ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।
ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ।
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ।
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ....। ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

ਪਰਾਂ ਵਾਲਾ ਬੂਟ.......... ਕਹਾਣੀ / ਮੁਹਿੰਦਰ ਸਿੰਘ ਘੱਗ

ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ।
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ।
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ।
****

ਲੜਕੇ ਤੁਮ ਕੌਨ.......... ਕਹਾਣੀ / ਮੁਹਿੰਦਰ ਸਿੰਘ ਘੱਗ

ਬੱਸ ਦੇ ਰੁਕਦਿਆਂ ਹੀ ਜਦੋਂ ਜਸਵੀਰ ਨੇ ਇੱਕ ਲੰਮਾ ਸਾਹ ਲੈਂਦਿਆਂ ਆਖਿਆ, ‘ਸ਼ੁਕਰ ਹੈ ਬਚ ਗਏ’ ਤਾਂ ਨਾਲ ਦੀ ਸੀਟ ’ਤੇ ਬੈਠੇ ਇੱਕ
ਬਜ਼ੁਰਗ ਨੇ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆ, ‘ਬਾਬੂ ਜੀ, ਇਹ ਹਾਜਮਾ ਰੋਡ ਹੈ। ਸਾਨੂੰ ਇਹਨਾਂ ਹਿਚਕੋਲਿਆਂ ਦਾ ਗੇਝੜਾ ਪੈ ਚੁੱਕਾ ਹੈ। ਬਗੈਰ ਚਾਹਿਆਂ ਹੀ ਤ੍ਰਕਾਲਾਂ ਸਵੇਰ ਦੇ ਸਫਰ ਨਾਲ ਸਾਡੀ ਕਸਰਤ ਹੋ ਜਾਂਦੀ ਹੈ।” ਆਪਣੀ ਬਾਂਹ ਅੱਗੇ ਕਰਦਾ ਹੋਇਆ ਉਹ ਬਜ਼ੁਰਗ ਫਿਰ ਬੋਲਿਆ, “ਦੇਖੋ, ਹੈ ਕਿਤੇ ਚਰਬੀ ਦਾ ਭੋਰਾ? ਕੁੱਝ ਦਿਨ ਇਸ ਬੱਸ ਦਾ ਸਫਰ ਕਰੋਗੇ ਤਾਂ ਤੁਹਾਡਾ ਹਾਅ ਲੁਸ ਲੁਸ ਕਰਦਾ ਸਰੀਰ ਵੀ ਕੱਸਿਆ ਜਾਊ।”

ਬਗੈਰ ਕੋਈ ਉੱਤਰ ਦਿੱਤਿਆਂ ਜਸਵੀਰ ਬੱਸ ਵਿੱਚੋਂ ਉੱਤਰ ਗਿਆ। ਅੱਡੇ ਦੇ ਬਾਹਰ ਰਿਕਸ਼ੇ ਵਲ ਨੂੰ ਤੁਰਿਆ ਤਾਂ ਕੁੱਝ ਹੀ ਵਿੱਥ ਤੇ ਬੰਦਿਆਂ ਦੇ ਜੁੜੇ ਹੋਏ ਇਕੱਠ ਬਾਰੇ ਜਾਨਣ ਦੀ ਉਤਸਕਤਾ ਉਸਦੇ ਅੱਗੇ ਹੋ ਤੁਰੀ। ਉੱਧਰੋਂ ਆ ਰਹੀਆਂ ਆਵਾਜ਼ਾਂ ‘ਲੜਕੇ ਤੁਮ ਕੌਨ? ।।। ਆਮੁਲ। ਮੈਂ ਕੋਨ? … ਮਾਮੁਲ’
ਉਸਦੀ ਯਾਦਾਂ ਦੀ ਪਟਾਰੀ ਦੀਆਂ ਉੱਪਰਲੀਆਂ ਤਹਿਆਂ ਹਟਾ ਕੇ ਥੱਲਿਓਂ ਕੁੱਝ ਲੱਭ ਰਹੀਆਂ ਸਨ।

“ਇਨ ਸਭ ਕੋ ਜਾਨਤਾ ਹੈ? … ਜਾਨਤਾ ਹੈ। … ਪਹਿਚਾਨਤਾ ਹੈ? … ਪਹਿਚਾਨਤਾ ਹੈ। … ਸਭ ਮੇਂ ਘੂੰਮ ਜਾ। …
‘ ਘੂੰਮ ਗਿਆ।‘

‘ਘੂੰਮ ਗਿਆ’ ਨੇ ਜਸਵੀਰ ਦੀ ਯਾਦਾਂ ਦੀ ਗਰਾਰੀ ਤੀਹ ਸਾਲ ਪਿਛਾਂਹ ਘੁਮਾ ਦਿੱਤੀ। ਉਸਨੂੰ ਯਾਦ ਆਇਆ ਕਿ ਇਹ ਤਾਂ ਮਜਮੇ ਵਾਲੇ ਹਨ। ਫੇਰ ਉਸਨੂੰ ਹੋਰ ਕਈ ਕਿਸਮ ਦੇ ਮਜਮਿਆਂ ਦੀ ਯਾਦ ਆ ਗਈ। ਮਮੀਰੇ ਦਾ ਸੁਰਮਾ ਵੇਚਣ ਵਾਲਿਆਂ ਦਾ ਮਜਮਾ ।।। ਦੰਦਾਂ ਦਾ ਚੂਰਨ ਵੇਚਣ ਵਾਲਿਆਂ ਦਾ ਮਜਮਾ … ਸਾਂਢੇ ਦਾ ਤੇਲ ਵੇਚਣ ਵਾਲਿਆਂ ਦਾ ਮਜਮਾ। ਕੁੱਝ ਹੈਰਾਨੀ ਜਿਹੀ ਵਿੱਚ ਆਪਣੇ ਆਪ ਨੂੰ ਹੀ ਸੁਨਣ ਜੋਗੀ ਆਵਾਜ਼ ਵਿੱਚ ਬੋਲਿਆ, ‘ਦੁਨੀਆਂ ਨੇ ਆਕਾਸ਼ ਛਾਣ ਮਾਰਿਆ, ਤੀਹ ਸਾਲਾਂ ਬਾਅਦ ਵੀ ਇਹ ਮਜਮਿਆਂ ਦਾ ਦੇਸ ਹੀ ਰਿਹਾ।’

ਹੁਣ ਜਸਵੀਰ ਵੀ ਮਜਮੇ ਦਾ ਇੱਕ ਹਿੱਸਾ ਬਣ ਖਲੋਤਾ ਸੀ। ਸਵਾਲ ਕਰਤਾ ਦੀ ਆਵਾਜ ਆਈ, “ਜੋ ਪੂਛੂੰਗਾ, ਬਤਲਾਏਗਾ?”

“ਬਤਲਾਏਗਾ।”

“ਤੋ ਬਤਲਾ ਵੁਹ ਸਿਗਰਟ ਵਾਲੇ ਬਾਬੂ ਕਿਆ ਕਰਤੇ ਹੈਂ?”

“ਸਿਗਰਟ ਪੀਤੇ ਹੈਂ।”

ਇੱਕਠੇ ਹੋਏ ਲੋਕਾਂ ਨਾਲ ਜਸਵੀਰ ਨੂੰ ਵੀ ਹਾਸਾ ਆ ਗਿਆ।

ਜ਼ਰਾ ਤਲਖੀ ਵਿੱਚ ਸਵਾਲ ਕਰਤਾ ਨੇ ਆਖਿਆ, “ਅਰੇ ਬੁੱਧੂ! ਬਾਬੂ ਜੀ ਹਾਥ ਮੇਂ ਸਿਗਰਟ ਲੀਏ ਪੀਏਂਗੇ ਨਹੀਂ ਤੋ ਕਿਆ ਸਿਗਰਟ ਕੀ ਨਮਾਇਸ਼ ਕਰੇਂਗੇ? … ਤੂ ਵੀ ਕਮਾਲ ਕਾ ਛੋਕਰਾ ਹੈ। ਭੈਂਸ ਕੇ ਨੀਚੇ ਛੋੜੋ ਤੋ ਭੈਂਸੇ ਕੇ ਨੀਚੇ ਜਾ ਬੈਠਤਾ ਹੈ। ਮੈਂਨੇ ਪੂਛਾ, ਬਾਬੂ ਜੀ ਕਾਮ ਕਿਆ ਕਰਤੇ ਹੈਂ?”

“ਸਰਕਾਰੀ ਅਫਸਰ ਹੈਂ।”

“ਯਿਹ ਹੂਈ ਨਾ ਬਾਤ। ਬਾਬੂ ਜੀ ਤੋ ਕਿਸਮਤ ਵਾਲੇ ਹੈਂ। ਬੇਕਾਰੀ ਨੇ ਤੋ ਨੌਜਵਾਨੋਂ ਕਾ ਹੁਲੀਆ ਟਾਈਟ ਕਰ ਦੀਆ ਹੈ। ਮਗਰ ਏਕ ਬਾਤ ਮੇਰੀ ਸਮਝ ਮੇਂ ਨਹੀਂ ਆਈ। ਬਾਬੂ ਜੀ ਸਰਕਾਰੀ ਅਫਸਰ ਹੈਂ; ਕਾਮ ਕਰੇਂ ਨਾ ਕਰੇਂ, ਸਰਕਾਰੀ ਖਜ਼ਾਨੇ ਸੇ ਤਲਬ ਮਿਲ ਜਾਤੀ ਹੈ। ਫਿਰ ਇਨ ਕਾ ਚਿਹਰਾ ਬਾਸੇ ਬੈਂਗਣ ਜੈਸਾ ਲਟਕਾ ਹੂਆ ਕਿਊਂ ਹੈ?”

“ਉਸਤਾਦ ਇਨ ਕਾ ਬੰਗਲਾ ਬਨ ਚੁਕਾ ਹੈ ।।। ਸੋਚਤੇ ਹੈਂ ਖਿੜਕੀਆਂ ਦਰਵਾਜ਼ੇ ਕੈਸੇ ਲਗਵਾਏਂ।”

“ਬੱਸ, ਇਤਨੀ ਸੀ ਬਾਤ? ਇਸ ਮੇਂ ਫਿਕਰ ਕਰਨੇ ਕੀ ਕੌਨਸੀ ਬਾਤ ਹੈ? ਮਿਸਤਰੀ ਕੋ ਬੁਲਾ ਕਰ ਖਿੜਕੀਆਂ ਦਰਵਾਜ਼ੇ ਲਗਵਾ ਲੇਂ।”

“ਉਸਤਾਦ! ਇਨਕੇ ਹਲਕੇ ਮੇਂ ਕਾਫੀ ਸਾਲੋਂ ਸੇ ਨਾ ਤੋ ਕੋਈ ਸੈਲਾਬ, ਨਾ ਸੂਖਾ। ਨਾ ਹੀ ਭੂਕਮ ਔਰ ਨਾ ਹੀ ਕੁਦਰਤ ਕਾ ਕੋਈ ਔਰ ਕਹਿਰ ਟੂਟਾ ਹੈ।”

“ਕੈਸੀ ਬੇਹੂਦਾ ਬਾਤੇਂ ਕਰਤਾ ਹੈ ਛੋਕਰੇ? ਕਿਆ ਕੈਹਰ ਟੂਟਨੇ ਸੇ ਖਿੜਕੀਆਂ ਦਰਵਾਜ਼ੇ ਲਗ ਜਾਤੇ ਹੈਂ?

“ਹਾਂ ਉਸਤਾਦ।”

“ਵੁਹ ਕੈਸੇ?”

“ਲੋਗਨ ਮੇਂ ਬਾਂਟਨੇ ਕੇ ਲੀਏ ਜੋ ਸਰਕਾਰੀ ਪੈਸਾ ਆਤਾ ਹੈ ਨਾ, ਉਸ ਮੇਂ ਸੇ ਆਧ ਬਟਾਈ ਹੋ ਜਾਤੀ ਹੈ।”

ਹਾਜ਼ਰੀਨ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਜਸਵੀਰ ਦੇ ਅੰਦਰਲੇ ਨੇ ਵੀ ਹੁੰਘਾਰਾ ਭਰਿਆ, ‘ਸਭ ਭੇਡਾਂ ਮੂੰਹ ਕਾਲੀਆਂ।’ ਵੱਡੀਆਂ ਵੱਡੀਆਂ ਨਾਮੀ ਗਰਾਮੀ ਸੰਸਥਾਵਾਂ ਵੀ ਦਾਅ ਮਾਰਨ ਵਿੱਚ ਪਿੱਛੇ ਨਹੀਂ ਰਹਿੰਦੀਆਂ। ਫਰਕ ਸਿਰਫ ਇੰਨਾ ਹੈ ਕਿ ਛੋਟੇ ਅਫਸਰ ਤਾਂ ਜੱਗ ਜ਼ਾਹਰ ਹੋ ਜਾਂਦੇ ਹਨ ਪਰ ਵੱਡੀਆਂ ਸੰਸਥਾਵਾਂ ਦਾ ਹਾਜਮਾ ਇੰਨਾ ਤੇਜ਼ ਹੈ ਕਿ ਡਕਾਰ ਵੀ ਨਹੀਂ ਮਾਰਦੀਆਂ। ਚਾਹੇ ਉਹ ਅਮੀਰ ਦੇਸ ਦੀਆਂ ਸੰਸਥਾਵਾਂ ਹੋਣ, ਚਾਹੇ ਗਰੀਬ ਦੇਸ ਦੀਆਂ।

ਜਸਵੀਰ ਦੇ ਲਾਗੇ ਖੜ੍ਹੇ ਇੱਕ ਬੰਦੇ ਨੇ ਨਾਲ ਵਾਲੇ ਨੂੰ ਕਿਹਾ, “ਮੁੰਡੇ ਨੇ ਸੋਲਾਂ ਆਨੇ ਗੱਲ ਕੀਤੀ ਆ। ਇਹੋ ਜਿਹੇ ਇੱਕ ਅਫਸਰ ਨੇ ਮੇਰੇ ਵੀ ਵੀਹ ਹਜ਼ਾਰ ਦਾ ਲੋਦਾ ਲਾਇਆ ਸੀ; ਹਾਲੇ ਤੱਕ ਰੜਕਦਾ ਐ।” ਲੋਦੇ ਦੀ ਗੱਲ ਸੁਣ ਕੇ ਜਸਵੀਰ ਨੂੰ ਆਪਣਾ ਬਚਪਨਾ ਯਾਦ ਆ ਗਿਆ, ਜਦ ਉਸਦੀ ਮਾਂ ਨੇ ਉਸਦੇ ਵੀ ਲੋਦਾ ਲਗਵਾਇਆ ਸੀ। ਉਹ ਕਿੰਨਾ ਰੋਇਆ ਸੀ। ਲੋਦਾ ਫੁੱਲ ਕੇ ਉਸ ਨੂੰ ਬੁਖਾਰ ਵੀ ਤਾਂ ਹੋ ਗਿਆ ਸੀ। ਫੇਰ ਸੋਚ ਨੇ ਕਰਵਟ ਲਈ। ਉਹ ਤਾਂ ਮੁਫਤ ਸੀ। ਇਹ ਇੰਨਾ ਮਹਿੰਗਾ ਕਿਉਂ? - ਇਸ ਗੁੱਥੀ ਨੂੰ ਸੁਲਝਾਓਣ ਲਈ ਜਸਵੀਰ ਦਾ ਦਿਮਾਗ ਆਹਰੇ ਲੱਗ ਗਿਆ।

ਉੱਧਰ ‘ਲੜਕੇ ਤੁਮ ਕੌਨ … ਮੈਂ ਕੌਨ’ ਦੀ ਮੁਹਾਰਨੀ ਚਾਲੂ ਸੀ। ਸੋਚ ਉਦੋਂ ਟੁੱਟੀ ਜਦੋਂ ਸਵਾਲ ਕਰਤਾ ਨੇ ਪੁੱਛਿਆ, “ਬਤਾਓ ਉਸ ਪਗੜੀ ਵਾਲੇ ਸਰਦਾਰ ਕੇ ਸਿਰ ਪਰ ਕਿਆ ਹੈ?”

“ਪਗੜੀ ਹੈ।”

ਇੱਕ ਵਾਰ ਫਿਰ ਹਾਸੇ ਦੀ ਛਣਕਾਰ ਗੂੰਜ ਪਈ। ਜਸਵੀਰ ਸਰਕ ਕੇ ਜ਼ਰਾ ਕੁ ਅੱਗੇ ਨੂੰ ਹੋ ਗਿਆ।

“ਅਰੇ ਬੇਵਕੂਫ, ਯੇਹ ਤੂ ਨੇ ਕੌਨਸੀ ਨਈ ਬਾਤ ਕੀ ਹੈ? ਪਗੜੀ ਵਾਲੇ ਕੋ ਹੀ ‘ਸਰਦਾਰ ਜੀ’ ਕਹਿਤੇ ਹੈਂ।”

“ਉਸਤਾਦ ਜਿਹ ਦੂਸਰੀ ਬਾਰ ਤੁਮ ਨੇ ਮੇਰੀ ਬੇਇਜ਼ਤੀ ਕੀ ਹੈ। ਅਬ ਕੇ ਬਾਅਦ ਕੋਈ ਐਸਾ ਸ਼ਬਦ ਕਹਾ ਤੋ ਮੈਂ ਤੁਮਾਰਾ ਸਾਥ ਛੋੜ ਦੂੰਗਾ।”

“ਤੁਮ ਐਸਾ ਨਹੀਂ ਕਰ ਸਕਤੇ।”

“ਕਿਊਂ ਨਹੀਂ ਕਰ ਸਕਤਾ? ਅਬ ਤੋ ਜ਼ਰਾ ਸੀ ਬਾਤ ਪਰ ਸਾਤ ਫੇਰੋਂ ਕਾ ਰਿਸ਼ਤਾ ਭੀ ਕਾਂਚ ਕੀ ਤਰ੍ਹਾ ਟੂਟ ਜਾਤਾ ਹੈ, ਤੁਮਹਾਰਾ ਔਰ ਮੇਰਾ ਰਿਸ਼ਤਾ ਹੀ ਕਿਆ ਹੈ”

“ਤੂ ਤੋ ਗੁੱਸਾ ਕਰ ਗਿਆ ਹੈ ਰੇ। ਮੇਰੇ ਕਹਿਨੇ ਕਾ ਮਤਲਬ ਥਾ, ਸਰਦਾਰ ਜੀ ਕੇ ਸਿਰ ਪੈ ਕਿਆ ਸੋਚ ਸਵਾਰ ਹੈ ਜੋ ਬੁਝ ਰਹੇ ਦੀਏ ਕੀ ਤਰ੍ਹਾ ਰੰਗ ਬਦਲ ਰਹੇ ਹੈਂ?”

“ਸਰਦਾਰ ਜੀ ਏਕ ਧਾਰਮਕ ਸੰਸਥਾ ਕਾ ਮੈਂਬਰ ਬਨਨੇ ਕੇ ਲੀਏ ਚੋਣ ਮੈਦਾਨ ਮੇਂ ਕੂਦੇ ਹੈਂ। ਸੋਚਤੇ ਹੈਂ ਕਿ ਅਗਰ ਪੋਸਤ ਕੀ ਭੁੱਕੀ ਨਾ ਮਿਲੀ ਤੋ ਕਾਫੀ ਵੋਟੋਂ ਕਾ ਨੁਕਸਾਨ ਹੋ ਜਾਏਗਾ।”

“ਤੁਮਹਾਰੀ ਬੁੱਧੀ ਤੋ ਕਾਇਮ ਹੈ? ਧਰਮ ਤੋ ਨਸ਼ਾ ਕਰਨੇ ਸੇ ਮਨ੍ਹਾਂ ਕਰਤਾ ਹੈ ਔਰ ਤੂ ਕਹਿ ਰਹਾ ਹੈ ਕਿ ਧਾਰਮਕ ਸੰਸਥਾ ਕੀ ਚੋਣ ਮੇਂ ਭੁੱਕੀ ਬਾਂਟੀ ਜਾਏਗੀ।”

“ਉਸਤਾਦ, ਅੱਬ ਧਰਮ ਕੀ ਬਾਤ ਛੋੜੋ। ਧਰਮ ਅੱਬ ਹੈ ਕਹਾਂ? ਬਸ ਸਿਆਸਤ ਹੀ ਸਿਆਸਤ ਹੈ। ਸਿਆਸਤ ਮੇਂ ਭੁੱਕੀ, ਸ਼ਰਾਬ, ਕਬਾਬ ਔਰ ਸ਼ਬਾਬ ਸਭ ਚਲਤਾ ਹੈ।”

ਜਸਵੀਰ ਦੀਆਂ ਅੱਖਾਂ ਅੱਗੇ ਪਰਦੇਸਾਂ ਵਿੱਚਲੇ ਧਰਮ ਅਸਥਾਨਾਂ ਦੀਆਂ ਚੋਣਾਂ ਦਾ ਨਕਸ਼ਾ ਸਾਹਮਣੇ ਆ ਗਿਆ। ਕਿੱਦਾਂ ਚੋਣਾਂ ਦੌਰਾਨ ਦਾਰੂ ਦੀ ਵਰਤੋਂ ਕੀਤੀ ਜਾਂਦੀ ਹੈ।

‘ਤੁਮ ਕੌਨ ।।। ਮੈਂ ਕੌਨ’ ਉਪਰੰਤ ਸਵਾਲ ਕਰਤਾ ਨੇ ਫਿਰ ਆਖਿਆ, “ਵੁਹ ਜੋ ਸਫੇਦ ਕੋਟ ਪਹਿਨੇ ਖੜੇ ਹੈਂ, ਉਨਕੋ ਜਾਨਤਾ ਹੈ?”

“ਅਛੀ ਤਰਹਾ ਸੇ … ਡਾਕਦਾਰ ਹੈਂ।”

“ਡਾਕਟਰ ਤੋ ਕੰਧੇ ਪਰ ਸਟੈਥੋਸਕੋਪ ਕੀ ਨੁਮਾਇਸ਼ ਕਰਤੇ ਹੈਂ। ਇਨ ਕੇ ਪਾਸ ਤੋ ਨਹੀਂ ਹੈ।”

“ਆਪ ਨੇ ਠੀਕ ਕਹਾ, ਉਸਤਾਦ। ਕੁਛ ਲਾਲਚੀ ਡਾਕਦਾਰੋਂ ਨੇ ਇਸ ਇੱਜ਼ਤਦਾਰ ਪੇਸ਼ੇ ਕੋ ਇਤਨਾ ਬਦਨਾਮ ਕਰ ਦੀਆ ਹੈ ਕਿ ਅਬ ਅੱਛਾ ਡਾਕਦਾਰ ਵੀ ਵੁਹ ਜੋ ਤੁਮ ਕਹਿਤੇ ਹੋ ਨਾ, ।।। ਉਸ ਕੋ ਛੁਪਾ ਕੇ ਰਖਤਾ ਹੈ।”

“ਬਦਨਾਮ ਕਰ ਦੀਆ! ਵੁਹ ਕੈਸੇ?”

“ਕੁਛ ਡਾਕਦਾਰ ਗਰੀਬ ਲੋਗਨ ਕੇ ਗੁਰਦੇ ਨਿਕਾਲ ਕਰ ਬੇਚਤੇ ਰਹੇ। ਕੁਛ ਡੇਰੇਦਾਰ ਸੰਤ ਲੋਗਨ ਭੀ ਇਨ ਕੇ ਸਾਥ ਮਿਲ ਕਰ ਆਂਖੋਂ ਕਾ ਬਿਉਪਾਰ ਕਰਤੇ ਰਹੇ।”

ਜਸਵੀਰ ਦੇ ਯਾਦਾਂ ਦੇ ਭੰਡਾਰ ਵਿੱਚੋਂ ਇੱਕ ਯਾਦ ਉੱਘੜ ਕੇ ਸਾਹਮਣੇ ਆ ਖਲੋਤੀ। ਉਹ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਾਲਾ ਡਾਕਟਰ ਵੀ ਤਾਂ ਪੈਸੇ ਦੇ ਅੰਬਾਰ ਉਸਾਰਨ ਦੀ ਦੌੜ ਵਿੱਚ ਬਗੈਰ ਲੋੜੋਂ ਹੀ ਦਿਲ ਦਾ ਉਪਰੇਸ਼ਨ ਕਰ ਦਿੰਦਾ ਸੀ। ਜਸਵੀਰ ਦਾ ਐਨ ਵਕਤ ਸਿਰ ਪੁੱਜਿਆ ਦੋਸਤ ਦਖ਼ਲ ਨਾ ਦਿੰਦਾ ਤਾਂ ਅੱਜ ਜਸਵੀਰ ਦੇ ਸੀਨੇ ਤੇ ਇੱਕ ਵੱਡਾ ਸਾਰਾ ਦਾਗ ਹੋਣਾ ਸੀ।

“।।। ਬਤਲਾਏਗਾ।” ਨੇ ਇੱਕ ਵਾਰ ਫੇਰ ਜਸਵੀਰ ਨੂੰ ਮਜਮੇ ਵਿੱਚ ਲੈ ਆਂਦਾ।

“ਬਤਲਾ ਵੁਹ ਜੋ ਬਾਬੂ ਜੀ ਪਤਲੂਨ ਕੀ ਜੇਬ ਮੈਂ ਹਾਥ ਘਸੋੜੇ ਖੜੇ ਹੈਂ ਉਨ ਕੇ ਸਿਰ ਮੇਂ ਕਿਆ ਹੈ?”

“ਭੇਜਾ ਹੈ ਉਸਤਾਦ।”

“ਵਾਹ! ਸਵਾਲ ਗੋਭੀ ਔਰ ਜਵਾਬ ਅਦਰਕ … ਕਿਆ ਚੀਜ਼ ਹੈ ਛੋਕਰੇ ਤੂ ਭੀ। ਅਰੇ ਕਭੀ ਤੋ ਸੀਧੀ ਬਾਤ ਕੀਆ ਕਰ। ਕਿਆ ਸਭੀ ਕੇ ਸਿਰ ਮੇਂ ਭੇਜਾ ਨਹੀਂ ਹੋਤਾ?”

“ਨਹੀਂ ਉਸਤਾਦ, ਕੁਛ ਲੋਗਨ ਕੇ ਸਿਰ ਮੇਂ ਭੂਸਾ ਭਰਾ ਹੂਆ ਹੋਤਾ ਹੈ।”

“ਭੂਸਾ! ਕਿਆ ਬੋਲਤਾ?”

“ਸਹੀ ਬਾਤ ਕਹਿਤ ਹੂੰ ਉਸਤਾਦ। ਜਿਨ ਲੋਗਨ ਕੀ ਵੋਟ ਕੀ ਕੀਮਤ ਸ਼ਰਾਬ ਕਬਾਬ ਯਾ ਪੋਸਤ ਕੀ ਭੁੱਕੀ ਹੋ, ਤੁਮ ਉਨ ਲੋਗਨ ਕੋ ਕਿਆ ਕਹੋਗੇ?”

“ਅਰੇ ਛੋੜ ਇਸ ਬਹਸ ਕੋ … ਯਿਹ ਬਤਾ ਬਾਬੂ ਜੀ ਇੱਤੀ ਅਕੜ ਮੇਂ ਕਿਉਂ ਹੈ?”

“ਉਸਤਾਦ, ਬਾਬੂ ਜੀ ਨੇ ਵਕਾਲਤ ਕੀ ਹੈ। ਅਬ ਸਿਆਸਤਦਾਨੋਂ ਕੀ ਤਰ੍ਹਾ ਬਾਤੇਂ ਬੇਚੇਂਗੇ ਔਰ ਬੰਗਲੇ ਬਨਵਾਏਂਗੇ। ਪੈਸਾ ਆਨੇ ਸੇ ਅਕੜ ਤੋ ਆ ਹੀ ਜਾਤੀ ਹੈ। ਪੈਸਾ ਆਨੇ ਸੇ ਕੈਸੇ ਅਕੜਨਾ ਹੈ, ਅਬ ਸੇ ਪਰੈਕਟਸ ਕਰ ਰਹੇ ਹੈਂ।

“ਤੁਮੇਂ ਕਿਆ ਗਰੰਟੀ ਹੈ ਕਿ ਬਾਬੂ ਜੀ ਖੂਬ ਕਮਾਈ ਕਰੇਂਗੇ?”

“ਉਸਤਾਦ, ਪੈਸਾ ਕਮਾਨੇ ਮੇਂ ਜੱਜ ਸਾਹਿਬ ਔਰ ਪੁਲੀਸ, ਦੋਨੋਂ ਵਕੀਲ ਸਾਹਿਬ ਕੀ ਮਦਦ ਕਰਤੇ ਹੈਂ।”

“ਵੁਹ ਕੈਸੇ?”

“ਉਸਤਾਦ ਸਾਇਲ ਏਕ ਗਾਏ ਕੀ ਤਰ੍ਹਾ ਹੋਤਾ ਹੈ। ਪੁਲੀਸ ਉਸ ਕੋ ਸੀਂਗੋਂ ਸੇ ਪਕੜ ਲੇਤੀ ਹੈ ਔਰ ਜੱਜ ਸਾਹਿਬ ਉਸ ਕੀ ਟਾਂਗੋਂ ਮੇਂ ਰਸੀ ਬਾਂਧ ਦੇਤੇ ਹੈਂ। ਵਕੀਲ ਸਾਹਿਬ ਆਰਾਮ ਸੇ ਦੂਧ ਧੋਹ ਲੇਤੇ ਹੈਂ।“

ਜਸਵੀਰ ਦੀ ਯਾਦਾਂ ਦੀ ਰੀਲ ਪਿਛਾਂਹ ਨੂੰ ਘੁੰਮ ਗਈ। ਉਸਦੇ ਮਨ ਵਿੱਚ ਇੱਕ ਚੀਸ ਜਿਹੀ ਉੱਠੀ। ਦੋ ਸਾਲ ਪਹਿਲਾਂ ਵਕੀਲ ਨੂੰ ਦਿੱਤਾ ਤੀਹ ਹਜ਼ਾਰ ਡਾਲਰ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਅਤੇ ਨਾਲ ਹੀ ਵਕੀਲ ਦੀ ਅਵਾ ਤਵਾ ਉਸਦੇ ਕੰਨਾਂ ਵਿੱਚ ਗੂੰਜਣ ਲਗੀ। ਆਪ ਮੁਹਾਰੇ ਉਸਦੇ ਅੰਦਰੋਂ ਆਵਾਜ਼ ਨਿਕਲੀ, ‘ਮੁੰਡਿਆ ਠੀਕ ਕਹਿਨਾ ਤੂੰ।’ ਲਾਗੇ ਖੜ੍ਹਾ ਇੱਕ ਸਰਦਾਰ ਜੀ ਬੋਲਿਆ, “ਬਾਬੂ ਜੀ, ਡੰਗੇ ਹੋਏ ਲਗਦੇ ਹੋ।”

ਸਵਾਲ ਕਰਤਾ ਨੇ ਫਿਰ ਪੁੱਛਿਆ, “ਉਨ ਮੂਛੋਂ ਵਾਲੇ ਸਾਹਿਬ ਕੋ ਜਾਨਤਾ ਹੈ?”

“ਜਾਨਤਾ ਹੂੰ, ਪੁਲੀਸ ਵਾਲਾ ਹੈ।”

“ਅਰੇ ਪੁਲੀਸ ਵਾਲੋਂ ਕੀ ਮੂਛੇਂ ਤੋ ਤਨੀ ਹੂਈ ਹੋਤੀ ਹੈਂ। ਫਿਰ ਇਸ ਕੀ ਮੂਛੇਂ ਨੀਚੀ ਕਿਉਂ ਹੈਂ?”

“ਉਸਤਾਦ, ਅਪਨਾ ਕੰਧਾ ਲਗਾਓ।

“ਕਿਆ ਮਤਲਬ?”

“ਅਗਰ ਮੈਂ ਨੇ ਕੁਛ ਅਨਾਬ ਸਨਾਬ ਬੋਲ ਦੀਆ ਨਾ, ਤੋ ਯੇਹ ਮਾਰ ਮਾਰ ਕੇ ਮੁਝੇ ਦੁੰਬਾ ਬਨਾ ਦੇਂਗੇ … ਗੁੜਗਾਓਂ ਕੀ ਖਬਰੇਂ ਅਭੀ ਤਾਜ਼ਾ ਹੈਂ। ਉਸਤਾਦ, ਹਮੇਂ ਇਸ ਚੱਕਰ ਮੇਂ ਨਹੀਂ ਪੜਨਾ ਚਾਹੀਏ।”

ਭੀੜ ਵਿੱਚੋਂ ਇੱਕ ਉੱਚੀ ਆਵਾਜ਼ ਉਭਰੀ, “ਜਦ ਦਾ ਅੱਤਵਾਦ ਖਤਮ ਹੋਇਆ, ਇਹਨਾਂ ਬਿਚਾਰਿਆਂ ਦੀ ਤਾਂ ਰੋਜ਼ੀ ਰੋਟੀ ਮਾਰੀ ਗਈ। ਬੱਸ ਘਰ ਦੇ ਦਾਣਿਆਂ ਤੇ ਆ ਗਏ।” ਇੱਕ ਹੋਰ ਆਵਾਜ਼ ਆਈ, “ਬਿਲਕੁਲ ਠੀਕ।”

“ਲੜਕੇ ਤੁਮ ਕੌਨ?” ਤੋਂ ਸ਼ੁਰੂ ਹੋ ਕੇ “ਬਤਲਾਏਗਾ” ਦੀ ਆਵਾਜ਼ ਆਈ ਤਾਂ ਬਾਕੀਆਂ ਦੀ ਤਰ੍ਹਾਂ ਜਸਵੀਰ ਵੀ ਇੱਧਰ ਉੱਧਰ ਦੇਖਣ ਲਗਾ। ਲਾਗਿਉਂ ਇੱਕ ਬੰਦਾ ਹੌਲੀ ਦੇਣੀ ਬੋਲਿਆ ਦੇਖੋ ਹੁਣ ਠੱਕ ਕਿੱਥੇ ਭੱਜਦੀ ਆ।।।।

“ਲੜਕੇ, ਯੇਹ ਬਤਲਾ ਵੁਹ ਜੋ ਬਾਬੂ ਲੋਗ ਹਾਥ ਮੇਂ ਕਾਪੀ ਪੈਂਸਲ ਥਾਮੇਂ ਖੜ੍ਹਾ ਹੈ, ਕਿਆ ਕਰ ਰਹਾ ਹੈ?”

“ਇਧਰ ਉਧਰ ਝਾਂਕ ਰਹਾ ਹੈ।” ਇੱਕ ਵੇਰ ਫੇਰ ਮਜਮੇ ਵਿੱਚ ਹਾਸੇ ਦਾ ਛਲਕ ਪਿਆ।

“ਦੇਖ, ਮੇਰੇ ਸਾਥ ਉਸਤਾਦੀ ਮਤ ਕਰ। ਅਗਰ ਮੈਂ ਕੁਛ ਕਹਿਤਾ ਹੂੰ ਤੋ ਤੂ ਨਾਰਾਜ਼ ਹੋ ਜਾਤਾ ਹੈ। ਮੈਂਨੇ ਪੂਛਾ ਬਾਬੂ ਜੀ ਕਾ ਪੇਸ਼ਾ ਕਿਆ ਹੈ।”

“ਪੱਤਰਕਾਰ ਹੈਂ।”

“ਤਬ ਤੋ ਲੋਗੋਂ ਤਕ ਖਬਰੇਂ ਪੁਹੰਚਾ ਕਰ ਬੜਾ ਨੇਕ ਕਾਮ ਕਰਤੇ ਹੋਂਗੇ?”

“ਹਾਂ ਉਸਤਾਦ। ਬਿਚਾਰੇ ਸਾਰਾ ਦਿਨ ਇਧਰ ਉਧਰ ਸੂੰਘਤੇ ਫਿਰਤੇ ਹੈਂ। ਕਹੀਂ ਸੇ ਜ਼ਰਾ ਸੀ ਖੁਸ਼ਬੂ ਜਾਂ ਬਦਬੂ ਆਈ ਨਹੀਂ, ਬਸ ਇਸ ਪਰਿਵਾਰ ਕੇ ਲੋਗ ਉਧਰ ਕੋ ਭਾਗ ਦੇਤੇ ਹੈਂ।”

“ਬੇਚਾਰੇ! ।।।”

“ਨਹੀਂ ਉਸਤਾਦ, ਇਤਨੇ ਬੇਚਾਰੇ ਭੀ ਨਹੀਂ। ਇਨ ਸੇ ਤੋ ਹਰ ਕੋਈ ਡਰਤਾ ਹੈ।”

“ਵੁਹ ਕਿਊਂ?”

“ਉਸਤਾਦ ਇਨ ਕੀ ਕਲਮ ਮੇਂ ਵੋਹ ਤਾਕਤ ਹੈ ਕਿ ਜਿਸੇ ਚਾਹੇਂ ਉਸੇ ਫਰਸ਼ ਸੇ ਉਠਾ ਕਰ ਅਰਸ਼ ਪੇ ਚੜ੍ਹਾ ਦੇਂ ਔਰ ਜਿਸੇ ਨਾ ਚਾਹੇਂ, ਉਸੇ ਅਰਸ਼ ਸੇ ਫਰਸ਼ ਪੇ ਪਟਕਾ ਦੇਂ।”

“ਤਬ ਤੋ ਇਨ ਸੇ ਡਰਨਾ ਚਾਹੀਏ।”

“ਨਹੀਂ ਉਸਤਾਦ, ਐਸੀ ਬਾਤ ਨਹੀਂ। ਅਗਰ ਜਿਹ ਲੋਗ ਨਾ ਹੋਂ ਤੋ ਇਸ ਲੋਕਤੰਤਰ ਮੇਂ ਅੰਧੇਰ ਛਾ ਜਾਏ। ਤੁਮਨੇ ਦੇਖਾ ਨਹੀਂ, ਇਨਹੋਂ ਨੇ ਪਾਰਲੀਮੈਂਟ ਮੈਂਬਰੋਂ ਕੋ ਕੈਸੇ ਰਿਸ਼ਵਤ ਲੇਤੇ ਹੁਏ ਪਕੜਾ?”

“ਹਾਂ ਵੁਹ ਤੋ ਠੀਕ ਹੈ।”

“ਅਗਰ ਕਿਸੀ ਕੋ ਬਲੈਕ ਮੇਲ ਕਰਨੇ ਪੇ ਆ ਜਾਏਂ, ਉਸਕਾ ਤੋ ਖੂਨ ਹੀ ਸੂਖ ਜਾਤਾ ਹੈ।”

ਜਸਵੀਰ ਦੀਆਂ ਅੱਖਾਂ ਅੱਗੇ ਇੱਕ ਤੇਜ਼ ਰਫਤਾਰ ਵੀਡੀਓ ਚੱਲਣ ਲੱਗੀ। ਅਮਰੀਕਾ ਦਾ ਪਰਧਾਨ ਨਿਕਸਨ ਵਿਚਾਰਾ ਇਹਨਾਂ ਹੱਥੋਂ ਹੀ ਮਾਰਿਆ ਗਿਆ। ।।। ਡੈਮੋਕਰੈਟਾਂ ਦੇ ਬਹੁਤ ਸਾਰੇ ਪਰਧਾਨਗੀ ਦੀ ਚੋਣ ਲੜਨ ਵਾਲੇ ਕੈਂਡੀਡੇਟ ਇਹਨਾਂ ਦਾ ਹੀ ਤਾਂ ਸ਼ਕਾਰ ਹੋਏ ਸੀ; ਪਰ ਇੱਕ ਇਹਨਾਂ ਦਾ ਵੀ ਬਾਪੂ ਨਿਕਲਿਆ। ਬਾਬਾ ਕਲਿੰਟਨ, ਆਪਣੀ ਗੱਦੀ ਦੇ ਅੱਠ ਸਾਲ ਵੀ ਪੂਰੇ ਕਰ ਗਿਆ ਅਤੇ ਵਾਈਟ ਹਾਊਸ ਵਿੱਚ ਮੈਨਕਾ ਲਵਿੰਸਕੀ ਨਾਲ ਚੋਹਲ ਵੀ ਕਰਦਾ ਰਿਹਾ।

“ਵੁਹ ਜੋ ਸਫੇਦ ਕਪੜੇ ਪਹਿਨੇ ਹੂਏ ਹੈਂ, ਜਾਨਤਾ ਹੈ ਤੂ ਵੁਹ ਕੋਨ ਹੈਂ?”

ਚਿੱਟ ਕੱਪੜੀਆਂ ’ਤੇ ਉੱਠੇ ਸਵਾਲ ਨਾਲ ਜਸਵੀਰ ਦੀ ਸੋਚ ਟੁੱਟੀ ਤਾਂ ਇੱਧਰ ਉੱਧਰ ਦੇਖਣ ਲਗਾ।

“ਉਸਤਾਦ! ਖੁਦ ਸਵਾਲ ਢੰਗ ਸੇ ਨਹੀਂ ਕਰਤੇ ਔਰ ਗੁੱਸਾ ਮੁਝ ਪਰ ਨਿਕਾਲਤੇ ਹੋ। ਦੇਖੋ , ਵਿਚਾਰੇ ਕਾਸ਼ਤਕਾਰੋਂ ਔਰ ਮਜ਼ਦੂਰੋਂ ਕੇ ਸਿਵਾਏ ਸਭੀ ਸਫੇਦ ਕਪੜੇ ਪਹਿਨਤੇ ਹੈਂ। ਮੈਂ ਕਿਸ ਕੇ ਬਾਰੇ ਮੇਂ ਬਤਲਾਊਂ।”

“ਮੇਰਾ ਮਤਲਬ ਸਫੇਦ ਸਿਲਕ ਕੇ ਕਪੜੋਂ ਸੇ ਥਾ।”

“ਉਸਤਾਦ, ਵੁਹ ਬਾਬਾ ਅੜਿੰਗ ਬੜਿੰਗ ਕੇ ਚੇਲੇ ਹੈਂ।”

“ਬਾਬਾ ਅੜਿੰਗ ਬੜਿੰਗ? ਜਿਹ ਕੈਸਾ ਨਾਮ ਹੈ?”

“ਉਸਤਾਦ, ਜਿਹ ਸਾਧੂ ਸੰਤ ਮਹਾਤਮਾ ਕੇ ਨਾਮ ਪਰ ਧਬਾ ਹੈਂ। ਲੋਗੋਂ ਕੀ ਜਾਇਦਾਦੋਂ ਪਰ ਜਬਰੀ ਕਬਜ਼ਾ ਕਰਤੇ ਹੈਂ। ਔਰਤੋਂ ਕੋ ਵਰਗਲਾ ਕਰ ਭਗਾ ਲੇ ਜਾਤੇ ਹੈਂ। ਇਨ ਕੇ ਡੇਰੋਂ ਮੇਂ ਨਾਬਾਲਗ ਲੜਕੀਉਂ ਕੇ ਸਾਥ ਬਲਾਤਕਾਰ ਹੋਤਾ ਹੈ। ਪਰਦੇਸੋਂ ਮੇਂ ਕਬੂਤਰ ਛੋੜਨੇ ਕਾ ਧੰਦਾ ਕਰਤੇ ਹੈਂ ਔਰ ਪਤਾ ਨਹੀਂ ਕਿਤਨੇ ਅੜਿੰਗ ਬੜਿੰਗ ਕਾਮ ਕਰਤੇ ਹੈਂ। ਤਭੀ ਮੈਨੇ ਇਨ ਕੋ ਅੜਿੰਗ ਬੜਿੰਗ ਬੋਲ ਦੀਆ।”

“ਜਿਹ ਰਹਿਤੇ ਕਹਾਂ ਹੈਂ ?”

“ਵੁਹ ਜੋ ਸਾਮਨੇ ਵਾਲੇ ਗੁੰਬਦ ਨਜ਼ਰ ਆ ਰਹੇ ਹੈਂ ਨਾ, ਵੁਹ ਇਨਕੀ ਰਾਜਧਾਨੀ ਹੈ।”

“ਤੁਮਹਾਰੀ ਬਾਤ ਮੇਰੀ ਸਮਝ ਸੇ ਬਾਹਰ ਹੈ। ਰਾਜਧਾਨੀ ਰਾਜਾਓਂ ਕੀ ਹੋਤੀ ਹੈ। ਮਹਾਤਮਾ ਲੋਗੋਂ ਕੇ ਤੋ ਆਸ਼ਰਮ ਯਾ ਡੇਰੇ ਹੋਤੇ ਹੈਂ ਔਰ ਤੁਮ ਰਾਜਧਾਨੀ ਕਹਿ ਰਹੇ ਹੋ। ਤੁਮਹਾਰੀ ਅਕਲ ਤੋ ਠਿਕਾਨੇ ਹੈ?”

“ਉਸਤਾਦ ਆਜ਼ਾਦੀ ਸੇ ਪਹਿਲੇ ਭਾਰਤ ਮੇਂ ਬੁਹਤ ਸੀ ਰਿਆਸਤੇਂ ਥੀਂ। ਹਰ ਰਿਆਸਤ ਕੀ ਰਾਜਧਾਨੀ ਥੀ, ਅਪਨੀ ਹਦਬੰਦੀ ਥੀ। ਹਰ ਰਾਜਾ ਕਾ ਅਪਨਾ ਖਜ਼ਾਨਾ ਥਾ, ਅਪਨੀ ਫੋਜ ਥੀ। ਪਰਜਾ ਸੇ ਲਗਾਨ ਵਸੂਲਾ ਜਾਤਾ ਥਾ। ਅਬ ਇਨ ਅੜਿੰਗ ਬੜਿੰਗ ਡੇਰੇਦਾਰੋਂ ਕੀ ਭੀ ਅਪਨੀ ਅਪਨੀ ਰਾਜਧਾਨੀਏਂ ਹੈਂ। ਹੱਦਬੰਦੀ ਹੈ। ਏਕ ਡੇਰੇਦਾਰ ਦੂਸਰੇ ਕੀ ਹਦਬੰਦੀ ਮੇਂ ਚਲਾ ਜਾਏ ਤੋਂ ਇਨ ਕੀ ਲੱਠਬਾਜ਼ ਫੌਜੇਂ ਆਪਸ ਮੇਂ ਟਕਰਾ ਜਾਤੀ ਹੈਂ। ਕਤਲ ਹੋ ਜਾਤੇ ਹੈਂ। ਕਈ ਏਕ ਕੇ ਖਜ਼ਾਨੇ ਮੇਂ ਤੋਂ ਏਕ ਸੂਬੇ ਕੀ ਸਰਕਾਰ ਸੇ ਜ਼ਿਆਦਾ ਦੌਲਤ ਹੈ। ।।। ਬਾਕੀ ਰਹੀ ਲਗਾਨ ਕੀ ਬਾਤ, ਲੋਗ ਖੁਦ ਬਖੁਦ ਖੁਸ਼ੀ ਖੁਸ਼ੀ ਇਨ ਕੇ ਖਜ਼ਾਨੇ ਮੇਂ ਮਾਲ ਲਗਾਨ ਜਮਾਂ ਕਰਵਾ ਦੇਤੇ ਹੈਂ। ਲੋਗ ਲਗਾਨ ਕੇ ਬਦਲੇ ਸਰਕਾਰ ਸੇ ਬਹੁਤ ਸੀ ਸੁਵਿਧਾਏਂ ਮਾਂਗਤੇ ਹੈਂ। ਅਗਰ ਸਰਕਾਰ ਨਹੀਂ ਦੇਤੀ ਤੋ ਅੰਦੋਲਨ ਹੋਤੇ ਹੈਂ। ਮਗਰ ਇਨ ਡੇਰੇਦਾਰੋਂ ਸੇ ਕੋਈ ਕੁਛ ਨਹੀਂ ਮਾਂਗਤਾ। ਸਿਆਸੀ ਲੀਡਰ, ਹਕੂਮਤ ਕੇ ਵਜ਼ੀਰ ਔਰ ਸਰਕਾਰੀ ਅਫਸਰ ਸਭ ਇਨ ਅੜਿੰਗ ਬੜਿੰਗ ਬਾਬਾ ਲੋਗੋਂ ਕੋ ਪ੍ਰਣਾਮ ਕਰਨੇ ਕੇ ਲੀਏ ਹਾਜ਼ਰ ਹੋਤੇ ਹੈਂ।”

“ਮੁੰਡੇ ਕੋਲੋਂ ਡੇਰੇਦਾਰ ਸਾਧਾਂ ਬਾਰੇ ਸੁਣ ਕੇ ਜਸਵੀਰ ਨੂੰ ਵੀ ਇੱਕ ਦੋ ਸ੍ਹਾਨ ਸੰਤ ਚੇਤੇ ਆ ਗਏ, ਜਿਹਨਾਂ ਨੇ ਅਮਰੀਕਾ ਕੈਨੇਡਾ ਵਿੱਚ ਲੋਕਾਂ ਦੀਆਂ ਲੱਖਾਂ ਡਾਲਰਾਂ ਦੀਆਂ ਜਾਇਦਾਦਾਂ ਹੜੱਪ ਕਰ ਲਈਆਂ ਹਨ। ਕਬੂਤਰਬਾਜ਼ੀ ਵੀ ਕਰਦੇ ਹਨ ਅਤੇ ਆਪਣੀਆਂ ਘਰ ਵਾਲੀਆਂ ਦੇ ਹੁੰਦਿਆਂ ਸੁੰਦਿਆਂ ਹੋਰ ਔਰਤਾਂ ਰੱਖੀਆਂ ਹੋਈਆਂ ਹਨ। ਵੱਡੇ ਵੱਡੇ ਧਨਾਡ ਅਤੇ ਦੇਸ ਦੇ ਧਾਰਮਕ ਆਗੂ ਉਹਨਾਂ ਦੇ ਡੇਰਿਆਂ ਤੇ ਹਾਜ਼ਰੀ ਲਗਾਉਣ ਪੁੱਜਦੇ ਹਨ। ਸਿਖ ਪੰਥ ਦੇ ਸਰਬ ਉੱਚ ਅਸਥਾਨਾਂ ਤੋਂ ਹੋਰ ਕਿਸੇ ਦਾ ਮਾਣ ਸਨਮਾਨ ਹੋਵੇ, ਚਾਹੇ ਨਾ ਹੋਵੇ; ਇਹਨਾਂ ਅੜਿੰਗ ਬੜਿੰਗ ਡੇਰੇਦਾਰਾਂ ਨੂੰ ਜ਼ਰੂਰ ਸਨਮਾਨਿਆ ਜਾਂਦਾ ਹੈ।

“ਤੂ ਵੀ ਕਮਾਲ ਕਾ ਛੋਕਰਾ ਹੈ। ਸਬ ਪਰ ਤਵਾ ਲਗਾਏ ਜਾ ਰਹਾ ਹੈ। ਤੇਰੇ ਖਿਆਲ ਮੇਂ ਕੋਈ ਅੱਛਾ ਭੀ ਹੈ?”

“ਹਾਂ ਉਸਤਾਦ, ਹੈ। ਅਭੀ ਭਲੇ ਇਨਸਾਨੋਂ ਕਾ ਬੀਜ ਨਾਸ ਨਹੀਂ ਹੂਆ ।।। ਪਰ ਏਕ ਗੰਦੇ ਅੰਡੇ ਕੀ ਬੂ ਸੇ ਸਭ ਅੰਡੋਂ ਪਰ ਸ਼ੱਕ ਹੋ ਜਾਤੀ ਹੈ।”

“ਦੇਖ, ਅੱਬ ਬਸ ਕਰ। ਕਿਉਂ ਅਪਨੇ ਔਰ ਮੇਰੇ ਪੇਟ ਪੈ ਲਾਤ ਮਾਰਤਾ ਹੈ? ਅਗਰ ਹਮ ਕੋ ਮਜਮਾ ਲਗਾਨੇ ਸੇ ਮਨ੍ਹਾਂ ਕਰ ਦੀਆ ਤੋ ਹਮ ਭੂਖੇ ਮਰ ਜਾਂਏਂਗੇ।”

“ਹਾਂ ਉਸਤਾਦ। ਤੁਮਨੇ ਠੀਕ ਕਹਾ। ਬਿਹਤਰ ਹੈ ਕਿ ਅਭੀ ਸੇ ਰੋਜ਼ੀ ਰੋਟੀ ਕਮਾਨੇ ਕਾ ਕੋਈ ਔਰ ਰਾਸਤਾ ਸੋਚ ਲੇਂ। ਬੇਕਾਰੀ ਕਾ ਜ਼ਮਾਨਾ ਹੈ, ਸਰਕਾਰੀ ਨੌਕਰੀ ਹਮੇਂ ਮਿਲੇਗੀ ਨਹੀਂ। ਵਕੀਲ ਜਾਂ ਡਾਕਦਾਰ ਹਮ ਬਨ ਨਹੀਂ ਸਕਤੇ, ਹਮਾਰੇ ਪਾਸ ਡਿਗਰੀ ਨਹੀਂ ਹੈ। ਹਾਂ, ਸਿਆਸਤਦਾਨ ਬਨ ਜਾਏਂ ਤੋ ਜਿਹ ਰੋਜ਼ ਰੋਜ਼ ਕਾ ਮਜਮਾ ਲਗਾਨੇ ਸੇ ਛੂਟ ਜਾਏਂਗੇ।”

“ਵੁਹ ਕੈਸੇ?”

“ਉਸਤਾਦ, ਸਭ ਦੁਨੀਆਂ ਕੇ ਸਿਆਸਤਦਾਨ ਇਲੈਕਸ਼ਨ ਕੇ ਸਮੇਂ ਖੂਬ ਮਜਮਾ ਜਮਾਤੇ ਹੈਂ। ਉਨ ਕੀ ਬਾਤੋਂ ਕੇ ਝਾਂਸੇ ਮੇਂ ਆ ਕਰ ਜਨਤਾ ਉਨ ਕੋ ਵੋਟ ਡਾਲਤੀ ਹੈ। ਜਿਨਕਾ ਮਜਮਾ ਅੱਛਾ ਜਮ ਜਾਏ, ਵੁਹ ਜੀਤ ਜਾਤਾ ਹੈ। ਦੂਸਰੀ ਇਲੈਕਸ਼ਨ ਤਕ ਉਨਕੀ, ਉਨਕੇ ਨਾਤੇਦਾਰੋਂ ਕੀ ਔਰ ਸਭ ਦੋਸਤੋਂ ਕੀ ਚਾਂਦੀ ਹੋ ਜਾਤੀ ਹੈ। ਏਕ ਬਾਤ ਔਰ ਕਹੂੰ ਉਸਤਾਦ ।।। ਫਿਰ ਪੁਲੀਸ ਭੀ ਉਨ ਕੋ ਸਲੂਟ ਮਾਰਤੀ ਹੈ। ਸਿਆਸਤਦਾਨੋਂ ਕੇ ਲੀਏ ਤਾਲੀਮ ਕੀ ਤੋ ਕੋਈ ਬੰਦਿਸ਼ ਹੀ ਨਹੀਂ। ਬਸ ਦੂਸਰੇ ਕੀ ਜੇਬ ਕਾਟਨੀ ਆਤੀ ਹੋ, ਝੂਟੇ ਇਕਰਾਰ ਕਰਨੇ ਕੀ ਮਹਾਰਤ ਹੋ। ਊਂਚੀ ਆਵਾਜ਼ ਮੇਂ ਨਾਹਰੇ ਲਗਾਨੇ ਕੀ ਹਿੰਮਤ ਹੋ। ਸ਼ਰਾਰਤੀ ਦਿਮਾਗ ਹੋ ਔਰ ਨਲੀ ਚੋ ਬੱਚੇ ਕੋ ਵੀ ਚੂਮ ਸਕੇਂ … ਇਤਨਾ ਤੋ ਹਮ ਕਰ ਹੀ ਲੇਂਗੇ।”

ਜਸਵੀਰ ਨੂੰ ਪਿੱਛੇ ਹਟਦਾ ਦੇਖ ਕੇ ਸਵਾਲ ਕਰਤਾ ਬੋਲਿਆ, “ਬਾਬੂ ਜੀ ਅਪਨੀ ਜਗ੍ਹਾ ਸੇ ਮਤ ਹਿਲਨਾ। ਮੁੰਡੂ ਕੀ ਜ਼ਿੰਦਗੀ ਕਾ ਸਾਵਾਲ ਹੈ। ਅੱਛਾ, ਬੱਚਾ ਲੋਗ ਦੋਨੋਂ ਹਾਥ ਕੀ ਤਾੜੀ ਲਗਾਓ।”

ਤਾੜੀਆਂ ਦੇ ਵਿੱਚਕਾਰ ਜਸਵੀਰ ਨੇ ਸੌ ਰੁਪਏ ਦਾ ਨੋਟ ਕੱਢ ਕੇ ਸਵਾਲ ਕਰਤਾ ਦੇ ਹੱਥ ਦੇ ਦਿੱਤਾ ਤਾਂ ਉਸਦੀਆਂ ਬਾਛਾਂ ਖਿੜ ਗਈਆਂ। ਉਸ ਨੇ ਰੀਸ ਪਾਉਣ ਦੀ ਨੀਅਤ ਨਾਲ ਆਖਿਆ, “ਲੜਕੇ ਦੇਖ, ਟੋਪ ਵਾਲੇ ਬਾਬੂ ਜੀ ਨੇ ਖੁਸ਼ ਹੋ ਕਰ ਤੁਮੇਂ ਕਿਤਨਾ ਬੜਾ ਨੋਟ ਦੀਆ ਹੈ ।।। ਪੂਰੇ ਸੌ ਰੁਪਏ ਕਾ ਹੈ। ਤੂ ਇਨ ਕੋ ਜਾਨਤਾ ਹੈ?”

“ਜਾਨਤਾ ਹੂੰ ।।। ਜਿਹ ਟੋਪ ਵਾਲੇ ਬਾਬੂ, ਬਾਬੂ ਜੀ ਨਹੀਂ; ਪਰਦੇਸੀ ‘ਸਰਦਾਰ ਜੀ’ ਹੈਂ।”

“ਤੁਮੇਂ ਕੈਸੇ ਪਤਾ?”

“ਇਨ ਕੀ ਬਖਸ਼ੀਸ਼ ਨਹੀਂ ਦੇਖੀ। ਸਰਦਾਰ ਲੋਗਨ ਕਾ ਜਿਤਨਾ ਬੜਾ ਦਿਲ ਉਤਨੀ ਬੜੀ ਬਖਸ਼ੀਸ਼ ਹੋਤੀ ਹੈ। ਬਾਬੂ ਲੋਗ ਤੋ ਜੇਬ ਮੇਂ ਹਾਥ ਡਾਲ ਕਰ ਸਿੱਕੇ ਕੋ ਇਤਨਾ ਮਲਤੇ ਹੈਂ, ਇਤਨਾ ਮਲਤੇ ਹੈਂ ਕਿ ਉਸ ਕੇ ਨੰਬਰ ਹੀ ਮਿਟ ਜਾਏਂ।”

“ਲੜਕੇ ਏਕ ਦਫਾ ਔਰ ਸੋਚ ਲੇ। ਸਰਦਾਰ ਲੋਗੋਂ ਕੀ ਪਹਿਚਾਨ ਪਗੜੀ ਹੋਤੀ ਹੈ, ਜੋ ਇਨ ਕੇ ਪਾਸ ਨਹੀਂ ਹੈ।”
“ਤੁਮ ਨੇ ਠੀਕ ਕਹਾ ਉਸਤਾਦ। ।।। ਪਰਦੇਸ ਨੇ ਇਨ ਸੇ ਪਗੜੀ ਹੀ ਨਹੀਂ ਛੀਨੀ, ਇਨ ਸੇ ਇਨ ਕੇ ਨਾਮ ਭੀ ਛੀਨ ਲੀਏ ਹੈਂ । ਗੁਰਦੇਵ ਸਿੰਘ ਗੈਰੀ ਹੈ; ਕੋਈ ਮਾਈਕ ਹੈ, ਕੋਈ ਪੀਟ ਹੈ, ਕੋਈ ਟੌਮ ਡਿਕ ਹੈਰੀ ਹੈ।”

“ਪੈਸੇ ਵਾਲੇ ਕਾ ਚੇਹਰਾ, ਔਰ ਬੇਰੌਨਕ! ਹੈਰਾਨੀ ਕੀ ਬਾਤ ਨਹੀਂ ਕਿਆ?”

“ਹਾਂ ਉਸਤਾਦ, ਹੈ ਤੋ ।।। ਮਗਰ ਇਸ ਕੇ ਕੁਛ ਕਾਰਨ ਹੋ ਸਕਤੇ ਹੈਂ।”

“ਕੈਸੇ ਕਾਰਨ?”

“ਹਨੀ ਕੀ ਯਾਦ ਆ ਰਹੀ ਹੋਗੀ।”

“ਹੂੰ, ਅਗਰ ਤੁਮਹਾਰਾ ਮਤਲਬ ਸ਼ਹਿਦ ਸੇ ਹੈ, ਵੁਹ ਤੋ ਕਹੀਂ ਸੇ ਭੀ ਖਰੀਦਾ ਜਾ ਸਕਤਾ ਹੈ। ਮਾਯੂਸੀ ਕੀ ਕਿਆ ਬਾਤ?”

“ਬਹੁਤ ਭੋਲਾ ਹੈ ਉਸਤਾਦ, ਇਤਨਾ ਭੀ ਨਹੀਂ ਜਾਨਤਾ, ਅਮਰੀਕਣ ਲੋਗ ਅਪਨੀ ਬੀਵੀ ਕੋ ਹਨੀ ਕਹਿਤੇ ਹੈਂ।”

“ਵੁਹ ਕਿਉਂ?”

“ਉਨਕੇ ਕੜਵੇ ਪਨ ਸੇ ਬਚਨੇ ਕੇ ਲੀਏ। ਵੈਸੇ ਤੋ ਆਜ ਕਲ ਹਮਾਰੇ ਦੇਸ਼ ਮੇਂ ਵੀ ਮਰਦ ਬੀਵੀ ਸੇ ਝੀਂਪਨੇ ਲਗੇ ਹੈਂ।”

“ਛੋੜ ।।। ਹਮੇ ਕਿਸੀ ਕੀ ਘਰੇਲੂ ਜਿੰਦਗੀ ਸੇ ਕਿਆ ਲੇਨਾ ਦੇਨਾ?”

“ਠੀਕ ਕਹਾ ਉਸਤਾਦ, ਹਮਾਰੇ ਦੇਸ਼ ਮੇਂ ਜਿਸ ਕੀ ਲਾਠੀ, ਉਸ ਕੀ ਭੈਂਸ ਕੀ ਬਾਤ ਤੋ ਕਿਸੀ ਸੇ ਛੁਪੀ ਨਹੀਂ। ਕਿਸੀ ਨੇ ਇਨ ਕੀ ਜਾਇਦਾਦ ਪਰ ਜਬਰੀ ਕਬਜ਼ਾ ਕਰ ਲੀਆ ਹੋਗਾ। ।।। ਹਾਂ, ਪੰਜਾਬੀ ਲੇਖਕ ਭੀ ਤੋ ਹੋ ਸਕਤੇ ਹੈਂ। ਅਮਰੀਕਨ ਸਰਕਾਰ ਕੀ ਤਰ੍ਹਾ ਪੈਸੇ ਕੀ ਗੇਮ ਖੇਲਤੇ ਹੈਂ। ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ। ਕਾਮਯਾਬ ਨਾ ਹੋਨੇ ਪਰ ਚੇਹਰਾ ਤੋ ਢੀਲਾ ਪੜ੍ਹੇਗਾ ਹੀ।”

ਜਸਵੀਰ ਦੇ ਅੰਦਰਲੇ ਨੇ ਨਹੋਰਾ ਮਾਰਿਆ, ‘ਹੇ ਖਾਂ! ਵੱਡਾ ਚਤਰ। ਮੈਥੋਂ ਪੈਸੇ ਲੈ ਕੇ ਮੇਰੇ ’ਤੇ ਹੀ ਤਵਾ?” ਅਤੇ ਉਹ ਮਜਮੇ ਤੋਂ ਬਾਹਰ ਨਿਕਲ ਕੇ ਰਕਸ਼ਿਆਂ ਦੇ ਅੱਡੇ ਵਲ ਨੂੰ ਤੁਰ ਪਿਆ। ਪਰ ‘ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ।’ ਦੀ ਟੇਪ ਆਪ ਮੁਹਾਰੇ ਉਸਦੇ ਸਿਰ ਵਿੱਚ ਘਰਰ ਘਰਰ ਕਰਨ ਲੱਗ ਪਈ।

“ਬਾਬੂ ਜੀ, ਕਿੱਥੇ ਲੈ ਚੱਲਾਂ?” ਰਿਕਸ਼ੇ ਵਾਲੇ ਨੇ ਪੁੱਛਿਆ।

“ਜਹੱਨਮ!” ਬੇਅਖ਼ਤਿਆਰੇ ਜਸਵੀਰ ਦੇ ਮੂੰਹੋਂ ਨਿਕਲ ਗਿਆ।

“ਬਾਬੂ ਜੀ, ਤੁਹਾਡੀ ਹਾਲਤ ਦੇਖ ਕੇ ਤਾਂ ਲਗਦਾ ਹੈ ਤੁਸੀਂ ਆਪਣੀ ਮੰਜਲ ਤੇ ਪੁੱਜ ਚੁੱਕੇ ਹੋ। ਹਾਂ, ਅਗਰ ਤੁਸੀਂ ਕੋਈ ਹੋਰ ਠਿਕਾਣਾ ਦੱਸੋ ਤਾਂ ਲੈ ਚਲਦਾ ਹਾਂ।”

ਜਸਵੀਰ ਨੇ ਕਿਸੇ ਚੰਗੀ ਕਲੱਬ ਵਿਚ ਜਾਣ ਦੀ ਇੱਛਾ ਪਰਗਟ ਕੀਤੀ। ਨਾਂਹ ਨਾਂਹ ਕਰਦੇ ਰਿਕਸ਼ੇ ਵਾਲੇ ਨੂੰ ਵੀ ਜਸਵੀਰ ਕੱਲਬ ਅੰਦਰ ਲੈ ਗਿਆ। ਜਸਵੀਰ ਨੇ ਦੋ ਸਕਾਚ ਆਨ ਰਾਕ ਦਾ ਆਰਡਰ ਕੀਤਾ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੇਰੀ ਇਨੀ ਤੋਫੀਕ ਨਹੀਂ ਕਿ ਮੈਂ ਕਲੱਬਾਂ ਵਿਚ ਸ਼ਰਾਬਾਂ ਪੀਵਾਂ।”

ਜਸਵੀਰ ਨੇ ਬਹੁਤ ਜ਼ਿੱਦ ਕੀਤੀ ਤਾਂ ਰਿਕਸ਼ੇ ਵਾਲੇ ਨੇ ਜੂਸ ਲੈ ਲਿਆ। ਪਹਿਲਾ ਡਰਾਮ ਅੰਦਰ ਉਲੱਦ ਕੇ ਝੱਟ ਜਸਵੀਰ ਨੇ ਦੂਸਰੇ ਦਾ ਆਰਡਰ ਕਰ ਦਿੱਤਾ। ਪਹਿਲੇ ਵਾਂਗ ਦੂਸਰਾ ਡਰਾਮ ਵੀ ਇਨਕਲਾਬ ਜ਼ਿੰਦਾਬਾਦ ਕਰਦਾ ਹੋਇਆ ਅੰਦਰ ਲੰਘ ਗਿਆ। ਤੀਜੇ ਦਾ ਆਰਡਰ ਹੋ ਗਿਆ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੈਂਨੂੰ ਸਮਾਂ ਦੱਸ ਦਿਓ, ਮੈਂ ਵਾਪਸ ਆ ਕੇ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਪਹੁੰਚਾ ਦੇਵਾਂਗਾ।”

ਨਸ਼ੇ ਦੀ ਲੋਰ ਨੇ ਜਸਵੀਰ ਨੂੰ ਆਪਣਾ ਦੁੱਖ ਸਾਂਝਾ ਕਰਨ ਦੀ ਹੱਲਾਸ਼ੇਰੀ ਦੇ ਦਿੱਤੀ। ਉਹ ਬੋਲਿਆ, “ਮੈਂ ਬਾਬੂ ਜੀ ਨਹੀਂ … ਤੁਹਾਡਾ ਹੀ ਪੰਜਾਬੀ ਭਰਾ ਹਾਂ ।।। ਪਰਦੇਸ ਨੇ ਸਾਨੂੰ ਬੇ ਪਛਾਣ ਕਰ ਦਿੱਤਾ ਹੈ। ਮੇਰਾ ਨਾਂ ਜਸਵੀਰ ਸਿੰਘ ਹੈ ।।। ਤੇਰਾ ?”
“ਗੁਰਨੇਕ ਸਿੰਘ।”

“ਚੰਗਾ ਫਿਰ ਗੁਰਨੇਕ; ਮੈਂ ਤੇਰੇ ਲਈ ਜੱਸੀ ਤੇ ਤੂੰ ਮੇਰੇ ਲਈ ਨੇਕ। ਮੈਂ ਅਪਣਾ ਦਿਲ ਹੌਲਾ ਕਰਨਾ ਮੰਗਦਾਂ, ਦੱਸ ਕਿਸ ਪਾਸ ਕਰਾਂ?”

“ਅੱਛਾ, ।।। ਇਹ ਗੱਲ ਆ ਤਾਂ ਜੱਸੀ ਭਾਜੀ ਘਰ ਚਲਦੇ ਹਾਂ। ਨਾਲੇ ਲੰਗਰ ਪਾਣੀ ਛਕਾਂਗੇ ਨਾਲੇ ਗੱਲਾਂ ਕਰਾਂਗੇ।

ਇੰਨੇ ਨੂੰ ਤੀਜਾ ਡਰਿੰਕ ਆ ਗਿਆ ਤਾਂ ਗੁਰਨੇਕ ਨੇ ਕਿਹਾ, “ਨਹੀਂ ਭਾਜੀ, ਹੁਣ ਹੋਰ ਨਹੀਂ। ਸ਼ਰਾਬ ਤਾਂ ਫਿਰ ਸ਼ਰਾਬੀਆਂ ਵਾਲੀਆਂ ਗੱਲਾਂ ਹੀ ਕਰਵਾਏਗੀ; ਦਿਲ ਦੀ ਗੱਲ ਨਹੀਂ ਹੋ ਸਕਣੀ।”

ਬੈਠਕ ਵਿੱਚ ਕਿਤਾਬਾਂ ਨਾਲ ਭਰੀਆਂ ਸ਼ੈਲਫਾਂ ਵਿੱਚਕਾਰ ਇੱਕ ਸ਼ੈਲਫ ਤੇ ਲਿਖਿਆ ਸ਼ਬਦ ‘ਛੜਜੰਤਰ’ ਜਸਵੀਰ ਲਈ ਖਿੱਚ ਦਾ ਕਾਰਨ ਬਣ ਗਿਆ। ਇਸ ਨਾਂ ਦਾ ਤਾਂ ਇੱਕ ਕਾਲਮ ਦੇਸ ਪਰਦੇਸ ਦੀਆਂ ਪੰਜਾਬੀ ਪਤਰਕਾਵਾਂ ਵਿੱਚ ਬੇਹੱਦ ਮਕਬੂਲ ਹੋ ਚੁੱਕਾ ਹੈ। ਉੱਠ ਕੇ ਦੇਖਣ ਹੀ ਲੱਗਾ ਸੀ ਕਿ ਗੁਰਨੇਕ ਨੇ ਕੁੜਤਾ ਪਜਾਮਾ ਤੇ ਇੱਕ ਚਾਦਰਾ ਜਸਵੀਰ ਵਲ ਨੂੰ ਕਰਦਿਆਂ ਆਖਿਆ, “ਭਾ ਜੀ ਆਹ ਲਓ ਪਜਾਮਾ, ਜੇ ਨਾਪ ਨਾ ਆਵੇ ਤਾਂ ਚਾਦਰਾ ਲਾ ਲੈਣਾ। ਆਓ, ਮੈਂ ਤੁਹਾਨੂੰ ਬਾਥਰੂਮ ਦਿਖਾ ਦੇਵਾਂ। ਇਸ਼ਨਾਨ ਕਰ ਲਵੋ; ਦਿਨ ਦਾ ਥਕੇਵਾਂ ਲਹਿ ਜਾਵੇਗਾ।”

ਬਾਥਰੂਮ ਵਿੱਚ ਵੀ ਜਸਵੀਰ ਦੀ ਸੋਚ ’ਤੇ ਕਿਤਾਬਾਂ ਅਤੇ ਛੜਜੰਤਰ ਸ਼ੈਲਫ ਵਿੱਚ ਰੱਖੇ ਕਾਗਜ਼ ਭਾਰੂ ਰਹੇ। ਰਿਕਸ਼ਾ ਤੇ ਕਿਤਾਬਾਂ? … ਹੋ ਸਕਦਾ ਹੈ ਨੇਕ ਦਾ ਕੋਈ ਭਰਾ ਭਤੀਜਾ ਕਾਲਜ ਜਾਂਦਾ ਹੋਵੇ? ਉਹਦੇ ਬਾਥਰੂਮ ਚੋਂ ਬਾਹਰ ਨਿਕਲਦਿਆਂ ਹੀ ਨੇਕ ਨੇ ਕਿਹਾ, “ਭਾਜੀ, ਬੇਬੇ ਜੀ ਨੇ ਪਰਸ਼ਾਦਾ ਛਕਣ ਲਈ ਸੱਦਿਆ ਹੈ।”

ਪਰਸ਼ਾਦੇ ਦੀ ਹਰ ਗਰਾਹੀ ਨਾਲ ਜਸਵੀਰ ਅੰਦਰ ਕਿਤਾਬਾਂ ਕਿਤਾਬਾਂ ਦਾ ਅਜੱਪਾ ਜਾਪ ਹੋ ਰਿਹਾ ਸੀ। ਮੁੜ ਬੈਠਕ ਵਿੱਚ ਪਹੁੰਚਦਿਆਂ ਹੀ ਉਹਨੇ ਨੇਕ ਉੱਤੇ ਸਵਾਲਾਂ ਦੀ ਝੜੀ ਲਾ ਦਿੱਤੀ, “ਨੇਕ, ਤੁਹਾਡਾ ਕੋਈ ਹੋਰ ਭੈਣ ਭਾਈ ਵੀ ਹੈ?”

“ਇੱਕ ਵਡੀ ਭੈਣ ਹੈ, ਜੋ ਆਪਣੇ ਘਰ ਸੁਖੀ ਹੈ।”

“ਤੇ ਇਹ ਕਿਤਾਬਾਂ ।।।।”

ਵਿੱਚੋਂ ਗੱਲ ਟੋਕਦਿਆਂ ਨੇਕ ਨੇ ਆਖਿਆ, “ਇਹ ਸ਼ੈਲਫਾਂ ਤੇ ਪਈਆਂ ਸੋਹਣੀਆਂ ਲਗਦੀਆਂ ਹਨ। ਆਇਆ ਗਿਆ ਸਾਨੂੰ ਪੜ੍ਹਿਆਂ ਲਿਖਿਆਂ ਵਿੱਚ ਗਿਣਦਾ ਹੈ।”

ਜਕਦੇ ਜਕਦੇ ਜਸਵੀਰ ਨੇ ਹੱਥ ਦੇ ਇਸ਼ਾਰੇ ਨਾਲ ਪੁੱਛਿਆ, “ਔਹ ਛੜਜੰਤਰ ਸ਼ੈਲਫ ਦਾ ਕੀ ਮਤਲਬ?”

“ਨੇਕ ਨੇ ਹੱਸਦਿਆ ਹੋਇਆਂ ਗੱਲ ਦਾ ਰੁਖ ਬਦਲਣ ਲਈ ਆਖਿਆ, “ਭਾਜੀ ਪਹਿਲਾਂ ਤੁਸੀਂ ਆਪਣੇ ਦਿਲ ਦੀ ਗੱਲ ਕਰ ਲਓ। ਥੱਕੇ ਹੋਏ ਹੋਣ ਕਾਰਨ ਜੇ ਨੀਂਦ ਆ ਗਈ ਤਾਂ ਗੱਲ ਵਿੱਚੇ ਹੀ ਰਹਿ ਜਾਵੇਗੀ।”

ਜਸਵੀਰ ਨੇ ਹੋਰ ਜਾਣਕਾਰੀ ਲਈ ਗੱਲ ਅੱਗੇ ਤੋਰੀ, “ਇਸ ਨਾਂ ਦਾ ਤਾਂ ।।। ”

“ਗੁਰਨੇਕ ਬੇਟਾ, ਆਹ ਲਓ ਗਰਮ ਗਰਮ ਦੁੱਧ ।।।”

ਦੋਵੇਂ ਉੱਠ ਕੇ ਖੜ੍ਹੇ ਹੋ ਗਏ। ਗੱਲ ਵਿੱਚਕਾਰ ਹੀ ਰਹਿ ਗਈ। ਬਾਪੂ ਦੁੱਧ ਮੇਜ਼ ’ਤੇ ਰੱਖ ਕੇ ਜਾਣ ਲੱਗਾ ਤਾਂ ਜਸਵੀਰ ਨੇ ਉਸਨੂੰ ਰੋਕ ਲਿਆ।

ਦੁੱਧ ਦਾ ਗਿਲਾਸ ਜਸਵੀਰ ਵਲ ਨੂੰ ਕਰਦਾ ਗੁਰਨੇਕ ਬੋਲਿਆ, “ਲਓ ਭਾ ਜੀ, ਨਾਲੇ ਗਰਮ ਗਰਮ ਦੁੱਧ ਪੀਓ, ਨਾਲੇ ਦਿਲ ਹੌਲਾ ਕਰੋ।”

ਜਸਵੀਰ ਨੇ ਗਿਲਾਸ ਫੜਦਿਆਂ ਉੱਤਰ ਦਿੱਤਾ , “ਨਹੀਂ, ਐਸੀ ਕੋਈ ਗਲ ਨਹੀਂ।”

“ਦੇਖੋ ਭਾ ਜੀ, ਸੰਗੋ ਨਾ; ਤੁਹਾਡਾ ਆਪਣਾ ਘਰ ਹੈ। ਨਾਲੇ ਬਾਪੂ ਜੀ ਦਾ ਜੋ ਜ਼ਿੰਦਗੀ ਪ੍ਰਤੀ ਤਜਰਬਾ ਹੈ, ਉਸ ਤੋਂ ਲਾਹਾ ਲੈਂਦੇ ਹਾਂ।”

“ਹਾਂ ਬੇਟਾ, ਗੱਲ ਕਰਨ ਨਾਲ ਹੀ ਗੱਲ ਸੁਲਝਦੀ ਹੈ। ਨਾਂ ਕਰੀਏ ਤਾਂ ਸੁਲਗਦੀ ਸੁਲਗਦੀ ਭਾਂਬੜ ਬਣ ਸਕਦੀ ਹੈ।”

“ਬਾਪੂ ਜੀ, ਮੈਂ ਕੋਈ ਤੀਹ ਸਾਲ ਤੋਂ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਿੱਚ ਰਹਿ ਰਿਹਾ ਹਾਂ। ਹਰ ਪਰਵਾਸੀ ਵਾਂਗ ਪਹਿਲਾਂ ਪਹਿਲ ਮੈਂ ਵੀ ਕਮਰ ਅਤੇ ਡੌਲਿਆਂ ਦੇ ਜੋਰ ਰੋਜ਼ੀ ਰੋਟੀ ਕਮਾਂਉਦਾ ਰਿਹਾ। ਹੁਣ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਕਨਸਲਟਿੰਗ ਇੰਜਨੀਅਰਿੰਗ ਏਜੰਸੀ ਹੈ। ਨਵੇਂ ਕਾਨੂੰਨ ਅਧੀਨ ਜਿਓਂ ਹੀ ਪੰਜਾਬੀ ਵਸੋਂ ਵਧੀ, ਨਾਲ ਹੀ ਪੰਜਾਬੀ ਸਭਾਵਾਂ ਅਤੇ ਗੁਰਦਵਾਰੇ ਹੋਂਦ ਵਿੱਚ ਆ ਗਏ। ਬੱਸ, ਅਗੇ ਕੁੱਝ ਨਾ ਪੁਛੋ। ਜਿਉਂ ਹੀ ਵਾਗਡੋਰ ਪੰਜਾਬੀ ਸੁਭਾ ਨੇ ਸੰਭਾਲੀ, ਬੱਸ ਜਿਵੇਂ ਬੂਟੇ ਦੇ ਇਰਦ ਗਿਰਦ ਪੁੰਗਾਰੇ ਫੁੱਟ ਕੇ ਹੌਲੀ ਹੌਲੀ ਬੂਟੇ ਦੀ ਛਵ੍ਹੀ ਬਿਗਾੜ ਦਿੰਦੇ ਹਨ; ਬਸ ਇਹੋ ਹਾਲ ਪੰਜਾਬੀ ਸਭਾਵਾਂ ਅਤੇ ਗੁਰਦਵਾਰਿਆਂ ਦਾ ਹੈ। ਹਰ ਰੋਜ ਕੋਈ ਨਾ ਕੋਈ ਆਪਣੀ ਹੀ ਡੇੜ ਇੱਟ ਦੀ ਮਸਜਦ ਉਸਾਰ ਰਿਹਾ ਹੈ।”

“ਇਹ ਗੱਲ ਪੰਜਾਬੀ ਗਾਇਕਾਂ, ਕੀਰਤਨਾਂ ਅਤੇ ਪੰਜਾਬੀ ਲੇਖਕਾਂ ਦੇ ਬੜੀ ਰਾਸ ਆਈ ਹੋਵੇਗੀ?”

“ਹਾਂ ਬਾਪੂ ਜੀ, ਤੁਸੀਂ ਸੱਚ ਕਹਿੰਦੇ ਹੋ। ਉਹਨਾਂ ਦਾ ਸਿਫਤਾਂ ਦਾ ਮੰਤਰ ਐਸਾ ਕਾਰਗਰ ਸਾਬਤ ਹੋਇਆ ਕਿ ਪਤਾ ਹੀ ਨਾ ਲੱਗੇ ਕਦ ਅਸੀਂ ਇੱਕ ਦੂਸਰੇ ਤੋਂ ਵੱਧ ਛੱਲੇ ਛਾਪਾਂ, ਸੋਨੇ ਦੇ ਕੜਿਆਂ ਨਾਲ ਉਹਨਾਂ ਨੂੰ ਸ਼ਿਗਾਰਨਾ ਸ਼ੁਰੂ ਕਰ ਦਿੱਤਾ। ਆਪਣੇ ਵਾਲਟਾਂ ਦੇ ਮੂੰਹ ਖੋਲ੍ਹ ਦਿੱਤੇ। ਸਖਤ ਮਿਹਨਤ ਨਾਲ ਕਮਾਏ ਡਾਲਰ ਉਹਨਾਂ ਦੀ ਝੋਲੀ ਵਿੱਚ ਜਾਂਦੇ ਦੇਖ ਅਸੀਂ ਖੁਸ਼ ਹੋ ਜਾਂਦੇ ਹਾਂ। ਆਹ ਪਿਛਲੇ ਕੁੱਝ ਦਿਨਾਂ ਦੇ ਤਲਖ ਤਜਰਬੇ ਨੇ।”

“ਬੇਟਾ, ਤੁਹਾਡੇ ਤਲਖ ਤਜਰਬੇ ਦਾ ਕਾਰਨ ਮੈਂ ਸਮਝ ਗਿਆ ਹਾਂ। ਤੁਸੀਂ ਪਰਦੇਸ ਗਏ ਲੇਖਕਾਂ ਦੀ ਪੁੱਜ ਕੇ ਸਾਂਭ ਸੰਭਾਲ ਕੀਤੀ। ਮਹਿੰਗੇ ਰੈਸਟੋਰੈਂਟਾਂ ਵਿੱਚ ਜਾ ਕੇ ਵਲਾਇਤੀ ਵਿਸਕੀ, ਮੱਛੀ ਅਤੇ ਮੁਰਗਿਆਂ ਨਾਲ ਇਹਨਾਂ ਦੀ ਖਾਤਰਦਾਰੀ ਕੀਤੀ; ਅੱਜ ਜਦ ਉਹਨਾਂ ਦੀ ਵਾਰੀ ਆਈ ਤਾਂ ਆਨੇ ਬਹਾਨੇ ਕਰ ਕੇ ਤੁਹਾਨੂੰ ਟਾਲ ਗਏ। ਬੇਟਾ, ਉਹਨਾਂ ਦਾ ਵੀ ਬੱਸ ਨਹੀਂ; ਤੁਹਾਡੇ ਪਾਸ ਤੌਫੀਕ ਸੀ ਕਿ ਉਹਨਾਂ ਨੂੰ ਵਲਾਇਤੀ ਵਿਸਕੀ ਅਤੇ ਮਸਾਲੇਦਾਰ ਮੁਰਗੇ ਮੱਛੀ ਨਾਲ ਲੇੜ੍ਹ ਸਕੋਂ ਪਰ ਜੇ ਉਹਨਾਂ ਨੂੰ ਤੁਹਾਡੀ ਉਸੇ ਤਰ੍ਹਾਂ ਸੇਵਾ ਕਰਨੀ ਪਵੇ ਤਾਂ ਉਹਨਾਂ ਨੂੰ ਤਾਂ ਉੱਗੀ ਦਾ ਚੱਕ ਦਿਸ ਪਊ।”

“ਬਾਪੂ ਜੀ, ਸੇਵਾ ਦੀ ਗੱਲ ਤਾਂ ਇੱਕ ਪਾਸੇ ਰਹੀ, ਵੀਹ ਦਿਨ ਹੋ ਗਏ ਮੈਂਨੂੰ ਆਏ ਨੂੰ, ਕੇਵਲ ਇੱਕ ਲੇਖਕ ਨੇ ਟੈਲੀਫੂਨ ਦਾ ਉੱਤਰ ਦਿੱਤਾ। ਉਹ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਟਾਲ ਗਿਆ। ਉਸ ਤੋਂ ਬਾਅਦ ਤਾਂ ਸ਼ਾਇਦ ਉਹਨਾਂ ਨੂੰ ਮੇਰੇ ਆਉਣ ਦੀ ਖਬਰ ਲੱਗ ਗਈ। ਬੱਸ, ਆਹ ਕਾਲਰ ਆਈ ਡੀ ਤੋਂ ਹੀ ਸ਼ਾਇਦ ਨੰਬਰ ਦੇਖ ਕੇ ਟੈਲੀਫੂਨ ਹੀ ਨਹੀਂ ਚੁੱਕਦੇ। ਆਹ ਕਾਲਰ ਆਈ ਡੀ ਨੇ ਤਾਂ ਬੇੜਾ ਹੀ ਬਿਠਾ ਦਿੱਤਾ ਹੈ। ਘਰ ਹੁੰਦਾ ਹੋਇਆ ਵੀ ਬੰਦਾ ਘਰ ਨਹੀਂ ਹੈ। ਕੱਲ ਮੈਂ ਇੱਕ ਸਫਰਨਾਮੇ ਦੇ ਲੇਖਕ ਨੂੰ ਟੈਲੀਫੂਨ ਕੀਤਾ ਤਾਂ ਹੈਲੋ ਕਰਨ ਤੋਂ ਬਾਅਦ ਮੇਰਾ ਨਾਂ ਸੁਣਦਿਆਂ ਸਾਰ ਉਸਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਕਹਿੰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜ਼ਰਾ ਉੱਚੀ ਬੋਲੋ। ਫੇਰ ਟੈਲੀਫੂਨ ਕੰਪਨੀ ਸਿਰ ਸਾਰਾ ਦੋਸ਼ ਮੜ੍ਹ ਕੇ ਫੂਨ ਰੱਖ ਗਿਆ। ਮੈਂ ਬੱਸ ਫੜ ਕੇ ਉਸਦੇ ਘਰ ਚਲਾ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਸੌਹਰੇ ਘਰ ਚਲੇ ਗਏ ਹਨ। ਮੈਂ ਵੀ ਬੇਸ਼ਰਮਾਂ ਵਾਂਗ ਉਸਦੇ ਸੌਹਰੇ ਘਰ ਜਾ ਪੁੱਜਾ ਤਾਂ ਉਹ ਆਖਣ ਲੱਗੇ ਕਿ ਆਏ ਤਾਂ ਸਨ ਪਰ ਇੱਕ ਐਮਰਜੈਂਸੀ ਕਾਰਨ ਉਹਨਾਂ ਨੂੰ ਇੱਕ ਹਫਤੇ ਲਈ ਕਿਤੇ ਬਾਹਰ ਜਾਣਾ ਪੈ ਗਿਆ। ਮਨ ਖੱਟਾ ਹੋ ਗਿਆ। ਸਾਰੇ ਦਿਨ ਦੀ ਖੱਜਲ ਖੁਆਰੀ, ਉੱਤੋਂ ਬਸ ਦੇ ਹਿਚਕੋਲਿਆਂ ਨੇ ਬੱਖੀਆਂ ਹੁਲ ਸੁੱਟੀਆਂ।”

“ਹੁਣ ਆਈ ਸਮਝ, ਰਾਤੀਂ ਜਹੱਨਮ ਕਿਉਂ ਜਾਣਾ ਚਾਹੁੰਦੇ ਸੀ।” ਗੁਰਨੇਕ ਨੇ ਹੱਸਦਿਆਂ ਹੋਇਆਂ ਆਖਿਆ।

“ਬੇਟਾ, ਸਫਲਤਾ ਜੱਨਤ ਹੈ, ਅਤੇ ਅਸਫਲਤਾ ਜਹੱਨਮ ।।। ਮਨੁੱਖ ਹਰ ਰੋਜ਼ ਜੱਨਤ ਅਤੇ ਜਹੱਨਮ ਵਿੱਚਕਾਰ ਹੀ ਤਾਂ ਤੁਰਿਆ ਫਿਰਦਾ। ਮੈਂਨੂੰ ਲਗਦਾ ਐ ਕਿ ਇਸ ਸਫਰਨਾਮਾ ਲਿਖਣ ਵਾਲੇ ਲੇਖਕ ਨੂੰ ਤੁਹਾਡੀ ਕਮਜ਼ੋਰੀ ਦੀ ਸੋਝੀ ਆ ਗਈ।”

“ਬਾਪੂ ਜੀ, ਉਹ ਕਿਦਾਂ?”

“ਬੇਟਾ ਹਰ ਇਨਸਾਨ ਨਾਂ ਦਾ ਭੁੱਖਾ ਐ। ਆਪਣੀਆਂ ਸਿਫਤਾਂ ਸੁਨਣੀਆਂ ਚਾਹੁੰਦਾ। ਬੱਸ, ਜਦ ਕਿਸੇ ਦੇ ਹੱਥ ਤੁਹਾਡੀ ਆਪਣੀ ਬੱਲੇ ਬੱਲੇ ਕਰਾਉਣ ਦੀ ਦੁਖਦੀ ਨਬਜ਼ ਹੱਥ ਆ ਗਈ, ਫੇਰ ਉਸਦੇ ਪੌਂ ਬਾਰਾਂ ਅਤੇ ਤੁਹਾਡੇ ਪੱਲੇ ਤਿੰਨ ਕਾਣੇ। ਲਾਰੇ ਲਾਉਣ ਵਿੱਚ ਇਹ ਲੇਖਕ ਲੋਕ ਸਿਆਸਤਦਾਨਾਂ ਦੇ ਵੀ ਉਸਤਾਦ ਹਨ। ਐਸਾ ਊਠ ਦਾ ਬੁੱਲ੍ਹ ਦਿਖਾਉਣਗੇ ਕਿ ਬੰਦਾ ਇਹਨਾਂ ਦਾ ਮੁਹਤਾਜ ਹੋ ਜਾਏ। ਹੁਣ ਬੇਟਾ ਦੱਸ, ਤੂੰ ਵੀ ਕੁੰਡੀ ਵਿੱਚ ਫਸੀ ਮੱਛੀ ਦੀ ਤਰ੍ਹਾਂ ਤਾਂ ਨਹੀਂ ਕਿਤੇ।”
“ਹਾਂ ਬਾਪੂ, ਜੀ ਤੁਸੀਂ ਠੀਕ ਕਿਹਾ। ਜਿੰਨੇ ਵੀ ਲੇਖਕ ਸਾਡੇ ਪਾਸ ਆਏ, ਮੈਂ ਉਹਨਾਂ ਦੀ ਪੁੱਜ ਕੇ ਖਾਤਰ ਕੀਤੀ। ਉਹਨਾਂ ਨੇ ਵੀ ਮੇਰੀਆਂ ਲਿਖਤਾਂ ਦੀਆਂ ਸਿਫਤਾਂ ਦੇ ਬੁੰਗੇ ਉਸਾਰ ਦਿੱਤੇ। ਆਖਣ ਲੱਗਾ ਕਿ ਮੇਰੀ ਕਿਤਾਬ ਦਾ ਜ਼ਿਕਰ ਉਹ ਆਪਣੇ ਸਫਰਨਾਮੇ ਵਿੱਚ ਕਰੇਗਾ। ਆਖੇ, ਫੇਰ ਦੇਖੂੰ ਤੁਹਾਨੂੰ ਅਕੈਡਮੀ ਐਵਾਰਡ ਕਿਵੇਂ ਨਹੀਂ ਮਿਲਦਾ। ਉਸ ਨੇ ਇੱਕ ਰਮਜ਼ ਵੀ ਮਾਰੀ। ਆਖਣ ਲੱਗਾ, “ਜਸਵੀਰ ਆਪਣੀ ਮੱਝ ਦੀ ਲੱਸੀ ਆ, ਜਿੱਥੇ ਮਰਜ਼ੀ ਰੱਖ ਕੇ ਪੀ ਲਵੋ। ਤੁਸੀਂ ਇੱਥੇਂ ਆਇਆ ਦੀ ਸਾਡੀ ਸੇਵਾ ਕਰਦੇ ਹੋ, ਅਸੀਂ ਤੁਹਾਡਾ ਨਾਂ ਜੱਗ ਰੌਸ਼ਨ ਕਰ ਦੇਵਾਂਗੇ।”

“ਬੇਟਾ, ਉਸਨੇ ਕੋਈ ਝੂਠ ਥੋੜ੍ਹਾ ਬੋਲਿਆ। ਤੁਸੀਂ ਹੀ ਭੈਂਸ ਭੈਂਸ ( ਮੱਝ ) ਦਾ ਫਰਕ ਨਹੀਂ ਸਮਝ ਸਕੇ।”

“ਉਹ ਕਿਦਾਂ ਬਾਪੂ ਜੀ?”

“ਤੁਹਾਡੀ ਭੈਂਸ ਪਲਾਸਟਕ ਦੀ ਹੈ। ਚੁੱਪ ਕੀਤਿਆਂ ਖਰਚ ਜਿੰਨਾ ਇਵਜ਼ਾਨਾ ਦੇ ਦਿੰਦੀ ਹੈ; ਕਦੇ ਲੱਤ ਨਹੀਂ ਚੁੱਕਦੀ। ਦੇਸੀ ਲੇਖਕਾਂ ਦੀ ਭੈਂਸ ਸਾਰਾ ਦਿਨ ਪੱਠਾ ਦੱਥਾ ਖਾ ਕੇ ਤਰਕਾਲਾਂ ਨੂੰ ਦੁੱਧ ਦੀ ਥਾਂ ਲੱਤ ਕੱਢ ਮਾਰਦੀ ਹੈ।”
“ਬਾਪੂ ਜੀ, ਪੰਦਰ੍ਹਾਂ ਦਿਨਾਂ ਵਿੱਚ ਮੈਂ ਸਿਰਫ ਇੱਕ ਲੇਖਕ ਨੂੰ ਮਿਲ ਸਕਿਆ ਹਾਂ। ਉਸਨੇ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਜਾਨ ਛੁੜਾ ਲਈ।”

“ਉਸਨੇ ਠੀਕ ਹੀ ਕੀਤਾ; ਤੁਹਾਨੂੰ ਕਿਸੇ ਵਧੀਆ ਰੈਸਟੋਰੈਂਟ ਵਿੱਚ ਲਿਜਾ ਕੇ ਝੁੱਗਾ ਚੌੜ ਕਰਾਉਣੋ ਬਚਣ ਦਾ ਵਧੀਆ ਬਹਾਨਾ ਕੀਤਾ। ਕੋਈ ਫਿਕਰ ਨਹੀਂ ਬੇਟਾ, ਇਹੋ ਤਾਂ ਜ਼ਿੰਦਗੀ ਹੈ।ਅੱਗੇ ਨੂੰ ਬੱਸ ਸਾਦਾ ਭੋਜਨ ਛਕਾਓ ਅਤੇ ਸਾਦੇ ਦੀ ਆਸ ਰਖੋ। ।।। ਬੇਟਾ, ਮੰਨਿਓਂ, ਨਾ ਮੰਨਿਓਂ; ਇਹ ਤੁਹਾਡੀ ਮਰਜ਼ੀ ਹੈ। ਫੋਕੀ ਸ਼ੋਹਰਤ, ਜੱਗ ਦਿਖਾਵਾ ਕਰਨ ਵਾਲਿਆਂ ਨੂੰ ਅੰਤ ਪਛਤਾਉਣਾ ਪੈਂਦਾ ਹੈ। ਜੇ ਨਾਂ ਹੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਲਮ ਨੂੰ ਵਿਕਣ ਤੋਂ ਬਚਾਓ। ਜੋ ਲਿਖਣਾ ਹੈ ਉਸ ਪਿੱਛੇ ਨਰੋਈ ਦਲੀਲ ਹੋਵੇ। ਜਦ ਤੁਹਾਡੀਆਂ ਲਿਖਤਾਂ ਨੇ ਪਾਠਕ ਨੂੰ ਕੋਈ ਸੇਧ ਦਿੱਤੀ ਤਾਂ ਤੁਹਾਡਾ ਆਪੇ ਨਾਂ ਹੋ ਜਾਵੇਗਾ। ਇੱਕ ਗੱਲ ਹੋਰ; ਜੋ ਲਿਖੋ, ਆਪਣੀ ਜਿੰਦਗੀ ਵਿੱਚ ਉਸਨੂੰ ਕਮਾਓ। ਅਮੂਮਨ ਦੇਖਣ ਵਿੱਚ ਆਇਆ ਹੈ ਕਿ ਲੇਖਕ ਬੜੀਆਂ ਬੜੀਆਂ ਗੱਲਾਂ ਲਿਖਦਾ ਹੈ ਪਰ ਜਦ ਆਪ ਸਾਹਵੇਂ ਆ ਜਾਵੇ ਤਾਂ ਮੂੰਹ ਲਕੋਂਦਾ ਫਿਰਦਾ ਹੈ। ਇਹੋ ਜਿਹਾ ਲੇਖਕ ਕਿੰਨਾ ਵੀ ਵਧੀਆ ਕਿਉਂ ਨਾ ਲਿਖਦਾ ਹੋਵੇ, ਉਸਦਾ ਨਾਂ ਉਸਦੇ ਹੁੰਦਿਆਂ ਹੁੰਦਿਆ ਮਿਟ ਜਾਂਦਾ ਹੈ।”

ਜਸਵੀਰ ਦਾ ਨਸ਼ਾ ਟੁੱਟਣ ਲੱਗਾ। ਉਸਨੇ ਇੱਕ ਲੰਮੀ ਉਬਾਸੀ ਲਈ ਤਾਂ ਹਰਨੇਕ ਦਾ ਬਾਪੂ, ‘ਚੰਗਾ ਬੇਟਾ, ਹੁਣ ਤੁਸੀਂ ਆਰਾਮ ਕਰੋ। ਮੇਰੀਆਂ ਬੁੱਢੀਆਂ ਹੱਡੀਆਂ ਵੀ ਹੁਣ ਕੁੱਝ ਆਰਾਮ ਚਾਹੁੰਦੀਆਂ ਹਨ।’ ਆਖਦਾ ਹੋਇਆ ਚਲਾ ਗਿਆ। ਨਾਲ ਹੀ ਗੁਰਨੇਕ ਵੀ ‘ਚੰਗਾ ਭਾ ਜੀ, ਸਵੇਰੇ ਮਿਲਾਂਗੇ,’ ਆਖ ਕੇ ਚਲਾ ਗਿਆ।

ਜਸਵੀਰ ਲੰਮਾ ਤਾਂ ਪੈ ਗਿਆ ਪਰ ਨੀਂਦ ਕਿੱਥੋਂ? ਆਖਰ ਉੱਠਿਆ ਅਤੇ ਕਿਤਾਬਾਂ ਦੇਖੀਆਂ ਅਤੇ ਫੇਰ ਜਦੋਂ ਉਸ ਨੇ ਛੜਜੰਤਰ ਵਾਲੀ ਸ਼ੈਲਫ ਦੇਖੀ ਤਾਂ ਹੈਰਾਨ ਰਹਿ ਗਿਆ। ਇਸ ਕਾਲਮ ਦਾ ਲੇਖਕ ਤਾਂ ਖੁਦ ਗੁਰਨੇਕ ਹੀ ਸੀ। ਇੰਨਾ ਵਧੀਆ ਲੇਖਕ, ਫੇਰ ਗੁਮਨਾਮ ਕਿਉਂ? ਸਵੇਰੇ ਜਦ ਗੁਰਨੇਕ ਜਸਵੀਰ ਨੂੰ ਚਾਹ ਲਈ ਕਹਿਣ ਆਇਆ ਤਾਂ ਜਸਵੀਰ ਨੇ ਮਖੌਲੀਆ ਲਹਿਜੇ ਵਿੱਚ ਕਿਹਾ, “ਤਾਇਆ ਵਰਿਆਮ ਸਿਆਂ, ਸਤਿ ਸ੍ਰੀ ਅਕਾਲ!”

ਗੁਰਨੇਕ ਨੇ ਕਿਹਾ, “ ।।। ਤਾਂ ਤੁਹਾਨੂੰ ਅਸਲੀਅਤ ਦਾ ਪਤਾ ਲੱਗ ਹੀ ਗਿਆ।”

“ਸਚਾਈ ਮਿਟ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸਕਤੀ ਕਭੀ ਕਾਗਜ਼ ਕੇ ਫੂਲੋਂ ਸੇ”
ਜਸਵੀਰ ਦੇ ਇਸ ਸ਼ੇਅਰ ਨਾਲ ਦੋਨੋਂ ਹੱਸ ਪਏ। ਜਸਵੀਰ ਨੇ ਅਗਲਾ ਸਵਾਲ ਕੀਤਾ, “ਨੇਕ ਬੀ ਏ ਕਰ ਕੇ ਐੱਮ ਏ ਕਰ ਰਿਹਾ ਇਨਸਾਨ ਚਲਾਵੇ ਰਖਸ਼ਾ, ਸਮਝ ਨਹੀਂ ਲਗੀ ।”

“ਭਾ ਜੀ ਨੌਕਰੀ ਕਿਤੇ ਮਿਲਦੀ ਨਹੀਂ ਸੀ। ਦਲਾਲਾਂ ਦੇ ਹੱਥ ਚੜ੍ਹ ਕੇ ਸਮੁੰਦਰ ਦੇ ਗੋਤਿਆਂ ਅਤੇ ਪਰਾਈਆਂ ਜੇਲ੍ਹਾਂ ਵਿੱਚ ਸੜਨ ਦੀ ਬਜਾਏ ਰਿਕਸ਼ਾ ਚਲਾਉਣਾ ਸੁਰੱਖਿਅਤ ਲੱਗਾ। ।।। ਹੁਣ ਤੁਸੀਂ ਪੁੱਛੋਗੇ, ਇਹ ਕਾਲਮ ਤਾਏ ਵਰਿਆਮ ਸਿਓਂ ਦੇ ਨਾਂ ਤੇ ਕਿਉਂ ਛਪਾ ਰਿਹਾ ਹਾਂ? ਭਾਜੀ, ਅਗਰ ਮੈਂ ਆਪਣੇ ਨਾਂ ਥੱਲੇ ਛਪਵਾਉਂਦਾ ਤਾਂ ਇੱਕ ਰਿਕਸ਼ੇ ਵਾਲੇ ਦੀ ਲਿਖਤ ਹੁੰਦੀ। ਕਿਸੇ ਬੁੱਧੀਜੀਵੀ ਦੀ ਮੋਹਰ ਲੱਗੀ ਹੋਈ ਹੋਵੇ ਤਾਂ ਇੱਲ ਦਾ ਨਾਂ ਕੁੱਕੜ ਵੀ ਪਰਵਾਨ ਹੋ ਜਾਂਦਾ ਹੈ। ਕੋਈ ਹੋਰ ਬੁੱਧੀਜੀਵੀ ਬੜੇ ਘਰੋੜਵੇਂ ਸ਼ਬਦਾਂ ਵਿੱਚ ਉਸਦੀ ਬੱਲੇ ਬੱਲੇ ਕਰਦਾ ਹੈ। ਨਾਲੇ ਮੈਂ ਆਪਣੀ ਲਿਖਤ ਦੀ ਪਹਿਚਾਣ ਨਾਲ ਆਪਣੀ ਪਹਿਚਾਣ ਕਰਾਉਣੀ ਮੰਗਦਾ ਸਾਂ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ। ਜ਼ਿਆਦਾ ਦੇਰ ਤੱਕ ਮੈਂ ਹੁਣ ਗੁੱਝਾ ਨਹੀਂ ਰਹਿ ਸਕਦਾ। ਹੁਣ ਮੈਂਨੂੰ ਛੜਜੰਤਰ ਵਾਲਾ ਗੁਰਨੇਕ ਆਖਣਗੇ। ਹਾਂ ਚਾਹ ਲਈ ਤੁਹਾਡੀ ਉਡੀਕ ਹੋ ਰਹੀ ਹੈ। ਛੇਤੀ ਆ ਜਾਣਾ।”

ਜਸਵੀਰ ਦੇ ਅੰਦਰ ਤਾਂ ਸੰਘਰਸ਼ ਹੋ ਰਿਹਾ ਸੀ। ਦਿਲ ਕਹਿੰਦਾ ਸੀ ਕਿ ਉਹ ਬਾਪੂ ਜੀ ਦੀਆਂ ਗੱਲਾਂ ਅਪਣਾ ਕੇ ਆਪਣੀ ਲਿਖਤ ਦੀ ਪਕਿਆਈ ਤੇ ਜ਼ੋਰ ਦੇਵੇ ਪਰ ਦਿਮਾਗ ਕਹਿੰਦਾ ਸੀ - ਕਟੇ ਨੂੰ ਮਣ ਦੁੱਧ ਦਾ ਕੀ ਭਾ? ਮਰਿਆਂ ਦੀ ਸਿਫਤ ਲੋਕਾਂ ਕਰ ਵੀ ਦਿੱਤੀ ਤਾਂ ਅਸਾਂ ਕਿਹੜਾ ਦੇਖਣ ਆਉਣਾ; ਜਿਸ ਚਾਲੇ ਚੱਲ ਰਿਹਾਂ ਹੈਂ। ਚੱਲਿਆ ਰਹਿ।

ਯੇਹ ਕੰਬਖ਼ਤ ਇਸ਼ਕ.......... ਵਿਅੰਗ / ਮਿੰਟੂ ਬਰਾੜ

ਇਸ਼ਕ ਨੇ ਗ਼ਾਲਬ ਨਿਕੰਮਾ ਕਰ ਦੀਆ,
ਵਰਨਾ ਹਮ ਵੀ ਆਦਮੀ ਥੇ ਕਾਮ ਕੇ।
ਮਿਰਜ਼ਾ ਗ਼ਾਲਬ ਸਾਹਿਬ ਨੇ ਸ਼ਾਇਦ ਜਦੋਂ ਇਹ ਸ਼ੇਅਰ ਲਿਖਿਆ ਹੋਣਾ ਤਾਂ ਉਨ੍ਹਾਂ ਕਦੇ ਨਹੀਂ ਸੋਚਿਆ ਹੋਣਾ ਕੇ ਇਹ ਰਹਿੰਦੀ ਦੁਨੀਆ ਤੱਕ ਸਿਰ ਚੜ੍ਹ ਕੇ ਬੋਲਦਾ ਰਹੇਗਾ। ਉਂਜ ਤਾਂ ਕਹਿੰਦੇ ਹਨ ਕੇ ਚੰਗਾ ਸ਼ੇਅਰ ਉਹ ਹੁੰਦਾ ਜੋ ਹਰ ਇਕ ਨੂੰ ਆਪਣਾ-ਆਪਣਾ ਜਿਹਾ ਲੱਗੇ ਤੇ ਸੱਚ ਦੇ ਕਰੀਬ ਹੋਵੇ।

ਮੌਜੂਦਾ ਵਕਤ ਚ ਜੇ ਇਹ ਸ਼ੇਅਰ ਪੜ੍ਹਨ ਦਾ ਸਚਮੁਚ ਹੱਕਦਾਰ ਕੋਈ ਹੈ ਤਾਂ ਉਹ ਹੈ ਬਜ਼ੁਰਗ ਕਾਂਗਰਸੀ ਨੇਤਾ,ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਸਾਬਕਾ ਮੰਤਰੀ ਸ੍ਰੀਮਤੀ ਜਸਮਾ ਦੇਵੀ ਜੀ ਦਾ ਹੋਣਹਾਰ, ਸਭ ਤੋਂ ਵੱਡਾ ,ਕਾਲਕਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤਿਆ ਐਂਮ.ਐਂਲ.ਏ. ਤੇ ਭੂਪਿੰਦਰ ਸਿੰਘ ਹੁੱਡਾ ਸਰਕਾਰ ਦਾ ਉਪ ਮੁੱਖ ਮੰਤਰੀ ਜਨਾਬ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਹੀ ਹੈ।ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕਿਉਂ ਕਹਿਣਾ ਪਵੇ, ਕਿਉਂਕਿ ਜਨਾਬ ਹੋਰਾਂ ਦਾ ਇਸ਼ਕ ਹੁਣ ਕੋਈ ਲੁਕਿਆ ਨਹੀਂ। ਜੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖ਼ਬਰਾਂ ਵਾਲੇ ਚੈਨਲਾਂ ਕੋਲ ਕੋਈ ਮਸਾਲੇਦਾਰ ਖ਼ਬਰ ਹੈ ਤਾਂ ਉਹ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਤੇ ਅਨੁਰਾਧਾ ਬਾਲੀ ਉਰਫ਼ ਫਿਜ਼ਾ ਦੇ ਇਸ਼ਕ ਦੇ ਕਿੱਸੇ ਹੀ ਤਾਂ ਹਨ। ਤੇ ਹੋਵੇ ਵੀ ਕਿਉਂ ਨਾ, ਇਹੋ ਜਿਹੇ ਕਿੱਸੇ ਕੋਈ ਰੋਜ਼-ਰੋਜ਼ ਥੋੜ੍ਹਾ ਹੀ ਬਣਦੇ ਹਨ।ਸਦੀਆਂ ਲਗ ਜਾਂਦੀਆਂ ਇੰਨਾ ਨੂੰ ਹੋਂਦ ਚ ਆਉਂਦਿਆਂ।
ਤੁਸੀ ਹੁਣ ਆਪ ਹੀ ਦੇਖ ਲਓ ਪਤਾ ਨਹੀਂ ਕਿਹੜੇ ਯੁਗੜਿਆਂ ਦੀ ਗੱਲ ਹੈ ਜਦੋਂ ਰਾਂਝੇ ਨੇ ਤਖ਼ਤ ਹਜ਼ਾਰਾ ਛਡਿਆ ਵੀ ਸੀ ਕਿ ਨਹੀਂ? ਤੇ ਪਤਾ ਨਹੀਂ ਕਦੋਂ ਮਿਰਜ਼ੇ ਨੇ ਆਪਣਾ ਰਾਜ ਭਾਗ ਤਿਆਗਿਆ ਸੀ ਕਿ ਨਹੀਂ? ਮੇਰਾ ਇਥੇ ਸਾਡੇ ਮਹਾਨ ਕਿੱਸਾਕਾਰਾਂ ਤੇ ਸ਼ੱਕ ਕਰਨਾ ਜਾਂ ਕੋਈ ਉਂਗਲੀ ਉਠਾਉਣ ਦਾ ਮਕਸਦ ਨਹੀਂ, ਮੈਂ ਤਾਂ ਸਿਰਫ਼ ਇਹ ਹੀ ਜਤਾਉਣਾ ਚਾਹੁੰਦਾ ਹਾਂ ਕੇ ਜੋ ਆਪਾਂ ਅੱਖੀਂ ਨਹੀਂ ਦੇਖਿਆ ਉਸ ਤੇ ਥੋੜ੍ਹਾ ਬਹੁਤ ਤਾਂ ਕਿੰਤੂ-ਪ੍ਰੰਤੂ ਹੋ ਹੀ ਜਾਂਦਾ ।
ਪਰ ਇਥੇ ਤਾਂ ਅੱਜ ਦੇ ਇਸ ਇੰਦਰ ਨੇ ਸਚਮੁਚ ਹੀ ਆਪਣੀ ਬੇਗੋ ਲਈ ਆਪਣੀ ਹੱਟੀ ਨੂੰ ਅੱਗ ਲਾ ਲਈ ਹੈ।ਰਾਂਝੇ ਤੇ ਮਿਰਜ਼ੇ ਵਰਗੇ ਤਾਂ ਹਾਲੇ ਰਾਜ ਭਾਗ ਦੇ ਦਾਅਵੇਦਾਰ ਹੀ ਸਨ ਪਰ ਇਹ ਜਨਾਬ ਤਾਂ ਆਪਣੇ ਸਿਰੋਂ ਤਾਜ ਵਗਾਹ ਕੇ ਆਏ ਹਨ। ਇਸ ਨੂੰ ਕਹਿੰਦੇ ਹਨ - ਤਿਆਗ ਤੇ ਜਦੋਂ ਇਹੋ ਜਿਹੇ ਕਿੱਸੇ ਮੌਜੂਦਾ ਸਮੇਂ ਚ ਹੋ ਰਹੇ ਹੋਣ ਤਾਂ ਟੀ.ਵੀ. ਚੈਨਲਾਂ ਵਾਲੇ ਇਨ੍ਹਾਂ ਨੂੰ ਨਾ ਦਿਖਾਉਣ ਤਾਂ ਵਿਚਾਰੇ ਆਸ਼ਕ ਸਾਹਿਬ ਦੀ ਕੁਰਬਾਨੀ ਤਾਂ ਅਜਾਈਂ ਹੀ ਚਲੀ ਜਾਣੀ ਸੀ।
ਲਓ ਜੇ ਹੁਣ ਆਪਾਂ ਵਿਸਥਾਰ ਨਾਲ ਦੇਖਦੇ ਹਾਂ ਕਿ ਇਹ ਸਭ ਕੁਝ ਹੋਇਆ ਕਿੱਦਾਂ ਤੇ ਇਸ ਦੇ ਵਿਸਥਾਰ ਚ ਜਾਣ ਲਈ ਚਾਰ ਕੁ ਦਹਾਕੇ ਪਿੱਛੇ ਮੁੜਨਾ ਪਊ। ਇਹ ਗੱਲ ਸੱਠ ਦੇ ਦਹਾਕੇ ਦੀ ਹੈ ਜਦੋਂ ਹਾਲੇ ਨਵਾਂ-ਨਵਾਂ ਹਰਿਆਣਾ ਹੋਂਦ ਚ ਆਇਆ ਸੀ ਓਸ ਟਾਈਮ ਬਿਸ਼ਨੋਈ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇਕ ਪਰਵਾਰ ਜੋ ਕਿ ਵੰਡ ਸਮੇਂ ਜਿਲ੍ਹਾ ਬਹਾਵਲਪੁਰ ਪਾਕਿਸਤਾਨ ਤੋਂ ਉਂਠ ਕੇ ਓਦੋਂ ਦੇ ਸਾਂਝੇ ਪੰਜਾਬ ਦੇ ਹਿਸਾਰ ਜਿੱਲ੍ਹੇ ਦੀ ਆਦਮਪੁਰ ਮੰਡੀ ਵਿਚ ਆ ਵਸਿਆ ਸੀ ਤੇ ਹੌਲੀ-ਹੌਲੀ ਆਪਣੇ ਪੈਰ ਜਮਾਉਣ ਲਈ ਵਪਾਰ ਕਰਨ ਲੱਗਿਆ ਸੀ। ਇਸੇ ਪਰਵਾਰ ਦੇ ਇਕ ਅਣਥੱਕ ਤੇ ਮਿਹਨਤੀ ਨੌਜਵਾਨ ਨੇ ਵੱਡੀ ਮਿਹਨਤ ਕੀਤੀ। ਅੱਜ ਵੀ ਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਭਜਨ ਲਾਲ ਨਾ ਦਾ ਇਹ ਨੌਜਵਾਨ ਬੱਸਾਂ ਰਾਹੀਂ ਘਿਓ ਦੇ ਪੀਪੇ ਪੰਜਾਬ ਦੇ ਬਾਰਡਰ ਨਾਲ ਲਗਦੀ ਕਾਲਾਂ ਵਾਲੀ ਮੰਡੀ ਚ ਲਿਆ ਕੇ ਵੇਚਦਾ ਸੀ ਤੇ ਵਟਾਂਦਰੇ ਚ ਛੋਲੇ ਇਥੋਂ ਲੈ ਕੇ ਜਾਂਦਾ ਸੀ।(ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਜਨ ਲਾਲ ਸਾਈਕਲ ਉੱਤੇ ਪਿੰਡਾਂ ਵਿਚ ਕਪੜੇ ਵੇਚਿਆ ਕਰਦਾ ਸੀ।)
ਐਨੀ ਮਿਹਨਤ ਸਦਕਾ ਭਜਨ ਲਾਲ ਨੂੰ ਚੌਧਰੀ ਭਜਨ ਲਾਲ ਬਣਦੇ ਦੇਰ ਨਾ ਲੱਗੀ ਤੇ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਤਾਂ ਗ਼ੈਰ ਜਾਟ ਲੋਕਾਂ ਚ ਚੌਧਰੀ ਸਾਹਿਬ ਦੀ ਤੂਤੀ ਬੋਲਣ ਲੱਗ ਗਈ ਸੀ ਤੇ ਓਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੰਨ। 1979 ਚ ਆ ਕੇ ਉਹ ਹਰਿਆਣਾ ਦੇ ਪਹਿਲੀ ਵਾਰ ਮੁੱਖ ਮੰਤਰੀ ਬਣ ਗਏ। ਫੇਰ ਰਾਜੀਵ ਗਾਂਧੀ ਸਰਕਾਰ ਚ ਕੇਂਦਰੀ ਖੇਤੀ ਮੰਤਰੀ ਰਹੇ ਤੇ ਮੁੜ 1991 ਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਵਾਰੀ ਤਾਂ ਤੀਜੀ ਵੀ ਇਨ੍ਹਾਂ ਦੀ ਆ ਗਈ ਸੀ ਪਰ ਇਸ ਵਾਰ ਕਾਂਗਰਸ ਕਿਸੇ ਜਾਟ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ ਦੇਖਣਾ ਚਾਹੁੰਦੀ ਸੀ। ਸੋ ਬਾਜ਼ੀ ਮਾਰ ਗਿਆ ਭੂਪਿੰਦਰ ਸਿੰਘ ਹੁੱਡਾ। ਪਰ ਦੂਜੇ ਪਾਸੇ ਪੁਰਾਣੇ ਤੇ ਟਕਸਾਲੀ ਕਦਾ ਵਰ ਭਜਨ ਲਾਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਸੀ। ਸੋ ਇਥੇ ਕਿਸਮਤ ਨੇ ਗੇੜਾ ਖਾਧਾ ਤੇ ਸਾਡੀ ਅਜ ਦੀ ਕਹਾਣੀ ਦੇ ਮੁੱਖ ਪਾਤਰ ਯਾਨੀ ਕਿ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਦੇ ਹਿੱਸੇ ਹਰਿਆਣਾ ਦੇ ਉਪ ਮੁਖ ਮੰਤਰੀ ਦੀ ਕੁਰਸੀ ਆਈ।ਹੁਣ ਇਸ ਕਹਾਣੀ ਤੋਂ ਸਹਿਜੇ ਹੀ ਸਿੱਟਾ ਕੱਢਿਆ ਜਾ ਸਕਦਾ ਕਿ ਚਾਹੇ ਭਜਨ ਲਾਲ ਨੂੰ ਭਜਨੇ ਤੋਂ ਚੌਧਰੀ ਭਜਨ ਲਾਲ ਬਣਨ ਲਈ ਲੱਖ ਪਾਪੜ ਵੇਲਣੇ ਪਏ ਹੋਣ ਪਰ ਇਨ੍ਹਾਂ ਦੇ ਘਰ ਜੰਮੇ ਦੋਹਾਂ ਪੁੱਤਰਾਂ ਨੂੰ ਤਾਂ ਆਪਾਂ ਸਾਉਣ ਦੇ ਅੰਨ੍ਹੇ ਕਹਿ ਸਕਦੇ ਹਾਂ ਜਿਨ੍ਹਾਂ ਜਨਮ ਤੋਂ ਲੈ ਕੇ ਅੱਜ ਤੱਕ ਹਰਾ ਹੀ ਹਰਾ ਦੇਖਿਆ।
ਹੁਣ ਆਪਾਂ ਫੇਰ ਆਪਣੇ ਅਜ ਦੇ ਹੀਰੋ ਤੇ ਆਉਂਦੇ ਹਾਂ ਜਨਾਬ ਹੋਰਾਂ ਨੂੰ ਜੰਮਦਿਆਂ ਹੀ ਸਾਰੇ ਸੁਖ ਮਿਲੇ ਤੇ ਛੋਟੀ ਉਮਰੇ ਹੀ ਚੌਧਰ ਵੀ ਹੱਥ ਆ ਗਈ ਜਦੋਂ ਕਾਂਗਰਸ ਨੇ ਕਾਲਕਾ ਤੋਂ ਇਨ੍ਹਾਂ ਨੂੰ ਟਿਕਟ ਨਾਲ ਨਿਵਾਜ਼ ਦਿਤਾ। ਬਾਪ ਦੇ ਲਾਏ ਰੁੱਖ ਨੂੰ ਫਲ ਲੱਗਿਆ ਤੇ ਇਹ ਐਂਮ.ਐਂਲ.ਏ. ਜਿੱਤ ਗਏ। ਬੱਸ ਫੇਰ ਕੀ ਸੀ ਚੌਧਰ ਬਾਪ ਕੋਲੋਂ ਆਪ ਕੋਲ ਆਉਣ ਲੱਗ ਪਈ ਸੀ।ਬੱਸ ਇਸ ਤੋਂ ਬਾਅਦ ਹੀ ਕੋਈ ਘਾਲਾ ਮਾਲਾ ਹੋਇਆ ਜਦੋਂ ਇਕ ਵਕੀਲ ਕੁੜੀ 37 ਸਾਲਾ ਅਨੁਰਾਧਾ ਬਾਲੀ ਨੇ ਆ ਕੇ 43 ਸਾਲਾ ਜਨਾਬ ਚੰਦਰ ਮੋਹਨ ਸਾਹਿਬ ਹੋਰਾਂ ਦੇ ਦਿਲ ਤੇ ਦਸਤਕ ਦੇ ਦਿੱਤੀ ਤੇ ਪਤਾ ਨਹੀਂ ਕਦੋਂ ਜਨਾਬ ਬੱਬੂ ਮਾਨ ਹੋਰਾਂ ਦਾ ਗੀਤ “ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ” ਗੁਣ ਗੁਨ੍ਹਾਉਣ ਲਗ ਪਏ।ਲਉ ਜੀ ਜੇ ਹੁਣ ਚੋਰੀ ਦਾ ਗੁੜ ਬੁੱਕਲ ਵਿਚ ਭੰਨ ਕੇ ਖਾਈ ਜਾਂਦੇ ਤਾਂ ਕੀਹਨੂੰ ਇਤਰਾਜ਼ ਹੋਣਾ ਸੀ। ਪਰ ਜਦੋਂ ਦੋ ਜਵਾਕਾਂ ਦਾ ਪਿਓ ਤੇ 18 ਵਰ੍ਹਿਆਂ ਤੋਂ ਵਿਚਾਰੀ ਸੀਮਾ ਰਾਣੀ ਨਾਲ ਵਿਆਹਿਆ ਬੰਦਾ ਸ਼ਰ੍ਹੇਆਮ ਇਸ਼ਕ ਫਰਮਾਏਗਾ ਤਾਂ ਵੀਰ ਇਹ ਵਿਚਾਰਾ ਮੀਡੀਆ ਕਿਥੇ ਜਾਵੇਗਾ। ਇਕ ਦਿਨ ਕਿਸੇ ਪੱਤਰਕਾਰ ਵੀਰ ਦੀ ਨਿਗਾਹ ਪੈ ਗਈ ਕੇ ਕਿੰਨੇ ਦਿਨ ਹੋ ਗਏ ਉਪ ਮੁਖ ਮੰਤਰੀ ਸਾਹਿਬ ਨੂੰ ਆਪਣੇ ਦਫ਼ਤਰ ਆਇਆ। ਸ਼ੁਰੂ-ਸ਼ੁਰੂ ਚ ਤਾਂ ਲੋਕਾਂ ਜਿਆਦਾ ਧਿਆਨ ਨਹੀਂ ਦਿੱਤਾ ਇਨ੍ਹਾਂ ਖ਼ਬਰਾਂ ਵੱਲ ਪਰ ਜਦੋਂ ਵਕਤ ਗੁਜ਼ਰਦਾ ਗਿਆ ਤਾਂ ਹਰ ਇਕ ਦਾ ਧਿਆਨ ਇਸ ਪਾਸੇ ਨੂੰ ਗਿਆ। ਬੇਸ਼ੱਕ ਪਰਵਾਰ ਕੋਲੋਂ ਇਹ ਗੱਲ ਲੁਕੀ ਨਹੀਂ ਸੀ ਪਰ ਇਹ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਕ ਦਿਨ ਮਜਨੂੰ ਜੀ ਆਪਣੀ ਲੈਲਾ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆ ਗਏ ਤੇ ਕਹਿਣ ਲੱਗੇ “ਛੋੜ ਆਏ ਵੋ ਗਲੀਆਂ”
ਹੁਣ ਗੱਲ ਆ ਗਈ ਗਲੀਆਂ ਛੱਡਣ ਦੀ।ਘਰਦਿਆਂ ਤੋਂ ਬਿਨਾਂ ਕਿਸੇ ਨੂੰ ਕੀ ਇਤਰਾਜ਼ ਸੀ ਗਲੀਆਂ ਛੱਡਣ ਦਾ, ਬਾਕੀਆਂ ਲਈ ਤਾਂ ਮਸਾਲੇਦਾਰ ਖ਼ਬਰਾਂ ਹੀ ਸੀ ਇਹ ਕਾਂਡ, ਪਰ ਜਨਾਬ ਨੇ ਤਾਂ ਹੱਦ ਕਰ ਦਿੱਤੀ ਜਦੋਂ ਘਰ ਦੀਆਂ ਗਲੀਆਂ ਦੇ ਨਾਲ-ਨਾਲ ਆਪਣੇ ਧਰਮ ਦੀਆਂ ਗਲੀਆਂ ਵੀ ਛੱਡ ਦਿੱਤੀਆਂ, ਤੇ ਬੜੇ ਹੀ ਸ਼ਾਨ ਨਾਲ ਕੈਮਰਿਆਂ ਦੇ ਸਾਹਮਣੇ ਬੈਠ ਕੇ ਇਹ ਆਧੁਨਿਕ ਸੱਸੀ ਪੁੰਨੂੰ ਦੁਨੀਆ ਨੂੰ ਕਹਿ ਰਹੇ ਸੀ ਕੇ ਹੁਣ ਸਾਨੂੰ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਕਹਿ ਕੇ ਨਾ ਬੁਲਾਓ, ਅਸੀਂ ਤਾਂ ਹੁਣ ਇਸਲਾਮ ਧਾਰਨ ਕਰ ਲਿਆ ਤੇ ਚਾਂਦ ਮੁਹੰਮਦ ਤੇ ਫਿਜ਼ਾ ਬਣ ਗਏ ਹਾਂ।ਇਸ ਨੂੰ ਕਹਿੰਦੇ ਆ ਵਕਤ-ਵਕਤ ਦੇ ਰਾਗ। ਇਕ ਵਕਤ ਇਸ ਬਿਸ਼ਨੋਈ ਪਰਵਾਰ ਤੇ ਉਹ ਸੀ ਜਦੋਂ ਇੰਨਾ ਦੇ ਵਡੇਰਿਆਂ ਇਸਲਾਮ ਕਬੂਲਣ ਦੀ ਥਾਂ ਤੇ ਇਨ੍ਹਾਂ ਆਪਣੀ ਵਸੀ-ਵਸਾਈ ਦੁਨੀਆ ਛੱਡ ਦਿੱਤੀ ਸੀ ਤੇ ਗ਼ਰੀਬੀ ਨੂੰ ਗਲ ਲਾ ਲਿਆ ਸੀ। ਪਰ ਹੁਣ ਦੇਖੋ ਇਸ ਪੀੜ੍ਹੀ ਦਾ ਹਾਲ ! ਧਰਮ ਛੱਡ ਵੀ ਕੋਣ ਰਿਹਾ ਜਿਸ ਦੇ ਮੋਢਿਆਂ ਤੇ ਹਿੰਦੁਸਤਾਨ ਦੇ ਇਕ ਅਹਿਮ ਰਾਜ ਦਾ ਭਾਰ ਸੀ ਜੇ ਕੋਈ ਛੋਟਾ ਜੁਆਕ ਇੰਝ ਕਰਦਾ ਤਾਂ ਚਲੋ ਬਚਪਣਾ ਕਿਹਾ ਜਾ ਸਕਦਾ ਸੀ। ਹੁਣ ਇਸ ਨੂੰ ਤੁਸੀਂ ਕੀ ਕਹੋਗੇ? ਇਥੇ ਮੈਨੂੰ ਰਹਿ ਰਹਿ ਕੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਆ ਰਹੀਆਂ ਕਿ ਕਿਵੇਂ ਉਨ੍ਹਾਂ ਧਰਮ ਨੂੰ ਬਚਾਉਣ ਲਈ ਸਰਬੰਸ ਬਾਰ ਦਿਤਾ ਸੀ।ਵਾਰ-ਵਾਰ ਇਹ ਲਾਈਨਾਂ ਮੇਰੇ ਜਿਹਨ ਚ ਆ ਰਹੀਆਂ ਸੀ ਕਿ “ਨਾ ਕਹੂ ਅਬ ਕੀ ਨਾ ਕਹੂ ਤਬ ਕੀ, ਜੇ ਨਾ ਹੋਤੇ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ”ੇ। ਚਲੋ ਛੱਡੋ ਜੀ ਇਥੇ ਤਾਂ ਜਨਾਬ ਹੋਰਾਂ ਆਪਣੇ ਵੱਡ-ਵਡੇਰਿਆਂ ਦੀ ਲਾਜ ਨਹੀਂ ਰੱਖੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਤਾਂ ਇਹਨਾਂ ਲਈ ਦੂਰ ਦੀ ਗੱਲ ਹੈ।
ਇਹ ਕਹਾਣੀ ਇਥੇ ਹੀ ਖ਼ਤਮ ਹੋਣ ਵਾਲੀ ਨਹੀਂ, ਅਸਲੀ ਮੋੜ ਤਾਂ ਹੁਣ ਆਉਣੇ ਹਨ। ਲਓ ਜੀ ਜਦੋਂ ਜਨਾਬ ਹੋਰਾਂ ਮੀਡੀਆ ਸਾਹਮਣੇ ਗੱਲ ਖਿਲਾਰ ਹੀ ਦਿੱਤੀ ਤਾਂ ਬਾਕੀ ਪਰਵਾਰ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ। ਉਨ੍ਹਾਂ ਨੂੰ ਤਾਂ ਜਦੋਂ ਦੀਆਂ ਪਿਆਰ ਪੀਂਘਾ ਹੁਲਾਰੇ ਲੈ ਰਹੀਆਂ ਸਨ ਓਸੇ ਦਿਨ ਤੋਂ ਹੀ ਭਿਣਕ ਸੀ ਬੱਸ ਲੋਕ ਲੱਜੋਂ ਆਪਣੀ ਇੱਜ਼ਤ ਸਾਂਭੀ ਬੈਠੇ ਸਨ। ਫੇਰ ਕੀ ਸੀ ਬੁਲਾ ਲਈ ਚੌਧਰੀ ਭਜਨ ਲਾਲ ਜੀ ਨੇ ਵੀ ਪ੍ਰੈਂਸ ਕਾਨਫਰੰਸ ਆਪਣੇ ਛੋਟੇ ਮੁੰਡੇ ਕੁਲਦੀਪ ਬਿਸ਼ਨੋਈ ਨਾਲ ਮਿਲ ਕੇ ਤੇ ਕਰ ਦਿੱਤਾ ਬੇਦਖ਼ਲ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਹੁੱਡਾ ਸਾਹਿਬ ਨੇ ਵੀ ਕੁਰਸੀ ਖਿਸਕਾ ਲਈ ਉਪ ਮੁੱਖ ਮੰਤਰੀ ਵਾਲੀ, ਕਮਾਂਡੋ ਵਾਲੇ ਵੀ ਛੱਡ ਗਏ ਸਾਥ ਨਾਲ ਦੀ ਨਾਲ। ਪਰ ਜੇ ਹਾਲੇ ਸਾਥ ਸੀ ਤਾਂ ਫਿਜ਼ਾ ਦਾ ਜ਼ਰੂਰ ਸੀ। ਹੁਣ ਤੱਕ ਤਾਂ ਗੱਲਾਂ ਦੇ ਹਵਾਈ ਕਿਲ੍ਹੇ ਸਨ ਤੇ ਹੁਣ ਸ਼ੁਰੂ ਹੋ ਚੁੱਕਿਆ ਸੀ ਕੁਰਬਾਨੀਆਂ ਦਾ ਦੌਰ ਇਸ ਪ੍ਰੇਮੀ ਜੋੜੇ ਤੇ, ਫਿਜ਼ਾ ਤਾਂ ਚਲੋ ਜਿਵੇਂ ਤਿਵੇਂ ਇਕ ਮੱਧ ਵਰਗੀ ਜ਼ਿੰਦਗੀ ਚੋ ਦੀ ਲੰਘ ਕੇ ਆਈ ਸੀ। ਪਰ ਆਪਣੇ ਚਾਂਦ ਜੀ ਤਾਂ ਜਿਉਂ ਜੰਮੇ ਸੀ ਕਦੇ ਸੁੱਖ ਨਾਲ ਗ੍ਰਹਿਣ ਦੇਖਿਆ ਹੀ ਨਹੀਂ ਸੀ, ਹਾਲੇ ਤੱਕ ਹਵਾਵਾਂ ਰੁਮਕਦੀਆਂ ਰਹੀਆਂ ਸਨ ਝੱਖੜ ਤਾਂ ਪਹਿਲੀ ਬਾਰ ਝੁੱਲਿਆ ਸੀ ਜਨਾਬ ਹੋਰਾਂ ਦੀ ਜ਼ਿੰਦਗੀ ਚ, ਤੇ ਹੁਣ ਸੀ ਅਸਲੀ ਪਰਖ ਦੀ ਘੜੀ, ਇੱਕ ਰਾਜੇ ਮਹਾਰਾਜਿਆਂ ਜਿਹੀ ਜ਼ਿੰਦਗੀ ਜਿਉਣ ਵਾਲਾ ਇਕ ਦਮ ਇਕ ਛੋਟੇ ਜਿਹੇ ਫਲੈਟ ਚ ਬਿਨਾਂ ਕਿਸੇ ਜਾਇਦਾਦ ਦੇ ਇਕੱਲੇ ਪਿਆਰ ਰਸ ਚ ਡੁੱਬ ਕੇ ਦੇਖੋ ਕਿੰਨੇ ਦਿਨ ਲੰਘਾਉਂਦਾ? ਜਿਥੇ ਹੁਕਮ ਚਲਦੇ ਸੀ ਲੋਕਾਂ ਤੇ ਓਥੇ ਹੁਣ ਲੋਕਾਂ ਦੇ ਜ਼ਬਾਨੀ ਤੀਰ ਝੱਲਣੇ ਪੈਣੇ ਸੀ।
ਚਲੋ ਜੀ ਕਿਵੇਂ ਨਾ ਕਿਵੇਂ ਜ਼ਿੰਦਗੀ ਚੱਲਣ ਲੱਗ ਪਈ। ਜਨਾਬ ਲਗ ਪਏ ਆਪਣੇ ਵੋਟਰਾਂ ਨੂੰ ਭਰਮਾਉਣ ਤੇ ਕਹਿੰਦੇ ਇਸ ਬਾਰ ਤੁਹਾਡਾ ਚਾਂਦ ਫਿਜ਼ਾ ਨਾ ਦੀ ਬੱਦਲੀ ਦੇ ਓਹਲੇ ਬਹਿ ਕੇ ਤੁਹਾਡੀ ਸੇਵਾ ਕਰੇਗਾ ਤੇ ਆਉਣ ਵਾਲੇ ਵੋਟਾਂ ਚ ਤੁਸੀਂ ਫਿਜ਼ਾ ਨੂੰ ਜਿਤਾਉਣਾ ਹੈ। ਪਰ ਇਹ ਤਾਂ ਦੂਰ ਦੀਆਂ ਗੱਲਾਂ ਸੀ ਹਾਲੇ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ । ਇਥੇ ਮੈਂ ਕੁਝ ਦੋਸ਼ ਅੱਜ ਦੇ ਯੁੱਗ ਨੂੰ ਵੀ ਦੇਣਾ ਚਾਹਾਂਗਾ ਕਿਉਂਕਿ ਕੰਪਿਊਟਰ ਯੁੱਗ ਹੋਣ ਕਾਰਣ ਸਭ ਕੁਝ ਝੱਟ-ਪੱਟ ਹੋ ਜਾਂਦਾ ਸੋ ਰਾਂਝੇ ਨੇ ਤਾਂ ਕਹਿੰਦੇ ਆ ਕੇ ਬਾਰਾਂ ਸਾਲ ਮੱਝਾਂ ਚਰਾਉਣਾ ਚ ਹੀ ਲੰਘਾ ਦਿੱਤੇ ਸੀ। ਪਰ ਇਥੇ ਤਾਂ ਆਧੁਨਿਕ ਯੁੱਗ ਦੇ ਰਾਂਝੇ ਦੇ ਪੱਲੇ ਬਾਰਾਂ ਹਫ਼ਤੇ ਵੀ ਹੀਰ ਦੇ ਹੱਥ ਦੀ ਚੂਰੀ ਨਸੀਬ ਨਹੀਂ ਹੋਈ।ਜੱਗ-ਜਹਾਨ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇਕ ਬਾਰ ਫੇਰ ਕੈਮਰਿਆਂ ਮੂਹਰੇ ਫਿਜ਼ਾ ਆਈ ਬੈਠੀ ਸੀ ਬੱਸ ਫ਼ਰਕ ਇੰਨਾ ਸੀ ਕਿ ਇਸ ਬਾਰ ਉਹ ਇਕੱਲੀ ਸੀ ਤੇ ਇਸ ਦਾ ਪੁੰਨੂੰ ਇਸ ਨੂੰ ਛੱਡ ਕੇ ਤੁਰ ਗਿਆ ਸੀ । ਸੱਸੀ ਵਿਚਾਰੀ ਧਾਹਾਂ ਮਾਰ-ਮਾਰ ਕੇ ਪੁੰਨੂੰ ਦੇ ਅਗਵਾ ਹੋਣ ਦਾ ਰੌਲਾ ਪਾ ਰਹੀ ਸੀ ਤੇ ਆਖੀਰ ਅੱਠ ਘੰਟਿਆਂ ਦੇ ਵਿਰਲਾਪ ਪਿਛੋਂ ਇਕ ਚੈਨਲ ਤੇ ਪੁੰਨੂੰ ਦੀ ਆਵਾਜ਼ ਸੁਣਨ ਨੂੰ ਮਿਲੀ ਕਿ ਮੈਂ ਕੋਈ ਬੱਚਾ ਨਹੀਂ ਜਿਸ ਨੂੰ ਅਗਵਾ ਕਰ ਲਿਆ ਹੈ। ਮੈਂ ਆਪਣੀ ਮਰਜ਼ੀ ਨਾਲ ਹਰਿਦੁਆਰ ਆਇਆ ਹਾਂ। ਪਰ ਸੱਚ ਤਾਂ ਕੁਝ ਹੋਰ ਹੀ ਸੀ ਜਨਾਬ ਦਾ ਮੋਬਾਈਲ ਕੋਈ ਹੋਰ ਹੀ ਲੋਕੇਸ਼ਨ ਦਿਖਾ ਰਿਹਾ ਸੀ।ਤੇ ਮੀਡੀਆ ਕਹਿੰਦਾ ਕਿ ਅਖੀਰ ਸ਼ਾਮ ਨੂੰ ਦਿੱਲੀ ਦੇ ਬੱਸ ਅੱਡੇ ਤੇ ਪੁਲਿਸ ਨੇ ਇਕ ਸ਼ੱਕੀ ਢੰਗ ਨਾਲ ਭੱਜ ਰਹੇ ਬੰਦੇ ਨੂੰ ਫੜਿਆ ਤਾਂ ਉਹ ਵਿਚਾਰਾ ਆਪਣਾ ਚਾਂਦ ਹੀ ਸੀ । ਦੇਖੋ ਕਿਸਮਤ ਦੇ ਰੰਗ ਯਾਰੋ ਕਿ ਇਨ੍ਹਾਂ ਦੇ ਬਜ਼ੁਰਗਾਂ ਨੇ ਬੱਸਾਂ ਤੇ ਧੱਕੇ ਖਾ-ਖਾ ਕੇ ਆਪਣੀ ਅਕਲ ਨਾਲ ਆਪਣੀ ਔਲਾਦ ਨੂੰ ਜਹਾਜ਼ਾਂ ਤੇ ਚੜ੍ਹਨ ਦੇ ਕਾਬਿਲ ਬਣਾ ਦਿੱਤਾ ਸੀ।ਪਰ ਅੱਗੇ ਔਲਾਦ ਦੇ ਦਿਮਾਗ਼ ਦੇ ਵਾਰੇ-ਵਾਰੇ ਜਾਈਏ ਜੋ ਜਹਾਜ਼ਾਂ ਨੂੰ ਛੱਡ ਕੇ ਫੇਰ ਬਸ ਅੱਡਿਆ ਤੇ ਭੱਜੀ ਫਿਰਦੀ ਹੈ। ।
ਇਸ ਕਹਾਣੀ ਦਾ ਅੰਤ ਹਾਲੇ ਆ ਵੀ ਨਹੀਂ ਸਕਦਾ ਕਿਉਂਕਿ ਹਾਲੇ ਇਹ ਲੇਖ ਲਿਖੇ ਜਾਣ ਤੱਕ ਜਾਰੀ ਹੈ ਤੇ ਪਲ-ਪਲ ਨਵੇਂ ਮੋੜ ਲੈ ਰਹੀ ਹੈ ਜਿਵੇਂ ਕਿ ਵਿਚਾਰੀ ਫਿਜ਼ਾ ਨੀਂਦ ਦੀਆਂ ਗੋਲੀਆਂ ਜਿਆਦਾ ਮਾਤਰਾ ਚ ਖਾਣ ਕਰਕੇ ਚੌਵੀ ਘੰਟੇ ਹਸਪਤਾਲ ਚ ਗੁਜਾਰ ਕੇ ਆਈ ਹੈ ਤੇ ਵਿਚਾਰੀ ਆਸ ਲਾਈ ਬੈਠੀ ਸੀ ਕੇ ਕਦੋਂ ਮੇਰਾ ਚੰਦ ਚੜ੍ਹੇਗਾ ਤੇ ਕਦੋਂ ਮੈਂ ਉਸ ਨੂੰ ਅਰਘ ਦੇਵਾਂਗੀ। ਪਰ ਵਿਚਾਰੀ ਇਹ ਭੁਲੀ ਬੈਠੀ ਸੀ ਕੇ ਜੋ ਚੰਦਰ ਆਪਣੀ ਸੀਮਾ ਚ (ਕੋਲ) ਨਹੀਂ ਰਹਿ ਸਕਿਆ ਉਹ ਚਾਂਦ ਫਿਜ਼ਾ ਦਾ ਵਿਹੜਾ ਕਦੋਂ ਰੁਸ਼ਨਾਉਣ ਲੱਗਿਆ।ਥੋੜ੍ਹੇ ਦਿਨ ਸਦਮੇ ਚ ਰਹਿਣ ਤੋਂ ਪਿਛੋਂ ਫਿਜ਼ਾ ਜੀ ਦੇ ਸ਼ੁਭ ਚਿੰਤਕਾਂ ਨੇ ਫੇਰ ਅਜ ਦੀ ਇਸ ਹੀਰ ਸਲੇਟੀ ਨੂੰ ਹੌਸਲਾ ਦਿਤਾ ਕੇ ਹੱਥ ਤੇ ਹੱਥ ਧਰ ਕੇ ਬੈਠੇ ਤੋਂ ਕੁੱਝ ਨਹੀਂ ਮਿਲਣ ਵਾਲਾ ਤੇ ਕੁੱਝ ਨਾ ਕੁੱਝ ਕਰਦੇ ਰਹਿਣਾ ਚ ਹੀ ਹੁਣ ਤਾਂ ਭਲਾਈ ਹੈ। ਸੋ ਫੇਰ ਆਪਣੇ ਚੈਨਲਾਂ ਵਾਲੇ ਵੀਰ ਜੋ ਕਿ ਬੜੀ ਕੁਰਬਾਨੀ ਕਰ ਰਹੇ ਸਨ ਚੋਬੀ ਘੰਟੇ ਫਿਜ਼ਾ ਦੇ ਦਰਵਾਜ਼ੇ ਮੂਹਰੇ ਕੁੱਝ ਨਵਾ ਤੇ ਚਟਪਟਾ ਹਾਸਿਲ ਕਰਨ ਲਈ ਨੂੰ ਕੁੱਝ ਰਾਹਤ ਆਈ ਜਦੋਂ ਇਸ ਹੀਰ ਨੇ ਰਾਂਝੇ ਤੇ ਪਤਾ ਨਹੀਂ ਕਿਹੜੀ ਮਜਬੂਰੀ ਬਸ ਤੇ ਦਿਲ ਤੇ ਪੱਥਰ ਧਰ ਕੇ ਅਗਵਾ ਤੇ ਬਲਾਤਕਾਰ ਜਿਹੇ ਦੋਸ਼ ਲਾ ਦਿੱਤੇ ਤੇ ਉਂਧਰ ਜਨਾਬ ਚਾਂਦ ਜੀ ਨੂੰ ਜਦ ਲੱਗੀ ਪੁਲਿਸ ਲੱਭਣ ਤਾਂ ਲੰਡਨੋਂ ਇਕ ਫੈਕਸ ਆਈ ਕੇ ਅਸੀਂ ਤਾਂ ਆਪਣਾ ਇਲਾਜ ਕਰਾਉਣ ਇਥੇ ਆਏ ਹਾਂ। ਮੇਰੇ ਜਿਹੇ ਨਾ ਸਮਝ ਫੇਰ ਚਕਰਾ ਚ ਪੈ ਗਏ ਕੇ ਕੱਲ ਤਕ ਤਾਂ ਜਨਾਬ ਹੋਰਾਂ ਕੋਲ ਦੁਆਨੀ ਨਹੀਂ ਸੀ ਤੇ ਇਹ ਲੰਦਨ ਪਤਾ ਨਹੀਂ ਕਿੰਞ ਪਹੁੰਚ ਗਏ ਤੇ ਦੂਜੀ ਦੁਚਿੱਤੀ ਇਹ ਸੀ ਕੇ ਕੱਲ ਤਕ ਦੇਖਣ ਨੂੰ ਤਾਂ ਚਾਂਦ ਜੀ ਬੜੇ ਲਿਸ਼ਕਾਰੇ ਮਾਰ ਰਹੇ ਸਨ ਇਹ ਹੁਣ ਕਿਹੜੀ ਬਿਮਾਰੀ ਚੰਬੜ ਗਈ? ਸੋਚ ਸੋਚ ਕੇ ਸਾਡੀ ਛੋਟੇ ਬੰਦਿਆ ਦੀ ਛੋਟੀ ਸੋਚ ਇਸ ਨਤੀਜੇ ਤੇ ਪਹੁੰਚੀ ਕੇ ਇਹ ਬਿਮਾਰੀ ਜਰੂਰ ਕੀਤੇ ਦਿਮਾਗ਼ ਚ ਹੋਵੇਗੀ ਨਹੀਂ ਤਾਂ ਭੱਲਾਂ ਇਕ ਪਿੰਡ ਦਾ ਸਰਪੰਚ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਇਹ ਤਾਂ ਇਕ ਮੋਹਰੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੇ ਲੱਤ ਮਾਰ ਕੇ ਭੱਜੇ ਹਨ। ਤਾਹੀ ਤਾਂ ਸੋਚਦਾ ਕੇ ਦਰੁਸਤ ਦਿਮਾਗ਼ ਨਾਲ ਤਾਂ ਇੰਝ ਫੈਸਲਾ ਨਹੀਂ ਹੋ ਸਕਦਾ।
ਮੈਨੂੰ ਤਾਂ ਲਗਦਾ ਇਹ ਫ਼ਸਲੀ ਬਟੇਰ ਸੀ ਜੋ ਚੋਗ ਚੁਗ ਕੇ ਉਡਾਰੀ ਮਾਰ ਚੁੱਕਿਆ।ਪਰ ਇਹ ਤਾਂ ਮੇਰੀ ਸੋਚ ਹੈ ਹਾਲੇ ਪਤਾ ਨਹੀਂ ਵਕਤ ਦੇ ਗਰਭ ਵਿਚ ਕੀ ਸੱਚ ਲੁਕਿਆ ਪਿਆ ਪਰ ਹੁਣ ਤੱਕ ਜੋ ਇਤਿਹਾਸ ਹੋ ਚੁੱਕਿਆ ਉਹ ਤਾਂ ਕੋਈ ਸਨਮਾਨ ਵਧਾਉਣ ਵਾਲਾ ਨਹੀਂ ਤਾਂਹੀਓਂ ਤਾਂ ਮੇਰੇ ਜਿਹੇ ਨਾ ਸਮਝ ਨੂੰ ਵੀ ਵਿਅੰਗ ਕਰਨ ਦਾ ਮੌਕਾ ਮਿਲ ਗਿਆ ਨਹੀਂ ਤਾਂ ਮੇਰੀ ਕੀ ਜੁਰਅਤ ਸੀ ਕਿ ਚੌਧਰੀ ਭਜਨ ਲਾਲ ਦੇ ਪਰਵਾਰ ਤੇ ਵਿਅੰਗ ਲਿਖ ਸਕਦਾ।ਅਖੀਰ ਵਿਚ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਸਾਰੇ ਜਰੂਰੀ ਕੰਮ ਛੱਡ ਕੇ ਅੱਜ ਦੇ ਇਨ੍ਹਾਂ ਆਧੁਨਿਕ ਆਸ਼ਕਾਂ ਦੀਆਂ ਪ੍ਰੇਮ ਕਹਾਣੀਆਂ ਦਾ ਸਾਡੇ ਜਿਹੇ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਸਿੱਧਾ ਪ੍ਰਸਾਰਨ ਦਿਖਾ ਰਹੇ ਹਨ ਤੇ ਨਾਲ਼ੇ ਜਰੂਰੀ ਕੰਮਾਂ ਦਾ ਕੀ ਹੈ ਇਹ ਤਾਂ ਜਿੰਦਗੀ ਭਰ ਚਲਦੇ ਹੀ ਰਹਿਣੇ ਹਨ। ਭੱਲਾਂ ਕਦੇ ਇਹੋ ਜਿਹੇ ਆਸ਼ਕ ਰੋਜ-ਰੋਜ ਜੰਮਦੇ ਹਨ ?

ਮੈਨੂੰ ਕੀ ? ਤੇ ਤੈਨੂੰ ਕੀ ?.......... ਵਿਅੰਗ / ਸੁਰਿੰਦਰ ਭਾਰਤੀ ਤਿਵਾੜੀ

ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ ਤੇ ਵਾਰ ਕੇ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦਾ ਤੋਹਫਾ ਦੇਣ ਵਾਲੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾਂ ਕਰਦੇ ਚਲੇ ਗਏ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ’। ਆਜ਼ਾਦੀ ਦਾ ਅਰਥ 1947 ਤੋਂ ਬਾਦ ਹੀ ਬਦਲ ਗਿਆ ਲੱਗਦਾ ਹੈ। ਅਸੀਂ ਦੇਸ਼ ਦੇ ਆਜ਼ਾਦ ਨਾਗਰਿਕ, ਸਾਨੂੰ ਕੁਝ ਵੀ ਕਰਨ ਦੀ ਆਜ਼ਾਦੀ, ਦੁਬਾਰਾ ਗੁਲਾਮ ਹੋਣ ਦੀ ਵੀ।
ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਧਨ ਕਮਾਉਣ, ਸਿੱਖਿਆ ਪ੍ਰਾਪਤ, ਸਵੈਮਾਨ ਨਾਲ ਜਿਓਣ, ਸਵੈ-ਰੱਖਿਆ ਕਰਨ, ਸਮਾਨਤਾ ਤੇ ਤਰੱਕੀ ਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ......ਪਰ ਮੇਨੂੰ ਸਭ ਤੋਂ ਜਿ਼ਆਦਾ ਅਧਿਕਾਰ ਹਨ, ਸਭ ਤੋਂ ਜਿ਼ਆਦਾ ਆਜ਼ਾਦ ਮੈਂ। ਫਿਰ ਕੀ ਹੋ ਜੂ ਜੇਕਰ ਕਿਸੇ ਨਾਗਰਿਕ ਦਾ ਹੱਕ ਮਾਰਿਆ ਜਾਵੇਗਾ ਪਰ ਮੈਨੂੰ ਸਭ ਤੋਂ ਵੱਧ ਮਿਲਣਾ ਚਾਹੀਦਾ ਹੈ। ਬੱਸ ਮੇਰਾ ਖਿਆਲ ਰੱਖੋ ਬਾਕੀ ਦੁਨੀਆਂ ਜਾਵੇ ਭਾੜ ਵਿੱਚ। ਮੇਰੇ ਜ਼ਾਇਜ਼ ਨਾਜ਼ਾਇਜ਼ ਢੰਗ ਨਾਲ ਧਨ ਜੋੜੇ ਧਨ ਦਾ, ਰਾਜਨੀਤਿਕ ਪਹੁੰਚ ਅਤੇ ਨਿੱਜੀ ਅਸਰ ਰਸੂਖ ਦਾ ਕੀ ਲਾਭ ਹੋਇਆ ਜੇਕਰ ਮੈਨੂੰ ਦੂਸਰਿਆਂ ਤੋਂ ਵੱਧ ਹੀ ਨਾਂ ਮਿਲਿਆ? ਕਿਸੇ ਹੋਰ ਦਾ ਕੰਮ ਹੋਵੇ ਨਾਂ ਹੋਵੇ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਹੋਣੇ ਅਤਿ ਜ਼ਰੂਰੀ ਹਨ, ਇਹ ਪਰਵਾਹ ਨਾਂ ਕਰਨੀ ਕਿ ਦੇਸ਼ ਦਾ ਜਾਂ ਕਿਸੇ ਹੋਰ ਦਾ ਕਿੰਨ੍ਹਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਜੇਕਰ ਮੇਰੇ ਤੋਂ ਕੋਈ ਵੱਧ ਲੈ ਗਿਆ ਫਿਰ ਮੈਂ ਕਨੂੰਨ ਦੀ ਦੁਹਾਈ ਦੇਣ ਲਈ ਆਜ਼ਾਦ। ਮੇਰੇ ਸੁਆਰਥ ਦੇ ਰਾਹ ਵਿੱਚ ਰੋੜਾ ਨਾਂ ਬਣਿਓਂ, ਬਾਕੀ ਸਾਰਾ ਦੇਸ਼ ਲੱਟ ਕੇ ਖਾ ਲਵੋ ......... ਤਾਂ ਮੈਨੂੰ ਕੀ?
ਕਿਸੇ ਨੇ ਰਾਸ਼ਟਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਇਆ ......... ਤਾਂ ਮੈਨੂੰ ਕੀ? ਕੋਈ ਜਨਤਕ ਸਥਾਨ ਤੇ ਕੂੜਾ ਸੁੱਟ ਰਿਹਾ ......... ਤਾਂ ਮੈਂ ਕੀ ਕਰਾਂ? ਸਰਕਾਰ ਲੋਕ ਵਿਰੋਧੀ ਕੰਮ ਕਰ ਰਹੀ ਹੈ ......... ਤਾਂ ਮੈਨੂੰ ਕੀ? ਸਮਾਜ ਦੀ ਵੰਡ ਹੋ ਰਹੀ ਹੈ .......... ਤਾ ਮੈਨੂੰ ਕੀ? ਕੋਈ ਦੇਸ਼ ਵਿਰੋਧੀ ਵਿਅਕਤੀ ਨੂੰ ਜਨ-ਪ੍ਰਤੀਨਿਧੀ ਚੁਣ ਲਿਆ ......... ਤਾਂ ਮੈਂ ਫਿਰ ਕੀ ਕਰਾਂ। ਕੋਈ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ......... ਤਾਂ ਮੈਨੂੰ ਕੀ? ਕੋਈ ਦੇਸ਼ ਧ੍ਰੋਹ ਕਮਾ ਰਿਹਾ ਹੈ ......... ਤਾਂ ਮੈਨੂੰ ਕੀ? ਭ੍ਰਿਸ਼ਟਾਚਾਰ ਫੈਲ ਰਿਹਾ ਹੈ ......... ਤਾਂ ਮੈਨੂੰ ਕੀ? ਰਾਜਨੀਤੀ ਦਾ ਅਪਰਾਧੀਕਰਨ ਹੋ ਰਿਹਾ ਹੈ ......... ਤਾਂ ਮੈਂ ਕੀ ਕਰਾਂ? ਮੇਰੇ ਤੋਂ ਬਿਨਾਂ ਕਿਸੇ ਹੋਰ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਤਗੜੇ ਦਾ ਸੱਤੀਂ ਵਿਹੀ ਸੌ ......... ਤਾਂ ਮੈਨੂੰ ਕੀ ਹੋਣ ਦਿਓ। ਸੰਸਕ੍ਰਿਤੀ ਦਾ ਘਾਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ......... ਤਾਂ ਮੈਨੂੰ ਕੀ? ਆਰਥਿਕ ਸ਼ੋਸ਼ਣ ਜੋਰਾਂ ਤੇ ਹੈ ......... ਤਾਂ ਮੈਨੂੰ ਕੀ? ਇੱਕੋ ਗੱਲ ਪੁਛਦਾਂ ਦੱਸੋ ਬੱਸ ਮੈਨੂੰ ਕੀ? ਬਸ, ਬਸ, ਬਸ, ਮੈਂ ਆਜ਼ਾਦ, ਕੁਝ ਵੀ ਕਰਨ ਦੀ ਮਰਜ਼ੀ।
ਜੇਕਰ ਕਿਸੇ ਵੱਡੇ ‘ਦੇਸ਼ ਭਗਤ’ ਨੇ ਮੈਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਮੇਰਾ ਜਵਾਬ ਪਹਿਲਾਂ ਹੀ ਸੁਣ ਲਵੋ ........ ਓਏ ਤੈਨੂੰ ਕੀ? ਮੈਂ ਅਜਿਹਾ ਦੇਸ਼ ਭਗਤ ਬਣ ਗਿਆ ਹਾਂ ਕਿ ਆਪਣੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ। ਰਿਸ਼ਵਤ ਦੇ ਕੇ ਕੰਮ ਕਰਵਾਇਆ ਤਾਂ ਤੈਨੂੰ ਕੀ। ਜਨਤਕ ਸੜਕ ਤੋੜ ਰਿਹਾ ਹਾਂ ...... ਤਾਂ ਤੈਨੂੰ ਕੀ? ਕਿਸੇ ਹੋਰ ਨਾਲ ਠੱਗੀ ਮਾਰੀ ...... ਤਾਂ ਤੈਨੂੰ ਕੀ? ਰਾਜਨੀਤਿਕ ਸ਼ਕਤੀ ਨਾਲ ਨਾਜ਼ਾਇਜ਼ ਕੰਮ ਲਿਆ ...... ਤਾਂ ਤੈਨੂੰ ਕੀ? ਵੋਟ ਨਹੀਂ ਪਾਈ ...... ਤਾਂ ਪੁੱਛਣ ਵਾਲਾ ਤੂੰ ਕੌਣ? ਮੈਂ ਸਰਕਾਰੀ ਕਰਮਚਾਰੀ ਪਰ ਕੰਮ ਨਹੀਂ ਕਰਦਾ ...... ਤਾਂ ਤੈਨੂੰ ਕੀ? ਆਪਣੀ ਮਰਜ਼ੀ ਨਾਲ ਰਸਤਾ ਬੰਦ ਕਰ ਦਿੱਤਾ ......ਤਾਂ ਪੁੱਛਣ ਵਾਲਾ ਤੂੰ ਕੌਣ? ‘ਤੇਰੇ ਇਸ ਤਰਾਂ ਕਰਨ’ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ...... ਪਰ ਤੈਨੂੰ ਕੀ? ਕੋਈ ਸਰਕਾਰੀ ਪੈਸੇ ਦਾ ਦੁਰਉਪਯੋਗ ਕਰ ਰਿਹਾ ...... ਤਾਂ ਤੈਨੂੰ ਕੀ? ਮੇਰੇ ਤੋਂ ਬਿਨਾਂ ਕਿਸੇ ਨੂੰ ਚੂਨਾਂ ਲਾ ਰਿਹਾ ਹੈ ......ਤਾਂ ਪੁੱਛਣ ਵਾਲਾ ਤੂੰ ਕੌਣ?
ਸਾਂਝਾ ਕੰਮ ਕੋਈ ਹੋਵੇ, ਇੱਕੋ ਸਲੋਗਨ ...... ਮੈਨੂੰ ਕੀ ਜਾਂ ਤੈਨੂੰ ਕੀ। ਮੇਰੇ ਵਾਂਗ ਦੇਸ਼ ਦਾ ਹਰ ਨਾਗਰਿਕ ਅਜਿਹਾ ਬਣ ਗਿਆ ਹੈ ਕਿ ਉਸਨੂੰ ਕੇਵਲ ਆਪਣੇ ਸਵਾਰਥ ਦੇ ਚਸ਼ਮੇ ਵਿੱਚੋਂ ਹੀ ਦਿਸਦਾ ਹੈ। ਕੁਝ ਲੋਕ ਤਾਂ ਮੰਨਦੇ ਹਨ ਕਿ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਅੰਗ੍ਰੇਜਾਂ ਨੇ ਸਾਡੇ ਤੇ ਰਾਜ ਕੀਤਾ ਪਰ ਹੁਣ ਸਾਡੀ ‘ਮੈਨੂੰ ਕੀ ਤੇ ਤੈਨੂੰ ਕੀ’ ਦੀ ਨੀਤੀ ਦੇਸ਼ ਨੂੰ ਪੂਰੀ ਤਰਾਂ ਖੋਖਲਾ ਕਰ ਰਹੀ ਹੈ।



ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।

ਮੋਮ ਦੇ ਖੰਭ……… ਕਹਾਣੀ / ਮੇਜਰ ਮਾਂਗਟ

ਮੇਰਾ ਨਾਂ ਸੁਰਿੰਦਰਜੀਤ ਕੌਰ ਹੈ।ਸਾਰੇ ਮੈਨੂੰ ਸ਼ਿੰਦੀ ਕਹਿੰਦੇ ਨੇ।ਮੈਂ ਸੀ ਆਪਣੇ ਮਾਂ ਬਾਪ ਦੀ ਲਾਡਲੀ ਸ਼ਿੰਦੀ।ਕਈ ਵਾਰ ਮੇਰੇ ਪਾਪਾ ਆਖਦੇ, “ਇਹ ਕੁੜੀ ਨਹੀਂ ਮੇਰਾ ਮੁੰਡਾ ਹੈ ਇਹ ਤਾਂ...।ਇਹਦੀ ਲਿਆਕਤ ਦੱਸਦੀ ਆ ਬਈ ਬਹੁਤ ਉੱਚੀ ਉਡਾਣ ਭਰੇਗੀ”।
ਇਹ ਗੱਲ ਤਾਂ ਕਈ ਵਾਰੀ ਹੱਥ ਦੇਖਣ ਆਏ ਪਾਂਡੇ ਵੀ ਕਹਿ ਦਿੰਦੇ, “ਜ਼ਜ਼ਮਾਨ ਬੇਟੀ ਦੀਆਂ ਰੇਖਾਵਾਂ ਦੱਸਦੀਆਂ ਨੇ ਕਿਸਮਤ ਦੀ ਬੜੀ ਬਲੀ ਆ,ਬਾਹਰਲੇ ਮੁਲਕ ਦਾ ਯੋਗ ਬਣਦੈ...।ਆਹ ਵੇਖ ਧਨ ਦੀ ਕੋਠੀ।ਸਮਝੋ ਫੁਰਰ ਹੋਈ...।ਸਰਦਾਰ ਜੀ ਫੰਗ ਬਣੇਗੀ,ਥੋਡੇ ਲਈ ਇਹ ਕਿਸਮਤ ਵਾਲੀ ਕੰਨਿਆ।ਕਨੇਡਾ ਅਮਰੀਕਾ ਦਾ ਧਨ ਲਿਖਿਐ।ਤੁਸੀਂ ਵੀ ਉੱਡ ਜਾਵੋਂਗੇ।ਜ਼ਜ਼ਮਾਨ ਬੱਸ ਪਰੋਹਿਤ ਨੂੰ ਖੁਸ਼ ਕਰ ਦਿਉ...”।
ਪਾਪਾ ਵਿਅੰਗ ਨਾਲ ਕਹਿੰਦੇ “ਪੰਡਿਤਾ ਟਿੱਚਰਾਂ ਤਾਂ ਨੀ ਕਰਦਾ।ਪਰਸੂ ਰਾਮਾ ਜੇ ਤੇਰੀ ਜ਼ਬਾਨ ਸੱਚੀ ਹੋ ਜੇ ਮੂੰਹ ਮੰਗਿਆ ਦਾਨ ਦਊਂ।ਹੁਣ ਆ ਲੈ ਫੜ ਦਸਾਂ ਦਾ ਨੋਟ।ਜੇ ਕੁੱਝ ਹੋਰ ਖਾਣਾ ਪੀਣਾ ਤਾਂ ਦੱਸ”।
ਪੰਡਿਤ ਪਰਸੂ ਰਾਮ ਜੋ ਦੋ ਦਹਾਕਿਆਂ ਤੋਂ ਸਾਡੇ ਪਰਿਵਾਰ ਨਾਲ ਸਾਂਝ ਰੱਖਦਾ ਸੀ ਪਾਪਾ ਨੂੰ ਅਸੀਸਾਂ ਦਿੰਦਾ ਤੁਰ ਜਾਂਦਾ।
ਉਦੋਂ ਮੈਂ ਬੀ ਕਾਮ ਪਹਿਲਾ ਦੀ ਵਿਦਿਆਰਥਣ ਸੀ।ਐਮ ਬੀ ਏ ਕਰਨ ਦਾ ਨਿਸ਼ਾਨਾ ਸੀ।ਪਾਪਾ ਕਹਿੰਦੇ ਸੀ ਜਿੰਨੀ ਮਰਜੀ ਪੜ੍ਹ ਖਰਚਾ ਮੈਂ ਆਪੇ ਕਰਾਂਗਾ।ਮੇਰੇ ਪਾਪਾ ਮਿਲਟਰੀ ਚੋਂ ਕੈਪਟਨ ਰਿਟਾਇਰ ਹੋਏ ਸਨ।ਪਹਿਲੀ ਔਲਾਦ ਹੋਣ ਕਾਰਨ ਮੰਮੀ ਪਾਪਾ ਮੈਨੂੰ ਬਹੁਤ ਪਿਆਰ ਕਰਦੇ।ਮੇਰੇ ਤੋਂ ਬਾਅਦ ਭਾਂਵੇਂ ਮੇਰਾ ਛੋਟਾ ਭਰਾ ਵੀ ਹੋਇਆ,ਪਰ ਮੇਰੇ ਪਿਆਰ ਨੂੰ ਕੋਈ ਫਰਕ ਨਾਂ ਪਿਆ।ਮੈਂ ਜੋ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ।ਕਦੇ ਕਦੇ ਮੰਮੀ ਆਖਦੀ “ਤੁਸੀਂ ਸਿਰ ਚੜ੍ਹਾ ਲੈਣੀ ਆਂ...।ਉਨਾਂ ਮੁੰਡੇ ਦਾ ਨੀ ਕਰਦੇ ਜਿੰਨਾ ਏਹਦਾ ਕਰਦੇ ਓਂ...”
ਪਾਪਾ ਕਹਿੰਦੇ “ਬਈ ਇਹ ਕੈਪਟਨ ਪ੍ਰਿਤਪਾਲ ਸਿੰਘ ਦੀ ਪਲੇਠੀ ਧੀ ਆ।ਇਹਦਾ ਸਥਾਨ ਹੋਰ ਕੋਈ ਨਹੀਂ ਲੈ ਸਕਦਾ”
ਪਾਪਾ ਜੀ ਉਨੀਂ ਤਿੰਨ ਭਰਾ ਸਨ।ਇੱਕ ਖੇਤੀ ਕਰਦਾ ਦੂਜਾ ਪਟਵਾਰੀ ਤੇ ਤੀਜੇ ਮੇਰੇ ਪਾਪਾ ਮਿਲਟਰੀ ਮੈਨ।ਦੂਜੇ ਭਰਾ ਪਤਾ ਨਹੀਂ ਕਿਸ ਗੱਲੋਂ ਪਾਪਾ ਨਾਲ ਖਾਰ ਖਾਂਦੇ ਸਨ।ਕਈ ਵਾਰ ਤਾਂ ਸਾਨੂੰ ਸੁਣਾ ਕੇ ਵੀ ਆਖ ਦਿੰਦੇ ਕਿ “ਫੌਜੀ ਤਾਂ ਅੱਧੇ ਕਮਲ਼ੇ ਹੁੰਦੇ ਆ।ਦੇਖ ਏਹਨੇ ਕੁੜੀ ਕਿਵੇਂ ਸਿਰ ਚੜਾਈ ਆ।ਪਿੰਡ ‘ਚ ਵੀ ਪੈਂਟ ਸ਼ਰਟ ਪਾ ਕੇ ਸਕੂਟਰ ਭਜਾਈਂ ਫਿਰੂ।ਕੁੜੀਆਂ ਵਾਲੇ ਕਿਤੇ ਲੱਛਣ ਨੇ ਏਹਦੇ...।ਜਦੋਂ ਕੋਈ ਨਵਾਂ ਚੰਦ ਚਾੜ ਤਾ ਫੇਰ ਪਤਾ ਲੱਗੂ”
ਪਿੰਡ ਦੀਆਂ ਕਈ ਔਰਤਾਂ ਮੇਰੀ ਮਾਂ ਨੂੰ ਆਖਦੀਆਂ “ਕੁੜੇ ਫੌਜਣੇ ਏਹਨੂੰ ਅਕਲ ਦਿਆ ਕਰ ਬਈ ਇਉਂ ਫਿਰਦੀਆਂ ਕੁੜੀਆਂ ਕੱਤਰੀਆਂ ਚੰਗੀਆਂ ਨੀ ਲੱਗਦੀਆਂ ਕੱਲ ਨੂੰ ਬਗਾਨੇ ਘਰ ਜਾਣੈ...”
ਪਰ ਪਾਪਾ ਦੀ ਕਮਿਸਟਰੀ ਕਿਸੇ ਨਾਲ ਨਾ ਰਲ਼ਦੀ।ਉਹ ਕਹਿੰਦੇ “ਸਕੂਟਰ ਕੀ ਗੱਲ ਆ ਮੈਂ ਤਾਂ ਕੁੜੀ ਨੂੰ ਪਾਇਲਟ ਬਣੌਣੈ ਲੋਕਾਂ ਦਾ ਕੀ ਢਿੱਡ ਦੁਖਦੈ”।
ਲੋਕ ਤੇ ਰਿਸ਼ਤੇਦਾਰ ਚਾਹੁੰਦੇ ਸਨ ਮੈਂ ਜਲਦੀ ਵਿਆਹੀ ਜਾਵਾ।ਤਾਂ ਕਿ ਮੈਨੂ ਵੇਖ ਪਿੰਡ ਦੀਆਂ ਹੋਰ ਕੁੜੀਆਂ ਨਾ ਰੀਸ ਕਰਨ।ਬੁੱਢੀਆਂ ਆਖਦੀਆਂ “ਭਾਈ ਏਹਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਵੋ।ਜੁੰਮੇਵਾਰੀ ਮੁੱਕੇ ਏਨੀ ਪੜ੍ਹ ਕੇ ਕਿਤੇ ਏਹਨੇ ਲਫਟੈਣ ਲੱਗਣੈ ਕੱਲ ਕਲਾ ਨੂੰ ਸੌ ਕੋਈ ਗੱਲ ਹੋ ਜੇ...”
ਇਹ ਆਲੇ ਦੁਆਲੇ ਦਾ ਦਬਾ ਹੀ ਸੀ ਕਿ ਪਾਪਾ ਨੇ ਮੇਰੇ ਲਈ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ।ਚੰਗੀਆਂ ਨੌਕਰੀਆਂ ਵਾਲੇ ਤੇ ਚੰਗੀਆਂ ਜ਼ਮੀਨਾਂ ਵਾਲੇ।ਜ਼ਮੀਨਾਂ ਵਾਲੇ ਪਾਪਾ ਨੂੰ ਖਿਆਲਾਂ ਪੱਖੋਂ ਚੰਗੇ ਨਾਂ ਲੱਗਦੇ ਤੇ ਨੌਕਰੀਆਂ ਵਾਲੇ ਦਾਜ ਦੀ ਲਿਸਟ ਸੁਣਾ ਦਿੰਦੇ।ਪਾਪਾ ਉਨ੍ਹਾਂ ਨੂੰ ਘਟੀਆ ਦੁਸ਼ਮਣ ਵਾਂਗ ਤਿਆਗ ਕੇ ਆ ਜਾਂਦੇ।ਮੰਮੀ ਕਹਿੰਦੀ ਇਸ ਤਰ੍ਹਾਂ ਤਾਂ ਥੋਡੇ ਕੁੱਝ ਵੀ ਫਿੱਟ ਨੀ ਔਣਾ,ਬੱਸ ਆਪਣੀ ਹੀ ਲੈਫਟ ਰੈਟ ਲੈਫਟ ਰੈਟ ਕਰਦੇ ਰਿਹੋ।ਉੱਤੋਂ ਕੁੜੀ ਦੀ ਉਮਰ ਲੰਘਦੀ ਜਾਂਦੀ ਆ”
ਪਰ ਪਾਪਾ ਚਾਹੁੰਦੇ ਸਨ ਕਿ ਮੇਰਾ ਬਾਹਰ ਜਾਣ ਦਾ ਕੋਈ ਜੁਗਾੜ ਬਣ ਜਾਵੇ।ਪਾਂਡੇ ਦੀ ਕਹੀ ਗੱਲ ਉਨ੍ਹਾਂ ਦੇ ਦਿਲ ਵਿੱਚ ਬੈਠੀ ਸੀ।ਉਹ ਹਮੇਸ਼ਾਂ ਕਹਿੰਦੇ “ਜੇ ਸ਼ਿੰਦੀ ਲਈ ਕੋਈ ਬਾਹਰਲਾ ਮੁੰਡਾ ਮਿਲ ਜਾਵੇ”
ਮੰਮੀ ਵੀ ਅੱਕ ਕੇ ਆਖ ਦਿੰਦੇ ਕਿ “ਚੱਲ ਕਰ ਲੋ ਫੇ ਟਰਾਈ ਨਾਲ ਮੁੰਡੇ ਦਾ ਵੀ ਕੁੱਝ ਬਣ ਜਾਵੇਗਾ”।
ਪਾਪਾ ਹਸ ਕੇ ਆਖਦੇ “ਕੱਲਾ ਮੁੰਡੇ ਦਾ ਕਿਉਂ ਆਪਣਾ ਵੀ ਬਾਹਰ ਜਾਣ ਦਾ ਸਪਨਾ ਪੂਰਾ ਹੋ ਜਾਵੇਗਾ।ਫੇਰ ਤਾਂ ਤੂੰ ਵੀ ਫੌਜਣ ਤੋਂ ਕਨੇਡਾ ਵਾਲੀ ਬਣ ਜਾਵੇਂਗੀ”
ਸਾਡੇ ਸਮਾਜ ਵਿੱਚ ਕਨੇਡਾ ਵਾਲੀ ਫੀਤੀ ਹਰ ਕੋਈ ਲਗਵਾਉਣੀ ਚਾਹੁੰਦੈ।ਤੇ ਫੇਰ ਇੱਕ ਦਿਨ ਕਨੇਡਾ ਵਾਲਾ ਰਿਸ਼ਤਾ ਵੀ ਮਿਲ ਗਿਆ।
ਗੱਲ ਯਾਦ ਕਰਕੇ ਫੇਰ ਮੇਰੇ ਜਿਸਮ ਵਿੱਚ ਸੀਤ ਲਹਿਰ ਚੱਲ ਪਈ।ਮੇਰਾ ਜਿਸਮ ਕੰਬਣ ਲੱਗ ਪਿਆ ਏ।ਅਕਸਰ ਇਵੇਂ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਇਹ ਗੱਲ ਦੱਸਦੀ ਹਾਂ।ਮੇਰੇ ਘਰ ਵਿੱਚ ਤਾਂ ਮੇਰੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ।ਮੈਂ ਬੱਸ ਬਿਨਾਂ ਖੰਭਾਂ ਵਾਲੀ ਚਿੜੀ ਹਾਂ।ਅੱਜ ਮੇਰਾ ਜੀ ਕਾਰਦਾ ਹੈ ਧਾਹਾਂ ਮਾਰ ਕੇ ਰੋਵਾਂ।ਮੇਰੇ ਪਾਪਾ ਵੀ ਹਮੇਸ਼ਾਂ ਮੈਨੂੰ ਪਿਆਰ ਨਾਲ ਆਖਦੇ ਸਨ ‘ਇਹ ਤਾਂ ਮੇਰੀ ਚਿੜੀ ਹੈ ਚਿੜੀ’।
ਉਂਝ ਮੇਰੇ ਪਾਸ ਸਭ ਕੁੱਝ ਹੈ।ਇੱਕ ਮਿਲੀਅਨ ਡਾਲਰ ਦਾ ਘਰ।ਡਰਾਈਵੇਅ ਵਿੱਚ ਬੀ ਐੱਮ ਡਬਲਿਯੂ ਕਾਰ ਅਤੇ ਮਰਸੈਡੀ ਦਾ ਐੱਸ ਯੂ ਵੀ।ਇਹ ਸ਼ਹਿਰ ਦਾ ਪੌਸ਼ ਏਰੀਆ ਹੈ।ਮੇਰੇ ਹਸਬੈਂਡ ਚਾਰਟਿਡ ਅਕਾਊਂਟੈਟ ਨੇ।ਬਹੁਤ ਵੱਡੀਆਂ ਕੰਪਨੀਆਂ ਦੇ ਅਕਾਊਂਟ ਰੱਖਦੇ ਨੇ।ਕਦੀ ਅਮਰੀਕਾ ਤੇ ਕਦੀ ਕਨੇਡਾ ਦੇ ਦੂਸਰੇ ਸ਼ਹਿਰ ਟਰੈਵਲ ਕਰਦੇ ਰਹਿੰਦੇ ਨੇ।ਬੱਸ ਮੈਂ ਹੀ ਪਿੰਜਰੇ ਪਿਆ ਪੰਛੀ ਹਾਂ।
ਮੇਰਾ ਐੱਮ ਬੀ ਏ ਕਰਨ ਦਾ ਸੁਪਨਾ ਤਾਂ ਵਿਚਕਾਰ ਹੀ ਟੁੱਟ ਗਿਆ ਸੀ।ਹੁਣ ਮੇਰੇ ਹੱਸਬੈਂਡ ਮੇਰੇ ਤੋਂ ਜੌਬ ਵੀ ਕੋਈ ਨਹੀਂ ਕਰਵਾਉਣਾ ਚਾਹੁੰਦੇ।ਕਹਿੰਦੇ ਘਰ ਰਹਿ ਕੇ ਹੀ ਮੇਰੀ ਮੱਦਦ ਕਰਿਆ ਕਰ।ਪਰ ਮੱਦਦ ਤਾਂ ਮੈਂ ਤਾਂ ਕਰਾਂ ਜੇ ਉਹ ਘਰ ਰਹਿਣ।
ਵਿਆਹ ਤੋਂ ਬਾਅਦ ਸਾਡੇ ਇੱਕ ਹੀ ਬੱਚਾ ਹੋਇਆ।ਮੇਰੀ ਧੀ ਰੱਮੀ ਜੋ ਅਠਾਰਾਂ ਵਰਿਆਂ ਦੀ ਹੈ ਤੇ ਅੱਜ ਕੱਲ ਬੋਸਟਨ ਯੂਨੀਵਰਸਿਟੀ ਵਿੱਚ ਮੈਡੀਕਲ ਸਾਇੰਸ ਦੀ ਡਿਗਰੀ ਕਰਦੀ ਹੈ।ਦੋ ਤਿੰਨ ਮਹੀਨੇ ਬਾਅਦ ਘਰ ਆਂਉਦੀ ਏ।ਉਦੋਂ ਮੇਰਾ ਚਾਅ ਨਹੀਂ ਚੁੱਕਿਆ ਜਾਂਦਾ।ਘਰ ਆ ਕੇ ਵੀ ਉਹ ਟੈਲੀਵੀਯਨ,ਕੰਮਪਿਊਟਰ ਜਾਂ ਫੋਨ ਤੇ ਬਿਜ਼ੀ ਰਹਿੰਦੀ ਏ।ਮੇਰੇ ਨਾਲ ਗੱਲਾਂ ਭਾਵੇਂ ਘੱਟ ਕਰਦੀ ਆ ਪਰ ਉਸ ਨੂੰ ਮੇਰੀਆਂ ਬਣਾਈਆਂ ਮੇਥਿਆਂ ਵਾਲੀਆਂ ਰੋਟੀਆਂ ਦਹੀਂ ਨਾਲ ਬਹੁਤ ਪਸੰਦ ਨੇ।ਉਹ ਆਉਣ ਸਾਰ ਕਹੂ “ਮਾਂ ਦਹੀਂ ਨਾਲ ਗਰੀਨ ਰੋਟੀ ਬਣਾ ਦੇ”।ਉਸ ਨੂੰ ਤਾਂ ਫਰੈਂਡਾ ਦੇ ਫੋਨ ਵੀ ਬਹੁਤ ਆਂਉਦੇ ਨੇ।
ਮੇਰੀ ਧੀ ਜਦੋਂ ਸਾਗ ਮੱਕੀ ਦੀ ਰੋਟੀ,ਰਾਜ ਮਾਂਹ ਚੌਲ਼,ਛੋਲੇ ਪੂਰੀਆਂ ਅਤੇ ਚਿਕਨ ਕਰੀ ਬਣਾਉਣ ਲਈ ਆਖਦੀ ਏ ਤਾਂ ਮੈਨੂੰ ਚਾਅ ਚੜ ਜਾਂਦਾ ਏ।ਪਰ ਫੇਰ ਇਹ ਸੋਚ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਕਿ ਮੇਰੇ ਜਿਸਮ ਨਾਲ ਲੱਗਾ ਇਹ ਖੰਭ ਵੀ ਇੱਕ ਦਿਨ ਟੁੱਟ ਜਾਣਾ ਹੈ।
ਤੁਸੀਂ ਇਹ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਿ ਤੂੰ ਕਨੇਡਾ ਕਿਵੇਂ ਆਈ ਸੀ?ਤੇ ਤੇਰੇ ਮੰਮੀ ਪਾਪਾ ਹੁਣ ਕਿੱਥੇ ਨੇ?ਲਉਂ ਮੈਂ ਆਪੇ ਹੀ ਦੱਸ ਦਿੰਦੀ ਹਾਂ।ਮੈਨੂੰ ਰਤਾ ਅੱਥਰੂ ਪੂੰਝ ਲੈਣ ਦਿਉ।ਫੇਰ ਦੌੜ ਪਏ ਮੇਰੇ ਸਿਰ ‘ਚ ਖਿਆਲਾਂ ਦੇ ਘੋੜੇ।ਇਨ੍ਹਾਂ ਨੇ ਹੀ ਮੈਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮਰੀਜ਼ ਬਣਾ ਛੱਡਿਆ ਹੈ।ਡਾਕਟਰ ਕਹਿੰਦਾ ਹੈ,ਮਨ ਨਾਲ ਗੱਲਾਂ ਕਰਨੀਆਂ ਛੱਡ ਦੇ।ਕਾਲਪਨਿਕ ਸਰੋਤਿਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣੀਆਂ ਛੱਡ ਕੇ ਖੁਸ਼ ਰਿਹਾ ਕਰ।ਪਰ ਹੋਰ ਮੈਂ ਕਰਾਂ ਵੀ ਕੀ?ਮੇਰੀ ਗੱਲ ਸੁਣਨ ਵਾਲਾ ਹੋਰ ਕਿਹੜਾ ਹੈ?
ਮੇਰੇ ਮੰਮੀ ਪਾਪਾ ਮੇਰੇ ਦਿਲ ਵਿੱਚ ਰਹਿੰਦੇ ਨੇ।ਤੇ ਮੇਰਾ ਭਰਾ ਕਮਲ ਏਸੇ ਸ਼ਹਿਰ ਵਿੱਚ।ਮੈਨੂੰ ਕਦੀ ਨਹੀਂ ਮਿਲਦਾ।ਕਹਿੰਦਾ ਮੈਂ ਉਸਦੀ ਮਨਹੂਸ ਭੈਣ ਹਾਂ।ਉਸ ਦੀ ਘਰ ਵਾਲੀ ਨੂੰ ਤਾਂ ਮੈਂ ਬਿਲਕੁੱਲ ਚੰਗੀ ਨਹੀਂ ਲੱਗਦੀ।ਮੈਨੂੰ ਦੇਖ ਕੇ ਉਨ੍ਹਾਂ ਦੇ ਮੱਥੇ ਤੇ ਵੱਟ ਪੈ ਜਾਂਦੇ ਨੇ।ਮੈਂ ਉਨਾਂ ਦੇ ਘਰ ਜਾਣਾ ਹੀ ਛੱਡ ਤਾ।ਮੇਰੇ ਉਹ ਖੰਭ ਵੀ ਟੁੱਟ ਗਏ।ਮਨਹੂਸ ਜੋ ਹੋਈ।ਖੰਭਾਂ ਹੀਣ ਚਿੜੀ।
ਮੇਰੇ ਹਸਬੈਂਡ ਬਲਵਿੰਦਰ ਸਿੰਘ ਸਹੋਤਾ ਜੋ ਆਪਣੇ ਆਪ ਨੂੰ ਬੌਬ ਸਹੋਟਾ ਕਹਾ ਕੇ ਖੁਸ਼ ਹੁੰਦਾ ਹੈ।ਮੇਰੇ ਨਾਲ ਕਦੀ ਨਹੀਂ ਲੜਿਆ ਅਤੇ ਨਾਂ ਹੀ ਕਿਸੇ ਗੱਲ ਤੋਂ ਮੈਨੂੰ ਰੋਕਿਆ ਏ।ਮੈਂ ਤਾਂ ਚਾਹੁੰਦੀ ਹਾਂ ਉਹ ਮੇਰੇ ਨਾਲ ਲੜੇ ਮੈਨੂੰ ਕਿਸੇ ਗੱਲੋਂ ਰੋਕੇ ਤਾਂ ਮੈਨੂੰ ਵੀ ਲੱਗੇ ਕਿ ਮੈਂ ਉਸਦੀ ਪਤਨੀ ਹਾਂ।ਪਰ ਉਹ ਲੜਨ ਰੋਕਣ ਤਾਂ,ਤਾਂਹੀ ਜੇ ਕਦੀ ਘਰ ਰਹਿਣ।ਜੀਵਨ ਬੇ ਰਸ ਹੈ,ਫਿੱਕਾ ਫਿੱਕਾ।ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਤਾਕਤਵਰ ਮਜ਼ਬੂਤ ਪਤੀ ਦੀ ਪਤਨੀ ਹੋਵੇ।ਪਰ ਇਹ ਹਰ ਗੱਲ ‘ਚ ਕਮਜੋਰ ਤੇ ਲੋੜ ਤੋਂ ਵੱਧ ਸਾਊ ਆ।ਕਦੀ ਕਦੀ ਏਨੀ ਸ਼ਰਾਫਤ ਤੋਂ ਵੀ ਖਿਝ ਚੜ ਜਾਂਦੀ ਆ...।
ਕਦੀ ਵੀ ਕੰਪਨੀ ਨੂੰ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ।ਜਿੱਥੇ ਤੋਰ ਦਿੰਦੇ ਨੇ ਤੁਰ ਜਾਂਦਾ ਏ।ਬੰਦੇ ਦੀ ਕੋਈ ਆਪਣੀ ਲਾਈਫ ਵੀ ਤਾਂ ਹੁੰਦੀ ਆ।ਦਰਅਸਲ ਏਹੋ ਜਿਹੇ ਬੰਦੇ ਤਾਂ ਕੰਪਨੀਆਂ ਨੂੰ ਵਿਆਹੇ ਹੋਏ ਹੁੰਦੇ ਨੇ।ਜੇ ਦੋ ਤਿੰਨ ਬੱਚੇ ਹੀ ਹੁੰਦੇ ਤਾਂ ਵੀ ਮੈਨੂੰ ਕੰਪਨੀ ਮਿਲ ਜਾਂਦੀ।ਇਹ ਤਾਂ ਪਹਿਲੇ ਬੱਚੇ ਤੋਂ ਬਾਅਦ ਹੀ ਕਹਿਣ ਲੱਗ ਪਏ, “ਸਿੰਡੀ ਨੋ ਮੋਰ ਬੇਬੀ ਦੈਟਸ ਇਟ।ਟੇਕ ਕੇਅਰ ਕਰਨੀ ਮੁਸ਼ਕਲ ਹੋਵੇਗੀ।ਮੈਂ ਕਿਹੜਾ ਘਰ ਰਹਿਣੈ”।
ਪਰ ਏਦਾਂ ਦੇ ਪਿਉ ਦੇ ਘਰ ਨਿਆਣਿਆਂ ਨੇ ਕਰਨਾ ਵੀ ਕੀ ਸੀ,ਜਿਹਦੇ ਕੋਲ ਨਿਆਣਿਆਂ ਲਈ ਵਕਤ ਹੀ ਨਹੀਂ ਸੀ ਹੋਣਾ।
ਕਲਕੂਲੇਟਰ ਕੰਮਪਿਊਟਰ ਹੀ ਇਹਦੇ ਬੱਚੇ ਨੇ।ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ।ਹੋਟਲ ਹੀ ਇਸਦਾ ਘਰ ਨੇ।ਤੇ ਕਲਾਇੰਟ ਆਪਣੀ ਤੀਵੀਂ ਤੋਂ ਵੀ ਵੱਧ।ਹੋਰ ਕੋਈ ਰਿਸ਼ਤਾ ਰਹੇ ਜਾਂ ਨਾਂ ਰਹੇ ਪਰ ਕਲਾਇੰਟ ਨਾਲ ਰਿਸ਼ਤੇ ਨਹੀਂ ਟੁੱਟਣੇ ਚਾਹੀਦੇ।ਮੈਨੂੰ ਲੱਗਦੈ ਹੈ ਜਿਵੇਂ ਮੈਂ ਕਿਸੇ ਮਸ਼ੀਨ ਨਾਲ ਵਿਆਹੀ ਹੋਵਾਂ।
ਮੇਰਾ ਤਾਂ ਕੀ ਫਿਕਰ ਕਰਨਾ ਸੀ ਆਪਣੀ ਸਿਹਤ ਦਾ ਵੀ ਫਿਕਰ ਨੀ ਕਰਦੇ।ਡਾਕਟਰਾਂ ਕਹਿ ਦਿੱਤਾ ਹੈ ਕਿ ਕਰਿਸਟਰੋਲ ਬਹੁਤ ਹਾਈ ਹੈ।ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋ ਗਏ ਨੇ।ਵਕਤ ਸਿਰ ਖਾਣਾ ਨਾ ਖਾਣ ਕਰਕੇ ਫੂਡ ਪਾਈਪ ਵਿੱਚ ਪ੍ਰੌਬਲਮ ਹੈ।
ਨਜ਼ਰ ਘੱਟ ਰਹੀ ਹੈ,ਸਿਹਤ ਡਿੱਗ ਰਹੀ ਹੈ।ਏਦਾਂ ਤਾਂ ਹਰਟ ਅਟੈਕ ਵੀ ਹੋ ਸਕਦਾ ਹੈ।ਕੀ ਕਰਨੀ ਹੈ ਏਨੀ ਮਾਇਆ?ਕਿੱਥੇ ਲੈਕੇ ਜਾਣਾ ਹੈ ਇਹ ਮਹਿਲ ਵਰਗਾ ਘਰ?ਇਹ ਮਹਿੰਗੀਆਂ ਕਾਰਾਂ ਇੱਕ ਦਿਨ ਖੜੀਆਂ ਹੀ ਰਹਿ ਜਾਣਗੀਆਂ।ਤੇ ਸਾਹਾਂ ਦਾ ਭੌਰ ਫੁਰਰ ਹੋ ਜਾਵੇਗਾ।ਜਦੋਂ ਮੈਂ ਲੜਦੀ ਹਾਂ ਤਾਂ ਉਲਟ ਮੈਨੂੰ ਹੀ ਆਖਦੈ ਕਿ ਤੂੰ ਡੀਪਰੈਸ਼ਨ ਦੀ ਸ਼ਿਕਾਰ ਏਂ।ਮੇਰੀ ਗੱਲ ਸੁਣਨ ਲਈ ਉਸ ਕੋਲ ਵਕਤ ਹੀ ਨਹੀਂ,ਤਾਂ ਹੀ ਤਾਂ ਤੁਹਾਨੂੰ ਸੁਣਾ ਰਹੀ ਹਾਂ।
ਅੱਜ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਆ।ਕਾਸ਼ ਅਪਣੀ ਖੰਭ ਹੀਣ ਚਿੜੀ ਨੂੰ ਪਲੋਸ ਸਕਦੇ।ਪਰ ਮੇਰੇ ਮਨਹੂਸ ਦੇ ਕਰਮਾਂ ‘ਚ ਹੁਣ ਇਹ ਕਿੱਥੇ...।ਮੇਰੀ ਵਜਾ ਕਰਕੇ ਹੀ ਤਾਂ ਸਭ ਵਾਪਰਿਆ ਸੀ।ਲਉ ਹੁਣ ਤੁਹਾਨੂੰ ਇਹ ਘਟਨਾਂ ਵੀ ਦੱਸਣੀ ਹੀ ਪੈਣੀ ਆ।
ਪਾਪਾ ਨੂੰ ਅਖਬਾਰ ‘ਚੋਂ ਮੇਰੇ ਲਈ ਕਨੇਡਾ ਵਾਲਾ ਮੁੰਡਾ ਆਖਰ ਮਿਲ ਹੀ ਗਿਆ ਸੀ।ਏਹ ਹੀ ਜੋ ਅੱਜ ੱਕਲ ਮੇਰੇ ਹਸਬੈਂਡ ਨੇ।ਇਹ ਛੋਟੀ ਉਮਰੇ ਕਨੇਡਾ ਆ ਗਏ ਸਨ ਪਰ ਰਿਸ਼ਤਾ ਇੰਡੀਆਂ ‘ਚੋਂ ਲੱਭਣਾ ਚਾਹੁੰਦੇ ਸੀ।ਇਨ੍ਹਾਂ ਵਿਆਹ ਲਈ ਐਡ ਦਿੱਤੀ ਜਿਸ ਤੇ ਆਪਣੀ ਅਕਾਊਟਿੰਗ ਦੀ ਡਿਗਰੀ ਵੀ ਲਿਖੀ ਹੋਈ ਸੀ।ਪਾਪਾ ਨੇ ਕਿਹਾ ‘ਬਾਹਰਲਾ ਮੁੰਡਾ ਹੈ ਤੇਰੇ ਟੇਸਟ ਦਾ ਟ੍ਰਾਈ ਕਰਕੇ ਵੇਖ ਲੈਂਦਾ ਹਾਂ’।
ਫੇਰ ਮੇਰੀ ਫੋਟੋ ਦੇ ਨਾਲ ਮੇਰੀ ਐਜ਼ੂਕੇਸ਼ਨ ਮੇਰਾ ਟੇਸਟ ਲਿਖ ਕੇ ਪਾਰਸਲ ਭੇਜ ਦਿੱਤਾ ਗਿਆ।ਤੇ ਅਗਲੇ ਹਫਤੇ ਜਨਾਬ ਕਾਰ ਲੈ ਕੇ ਪਿੰਡ ਆ ਪਹੁੰਚੇ।ਇਨਾਂ ਦੀ ਇੱਕ ਮਾਸੀ ਤੇ ਚਾਚੇ ਦਾ ਪੁੱਤ ਵੀ ਨਾਲ ਸਨ।ਮਿਲਣ ਸਾਰ ਇਨਾਂ ਕਿਹਾ “ਐਹੋ ਜਿਹੀ ਕੁੜੀ ਤਾਂ ਮੈਂ ਭਾਲਦਾ ਸੀ।ਐਮ ਬੀ ਏ ਵੀ ਕਰਵਾ ਦਵਾਂਗਾ।ਮੈਨੂੰ ਸਾਰਾ ਕੁੱਝ ਬਹੁਤ ਪਸੰਦ ਆ”।
ਪਾਪਾ ਨੂੰ ਉਸ ਦਾ ਝੱਟ ਰੋਟੀਆਂ ਪਟੱਕ ਦਾਲ ਵਾਲਾ ਅੰਦਾਜ਼ ਬਹੁਤ ਪਸੰਦ ਆਇਆ ਤੇ ਵਿਆਹ ਦੀ ਗੱਲ ਪੱਕੀ ਹੋ ਗਈ।ਬਗੈਰ ਕਿਸੇ ਵਿਚੋਲੇ ਦੇ।ਪੰਦਰਾਂ ਦਿਨਾਂ ਦਾ ਵਿਆਹ ਰੱਖ ਦਿੱਤਾ ਗਿਆ।ਇਨ੍ਹਾਂ ਦੀ ਛੁੱਟੀ ਬੜੀ ਥੋੜੀ ਸੀ।ਇਹ ਪੰਦਰਾਂ ਦਿਨ ਪਾਪਾ ਲਈ ਬੜੇ ਮਹੱਤਵ ਪੂਰਨ ਦਿਨ ਸਨ।ਧੀ ਨੂੰ ਬਾਹਰ ਭੇਜਣ ਦਾ ਸੁਪਨਾ ਪੂਰਾ ਕਰਨ ਲਈ ਉਹ ਜਿਵੇਂ ਕੋਈ ਯੁੱਧ ਲੜ ਰਹੇ ਹੋਣ।
ਏਨੇ ਥੋੜੇ ਦਿਨਾਂ ਵਿੱਚ ਵਿਆਹ ਦੀ ਤਿਆਰੀ ਕਰਨੀ ਕਿਹੜਾ ਸੌਖੀ ਹੁੰਦੀ ਹੈ।ਬੰਨੇ ਹੋਏ ਦਿਨ ਦੌੜ ਰਹੇ ਸਨ ਉਧਰ ਗੱਡੀਆਂ ਰੇੜਿਆਂ ਟਰੈਕਟਰਾਂ ਟਰਾਲੀਆਂ ਤੇ ਸਮਾਨ ਢੋਇਆ ਜਾ ਰਿਹਾ ਸੀ।ਪਾਪਾ ਦਾ ਸਕੂਟਰ ਸ਼ਹਿਰ ਤੋਂ ਘਰ ਤੇ ਘਰੋਂ ਸ਼ਹਿਰ ਵਲ ਸ਼ੂਕਦਾ ਦੌੜ ਰਿਹਾ ਸੀ।ਲੋਕ ਵੇਖ ਰਹੇ ਸਨ।ਪਾਪਾ ਜਿਵੇਂ ਮੈਦਾਨੇ ਜੰਗ ਵਿੱਚ ਜੂਝ ਰਹੇ ਹੋਣ।ਉਦੋਂ ਅਜੇ ਪੈਰਿਜ ਪੈਲਿਸਾਂ ਵਾਲੇ ਵਿਆਹਾਂ ਦਾ ਰਿਵਾਜ਼ ਨਹੀਂ ਸੀ।ਘਰਾਂ ਦੇ ਵਿਹੜਿਆਂ ਵਿੱਚ ਹੀ ਸ਼ਾਦੀਆਂ ਨੇਪਰੇ ਚੜਦੀਆਂ।
ਬੱਸ ਰੰਗ ‘ਚ ਭੰਗ ਪੈ ਗਿਆ ਸੀ।ਮੇਰੇ ਪਾਪਾ ਜੂਝਦੇ ਜੂਝਦੇ ਜਾਨ ਕੁਰਬਾਨ ਕਰ ਗਏ ਆਪਣੀ ਸੋਨ ਚਿੜੀ ਲਈ।ਲਉ ਫੇਰ ਮੇਰੇ ਲੂੰ ਕੰਡੇ ਖੜੇ ਹੋ ਗਏ।
ਵਿਆਹ ਵਿੱਚ ਸਿਰਫ ਦੋ ਦਿਨ ਬਾਕੀ ਸਨ।ਮੰਮੀ ਪਾਪਾ ਨੇ ਉਸ ਦਿਨ ਵਰੀ ਦੇ ਸੂਟ ਤੇ ਸੁਨਿਆਰੇ ਦਿਉਂ ਗਹਿਣੇ ਗੱਟੇ ਲੈਣੇ ਸਨ।ਉਹ ਸਾਡੇ ਪਿੰਡ ਤੋਂ ਅਜੇ ਸ਼ਹਿਰ ਜਾਣ ਲਈ ਜੀ ਟੀ ਰੋਡ ਤੇ ਚੜੇ ਹੀ ਸਨ ਕਿ ਇੱਕ ਦੂਜੇ ਪਾਸਿਉਂ ਤੇਜ ਰਫਤਾਰ ਆਉਂਦੀ ਗੱਡੀ ਨੇ ਇੱਕ ਬੱਸ ਨੂੰ ਬਚਾਉਣ ਲਈ ਅਜਿਹਾ ਕੱਟ ਮਾਰਿਆ ਕਿ ਉਹ ਗੱਡੀ ਬੇਕਾਬੂ ਹੋਕੇ ਪਾਪਾ ਦੇ ਸਕੂਟਰ ਤੇ ਆ ਚੜੀ।ਮੰਮੀ ਪਾਪਾ ਉੱਥੇ ਹੀ ਢੇਰ ਹੋ ਗਏ।ਥਾਂ ਤੇ ਹੀ ਦੋਹਾਂ ਦੀ ਮੌਤ ਹੋ ਗਈ।ਸਾਰੇ ਪਿੰਡ ਵਿੱਚ ਕਹਿਰ ਵਰਤ ਗਿਆ ਸੀ।ਸਾਰੇ ਇਲਾਕੇ ਵਿੱਚ ਕੈਪਟਨ ਪ੍ਰਿਤਪਾਲ ਤੇ ਉਸਦੀ ਪਤਨੀ ਦੀ ਮੌਤ ਦਾ ਮਾਤਮ ਛਾ ਗਿਆ।ਉਸ ਦਿਨ ਕਿਸੇ ਘਰ ਰੋਟੀ ਨਹੀਂ ਸੀ ਪੱਕੀ।ਮੈਂ ਤਾਂ ਸੁਣਨ ਸਾਰ ਬੇਹੋਸ਼ ਹੋ ਗਈ ਸਾਂ।ਜੋ ਵੀ ਸੁਣਦਾ ਆਖਦਾ ‘ਰੱਬਾ ਅਜਿਹਾ ਭਾਣਾ ਕਿਸੇ ਨਾਲ ਨਾਂ ਵਰਤਾਈਂ।ਲੋਕ ਕੰਨਾਂ ਨੂੰ ਹੱਥ ਲਾ ਵਾਹਿਗੁਰੂ ਵਾਹਿਗੁਰੂ ਕਰਦੇ।
ਔਰਤਾਂ ਨੇ ਮੈਨੂੰ ਮਾੜੇ ਕਰਮਾਂ ਵਾਲੀ ਕਿਹਾ।ਤੇ ਚਾਚੀਆਂ ਤਾਈਆਂ ਨੇ ਮਨਹੂਸ।ਕਿਵੇਂ ਭੁੱਲ ਸਕਦੀ ਹਾਂ ਮੈਂ ਉਹ ਦਿਨ,ਜਦੋਂ ਮੇਰੇ ਵਿਆਹ ਤੋਂ ਪਹਿਲਾਂ ਘਰੋਂ ਦੋ ਅਰਥੀਆਂ ਨਿੱਕਲੀਆਂ।ਜਦੋਂ ਮੇਰੇ ਡੈਡੀ ਮੰਮੀ ਨੂੰ ਉਹ ਹੀ ਕੱਪੜੇ ਪੁਆਏ ਗਏ ਸਨ ਜੋ ਉਨ੍ਹਾਂ ਮੇਰੇ ਵਿਆਹ ਤੇ ਪਾਉਣੇ ਸਨ।ਉਨ੍ਹਾਂ ਦਾ ਚਾਅ ਨਾਲ ਸਵਾਇਆ ਕੋਟ ਪੈਂਟ ਉਨ੍ਹਾਂ ਦੀ ਚਿਤਾ ਵਿੱਚ ਰੱਖਿਆ ਗਿਆ ਸੀ।ਇਸ ਕਹਿਰ ਨੇ ਮੈਨੂੰ ਕਮਲ਼ੀ ਕਰ ਦਿੱਤਾ।ਇਹ ਕਿਹੋ ਜਿਹਾ ਆਨੰਦ ਕਾਰਜ ਸੀ ਜਦੋਂ ਮੇਰੀ ਰੂਹ ਜ਼ਿਬਾ ਹੋਈ ਸੀ।
ਉਦੋਂ ਬਲਵਿੰਦਰ ਨੇ ਬੜਾ ਸਿਦਕ ਦਿਖਾਇਆ ਸੀ।ਉਸ ਨੇ ਕਿਹਾ “ਵਿਆਹ ਤਾਂ ਮੈਂ ਏਸੇ ਕੁੜੀ ਨਾਲ ਕਰਾਂਗਾ ਭਾਵੇਂ ਕੁੱਝ ਦਿਨ ਲੇਟ ਪਿਆ ਹੋ ਜਾਵੇ”।
ਹਾਲਾਂਕਿ ਇਨ੍ਹਾਂ ਦਾ ਪਰਿਵਾਰ ਕਹਿ ਰਿਹਾ ਸੀ ‘ਰਿਸ਼ਤਾ ਛੱਡ ਦੇ ਕੁੜੀ ਮਨਹੂਸ ਆ’।ਮੇਰੇ ਰਿਸ਼ਤੇਦਾਰ ਕਹਿ ਰਹੇ ਸਨ ‘ਵਿਆਹ ਜਰੂਰ ਕਰਵਾ ਤੇਰੇ ਮਾਂ ਪਿਉ ਦੀ ਇੱਛਾ ਸੀ ਕਿ ਕੁੜੀ ਕਨੇਡਾ ਜਾਵੇ’।
ਬਲਵਿੰਦਰ ਵੀ ਵਿਆਹ ਲਈ ਅੜਿਆ ਰਿਹਾ ਤੇ ਬਜੁਰਗ ਔਰਤਾਂ ਨੇ ਮੈਨੂੰ ਵੀ ਮਨਾ ਲਿਆਂ ਕਿ “ਧੀਏ ਮਰਨ ਵਾਲਿਆਂ ਨਾਲ ਤਾਂ ਮਰਿਆ ਨੀ ਜਾਂਦਾ ਤਕੜੀ ਹੋ।ਤੁਰ ਗਿਆਂ ਦੀ ਰੂਹ ਨੂੰ ਸ਼ਾਂਤੀ ਮਿਲੂ”।ਕਈ ਮੈਨੂੰ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਦਾ ਵਾਸਤਾ ਦੇ ਰਹੇ ਸਨ।
ਫੇਰ ਇੱਕ ਦਿਨ ਮੈਨੂੰ ਬੇਜਾਨ ਸਰੀਰ ਨੂੰ ਅਨੰਦਾਂ ਤੇ ਬਿਠਾ ਤਾ।ਲਾਲ ਸੂਟ ਪਾਉਣ ਨਾਲ ਕਿਤੇ ਹਫਤਾ ਪਹਿਲੇਾਂ ਲੱਗੇ ਜ਼ਖਮ ਭਰ ਜਾਣੇ ਸੀ।ਮੈਂ ਰੋਂਦੀ ਕੁਰਲਾਂਦੀ ਰਹੀ।ਡੋਲੀ ਚੜਦੀ ਦੀਆਂ ਧਾਹਾਂ ਅੰਬਰ ਪਾੜ ਦੇਣ ਵਾਲ਼ੀਆਂ ਸਨ।ਮੇਰੇ ਵਿਦਾ ਹੋਣ ਵੇਲੇ ਮੈਨੂੰ ਮਾਂ ਪਿਉ ਦੇ ਹੱਥ ਨਸੀਬ ਨਾ ਹੋਏ।
ਬਲਵਿੰਦਰ ਨਾਲ ਪਹਿਲੀ ਮਿਲਣੀ ਵੀ ਕੁੱਝ ਏਸੇ ਤਰ੍ਹਾਂ ਦੀ ਹੀ ਸੀ।ਜਿਵੇਂ ਕੋਈ ਪੱਥਰ ਨੂੰ ਛੂਹ ਰਿਹਾ ਹੋਵੇ।ਭਾਵਨਾਵਾਂ ਜਦੋਂ ਮਰ ਜਾਣ ਫੇਰ ਕਾਹਦੀ ਖੁਸ਼ੀ ਤੇ ਕਾਹਦੇ ਚਾਅ।ਮੈਂ ਕਈ ਸਾਲ ਇਸ ਪ੍ਰਭਾਵ ‘ਚੋਂ ਨਾ ਨਿੱਕਲ ਸਕੀ।ਜਦੋਂ ਕੁੱਝ ਨਿੱਕਲੀ ਵੀ ਤਾਂ ਇਹ ਬਹੁਤ ਦੂਰ ਚਲੇ ਗਏ।ਹੁਣ ਮੈਂ ਬਲਾਉਂਦੀ ਹਾਂ ਤਾਂ ਇਨ੍ਹਾ ਕੋਲ ਸਮਾਂ ਨਹੀਂ।ਮੈਂ ਜਿੰਦਾ ਲਾਸ਼ ਬਣ ਕੇ ਰਹਿ ਗਈ ਹਾਂ।ਸਾਡੇ ਪਤੀ ਪਤਨੀ ਦੇ ਢੀਚੂੰ ਢੀਚੂੰ ਕਰਦੇ ਸਬੰਧਾਂ ਦੀ ਹੀ ਨਿਸ਼ਾਨੀ ਹੈ ਮੇਰੀ ਬੇਟੀ ਰੱਮੀ।ਹੁਣ ਤਾਂ ਇਹ ਜ਼ਿੰਦਗੀ ਜਿਵੇਂ ਬੋਝ ਬਣ ਗਈ ਆ।
ਪਹਿਲਾਂ ਪਹਿਲ ਤਾਂ ਮੈਂ ਆਪਣੀ ਧੀ ਨਾਲ ਪਰਚੀ ਰਹੀ ਤੇ ਸੋਚਿਆਂ ਸ਼ਾਇਦ ਇਹ ਵੱਡੀ ਹੋਕੇ ਇਹ ਮੇਰੇ ਖੰਭ ਬਣੇਗੀ।ਪਰ ਏਨਾਂ ਮੁਲਕਾਂ ਵਿੱਚ ਤਾਂ ਬੱਚਿਆਂ ਦੇ ਖੰਭ ਨਿੱਕਲਣ ਦੀ ਦੇਰ ਹੁੰਦੀ ਆ ਕਿ ਉਹ ਉੱਡ ਜਾਂਦੇ ਨੇ।ਤਾਂ ਹੀ ਤਾਂ ਫੇਰ ਗੋਰੇ ਕਾਲ਼ੇ ਆਪਣੇ ਅਧੂਰੇ ਰਹਿ ਗਏ ਚਾਵਾਂ ਨੂੰ ਪੂਰਾ ਕਰਨ ਲਈ ਕੁੱਤੇ ਬਿੱਲੀਆਂ ਪਾਲ਼ ਲੈਂਦੇ ਨੇ।ਉਨ੍ਹਾਂ ਨੂੰ ਹੀ ਸੰਵਾਰਦੇ ਦੁਲਾਰਦੇ ਤੇ ਪੁਚਕਾਰਦੇ ਰਹਿੰਦੇ ਨੇ।ਕਾਰ ਦੀ ਅਗਲੀ ਸੀਟ ਤੇ ਬਰਾਬਰ ਬਿਠਾਉਣਗੇ,ਉਨ੍ਹਾਂ ਦੇ ਜਨਮ ਦਿਨ ਮਨਾਉਣਗੇ।ਮੈਂ ਤਾਂ ਉਹ ਵੀ ਨਹੀਂ ਕਰ ਸਕਦੀ।ਕੁੱਲ ਮਿਲਾ ਕੇ ਮੇਰੇ ਹਿੱਸੇ ਤਾਂ ਘਰ ਦਾ ਕੰਮ ਜਾਂ ਪਾਠ ਕਰਨਾ ਹੀ ਰਹਿ ਗਿਆ ਹੈ।
ਮੇਰੀ ਉਮਰ ਅਜੇ ਬਤਾਲੀ ਵਰਿਆਂ ਦੀ ਹੈ ਪਰ ਮੈਂ ਬਹੱਤਰਾਂ ਦੀ ਮਹਿਸੂਸ ਕਰ ਰਹੀ ਹਾਂ।ਜਦੋਂ ਮੇਰੀ ਬੇਟੀ ਦੋ ਚਾਰ ਮਹੀਨੇ ਬਾਅਦ ਕਿਸੇ ਵੀਕ ਐਂਡ ਤੇ ਘਰ ਆਂਉਦੀ ਆ ਫੇਰ ਮੈਂ ਥੋੜਾ ਗੁਟਕਦੀ ਚਹਿਕਦੀ ਵੀ ਹਾਂ।ਅੱਜ ਕੱਲ ਤਾਂ ਉਹ ਵੀ ਮੇਰੀ ਕੋਈ ਗੱਲ ਨਹੀਂ ਸੁਣਦੀ।ਹਰ ਗੱਲ ਤੇ ਆਖ ਦਿੰਦੀ ਆ “ਮੌਮ ਥੋਨੂੰ ਕੀ ਪਤੈ”?ਮੈਂ ਫੇਰ ਅਰਸ਼ ਤੋਂ ਫਰਸ਼ ਤੇ ਆ ਡਿੱਗਦੀ ਹਾਂ।ਮੇਰੇ ਘਰ ਵਾਲਾ ਵੀ ਏਦਾਂ ਹੀ ਕਰਦਾ ਹੈ।ਤੁਸੀਂ ਕਦੇ ਆਹਲਣਿਉ ਡਿੱਗਿਆ ਬੋਟ ਵੇਖਿਆ ਹੈ?ਮੈਨੂੰ ਬੱਸ ਉਹ ਹੀ ਸਮਝ ਲਵੋ।
ਸਭ ਤੋਂ ਜਿਆਦਾ ਅਫਸੋਸ ਤਾਂ ਮੈਨੂੰ ਆਪਣੇ ਭਰਾ ਦਾ ਹੈ।ਕੀ ਨਹੀਂ ਸੀ ਕੀਤਾ ਮੈਂ ਉਸ ਦੇ ਲਈ?ਉਸ ਨੂੰ ਕੱਪੜੇ ਲੀੜੇ ਜਾਕਟਾਂ ਪੈਂਟਾ,ਘੜੀਆਂ ਕੈਮਰੇ ਸਭ ਕੁੱਝ ਭੇਜਦੀ ਰਹੀ।ਸੋਚਦੀ ਸੀ ਕਿ ਹੁਣ ਮੈਂ ਹੀ ਉਸਦੇ ਮਾਂ ਬਾਪ ਹਾਂ,ਕਿਸੇ ਗੱਲੋਂ ਹੌਕਾ ਨਾਂ ਲਵੇ।ਨਾਲੇ ਇੱਕ ਔਰਤ ਦਾ ਪਤੀ ਭਾਵੇਂ ਜਿੰਨਾ ਮਰਜੀ ਅਮੀਰ ਹੋਵੇ ਪਰ ਪੇਕਿਆਂ ਲਈ ਸਮਾਨ ਭੇਜਣ ਸਮੇਂ ਉਹ ਕਿੰਨੀ ਗਰੀਬਣੀ ਤੇ ਬੇਵੱਸ ਹੋ ਜਾਂਦੀ ਆ।ਉਹ ਵੀ ਮੇਰੇ ਵਰਗੀ ਜੋ ਆਪ ਕੰਮ ਵੀ ਨਾ ਕਰਦੀ ਹੋਵੇ ਤੇ ਪਤੀ ਤੇ ਡਿਪੈਂਡ ਹੋਵੇ।ਭਾਵੇਂ ਉਹ ਕੁੱਝ ਨਾਂ ਵੀ ਕਹੇ ਪਰ ਆਪਣੇ ਦਿਲ ਵਿੱਚ ਤਾਂ ਘਟਾ ਮਹਿਸੂਸ ਹੁੰਦਾ ਈ ਆ...।ਬਈ ਕਿਤੇ ਅਗਲਾ ਇਹ ਨਾਂ ਸੋਚੇ ‘ਜੇ ਕੰਮ ਕਰੇ ਤਾਂ ਪਤਾ ਲੱਗੇ ਕਿ ਖਰਚੇ ਕਿੱਦਾ ਕਰੀਦੇ ਨੇ’।
ਊਂ ਕਹਿਣ ਨੂੰ ਤਾਂ ਮੇਰੇ ਏਥੇ ਬਥੇਰੇ ਰਿਸ਼ਤੇਦਾਰ ਰਹਿੰਦੇ ਨੇ।ਪਰ ਜਦ ਮਿਲਦੇ ਵਰਤਦੇ ਈ ਨੀ ਫੇਰ ਮੈਂਨੂੰ ਕਿਸੇ ਦਾ ਕੀ ਭਾਅ...?ਜਦੋਂ ਮੇਰਾ ਸਕਾ ਭਰਾ ਈ ਮੇਰੇ ਨਾਲ ਨੀ ਬੋਲਦਾ ਹੋਰ ਕਿਸੇ ਨੂੰ ਕੀ ਕਹਿਣੈ।ਮਿਲਣ ਵਰਤਣ ਦੀ ਕਿਸੇ ਕੋਲ ਵਿਹਲ ਹੀ ਨਹੀਂ।ਉਲਟਾ ਮੈਨੂੰ ਕਹਿਣ ਗੇ “ਤੂੰ ਤਾਂ ਵਿਹਲੀ ਐਸ਼ਾਂ ਕਰਦੀ ਏਂ,ਸਾਡੇ ਕੋਲ ਟੈਮ ਕਿੱਥੇ ਆ”
ਹੁਣ ਤਾਂ ਟੀ ਵੀ ਹੀ ਮੇਰਾ ਸਕਾ ਸਬੰਧੀ ਹੈ ਜੋ ਮੇਰਾ ਸਾਥ ਦਿੰਦਾ ਏ।ਹਿੰਦੀ ਪੰਜਾਬੀ ਡਰਾਮੇ ਹੀ ਮੇਰਾ ਸਮਾਜ ਨੇ।ਉਨ੍ਹਾਂ ਵਿਚਲੇ ਰਿਸ਼ਤਿਆਂ ਨਾਲ ਜੁੜੀ ਕਦੇ ਮੈਂ ਕਦੇ ਉਦਾਸ ਅਤੇ ਕਦੇ ਖੁਸ਼ ਹੁੰਦੀ ਹਾਂ।ਏਹੋ ਕਹਾਣੀਆਂ ਹੁਣ ਮੇਰਾ ਸੱਚ ਬਣ ਗਈਆਂ ਨੇ ਤੇ ਮੇਰੀ ਇਕੱਲਤਾ ਦਾ ਸਾਥ ਵੀ।
ਮੈਂ ਤਾਂ ਕਿਸੇ ਨਾਲ ਗੱਲ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿੱਕਲਦੀ।ਜਿਸ ਨੂੰ ਵੀ ਮਿਲੋ ਆਪਣੇ ਹੀ ਰੋਣੇ ਲੈ ਕੇ ਬੈਠ ਜਾਂਦਾ ਏ।ਆਹ ਸਾਡੇ ਨਾਲ ਦੇ ਘਰ ਵਾਲੇ ਪਾਕਸਤਾਨ ਤੋਂ ਨੇ ਪਰ ਆਪਣੇ ਆਪ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ।ਮੁਸਲਮ ਕਹਾ ਕੇ ਰਾਜੀ ਨਹੀਂ।ਅੰਗਰੇਜੀ ਵਿੱਚ ਹੀ ਗੱਲਾਂ ਕਰਦੇ ਨੇ।ਕਹਿੰਦੇ ਸਾਨੂੰ ਪੰਜਾਬੀ ਹਿੰਦੀ ਉਰਦੂ ਕੁੱਝ ਵੀ ਸਮਝ ਨਹੀਂ ਆਂਉਦਾ।ਪਤਾ ਨਹੀਂ ਲੋਕ ਕਿਵੇਂ ਕੁੱਝ ਵਰਿਆਂ ਵਿੱਚ ਹੀ ਆਪਣਾ ਪਿਛੋਕੜ ਭੁੱਲ ਜਾਂਦੇ ਨੇ।
ਹੋਰ ਤਾਂ ਹੋਰ ਏਹਨਾਂ ਨੇ ਤਾਂ ਆਪਣੇ ਨਾਂ ਵੀ ਬਦਲ ਲਏ ਨੇ।ਔਰਤ ਕਰੀਮਾਂ ਤੋਂ ਕੈਮੀ ਬਣ ਗਈ ਹੈ ਤੇ ਬੰਦਾ ਜਾਵੇਦ ਤੋਂ ਜੇਸਨ।ਦੇਸੀਆਂ ਨੂੰ ਮਿਲਣ ਵਿੱਚ ਇਹ ਹੱਤਕ ਸਮਝਦੇ ਨੇ।ਕਾਲ਼ੇ ਗੋਰੇ ਹੀ ਏਨ੍ਹਾਂ ਦੇ ਮਹਿਮਾਨ ਹੁੰਦੇ ਨੇ।ਹੁਣ ਤਾਂ ਏਹਨਾਂ ਦੇ ਮੁੰਡੇ ਕੁੜੀਆਂ ਕਾਲਿਆਂ ਗੋਰਿਆਂ ਤੋਂ ਬਿਨਾਂ ਕਿਸੇ ਨਾਲ ਬਾਸਕਟ ਬਾਲ ਵੀ ਨਹੀਂ ਖੇਡਦੇ।ਤੇ ਗੋਰੇ ਕਾਲ਼ਿਆਂ ਨੂੰ ਹੀ ਬਾਰ ਬੀ ਕਿਊ ਤੇ ਬੁਲਾ ਕੇ ਉਨ੍ਹਾਂ ਨਾਲ ਬੀਅਰਾਂ ਪੀਣ ਵਿੱਚ ਆਪਣਾ ਮਾਣ ਸਮਝਦੇ ਨੇ।ਜਿੱਦਣ ਨਿਆਣਿਆਂ ਨੇ ਉਹੋ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਕਰਦੇ ਨੇ ਫੇਰ ਇਨ੍ਹਾਂ ਪਛਤਾਉਣਾ ਏ।ਜਦੋਂ ਕੋਈ ਕੁੜੀ ਕਾਲੇ ਗੋਰੇ ਨਾਲ ਵਿਆਹ ਦੀ ਜਿੱਦ ਫੜ ਕੇ ਬੈਠ ਗਈ ਇਨ੍ਹਾਂ ਫਿਰ ਤੋਂ ਇਨਾਂ ਆਪਣੇ ਖੋਲ ਵਿੱਚ ਜਾ ਵੜਨਾ ਏ।ਬੰਦਾ ਫਿਰ ਜੇਸਨ ਤੋਂ ਜਾਵੇਦ ਬਣ ਕੇ ਮਸਜਿਦ ਜਾਣ ਲੱਗ ਪਵੇਗਾ।ਔਰਤ ਫੇਰ ਕਿਸੇ ਖੱਲ ਖੂੰਜੇ ਸੁੱਟਿਆ ਹਿਜ਼ਾਬ ਪਹਿਨਣ ਲੱਗ ਪਵੇਗੀ।ਇੱਕ ਮੈਂ ਹੀ ਹਾਂ ਜਿਸ ਵਿੱਚ ਕੋਈ ਤਬਦੀਲੀ ਨਹੀਂ ਆਂਉਦੀ।
ਸਟਰੀਟ ਤੋ ਹੋਰ ਬਥੇਰੇ ਨੇ ਜਿਨਾਂ ਦੇ ਘਰਾਂ ਵਿੱਚ ਇਕੱਲਤਾ ਦੀ ਹਨੇਰੀ ਸ਼ੂਕਦੀ ਏ।ਔਹ ਕੁੱਤੇ ਵਾਲੀ ਗੋਰੀ ਡੌਨਾ ਦਾ ਵੀ ਤਾਂ ਏਹੋ ਹਾਲ ਏ।ਕੁੱਤੇ ਨਾਲ ਹੀ ਪਰਚੀ ਰਹਿੰਦੀ ਆ।ਰੋਜ ਉਸ ਨੂੰ ਘਮਾਉਣ ਲੈ ਕੇ ਜਾਊ।ਜੇ ਮੈਂ ਡੋਰ ‘ਚ ਖੜੀ ਹੋਵਾਂ ਤਾਂ ਵਿਸ਼ ਕਰਨਾ ਨਹੀਂ ਭੁੱਲਦੀ।ਕਿਵੇਂ ਲੋਗੜ ਜਿਹਾ ਕੁੱਤਾ ਉਹਦਾ ਮੂੰਹ ਚੱਟਦਾ ਰਹਿੰਦਾ ਏ।ਤੇ ਉਹ ਵੀ ਮਾਈ ਹਨੀ,ਮੇਰਾ ਸਨ ਤੋਂ ਬਿਨਾਂ ਗੱਲ ਨੀ ਕਰਦੀ।ਕਦੀ ਗੁੱਸੇ ਵਿੱਚ ਹੋਵੇ ਤਾਂ ਉਸ ਨੂੰ ਟੌਮ ਕਹਿਕੇ ਘੂਰਦੀ ਆ।ਬੱਸ ਇਹ ਕੁੱਤਾ ਹੀ ਇਹਦੇ ਖੰਭ ਨੇ।ਇਹਦਾ ਪਤੀ ਤੇ ਨਿਆਣੇ ਸਭ ਏਹ ਨੂੰ ਛੱਡ ਕੇ ਦੌੜ ਚੁੱਕੇ ਨੇ।
ਮੇਰੀ ਧੀ ਸਕੂਲੀ ਪੁਸਤਕਾਂ ਵਿੱਚ ਕਲਿੱਫਰਡ ਕੁੱਤੇ ਦੀ ਸੀਰੀਜ਼ ਸਭ ਤੋਂ ਪਸੰਦ ਕਰਦੀ ਸੀ।ਉਸ ਨੂੰ ਕੋਈ ਨਾਲ ਖੇਡਣ ਵਾਲਾ ਚਾਹੀਦਾ ਸੀ।ਉਸ ਨੇ ਵੀ ਕਲਿੱਫਰਡ ਵਰਗਾ ਕੁੱਤਾ ਮੰਗਿਆ ਸੀ।ਪਰ ਉਸ ਦੇ ਡੈਡੀ ਨਹੀਂ ਮੰਨੇ।ਉਹ ਕਹਿੰਦੇ ਤੇਰੇ ਬਰਥ ਡੇਅ ਤੇ ਮੈਂ ਪੱਪੀ ਗਿਫਟ ਨਹੀਂ ਦੇ ਸਕਦਾ।ਦਿਲੋਂ ਮੈਂ ਵੀ ਚਾਹੁੰਦੀ ਸੀ ਕਿ ਉਹ ਕਤੂਰਾ ਰੱਖ ਲਵੇ ਮੇਰਾ ਵੀ ਦਿਲ ਲੱਗਿਆ ਰਹੂ।ਕਹਿੰਦੇ ਪਾਲਤੂ ਜਾਨਵਰ ਰੱਖਣ ਨੱਲ ਤੁਹਾਡਾ ਮਾਨਸਿਕ ਤਨਾਅ ਘਟਦਾ ਹੈ।ਫੇਰ ਸ਼ਾਇਦ ਮੈਂਨੂੰ ਵੀ ਇਹ ਡੀਪ੍ਰੈਸ਼ਨ ਨਾਂ ਹੁੰਦਾ ਤੇ ਮੈਂ ਵੀ ਬਲੱਡ ਪ੍ਰੈੱਸ਼ਰ ਸ਼ੂਗਰ ਦੀ ਮਰੀਜ਼ ਨਾਂ ਬਣਦੀ।
ਸਾਡੇ ਭਾਰਤੀ ਲੋਕਾਂ ਨੂੰ ਭੁਲੇਖਾ ਹੈ ਕਿ ਉਨ੍ਹਾਂ ਦੀ ਔਲਾਦ ਗੋਰਿਆਂ ਵਾਂਗ ਨਹੀਂ ਕਰਦੀ।ਤਾਂ ਹੀ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਰਹਿੰਦੇ ਨੇ।ਉਨ੍ਹਾਂ ਦੇ ਅੰਦਰ ਵੀ ਕੋਈ ਡਰ ਹੀ ਬੈਠਾ ਹੋਣੈ।ਭਲਾ ਉਨ੍ਹਾਂ ਨੂੰ ਪੁੱਛੇ ਕਿ ਗਰਮ ਪਾਣੀ ‘ਚ ਸੁੱਟੀਆਂ ਚੀਜਾਂ ਗਰਮ ਕਿਉਂ ਨੀ ਹੋਣਗੀਆਂ।ਉਹ ਚਾਹੁੰਦੇ ਨੇ ਸੁੱਖ ਸਹੂਲਤਾਂ ਤਾਂ ਕਨੇਡਾਂ ਦੀਆਂ ਮਾਣੀਏ ਤੇ ਬੱਚੇ ਸਿੱਖਣ ਭਾਰਤੀ ਰਹੁ ਰੀਤਾਂ।ਮੈਂ ਤਾਂ ਕਹਿਨੀ ਆਂ ਕਿ ਮੇਰੇ ਵਾਂਗੂੰ ਥੋਨੂੰ ਵੀ ਕਨੇਡਾ ਦਾ ਸਾਰਾ ਪੈਕਿਜ ਇਕੱਠਾ ਹੀ ਮਿਲੂ।
ੳੌਹ ਸਤਵੰਜਾ ਨੰਬਰ ਘਰ ਵਾਲੀ ਵਨੀਤਾ ਜੋ ਸ਼ੈਰਡੀਅਨ ਕਾਲਜ ੱਿਵਚ ਪੜਾਉਂਦੀ ਆ ਦੱਸ ਦੀ ਸੀ ਕਿ ਆਪਣੇ ਮੁੰਡੇ ਕੁੜੀਆਂ ਵੀ ਘੱਟ ਨੀ।ਸਕੂਲਾਂ ਕਾਲਜਾ ਵਿੱਚ ਉਹ ਵੀ ਸਾਰਾ ਕੁੱਝ ਗੋਰਿਆ ਕਾਲਿਆਂ ਵਾਂਗ ਹੀ ਕਰਦੇ ਨੇ।ਮੈਂ ਤਾਂ ਕਹਾਂਗੀ ਕਿ ਉਹ ਦੋਗਲੇ ਹੋ ਗਏ ਨੇ।ਘਰ ਕਿਸੇ ਹੋਰ ਸੱਭਿਆਚਾਰ ਦਾ ਡਰਾਮਾ ਕਰਦੇ ਨੇ ਤੇ ਬਾਹਰ ਕਿਸੇ ਹੋਰ ਦਾ।ਮੁਆਫ ਕਰਨਾ ਉਂਝ ਹੈ ਅਸੀਂ ਸਾਰੇ ਹੀ ਦੋਗਲੇ।ਜਿਨਾਂ ਗੱਲਾਂ ਤੋਂ ਬੱਚਿਆਂ ਨੂੰ ਰੋਕਦੇ ਹਾਂ ਖੁਦ ਉਹ ਆਪ ਕਰਦੇ ਹਾਂ।ਏਹੋ ਕੁੱਝ ਧਾਰਮਿਕ ਥਾਵਾਂ ਤੇ ਹੈ।ਬੱਚਿਆਂ ਨੇ ਵੀ ਸਾਡੇ ਤੇ ਹੀ ਜਾਣਾ ਹੁੰਦਾ ਹੈ।ਜਿਹੜਾ ਬੱਚਾ ਸੱਚ ਸੱਚ ਦੱਸ ਦਿੰਦਾ ਹੈ ਉਹ ਸਾਡੇ ਤੋਂ ਬ੍ਰਦਾਸ਼ਤ ਨਹੀਂ ਹੁੰਦਾ ਤੇ ਫੇਰ ਅਸੀਂ ਉਹਦੇ ਖੰਭ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਬੱਚੇ ਦੌੜ ਜਾਂਦੇ ਨੇ।ਏਸੇ ਲਈ ਮੈਂ ਆਪਣੀ ਧੀ ਨੂੰ ਕੁੱਝ ਨਹੀਂ ਕਹਿੰਦੀ।ਏਥੇ ਹਰ ਕੋਈ ਅੱਖੀ ਦੇਖ ਕੇ ਮੱਖੀ ਨਿਗਲਣ ਦਾ ਆਦੀ ਹੋ ਜਾਂਦਾ ਹੈ।ਮੈਨੂੰ ਲੱਗਦਾ ਹੈ ਮੇਰੀ ਧੀ ਦਾ ਵੀ ਕੋਈ ਬੁਆਏ ਫਰੈਂਡ ਹੈ ਸ਼ਾਇਦ ਉਸੇ ਨਾਲ ਫੋਨ ਤੇ ਲੱਗੀ ਰਹਿੰਦੀ ਹੈ।ਪਿਛਲੀ ਵਾਰ ਇਕੱਠੇ ਮੈਕਸੀਕੋ ਵੀ ਜਾ ਆਏ ਨੇ।ਏਥੇ ਇਹ ਗੱਲਾਂ ਆਮ ਨੇ।ਜਿਆਦਾ ਰੋਕਾਂਗੇ ਤਾਂ ਘਰੋਂ ਦੌੜ ਜਾਊ ਫਿਰ ਕੀ ਕਰ ਲਵਾਂਗੇ?ਉਹੋ ਤਾਂ ਹੁਣ ਮੇਰਾ ਆਸਰਾ ਹੈ।ਇਹਦੇ ਡੈਡੀ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ।
ਜਦੋਂ ਮਨ ਬਹੁਤ ਬੇਚੈਨ ਹੋ ਜਾਂਦਾ ਹੈ ਫੇਰ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ ਹਾਂ।ਪਾਠ ਕਰਕੇ ਇੱਕ ਗੱਲ ਤਾਂ ਜਰੂਰ ਸਮਝ ਪੈਂਦੀ ਹੈ ਕਿ ਦੁਨੀਆਂ ਦੇ ਇਹ ਸਾਰੇ ਰਿਸ਼ਤੇ ਨਾਤੇ ਝੂਠੇ ਨੇ।ਰੇਤ ਦੀਆਂ ਕੰਧਾਂ।ਇਨਸਾਨ ਦੁਨੀਆਂ ਵਿੱਚ ਇਕਲਾ ਆਇਆ ਸੀ ਤੇ ਇਕੱਲਾ ਹੀ ਜਾਵੇਗਾ।
ਫੇਰ ਇਕੱਲਾ ਰਹਿ ਕਿਉਂ ਨਹੀਂ ਸਕਦਾ? ਮੈਂ ਸੋਚਦੀ ਹਾਂ।ਕਿਉਂ ਦੂਸਰਿਆਂ ਦਾ ਸਹਾਰਾ ਭਾਲਦਾ ਏ।ਉਨ੍ਹਾਂ ਸਹਾਰੇ ਉੱਡਣਾ ਲੋਚਦਾ ਏ।ਮਾਪੇ ਪਤੀ ਪੁੱਤਰ ਭੈਣ ਭਰਾ,ਚਾਚੇ ਤਾਏ ਮਾਮੇ ਮਾਸੀਆਂ ਹੋਰ ਕੀ ਨੇ ਸਭ ਕੁੱਝ ਸਿਰਫ ਗਰਜਾਂ ਦੇ ਰਿਸ਼ਤੇ।
ਪਤਾ ਨਹੀਂ ਅੱਜ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੋ ਰਿਹਾ।ਪਤੀ ਨੂੰ ਫੋਨ ਕਰਦੀ ਆਂ ਤਾਂ ਅੱਗੋਂ ਮਸ਼ੀਨ ਬੋਲ ਪੈਂਦੀ ਆ।ਧੀ ਨੇ ਫੋਨ ਬੰਦ ਕੀਤਾ ਹੋਇਆ ਹੈ।ਭਰਾ ਅਜੇ ਕੱਲ ਹੀ ਮੇਰੇ ਨਾਲ ਲੜ ਕੇ ਮੈਨੂੰ ਮਨਹੂਸ ਹੋਣ ਦੇ ਤਾਹਨੇ ਮਾਰ ਕੇ ਹਟਿਆ ਹੈ।ਮੇਰਾ ਹੋਰ ਕੌਣ ਹੈ...?ਕੋਈ ਵੀ ਨਹੀਂ।
ਮੈ ਡੈਡੀ ਨੂੰ ਕੋਸਦੀ ਹਾਂ ਕਿਉਂ ਕੀਤਾ ਸੀ ਮੇਰਾ ਰਿਸ਼ਤਾ ਕਨੇਡਾ।ਮੇਰੀ ਔਲਾਦ ਤੇ ਪਤੀ ਤਾਂ ਸਿਸਟਮ ਦਾ ਪੁਰਜਾ ਬਣ ਗਏ ਨੇ।ਮੈਂ ਰਹਿ ਗਈ ਬੇਜਾਨ ਚੀਜਾ ਨਾਲ ਮੱਥਾ ਮਾਰਨ ਲਈ।ਅੱਜ ਅਥਰੂ ਡੱਕੇ ਨਹੀਂ ਜਾ ਰਹੇ।ਮੰਮੀ ਡੈਡੀ ਵਲੋਂ ਮਿਲੇ ਪਿਆਰ ਦਾ ਨਿੱਘ ਬਹੁਤ ਯਾਦ ਆ ਰਿਹਾ ਏ।
ਮੈਂ ਮਨ ਹੋਰ ਪਾਸੇ ਲਾਉਣ ਲਈ ਬੂਹੇ ਵਿੱਚ ਜਾ ਖੜਦੀ ਹਾਂ।ਡੌਨਾ ਕੁੱਤਾ ਲਈ ਆ ਰਹੀ ਹੈ।ਹੱਸਦੀ ਮੁਸਕਰਾਂਉਦੀ ਹੋਈ।ਚੰਗੀ ਤਰ੍ਹਾਂ ਤਿਆਰ ਹੋਈ ਹੋਈ ਏ।ਨੀਲੀ ਜੀਨ ਅਤੇ ਰੈੱਡ ਟੀ ਸ਼ਰਟ ਵਿੱਚ ਕਿੰਨੀ ਜਚਦੀ ਹੈ।ਪੰਜਾਹਾ ਦੀ ਤਾਂ ਹੋਊ ਪਰ ਪੈਂਤੀਆਂ ਤੋਂ ਵੀ ਘੱਟ ਲੱਗਦੀ ਆ।ਉਸਦਾ ਮੇਕ ਅੱਪ ਤੇ ਮੁਸਕਰਾਹਟ ਮੱਲੋ ਮੱਲੀ ਰਾਹ ਜਾਂਦਿਆਂ ਦਾ ਧਿਆਨ ਖਿੱਚਦੇ ਨੇ।ਜੀਣ ਦਾ ਸਾਹਸ ਦਿੰਦੇ ਨੇ।ਮੈਂ ਉਸ ਨਾਲ ਗੱਲ ਕਰਨ ਲਈ ਰੁਕਦੀ ਹਾਂ।
ਉਸਦਾ ਕੁੱਤਾ ਅੱਗੇ ਪਿੱਛੇ ਦੌੜ ਰਿਹਾ ਹੈ।ਕਦੀ ਉਸ ਦੇ ਸੁੰਘਦਾ ਹੈ ਤੇ ਕਦੀ ਮੂੰਹ ਵਲ ਤੱਕ ਕੇ ਚੂੰ ਚੂੰ ਕਰਦਾ ਹੈ।ਜਿਵੇਂ ਕਹਿ ਰਿਹਾ ਹੋਵੇ ਹੁਣ ਮੈਨੂੰ ਗੋਦੀ ਚੁੱਕ।ਉਹ ਵੀ ਵਾਰ ਵਾਰ ਨੋ ਹਨੀ ਨੋ ਮਾਈ ਸਨ ਕਹਿ ਕਹਿ ਟਾਲ ਰਹੀ ਹੈ।ਮੈਨੂੰ ਦੂਰੋਂ ਹੀ ਹੱਥ ਹਿਲਾ ਉਸ ਨੇ ‘ਹੈਲੋ ਸਿੰਡੀ’ ਕਿਹਾ ਹੈ।ਮੈਂ ਬਾਹਰ ਨਿੱਕਲ ਕੇ ਉਸ ਨਾਲ ਗੱਲੀਂ ਜੁੱਟ ਜਾਂਦੀ ਹਾਂ।ਘਰ ਦੀਆਂ,ਸਟਰੀਟ ਦੀਆਂ,ਆਪਣੀ ਇਕੱਲਤਾ ਦੀਆਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਹਾਂ।ਉਹ ਮੇਰੀ ਉਦਾਸੀ ਨੂੰ ਭਾਂਪ ਕੇ ਪੁੱਛਦੀ ਹੈ
“ਡਾਰਲਿੰਗ ਕਿਉਂ ਐਨੀ ਉਦਾਸ ਏਂ?”
“ਮੇਰੇ ਵਲ ਵੇਖ ਮੇਰੇ ਮਾਂ ਬਾਪ ਪਤੀ,ਬੱਚੇ ਪਤਾ ਨਹੀਂ ਸਾਰੇ ਕਿੱਥੇ ਨੇ।ਮੈਂ ਫੇਰ ਵੀ ਖੁਸ਼ ਹਾਂ”।ਉਹ ਉੱਚੀ ਉੱਚੀ ਹੱਸੀ।“ਕੀ ਮੈਂ ਜੀਂਦੀ ਨਹੀਂ?ਤੂੰ ਵੀ ਮਜਬੂਤ ਹੋ”।
ਤੇ ਮੈਂ ਕਿਹਾ ਮੇਰਾ ਕੋਈ ਨਹੀਂ ਮੈਂ ਕੀਹਦੇ ਸਹਾਰੇ ਉੱਡਾਂ...।ਤਾਂ ਡੌਨਾ ਜੋਰ ਜੋਰ ਨਾਲ ਹੱਸੀ।
“ਡਾਰਲਿੰਗ ਰਿਸ਼ਤੇ ਤਾਂ ਮੋਮ ਦੇ ਖੰਭ ਹੁੰਦੇ ਨੇ ਰਤਾ ਸੇਕ ਲੱਗਿਆ ਤੇ ਪਿਘਲ ਕੇ ਵੱਖ ਹੋ ਗਏ”
ਮੈਂ ਰੋਜ ਗੁਰਬਾਣੀ ਪੜ੍ਹਦੀ ਹਾਂ ਮੈਨੂੰ ਇਹ ਗੱਲ ਕਿਉਂ ਨਾ ਸਮਝ ਲੱਗੀ।ਮੇਰੇ ਜਿਸਮ ਵਿੱਚ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ।ਮੈਂ ਪਹਿਲੀ ਵਾਰ ਅੱਜ ਸੋਚ ਰਹੀ ਹਾਂ ਕਿ ਮੈਂ ਕਿਸੇ ਤੋਂ ਕੀ ਲੈਣੈ।ਮੈਨੂੰ ਵੀ ਆਪਣੀ ਮਰਜੀ ਨਾਲ ਜੀਣਾ ਚਾਹੀਦਾ ਏ।ਮੇਰੇ ਡੈਡੀ ਵੀ ਕਹਿੰਦੇ ਸੀ
‘ਬੰਦੇ ਵਿੱਚ ਆਤਮਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਨੇ ਫੇਰ ਨੀ ਉਹ ਡਿੱਗਦਾ’।
ਮੈਨੂੰ ਜਾਪਿਆ ਸਾਰੇ ਰਿਸ਼ਤੇ ਝੂਠੇ ਹਨ।ਰੇਤ ਦੀਆਂ ਕੰਧਾਂ।
ਮੈਂ ਆਲੇ ਦੁਆਲੇ ਵੇਖਿਆ।ਸੂਰਜ ਚਮਕ ਰਿਹਾ ਸੀ ਫੁੱਲ ਖਿੜ ਰਹੇ ਸਨ।ਡੌਨਾ ਮੁਸਕਰਾ ਰਹੀ।ਕੁੱਤਾ ਖੇਡ ਰਿਹਾ ਸੀ।ਫੇਰ ਮੈਂ ਕਿਉਂ ਉਦਾਸ ਸੀ?ਜੀ ਕਰਦਾ ਸੀ ਉੱਡ ਜਾਵਾਂ।ਜਿਵੇਂ ਪੰਛੀ ਖੁੱਲੇ ਅੰਬਰਾਂ ‘ਚ ਉੱਚੀ ਉਡਾਣ ਭਰਦੇ ਨੇ।ਮੇਰੇ ਮਨ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਹੋਵੇ।