ਸਹਿਯੋਗ.......... ਕਹਾਣੀ / ਸਆਦਤ ਹਸਨ ਮੰਟੋ

ਚਾਲੀ਼ ਪੰਜਾਹ ਡਾਂਗਬਾਜ਼ ਆਦਮੀਆਂ ਦਾ ਇਕ ਜੱਥਾ ਲੁੱਟਮਾਰ ਲਈ ਇਕ ਮਕਾਨ ਵੱਲ ਵਧ ਰਿਹਾ ਸੀ। ਅਚਾਨਕ ਉਸ ਭੀੜ ਨੂੰ ਚੀਰਦਾ ਇਕ ਦੁਬਲਾ-ਪਤਲਾ ਅਧੇੜ ਉਮਰ ਦਾ ਆਦਮੀ ਬਾਹਰ ਨਿਕਲਿਆ। ਪਿੱਛੇ ਪਾਸਾ ਵੱਟ ਕੇ ਉਹ ਬਲਵਾਈਆਂ ਨੂੰ ਲੀਡਰਾਨਾ ਢੰਗ ਨਾਲ਼ ਆਖਣ ਲੱਗਾ, 'ਭਾਈਓ, ਇਸ ਮਕਾਨ ਵਿਚ ਬੜੀ ਦੌਲਤ ਐ, ਬੇਸ਼ੁਮਾਰ ਕੀਮਤੀ ਸਮਾਨ ਐ...... ਆਓ ਆਪਾਂ ਸਾਰੇ ਰਲ਼ ਕੇ ਇਸ ਤੇ ਕਬਜ਼ਾ ਕਰੀਏ ਅਤੇ ਭਾਗਾਂ ਨਾਲ਼ ਹੱਥ ਲੱਗੇ ਇਸ ਮਾਲ ਨੂੰ ਆਪਸ ਵਿਚ ਵੰਡ ਲਈਏ ।'

ਹਵਾ ਵਿਚ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਆਵਾਜ਼ ਨਾਲ਼ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ। ਚਾਲੀ਼ ਪੰਜਾਹ ਡਾਂਗਾਂ ਵਾਲੇ਼ ਆਦਮੀਆਂ ਦਾ ਜਥਾ, ਦੁਬਲੇ-ਪਤਲੇ ਆਦਮੀ ਦੀ ਅਗਵਾਈ ਵਿਚ, ਉਸ ਮਕਾਨ ਵੱਲ ਤੇਜੀ਼ ਨਾਲ਼ ਵਧਣ ਲੱਗਿਆ, ਜਿਸ ਵਿਚ ਬਹੁਤ ਸਾਰਾ ਧਨ ਅਤੇ ਬੇਸ਼ੁਮਾਰ ਕੀਮਤੀ ਸਮਾਨ ਸੀ।

ਮਕਾਨ ਦੇ ਮੁੱਖ ਦਰਵਾਜੇ਼ ਕੋਲ਼ ਰੁਕ ਕੇ ਦੁਬਲਾ-ਪਤਲਾ ਆਦਮੀ ਫਿਰ ਲੁਟੇਰਿਆਂ ਨੂੰ ਕਹਿਣ ਲੱਗਾ “ਭਾਈਓ ਇਸ ਮਕਾਨ ਵਿਚ ਜਿੰਨਾ ਵੀ ਸਮਾਨ ਐ, ਸਭ ਤੁਹਾਡੈ.... ਦੇਖੋ, ਖੋਹਾ-ਖਾਹੀ ਨਹੀਂ ਕਰਨੀ, ਆਪਸ ਵਿਚ ਲੜਨਾ ਨਹੀਂ ਆਓ !”

ਇਕ ਜਣਾ ਚੀਕਿਆ 'ਦਰਵਾਜੇ਼ ਨੂੰ ਜਿੰਦਰਾ ਏ!'

'ਤੋੜ ਦਿਓ... ਤੋੜ ਦਿਓ !' ਹਵਾ ਵਿਚ ਕਈ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਅਵਾਜ਼ ਵਾਲੇ਼ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ।

ਦੁਬਲੇ-ਪਤਲੇ ਆਦਮੀ ਨੇ ਹੱਥ ਦੇ ਇਸ਼ਾਰੇ ਨਾਲ਼ ਦਰਵਾਜਾ਼ ਤੋੜਨ ਵਾਲਿ਼ਆਂ ਨੂੰ ਰੋਕਿਆ ਅਤੇ ਮੁਸਕਰਾ ਕੇ ਕਿਹਾ 'ਭਾਈਓ ਠਹਿਰੋ... ਮੈਂ ਇਹਨੂੰ ਕੁੰਜੀ ਨਾਲ਼ ਖੋਲਦਾਂ!'

ਇਹ ਕਹਿ ਕੇ ਉਹਨੇ ਜੇਬ ਵਿਚੋਂ ਕੁੰਜੀਆਂ ਦਾ ਗੁੱਛਾ ਕੱਢਿਆ ਅਤੇ ਇਕ ਕੁੰਜੀ ਚੁਣ ਕੇ ਜਿੰਦਰੇ ਵਿਚ ਪਾਈ ਅਤੇ ਉਹਨੂੰ ਖੋਲ੍ਹ ਦਿੱਤਾ। ਟਾਹਲੀ ਦਾ ਭਾਰੀ ਦਰਵਾਜਾ਼ ਚੀਂ ਕਰਦਾ ਖੁੱਲਿਆ ਤਾਂ ਭੀੜ ਪਾਗਲਾਂ ਵਾਂਗ ਅੱਗੇ ਜਾਣ ਲਈ ਵਧੀ।

ਦੁਬਲੇ-ਪਤਲੇ ਆਦਮੀ ਨੇ ਅਪਣੇ ਕੁੜਤੇ ਦੀ ਬਾਂਹ ਨਾਲ਼ ਮੱਥੇ ਦਾ ਪਸੀਨਾ ਪੂੰਝਦਿਆਂ ਕਿਹਾ 'ਭਾਈਓ ਧੀਰਜ ਨਾਲ਼...... ਜੋ ਕੁਝ ਇਸ ਮਕਾਨ ਵਿਚ ਹੈ, ਸੱਭ ਤੁਹਾਡੈ... ਫੇਰ ਇਸ ਹਫੜਾ ਦਫੜੀ ਦੀ ਕੀ ਲੋੜ ਐ ?'

ਤਦੇ ਭੀੜ ਵਿਚ ਜ਼ਬਤ ਪੈਦਾ ਹੋ ਗਿਆ। ਧਾੜਵੀ ਇਕ ਇਕ ਕਰਕੇ ਮਕਾਨ ਦੇ ਅੰਦਰ ਵੜਨ ਲੱਗੇ, ਪਰ ਜਿਉਂ ਹੀ ਚੀਜਾ਼ ਦੀ ਲੁੱਟ ਮਾਰ ਸ਼ੁਰੂ ਹੋਈ, ਫੇਰ ਆਪਾ ਧਾਪੀ ਪੈ ਗਈ। ਬੜੀ ਬੇਰਹਿਮੀ ਨਾਲ਼ ਧਾੜਵੀ ਕੀਮਤੀ ਚੀਜ਼ਾਂ ਲੁੱਟਣ ਲੱਗ ਪਏ।

ਦੁਬਲੇ-ਪਤਲੇ ਆਦਮੀ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਬੜੀ ਦੁੱਖ ਭਰੀ ਆਵਾਜ਼ ਨਾਲ਼ ਲੁਟੇਰਿਆਂ ਨੂੰ ਆਖਿਆ 'ਭਾਈਓ, ਹੌਲੀ਼ ਹੌਲੀ਼...ਆਪਸ ਵਿਚ ਲੜਨ ਝਗੜਨ ਦੀ ਕੋਈ ਲੋੜ ਨੀ...ਸਹਿਯੋਗ ਨਾਲ਼ ਕੰਮ ਲਓ। ਜੇ ਕਿਸੇ ਦੇ ਹੱਥ ਬਹੁਤੀ ਕੀਮਤੀ ਚੀਜ਼ ਲੱਗ ਗਈ ਐ ਤਾਂ ਈਰਖਾ ਨਾ ਕਰੋ... ਏਨਾ ਬੜਾ ਮਕਾਨ ਐ,ਆਪਣੇ ਵਾਸਤੇ ਕੋਈ ਹੋਰ ਚੀਜ਼ ਲੱਭ ਲਓ... ਪਰ ਵਹਿਸੀ਼ ਨਾ ਬਣੋ... ਮਾਰ ਧਾੜ ਕਰੋਗੇ ਤਾਂ ਚੀਜ਼ਾਂ ਟੁੱਟ ਜਾਣਗੀਆਂ... ਇਸ ਵਿਚ ਨੁਕਸਾਨ ਤੁਹਾਡਾ ਹੀ ਐ...'

ਲੁਟੇਰਿਆਂ ਵਿਚ ਇਕ ਵਾਰ ਫਿਰ ਸੰਜਮ ਪੈਦਾ ਹੋ ਗਿਆ ਅਤੇ ਭਰਿਆ ਹੋਇਆ ਮਕਾਨ ਹੌਲੀ਼ ਹੌਲੀ਼ ਖਾਲੀ ਹੋਣ ਲੱਗਿਆ। ਦੁਬਲਾ-ਪਤਲਾ ਆਦਮੀ ਸਮੇਂ ਸਮੇਂ ਹਦਾਇਤਾਂ ਦਿੰਦਾ ਰਿਹਾ 'ਦੇਖੋ ਵੀਰੋ, ਇਹ ਰੇਡੀਓ ਐ... ਰਤਾ ਧਿਆਨ ਨਾਲ਼ ਚੁੱਕੋ , ਅਜਿਹਾ ਨਾ ਹੋਵੇ ਕਿ ਟੁੱਟ ਜਾਵੇ... ਇਹ ਦੀਆਂ ਤਾਰਾਂ ਵੀ ਨਾਲ਼ ਈ ਲੈ ਜੋ...'

'ਤਹਿ ਕਰ ਲਓ ਭਾਈ ਇਹਨੂੰ ਤਹਿ ਕਰ ਲਓ...ਅਖਰੋਟ ਦੀ ਲੱਕੜ ਦੀ ਤਪਾਈ ਐ, ਹਾਥੀ ਦੰਦ ਦੀ ਪੱਚੀਕਾਰੀ ਐ, ਬੜੀ ਨਾਜ਼ੁਕ ਚੀਜ਼ ਐ....'

'....ਹਾਂ ਹੁਣ ਠੀਕ ਐ...।'

'ਨਹੀਂ ਨਹੀਂ ਏਥੇ ਨੀ ਪੀਣੀ...ਚੜ੍ਹ ਜੂਗੀ...ਇਹ ਘਰ ਨੂੰ ਲੈ ਜੋ...'

'ਠਹਿਰੋ ਠਹਿਰੋ, ਮੈਨੂੰ ਮੇਨ ਸਵਿਚ ਬੰਦ ਕਰ ਲੈਣ ਦਿਓ... ਕਿਤੇ ਕਰੰਟ ਨਾਲ਼ ਧੱਕਾ ਨਾ ਲੱਗ ਜਾਵੇ...'

ਏਨੇ ਨੂੰ ਇਕ ਖੂੰਜੇ 'ਚੋਂ ਰੌਲਾ਼ ਪੈਣ ਦੀ ਆਵਾਜ਼ ਆਈ...ਚਾਰ ਲੁੱਟੇਰੇ ਇਕ ਕੱਪੜੇ ਦੇ ਥਾਨ ਨੂੰ ਖਿੱਚ ਧੂਹ ਰਹੇ ਸਨ।
ਦੁਬਲਾ-ਪਤਲਾ ਆਦਮੀ ਤੇਜੀ਼ ਨਾਲ਼ ਉਹਨਾਂ ਵਲ ਨੂੰ ਵਧਿਆ ਅਤੇ ਲਾਹਨਤ ਪਾਉਣ ਦੇ ਲਹਿਜ਼ੇ 'ਚ ਉਨ੍ਹਾਂ ਨੂੰ ਕਹਿਣ ਲੱਗਿਆ 'ਤੁਸੀਂ ਕਿੰਨੇ ਬੇਸਮਝ ਹੋ...ਲੀਰ ਲੀਰ ਹੋ ਜੂ ਗੀ , ਏਨੇ ਕੀਮਤੀ ਕੱਪੜੇ ਦੀ... ਘਰ 'ਚ ਸਭ ਚੀਜ਼ਾਂ ਹੈਗੀਆਂ, ਗਜ਼ ਵੀ ਹੋਊ...ਲੱਭੋ ਅਤੇ ਮਿਣ ਕੇ ਕੱਪੜਾ ਆਪਸ ਵਿਚ ਵੰਡ ਲਓ...

ਅਚਾਨਕ ਇਕ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ਭਉਂ... ਭਉਂ... ਭਊਂ....ਅਤੇ ਅੱਖ ਝਮਕਦਿਆਂ ਬਹੁਤ ਬੜਾ ਗੱਦੀ ਕੁੱਤਾ, ਇੱਕੋ ਛਾਲ਼ ਨਾਲ਼ ਅੰਦਰ ਆਇਆ ਅਤੇ ਝਪਟਦਿਆਂ ਹੀ ਉਹਨੇ ਦੋ ਤਿੰਨ ਲੁਟੇਰਿਆਂ ਨੂੰ ਝੰਜੋੜ ਦਿੱਤਾ।
ਦੁਬਲਾ-ਪਤਲਾ ਆਦਮੀ ਚੀਕਿਆ 'ਟਾਇਗਰ... ਟਾਇਗਰ...'

ਟਾਇਗਰ ਜਿਸਦੇ ਮੂੰਹ 'ਚ ਇਕ ਲੁਟੇਰੇ ਦਾ ਪਾਟਿਆ ਹੋਇਆ ਗਲ਼ਾਮਾ ਸੀ, ਪੂਛ ਹਿਲਾਉਂਦਾ ਹੋਇਆ, ਦੁਬਲੇ-ਪਤਲੇ ਆਦਮੀ ਵੱਲ ਨੀਵੀ ਪਾਈ ਕਦਮ ਉਠਾਉਣ ਲੱਗਿਆ।

ਟਾਈਗਰ ਦੇ ਆਉਂਦਿਆਂ ਹੀ ਸਭ ਲੁਟੇਰੇ ਭੱਜ ਗਏ, ਕੇਵਲ ਇਕ ਲੁਟੇਰਾ ਬਾਕੀ ਰਹਿ ਗਿਆ, ਜਿਸਦੇ ਗਲ਼ਾਮੇ ਦਾ ਟੁਕੜਾ ਟਾਈਗਰ ਦੇ ਮੂੰਹ ਵਿਚ ਸੀ। ਉਹਨੇ ਦੁਬਲੇ-ਪਤਲੇ ਆਦਮੀ ਵੱਲ ਦੇਖਿਆ ਅਤੇ ਪੁੱਛਿਆ 'ਕੌਣ ਐਂ ਤੂੰ?' ਦੁਬਲਾ-ਪਤਲਾ ਆਦਮੀ ਮੁਸਕਾਇਆ 'ਇਸ ਘਰ ਦਾ ਮਾਲਕ... ਦੇਖ ਦੇਖ, ਤੇਰੇ ਹੱਥ 'ਚੋਂ ਕੰਚ ਦਾ ਮਰਤਬਾਨ ਡਿੱਗ ਰਿਹੈ...।'

ਪੁਲਿਸ ਪੈਟਰੌਲ.......... ਕਹਾਣੀ / ਵਿਸ਼ਵ ਜਿਯੋਤੀ ਧੀਰ

ਜਨਵਰੀ ਦੇ ਮਹੀਨੇ ਦੀ ਦੀ ਧੁੰਦ ਨਾਲ਼ ਕੱਜੀ ਸਵੇਰ ਸੀ। ਅੱਜ ਕੈਲੀ ਦੇ ਕਦਮ ਅਕੇਵੇਂ ਥਕੇਵੇਂ ਨਾਲ਼ ਬੋਝਲ ਸਨ। ਉਸ ਦਾ ਘਰ ਵਾਲਾ਼ ਦਾਰੀ, ਰਾਤ ਸ਼ਰਾਬ ਪੀ ਕੇ ਗ੍ਹਾਲਾਂ ਕੱਢਦਾ ਰਿਹਾ। ਫੇਰ ਵੀ ਕੈਲੀ ਮਜਬੂਰ ਹੋ ਕੇ ਰੋਜ਼ ਦੀ ਤਰ੍ਹਾਂ ਰੋਟੀ ਵਾਲਾ਼ ਡੱਬਾ ਚੁੱਕੀ ਫੈਕਟਰੀ ਵੱਲ ਨੂੰ ਤੁਰ ਪਈ, ਸੜਕ ੳੱਤੇ ਸੁੰਨਸਾਨ ਪੱਸਰੀ ਹੋਈ ਸੀ। ਕੋਈ ਟਾਵਾਂ ਟਾਵਾਂ ਸੈਰ ਕਰਦਾ ਦਿਸ ਪੈਂਦਾ। ਰੋਜ਼ ਵਾਂਗ ਪੁਲਿਸ ਪੈਟਰੋਲ ਵਾਲਿ਼ਆਂ ਦੀ ਗੱਡੀ ਸੜਕ ਦੇ ਇਕ ਪਾਸੇ ਲੱਗੀ ਖੜ੍ਹੀ ਸੀ। ਕੈਲੀ ਨੂੰ ਹਰ ਰੋਜ਼ ਸਵੇਰੇ ਸ਼ਾਮ ਇਸ ਗੱਡੀ ਕੋਲੋਂ ਲੰਘਣਾ ਪੈਂਦਾ। ਦੋ ਪੁਲਿਸ ਵਾਲੇ ਹਮੇਸ਼ਾ ਗੱਡੀ ਦੇ ਅੰਦਰ ਬੈਠੇ ਗੱਲਾਂ-ਬਾਤਾਂ ਕਰਦੇ ਹੁੰਦੇ, ਪਰ ਇਕ ਪਤਲਾ ਜਿਹਾ ਪੁਲਿਸ ਮੁਲਾਜ਼ਮ ਅਕਸਰ ਹੀ ਗੱਡੀ ਨਾਲ਼ ਬਾਹਰ ਢੋਹ ਲਾਈ ਖੜ੍ਹਾ ਹੁੰਦਾ ਹੈ। ਵੇਖਣ ਨੂੰ ਤਾਂ ਮੁੰਡਾ-ਖੁੰਡਾ ਲੱਗਦਾ, ਪਰ ਮੂੰਹ ਤੋਂ ਸੜੀਅਲ ਜਿਹਾ। ਨਿੱਕੀਆਂ-ਨਿੱਕੀਆਂ ਅੱਖਾਂ ਉਤੇ ਭਰਵੱਟੇ ਉਤਾਂਹ ਚੜ੍ਹੇ ਹੋਏ, ਜਿਵੇਂ ਕਿਸੇ ਨਾਲ਼ ਕਦੇ ਹੱਸਿਆ ਬੋਲਿਆ ਹੀ ਨਾ ਹੋਵੇ। ਜਦੋਂ ਵੇਖੋ ਆਪਣੀਆਂ ਮੁੱਛਾਂ ਨੂੰ ਮਰੋੜਦਾ ਰਹਿੰਦਾ। ਕੈਲੀ ਨੇ ਇਹਦਾ ਨਾਂ ਹੀ ਪੁਲਿਸ ਪੈਟਰੌਲ ਰੱਖਿਆ ਹੋਇਆ ਸੀ। ਉਸਨੂੰ ਇਸ ਪੁਲਿਸ ਪੈਟਰੌਲ 'ਤੇ ਬੜਾ ਹੀ ਹਰਖ ਆਉਂਦਾ। ਇਕ ਤਾਂ ਕਸੱਵਲਾ ਦੂਜਾ ਪੁਲਸੀਆ। ਦੂਰੋਂ ਦੇਖ ਕੇ ਕੈਲੀ ਬੜੀ ਵਾਰੀ ਡਰ ਜਾਂਦੀ।

ਅੱਜ ਵੀ ਉਹ ਗੱਡੀ ਦੇ ਬਾਹਰ ਢੋਹ ਲਾਈ ਖੜ੍ਹਾ ਸੀ। ਗੱਡੀ ਅੰਦਰ ਬੈਠੇ ਮੁਲਾਜ਼ਮ ਕੋਈ ਗੱਲ ਕਰਕੇ ਉਚੀ-ਉਚੀ ਹੱਸ ਰਹੇ ਪਏ। ਉਹ ਸਿਰ ਹੇਠਾਂ ਕਰਕੇ ਗੱਡੀ ਕੋਲੋਂ ਦੀ ਲੰਘ ਗਈ। ਕੈਲੀ ਸੋਚ ਰਹੀ ਸੀ ਕਿ ਉਹ ਕਿਉਂ ਇਨ੍ਹਾਂ ਕੋਲੋਂ ਦੀ ਲੰਘਦਿਆਂ ਅਸੁਰੱਖਿਅਤ ਮਹਿਸੂਸ ਕਰਦੀ ਹੈ? ਖਵਰੇ ਜਦੋਂ ਦਾ ਦਾਰੀ ਨਾਲ਼ ਉਹਦਾ ਵਿਆਹ ਹੋਇਆ ਸੀ, ਉਸ ਨੂੰ ਹਰ ਬੰਦੇ ਕੋਲੋਂ ਦੀ ਲੰਘਦਿਆਂ ਇਹੀ ਮਹਿਸੂਸ ਹੁੰਦਾ ਜਾਂ ਫਿਰ ਉਹਦੇ ਦਿਲ ਵਿਚ ਬੰਦਿਆਂ ਲਈ ਨਫ਼ਰਤ ਵਸ ਗਈ। ਹਰ ਬੰਦੇ ਵਿਚ ਕੈਲੀ ਨੂੰ ਦਾਰੀ ਵਰਗਾ ਮਾੜਾ ਕਿਰਦਾਰ ਦਿਸਦਾ। ਉਹੀ ਦਾਰੀ ਜਿਸ ਨੂੰ ਮਿਲਣ ਦੀ ਤਾਂਘ ਵਿਚ ਕਦੇ ਉਹ ਮਸਾਂ ਰਾਤ ਲੰਘਾਉਂਦੀ ਸੀ। ਕਦੋਂ ਸਵੇਰ ਆਵੇਗੀ, ਕਦੋਂ ਉਹ ਆਪਣੇ ਦਾਰੀ ਦਾ ਚੰਨ ਵਰਗਾ ਮੁੱਖ ਦੇਖੇਗੀ।

ਨੌਕਰੀ ਦੇ ਪਹਿਲੇ ਦਿਨ ਜਦੋਂ ਕੈਲੀ ਫੈਕਟਰੀ ਗਈ ਸੀ ਤਾਂ ਦਾਰੀ ਦੀ ਸੋਹਣੀ ਕੱਦ ਕਾਠੀ ਤੇ ਮਸਤ ਅੱਖਾਂ ਵਿਚ ਗੁਆਚ ਗਈ। ਇਕੋ ਯੂਨਿਟ ਵਿਚ ਕੰਮ ਕਰਦਿਆਂ-ਕਰਦਿਆਂ ਪਤਾ ਈ ਨੀ ਲੱਗਿਆ,ਕਦੋਂ ਉਹ ਦਾਰੀ ਨੂੰ ਬੜੀ ਸਿ਼ੱਦਤ ਨਾਲ਼ ਚਾਹੁਣ ਲੱਗ ਪਈ। ਉਸ ਨੂੰ ਸਾਰੇ ਬ੍ਰਹਿਮੰਡ ਵਿਚੋਂ ਦਾਰੀ ਸਭ ਤੋਂ ਸੋਹਣਾ ਲੱਗਦਾ ਅਤੇ ਦਾਰੀ ਵੀ ਕੈਲੀ ਦੇ ਸੁਹੱਪਣ ਨੂੰ ਹੀਰ ਤੇ ਸੋਹਣੀ ਦਾ ਦਰਜਾ ਦਿੰਦਾ ਹੈ। ਉਸ ਦੀਆਂ ਅਲੋਕਾਰੀ ਗੱਲਾਂ ਵਿਚ ਗ੍ਰਿਫਤਾਰ ਕੈਲੀ ਨੇ ਘਰਦਿਆਂ ਨਾਲ਼ ਬਗਾਵਤ ਕਰ ਦਿੱਤੀ। ਮਾਪਿਆਂ ਨੇ ਤਾਂ ਉਸੇ ਦਿਨ ਕੈਲੀ ਨੂੰ ਤਿਆਗ ਦਿੱਤਾ। ਵੀਰ ਨੇ ਆਖਿਆ ਸੀ,'ਅੱਜ ਤੋਂ ਤੂੰ ਸਾਡੇ ਵਾਸਤੇ ਮਰ ਗਈ ਤੇ ਅਸੀਂ ਤੇਰੇ ਵਾਸਤੇ।' ਕੈਲੀ ਨੇ ਦਾਰੀ ਨਾਲ਼ ਵਿਆਹ ਕਰਵਾ ਕੇ ਸੁਪਨਿਆਂ ਦੇ ਕਿਆਸੇ ਸੰਸਾਰ ਵਿਚ ਕਦਮ ਰੱਖ ਲਿਆ। ਪਰ ਇਹ ਸੰਸਾਰ ਸੁਪਨਿਆਂ ਨਾਲੋਂ਼ ਬਿਲਕੁਲ ਉਲਟ ਸੀ।

ਚਾਰੇ ਪਾਸੇ ਤਪਦਾ ਮਾਰੂਥਲ। ਉਹਦੇ ਨੈਣਾਂ ਨੇ ਕਿੰਨੇ ਹੰਝੂਆਂ ਦੇ ਸਾਉਣ ਵੀ ਬਰਸਾਏ, ਪਰ ਜਿਵੇਂ ਸਦਾ ਲਈ ਔੜ ਲੱਗ ਗਈ। ਦਾਰੀ ਦਿਨ ਰਾਤ ਸ਼ਰਾਬ ਪੀਂਦਾ। ਫੈਕਟਰੀ ਜਾਣਾ ਤਾਂ ਉਸ ਨੇ ਵਿਆਹ ਤੋਂ ਮਹੀਨਾ ਬਾਦ ਹੀ ਛੱਡ ਦਿੱਤਾ। ਘਰ ਦਾ ਗੁਜ਼ਾਰਾ ਇਕੱਲੀ ਦੀ ਕਮਾਈ ਦੀ ਚੱਲਦਾ। ਕੀ ਕਰਦੀ, ਹੁਣ ਤਾਂ ਆਪਣੀਆਂ ਨਜ਼ਰਾਂ ਵਿਚ ਆਪ ਹੀ ਸ਼ਰਮਸ਼ਾਰ ਹੁੰਦੀ ਰਹਿੰਦੀ। ਅਤੀਤ ਦਾ ਝੋਰਾ ਕਰਦੀ ਕੈਲੀ ਦੀਆਂ ਅੱਖਾਂ ਵਿਚੋਂ ਫੇਰ ਹੰਝੂ ਡਿਗ ਪਏ। ਕੈਲੀ ਨੇ ਹੱਸ ਕੇ ਆਪਣੇ ਆਪ ਨੂੰ ਲਾਹਣਤ ਦਿੱਤੀ, ਜੇ ਸੋਹਣੀ ਕੱਚੇ ਘੜੇ ਤੇ ਯਕੀਨ ਨਾ ਕਰਦੀ ਤਾਂ ਕਦੇ ਝਨਾਂ ਵਿਚ ਨਾ ਡੁੱਬਦੀ। ਜੇ ਕੈਲੀ ਦਾਰੀ ਤੇ ਯਕੀਨ ਨਾ ਕਰਦੀ ਤਾਂ ਇਹ ਦੁਖ ਨਾ ਹੰਢਾਉਣੇ ਪੈਂਦੇ!

ਆਥਣ ਨੂੰ ਫੈਕਟਰੀ ਤੋਂ ਆਉਂਦਿਆਂ ਸੜਕ 'ਤੇ ਗਹਿਰੀ ਧੁੰਦ ਦਾ ਪਸਾਰਾ ਸੀ। ਕੈਲੀ ਅੰਦਰੋਂ ਅੰਦਰੀ ਪੁਲਿਸ ਪੈਟਰੌਲ ਦਾ ਭੈਅ ਖਾ ਰਹੀ ਸੀ। ਮਗਰੋਂ ਕਿਸੇ ਦੀ ਪੈੜ ਸੁਣ ਕੇ ਉਸ ਨੇ ਪਿਛੇ ਭੌਂ ਕੇ ਦੇਖਿਆ। ਉਹੀ ਕਾਲਾ ਜਿਹਾ ਪੁਲਿਸ ਪੈਟਰੌਲ ਪਿੱਛੇ-ਪਿੱਛੇ ਆ ਰਿਹਾ ਸੀ। ਉਹ ਅੰਦਰ ਤੀਕ ਕੰਬ ਗਈ। ਡਰ ਕੇ ਉਸਨੇ ਕਦਮ ਕਾਹਲ਼ੇ ਕਰ ਲਏ ਪਰ ਥੋੜ੍ਹੀ ਦੇਰ ਮਗਰੋਂ ਪੁਲਿਸ ਪੈਟਰੋਲ ਸਾਹਮਣੇ ਖੜ੍ਹੀ ਆਪਣੀ ਗੱਡੀ ਵੱਲ ਮੁੜ ਗਿਆ। ਰਾਤ ਤਕ ਉਹ ਡਰਦੀ ਰਹੀ ਤੇ ਸੋਚਦੀ ਰਹੀ। ਪਤਾ ਨਹੀਂ ਕਿਉਂ ਇਹ ਪੁਲਿਸ ਪੈਟਰੌਲ ਇਕੱਲਾ ਈ ਗੱਡੀ ਤੋਂ ਬਾਹਰ ਖਲੋਂਦਾ ਐ....ਕਿਤੇ ਮੇਰਾ ਰਾਹ ਤਾਂ ਨੀ ਤੱਕਦਾ। ਜ਼ਰੂਰ ਰੋਜ਼ ਮੈਨੂੰ ਹੀ ਉਡੀਕਦਾ ਹੋਣੈ....। ਰੱਬ ਕਰੇ ਮਰ ਜਾਣੇ ਨੂੰ ਤਾਪ ਈ ਚੜ੍ਹ ਜੇ, ਚਾਰ ਦਿਨ ਮੈਂ ਵੀ ਸੌਖੀ ਹੋ ਜੂੰ ਗੀ।
ਜ਼ੋਰ ਦੀ ਬੂਹੇ 'ਤੇ ਖੜਾਕ ਸੁਣ ਕੇ ਕੈਲੀ ਦੇ ਖਿਆਲਾਂ ਦੀ ਲੜੀ ਟੁੱਟ ਗਈ। ਬੂਹਾ ਖੋਲ੍ਹਦਿਆਂ ਹੀ ਦਾਰੀ ਨੇ ਉਸ ਨੂੰ ਜ਼ੋਰ ਦੀ ਧੱਕਾ ਮਾਰਿਆ। ਅੱਜ ਤਾਂ ਉਹ ਜਿ਼ਆਦਾ ਹੀ ਪੀ ਕੇ ਆਇਆ ਸੀ। ਕੈਲੀ ਸਹਿਮ ਕੇ ਕਮਰੇ ਦੇ ਅੰਦਰ ਵੜ ਗਈ। 'ਕਿਧਰ ਜਾਨੀ ਐਂ....? ਪੈਸੇ ਚਾਹੀਦੇ ਨੇ... ਲਿਆ ਕਢ ਪੰਜ ਸੌ ਰੁਪਿਆ...। ਦਾਰੀ ਨੇ ਕੈਲੀ ਦੀ ਬਾਂਹ ਖਿੱਚ ਕੇ ਉਸ ਨੂੰ ਧਰੂਹ ਲਿਆ।

“ਹਾਲੇ ਤਨਖਾਹ ਨਹੀਂ ਮਿਲੀ”। ਡਰਦੀ ਡਰਦੀ ਕੈਲੀ ਨੇ ਬਾਂਹ ਛੁਡਾਈ।

“ਤਾਂ ਕੀ ਹੋਇਐ...ਮੈਨੂੰ ਪਤੈ ਖੁੰਜਾਂ 'ਚ ਬਥੇਰਾ ਸਾਂਭ ਸਾਂਭ ਰੱਖਦੀ ਐ।”

"ਜੇ ਖੁੰਜਾਂ 'ਚੋਂ ਥਿਆ ਜਾਵੇ ਤਾਂ ਮੈਂ ਤੇੜ ਪਾਟੇ ਨਾ ਪਾਏ ਹੁੰਦੇ। ਮੈਂ ਤਾਂ ਆਪ ਤਨਖਾਹ ਉਡੀਕਦੀ ਆਂ, ਮੇਰੀ ਜੁੱਤੀ ਹੇਠੋਂ ਘਸ ਕੇ ਟੁੱਟਗੀ। ਤੁਰੀ ਜਾਂਦੀ ਦੇ ਪੈਰਾਂ 'ਚ ਰੋੜ ਚੁਭਦੇ ਨੇ।" ਕੈਲੀ ਨੇ ਅੱਖਾਂ ਭਰ ਕੇ ਅਪਣੀ ਹਾਲਤ ਬਿਆਨ ਕੀਤੀ। ਸ਼ਾਇਦ ਦਾਰੀ ਨੂੰ ਤਰਸ ਈ ਆ ਜਾਵੇ। ਪਰ ਦਾਰੀ ਤਾਂ ਮੰਜੇ ਤੇ ਡਿਗ ਕੇ ਗਾਲ਼ਾ ਕੱਢਣ ਲੱਗ ਪਿਆ।

"ਆਹੋ ਮੈਂ ਭਾਵੇਂ ਮਰਦਾ ਈ ਹੋਵਾਂ, ਤੈਨੂੰ ਚਾਹੀਦੀ ਐ , ਜੁਤੀ ਮਖਮਲ ਦੀ! ਵੱਡੀ ਹੀਰ ਨੂੰ!! ਕੱਲ੍ਹ ਨੂੰ ਮੈਂ ਫੈਕਟਰੀ ਪਹੁੰਚ ਜਾਣਾ ਐ, ਆਪੇ ਕਰੀਂ ਇੰਤਜ਼ਾਮ।" ਕਚੀਰਾ ਕਰਦਾ ਕਰਦਾ ਦਾਰੀ ਸੌਂ ਗਿਆ। ਕੈਲੀ ਫੇਰ ਸਾਰੀ ਰਾਤ ਰੋਂਦੀ ਰਹੀ। ਆਪਣੇ ਆਪ ਨੂੰ ਗਾਲ਼ਾਂ ਕੱਢਦੀ ਰਹੀ। ਕੈਲੀਏ ਏਸ ਰਿਸ਼ਤੇ ਦੀ ਬੁਨਿਆਦ ਈ ਗ਼ਲਤ ਸੀ। ਅੰਨ੍ਹੀ ਜਵਾਨੀ ਨੇ ਦਾਰੀ ਦਾ ਬਾਹਰਲਾ ਸੁਹੱਪਣ ਦੇਖ ਲਿਆ। ਜਦੋਂ ਇਹੀ ਬੇਨਕਾਬ ਹੋਇਆ ਤਾਂ ਕਿੱਡਾ ਕੋਝਾ ਨਿਕਲਿਆ।ਆਪਣੇ ਮਾਪਿਆਂ ਦੀ ਦਹਿਲੀਜ਼ ਟੱਪ ਕੇ ਆਵਦੇ ਪਰ ਆਪ ਈ ਕੁਤਰ ਲਏ। ਕਈ ਮਹੀਨੇ ਹੋ ਗਏ, ਮਾਂ ਪਿਓ ਦੀ ਗਲੀ਼ ਮੂਹਰੋਂ ਵੀ ਨਾ ਟੱਪੀ, ਏਨੀ ਸ਼ਰਮਸ਼ਾਰ ਸੀ ਕਿ ਸੋਚ ਕਿ ਆਪਣਾ ਨਿਜ ਖਿਲਰਨ ਲੱਗ ਪੈਂਦਾ। ਪਰ ਇਸ ਨਰਕ ਨੂੰ ਛੱਡ ਕੇ ਜਾਵੇ ਤਾਂ ਕਿੱਥੇ? ਹੁਣ ਦਾਰੀ ਦੀਆਂ ਦਹਿਲੀਜ਼ਾਂ ਤੋਂ ਬਾਹਰ ਜਾਵੇਗੀ ਤਾਂ ਲੋਕ ਉਹਦੀ ਪੱਤ ਰੋਲ਼ ਦੇਣਗੇ। ਪੁਲਿਸ ਪੈਟਰੌਲ ਵਰਗੇ ਬਥੇਰੇ ਅੱਖਾਂ ਟੱਡੀ ਬੈਠੇ ਨੇ। ਆਪਣੇ ਦੁੱਖ ਆਪ ਨਾਲ਼ ਹੀ ਸਾਂਝੇ ਕਰਦੀ ਕਰਦੀ ਉਹ ਸੌਂ ਗਈ।

ਅੱਜ ਫੈਕਟਰੀ ਜਾਂਦਿਆਂ ਉਹਦਾ ਮਨ ਬਹੁਤ ਡਰ ਰਿਹਾ ਸੀ। ਕੱਲ੍ਹ ਪੁਲਿਸ ਪੈਟਰੌਲ ਨਾਲ਼ ਵਾਪਰੀ ਘਟਨਾ ਮਗਰੋਂ ਤਾਂ ਉਹਦੇ ਅੰਦਰ ਵਹਿਮ ਬੈਠ ਗਿਆ ਸੀ। ਦੂਰੋਂ ਗੱਡੀ ਖੋਖੇ ਨਾਲ਼ ਖੜ੍ਹੀ ਨਜ਼ਰ ਆ ਰਹੀ ਸੀ। ਪਰ ਪੁਲਿਸ ਪੈਟਰੋਲ ਅੱਜ ਨਹੀਂ ਸੀ। ਸ਼ੁਕਰ ਐ ਰੱਬ ਦਾ! ਸ਼ਾਇਦ ਰੱਬ ਨੇ ਨੇੜਿਓਂ ਸੁਣ ਲਈ। ਜ਼ਰੂਰ ਤੇਈਏ ਦਾ ਤਾਪ ਚੜ੍ਹ ਗਿਆ ਹੋਣੈ। ਬਾਕੀ ਦੇ ਪੁਲਿਸ ਵਾਲੇ ਅੰਦਰ ਬੈਠੇ ਸਨ। ਪਰ ਕੈਲੀ ਨੂੰ ਤਾਂ ਉਹ ਭੈੜਾ ਲੱਗਦਾ ਸੀ ।
ਸ਼ਾਮ ਨੂੰ ਤਨਖਾਹ ਮਿਲ ਗਈ। ਉਸ ਨੇ ਮਨ 'ਚ ਧਾਰ ਲਿਆ, ਅੱਜ ਦਾਰੀ ਨੂੰ ਰੁਪਿਆ ਵੀ ਨੀ ਦੇਣਾ। ਵੇਖੀ ਜਾਊ, ਜੋ ਹੋਊ। ਪਹਿਲਾਂ ਆਪਣੇ ਵਾਸਤੇ ਜੁੱਤੀ ਖਰੀਦੇਗੀ। ਕਾਹਲੇ਼ ਕਦਮਾਂ ਨਾਲ਼ ਉਹ ਘਰ ਵੱਲ ਤੁਰ ਪਈ। ਕੁਝ ਦੂਰ ਗਈ ਤਾਂ ਉਹੀ ਪੁਲਿਸ ਪੈਟਰੌਲ ਫੇਰ ਗੱਡੀ ਨਾਲ਼ ਢੋਹ ਲਾਈ ਖੜ੍ਹਾ ਸੀ। ਵੇਖਦਿਆਂ ਕੈਲੀ ਦੀ ਜਾਨ ਨਿਕਲ਼ ਗਈ ਪਰ ਸਾਹਮਣੇ ਦਾਰੀ ਵੀ ਸਾਈਕਲ 'ਤੇ ਆ ਰਿਹਾ ਸੀ । ਘਰ ਵਾਲੇ਼ ਨੂੰ ਵੇਖ ਕੇ ਉਹਦੇ ਸਾਹ ਵਿੱਚ ਸਾਹ ਆਇਆ। ਭਾਵੇਂ ਕਿਹੋ ਜਿਹਾ ਹੋਵੇ , ਹੈ ਤਾਂ ਉਸ ਦਾ ਬੰਦਾ। ਇਹ ਸੋਚ ਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈ। ਕੈਲੀ ਦੇ ਨੇੜੇ ਆ ਕੇ ਦਾਰੀ ਉਤਰ ਖਲੋਤਾ। "...ਹਾਂ ਤਨਖਾਹ ਤਨਖੂਹ ਮਿਲੀ ਕਿ ਨਹੀਂ। ਮੈਂ ਤਾਂ ਪੈਸੇ ਲੈਣ ਆਇਆ ਸੀ।" ਤਨਖਾਹ ਤਾਂ ਮਿਲ ਗਈ। ਪਹਿਲਾਂ ਮੈਂ ਉਧਾਰ ਸੁਧਾਰ ਮੋੜ ਦੇਵਾਂ, ਫੇਰ ਜੇ ਕੁਝ ਬਚ ਗਿਆ ਤਾਂ..।" ਏਸ ਤੋਂ ਪਹਿਲਾਂ ਕੈਲੀ ਕੁਝ ਕਹਿੰਦੀ, ਸ਼ਰਾਬ ਨਾਲ਼ ਡੱਕੇ ਦਾਰੀ ਨੇ ਸਾਈਕਲ ਪਰ੍ਹਾਂ ਸੁੱਟ ਦਿੱਤਾ ਤੇ ਕੈਲੀ ਦੀ ਧੌਣ 'ਤੇ ਦੋ ਜੜ ਦਿੱਤੀਆਂ। ਪੁਲਿਸ ਪੈਟਰੋਲ ਵੀ ਭੱਜ ਕੇ ਉੱਥੇ ਆ ਗਿਆ : "ਕੀ ਗੱਲ ਐ? ਕੌਣ ਐਂ ਤੂੰ? ਕਾਹਤੋਂ ਜਨਾਨੀ 'ਤੇ ਹੱਥ ਚੁਕਦਾ ਐਂ।"
"ਮੇਰੀ ਜਨਾਨੀ ਐਂ...ਤੈਨੂੰ ਕੀ ਤਕਲੀਫ...? ਕਿਤੇ ਤੇਰੇ ਨਾਲ਼ ਯਾਰੀ ਤਾਂ ਨੀ ਲਾਈ ਫਿਰਦੀ.... ਤਾਂ ਹੀ ਬਾਹਲੀ਼ ਚਾਂਭਲੀ ਐ।" ਦਾਰੀ ਨਸ਼ੇ 'ਚ ਪੁਲਿਸ ਪੈਟਰੌਲ ਨੂੰ ਗਾਲ੍ਹਾਂ ਦੇਣ ਲੱਗਾ। ਪੁਲਿਸ ਪੈਟਰੌਲ ਲੋਹਾ ਲਾਖਾ ਹੋ ਗਿਆ।"
"ਬਹੁਤੀ ਬਕਵਾਸ ਨਾ ਕਰ, ਏਥੇ ਮਜ੍ਹਮਾ ਲਾਉਣ ਦੀ ਲੋੜ ਨੀ। ਚੁਪ ਕਰਕੇ ਘਰ ਜਾ ਨਾਲੇ਼ ਆਪਣੀ ਜਨਾਨੀ ਨੂੰ ਲੈ ਕੇ ਜਾ ।"
"ਹੱਛਾ...ਏਸ ਬੈਤਲ ਨੂੰ, ਏਸ ਨੂੰ ਤਾਂ ਦੇਹਲੀ਼ ਨੀ ਟੱਪਣ ਦੇਣੀ ਮੈਂ...। ਇਹਦੇ ਕੋਈ ਅੱਗੇ ਨਾ ਪਿੱਛੇ...। ਮਰੂਗੀ ਸੜਕਾਂ 'ਤੇ ਰੁਲ਼ ਕੇ..। ਦਾਰੀ ਝਈਆਂ ਲੈ ਕੇ ਫੇਰ ਕੈਲੀ ਕੋਲ਼ ਆ ਗਿਆ। ਉਸ ਨੇ ਪੁਲਿਸ ਪੈਟਰੌਲ 'ਤੇ ਆਇਆ ਗੁਸੱਾ ਕੈਲੀ 'ਤੇ ਲਾਹ ਦਿੱਤਾ ਅਤੇ ਦੋ ਤਿੰਨ ਚਪੇੜਾਂ ਉਹਦੇ ਮੂੰਹ 'ਤੇ ਜੜ ਦਿੱਤੀਆਂ। ਪੁਲਿਸ ਪੈਟਰੋਲ ਨੇ ਇਹ ਦੇਖ ਕੇ ਦਾਰੀ ਦੀ ਪਿਠ 'ਤੇ ਦੋ ਲੱਤਾਂ ਠੋਕੀਆਂ। ਪਰ ਦਾਰੀ ਗਾਲ੍ਹਾਂ ਦੇਈ ਜਾ ਰਿਹਾ ਸੀ। ''ਤੇਰੀ ਕੀ ਲੱਗਦੀ ਐ?'' .. ਵੱਡਾ ਖਸਮ! ਤੈਨੂੰ ਕਾਸ ਤੋਂ ਹਮਦਰਦੀ ਆਉਂਦੀ ਐ...?
''ਮੇਰੀ ਲੱਗਦੀ ਐ ਭੈਣ...। ਅੱਜ ਤੋਂ ਕੱਲੀ ਨਾ ਜਾਣੀ ਏਸ ਨੂੰ। ਜੇ ਬੰਦੇ ਦਾ ਪੁੱਤ ਐਂ...ਤਾਂ ਫੇਰ ਲਾ ਹੱਥ ਏਸ ਨੂੰ! ਡੱਕਰੇ ਨਾ ਕਰਾਂ ਤੇਰੇ।'' ਪੁਲਿਸ ਪੈਟਰੌਲ ਨੇ ਕਹਿੰਦਿਆਂ ਕਹਿੰਦਿਆਂ ਦੋ ਤਿੰਨ ਮੁਕੀਆਂ ਦਾਰੀ ਦੀ ਧੌਣ 'ਤੇ ਮਾਰੀਆਂ ਫੇਰ ਹੇਠ ਰੋਟੀ ਵਾਲਾ਼ ਡਿੱਗਿਆ ਹੋਇਆ ਡੱਬਾ ਚੁਕਾ ਕੇ ਕੈਲੀ ਨੂੰ ਕਹਿਣ ਲੱਗਾ, '' ਭੈਣੇ, ਤੂੰ ਬੇਧੜਕ ਹੋ ਕੇ ਘਰ ਨੂੰ ਜਾਹ। ਇਹਦੀ ਕੀ ਮਜਾਲ ਤੈਨੂੰ ਤੰਗ ਕਰੇ। ਜੇ ਅਗਾਂਹ ਨੂੰ ਕੁਝ ਆਖੇ ਤਾਂ ਮੈਨੂੰ ਦੱਸੀਂ। ਮੈਂ ਕਰੂੰ ਇਹਨੂੰ ਸਿੱਧਾ ਵੱਡਾ ਸ਼ਰਾਬੀ। ਅੱਜ ਵੀ ਮੈਂ ਤੇਰੇ ਕਰਕੇ ਇਸਨੂੰ ਬਖਸ਼ 'ਤਾ, ਨਹੀਂ ਤਾਂ ਅੱਜ ਥਾਣਾ ਵਿਖਾ ਦੇਣਾ ਸੀ। ਤੈਨੂੰ ਡਰਨ ਦੀ ਕੋਈ ਲੋੜ ਨੀ। ਮੇਰੀ ਡਿਊਟੀ ਏਸ ਇਲਾਕੇ ਦੀ ਹੱਦ ਤੱਕ ਪੱਕੀ ਐ...। ਜਦੋਂ ਲੋੜ ਪਵੇ ਵਾਜ ਮਾਰ ਲਵੀਂ।"
ਕੈਲੀ ਉਹਦੇ ਮੂੰਹ ਵੱਲ ਤੱਕਦੀ ਰਹਿ ਗਈ। ਉਹੀ ਮੂੰਹ ਜਿਸ ਤੋਂ ਉਸ ਨੂੰ ਕਦੇ ਨਫਰਤ ਸੀ। ਜਦੋਂ ਬੇਨਕਾਬ ਹੋਇਆ ਤਾਂ ਦੇਵਤਾ ਨਿਕਲਿਆ। ਕੈਲੀ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗ ਪਏ। ਉਸ ਨੇ ਹੱਥ ਜੋੜ ਕੇ ਪੁਲਿਸ ਪੈਟਰੌਲ ਨੂੰ ਕਿਹਾ,''ਵੀਰਾ ਤੈਨੂੰ ਕੀ ਪਤਾ, ਮੈਂ ਕਿੱਡੀ ਮਾੜੀ ਆਂ, ਕਿੰਨੀ ਅੰਨ੍ਹੀ ਆਂ, ਮੈਨੂੰ ਸਹੀ ਤੇ ਗਲਤ ਦੀ ਪਛਾਣ ਕਰਨੀ ਕਿਉਂ ਨਾ ਆਈ। ਪਰ ਅੱਜ ਸਮਝ ਗਈ, ਜੋ ਦਿਸਦਾ ਹੈ ...ਜ਼ਰੂਰੀ ਨਹੀਂ ਉਹ ਸੱਚ ਹੋਵੇ। ਅੱਖੀਂ ਦਿਸਦਾ ਕਈ ਵਾਰ ਸਾਡਾ ਭਰਮ ਵੀ ਹੋ ਸਕਦੈ....।''
ਕੈਲੀ ਰੋਂਦੀ ਰੋਂਦੀ ਘਰ ਵੱਲ ਤੁਰ ਗਈ। ਪੁਲਿਸ ਪੈਟਰੌਲ ਹੈਰਾਨ ਸੀ। ਉਸ ਨੂੰ ਉਸਦੀ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਸੀ।