨਿੰਦਿਆ ਕਰਦੀ ਹੋਈ ਦਿਲ ਦੇ ਦੁੱਖੜੇ ਫਰੋਲ ਰਹੀ ਸੀ
ਏਨੇ ਨੂੰ ਜਦੋਂ ਤਾਈ ਨਿਹਾਲੀ ਦੀ ਵਾਰੀ ਆਈ ਤਾਂ ਤਾਈ ਆਪਣੇ ਪਤੀ ਤਾਏ ਨਰੈਣੇਂ ਬਾਰੇ ਕਹਿ ਰਹੀ ਸੀ ਮੇਰਾ ਪਤੀ ਤਾਂ ਸੁੱਚਾ ਨਗ ਐ ਤੇ ਬੱਸ ਭਗਤ ਧੰਨਾ ਜੱਟ ਐ ਧੰਨਾ ਜੱਟ
ਥੋੜੇ ਚਿਰ ਬਾਅਦ ਜਦੋਂ ਮਹਿਫਲ ਖਤਮ ਹੋਣ ਕਿਨਾਰੇ ਹੋਈ ਤਾਂ ਤਾਇਆ ਇਕਦਮ ਅੱਬੜ ਵਾਹਿਆਂ ਵਾਂਗ ਉਂਠਿਆ ਤੇ ਤਾਈ ਵੱਲ ਖੂੰਡਾ ਚੁੱਕਦਾ ਹੋਇਆ ਗਰਮ ਜੋਸ਼ੀ ਨਾਲ ਕਹਿਣ ਲੱਗਾ ਨਿਹਾਲੀਏ ਤੂੰ ਤਾਂ ਮੈਨੂੰ ਗਊਆਂ ਚਾਰਨ ਵਾਲਾ ਸਮਝ ਛੱਡਿਐ ਮੈਂ ਸਾਰੀ ਉਮਰ ਤੈਨੂੰ ਕਿਸੇ ਪਾਸਿਓਂ ਚੋਹੁ ਨਹੀਂ ਲੱਗਣ ਦਿੱਤੀ ਐਰੇ ਵਗੇਰੇ ਕਾਫੀ ਗਰਮ ਸ਼ਬਦ ਕਹਿ ਗਿਆ
ਐਨਾ ਸੁਣ ਸਾਰੀ ਔਰਤਾਂ ਦੀ ਮਹਿਫਲ ਘਬਰਾ ਗਈ ਅਤੇ ਡਾਹਢੀ ਘਬਰਾਈ ਤੇ ਤਲਖੀ ਭਰੇ ਲਹਿਜੇ ਵਿੱਚ ਪਾਣੀ-ਪਾਣੀ ਹੋਈ ਤਾਈ ਤਾਏ ਨੂੰ ਕਹਿਣ ਲੱਗੀ ਕਿ ਨਰੈਂਣਿਆਂ ਮੈਂ ਤਾਂ ਤੈਨੂੰ ਅੱਜ ਤੱਕ ਮੰਦੜਾ ਬੋਲ ਨਹੀਂ ਕਦੇ ਬੋਲਿਆ… ਨਾਲੇ ਗਊਆਂ ਚਾਰਨ ਵਾਲੇ ਹੋਣ ਸਾਡੇ ਦੁਸ਼ਮਣ ਜਾਂ ਹੋਣ ਸਾਡੇ ਸ਼ਰੀਕ ਜਿੰਨਾਂ ਜੈ ਖਾਣਿਆਂ ਨੇ ਅੱਜ ਸਾਡੇ ਘਰ ਦਾ ਬਟਵਾਰਾ ਕਰਵਾਉਣ ਲਈ ਇਹ ਫੂਕ ਮਾਰੀ ਐ ਤੂੰ ਤਾਂ ਨਰੈਣਿਆਂ ਸੁੱਖ ਨਾਲ 20 ਘਮਾਂ ਜ਼ਮੀਨ ਦਾ ਮਾਲਕ ਐ, ਸਿਰੋਂ ਸਰਦਾਰ ਐ…ਸਿਰੋ ਸਰਦਾਰ…
ਤਾਈ ਵੱਲ ਖੂੰਡਾ ਉਕਰੀ ਖੜੇ ਤਾਏ ਨੂੰ ਤਿੰਨ-ਚਾਰ ਔਰਤਾਂ ਨੇ ਜਦੋਂ ਠੰਡਾ ਹੋਣ ਲਈ ਮਿੰਨਤਾਂ ਤਰਲਾ ਜਿਹਾ ਕੀਤਾ ਤਾਂ ਤਾਇਆ ਤਾਈ ਨੂੰ ਕਹਿਣ ਲੱਗਾ ਕਿ ਚੱਲ ਨਿਹਾਲੀਏ ਤੂੰ ਐਂ ਦੱਸ ਬਈ ਜਿਹੜਾ ਗਊਆਂ ਦਾ ਫਲਾਣਾ ਪਾਲਕੀ ਸੀ ਤੇ ਉਸਦਾ ਨਾਂਅ ਕੀ ਸੀ ਤਾਂ ਤਾਈ ਝਿਜਕਦੀ ਜਿਹੀ ਹੋਈ ਕਹਿਣ ਲੱਗੀ… ਧੰਨ ਜੱਟ…
ਤੇ ਨਿਹਾਲੀਏ ਹੁਣ ਪੁੱਛ ਇਹਨਾਂ ਸਾਰੀਆਂ ਜਾਣੀਆਂ ਨੂੰ ਤੂੰ ਮੈਨੂੰ ਚੱਲਦੀ ਮਹਿਫਲ ਚ ਧੰਨਾ ਜੱਟ ਕਿਹਾ ਸੀ ਕਿ ਨਹੀ ਤੇ ਨਾਲੋਂ ਨਾਲ ਇਸ ਵਿਅੰਗ ਮਈ ਟੋਟਕੇ ਦਾ ਪਾਜ਼ ਖੁੱਲਦੇ ਹੀ ਜਿੱਥੇ ਤਾਏ ਦੀਆਂ ਬੁਰਾਛਾਂ ਹਾਸੇ ਨਾਲ ਖਿੜ ਖਿੜ ਹੋਈਆਂ ਉਂਥੇ ਦੂਜੇ ਪਾਸੇ ਸਾਰੀ ਮਹਿਫਲ ਵਿੱਚ ਵੀ ਹਾਸੇ ਦਾ ਚੜਚੋਲੜ ਪੈ ਗਿਆ ਤਾਏ ਦਾ ਅਪ੍ਰੈਲ ਫੂਲ ਨੁਕਤਾ ਦੇਖ ਉਪਰੰਤ ਨਾਲੋ-ਨਾਲ ਤਾਈ ਨੇ ਵੀ ਆਪਣੇ ਅਪ੍ਰੈਲ ਫੂਲ ਦੀ ਤਿਆਰੀ ਕਰ ਲਈ ਤੇ ਉਸਨੇ ਸਾਰੇ ਮੁਹੱਲੇ ਵਾਲਿਆਂ ਨੂੰ ਸ਼ਾਮੀ ਇੱਕ ਛੋਟੀ ਜਿਹੀ ਟੀ ਪਾਰਟੀ ਤੇ ਬੁਲਾਵਾ ਦੇ ਦਿੱਤਾ
ਘਰ ਆਇਆ ਨੂੰ ਤਾਈ ਨਿਹਾਲੀ ਨੇ ਪਹਿਲਾਂ ਚਾਹ-ਪਾਣੀ ਪਿਲਾਇਆ ਤੇ ਫਿਰ ਸਾਰਿਆਂ ਨੂੰ ਸੇਵੀਆਂ ਦੀਆਂ ਪਲੇਟਾਂ ਵਰਤਾਉਣ ਉਪਰੰਤ ਜਦੋਂ ਉਹ ਸੇਵੀਆਂ ਦੀ ਨੱਕੋ-ਨੱਕ ਭਰੀ ਪਲੇਟ ਮਹਿਫਲ ਦੇ ਵਿਚਾਲੇ ਬੈਠੇ ਤਾਏ ਨੂੰ ਫੜਾਉਣ ਲੱਗੀ ਤਾਂ ਤਾਇਆ ਪਲੇਟ ਦੇਖ ਕਹਿਣ ਲੱਗਾ… ਬੱਸ ਨਿਹਾਲੀਏ ਮੇਰੇ ਲਈ ਤਾਂ ਦੋ ਚਮਚੇ… ਮੈ ਤਾਂ ਸਿਰਫ ਤੇ ਸਿਰਫ ਦੋ ਚਮਚੇ ਹੀ ਖਾਊਂਗਾ
ਤਾਈ ਉਨੇ ਪੁੱਠੇ ਪੈਰੀਂ ਮੁੜ ਇੱਕ ਪਲੇਟ ਫਿਰ ਲੈ ਕੇ ਤਾਏ ਦੇ ਮੂਹਰੇ ਜਾ ਖੜੀ
ਹੁਣ ਤਾਇਆ ਵੀ ਤਾਈ ਕੋਲੋਂ ਪਲੇਟ ਫੜ੍ਹਨ ਤੋਂ ਝਿਜਕ ਰਿਹਾ ਸੀ ਤੇ ਲੋਕ ਉਨਾਂ ਦੇ ਮੂੰਹ ਵੱਲ ਦੇਖ ਰਹੇ ਸਨ
ਨਿਹਾਲੀ:- ਨਰੈਣਿਆ ਫਟਾਫਟ ਫੜ ਤੇ ਖ਼ਾਹ ਕੇ ਕੰਮ ਨਬੇੜ ਮੈਂ ਹੋਰ ਵੀ ਕੰਮ ਕਰਨੈਂ…
ਨਰੈਂਣਾ:- ਪਰ ਪਲੇਟ ਵਿੱਚ ਹੈ ਵੀ ਕੀ… ਜਿਹੜਾ ਮੈਂ ਖਾਵਾਂ…
ਨਿਹਾਲੀ:- ਨਰੈਂਣਿਆਂ ਤੈਨੂੰ ਕੀ ਪਿਆ ਦਿਸਦਾ ਪਲੇਟ ਵਿੱਚ
ਨਰੈਂਣਾ:- ਖਾਲੀ ਪਲੇਟ ਚ ਸਿਰਫ ਦੋ ਚਮਚੇ
ਨਿਹਾਲੀ:- ਤੇ ਫਿਰ ਨਰੈਣਿਆਂ ਖਾਹ ਹੁਣ ਏਨਾਂ ਪਤੰਦਰਾਂ ਦੋ ਚਮਚਿਆਂ ਨੂੰ…, ਤੂੰ ਸਿਰਫ ਤੇ ਸਿਰਫ ਦੋ ਚਮਚੇ ਹੀ ਮੰਗੇ ਸਨ ਜੋ ਤੇਰੇ ਮੂਹਰੇ ਹਾਜ਼ਰ-ਨਾਜ਼ਰ ਨੇ…
ਤਾਈ ਨਿਹਾਲੀ ਦੇ ਤਾਏ ਉਂਪਰ ਹੋਏ ਇਸ ਜ਼ਬਰਦਸਤ ਵਿਅੰਗ ਟੋਟਕੇ ਨਾਲ ਹਾਸੀ ਹੱਸਦਿਆਂ ਸਾਰਿਆਂ ਦੀ ਪੀਤੀ ਹੋਈ ਚਾਹ ਨੱਕ ਵਿੱਚਦੀ ਨਿਕਲ ਗਈ ਉਪਰੰਤ ਲੋਟ-ਪੋਟ ਹੋਏ ਸਾਰੇ ਮੁਹੱਲੇ ਵਾਲਿਆਂ ਨੇ ਦੋਵਾਂ ਨੂੰ ਇੱਕੋ ਜਿਹਾ ਦਰਜਾ ਦਿੰਦੇ ਹੋਏ ਸਨਮਾਨਿਤ ਵੀ ਕਰ ਦਿੱਤਾ
****
ਸੱਘੇ ਅਮਲੀ ਦਾ ਸਵੰਬਰ.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ
ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ?
-"ਲੈ ਬਈ ਗੱਲ ਸੁਣ ਲਓ ਇੱਕ..!" ਘੁੱਕਰ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾੜ੍ਹੀ 'ਤੇ ਬੜੀ ਬੇਕਿਰਕੀ ਨਾਲ਼ ਹੱਥ ਫ਼ੇਰਿਆ ਸੀ।
-"ਬੋਲ...?" ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-"ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ 'ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ 'ਤੇ..!"
-"ਉਹ ਕਿਹੜੇ..? ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਤੂੰ ਵੀ ਨਾ ਵਿਗੜ ਜੇਂ..?" ਦਲੀਪ ਡਰਿਆਂ ਵਾਂਗ ਬੋਲਿਆ।
-"ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!" ਕਿਸੇ ਨੇ ਕਿਹਾ।
-"ਕੀਹਦਾ ਸਤੰਬਰ..?" ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-"ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!" ਧੂਤੂ ਨੇ ਉਸ ਦੀ ਧੌਣ 'ਤੇ ਧੱਫ਼ੀ ਜਿਹੀ ਮਾਰੀ।
-"ਉਹ ਕੀ ਹੁੰਦੈ..?" ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-"ਉਹ ਹੁੰਦੈ, ਜਦੋਂ ਵੱਡੇ ਲੋਕ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ..!" ਦੂਰ ਤਖ਼ਤਪੋਸ਼ 'ਤੇ ਬੈਠਾ ਪਾੜ੍ਹਾ ਬੋਲਿਆ।
-"ਬੜੀ ਲਹੁਡੀ ਦੇਣੇ ਐ ਬਈ ਫ਼ੇਰ ਤਾਂ..!"
-"ਉਏ ਛੋਛੇ ਕਰਦੇ ਐ, ਛੋਛੇ..! ਜੇ ਰੱਬ ਸਾਨੂੰ ਇਕ ਅੱਧੀ ਬਗਛ ਦਿੰਦਾ, ਮੈਂ ਤਾਂ ਛੈਂਕਲ 'ਤੇ ਬਿਠਾ ਕੇ ਈ ਲੈ ਆਉਂਦਾ..! ਪਰ ਸਹੁਰੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਸਾਡੀ ਕਿਛਮਤ 'ਚ..! ਸਾਡੇ ਵਾਰੀ ਪਤਾ ਨ੍ਹੀ ਸਾਲ਼ੇ ਨੂੰ ਕੀ ਮਰੋੜੇ ਲੱਗੇ ਵੇ ਸੀ, ਲੋਕ ਦੋ-ਦੋ ਲਈ ਬੈਠੇ ਐ..!"
-"ਕੀ ਗੱਲਾਂ ਚੱਲ ਰਹੀਐਂ..?" ਦੂਰੋਂ ਆਉਂਦੇ ਘੁੱਕਰ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ।
-"ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ..!" ਪਾੜ੍ਹੇ ਨੇ ਉੱਤਰ ਦਿੱਤਾ।
-"ਕੀ ਰਚਾਉਣ ਦੀਆਂ..?"
-"ਤੇਰੇ ਵਿਆਹ ਦੀਆਂ ਚਾਚਾ..!"
-"ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ..! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!"
-"ਕਿਉਂ ਚਾਚਾ..?"
-"ਮੈਂ ਸੋਚਿਆ ਕਿਤੇ ਕੰਜਰ ਮੇਰੇ ਅੰਤਮ ਛਛਕਾਰ ਦੀਆਂ ਤਿਆਰੀਆਂ ਕਰਦੇ ਐ..!" ਘੁੱਕਰ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-"ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾਂ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..!"
-"ਕੀ ਕਰੀਏ? ਕੋਈ ਬੱਸ ਨ੍ਹੀ ਚੱਲਦਾ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲ਼ੋਂ ਭੈੜ੍ਹੇ ਹੋਏ ਪਏ ਐਂ..!"
-"ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!" ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-"ਹੁਣ ਤੱਕ ਤਾਂ ਕੀਤੀ ਨ੍ਹੀ..! ਹੁਣ ਐਸ ਉਮਰ 'ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ..?" ਸੱਘੇ ਦਾ ਕਾਲ਼ਜਾ ਡੋਲਿਆ।
-"ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ..!"
-"ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ ਪੌਅ ਈ ਐ..!"
-"ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ!"
-"ਸਾਰਿਆਂ ਦਾ ਕਿਵੇਂ ਹੋਊ..?"
-"ਅਜੇ ਇਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ..!"
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ, "ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ਼ ਮਲ਼ ਕੇ ਨੁਹਾਓ ਪਹਿਲਾਂ! ਇਹਦੇ ਕੋਲ਼ੇ ਤਾਂ ਸਾਲ਼ਾ ਕੋਈ ਕੁੱਤਾ ਨੀ ਬਹਿੰਦਾ..!" ਧੂਤੂ ਨੇ ਆਖਿਆ।
-"ਨਹਾਉਣ ਤੋਂ ਪਹਿਲਾਂ ਮੇਰੇ ਗੋਲ਼ੀ ਮਾਰ ਦਿਓ, ਖਸਮੋਂ..!" ਸੱਘਾ ਪਿੱਟਿਆ। ਉਹ ਨਹਾਉਣ ਤੋਂ ਤੀਰ ਵਾਂਗ ਚੱਲਦਾ ਸੀ।
-"ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਹੁਣ ਸਾਲ਼ਾ ਨ੍ਹਾਉਣ ਤੋਂ ਵੀ ਭੱਜਦੈ..! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!" ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲ਼ੇ ਵਾੜੇ ਲੈ ਗਈ ਅਤੇ ਕੁਰਲਾਉਂਦੇ ਅਮਲੀ ਨੂੰ ਮਲ਼-ਮਲ਼ ਸਾਬਣ ਨਾਲ਼ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ!
-"ਉਏ ਆਹ ਹੇਠੋਂ ਪੀਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?" ਅਮਲੀ ਦੀ ਮੈਲ਼ ਥੱਲਿਓਂ ਉਹਨਾਂ ਨੂੰ ਕੁਝ ਨਜ਼ਰੀਂ ਪਿਆ।
-"ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ...! ਸਾਲ਼ਾ ਨ੍ਹਾਤਾ ਚਾਨਣੀ ਦਿਵਾਲ਼ੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫਿ਼ਰਦੈ..!" ਜੂਪੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ, "ਦੇਖ ਸਾਲ਼ੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!"
-"ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ..!"
-"ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲ਼ਾ ਮਲੰਗ..!"
-"ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!" ਅਮਲੀ ਦੇ ਦੰਦ ਵੱਜੀ ਜਾ ਰਹੇ ਸਨ।
-"ਸਾਲਿ਼ਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੀ ਮੈਲ਼ ਲਾਹਤੀ..!"
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲ਼ੀ ਮੱਝ ਵਾਂਗ ਲਿਸ਼ਕਣ ਲੱਗ ਪਿਆ। ਪਟੜੀਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ਢੰਡੋਰਾ ਪਿਟਵਾ ਦਿੱਤਾ ਅਤੇ ਛੱਡੀਆਂ ਛੁਡਾਈਆਂ ਅੱਧਖੜ੍ਹ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ। ਅਮਲੀ ਦੇ ਐਡਰੈੱਸ 'ਤੇ 25-25 ਪੈਸੇ ਦੇ 'ਦੇਸੀ' ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, "ਇਹ ਕਾਅਟ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ..!"
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ 'ਪਤਨੀਆਂ' ਲਈ ਸਮਾਂ 'ਮੁਕੱਰਰ' ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲ਼ੀ ਮਾਰ ਕੇ ਮੰਜੀ ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, "ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!"
-"ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ...! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ..!" ਅਮਲੀ ਦੇ ਮਨ ਨੂੰ ਵੀ ਸ਼ਾਂਤੀ ਆ ਗਈ ਸੀ।
-"ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!" 'ਹੋਰ' ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ 'ਤੇ ਫਿ਼ਰ ਬਿਰਾਜ ਗਿਆ। ਪਾੜ੍ਹੇ ਨੇ ਚੇਤੋ ਦੀ 'ਇੰਟਰਵਿਊ' ਕਰਨੀ ਸ਼ੁਰੂ ਕਰ ਦਿੱਤੀ।
-"ਕੀ ਨਾਂ ਐਂ ਜੀ ਆਪਣਾ..?"
-"ਵੇ ਭਾਈ ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ ਈ ਆਖਣਾ ਸ਼ੁਰੂ ਕਰਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਦ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ?"
-"ਕਿੰਨੀ ਉਮਰ ਐ ਜੀ ਤੁਹਾਡੀ..?"
-"ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ ਗੁੱਲੇ ਵੇਲ਼ੇ ਦੈ..!" ਚੇਤੋ ਨੇ ਤੁਰੰਤ ਉੱਤਰ ਮੋੜਿਆ।
-"ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?"
-"ਵੇ ਮੈਂ ਜੋਗਾ ਕਿੱਥੇ ਕਰਨਾ ਸੀ ਭਾਈ..? ਮੈਂ ਤਾਂ 'ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ...!" ਚੇਤੋ ਦੇ ਦੱਸਣ 'ਤੇ ਅਮਲੀ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ 'ਤੇ ਉਹ ਫਿ਼ਰ ਸੁਰਤ ਫ਼ੜ ਗਿਆ।
-"ਘਰ ਦੇ ਕੰਮ ਕਾਰ 'ਚ ਕਿੰਨੇ ਕੁ ਨਿਪੁੰਨ ਓਂ..?"
-"ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ 'ਚ ਸਿੱਟ ਲੈਨੀ ਆਂ, ਬੰਦਾ ਤਾਂ ਮੇਰੇ ਕੀ ਯਾਦ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਮਿਰਗੀ ਆਲਿ਼ਆਂ ਮਾਂਗੂੰ ਡਰਦਾ ਸਾਹ ਈ ਘੁੱਟ ਗਿਆ ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਫ਼ੜ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲ਼ਾ ਸਾਡੇ ਆਲ਼ੇ ਦੁਆਲ਼ੇ ਗੇੜੇ ਕੱਢਦਾ ਭੱਜਿਆ ਫਿ਼ਰੇ! ਉਹ ਤਾਂ ਬਣਿਆਂ ਫਿ਼ਰੇ ਊਰੀ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ? ਤੂੰ ਪੁਲ਼ਸ ਨੂੰ ਬੁਲਾ ਕੇ ਲਿਆ, ਘਰਆਲ਼ਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ! ਤੇ ਚੋਰ ਬਣਾ ਸਮਾਰ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾਜੋ, ਪਰ ਵੀਰ ਜੀ ਬਣ ਕੇ ਆਹ ਪੰਜ ਮਣ ਭਾਰ ਮੇਰੇ ਤੋਂ ਲਾਹੋ..! ਮੈਂ ਤਾਂ ਐਨੀ ਘੈਂਟ ਐਂ ਭਾਈ..!"
-"ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..!" ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ।
-"ਤੂੰ ਚੁੱਪ ਕਰ ਚਾਚਾ..! ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?"
-"ਵੇ ਸੇਵਾ ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ ਧੁਆਊਂ ਵੀ, ਤੇ...!"
-"ਪਾੜ੍ਹਿਆ ਇਹ ਵੀ ਨ੍ਹਾਉਣ ਧੋਣ 'ਤੇ ਆਗੀ...!" ਅਮਲੀ ਨੇ ਵਿਚ ਦੀ ਫਿ਼ਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-"ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨਹਾਉਣ ਧੋਣ ਤੋਂ ਚੱਲਦੈ...!" ਪਾੜ੍ਹੇ ਨੇ ਹੱਸ ਕੇ ਕਿਹਾ।
-"ਨ੍ਹਾਊ ਕਿਵੇਂ ਨ੍ਹੀ ਇਹੇ..? ਮੈਂ ਪੁਲ਼ਸ ਵਾਲਿ਼ਆਂ ਮਾਂਗੂੰ ਮੂਧਾ ਨਾ ਸਿੱਟਲੂੰ ਔਤਾਂ ਦੇ ਜਾਣੇ ਨੂੰ..! ਇਹ ਤਾਂ ਫਿ਼ਰੂ ਵਿਹੜੇ 'ਚ ਹੋਲੀ ਖੇਡਦਾ..!"
-"ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲ਼ੈ..!"
-"ਤੂੰ ਚੁੱਪ ਕਰਜਾ ਪਿਉ ਮੇਰਿਆ..! ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?" ਪਾੜ੍ਹੇ ਨੇ ਮੁਲਾਕਾਤ ਨੂੰ ਅੱਗੇ ਤੋਰਿਆ।
-"ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ!"
-"ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲ਼ਾਂ ਕਲਾਂ ਸਪੂਰਨ ਹੋ ਜਾਂਦੈ..!" ਅਮਲੀ ਫ਼ੇਰ ਬੋਲ ਪਿਆ।
-"ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗਿਆ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..!"
-"ਫ਼ੇਰ..?"
-"ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਖੁਰਨੀ 'ਚ ਤੇ ਉਪਰਲੀ ਸਾਰੀ ਦੰਦਬੀੜ੍ਹ ਤੋੜਤੀ, ਘਰੋਂ ਭੱਜਣ ਤੱਕ ਬਲ਼ਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ਼ ਈ ਲੰਗਰ ਝੁਲਸਦਾ ਰਿਹੈ..!" ਆਖ ਕੇ ਚੇਤੋ ਕਮਲਿ਼ਆਂ ਵਾਂਗ ਹੱਸੀ।
-"ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ ਚਪੱਠੀ ਪਾ..! ਇਹਨੂੰ ਝੱਗਾ ਡਬੱਟਾ ਦੇ ਕੇ ਘਰੋਂ ਤੋਰ..!" ਚੇਤੋ ਦੀਆਂ 'ਪ੍ਰਾਪਤੀਆਂ' ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-"ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ..?" ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-"ਮਾੜੇ ਧੀੜੇ ਨਾਂ ਨਾਲ਼ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਦੁਨੀਆਂ ਜਿਉਣ ਦਿੰਦੀ ਐ..! ਨਾਂ ਤਾਂ ਮੇਰਾ ਸ਼ਾਂਤੀ ਦੇਵੀ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾਤੀ!"
-"ਰੋਟੀ ਰਾਟੀ-!"
-"ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ ਵੀ ਬਣਾਊਂ..! ਜੇ ਪੀ ਕੇ ਕਹੂ ਮੈਨੂੰ ਬੋਤਲ 'ਚੋਂ ਆਬਦੇ ਹੱਥ ਨਾਲ਼ 'ਪੇਕ' ਪਾ ਕੇ ਦੇਹ, ਫ਼ੇਰ ਭਾਈ ਬੰਦੇ ਦਾ ਪੁੱਤ ਵੀ ਬਣਾਊਂ..!"
-"ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ...?"
-"ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲ਼ੇ ਨੂੰ ਡੋਡੇ ਪੀਸ ਪੀਸ ਕੇ ਪਿਆਉਂਦੀ ਰਹੀ ਐਂ..!"
-"ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..!" ਅਮਲੀ ਨੇ ਕਿਹਾ।
-"ਉਹਨਾਂ ਦੀ ਮੌਤ ਕਿਵੇਂ ਹੋਈ..?" ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-"ਵੇ ਭਾਈ ਇਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ 'ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆਤੇ! ਫ਼ੇਰ ਵੀ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ! ਕੁੱਟ ਕੇ ਉਹਨੇ ਤਾਂ ਬਣਾਤੀ ਮੇਰੀ ਗਿੱਦੜਪੀੜ੍ਹੀ..! ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ! ਮੈਂ ਚੱਕਿਆ ਘੋਟਣਾਂ ਤੇ ਪੁੜਪੜੀ 'ਚ ਪਾਅਤਾ ਚਿੱਬ! ਬੋਲਤੀ ਸੋ ਨਿਹਾਲ! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ 'ਦਾਅੜ' ਦੇਣੇ ਡਿੱਗਿਆ, ਮੁੜ ਨ੍ਹੀ ਉਠਿਆ!"
-"ਤੀਮੀਂ ਮੈਨੂੰ ਇਹ ਵੀ ਖੜੱਪਾ ਈ ਲੱਗਦੀ ਐ, ਪਾੜ੍ਹਿਆ! ਸਿ਼ਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫਿ਼ਰਦੀ ਲੱਗਦੀ ਐ..! ਧਿਆਨ ਨਾਲ਼ ਮੇਰਾ ਬੀਰ! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ 'ਖੰਡ ਪਾਠ ਨਾ ਖੋਲ੍ਹਣਾਂ ਪਵੇ? ਕਰਦੇ ਫਿ਼ਰੋਂਗੇ ਲੱਕੜਾਂ ਦਾ ਪ੍ਰਬੰਧ!" ਅਮਲੀ ਵਿਚ ਦੀ ਫਿ਼ਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ 'ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-"ਤੂੰ ਚੁੱਪ ਵੀ ਕਰ ਚਾਚਾ..!" ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-"ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?" ਉਸ ਨੇ ਅਗਲਾ ਸੁਆਲ ਕੀਤਾ।
-"ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲ਼ਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਨੂੰ ਜਾਣੇ!" ਉਸ ਨੇ ਬੜੇ ਮਜਾਜ ਨਾਲ ਕਿਹਾ।
-"ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!"
-"ਵੇ ਭਾਈ ਇਕ ਗੱਲ ਦੱਸ..?"
-"ਪੁੱਛੋ..!" ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-"ਮੈਨੂੰ ਵਿਆਹ ਕਰਨ ਆਲ਼ਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ ਕਿ ਬਿਆਹ ਕਰਵਾਉਣ ਆਲ਼ਾ ਤੂੰ ਈ ਐਂ...?" ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ਼ ਝਾਕਦੀ ਬੋਲੀ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-"ਨਹੀਂ ਜੀ...! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!" ਉਸ ਨੇ ਸਤਮਾਂਹੇਂ ਜਿਹੇ ਅਮਲੀ ਵੱਲ ਹੱਥ ਕਰਕੇ ਦੱਸਿਆ।
-"ਐਹਨੇ...? ਵੇ ਇਹਦੇ ਮੂੰਹ 'ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!" ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, "ਇਹ ਤਾਂ ਹੋਰ ਈ ਖੱਖਰ ਖਾਧਾ ਜਿਐ, ਇਹਦੇ ਨਾਲ਼ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!" ਤੇ ਉਹ 'ਦੰਮ-ਦੰਮ' ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਅਤੇ ਅਮਲੀ ਠੱਗਿਆਂ ਵਾਂਗ ਝਾਕ ਰਹੇ ਸਨ।
-"ਲੈ ਕਰਵਾ ਲਓ ਸਤੰਬਰ ਭੈਣ ਦੇ ਮੁੰਡਿਆਂ ਈ ਯਾਹਵੇ..! ਅੱਗੇ ਪਿੰਡ ਦੀਆਂ ਭਰਜਾਈਆਂ ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿ਼ਆਂ ਨੇ ਬਾਹਰਲੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!"
ਘੋਰ ਨਿਰਾਸ਼ ਹੋਇਆ ਅਮਲੀ ਸੱਥ ਵੱਲ ਨੂੰ ਤੁਰ ਪਿਆ।
ਕਬਾੜ ਦਾ ਜੁਗਾੜ.......... ਵਿਅੰਗ / ਨਿਰਮਲ ਜੌੜਾ
ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ ਵਾਲੇ ਕਿੰਨੇ ਮਹਿੰਗੇ ਭਾਅ ਕਬਾੜ ਖਰੀਦ ਰਹੇ ਆ,
ਪੰਜਾਹ ਰੁਪਏ ਕਿਲੋ ਪੁਰਾਣੇ ਅਖ਼ਬਾਰ, ਦੋ ਸੌ ਰੁਪਏ ਕਿਲੋ ਪਲਾਸਟਿਕ , ਟੁੱਟੀਆਂ ਚੱਪਲਾਂ, ਬੂਟ ਤੇ ਜੁੱਤੀਆਂ, ਢਾਈ ਸੌ ਰੁਪਏ ਕਿਲੋ ਪੁਰਾਣੇ ਟਾਇਰ ਟਿਊਬਾਂ, ਤਿੰਨ ਸੌ ਰੁਪਏ ਕਿਲੋ ਪੁਰਾਣੇ ਕੱਪੜੇ ਮੈਂ ਤਾਂ ਜੀ ਅੱਕੀ ਪਈ ਸੀ। ਬਈ ਇੰਨਾਂ ਨੂੰ ਸਿੱਟਾਂ ਤਾਂ ਸਿੱਟਾਂ ਕਿਥੇ? ਪੁਰਾਣੇ ਕੱਪੜੇ ਤਾਂ ਹੁਣ ਕੰਮ ਵਾਲੀਆਂ ਵੀ ਨੀ ਲੈ ਕੇ ਜਾਂਦੀਆਂ ਤੇ ਆਹ ਦੇਖ ਲਓ ਕਿ ਅੱਜ ਮਲਟੀ ਨੈਸ਼ਨਲ ਕੰਪਨੀਆਂ ਦਾ ਕਮਾਲ, ਨਵਿਆਂ ਤੋਂ ਵੀ ਮਹਿੰਗਾ ਵਿਕੂ ਇਹ ਸਭ ਕੁਝ। ’’
ਮੇਰੇ ਚਾਹ ਪੀਦਿਆਂ ਪੀਦਿਆਂ ਉਹਨੇ ਇਧਰ ਉਧਰ ਪਿਆ ਪੁਰਾਣਾ ਸਮਾਨ ਚੱਕ ਚੱਕ ਵੇਖਣਾ ਸ਼ੁਰੂ ਵੀ ਕਰਤਾ। ਕਿਸੇ ਵੱਡੀ ਲਾਟਰੀ ਦੇ ਨਿਕਲਣ ਵਾਂਗ ਬਾਗੋ ਬਾਗ ਹੋਈ ਉਹ ਮੈਨੂੰ ਸਕੂਲ ਜਾਂਦੇ ਬੱਚੇ ਵਾਂਗ ਵਾਰ ਵਾਰ ਸਮਝਾ ਰਹੀ ਸੀ , ‘‘ ਪੂਰੇ ਪੰਜ ਵਜੇ ਆ ਜਾਇਓ। ਭੀੜ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਈਏ ਆਪਾਂ ਤਾਂ ਠੀਕ ਹੈ। ਇਹੋ ਜੀ ਸਕੀਮ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ। ’’
ਮੈਂ ਇਸ਼ਤਿਹਾਰ ਨੂੰ ਇਕ ਵਾਰ ਫਿਰ ਗੌਰ ਨਾਲ ਵੇਖਿਆ ‘ਗੱਲ ਤਾਂ ਠੀਕ ਆ’ ਇਕੱਲੀ ਇਕੱਲੀ ਚੀਜ਼ ਦੇ ਭਾਅ ਸਪਸ਼ਟ ਲਿਖੇ ਸੀ। ਪਰ ਇਸ ਭਾਅ ਕਬਾੜ ਖਰੀਦ ਕੇ ਸੁਪਰ ਡੁਪਰ ਬਜ਼ਾਰ ਨੂੰ ਕੀ ਬਚੂ ਇਸ ਸੌਦੇ ਵਿੱਚ ? ਸੋਚਦਾ ਸੋਚਦਾ ਮੈਂ ਡਿਪਾਰਟਮੈਂਟ ਚਲਾ ਗਿਆ।
ਤਿੰਨ ਕੁ ਵਜੇ ਸਰਦਾਰਨੀ ਦਾ ਫੋਨ ਆ ਗਿਆ, ‘ ਯਾਦ ਆ ਅੱਜ ਜਾਣਾ ਆਪਾਂ ਸੁਪਰ ਡੁਪਰ ਬਜ਼ਾਰ, ਮੈਂ ਤਾਂ ਸਾਰਾ ਸਮਾਨ ਕੱਢ ਲਿਆ, ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਨ ਇੱਕੇ ਗੇੜੇ ਵਿੱਚ ਲੈ ਜਾਈਏ ਪਰ ਸਮਾਨ ਹੈ ਜ਼ਿਆਦਾ। ਚਲ ਕੋਈ ਨੀ ਜਿੰਨਾਂ ਵੱਧ ਹਊ ਉਨਾਂ ਈ ਫਾਇਦਾ। ਇਸ ਭਾਅ ਮੁੜ ਕੇ ਨੀ ਵਿਕਣਾ ਜ਼ਿੰਦਗੀ ਵਿੱਚ ਕਬਾੜ। ਬੱਸ ਤੁਸੀਂ ਆ ਜਾਓ।। ਜਦ ਤੱਕ ਮੈਂ ਤੇ ਬਿਨੇ ( ਪੁੱਤਰ ) ਬਾਕੀ ਸਮਾਨ ਵੀ ਇਕੱਠਾ ਕਰ ਲਈਏ ’’।
ਆਪਣਾ ਭਾਸ਼ਣ ਦੇ ਕੇ ਉਹਨੇ ਫੋਨ ਕੱਟ ਦਿੱਤਾ। ਮੈਂ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿੱਚ ਜਾ ਕੇ ਇਕ ਵਾਰੀ ਫਿਰ ਉਹ ਇਸ਼ਤਿਹਾਰ ਦੇਖਿਆ, ਰੇਟ ਚੈੱਕ ਕੀਤੇ, ਹੁਣ ਮੈਂ ਵੀ ਪੱਕਾ ਮਨ ਬਣਾ ਲਿਆ ਸੁਪਰ ਡੁਪਰ ਬਜ਼ਾਰ ਵਿੱਚ ਕਬਾੜ ਵੇਚਣ ਦਾ ।
ਪੰਜ ਵਜੇ ਘਰ ਪਹੁੰਚਿਆ, ਕਬਾੜ ਨਾਲ ਪੂਰੀ ਤਰ੍ਹਾਂ ਲੈੱਸ ਕਾਰ ਦਰਵਾਜੇ ਮੂਹਰੇ ਖੜੀ ਸੀ। ਮੋਟਰ ਸਾਈਕਲ ਖੜਾ ਕਰਕੇ ਕਾਰ ਦੇ ਆਲੇ ਦੁਆਲੇ ਗੇੜਾ ਮਾਰਿਆ, ਤੂੜ ਤੂੜ ਕੇ ਕਬਾੜ ਭਰਿਆ ਪਿਆ ਸੀ। ਬਿਨੇ ਨੂੰ ਪਹਿਲਾਂ ਹੀ ਉਹਨੇ ਅਗਲੀਆਂ ਦੋਹਾਂ ਸੀਟਾਂ ਦੇ ਵਿਚਾਲੇ ਫਿਟ ਕਰਕੇ ਬਿਠਾਇਆ ਹੋਇਆ ਸੀ ਤੇ ਆਪ ਘਰ ਨੂੰ ਜ਼ਿੰਦਾ ਲਾ ਕੇ ਚਾਬੀ ਘੁਮਾਉਂਦੀ ਘੁਮਾਉਂਦੀ ਮੇਰੇ ਵੱਲ ਐਂ ਦੇਖ ਰਹੀ ਸੀ ਜਿਵੇਂ ਜੰਗਲ ’ਚ ਖੜਾ ਸ਼ਿਕਾਰੀ ਸਾਹਮਣੇ ਖੜੇ ਸ਼ਿਕਾਰ ਨੂੰ ਦੇਖਦਾ । ਮੈਂ ਅਜੇ ਚਾਹ ਪਾਣੀ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੇ ਪਹਿਲਾਂ ਹੀ ਜੋਤਸ਼ੀ ਵਾਂਗ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਹਾ, ‘ ਅੱਜ ਚਾਹ ਛੱਡੋ ਪਹਿਲਾਂ ਕਬਾੜ ਵੇਚ ਆਈਏ, ਆਉਂਦੇ ਹੋਏ ਕੌਫੀ ਪੀ ਲਵਾਂਗੇ ਕਿਤੋਂ , ਮੇਰਾ ਤਾਂ ਇਰਾਦਾ ਅੱਜ ਡਿਨਰ ਵੀ ਰੈਸਟੋਰੈਂਟ ਵਿੱਚ ਕਰਾਂਗੇ।।।। ਬਥੇਰੇ ਪੈਸੇ ਬਣ ਜਾਣੇ ਆਂ ਇਸ ਰੱਦੀ ਸਮਾਨ ਦੇ ’।
ਕਾਰ ਦੇ ਕੋਲ ਚਾਰ-ਪੰਜ ਗੱਠੜੀਆਂ ਕੱਪੜਿਆਂ ਦੀਆਂ ਬੰਨੀਆਂ ਪਈਆਂ ਸਨ। ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਕੇ ਉਹ ਆਖਣ ਲੱਗੀ ਲਓ ਹੁਣ ਮੈਨੂੰ ਫੜਾ ਦਿਓ ਇਹ ਗੱਠੜੀਆਂ। ਮੈਂ ਸਾਰੀਆਂ ਗੱਠੜੀਆਂ ਉਹਦੇ ਗੋਡਿਆਂ ਤੇ ਧਰ ਦਿੱਤੀਆਂ । ਗੱਠੜੀਆਂ ਥੱਲੇ ਉਹ ਮਾਂ-ਪੁੱਤ ਲੁਕੇ ਪਏ ਸਨ ਪਰ ਫਿਰ ਵੀ ਉਹ ਥੱਲਿਉਂ ਕੁਝ ਨਾ ਕੁਝ ਬੋਲੀ ਜਾਂਦੀ ਸੀ, ‘ ਕੋਈ ਨੀ ਬੱਸ ਸਾਹ ਆਉਣ ਜੋਗੀ ਜਗਾ ਹੈਗੀ।।। ਤੁਸੀਂ ਤੋਰੀ ਰੱਖੋ ਗੱਡੀ। ਦਸ ਮਿੰਟ ਔਖੇ ਹੋ ਲਾਂਗੇ। ਕਬਾੜ ਤਾਂ ਸਾਰਾ ਵਿਕ ਜਾਊ ।।।ਉਹ ਵੀ ਐਨੇ ਮਹਿੰਗੇ ਭਾਅ। ’ ਉਹ ਔਖੀ ਹੋ ਕੇ ਵੀ ਜੇਤੂ ਭਲਵਾਨ ਵਾਂਗ ਖੁਸ਼ ਸੀ।
ਡਰਾਈਵਰ ਸੀਟ ਤੇ ਇਕ ਤਾਂ ਮੈਂ ਬੈਠਾ ਬਹੁਤ ਔਖਾ ਸੀ ਤੇ ਦੂਜਾ ਕਾਰ ’ਚੋਂ ਮੁਸ਼ਕ ਮਾਰਨ ਲੱਗ ਪਿਆ, ਪਤਾ ਨੀ ਕਿੰਨਾ ਕਿੰਨਾ ਪੁਰਾਣਾ ਨਿੱਕ ਸੁੱਕ ਰੱਖਿਆ ਸੀ। ਮੇਨ ਰੋਡ ਤੇ ਚੜਦਿਆਂ ਹਿਲ ਹਿਲ ਕੇ ਕੁਝ ਸੈੱਟ ਹੋਏ। ਪਤਾ ਨਹੀਂ ਉਹਨੇ ਔਖੀ ਸੌਖੀ ਹੋ ਕੇ ਕਿਵੇਂ ਪਰਸ ਚੋਂ ਫੋਨ ਕੱਢ ਕੇ ਆਵਦੇ ਪੇਕੀਂ ਮਿਲਾ ਲਿਆ, ‘‘ ਹਾਂ ਮੰਮੀ। ਅਸੀਂ ਤਾਂ ਚੱਲੇ ਆਂ।।। ਹਾਂ ਹਾਂ ਸਾਰਾ ਸਮਾਨ ਲੱਦ ਲਿਆ, ਹੋਏ ਤਾਂ ਔਖੇ ਪਰ ਇੱਕ ਗੇੜੇ ’ਚ ਹੀ ਲੈ ਚੱਲੇ ਆਂ। ਅੱਛਾ ਹੁਣ ਤੁਸੀਂ ਐਥੇ ਨਾ ਵੇਚਿਓ ਕਬਾੜ ਸਾਈਕਲਾਂ ਵਾਲਿਆਂ ਨੂੰ।।। ਬੱਸ ਗੱਡੀ ’ਚ ਲੱਦ ਕੇ ਸਾਡੇ ਕੋਲ ਆ ਜਾਓ। ਪਰ ਪ੍ਰੋਗਰਾਮ ਇਕ ਅੱਧੇ ਦਿਨ ’ਚ ਹੀ ਬਣਾ ਲਿਓ। ਇਹੋ ਜਿਹੀਆਂ ਸਕੀਮਾਂ ਐਟਰੈਕਸ਼ਨ ਵਾਸਤੇ ਹੁੰਦੀਆਂ।।।।।।।।ਇਕ ਦੋ ਦਿਨਾਂ ’ਚ ਜਿਹੜੇ ਫਾਇਦਾ ਲੈ ਗਏ। ਲੈ ਗਏ ’’।
ਸ਼ਾਇਦ ਇਸ ਕਬਾੜ ਬਾਰੇ ਉਹ ਪਹਿਲਾਂ ਵੀ ਦਿਨੇ ਉਨ੍ਹਾਂ ਨੂੰ ਦੱਸ ਚੁੱਕੀ ਸੀ। ਸੁਪਰ ਡੁਪਰ ਸ਼ੋਅ ਰੂਮ ਪਹੁੰਚੇ । ਭੀੜ ਭੜੱਕਾ। ਪਾਂ ਪਾਂ ਪੀਂ ਪੀਂ। ਗੱਡੀਆਂ ਤੇ ਗੱਡੀਆਂ। ਲੋਕ ਤਾਂ ਜਿਵੇਂ ਘਰਾਂ ਦਾ ਸਾਰਾ ਕਬਾੜ ਚੁੱਕ ਲਿਆਏ ਹੋਣ।
‘‘ ਦੇਖਿਆ ਮੈਂ ਕਿਹਾ ਸੀ ਨਾ।।ਆਹ ਵੇਖ ਲਓ ਹੁਣ, ਅਜੇ ਵੀ ਵੇਲੇ ਸਿਰ ਆ ਗਏ ਆਪਾਂ ।।। ਹੁਣ ਛੇਤੀ ਕਰੋ।।।।। ਇਧਰ ਉਧਰ ਵੇਖਣ ਦਾ ਟੈਮ ਨਹੀਂ ਹੁਣ।।।।।।ਉਹ ਵੇਖੋ ਸਾਹਮਣੇ ਲਿਖਿਆ, ਕਬਾੜ ਇਥੇ ਵੇਚੋ।’’
ਕਬਾੜ ਖਰੀਦਣ ਵਾਲੇ ਕਾਉਂਟਰ ਤੇ ¦ਮੀ ਕਤਾਰ ਸੀ । ਆਸੇ ਪਾਸੇ ਮੈਨੂੰ ਜਾਨਣ ਵਾਲੇ ਕਈ ਬੰਦੇ ਖੜੇ ਸੀ। ਘਰ ਵਾਲੀ ਨੇ ਮੇਰੀ ਝਿਜਕ ਸਮਝਦਿਆਂ ਕਿਹਾ ,‘‘ ਲੈ ਮੈਂ ਖੜ ਜਾਨੀ ਆਂ ।।।ਇਹ ਕੋਈ ਮਾੜੀ ਥਾਂ।।। ਆਪਣਾ ਸਮਾਨ ਆ।।। ਆਪ ਵੇਚਦੇ ਆਂ।।।। ਕਿਸੇ ਨੂੰ ਕੀ ’’। ਉਹਨੂੰ ਮੇਰੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਜਾਨਣ ਵਾਲਿਆਂ ਤੇ ਸੀ। ਦੋ ਢਾਈ ਘੰਟਿਆਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਪਹਿਲਾਂ ਮੈਂ ਰੇਟ ਕਨਫਰਮ ਕੀਤੇ। ਜਦੋਂ ਉਨ੍ਹਾਂ ਕਿਹਾ ਬਿਲਕੁਲ ਏਸੇ ਰੇਟ ਤੇ ਖਰੀਦ ਰਹੇ ਹਾਂ ਤਾਂ ਮੈਨੂੰ ਕਾਰ ਵਿਚਲੀ ਮੁਸ਼ਕਲ ਤੇ ਮੁਸ਼ਕ ਦੇ ਨਾਲ ਨਾਲ ਢਾਈ ਘੰਟੇ ਕਤਾਰ ਵਿੱਚ ਖੜਨ ਦਾ ਥਕੇਵਾਂ ਵੀ ਭੁੱਲ ਗਿਐ।
ਟਰਾਲੀਆਂ ’ਚੋਂ ਸਮਾਨ ਲਾਹ ਕੇ ਤੋਲਣਾ ਸ਼ੁਰੂ ਕੀਤਾ । ਅਖ਼ਬਾਰ, ਮੈਗਜ਼ੀਨ, ਪਲਾਸਟਿਕ, ਜੁੱਤੀਆਂ, ਚੱਪਲਾਂ, ਬਾਲਟੀਆਂ,ਕੱਪ, ਟਾਇਰ, ਟਿਊਬਾਂ, ਕੱਪੜੇ ਤੇ ਹੋਰ ਨਿੱਕ ਸੁੱਕ। ਕਬਾੜ ਤੁਲਦਾ ਜਾ ਰਿਹਾ ਸੀ ਸਰਦਾਰਨੀ ਦੀਆਂ ਉਂਗਲਾਂ ਕੈਲਕੂਲੇਟਰ ਤੇ ਟੱਕ-ਟੱਕ ਵੱਜ ਰਹੀਆਂ ਸੀ। ਕਾਉਂਟਰ ਤੇ ਬੈਠੇ ਟਾਈ ਵਾਲੇ ਬਾਊ ਨੇ ਸਾਰਾ ਜੋੜ ਲਾ ਕੇ ਪਰਚੀ ਮੇਰੇ ਵੱਲ ਕਰਦਿਆਂ ਕਿਹਾ, ‘‘ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਬਣ ਗਏ ਤੁਹਾਡੇ ’’
ਸਰਦਾਰਨੀ ਨੇ ਕੈਲਕੂਲੇਟਰ ਨਾਲ ਰਕਮ ਮਿਲਾਈ ਤੇ ਮੈਨੂੰ ਇਸ਼ਾਰੇ ਨਾਲ ਦੱਸ ਦਿੱਤਾ, ਬਈ ਠੀਕ ਹੈ।।।।।।ਨਾਲੇ ਮੇਰੇ ਵੱਲ ਇਸ ਤਰਾਂ ਵੇਖ ਰਹੀ ਸੀ ਜਿਵੇਂ ਆਖ ਰਹੀ ਹੋਵੇ ‘‘ ਕਿਉਂ ਸਰਦਾਰ ਜੀ।। ਅਖ਼ਬਾਰ ਪੜ੍ਹਨਾ ਸਿਖੋ, ਕੰਮ ਦੀਆਂ ਗੱਲਾਂ ਪੜ੍ਹਿਆ ਕਰੋ, ਸਿਰਫ਼ ਆਵਦੀਆਂ ਖ਼ਬਰਾਂ ਤੇ ਫੋਟੋਆਂ ਦੇਖ ਕੇ ਖੁਸ਼ ਹੋ ਜਾਂਨੇ ਆਂ ’’।
ਮੈਂ ਵੀ ਮਨ ਬਣਾਇਆ।।।ਹੋਰ ਕੁਝ ਨਹੀਂ ਖਰੀਦਣਾ ਇਨਾ ਪੈਸਿਆਂ ਦਾ, ਤੋਲੇ ਸਵਾ ਤੋਲੇ ਸੋਨੇ ਦੀ ਮੁੰਦਰੀ ਬਣਵਾ ਕੇ ਘਰ ਵਾਲੀ ਨੂੰ ਦੇ ਦਿਆਂਗੇ ਆਖਰ ਮਿਹਨਤ ਤਾਂ ਸਾਰੀ ਏਹਨੇ ਈ ਕੀਤੀ ਆ। ਟਾਈ ਵਾਲੇ ਬਾਬੂ ਨੇ ਮੇਰੀ ਸੋਚ ਨੂੰ ਤੋੜਦਿਆਂ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਦੇ ਕੂਪਨ ਮੇਰੇ ਹੱਥ ’ਚ ਫੜਾਤੇ ਅਖੇ ਸ਼ੋਅ ਰੂਮ ਦੇ ਅੰਦਰ ਚਲੇ ਜਾਓ ਜੋ ਸਮਾਨ ਖਰੀਦਣਾ ਹੈ ਖਰੀਦ ਲਓ।
ਆਹ ਕੀ ਹੋ ਗਿਆ ? ਸਾਰਾ ਸਮਾਨ ਏਥੋਂ ਖਰੀਦਣਾ ਪਊ?
ਇਕੱਠ ਜ਼ਿਆਦਾ ਹੋਣ ਕਰਕੇ ਮੈਂ ਬਹਿਸ ’ਚ ਪੈਣਾ ਠੀਕ ਨਾ ਸਮਝਿਆ। ਸਰਦਾਰਨੀ ਵੀ ਆਖਣ ਲੱਗੀ ‘‘ ਚਲੋ ਸ਼ੋਅ ਰੂਮ ਦੇ ਅੰਦਰ ਚਲਦੇ ਆਂ।।। ਆਪਾਂ ਸਾਮਾਨ ਤਾਂ ਖਰੀਦਣਾ ਈ ਐ ।।।ਏਥੋਂ ਖਰੀਦ ਲੈਨੇ ਆ।। ’’
ਅਸੀਂ ਸ਼ੋਅ ਰੂਮ ਅੰਦਰ ਚਲੇ ਗਏ। ਮੈਂ ਬਿਨੇ ਨੂੰ ਕਿਹਾ ਤੂੰ ਦੋ ਤਿੰਨ ਜ਼ੀਨਾਂ ਤੇ ਟੀ ਸ਼ਰਟਾਂ ਪਸੰਦ ਕਰ ਲੈ ।। ਮੈਂ ਵੀ ਦੋ ਕੁ ਸ਼ਰਟਾਂ ਵੇਖ ਲੈਨਾ। ਘਰ ਵਾਲੀ ਇਕ ਦਮ ਭੜਕ ਉੱਠੀ, ‘‘ ਲੈ ਹੁਣ ਤੁਹਾਡੇ ਕੱਪੜਿਆਂ ਤੇ ਤਾਂ ਨੀ ਬਰਬਾਦ ਕਰਨੇ ਸਾਰੇ ਪੈਸੇ, ਪਹਿਲਾਂ ਘਰ ਦਾ ਜ਼ਰੂਰੀ ਸਮਾਨ ਖਰੀਦ ਲਈਏ’’।
ਵੱਖ-ਵੱਖ ਕਾਉਂਟਰਾਂ ਤੇ ਖੜੇ ਟਾਈ ਵਾਲੇ ਸੇਲਜ਼ਮੈਨਾਂ ਦੇ ਨਾਲ ਝਗੜ ਰਹੇ ਕਸਟਮਰਾਂ ਦੇ ਹੱਥ ਵਿੱਚ ਸਾਡੇ ਵਰਗੇ ਕੂਪਨ ਫੜੇ ਦੇਖ ਕੇ ਅਸੀਂ ਵੀ ਉਹਨਾਂ ਵੱਲ ਨੂੰ ਹੋਏ ਤਾਂ ਮੇਰੇ ਵੱਲ ਹੱਥ ਕਰਕੇ ਇਕ ਸੇਲਜ਼ਮੈਨ ਮੁੰਡਾ, ਜਿਹੜਾ ਸ਼ਾਇਦ ਮੈਨੂੰ ਜਾਣਦਾ ਸੀ, ਆਖਣ ਲੱਗਾ, ‘‘ ਲੈ ਆਹ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਵੋ, ਇਹਨਾਂ ਕੋਲ ਵੀ ਕੂਪਨ ਆ, ਇਹ ਪੜ੍ਹੇ ਲਿਖੇ ਆ।। ਸਾਰੀ ਗੱਲ ਸਮਝਦੇ ਆ। ਲਓ।। ਦੱਸੋ ਇਨ੍ਹਾਂ ਨੂੰ ਪ੍ਰੋਫੈਸਰ ਸਾਹਿਬ ।।।।ਬਈ ਆਹ ਜਿਹੜੀ ਕਬਾੜ ਵੇਚ ਕੇ ਐਕਸਚੇਜ਼ ਵਾਲੀ ਸਕੀਮ ਐ।।।।।।ਇਹਦੇ ਵਿੱਚ ਜਿੰਨੇ ਕੂਪਨ ਤੁਸੀਂ ਐਡਜਸਟ ਕਰਵਾਉਣੇ ਹੋਣ ।।।।ਉਸ ਤੋਂ ਚਾਰ ਗੁਣਾਂ ਸਮਾਨ ਖਰੀਦਣਾ ਪੈਂਦਾ।।। ਯਾਨੀ ਜੇਕਰ ਤੁਸੀਂ ਦਸ ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਤਾਂ ਢਾਈ ਹਜ਼ਾਰ ਰੁਪਏ ਦੇ ਕੂਪਨ ਐਡਜਸਟ ਹੋ ਜਾਣਗੇ ਤੇ ਤੁਹਾਨੂੰ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਨਗਦ ਦੇਣੇ ਪੈਣਗੇ। ’’ ਗੱਲ ਸੁਣ ਕੇ ਮੇਰੇ ਆਵਦੇ ਹੋਸ਼ ਉੱਡ ਗਏ। ਅੱਖ ਦੇ ਝਪਕੇ ਨਾਲ ਮੈਂ ਤਾਂ ਸੱਸੀ ਵਾਂਗੂ ਲੁੱਟਿਆ ਲੁੱਟਿਆ ਮਹਿਸੂਸ ਕੀਤਾ। ਨਾਲ ਖੜੀ ਸਰਦਾਰਨੀ ਦਾ ਮੂੰਹ ਪੀਲ ਪੈਣਾ ਸ਼ੁਰੂ ਹੋ ਗਿਆ। ਟਾਈ ਵਾਲਾ ਮੁੰਡਾ ਵਾਰ ਵਾਰ ਮੈਨੂੰ ਕਹਿ ਰਿਹਾ ਸੀ , ‘‘ ਦੱਸੋ ਪ੍ਰੋਫੈਸਰ ਸਾਹਿਬ।।। ਆਹ ਕੂਪਨ ਦੇ ਥੱਲੇ ਬਾਰੀਕ ਲਾਈਨ ਪੜ੍ਹ ਕੇ ਇਨ੍ਹਾਂ ਨੂੰ ਸਮਝਾਓ । ’’
ਇਸ਼ਤਿਹਾਰ ਅਤੇ ਕੂਪਨ ਦੇ ਥੱਲੇ ਵਾਲੀ ਬਰੀਕ ਲਾਈਨ ਨੂੰ ਜ਼ੋਰ ਲਗਾ ਕੇ ਪੜਦਿਆਂ ਪੜਦਿਆਂ ਮੇਰੀਆਂ ਅੱਖਾਂ ਘਰ ਵਾਲੀ ਨਾਲ ਮਿਲੀਆਂ, ਦੋ ਨੈਣ ਤੇਰੇ ਦੋ ਨੈਣ ਮੇਰੇ ਮਿਲ ਕੇ ਦੋ ਤੋਂ ਚਾਰ ਹੋਏ ।।।ਪਰ ਸਾਡੇ ਚਾਰੇ ਨੈਣਾਂ ਵਿੱਚ ਵੀ ਜਿਵੇਂ ਹਨੇਰਾ ਪਸਰਨ ਲੱਗਾ।।।।।ਮਤਲਬ ਜੇ ਇਹ ਸਵਾ ਉਨੀ ਹਜ਼ਾਰ ਦੇ ਕੂਪਨ ਐਡਜਸਟ ਕਰਨੇ ਹਨ ਤਾਂ ਸਾਨੂੰ ਅੱਸੀ ਹਜ਼ਾਰ ਦਾ ਸਮਾਨ ਖਰੀਦਣਾ ਪਊ। ਫਿਲਮੀ ਸੀਨ ਵਾਂਗ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਟਿਲ ਖੜ੍ਹੇ ਰਹੇ। ਨਾਲ ਦੀ ਨਾਲ ਬਿਨੇ ਜੀ ਇੱਕ ਕੈਮਰਾ ਚੱਕ ਲਿਆਏ ਅਖੇ ‘ ਪਾਪਾ ਆਹ ਕੈਮਰਾ ਆਪਾਂ ਲੈ ਲਈਏ।। ਬਹੁਤ ਸੋਹਣਾ। ’ ਉਸ ਕੈਮਰੇ ਤੇ ਨੌ ਹਜ਼ਾਰ ਨੌ ਸੌ ਨੜਿੱਨਵੇਂ ਰੁਪਏ ਦਾ ਟੈਗ ਲੱਗਾ ਸੀ। ਟਾਈ ਵਾਲਾ ਬਾਬੂ ਕਹਿੰਦਾ ‘ ਇਸ ਕੈਮਰੇ ਦੇ ਨਾਲ ਆਹ ਢਾਈ ਸੌ ਰੁਪਏ ਦੀ ਟਾਰਚ ਬਿਲਕੁਲ ਫਰੀ ਆ ਜੀ। ’ ਘਰ ਵਾਲੀ ਟਾਰਚ ਜਗਾ ਬੁਝਾ ਕੇ ਦੇਖਣ ਲੱਗ ਪਈ। ਮੇਰਾ ਮੱਥਾ ਹੋਰ ਠਣਕਿਆ। ਬਈ ਜੇ ਇਹਨੂੰ ਇਹ ਟਾਰਚ ਪਸੰਦ ਆ ਗਈ ਤਾਂ ਕੈਮਰਾ ਵੀ ਖਰੀਦਣਾ ਪਊ। ਸਰਦਾਰਨੀ ਲੱਗੀ ਹਿਸਾਬ ਕਿਤਾਬ ਲਾਉਣ ‘ ਨੌ ਹਜ਼ਾਰ ਨੌ ਸੌ ਨੜਿੱਬਵੇਂ।।।।ਤੇ ਸਾਡੇ ਕੋਲੇ ਆਹ ਕੂਪਨ ਆ ।।।।ਪੱਚੀ ਪ੍ਰਤੀਸ਼ਤ ਤਾਂ ਇਹ ਐਡਜਸਟ ਹੋ ਜਾਣਗੇ। ’ ਟਾਈ ਵਾਲਾ ਬਾਬੂ ਝਟਪਟ ਬੋਲਿਆ ‘ ਨਹੀਂ ਭੈਣਜੀ ਨਹੀਂ, ਇਹ ਕਬਾੜ ਐਕਸਚੇਜ਼ ਆਫਰ ਇਲੈਕਟ੍ਰੋਨਿਕ ਸਮਾਨ ਤੇ ਲਾਗੂ ਨਹੀਂ ਹੁੰਦੀ। ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਲਾਗੂ ਹੁੰਦੀ ਆ।’
‘‘ਤੇ ਘਰੇਲੂ ਸਮਾਨ ਤੇ ?’’ ਸਰਦਾਰਨੀ ਨੇ ਵੇਲਾ ਸੰਭਾਲਦਿਆਂ ਟਾਈ ਵਾਲੇ ਬਾਬੂ ਨੂੰ ਪੁੱਛਿਆ।
‘‘ ਨਹੀਂ ਭੈਣਜੀ ।।ਗਰੌਸਰੀ ਤੇ ਫੂਡ ਤੇ ਵੀ ਇਹ ਆਫਰ ਲਾਗੂ ਨਹੀਂ ਹੁੰਦੀ, ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਹੀ ਲਾਗੂ ਹੁੰਦੀ ਆ।’’ ਅਸੀਂ ਜਿਵੇਂ ਇਕ ਦਮ ਠੰਡੇ ਪਾਣੀ ਵਿੱਚ ਬਹਿ ਗਏ। ਸਿਰਫ ਕੱਪੜੇ ਅਤੇ ਜੁੱਤੀਆਂ ਕਿਵੇਂ ਖਰੀਦੀਆਂ ਜਾਣ ਅੱਸੀ ਹਜ਼ਾਰ ਦੀਆਂ। ਕਬਾੜ ਦਾ ਜੁਗਾੜ ਮਹਿੰਗਾ ਪੈਂਦਾ ਦੇਖਕੇ ਅਸੀਂ ਇਕ ਦੂਜੇ ਨੂੰ ਬਿਨਾਂ ਬੁਲਾਏ ਸ਼ੋਅ ਰੂਮ ਤੋਂ ਬਾਹਰ ਆ ਗਏ । ਮੈਂ ਸਰਦਾਰਨੀ ਦਾ ਮੂਡ ਬਦਲਣ ਦੀ ਕੋਸ਼ਿਸ਼ ਕੀਤੀ, ‘‘ਚੱਲ ਕੋਈ ਨੀ, ਤੂੰ ਮਨ ਨਾ ਖਰਾਬ ਕਰ, ਦੱਸ ਕਿਹੜੇ ਰੈਸਟੋਰੈਂਟ ਵਿੱਚ ਰੋਟੀ ਖਾਣੀ ਆਂ ? ’’
ਸਰਦਾਰਨੀ ਕਹਿੰਦੀ , ‘‘ ਘਰ ਚੱਲੋ, ਦਾਲ ਬਣੀ ਪਈ ਆ।।।। ਆਟਾ ਗੁੰਨਿਆਂ ਪਿਆ, ਟੈਮ ਨਾਲ ਰੋਟੀ ਖਾਈਏ। ਘਰ ਵਰਗੀ ਰੋਟੀ ਦੀ ਰੀਸ ਨਹੀਂ ’’।
ਉਹਨੇ ਕਾਹਲੀ ਕਾਹਲੀ ਨਾਲ ਪਰਸ ’ਚੋਂ ਫੋਨ ਕੱਢਿਆ ਤੇ ਡਾਇਲ ਕਰਦੀ ਕਰਦੀ ਆਖਣ ਲੱਗੀ , ‘‘ ਪਹਿਲਾਂ ਮੈਂ ਮੰਮੀ ਨੂੰ ਫੋਨ ਕਰ ਦਿਆਂ।। ਹੋਰ ਨਾ ਸਵੇਰ ਨੂੰ ਗੱਡੀ ਭਰ ਕੇ ਲੈ ਆਉਣ ਕਬਾੜ ਦੀ। ’’
ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।
ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ।
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ।
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ....। ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

ਪਰਾਂ ਵਾਲਾ ਬੂਟ.......... ਕਹਾਣੀ / ਮੁਹਿੰਦਰ ਸਿੰਘ ਘੱਗ
ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ।
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ।
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ।

ਲੜਕੇ ਤੁਮ ਕੌਨ.......... ਕਹਾਣੀ / ਮੁਹਿੰਦਰ ਸਿੰਘ ਘੱਗ
ਬੱਸ ਦੇ ਰੁਕਦਿਆਂ ਹੀ ਜਦੋਂ ਜਸਵੀਰ ਨੇ ਇੱਕ ਲੰਮਾ ਸਾਹ ਲੈਂਦਿਆਂ ਆਖਿਆ, ‘ਸ਼ੁਕਰ ਹੈ ਬਚ ਗਏ’ ਤਾਂ ਨਾਲ ਦੀ ਸੀਟ ’ਤੇ ਬੈਠੇ ਇੱਕ

ਬਜ਼ੁਰਗ ਨੇ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆ, ‘ਬਾਬੂ ਜੀ, ਇਹ ਹਾਜਮਾ ਰੋਡ ਹੈ। ਸਾਨੂੰ ਇਹਨਾਂ ਹਿਚਕੋਲਿਆਂ ਦਾ ਗੇਝੜਾ ਪੈ ਚੁੱਕਾ ਹੈ। ਬਗੈਰ ਚਾਹਿਆਂ ਹੀ ਤ੍ਰਕਾਲਾਂ ਸਵੇਰ ਦੇ ਸਫਰ ਨਾਲ ਸਾਡੀ ਕਸਰਤ ਹੋ ਜਾਂਦੀ ਹੈ।” ਆਪਣੀ ਬਾਂਹ ਅੱਗੇ ਕਰਦਾ ਹੋਇਆ ਉਹ ਬਜ਼ੁਰਗ ਫਿਰ ਬੋਲਿਆ, “ਦੇਖੋ, ਹੈ ਕਿਤੇ ਚਰਬੀ ਦਾ ਭੋਰਾ? ਕੁੱਝ ਦਿਨ ਇਸ ਬੱਸ ਦਾ ਸਫਰ ਕਰੋਗੇ ਤਾਂ ਤੁਹਾਡਾ ਹਾਅ ਲੁਸ ਲੁਸ ਕਰਦਾ ਸਰੀਰ ਵੀ ਕੱਸਿਆ ਜਾਊ।”
ਬਗੈਰ ਕੋਈ ਉੱਤਰ ਦਿੱਤਿਆਂ ਜਸਵੀਰ ਬੱਸ ਵਿੱਚੋਂ ਉੱਤਰ ਗਿਆ। ਅੱਡੇ ਦੇ ਬਾਹਰ ਰਿਕਸ਼ੇ ਵਲ ਨੂੰ ਤੁਰਿਆ ਤਾਂ ਕੁੱਝ ਹੀ ਵਿੱਥ ਤੇ ਬੰਦਿਆਂ ਦੇ ਜੁੜੇ ਹੋਏ ਇਕੱਠ ਬਾਰੇ ਜਾਨਣ ਦੀ ਉਤਸਕਤਾ ਉਸਦੇ ਅੱਗੇ ਹੋ ਤੁਰੀ। ਉੱਧਰੋਂ ਆ ਰਹੀਆਂ ਆਵਾਜ਼ਾਂ ‘ਲੜਕੇ ਤੁਮ ਕੌਨ? ।।। ਆਮੁਲ। ਮੈਂ ਕੋਨ? … ਮਾਮੁਲ’
ਉਸਦੀ ਯਾਦਾਂ ਦੀ ਪਟਾਰੀ ਦੀਆਂ ਉੱਪਰਲੀਆਂ ਤਹਿਆਂ ਹਟਾ ਕੇ ਥੱਲਿਓਂ ਕੁੱਝ ਲੱਭ ਰਹੀਆਂ ਸਨ।
“ਇਨ ਸਭ ਕੋ ਜਾਨਤਾ ਹੈ? … ਜਾਨਤਾ ਹੈ। … ਪਹਿਚਾਨਤਾ ਹੈ? … ਪਹਿਚਾਨਤਾ ਹੈ। … ਸਭ ਮੇਂ ਘੂੰਮ ਜਾ। …
‘ ਘੂੰਮ ਗਿਆ।‘
‘ਘੂੰਮ ਗਿਆ’ ਨੇ ਜਸਵੀਰ ਦੀ ਯਾਦਾਂ ਦੀ ਗਰਾਰੀ ਤੀਹ ਸਾਲ ਪਿਛਾਂਹ ਘੁਮਾ ਦਿੱਤੀ। ਉਸਨੂੰ ਯਾਦ ਆਇਆ ਕਿ ਇਹ ਤਾਂ ਮਜਮੇ ਵਾਲੇ ਹਨ। ਫੇਰ ਉਸਨੂੰ ਹੋਰ ਕਈ ਕਿਸਮ ਦੇ ਮਜਮਿਆਂ ਦੀ ਯਾਦ ਆ ਗਈ। ਮਮੀਰੇ ਦਾ ਸੁਰਮਾ ਵੇਚਣ ਵਾਲਿਆਂ ਦਾ ਮਜਮਾ ।।। ਦੰਦਾਂ ਦਾ ਚੂਰਨ ਵੇਚਣ ਵਾਲਿਆਂ ਦਾ ਮਜਮਾ … ਸਾਂਢੇ ਦਾ ਤੇਲ ਵੇਚਣ ਵਾਲਿਆਂ ਦਾ ਮਜਮਾ। ਕੁੱਝ ਹੈਰਾਨੀ ਜਿਹੀ ਵਿੱਚ ਆਪਣੇ ਆਪ ਨੂੰ ਹੀ ਸੁਨਣ ਜੋਗੀ ਆਵਾਜ਼ ਵਿੱਚ ਬੋਲਿਆ, ‘ਦੁਨੀਆਂ ਨੇ ਆਕਾਸ਼ ਛਾਣ ਮਾਰਿਆ, ਤੀਹ ਸਾਲਾਂ ਬਾਅਦ ਵੀ ਇਹ ਮਜਮਿਆਂ ਦਾ ਦੇਸ ਹੀ ਰਿਹਾ।’
ਹੁਣ ਜਸਵੀਰ ਵੀ ਮਜਮੇ ਦਾ ਇੱਕ ਹਿੱਸਾ ਬਣ ਖਲੋਤਾ ਸੀ। ਸਵਾਲ ਕਰਤਾ ਦੀ ਆਵਾਜ ਆਈ, “ਜੋ ਪੂਛੂੰਗਾ, ਬਤਲਾਏਗਾ?”
“ਬਤਲਾਏਗਾ।”
“ਤੋ ਬਤਲਾ ਵੁਹ ਸਿਗਰਟ ਵਾਲੇ ਬਾਬੂ ਕਿਆ ਕਰਤੇ ਹੈਂ?”
“ਸਿਗਰਟ ਪੀਤੇ ਹੈਂ।”
ਇੱਕਠੇ ਹੋਏ ਲੋਕਾਂ ਨਾਲ ਜਸਵੀਰ ਨੂੰ ਵੀ ਹਾਸਾ ਆ ਗਿਆ।
ਜ਼ਰਾ ਤਲਖੀ ਵਿੱਚ ਸਵਾਲ ਕਰਤਾ ਨੇ ਆਖਿਆ, “ਅਰੇ ਬੁੱਧੂ! ਬਾਬੂ ਜੀ ਹਾਥ ਮੇਂ ਸਿਗਰਟ ਲੀਏ ਪੀਏਂਗੇ ਨਹੀਂ ਤੋ ਕਿਆ ਸਿਗਰਟ ਕੀ ਨਮਾਇਸ਼ ਕਰੇਂਗੇ? … ਤੂ ਵੀ ਕਮਾਲ ਕਾ ਛੋਕਰਾ ਹੈ। ਭੈਂਸ ਕੇ ਨੀਚੇ ਛੋੜੋ ਤੋ ਭੈਂਸੇ ਕੇ ਨੀਚੇ ਜਾ ਬੈਠਤਾ ਹੈ। ਮੈਂਨੇ ਪੂਛਾ, ਬਾਬੂ ਜੀ ਕਾਮ ਕਿਆ ਕਰਤੇ ਹੈਂ?”
“ਸਰਕਾਰੀ ਅਫਸਰ ਹੈਂ।”
“ਯਿਹ ਹੂਈ ਨਾ ਬਾਤ। ਬਾਬੂ ਜੀ ਤੋ ਕਿਸਮਤ ਵਾਲੇ ਹੈਂ। ਬੇਕਾਰੀ ਨੇ ਤੋ ਨੌਜਵਾਨੋਂ ਕਾ ਹੁਲੀਆ ਟਾਈਟ ਕਰ ਦੀਆ ਹੈ। ਮਗਰ ਏਕ ਬਾਤ ਮੇਰੀ ਸਮਝ ਮੇਂ ਨਹੀਂ ਆਈ। ਬਾਬੂ ਜੀ ਸਰਕਾਰੀ ਅਫਸਰ ਹੈਂ; ਕਾਮ ਕਰੇਂ ਨਾ ਕਰੇਂ, ਸਰਕਾਰੀ ਖਜ਼ਾਨੇ ਸੇ ਤਲਬ ਮਿਲ ਜਾਤੀ ਹੈ। ਫਿਰ ਇਨ ਕਾ ਚਿਹਰਾ ਬਾਸੇ ਬੈਂਗਣ ਜੈਸਾ ਲਟਕਾ ਹੂਆ ਕਿਊਂ ਹੈ?”
“ਉਸਤਾਦ ਇਨ ਕਾ ਬੰਗਲਾ ਬਨ ਚੁਕਾ ਹੈ ।।। ਸੋਚਤੇ ਹੈਂ ਖਿੜਕੀਆਂ ਦਰਵਾਜ਼ੇ ਕੈਸੇ ਲਗਵਾਏਂ।”
“ਬੱਸ, ਇਤਨੀ ਸੀ ਬਾਤ? ਇਸ ਮੇਂ ਫਿਕਰ ਕਰਨੇ ਕੀ ਕੌਨਸੀ ਬਾਤ ਹੈ? ਮਿਸਤਰੀ ਕੋ ਬੁਲਾ ਕਰ ਖਿੜਕੀਆਂ ਦਰਵਾਜ਼ੇ ਲਗਵਾ ਲੇਂ।”
“ਉਸਤਾਦ! ਇਨਕੇ ਹਲਕੇ ਮੇਂ ਕਾਫੀ ਸਾਲੋਂ ਸੇ ਨਾ ਤੋ ਕੋਈ ਸੈਲਾਬ, ਨਾ ਸੂਖਾ। ਨਾ ਹੀ ਭੂਕਮ ਔਰ ਨਾ ਹੀ ਕੁਦਰਤ ਕਾ ਕੋਈ ਔਰ ਕਹਿਰ ਟੂਟਾ ਹੈ।”
“ਕੈਸੀ ਬੇਹੂਦਾ ਬਾਤੇਂ ਕਰਤਾ ਹੈ ਛੋਕਰੇ? ਕਿਆ ਕੈਹਰ ਟੂਟਨੇ ਸੇ ਖਿੜਕੀਆਂ ਦਰਵਾਜ਼ੇ ਲਗ ਜਾਤੇ ਹੈਂ?
“ਹਾਂ ਉਸਤਾਦ।”
“ਵੁਹ ਕੈਸੇ?”
“ਲੋਗਨ ਮੇਂ ਬਾਂਟਨੇ ਕੇ ਲੀਏ ਜੋ ਸਰਕਾਰੀ ਪੈਸਾ ਆਤਾ ਹੈ ਨਾ, ਉਸ ਮੇਂ ਸੇ ਆਧ ਬਟਾਈ ਹੋ ਜਾਤੀ ਹੈ।”
ਹਾਜ਼ਰੀਨ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਜਸਵੀਰ ਦੇ ਅੰਦਰਲੇ ਨੇ ਵੀ ਹੁੰਘਾਰਾ ਭਰਿਆ, ‘ਸਭ ਭੇਡਾਂ ਮੂੰਹ ਕਾਲੀਆਂ।’ ਵੱਡੀਆਂ ਵੱਡੀਆਂ ਨਾਮੀ ਗਰਾਮੀ ਸੰਸਥਾਵਾਂ ਵੀ ਦਾਅ ਮਾਰਨ ਵਿੱਚ ਪਿੱਛੇ ਨਹੀਂ ਰਹਿੰਦੀਆਂ। ਫਰਕ ਸਿਰਫ ਇੰਨਾ ਹੈ ਕਿ ਛੋਟੇ ਅਫਸਰ ਤਾਂ ਜੱਗ ਜ਼ਾਹਰ ਹੋ ਜਾਂਦੇ ਹਨ ਪਰ ਵੱਡੀਆਂ ਸੰਸਥਾਵਾਂ ਦਾ ਹਾਜਮਾ ਇੰਨਾ ਤੇਜ਼ ਹੈ ਕਿ ਡਕਾਰ ਵੀ ਨਹੀਂ ਮਾਰਦੀਆਂ। ਚਾਹੇ ਉਹ ਅਮੀਰ ਦੇਸ ਦੀਆਂ ਸੰਸਥਾਵਾਂ ਹੋਣ, ਚਾਹੇ ਗਰੀਬ ਦੇਸ ਦੀਆਂ।
ਜਸਵੀਰ ਦੇ ਲਾਗੇ ਖੜ੍ਹੇ ਇੱਕ ਬੰਦੇ ਨੇ ਨਾਲ ਵਾਲੇ ਨੂੰ ਕਿਹਾ, “ਮੁੰਡੇ ਨੇ ਸੋਲਾਂ ਆਨੇ ਗੱਲ ਕੀਤੀ ਆ। ਇਹੋ ਜਿਹੇ ਇੱਕ ਅਫਸਰ ਨੇ ਮੇਰੇ ਵੀ ਵੀਹ ਹਜ਼ਾਰ ਦਾ ਲੋਦਾ ਲਾਇਆ ਸੀ; ਹਾਲੇ ਤੱਕ ਰੜਕਦਾ ਐ।” ਲੋਦੇ ਦੀ ਗੱਲ ਸੁਣ ਕੇ ਜਸਵੀਰ ਨੂੰ ਆਪਣਾ ਬਚਪਨਾ ਯਾਦ ਆ ਗਿਆ, ਜਦ ਉਸਦੀ ਮਾਂ ਨੇ ਉਸਦੇ ਵੀ ਲੋਦਾ ਲਗਵਾਇਆ ਸੀ। ਉਹ ਕਿੰਨਾ ਰੋਇਆ ਸੀ। ਲੋਦਾ ਫੁੱਲ ਕੇ ਉਸ ਨੂੰ ਬੁਖਾਰ ਵੀ ਤਾਂ ਹੋ ਗਿਆ ਸੀ। ਫੇਰ ਸੋਚ ਨੇ ਕਰਵਟ ਲਈ। ਉਹ ਤਾਂ ਮੁਫਤ ਸੀ। ਇਹ ਇੰਨਾ ਮਹਿੰਗਾ ਕਿਉਂ? - ਇਸ ਗੁੱਥੀ ਨੂੰ ਸੁਲਝਾਓਣ ਲਈ ਜਸਵੀਰ ਦਾ ਦਿਮਾਗ ਆਹਰੇ ਲੱਗ ਗਿਆ।
ਉੱਧਰ ‘ਲੜਕੇ ਤੁਮ ਕੌਨ … ਮੈਂ ਕੌਨ’ ਦੀ ਮੁਹਾਰਨੀ ਚਾਲੂ ਸੀ। ਸੋਚ ਉਦੋਂ ਟੁੱਟੀ ਜਦੋਂ ਸਵਾਲ ਕਰਤਾ ਨੇ ਪੁੱਛਿਆ, “ਬਤਾਓ ਉਸ ਪਗੜੀ ਵਾਲੇ ਸਰਦਾਰ ਕੇ ਸਿਰ ਪਰ ਕਿਆ ਹੈ?”
“ਪਗੜੀ ਹੈ।”
ਇੱਕ ਵਾਰ ਫਿਰ ਹਾਸੇ ਦੀ ਛਣਕਾਰ ਗੂੰਜ ਪਈ। ਜਸਵੀਰ ਸਰਕ ਕੇ ਜ਼ਰਾ ਕੁ ਅੱਗੇ ਨੂੰ ਹੋ ਗਿਆ।
“ਅਰੇ ਬੇਵਕੂਫ, ਯੇਹ ਤੂ ਨੇ ਕੌਨਸੀ ਨਈ ਬਾਤ ਕੀ ਹੈ? ਪਗੜੀ ਵਾਲੇ ਕੋ ਹੀ ‘ਸਰਦਾਰ ਜੀ’ ਕਹਿਤੇ ਹੈਂ।”
“ਉਸਤਾਦ ਜਿਹ ਦੂਸਰੀ ਬਾਰ ਤੁਮ ਨੇ ਮੇਰੀ ਬੇਇਜ਼ਤੀ ਕੀ ਹੈ। ਅਬ ਕੇ ਬਾਅਦ ਕੋਈ ਐਸਾ ਸ਼ਬਦ ਕਹਾ ਤੋ ਮੈਂ ਤੁਮਾਰਾ ਸਾਥ ਛੋੜ ਦੂੰਗਾ।”
“ਤੁਮ ਐਸਾ ਨਹੀਂ ਕਰ ਸਕਤੇ।”
“ਕਿਊਂ ਨਹੀਂ ਕਰ ਸਕਤਾ? ਅਬ ਤੋ ਜ਼ਰਾ ਸੀ ਬਾਤ ਪਰ ਸਾਤ ਫੇਰੋਂ ਕਾ ਰਿਸ਼ਤਾ ਭੀ ਕਾਂਚ ਕੀ ਤਰ੍ਹਾ ਟੂਟ ਜਾਤਾ ਹੈ, ਤੁਮਹਾਰਾ ਔਰ ਮੇਰਾ ਰਿਸ਼ਤਾ ਹੀ ਕਿਆ ਹੈ”
“ਤੂ ਤੋ ਗੁੱਸਾ ਕਰ ਗਿਆ ਹੈ ਰੇ। ਮੇਰੇ ਕਹਿਨੇ ਕਾ ਮਤਲਬ ਥਾ, ਸਰਦਾਰ ਜੀ ਕੇ ਸਿਰ ਪੈ ਕਿਆ ਸੋਚ ਸਵਾਰ ਹੈ ਜੋ ਬੁਝ ਰਹੇ ਦੀਏ ਕੀ ਤਰ੍ਹਾ ਰੰਗ ਬਦਲ ਰਹੇ ਹੈਂ?”
“ਸਰਦਾਰ ਜੀ ਏਕ ਧਾਰਮਕ ਸੰਸਥਾ ਕਾ ਮੈਂਬਰ ਬਨਨੇ ਕੇ ਲੀਏ ਚੋਣ ਮੈਦਾਨ ਮੇਂ ਕੂਦੇ ਹੈਂ। ਸੋਚਤੇ ਹੈਂ ਕਿ ਅਗਰ ਪੋਸਤ ਕੀ ਭੁੱਕੀ ਨਾ ਮਿਲੀ ਤੋ ਕਾਫੀ ਵੋਟੋਂ ਕਾ ਨੁਕਸਾਨ ਹੋ ਜਾਏਗਾ।”
“ਤੁਮਹਾਰੀ ਬੁੱਧੀ ਤੋ ਕਾਇਮ ਹੈ? ਧਰਮ ਤੋ ਨਸ਼ਾ ਕਰਨੇ ਸੇ ਮਨ੍ਹਾਂ ਕਰਤਾ ਹੈ ਔਰ ਤੂ ਕਹਿ ਰਹਾ ਹੈ ਕਿ ਧਾਰਮਕ ਸੰਸਥਾ ਕੀ ਚੋਣ ਮੇਂ ਭੁੱਕੀ ਬਾਂਟੀ ਜਾਏਗੀ।”
“ਉਸਤਾਦ, ਅੱਬ ਧਰਮ ਕੀ ਬਾਤ ਛੋੜੋ। ਧਰਮ ਅੱਬ ਹੈ ਕਹਾਂ? ਬਸ ਸਿਆਸਤ ਹੀ ਸਿਆਸਤ ਹੈ। ਸਿਆਸਤ ਮੇਂ ਭੁੱਕੀ, ਸ਼ਰਾਬ, ਕਬਾਬ ਔਰ ਸ਼ਬਾਬ ਸਭ ਚਲਤਾ ਹੈ।”
ਜਸਵੀਰ ਦੀਆਂ ਅੱਖਾਂ ਅੱਗੇ ਪਰਦੇਸਾਂ ਵਿੱਚਲੇ ਧਰਮ ਅਸਥਾਨਾਂ ਦੀਆਂ ਚੋਣਾਂ ਦਾ ਨਕਸ਼ਾ ਸਾਹਮਣੇ ਆ ਗਿਆ। ਕਿੱਦਾਂ ਚੋਣਾਂ ਦੌਰਾਨ ਦਾਰੂ ਦੀ ਵਰਤੋਂ ਕੀਤੀ ਜਾਂਦੀ ਹੈ।
‘ਤੁਮ ਕੌਨ ।।। ਮੈਂ ਕੌਨ’ ਉਪਰੰਤ ਸਵਾਲ ਕਰਤਾ ਨੇ ਫਿਰ ਆਖਿਆ, “ਵੁਹ ਜੋ ਸਫੇਦ ਕੋਟ ਪਹਿਨੇ ਖੜੇ ਹੈਂ, ਉਨਕੋ ਜਾਨਤਾ ਹੈ?”
“ਅਛੀ ਤਰਹਾ ਸੇ … ਡਾਕਦਾਰ ਹੈਂ।”
“ਡਾਕਟਰ ਤੋ ਕੰਧੇ ਪਰ ਸਟੈਥੋਸਕੋਪ ਕੀ ਨੁਮਾਇਸ਼ ਕਰਤੇ ਹੈਂ। ਇਨ ਕੇ ਪਾਸ ਤੋ ਨਹੀਂ ਹੈ।”
“ਆਪ ਨੇ ਠੀਕ ਕਹਾ, ਉਸਤਾਦ। ਕੁਛ ਲਾਲਚੀ ਡਾਕਦਾਰੋਂ ਨੇ ਇਸ ਇੱਜ਼ਤਦਾਰ ਪੇਸ਼ੇ ਕੋ ਇਤਨਾ ਬਦਨਾਮ ਕਰ ਦੀਆ ਹੈ ਕਿ ਅਬ ਅੱਛਾ ਡਾਕਦਾਰ ਵੀ ਵੁਹ ਜੋ ਤੁਮ ਕਹਿਤੇ ਹੋ ਨਾ, ।।। ਉਸ ਕੋ ਛੁਪਾ ਕੇ ਰਖਤਾ ਹੈ।”
“ਬਦਨਾਮ ਕਰ ਦੀਆ! ਵੁਹ ਕੈਸੇ?”
“ਕੁਛ ਡਾਕਦਾਰ ਗਰੀਬ ਲੋਗਨ ਕੇ ਗੁਰਦੇ ਨਿਕਾਲ ਕਰ ਬੇਚਤੇ ਰਹੇ। ਕੁਛ ਡੇਰੇਦਾਰ ਸੰਤ ਲੋਗਨ ਭੀ ਇਨ ਕੇ ਸਾਥ ਮਿਲ ਕਰ ਆਂਖੋਂ ਕਾ ਬਿਉਪਾਰ ਕਰਤੇ ਰਹੇ।”
ਜਸਵੀਰ ਦੇ ਯਾਦਾਂ ਦੇ ਭੰਡਾਰ ਵਿੱਚੋਂ ਇੱਕ ਯਾਦ ਉੱਘੜ ਕੇ ਸਾਹਮਣੇ ਆ ਖਲੋਤੀ। ਉਹ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਾਲਾ ਡਾਕਟਰ ਵੀ ਤਾਂ ਪੈਸੇ ਦੇ ਅੰਬਾਰ ਉਸਾਰਨ ਦੀ ਦੌੜ ਵਿੱਚ ਬਗੈਰ ਲੋੜੋਂ ਹੀ ਦਿਲ ਦਾ ਉਪਰੇਸ਼ਨ ਕਰ ਦਿੰਦਾ ਸੀ। ਜਸਵੀਰ ਦਾ ਐਨ ਵਕਤ ਸਿਰ ਪੁੱਜਿਆ ਦੋਸਤ ਦਖ਼ਲ ਨਾ ਦਿੰਦਾ ਤਾਂ ਅੱਜ ਜਸਵੀਰ ਦੇ ਸੀਨੇ ਤੇ ਇੱਕ ਵੱਡਾ ਸਾਰਾ ਦਾਗ ਹੋਣਾ ਸੀ।
“।।। ਬਤਲਾਏਗਾ।” ਨੇ ਇੱਕ ਵਾਰ ਫੇਰ ਜਸਵੀਰ ਨੂੰ ਮਜਮੇ ਵਿੱਚ ਲੈ ਆਂਦਾ।
“ਬਤਲਾ ਵੁਹ ਜੋ ਬਾਬੂ ਜੀ ਪਤਲੂਨ ਕੀ ਜੇਬ ਮੈਂ ਹਾਥ ਘਸੋੜੇ ਖੜੇ ਹੈਂ ਉਨ ਕੇ ਸਿਰ ਮੇਂ ਕਿਆ ਹੈ?”
“ਭੇਜਾ ਹੈ ਉਸਤਾਦ।”
“ਵਾਹ! ਸਵਾਲ ਗੋਭੀ ਔਰ ਜਵਾਬ ਅਦਰਕ … ਕਿਆ ਚੀਜ਼ ਹੈ ਛੋਕਰੇ ਤੂ ਭੀ। ਅਰੇ ਕਭੀ ਤੋ ਸੀਧੀ ਬਾਤ ਕੀਆ ਕਰ। ਕਿਆ ਸਭੀ ਕੇ ਸਿਰ ਮੇਂ ਭੇਜਾ ਨਹੀਂ ਹੋਤਾ?”
“ਨਹੀਂ ਉਸਤਾਦ, ਕੁਛ ਲੋਗਨ ਕੇ ਸਿਰ ਮੇਂ ਭੂਸਾ ਭਰਾ ਹੂਆ ਹੋਤਾ ਹੈ।”
“ਭੂਸਾ! ਕਿਆ ਬੋਲਤਾ?”
“ਸਹੀ ਬਾਤ ਕਹਿਤ ਹੂੰ ਉਸਤਾਦ। ਜਿਨ ਲੋਗਨ ਕੀ ਵੋਟ ਕੀ ਕੀਮਤ ਸ਼ਰਾਬ ਕਬਾਬ ਯਾ ਪੋਸਤ ਕੀ ਭੁੱਕੀ ਹੋ, ਤੁਮ ਉਨ ਲੋਗਨ ਕੋ ਕਿਆ ਕਹੋਗੇ?”
“ਅਰੇ ਛੋੜ ਇਸ ਬਹਸ ਕੋ … ਯਿਹ ਬਤਾ ਬਾਬੂ ਜੀ ਇੱਤੀ ਅਕੜ ਮੇਂ ਕਿਉਂ ਹੈ?”
“ਉਸਤਾਦ, ਬਾਬੂ ਜੀ ਨੇ ਵਕਾਲਤ ਕੀ ਹੈ। ਅਬ ਸਿਆਸਤਦਾਨੋਂ ਕੀ ਤਰ੍ਹਾ ਬਾਤੇਂ ਬੇਚੇਂਗੇ ਔਰ ਬੰਗਲੇ ਬਨਵਾਏਂਗੇ। ਪੈਸਾ ਆਨੇ ਸੇ ਅਕੜ ਤੋ ਆ ਹੀ ਜਾਤੀ ਹੈ। ਪੈਸਾ ਆਨੇ ਸੇ ਕੈਸੇ ਅਕੜਨਾ ਹੈ, ਅਬ ਸੇ ਪਰੈਕਟਸ ਕਰ ਰਹੇ ਹੈਂ।
“ਤੁਮੇਂ ਕਿਆ ਗਰੰਟੀ ਹੈ ਕਿ ਬਾਬੂ ਜੀ ਖੂਬ ਕਮਾਈ ਕਰੇਂਗੇ?”
“ਉਸਤਾਦ, ਪੈਸਾ ਕਮਾਨੇ ਮੇਂ ਜੱਜ ਸਾਹਿਬ ਔਰ ਪੁਲੀਸ, ਦੋਨੋਂ ਵਕੀਲ ਸਾਹਿਬ ਕੀ ਮਦਦ ਕਰਤੇ ਹੈਂ।”
“ਵੁਹ ਕੈਸੇ?”
“ਉਸਤਾਦ ਸਾਇਲ ਏਕ ਗਾਏ ਕੀ ਤਰ੍ਹਾ ਹੋਤਾ ਹੈ। ਪੁਲੀਸ ਉਸ ਕੋ ਸੀਂਗੋਂ ਸੇ ਪਕੜ ਲੇਤੀ ਹੈ ਔਰ ਜੱਜ ਸਾਹਿਬ ਉਸ ਕੀ ਟਾਂਗੋਂ ਮੇਂ ਰਸੀ ਬਾਂਧ ਦੇਤੇ ਹੈਂ। ਵਕੀਲ ਸਾਹਿਬ ਆਰਾਮ ਸੇ ਦੂਧ ਧੋਹ ਲੇਤੇ ਹੈਂ।“
ਜਸਵੀਰ ਦੀ ਯਾਦਾਂ ਦੀ ਰੀਲ ਪਿਛਾਂਹ ਨੂੰ ਘੁੰਮ ਗਈ। ਉਸਦੇ ਮਨ ਵਿੱਚ ਇੱਕ ਚੀਸ ਜਿਹੀ ਉੱਠੀ। ਦੋ ਸਾਲ ਪਹਿਲਾਂ ਵਕੀਲ ਨੂੰ ਦਿੱਤਾ ਤੀਹ ਹਜ਼ਾਰ ਡਾਲਰ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਅਤੇ ਨਾਲ ਹੀ ਵਕੀਲ ਦੀ ਅਵਾ ਤਵਾ ਉਸਦੇ ਕੰਨਾਂ ਵਿੱਚ ਗੂੰਜਣ ਲਗੀ। ਆਪ ਮੁਹਾਰੇ ਉਸਦੇ ਅੰਦਰੋਂ ਆਵਾਜ਼ ਨਿਕਲੀ, ‘ਮੁੰਡਿਆ ਠੀਕ ਕਹਿਨਾ ਤੂੰ।’ ਲਾਗੇ ਖੜ੍ਹਾ ਇੱਕ ਸਰਦਾਰ ਜੀ ਬੋਲਿਆ, “ਬਾਬੂ ਜੀ, ਡੰਗੇ ਹੋਏ ਲਗਦੇ ਹੋ।”
ਸਵਾਲ ਕਰਤਾ ਨੇ ਫਿਰ ਪੁੱਛਿਆ, “ਉਨ ਮੂਛੋਂ ਵਾਲੇ ਸਾਹਿਬ ਕੋ ਜਾਨਤਾ ਹੈ?”
“ਜਾਨਤਾ ਹੂੰ, ਪੁਲੀਸ ਵਾਲਾ ਹੈ।”
“ਅਰੇ ਪੁਲੀਸ ਵਾਲੋਂ ਕੀ ਮੂਛੇਂ ਤੋ ਤਨੀ ਹੂਈ ਹੋਤੀ ਹੈਂ। ਫਿਰ ਇਸ ਕੀ ਮੂਛੇਂ ਨੀਚੀ ਕਿਉਂ ਹੈਂ?”
“ਉਸਤਾਦ, ਅਪਨਾ ਕੰਧਾ ਲਗਾਓ।
“ਕਿਆ ਮਤਲਬ?”
“ਅਗਰ ਮੈਂ ਨੇ ਕੁਛ ਅਨਾਬ ਸਨਾਬ ਬੋਲ ਦੀਆ ਨਾ, ਤੋ ਯੇਹ ਮਾਰ ਮਾਰ ਕੇ ਮੁਝੇ ਦੁੰਬਾ ਬਨਾ ਦੇਂਗੇ … ਗੁੜਗਾਓਂ ਕੀ ਖਬਰੇਂ ਅਭੀ ਤਾਜ਼ਾ ਹੈਂ। ਉਸਤਾਦ, ਹਮੇਂ ਇਸ ਚੱਕਰ ਮੇਂ ਨਹੀਂ ਪੜਨਾ ਚਾਹੀਏ।”
ਭੀੜ ਵਿੱਚੋਂ ਇੱਕ ਉੱਚੀ ਆਵਾਜ਼ ਉਭਰੀ, “ਜਦ ਦਾ ਅੱਤਵਾਦ ਖਤਮ ਹੋਇਆ, ਇਹਨਾਂ ਬਿਚਾਰਿਆਂ ਦੀ ਤਾਂ ਰੋਜ਼ੀ ਰੋਟੀ ਮਾਰੀ ਗਈ। ਬੱਸ ਘਰ ਦੇ ਦਾਣਿਆਂ ਤੇ ਆ ਗਏ।” ਇੱਕ ਹੋਰ ਆਵਾਜ਼ ਆਈ, “ਬਿਲਕੁਲ ਠੀਕ।”
“ਲੜਕੇ ਤੁਮ ਕੌਨ?” ਤੋਂ ਸ਼ੁਰੂ ਹੋ ਕੇ “ਬਤਲਾਏਗਾ” ਦੀ ਆਵਾਜ਼ ਆਈ ਤਾਂ ਬਾਕੀਆਂ ਦੀ ਤਰ੍ਹਾਂ ਜਸਵੀਰ ਵੀ ਇੱਧਰ ਉੱਧਰ ਦੇਖਣ ਲਗਾ। ਲਾਗਿਉਂ ਇੱਕ ਬੰਦਾ ਹੌਲੀ ਦੇਣੀ ਬੋਲਿਆ ਦੇਖੋ ਹੁਣ ਠੱਕ ਕਿੱਥੇ ਭੱਜਦੀ ਆ।।।।
“ਲੜਕੇ, ਯੇਹ ਬਤਲਾ ਵੁਹ ਜੋ ਬਾਬੂ ਲੋਗ ਹਾਥ ਮੇਂ ਕਾਪੀ ਪੈਂਸਲ ਥਾਮੇਂ ਖੜ੍ਹਾ ਹੈ, ਕਿਆ ਕਰ ਰਹਾ ਹੈ?”
“ਇਧਰ ਉਧਰ ਝਾਂਕ ਰਹਾ ਹੈ।” ਇੱਕ ਵੇਰ ਫੇਰ ਮਜਮੇ ਵਿੱਚ ਹਾਸੇ ਦਾ ਛਲਕ ਪਿਆ।
“ਦੇਖ, ਮੇਰੇ ਸਾਥ ਉਸਤਾਦੀ ਮਤ ਕਰ। ਅਗਰ ਮੈਂ ਕੁਛ ਕਹਿਤਾ ਹੂੰ ਤੋ ਤੂ ਨਾਰਾਜ਼ ਹੋ ਜਾਤਾ ਹੈ। ਮੈਂਨੇ ਪੂਛਾ ਬਾਬੂ ਜੀ ਕਾ ਪੇਸ਼ਾ ਕਿਆ ਹੈ।”
“ਪੱਤਰਕਾਰ ਹੈਂ।”
“ਤਬ ਤੋ ਲੋਗੋਂ ਤਕ ਖਬਰੇਂ ਪੁਹੰਚਾ ਕਰ ਬੜਾ ਨੇਕ ਕਾਮ ਕਰਤੇ ਹੋਂਗੇ?”
“ਹਾਂ ਉਸਤਾਦ। ਬਿਚਾਰੇ ਸਾਰਾ ਦਿਨ ਇਧਰ ਉਧਰ ਸੂੰਘਤੇ ਫਿਰਤੇ ਹੈਂ। ਕਹੀਂ ਸੇ ਜ਼ਰਾ ਸੀ ਖੁਸ਼ਬੂ ਜਾਂ ਬਦਬੂ ਆਈ ਨਹੀਂ, ਬਸ ਇਸ ਪਰਿਵਾਰ ਕੇ ਲੋਗ ਉਧਰ ਕੋ ਭਾਗ ਦੇਤੇ ਹੈਂ।”
“ਬੇਚਾਰੇ! ।।।”
“ਨਹੀਂ ਉਸਤਾਦ, ਇਤਨੇ ਬੇਚਾਰੇ ਭੀ ਨਹੀਂ। ਇਨ ਸੇ ਤੋ ਹਰ ਕੋਈ ਡਰਤਾ ਹੈ।”
“ਵੁਹ ਕਿਊਂ?”
“ਉਸਤਾਦ ਇਨ ਕੀ ਕਲਮ ਮੇਂ ਵੋਹ ਤਾਕਤ ਹੈ ਕਿ ਜਿਸੇ ਚਾਹੇਂ ਉਸੇ ਫਰਸ਼ ਸੇ ਉਠਾ ਕਰ ਅਰਸ਼ ਪੇ ਚੜ੍ਹਾ ਦੇਂ ਔਰ ਜਿਸੇ ਨਾ ਚਾਹੇਂ, ਉਸੇ ਅਰਸ਼ ਸੇ ਫਰਸ਼ ਪੇ ਪਟਕਾ ਦੇਂ।”
“ਤਬ ਤੋ ਇਨ ਸੇ ਡਰਨਾ ਚਾਹੀਏ।”
“ਨਹੀਂ ਉਸਤਾਦ, ਐਸੀ ਬਾਤ ਨਹੀਂ। ਅਗਰ ਜਿਹ ਲੋਗ ਨਾ ਹੋਂ ਤੋ ਇਸ ਲੋਕਤੰਤਰ ਮੇਂ ਅੰਧੇਰ ਛਾ ਜਾਏ। ਤੁਮਨੇ ਦੇਖਾ ਨਹੀਂ, ਇਨਹੋਂ ਨੇ ਪਾਰਲੀਮੈਂਟ ਮੈਂਬਰੋਂ ਕੋ ਕੈਸੇ ਰਿਸ਼ਵਤ ਲੇਤੇ ਹੁਏ ਪਕੜਾ?”
“ਹਾਂ ਵੁਹ ਤੋ ਠੀਕ ਹੈ।”
“ਅਗਰ ਕਿਸੀ ਕੋ ਬਲੈਕ ਮੇਲ ਕਰਨੇ ਪੇ ਆ ਜਾਏਂ, ਉਸਕਾ ਤੋ ਖੂਨ ਹੀ ਸੂਖ ਜਾਤਾ ਹੈ।”
ਜਸਵੀਰ ਦੀਆਂ ਅੱਖਾਂ ਅੱਗੇ ਇੱਕ ਤੇਜ਼ ਰਫਤਾਰ ਵੀਡੀਓ ਚੱਲਣ ਲੱਗੀ। ਅਮਰੀਕਾ ਦਾ ਪਰਧਾਨ ਨਿਕਸਨ ਵਿਚਾਰਾ ਇਹਨਾਂ ਹੱਥੋਂ ਹੀ ਮਾਰਿਆ ਗਿਆ। ।।। ਡੈਮੋਕਰੈਟਾਂ ਦੇ ਬਹੁਤ ਸਾਰੇ ਪਰਧਾਨਗੀ ਦੀ ਚੋਣ ਲੜਨ ਵਾਲੇ ਕੈਂਡੀਡੇਟ ਇਹਨਾਂ ਦਾ ਹੀ ਤਾਂ ਸ਼ਕਾਰ ਹੋਏ ਸੀ; ਪਰ ਇੱਕ ਇਹਨਾਂ ਦਾ ਵੀ ਬਾਪੂ ਨਿਕਲਿਆ। ਬਾਬਾ ਕਲਿੰਟਨ, ਆਪਣੀ ਗੱਦੀ ਦੇ ਅੱਠ ਸਾਲ ਵੀ ਪੂਰੇ ਕਰ ਗਿਆ ਅਤੇ ਵਾਈਟ ਹਾਊਸ ਵਿੱਚ ਮੈਨਕਾ ਲਵਿੰਸਕੀ ਨਾਲ ਚੋਹਲ ਵੀ ਕਰਦਾ ਰਿਹਾ।
“ਵੁਹ ਜੋ ਸਫੇਦ ਕਪੜੇ ਪਹਿਨੇ ਹੂਏ ਹੈਂ, ਜਾਨਤਾ ਹੈ ਤੂ ਵੁਹ ਕੋਨ ਹੈਂ?”
ਚਿੱਟ ਕੱਪੜੀਆਂ ’ਤੇ ਉੱਠੇ ਸਵਾਲ ਨਾਲ ਜਸਵੀਰ ਦੀ ਸੋਚ ਟੁੱਟੀ ਤਾਂ ਇੱਧਰ ਉੱਧਰ ਦੇਖਣ ਲਗਾ।
“ਉਸਤਾਦ! ਖੁਦ ਸਵਾਲ ਢੰਗ ਸੇ ਨਹੀਂ ਕਰਤੇ ਔਰ ਗੁੱਸਾ ਮੁਝ ਪਰ ਨਿਕਾਲਤੇ ਹੋ। ਦੇਖੋ , ਵਿਚਾਰੇ ਕਾਸ਼ਤਕਾਰੋਂ ਔਰ ਮਜ਼ਦੂਰੋਂ ਕੇ ਸਿਵਾਏ ਸਭੀ ਸਫੇਦ ਕਪੜੇ ਪਹਿਨਤੇ ਹੈਂ। ਮੈਂ ਕਿਸ ਕੇ ਬਾਰੇ ਮੇਂ ਬਤਲਾਊਂ।”
“ਮੇਰਾ ਮਤਲਬ ਸਫੇਦ ਸਿਲਕ ਕੇ ਕਪੜੋਂ ਸੇ ਥਾ।”
“ਉਸਤਾਦ, ਵੁਹ ਬਾਬਾ ਅੜਿੰਗ ਬੜਿੰਗ ਕੇ ਚੇਲੇ ਹੈਂ।”
“ਬਾਬਾ ਅੜਿੰਗ ਬੜਿੰਗ? ਜਿਹ ਕੈਸਾ ਨਾਮ ਹੈ?”
“ਉਸਤਾਦ, ਜਿਹ ਸਾਧੂ ਸੰਤ ਮਹਾਤਮਾ ਕੇ ਨਾਮ ਪਰ ਧਬਾ ਹੈਂ। ਲੋਗੋਂ ਕੀ ਜਾਇਦਾਦੋਂ ਪਰ ਜਬਰੀ ਕਬਜ਼ਾ ਕਰਤੇ ਹੈਂ। ਔਰਤੋਂ ਕੋ ਵਰਗਲਾ ਕਰ ਭਗਾ ਲੇ ਜਾਤੇ ਹੈਂ। ਇਨ ਕੇ ਡੇਰੋਂ ਮੇਂ ਨਾਬਾਲਗ ਲੜਕੀਉਂ ਕੇ ਸਾਥ ਬਲਾਤਕਾਰ ਹੋਤਾ ਹੈ। ਪਰਦੇਸੋਂ ਮੇਂ ਕਬੂਤਰ ਛੋੜਨੇ ਕਾ ਧੰਦਾ ਕਰਤੇ ਹੈਂ ਔਰ ਪਤਾ ਨਹੀਂ ਕਿਤਨੇ ਅੜਿੰਗ ਬੜਿੰਗ ਕਾਮ ਕਰਤੇ ਹੈਂ। ਤਭੀ ਮੈਨੇ ਇਨ ਕੋ ਅੜਿੰਗ ਬੜਿੰਗ ਬੋਲ ਦੀਆ।”
“ਜਿਹ ਰਹਿਤੇ ਕਹਾਂ ਹੈਂ ?”
“ਵੁਹ ਜੋ ਸਾਮਨੇ ਵਾਲੇ ਗੁੰਬਦ ਨਜ਼ਰ ਆ ਰਹੇ ਹੈਂ ਨਾ, ਵੁਹ ਇਨਕੀ ਰਾਜਧਾਨੀ ਹੈ।”
“ਤੁਮਹਾਰੀ ਬਾਤ ਮੇਰੀ ਸਮਝ ਸੇ ਬਾਹਰ ਹੈ। ਰਾਜਧਾਨੀ ਰਾਜਾਓਂ ਕੀ ਹੋਤੀ ਹੈ। ਮਹਾਤਮਾ ਲੋਗੋਂ ਕੇ ਤੋ ਆਸ਼ਰਮ ਯਾ ਡੇਰੇ ਹੋਤੇ ਹੈਂ ਔਰ ਤੁਮ ਰਾਜਧਾਨੀ ਕਹਿ ਰਹੇ ਹੋ। ਤੁਮਹਾਰੀ ਅਕਲ ਤੋ ਠਿਕਾਨੇ ਹੈ?”
“ਉਸਤਾਦ ਆਜ਼ਾਦੀ ਸੇ ਪਹਿਲੇ ਭਾਰਤ ਮੇਂ ਬੁਹਤ ਸੀ ਰਿਆਸਤੇਂ ਥੀਂ। ਹਰ ਰਿਆਸਤ ਕੀ ਰਾਜਧਾਨੀ ਥੀ, ਅਪਨੀ ਹਦਬੰਦੀ ਥੀ। ਹਰ ਰਾਜਾ ਕਾ ਅਪਨਾ ਖਜ਼ਾਨਾ ਥਾ, ਅਪਨੀ ਫੋਜ ਥੀ। ਪਰਜਾ ਸੇ ਲਗਾਨ ਵਸੂਲਾ ਜਾਤਾ ਥਾ। ਅਬ ਇਨ ਅੜਿੰਗ ਬੜਿੰਗ ਡੇਰੇਦਾਰੋਂ ਕੀ ਭੀ ਅਪਨੀ ਅਪਨੀ ਰਾਜਧਾਨੀਏਂ ਹੈਂ। ਹੱਦਬੰਦੀ ਹੈ। ਏਕ ਡੇਰੇਦਾਰ ਦੂਸਰੇ ਕੀ ਹਦਬੰਦੀ ਮੇਂ ਚਲਾ ਜਾਏ ਤੋਂ ਇਨ ਕੀ ਲੱਠਬਾਜ਼ ਫੌਜੇਂ ਆਪਸ ਮੇਂ ਟਕਰਾ ਜਾਤੀ ਹੈਂ। ਕਤਲ ਹੋ ਜਾਤੇ ਹੈਂ। ਕਈ ਏਕ ਕੇ ਖਜ਼ਾਨੇ ਮੇਂ ਤੋਂ ਏਕ ਸੂਬੇ ਕੀ ਸਰਕਾਰ ਸੇ ਜ਼ਿਆਦਾ ਦੌਲਤ ਹੈ। ।।। ਬਾਕੀ ਰਹੀ ਲਗਾਨ ਕੀ ਬਾਤ, ਲੋਗ ਖੁਦ ਬਖੁਦ ਖੁਸ਼ੀ ਖੁਸ਼ੀ ਇਨ ਕੇ ਖਜ਼ਾਨੇ ਮੇਂ ਮਾਲ ਲਗਾਨ ਜਮਾਂ ਕਰਵਾ ਦੇਤੇ ਹੈਂ। ਲੋਗ ਲਗਾਨ ਕੇ ਬਦਲੇ ਸਰਕਾਰ ਸੇ ਬਹੁਤ ਸੀ ਸੁਵਿਧਾਏਂ ਮਾਂਗਤੇ ਹੈਂ। ਅਗਰ ਸਰਕਾਰ ਨਹੀਂ ਦੇਤੀ ਤੋ ਅੰਦੋਲਨ ਹੋਤੇ ਹੈਂ। ਮਗਰ ਇਨ ਡੇਰੇਦਾਰੋਂ ਸੇ ਕੋਈ ਕੁਛ ਨਹੀਂ ਮਾਂਗਤਾ। ਸਿਆਸੀ ਲੀਡਰ, ਹਕੂਮਤ ਕੇ ਵਜ਼ੀਰ ਔਰ ਸਰਕਾਰੀ ਅਫਸਰ ਸਭ ਇਨ ਅੜਿੰਗ ਬੜਿੰਗ ਬਾਬਾ ਲੋਗੋਂ ਕੋ ਪ੍ਰਣਾਮ ਕਰਨੇ ਕੇ ਲੀਏ ਹਾਜ਼ਰ ਹੋਤੇ ਹੈਂ।”
“ਮੁੰਡੇ ਕੋਲੋਂ ਡੇਰੇਦਾਰ ਸਾਧਾਂ ਬਾਰੇ ਸੁਣ ਕੇ ਜਸਵੀਰ ਨੂੰ ਵੀ ਇੱਕ ਦੋ ਸ੍ਹਾਨ ਸੰਤ ਚੇਤੇ ਆ ਗਏ, ਜਿਹਨਾਂ ਨੇ ਅਮਰੀਕਾ ਕੈਨੇਡਾ ਵਿੱਚ ਲੋਕਾਂ ਦੀਆਂ ਲੱਖਾਂ ਡਾਲਰਾਂ ਦੀਆਂ ਜਾਇਦਾਦਾਂ ਹੜੱਪ ਕਰ ਲਈਆਂ ਹਨ। ਕਬੂਤਰਬਾਜ਼ੀ ਵੀ ਕਰਦੇ ਹਨ ਅਤੇ ਆਪਣੀਆਂ ਘਰ ਵਾਲੀਆਂ ਦੇ ਹੁੰਦਿਆਂ ਸੁੰਦਿਆਂ ਹੋਰ ਔਰਤਾਂ ਰੱਖੀਆਂ ਹੋਈਆਂ ਹਨ। ਵੱਡੇ ਵੱਡੇ ਧਨਾਡ ਅਤੇ ਦੇਸ ਦੇ ਧਾਰਮਕ ਆਗੂ ਉਹਨਾਂ ਦੇ ਡੇਰਿਆਂ ਤੇ ਹਾਜ਼ਰੀ ਲਗਾਉਣ ਪੁੱਜਦੇ ਹਨ। ਸਿਖ ਪੰਥ ਦੇ ਸਰਬ ਉੱਚ ਅਸਥਾਨਾਂ ਤੋਂ ਹੋਰ ਕਿਸੇ ਦਾ ਮਾਣ ਸਨਮਾਨ ਹੋਵੇ, ਚਾਹੇ ਨਾ ਹੋਵੇ; ਇਹਨਾਂ ਅੜਿੰਗ ਬੜਿੰਗ ਡੇਰੇਦਾਰਾਂ ਨੂੰ ਜ਼ਰੂਰ ਸਨਮਾਨਿਆ ਜਾਂਦਾ ਹੈ।
“ਤੂ ਵੀ ਕਮਾਲ ਕਾ ਛੋਕਰਾ ਹੈ। ਸਬ ਪਰ ਤਵਾ ਲਗਾਏ ਜਾ ਰਹਾ ਹੈ। ਤੇਰੇ ਖਿਆਲ ਮੇਂ ਕੋਈ ਅੱਛਾ ਭੀ ਹੈ?”
“ਹਾਂ ਉਸਤਾਦ, ਹੈ। ਅਭੀ ਭਲੇ ਇਨਸਾਨੋਂ ਕਾ ਬੀਜ ਨਾਸ ਨਹੀਂ ਹੂਆ ।।। ਪਰ ਏਕ ਗੰਦੇ ਅੰਡੇ ਕੀ ਬੂ ਸੇ ਸਭ ਅੰਡੋਂ ਪਰ ਸ਼ੱਕ ਹੋ ਜਾਤੀ ਹੈ।”
“ਦੇਖ, ਅੱਬ ਬਸ ਕਰ। ਕਿਉਂ ਅਪਨੇ ਔਰ ਮੇਰੇ ਪੇਟ ਪੈ ਲਾਤ ਮਾਰਤਾ ਹੈ? ਅਗਰ ਹਮ ਕੋ ਮਜਮਾ ਲਗਾਨੇ ਸੇ ਮਨ੍ਹਾਂ ਕਰ ਦੀਆ ਤੋ ਹਮ ਭੂਖੇ ਮਰ ਜਾਂਏਂਗੇ।”
“ਹਾਂ ਉਸਤਾਦ। ਤੁਮਨੇ ਠੀਕ ਕਹਾ। ਬਿਹਤਰ ਹੈ ਕਿ ਅਭੀ ਸੇ ਰੋਜ਼ੀ ਰੋਟੀ ਕਮਾਨੇ ਕਾ ਕੋਈ ਔਰ ਰਾਸਤਾ ਸੋਚ ਲੇਂ। ਬੇਕਾਰੀ ਕਾ ਜ਼ਮਾਨਾ ਹੈ, ਸਰਕਾਰੀ ਨੌਕਰੀ ਹਮੇਂ ਮਿਲੇਗੀ ਨਹੀਂ। ਵਕੀਲ ਜਾਂ ਡਾਕਦਾਰ ਹਮ ਬਨ ਨਹੀਂ ਸਕਤੇ, ਹਮਾਰੇ ਪਾਸ ਡਿਗਰੀ ਨਹੀਂ ਹੈ। ਹਾਂ, ਸਿਆਸਤਦਾਨ ਬਨ ਜਾਏਂ ਤੋ ਜਿਹ ਰੋਜ਼ ਰੋਜ਼ ਕਾ ਮਜਮਾ ਲਗਾਨੇ ਸੇ ਛੂਟ ਜਾਏਂਗੇ।”
“ਵੁਹ ਕੈਸੇ?”
“ਉਸਤਾਦ, ਸਭ ਦੁਨੀਆਂ ਕੇ ਸਿਆਸਤਦਾਨ ਇਲੈਕਸ਼ਨ ਕੇ ਸਮੇਂ ਖੂਬ ਮਜਮਾ ਜਮਾਤੇ ਹੈਂ। ਉਨ ਕੀ ਬਾਤੋਂ ਕੇ ਝਾਂਸੇ ਮੇਂ ਆ ਕਰ ਜਨਤਾ ਉਨ ਕੋ ਵੋਟ ਡਾਲਤੀ ਹੈ। ਜਿਨਕਾ ਮਜਮਾ ਅੱਛਾ ਜਮ ਜਾਏ, ਵੁਹ ਜੀਤ ਜਾਤਾ ਹੈ। ਦੂਸਰੀ ਇਲੈਕਸ਼ਨ ਤਕ ਉਨਕੀ, ਉਨਕੇ ਨਾਤੇਦਾਰੋਂ ਕੀ ਔਰ ਸਭ ਦੋਸਤੋਂ ਕੀ ਚਾਂਦੀ ਹੋ ਜਾਤੀ ਹੈ। ਏਕ ਬਾਤ ਔਰ ਕਹੂੰ ਉਸਤਾਦ ।।। ਫਿਰ ਪੁਲੀਸ ਭੀ ਉਨ ਕੋ ਸਲੂਟ ਮਾਰਤੀ ਹੈ। ਸਿਆਸਤਦਾਨੋਂ ਕੇ ਲੀਏ ਤਾਲੀਮ ਕੀ ਤੋ ਕੋਈ ਬੰਦਿਸ਼ ਹੀ ਨਹੀਂ। ਬਸ ਦੂਸਰੇ ਕੀ ਜੇਬ ਕਾਟਨੀ ਆਤੀ ਹੋ, ਝੂਟੇ ਇਕਰਾਰ ਕਰਨੇ ਕੀ ਮਹਾਰਤ ਹੋ। ਊਂਚੀ ਆਵਾਜ਼ ਮੇਂ ਨਾਹਰੇ ਲਗਾਨੇ ਕੀ ਹਿੰਮਤ ਹੋ। ਸ਼ਰਾਰਤੀ ਦਿਮਾਗ ਹੋ ਔਰ ਨਲੀ ਚੋ ਬੱਚੇ ਕੋ ਵੀ ਚੂਮ ਸਕੇਂ … ਇਤਨਾ ਤੋ ਹਮ ਕਰ ਹੀ ਲੇਂਗੇ।”
ਜਸਵੀਰ ਨੂੰ ਪਿੱਛੇ ਹਟਦਾ ਦੇਖ ਕੇ ਸਵਾਲ ਕਰਤਾ ਬੋਲਿਆ, “ਬਾਬੂ ਜੀ ਅਪਨੀ ਜਗ੍ਹਾ ਸੇ ਮਤ ਹਿਲਨਾ। ਮੁੰਡੂ ਕੀ ਜ਼ਿੰਦਗੀ ਕਾ ਸਾਵਾਲ ਹੈ। ਅੱਛਾ, ਬੱਚਾ ਲੋਗ ਦੋਨੋਂ ਹਾਥ ਕੀ ਤਾੜੀ ਲਗਾਓ।”
ਤਾੜੀਆਂ ਦੇ ਵਿੱਚਕਾਰ ਜਸਵੀਰ ਨੇ ਸੌ ਰੁਪਏ ਦਾ ਨੋਟ ਕੱਢ ਕੇ ਸਵਾਲ ਕਰਤਾ ਦੇ ਹੱਥ ਦੇ ਦਿੱਤਾ ਤਾਂ ਉਸਦੀਆਂ ਬਾਛਾਂ ਖਿੜ ਗਈਆਂ। ਉਸ ਨੇ ਰੀਸ ਪਾਉਣ ਦੀ ਨੀਅਤ ਨਾਲ ਆਖਿਆ, “ਲੜਕੇ ਦੇਖ, ਟੋਪ ਵਾਲੇ ਬਾਬੂ ਜੀ ਨੇ ਖੁਸ਼ ਹੋ ਕਰ ਤੁਮੇਂ ਕਿਤਨਾ ਬੜਾ ਨੋਟ ਦੀਆ ਹੈ ।।। ਪੂਰੇ ਸੌ ਰੁਪਏ ਕਾ ਹੈ। ਤੂ ਇਨ ਕੋ ਜਾਨਤਾ ਹੈ?”
“ਜਾਨਤਾ ਹੂੰ ।।। ਜਿਹ ਟੋਪ ਵਾਲੇ ਬਾਬੂ, ਬਾਬੂ ਜੀ ਨਹੀਂ; ਪਰਦੇਸੀ ‘ਸਰਦਾਰ ਜੀ’ ਹੈਂ।”
“ਤੁਮੇਂ ਕੈਸੇ ਪਤਾ?”
“ਇਨ ਕੀ ਬਖਸ਼ੀਸ਼ ਨਹੀਂ ਦੇਖੀ। ਸਰਦਾਰ ਲੋਗਨ ਕਾ ਜਿਤਨਾ ਬੜਾ ਦਿਲ ਉਤਨੀ ਬੜੀ ਬਖਸ਼ੀਸ਼ ਹੋਤੀ ਹੈ। ਬਾਬੂ ਲੋਗ ਤੋ ਜੇਬ ਮੇਂ ਹਾਥ ਡਾਲ ਕਰ ਸਿੱਕੇ ਕੋ ਇਤਨਾ ਮਲਤੇ ਹੈਂ, ਇਤਨਾ ਮਲਤੇ ਹੈਂ ਕਿ ਉਸ ਕੇ ਨੰਬਰ ਹੀ ਮਿਟ ਜਾਏਂ।”
“ਲੜਕੇ ਏਕ ਦਫਾ ਔਰ ਸੋਚ ਲੇ। ਸਰਦਾਰ ਲੋਗੋਂ ਕੀ ਪਹਿਚਾਨ ਪਗੜੀ ਹੋਤੀ ਹੈ, ਜੋ ਇਨ ਕੇ ਪਾਸ ਨਹੀਂ ਹੈ।”
“ਤੁਮ ਨੇ ਠੀਕ ਕਹਾ ਉਸਤਾਦ। ।।। ਪਰਦੇਸ ਨੇ ਇਨ ਸੇ ਪਗੜੀ ਹੀ ਨਹੀਂ ਛੀਨੀ, ਇਨ ਸੇ ਇਨ ਕੇ ਨਾਮ ਭੀ ਛੀਨ ਲੀਏ ਹੈਂ । ਗੁਰਦੇਵ ਸਿੰਘ ਗੈਰੀ ਹੈ; ਕੋਈ ਮਾਈਕ ਹੈ, ਕੋਈ ਪੀਟ ਹੈ, ਕੋਈ ਟੌਮ ਡਿਕ ਹੈਰੀ ਹੈ।”
“ਪੈਸੇ ਵਾਲੇ ਕਾ ਚੇਹਰਾ, ਔਰ ਬੇਰੌਨਕ! ਹੈਰਾਨੀ ਕੀ ਬਾਤ ਨਹੀਂ ਕਿਆ?”
“ਹਾਂ ਉਸਤਾਦ, ਹੈ ਤੋ ।।। ਮਗਰ ਇਸ ਕੇ ਕੁਛ ਕਾਰਨ ਹੋ ਸਕਤੇ ਹੈਂ।”
“ਕੈਸੇ ਕਾਰਨ?”
“ਹਨੀ ਕੀ ਯਾਦ ਆ ਰਹੀ ਹੋਗੀ।”
“ਹੂੰ, ਅਗਰ ਤੁਮਹਾਰਾ ਮਤਲਬ ਸ਼ਹਿਦ ਸੇ ਹੈ, ਵੁਹ ਤੋ ਕਹੀਂ ਸੇ ਭੀ ਖਰੀਦਾ ਜਾ ਸਕਤਾ ਹੈ। ਮਾਯੂਸੀ ਕੀ ਕਿਆ ਬਾਤ?”
“ਬਹੁਤ ਭੋਲਾ ਹੈ ਉਸਤਾਦ, ਇਤਨਾ ਭੀ ਨਹੀਂ ਜਾਨਤਾ, ਅਮਰੀਕਣ ਲੋਗ ਅਪਨੀ ਬੀਵੀ ਕੋ ਹਨੀ ਕਹਿਤੇ ਹੈਂ।”
“ਵੁਹ ਕਿਉਂ?”
“ਉਨਕੇ ਕੜਵੇ ਪਨ ਸੇ ਬਚਨੇ ਕੇ ਲੀਏ। ਵੈਸੇ ਤੋ ਆਜ ਕਲ ਹਮਾਰੇ ਦੇਸ਼ ਮੇਂ ਵੀ ਮਰਦ ਬੀਵੀ ਸੇ ਝੀਂਪਨੇ ਲਗੇ ਹੈਂ।”
“ਛੋੜ ।।। ਹਮੇ ਕਿਸੀ ਕੀ ਘਰੇਲੂ ਜਿੰਦਗੀ ਸੇ ਕਿਆ ਲੇਨਾ ਦੇਨਾ?”
“ਠੀਕ ਕਹਾ ਉਸਤਾਦ, ਹਮਾਰੇ ਦੇਸ਼ ਮੇਂ ਜਿਸ ਕੀ ਲਾਠੀ, ਉਸ ਕੀ ਭੈਂਸ ਕੀ ਬਾਤ ਤੋ ਕਿਸੀ ਸੇ ਛੁਪੀ ਨਹੀਂ। ਕਿਸੀ ਨੇ ਇਨ ਕੀ ਜਾਇਦਾਦ ਪਰ ਜਬਰੀ ਕਬਜ਼ਾ ਕਰ ਲੀਆ ਹੋਗਾ। ।।। ਹਾਂ, ਪੰਜਾਬੀ ਲੇਖਕ ਭੀ ਤੋ ਹੋ ਸਕਤੇ ਹੈਂ। ਅਮਰੀਕਨ ਸਰਕਾਰ ਕੀ ਤਰ੍ਹਾ ਪੈਸੇ ਕੀ ਗੇਮ ਖੇਲਤੇ ਹੈਂ। ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ। ਕਾਮਯਾਬ ਨਾ ਹੋਨੇ ਪਰ ਚੇਹਰਾ ਤੋ ਢੀਲਾ ਪੜ੍ਹੇਗਾ ਹੀ।”
ਜਸਵੀਰ ਦੇ ਅੰਦਰਲੇ ਨੇ ਨਹੋਰਾ ਮਾਰਿਆ, ‘ਹੇ ਖਾਂ! ਵੱਡਾ ਚਤਰ। ਮੈਥੋਂ ਪੈਸੇ ਲੈ ਕੇ ਮੇਰੇ ’ਤੇ ਹੀ ਤਵਾ?” ਅਤੇ ਉਹ ਮਜਮੇ ਤੋਂ ਬਾਹਰ ਨਿਕਲ ਕੇ ਰਕਸ਼ਿਆਂ ਦੇ ਅੱਡੇ ਵਲ ਨੂੰ ਤੁਰ ਪਿਆ। ਪਰ ‘ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ।’ ਦੀ ਟੇਪ ਆਪ ਮੁਹਾਰੇ ਉਸਦੇ ਸਿਰ ਵਿੱਚ ਘਰਰ ਘਰਰ ਕਰਨ ਲੱਗ ਪਈ।
“ਬਾਬੂ ਜੀ, ਕਿੱਥੇ ਲੈ ਚੱਲਾਂ?” ਰਿਕਸ਼ੇ ਵਾਲੇ ਨੇ ਪੁੱਛਿਆ।
“ਜਹੱਨਮ!” ਬੇਅਖ਼ਤਿਆਰੇ ਜਸਵੀਰ ਦੇ ਮੂੰਹੋਂ ਨਿਕਲ ਗਿਆ।
“ਬਾਬੂ ਜੀ, ਤੁਹਾਡੀ ਹਾਲਤ ਦੇਖ ਕੇ ਤਾਂ ਲਗਦਾ ਹੈ ਤੁਸੀਂ ਆਪਣੀ ਮੰਜਲ ਤੇ ਪੁੱਜ ਚੁੱਕੇ ਹੋ। ਹਾਂ, ਅਗਰ ਤੁਸੀਂ ਕੋਈ ਹੋਰ ਠਿਕਾਣਾ ਦੱਸੋ ਤਾਂ ਲੈ ਚਲਦਾ ਹਾਂ।”
ਜਸਵੀਰ ਨੇ ਕਿਸੇ ਚੰਗੀ ਕਲੱਬ ਵਿਚ ਜਾਣ ਦੀ ਇੱਛਾ ਪਰਗਟ ਕੀਤੀ। ਨਾਂਹ ਨਾਂਹ ਕਰਦੇ ਰਿਕਸ਼ੇ ਵਾਲੇ ਨੂੰ ਵੀ ਜਸਵੀਰ ਕੱਲਬ ਅੰਦਰ ਲੈ ਗਿਆ। ਜਸਵੀਰ ਨੇ ਦੋ ਸਕਾਚ ਆਨ ਰਾਕ ਦਾ ਆਰਡਰ ਕੀਤਾ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੇਰੀ ਇਨੀ ਤੋਫੀਕ ਨਹੀਂ ਕਿ ਮੈਂ ਕਲੱਬਾਂ ਵਿਚ ਸ਼ਰਾਬਾਂ ਪੀਵਾਂ।”
ਜਸਵੀਰ ਨੇ ਬਹੁਤ ਜ਼ਿੱਦ ਕੀਤੀ ਤਾਂ ਰਿਕਸ਼ੇ ਵਾਲੇ ਨੇ ਜੂਸ ਲੈ ਲਿਆ। ਪਹਿਲਾ ਡਰਾਮ ਅੰਦਰ ਉਲੱਦ ਕੇ ਝੱਟ ਜਸਵੀਰ ਨੇ ਦੂਸਰੇ ਦਾ ਆਰਡਰ ਕਰ ਦਿੱਤਾ। ਪਹਿਲੇ ਵਾਂਗ ਦੂਸਰਾ ਡਰਾਮ ਵੀ ਇਨਕਲਾਬ ਜ਼ਿੰਦਾਬਾਦ ਕਰਦਾ ਹੋਇਆ ਅੰਦਰ ਲੰਘ ਗਿਆ। ਤੀਜੇ ਦਾ ਆਰਡਰ ਹੋ ਗਿਆ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੈਂਨੂੰ ਸਮਾਂ ਦੱਸ ਦਿਓ, ਮੈਂ ਵਾਪਸ ਆ ਕੇ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਪਹੁੰਚਾ ਦੇਵਾਂਗਾ।”
ਨਸ਼ੇ ਦੀ ਲੋਰ ਨੇ ਜਸਵੀਰ ਨੂੰ ਆਪਣਾ ਦੁੱਖ ਸਾਂਝਾ ਕਰਨ ਦੀ ਹੱਲਾਸ਼ੇਰੀ ਦੇ ਦਿੱਤੀ। ਉਹ ਬੋਲਿਆ, “ਮੈਂ ਬਾਬੂ ਜੀ ਨਹੀਂ … ਤੁਹਾਡਾ ਹੀ ਪੰਜਾਬੀ ਭਰਾ ਹਾਂ ।।। ਪਰਦੇਸ ਨੇ ਸਾਨੂੰ ਬੇ ਪਛਾਣ ਕਰ ਦਿੱਤਾ ਹੈ। ਮੇਰਾ ਨਾਂ ਜਸਵੀਰ ਸਿੰਘ ਹੈ ।।। ਤੇਰਾ ?”
“ਗੁਰਨੇਕ ਸਿੰਘ।”
“ਚੰਗਾ ਫਿਰ ਗੁਰਨੇਕ; ਮੈਂ ਤੇਰੇ ਲਈ ਜੱਸੀ ਤੇ ਤੂੰ ਮੇਰੇ ਲਈ ਨੇਕ। ਮੈਂ ਅਪਣਾ ਦਿਲ ਹੌਲਾ ਕਰਨਾ ਮੰਗਦਾਂ, ਦੱਸ ਕਿਸ ਪਾਸ ਕਰਾਂ?”
“ਅੱਛਾ, ।।। ਇਹ ਗੱਲ ਆ ਤਾਂ ਜੱਸੀ ਭਾਜੀ ਘਰ ਚਲਦੇ ਹਾਂ। ਨਾਲੇ ਲੰਗਰ ਪਾਣੀ ਛਕਾਂਗੇ ਨਾਲੇ ਗੱਲਾਂ ਕਰਾਂਗੇ।
ਇੰਨੇ ਨੂੰ ਤੀਜਾ ਡਰਿੰਕ ਆ ਗਿਆ ਤਾਂ ਗੁਰਨੇਕ ਨੇ ਕਿਹਾ, “ਨਹੀਂ ਭਾਜੀ, ਹੁਣ ਹੋਰ ਨਹੀਂ। ਸ਼ਰਾਬ ਤਾਂ ਫਿਰ ਸ਼ਰਾਬੀਆਂ ਵਾਲੀਆਂ ਗੱਲਾਂ ਹੀ ਕਰਵਾਏਗੀ; ਦਿਲ ਦੀ ਗੱਲ ਨਹੀਂ ਹੋ ਸਕਣੀ।”
ਬੈਠਕ ਵਿੱਚ ਕਿਤਾਬਾਂ ਨਾਲ ਭਰੀਆਂ ਸ਼ੈਲਫਾਂ ਵਿੱਚਕਾਰ ਇੱਕ ਸ਼ੈਲਫ ਤੇ ਲਿਖਿਆ ਸ਼ਬਦ ‘ਛੜਜੰਤਰ’ ਜਸਵੀਰ ਲਈ ਖਿੱਚ ਦਾ ਕਾਰਨ ਬਣ ਗਿਆ। ਇਸ ਨਾਂ ਦਾ ਤਾਂ ਇੱਕ ਕਾਲਮ ਦੇਸ ਪਰਦੇਸ ਦੀਆਂ ਪੰਜਾਬੀ ਪਤਰਕਾਵਾਂ ਵਿੱਚ ਬੇਹੱਦ ਮਕਬੂਲ ਹੋ ਚੁੱਕਾ ਹੈ। ਉੱਠ ਕੇ ਦੇਖਣ ਹੀ ਲੱਗਾ ਸੀ ਕਿ ਗੁਰਨੇਕ ਨੇ ਕੁੜਤਾ ਪਜਾਮਾ ਤੇ ਇੱਕ ਚਾਦਰਾ ਜਸਵੀਰ ਵਲ ਨੂੰ ਕਰਦਿਆਂ ਆਖਿਆ, “ਭਾ ਜੀ ਆਹ ਲਓ ਪਜਾਮਾ, ਜੇ ਨਾਪ ਨਾ ਆਵੇ ਤਾਂ ਚਾਦਰਾ ਲਾ ਲੈਣਾ। ਆਓ, ਮੈਂ ਤੁਹਾਨੂੰ ਬਾਥਰੂਮ ਦਿਖਾ ਦੇਵਾਂ। ਇਸ਼ਨਾਨ ਕਰ ਲਵੋ; ਦਿਨ ਦਾ ਥਕੇਵਾਂ ਲਹਿ ਜਾਵੇਗਾ।”
ਬਾਥਰੂਮ ਵਿੱਚ ਵੀ ਜਸਵੀਰ ਦੀ ਸੋਚ ’ਤੇ ਕਿਤਾਬਾਂ ਅਤੇ ਛੜਜੰਤਰ ਸ਼ੈਲਫ ਵਿੱਚ ਰੱਖੇ ਕਾਗਜ਼ ਭਾਰੂ ਰਹੇ। ਰਿਕਸ਼ਾ ਤੇ ਕਿਤਾਬਾਂ? … ਹੋ ਸਕਦਾ ਹੈ ਨੇਕ ਦਾ ਕੋਈ ਭਰਾ ਭਤੀਜਾ ਕਾਲਜ ਜਾਂਦਾ ਹੋਵੇ? ਉਹਦੇ ਬਾਥਰੂਮ ਚੋਂ ਬਾਹਰ ਨਿਕਲਦਿਆਂ ਹੀ ਨੇਕ ਨੇ ਕਿਹਾ, “ਭਾਜੀ, ਬੇਬੇ ਜੀ ਨੇ ਪਰਸ਼ਾਦਾ ਛਕਣ ਲਈ ਸੱਦਿਆ ਹੈ।”
ਪਰਸ਼ਾਦੇ ਦੀ ਹਰ ਗਰਾਹੀ ਨਾਲ ਜਸਵੀਰ ਅੰਦਰ ਕਿਤਾਬਾਂ ਕਿਤਾਬਾਂ ਦਾ ਅਜੱਪਾ ਜਾਪ ਹੋ ਰਿਹਾ ਸੀ। ਮੁੜ ਬੈਠਕ ਵਿੱਚ ਪਹੁੰਚਦਿਆਂ ਹੀ ਉਹਨੇ ਨੇਕ ਉੱਤੇ ਸਵਾਲਾਂ ਦੀ ਝੜੀ ਲਾ ਦਿੱਤੀ, “ਨੇਕ, ਤੁਹਾਡਾ ਕੋਈ ਹੋਰ ਭੈਣ ਭਾਈ ਵੀ ਹੈ?”
“ਇੱਕ ਵਡੀ ਭੈਣ ਹੈ, ਜੋ ਆਪਣੇ ਘਰ ਸੁਖੀ ਹੈ।”
“ਤੇ ਇਹ ਕਿਤਾਬਾਂ ।।।।”
ਵਿੱਚੋਂ ਗੱਲ ਟੋਕਦਿਆਂ ਨੇਕ ਨੇ ਆਖਿਆ, “ਇਹ ਸ਼ੈਲਫਾਂ ਤੇ ਪਈਆਂ ਸੋਹਣੀਆਂ ਲਗਦੀਆਂ ਹਨ। ਆਇਆ ਗਿਆ ਸਾਨੂੰ ਪੜ੍ਹਿਆਂ ਲਿਖਿਆਂ ਵਿੱਚ ਗਿਣਦਾ ਹੈ।”
ਜਕਦੇ ਜਕਦੇ ਜਸਵੀਰ ਨੇ ਹੱਥ ਦੇ ਇਸ਼ਾਰੇ ਨਾਲ ਪੁੱਛਿਆ, “ਔਹ ਛੜਜੰਤਰ ਸ਼ੈਲਫ ਦਾ ਕੀ ਮਤਲਬ?”
“ਨੇਕ ਨੇ ਹੱਸਦਿਆ ਹੋਇਆਂ ਗੱਲ ਦਾ ਰੁਖ ਬਦਲਣ ਲਈ ਆਖਿਆ, “ਭਾਜੀ ਪਹਿਲਾਂ ਤੁਸੀਂ ਆਪਣੇ ਦਿਲ ਦੀ ਗੱਲ ਕਰ ਲਓ। ਥੱਕੇ ਹੋਏ ਹੋਣ ਕਾਰਨ ਜੇ ਨੀਂਦ ਆ ਗਈ ਤਾਂ ਗੱਲ ਵਿੱਚੇ ਹੀ ਰਹਿ ਜਾਵੇਗੀ।”
ਜਸਵੀਰ ਨੇ ਹੋਰ ਜਾਣਕਾਰੀ ਲਈ ਗੱਲ ਅੱਗੇ ਤੋਰੀ, “ਇਸ ਨਾਂ ਦਾ ਤਾਂ ।।। ”
“ਗੁਰਨੇਕ ਬੇਟਾ, ਆਹ ਲਓ ਗਰਮ ਗਰਮ ਦੁੱਧ ।।।”
ਦੋਵੇਂ ਉੱਠ ਕੇ ਖੜ੍ਹੇ ਹੋ ਗਏ। ਗੱਲ ਵਿੱਚਕਾਰ ਹੀ ਰਹਿ ਗਈ। ਬਾਪੂ ਦੁੱਧ ਮੇਜ਼ ’ਤੇ ਰੱਖ ਕੇ ਜਾਣ ਲੱਗਾ ਤਾਂ ਜਸਵੀਰ ਨੇ ਉਸਨੂੰ ਰੋਕ ਲਿਆ।
ਦੁੱਧ ਦਾ ਗਿਲਾਸ ਜਸਵੀਰ ਵਲ ਨੂੰ ਕਰਦਾ ਗੁਰਨੇਕ ਬੋਲਿਆ, “ਲਓ ਭਾ ਜੀ, ਨਾਲੇ ਗਰਮ ਗਰਮ ਦੁੱਧ ਪੀਓ, ਨਾਲੇ ਦਿਲ ਹੌਲਾ ਕਰੋ।”
ਜਸਵੀਰ ਨੇ ਗਿਲਾਸ ਫੜਦਿਆਂ ਉੱਤਰ ਦਿੱਤਾ , “ਨਹੀਂ, ਐਸੀ ਕੋਈ ਗਲ ਨਹੀਂ।”
“ਦੇਖੋ ਭਾ ਜੀ, ਸੰਗੋ ਨਾ; ਤੁਹਾਡਾ ਆਪਣਾ ਘਰ ਹੈ। ਨਾਲੇ ਬਾਪੂ ਜੀ ਦਾ ਜੋ ਜ਼ਿੰਦਗੀ ਪ੍ਰਤੀ ਤਜਰਬਾ ਹੈ, ਉਸ ਤੋਂ ਲਾਹਾ ਲੈਂਦੇ ਹਾਂ।”
“ਹਾਂ ਬੇਟਾ, ਗੱਲ ਕਰਨ ਨਾਲ ਹੀ ਗੱਲ ਸੁਲਝਦੀ ਹੈ। ਨਾਂ ਕਰੀਏ ਤਾਂ ਸੁਲਗਦੀ ਸੁਲਗਦੀ ਭਾਂਬੜ ਬਣ ਸਕਦੀ ਹੈ।”
“ਬਾਪੂ ਜੀ, ਮੈਂ ਕੋਈ ਤੀਹ ਸਾਲ ਤੋਂ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਿੱਚ ਰਹਿ ਰਿਹਾ ਹਾਂ। ਹਰ ਪਰਵਾਸੀ ਵਾਂਗ ਪਹਿਲਾਂ ਪਹਿਲ ਮੈਂ ਵੀ ਕਮਰ ਅਤੇ ਡੌਲਿਆਂ ਦੇ ਜੋਰ ਰੋਜ਼ੀ ਰੋਟੀ ਕਮਾਂਉਦਾ ਰਿਹਾ। ਹੁਣ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਕਨਸਲਟਿੰਗ ਇੰਜਨੀਅਰਿੰਗ ਏਜੰਸੀ ਹੈ। ਨਵੇਂ ਕਾਨੂੰਨ ਅਧੀਨ ਜਿਓਂ ਹੀ ਪੰਜਾਬੀ ਵਸੋਂ ਵਧੀ, ਨਾਲ ਹੀ ਪੰਜਾਬੀ ਸਭਾਵਾਂ ਅਤੇ ਗੁਰਦਵਾਰੇ ਹੋਂਦ ਵਿੱਚ ਆ ਗਏ। ਬੱਸ, ਅਗੇ ਕੁੱਝ ਨਾ ਪੁਛੋ। ਜਿਉਂ ਹੀ ਵਾਗਡੋਰ ਪੰਜਾਬੀ ਸੁਭਾ ਨੇ ਸੰਭਾਲੀ, ਬੱਸ ਜਿਵੇਂ ਬੂਟੇ ਦੇ ਇਰਦ ਗਿਰਦ ਪੁੰਗਾਰੇ ਫੁੱਟ ਕੇ ਹੌਲੀ ਹੌਲੀ ਬੂਟੇ ਦੀ ਛਵ੍ਹੀ ਬਿਗਾੜ ਦਿੰਦੇ ਹਨ; ਬਸ ਇਹੋ ਹਾਲ ਪੰਜਾਬੀ ਸਭਾਵਾਂ ਅਤੇ ਗੁਰਦਵਾਰਿਆਂ ਦਾ ਹੈ। ਹਰ ਰੋਜ ਕੋਈ ਨਾ ਕੋਈ ਆਪਣੀ ਹੀ ਡੇੜ ਇੱਟ ਦੀ ਮਸਜਦ ਉਸਾਰ ਰਿਹਾ ਹੈ।”
“ਇਹ ਗੱਲ ਪੰਜਾਬੀ ਗਾਇਕਾਂ, ਕੀਰਤਨਾਂ ਅਤੇ ਪੰਜਾਬੀ ਲੇਖਕਾਂ ਦੇ ਬੜੀ ਰਾਸ ਆਈ ਹੋਵੇਗੀ?”
“ਹਾਂ ਬਾਪੂ ਜੀ, ਤੁਸੀਂ ਸੱਚ ਕਹਿੰਦੇ ਹੋ। ਉਹਨਾਂ ਦਾ ਸਿਫਤਾਂ ਦਾ ਮੰਤਰ ਐਸਾ ਕਾਰਗਰ ਸਾਬਤ ਹੋਇਆ ਕਿ ਪਤਾ ਹੀ ਨਾ ਲੱਗੇ ਕਦ ਅਸੀਂ ਇੱਕ ਦੂਸਰੇ ਤੋਂ ਵੱਧ ਛੱਲੇ ਛਾਪਾਂ, ਸੋਨੇ ਦੇ ਕੜਿਆਂ ਨਾਲ ਉਹਨਾਂ ਨੂੰ ਸ਼ਿਗਾਰਨਾ ਸ਼ੁਰੂ ਕਰ ਦਿੱਤਾ। ਆਪਣੇ ਵਾਲਟਾਂ ਦੇ ਮੂੰਹ ਖੋਲ੍ਹ ਦਿੱਤੇ। ਸਖਤ ਮਿਹਨਤ ਨਾਲ ਕਮਾਏ ਡਾਲਰ ਉਹਨਾਂ ਦੀ ਝੋਲੀ ਵਿੱਚ ਜਾਂਦੇ ਦੇਖ ਅਸੀਂ ਖੁਸ਼ ਹੋ ਜਾਂਦੇ ਹਾਂ। ਆਹ ਪਿਛਲੇ ਕੁੱਝ ਦਿਨਾਂ ਦੇ ਤਲਖ ਤਜਰਬੇ ਨੇ।”
“ਬੇਟਾ, ਤੁਹਾਡੇ ਤਲਖ ਤਜਰਬੇ ਦਾ ਕਾਰਨ ਮੈਂ ਸਮਝ ਗਿਆ ਹਾਂ। ਤੁਸੀਂ ਪਰਦੇਸ ਗਏ ਲੇਖਕਾਂ ਦੀ ਪੁੱਜ ਕੇ ਸਾਂਭ ਸੰਭਾਲ ਕੀਤੀ। ਮਹਿੰਗੇ ਰੈਸਟੋਰੈਂਟਾਂ ਵਿੱਚ ਜਾ ਕੇ ਵਲਾਇਤੀ ਵਿਸਕੀ, ਮੱਛੀ ਅਤੇ ਮੁਰਗਿਆਂ ਨਾਲ ਇਹਨਾਂ ਦੀ ਖਾਤਰਦਾਰੀ ਕੀਤੀ; ਅੱਜ ਜਦ ਉਹਨਾਂ ਦੀ ਵਾਰੀ ਆਈ ਤਾਂ ਆਨੇ ਬਹਾਨੇ ਕਰ ਕੇ ਤੁਹਾਨੂੰ ਟਾਲ ਗਏ। ਬੇਟਾ, ਉਹਨਾਂ ਦਾ ਵੀ ਬੱਸ ਨਹੀਂ; ਤੁਹਾਡੇ ਪਾਸ ਤੌਫੀਕ ਸੀ ਕਿ ਉਹਨਾਂ ਨੂੰ ਵਲਾਇਤੀ ਵਿਸਕੀ ਅਤੇ ਮਸਾਲੇਦਾਰ ਮੁਰਗੇ ਮੱਛੀ ਨਾਲ ਲੇੜ੍ਹ ਸਕੋਂ ਪਰ ਜੇ ਉਹਨਾਂ ਨੂੰ ਤੁਹਾਡੀ ਉਸੇ ਤਰ੍ਹਾਂ ਸੇਵਾ ਕਰਨੀ ਪਵੇ ਤਾਂ ਉਹਨਾਂ ਨੂੰ ਤਾਂ ਉੱਗੀ ਦਾ ਚੱਕ ਦਿਸ ਪਊ।”
“ਬਾਪੂ ਜੀ, ਸੇਵਾ ਦੀ ਗੱਲ ਤਾਂ ਇੱਕ ਪਾਸੇ ਰਹੀ, ਵੀਹ ਦਿਨ ਹੋ ਗਏ ਮੈਂਨੂੰ ਆਏ ਨੂੰ, ਕੇਵਲ ਇੱਕ ਲੇਖਕ ਨੇ ਟੈਲੀਫੂਨ ਦਾ ਉੱਤਰ ਦਿੱਤਾ। ਉਹ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਟਾਲ ਗਿਆ। ਉਸ ਤੋਂ ਬਾਅਦ ਤਾਂ ਸ਼ਾਇਦ ਉਹਨਾਂ ਨੂੰ ਮੇਰੇ ਆਉਣ ਦੀ ਖਬਰ ਲੱਗ ਗਈ। ਬੱਸ, ਆਹ ਕਾਲਰ ਆਈ ਡੀ ਤੋਂ ਹੀ ਸ਼ਾਇਦ ਨੰਬਰ ਦੇਖ ਕੇ ਟੈਲੀਫੂਨ ਹੀ ਨਹੀਂ ਚੁੱਕਦੇ। ਆਹ ਕਾਲਰ ਆਈ ਡੀ ਨੇ ਤਾਂ ਬੇੜਾ ਹੀ ਬਿਠਾ ਦਿੱਤਾ ਹੈ। ਘਰ ਹੁੰਦਾ ਹੋਇਆ ਵੀ ਬੰਦਾ ਘਰ ਨਹੀਂ ਹੈ। ਕੱਲ ਮੈਂ ਇੱਕ ਸਫਰਨਾਮੇ ਦੇ ਲੇਖਕ ਨੂੰ ਟੈਲੀਫੂਨ ਕੀਤਾ ਤਾਂ ਹੈਲੋ ਕਰਨ ਤੋਂ ਬਾਅਦ ਮੇਰਾ ਨਾਂ ਸੁਣਦਿਆਂ ਸਾਰ ਉਸਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਕਹਿੰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜ਼ਰਾ ਉੱਚੀ ਬੋਲੋ। ਫੇਰ ਟੈਲੀਫੂਨ ਕੰਪਨੀ ਸਿਰ ਸਾਰਾ ਦੋਸ਼ ਮੜ੍ਹ ਕੇ ਫੂਨ ਰੱਖ ਗਿਆ। ਮੈਂ ਬੱਸ ਫੜ ਕੇ ਉਸਦੇ ਘਰ ਚਲਾ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਸੌਹਰੇ ਘਰ ਚਲੇ ਗਏ ਹਨ। ਮੈਂ ਵੀ ਬੇਸ਼ਰਮਾਂ ਵਾਂਗ ਉਸਦੇ ਸੌਹਰੇ ਘਰ ਜਾ ਪੁੱਜਾ ਤਾਂ ਉਹ ਆਖਣ ਲੱਗੇ ਕਿ ਆਏ ਤਾਂ ਸਨ ਪਰ ਇੱਕ ਐਮਰਜੈਂਸੀ ਕਾਰਨ ਉਹਨਾਂ ਨੂੰ ਇੱਕ ਹਫਤੇ ਲਈ ਕਿਤੇ ਬਾਹਰ ਜਾਣਾ ਪੈ ਗਿਆ। ਮਨ ਖੱਟਾ ਹੋ ਗਿਆ। ਸਾਰੇ ਦਿਨ ਦੀ ਖੱਜਲ ਖੁਆਰੀ, ਉੱਤੋਂ ਬਸ ਦੇ ਹਿਚਕੋਲਿਆਂ ਨੇ ਬੱਖੀਆਂ ਹੁਲ ਸੁੱਟੀਆਂ।”
“ਹੁਣ ਆਈ ਸਮਝ, ਰਾਤੀਂ ਜਹੱਨਮ ਕਿਉਂ ਜਾਣਾ ਚਾਹੁੰਦੇ ਸੀ।” ਗੁਰਨੇਕ ਨੇ ਹੱਸਦਿਆਂ ਹੋਇਆਂ ਆਖਿਆ।
“ਬੇਟਾ, ਸਫਲਤਾ ਜੱਨਤ ਹੈ, ਅਤੇ ਅਸਫਲਤਾ ਜਹੱਨਮ ।।। ਮਨੁੱਖ ਹਰ ਰੋਜ਼ ਜੱਨਤ ਅਤੇ ਜਹੱਨਮ ਵਿੱਚਕਾਰ ਹੀ ਤਾਂ ਤੁਰਿਆ ਫਿਰਦਾ। ਮੈਂਨੂੰ ਲਗਦਾ ਐ ਕਿ ਇਸ ਸਫਰਨਾਮਾ ਲਿਖਣ ਵਾਲੇ ਲੇਖਕ ਨੂੰ ਤੁਹਾਡੀ ਕਮਜ਼ੋਰੀ ਦੀ ਸੋਝੀ ਆ ਗਈ।”
“ਬਾਪੂ ਜੀ, ਉਹ ਕਿਦਾਂ?”
“ਬੇਟਾ ਹਰ ਇਨਸਾਨ ਨਾਂ ਦਾ ਭੁੱਖਾ ਐ। ਆਪਣੀਆਂ ਸਿਫਤਾਂ ਸੁਨਣੀਆਂ ਚਾਹੁੰਦਾ। ਬੱਸ, ਜਦ ਕਿਸੇ ਦੇ ਹੱਥ ਤੁਹਾਡੀ ਆਪਣੀ ਬੱਲੇ ਬੱਲੇ ਕਰਾਉਣ ਦੀ ਦੁਖਦੀ ਨਬਜ਼ ਹੱਥ ਆ ਗਈ, ਫੇਰ ਉਸਦੇ ਪੌਂ ਬਾਰਾਂ ਅਤੇ ਤੁਹਾਡੇ ਪੱਲੇ ਤਿੰਨ ਕਾਣੇ। ਲਾਰੇ ਲਾਉਣ ਵਿੱਚ ਇਹ ਲੇਖਕ ਲੋਕ ਸਿਆਸਤਦਾਨਾਂ ਦੇ ਵੀ ਉਸਤਾਦ ਹਨ। ਐਸਾ ਊਠ ਦਾ ਬੁੱਲ੍ਹ ਦਿਖਾਉਣਗੇ ਕਿ ਬੰਦਾ ਇਹਨਾਂ ਦਾ ਮੁਹਤਾਜ ਹੋ ਜਾਏ। ਹੁਣ ਬੇਟਾ ਦੱਸ, ਤੂੰ ਵੀ ਕੁੰਡੀ ਵਿੱਚ ਫਸੀ ਮੱਛੀ ਦੀ ਤਰ੍ਹਾਂ ਤਾਂ ਨਹੀਂ ਕਿਤੇ।”
“ਹਾਂ ਬਾਪੂ, ਜੀ ਤੁਸੀਂ ਠੀਕ ਕਿਹਾ। ਜਿੰਨੇ ਵੀ ਲੇਖਕ ਸਾਡੇ ਪਾਸ ਆਏ, ਮੈਂ ਉਹਨਾਂ ਦੀ ਪੁੱਜ ਕੇ ਖਾਤਰ ਕੀਤੀ। ਉਹਨਾਂ ਨੇ ਵੀ ਮੇਰੀਆਂ ਲਿਖਤਾਂ ਦੀਆਂ ਸਿਫਤਾਂ ਦੇ ਬੁੰਗੇ ਉਸਾਰ ਦਿੱਤੇ। ਆਖਣ ਲੱਗਾ ਕਿ ਮੇਰੀ ਕਿਤਾਬ ਦਾ ਜ਼ਿਕਰ ਉਹ ਆਪਣੇ ਸਫਰਨਾਮੇ ਵਿੱਚ ਕਰੇਗਾ। ਆਖੇ, ਫੇਰ ਦੇਖੂੰ ਤੁਹਾਨੂੰ ਅਕੈਡਮੀ ਐਵਾਰਡ ਕਿਵੇਂ ਨਹੀਂ ਮਿਲਦਾ। ਉਸ ਨੇ ਇੱਕ ਰਮਜ਼ ਵੀ ਮਾਰੀ। ਆਖਣ ਲੱਗਾ, “ਜਸਵੀਰ ਆਪਣੀ ਮੱਝ ਦੀ ਲੱਸੀ ਆ, ਜਿੱਥੇ ਮਰਜ਼ੀ ਰੱਖ ਕੇ ਪੀ ਲਵੋ। ਤੁਸੀਂ ਇੱਥੇਂ ਆਇਆ ਦੀ ਸਾਡੀ ਸੇਵਾ ਕਰਦੇ ਹੋ, ਅਸੀਂ ਤੁਹਾਡਾ ਨਾਂ ਜੱਗ ਰੌਸ਼ਨ ਕਰ ਦੇਵਾਂਗੇ।”
“ਬੇਟਾ, ਉਸਨੇ ਕੋਈ ਝੂਠ ਥੋੜ੍ਹਾ ਬੋਲਿਆ। ਤੁਸੀਂ ਹੀ ਭੈਂਸ ਭੈਂਸ ( ਮੱਝ ) ਦਾ ਫਰਕ ਨਹੀਂ ਸਮਝ ਸਕੇ।”
“ਉਹ ਕਿਦਾਂ ਬਾਪੂ ਜੀ?”
“ਤੁਹਾਡੀ ਭੈਂਸ ਪਲਾਸਟਕ ਦੀ ਹੈ। ਚੁੱਪ ਕੀਤਿਆਂ ਖਰਚ ਜਿੰਨਾ ਇਵਜ਼ਾਨਾ ਦੇ ਦਿੰਦੀ ਹੈ; ਕਦੇ ਲੱਤ ਨਹੀਂ ਚੁੱਕਦੀ। ਦੇਸੀ ਲੇਖਕਾਂ ਦੀ ਭੈਂਸ ਸਾਰਾ ਦਿਨ ਪੱਠਾ ਦੱਥਾ ਖਾ ਕੇ ਤਰਕਾਲਾਂ ਨੂੰ ਦੁੱਧ ਦੀ ਥਾਂ ਲੱਤ ਕੱਢ ਮਾਰਦੀ ਹੈ।”
“ਬਾਪੂ ਜੀ, ਪੰਦਰ੍ਹਾਂ ਦਿਨਾਂ ਵਿੱਚ ਮੈਂ ਸਿਰਫ ਇੱਕ ਲੇਖਕ ਨੂੰ ਮਿਲ ਸਕਿਆ ਹਾਂ। ਉਸਨੇ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਜਾਨ ਛੁੜਾ ਲਈ।”
“ਉਸਨੇ ਠੀਕ ਹੀ ਕੀਤਾ; ਤੁਹਾਨੂੰ ਕਿਸੇ ਵਧੀਆ ਰੈਸਟੋਰੈਂਟ ਵਿੱਚ ਲਿਜਾ ਕੇ ਝੁੱਗਾ ਚੌੜ ਕਰਾਉਣੋ ਬਚਣ ਦਾ ਵਧੀਆ ਬਹਾਨਾ ਕੀਤਾ। ਕੋਈ ਫਿਕਰ ਨਹੀਂ ਬੇਟਾ, ਇਹੋ ਤਾਂ ਜ਼ਿੰਦਗੀ ਹੈ।ਅੱਗੇ ਨੂੰ ਬੱਸ ਸਾਦਾ ਭੋਜਨ ਛਕਾਓ ਅਤੇ ਸਾਦੇ ਦੀ ਆਸ ਰਖੋ। ।।। ਬੇਟਾ, ਮੰਨਿਓਂ, ਨਾ ਮੰਨਿਓਂ; ਇਹ ਤੁਹਾਡੀ ਮਰਜ਼ੀ ਹੈ। ਫੋਕੀ ਸ਼ੋਹਰਤ, ਜੱਗ ਦਿਖਾਵਾ ਕਰਨ ਵਾਲਿਆਂ ਨੂੰ ਅੰਤ ਪਛਤਾਉਣਾ ਪੈਂਦਾ ਹੈ। ਜੇ ਨਾਂ ਹੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਲਮ ਨੂੰ ਵਿਕਣ ਤੋਂ ਬਚਾਓ। ਜੋ ਲਿਖਣਾ ਹੈ ਉਸ ਪਿੱਛੇ ਨਰੋਈ ਦਲੀਲ ਹੋਵੇ। ਜਦ ਤੁਹਾਡੀਆਂ ਲਿਖਤਾਂ ਨੇ ਪਾਠਕ ਨੂੰ ਕੋਈ ਸੇਧ ਦਿੱਤੀ ਤਾਂ ਤੁਹਾਡਾ ਆਪੇ ਨਾਂ ਹੋ ਜਾਵੇਗਾ। ਇੱਕ ਗੱਲ ਹੋਰ; ਜੋ ਲਿਖੋ, ਆਪਣੀ ਜਿੰਦਗੀ ਵਿੱਚ ਉਸਨੂੰ ਕਮਾਓ। ਅਮੂਮਨ ਦੇਖਣ ਵਿੱਚ ਆਇਆ ਹੈ ਕਿ ਲੇਖਕ ਬੜੀਆਂ ਬੜੀਆਂ ਗੱਲਾਂ ਲਿਖਦਾ ਹੈ ਪਰ ਜਦ ਆਪ ਸਾਹਵੇਂ ਆ ਜਾਵੇ ਤਾਂ ਮੂੰਹ ਲਕੋਂਦਾ ਫਿਰਦਾ ਹੈ। ਇਹੋ ਜਿਹਾ ਲੇਖਕ ਕਿੰਨਾ ਵੀ ਵਧੀਆ ਕਿਉਂ ਨਾ ਲਿਖਦਾ ਹੋਵੇ, ਉਸਦਾ ਨਾਂ ਉਸਦੇ ਹੁੰਦਿਆਂ ਹੁੰਦਿਆ ਮਿਟ ਜਾਂਦਾ ਹੈ।”
ਜਸਵੀਰ ਦਾ ਨਸ਼ਾ ਟੁੱਟਣ ਲੱਗਾ। ਉਸਨੇ ਇੱਕ ਲੰਮੀ ਉਬਾਸੀ ਲਈ ਤਾਂ ਹਰਨੇਕ ਦਾ ਬਾਪੂ, ‘ਚੰਗਾ ਬੇਟਾ, ਹੁਣ ਤੁਸੀਂ ਆਰਾਮ ਕਰੋ। ਮੇਰੀਆਂ ਬੁੱਢੀਆਂ ਹੱਡੀਆਂ ਵੀ ਹੁਣ ਕੁੱਝ ਆਰਾਮ ਚਾਹੁੰਦੀਆਂ ਹਨ।’ ਆਖਦਾ ਹੋਇਆ ਚਲਾ ਗਿਆ। ਨਾਲ ਹੀ ਗੁਰਨੇਕ ਵੀ ‘ਚੰਗਾ ਭਾ ਜੀ, ਸਵੇਰੇ ਮਿਲਾਂਗੇ,’ ਆਖ ਕੇ ਚਲਾ ਗਿਆ।
ਜਸਵੀਰ ਲੰਮਾ ਤਾਂ ਪੈ ਗਿਆ ਪਰ ਨੀਂਦ ਕਿੱਥੋਂ? ਆਖਰ ਉੱਠਿਆ ਅਤੇ ਕਿਤਾਬਾਂ ਦੇਖੀਆਂ ਅਤੇ ਫੇਰ ਜਦੋਂ ਉਸ ਨੇ ਛੜਜੰਤਰ ਵਾਲੀ ਸ਼ੈਲਫ ਦੇਖੀ ਤਾਂ ਹੈਰਾਨ ਰਹਿ ਗਿਆ। ਇਸ ਕਾਲਮ ਦਾ ਲੇਖਕ ਤਾਂ ਖੁਦ ਗੁਰਨੇਕ ਹੀ ਸੀ। ਇੰਨਾ ਵਧੀਆ ਲੇਖਕ, ਫੇਰ ਗੁਮਨਾਮ ਕਿਉਂ? ਸਵੇਰੇ ਜਦ ਗੁਰਨੇਕ ਜਸਵੀਰ ਨੂੰ ਚਾਹ ਲਈ ਕਹਿਣ ਆਇਆ ਤਾਂ ਜਸਵੀਰ ਨੇ ਮਖੌਲੀਆ ਲਹਿਜੇ ਵਿੱਚ ਕਿਹਾ, “ਤਾਇਆ ਵਰਿਆਮ ਸਿਆਂ, ਸਤਿ ਸ੍ਰੀ ਅਕਾਲ!”
ਗੁਰਨੇਕ ਨੇ ਕਿਹਾ, “ ।।। ਤਾਂ ਤੁਹਾਨੂੰ ਅਸਲੀਅਤ ਦਾ ਪਤਾ ਲੱਗ ਹੀ ਗਿਆ।”
“ਸਚਾਈ ਮਿਟ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸਕਤੀ ਕਭੀ ਕਾਗਜ਼ ਕੇ ਫੂਲੋਂ ਸੇ”
ਜਸਵੀਰ ਦੇ ਇਸ ਸ਼ੇਅਰ ਨਾਲ ਦੋਨੋਂ ਹੱਸ ਪਏ। ਜਸਵੀਰ ਨੇ ਅਗਲਾ ਸਵਾਲ ਕੀਤਾ, “ਨੇਕ ਬੀ ਏ ਕਰ ਕੇ ਐੱਮ ਏ ਕਰ ਰਿਹਾ ਇਨਸਾਨ ਚਲਾਵੇ ਰਖਸ਼ਾ, ਸਮਝ ਨਹੀਂ ਲਗੀ ।”
“ਭਾ ਜੀ ਨੌਕਰੀ ਕਿਤੇ ਮਿਲਦੀ ਨਹੀਂ ਸੀ। ਦਲਾਲਾਂ ਦੇ ਹੱਥ ਚੜ੍ਹ ਕੇ ਸਮੁੰਦਰ ਦੇ ਗੋਤਿਆਂ ਅਤੇ ਪਰਾਈਆਂ ਜੇਲ੍ਹਾਂ ਵਿੱਚ ਸੜਨ ਦੀ ਬਜਾਏ ਰਿਕਸ਼ਾ ਚਲਾਉਣਾ ਸੁਰੱਖਿਅਤ ਲੱਗਾ। ।।। ਹੁਣ ਤੁਸੀਂ ਪੁੱਛੋਗੇ, ਇਹ ਕਾਲਮ ਤਾਏ ਵਰਿਆਮ ਸਿਓਂ ਦੇ ਨਾਂ ਤੇ ਕਿਉਂ ਛਪਾ ਰਿਹਾ ਹਾਂ? ਭਾਜੀ, ਅਗਰ ਮੈਂ ਆਪਣੇ ਨਾਂ ਥੱਲੇ ਛਪਵਾਉਂਦਾ ਤਾਂ ਇੱਕ ਰਿਕਸ਼ੇ ਵਾਲੇ ਦੀ ਲਿਖਤ ਹੁੰਦੀ। ਕਿਸੇ ਬੁੱਧੀਜੀਵੀ ਦੀ ਮੋਹਰ ਲੱਗੀ ਹੋਈ ਹੋਵੇ ਤਾਂ ਇੱਲ ਦਾ ਨਾਂ ਕੁੱਕੜ ਵੀ ਪਰਵਾਨ ਹੋ ਜਾਂਦਾ ਹੈ। ਕੋਈ ਹੋਰ ਬੁੱਧੀਜੀਵੀ ਬੜੇ ਘਰੋੜਵੇਂ ਸ਼ਬਦਾਂ ਵਿੱਚ ਉਸਦੀ ਬੱਲੇ ਬੱਲੇ ਕਰਦਾ ਹੈ। ਨਾਲੇ ਮੈਂ ਆਪਣੀ ਲਿਖਤ ਦੀ ਪਹਿਚਾਣ ਨਾਲ ਆਪਣੀ ਪਹਿਚਾਣ ਕਰਾਉਣੀ ਮੰਗਦਾ ਸਾਂ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ। ਜ਼ਿਆਦਾ ਦੇਰ ਤੱਕ ਮੈਂ ਹੁਣ ਗੁੱਝਾ ਨਹੀਂ ਰਹਿ ਸਕਦਾ। ਹੁਣ ਮੈਂਨੂੰ ਛੜਜੰਤਰ ਵਾਲਾ ਗੁਰਨੇਕ ਆਖਣਗੇ। ਹਾਂ ਚਾਹ ਲਈ ਤੁਹਾਡੀ ਉਡੀਕ ਹੋ ਰਹੀ ਹੈ। ਛੇਤੀ ਆ ਜਾਣਾ।”
ਜਸਵੀਰ ਦੇ ਅੰਦਰ ਤਾਂ ਸੰਘਰਸ਼ ਹੋ ਰਿਹਾ ਸੀ। ਦਿਲ ਕਹਿੰਦਾ ਸੀ ਕਿ ਉਹ ਬਾਪੂ ਜੀ ਦੀਆਂ ਗੱਲਾਂ ਅਪਣਾ ਕੇ ਆਪਣੀ ਲਿਖਤ ਦੀ ਪਕਿਆਈ ਤੇ ਜ਼ੋਰ ਦੇਵੇ ਪਰ ਦਿਮਾਗ ਕਹਿੰਦਾ ਸੀ - ਕਟੇ ਨੂੰ ਮਣ ਦੁੱਧ ਦਾ ਕੀ ਭਾ? ਮਰਿਆਂ ਦੀ ਸਿਫਤ ਲੋਕਾਂ ਕਰ ਵੀ ਦਿੱਤੀ ਤਾਂ ਅਸਾਂ ਕਿਹੜਾ ਦੇਖਣ ਆਉਣਾ; ਜਿਸ ਚਾਲੇ ਚੱਲ ਰਿਹਾਂ ਹੈਂ। ਚੱਲਿਆ ਰਹਿ।
Subscribe to:
Posts (Atom)