ਮੁਸਾਫਿਰ.......... ਕਹਾਣੀ / ਜਸ ਸੈਣੀ

ਸਰਦੀਆਂ ਦੀ ਸਵੇਰ ਵਿੱਚ ਧੁੰਦ ਨੂੰ ਆਹਿਸਤਾ -ਆਹਿਸਤਾ ਕੱਟਦੀ ਹੋਈ ਬੱਸ ਮਲਕੇ ਜਿਹੇ ਬੱਸ ਸਟਾਪ ਤੇ ਆ ਰੁਕੀ । 25 ਕੁ ਸਾਲ ਦਾ ਇਕ ਨੌਜਵਾਨ ਪਿਛਲੀ ਬਾਰੀ ਥਾਣੀ ਬੱਸ ਵਿੱਚ ਆਣ ਚੜਿਆ । ਉਸ ਲੋਈ ਦੀ ਬੁੱਕਲ ਮਾਰੀ ਹੋਈ ਸੀ ਤੇ ਚਿਹਰਾ ਵੀ ਲਗਭਗ ਲੋਈ ਨੇ ਸਮੇਟਿਆ ਹੋਇਆ ਸੀ । ਜਾਪਦਾ ਸੀ ਜਿਸ ਤਰ੍ਹਾਂ ਉਹ ਲੋਈ ਵਿੱਚ ਕੁਝ ਲੁਕਾ ਰਿਹਾ ਹੋਵੇ । ਭਾਵੇਂ ਬੱਸ ਪੂਰੀ ਭਰੀ ਨਹੀ ਸੀ ਪਰ ਉਹ ਪਿਛਲੀਆਂ ਖਾਲੀ ਸੀਟਾਂ ਛੱਡਦਾ ਹੋਇਆ ਬੱਸ ਦੇ ਵਿਚਕਾਰ ਵਾਲੀ ਸੀਟ ਤੇ ਆ ਬੈਠਾ । ਉਹ ਬੜਾ ਚੁੱਪਚਾਪ ਸੀ, ਪਤਾ ਨਹੀਂ ਕਿਸ ਸੋਚ ਵਿੱਚ ਡੁੱਬਾ ਹੋਇਆ ਸੀ । ਦਰਅਸਲ ਬੱਸ ਵਿੱਚ  ਬਾਕੀ ਦੀਆਂ ਸਵਾਰੀਆਂ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਮੁਸਾਫਿਰ ਇਕ ਚਲਦੀ ਫਿਰਦੀ ਮੌਤ ਹੈ, ਇਕ ਮਨੁੱਖੀ ਬੰਬ, ਕਿਸੇ ਅੱਤਵਾਦੀ ਸੰਗਠਨ ਦਾ ਮੈਂਬਰ । ਬਾਰੀ ਵਿੱਚ ਲਟਕੇ ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਹਿਜੋਕੇ ਜਿਹੇ ਖਾਂਦੀ ਤੁਰ ਪਈ । ਕੰਡਕਟਰ ਨੇ ਅਵਾਜ਼ ਲਗਾਈ "ਉਹ ਟਿਕਟਾਂ ਬਈ.... ਮੈਨੂੰ ਤੇ  ਡਰੈਵਰ ਨੂੰ ਛੱਡ ਕੇ ਕੋਈ ਟਿਕਟੋਂ ਬਗੈਰ ਨਾ ਹੋਵੇ... ਨਹੀਂ ਤਾਂ ਮੈਂ ਉਹਨੂੰ ਫੜਕੇ ਬੱਸ 'ਚੋਂ ਇੱਦਾਂ ਲਾਹੁਣਾ, ਜਿੱਦਾਂ ਲਾਸਟਕ ਆਲਾ ਪਜਾਮਾ ਲਾਹੀਦਾ ” । ਸਾਰੀ ਬੱਸ ਵਿੱਚ ਹਾਸਾ ਪਸਰ ਗਿਆ ਪਰ ਮੁਸਫਿਰ ਚੁੱਪ ਸੀ । ਕੰਡਕਟਰ ਝੋਲੇ ਵਿੱਚ ਪੈਸੇ ਖੜਕਾਂਉਦਾ ਹੋਇਆ ਟਿਕਟਾਂ ਪਾੜ - ਪਾੜ ਕੇ ਸਭ ਨੂੰ ਫੜਾ ਰਿਹਾ ਸੀ । ਕੰਡਕਟਰ ਉਸ ਮੁਸਾਫਿਰ ਕੋਲ ਪਹੁੰਚ ਗਿਆ, "ਹਾਂ ਬਈ ਕਾਕਾ ਟਿਕਟ ?”

ਮੁਸਾਫਿਰ ਕੁਝ ਨਾ ਬੋਲਿਆ ।

"ਬੋਲਾ ਆ ਤੂੰ, ਸੁਣਦਾ ਨਹੀਂ ਕਿ ਲਾਹਵਾਂ ਬੱਸ ਤੋ ਥੱਲੇ” ?

"ਜੀ... ਜੀ... ਜੀ... ਮੈਂ... ਮੈਂ...", ਮੁਸਾਫਿ਼ਰ ਦੇ ਬੁੱਲ ਥਿਰਕੇ ।

"ਕੀ ਜੀ... ਜੀ... ਮੈਂ... ਮੈਂ... ਲਾਈ ਆ  ? ਸਿੱਧੀ ਤਰਹ ਦੱਸ ਜਾਣਾ ਕਿ ਜਾਣਾ ਕਿਥੇ ਆ ?”

"ਜੀ ਕੱਚੇ ਪੁੱਲ", ਮੁਸਾਫਿਰ ਨੇ ਜੇਬ ਚੋਂ ਪੈਸੇ ਕੱਢ ਕੇ ਕੰਡਕਟਰ ਨੂੰ ਫੜਾ ਦਿਤੇ ।

"ਇਸ ਤਰਾਂ ਦੱਸ ਨਾ.. ਮੈ ਸੋਚਿਆ ਕਿ ਕੋਈ ਗੁੰਗਾ-ਬੋਲਾ ਆ । "  ਕੰਡਕਟਰ ਨੇ ਟਿਕਟ ਫਾੜ ਕੇ ਉਸ ਨੂੰ ਫੜਾ ਦਿੱਤੀ ।

"ਕਡੰਟਰ ਸਾਬ ਇਹਦਾ ਕੋਈ ਕਸੂਰ ਨਹੀ ਜੇ ਅੱਜ ਕਲ ਦੀਆ ਖੁਰਾਕਾਂ ਈ ਇਦਾ ਦੀਆ ਕਿ ਮੁੰਡਿਆ ਦੀ ਆਵਾਜ ਨੀ ਨਿਕਲਦੀ", ਨਾਲ ਦੀ ਸੀਟ ਤੇ ਬੈਠਾ ਬਜੁਰਗ ਬੋਲਿਆ । ਬਸ ਵਿੱਚ ਹਾਸੇ ਵਾਲਾ ਮਾਹੌਲ ਬਣ ਗਿਆ । ਸਿਰਫ਼ ਉਸ ਮੁਸਾਫਿਰ ਨੂੰ ਛੱਡ ਕੇ ਬਾਕੀ ਸਾਰੀਆਂ ਸਵਾਰੀਆ ਹੱਸ ਪਈਆਂ । ਮੁਸਾਫਿ਼ਰ ਨੂੰ  ਸਭ ਦਾ ਹਾਸਾ ਜ਼ਹਿਰ ਵਰਗਾ ਲੱਗਾ । ਉਹ ਦੰਦ ਪੀਚ ਕੇ ਰਹਿ ਗਿਆ । ਬਸ ਉਹ ਤਾਂ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ, ਕਦੋਂ ਬੱਸ ਪੂਰੀ ਤਰ੍ਹਾਂ ਭਰ ਜਾਵੇ ਤੇ ਉਹ ਆਪਣੇ ਕੰਮ ਨੂੰ ਅੰਜ਼ਾਮ ਦੇ ਸਕੇ । ਉਸ ਦੀ ਸੀਟ ਤੇ ਇਕ ਅੌਰਤ ਗੋਦ ਵਿੱਚ ਆਪਣੇ ਬੱਚੇ ਨੂੰ ਲੈ ਕੇ ਬੈਠੀ ਸੀ । ਅਚਾਨਕ ਉਸ ਨਿੱਕੇ ਜਿਹੇ ਬਾਲ ਨੇ ਰੋਣਾ ਸ਼ੁਰੂ ਕਰ ਦਿੱਤਾ । ਉਸਦਾ ਬੱਚਾ ਬੜਾ ਰੋ ਰਿਹਾ ਸੀ । ਮਾਂ ਨੇ ਬੜਾ ਚੁੱਪ ਕਰਾਇਆ ਪਰ ਗੱਲ ਨਾ ਬਣੀ ਤਾਂ ਉਸਨੇ ਮੁਸਾਫਿਰ ਦਾ ਤਰਲਾ ਲੈ ਕੇ ਕਿਹਾ, "ਭਰਾਵਾ ਆਹ ਫੜੀ ਜ਼ਰਾ, ਇਹਨੂੰ ਮੈ ਟੋਕਰੀ 'ਚੋਂ  ਇਸਦੀ ਦੁੱਧ ਵਾਲੀ ਬੋਤਲ ਕੱਢ ਲਾਂ" ।

ਮੁਸਾਫਿਰ ਦੇ ਨਾਂਹ - ਨਾਂਹ ਕਰਦੇ ਹੋਏ ਅੌਰਤ ਨੇ ਬੱਚਾ ਮੁਸਾਫਿਰ ਨੂੰ ਫੜਾ ਦਿੱਤਾ । ਰੱਬ ਦੀ ਕੁਦਰਤ ! ਬੱਚਾ ਉਸ ਮੁਸਾਫਿਰ ਦੀ ਗੋਦ ਵਿੱਚ ਆ ਕੇ ਚੁੱਪ ਕਰ ਗਿਆ ਤੇ ਮੁਸਕਰਾਉਣ ਲੱਗਾ । ਬੱਚੇ ਨੂੰ ਕੀ ਪਤਾ ਸੀ ਕੀ ਉਹ ਮੌਤ ਦੀ ਗੋਦ ਵਿੱਚ ਬੈਠਾ ਹੈ, ਜਿਹੜੀ ਕਿਸੇ ਪਲ ਵੀ ਸਭ ਨੂੰ ਆਪਣੀ ਬੁੱਕਲ ਵਿੱਚ ਲਪੇਟ ਸਕਦੀ ਹੈ । ਮੁਸਾਫਿਰ ਕਦੇ ਬੱਚੇ ਵੱਲ ਤੇ ਕਦੇ ਉਸ ਦੀ ਮਾਂ ਵੱਲ ਦੇਖਦਾ ।

ਅੌਰਤ ਅਪਣਤ ਭਰੇ ਲਹਿਜੇ ਨਾਲ ਬੋਲੀ, "ਵੇ ਵੀਰਾ ! ਭਲਾ ਹੋਵੇ ਤੇਰਾ ਮੈਨੂੰ ਤਾਂ ਬੜਾ ਹੀ ਤੰਗ ਕੀਤਾ ਸੀ, ਇਹ ਤੇਰੇ ਕੋਲ ਆ ਕੇ ਪਤਾ ਨਹੀਂ ਕਿਸ ਤਰ੍ਹਾਂ ਚੁੱਪ ਹੋ ਗਿਆ... ਕਿਹੜਾ ਪਿੰਡ ਤੇਰਾ ਵੀਰਾ" ?

ਮੁਸਾਫਿਰ ਥੋੜਾ ਹਿਚਕਿਚਾਇਆ ਤੇ ਬੋਲਿਆ, "ਜੀ... ਪਾਰੋਵਾਲ"

"ਹੱਛਾ... ਹੱਛਾ... ਪਾਰੋਵਾਲ... ਬੜਾ ਵੱਡਾ ਪਿੰਡ ਆ... ਪਰ ਬੁਰੀ ਹੋਈ ਲੋਕਾਂ ਨਾਲ । ਦੰਗਿਆਂ ਦਾ ਬਹੁਤ ਰੌਲਾ ਰਿਹਾ ਉਹਨਾਂ ਪਿੰਡਾਂ ਵੱਲ । ਤੁਹਾਡਾ ਤਾਂ ਨਹੀਂ ਕੋਈ ਨੁਕਸਾਨ ਹੋਇਆ ?"

"ਨਹੀਂ ਜੀ ! ਬਚਾਅ ਹੀ ਰਿਹਾ ।" ਭਾਂਵੇ ਮੁਸਾਫਿਰ ਦਾ ਸਾਰਾ ਟੱਬਰ ਦੰਗਿਆਂ ਦੀ ਭੇਂਟ ਚੜ੍ਹ ਚੁੱਕਾ ਸੀ ਪਰ ਉਸਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ।

"ਚੰਗਾ ਭਰਾਵਾ ! ਬਾਬਾ ਸਭ ਕੁਝ ਠੀਕ ਰੱਖੇ", ਅੌਰਤ ਹੱਥ ਜੋੜ ਅਰਦਾਸ ਕਰ ਰਹੀ ਸੀ । ਪਰ ਮੁਸਾਫਿਰ ਦੇ ਚਿਹਰੇ ‘ਤੇ ਕੋਈ ਹਾਵ ਭਾਵ ਨਹੀਂ ਸੀ ਆ ਰਿਹਾ । ਬਸ ਉਸ ਨੇ ਤਾਂ ਬਦਲਾ ਲੈਣਾ ਸੀ, ਕੌਮ ਦਾ ਬਦਲਾ ਤੇ ਪਰਿਵਾਰ ਦਾ ਬਦਲਾ । ਬੱਚਾ ਹੁਣ ਚੁੱਪ ਸੀ  । ਅੌਰਤ ਨੇ ਮੁਸਾਫਿਰ ਤੋਂ ਹਲਕੇ ਜਿਹੇ ਬੱਚਾ ਵਾਪਸ ਆਪਣੀ ਗੋਦ ਵਿੱਚ ਲੈ ਲਿਆ ਤੇ ਉਸ ਦੇ ਮੂੰਹ ਨੂੰ ਦੁੱਧ ਵਾਲੀ ਬੋਤਲ ਲਾ ਦਿੱਤੀ । ਪਰ ਬੱਚਾ ਅਜੇ ਵੀ ਮੁਸਾਫਿਰ ਵੱਲ ਦੇਖ ਰਿਹਾ ਸੀ ਤੇ ਮੁਸਕੁਰਾ ਰਿਹਾ ਸੀ । ਮੁਸਾਫਿਰ ਨੂੰ ਬੱਚੇ ਨਾਲ ਥੋੜਾ ਲਗਾਵ ਜਿਹਾ ਹੋ ਗਿਆ ਸੀ ਉਹ ਵੀ ਕਾਫੀ ਦੇਰ ਤੱਕ ਬੱਚੇ ਵੱਲ ਦੇਖਦਾ ਰਿਹਾ । ਸ਼ਾਇਦ ਉਸ ਨੂੰ ਆਪਣੇ ਟੱਬਰ ਵਿੱਚੋਂ ਕਿਸੇ ਬੱਚੇ ਦੀ ਯਾਦ ਆ ਰਹੀ ਸੀ , ਬੱਸ ਕਦੇ ਹੌਲੀ ਤੇ ਕਦੀ ਤੇਜ਼ ਹੁੰਦੀ ਹੋਈ ਨਿੱਕੇ ਮੋਟੇ ਬੱਸ ਸਟਾਪਾਂ ਤੇ ਰੁਕ ਰਹੀ ਸੀ । ਕਿਸੇ ਬਸ ਸਟਾਪ ਤੋਂ ਆਪਣੀਆਂ ਦੋਹਾਂ ਲੱਤਾਂ ਤੋਂ ਲਾਚਾਰ ਇਕ ਭਿਖਾਰੀ ਬੱਸ ਵਿੱਚ ਚੜ੍ਹ ਆਇਆ,  ਬੜੀ ਮੁਸ਼ਕਿਲ ਨਾਲ਼ ਸੰਭਲਦਾ ਹੋਇਆ, ਉਹ ਬੱਸ ਦੇ ਫਰਸ਼ ਤੱਕ ਪੁਹੰਚ ਗਿਆ ।

"ਅੱਲਾ ਦੇ ਨਾਮ ‘ਤੇ ਦੇ ਦਿਓ ਬਾਬਾ ਜੀ...  ਵਾਹਿਗੁਰੂ ਦੇ ਨਾਮ ‘ਤੇ ਦੇ ਦਿਓ ਭਾਈ ਜੀ... ਰਾਮ ਦੇ ਨਾਮ ‘ਤੇ ਦੇ ਦਿਉ ਲਾਲਾ ਜੀ",  ਇੰਝ ਕਹਿੰਦਾ ਹੋਇਆ ਉਹ ਬੱਸ ਦੇ ਫਰਸ਼ ‘ਤੇ ਪਏ ਮੂੰਗਫਲੀ ਦੇ ਛਿੱਲੜਾਂ ਨੂੰ ਦਰੜਦਾ ਹੋਇਆ ਅੱਗੇ ਵੱਧ ਰਿਹਾ ਸੀ । ਜਦ ਉਹ ਮੁਸਾਫਿਰ ਦੇ ਕੋਲ ਪੁੱਜਾ ਤਾਂ ਉਸ ਨੇ ਮੁਸਾਫਿਰ ਦੀ ਪੈਂਟ ਦਾ ਪਹੁੰਚਾ ਫੜ ਕੇ ਮੁਸਾਫਿਰ ਦਾ ਧਿਆਨ ਆਪਣੇ ਵੱਲ ਕੀਤਾ, ਫਿਰ ਆਪਣਾ ਹੱਥ ਮੁਸਾਫਿਰ ਦੇ ਅੱਗੇ ਅੱਡ ਦਿੱਤਾ । ਮੁਸਾਫਿਰ ਨੇ ਗੁੱਸੇ ਨਾਲ ਆਪਣੀਆ ਅੱਖਾਂ ਭਿਖਾਰੀ ਵੱਲ ਕੱਢੀਆਂ ਤੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ । ਭਿਖਾਰੀ ਮਾਯੂਸ ਜਿਹਾ ਹੋ ਕੇ ਅੱਗੇ ਵੱਧ ਗਿਆ । ਅਚਾਨਕ ਮੁਸਾਫਿਰ ਦੇ ਮੋਬਾਇਲ ਦੀ ਘੰਟੀ ਖੜਕੀ । ਮੁਸਾਫਿਰ ਤ੍ਰਬਕ ਗਿਆ ਤੇ ਲੋਈ ਵਿੱਚ ਮੂੰਹ ਲੁਕਾ ਕੇ ਹੌਲੀ ਆਵਾਜ਼ ਵਿਚ ਗੱਲ ਕਰਨ ਲੱਗਾ, "ਹੈਲੋ !"

"ਵਾਹ ਮੇਰੇ ਸ਼ੇਰਾ...", ਮੁਸਾਫਿਰ ਦਾ ਕਮਾਂਡਰ ਉਸ ਨੂੰ ਮੋਬਾਇਲ ਤੇ ਹੌਸਲਾ ਦੇ ਰਿਹਾ ਸੀ, "ਬੜੇ ਭਾਗਾਂ ਵਾਲਾ ਆ ਤੂੰ, ਜੋ ਤੈਨੂੰ ਇਸ ਮਿਸ਼ਨ ਲਈ ਚੁਣਿਆ ਗਿਆ ਹੈ । ਕੌਮ ਲਈ ਕੀਤੀ ਤੇਰੀ ਇਹ ਕੁਰਬਾਨੀ ਰੱਬ ਦੇ ਘਰ ਮਨਜੂਰ ਹੋਵੇਗੀ । ਸ਼ਹੀਦ ਦਾ ਰੁਤਬਾ ਮਿਲੇਗਾ ਤੈਨੂੰ ਤੇ ਜੰਨਤ ਵਿੱਚ ਜਗ੍ਹਾ ਵੀ ਪੱਕੀ ਹੈ । ਕਾਫਰਾਂ ਨਾਲ ਭਰੀ ਇਸ ਬੱਸ ਨੂੰ ਉਡਾ ਕੇ ਤੇਰੇ ਟੱਬਰ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ । ਬੇਸ਼ੱਕ ਬੱਸ ਵਿੱਚ ਕੁਝ ਆਪਣੇ ਲੋਕ ਵੀ ਹੋਣਗੇ ਪਰ ਕਾਫਰਾਂ ਨੂੰ ਪਤਾ ਲੱਗ ਜਾਵੇ ਕੀ ਬਦਲਾ ਇਸ ਨੂੰ ਕਹਿੰਦੇ ਨੇ ।"

"ਜੀ ਉਸਤਾਦ ਜੀ ! ਪੰਛੀ ਬਸ ਥੋੜ੍ਹੀ ਦੇਰ ਤੱਕ ਅਾਜ਼ਾਦ ਹੋ ਜਾਣਗੇ ।"

"ਸ਼ਾਬਾਸ਼ ਸ਼ੇਰਾ ! ਸਾਨੂੰ ਤੇਰੇ ਕੋਲੋਂ ਬੜੀਆ ਉਮੀਦਾਂ ਨੇ, ਠੀਕ ਆ ! ਥੋੜੀ ਦੇਰ ਬਾਅਦ ਫਿਰ ਗੱਲ ਕਰਾਂਗਾ", ਇਹ ਕਹਿ ਕੇ ਕਮਾਂਡਰ ਨੇ ਫੋਨ ਕੱਟ ਦਿੱਤਾ । ਮੁਸਾਫਿਰ ਦੇ ਚਿਹਰੇ ਤੇ ਹੁਣ ਵੱਖਰਾ ਹੀ ਜਲਾਲ ਸੀ । ਬੱਸ ਕਾਲਜ ਦੇ ਗੇਟ ਕੋਲ ਆ ਖਲੋਈ । ਕਾਲਜ ਦੀ ਕੁੜੀਆਂ ਹਸੂੰ-ਹਸੂੰ ਕਰਦੀਆਂ ਬੱਸ ਵਿੱਚ ਚੜ੍ਹ ਰਹੀਆਂ ਸਨ । ਮੁਸਾਫਿਰ ਦਾ ਧਿਆਨ ਬੱਸ ਤੋਂ ਬਾਹਰ ਵੱਲ ਸੀ ਪਰ ਕੁੜੀਆਂ ਦੇ ਅੰਦਰ ਆਉਂਦੇ ਹੀ ਉਸ ਦਾ ਧਿਆਨ ਇਕ ਕੁੜੀ ‘ਤੇ ਪਿਆ । ਉਹ ਆਪਣੇ ਹਾਣ ਦੀਆ ਕੁੜੀਆਂ ਨਾਲੋਂ ਖੂਬਸੂਰਤ ਸੀ, ਇਸ ਲਈ ਮੁਸਾਫਿਰ ਦਾ ਧਿਆਨ ਖਿਚਿਆ ਜਾਣਾ ਸੁਭਾਵਿਕ ਸੀ । ਉਹ ਲਗਾਤਾਰ ਕੁੜੀ ਵੱਲ ਬਿੱਟ -ਬਿੱਟ ਦੇਖਦਾ ਰਿਹਾ । ਕੁੜੀ ਆਪਣੇ ਚਿਹਰੇ ਤੇ ਲਮਕ ਰਹੀਆਂ ਵਾਲਾਂ ਦੀਆਂ ਲਟਾਂ ਦੇ ਵਾਵਰੋਲੇ ਜਿਹੇ ਬਣਾ ਰਹੀ ਸੀ ਤੇ ਮੁਸਾਫਿਰ ਅਤੀਤ ਦੇ ਕਿਸੇ ਪੰਨੇ ਵਿੱਚੋਂ ਉਸ ਲੜਕੀ ਦਾ ਚਿਹਰਾ ਪੜ੍ਹ ਰਿਹਾ ਸੀ, ਜਿਸ ਤਰ੍ਹਾਂ ਉਸ ਨੇ ਪਹਿਲਾਂ ਉਸ ਕੁੜੀ ਨੂੰ ਕਦੀ ਦੇਖਿਆ ਹੋਵੇ । ਜਦ ਕੁੜੀ ਨੇ ਉਸ ਵੱਲ ਤੱਕਿਆ ਤੇ ਮੁਸਾਫਿਰ ਨੇ ਨੀਵੀਂ ਪਾ ਲਈ ਤੇ ਮੋਬਾਇਲ ਦੇ ਬਟਨ ਦੱਬਣ ਲੱਗਾ । ਕੁੜੀ ਹਲਕਾ ਜਿਹਾ ਮੁਸਕਰਾ  ਪਈ ਤੇ ਮੁਸਾਫਿਰ ਦੇ ਬਗਲ ਵਾਲੀ ਸੀਟ ਤੇ ਬੈਠ ਗਈ । ਮੁਸਾਫਿਰ ਕਦੀ-ਕਦੀ ਬਾਕੀ ਸਵਾਰੀਆਂ ਤੋਂ ਨਜ਼ਰਾ ਬਚਾ ਕੇ ਉਸ ਲੜਕੀ ਵੱਲ ਦੇਖਦਾ । ਹੁਣ ਬੱਸ ਪੂਰੀ ਤਰਾਂ ਭਰ ਚੁੱਕੀ ਸੀ ਤੇ ਕਈ ਸਵਾਰੀਆਂ ਵਿੱਚ ਖੜੀਆਂ ਵੀ ਸਨ ।

ਅਚਾਨਕ ਵੱਜੀ ਮੋਬਾਇਲ ਦੀ ਘੰਟੀ ਨੇ ਮੁਸਾਫਿਰ ਨੂੰ ਮੁੜ ਤ੍ਰਬਕਾ ਦਿੱਤਾ । ਫਿਰ ਉਸ ਨੇ ਸੰਭਲ ਕੇ ਲੋਈ ਵਿੱਚ ਮੂੰਹ ਲੁਕੋ ਲਿਆ ਤੇ ਮਲਕੇ ਜਿਹੇ ਗੱਲਾਂ ਕਰਨ ਲੱਗਾ, "ਜੀ ਉਸਤਾਦ ਜੀ, ਕੀ ਹੁਕਮ ਆ ?"

"ਮੇਰਿਆ ਸ਼ੇਰਾ ! ਕਿਸੇ ਨੂੰ ਸ਼ੱਕ ਤਾਂ ਨਹੀਂ ਪਿਆ ਸਾਡੇ ਮਕਸਦ ਬਾਰੇ ?”

"ਜੀ ਨਹੀਂ"

"ਸਾਨੂੰ ਤੇਰੇ ਤੋਂ ਬੜੀਆਂ ਉਮੀਦਾਂ ਨੇ ਪੁੱਤਰਾ ", ਕਮਾਂਡਰ ਮੁਸਾਫਿਰ ਨੂੰ ਹੌਸਲਾ ਦੇਣ ਲੱਗਾ, "ਦੇਖੀ... ਕਿਤੇ ਡੋਲ ਨਾ ਜਾਈਂ...  ਕੌਮ ਦਾ ਤੇ ਰੱਬ ਦਾ ਗੁਨਾਹਗਾਰ ਹੋਵੇਂਗਾ"।

“ਜੀ ਮੈਂ ਕੰਮ ਜ਼ਰੂਰ ਸਿਰੇ ਚਾੜ੍ਹਾਂਗਾ", ਮੁਸਾਫਿਰ ਗੱਲਾਂ ਕਰਦਾ ਹੋਇਆ ਥੋੜਾ ਘਬਰਾ ਰਿਹਾ ਸੀ, "ਬਸ ਥੋੜੀ ਦੇਰ ਹੋਰ ਉਡੀਕ ਕਰੋ ਅਸੀਂ ਸਫਲ ਹੋਵਾਂਗੇ ।"

"ਠੀਕ ਆ ਪੁੱਤਰਾ ! ਸਾਡਾ ਰੱਬ ਤੇ ਮੇਰੀਆਂ ਦੁਆਵਾਂ ਤੇਰੇ ਨਾਲ ਆ, ਯਾਦ ਰੱਖੀਂ ਇਹ ਕਾਫਿਰ ਲੋਕ ਸਾਡੀ ਕੌਮ ਦੇ ਦੁਸ਼ਮਣ ਨੇ ਤੇ ਤੇਰੇ ਟੱਬਰ ਦੇ ਕਾਤਿਲ ਵੀ... ਤੂੰ ਆਪਣੇ ਮਕਸਦ ਨੂੰ ਅੰਜਾਮ ਦੇ... ਹੁਣ ਅਗਲੇ ਜਹਾਨ ਵਿੱਚ ਮਿਲਾਂਗੇ । ਚੰਗਾ ! ਰੱਬ ਤੈਨੂੰ ਕਾਮਯਾਬੀ ਦੇਵੇ", ਕਮਾਂਡਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ।

ਮੁਸਾਫਿਰ ਦੇ ਕੰਨਾਂ ਵਿੱਚ ਕਮਾਂਡਰ ਦੇ ਆਖਰੀ ਸ਼ਬਦ ਗੂੰਜ ਰਹੇ ਸਨ । ਉਸ ਨੂੰ ਸਾਰੀ ਬੱਸ ਆਪਣੇ ਪਰਿਵਾਰ ਦੀ ਕਾਤਲ ਜਾਪਣ ਲੱਗੀ । ਸਵਾਰੀਆਂ ਦੇ ਰੌਲੇ - ਰੱਪੇ  ਨਾਲ ਉਸ ਦਾ ਸਿਰ ਫਟ ਰਿਹਾ ਸੀ । ਮੁਸਾਫਿਰ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋਣ ਲੱਗੀਆਂ ਤੇ ਚਿਹਰਾ ਬਿਲਕੁਲ ਬਦਲ ਚੁੱਕਾ ਸੀ । ਹੁਣ ਉਹ ਤਬਾਹੀ ਕਰਨ ਲਈ ਤਿਆਰ ਸੀ । ਉਹ ਅਚਾਨਕ ਆਪਣੀ ਸੀਟ ਤੋਂ ਖੜਾ ਹੋ ਗਿਆ ਤੇ ਲੋਈ ਵਿੱਚੋਂ ਬੰਬ ਦਾ ਬਟਨ ਲੱਭਣ ਲੱਗਾ । ਤਦ ਕਿਸੇ ਨੇ ਉਸ ਦੀ ਪਿੱਠ ਥਪਥਪਾਈ ਤੇ ਕਿਹਾ,"ਬਹਿ ਜਾ ਪੁੱਤਰਾ... ਬਹਿ ਜਾ... ਕੋਈ ਨਹੀਂ, ਮੇਰਾ ਪਿੰਡ ਆਉਣ ਵਾਲਾ ਆ... ਮੈਂ ਖੜੀ ਹੋ ਕੇ ਹੀ ਚਲੀ ਜਾਊਂ" । ਮੁਸਾਫਿਰ ਨੇ ਪਿਛੇ ਦੇਖਿਆ ਇਕ ਬਜੁਰਗ ਅੌਰਤ ਸੀਟ ਦਾ ਸਹਾਰਾ ਲੈ ਕੇ ਖੜੀ ਸੀ, ਜਿਸਦੇ ਮੈਲੇ ਕੁਚੈਲੇ ਕੱਪੜੇ ਸਨ ਤੇ ਇਕ ਅੱਖ ਤੇ ਹਰੀ ਪੱਟੀ ਬੰਨੀ ਹੋਈ ਸੀ । ਮੁਸਾਫਿਰ ਦੇ ਹੱਥ ਉਥੇ ਹੀ ਰੁਕ ਗਏ ਤੇ ਆਪ ਬਰਫ਼ ਦਾ ਪੁਤਲਾ ਬਣਕੇ ਰਹਿ ਗਿਆ । ਉਹ ਕੁਝ ਨਾ ਬੋਲ ਸਕਿਆ । ਉਹ ਬਿਨਾਂ ਬੋਲੇ ਹੀ ਸੀਟ ਨੇੜਿਉਂ ਖਿਸਕ ਗਿਆ ਤੇ ਬਜੁਰਗ ਅੌਰਤ ਨੂੰ ਬੈਠਣ ਵਾਸਤੇ ਸੀਟ ਦੇ ਦਿੱਤੀ । ਉਸ ਮਾਈ ਨੇ ਰੱਬ ਦਾ ਸ਼ੁਕਰ ਕੀਤਾ ਤੇ ਦੁਆਵਾਂ ਦੇਣ ਲੱਗੀ," ਪਰਮਾਤਮਾ ਤੇਰੀ ਉਮਰ ਲੰਬੀ ਕਰੇ... ਜੁੱਗ ਜੁੱਗ ਜੀਵੇਂ... ਤੇਰੇ ਵਰਗੇ ਪੁੱਤ ਘਰ-ਘਰ ਹੋਣ ।"

ਮੁਸਾਫਿਰ ਨੂੰ ਉਹ ਬਜੁਰਗ ਅੌਰਤ ਆਪਣੀ ਮਾਂ ਵਰਗੀ ਜਾਪਣ ਲੱਗੀ ਤੇ ਉਹੀ ਦੁਆਵਾਂ, ਜੋ ਮੁਸਾਫਿਰ ਦੀ ਮਾਂ ਉਸ ਨੂੰ ਕਦੇ ਦਿੰਦੀ ਹੁੰਦੀ ਸੀ । ਉਹ ਉਸ ਦੀ ਮਮਤਾ ਦੇ ਅੰਮ੍ਰਿਤ ਨਾਲ ਪੂਰਾ ਭਿੱਜ ਚੁੱਕਾ ਸੀ । ਉਸ ਤੋ ਬਾਅਦ ਉਸਦਾ ਹੱਥ ਬੰਬ ਦੇ ਬਟਨ ਤੱਕ ਨਾ ਪੁੱਜਾ ।

ਮੁਸਾਫਿਰ ਨੇ ਪੁੱਛ ਲਿਆ, “ਮਾਂ !  ਕਿਥੋਂ ਆਈਂ ਐਂ ਤੂੰ ?”

"ਪੁੱਤ ਮੈ ਤਾਂ ਅੱਖ ਬਣਵਾ ਕੇ ਆਈ ਆਂ । ਅੱਖਾਂ ਦਾ ਸਰਕਾਰੀ ਕੈਂਪ ਲੱਗਾ ਸੀ ।"

"ਤੇ ਨਾਲ ਤੇਰੇ ਕੋਈ ਨੀ ਆਇਆ ?”

“ਮੇਰਾ ਇਕ ਤੇਰਾ ਵਰਗਾ ਸੋਹਣਾ ਜਵਾਨ ਪੁੱਤ ਸੀ । ਦੰਗਿਆਂ ਤੋਂ ਬਾਅਦ ਉਸ ਦਾ ਕੋਈ ਪਤਾ ਨੀ ਚੱਲਿਆ... ਉਹੀ ਮੇਰਾ ਸਹਾਰਾ ਸੀ... ਹੁਣ ਤਾਂ ਦਿਸਦਾ ਵੀ ਘੱਟ ਆ... ਇਸੇ ਲਈ ਅੱਖ ਬਣਾਈ ਆ ਪੁੱਤ । ਮੇਰੀਆਂ ਅੱਖਾਂ ਦਾ ਤਾਰਾ ਤਾਂ... ਹੁਣ ਮੈਨੂੰ ਸ਼ਾਇਦ ਕਦੇ ਨੀ ਦਿਸਣਾ..." ਬਜੁਰਗ ਅੌਰਤ ਨੇ ਹਾਉਕਾ ਜਿਹਾ ਲਿਆ ਤੇ ਰੋਣ ਲੱਗੀ ।

ਮੁਸਾਫਿਰ ਦਾ ਦਿਲ ਪਸੀਜ ਗਿਆ  "ਮਾਂ ਤੂੰ ਰੋ ਨਾ..." ਮੁਸਾਫਿਰ ਨੇ ਬਜੁਰਗ ਅੌਰਤ ਨੂੰ ਦਿਲਾਸਾ ਦਿੱਤਾ । “ਆਪਰੇਸ਼ਨ ਤੋ ਬਾਅਦ ਅੱਖਾਂ ਨੂੰ ਅਾਰਾਮ ਦੇਈਦਾ ਨਹੀਂ ਤਾਂ ਅੱਖਾਂ ਹੋਰ ਖਰਾਬ ਹੋ ਜਾਂਦੀਆਂ ।"

"ਠੀਕ ਆ ਪੁੱਤ", ਬਜੁਰਗ ਅੌਰਤ ਨੇ ਹੌਕੇ ਲੈਂਦੀ ਨੇ ਆਪਣੇ ਹੰਝੂ ਪੂੰਝ ਲਏ । ਮੁਸਾਫਿਰ ਦੇ ਮਨ ਵਿੱਚ ਦਇਆ ਆ ਗਈ । ਉਹ ਕਦੀ ਮਾਂ ਦੀ ਗੋਦ ਵਿੱਚ ਸੁੱਤੇ ਪਏ ਮਾਸੂਮ ਜਹੇ ਬੱਚੇ ਵੱਲ ਦੇਖਦਾ । ਕਦੀ ਆਪਣੀ ਮੈਲੀ ਚੁੰਨੀ ਨਾਲ ਅੱਖਾਂ ਸਾਫ ਕਰ ਰਹੀ ਬਜੁਰਗ ਅੌਰਤ ਵੱਲ ਤੇ ਕਦੀ ਖੂੰਜੇ ਵਿੱਚ ਲੱਗੇ ਸਿੱਕੇ ਗਿਣ ਰਹੇ ਭਿਖਾਰੀ ਵੱਲ ਦੇਖਦਾ । ਆਪਣੇ ਆਪ ਨੂੰ ਮਨ ਹੀ ਮਨ ਕੋਸਣ ਲੱਗਾ "ਹਾਏ  ਰੱਬਾ ਮੇਰਿਆ... ਇਹ ਮੇਰੇ ਕੋਲੋਂ ਕੀ ਅਨਰਥ ਹੋਣ ਲੱਗਾ ਸੀ... ਅੱਜ ਇਕ ਦੁਖਿਆਰੀ ਮਾਂ ਨੇ ਤੇ ਇਹਨਾਂ ਭੋਲੇ ਲੋਕਾਂ ਨੇ ਮਰ ਜਾਣਾ ਸੀ । ਮੈਂ ਆਪਣੇ ਟੱਬਰ ਤੇ ਕੌਮ ਦੇ ਕਾਤਿਲ ਇਹਨਾ ਲੋਕਾਂ ਨੂੰ ਸਮਝ ਬੈਠਾ...  ਅੱਜ ਮੈਂ ਵੀ ਇਕ ਕਾਤਿਲ ਬਣ ਜਾਣਾ ਸੀ । ਮੈਂ ਹੁਣ ਇਹ ਪਾਪ ਨਹੀ ਕਰ ਸਕਦਾ ।" ਉਸ ਨੂੰ ਲੱਕ ਨਾਲ ਬੰਨ੍ਹਿਆ ਬੰਬ ਕੰਡਿਆਲੀ ਵਾੜ ਵਾਂਗ ਜਾਪਣ ਲੱਗਾ, ਜੋ ਉਸ ਦੀ ਆਤਮਾ ਨੂੰ ਲਗਾਤਾਰ ਪਿੰਜ ਰਿਹਾ ਸੀ ।

ਕੰਡਕਟਰ ਨੇ ਆਵਾਜ਼ ਲਗਾਈ, " ਓ ਬਾਈ ! ਕੱਚੀ ਪੁਲ਼ੀ ਵਾਲੇ ਬਾਰੀ ਲਾਗੇ-ਲਾਗੇ ਖੜੇ ਹੋ ਜਾਉ । ਬੱਸ ਜਿ਼ਆਦਾ ਦੇਰ ਨੀ ਰੁਕਣੀ ।"

ਮੁਸਾਫਿਰ ਕੰਡਕਟਰ ਦੀ ਅਵਾਜ਼ ਦੇ ਨਾਲ ਸੋਚਾਂ ਵਿਚੋਂ ਬਾਹਰ ਆ ਗਿਆ ਤੇ ਮਨ ਹੀ ਮਨ ਵਿੱਚ ਰੱਬ ਦਾ ਸ਼ੁਕਰ ਕੀਤਾ । ਮੁਸਾਫਿਰ ਨੇ ਬਜੁਰਗ ਅੌਰਤ ਦੇ ਪੈਰੀਂ ਹੱਥ ਲਾਇਆ ਤੇ ਗਲਾ ਭਾਰਾ ਕਰ ਕੇ ਕਿਹਾ, " ਚੰਗਾ ਮਾਂ... ਹੁਣ ਮੈਂ ਚੱਲਦਾਂ, ਮੈਂ ਇਥੇ ਹੀ ਉਤਰਨਾ ਆ... ਆਪਣਾ ਖਿਆਲ਼ ਰੱਖੀ... ।"

"ਚੰਗਾ ਪੁੱਤ ਜਿਉਦਾ ਰਹਿ... ਜਵਾਨੀਆ ਮਾਣ...", ਬਜੁਰਗ ਮਾਈ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਅਸੀਸਾਂ ਦਿੱਤੀਆਂ । ਮੁਸਾਫਿਰ ਨੇ ਉਸ ਦੇ ਬਰਾਬਰ ਵਾਲੀ ਸੀਟ ਤੇ ਬੈਠੀ ਕਾਲਜ ਦੀ ਕੁੜੀ ਵੱਲ ਦੇਖਿਆ, ਜੋ ਹੁਣ ਬੱਸ ਤੋਂ ਬਾਹਰ ਦੇਖ ਰਹੀ ਸੀ ਤੇ ਫਿਰ ਬਾਅਦ ਵਿੱਚ ਮੁਸਾਫਿਰ ਨੇ ਉਸ ਵੱਲ ਪਿੱਠ ਕਰ ਲਈ । ਨਾਲ ਦੀ ਹੀ ਸੀਟ ਤੇ ਮਾਂ ਦੀ ਗੋਦ ਵਿੱਚ ਸੌਂ ਰਹੇ ਬੱਚੇ ਦੇ ਸਿਰ ‘ਤੇ ਪਿਆਰ ਨਾਲ ਹੱਥ ਰੱਖਿਆ ਤੇ ਉਸ ਦੀ ਮਾਂ ਨੂੰ ਅਲਵਿਦਾ ਕਿਹਾ । ਮੁਸਾਫਿਰ ਨੇ ਜੇਬ ਵਿੱਚ ਹੱਥ ਪਾਇਆ ਤੇ ਆਪਣੀ ਜੇਬ ਦੇ ਸਾਰੇ ਸਿੱਕੇ ਭਿਖਾਰੀ ਦੇ ਹੱਥ ‘ਤੇ ਰੱਖ ਦਿੱਤੇ । ਪੈਸੇ ਦੇਖ ਕੇ ਭਿਖਾਰੀ ਦੀਆ ਅੱਖਾਂ ਵਿੱਚ ਚਮਕ ਆ ਗਈ ਤੇ ਕਹਿਣ ਲੱਗਾ, "ਰੱਬ ਤੁਹਾਨੂੰ ਖੁਸ਼ ਰੱਖੇ ਬਾਊ ਜੀ ।" 

ਬੱਸ ਹੌਲੀ ਹੁੰਦੀ ਹੋਈ ਆਖਰ ਰੁਕ ਗਈ । ਬੱਸ ਚੋਂ ਉਤਰਦਿਆ ਹੀ ਮੁਸਾਫਿਰ ਨੇ ਭਰੇ ਮਨ ਨਾਲ ਇਸ ਸੰਕਟ ‘ਚੋਂ ਨਿਕਲਣ ਲਈ ਰੱਬ ਦਾ ਸ਼ੁਕਰਾਨਾ ਕੀਤਾ । ਬੱਸ ਨੇ ਫਿਰ ਕਾਲਾ ਜਿਹਾ ਧੂੰਆ ਕੱਢਿਆ ਤੇ ਤੁਰ ਪਈ । ਵੇਖਦਿਆਂ ਵੇਖਦਿਆਂ ਬੱਸ ਉਸਦੀਆਂ ਅੱਖਾਂ ਤੋਂ ਦੂਰ ਹੋ ਗਈ ਤੇ ਗਹਿਰੀ ਧੁੰਦ 'ਚ ਜਾ ਸਮਾਈ । ਮੁਸਾਫਿਰ ਦੀਆਂ ਅੱਖਾਂ ਵਿੱਚ ਨਮੀ ਤੇ ਉਸਦਾ ਗਲਾ ਖੁਸ਼ਕ ਹੋ ਰਿਹਾ ਸੀ । ਅਚਾਨਕ ਉਸਦੇ ਮੋਬਾਇਲ ਦੀ ਘੰਟੀ ਫਿਰ ਵੱਜੀ । ਮੁਸਾਫਿਰ ਨੇ ਭਰੇ ਜਿਹੇ ਮਨ ਨਾਲ ਜਵਾਬ ਦਿੱਤਾ, "ਮੇਰੇ ਕੋਲ ਇਹ ਕੰਮ ਨੀ ਹੋਣਾ"

"ਕੀ ਮਤਲਬ ! ਕੰਮ ਨੀ ਹੋਣਾ ?" ਕਮਾਂਡਰ ਹੈਰਾਨ ਹੋ ਕੇ ਬੋਲਿਆ, “ਓ ਮੇਰੇ ਬੱਚਿਆ ! ਕੀ ਹੋ ਗਿਆ ਤੈਨੂੰ ? ਰੱਬ ਨੇ ਤੈਨੂੰ ਇਨ੍ਹਾਂ ਸੋਹਣਾ ਮੌਕਾ ਦਿੱਤਾ ਉਏ... ਹਿਸਾਬ ਚੁਕਤਾ ਕਰਨ ਲਈ ਤੇ ਤੂੰ ਮੌਕਾ ਖੁੰਝਾ ਦਿੱਤਾ... ਲਾਹਨਤ ਆ ਤੇਰੇ ਤੇ... ਤੇਰੇ ਵਰਗੇ ਨੌਜਵਾਨ ਸਾਡੀ ਕੌਮ ਵਿੱਚ ਪੈਦਾ ਹੋਣ ਲੱਗੇ ਤਾਂ ਸਮਝੋ ਅੰਤ ਹੈ ਕੌਮ ਦਾ... ਤੇਰੇ ਟੱਬਰ ਦੀਆਂ ਰੂਹਾਂ ਕੀ ਸੋਚਦੀਆਂ ਹੋਣਗੀਆਂ ?"

"ਮੋਏ ਟੱਬਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਬੱਸ ਵਿੱਚ ਕਿਸੇ ਦੀ ਮਾਂ, ਭੈਣ, ਪਤਨੀ, ਬਾਪ, ਭਰਾ ਤੇ ਮਾਸੂਮ ਬੱਚੇ ਬੈਠੇ ਸਨ ।  ਉਹ ਮੈਨੂੰ ਆਪਣੇ ਟੱਬਰ ਵਾਂਗ ਲੱਗੇ... ਮੈਂ ਆਪਣੇ ਟੱਬਰ ਦਾ ਕਤਲ ਨਹੀ ਕਰ ਸਕਦਾ ।"

"ਕੁਫਰ ਬੋਲਦਾ ਪਿਆਂ ਤੂੰ..." ਕਮਾਂਡਰ ਇਸ ਵਾਰ ਬਹੁਤ ਤੱਤਾ ਹੋ ਕੇ ਬੋਲਿਆ, "ਉਹ ਕਾਫਿਰ ਸਨ, ਸਾਡੇ ਦੁਸ਼ਮਣ । ਜਿਹਨਾਂ ਨੇ ਸਾਡੇ  ਭੈਣ ਭਰਾਵਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ... ਹੁਣ ਰੱਬ ਦੇ ਘਰ ਤੇਰੇ ਲਈ ਕੋਈ ਜਗ੍ਹਾ  ਨਹੀਂ...  ਤੇਰੇ ਲਈ ਜੰਨਤ ਦੇ ਦਰਵਾਜ਼ੇ ਸਦਾ-ਸਦਾ ਲਈ ਬੰਦ ।"

"ਕਿਸ ਜੰਨਤ ਦੀ ਗੱਲ ਕਰ ਰਿਹਾ ਤੂੰ ?"  ਮੁਸਾਫਿਰ ਵੀ ਗੁੱਸੇ ਵਿੱਚ ਆ ਗਿਆ, ''ਤੁਹਾਡੀ ਦੱਸੀ ਜੰਨਤ ਨਾਲੋਂ ਸੋਹਣੀ ਜੰਨਤ ਦੇਖੀ ਮੈਂ ਬੱਸ ਵਿੱਚ... ਇਕ ਬੱਚੇ ਦੀ ਮੁਸਕਾਨ ਵਿੱਚ ਮੈਂ ਰੱਬ ਦਾ ਵਾਸਾ ਦੇਖਿਆ... ਇਕ ਸੋਹਣੀ ਕੁੜੀ... ਜਿਸ ਦੀਆਂ ਅਦਾਵਾਂ ਜੰਨਤ ਦੀਆਂ ਹੂਰਾਂ ਨਾਲੋਂ ਵੀ ਵੱਧ  ਹਸੀਨ ਸਨ ਤੇ ਅਸਲੀ ਜੰਨਤ ਇਕ ਮਾਂ ਦੇ ਪੈਰਾਂ ਵਿੱਚ ਸੀ... ਇਸ ਤੋ ਵੱਧ ਮੈਂ ਹੁਣ ਹੋਰ ਕੁਝ ਨਹੀਂ ਦੇਖਣਾ ਚਾਹੁੰਦਾ । ਜੇ ਤੁਸੀ ਵੀ ਜੰਨਤ ਦੇਖਣੀ ਐ ਤਾਂ ਮੇਰੇ ਨਾਲ ਆ ਜਾਓੁ...।"

"ਰੱਬ ਤੋਂ ਡਰ... ਤੈਨੂੰ ਤੇਰੇ ਕੀਤੇ ਦੀ ਸਜ਼ਾ ਜਰੂਰ ਮਿਲੇਗੀ... " ਕਮਾਂਡਰ ਗੁੱਸੇ ਨਾਲ ਚੀਖ ਰਿਹਾ ਸੀ ।

ਮੁਸਾਫਿਰ ਨੇ ਲੱਕ ਨਾਲੋ ਬੰਬ ਖੋਲਿਆ ਤੇ ਬੰਬ ਦਾ ਕੱਲਾ ਕੱਲਾ ਪੁਰਜ਼ਾ ਉਧੇੜ ਕੇ ਰੱਖ ਦਿੱਤਾ । ਫਿਰ ਚੱਕ ਕੇ ਪੁਲੀ ਤੋਂ ਥੱਲੇ ਵਾਲੀ ਨਹਿਰ ਵਿੱਚ ਮਾਰਿਆ  ਤੇ ਕਮਾਂਡਰ ਨੂੰ ਚੀਖ ਕੇ ਬੋਲਿਆ, "ਆਹ ਚੱਕ ਆਪਣੇ ਰੱਬ ਨੂੰ ਮਿਲਣ ਦਾ ਸਮਾਨ ।" ਫਿਰ ਮੋਬਾਇਲ ਵੀ ਚੱਕ ਕੇ ਨਹਿਰ ਵਿੱਚ ਮਾਰਿਆ ਤੇ ਚਿਲਾਇਆ, “ਤੂੰ ਵੀ ਚੱਲ ਨਹਿਰ ਵਿੱਚ... ।"

ਫਿਰ ਮੁਸਾਫਿਰ ਨੇ ਆਪਣੀ ਲੋਈ ਚੁੱਕੀ ਤੇ ਤੁਰ ਪਿਆ ਜੰਨਤ ਵੱਲ... ਇਕ ਅਸਲੀ ਜੰਨਤ ਵੱਲ...  ।

****