ਖ਼ਬਰ ਮੰਗਤੇ.......... ਕਹਾਣੀ / ਰਿਸ਼ੀ ਗੁਲਾਟੀ

ਸ਼ਰਮਾਂ ਜੀ ਸ਼ਹਿਰ ਦੇ ਸਭ ਤੋਂ ਸੀਨੀਅਰ ਲੇਖਕ ਤੇ ਪੱਤਰਕਾਰ ਹਨ । ਕਿੱਤੇ ਵਜੋਂ ਉਹ ਮੁਨਿਆਰੀ ਦੀ ਦੁਕਾਨ ਕਰਦੇ ਹਨ । ਜੱਦੀ ਮਕਾਨ ਵਿੱਚੋਂ ਏਨੀ ਕੁ ਜਗਾ ਨਿੱਕਲ ਆਈ ਸੀ ਕਿ ਘਰੇ ਹੀ ਦੁਕਾਨ ਬਣਾਈ ਜਾ ਸਕੇ । ਬਾਹਰਲੀ ਬੈਠਕ ਵਿੱਚ ਹੀ ਬੀਬੀ ਦੇ ਗਹਿਣੇ ਵੇਚ ਕੇ ਪੱਚੀ-ਤੀਹ ਹਜ਼ਾਰ ਦਾ ਸਮਾਨ ਪਾ ਲਿਆ । ਸ਼ਰਮਾਂ ਜੀ ਵੈਸੇ ਤਾਂ ਚੰਗੇ ਪੜ੍ਹੇ ਲਿਖੇ ਸਨ ਤੇ ਕਾਲਜ ਟਾਈਮ ਕਵਿਤਾਵਾਂ ਤੇ ਵਾਦ-ਵਿਵਾਦ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ ਸਨ । ਕਾਲਜ ਵਿੱਚੋਂ ਨਿੱਕਲਦੀ ਪੱਤ੍ਰਿਕਾ ਦੇ ਸੰਪਾਦਕ ਰਹੇ ਤੇ ਕਈ ਇਨਾਮ ਵੀ ਜਿੱਤੇ । ਕਾਲਜ ਵਿੱਚ ਰਹਿੰਦਿਆਂ ਹੋਇਆਂ ਹੀ ਕਲਮ ਘਸਾਈ ਦੀ ਅਜਿਹੀ ਬਿਮਾਰੀ ਲੱਗੀ ਕਿ ਕਲਮ ਨਾਲ ਸਾਰੀ ਉਮਰ ਦੀ ਸਾਂਝ ਪੈ ਗਈ । ਸ਼ਰਮਾਂ ਜੀ ਦੇ ਪਿਤਾ ਜੀ ਨੇ ਬਥੇਰੇ ਤਰਲੇ ਪਾਏ ਕਿ ਪੁੱਤਰ ਕਲਪਨਾਂ ਦੀ ਦੁਨੀਆਂ ਵਿੱਚੋਂ ਨਿੱਕਲ ਕੇ ਯਥਾਰਥ ਦੀ ਦੁਨੀਆਂ ਵਿੱਚ ਆਵੇ, ਕੋਈ ਕੰਮ ਕਾਰ ਕਰੇ, ਪਰ ਸ਼ਰਮਾਂ ਜੀ ਨੂੰ ਤਾਂ ਉੱਠਦੇ ਬੈਠਦੇ, ਸੌਂਦੇ ਜਾਗਦੇ, ਤੁਰਦੇ ਫਿਰਦੇ ਵਾਹ-ਵਾਹ ਹੀ ਸੁਣਾਈ ਦਿੰਦੀ ਸੀ । ੳਹਨਾਂ ਦਾ ਸਫਰ ਉਸੇ ਤਰਾਂ ਹੀ ਚਲਦਾ ਰਿਹਾ ਜਿਵੇਂ ਉਹ ਚਲਾਉਂਦੇ ਰਹੇ । ਇਸੇ ਦੌਰਾਨ ਉਹਨਾਂ ਦੀ ਸ਼ਾਦੀ ਸਰਸਵਤੀ ਨਾਲ ਹੋ ਗਈ । ਸਰਸਵਤੀ ਉਹਨਾਂ ਦੀ ਕਾਲਜ ਟਾਈਮ ਦੀ ਜਮਾਤਣ ਸੀ ਤੇ ਖੁਦ ਵੀ ਵਾਦ-ਵਿਵਾਦ ਵਿੱਚ ਮਾੜਾ ਮੋਟਾ ਹਿੱਸਾ ਲੈ ਲੈਂਦੀ ਸੀ । ਸ਼ਰਮਾਂ ਜੀ ਨਾਲ ਇਹਨਾਂ ਮੁਲਾਕਾਤਾਂ ਦੌਰਾਨ ਹੀ ਕਦੋਂ ਅੱਖਾਂ ਚਾਰ ਹੋ ਗਈਆਂ, ਪਤਾ ਹੀ ਨਾਂ ਚਲਿਆ । ਸਮੇਂ ਦੀ ਤੋਰ ਨਾਲ ਘਰ ਵਿੱਚ ਸੀਮਾਂ ਤੇ ਤਿੰਨ ਸਾਲ ਬਾਅਦ ਰਾਕੇਸ਼ ਨੇ ਜਨਮ ਲਿਆ । ਕਬੀਲਦਾਰੀ ਵਧਣ ਨਾਲ ਵੀ ਉਹਨਾਂ ਦੇ ਸ਼ੌਕ ਵਿੱਚ ਕੋਈ ਫਰਕ ਨਾਂ ਪਿਆ । ਘਰ ਦਾ ਗੁਜ਼ਾਰਾ ਪਿਤਾ ਜੀ ਦੀ ਪੈਨਸ਼ਨ ਤੇ ਦੁਕਾਨ ਤੋਂ ਹੋ ਜਾਂਦਾ ਸੀ । ਪਰ ਏਨੀ ਕਮਾਈ ਵੀ ਨਹੀਂ ਸੀ ਕਿ ਸੀਮਾਂ ਦੇ ਵਿਆਹ ਬਾਰੇ ਸੋਚ ਕੇ ਕੋਈ ਪਲਾਟ ਆਦਿ ਲੈ ਰੱਖਦੇ ਤਾਂ ਜੋ ਵੇਲੇ ਸਿਰ ਕੰਮ ਆ ਜਾਂਦਾ । ਕੋਈ ਬੱਚਤ ਸੀ ਜਾਂ ਨਹੀਂ ਪਰ ਸ਼ਰਮਾਂ ਜੀ ਨੇ ਕਵਿਤਾਵਾਂ ਤੇ ਕਹਾਣੀਆਂ ਦੀਆਂ ਕਈ ਕਿਤਾਬਾਂ ਛਪਵਾ ਲਈਆਂ । ਹਾਲਾਂਕਿ ੳਹਨਾਂ ਦੀਆਂ ਲਿਖਤਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਸਨ ਪਰ ਪਬਲਿਸ਼ਰ ਨੇ ਤਾਂ ਆਪਣਾਂ ਘਰ ਦੇਖਣਾਂ ਸੀ । ਉਸਨੇ ਉਹਨਾਂ ਦੀ ਕੋਈ ਮੱਦਦ ਨਾਂ ਕੀਤੀ । ਉਹਨਾਂ ਨੇ ਕਿਤਾਬਾਂ ਛਪਵਾਉਣ ਤੇ ਪਿਤਾ ਜੀ ਦੀ ਜੋ ਥੋੜੀ ਬਹੁਤ ਜਮ੍ਹਾਂ ਕੀਤੀ ਪੂੰਜੀ ਸੀ, ਉਹ ਵੀ ਲਗਾ ਦਿੱਤੀ ।
ਸਮੇਂ ਦੀ ਤੋਰ ਦੇ ਨਾਲ-ਨਾਲ ਭਾਵੇਂ ਸ਼ਰਮਾਂ ਜੀ ਦੇ ਧੌਲੇ ਦਿਸਣ ਲੱਗ ਪਏ ਸਨ । ਸੀਮਾਂ ਦਸਵੀਂ ਪਾਰ ਕਰ ਗਈ । ਪਿਤਾ ਜੀ ਦੇ ਤੁਰ ਜਾਣ ਕਾਰਨ ਪੈਨਸ਼ਨ ਬੰਦ ਹੋ ਗਈ ਤੇ ਦੁਕਾਨ ਤੋਂ ਗੁਜ਼ਰ ਬਸਰ ਬਹੁਤ ਔਖੀ ਹੋ ਗਈ । ਉਹ ਆਰਥਿਕ ਤੌਰ ਤੇ ਭਾਵੇਂ ਅਤੀ ਕਮਜ਼ੋਰ ਹੋ ਗਏ ਸਨ ਪਰ “ਵਾਰਸ ਸ਼ਾਹ ਨਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਦੇ ਅਨੁਸਾਰ ਉਹਨਾਂ ਦੀ ਸੁਰਤ ਇਸ ਪਾਸੇ ਨਾਂ ਗਈ ਕਿ ਜੋ ਸਮਾਂ ਲਿਖਣ ਜਾਂ ਚੁੰਝ ਚਰਚਾ ਕਰਨ ਵਿੱਚ ਬਿਤਾਉਂਦੇ ਹਨ, ਉਹ ਸਮਾਂ ਕੋਈ ਚਾਰ ਪੈਸੇ ਦਾ ਜੁਗਾੜ ਕਰਨ ਵਿੱਚ ਲਗਾਉਣ । ਉਲਟਾ ਗਾਹੇ-ਬਗਾਹੇ ਨਵੇਂ ਉੱਠੇ ਪੱਤਰਕਾਰ ਤੇ ਲੇਖਕ ਉਹਨਾਂ ਤੋਂ ਪੱਤਰਕਾਰੀ ਜਾਂ ਰਚਨਾਵਾਂ ਬਾਬਤ ਸਲਾਹ ਲੈਣ ਆਏ ਰਹਿੰਦੇ ਸਨ । ਸੀਨੀਅਰ ਹੋਣ ਕਰਕੇ ਸ਼ਹਿਰ ਦੇ ਸਾਰੇ ਪੱਤਰਕਾਰ ਉਹਨਾਂ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ । ਉਹਨਾਂ ਨੂੰ ਇਸੇ ਵਿੱਚ ਹੀ ਸਵਰਗੀ ਪੀਘਾਂ ਦੇ ਝੂਟੇ ਮਹਿਸੂਸ ਹੁੰਦੇ । ਉਹ ਬੜੇ ਖੁਸ਼ ਹੁੰਦੇ ਜਦੋਂ ਉਹਨਾਂ ਤੋਂ ਕੋਈ ਪੱਤਰਕਾਰ ਜਾਂ ਲੇਖਕ ਸਲਾਹ ਲੈਣ ਜਾਂ ਆਪਣੀ ਰਚਨਾਂ ਵਿੱਚ ਸੋਧ ਕਰਵਾਉਣ ਲਈ ਆਉਂਦਾ ।
ਸਰਸਵਤੀ ਬਥੇਰਾ ਕੁੜ-ਕੁੜ ਕਰਦੀ ਕਿ ਲਿਖਣ ਦੀ ਲਤ ਛੱਡ ਕੇ ਕੋਈ ਕੰਮ-ਕਾਰ ਕਰਨ ਦੀ ਸੋਚੋ ਜਿਸ ਨਾਲ ਪੀਪੇ ਆਟਾ ਪਵੇ ਤੇ ਚੁੱਲਾ ਬਲੇ । ਕੋਠੇ ਜਿੱਡੀ ਹੁੰਦੀ ਜਾਂਦੀ ਕੁੜੀ ਦੇਖਕੇ ਸਰਸਵਤੀ ਦਿਮਾਗੀ ਪ੍ਰੇਸ਼ਾਨੀ ਤੇ ਬੋਝ ਕਾਰਨ ਬਿਮਾਰ ਰਹਿਣ ਲੱਗ ਪਈ । ਬਾਰਵੀਂ ਕਰ ਕੇ ਸੀਮਾਂ ਨੂੰ ਘਰੇ ਹੀ ਬੈਠਣਾ ਪੈ ਗਿਆ ਕਿਉਂ ਜੋ ਸਰਸਵਤੀ ਘਰ ਦੇ ਕੰਮ ਕਰਨ ਜੋਗੀ ਨਹੀਂ ਸੀ ਰਹਿ ਗਈ । ਘਰ ਦੇ ਵਧਦੇ ਖਰਚ ਕਰਕੇ ਸ਼ਰਮਾਂ ਜੀ ਨੇ ਮਸ਼ਹੂਰ ਅਖਬਾਰ ਦੀ ਪੱਤਰਕਾਰੀ ਲੈ ਲਈ ਤੇ ਦੁਕਾਨ ਦੇ ਕੰਮ ਤੇ ਅਖਬਾਰ ਦੀ ਤਨਖਾਹ ਨਾਲ ਘਰ ਦਾ ਠਕਠਕਾ ਚਲਣ ਲੱਗ ਪਿਆ । ਨਾਲ ਹੀ ਪੱਤਰਕਾਰਾਂ ਦੇ ਸ਼ਰਮਾਂ ਜੀ ਨੂੰ ਮਿਲਣ ਆਉਣ ਦੀ ਤਾਦਾਦ ਵੀ ਵਧ ਗਈ ਕਿਉਂਕਿ ਜਿਹਨਾਂ ਨੂੰ ਖਬਰ ਨਹੀਂ ਸੀ ਲਿਖਣੀ ਆਉਂਦੀ, ਉਹ ਸ਼ਰਮਾਂ ਜੀ ਦੀ ਲਿਖੀ ਖਬਰ ਦੀ ਫੋਟੋਸਟੇਟ ਕਰਵਾ ਕੇ ਆਪਣੇ ਅਖਬਾਰ ਨੂੰ ਭੇਜ ਦਿੰਦੇ । ਕਈ ਵਾਰੀ ਤਾਂ ਦੁਕਾਨ ਤੇ ਗਾਹਕਾਂ ਦਾ ਟਾਈਮ ਹੁੰਦਾ ਤੇ ਕਿਸੇ ਨਾਂ ਕਿਸੇ ਚੇਲੇ ਦਾ ਫੋਨ ਆ ਜਾਂਦਾ “ਗੁਰੂ ਜੀ ਅੱਜ ਦੀ ਖ਼ਬਰ ਲਿਖੀ ਕਿ ਨਹੀਂ, ਜੇ ਨਹੀਂ ਲਿਖੀ ਤਾਂ ਲਿਖ ਦਿਓ” । ਜੇ ਸ਼ਰਮਾਂ ਜੀ ਨੂੰ ਟਾਈਮ ਨਾਂ ਲੱਗਦਾ ਤਾਂ ਸਕੂਟਰ ਦੀ ਕਿੱਕ ਮਾਰ ਕੇ ਉਹ ਆਪ ਬਾਰ ਆ ਖੜਦਾ, ਫਿਰ ਸ਼ਰਮਾਂ ਜੀ ਦੁਕਾਨਦਾਰੀ ਕਿਵੇਂ ਕਰਦੇ ? ਉਹਨਾਂ ਦੇ ਯਾਰ ਦੋਸਤ ਬਥੇਰਾ ਸਮਝਾਉਂਦੇ ਕਿ “ਪਹਿਲਾਂ ਕਮਾਈ ਫਿਰ ਸ਼ੌਂਕ” ਪਰ ਉਹ ਤਾਂ ਸ਼ਰਾਬੀਆਂ ਵਾਂਗ ਕਲਮ ਦੇ ਨਸ਼ਈ ਹੋ ਚੁੱਕੇ ਸਨ । ਜੇਕਰ ਕਦੇ ਟੋਕਾ-ਟਾਕੀ ਤੋਂ ਪ੍ਰੇਸ਼ਾਨ ਹੋ ਕੇ ਆਪ ਕਿਨਾਰਾ ਕਰਨ ਬਾਰੇ ਸੋਚਦੇ ਤਾਂ ਉਹਨਾਂ ਦੇ ਖ਼ਬਰਾਂ ਦੇ ਯਾਰ ਪੱਤਰਕਾਰ ਉਹਨਾਂ ਨੂੰ ਸਾਹ ਨਾਂ ਲੈਣ ਦਿੰਦੇ । ਹੁਣ ਤੱਕ ਰਾਕੇਸ਼ ਵੀ ਉਮਰ ਦੇ ਉਸ ਦੌਰ ਵਿੱਚ ਪਹੁੰਚ ਚੁੱਕਾ ਸੀ ਕਿ ਘਰ ਦੇ ਹਾਲਤਾਂ ਨੂੰ ਸਮਝ ਸਕਦਾ । ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਸੀ ਪਰ ਸ਼ਰਮਾਂ ਜੀ ਨੇ ਕਿਹੜਾ ਇਨਾਂ ਜੋੜ ਲਿਆ ਸੀ ਕਿ ਉਸਦੀਆਂ ਖਾਹਸ਼ਾਂ ਪੂਰੀਆਂ ਕਰ ਸਕਦੇ । ਸਾਰੇ ਹਾਲਾਤਾਂ ਤੇ ਇਸ ਦੇ ਕਾਰਨ ਨੂੰ ਸਮਝਦਾ ਰਾਕੇਸ਼, ਸ਼ਰਮਾਂ ਜੀ ਦੀ ਲੇਖਣੀ ਤੇ ਉਹਨਾਂ ਦੇ ਚੇਲਿਆਂ ਨੂੰ ਨਫਰਤ ਭਰੀ ਨਿਗਾਹ ਨਾਲ ਤੱਕਦਾ ਪਰ ਕੁਝ ਕਰ ਨਹੀਂ ਸੀ ਸਕਦਾ । ਬਿਮਾਰ ਮਾਂ, ਕੋਠੇ ਜਿੱਡੀ ਭੈਣ ਤੇ ਆਪਣੇ ਬੇਰੋਜ਼ਗਾਰ ਹੋਣ ਕਰਕੇ ਉਹ ਚੌਵੀ ਘੰਟੇ ਖਿਝਿਆ ਰਹਿੰਦਾ । ਉਸਦਾ ਬੜਾ ਜੀ ਕਰਦਾ ਕਿ ਆਏ ਹੋਏ ਪੱਤਰਕਾਰਾਂ ਤੇ ਲੇਖਕਾਂ ਨੂੰ ਉਹ ਭਜਾ ਦੇਵੇ ਪਰ ਉਹ ਸ਼ਰਮਾਂ ਜੀ ਤੋਂ ਡਰਦਾ ਵੀ ਸੀ ।
ਕੱਲ ਸ਼ਰਮਾਂ ਜੀ ਦੁਪਹਿਰੇ ਦੁਕਾਨ ਦਾ ਸ਼ਟਰ ਨੀਵਾਂ ਕਰਕੇ ਅੰਦਰ ਰੋਟੀ ਖਾ ਰਹੇ ਸਨ ਕਿ ਦਰਵਾਜ਼ੇ ਦੀ ਘੰਟੀ ਵੱਜੀ । ਸਰਸਵਤੀ ਨੇ ਰਾਕੇਸ਼ ਨੂੰ ਕੁੰਡਾ ਖੋਲਣ ਲਈ ਕਿਹਾ । ਰਾਕੇਸ਼ ਕੁੰਡਾ ਖੋਲ ਕੇ ਭਰਿਆ ਪੀਤਾ ਅੰਦਰ ਵੜਿਆ ਤਾਂ ਸਰਸਵਤੀ ਨੇ ਪੁੱਛਿਆ “ਕੌਣ ਐ ਪੁੱਤਰ ਦਰਵਾਜ਼ੇ ਤੇ” । ਰਾਕੇਸ਼ ਨੇ ਔਖੀ ਜਿਹੀ ਨਜ਼ਰ ਨਾਲ ਰਸੋਈ ਵੱਲ ਤੱਕਦਿਆਂ ਕਿਹਾ “ਖ਼ਬਰ ਮੰਗਤੇ” ਤੇ ਆਪਣੇ ਕਮਰੇ ਵਿੱਚ ਵੜ ਗਿਆ ।

ਲੋਕਤੰਤਰ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ

ਇਕ ਦੇਸ ਵਿਚ ਇਕ ਰਾਜਾ ਰਾਜ ਕਰਦਾ ਸੀ । ਸਾਰੇ ਸੰਸਾਰ ਵਿਚ ਰਾਜਤੰਤਰ ਦੇ ਖਿਲਾਫ ਹੋਈਆਂ ਬਗਾਵਤਾਂ ਤੋਂ ਬਾਅਦ ਉਸ ਦੇਸ ਦੇ ਲੋਕ ਵੀ ਜਾਗ ਉੱਠੇ ਤੇ ਰਾਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ । ਉਸ ਦੇਸ ਵਿਚ ਲੋਕਤੰਤਰ ਕਾਇਮ ਹੋ ਗਿਆ । ਪਰ ਲੋਕਤੰਤਰ ਦੇ ਵੋਟਤੰਤਰ ਵਿਚ ਵੀ ਉਹ ਰਾਜਾ ਮਹਾਂਰਥੀ ਨਿਕਲਿਆ ਤੇ ਦੇਸ ਦੇ ਪ੍ਰਮੁੱਖ ਅਹੁਦੇ ਤੇ ਬਿਰਾਜਮਾਨ ਹੋ ਗਿਆ । ਜਦੋਂ ਉਹ ਰਾਜਾ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਪੁੱਤਰ ਨੂੰ ਰਾਜਨੀਤੀ ਵਿਚ ਸਰਗਰਮ ਕਰ ਦਿਂਤਾ । ਉਸ ਰਾਜੇ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵੀ ਪ੍ਰਮੁੱਖ ਅਹੁਦੇ ਤੇ ਸਜਣ ਵਿਚ ਕਾਮਯਾਬ ਹੋ ਗਿਆ । ਸਮਾਂ ਆਪਣੀ ਚਾਲੇ ਚਲ ਰਿਹਾ ਸੀ । ਦੇਸ ਦੇ ਲੋਕਾਂ ਨੂੰ ਦੇਸ ਵਿਚਲੇ ਲੋਕਤੰਤਰ ਉਂਤੇ ਮਾਣ ਸੀ..... ਤੇ ਰਾਜ ਪਰਿਵਾਰ ਨੂੰ ਆਪਣੀ ਰਾਜਨੀਤਕ ਸੂਝ 'ਤੇ ।