ਸੱਘੇ ਅਮਲੀ ਦਾ ਸਵੰਬਰ.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ

ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ?
-"ਲੈ ਬਈ ਗੱਲ ਸੁਣ ਲਓ ਇੱਕ..!" ਘੁੱਕਰ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾੜ੍ਹੀ 'ਤੇ ਬੜੀ ਬੇਕਿਰਕੀ ਨਾਲ਼ ਹੱਥ ਫ਼ੇਰਿਆ ਸੀ।
-"ਬੋਲ...?" ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-"ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ 'ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ 'ਤੇ..!"
-"ਉਹ ਕਿਹੜੇ..? ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਤੂੰ ਵੀ ਨਾ ਵਿਗੜ ਜੇਂ..?" ਦਲੀਪ ਡਰਿਆਂ ਵਾਂਗ ਬੋਲਿਆ।
-"ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!" ਕਿਸੇ ਨੇ ਕਿਹਾ।
-"ਕੀਹਦਾ ਸਤੰਬਰ..?" ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-"ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!" ਧੂਤੂ ਨੇ ਉਸ ਦੀ ਧੌਣ 'ਤੇ ਧੱਫ਼ੀ ਜਿਹੀ ਮਾਰੀ।
-"ਉਹ ਕੀ ਹੁੰਦੈ..?" ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-"ਉਹ ਹੁੰਦੈ, ਜਦੋਂ ਵੱਡੇ ਲੋਕ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ..!" ਦੂਰ ਤਖ਼ਤਪੋਸ਼ 'ਤੇ ਬੈਠਾ ਪਾੜ੍ਹਾ ਬੋਲਿਆ।
-"ਬੜੀ ਲਹੁਡੀ ਦੇਣੇ ਐ ਬਈ ਫ਼ੇਰ ਤਾਂ..!"
-"ਉਏ ਛੋਛੇ ਕਰਦੇ ਐ, ਛੋਛੇ..! ਜੇ ਰੱਬ ਸਾਨੂੰ ਇਕ ਅੱਧੀ ਬਗਛ ਦਿੰਦਾ, ਮੈਂ ਤਾਂ ਛੈਂਕਲ 'ਤੇ ਬਿਠਾ ਕੇ ਈ ਲੈ ਆਉਂਦਾ..! ਪਰ ਸਹੁਰੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਸਾਡੀ ਕਿਛਮਤ 'ਚ..! ਸਾਡੇ ਵਾਰੀ ਪਤਾ ਨ੍ਹੀ ਸਾਲ਼ੇ ਨੂੰ ਕੀ ਮਰੋੜੇ ਲੱਗੇ ਵੇ ਸੀ, ਲੋਕ ਦੋ-ਦੋ ਲਈ ਬੈਠੇ ਐ..!"
-"ਕੀ ਗੱਲਾਂ ਚੱਲ ਰਹੀਐਂ..?" ਦੂਰੋਂ ਆਉਂਦੇ ਘੁੱਕਰ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ।
-"ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ..!" ਪਾੜ੍ਹੇ ਨੇ ਉੱਤਰ ਦਿੱਤਾ।
-"ਕੀ ਰਚਾਉਣ ਦੀਆਂ..?"
-"ਤੇਰੇ ਵਿਆਹ ਦੀਆਂ ਚਾਚਾ..!"
-"ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ..! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!"
-"ਕਿਉਂ ਚਾਚਾ..?"
-"ਮੈਂ ਸੋਚਿਆ ਕਿਤੇ ਕੰਜਰ ਮੇਰੇ ਅੰਤਮ ਛਛਕਾਰ ਦੀਆਂ ਤਿਆਰੀਆਂ ਕਰਦੇ ਐ..!" ਘੁੱਕਰ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-"ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾਂ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..!"
-"ਕੀ ਕਰੀਏ? ਕੋਈ ਬੱਸ ਨ੍ਹੀ ਚੱਲਦਾ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲ਼ੋਂ ਭੈੜ੍ਹੇ ਹੋਏ ਪਏ ਐਂ..!"
-"ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!" ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-"ਹੁਣ ਤੱਕ ਤਾਂ ਕੀਤੀ ਨ੍ਹੀ..! ਹੁਣ ਐਸ ਉਮਰ 'ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ..?" ਸੱਘੇ ਦਾ ਕਾਲ਼ਜਾ ਡੋਲਿਆ।
-"ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ..!"
-"ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ ਪੌਅ ਈ ਐ..!"
-"ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ!"
-"ਸਾਰਿਆਂ ਦਾ ਕਿਵੇਂ ਹੋਊ..?"
-"ਅਜੇ ਇਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ..!"
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ, "ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ਼ ਮਲ਼ ਕੇ ਨੁਹਾਓ ਪਹਿਲਾਂ! ਇਹਦੇ ਕੋਲ਼ੇ ਤਾਂ ਸਾਲ਼ਾ ਕੋਈ ਕੁੱਤਾ ਨੀ ਬਹਿੰਦਾ..!" ਧੂਤੂ ਨੇ ਆਖਿਆ।
-"ਨਹਾਉਣ ਤੋਂ ਪਹਿਲਾਂ ਮੇਰੇ ਗੋਲ਼ੀ ਮਾਰ ਦਿਓ, ਖਸਮੋਂ..!" ਸੱਘਾ ਪਿੱਟਿਆ। ਉਹ ਨਹਾਉਣ ਤੋਂ ਤੀਰ ਵਾਂਗ ਚੱਲਦਾ ਸੀ।
-"ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਹੁਣ ਸਾਲ਼ਾ ਨ੍ਹਾਉਣ ਤੋਂ ਵੀ ਭੱਜਦੈ..! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!" ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲ਼ੇ ਵਾੜੇ ਲੈ ਗਈ ਅਤੇ ਕੁਰਲਾਉਂਦੇ ਅਮਲੀ ਨੂੰ ਮਲ਼-ਮਲ਼ ਸਾਬਣ ਨਾਲ਼ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ!
-"ਉਏ ਆਹ ਹੇਠੋਂ ਪੀਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?" ਅਮਲੀ ਦੀ ਮੈਲ਼ ਥੱਲਿਓਂ ਉਹਨਾਂ ਨੂੰ ਕੁਝ ਨਜ਼ਰੀਂ ਪਿਆ।
-"ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ...! ਸਾਲ਼ਾ ਨ੍ਹਾਤਾ ਚਾਨਣੀ ਦਿਵਾਲ਼ੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫਿ਼ਰਦੈ..!" ਜੂਪੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ, "ਦੇਖ ਸਾਲ਼ੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!"
-"ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ..!"
-"ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲ਼ਾ ਮਲੰਗ..!"
-"ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!" ਅਮਲੀ ਦੇ ਦੰਦ ਵੱਜੀ ਜਾ ਰਹੇ ਸਨ।
-"ਸਾਲਿ਼ਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੀ ਮੈਲ਼ ਲਾਹਤੀ..!"
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲ਼ੀ ਮੱਝ ਵਾਂਗ ਲਿਸ਼ਕਣ ਲੱਗ ਪਿਆ। ਪਟੜੀਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ਢੰਡੋਰਾ ਪਿਟਵਾ ਦਿੱਤਾ ਅਤੇ ਛੱਡੀਆਂ ਛੁਡਾਈਆਂ ਅੱਧਖੜ੍ਹ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ। ਅਮਲੀ ਦੇ ਐਡਰੈੱਸ 'ਤੇ 25-25 ਪੈਸੇ ਦੇ 'ਦੇਸੀ' ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, "ਇਹ ਕਾਅਟ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ..!"
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ 'ਪਤਨੀਆਂ' ਲਈ ਸਮਾਂ 'ਮੁਕੱਰਰ' ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲ਼ੀ ਮਾਰ ਕੇ ਮੰਜੀ ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, "ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!"
-"ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ...! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ..!" ਅਮਲੀ ਦੇ ਮਨ ਨੂੰ ਵੀ ਸ਼ਾਂਤੀ ਆ ਗਈ ਸੀ।
-"ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!" 'ਹੋਰ' ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ 'ਤੇ ਫਿ਼ਰ ਬਿਰਾਜ ਗਿਆ। ਪਾੜ੍ਹੇ ਨੇ ਚੇਤੋ ਦੀ 'ਇੰਟਰਵਿਊ' ਕਰਨੀ ਸ਼ੁਰੂ ਕਰ ਦਿੱਤੀ।
-"ਕੀ ਨਾਂ ਐਂ ਜੀ ਆਪਣਾ..?"
-"ਵੇ ਭਾਈ ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ ਈ ਆਖਣਾ ਸ਼ੁਰੂ ਕਰਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਦ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ?"
-"ਕਿੰਨੀ ਉਮਰ ਐ ਜੀ ਤੁਹਾਡੀ..?"
-"ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ ਗੁੱਲੇ ਵੇਲ਼ੇ ਦੈ..!" ਚੇਤੋ ਨੇ ਤੁਰੰਤ ਉੱਤਰ ਮੋੜਿਆ।
-"ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?"
-"ਵੇ ਮੈਂ ਜੋਗਾ ਕਿੱਥੇ ਕਰਨਾ ਸੀ ਭਾਈ..? ਮੈਂ ਤਾਂ 'ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ...!" ਚੇਤੋ ਦੇ ਦੱਸਣ 'ਤੇ ਅਮਲੀ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ 'ਤੇ ਉਹ ਫਿ਼ਰ ਸੁਰਤ ਫ਼ੜ ਗਿਆ।
-"ਘਰ ਦੇ ਕੰਮ ਕਾਰ 'ਚ ਕਿੰਨੇ ਕੁ ਨਿਪੁੰਨ ਓਂ..?"
-"ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ 'ਚ ਸਿੱਟ ਲੈਨੀ ਆਂ, ਬੰਦਾ ਤਾਂ ਮੇਰੇ ਕੀ ਯਾਦ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਮਿਰਗੀ ਆਲਿ਼ਆਂ ਮਾਂਗੂੰ ਡਰਦਾ ਸਾਹ ਈ ਘੁੱਟ ਗਿਆ ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਫ਼ੜ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲ਼ਾ ਸਾਡੇ ਆਲ਼ੇ ਦੁਆਲ਼ੇ ਗੇੜੇ ਕੱਢਦਾ ਭੱਜਿਆ ਫਿ਼ਰੇ! ਉਹ ਤਾਂ ਬਣਿਆਂ ਫਿ਼ਰੇ ਊਰੀ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ? ਤੂੰ ਪੁਲ਼ਸ ਨੂੰ ਬੁਲਾ ਕੇ ਲਿਆ, ਘਰਆਲ਼ਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ! ਤੇ ਚੋਰ ਬਣਾ ਸਮਾਰ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾਜੋ, ਪਰ ਵੀਰ ਜੀ ਬਣ ਕੇ ਆਹ ਪੰਜ ਮਣ ਭਾਰ ਮੇਰੇ ਤੋਂ ਲਾਹੋ..! ਮੈਂ ਤਾਂ ਐਨੀ ਘੈਂਟ ਐਂ ਭਾਈ..!"
-"ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..!" ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ।
-"ਤੂੰ ਚੁੱਪ ਕਰ ਚਾਚਾ..! ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?"
-"ਵੇ ਸੇਵਾ ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ ਧੁਆਊਂ ਵੀ, ਤੇ...!"
-"ਪਾੜ੍ਹਿਆ ਇਹ ਵੀ ਨ੍ਹਾਉਣ ਧੋਣ 'ਤੇ ਆਗੀ...!" ਅਮਲੀ ਨੇ ਵਿਚ ਦੀ ਫਿ਼ਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-"ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨਹਾਉਣ ਧੋਣ ਤੋਂ ਚੱਲਦੈ...!" ਪਾੜ੍ਹੇ ਨੇ ਹੱਸ ਕੇ ਕਿਹਾ।
-"ਨ੍ਹਾਊ ਕਿਵੇਂ ਨ੍ਹੀ ਇਹੇ..? ਮੈਂ ਪੁਲ਼ਸ ਵਾਲਿ਼ਆਂ ਮਾਂਗੂੰ ਮੂਧਾ ਨਾ ਸਿੱਟਲੂੰ ਔਤਾਂ ਦੇ ਜਾਣੇ ਨੂੰ..! ਇਹ ਤਾਂ ਫਿ਼ਰੂ ਵਿਹੜੇ 'ਚ ਹੋਲੀ ਖੇਡਦਾ..!"
-"ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲ਼ੈ..!"
-"ਤੂੰ ਚੁੱਪ ਕਰਜਾ ਪਿਉ ਮੇਰਿਆ..! ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?" ਪਾੜ੍ਹੇ ਨੇ ਮੁਲਾਕਾਤ ਨੂੰ ਅੱਗੇ ਤੋਰਿਆ।
-"ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ!"
-"ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲ਼ਾਂ ਕਲਾਂ ਸਪੂਰਨ ਹੋ ਜਾਂਦੈ..!" ਅਮਲੀ ਫ਼ੇਰ ਬੋਲ ਪਿਆ।
-"ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗਿਆ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..!"
-"ਫ਼ੇਰ..?"
-"ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਖੁਰਨੀ 'ਚ ਤੇ ਉਪਰਲੀ ਸਾਰੀ ਦੰਦਬੀੜ੍ਹ ਤੋੜਤੀ, ਘਰੋਂ ਭੱਜਣ ਤੱਕ ਬਲ਼ਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ਼ ਈ ਲੰਗਰ ਝੁਲਸਦਾ ਰਿਹੈ..!" ਆਖ ਕੇ ਚੇਤੋ ਕਮਲਿ਼ਆਂ ਵਾਂਗ ਹੱਸੀ।
-"ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ ਚਪੱਠੀ ਪਾ..! ਇਹਨੂੰ ਝੱਗਾ ਡਬੱਟਾ ਦੇ ਕੇ ਘਰੋਂ ਤੋਰ..!" ਚੇਤੋ ਦੀਆਂ 'ਪ੍ਰਾਪਤੀਆਂ' ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-"ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ..?" ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-"ਮਾੜੇ ਧੀੜੇ ਨਾਂ ਨਾਲ਼ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਦੁਨੀਆਂ ਜਿਉਣ ਦਿੰਦੀ ਐ..! ਨਾਂ ਤਾਂ ਮੇਰਾ ਸ਼ਾਂਤੀ ਦੇਵੀ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾਤੀ!"
-"ਰੋਟੀ ਰਾਟੀ-!"
-"ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ ਵੀ ਬਣਾਊਂ..! ਜੇ ਪੀ ਕੇ ਕਹੂ ਮੈਨੂੰ ਬੋਤਲ 'ਚੋਂ ਆਬਦੇ ਹੱਥ ਨਾਲ਼ 'ਪੇਕ' ਪਾ ਕੇ ਦੇਹ, ਫ਼ੇਰ ਭਾਈ ਬੰਦੇ ਦਾ ਪੁੱਤ ਵੀ ਬਣਾਊਂ..!"
-"ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ...?"
-"ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲ਼ੇ ਨੂੰ ਡੋਡੇ ਪੀਸ ਪੀਸ ਕੇ ਪਿਆਉਂਦੀ ਰਹੀ ਐਂ..!"
-"ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..!" ਅਮਲੀ ਨੇ ਕਿਹਾ।
-"ਉਹਨਾਂ ਦੀ ਮੌਤ ਕਿਵੇਂ ਹੋਈ..?" ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-"ਵੇ ਭਾਈ ਇਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ 'ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆਤੇ! ਫ਼ੇਰ ਵੀ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ! ਕੁੱਟ ਕੇ ਉਹਨੇ ਤਾਂ ਬਣਾਤੀ ਮੇਰੀ ਗਿੱਦੜਪੀੜ੍ਹੀ..! ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ! ਮੈਂ ਚੱਕਿਆ ਘੋਟਣਾਂ ਤੇ ਪੁੜਪੜੀ 'ਚ ਪਾਅਤਾ ਚਿੱਬ! ਬੋਲਤੀ ਸੋ ਨਿਹਾਲ! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ 'ਦਾਅੜ' ਦੇਣੇ ਡਿੱਗਿਆ, ਮੁੜ ਨ੍ਹੀ ਉਠਿਆ!"
-"ਤੀਮੀਂ ਮੈਨੂੰ ਇਹ ਵੀ ਖੜੱਪਾ ਈ ਲੱਗਦੀ ਐ, ਪਾੜ੍ਹਿਆ! ਸਿ਼ਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫਿ਼ਰਦੀ ਲੱਗਦੀ ਐ..! ਧਿਆਨ ਨਾਲ਼ ਮੇਰਾ ਬੀਰ! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ 'ਖੰਡ ਪਾਠ ਨਾ ਖੋਲ੍ਹਣਾਂ ਪਵੇ? ਕਰਦੇ ਫਿ਼ਰੋਂਗੇ ਲੱਕੜਾਂ ਦਾ ਪ੍ਰਬੰਧ!" ਅਮਲੀ ਵਿਚ ਦੀ ਫਿ਼ਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ 'ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-"ਤੂੰ ਚੁੱਪ ਵੀ ਕਰ ਚਾਚਾ..!" ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-"ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?" ਉਸ ਨੇ ਅਗਲਾ ਸੁਆਲ ਕੀਤਾ।
-"ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲ਼ਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਨੂੰ ਜਾਣੇ!" ਉਸ ਨੇ ਬੜੇ ਮਜਾਜ ਨਾਲ ਕਿਹਾ।
-"ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!"
-"ਵੇ ਭਾਈ ਇਕ ਗੱਲ ਦੱਸ..?"
-"ਪੁੱਛੋ..!" ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-"ਮੈਨੂੰ ਵਿਆਹ ਕਰਨ ਆਲ਼ਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ ਕਿ ਬਿਆਹ ਕਰਵਾਉਣ ਆਲ਼ਾ ਤੂੰ ਈ ਐਂ...?" ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ਼ ਝਾਕਦੀ ਬੋਲੀ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-"ਨਹੀਂ ਜੀ...! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!" ਉਸ ਨੇ ਸਤਮਾਂਹੇਂ ਜਿਹੇ ਅਮਲੀ ਵੱਲ ਹੱਥ ਕਰਕੇ ਦੱਸਿਆ।
-"ਐਹਨੇ...? ਵੇ ਇਹਦੇ ਮੂੰਹ 'ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!" ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, "ਇਹ ਤਾਂ ਹੋਰ ਈ ਖੱਖਰ ਖਾਧਾ ਜਿਐ, ਇਹਦੇ ਨਾਲ਼ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!" ਤੇ ਉਹ 'ਦੰਮ-ਦੰਮ' ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਅਤੇ ਅਮਲੀ ਠੱਗਿਆਂ ਵਾਂਗ ਝਾਕ ਰਹੇ ਸਨ।
-"ਲੈ ਕਰਵਾ ਲਓ ਸਤੰਬਰ ਭੈਣ ਦੇ ਮੁੰਡਿਆਂ ਈ ਯਾਹਵੇ..! ਅੱਗੇ ਪਿੰਡ ਦੀਆਂ ਭਰਜਾਈਆਂ ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿ਼ਆਂ ਨੇ ਬਾਹਰਲੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!"
ਘੋਰ ਨਿਰਾਸ਼ ਹੋਇਆ ਅਮਲੀ ਸੱਥ ਵੱਲ ਨੂੰ ਤੁਰ ਪਿਆ।

ਕਬਾੜ ਦਾ ਜੁਗਾੜ.......... ਵਿਅੰਗ / ਨਿਰਮਲ ਜੌੜਾ

ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ ਵਾਲੇ ਕਿੰਨੇ ਮਹਿੰਗੇ ਭਾਅ ਕਬਾੜ ਖਰੀਦ ਰਹੇ ਆ,
ਪੰਜਾਹ ਰੁਪਏ ਕਿਲੋ ਪੁਰਾਣੇ ਅਖ਼ਬਾਰ, ਦੋ ਸੌ ਰੁਪਏ ਕਿਲੋ ਪਲਾਸਟਿਕ , ਟੁੱਟੀਆਂ ਚੱਪਲਾਂ, ਬੂਟ ਤੇ ਜੁੱਤੀਆਂ, ਢਾਈ ਸੌ ਰੁਪਏ ਕਿਲੋ ਪੁਰਾਣੇ ਟਾਇਰ ਟਿਊਬਾਂ, ਤਿੰਨ ਸੌ ਰੁਪਏ ਕਿਲੋ ਪੁਰਾਣੇ ਕੱਪੜੇ ਮੈਂ ਤਾਂ ਜੀ ਅੱਕੀ ਪਈ ਸੀ। ਬਈ ਇੰਨਾਂ ਨੂੰ ਸਿੱਟਾਂ ਤਾਂ ਸਿੱਟਾਂ ਕਿਥੇ? ਪੁਰਾਣੇ ਕੱਪੜੇ ਤਾਂ ਹੁਣ ਕੰਮ ਵਾਲੀਆਂ ਵੀ ਨੀ ਲੈ ਕੇ ਜਾਂਦੀਆਂ ਤੇ ਆਹ ਦੇਖ ਲਓ ਕਿ ਅੱਜ ਮਲਟੀ ਨੈਸ਼ਨਲ ਕੰਪਨੀਆਂ ਦਾ ਕਮਾਲ, ਨਵਿਆਂ ਤੋਂ ਵੀ ਮਹਿੰਗਾ ਵਿਕੂ ਇਹ ਸਭ ਕੁਝ। ’’
ਮੇਰੇ ਚਾਹ ਪੀਦਿਆਂ ਪੀਦਿਆਂ ਉਹਨੇ ਇਧਰ ਉਧਰ ਪਿਆ ਪੁਰਾਣਾ ਸਮਾਨ ਚੱਕ ਚੱਕ ਵੇਖਣਾ ਸ਼ੁਰੂ ਵੀ ਕਰਤਾ। ਕਿਸੇ ਵੱਡੀ ਲਾਟਰੀ ਦੇ ਨਿਕਲਣ ਵਾਂਗ ਬਾਗੋ ਬਾਗ ਹੋਈ ਉਹ ਮੈਨੂੰ ਸਕੂਲ ਜਾਂਦੇ ਬੱਚੇ ਵਾਂਗ ਵਾਰ ਵਾਰ ਸਮਝਾ ਰਹੀ ਸੀ , ‘‘ ਪੂਰੇ ਪੰਜ ਵਜੇ ਆ ਜਾਇਓ। ਭੀੜ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਈਏ ਆਪਾਂ ਤਾਂ ਠੀਕ ਹੈ। ਇਹੋ ਜੀ ਸਕੀਮ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ। ’’
ਮੈਂ ਇਸ਼ਤਿਹਾਰ ਨੂੰ ਇਕ ਵਾਰ ਫਿਰ ਗੌਰ ਨਾਲ ਵੇਖਿਆ ‘ਗੱਲ ਤਾਂ ਠੀਕ ਆ’ ਇਕੱਲੀ ਇਕੱਲੀ ਚੀਜ਼ ਦੇ ਭਾਅ ਸਪਸ਼ਟ ਲਿਖੇ ਸੀ। ਪਰ ਇਸ ਭਾਅ ਕਬਾੜ ਖਰੀਦ ਕੇ ਸੁਪਰ ਡੁਪਰ ਬਜ਼ਾਰ ਨੂੰ ਕੀ ਬਚੂ ਇਸ ਸੌਦੇ ਵਿੱਚ ? ਸੋਚਦਾ ਸੋਚਦਾ ਮੈਂ ਡਿਪਾਰਟਮੈਂਟ ਚਲਾ ਗਿਆ।
ਤਿੰਨ ਕੁ ਵਜੇ ਸਰਦਾਰਨੀ ਦਾ ਫੋਨ ਆ ਗਿਆ, ‘ ਯਾਦ ਆ ਅੱਜ ਜਾਣਾ ਆਪਾਂ ਸੁਪਰ ਡੁਪਰ ਬਜ਼ਾਰ, ਮੈਂ ਤਾਂ ਸਾਰਾ ਸਮਾਨ ਕੱਢ ਲਿਆ, ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਨ ਇੱਕੇ ਗੇੜੇ ਵਿੱਚ ਲੈ ਜਾਈਏ ਪਰ ਸਮਾਨ ਹੈ ਜ਼ਿਆਦਾ। ਚਲ ਕੋਈ ਨੀ ਜਿੰਨਾਂ ਵੱਧ ਹਊ ਉਨਾਂ ਈ ਫਾਇਦਾ। ਇਸ ਭਾਅ ਮੁੜ ਕੇ ਨੀ ਵਿਕਣਾ ਜ਼ਿੰਦਗੀ ਵਿੱਚ ਕਬਾੜ। ਬੱਸ ਤੁਸੀਂ ਆ ਜਾਓ।। ਜਦ ਤੱਕ ਮੈਂ ਤੇ ਬਿਨੇ ( ਪੁੱਤਰ ) ਬਾਕੀ ਸਮਾਨ ਵੀ ਇਕੱਠਾ ਕਰ ਲਈਏ ’’।
ਆਪਣਾ ਭਾਸ਼ਣ ਦੇ ਕੇ ਉਹਨੇ ਫੋਨ ਕੱਟ ਦਿੱਤਾ। ਮੈਂ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿੱਚ ਜਾ ਕੇ ਇਕ ਵਾਰੀ ਫਿਰ ਉਹ ਇਸ਼ਤਿਹਾਰ ਦੇਖਿਆ, ਰੇਟ ਚੈੱਕ ਕੀਤੇ, ਹੁਣ ਮੈਂ ਵੀ ਪੱਕਾ ਮਨ ਬਣਾ ਲਿਆ ਸੁਪਰ ਡੁਪਰ ਬਜ਼ਾਰ ਵਿੱਚ ਕਬਾੜ ਵੇਚਣ ਦਾ ।
ਪੰਜ ਵਜੇ ਘਰ ਪਹੁੰਚਿਆ, ਕਬਾੜ ਨਾਲ ਪੂਰੀ ਤਰ੍ਹਾਂ ਲੈੱਸ ਕਾਰ ਦਰਵਾਜੇ ਮੂਹਰੇ ਖੜੀ ਸੀ। ਮੋਟਰ ਸਾਈਕਲ ਖੜਾ ਕਰਕੇ ਕਾਰ ਦੇ ਆਲੇ ਦੁਆਲੇ ਗੇੜਾ ਮਾਰਿਆ, ਤੂੜ ਤੂੜ ਕੇ ਕਬਾੜ ਭਰਿਆ ਪਿਆ ਸੀ। ਬਿਨੇ ਨੂੰ ਪਹਿਲਾਂ ਹੀ ਉਹਨੇ ਅਗਲੀਆਂ ਦੋਹਾਂ ਸੀਟਾਂ ਦੇ ਵਿਚਾਲੇ ਫਿਟ ਕਰਕੇ ਬਿਠਾਇਆ ਹੋਇਆ ਸੀ ਤੇ ਆਪ ਘਰ ਨੂੰ ਜ਼ਿੰਦਾ ਲਾ ਕੇ ਚਾਬੀ ਘੁਮਾਉਂਦੀ ਘੁਮਾਉਂਦੀ ਮੇਰੇ ਵੱਲ ਐਂ ਦੇਖ ਰਹੀ ਸੀ ਜਿਵੇਂ ਜੰਗਲ ’ਚ ਖੜਾ ਸ਼ਿਕਾਰੀ ਸਾਹਮਣੇ ਖੜੇ ਸ਼ਿਕਾਰ ਨੂੰ ਦੇਖਦਾ । ਮੈਂ ਅਜੇ ਚਾਹ ਪਾਣੀ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੇ ਪਹਿਲਾਂ ਹੀ ਜੋਤਸ਼ੀ ਵਾਂਗ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਹਾ, ‘ ਅੱਜ ਚਾਹ ਛੱਡੋ ਪਹਿਲਾਂ ਕਬਾੜ ਵੇਚ ਆਈਏ, ਆਉਂਦੇ ਹੋਏ ਕੌਫੀ ਪੀ ਲਵਾਂਗੇ ਕਿਤੋਂ , ਮੇਰਾ ਤਾਂ ਇਰਾਦਾ ਅੱਜ ਡਿਨਰ ਵੀ ਰੈਸਟੋਰੈਂਟ ਵਿੱਚ ਕਰਾਂਗੇ।।।। ਬਥੇਰੇ ਪੈਸੇ ਬਣ ਜਾਣੇ ਆਂ ਇਸ ਰੱਦੀ ਸਮਾਨ ਦੇ ’।
ਕਾਰ ਦੇ ਕੋਲ ਚਾਰ-ਪੰਜ ਗੱਠੜੀਆਂ ਕੱਪੜਿਆਂ ਦੀਆਂ ਬੰਨੀਆਂ ਪਈਆਂ ਸਨ। ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਕੇ ਉਹ ਆਖਣ ਲੱਗੀ ਲਓ ਹੁਣ ਮੈਨੂੰ ਫੜਾ ਦਿਓ ਇਹ ਗੱਠੜੀਆਂ। ਮੈਂ ਸਾਰੀਆਂ ਗੱਠੜੀਆਂ ਉਹਦੇ ਗੋਡਿਆਂ ਤੇ ਧਰ ਦਿੱਤੀਆਂ । ਗੱਠੜੀਆਂ ਥੱਲੇ ਉਹ ਮਾਂ-ਪੁੱਤ ਲੁਕੇ ਪਏ ਸਨ ਪਰ ਫਿਰ ਵੀ ਉਹ ਥੱਲਿਉਂ ਕੁਝ ਨਾ ਕੁਝ ਬੋਲੀ ਜਾਂਦੀ ਸੀ, ‘ ਕੋਈ ਨੀ ਬੱਸ ਸਾਹ ਆਉਣ ਜੋਗੀ ਜਗਾ ਹੈਗੀ।।। ਤੁਸੀਂ ਤੋਰੀ ਰੱਖੋ ਗੱਡੀ। ਦਸ ਮਿੰਟ ਔਖੇ ਹੋ ਲਾਂਗੇ। ਕਬਾੜ ਤਾਂ ਸਾਰਾ ਵਿਕ ਜਾਊ ।।।ਉਹ ਵੀ ਐਨੇ ਮਹਿੰਗੇ ਭਾਅ। ’ ਉਹ ਔਖੀ ਹੋ ਕੇ ਵੀ ਜੇਤੂ ਭਲਵਾਨ ਵਾਂਗ ਖੁਸ਼ ਸੀ।
ਡਰਾਈਵਰ ਸੀਟ ਤੇ ਇਕ ਤਾਂ ਮੈਂ ਬੈਠਾ ਬਹੁਤ ਔਖਾ ਸੀ ਤੇ ਦੂਜਾ ਕਾਰ ’ਚੋਂ ਮੁਸ਼ਕ ਮਾਰਨ ਲੱਗ ਪਿਆ, ਪਤਾ ਨੀ ਕਿੰਨਾ ਕਿੰਨਾ ਪੁਰਾਣਾ ਨਿੱਕ ਸੁੱਕ ਰੱਖਿਆ ਸੀ। ਮੇਨ ਰੋਡ ਤੇ ਚੜਦਿਆਂ ਹਿਲ ਹਿਲ ਕੇ ਕੁਝ ਸੈੱਟ ਹੋਏ। ਪਤਾ ਨਹੀਂ ਉਹਨੇ ਔਖੀ ਸੌਖੀ ਹੋ ਕੇ ਕਿਵੇਂ ਪਰਸ ਚੋਂ ਫੋਨ ਕੱਢ ਕੇ ਆਵਦੇ ਪੇਕੀਂ ਮਿਲਾ ਲਿਆ, ‘‘ ਹਾਂ ਮੰਮੀ। ਅਸੀਂ ਤਾਂ ਚੱਲੇ ਆਂ।।। ਹਾਂ ਹਾਂ ਸਾਰਾ ਸਮਾਨ ਲੱਦ ਲਿਆ, ਹੋਏ ਤਾਂ ਔਖੇ ਪਰ ਇੱਕ ਗੇੜੇ ’ਚ ਹੀ ਲੈ ਚੱਲੇ ਆਂ। ਅੱਛਾ ਹੁਣ ਤੁਸੀਂ ਐਥੇ ਨਾ ਵੇਚਿਓ ਕਬਾੜ ਸਾਈਕਲਾਂ ਵਾਲਿਆਂ ਨੂੰ।।। ਬੱਸ ਗੱਡੀ ’ਚ ਲੱਦ ਕੇ ਸਾਡੇ ਕੋਲ ਆ ਜਾਓ। ਪਰ ਪ੍ਰੋਗਰਾਮ ਇਕ ਅੱਧੇ ਦਿਨ ’ਚ ਹੀ ਬਣਾ ਲਿਓ। ਇਹੋ ਜਿਹੀਆਂ ਸਕੀਮਾਂ ਐਟਰੈਕਸ਼ਨ ਵਾਸਤੇ ਹੁੰਦੀਆਂ।।।।।।।।ਇਕ ਦੋ ਦਿਨਾਂ ’ਚ ਜਿਹੜੇ ਫਾਇਦਾ ਲੈ ਗਏ। ਲੈ ਗਏ ’’।
ਸ਼ਾਇਦ ਇਸ ਕਬਾੜ ਬਾਰੇ ਉਹ ਪਹਿਲਾਂ ਵੀ ਦਿਨੇ ਉਨ੍ਹਾਂ ਨੂੰ ਦੱਸ ਚੁੱਕੀ ਸੀ। ਸੁਪਰ ਡੁਪਰ ਸ਼ੋਅ ਰੂਮ ਪਹੁੰਚੇ । ਭੀੜ ਭੜੱਕਾ। ਪਾਂ ਪਾਂ ਪੀਂ ਪੀਂ। ਗੱਡੀਆਂ ਤੇ ਗੱਡੀਆਂ। ਲੋਕ ਤਾਂ ਜਿਵੇਂ ਘਰਾਂ ਦਾ ਸਾਰਾ ਕਬਾੜ ਚੁੱਕ ਲਿਆਏ ਹੋਣ।
‘‘ ਦੇਖਿਆ ਮੈਂ ਕਿਹਾ ਸੀ ਨਾ।।ਆਹ ਵੇਖ ਲਓ ਹੁਣ, ਅਜੇ ਵੀ ਵੇਲੇ ਸਿਰ ਆ ਗਏ ਆਪਾਂ ।।। ਹੁਣ ਛੇਤੀ ਕਰੋ।।।।। ਇਧਰ ਉਧਰ ਵੇਖਣ ਦਾ ਟੈਮ ਨਹੀਂ ਹੁਣ।।।।।।ਉਹ ਵੇਖੋ ਸਾਹਮਣੇ ਲਿਖਿਆ, ਕਬਾੜ ਇਥੇ ਵੇਚੋ।’’
ਕਬਾੜ ਖਰੀਦਣ ਵਾਲੇ ਕਾਉਂਟਰ ਤੇ ¦ਮੀ ਕਤਾਰ ਸੀ । ਆਸੇ ਪਾਸੇ ਮੈਨੂੰ ਜਾਨਣ ਵਾਲੇ ਕਈ ਬੰਦੇ ਖੜੇ ਸੀ। ਘਰ ਵਾਲੀ ਨੇ ਮੇਰੀ ਝਿਜਕ ਸਮਝਦਿਆਂ ਕਿਹਾ ,‘‘ ਲੈ ਮੈਂ ਖੜ ਜਾਨੀ ਆਂ ।।।ਇਹ ਕੋਈ ਮਾੜੀ ਥਾਂ।।। ਆਪਣਾ ਸਮਾਨ ਆ।।। ਆਪ ਵੇਚਦੇ ਆਂ।।।। ਕਿਸੇ ਨੂੰ ਕੀ ’’। ਉਹਨੂੰ ਮੇਰੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਜਾਨਣ ਵਾਲਿਆਂ ਤੇ ਸੀ। ਦੋ ਢਾਈ ਘੰਟਿਆਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਪਹਿਲਾਂ ਮੈਂ ਰੇਟ ਕਨਫਰਮ ਕੀਤੇ। ਜਦੋਂ ਉਨ੍ਹਾਂ ਕਿਹਾ ਬਿਲਕੁਲ ਏਸੇ ਰੇਟ ਤੇ ਖਰੀਦ ਰਹੇ ਹਾਂ ਤਾਂ ਮੈਨੂੰ ਕਾਰ ਵਿਚਲੀ ਮੁਸ਼ਕਲ ਤੇ ਮੁਸ਼ਕ ਦੇ ਨਾਲ ਨਾਲ ਢਾਈ ਘੰਟੇ ਕਤਾਰ ਵਿੱਚ ਖੜਨ ਦਾ ਥਕੇਵਾਂ ਵੀ ਭੁੱਲ ਗਿਐ।
ਟਰਾਲੀਆਂ ’ਚੋਂ ਸਮਾਨ ਲਾਹ ਕੇ ਤੋਲਣਾ ਸ਼ੁਰੂ ਕੀਤਾ । ਅਖ਼ਬਾਰ, ਮੈਗਜ਼ੀਨ, ਪਲਾਸਟਿਕ, ਜੁੱਤੀਆਂ, ਚੱਪਲਾਂ, ਬਾਲਟੀਆਂ,ਕੱਪ, ਟਾਇਰ, ਟਿਊਬਾਂ, ਕੱਪੜੇ ਤੇ ਹੋਰ ਨਿੱਕ ਸੁੱਕ। ਕਬਾੜ ਤੁਲਦਾ ਜਾ ਰਿਹਾ ਸੀ ਸਰਦਾਰਨੀ ਦੀਆਂ ਉਂਗਲਾਂ ਕੈਲਕੂਲੇਟਰ ਤੇ ਟੱਕ-ਟੱਕ ਵੱਜ ਰਹੀਆਂ ਸੀ। ਕਾਉਂਟਰ ਤੇ ਬੈਠੇ ਟਾਈ ਵਾਲੇ ਬਾਊ ਨੇ ਸਾਰਾ ਜੋੜ ਲਾ ਕੇ ਪਰਚੀ ਮੇਰੇ ਵੱਲ ਕਰਦਿਆਂ ਕਿਹਾ, ‘‘ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਬਣ ਗਏ ਤੁਹਾਡੇ ’’
ਸਰਦਾਰਨੀ ਨੇ ਕੈਲਕੂਲੇਟਰ ਨਾਲ ਰਕਮ ਮਿਲਾਈ ਤੇ ਮੈਨੂੰ ਇਸ਼ਾਰੇ ਨਾਲ ਦੱਸ ਦਿੱਤਾ, ਬਈ ਠੀਕ ਹੈ।।।।।।ਨਾਲੇ ਮੇਰੇ ਵੱਲ ਇਸ ਤਰਾਂ ਵੇਖ ਰਹੀ ਸੀ ਜਿਵੇਂ ਆਖ ਰਹੀ ਹੋਵੇ ‘‘ ਕਿਉਂ ਸਰਦਾਰ ਜੀ।। ਅਖ਼ਬਾਰ ਪੜ੍ਹਨਾ ਸਿਖੋ, ਕੰਮ ਦੀਆਂ ਗੱਲਾਂ ਪੜ੍ਹਿਆ ਕਰੋ, ਸਿਰਫ਼ ਆਵਦੀਆਂ ਖ਼ਬਰਾਂ ਤੇ ਫੋਟੋਆਂ ਦੇਖ ਕੇ ਖੁਸ਼ ਹੋ ਜਾਂਨੇ ਆਂ ’’।
ਮੈਂ ਵੀ ਮਨ ਬਣਾਇਆ।।।ਹੋਰ ਕੁਝ ਨਹੀਂ ਖਰੀਦਣਾ ਇਨਾ ਪੈਸਿਆਂ ਦਾ, ਤੋਲੇ ਸਵਾ ਤੋਲੇ ਸੋਨੇ ਦੀ ਮੁੰਦਰੀ ਬਣਵਾ ਕੇ ਘਰ ਵਾਲੀ ਨੂੰ ਦੇ ਦਿਆਂਗੇ ਆਖਰ ਮਿਹਨਤ ਤਾਂ ਸਾਰੀ ਏਹਨੇ ਈ ਕੀਤੀ ਆ। ਟਾਈ ਵਾਲੇ ਬਾਬੂ ਨੇ ਮੇਰੀ ਸੋਚ ਨੂੰ ਤੋੜਦਿਆਂ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਦੇ ਕੂਪਨ ਮੇਰੇ ਹੱਥ ’ਚ ਫੜਾਤੇ ਅਖੇ ਸ਼ੋਅ ਰੂਮ ਦੇ ਅੰਦਰ ਚਲੇ ਜਾਓ ਜੋ ਸਮਾਨ ਖਰੀਦਣਾ ਹੈ ਖਰੀਦ ਲਓ।
ਆਹ ਕੀ ਹੋ ਗਿਆ ? ਸਾਰਾ ਸਮਾਨ ਏਥੋਂ ਖਰੀਦਣਾ ਪਊ?
ਇਕੱਠ ਜ਼ਿਆਦਾ ਹੋਣ ਕਰਕੇ ਮੈਂ ਬਹਿਸ ’ਚ ਪੈਣਾ ਠੀਕ ਨਾ ਸਮਝਿਆ। ਸਰਦਾਰਨੀ ਵੀ ਆਖਣ ਲੱਗੀ ‘‘ ਚਲੋ ਸ਼ੋਅ ਰੂਮ ਦੇ ਅੰਦਰ ਚਲਦੇ ਆਂ।।। ਆਪਾਂ ਸਾਮਾਨ ਤਾਂ ਖਰੀਦਣਾ ਈ ਐ ।।।ਏਥੋਂ ਖਰੀਦ ਲੈਨੇ ਆ।। ’’
ਅਸੀਂ ਸ਼ੋਅ ਰੂਮ ਅੰਦਰ ਚਲੇ ਗਏ। ਮੈਂ ਬਿਨੇ ਨੂੰ ਕਿਹਾ ਤੂੰ ਦੋ ਤਿੰਨ ਜ਼ੀਨਾਂ ਤੇ ਟੀ ਸ਼ਰਟਾਂ ਪਸੰਦ ਕਰ ਲੈ ।। ਮੈਂ ਵੀ ਦੋ ਕੁ ਸ਼ਰਟਾਂ ਵੇਖ ਲੈਨਾ। ਘਰ ਵਾਲੀ ਇਕ ਦਮ ਭੜਕ ਉੱਠੀ, ‘‘ ਲੈ ਹੁਣ ਤੁਹਾਡੇ ਕੱਪੜਿਆਂ ਤੇ ਤਾਂ ਨੀ ਬਰਬਾਦ ਕਰਨੇ ਸਾਰੇ ਪੈਸੇ, ਪਹਿਲਾਂ ਘਰ ਦਾ ਜ਼ਰੂਰੀ ਸਮਾਨ ਖਰੀਦ ਲਈਏ’’।
ਵੱਖ-ਵੱਖ ਕਾਉਂਟਰਾਂ ਤੇ ਖੜੇ ਟਾਈ ਵਾਲੇ ਸੇਲਜ਼ਮੈਨਾਂ ਦੇ ਨਾਲ ਝਗੜ ਰਹੇ ਕਸਟਮਰਾਂ ਦੇ ਹੱਥ ਵਿੱਚ ਸਾਡੇ ਵਰਗੇ ਕੂਪਨ ਫੜੇ ਦੇਖ ਕੇ ਅਸੀਂ ਵੀ ਉਹਨਾਂ ਵੱਲ ਨੂੰ ਹੋਏ ਤਾਂ ਮੇਰੇ ਵੱਲ ਹੱਥ ਕਰਕੇ ਇਕ ਸੇਲਜ਼ਮੈਨ ਮੁੰਡਾ, ਜਿਹੜਾ ਸ਼ਾਇਦ ਮੈਨੂੰ ਜਾਣਦਾ ਸੀ, ਆਖਣ ਲੱਗਾ, ‘‘ ਲੈ ਆਹ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਵੋ, ਇਹਨਾਂ ਕੋਲ ਵੀ ਕੂਪਨ ਆ, ਇਹ ਪੜ੍ਹੇ ਲਿਖੇ ਆ।। ਸਾਰੀ ਗੱਲ ਸਮਝਦੇ ਆ। ਲਓ।। ਦੱਸੋ ਇਨ੍ਹਾਂ ਨੂੰ ਪ੍ਰੋਫੈਸਰ ਸਾਹਿਬ ।।।।ਬਈ ਆਹ ਜਿਹੜੀ ਕਬਾੜ ਵੇਚ ਕੇ ਐਕਸਚੇਜ਼ ਵਾਲੀ ਸਕੀਮ ਐ।।।।।।ਇਹਦੇ ਵਿੱਚ ਜਿੰਨੇ ਕੂਪਨ ਤੁਸੀਂ ਐਡਜਸਟ ਕਰਵਾਉਣੇ ਹੋਣ ।।।।ਉਸ ਤੋਂ ਚਾਰ ਗੁਣਾਂ ਸਮਾਨ ਖਰੀਦਣਾ ਪੈਂਦਾ।।। ਯਾਨੀ ਜੇਕਰ ਤੁਸੀਂ ਦਸ ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਤਾਂ ਢਾਈ ਹਜ਼ਾਰ ਰੁਪਏ ਦੇ ਕੂਪਨ ਐਡਜਸਟ ਹੋ ਜਾਣਗੇ ਤੇ ਤੁਹਾਨੂੰ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਨਗਦ ਦੇਣੇ ਪੈਣਗੇ। ’’ ਗੱਲ ਸੁਣ ਕੇ ਮੇਰੇ ਆਵਦੇ ਹੋਸ਼ ਉੱਡ ਗਏ। ਅੱਖ ਦੇ ਝਪਕੇ ਨਾਲ ਮੈਂ ਤਾਂ ਸੱਸੀ ਵਾਂਗੂ ਲੁੱਟਿਆ ਲੁੱਟਿਆ ਮਹਿਸੂਸ ਕੀਤਾ। ਨਾਲ ਖੜੀ ਸਰਦਾਰਨੀ ਦਾ ਮੂੰਹ ਪੀਲ ਪੈਣਾ ਸ਼ੁਰੂ ਹੋ ਗਿਆ। ਟਾਈ ਵਾਲਾ ਮੁੰਡਾ ਵਾਰ ਵਾਰ ਮੈਨੂੰ ਕਹਿ ਰਿਹਾ ਸੀ , ‘‘ ਦੱਸੋ ਪ੍ਰੋਫੈਸਰ ਸਾਹਿਬ।।। ਆਹ ਕੂਪਨ ਦੇ ਥੱਲੇ ਬਾਰੀਕ ਲਾਈਨ ਪੜ੍ਹ ਕੇ ਇਨ੍ਹਾਂ ਨੂੰ ਸਮਝਾਓ । ’’
ਇਸ਼ਤਿਹਾਰ ਅਤੇ ਕੂਪਨ ਦੇ ਥੱਲੇ ਵਾਲੀ ਬਰੀਕ ਲਾਈਨ ਨੂੰ ਜ਼ੋਰ ਲਗਾ ਕੇ ਪੜਦਿਆਂ ਪੜਦਿਆਂ ਮੇਰੀਆਂ ਅੱਖਾਂ ਘਰ ਵਾਲੀ ਨਾਲ ਮਿਲੀਆਂ, ਦੋ ਨੈਣ ਤੇਰੇ ਦੋ ਨੈਣ ਮੇਰੇ ਮਿਲ ਕੇ ਦੋ ਤੋਂ ਚਾਰ ਹੋਏ ।।।ਪਰ ਸਾਡੇ ਚਾਰੇ ਨੈਣਾਂ ਵਿੱਚ ਵੀ ਜਿਵੇਂ ਹਨੇਰਾ ਪਸਰਨ ਲੱਗਾ।।।।।ਮਤਲਬ ਜੇ ਇਹ ਸਵਾ ਉਨੀ ਹਜ਼ਾਰ ਦੇ ਕੂਪਨ ਐਡਜਸਟ ਕਰਨੇ ਹਨ ਤਾਂ ਸਾਨੂੰ ਅੱਸੀ ਹਜ਼ਾਰ ਦਾ ਸਮਾਨ ਖਰੀਦਣਾ ਪਊ। ਫਿਲਮੀ ਸੀਨ ਵਾਂਗ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਟਿਲ ਖੜ੍ਹੇ ਰਹੇ। ਨਾਲ ਦੀ ਨਾਲ ਬਿਨੇ ਜੀ ਇੱਕ ਕੈਮਰਾ ਚੱਕ ਲਿਆਏ ਅਖੇ ‘ ਪਾਪਾ ਆਹ ਕੈਮਰਾ ਆਪਾਂ ਲੈ ਲਈਏ।। ਬਹੁਤ ਸੋਹਣਾ। ’ ਉਸ ਕੈਮਰੇ ਤੇ ਨੌ ਹਜ਼ਾਰ ਨੌ ਸੌ ਨੜਿੱਨਵੇਂ ਰੁਪਏ ਦਾ ਟੈਗ ਲੱਗਾ ਸੀ। ਟਾਈ ਵਾਲਾ ਬਾਬੂ ਕਹਿੰਦਾ ‘ ਇਸ ਕੈਮਰੇ ਦੇ ਨਾਲ ਆਹ ਢਾਈ ਸੌ ਰੁਪਏ ਦੀ ਟਾਰਚ ਬਿਲਕੁਲ ਫਰੀ ਆ ਜੀ। ’ ਘਰ ਵਾਲੀ ਟਾਰਚ ਜਗਾ ਬੁਝਾ ਕੇ ਦੇਖਣ ਲੱਗ ਪਈ। ਮੇਰਾ ਮੱਥਾ ਹੋਰ ਠਣਕਿਆ। ਬਈ ਜੇ ਇਹਨੂੰ ਇਹ ਟਾਰਚ ਪਸੰਦ ਆ ਗਈ ਤਾਂ ਕੈਮਰਾ ਵੀ ਖਰੀਦਣਾ ਪਊ। ਸਰਦਾਰਨੀ ਲੱਗੀ ਹਿਸਾਬ ਕਿਤਾਬ ਲਾਉਣ ‘ ਨੌ ਹਜ਼ਾਰ ਨੌ ਸੌ ਨੜਿੱਬਵੇਂ।।।।ਤੇ ਸਾਡੇ ਕੋਲੇ ਆਹ ਕੂਪਨ ਆ ।।।।ਪੱਚੀ ਪ੍ਰਤੀਸ਼ਤ ਤਾਂ ਇਹ ਐਡਜਸਟ ਹੋ ਜਾਣਗੇ। ’ ਟਾਈ ਵਾਲਾ ਬਾਬੂ ਝਟਪਟ ਬੋਲਿਆ ‘ ਨਹੀਂ ਭੈਣਜੀ ਨਹੀਂ, ਇਹ ਕਬਾੜ ਐਕਸਚੇਜ਼ ਆਫਰ ਇਲੈਕਟ੍ਰੋਨਿਕ ਸਮਾਨ ਤੇ ਲਾਗੂ ਨਹੀਂ ਹੁੰਦੀ। ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਲਾਗੂ ਹੁੰਦੀ ਆ।’
‘‘ਤੇ ਘਰੇਲੂ ਸਮਾਨ ਤੇ ?’’ ਸਰਦਾਰਨੀ ਨੇ ਵੇਲਾ ਸੰਭਾਲਦਿਆਂ ਟਾਈ ਵਾਲੇ ਬਾਬੂ ਨੂੰ ਪੁੱਛਿਆ।
‘‘ ਨਹੀਂ ਭੈਣਜੀ ।।ਗਰੌਸਰੀ ਤੇ ਫੂਡ ਤੇ ਵੀ ਇਹ ਆਫਰ ਲਾਗੂ ਨਹੀਂ ਹੁੰਦੀ, ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਹੀ ਲਾਗੂ ਹੁੰਦੀ ਆ।’’ ਅਸੀਂ ਜਿਵੇਂ ਇਕ ਦਮ ਠੰਡੇ ਪਾਣੀ ਵਿੱਚ ਬਹਿ ਗਏ। ਸਿਰਫ ਕੱਪੜੇ ਅਤੇ ਜੁੱਤੀਆਂ ਕਿਵੇਂ ਖਰੀਦੀਆਂ ਜਾਣ ਅੱਸੀ ਹਜ਼ਾਰ ਦੀਆਂ। ਕਬਾੜ ਦਾ ਜੁਗਾੜ ਮਹਿੰਗਾ ਪੈਂਦਾ ਦੇਖਕੇ ਅਸੀਂ ਇਕ ਦੂਜੇ ਨੂੰ ਬਿਨਾਂ ਬੁਲਾਏ ਸ਼ੋਅ ਰੂਮ ਤੋਂ ਬਾਹਰ ਆ ਗਏ । ਮੈਂ ਸਰਦਾਰਨੀ ਦਾ ਮੂਡ ਬਦਲਣ ਦੀ ਕੋਸ਼ਿਸ਼ ਕੀਤੀ, ‘‘ਚੱਲ ਕੋਈ ਨੀ, ਤੂੰ ਮਨ ਨਾ ਖਰਾਬ ਕਰ, ਦੱਸ ਕਿਹੜੇ ਰੈਸਟੋਰੈਂਟ ਵਿੱਚ ਰੋਟੀ ਖਾਣੀ ਆਂ ? ’’
ਸਰਦਾਰਨੀ ਕਹਿੰਦੀ , ‘‘ ਘਰ ਚੱਲੋ, ਦਾਲ ਬਣੀ ਪਈ ਆ।।।। ਆਟਾ ਗੁੰਨਿਆਂ ਪਿਆ, ਟੈਮ ਨਾਲ ਰੋਟੀ ਖਾਈਏ। ਘਰ ਵਰਗੀ ਰੋਟੀ ਦੀ ਰੀਸ ਨਹੀਂ ’’।
ਉਹਨੇ ਕਾਹਲੀ ਕਾਹਲੀ ਨਾਲ ਪਰਸ ’ਚੋਂ ਫੋਨ ਕੱਢਿਆ ਤੇ ਡਾਇਲ ਕਰਦੀ ਕਰਦੀ ਆਖਣ ਲੱਗੀ , ‘‘ ਪਹਿਲਾਂ ਮੈਂ ਮੰਮੀ ਨੂੰ ਫੋਨ ਕਰ ਦਿਆਂ।। ਹੋਰ ਨਾ ਸਵੇਰ ਨੂੰ ਗੱਡੀ ਭਰ ਕੇ ਲੈ ਆਉਣ ਕਬਾੜ ਦੀ। ’’