ਚੀਕਦੀ ਚੁੱਪ..........ਮਿੰਨੀ ਕਹਾਣੀ / ਧਰਮਿੰਦਰ ਭੰਗੂ

ਕਿਸੇ ਧਾਰਮਿਕ ਆਗੂ ਦੇ ਅਪਮਾਨ ਤੋਂ ਭੜਕੀ ਹੋਈ ਭੀੜ ਥਾਂ-ਥਾਂ ਤੇ ਭੰਨਤੋੜ ਕਰ ਰਹੀ ਸੀ। ਪੂਰਾ ਦਿਨ ਸ਼ਹਿਰ ਵਿੱਚ ਗੱਡੀਆਂ ਦੀ ਸਾੜਫੂਕ ਕੀਤੀ ਗਈ ਅਤੇ ਦੁਕਾਨਾਂ ਦੇ ਸ਼ੀਸ਼ੇ ਭੰਨੇ ਗਏ ਸਨ। .... ਆਖਰ ਭੀੜ ਦਾ 'ਜੋਸ਼' ਮੱਠਾ ਪੈਣ ਤੋਂ ਬਾਅਦ ਸਰਕਾਰ ਜਾਗੀ ਸੀ ਅਤੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਦੇਰ ਰਾਤ ਤੱਕ ਜਾਗਣ ਵਾਲੇ ਸ਼ਹਿਰ ਦੀਆਂ ਸੜਕਾਂ ਤੇ ਸ਼ਾਮ ਵੇਲੇ਼ ਹੀ ਸੁੰਨਸਾਨ ਸੀ। ਦਿਨ ਭਰ ਧੂ-ਧੂ ਕਰਕੇ ਜਲੇ ਵਾਹਨਾਂ 'ਚੋਂ ਉੱਠ ਰਹੇ ਮੱਠੇ-ਮੱਠੇ ਧੂੰਏਂ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸ਼ਹਿਰ ਅੰਦਰ ਛਾਈ ਇਹ ਭਿਆਨਕ ਚੁੱਪ ਚੀਕ-ਚੀਕ ਕੇ ਇਨਸਾਨੀਅਤ ਨੂੰ ਪੁਕਾਰ ਰਹੀ ਸੀ।